‘ਵਾਹ, ਪਰਮੇਸ਼ੁਰ ਦੀ ਬੁੱਧ’ ਕਿੰਨੀ ਅਥਾਹ ਹੈ!
“ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!”—ਰੋਮੀ. 11:33.
1. ਬਪਤਿਸਮਾ-ਪ੍ਰਾਪਤ ਮਸੀਹੀਆਂ ਵਾਸਤੇ ਸਭ ਤੋਂ ਵੱਡਾ ਸਨਮਾਨ ਕਿਹੜਾ ਹੈ?
ਤੁਹਾਨੂੰ ਕਿਹੜਾ ਸਭ ਤੋਂ ਵੱਡਾ ਸਨਮਾਨ ਮਿਲਿਆ ਹੈ? ਪਹਿਲਾਂ-ਪਹਿਲਾਂ ਤੁਸੀਂ ਸ਼ਾਇਦ ਕਲੀਸਿਯਾ ਵਿਚ ਮਿਲੀ ਕਿਸੇ ਜ਼ਿੰਮੇਵਾਰੀ ਜਾਂ ਸਕੂਲ ਵਿਚ ਜਾਂ ਕੰਮ ਦੀ ਥਾਂ ਤੇ ਮਿਲੇ ਸਨਮਾਨ ਬਾਰੇ ਸੋਚੋ। ਪਰ ਬਪਤਿਸਮਾ-ਪ੍ਰਾਪਤ ਮਸੀਹੀਆਂ ਵਾਸਤੇ ਸਭ ਤੋਂ ਵੱਡਾ ਸਨਮਾਨ ਹੈ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਬਣਾਉਣਾ। ਇਸ ਕਾਰਨ ਸਾਨੂੰ “ਪਰਮੇਸ਼ੁਰ ਜਾਣਦਾ ਹੈ।”—1 ਕੁਰਿੰ. 8:3, ERV; ਗਲਾ. 4:9.
2. ਯਹੋਵਾਹ ਨੂੰ ਜਾਣਨਾ ਅਤੇ ਉਸ ਦੁਆਰਾ ਜਾਣੇ ਜਾਣਾ ਕਿਉਂ ਇਕ ਵੱਡਾ ਸਨਮਾਨ ਹੈ?
2 ਯਹੋਵਾਹ ਨੂੰ ਜਾਣਨਾ ਅਤੇ ਉਸ ਦੁਆਰਾ ਜਾਣੇ ਜਾਣਾ ਕਿਉਂ ਇਕ ਵੱਡਾ ਸਨਮਾਨ ਹੈ? ਕਿਉਂਕਿ ਉਹ ਨਾ ਸਿਰਫ਼ ਸਾਰੇ ਬ੍ਰਹਿਮੰਡ ਵਿੱਚੋਂ ਸਭ ਤੋਂ ਮਹਾਨ ਹਸਤੀ ਹੈ, ਸਗੋਂ ਉਹ ਆਪਣੇ ਲੋਕਾਂ ਦਾ ਰਖਵਾਲਾ ਵੀ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਨਬੀ ਨਹੂਮ ਇਹ ਲਿਖਣ ਲਈ ਪ੍ਰੇਰਿਤ ਹੋਇਆ ਸੀ: “ਯਹੋਵਾਹ ਭਲਾ ਹੈ, ਦੁਖ ਦੇ ਦਿਨ ਵਿੱਚ ਇੱਕ ਗੜ੍ਹ ਹੈ, ਅਤੇ ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ।” (ਨਹੂ. 1:7; ਜ਼ਬੂ. 1:6) ਦਰਅਸਲ ਸਦਾ ਦੀ ਜ਼ਿੰਦਗੀ ਅਸੀਂ ਤਾਹੀਓਂ ਪਾ ਸਕਦੇ ਹਾਂ ਜੇ ਅਸੀਂ ਸੱਚੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਨੂੰ ਜਾਣਾਂਗੇ।—ਯੂਹੰ. 17:3.
3. ਪਰਮੇਸ਼ੁਰ ਨੂੰ ਜਾਣਨ ਵਿਚ ਕੀ ਕੁਝ ਸ਼ਾਮਲ ਹੈ?
3 ਪਰਮੇਸ਼ੁਰ ਨੂੰ ਜਾਣਨ ਦਾ ਮਤਲਬ ਸਿਰਫ਼ ਉਸ ਦਾ ਨਾਂ ਜਾਣਨਾ ਨਹੀਂ ਹੈ। ਸਾਨੂੰ ਉਸ ਨੂੰ ਆਪਣੇ ਦੋਸਤ ਵਜੋਂ ਜਾਣਨ ਦੀ ਲੋੜ ਹੈ ਅਤੇ ਸਮਝਣ ਦੀ ਲੋੜ ਹੈ ਕਿ ਉਸ ਨੂੰ ਕੀ ਪਸੰਦ ਹੈ ਅਤੇ ਕੀ ਨਹੀਂ। ਜਦੋਂ ਅਸੀਂ ਆਪਣੀ ਜ਼ਿੰਦਗੀ ਉਸ ਮੁਤਾਬਕ ਜੀਣ ਲੱਗ ਪੈਂਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹਾਂ। (1 ਯੂਹੰ. 2:4) ਪਰ ਜੇ ਅਸੀਂ ਸੱਚ-ਮੁੱਚ ਯਹੋਵਾਹ ਨੂੰ ਜਾਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ਨਾ ਸਿਰਫ਼ ਇਹ ਜਾਣਨ ਦੀ ਲੋੜ ਹੈ ਕਿ ਉਸ ਨੇ ਕੀ ਕੁਝ ਕੀਤਾ ਹੈ, ਸਗੋਂ ਇਹ ਵੀ ਜਾਣਨ ਦੀ ਲੋੜ ਹੈ ਕਿ ਉਸ ਨੇ ਇਸ ਤਰ੍ਹਾਂ ਕਿਵੇਂ ਅਤੇ ਕਿਉਂ ਕੀਤਾ ਹੈ। ਅਸੀਂ ਜਿੰਨੀ ਚੰਗੀ ਤਰ੍ਹਾਂ ਯਹੋਵਾਹ ਦੇ ਮਕਸਦਾਂ ਨੂੰ ਸਮਝਦੇ ਹਾਂ, ਉੱਨੇ ਜ਼ਿਆਦਾ ਅਸੀਂ ‘ਪਰਮੇਸ਼ੁਰ ਦੀ ਬੁੱਧ’ ਉੱਤੇ ਹੈਰਾਨ ਹੁੰਦੇ ਹਾਂ।—ਰੋਮੀ. 11:33.
ਆਪਣੇ ਮਕਸਦ ਪੂਰੇ ਕਰਨ ਵਾਲਾ ਪਰਮੇਸ਼ੁਰ
4, 5. (ੳ) ਬਾਈਬਲ ਵਿਚ ਵਰਤਿਆ ਸ਼ਬਦ ਮਕਸਦ ਕੀ ਦਰਸਾਉਂਦਾ ਹੈ? (ਅ) ਮਿਸਾਲ ਦਿਓ ਕਿ ਕੋਈ ਮਕਸਦ ਕਈ ਤਰੀਕਿਆਂ ਨਾਲ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।
4 ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਆਪਣਾ ਮਕਸਦ ਪੂਰਾ ਕਰ ਕੇ ਰਹਿੰਦਾ ਹੈ। ਬਾਈਬਲ ਉਸ ਦੀ “ਸਦੀਪਕ ਮਨਸ਼ਾ” ਯਾਨੀ ਮਕਸਦ ਦੀ ਗੱਲ ਕਰਦੀ ਹੈ। (ਅਫ਼. 3:10, 11) ਅਸਲ ਵਿਚ ਇਨ੍ਹਾਂ ਸ਼ਬਦਾਂ ਦਾ ਮਤਲਬ ਕੀ ਹੈ? ਬਾਈਬਲ ਵਿਚ ਵਰਤਿਆ ਸ਼ਬਦ ਮਕਸਦ ਕਿਸੇ ਖ਼ਾਸ ਟੀਚੇ ਜਾਂ ਉਦੇਸ਼ ਨੂੰ ਦਰਸਾਉਂਦਾ ਹੈ ਜੋ ਇਕ ਤਰੀਕੇ ਨਾਲ ਨਹੀਂ, ਸਗੋਂ ਕਈ ਤਰੀਕਿਆਂ ਨਾਲ ਪੂਰਾ ਕੀਤਾ ਜਾ ਸਕਦਾ ਹੈ।
5 ਮਿਸਾਲ ਲਈ: ਇਕ ਵਿਅਕਤੀ ਸ਼ਾਇਦ ਇਕ ਖ਼ਾਸ ਮੰਜ਼ਲ ਤਕ ਪਹੁੰਚਣ ਲਈ ਸਫ਼ਰ ਕਰਨਾ ਚਾਹੁੰਦਾ ਹੈ। ਉਸ ਮੰਜ਼ਲ ਤਕ ਪਹੁੰਚਣਾ ਉਸ ਦਾ ਟੀਚਾ ਜਾਂ ਮਕਸਦ ਬਣ ਜਾਂਦਾ ਹੈ। ਉੱਥੇ ਪਹੁੰਚਣ ਲਈ ਸ਼ਾਇਦ ਉਹ ਵੱਖੋ-ਵੱਖਰੇ ਰਸਤੇ ਅਤੇ ਸਾਧਨ ਵਰਤੇ। ਜਦੋਂ ਉਹ ਆਪਣੇ ਚੁਣੇ ਹੋਏ ਰਸਤੇ ਰਾਹੀਂ ਜਾਵੇਗਾ, ਤਾਂ ਸ਼ਾਇਦ ਅਚਾਨਕ ਉਸ ਨੂੰ ਖ਼ਰਾਬ ਮੌਸਮ ਤੇ ਟ੍ਰੈਫਿਕ ਦਾ ਸਾਮ੍ਹਣਾ ਕਰਨਾ ਪਵੇ। ਅੱਗੇ ਰਸਤੇ ਵਿਚ ਸ਼ਾਇਦ ਕੋਈ ਸੜਕ ਬੰਦ ਹੋਵੇ ਜਿਸ ਕਰਕੇ ਉਸ ਨੂੰ ਕਿਸੇ ਦੂਸਰੇ ਰਸਤੇ ਰਾਹੀਂ ਜਾਣ ਦੀ ਲੋੜ ਪਵੇਗੀ। ਭਾਵੇਂ ਕਿ ਉਸ ਨੂੰ ਕੁਝ ਤਬਦੀਲੀਆਂ ਕਰਨ ਦੀ ਲੋੜ ਪਵੇ, ਫਿਰ ਵੀ ਉਹ ਆਪਣੀ ਮੰਜ਼ਲ ਤੇ ਪਹੁੰਚਣ ਦਾ ਟੀਚਾ ਪੂਰਾ ਕਰ ਲਵੇਗਾ।
6. ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਨੇ ਕਿਹੜੀਆਂ ਤਬਦੀਲੀਆਂ ਕੀਤੀਆਂ?
6 ਯਹੋਵਾਹ ਨੇ ਵੀ ਸਦੀਆਂ ਤੋਂ ਚਲੇ ਆ ਰਹੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਤਬਦੀਲੀਆਂ ਕੀਤੀਆਂ ਹਨ। ਆਪਣੇ ਬੁੱਧੀਮਾਨ ਪ੍ਰਾਣੀਆਂ ਦੀ ਫ਼ੈਸਲੇ ਕਰਨ ਦੀ ਇੱਛਾ ਨੂੰ ਧਿਆਨ ਵਿਚ ਰੱਖਦਿਆਂ ਉਹ ਆਸਾਨੀ ਨਾਲ ਆਪਣਾ ਮਕਸਦ ਪੂਰਾ ਕਰਨ ਦੇ ਤਰੀਕੇ ਵਿਚ ਫੇਰ-ਬਦਲ ਕਰ ਲੈਂਦਾ ਹੈ। ਮਿਸਾਲ ਲਈ ਆਓ ਆਪਾਂ ਦੇਖੀਏ ਕਿ ਵਾਅਦਾ ਕੀਤੀ ਸੰਤਾਨ ਦੇ ਸੰਬੰਧ ਵਿਚ ਯਹੋਵਾਹ ਆਪਣਾ ਮਕਸਦ ਕਿਵੇਂ ਪੂਰਾ ਕਰਦਾ ਹੈ। ਸ਼ੁਰੂ-ਸ਼ੁਰੂ ਵਿਚ ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਕਿਹਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤ. 1:28) ਕੀ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਕਾਰਨ ਉਹ ਮਕਸਦ ਅਧੂਰਾ ਰਹਿ ਗਿਆ? ਬਿਲਕੁਲ ਨਹੀਂ! ਯਹੋਵਾਹ ਨੇ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਤੁਰੰਤ ਕਦਮ ਉਠਾਇਆ ਅਤੇ ਆਪਣਾ ਮਕਸਦ ਪੂਰਾ ਕਰਨ ਦਾ ਅਲੱਗ “ਰਾਹ” ਚੁਣਿਆ। ਉਸ ਨੇ ਭਵਿੱਖਬਾਣੀ ਕੀਤੀ ਕਿ ਇਕ “ਸੰਤਾਨ” ਪੈਦਾ ਹੋਵੇਗੀ ਜੋ ਬਾਗ਼ੀਆਂ ਦੁਆਰਾ ਕੀਤੇ ਹਰ ਨੁਕਸਾਨ ਨੂੰ ਪੂਰਾ ਕਰੇਗੀ।—ਉਤ. 3:15; ਇਬ. 2:14-17; 1 ਯੂਹੰ. 3:8.
7. ਕੂਚ 3:14 ਵਿਚ ਯਹੋਵਾਹ ਦੇ ਆਪਣੇ ਬਾਰੇ ਜੋ ਕਿਹਾ ਹੈ ਉਸ ਤੋਂ ਅਸੀਂ ਕੀ ਸਿੱਖਦੇ ਹਾਂ?
7 ਯਹੋਵਾਹ ਆਪਣਾ ਮਕਸਦ ਪੂਰਾ ਕਰਦੇ ਸਮੇਂ ਆਪਣੇ ਆਪ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲ਼ ਲੈਂਦਾ ਹੈ। ਉਸ ਦੀ ਇਹ ਕਾਬਲੀਅਤ ਅਸੀਂ ਇਸ ਮਿਸਾਲ ਤੋਂ ਦੇਖ ਸਕਦੇ ਹਾਂ। ਜਦੋਂ ਮੂਸਾ ਨੂੰ ਯਹੋਵਾਹ ਤੋਂ ਜ਼ਿੰਮੇਵਾਰੀ ਮਿਲੀ, ਤਾਂ ਮੂਸਾ ਨੇ ਕਿਹਾ ਕਿ ਉਹ ਥਥਲਾਉਣ ਕਾਰਨ ਇਹ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕੇਗਾ। ਪਰ ਯਹੋਵਾਹ ਨੇ ਉਸ ਨੂੰ ਇਹ ਕਹਿੰਦੇ ਹੋਏ ਭਰੋਸਾ ਦਿਵਾਇਆ ਸੀ: “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ “ਮੈਂ ਹਾਂ” ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।” (ਕੂਚ 3:14) ਜਿਨ੍ਹਾਂ ਇਬਰਾਨੀ ਭਾਸ਼ਾ ਦੇ ਸ਼ਬਦਾਂ ਦਾ ਅਨੁਵਾਦ “ਮੈਂ ਹਾਂ ਜੋ ਮੈਂ ਹਾਂ” ਕੀਤਾ ਗਿਆ ਹੈ, ਉਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ ਯਹੋਵਾਹ ਉਹ ਕੁਝ ਬਣ ਸਕਦਾ ਹੈ ਜੋ ਕੁਝ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਬਣਨ ਦੀ ਲੋੜ ਹੈ! ਇਹ ਗੱਲ ਪੌਲੁਸ ਰਸੂਲ ਨੇ ਰੋਮੀਆਂ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਬਹੁਤ ਸੋਹਣੇ ਤਰੀਕੇ ਨਾਲ ਸਮਝਾਈ ਹੈ। ਉੱਥੇ ਉਹ ਇਕ ਜ਼ੈਤੂਨ ਦੇ ਦਰਖ਼ਤ ਦੀ ਗੱਲ ਕਰਦਾ ਹੈ। ਇਸ ਮਿਸਾਲ ʼਤੇ ਗੌਰ ਕਰਨ ਨਾਲ ਯਹੋਵਾਹ ਦੀ ਬੁੱਧ ਲਈ ਸਾਡੀ ਕਦਰ ਹੋਰ ਵੀ ਵਧੇਗੀ ਭਾਵੇਂ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣ ਦੀ।
ਭਵਿੱਖਬਾਣੀ ਵਿਚ ਦੱਸੀ ਅੰਸ ਸੰਬੰਧੀ ਯਹੋਵਾਹ ਦਾ ਮਕਸਦ
8, 9. (ੳ) ਕਿਹੜੀਆਂ ਚਾਰ ਬੁਨਿਆਦੀ ਗੱਲਾਂ ਜ਼ੈਤੂਨ ਦੇ ਦਰਖ਼ਤ ਦੀ ਮਿਸਾਲ ਨੂੰ ਸਮਝਣ ਵਿਚ ਸਾਡੀ ਮਦਦ ਕਰਨਗੀਆਂ? (ਅ) ਕਿਹੜੇ ਸਵਾਲ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਫੇਰ-ਬਦਲ ਕਰਦਾ ਹੈ?
8 ਜ਼ੈਤੂਨ ਦੇ ਦਰਖ਼ਤ ਦੀ ਮਿਸਾਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਅੰਸ ਸੰਬੰਧੀ ਯਹੋਵਾਹ ਦੇ ਮਕਸਦ ਬਾਰੇ ਚਾਰ ਗੱਲਾਂ ਜਾਣਨ ਦੀ ਲੋੜ ਹੈ। ਪਹਿਲੀ ਗੱਲ, ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਅੰਸ ਜਾਂ ਔਲਾਦ ਦੇ ਜ਼ਰੀਏ “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤ. 22:17, 18) ਦੂਸਰੀ ਗੱਲ, ਅਬਰਾਹਾਮ ਤੋਂ ਪੈਦਾ ਹੋਈ ਇਸਰਾਏਲ ਕੌਮ ਨੂੰ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਦਾ ਮੌਕਾ ਦਿੱਤਾ ਗਿਆ ਸੀ। (ਕੂਚ 19:5, 6) ਤੀਸਰੀ ਗੱਲ, ਜਦੋਂ ਜ਼ਿਆਦਾਤਰ ਪੈਦਾਇਸ਼ੀ ਇਸਰਾਏਲੀਆਂ ਨੇ ਮਸੀਹਾ ਨੂੰ ਸਵੀਕਾਰ ਨਹੀਂ ਕੀਤਾ, ਤਾਂ ਯਹੋਵਾਹ ਨੇ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਲਈ ਦੂਸਰੇ ਕਦਮ ਚੁੱਕੇ। (ਮੱਤੀ 21:43; ਰੋਮੀ. 9:27-29) ਆਖ਼ਰੀ ਗੱਲ, ਭਾਵੇਂ ਕਿ ਯਿਸੂ ਅਬਰਾਹਾਮ ਦੀ ਅੰਸ ਦਾ ਮੁੱਖ ਹਿੱਸਾ ਹੈ, ਹੋਰਨਾਂ ਨੂੰ ਵੀ ਇਸ ਅੰਸ ਦਾ ਹਿੱਸਾ ਬਣਨ ਦਾ ਮਾਣ ਬਖ਼ਸ਼ਿਆ ਗਿਆ ਹੈ।—ਗਲਾ. 3:16, 29.
9 ਇਨ੍ਹਾਂ ਚਾਰ ਬੁਨਿਆਦੀ ਗੱਲਾਂ ਤੋਂ ਇਲਾਵਾ ਪਰਕਾਸ਼ ਦੀ ਪੋਥੀ ਦੱਸਦੀ ਹੈ ਕਿ ਸਵਰਗ ਵਿਚ ਯਿਸੂ ਨਾਲ 1,44,000 ਵਿਅਕਤੀ ਰਾਜਿਆਂ ਅਤੇ ਜਾਜਕਾਂ ਵਜੋਂ ਰਾਜ ਕਰਨਗੇ। (ਪਰ. 14:1-4) ਇਨ੍ਹਾਂ ਨੂੰ ਵੀ ‘ਇਸਰਾਏਲ ਦਾ ਵੰਸ’ ਕਿਹਾ ਗਿਆ ਹੈ। (ਪਰ. 7:4-8) ਤਾਂ ਫਿਰ ਕੀ 1,44,000 ਸਾਰੇ ਪੈਦਾਇਸ਼ੀ ਇਸਰਾਏਲੀ ਜਾਂ ਯਹੂਦੀ ਹਨ? ਇਸ ਸਵਾਲ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਫੇਰ-ਬਦਲ ਕਰਦਾ ਹੈ। ਆਓ ਆਪਾਂ ਹੁਣ ਦੇਖੀਏ ਕਿ ਰੋਮੀਆਂ ਨੂੰ ਲਿਖੀ ਪੌਲੁਸ ਰਸੂਲ ਦੀ ਚਿੱਠੀ ਕਿਵੇਂ ਜਵਾਬ ਜਾਣਨ ਵਿਚ ਸਾਡੀ ਮਦਦ ਕਰਦੀ ਹੈ।
“ਜਾਜਕਾਂ ਦੀ ਬਾਦਸ਼ਾਹੀ”
10. ਇਸਰਾਏਲ ਦੀ ਕੌਮ ਨੂੰ ਖ਼ਾਸ ਤੌਰ ʼਤੇ ਕਿਹੜਾ ਮੌਕਾ ਮਿਲਿਆ ਸੀ?
10 ਜਿਵੇਂ ਅਸੀਂ ਪਹਿਲਾਂ ਦੇਖਿਆ ਸੀ ਕਿ ਸਿਰਫ਼ ਇਸਰਾਏਲੀਆਂ ਵਿੱਚੋਂ ਹੀ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਬਣਨੀ ਸੀ। (ਰੋਮੀਆਂ 9:4, 5 ਪੜ੍ਹੋ।) ਪਰ ਵਾਅਦਾ ਕੀਤੀ ਹੋਈ ਅੰਸ ਦੇ ਆਉਣ ਤੇ ਕੀ ਹੋਵੇਗਾ? ਕੀ ਪੈਦਾਇਸ਼ੀ ਇਸਰਾਏਲੀ ਸਾਰੇ 1,44,000 ਮੈਂਬਰਾਂ ਨੂੰ ਪੈਦਾ ਕਰੇਗੀ ਜੋ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਬਣਨਗੇ?
11, 12. (ੳ) ਸਵਰਗੀ ਰਾਜ ਦੇ ਮੈਂਬਰਾਂ ਦੀ ਚੋਣ ਹੋਣੀ ਕਦੋਂ ਸ਼ੁਰੂ ਹੋਈ ਅਤੇ ਉਸ ਜ਼ਮਾਨੇ ਦੇ ਜ਼ਿਆਦਾਤਰ ਯਹੂਦੀਆਂ ਨੇ ਕੀ ਕੀਤਾ? (ਅ) ਅਬਰਾਹਾਮ ਦੀ ਅੰਸ ਬਣਨ ਵਾਲਿਆਂ ਦੀ ਗਿਣਤੀ ਯਹੋਵਾਹ ਨੇ ਕਿਵੇਂ ਪੂਰੀ ਕੀਤੀ?
11 ਰੋਮੀਆਂ 11:7-10 ਪੜ੍ਹੋ। ਕੌਮ ਵਜੋਂ ਪਹਿਲੀ ਸਦੀ ਦੇ ਯਹੂਦੀਆਂ ਨੇ ਯਿਸੂ ਨੂੰ ਠੁਕਰਾ ਦਿੱਤਾ। ਇਸ ਲਈ ਅਬਰਾਹਾਮ ਦੀ ਅੰਸ ਪੈਦਾ ਕਰਨ ਦਾ ਮੌਕਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ। ਫਿਰ ਵੀ ਜਦੋਂ ਪੰਤੇਕੁਸਤ 33 ਈਸਵੀ ਵਿਚ “ਜਾਜਕਾਂ ਦੀ ਬਾਦਸ਼ਾਹੀ” ਬਣਨ ਵਾਲੇ ਲੋਕਾਂ ਦੀ ਚੋਣ ਸ਼ੁਰੂ ਹੋਈ, ਉਸ ਵੇਲੇ ਕੁਝ ਨੇਕਦਿਲ ਯਹੂਦੀਆਂ ਨੇ ਇਹ ਸੱਦਾ ਸਵੀਕਾਰ ਕੀਤਾ। ਇਹ ਕੁਝ ਕੁ ਹਜ਼ਾਰ ਮੈਂਬਰ ਬਾਕੀ ਯਹੂਦੀ ਕੌਮ ਦੀ ਤੁਲਨਾ ਵਿਚ ਸਿਰਫ਼ “ਇੱਕ ਬਕੀਆ” ਸੀ ਯਾਨੀ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ।—ਰੋਮੀ. 11:5.
12 ਪਰ ਯਹੋਵਾਹ ਅਬਰਾਹਾਮ ਦੀ ਅੰਸ ਬਣਨ ਵਾਲੇ ਲੋਕਾਂ ਦੀ “ਭਰਪੂਰੀ” ਯਾਨੀ ਪੂਰੀ ਗਿਣਤੀ ਕਿਵੇਂ ਪੂਰੀ ਕਰੇਗਾ? (ਰੋਮੀ. 11:12, 25) ਪੌਲੁਸ ਰਸੂਲ ਦੇ ਦਿੱਤੇ ਜਵਾਬ ਵੱਲ ਧਿਆਨ ਦਿਓ: “ਪਰ ਇਉਂ ਨਹੀਂ ਜੋ ਪਰਮੇਸ਼ੁਰ ਦਾ ਬਚਨ ਅਕਾਰਥ ਹੋ ਗਿਆ; ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ ਓਹ ਸੱਭੇ [ਪੈਦਾਇਸ਼ੀ] ਇਸਰਾਏਲੀ ਨਹੀਂ। ਅਤੇ ਅਬਰਾਹਾਮ ਦੀ ਅੰਸ [ਔਲਾਦ] ਹੋਣ ਕਰਕੇ ਓਹ ਸੱਭੇ ਉਹ ਦੀ ਸੰਤਾਨ [ਅਬਰਾਹਾਮ ਦੀ ਅੰਸ ਦਾ ਹਿੱਸਾ] ਨਹੀਂ ਹਨ . . . ਅਰਥਾਤ ਨਾ ਓਹ ਜਿਹੜੇ ਸਰੀਰ ਦੀ ਸੰਤਾਨ ਹਨ ਏਹ ਪਰਮੇਸ਼ੁਰ ਦੀ ਸੰਤਾਨ ਹਨ ਪਰ ਵਾਇਦੇ ਦੀ ਸੰਤਾਨ ਅੰਸ ਗਿਣੀਦੀ ਹੈ।” (ਰੋਮੀ. 9:6-8) ਇਸ ਤਰ੍ਹਾਂ ਯਹੋਵਾਹ ਇਸ ਮੰਗ ਉੱਤੇ ਅੜਿਆ ਨਹੀਂ ਰਿਹਾ ਕਿ ਅੰਸ ਦਾ ਹਿੱਸਾ ਬਣਨ ਵਾਲੇ ਮੈਂਬਰ ਅਬਰਾਹਾਮ ਦੀ ਆਪਣੀ ਔਲਾਦ ਹੋਣੀ ਚਾਹੀਦੀ ਸੀ।
ਪ੍ਰਤੀਕ ਵਜੋਂ ਵਰਤਿਆ ਜ਼ੈਤੂਨ ਦਾ ਦਰਖ਼ਤ
13. (ੳ) ਜ਼ੈਤੂਨ ਦਾ ਦਰਖ਼ਤ, (ਅ) ਇਸ ਦੀ ਜੜ੍ਹ, (ੲ) ਇਸ ਦਾ ਤਣਾ ਅਤੇ (ਸ) ਇਸ ਦੀਆਂ ਟਾਹਣੀਆਂ ਕਿਨ੍ਹਾਂ ਨੂੰ ਦਰਸਾਉਂਦੇ ਹਨ?
13 ਅਬਰਾਹਾਮ ਦੀ ਅੰਸ ਦਾ ਹਿੱਸਾ ਬਣਨ ਵਾਲਿਆਂ ਦੀ ਤੁਲਨਾ ਪੌਲੁਸ ਰਸੂਲ ਜ਼ੈਤੂਨ ਦੇ ਦਰਖ਼ਤ ਦੀਆਂ ਟਾਹਣੀਆਂ ਨਾਲ ਕਰਦਾ ਹੈ।a (ਰੋਮੀ. 11:21) ਇਹ ਉਗਾਇਆ ਗਿਆ ਜ਼ੈਤੂਨ ਦਾ ਦਰਖ਼ਤ ਅਬਰਾਹਾਮ ਨਾਲ ਕੀਤੇ ਇਕਰਾਰ ਸੰਬੰਧੀ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਨੂੰ ਦਰਸਾਉਂਦਾ ਹੈ। ਦਰਖ਼ਤ ਦੀ ਜੜ੍ਹ ਪਵਿੱਤਰ ਹੈ ਅਤੇ ਇਹ ਯਹੋਵਾਹ ਨੂੰ ਦਰਸਾਉਂਦੀ ਹੈ ਜੋ ਮਸਹ ਕੀਤੇ ਹੋਏ ਮਸੀਹੀਆਂ ਨੂੰ ਜ਼ਿੰਦਗੀ ਦਿੰਦਾ ਹੈ। (ਯਸਾ. 10:20; ਰੋਮੀ. 11:16) ਤਣਾ ਯਿਸੂ ਨੂੰ ਦਰਸਾਉਂਦਾ ਹੈ ਜੋ ਅਬਰਾਹਾਮ ਦੀ ਅੰਸ ਦਾ ਮੁੱਖ ਹਿੱਸਾ ਹੈ। ਟਹਿਣੀਆਂ ਉਨ੍ਹਾਂ ਮੈਂਬਰਾਂ ਦੀ “ਭਰਪੂਰੀ” ਯਾਨੀ ਪੂਰੀ ਗਿਣਤੀ ਹੈ ਜੋ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਹਨ।
14, 15. ਉਗਾਏ ਗਏ ਜ਼ੈਤੂਨ ਦੇ ਦਰਖ਼ਤ ਦੀਆਂ “ਤੋੜੀਆਂ ਗਈਆਂ” ਟਾਹਣੀਆਂ ਕੌਣ ਸਨ ਅਤੇ ਇਸ ਉੱਤੇ ਕਿਨ੍ਹਾਂ ਟਾਹਣੀਆਂ ਦੀ ਪਿਓਂਦ ਚਾੜ੍ਹੀ ਗਈ?
14 ਜ਼ੈਤੂਨ ਦੇ ਦਰਖ਼ਤ ਦੀ ਉਦਾਹਰਣ ਵਿਚ ਯਿਸੂ ਨੂੰ ਠੁਕਰਾਉਣ ਵਾਲੇ ਪੈਦਾਇਸ਼ੀ ਯਹੂਦੀਆਂ ਦੀ ਤੁਲਨਾ “ਤੋੜੀਆਂ ਗਈਆਂ” ਟਹਿਣੀਆਂ ਨਾਲ ਕੀਤੀ ਗਈ ਹੈ। (ਰੋਮੀ. 11:17) ਕਿਉਂਕਿ ਉਨ੍ਹਾਂ ਨੇ ਅਬਰਾਹਾਮ ਦੀ ਅੰਸ ਦਾ ਹਿੱਸਾ ਬਣਨ ਦਾ ਮੌਕਾ ਗੁਆ ਲਿਆ ਸੀ। ਪਰ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ? ਪੈਦਾਇਸ਼ੀ ਯਹੂਦੀਆਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਪਰਾਈਆਂ ਕੌਮਾਂ ਦੇ ਲੋਕ ਉਨ੍ਹਾਂ ਦੀ ਥਾਂ ਲੈ ਲੈਣਗੇ ਕਿਉਂਕਿ ਉਹ ਅਬਰਾਹਾਮ ਦੀ ਔਲਾਦ ਹੋਣ ਦਾ ਘਮੰਡ ਕਰਦੇ ਸਨ। ਪਰ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇ ਯਹੋਵਾਹ ਚਾਹੇ, ਤਾਂ ਉਹ ਅਬਰਾਹਾਮ ਲਈ ਪੱਥਰਾਂ ਤੋਂ ਬੱਚੇ ਪੈਦਾ ਕਰ ਸਕਦਾ ਸੀ।—ਲੂਕਾ 3:8.
15 ਤਾਂ ਫਿਰ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਕੀ ਕੀਤਾ? ਪੌਲੁਸ ਸਮਝਾਉਂਦਾ ਹੈ ਕਿ ਜੰਗਲੀ ਜ਼ੈਤੂਨ ਦੀਆਂ ਟਾਹਣੀਆਂ ਦੀ ਪਿਓਂਦ ਉਗਾਏ ਹੋਏ ਜ਼ੈਤੂਨ ਦੇ ਦਰਖ਼ਤ ਨੂੰ ਚਾੜ੍ਹ ਦਿੱਤੀ ਗਈ। ਇਉਂ ਇਨ੍ਹਾਂ ਟਾਹਣੀਆਂ ਨੇ ਤੋੜੀਆਂ ਗਈਆਂ ਟਾਹਣੀਆਂ ਦੀ ਜਗ੍ਹਾ ਲੈ ਲਈ। (ਰੋਮੀਆਂ 11:17, 18 ਪੜ੍ਹੋ।) ਇਸੇ ਤਰ੍ਹਾਂ ਰੋਮ ਦੀ ਕਲੀਸਿਯਾ ਦੇ ਕੁਝ ਮਸੀਹੀਆਂ ਵਾਂਗ ਹੋਰਨਾਂ ਕੌਮਾਂ ਵਿੱਚੋਂ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਹੋਏ ਮਸੀਹੀਆਂ ਦੀ ਪਿਓਂਦ ਇਕ ਤਰ੍ਹਾਂ ਨਾਲ ਜ਼ੈਤੂਨ ਦੇ ਦਰਖ਼ਤ ਉੱਤੇ ਚਾੜ੍ਹੀ ਗਈ ਸੀ। ਇੰਜ ਉਹ ਅਬਰਾਹਾਮ ਦੀ ਅੰਸ ਦਾ ਹਿੱਸਾ ਬਣ ਗਏ। ਉਹ ਮਸੀਹੀ ਪਹਿਲਾਂ ਜੰਗਲੀ ਜ਼ੈਤੂਨ ਦੀਆਂ ਟਾਹਣੀਆਂ ਵਾਂਗ ਸਨ ਜਿਨ੍ਹਾਂ ਦੇ ਇਸ ਖ਼ਾਸ ਇਕਰਾਰਨਾਮੇ ਦਾ ਹਿੱਸਾ ਬਣਨ ਦੀ ਕੋਈ ਵੀ ਉਮੀਦ ਨਹੀਂ ਸੀ। ਪਰ ਯਹੋਵਾਹ ਨੇ ਉਨ੍ਹਾਂ ਲਈ ਪਵਿੱਤਰ ਸ਼ਕਤੀ ਨਾਲ ਮਸਹ ਹੋਣ ਦਾ ਰਾਹ ਖੋਲ੍ਹਿਆ।—ਰੋਮੀ. 2:28, 29.
16. ਪਤਰਸ ਰਸੂਲ ਨੇ ਨਵੀਂ ਕੌਮ ਬਣਨ ਬਾਰੇ ਕਿਵੇਂ ਸਮਝਾਇਆ?
16 ਇਸ ਗੱਲ ਨੂੰ ਪਤਰਸ ਰਸੂਲ ਇਸ ਤਰੀਕੇ ਨਾਲ ਸਮਝਾਉਂਦਾ ਹੈ: “ਸੋ ਉਹ [ਯਿਸੂ ਮਸੀਹ] ਤੁਹਾਡੇ [ਯਹੂਦੀ ਤੇ ਹੋਰਨਾਂ ਕੌਮਾਂ ਵਿੱਚੋਂ ਸਾਰੇ ਮਸਹ ਕੀਤੇ ਹੋਏ ਮਸੀਹੀ] ਲਈ ਜਿਹੜੇ ਨਿਹਚਾ ਕਰਦੇ ਹੋ ਅਮੋਲਕ ਹੈ, ਪਰ ਜਿਹੜੇ ਨਿਹਚਾ ਨਹੀਂ ਕਰਦੇ,—ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਅਤੇ,—ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ। . . . ਪਰ ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ। ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ। ਤੁਸਾਂ ਉੱਤੇ ਰਹਮ ਨਾ ਹੋਇਆ ਸੀ ਪਰ ਹੁਣ ਰਹਮ ਹੋਇਆ ਹੈ।”—1 ਪਤ. 2:7-10.
17. ਯਹੋਵਾਹ ਨੇ ਜੋ ਕੀਤਾ, ਉਹ “ਸੁਭਾਉ ਦੇ ਵਿਰੁੱਧ” ਕਿਵੇਂ ਸੀ?
17 ਯਹੋਵਾਹ ਨੇ ਜੋ ਕੀਤਾ, ਉਸ ਬਾਰੇ ਬਹੁਤਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ। ਪੌਲੁਸ ਸਮਝਾਉਂਦਾ ਹੈ ਕਿ ਜੋ ਹੋਇਆ “ਸੁਭਾਉ ਦੇ ਵਿਰੁੱਧ” ਹੋਇਆ। (ਰੋਮੀ. 11:24) ਉਹ ਕਿਵੇਂ? ਇਕ ਉਗਾਏ ਹੋਏ ਦਰਖ਼ਤ ਉੱਤੇ ਜੰਗਲੀ ਟਾਹਣੀ ਦੀ ਪਿਓਂਦ ਚਾੜ੍ਹਨ ਦੀ ਗੱਲ ਅਨੋਖੀ ਅਤੇ ਗ਼ੈਰ-ਕੁਦਰਤੀ ਜਾਪਦੀ ਹੈ। ਪਰ ਪਹਿਲੀ ਸਦੀ ਵਿਚ ਕੁਝ ਕਿਸਾਨ ਇਸੇ ਤਰ੍ਹਾਂ ਕਰਦੇ ਸਨ।b ਯਹੋਵਾਹ ਨੇ ਵੀ ਇਹ ਅਨੋਖੀ ਗੱਲ ਕਰ ਦਿਖਾਈ। ਯਹੂਦੀਆਂ ਦੇ ਨਜ਼ਰੀਏ ਤੋਂ ਪਰਾਈਆਂ ਕੌਮਾਂ ਦੇ ਲੋਕ ਪਰਮੇਸ਼ੁਰ ਦੇ ਮਨਭਾਉਂਦਾ ਫਲ ਪੈਦਾ ਨਹੀਂ ਕਰ ਸਕਦੇ ਸਨ। ਪਰ ਯਹੋਵਾਹ ਨੇ ਇਨ੍ਹਾਂ ਨੂੰ ਉਸ “ਕੌਮ” ਦਾ ਹਿੱਸਾ ਬਣਾਇਆ ਜਿਸ ਨੇ ਰਾਜ ਦਾ ਫਲ ਪੈਦਾ ਕੀਤਾ। (ਮੱਤੀ 21:43) ਪਰਾਈ ਕੌਮ ਵਿੱਚੋਂ ਕੁਰਨੇਲਿਯੁਸ ਪਹਿਲਾ ਗ਼ੈਰ-ਸੁੰਨਤੀ ਬੰਦਾ ਸੀ ਜਿਸ ਨੂੰ 36 ਈਸਵੀ ਵਿਚ ਮਸਹ ਕੀਤਾ ਗਿਆ ਸੀ। ਉਦੋਂ ਤੋਂ ਗ਼ੈਰ-ਸੁੰਨਤੀ ਪਰਾਈਆਂ ਕੌਮਾਂ ਲਈ ਜ਼ੈਤੂਨ ਦੇ ਦਰਖ਼ਤ ਦਾ ਹਿੱਸਾ ਬਣਨ ਦਾ ਰਾਹ ਖੁੱਲ੍ਹ ਗਿਆ।—ਰਸੂ. 10:44-48.c
18. ਪੈਦਾਇਸ਼ੀ ਯਹੂਦੀਆਂ ਕੋਲ 36 ਈਸਵੀ ਤੋਂ ਬਾਅਦ ਕਿਹੜਾ ਮੌਕਾ ਸੀ?
18 ਕੀ ਇਸ ਦਾ ਮਤਲਬ ਹੈ ਕਿ 36 ਈਸਵੀ ਤੋਂ ਬਾਅਦ ਪੈਦਾਇਸ਼ੀ ਯਹੂਦੀਆਂ ਕੋਲ ਅਬਰਾਹਾਮ ਦੀ ਅੰਸ ਦਾ ਹਿੱਸਾ ਬਣਨ ਦਾ ਕੋਈ ਮੌਕਾ ਨਹੀਂ ਰਹਿ ਗਿਆ ਸੀ? ਨਹੀਂ। ਪੌਲੁਸ ਸਮਝਾਉਂਦਾ ਹੈ: “ਓਹ [ਪੈਦਾਇਸ਼ੀ ਯਹੂਦੀ] ਵੀ ਜੋ ਬੇਪਰਤੀਤੀ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਚਾੜ੍ਹੇ ਜਾਣਗੇ ਕਿਉਂ ਜੋ ਪਰਮੇਸ਼ੁਰ ਨੂੰ ਸਮਰੱਥਾ ਹੈ ਜੋ ਉਨ੍ਹਾਂ ਨੂੰ ਫੇਰ ਪੇਉਂਦ ਚਾੜ੍ਹੇ। ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਢਿਆ ਗਿਆ ਜਿਹੜਾ ਸੁਭਾਉ ਕਰਕੇ ਜੰਗਲੀ ਹੈ ਅਤੇ ਸੁਭਾਉ ਦੇ ਵਿਰੁੱਧ ਚੰਗੇ ਜ਼ੈਤੂਨ ਦੇ ਰੁੱਖ ਨੂੰ ਪੇਉਂਦ ਚਾੜ੍ਹਿਆ ਗਿਆ ਤਾਂ ਏਹ ਜਿਹੜੀਆਂ ਅਸਲੀ ਡਾਲੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਨੂੰ ਕਿੰਨਾਕੁ ਵਧ ਕੇ ਪੇਉਂਦ ਨਾ ਚਾੜ੍ਹੀਆਂ ਜਾਣਗੀਆਂ!”—ਰੋਮੀ. 11:23, 24.
“ਸਾਰਾ ਇਸਰਾਏਲ ਬਚ ਜਾਵੇਗਾ”
19, 20. ਜਿਵੇਂ ਜ਼ੈਤੂਨ ਦੇ ਦਰਖ਼ਤ ਦੁਆਰਾ ਦਰਸਾਇਆ ਗਿਆ ਹੈ, ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕੀ ਕੁਝ ਕਰਦਾ ਹੈ?
19 ਹਾਂ, “ਪਰਮੇਸ਼ੁਰ ਦੇ ਇਸਰਾਏਲ” ਬਾਰੇ ਯਹੋਵਾਹ ਦਾ ਮਕਸਦ ਸ਼ਾਨਦਾਰ ਤਰੀਕੇ ਨਾਲ ਪੂਰਾ ਹੋ ਰਿਹਾ ਹੈ। (ਗਲਾ. 6:16) ਪੌਲੁਸ ਨੇ ਕਿਹਾ ਕਿ “ਸਾਰਾ ਇਸਰਾਏਲ ਬਚ ਜਾਵੇਗਾ।” (ਰੋਮੀ. 11:26) ਯਹੋਵਾਹ ਦਾ ਸਮਾਂ ਆਉਣ ਤੇ “ਸਾਰਾ ਇਸਰਾਏਲ” ਯਾਨੀ ਸਾਰੇ ਮਸਹ ਕੀਤੇ ਹੋਏ ਮਸੀਹੀ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨਗੇ। ਕੋਈ ਵੀ ਚੀਜ਼ ਯਹੋਵਾਹ ਨੂੰ ਉਸ ਦਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ!
20 ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਅਬਰਾਹਾਮ ਦੀ ਅੰਸ ਯਿਸੂ ਮਸੀਹ ਅਤੇ ਉਸ ਨਾਲ 1,44,000 ਮਸੀਹੀ “ਸਾਰੀਆਂ ਕੌਮਾਂ” ਦੇ ਲੋਕਾਂ ਉੱਤੇ ਬਰਕਤਾਂ ਵਰਸਾਉਣਗੇ। (ਰੋਮੀ. 11:12; ਉਤ. 22:18) ਸੋ ਇਸ ਇੰਤਜ਼ਾਮ ਤੋਂ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਸੱਚ-ਮੁੱਚ, ਜਿਉਂ-ਜਿਉਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਚਿਰਾਂ ਤੋਂ ਚੱਲਿਆ ਆ ਰਿਹਾ ਆਪਣਾ ਮਕਸਦ ਕਿਵੇਂ ਪੂਰਾ ਕਰਦਾ ਹੈ, ਤਾਂ ਅਸੀਂ ਹੱਕੇ-ਬੱਕੇ ਰਹਿ ਜਾਂਦੇ ਹਾਂ ਕਿ “ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!”—ਰੋਮੀ. 11:33.
[ਫੁਟਨੋਟ]
a ਜ਼ਾਹਰ ਹੈ ਕਿ ਜ਼ੈਤੂਨ ਦਾ ਦਰਖ਼ਤ ਪੈਦਾਇਸ਼ੀ ਇਸਰਾਏਲ ਨੂੰ ਨਹੀਂ ਦਰਸਾਉਂਦਾ। ਭਾਵੇਂ ਇਸ ਕੌਮ ਨੇ ਰਾਜੇ ਅਤੇ ਜਾਜਕ ਪੈਦਾ ਕੀਤੇ ਸਨ, ਪਰ ਇਹ ਸਾਰੀ ਕੌਮ ਜਾਜਕਾਂ ਦੀ ਬਾਦਸ਼ਾਹੀ ਨਹੀਂ ਬਣੀ। ਬਿਵਸਥਾ ਅਨੁਸਾਰ ਇਸਰਾਏਲ ਦੇ ਰਾਜੇ ਜਾਜਕ ਨਹੀਂ ਬਣ ਸਕਦੇ ਸਨ। ਇਸ ਲਈ ਜ਼ੈਤੂਨ ਦਾ ਦਰਖ਼ਤ ਪੈਦਾਇਸ਼ੀ ਇਸਰਾਏਲ ਨੂੰ ਨਹੀਂ ਦਰਸਾ ਸਕਿਆ। ਇਹ ਮਿਸਾਲ ਵਰਤ ਕੇ ਪੌਲੁਸ ਸਮਝਾ ਰਿਹਾ ਹੈ ਕਿ ਮਸਹ ਕੀਤੇ ਹੋਏ ਮਸੀਹੀਆਂ ਦੇ ਸੰਬੰਧ ਵਿਚ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਦਾ ਪਰਮੇਸ਼ੁਰ ਦਾ ਮਕਸਦ ਕਿਵੇਂ ਪੂਰਾ ਹੋਇਆ ਹੈ। ਇਸ ਗੱਲ ਦੀ ਪੁਰਾਣੀ ਸਮਝ 15 ਅਗਸਤ 1983 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ 14-19 ਸਫ਼ਿਆਂ ʼਤੇ ਦੇਖੀ ਜਾ ਸਕਦੀ ਹੈ।
b “ਜੰਗਲੀ ਜ਼ੈਤੂਨ ਦੀਆਂ ਟਾਹਣੀਆਂ ਦੀ ਪਿਓਂਦ ਚਾੜ੍ਹਨੀ—ਕਿਉਂ?” ਨਾਂ ਦੀ ਡੱਬੀ ਦੇਖੋ।
c ਪੈਦਾਇਸ਼ੀ ਯਹੂਦੀਆਂ ਨੂੰ ਸਾਢੇ ਤਿੰਨ ਸਾਲਾਂ ਦੇ ਆਖ਼ਰ ਤਾਈਂ ਨਵੀਂ ਕੌਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਗਿਆ ਸੀ। ਇਸ ਬਾਰੇ 70 ਹਫ਼ਤਿਆਂ ਬਾਰੇ ਕੀਤੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ।—ਦਾਨੀ. 9:27.
ਕੀ ਤੁਹਾਨੂੰ ਯਾਦ ਹੈ?
• ਯਹੋਵਾਹ ਜਿਸ ਤਰੀਕੇ ਨਾਲ ਆਪਣਾ ਮਕਸਦ ਪੂਰਾ ਕਰਦਾ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
• ਰੋਮੀਆਂ ਦੇ 11ਵੇਂ ਅਧਿਆਇ ਵਿਚ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ ਜਿਵੇਂ . . .
ਜ਼ੈਤੂਨ ਦਾ ਦਰਖ਼ਤ?
ਇਸ ਦੀ ਜੜ੍ਹ?
ਇਸ ਦਾ ਤਣਾ?
ਇਸ ਦੀਆਂ ਟਾਹਣੀਆਂ?
• ਟਾਹਣੀਆਂ ਦੀ ਪਿਓਂਦ ਚਾੜ੍ਹਨ ਦਾ ਕੰਮ “ਸੁਭਾਉ ਦੇ ਵਿਰੁੱਧ” ਕਿਉਂ ਸੀ?
[ਸਫ਼ਾ 24 ਉੱਤੇ ਡੱਬੀ/ਤਸਵੀਰ]
ਜੰਗਲੀ ਜ਼ੈਤੂਨ ਦੀਆਂ ਟਾਹਣੀਆਂ ਦੀ ਪਿਓਂਦ ਚਾੜ੍ਹਨੀ—ਕਿਉਂ?
▪ ਪਹਿਲੀ ਸਦੀ ਵਿਚ ਲੁਸ਼ੀਅਸ ਜੂਨੀਅਸ ਮੋਡੇਰਾਟੱਸ ਕੌਲਿਉਮੇਲਾ ਨਾਂ ਦਾ ਇਕ ਰੋਮੀ ਸਿਪਾਹੀ ਅਤੇ ਕਿਸਾਨ ਰਹਿੰਦਾ ਸੀ। ਉਹ ਖ਼ਾਸ ਕਰਕੇ ਉਨ੍ਹਾਂ 12 ਕਿਤਾਬਾਂ ਲਈ ਜਾਣਿਆ ਜਾਂਦਾ ਹੈ ਜੋ ਉਸ ਨੇ ਪੇਂਡੂ ਜ਼ਿੰਦਗੀ ਅਤੇ ਖੇਤੀਬਾੜੀ ਬਾਰੇ ਲਿਖੀਆਂ ਸਨ।
ਆਪਣੀ ਪੰਜਵੀਂ ਕਿਤਾਬ ਵਿਚ ਉਸ ਨੇ ਇਹ ਪੁਰਾਣੀ ਕਹਾਵਤ ਵਰਤੀ: “ਜੋ ਜ਼ੈਤੂਨ ਦੇ ਬਾਗ਼ ਵਿਚ ਹਲ਼ ਚਲਾਉਂਦਾ ਹੈ, ਉਹ ਇਸ ਤੋਂ ਫਲ ਮੰਗਦਾ ਹੈ, ਜੋ ਇਸ ਵਿਚ ਖਾਦ ਪਾਉਂਦਾ ਹੈ, ਇਸ ਤੋਂ ਫਲ ਦੀ ਭੀਖ ਮੰਗਦਾ ਹੈ, ਜੋ ਇਸ ਨੂੰ ਛਾਂਗਦਾ ਹੈ, ਉਹ ਇਸ ਨੂੰ ਫਲ ਦੇਣ ਲਈ ਮਜਬੂਰ ਕਰਦਾ ਹੈ।”
ਵਧ-ਫੁੱਲ ਰਹੇ ਦਰਖ਼ਤਾਂ ਬਾਰੇ ਦੱਸਣ ਤੋਂ ਬਾਅਦ ਉਹ ਫਲ ਨਾ ਦੇਣ ਵਾਲੇ ਦਰਖ਼ਤਾਂ ਲਈ ਇਹ ਤਰੀਕਾ ਅਪਣਾਉਣ ਦੀ ਸਲਾਹ ਦਿੰਦਾ ਹੈ: “ਚੰਗਾ ਹੋਵੇਗਾ ਕਿ ਇਨ੍ਹਾਂ ਦਰਖ਼ਤਾਂ ਵਿਚ ਇਕ ਸੰਦ ਨਾਲ ਸੁਰਾਖ ਕੀਤਾ ਜਾਵੇ ਅਤੇ ਇਸ ਸੁਰਾਖ ਵਿਚ ਜੰਗਲੀ ਜ਼ੈਤੂਨ ਦੇ ਦਰਖ਼ਤ ਦੀ ਹਰੀ ਟਾਹਣੀ ਇੰਨੀ ਘੁੱਟ ਕੇ ਪਾਈ ਜਾਵੇ ਕਿ ਇਹ ਹਿੱਲੇ ਨਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਦਰਖ਼ਤ ਹੋਰ ਜ਼ਿਆਦਾ ਫਲ ਦੇਵੇਗਾ।”
[ਸਫ਼ਾ 23 ਉੱਤੇ ਤਸਵੀਰ]
ਕੀ ਤੁਸੀਂ ਜ਼ੈਤੂਨ ਦੇ ਦਰਖ਼ਤ ਦੀ ਮਿਸਾਲ ਸਮਝਦੇ ਹੋ?