ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ
‘ਕਿਰਪਾ ਯਿਸੂ ਮਸੀਹ ਸਾਡੇ ਪ੍ਰਭੁ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਰਮ ਦੇ ਰਾਹੀਂ ਰਾਜ ਕਰੇਗੀ।’—ਰੋਮੀ. 5:21.
1, 2. ਕਿਹੜੇ ਦੋ ਤੋਹਫ਼ਿਆਂ ਉੱਤੇ ਗੌਰ ਕੀਤਾ ਜਾ ਸਕਦਾ ਹੈ, ਪਰ ਇਨ੍ਹਾਂ ਵਿੱਚੋਂ ਕਿਹੜਾ ਬਹੁਮੁੱਲਾ ਹੈ?
‘ਰੋਮੀ ਸਾਮਰਾਜ ਤੋਂ ਬਾਅਦ ਆਏ ਲੋਕਾਂ ਲਈ ਸਭ ਤੋਂ ਵੱਡੀ ਵਸੀਅਤ ਸੀ ਉਨ੍ਹਾਂ ਦੇ ਕਾਇਦੇ-ਕਾਨੂੰਨ ਅਤੇ ਇਹ ਸੋਚ ਕਿ ਜ਼ਿੰਦਗੀ ਇਨ੍ਹਾਂ ਕਾਇਦੇ-ਕਾਨੂੰਨਾਂ ਦੇ ਮੁਤਾਬਕ ਜੀਣੀ ਚਾਹੀਦੀ ਹੈ।’ (ਮੈਲਬੋਰਨ ਯੂਨੀਵਰਸਿਟੀ, ਆਸਟ੍ਰੇਲੀਆ ਦਾ ਡਾ. ਡੇਵਿਡ ਜੇ. ਵਿਲੀਅਮਜ਼) ਇਹ ਗੱਲ ਭਾਵੇਂ ਸਹੀ ਹੋਵੇ, ਪਰ ਇਸ ਤੋਂ ਵੀ ਬਹੁਮੁੱਲੀ ਇਕ ਵਿਰਾਸਤ ਜਾਂ ਤੋਹਫ਼ਾ ਹੈ। ਇਹ ਤੋਹਫ਼ਾ ਪਰਮੇਸ਼ੁਰ ਦਾ ਉਹ ਜ਼ਰੀਆ ਹੈ ਜਿਸ ਰਾਹੀਂ ਅਸੀਂ ਉਸ ਦੀ ਮਿਹਰ ਪਾ ਕੇ ਉਸ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਦੇ ਅਤੇ ਮੁਕਤੀ ਤੇ ਸਦਾ ਦੀ ਜ਼ਿੰਦਗੀ ਪਾ ਸਕਦੇ ਹਾਂ।
2 ਇਹ ਤੋਹਫ਼ਾ ਪਰਮੇਸ਼ੁਰ ਨੇ ਜਿਸ ਤਰੀਕੇ ਨਾਲ ਉਪਲਬਧ ਕਰਾਇਆ ਹੈ, ਉਸ ਦਾ ਉਸ ਦੇ ਕਾਨੂੰਨ ਉੱਤੇ ਅਸਰ ਪਿਆ ਹੈ। ਇਹ ਗੱਲ ਸਮਝਾਉਣ ਲਈ ਪੌਲੁਸ ਰਸੂਲ ਨੇ ਰੋਮੀਆਂ ਦੀ ਕਿਤਾਬ ਦੇ 5ਵੇਂ ਅਧਿਆਇ ਵਿਚ ਬੋਰ ਕਰਨ ਵਾਲੇ ਕਾਨੂੰਨੀ ਨਿਯਮਾਂ ਦੀ ਲਿਸਟ ਨਹੀਂ ਦਿੱਤੀ। ਇਸ ਦੀ ਬਜਾਇ, ਉਸ ਨੇ ਇਹ ਵਧੀਆ ਭਰੋਸਾ ਦਿੱਤਾ: “ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਗਏ ਤਾਂ [ਆਓ] ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਵੱਲ ਸ਼ਾਂਤੀ ਰੱਖੀਏ।” ਪਰਮੇਸ਼ੁਰ ਤੋਂ ਇਹ ਤੋਹਫ਼ਾ ਪਾਉਣ ਵਾਲੇ ਮੱਲੋ-ਮੱਲੀ ਉਸ ਨੂੰ ਪਿਆਰ ਕਰਨ ਲੱਗਦੇ ਹਨ। ਇਨ੍ਹਾਂ ਵਿੱਚੋਂ ਇਕ ਸੀ ਪੌਲੁਸ। ਉਸ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਪਵਿੱਤਰ [ਸ਼ਕਤੀ] ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ।”—ਰੋਮੀ. 5:1, 5.
3. ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
3 ਇਸ ਤੋਹਫ਼ੇ ਦੀ ਕਿਉਂ ਲੋੜ ਪਈ? ਪਰਮੇਸ਼ੁਰ ਆਪਣੇ ਕਾਨੂੰਨਾਂ ਦੀ ਉਲੰਘਣਾ ਕੀਤੇ ਬਿਨਾਂ ਇਹ ਤੋਹਫ਼ਾ ਕਿਵੇਂ ਦੇ ਸਕਦਾ ਸੀ? ਇਹ ਤੋਹਫ਼ਾ ਲੈਣ ਦੇ ਕਾਬਲ ਬਣਨ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖੀਏ ਅਤੇ ਜਾਣੀਏ ਕਿ ਇਨ੍ਹਾਂ ਤੋਂ ਸਾਨੂੰ ਪਰਮੇਸ਼ੁਰ ਦੇ ਪਿਆਰ ਬਾਰੇ ਕੀ ਪਤਾ ਲੱਗਦਾ ਹੈ।
ਪਰਮੇਸ਼ੁਰ ਦਾ ਪਿਆਰ ਬਨਾਮ ਪਾਪ
4, 5. (ੳ) ਯਹੋਵਾਹ ਨੇ ਕਿਹੜੇ ਵੱਡੇ ਤਰੀਕੇ ਨਾਲ ਆਪਣੇ ਪਿਆਰ ਦਾ ਸਬੂਤ ਦਿੱਤਾ? (ਅ) ਕਿਹੜੀ ਇਤਿਹਾਸਕ ਜਾਣਕਾਰੀ ਰੋਮੀਆਂ 5:12 ਨੂੰ ਸਮਝਣ ਵਿਚ ਸਾਡੀ ਮਦਦ ਕਰੇਗੀ?
4 ਯਹੋਵਾਹ ਦੇ ਪਿਆਰ ਦਾ ਇਕ ਵੱਡਾ ਸਬੂਤ ਇਹ ਸੀ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੀ ਮਦਦ ਕਰਨ ਲਈ ਭੇਜਿਆ। ਪੌਲੁਸ ਨੇ ਇਸ ਪਿਆਰ ਦਾ ਇਸ ਤਰ੍ਹਾਂ ਬਿਆਨ ਕੀਤਾ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀ. 5:8) ਇਸ ਹਕੀਕਤ ਬਾਰੇ ਸੋਚੋ: “ਅਸੀਂ ਅਜੇ ਪਾਪੀ ਹੀ ਸਾਂ।” ਸਾਨੂੰ ਸਾਰਿਆਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਅਸੀਂ ਪਾਪੀ ਕਿਵੇਂ ਬਣੇ।
5 ਪੌਲੁਸ ਨੇ ਇਸ ਬਾਰੇ ਇੱਦਾਂ ਦੱਸਣਾ ਸ਼ੁਰੂ ਕੀਤਾ: “ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀ. 5:12) ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਮਨੁੱਖੀ ਜੀਵਨ ਦੀ ਸ਼ੁਰੂਆਤ ਬਾਰੇ ਜਾਣਕਾਰੀ ਰਿਕਾਰਡ ਕਰ ਕੇ ਰੱਖੀ ਹੈ। ਯਹੋਵਾਹ ਨੇ ਦੋ ਇਨਸਾਨ ਆਦਮ ਤੇ ਹੱਵਾਹ ਬਣਾਏ ਸਨ। ਇਹ ਪਹਿਲੇ ਇਨਸਾਨ ਯਾਨੀ ਸਾਡੇ ਪੂਰਵਜ ਮੁਕੰਮਲ ਸਨ ਜਿਵੇਂ ਸਾਡਾ ਸਿਰਜਣਹਾਰ ਮੁਕੰਮਲ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕੋ ਨਿਯਮ ਦਿੱਤਾ ਸੀ ਤੇ ਕਿਹਾ ਸੀ ਕਿ ਜੇ ਉਹ ਇਸ ਦੀ ਉਲੰਘਣਾ ਕਰਨਗੇ, ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇਗੀ। (ਉਤ. 2:17) ਪਰ ਉਨ੍ਹਾਂ ਨੇ ਪਰਮੇਸ਼ੁਰ ਦਾ ਨਿਯਮ ਤੋੜ ਕੇ ਤਬਾਹੀ ਦੇ ਰਾਹ ʼਤੇ ਤੁਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਯਹੋਵਾਹ ਨੂੰ ਮਾਲਕ ਅਤੇ ਕਾਨੂੰਨ ਦੇਣ ਵਾਲੇ ਵਜੋਂ ਠੁਕਰਾ ਦਿੱਤਾ।—ਬਿਵ. 32:4, 5.
6. (ੳ) ਕਿਸ ਹਾਲਤ ਕਾਰਨ ਆਦਮ ਦੀ ਔਲਾਦ ਮੌਤ ਦੀ ਗ਼ੁਲਾਮ ਹੋ ਗਈ ਅਤੇ ਕੀ ਮੂਸਾ ਦੀ ਬਿਵਸਥਾ ਨੇ ਇਸ ਹਾਲਤ ਨੂੰ ਬਦਲਿਆ? (ਅ) ਪੀੜ੍ਹੀ-ਦਰ-ਪੀੜ੍ਹੀ ਚੱਲਦੀ ਆ ਰਹੀ ਬੀਮਾਰੀ ਨਾਲ ਕਿਹੜੀ ਗੱਲ ਸਮਝੀ ਜਾ ਸਕਦੀ ਹੈ?
6 ਪਾਪ ਕਰਨ ਤੋਂ ਬਾਅਦ ਹੀ ਆਦਮ ਦੇ ਬੱਚੇ ਪੈਦਾ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਵਿਚ ਉਸ ਦਾ ਪਾਪ ਤੇ ਇਸ ਦੇ ਮਾੜੇ ਅਸਰ ਆ ਗਏ। ਹਾਂ, ਇਹ ਸੱਚ ਹੈ ਕਿ ਉਨ੍ਹਾਂ ਨੇ ਆਦਮ ਵਾਂਗ ਪਰਮੇਸ਼ੁਰ ਦਾ ਨਿਯਮ ਨਹੀਂ ਤੋੜਿਆ ਸੀ, ਇਸ ਲਈ ਉਨ੍ਹਾਂ ਨੂੰ ਆਦਮ ਵਾਂਗ ਪਾਪੀ ਕਰਾਰ ਨਹੀਂ ਦਿੱਤਾ ਗਿਆ ਸੀ ਤੇ ਨਾ ਹੀ ਹਾਲੇ ਉਨ੍ਹਾਂ ਨੂੰ ਕੋਈ ਕਾਨੂੰਨ ਦਿੱਤਾ ਗਿਆ ਸੀ। (ਉਤ. 2:17) ਫਿਰ ਵੀ ਆਦਮ ਦੀ ਔਲਾਦ ਨੂੰ ਵਿਰਾਸਤ ਵਿਚ ਪਾਪ ਮਿਲਿਆ ਸੀ। ਇਸ ਤਰ੍ਹਾਂ ਪਾਪ ਅਤੇ ਮੌਤ ਉਸ ਸਮੇਂ ਤਾਈਂ ਰਾਜ ਕਰਦੇ ਰਹੇ ਜਦੋਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਬਿਵਸਥਾ ਨੇਮ ਦਿੱਤਾ ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਪਾਪੀ ਸਨ। (ਰੋਮੀਆਂ 5:13, 14 ਪੜ੍ਹੋ।) ਵਿਰਸੇ ਵਿਚ ਮਿਲੇ ਪਾਪ ਦੀ ਤੁਲਨਾ ਪੀੜ੍ਹੀ-ਦਰ-ਪੀੜ੍ਹੀ ਚੱਲਦੀਆਂ ਆ ਰਹੀਆਂ ਬੀਮਾਰੀਆਂ ਜਾਂ ਨੁਕਸਾਂ ਨਾਲ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਅਜਿਹੇ ਪਰਿਵਾਰਾਂ ਵਿਚ ਕੁਝ ਬੱਚਿਆਂ ਨੂੰ ਇਹ ਬੀਮਾਰੀਆਂ ਲੱਗਣ, ਪਰ ਸ਼ਾਇਦ ਸਾਰੇ ਬੱਚਿਆਂ ਨੂੰ ਨਹੀਂ। ਪਰ ਪਾਪ ਬਾਰੇ ਇੱਦਾਂ ਨਹੀਂ ਕਿਹਾ ਜਾ ਸਕਦਾ। ਆਦਮ ਦੇ ਪਾਪ ਤੋਂ ਕੋਈ ਨਹੀਂ ਬਚ ਸਕਦਾ। ਸਾਰੇ ਇਸ ਦੇ ਗ਼ੁਲਾਮ ਹਨ। ਇਹ ਹਮੇਸ਼ਾ ਜਾਨਲੇਵਾ ਹੁੰਦਾ ਹੈ। ਪਾਪ ਸਾਰੇ ਬੱਚਿਆਂ ਨੂੰ ਵਿਰਾਸਤ ਵਿਚ ਮਿਲਦਾ ਹੈ। ਕੀ ਇਸ ਗੰਭੀਰ ਹਾਲਤ ਉੱਤੇ ਕਦੇ ਕਾਬੂ ਪਾਇਆ ਜਾ ਸਕਦਾ ਹੈ?
ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਜੋ ਦਿੱਤਾ
7, 8. ਦੋ ਮੁਕੰਮਲ ਆਦਮੀਆਂ ਨੇ ਜੋ ਕੀਤਾ, ਉਸ ਦੇ ਕਿਹੜੇ ਵੱਖੋ-ਵੱਖਰੇ ਨਤੀਜੇ ਨਿਕਲੇ?
7 ਪਾਪ ਉੱਤੇ ਕਾਬੂ ਪਾਉਣ ਲਈ ਯਹੋਵਾਹ ਨੇ ਇਨਸਾਨਾਂ ਲਈ ਪਿਆਰ ਨਾਲ ਇਕ ਇੰਤਜ਼ਾਮ ਕੀਤਾ। ਪੌਲੁਸ ਨੇ ਸਮਝਾਇਆ ਕਿ ਸਿਰਫ਼ ਇਕ ਹੋਰ ਮੁਕੰਮਲ ਇਨਸਾਨ ਯਾਨੀ ਦੂਸਰੇ ਆਦਮ ਦੇ ਜ਼ਰੀਏ ਪਾਪ ਉੱਤੇ ਕਾਬੂ ਪਾਇਆ ਜਾ ਸਕਦਾ ਸੀ। (1 ਕੁਰਿੰ. 15:45) ਪਰ ਦੋਹਾਂ ਮੁਕੰਮਲ ਆਦਮੀਆਂ ਨੇ ਜੋ ਕੀਤਾ, ਉਸ ਦੇ ਬਹੁਤ ਹੀ ਵੱਖੋ-ਵੱਖਰੇ ਨਤੀਜੇ ਨਿਕਲੇ। ਉਹ ਕਿਵੇਂ?—ਰੋਮੀਆਂ 5:15, 16 ਪੜ੍ਹੋ।
8 ਪੌਲੁਸ ਨੇ ਲਿਖਿਆ: “ਇਉਂ ਨਹੀਂ ਭਈ ਜਿਹਾ ਅਪਰਾਧ ਹੋਇਆ ਤਿਹੀ ਹੀ ਬਖ਼ਸ਼ੀਸ਼ ਵੀ ਹੋਈ।” ਉਸ ਅਪਰਾਧ ਦਾ ਦੋਸ਼ੀ ਆਦਮ ਸੀ ਅਤੇ ਉਸ ਨੂੰ ਨਿਆਂ ਦੇ ਹਿਸਾਬ ਨਾਲ ਸਜ਼ਾਏ-ਮੌਤ ਮਿਲੀ। ਪਰ ਸਿਰਫ਼ ਉਸ ਦੀ ਹੀ ਮੌਤ ਨਹੀਂ ਹੋਈ। ਅਸੀਂ ਪੜ੍ਹਦੇ ਹਾਂ: “[ਉਸ] ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ।” ਕਾਨੂੰਨ ਦੇ ਹਿਸਾਬ ਨਾਲ ਜੋ ਸਜ਼ਾ ਆਦਮ ਨੂੰ ਮਿਲੀ ਸੀ, ਉਹੀ ਸਜ਼ਾ ਉਸ ਦੀ ਨਾਮੁਕੰਮਲ ਔਲਾਦ ਨੂੰ ਵੀ ਮਿਲਣੀ ਚਾਹੀਦੀ ਸੀ ਜਿਸ ਵਿਚ ਅਸੀਂ ਵੀ ਸ਼ਾਮਲ ਹਾਂ। ਫਿਰ ਵੀ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਮੁਕੰਮਲ ਆਦਮੀ ਯਿਸੂ ਨੇ ਕੁਝ ਵੱਖਰਾ ਕਰ ਕੇ ਦਿਖਾਇਆ। ਇਸ ਦਾ ਨਤੀਜਾ ਕੀ ਨਿਕਲਿਆ? ਇਸ ਦਾ ਜਵਾਬ ਅਸੀਂ ਪੌਲੁਸ ਦੇ ਸ਼ਬਦਾਂ ਤੋਂ ਦੇਖਦੇ ਹਾਂ ਜਦੋਂ ਉਸ ਨੇ ‘ਸਾਰੇ ਮਨੁੱਖਾਂ ਨੂੰ ਧਰਮੀ ਬਣਾਉਣ ਅਤੇ ਉਨ੍ਹਾਂ ਨੂੰ ਜੀਵਨ ਮਿਲਣ’ ਦੀ ਗੱਲ ਕੀਤੀ ਸੀ।—ਰੋਮੀ. 5:18, ERV.
9. ਰੋਮੀਆਂ 5:16, 18 ਦੇ ਮੁਤਾਬਕ ਇਨਸਾਨਾਂ ਨੂੰ ਧਰਮੀ ਠਹਿਰਾ ਕੇ ਪਰਮੇਸ਼ੁਰ ਅਸਲ ਵਿਚ ਕੀ ਕਰ ਰਿਹਾ ਸੀ?
9 ਜਿਨ੍ਹਾਂ ਯੂਨਾਨੀ ਸ਼ਬਦਾਂ ਦਾ ਅਨੁਵਾਦ ‘ਧਰਮੀ ਠਹਿਰਾਉਣਾ’ ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਕੀ ਨਿਕਲਦਾ ਹੈ? ਬਾਈਬਲ ਦੇ ਇਕ ਅਨੁਵਾਦਕ ਨੇ ਇਸ ਬਾਰੇ ਲਿਖਿਆ: “ਭਾਵੇਂ ਇਹ ਕਾਨੂੰਨੀ ਭਾਸ਼ਾ ਦੇ ਸ਼ਬਦ ਨਹੀਂ ਹਨ, ਪਰ ਇਹ ਕਾਨੂੰਨੀ ਭਾਵ ਰੱਖਦੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਕਾਰਨ ਕਿਸੇ ਬੰਦੇ ਦੀ ਹੈਸੀਅਤ ਬਦਲਦੀ ਹੈ, ਨਾ ਕਿ ਬੰਦਾ ਆਪਣੇ ਆਪ ਨੂੰ ਅੰਦਰੋਂ ਬਦਲਦਾ ਹੈ . . . ਇਹ ਸ਼ਬਦ ਪਰਮੇਸ਼ੁਰ ਦਾ ਵਰਣਨ ਅਜਿਹੇ ਜੱਜ ਵਜੋਂ ਕਰਦੇ ਹਨ ਜਿਸ ਨੇ ਅਪਰਾਧੀ ਦੇ ਪੱਖ ਵਿਚ ਫ਼ੈਸਲਾ ਕੀਤਾ ਜਿਸ ਨੂੰ ਮਾਨੋ ਅਪਰਾਧ ਦੇ ਦੋਸ਼ੀ ਵਜੋਂ ਪਰਮੇਸ਼ੁਰ ਦੀ ਅਦਾਲਤ ਵਿਚ ਲਿਆਂਦਾ ਗਿਆ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਦੋਸ਼ ਤੋਂ ਬਰੀ ਕਰ ਦਿੱਤਾ।”
10. ਯਿਸੂ ਨੇ ਕੀ ਕਰ ਕੇ ਇਨਸਾਨਾਂ ਨੂੰ ਧਰਮੀ ਠਹਿਰਾਉਣ ਦਾ ਆਧਾਰ ਪੇਸ਼ ਕੀਤਾ?
10 “ਸਾਰੀ ਧਰਤੀ” ਦਾ ਧਰਮੀ “ਨਿਆਈ” ਕਿਸ ਆਧਾਰ ਤੇ ਕੁਧਰਮੀ ਇਨਸਾਨ ਨੂੰ ਬਰੀ ਕਰ ਸਕਦਾ ਸੀ? (ਉਤ. 18:25, 26) ਸਭ ਤੋਂ ਪਹਿਲਾਂ ਯਹੋਵਾਹ ਨੇ ਪਿਆਰ ਦੀ ਖ਼ਾਤਰ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ʼਤੇ ਭੇਜਿਆ। ਯਿਸੂ ਨੇ ਐਨ ਚੰਗੀ ਤਰ੍ਹਾਂ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ ਭਾਵੇਂ ਉਸ ਨੂੰ ਪਰਤਾਵੇ ਆਏ, ਉਸ ਦਾ ਬਹੁਤ ਮਜ਼ਾਕ ਉਡਾਇਆ ਗਿਆ ਅਤੇ ਉਸ ਨੂੰ ਮਾਰਿਆ-ਕੁੱਟਿਆ ਗਿਆ। ਉਹ ਉਦੋਂ ਵੀ ਵਫ਼ਾਦਾਰ ਰਿਹਾ ਜਦ ਉਸ ਨੂੰ ਸੂਲ਼ੀ ਉੱਤੇ ਚਾੜ੍ਹ ਕੇ ਮਾਰ ਦਿੱਤਾ ਗਿਆ। (ਇਬ. 2:10) ਯਿਸੂ ਨੇ ਆਪਣੇ ਮੁਕੰਮਲ ਜੀਵਨ ਦੀ ਕੁਰਬਾਨੀ ਦੇ ਦਿੱਤੀ ਤਾਂਕਿ ਆਦਮ ਦੀ ਔਲਾਦ ਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਜਾ ਸਕੇ।—ਮੱਤੀ 20:28; ਰੋਮੀ. 5:6-8.
11. ਰਿਹਾਈ ਦੀ ਕੀਮਤ ਕਿਸ ਨੇ ਦਿੱਤੀ ਸੀ?
11 ਇਕ ਜਗ੍ਹਾ ਪੌਲੁਸ ਨੇ ਇਸ ਕੁਰਬਾਨੀ ਨੂੰ “ਪ੍ਰਾਸਚਿਤ” ਯਾਨੀ ਰਿਹਾਈ ਦੀ ਕੀਮਤ ਕਿਹਾ ਸੀ। (1 ਤਿਮੋ. 2:6) ਰਿਹਾਈ ਦੀ ਕੀਮਤ ਕੀ ਸੀ? ਆਦਮ ਨੇ ਅਰਬਾਂ ਹੀ ਇਨਸਾਨਾਂ ਨੂੰ ਯਾਨੀ ਆਪਣੀ ਸਾਰੀ ਔਲਾਦ ਨੂੰ ਨਾਮੁਕੰਮਲਤਾ ਤੇ ਪਾਪ ਵਿਰਸੇ ਵਿਚ ਦਿੱਤੇ। ਇਹ ਸੱਚ ਹੈ ਕਿ ਯਿਸੂ ਮੁਕੰਮਲ ਇਨਸਾਨ ਹੋਣ ਕਰਕੇ ਅਰਬਾਂ ਹੀ ਮੁਕੰਮਲ ਇਨਸਾਨ ਪੈਦਾ ਕਰ ਸਕਦਾ ਸੀ।a ਇਸ ਲਈ ਅਸੀਂ ਪਹਿਲਾਂ ਸੋਚਦੇ ਹੁੰਦੇ ਸੀ ਕਿ ਯਿਸੂ ਦੀ ਜ਼ਿੰਦਗੀ ਅਤੇ ਉਸ ਦੀ ਹੋਣ ਵਾਲੀ ਔਲਾਦ ਦੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਉਹ ਜ਼ਿੰਦਗੀ ਦੁਬਾਰਾ ਹਾਸਲ ਕੀਤੀ ਜਾ ਸਕਦੀ ਸੀ ਜੋ ਆਦਮ ਅਤੇ ਉਸ ਦੀ ਨਾਮੁਕੰਮਲ ਔਲਾਦ ਨੇ ਗੁਆ ਦਿੱਤੀ ਸੀ। ਪਰ ਬਾਈਬਲ ਇਸ ਤਰ੍ਹਾਂ ਦਾ ਕੁਝ ਨਹੀਂ ਕਹਿੰਦੀ ਕਿ ਯਿਸੂ ਦੀ ਹੋਣ ਵਾਲੀ ਔਲਾਦ ਰਿਹਾਈ ਦੀ ਕੀਮਤ ਦਾ ਹਿੱਸਾ ਸੀ। ਰੋਮੀਆਂ 5:15-19 ਦੱਸਦਾ ਹੈ ਕਿ ਸਿਰਫ਼ “ਇੱਕੋ ਮਨੁੱਖ” ਦੀ ਮੌਤ ਰਿਹਾਈ ਦੀ ਕੀਮਤ ਸੀ। ਹਾਂ, ਯਿਸੂ ਦੇ ਮੁਕੰਮਲ ਜੀਵਨ ਦੀ ਕੀਮਤ ਆਦਮ ਦੇ ਜੀਵਨ ਦੇ ਬਰਾਬਰ ਸੀ। ਇਸ ਲਈ ਸਿਰਫ਼ ਯਿਸੂ ਮਸੀਹ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤੇ ਦੇਣਾ ਵੀ ਚਾਹੀਦਾ ਹੈ। ਯਿਸੂ ਮੌਤ ਤਾਈਂ ਆਗਿਆਕਾਰ ਤੇ ਵਫ਼ਾਦਾਰ ਰਿਹਾ। ਯਿਸੂ ਦੇ ਇਸ “ਧਰਮ ਦੇ ਇੱਕ ਕੰਮ ਦੇ ਕਾਰਨ” ਸਾਰੇ ਇਨਸਾਨਾਂ ਨੂੰ ਧਰਮੀ ਠਹਿਰਾਏ ਜਾਣ ਅਤੇ ਜ਼ਿੰਦਗੀ ਦੀ ਬਖ਼ਸ਼ੀਸ਼ ਮਿਲਣੀ ਮੁਮਕਿਨ ਹੋ ਗਈ। (2 ਕੁਰਿੰ. 5:14, 15; 1 ਪਤ. 3:18) ਉਹ ਕਿਵੇਂ?
ਰਿਹਾਈ ਦੀ ਕੀਮਤ ਦੇ ਆਧਾਰ ਤੇ ਬਰੀ ਕੀਤੇ ਗਏ
12, 13. ਪਰਮੇਸ਼ੁਰ ਨੇ ਦਇਆ ਅਤੇ ਪਿਆਰ ਦੀ ਖ਼ਾਤਰ ਉਨ੍ਹਾਂ ਉੱਤੇ ਰਿਹਾਈ ਦੀ ਕੀਮਤ ਲਾਗੂ ਕਿਉਂ ਕੀਤੀ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਸੀ?
12 ਯਹੋਵਾਹ ਨੇ ਆਪਣੇ ਪੁੱਤਰ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਸਵੀਕਾਰ ਕਰ ਲਈ। (ਇਬ. 9:24; 10:10, 12) ਫਿਰ ਵੀ ਧਰਤੀ ਉੱਤੇ ਰਹਿੰਦੇ ਉਸ ਦੇ ਚੇਲੇ ਅਤੇ ਵਫ਼ਾਦਾਰ ਰਸੂਲ ਨਾਮੁਕੰਮਲ ਰਹੇ। ਭਾਵੇਂ ਉਹ ਹਮੇਸ਼ਾ ਪੂਰੀ ਕੋਸ਼ਿਸ਼ ਕਰਦੇ ਸਨ ਕਿ ਉਹ ਗ਼ਲਤ ਕੰਮ ਨਹੀਂ ਕਰਨਗੇ, ਫਿਰ ਵੀ ਉਨ੍ਹਾਂ ਤੋਂ ਹੋ ਜਾਂਦੇ ਸਨ। ਕਿਉਂ? ਕਿਉਂਕਿ ਪਾਪ ਉਨ੍ਹਾਂ ਨੂੰ ਵਿਰਸੇ ਵਿਚ ਮਿਲਿਆ ਸੀ। (ਰੋਮੀ. 7:18-20) ਪਰ ਪਰਮੇਸ਼ੁਰ ਇਸ ਬਾਰੇ ਕੁਝ ਕਰ ਸਕਦਾ ਸੀ ਤੇ ਉਸ ਨੇ ਕੀਤਾ ਵੀ। ਉਸ ਨੇ “ਪ੍ਰਾਸਚਿਤ” ਯਾਨੀ ਰਿਹਾਈ ਦੀ ਕੀਮਤ ਕਬੂਲ ਕਰ ਲਈ ਅਤੇ ਉਹ ਇਸ ਨੂੰ ਆਪਣੇ ਸੇਵਕਾਂ ਉੱਤੇ ਲਾਗੂ ਕਰਨ ਲਈ ਰਾਜ਼ੀ ਹੋ ਗਿਆ।
13 ਪਰ ਪਰਮੇਸ਼ੁਰ ਨੇ ਰਸੂਲਾਂ ਅਤੇ ਹੋਰਨਾਂ ਵਾਸਤੇ ਰਿਹਾਈ ਦੀ ਕੀਮਤ ਇਸ ਲਈ ਲਾਗੂ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੇ ਚੰਗੇ ਕੰਮ ਕੀਤੇ ਸਨ। ਇਸ ਦੀ ਬਜਾਇ ਉਸ ਨੇ ਦਇਆ ਅਤੇ ਪਿਆਰ ਦੀ ਖ਼ਾਤਰ ਇਸ ਤਰ੍ਹਾਂ ਕੀਤਾ। ਉਸ ਨੇ ਰਸੂਲਾਂ ਅਤੇ ਹੋਰਨਾਂ ਨੂੰ ਉਹ ਸਜ਼ਾ ਨਾ ਦੇਣ ਦਾ ਫ਼ੈਸਲਾ ਕੀਤਾ ਜੋ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ। ਉਸ ਨੇ ਉਨ੍ਹਾਂ ਨੂੰ ਦੋਸ਼-ਮੁਕਤ ਕਰ ਦਿੱਤਾ। ਇਹ ਗੱਲ ਪੌਲੁਸ ਨੇ ਸਾਫ਼-ਸਾਫ਼ ਦੱਸੀ: “ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ।”—ਅਫ਼. 2:8.
14, 15. ਪਰਮੇਸ਼ੁਰ ਵੱਲੋਂ ਧਰਮੀ ਠਹਿਰਾਏ ਜਾਣ ਵਾਲਿਆਂ ਨੂੰ ਭਵਿੱਖ ਵਿਚ ਕੀ ਮਿਲਣਾ ਸੀ, ਪਰ ਫਿਰ ਵੀ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ?
14 ਜ਼ਰਾ ਸੋਚੋ ਕਿ ਸਰਬਸ਼ਕਤੀਮਾਨ ਸਾਡੇ ਪਾਪ ਅਤੇ ਹੋਰ ਗ਼ਲਤੀਆਂ ਮਾਫ਼ ਕਰ ਕੇ ਸਾਨੂੰ ਕਿੰਨਾ ਬੇਸ਼ਕੀਮਤੀ ਤੋਹਫ਼ਾ ਦਿੰਦਾ ਹੈ! ਅਸੀਂ ਗਿਣ ਨਹੀਂ ਸਕਦੇ ਕਿ ਮਸੀਹੀ ਬਣਨ ਤੋਂ ਪਹਿਲਾਂ ਅਸੀਂ ਕਿੰਨੇ ਪਾਪ ਕੀਤੇ ਸਨ, ਫਿਰ ਵੀ ਰਿਹਾਈ ਦੀ ਕੀਮਤ ਦੇ ਆਧਾਰ ਤੇ ਪਰਮੇਸ਼ੁਰ ਉਹ ਪਾਪ ਮਾਫ਼ ਕਰ ਸਕਦਾ ਹੈ। ਪੌਲੁਸ ਨੇ ਲਿਖਿਆ: “ਉਸ ਬਖ਼ਸ਼ੀਸ਼ ਨੇ ਬਹੁਤ ਸਾਰੇ ਅਪਰਾਧਾਂ ਤੋਂ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ।” (ਰੋਮੀ. 5:16) ਇਹ ਬਖ਼ਸ਼ੀਸ਼ (ਧਰਮੀ ਠਹਿਰਾਏ ਜਾਣਾ) ਪਾਉਣ ਵਾਲੇ ਰਸੂਲਾਂ ਅਤੇ ਹੋਰਨਾਂ ਲਈ ਨਿਹਚਾ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣਾ ਜ਼ਰੂਰੀ ਸੀ। ਭਵਿੱਖ ਵਿਚ ਉਨ੍ਹਾਂ ਨੂੰ ਕੀ ਮਿਲਣਾ ਸੀ? “ਓਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਰਮ ਦੀ ਬਖ਼ਸ਼ੀਸ਼ ਵਾਫ਼ਰ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ।” ਵਾਕਈ, ਆਦਮ ਦੇ ਅਪਰਾਧ ਨਾਲੋਂ ਧਰਮ ਦੀ ਬਖ਼ਸ਼ੀਸ਼ ਦਾ ਕਿੰਨਾ ਵੱਖਰਾ ਨਤੀਜਾ ਨਿਕਲਿਆ! ਉਨ੍ਹਾਂ ਨੂੰ ਜੀਵਨ ਦੀ ਬਖ਼ਸ਼ੀਸ਼ ਮਿਲੀ।—ਰੋਮੀ. 5:17; ਲੂਕਾ 22:28-30 ਪੜ੍ਹੋ।
15 ਧਰਮੀ ਠਹਿਰਾਏ ਜਾਣ ਦੀ ਬਖ਼ਸ਼ੀਸ਼ ਪਾਉਣ ਵਾਲੇ ਗਏ ਲੋਕ ਪਰਮੇਸ਼ੁਰ ਦੇ ਪੁੱਤਰ ਬਣਦੇ ਹਨ। ਮਸੀਹ ਨਾਲ ਵਾਰਸਾਂ ਵਜੋਂ ਉਨ੍ਹਾਂ ਨੂੰ ਮੁਰਦਿਆਂ ਵਿੱਚੋਂ ਜੀਉਂਦੇ ਕਰ ਕੇ ਸਵਰਗ ਵਿਚ ਅਮਰ ਜੀਵਨ ਦਿੱਤਾ ਜਾਵੇਗਾ। ਇਸ ਤਰ੍ਹਾਂ ਉਹ ਦੂਤਾਂ ਵਰਗੇ ਪਰਮੇਸ਼ੁਰ ਦੇ ਅਸਲੀ ਪੁੱਤਰ ਬਣਨਗੇ ਅਤੇ ਰਾਜੇ ਯਿਸੂ ਮਸੀਹ ਨਾਲ ਮਿਲ ਕੇ ਰਾਜ ਕਰਨਗੇ।—ਰੋਮੀਆਂ 8:15-17, 23 ਪੜ੍ਹੋ।
ਹੋਰਨਾਂ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ
16. ਧਰਤੀ ਉੱਤੇ ਜੀਣ ਦੀ ਉਮੀਦ ਰੱਖਣ ਵਾਲੇ ਹੁਣ ਵੀ ਕਿਹੜੀ ਬਖ਼ਸ਼ੀਸ਼ ਪਾ ਸਕਦੇ ਹਨ?
16 ਪਰਮੇਸ਼ੁਰ ਉੱਤੇ ਨਿਹਚਾ ਕਰਨ ਵਾਲੇ ਅਤੇ ਉਸ ਦੀ ਸੇਵਾ ਕਰਨ ਵਾਲੇ ਸਾਰੇ ਵਫ਼ਾਦਾਰ ਮਸੀਹੀ ਸਵਰਗ ਵਿਚ ਮਸੀਹ ਨਾਲ “ਰਾਜ” ਕਰਨ ਦੀ ਉਮੀਦ ਨਹੀਂ ਰੱਖਦੇ। ਬਹੁਤ ਸਾਰੇ ਮਸੀਹੀ ਉਹੀ ਬਾਈਬਲ-ਆਧਾਰਿਤ ਉਮੀਦ ਰੱਖਦੇ ਹਨ ਜੋ ਪਹਿਲੀ ਸਦੀ ਤੋਂ ਪਹਿਲਾਂ ਦੇ ਪਰਮੇਸ਼ੁਰ ਦੇ ਸੇਵਕ ਰੱਖਦੇ ਸਨ। ਉਹ ਹਮੇਸ਼ਾ ਲਈ ਇਸ ਧਰਤੀ ਉੱਤੇ ਜੀਣ ਦੀ ਉਮੀਦ ਰੱਖਦੇ ਹਨ ਜਦੋਂ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ। ਕੀ ਉਨ੍ਹਾਂ ਨੂੰ ਹੁਣ ਵੀ ਪਰਮੇਸ਼ੁਰ ਤੋਂ ਧਰਮੀ ਠਹਿਰਾਏ ਜਾਣ ਦੀ ਬਖ਼ਸ਼ੀਸ਼ ਮਿਲ ਸਕਦੀ ਹੈ ਤਾਂਕਿ ਉਹ ਧਰਤੀ ਉੱਤੇ ਜੀਵਨ ਪਾ ਸਕਣ? ਰੋਮੀਆਂ ਨੂੰ ਲਿਖੀਆਂ ਪੌਲੁਸ ਦੀਆਂ ਗੱਲਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਇਸ ਸਵਾਲ ਦਾ ਜਵਾਬ ਹੈ ਹਾਂ!
17, 18. (ੳ) ਅਬਰਾਹਾਮ ਦੀ ਨਿਹਚਾ ਦੇਖ ਕੇ ਪਰਮੇਸ਼ੁਰ ਨੇ ਉਸ ਬਾਰੇ ਕੀ ਸੋਚਿਆ? (ਅ) ਯਹੋਵਾਹ ਅਬਰਾਹਾਮ ਨੂੰ ਕਿਵੇਂ ਧਰਮੀ ਕਹਿ ਸਕਦਾ ਸੀ?
17 ਪੌਲੁਸ ਨੇ ਅਬਰਾਹਾਮ ਦੀ ਉੱਤਮ ਮਿਸਾਲ ਦੀ ਗੱਲ ਕੀਤੀ ਜੋ ਤਕੜੀ ਨਿਹਚਾ ਰੱਖਦਾ ਸੀ। ਉਹ ਉਸ ਜ਼ਮਾਨੇ ਵਿਚ ਰਹਿੰਦਾ ਸੀ ਜਦੋਂ ਹਾਲੇ ਯਹੋਵਾਹ ਨੇ ਇਸਰਾਏਲੀਆਂ ਨੂੰ ਬਿਵਸਥਾ ਨੇਮ ਨਹੀਂ ਦਿੱਤਾ ਸੀ ਅਤੇ ਕਾਫ਼ੀ ਚਿਰ ਬਾਅਦ ਯਿਸੂ ਮਸੀਹ ਨੇ ਆ ਕੇ ਸਵਰਗ ਜਾਣ ਦਾ ਰਾਹ ਨਹੀਂ ਖੋਲ੍ਹਿਆ ਸੀ। (ਇਬ. 10:19, 20) ਅਸੀਂ ਪੜ੍ਹਦੇ ਹਾਂ: “ਉਹ ਬਚਨ ਭਈ ਤੂੰ ਜਗਤ ਦਾ ਅਧਕਾਰੀ ਹੋਵੇਂਗਾ ਅਬਰਾਹਾਮ ਅਥਵਾ ਉਹ ਦੀ ਅੰਸ ਨਾਲ ਸ਼ਰਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਓਸ ਧਰਮ ਦੇ ਰਾਹੀਂ ਜਿਹੜਾ ਨਿਹਚਾ ਤੋਂ ਹੁੰਦਾ ਹੈ।” (ਰੋਮੀ. 4:13; ਯਾਕੂ. 2:23, 24) ਸੋ ਪਰਮੇਸ਼ੁਰ ਨੇ ਵਫ਼ਾਦਾਰ ਅਬਰਾਹਾਮ ਨੂੰ ਧਰਮੀ ਠਹਿਰਾਇਆ ਸੀ।—ਰੋਮੀਆਂ 4:20-22 ਪੜ੍ਹੋ।
18 ਪਰ ਇਸ ਦਾ ਇਹ ਮਤਲਬ ਨਹੀਂ ਕਿ ਦਹਾਕਿਆਂ ਤਾਈਂ ਸੇਵਾ ਕਰਦਿਆਂ ਅਬਰਾਹਾਮ ਨੇ ਕੋਈ ਪਾਪ ਨਹੀਂ ਕੀਤਾ ਸੀ। ਉਹ ਇਸ ਅਰਥ ਵਿਚ ਧਰਮੀ ਨਹੀਂ ਸੀ। (ਰੋਮੀ. 3:10, 23) ਪਰ ਅਥਾਹ ਬੁੱਧ ਦੇ ਮਾਲਕ ਯਹੋਵਾਹ ਨੇ ਅਬਰਾਹਾਮ ਦੀ ਅਨੋਖੀ ਨਿਹਚਾ ਅਤੇ ਨਿਹਚਾ ਦੇ ਕੰਮ ਦੇਖੇ। ਅਬਰਾਹਾਮ ਨੇ ਖ਼ਾਸਕਰ “ਅੰਸ” ਉੱਤੇ ਨਿਹਚਾ ਕੀਤੀ ਜਿਸ ਨੇ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਉਸ ਦੇ ਘਰਾਣੇ ਵਿਚ ਪੈਦਾ ਹੋਣਾ ਸੀ। ਉਹ ਅੰਸ ਮਸੀਹ ਸਾਬਤ ਹੋਇਆ। (ਉਤ. 15:6; 22:15-18) ਸਰਬਸ਼ਕਤੀਮਾਨ ਜੱਜ “ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ” ਦੇ ਆਧਾਰ ਤੇ ਅਤੀਤ ਵਿਚ ਕੀਤੇ ਪਾਪਾਂ ਨੂੰ ਮਾਫ਼ ਕਰ ਸਕਦਾ ਹੈ। ਇਸ ਤਰ੍ਹਾਂ ਪਹਿਲੀ ਸਦੀ ਦੇ ਮਸੀਹੀਆਂ ਤੋਂ ਪਹਿਲਾਂ ਜੀਣ ਵਾਲਾ ਅਬਰਾਹਾਮ ਅਤੇ ਹੋਰ ਨਿਹਚਾਵਾਨ ਲੋਕਾਂ ਨੂੰ ਮੁਰਦਿਆਂ ਵਿੱਚੋਂ ਜੀ ਉਠਾ ਕੇ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ।—ਰੋਮੀਆਂ 3:24, 25 ਪੜ੍ਹੋ; ਜ਼ਬੂ. 32:1, 2.
ਹੁਣੇ ਧਰਮੀ ਠਹਿਰਾਏ ਜਾਣ ਦੀ ਬਖ਼ਸ਼ੀਸ਼ ਪਾਓ
19. ਅਬਰਾਹਾਮ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਤੋਂ ਅੱਜ ਕਈਆਂ ਨੂੰ ਕਿਉਂ ਹੌਸਲਾ ਮਿਲਣਾ ਚਾਹੀਦਾ ਹੈ?
19 ਅੱਜ ਸੱਚੇ ਮਸੀਹੀਆਂ ਨੂੰ ਇਸ ਹਕੀਕਤ ਤੋਂ ਹੌਸਲਾ ਮਿਲਣਾ ਚਾਹੀਦਾ ਹੈ ਕਿ ਪਿਆਰ ਕਰਨ ਵਾਲੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਧਰਮੀ ਠਹਿਰਾਇਆ ਸੀ। ਯਹੋਵਾਹ ਨੇ ਉਸ ਅਰਥ ਵਿਚ ਅਬਰਾਹਾਮ ਨੂੰ ਧਰਮੀ ਨਹੀਂ ਠਹਿਰਾਇਆ ਜਿਸ ਅਰਥ ਵਿਚ ਉਹ ਪਵਿੱਤਰ ਸ਼ਕਤੀ ਨਾਲ ਚੁਣੇ ਜਾਂਦੇ ‘ਮਸੀਹ ਦੇ ਨਾਲ ਸਾਂਝੇ ਅਧਕਾਰੀਆਂ’ ਨੂੰ ਧਰਮੀ ਠਹਿਰਾਉਂਦਾ ਹੈ। ਇਸ ਛੋਟੇ ਜਿਹੇ ਸਮੂਹ ਨੂੰ “ਸੰਤ” ਯਾਨੀ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ ਅਤੇ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਪੁੱਤ੍ਰਾਂ’ ਵਜੋਂ ਸਵੀਕਾਰ ਕੀਤਾ ਗਿਆ ਹੈ। (ਰੋਮੀ. 1:7; 8:14, 17, 33) ਇਸ ਦੇ ਉਲਟ, ਅਬਰਾਹਾਮ ਨੂੰ “ਪਰਮੇਸ਼ੁਰ ਦਾ ਮਿੱਤਰ” ਕਿਹਾ ਗਿਆ ਸੀ ਤੇ ਉਹ ਵੀ ਰਿਹਾਈ ਦੀ ਕੀਮਤ ਦਿੱਤੇ ਜਾਣ ਤੋਂ ਪਹਿਲਾਂ। (ਯਾਕੂ. 2:23; ਯਸਾ. 41:8) ਤਾਂ ਫਿਰ ਉਨ੍ਹਾਂ ਸੱਚੇ ਮਸੀਹੀਆਂ ਬਾਰੇ ਕੀ ਜੋ ਸੋਹਣੀ ਧਰਤੀ ਉੱਤੇ ਜੀਣ ਦੀ ਉਮੀਦ ਰੱਖਦੇ ਹਨ?
20. ਪਰਮੇਸ਼ੁਰ ਉਨ੍ਹਾਂ ਤੋਂ ਕੀ ਉਮੀਦ ਰੱਖਦਾ ਹੈ ਜਿਨ੍ਹਾਂ ਨੂੰ ਅੱਜ ਉਹ ਅਬਰਾਹਾਮ ਵਾਂਗ ਧਰਮੀ ਠਹਿਰਾਉਂਦਾ ਹੈ?
20 ਇਨ੍ਹਾਂ ਨੂੰ ਸਵਰਗੀ ਜੀਵਨ ਦੇਣ ਦੇ ਇਰਾਦੇ ਨਾਲ ‘ਮਸੀਹ ਯਿਸੂ ਦੇ ਨਿਸਤਾਰੇ’ ਰਾਹੀਂ “ਧਰਮ ਦੀ ਬਖ਼ਸ਼ੀਸ਼” ਨਹੀਂ ਮਿਲਦੀ। (ਰੋਮੀ. 3:24; 5:15, 17) ਪਰ ਉਨ੍ਹਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਇੰਤਜ਼ਾਮਾਂ ਉੱਤੇ ਪੂਰਾ ਵਿਸ਼ਵਾਸ ਹੈ ਜੋ ਉਹ ਚੰਗੇ ਕੰਮ ਕਰ ਕੇ ਪ੍ਰਗਟਾਉਂਦੇ ਹਨ। ਇਕ ਕੰਮ ਹੈ “ਪਰਮੇਸ਼ੁਰ ਦੇ ਰਾਜ ਦਾ ਪਰਚਾਰ” ਕਰਨਾ ਅਤੇ “ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼” ਦੇਣਾ। (ਰਸੂ. 28:31) ਇਸ ਲਈ ਯਹੋਵਾਹ ਅਬਰਾਹਾਮ ਵਾਂਗ ਇਨ੍ਹਾਂ ਨੂੰ ਧਰਮੀ ਕਹਿ ਸਕਦਾ ਹੈ। ਇਨ੍ਹਾਂ ਨੂੰ ਪਰਮੇਸ਼ੁਰ ਦੇ ਦੋਸਤ ਹੋਣ ਦੀ ਬਖ਼ਸ਼ੀਸ਼ ਮਿਲਦੀ ਹੈ ਜੋ ਮਸਹ ਕੀਤੇ ਹੋਏ ਮਸੀਹੀਆਂ ਦੀ “ਬਖ਼ਸ਼ੀਸ਼” ਤੋਂ ਵੱਖਰੀ ਹੈ। ਹਾਂ, ਉਹ ਇਸ ਬਖ਼ਸ਼ੀਸ਼ ਨੂੰ ਬਹੁਤ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕਰਦੇ ਹਨ।
21. ਯਹੋਵਾਹ ਦੇ ਪਿਆਰ ਅਤੇ ਨਿਆਂ ਕਾਰਨ ਸਾਨੂੰ ਕਿਹੜਾ ਫ਼ਾਇਦਾ ਹੁੰਦਾ ਹੈ?
21 ਜੇ ਤੁਸੀਂ ਧਰਤੀ ਉੱਤੇ ਸਦਾ ਲਈ ਜੀਣ ਦੀ ਉਮੀਦ ਰੱਖਦੇ ਹੋ, ਤਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਇਹ ਸਨਮਾਨ ਮਨੁੱਖੀ ਹਾਕਮ ਦਾ ਕੋਈ ਖੋਖਲਾ ਵਾਅਦਾ ਨਹੀਂ ਹੈ। ਇਸ ਤੋਂ ਸਾਰੇ ਬ੍ਰਹਿਮੰਡ ਦੇ ਮਾਲਕ ਦਾ ਮਕਸਦ ਪਤਾ ਲੱਗਦਾ ਹੈ। ਇਸ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਇਕ ਤੋਂ ਬਾਅਦ ਇਕ ਕਦਮ ਚੁੱਕਿਆ ਹੈ। ਇਹ ਕਦਮ ਸੱਚੇ ਨਿਆਂ ਅਨੁਸਾਰ ਚੁੱਕੇ ਗਏ ਹਨ। ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਤੋਂ ਪਰਮੇਸ਼ੁਰ ਦਾ ਗੂੜ੍ਹਾ ਪਿਆਰ ਝਲਕਦਾ ਹੈ। ਇਸੇ ਲਈ ਪੌਲੁਸ ਕਹਿ ਸਕਿਆ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।”—ਰੋਮੀ. 5:8.
[ਫੁਟਨੋਟ]
a ਮਿਸਾਲ ਲਈ, ਔਲਾਦ ਬਾਰੇ ਇਹ ਵਿਚਾਰ ਇਨਸਾਈਟ ਔਨ ਦ ਸਕ੍ਰਿਪਚਰਸ, ਭਾਗ 2 (ਅੰਗ੍ਰੇਜ਼ੀ), ਸਫ਼ਾ 736, ਪੈਰੇ 4-5 ਵਿਚ ਦਿੱਤਾ ਗਿਆ ਸੀ।
ਕੀ ਤੁਹਾਨੂੰ ਯਾਦ ਹੈ?
• ਆਦਮ ਦੀ ਔਲਾਦ ਨੇ ਵਿਰਸੇ ਵਿਚ ਕੀ ਪਾਇਆ ਅਤੇ ਨਤੀਜਾ ਕੀ ਨਿਕਲਿਆ?
• ਰਿਹਾਈ ਦੀ ਕੀਮਤ ਕਿਵੇਂ ਦਿੱਤੀ ਗਈ ਸੀ ਅਤੇ ਇਹ ਕਿਸ ਨੇ ਦਿੱਤੀ ਸੀ?
• ਯਹੋਵਾਹ ਜਿਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ, ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
[ਸਫ਼ਾ 13 ਉੱਤੇ ਤਸਵੀਰ]
ਮੁਕੰਮਲ ਇਨਸਾਨ ਆਦਮ ਨੇ ਪਾਪ ਕੀਤਾ। ਮੁਕੰਮਲ ਇਨਸਾਨ ਯਿਸੂ ਨੇ “ਪ੍ਰਾਸਚਿੱਤ” ਯਾਨੀ ਰਿਹਾਈ ਦੀ ਕੀਮਤ ਦਿੱਤੀ
[ਸਫ਼ਾ 15 ਉੱਤੇ ਤਸਵੀਰ]
ਕਿੰਨੀ ਵੱਡੀ “ਖੁਸ਼ ਖਬਰੀ” ਕਿ ਅਸੀਂ ਯਿਸੂ ਦੇ ਰਾਹੀਂ ਧਰਮੀ ਠਹਿਰਾਏ ਜਾ ਸਕਦੇ ਹਾਂ!