ਮੁਕਤੀ ਲਈ ਖੁੱਲ੍ਹੇ-ਆਮ ਇਕਰਾਰ ਕਰੋ
“ਹਰੇਕ ਜਿਹੜਾ ਪ੍ਰਭੁ [“ਯਹੋਵਾਹ,” “ਨਿ ਵ”] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।”—ਰੋਮੀਆਂ 10:13.
1. ਇਤਿਹਾਸ ਦੇ ਦੌਰਾਨ, ਕਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਹਨ?
ਇਤਿਹਾਸ ਕਈ ‘ਯਹੋਵਾਹ ਦੇ ਦਿਨਾਂ’ ਦਾ ਵਰਣਨ ਕਰਦਾ ਹੈ। ਨੂਹ ਦੇ ਦਿਨਾਂ ਦੀ ਜਲ-ਪਰਲੋ, ਸਦੂਮ ਅਤੇ ਅਮੂਰਾਹ ਦਾ ਨਾਸ਼, ਅਤੇ 607 ਸਾ.ਯੁ.ਪੂ. ਅਤੇ 70 ਸਾ.ਯੁ. ਵਿਚ ਯਰੂਸ਼ਲਮ ਦਾ ਵਿਨਾਸ਼ ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਸਨ। ਇਹ ਯਹੋਵਾਹ ਦੇ ਵਿਰੁੱਧ ਬਗਾਵਤ ਕਰਨ ਵਾਲੇ ਵਿਅਕਤੀਆਂ ਉੱਤੇ ਨਿਆਉਂ ਪੂਰਾ ਕਰਨ ਦੇ ਦਿਨ ਸਨ। (ਮਲਾਕੀ 4:5; ਲੂਕਾ 21:22) ਉਨ੍ਹਾਂ ਦਿਨਾਂ ਦੇ ਦੌਰਾਨ, ਆਪਣੀ ਦੁਸ਼ਟਤਾ ਦੇ ਕਾਰਨ ਅਨੇਕ ਲੋਕ ਮਰੇ। ਪਰ ਕੁਝ ਲੋਕ ਬਚ ਨਿਕਲੇ। ਯਹੋਵਾਹ ਦੀਆਂ ਦਿੱਤੀਆਂ ਚੇਤਾਵਨੀਆਂ ਨੇ ਦੁਸ਼ਟਾਂ ਨੂੰ ਆਉਣ ਵਾਲੀ ਤਬਾਹੀ ਦੀ ਖ਼ਬਰ ਦਿੱਤੀ ਅਤੇ ਸੁਹਿਰਦ ਵਿਅਕਤੀਆਂ ਨੂੰ ਮੁਕਤੀ ਪਾਉਣ ਦਾ ਮੌਕਾ ਦਿੱਤਾ।
2, 3. (ੳ) ਪੰਤੇਕੁਸਤ ਤੇ ਕਿਹੜੀ ਭਵਿੱਖ-ਸੂਚਕ ਚੇਤਾਵਨੀ ਦਾ ਹਵਾਲਾ ਦਿੱਤਾ ਗਿਆ ਸੀ? (ਅ) ਪੰਤੇਕੁਸਤ 33 ਸਾ.ਯੁ. ਤੋਂ, ਯਹੋਵਾਹ ਦਾ ਨਾਂ ਲੈਣ ਵਿਚ ਕੀ ਕੁਝ ਸ਼ਾਮਲ ਸੀ?
2 ਸੰਨ 70 ਸਾ.ਯੁ. ਵਿਚ ਯਰੂਸ਼ਲਮ ਦਾ ਵਿਨਾਸ਼ ਇਸ ਦੀ ਇਕ ਵਿਸ਼ੇਸ਼ ਉਦਾਹਰਣ ਹੈ। ਉਸ ਘਟਨਾ ਬਾਰੇ ਲਗਭਗ 900 ਸਾਲ ਪਹਿਲਾਂ ਦੱਸਦੇ ਹੋਏ, ਯੋਏਲ ਨਬੀ ਨੇ ਲਿਖਿਆ: “ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ। ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ!” ਅਜਿਹੇ ਭਿਆਨਕ ਸਮੇਂ ਵਿੱਚੋਂ ਕੋਈ ਵਿਅਕਤੀ ਕਿਵੇਂ ਬਚ ਨਿਕਲ ਸਕਦਾ ਸੀ? ਪ੍ਰੇਰਣਾ ਦੇ ਅਧੀਨ ਯੋਏਲ ਨੇ ਲਿਖਿਆ: “ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ, ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ, ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।”—ਯੋਏਲ 2:30-32.
3 ਪੰਤੇਕੁਸਤ 33 ਸਾ.ਯੁ. ਤੇ, ਪਤਰਸ ਰਸੂਲ ਨੇ ਯਰੂਸ਼ਲਮ ਵਿਚ ਯਹੂਦੀਆਂ ਅਤੇ ਨਵਧਰਮੀਆਂ ਦੀ ਇਕ ਭੀੜ ਨੂੰ ਸੰਬੋਧਨ ਕੀਤਾ ਅਤੇ ਯੋਏਲ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਇਹ ਦਿਖਾਇਆ ਕਿ ਉਸ ਦੇ ਸੁਣਨ ਵਾਲੇ ਆਪਣੇ ਹੀ ਸਮੇਂ ਵਿਚ ਇਸ ਦੀ ਪੂਰਤੀ ਦੀ ਆਸ ਰੱਖ ਸਕਦੇ ਸਨ: “ਮੈਂ ਉਤਾਹਾਂ ਅਕਾਸ਼ ਵਿੱਚ ਅਚੰਭੇ, ਅਰ ਹਿਠਾਹਾਂ ਧਰਤੀ ਉੱਤੇ ਨਿਸ਼ਾਨ, ਲਹੂ ਤੇ ਅਗਨ ਤੇ ਧੂੰਏਂ ਦੇ ਬੱਦਲ ਵਿਖਾਵਾਂਗਾ। ਪ੍ਰਭੁ ਦੇ ਵੱਡੇ ਤੇ ਪਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਅਨ੍ਹੇਰਾ ਅਰ ਚੰਦ ਲਹੂ ਹੋ ਜਾਵੇਗਾ, ਅਤੇ ਐਉਂ ਹੋਵੇਗਾ ਕਿ ਹਰੇਕ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦਾ ਨਾਮ ਲਵੇਗਾ ਬਚਾਇਆ ਜਾਵੇਗਾ।” (ਰਸੂਲਾਂ ਦੇ ਕਰਤੱਬ 2:16-21) ਪਤਰਸ ਦੇ ਸਾਰੇ ਸ੍ਰੋਤੇ ਮੂਸਾ ਦੀ ਬਿਵਸਥਾ ਦੇ ਅਧੀਨ ਸਨ, ਅਤੇ ਇਸ ਲਈ ਉਹ ਯਹੋਵਾਹ ਦੇ ਨਾਂ ਨੂੰ ਜਾਣਦੇ ਸਨ। ਪਤਰਸ ਨੇ ਸਮਝਾਇਆ ਕਿ, ਹੁਣ ਤੋਂ, ਯਹੋਵਾਹ ਦਾ ਨਾਂ ਲੈਣ ਵਿਚ ਕੁਝ ਹੋਰ ਵੀ ਸ਼ਾਮਲ ਹੋਵੇਗਾ। ਪ੍ਰਮੁੱਖ ਤੌਰ ਤੇ, ਇਸ ਵਿਚ ਯਿਸੂ ਦੇ ਨਾਂ ਵਿਚ ਬਪਤਿਸਮਾ ਲੈਣਾ ਸ਼ਾਮਲ ਸੀ, ਜਿਸ ਨੂੰ ਮਾਰਿਆ ਗਿਆ ਸੀ ਅਤੇ ਫਿਰ ਸਵਰਗੀ ਅਮਰ ਜੀਵਨ ਲਈ ਜੀ ਉਠਾਇਆ ਗਿਆ ਸੀ।—ਰਸੂਲਾਂ ਦੇ ਕਰਤੱਬ 2:37, 38.
4. ਮਸੀਹੀਆਂ ਨੇ ਕਿਹੜੇ ਸੰਦੇਸ਼ ਦਾ ਪ੍ਰਚਾਰ ਕੀਤਾ ਸੀ?
4 ਪੰਤੇਕੁਸਤ ਦੇ ਸਮੇਂ ਤੋਂ, ਮਸੀਹੀਆਂ ਨੇ ਪੁਨਰ-ਉਥਿਤ ਯਿਸੂ ਬਾਰੇ ਪ੍ਰਚਾਰ ਕੀਤਾ। (1 ਕੁਰਿੰਥੀਆਂ 1:23) ਉਨ੍ਹਾਂ ਨੇ ਜਾਣੂ ਕਰਵਾਇਆ ਕਿ ਮਾਨਵ ਨੂੰ ਯਹੋਵਾਹ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰਾਂ ਵਜੋਂ ਅਪਣਾਇਆ ਜਾ ਸਕਦਾ ਸੀ ਅਤੇ ਉਹ “ਪਰਮੇਸ਼ੁਰ ਦੇ” ਨਵੇਂ “ਇਸਰਾਏਲ,” ਅਰਥਾਤ, ਇਕ ਅਧਿਆਤਮਿਕ ਕੌਮ ਦਾ ਹਿੱਸਾ ਬਣ ਸਕਦੇ ਸਨ, ਜੋ ‘ਯਹੋਵਾਹ ਦਿਆਂ ਗੁਣਾਂ ਦਾ ਪਰਚਾਰ’ ਕਰਦੀ। (ਗਲਾਤੀਆਂ 6:16; 1 ਪਤਰਸ 2:9) ਮੌਤ ਤਕ ਵਫ਼ਾਦਾਰ ਰਹਿਣ ਵਾਲੇ ਵਿਅਕਤੀ ਯਿਸੂ ਨਾਲ ਉਸ ਦੇ ਸਵਰਗੀ ਰਾਜ ਵਿਚ ਸੰਗੀ ਵਾਰਸਾਂ ਦੇ ਤੌਰ ਤੇ ਸਵਰਗੀ ਅਮਰ ਜੀਵਨ ਵਿਰਸੇ ਵਿਚ ਪ੍ਰਾਪਤ ਕਰਦੇ। (ਮੱਤੀ 24:13; ਰੋਮੀਆਂ 8:15, 16; 1 ਕੁਰਿੰਥੀਆਂ 15:50-54) ਇਸ ਤੋਂ ਇਲਾਵਾ, ਇਨ੍ਹਾਂ ਮਸੀਹੀਆਂ ਨੇ ਯਹੋਵਾਹ ਦੇ ਆਉਣ ਵਾਲੇ ਮਹਾਨ ਅਤੇ ਭਿਆਨਕ ਦਿਨ ਦਾ ਐਲਾਨ ਕਰਨਾ ਸੀ। ਉਨ੍ਹਾਂ ਨੇ ਯਹੂਦੀ ਸਮਾਜ ਨੂੰ ਚੇਤਾਵਨੀ ਦੇਣੀ ਸੀ ਕਿ ਉਹ ਇਕ ਅਜਿਹਾ ਕਸ਼ਟ ਅਨੁਭਵ ਕਰੇਗਾ ਜੋ ਉਸ ਸਮੇਂ ਤਕ ਯਰੂਸ਼ਲਮ ਅਤੇ ਪਰਮੇਸ਼ੁਰ ਦੇ ਅਖਾਉਤੀ ਲੋਕਾਂ ਉੱਤੇ ਵਾਪਰਣ ਵਾਲੀ ਕਿਸੇ ਵੀ ਘਟਨਾ ਤੋਂ ਜ਼ਿਆਦਾ ਵੱਡਾ ਹੋਵੇਗਾ। ਫਿਰ ਵੀ, ਬਚਣ ਵਾਲੇ ਹੁੰਦੇ। ਕੌਣ? ਉਹ ਜਿਨ੍ਹਾਂ ਨੇ ਯਹੋਵਾਹ ਦਾ ਨਾਂ ਲਿਆ ਸੀ।
“ਅੰਤ ਦਿਆਂ ਦਿਨਾਂ ਵਿੱਚ”
5. ਅੱਜ ਭਵਿੱਖਬਾਣੀ ਦੀਆਂ ਕਿਹੜੀਆਂ ਪੂਰਤੀਆਂ ਹੋਈਆਂ ਹਨ?
5 ਕਈ ਤਰੀਕਿਆਂ ਵਿਚ, ਉਸ ਸਮੇਂ ਦੀਆਂ ਹਾਲਤਾਂ ਅੱਜ ਸਾਡੇ ਆਲੇ-ਦੁਆਲੇ ਦੀਆਂ ਹਾਲਤਾਂ ਦਾ ਪੂਰਵ-ਪਰਛਾਵਾਂ ਸਨ। 1914 ਤੋਂ, ਮਨੁੱਖਜਾਤੀ ਇਕ ਖ਼ਾਸ ਸਮੇਂ ਦੀ ਅਵਧੀ ਵਿਚ ਜੀ ਰਹੀ ਹੈ ਜਿਸ ਦਾ ਬਾਈਬਲ ‘ਓੜਕ ਦਾ ਸਮਾਂ,’ “ਰੀਤੀ-ਵਿਵਸਥਾ ਦੀ ਸਮਾਪਤੀ,” ਅਤੇ “ਅੰਤ ਦਿਆਂ ਦਿਨਾਂ,” ਵਜੋਂ ਜ਼ਿਕਰ ਕਰਦੀ ਹੈ। (ਦਾਨੀਏਲ 12:1, 4; ਮੱਤੀ 24:3, ਨਿ ਵ, 4-8; 2 ਤਿਮੋਥਿਉਸ 3:1-5, 13) ਸਾਡੀ ਸਦੀ ਵਿਚ, ਨਿਰਦਈ ਯੁੱਧ, ਬੇਰੋਕ ਹਿੰਸਾ, ਅਤੇ ਸਮਾਜ ਤੇ ਵਾਤਾਵਰਣ ਦੀ ਤਬਾਹੀ ਨੇ ਬਾਈਬਲ ਭਵਿੱਖਬਾਣੀ ਨੂੰ ਅਨੋਖੇ ਢੰਗ ਨਾਲ ਪੂਰਾ ਕੀਤਾ ਹੈ। ਇਹ ਸਭ ਯਿਸੂ ਦੁਆਰਾ ਭਵਿੱਖਬਾਣੀ ਕੀਤੇ ਗਏ ਲੱਛਣ ਦਾ ਹਿੱਸਾ ਹਨ, ਜੋ ਇਹ ਸੰਕੇਤ ਕਰਦੇ ਹਨ ਕਿ ਮਨੁੱਖਜਾਤੀ ਯਹੋਵਾਹ ਦਾ ਆਖ਼ਰੀ ਅਤੇ ਨਿਰਣਾਇਕ ਭਿਆਨਕ ਦਿਨ ਅਨੁਭਵ ਕਰਨ ਵਾਲੀ ਹੈ। ਇਹ ਆਰਮਾਗੇਡਨ ਦੀ ਲੜਾਈ ਵਿਚ ਆਪਣੇ ਸਿਖਰ ਤਕ ਪੁੱਜਦਾ ਹੈ, ਅਥਵਾ, ਉਸ “ਵੱਡੇ ਕਸ਼ਟ” ਦਾ ਸਿਖਰ “ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।”—ਮੱਤੀ 24:21; ਪਰਕਾਸ਼ ਦੀ ਪੋਥੀ 16:16.
6. (ੳ) ਹਲੀਮ ਲੋਕਾਂ ਨੂੰ ਬਚਾਉਣ ਲਈ ਯਹੋਵਾਹ ਕਿਹੜੀਆਂ ਕਾਰਵਾਈਆਂ ਕਰਦਾ ਰਿਹਾ ਹੈ? (ਅ) ਅਸੀਂ ਬਚਾਅ ਬਾਰੇ ਪੌਲੁਸ ਦੀ ਸਲਾਹ ਕਿੱਥੇ ਪਾਉਂਦੇ ਹਾਂ?
6 ਜਿਉਂ-ਜਿਉਂ ਤਬਾਹੀ ਦਾ ਦਿਨ ਨੇੜੇ ਅੱਪੜਦਾ ਹੈ, ਯਹੋਵਾਹ ਹਲੀਮ ਲੋਕਾਂ ਦੀ ਮੁਕਤੀ ਲਈ ਕਾਰਵਾਈ ਕਰ ਰਿਹਾ ਹੈ। ਇਸ “ਓੜਕ ਦੇ ਸਮੇਂ” ਦੌਰਾਨ, ਪਰਮੇਸ਼ੁਰ ਨੇ ਆਪਣੇ ਅਧਿਆਤਮਿਕ ਇਸਰਾਏਲ ਦੇ ਬਕੀਏ ਨੂੰ ਇਕੱਠਾ ਕੀਤਾ ਹੈ ਅਤੇ 1930 ਦੇ ਦਹਾਕੇ ਤੋਂ, “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ,” ਨੂੰ ਇਕੱਠਾ ਕਰਨ ਵੱਲ ਆਪਣੇ ਪਾਰਥਿਵ ਸੇਵਕਾਂ ਦਾ ਧਿਆਨ ਖਿੱਚਿਆ ਹੈ। ਇਕ ਸਮੂਹ ਵਜੋਂ, ਇਹ “ਵੱਡੀ ਬਿਪਤਾ ਵਿੱਚੋਂ” ਜੀਉਂਦੇ ਨਿਕਲ “ਆਉਂਦੇ ਹਨ।” (ਪਰਕਾਸ਼ ਦੀ ਪੋਥੀ 7:9, 14) ਪਰ ਹਰ ਵਿਅਕਤੀ ਆਪੋ-ਆਪਣਾ ਬਚਾਅ ਕਿਵੇਂ ਯਕੀਨੀ ਬਣਾ ਸਕਦਾ ਹੈ? ਪੌਲੁਸ ਰਸੂਲ ਇਸ ਸਵਾਲ ਦਾ ਜਵਾਬ ਦਿੰਦਾ ਹੈ। ਉਹ ਰੋਮੀਆਂ ਅਧਿਆਇ 10 ਵਿਚ ਬਚਾਅ ਲਈ ਚੰਗੀ ਸਲਾਹ ਦਿੰਦਾ ਹੈ—ਅਜਿਹੀ ਸਲਾਹ ਜੋ ਉਸ ਦੇ ਦਿਨ ਵਿਚ ਲਾਗੂ ਹੁੰਦੀ ਸੀ ਅਤੇ ਜੋ ਦੁਬਾਰਾ ਸਾਡੇ ਸਮੇਂ ਵਿਚ ਵੀ ਲਾਗੂ ਹੁੰਦੀ ਹੈ।
ਮੁਕਤੀ ਲਈ ਪ੍ਰਾਰਥਨਾ
7. (ੳ) ਰੋਮੀਆਂ 10:1, 2 ਵਿਚ ਕਿਹੜੀ ਉਮੀਦ ਪ੍ਰਗਟ ਕੀਤੀ ਗਈ ਹੈ? (ਅ) ਯਹੋਵਾਹ ਹੁਣ “ਖੁਸ਼ ਖਬਰੀ” ਨੂੰ ਹੋਰ ਜ਼ਿਆਦਾ ਵਿਆਪਕ ਤੌਰ ਤੇ ਕਿਉਂ ਐਲਾਨ ਕਰਵਾ ਸਕਦਾ ਸੀ?
7 ਜਦੋਂ ਪੌਲੁਸ ਨੇ ਰੋਮੀਆਂ ਦੀ ਪੋਥੀ ਲਿਖੀ ਸੀ, ਉਦੋਂ ਯਹੋਵਾਹ ਇਸਰਾਏਲ ਨੂੰ ਪਹਿਲਾਂ ਹੀ ਇਕ ਕੌਮ ਵਜੋਂ ਰੱਦ ਕਰ ਚੁੱਕਾ ਸੀ। ਫਿਰ ਵੀ, ਪੌਲੁਸ ਰਸੂਲ ਨੇ ਦ੍ਰਿੜ੍ਹਤਾ ਨਾਲ ਕਿਹਾ: “ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਓਹਨਾਂ ਦੀ ਮੁਕਤੀ ਲਈ ਹੈ।” ਉਸ ਦੀ ਉਮੀਦ ਸੀ ਕਿ ਕੁਝ ਯਹੂਦੀ ਸ਼ਾਇਦ ਪਰਮੇਸ਼ੁਰ ਦੀ ਇੱਛਾ ਬਾਰੇ ਯਥਾਰਥ ਗਿਆਨ ਹਾਸਲ ਕਰਨਗੇ, ਜੋ ਉਨ੍ਹਾਂ ਨੂੰ ਮੁਕਤੀ ਵੱਲ ਲੈ ਜਾਵੇਗਾ। (ਰੋਮੀਆਂ 10:1, 2) ਇਸ ਤੋਂ ਇਲਾਵਾ, ਯਹੋਵਾਹ ਮਨੁੱਖਜਾਤੀ ਦੇ ਪੂਰੇ ਜਗਤ ਵਿੱਚੋਂ ਨਿਹਚਾ ਕਰਨ ਵਾਲਿਆਂ ਦੀ ਮੁਕਤੀ ਚਾਹੁੰਦਾ, ਜਿਵੇਂ ਯੂਹੰਨਾ 3:16 ਵਿਚ ਸੰਕੇਤ ਕੀਤਾ ਗਿਆ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਨੇ ਉਸ ਉੱਤਮ ਮੁਕਤੀ ਲਈ ਰਾਹ ਖੋਲ੍ਹਿਆ। ਜਿਵੇਂ ਨੂਹ ਦੇ ਦਿਨਾਂ ਵਿਚ ਅਤੇ ਉਸ ਤੋਂ ਬਾਅਦ ਆਉਣ ਵਾਲੇ ਨਿਆਉਂ ਦੇ ਦੂਜੇ ਦਿਨਾਂ ਵਿਚ ਹੋਇਆ ਸੀ, ਯਹੋਵਾਹ ਨੇ “ਖੁਸ਼ ਖਬਰੀ” ਦਾ ਐਲਾਨ ਕਰਵਾਉਣ ਦੁਆਰਾ ਮੁਕਤੀ ਦਾ ਰਾਹ ਦਿਖਾਇਆ ਹੈ।—ਮਰਕੁਸ 13:10, 19, 20.
8. ਪੌਲੁਸ ਦੇ ਨਮੂਨੇ ਦੀ ਨਕਲ ਕਰਦੇ ਹੋਏ, ਅੱਜ ਸੱਚੇ ਮਸੀਹੀ ਕਿਨ੍ਹਾਂ ਲਈ ਚਾਹ ਦਿਖਾਉਂਦੇ ਹਨ, ਅਤੇ ਕਿਵੇਂ?
8 ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਲਈ ਆਪਣੀ ਚਾਹ ਦਿਖਾਉਂਦੇ ਹੋਏ, ਪੌਲੁਸ ਨੇ ਹਰ ਮੌਕੇ ਤੇ ਪ੍ਰਚਾਰ ਕੀਤਾ। ਉਹ “ਯਹੂਦੀਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ।” ਉਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਦੱਸਿਆ: “ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ। ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰੋ।” (ਰਸੂਲਾਂ ਦੇ ਕਰਤੱਬ 18:4; 20:20, 21) ਇਸੇ ਤਰ੍ਹਾਂ, ਅੱਜ ਯਹੋਵਾਹ ਦੇ ਗਵਾਹ ਨਾ ਕੇਵਲ ਈਸਾਈ ਕਹਿਲਾਉਣ ਵਾਲਿਆਂ ਨੂੰ, ਪਰ ਸਾਰਿਆਂ ਲੋਕਾਂ ਨੂੰ, ਇੱਥੋਂ ਤਕ ਕਿ “ਧਰਤੀ ਦੇ ਬੰਨੇ ਤੀਕੁਰ” ਵੀ ਪ੍ਰਚਾਰ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਨ।—ਰਸੂਲਾਂ ਦੇ ਕਰਤੱਬ 1:8; 18:5.
“ਨਿਹਚਾ ਦੀ ਬਾਣੀ” ਨੂੰ ਕਬੂਲ ਕਰਨਾ
9. (ੳ) ਰੋਮੀਆਂ 10:8, 9 ਕਿਸ ਪ੍ਰਕਾਰ ਦੀ ਨਿਹਚਾ ਨੂੰ ਪ੍ਰੇਰਦਾ ਹੈ? (ਅ) ਸਾਨੂੰ ਆਪਣੀ ਨਿਹਚਾ ਨੂੰ ਕਦੋਂ ਅਤੇ ਕਿਵੇਂ ਕਬੂਲ ਕਰਨਾ ਚਾਹੀਦਾ ਹੈ?
9 ਮੁਕਤੀ ਲਈ ਇਕ ਸਥਾਈ ਨਿਹਚਾ ਦੀ ਜ਼ਰੂਰਤ ਹੈ। ਬਿਵਸਥਾ ਸਾਰ 30:14 ਦਾ ਹਵਾਲਾ ਦਿੰਦੇ ਹੋਏ, ਪੌਲੁਸ ਨੇ ਐਲਾਨ ਕੀਤਾ: “ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ। ਇਹ ਤਾਂ ਓਸ ਨਿਹਚਾ ਦੀ ਬਾਣੀ ਹੈ ਜਿਹ ਦਾ ਅਸੀਂ ਪਰਚਾਰ ਕਰਦੇ ਹਾਂ।” (ਰੋਮੀਆਂ 10:8) ਜਿਉਂ-ਜਿਉਂ ਅਸੀਂ ਇਸ “ਨਿਹਚਾ ਦੀ ਬਾਣੀ” ਦਾ ਪ੍ਰਚਾਰ ਕਰਦੇ ਹਾਂ, ਇਹ ਸਾਡੇ ਦਿਲਾਂ ਵਿਚ ਹੋਰ ਵੀ ਜ਼ਿਆਦਾ ਡੂੰਘੀ ਤਰ੍ਹਾਂ ਉੱਕਰ ਜਾਂਦੀ ਹੈ। ਇਹ ਪੌਲੁਸ ਬਾਰੇ ਸੱਚ ਸੀ, ਅਤੇ ਉਸ ਦੇ ਅਗਲੇ ਸ਼ਬਦ ਇਸ ਨਿਹਚਾ ਨੂੰ ਦੂਸਰਿਆਂ ਨਾਲ ਸਾਂਝਾ ਕਰਨ ਵਿਚ ਉਸ ਦੇ ਵਰਗੇ ਹੋਣ ਦੇ ਸਾਡੇ ਇਰਾਦੇ ਨੂੰ ਮਜ਼ਬੂਤ ਕਰ ਸਕਦੇ ਹਨ: “ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ।” (ਰੋਮੀਆਂ 10:9) ਇਸ ਗੱਲ ਨੂੰ ਸਿਰਫ਼ ਬਪਤਿਸਮਾ ਲੈਣ ਦੇ ਸਮੇਂ ਹੀ ਨਹੀਂ ਕਬੂਲ ਕੀਤਾ ਜਾਂਦਾ ਹੈ, ਪਰ ਇਸ ਨੂੰ ਲਗਾਤਾਰ ਕਬੂਲ ਕਰਨਾ ਚਾਹੀਦਾ ਹੈ, ਅਰਥਾਤ, ਸੱਚਾਈ ਦੇ ਸਾਰੇ ਉੱਤਮ ਪਹਿਲੂਆਂ ਬਾਰੇ ਜੋਸ਼ੀਲੀ ਜਨਤਕ ਗਵਾਹੀ ਦੇਣੀ ਚਾਹੀਦੀ ਹੈ। ਅਜਿਹੀ ਸੱਚਾਈ ਸਰਬਸੱਤਾਵਾਨ ਪ੍ਰਭੂ ਯਹੋਵਾਹ ਦੇ ਬਹੁਮੁੱਲੇ ਨਾਂ ਉੱਤੇ; ਸਾਡੇ ਮਸੀਹਾਈ ਰਾਜਾ ਅਤੇ ਰਿਹਾਈ-ਦਾਤਾ, ਪ੍ਰਭੂ ਯਿਸੂ ਮਸੀਹ ਉੱਤੇ; ਅਤੇ ਰਾਜ ਦੇ ਸ਼ਾਨਦਾਰ ਵਾਅਦਿਆਂ ਉੱਤੇ ਕੇਂਦ੍ਰਿਤ ਹੈ।
10. ਰੋਮੀਆਂ 10:10, 11 ਦੇ ਅਨੁਸਾਰ ਸਾਨੂੰ ਇਸ “ਨਿਹਚਾ ਦੀ ਬਾਣੀ” ਨੂੰ ਕਿਵੇਂ ਵਰਤਣਾ ਚਾਹੀਦਾ ਹੈ?
10 ਉਨ੍ਹਾਂ ਲਈ ਕੋਈ ਮੁਕਤੀ ਨਹੀਂ ਹੈ ਜੋ ਇਸ “ਨਿਹਚਾ ਦੀ ਬਾਣੀ” ਨੂੰ ਕਬੂਲ ਅਤੇ ਲਾਗੂ ਨਹੀਂ ਕਰਦੇ ਹਨ, ਜਿਵੇਂ ਪੌਲੁਸ ਰਸੂਲ ਅੱਗੇ ਬਿਆਨ ਕਰਦਾ ਹੈ: “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ। ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ।” (ਰੋਮੀਆਂ 10:10, 11) ਸਾਨੂੰ ਇਸ “ਨਿਹਚਾ ਦੀ ਬਾਣੀ” ਦਾ ਯਥਾਰਥ ਗਿਆਨ ਹਾਸਲ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਆਪਣੇ ਦਿਲਾਂ ਵਿਚ ਵਿਕਸਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਬਾਰੇ ਦੂਸਰਿਆਂ ਨੂੰ ਦੱਸਣ ਲਈ ਪ੍ਰੇਰਿਤ ਹੋਈਏ। ਯਿਸੂ ਖ਼ੁਦ ਸਾਨੂੰ ਯਾਦ ਕਰਾਉਂਦਾ ਹੈ: “ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤ੍ਰ ਦੂਤਾਂ ਸਣੇ ਆਵੇਗਾ।”—ਮਰਕੁਸ 8:38.
11. ਖ਼ੁਸ਼ ਖ਼ਬਰੀ ਦਾ ਐਲਾਨ ਕਿਸ ਹੱਦ ਤਕ ਕੀਤਾ ਜਾਣਾ ਚਾਹੀਦਾ ਹੈ, ਅਤੇ ਕਿਉਂ?
11 ਜਿਉਂ-ਜਿਉਂ ਰਾਜ ਦਾ ਗਵਾਹੀ-ਕਾਰਜ ਧਰਤੀ ਦੀਆਂ ਹੱਦਾਂ ਤਕ ਫੈਲਦਾ ਜਾਂਦਾ ਹੈ, ਇਸ ਓੜਕ ਦੇ ਸਮੇਂ ਵਿਚ, “ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ” ਚਮਕਦੇ ਦਿੱਸਦੇ ਹਨ, ਜਿਵੇਂ ਦਾਨੀਏਲ ਨਬੀ ਦੁਆਰਾ ਪਹਿਲਾਂ ਦੱਸਿਆ ਗਿਆ ਸੀ। ਉਨ੍ਹਾਂ ‘ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਹਨ,’ ਅਤੇ ਸੱਚਾ ਗਿਆਨ ਵਾਕਈ ਭਰਪੂਰ ਹੋ ਗਿਆ ਹੈ, ਕਿਉਂਕਿ ਯਹੋਵਾਹ ਇਸ ਓੜਕ ਦੇ ਸਮੇਂ ਬਾਰੇ ਭਵਿੱਖਬਾਣੀਆਂ ਉੱਤੇ ਵੱਧ ਤੋਂ ਵੱਧ ਰੌਸ਼ਨੀ ਪਾ ਰਿਹਾ ਹੈ। (ਦਾਨੀਏਲ 12:3, 4) ਇਹ ਮੁਕਤੀ ਦਾ ਇਕ ਸੰਦੇਸ਼ ਹੈ ਜੋ ਉਨ੍ਹਾਂ ਸਾਰਿਆਂ ਲਈ ਅਤਿ-ਆਵੱਸ਼ਕ ਹੈ ਜੋ ਸੱਚਾਈ ਅਤੇ ਧਾਰਮਿਕਤਾ ਨਾਲ ਪ੍ਰੇਮ ਕਰਦੇ ਹਨ।
12. ਪਰਕਾਸ਼ ਦੀ ਪੋਥੀ 14:6 ਵਿਚ ਵਰਣਨ ਕੀਤੇ ਗਏ ਦੂਤ ਦੀ ਕਾਰਜ-ਨਿਯੁਕਤੀ ਨਾਲ ਰੋਮੀਆਂ 10:12 ਕਿਵੇਂ ਸੰਬੰਧ ਰੱਖਦਾ ਹੈ?
12 ਪੌਲੁਸ ਰਸੂਲ ਅੱਗੇ ਕਹਿੰਦਾ ਹੈ: “ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ ਇਸ ਲਈ ਜੋ ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ।” (ਰੋਮੀਆਂ 10:12) ਅੱਜ “ਖੁਸ਼ ਖਬਰੀ” ਹੋਰ ਜ਼ਿਆਦਾ ਵੱਡੇ ਵਿਸ਼ਵ-ਵਿਆਪੀ ਪੈਮਾਨੇ ਤੇ ਪ੍ਰਚਾਰ ਕੀਤੀ ਜਾਣੀ ਚਾਹੀਦੀ ਹੈ—ਅਥਵਾ, ਸਾਰਿਆਂ ਲੋਕਾਂ ਨੂੰ, ਧਰਤੀ ਦੀਆਂ ਹੱਦਾਂ ਤਕ। ਪਰਕਾਸ਼ ਦੀ ਪੋਥੀ 14:6 ਦਾ ਦੂਤ ਅਜੇ ਵੀ ਆਕਾਸ਼ ਵਿਚ ਉੱਡ ਰਿਹਾ ਹੈ, ਅਤੇ ਸਾਨੂੰ ‘ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਉਣ’ ਦਾ ਕੰਮ ਸੌਂਪਦਾ ਹੈ। ਇਹ ਖ਼ੁਸ਼ ਖ਼ਬਰੀ ਸਵੀਕਾਰ ਕਰਨ ਵਾਲਿਆਂ ਨੂੰ ਕਿਵੇਂ ਲਾਭ ਪਹੁੰਚਾਵੇਗਾ?
ਯਹੋਵਾਹ ਦਾ ਨਾਂ ਲੈਣਾ
13. (ੳ) ਸੰਨ 1998 ਲਈ ਸਾਡਾ ਵਰ੍ਹਾ-ਪਾਠ ਕੀ ਹੈ? (ਅ) ਇਹ ਵਰ੍ਹਾ-ਪਾਠ ਅੱਜ ਇੰਨਾ ਢੁਕਵਾਂ ਕਿਉਂ ਹੈ?
13 ਯੋਏਲ 2:32 ਦਾ ਹਵਾਲਾ ਦਿੰਦੇ ਹੋਏ, ਪੌਲੁਸ ਐਲਾਨ ਕਰਦਾ ਹੈ: “ਹਰੇਕ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” (ਰੋਮੀਆਂ 10:13) ਇਹ ਕਿੰਨਾ ਢੁਕਵਾਂ ਹੈ ਕਿ ਇਹ ਸ਼ਬਦ 1998 ਲਈ ਯਹੋਵਾਹ ਦੇ ਗਵਾਹਾਂ ਦੇ ਵਰ੍ਹੇ-ਪਾਠ ਲਈ ਚੁਣੇ ਗਈ ਹਨ! ਇਹ ਅੱਜ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਮਹੱਤਵਪੂਰਣ ਹੈ ਕਿ ਅਸੀਂ ਯਹੋਵਾਹ ਵਿਚ ਭਰੋਸਾ ਰੱਖਦੇ ਹੋਏ ਅੱਗੇ ਵਧਦੇ ਜਾਈਏ, ਅਤੇ ਉਸ ਦੇ ਨਾਂ ਬਾਰੇ ਅਤੇ ਉਸ ਦੇ ਨਾਂ ਨਾਲ ਸੰਬੰਧਿਤ ਉੱਤਮ ਮਕਸਦਾਂ ਬਾਰੇ ਦੂਸਰਿਆਂ ਨੂੰ ਦੱਸੀਏ! ਜਿਵੇਂ ਪਹਿਲੀ ਸਦੀ ਵਿਚ ਹੋਇਆ ਸੀ, ਉਸੇ ਤਰ੍ਹਾਂ ਇਸ ਮੌਜੂਦਾ ਭ੍ਰਿਸ਼ਟ ਰੀਤੀ-ਵਿਵਸਥਾ ਦੇ ਅੰਤ ਦਿਆਂ ਦਿਨਾਂ ਵਿਚ, ਇਹ ਗੂੰਜਵਾਂ ਸੱਦਾ ਦਿੱਤਾ ਜਾ ਰਿਹਾ ਹੈ: “ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।” (ਰਸੂਲਾਂ ਦੇ ਕਰਤੱਬ 2:40) ਇਹ ਸੰਸਾਰ ਭਰ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਸਾਰੇ ਲੋਕਾਂ ਲਈ ਇਕ ਤੁਰ੍ਹੀ ਦੀ ਆਵਾਜ਼ ਵਰਗਾ ਸੱਦਾ ਹੈ ਕਿ ਉਹ ਯਹੋਵਾਹ ਨੂੰ ਬੇਨਤੀ ਕਰਨ ਕਿ ਯਹੋਵਾਹ ਉਨ੍ਹਾਂ ਨੂੰ ਮੁਕਤੀ ਬਖ਼ਸ਼ੇ। ਨਾਲੇ ਉਨ੍ਹਾਂ ਨੂੰ ਵੀ ਮੁਕਤੀ ਬਖ਼ਸ਼ੇ ਜੋ ਉਨ੍ਹਾਂ ਦੇ ਖ਼ੁਸ਼ ਖ਼ਬਰੀ ਦੇ ਖੁੱਲ੍ਹੇ-ਆਮ ਐਲਾਨ ਨੂੰ ਸੁਣਦੇ ਹਨ।—1 ਤਿਮੋਥਿਉਸ 4:16.
14. ਮੁਕਤੀ ਲਈ ਸਾਨੂੰ ਕਿਹੜੀ ਚਟਾਨ ਵਿਚ ਭਰੋਸਾ ਰੱਖਣਾ ਚਾਹੀਦਾ ਹੈ?
14 ਉਦੋਂ ਕੀ ਹੋਵੇਗਾ ਜਦੋਂ ਇਸ ਧਰਤੀ ਉੱਤੇ ਯਹੋਵਾਹ ਦਾ ਮਹਾਨ ਦਿਨ ਆਰੰਭ ਹੋਵੇਗਾ? ਜ਼ਿਆਦਾਤਰ ਲੋਕ ਮੁਕਤੀ ਲਈ ਯਹੋਵਾਹ ਨੂੰ ਨਹੀਂ ਭਾਲਣਗੇ। ਆਮ ਤੌਰ ਤੇ ਮਨੁੱਖਜਾਤੀ ‘ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇਗੀ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ!’ (ਪਰਕਾਸ਼ ਦੀ ਪੋਥੀ 6:15, 16) ਉਨ੍ਹਾਂ ਦੀ ਉਮੀਦ ਇਸ ਰੀਤੀ-ਵਿਵਸਥਾ ਦੇ ਪਹਾੜ-ਸਮਾਨ ਸੰਗਠਨਾਂ ਅਤੇ ਸੰਸਥਾਵਾਂ ਉੱਤੇ ਹੋਵੇਗੀ। ਪਰੰਤੂ, ਕਿੰਨਾ ਬਿਹਤਰ ਹੋਵੇਗਾ, ਜੇਕਰ ਉਹ ਸਭ ਤੋਂ ਮਹਾਨ ਚਟਾਨ, ਯਹੋਵਾਹ ਪਰਮੇਸ਼ੁਰ, ਵਿਚ ਭਰੋਸਾ ਰੱਖਣ! (ਬਿਵਸਥਾ ਸਾਰ 32:3, 4) ਉਸ ਬਾਰੇ, ਰਾਜਾ ਦਾਊਦ ਨੇ ਕਿਹਾ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ।” ਯਹੋਵਾਹ ‘ਸਾਡੀ ਮੁਕਤੀ ਦੀ ਚਟਾਨ’ ਹੈ। (ਜ਼ਬੂਰ 18:2; 95:1) ਉਸ ਦਾ ਨਾਂ “ਇੱਕ ਪੱਕਾ ਬੁਰਜ” ਹੈ, ਇੱਕੋ-ਇਕ “ਬੁਰਜ” ਜੋ ਆਉਣ ਵਾਲੇ ਸੰਕਟ ਦੇ ਦੌਰਾਨ ਸਾਡੀ ਰੱਖਿਆ ਕਰਨ ਲਈ ਕਾਫ਼ੀ ਪੱਕਾ ਹੈ। (ਕਹਾਉਤਾਂ 18:10) ਇਸ ਲਈ, ਅੱਜ ਜੀਉਂਦੇ ਲਗਭਗ ਛੇ ਅਰਬ ਮਨੁੱਖਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਵਫ਼ਾਦਾਰੀ ਅਤੇ ਸੁਹਿਰਦਤਾ ਨਾਲ ਯਹੋਵਾਹ ਦਾ ਨਾਂ ਲੈਣ ਬਾਰੇ ਸਿਖਾਉਣਾ ਅਤਿ-ਆਵੱਸ਼ਕ ਹੈ।
15. ਨਿਹਚਾ ਦੇ ਸੰਬੰਧ ਵਿਚ ਰੋਮੀਆਂ 10:14 ਕੀ ਸੰਕੇਤ ਕਰਦਾ ਹੈ?
15 ਉਚਿਤ ਢੰਗ ਨਾਲ, ਪੌਲੁਸ ਰਸੂਲ ਅੱਗੇ ਪੁੱਛਦਾ ਹੈ: “ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ?” (ਰੋਮੀਆਂ 10:14) ਅਜੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ “ਨਿਹਚਾ ਦੀ ਬਾਣੀ” ਅਪਣਾਉਣ ਲਈ ਸ਼ਾਇਦ ਮਦਦ ਦਿੱਤੀ ਜਾ ਸਕਦੀ ਹੈ, ਤਾਂਕਿ ਉਹ ਮੁਕਤੀ ਲਈ ਯਹੋਵਾਹ ਦਾ ਨਾਂ ਲੈਣ। ਨਿਹਚਾ ਅਤਿ-ਮਹੱਤਵਪੂਰਣ ਹੈ। ਇਕ ਹੋਰ ਪੱਤਰੀ ਵਿਚ ਪੌਲੁਸ ਕਹਿੰਦਾ ਹੈ: “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਲੇਕਿਨ, ਹੋਰ ਲੱਖਾਂ ਲੋਕਾਂ ਲਈ, ਪਰਮੇਸ਼ੁਰ ਵਿਚ ਨਿਹਚਾ ਰੱਖਣੀ ਕਿਵੇਂ ਸੰਭਵ ਹੋਵੇਗੀ? ਰੋਮੀਆਂ ਨੂੰ ਲਿਖੀ ਆਪਣੀ ਪੱਤਰੀ ਵਿਚ, ਪੌਲੁਸ ਪੁੱਛਦਾ ਹੈ: “ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ?” (ਰੋਮੀਆਂ 10:14) ਕੀ ਯਹੋਵਾਹ ਉਨ੍ਹਾਂ ਦੇ ਸੁਣਨ ਲਈ ਪ੍ਰਬੰਧ ਕਰਦਾ ਹੈ? ਬਿਲਕੁਲ ਉਹ ਕਰਦਾ ਹੈ! ਪੌਲੁਸ ਦੇ ਅਗਲੇ ਸ਼ਬਦਾਂ ਨੂੰ ਸੁਣੋ: “ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?”
16. ਈਸ਼ਵਰੀ ਇੰਤਜ਼ਾਮ ਵਿਚ, ਪ੍ਰਚਾਰਕ ਲਾਜ਼ਮੀ ਕਿਉਂ ਹਨ?
16 ਪੌਲੁਸ ਦੀ ਦਲੀਲ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਪ੍ਰਚਾਰਕਾਂ ਦੀ ਲੋੜ ਹੈ। ਯਿਸੂ ਨੇ ਸੰਕੇਤ ਕੀਤਾ ਸੀ ਕਿ “ਜੁਗ ਦੇ ਅੰਤ ਤੀਕਰ” ਇਸ ਤਰ੍ਹਾਂ ਹੀ ਹੋਵੇਗਾ। (ਮੱਤੀ 24:14; 28:18-20) ਬਚਾਅ ਲਈ ਯਹੋਵਾਹ ਦਾ ਨਾਂ ਲੈਣ ਵਿਚ ਲੋਕਾਂ ਦੀ ਮਦਦ ਕਰਨ ਵਾਸਤੇ, ਪ੍ਰਚਾਰ ਕਰਨਾ ਈਸ਼ਵਰੀ ਇੰਤਜ਼ਾਮ ਦਾ ਇਕ ਲਾਜ਼ਮੀ ਹਿੱਸਾ ਹੈ। ਈਸਾਈ-ਜਗਤ ਵਿਚ ਵੀ ਪਰਮੇਸ਼ੁਰ ਦੇ ਬਹੁਮੁੱਲੇ ਨਾਂ ਨੂੰ ਸਨਮਾਨਿਤ ਕਰਨ ਲਈ ਅਧਿਕਤਰ ਲੋਕ ਕੁਝ ਨਹੀਂ ਕਰਦੇ ਹਨ। ਕਈਆਂ ਨੇ ਯਹੋਵਾਹ ਦੀ ਹਸਤੀ ਨੂੰ, ਤ੍ਰਿਏਕ ਦੇ ਇਕ ਨਾ ਸਮਝਣਯੋਗ ਧਰਮ-ਸਿਧਾਂਤ ਦੀਆਂ ਦੋ ਹੋਰ ਹਸਤੀਆਂ ਨਾਲ ਉਲਝਾਇਆ ਹੈ। ਨਾਲ ਹੀ, ਕਈ ਲੋਕ ਜ਼ਬੂਰ 14:1 ਅਤੇ 53:1 ਵਿਚ ਜ਼ਿਕਰ ਕੀਤੇ ਗਏ ਵਿਅਕਤੀਆਂ ਦੇ ਵਰਗ ਵਿਚ ਆਉਂਦੇ ਹਨ: “ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ [“ਯਹੋਵਾਹ,” ਨਿ ਵ] ਹੈ ਹੀ ਨਹੀਂ।” ਆਉਣ ਵਾਲੇ ਵੱਡੇ ਕਸ਼ਟ ਵਿੱਚੋਂ ਉਨ੍ਹਾਂ ਦੇ ਬਚ ਨਿਕਲਣ ਲਈ ਉਨ੍ਹਾਂ ਨੂੰ ਜਾਣਨ ਦੀ ਜ਼ਰੂਰਤ ਹੈ ਕਿ ਯਹੋਵਾਹ ਹੀ ਜੀਉਂਦਾ ਪਰਮੇਸ਼ੁਰ ਹੈ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਸਮਝਣਾ ਚਾਹੀਦਾ ਹੈ ਜੋ ਉਸ ਦਾ ਨਾਂ ਦਰਸਾਉਂਦਾ ਹੈ।
ਪ੍ਰਚਾਰਕਾਂ ਦੇ ‘ਸੁੰਦਰ ਚਰਨ’
17. (ੳ) ਪੌਲੁਸ ਵੱਲੋਂ ਇਕ ਮੁੜ ਬਹਾਲੀ ਦੀ ਭਵਿੱਖਬਾਣੀ ਦਾ ਹਵਾਲਾ ਦੇਣਾ ਕਿਉਂ ਢੁਕਵਾਂ ਹੈ? (ਅ) ‘ਸੁੰਦਰ ਚਰਨ’ ਕਿਸ ਤਰ੍ਹਾਂ ਹੋ ਸਕਦੇ ਹਨ?
17 ਪੌਲੁਸ ਰਸੂਲ ਕੋਲ ਇਕ ਹੋਰ ਅਤਿ-ਆਵੱਸ਼ਕ ਸਵਾਲ ਹੈ: “ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” (ਰੋਮੀਆਂ 10:15) ਇੱਥੇ ਪੌਲੁਸ ਯਸਾਯਾਹ 52:7 ਦਾ ਹਵਾਲਾ ਦਿੰਦਾ ਹੈ, ਜੋ 1919 ਤੋਂ ਲਾਗੂ ਹੋਣ ਵਾਲੀ ਮੁੜ ਬਹਾਲੀ ਦੀ ਭਵਿੱਖਬਾਣੀ ਦਾ ਹਿੱਸਾ ਹੈ। ਅੱਜ, ਇਕ ਵਾਰ ਫਿਰ, ਯਹੋਵਾਹ ਉਸ ਨੂੰ ਭੇਜਦਾ ਹੈ “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, . . . ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ।” ਆਗਿਆਕਾਰੀ ਨਾਲ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ‘ਰਾਖੇ’ ਅਤੇ ਉਨ੍ਹਾਂ ਦੇ ਸਾਥੀ ਜੈਕਾਰੇ ਗਜਾਉਂਦੇ ਰਹਿੰਦੇ ਹਨ। (ਯਸਾਯਾਹ 52:7, 8) ਅੱਜ ਮੁਕਤੀ ਦਾ ਐਲਾਨ ਕਰਨ ਵਾਲਿਆਂ ਦੇ ਪੈਰ ਸ਼ਾਇਦ ਥੱਕ ਜਾਣ, ਅਤੇ ਮਿੱਟੀ ਨਾਲ ਗੰਦੇ ਹੋ ਜਾਣ, ਜਿਉਂ-ਜਿਉਂ ਉਹ ਘਰ-ਘਰ ਜਾਂਦੇ ਹਨ, ਪਰ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਕਿੰਨੇ ਚਮਕਦੇ ਹਨ! ਉਹ ਜਾਣਦੇ ਹਨ ਕਿ ਸ਼ਾਂਤੀ ਦੀ ਖ਼ੁਸ਼ ਖ਼ਬਰੀ ਐਲਾਨ ਕਰਨ ਲਈ ਅਤੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਉਹ ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਹਨ, ਅਤੇ ਮੁਕਤੀ ਨੂੰ ਨਜ਼ਰ ਵਿਚ ਰੱਖਦੇ ਹੋਏ ਯਹੋਵਾਹ ਦਾ ਨਾਂ ਲੈਣ ਲਈ ਉਹ ਇਨ੍ਹਾਂ ਦੀ ਮਦਦ ਕਰ ਰਹੇ ਹਨ।
18. ਖ਼ੁਸ਼ ਖ਼ਬਰੀ ਨੂੰ ਫੈਲਾਉਣ ਦੇ ਆਖ਼ਰੀ ਨਤੀਜੇ ਬਾਰੇ ਰੋਮੀਆਂ 10:16-18 ਕੀ ਕਹਿੰਦਾ ਹੈ?
18 ਚਾਹੇ ਲੋਕ ‘ਸੁਨੇਹੇ ਦੀ ਪਰਤੀਤ ਕਰਨ’ ਜਾਂ ਉਸ ਦੀ ਅਵੱਗਿਆ ਕਰਨੀ ਚੁਣਨ, ਪੌਲੁਸ ਦੇ ਸ਼ਬਦ ਸੱਚ ਸਾਬਤ ਹੁੰਦੇ ਹਨ: “ਭਲਾ, ਉਨ੍ਹਾਂ ਨੇ ਨਾ ਸੁਣਿਆ? ਬੇਸ਼ੱਕ! ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।” (ਰੋਮੀਆਂ 10:16-18) ਠੀਕ ਜਿਵੇਂ “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ,” ਜਿਵੇਂ ਕਿ ਉਸ ਦੇ ਰਚਨਾਤਮਕ ਕੰਮਾਂ ਤੋਂ ਪ੍ਰਗਟ ਹੁੰਦਾ ਹੈ, ਇਸੇ ਤਰ੍ਹਾਂ ਧਰਤੀ ਉੱਤੇ ਉਸ ਦੇ ਗਵਾਹਾਂ ਨੂੰ “ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ” ਪ੍ਰਚਾਰ ਕਰਨਾ ਚਾਹੀਦਾ ਹੈ, ਤਾਂ ਜੋ ‘ਸਾਰੇ ਸੋਗੀਆਂ ਨੂੰ ਦਿਲਾਸਾ ਦਿੱਤਾ ਜਾਵੇ।’—ਜ਼ਬੂਰ 19:1-4; ਯਸਾਯਾਹ 61:2.
19. ਉਨ੍ਹਾਂ ਲਈ ਜੋ ਅੱਜ ‘ਯਹੋਵਾਹ ਦਾ ਨਾਮ ਲੈਂਦੇ’ ਹਨ ਕੀ ਨਤੀਜਾ ਨਿਕਲੇਗਾ?
19 ਯਹੋਵਾਹ ਦਾ ਮਹਾਨ ਅਤੇ ਭਿਆਨਕ ਦਿਨ ਨੇੜੇ ਅੱਪੜਦਾ ਜਾਂਦਾ ਹੈ। “ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” (ਯੋਏਲ 1:15; 2:31) ਇਹ ਸਾਡੀ ਪ੍ਰਾਰਥਨਾ ਹੈ ਕਿ ਹੋਰ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਨੂੰ ਛੇਤੀ ਸਵੀਕਾਰ ਕਰਨਗੇ, ਅਤੇ ਯਹੋਵਾਹ ਦੇ ਸੰਗਠਨ ਵਿਚ ਇਕੱਠੇ ਹੋਣਗੇ। (ਯਸਾਯਾਹ 60:8; ਹਬੱਕੂਕ 2:3) ਯਾਦ ਰੱਖੋ ਕਿ ਯਹੋਵਾਹ ਦੇ ਦੂਜੇ ਦਿਨਾਂ ਵਿਚ ਦੁਸ਼ਟ ਲੋਕਾਂ ਦਾ ਨਾਸ਼ ਹੋਇਆ ਸੀ—ਨੂਹ ਦੇ ਦਿਨਾਂ ਵਿਚ, ਲੂਤ ਦੇ ਦਿਨਾਂ ਵਿਚ, ਅਤੇ ਧਰਮ-ਤਿਆਗੀ ਇਸਰਾਏਲ ਅਤੇ ਯਹੂਦਾਹ ਦੇ ਦਿਨਾਂ ਵਿਚ। ਅਸੀਂ ਹੁਣ ਸਭ ਤੋਂ ਵੱਡੇ ਕਸ਼ਟ ਦੇ ਕੰਢੇ ਤੇ ਖੜ੍ਹੇ ਹਾਂ, ਜਦੋਂ ਯਹੋਵਾਹ ਦਾ ਵਾਵਰੋਲਾ ਇਸ ਧਰਤੀ ਤੋਂ ਦੁਸ਼ਟਤਾ ਨੂੰ ਉਡਾ ਲੈ ਜਾਵੇਗਾ, ਅਤੇ ਸਦੀਪਕ ਸ਼ਾਂਤੀ ਦੇ ਪਰਾਦੀਸ ਲਈ ਰਾਹ ਖੋਲ੍ਹ ਦੇਵੇਗਾ। ਕੀ ਤੁਸੀਂ ਉਨ੍ਹਾਂ ਵਿੱਚੋਂ ਹੋਵੋਗੇ ਜੋ ਵਫ਼ਾਦਾਰੀ ਨਾਲ ‘ਯਹੋਵਾਹ ਦਾ ਨਾਮ ਲੈਂਦੇ’ ਹਨ? ਜੇਕਰ ਹੋਵੋਗੇ, ਤਾਂ ਆਨੰਦ ਮਾਣੋ! ਤੁਹਾਡੇ ਨਾਲ ਖ਼ੁਦ ਪਰਮੇਸ਼ੁਰ ਦਾ ਵਾਅਦਾ ਹੈ ਕਿ ਤੁਸੀਂ ਬਚਾਏ ਜਾਵੋਗੇ।—ਰੋਮੀਆਂ 10:13.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪੰਤੇਕੁਸਤ 33 ਸਾ.ਯੁ. ਤੋਂ ਬਾਅਦ ਕਿਹੜੀਆਂ ਨਵੀਆਂ ਗੱਲਾਂ ਦਾ ਐਲਾਨ ਕੀਤਾ ਗਿਆ ਸੀ?
◻ ਮਸੀਹੀਆਂ ਨੂੰ “ਨਿਹਚਾ ਦੀ ਬਾਣੀ” ਵੱਲ ਕਿਵੇਂ ਧਿਆਨ ਦੇਣਾ ਚਾਹੀਦਾ ਹੈ?
◻ ‘ਯਹੋਵਾਹ ਦਾ ਨਾਮ ਲੈਣ’ ਦਾ ਅਰਥ ਕੀ ਹੈ?
◻ ਰਾਜ ਸੰਦੇਸ਼ਵਾਹਕਾਂ ਦੇ ਕਿਸ ਭਾਵ ਵਿਚ ‘ਸੁੰਦਰ ਚਰਨ’ ਹਨ?
[ਸਫ਼ੇ 26 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਲੋਕ ਉਸ ਦੇ ਗੁਣਾਂ ਦਾ ਪ੍ਰਚਾਰ ਪੋਰਟੋ ਰੀਕੋ, ਸੈਨੇਗਲ, ਪੀਰੂ, ਪਾਪੂਆ ਨਿਊ ਗਿਨੀ ਵਿਚ—ਜੀ ਹਾਂ, ਧਰਤੀ ਭਰ ਵਿਚ—ਕਰ ਰਹੇ ਹਨ