ਅਧਿਐਨ ਲੇਖ 34
ਯਹੋਵਾਹ ਦੀ ਮੰਡਲੀ ਵਿਚ ਤੁਹਾਡੀ ਖ਼ਾਸ ਜਗ੍ਹਾ ਹੈ!
“ਜਿਵੇਂ ਸਰੀਰ ਇਕ ਹੁੰਦਾ ਹੈ, ਪਰ ਇਸ ਦੇ ਕਈ ਅੰਗ ਹੁੰਦੇ ਹਨ ਅਤੇ ਸਾਰੇ ਅੰਗ ਬਹੁਤ ਹੁੰਦੇ ਹੋਏ ਵੀ ਇਕ ਸਰੀਰ ਹੁੰਦੇ ਹਨ, ਇਸੇ ਤਰ੍ਹਾਂ ਮਸੀਹ ਦਾ ਸਰੀਰ ਹੈ।”—1 ਕੁਰਿੰ. 12:12.
ਗੀਤ 53 ਏਕਤਾ ਬਣਾਈ ਰੱਖੋ
ਖ਼ਾਸ ਗੱਲਾਂa
1. ਸਾਡੇ ਕੋਲ ਕਿਹੜਾ ਸਨਮਾਨ ਹੈ?
ਇਹ ਸਾਡੇ ਲਈ ਕਿੰਨੇ ਹੀ ਸਨਮਾਨ ਦੀ ਗੱਲ ਹੈ ਕਿ ਅਸੀਂ ਯਹੋਵਾਹ ਦੀ ਮੰਡਲੀ ਦਾ ਹਿੱਸਾ ਹਾਂ। ਅਸੀਂ ਉਸ ਮਾਹੌਲ ਦਾ ਆਨੰਦ ਮਾਣ ਰਹੇ ਹਾਂ ਜਿਸ ਵਿਚ ਸ਼ਾਂਤੀ-ਪਸੰਦ ਅਤੇ ਖ਼ੁਸ਼ ਲੋਕ ਹਨ। ਕੀ ਮੰਡਲੀ ਵਿਚ ਤੁਹਾਡੀ ਕੋਈ ਅਹਿਮੀਅਤ ਹੈ?
2. ਆਪਣੀਆਂ ਕਈ ਚਿੱਠੀਆਂ ਵਿਚ ਪੌਲੁਸ ਨੇ ਕਿਹੜੀ ਮਿਸਾਲ ਵਰਤੀ?
2 ਪੌਲੁਸ ਰਸੂਲ ਦੀਆਂ ਚਿੱਠੀਆਂ ਵਿਚ ਵਰਤੀ ਇਕ ਮਿਸਾਲ ਤੋਂ ਅਸੀਂ ਇਸ ਵਿਸ਼ੇ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਹਰ ਚਿੱਠੀ ਵਿਚ ਪੌਲੁਸ ਨੇ ਮੰਡਲੀ ਦੀ ਤੁਲਨਾ ਇਨਸਾਨੀ ਸਰੀਰ ਨਾਲ ਕੀਤੀ। ਨਾਲੇ ਉਸ ਨੇ ਮੰਡਲੀ ਦੇ ਮੈਂਬਰਾਂ ਦੀ ਤੁਲਨਾ ਸਰੀਰ ਦੇ ਅੰਗਾਂ ਨਾਲ ਕੀਤੀ।—ਰੋਮੀ. 12:4-8; 1 ਕੁਰਿੰ. 12:12-27; ਅਫ਼. 4:16.
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਤਿੰਨ ਜ਼ਰੂਰੀ ਗੱਲਾਂ ʼਤੇ ਗੌਰ ਕਰਾਂਗੇ?
3 ਇਸ ਲੇਖ ਵਿਚ ਅਸੀਂ ਤਿੰਨ ਜ਼ਰੂਰੀ ਗੱਲਾਂ ʼਤੇ ਗੌਰ ਕਰਾਂਗੇ ਜੋ ਅਸੀਂ ਪੌਲੁਸ ਵੱਲੋਂ ਵਰਤੀ ਮਿਸਾਲ ਤੋਂ ਸਿੱਖ ਸਕਦੇ ਹਾਂ। ਪਹਿਲੀ, ਅਸੀਂ ਸਿੱਖਾਂਗੇ ਕਿ ਯਹੋਵਾਹ ਦੀ ਮੰਡਲੀ ਵਿਚ ਸਾਡੀ ਹਰੇਕ ਦੀ ਇਕ ਖ਼ਾਸ ਜਗ੍ਹਾb ਹੈ। ਦੂਜੀ, ਅਸੀਂ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਜਦੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਮੰਡਲੀ ਵਿਚ ਸਾਡੀ ਕੋਈ ਅਹਿਮੀਅਤ ਹੈ ਜਾਂ ਨਹੀਂ। ਤੀਜੀ, ਅਸੀਂ ਦੇਖਾਂਗੇ ਕਿ ਸਾਨੂੰ ਪਰਮੇਸ਼ੁਰ ਦੀ ਮੰਡਲੀ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕਿਉਂ ਰੁੱਝੇ ਰਹਿਣਾ ਚਾਹੀਦਾ ਹੈ।
ਯਹੋਵਾਹ ਦੀ ਮੰਡਲੀ ਵਿਚ ਸਾਡੀ ਹਰ ਇਕ ਦੀ ਭੂਮਿਕਾ ਹੈ
4. ਰੋਮੀਆਂ 12:4, 5 ਤੋਂ ਅਸੀਂ ਕੀ ਸਿੱਖਦੇ ਹਾਂ?
4 ਪੌਲੁਸ ਵੱਲੋਂ ਵਰਤੀ ਮਿਸਾਲ ਤੋਂ ਅਸੀਂ ਪਹਿਲੀ ਗੱਲ ਇਹ ਸਿੱਖਦੇ ਹਾਂ ਕਿ ਯਹੋਵਾਹ ਦੇ ਪਰਿਵਾਰ ਵਿਚ ਸਾਡੀ ਹਰੇਕ ਦੀ ਇਕ ਖ਼ਾਸ ਜਗ੍ਹਾ ਹੈ। ਪੌਲੁਸ ਨੇ ਇਸ ਤਰ੍ਹਾਂ ਮਿਸਾਲ ਦੇਣੀ ਸ਼ੁਰੂ ਕੀਤੀ: “ਜਿਵੇਂ ਇਕ ਸਰੀਰ ਦੇ ਕਈ ਅੰਗ ਹੁੰਦੇ ਹਨ, ਪਰ ਸਾਰੇ ਅੰਗ ਇੱਕੋ ਕੰਮ ਨਹੀਂ ਕਰਦੇ, ਉਵੇਂ ਅਸੀਂ ਬਹੁਤ ਸਾਰੇ ਹੁੰਦੇ ਹੋਏ ਵੀ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਕ ਸਰੀਰ ਹਾਂ, ਅਤੇ ਸਾਨੂੰ ਇਕ-ਦੂਜੇ ਦੀ ਲੋੜ ਹੈ।” (ਰੋਮੀ. 12:4, 5) ਪੌਲੁਸ ਕੀ ਦੱਸਣਾ ਚਾਹੁੰਦਾ ਸੀ? ਭਾਵੇਂ ਮੰਡਲੀ ਵਿਚ ਸਾਡੀ ਹਰ ਇਕ ਦੀ ਵੱਖੋ-ਵੱਖਰੀ ਭੂਮਿਕਾ ਹੈ, ਪਰ ਅਸੀਂ ਸਾਰੇ ਹੀ ਅਹਿਮ ਹਾਂ।
5. ਮੰਡਲੀ ਨੂੰ ਯਹੋਵਾਹ ਨੇ ਕਿਹੜੇ ‘ਤੋਹਫ਼ੇ’ ਦਿੱਤੇ ਹਨ?
5 ਸ਼ਾਇਦ ਤੁਸੀਂ ਸੋਚੋ ਕਿ ਮੰਡਲੀ ਵਿਚ ਸਿਰਫ਼ ਉਨ੍ਹਾਂ ਦੀ ਹੀ ਅਹਿਮੀਅਤ ਹੈ ਜੋ ਅਗਵਾਈ ਲੈਂਦੇ ਹਨ। (1 ਥੱਸ. 5:12; ਇਬ. 13:17) ਪਰ ਯਹੋਵਾਹ ਨੇ ਮਸੀਹ ਦੇ ਜ਼ਰੀਏ ਆਪਣੀ ਮੰਡਲੀ ਵਿਚ “ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ” ਹੈ। (ਅਫ਼. 4:8) ਇਨ੍ਹਾਂ “ਤੋਹਫ਼ਿਆਂ” ਵਿਚ ਸ਼ਾਮਲ ਹਨ: ਪ੍ਰਬੰਧਕ ਸਭਾ ਦੇ ਮੈਂਬਰ, ਪ੍ਰਬੰਧਕ ਸਭਾ ਦੇ ਸਹਾਇਕ, ਬ੍ਰਾਂਚ ਕਮੇਟੀ ਦੇ ਮੈਂਬਰ, ਸਫ਼ਰੀ ਨਿਗਾਹਬਾਨ, ਸੰਗਠਨ ਦੇ ਸਕੂਲਾਂ ਵਿਚ ਸਿਖਲਾਈ ਦੇਣ ਵਾਲੇ ਭਰਾ, ਮੰਡਲੀ ਦੇ ਬਜ਼ੁਰਗ ਅਤੇ ਸਹਾਇਕ ਸੇਵਕ। ਇਨ੍ਹਾਂ ਭਰਾਵਾਂ ਨੂੰ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤਾ ਜਾਂਦਾ ਹੈ ਤਾਂਕਿ ਉਹ ਯਹੋਵਾਹ ਦੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਅਤੇ ਮੰਡਲੀ ਦਾ ਹੌਸਲਾ ਵਧਾਉਣ।—1 ਪਤ. 5:2, 3.
6. ਪਹਿਲਾ ਥੱਸਲੁਨੀਕੀਆਂ 2:6-8 ਮੁਤਾਬਕ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤੇ ਗਏ ਭਰਾ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ?
6 ਇਨ੍ਹਾਂ ਭਰਾਵਾਂ ਨੂੰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪਵਿੱਤਰ ਸ਼ਕਤੀ ਦੇ ਜ਼ਰੀਏ ਨਿਯੁਕਤ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਸਰੀਰ ਦੇ ਵੱਖੋ-ਵੱਖਰੇ ਅੰਗ, ਜਿਵੇਂ ਹੱਥ-ਪੈਰ, ਪੂਰੇ ਸਰੀਰ ਨੂੰ ਫ਼ਾਇਦਾ ਪਹੁੰਚਾਉਣ ਲਈ ਮਿਲ ਕੇ ਕੰਮ ਕਰਦੇ ਹਨ, ਉਸੇ ਤਰ੍ਹਾਂ ਇਹ ਭਰਾ ਪੂਰੀ ਮੰਡਲੀ ਦੇ ਫ਼ਾਇਦੇ ਲਈ ਸਖ਼ਤ ਮਿਹਨਤ ਕਰਦੇ ਹਨ। ਉਹ ਆਪਣੀ ਵਾਹ-ਵਾਹ ਨਹੀਂ ਕਰਾਉਣੀ ਚਾਹੁੰਦੇ, ਸਗੋਂ ਉਹ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। (1 ਥੱਸਲੁਨੀਕੀਆਂ 2:6-8 ਪੜ੍ਹੋ।) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਇਹ ਨਿਰਸੁਆਰਥ ਅਤੇ ਕਾਬਲ ਭਰਾ ਦਿੱਤੇ ਹਨ!
7. ਪੂਰੇ ਸਮੇਂ ਦੇ ਸੇਵਕ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ?
7 ਕੁਝ ਭੈਣਾਂ-ਭਰਾਵਾਂ ਨੂੰ ਮੰਡਲੀ ਵਿਚ ਮਿਸ਼ਨਰੀਆਂ, ਸਪੈਸ਼ਲ ਪਾਇਨੀਅਰਾਂ ਜਾਂ ਰੈਗੂਲਰ ਪਾਇਨੀਅਰਾਂ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਦਰਅਸਲ, ਦੁਨੀਆਂ ਭਰ ਵਿਚ ਅਜਿਹੇ ਭੈਣਾਂ-ਭਰਾਵਾਂ ਨੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਨੂੰ ਆਪਣਾ ਕੈਰੀਅਰ ਬਣਾਇਆ ਹੈ। ਇਸ ਫ਼ੈਸਲੇ ਕਰਕੇ ਉਨ੍ਹਾਂ ਨੇ ਮਸੀਹ ਦੇ ਚੇਲੇ ਬਣਨ ਵਿਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਭਾਵੇਂ ਉਨ੍ਹਾਂ ਕੋਲ ਜ਼ਿਆਦਾ ਪੈਸੇ ਨਹੀਂ, ਪਰ ਯਹੋਵਾਹ ਨੇ ਉਨ੍ਹਾਂ ਦੀ ਝੋਲ਼ੀ ਬਰਕਤਾਂ ਨਾਲ ਭਰ ਦਿੱਤੀ ਹੈ। (ਮਰ. 10:29, 30) ਅਸੀਂ ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝਦੇ ਹਾਂ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹ ਮੰਡਲੀ ਦਾ ਹਿੱਸਾ ਹਨ!
8. ਖ਼ੁਸ਼ ਖ਼ਬਰੀ ਦਾ ਹਰ ਪ੍ਰਚਾਰਕ ਯਹੋਵਾਹ ਲਈ ਅਨਮੋਲ ਕਿਉਂ ਹੈ?
8 ਕੀ ਸਿਰਫ਼ ਨਿਯੁਕਤ ਕੀਤੇ ਭਰਾਵਾਂ ਅਤੇ ਪੂਰੇ ਸਮੇਂ ਦੇ ਸੇਵਕਾਂ ਦੀ ਹੀ ਮੰਡਲੀ ਵਿਚ ਖ਼ਾਸ ਜਗ੍ਹਾ ਹੈ? ਨਹੀਂ। ਖ਼ੁਸ਼ ਖ਼ਬਰੀ ਦਾ ਹਰ ਪ੍ਰਚਾਰਕ ਪਰਮੇਸ਼ੁਰ ਅਤੇ ਮੰਡਲੀ ਲਈ ਬਹੁਤ ਅਹਿਮੀਅਤ ਰੱਖਦਾ ਹੈ। (ਰੋਮੀ. 10:15; 1 ਕੁਰਿੰ. 3:6-9) ਅਸੀਂ ਇਹ ਇਸ ਲਈ ਕਹਿੰਦੇ ਹਾਂ ਕਿਉਂਕਿ ਮੰਡਲੀ ਦਾ ਮੁੱਖ ਕੰਮ ਪ੍ਰਭੂ ਯਿਸੂ ਮਸੀਹ ਦੇ ਚੇਲੇ ਬਣਾਉਣਾ ਹੈ। (ਮੱਤੀ 28:19, 20; 1 ਤਿਮੋ. 2:4) ਮੰਡਲੀ ਦੇ ਸਾਰੇ ਪ੍ਰਚਾਰਕ ਆਪਣੀ ਜ਼ਿੰਦਗੀ ਵਿਚ ਇਸ ਕੰਮ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਦੇ ਹਨ, ਭਾਵੇਂ ਉਨ੍ਹਾਂ ਨੇ ਬਪਤਿਸਮਾ ਲਿਆ ਹੈ ਜਾਂ ਨਹੀਂ।—ਮੱਤੀ 24:14.
9. ਅਸੀਂ ਆਪਣੀਆਂ ਮਸੀਹੀ ਭੈਣਾਂ ਨੂੰ ਅਨਮੋਲ ਕਿਉਂ ਸਮਝਦੇ ਹਾਂ?
9 ਮੰਡਲੀ ਵਿਚ ਮਸੀਹੀ ਭੈਣਾਂ ਨੂੰ ਵੀ ਯਹੋਵਾਹ ਅਹਿਮ ਸਮਝਦਾ ਹੈ। ਇਨ੍ਹਾਂ ਭੈਣਾਂ ਵਿਚ ਕੁਝ ਵਿਆਹੀਆਂ ਹਨ ਤੇ ਕੁਝ ਕੁਆਰੀਆਂ, ਕੁਝ ਮਾਵਾਂ ਹਨ ਤੇ ਕੁਝ ਵਿਧਵਾਵਾਂ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀਆਂ ਹਨ। ਬਾਈਬਲ ਵਿਚ ਅਕਸਰ ਉਨ੍ਹਾਂ ਔਰਤਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ। ਉਹ ਸਮਝਦਾਰੀ, ਨਿਹਚਾ, ਜੋਸ਼, ਦਲੇਰੀ, ਖੁੱਲ੍ਹ-ਦਿਲੀ, ਅਤੇ ਭਲੇ ਕੰਮਾਂ ਦੀਆਂ ਚੰਗੀਆਂ ਮਿਸਾਲਾਂ ਹਨ। (ਲੂਕਾ 8:2, 3; ਰਸੂ. 16:14, 15; ਰੋਮੀ. 16:3, 6; ਫ਼ਿਲਿ. 4:3; ਇਬ. 11:11, 31, 35) ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਸਾਡੀਆਂ ਮੰਡਲੀਆਂ ਵਿਚ ਇਹੋ ਜਿਹੇ ਗੁਣ ਜ਼ਾਹਰ ਕਰਨ ਵਾਲੀਆਂ ਭੈਣਾਂ ਹਨ!
10. ਅਸੀਂ ਆਪਣੇ ਬਿਰਧ ਭੈਣਾਂ-ਭਰਾਵਾਂ ਨੂੰ ਅਨਮੋਲ ਕਿਉਂ ਸਮਝਦੇ ਹਾਂ?
10 ਅਸੀਂ ਖ਼ੁਸ਼ ਹਾਂ ਕਿ ਸਾਡੀ ਮੰਡਲੀ ਵਿਚ ਬਹੁਤ ਸਾਰੇ ਬਿਰਧ ਭੈਣ-ਭਰਾ ਹਨ। ਕੁਝ ਮੰਡਲੀਆਂ ਵਿਚ ਬਿਰਧ ਭੈਣ-ਭਰਾ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਕੁਝ ਹੋਰ ਬਿਰਧ ਭੈਣਾਂ-ਭਰਾਵਾਂ ਨੇ ਸ਼ਾਇਦ ਹਾਲ ਹੀ ਵਿਚ ਸੱਚਾਈ ਸਿੱਖੀ ਹੋਵੇ। ਇਹ ਭੈਣ-ਭਰਾ ਵਧਦੀ ਉਮਰ ਕਰਕੇ ਵੱਖੋ-ਵੱਖਰੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ਸਮੱਸਿਆਵਾਂ ਕਰਕੇ ਉਹ ਮੰਡਲੀ ਵਿਚ ਅਤੇ ਪ੍ਰਚਾਰ ਵਿਚ ਜ਼ਿਆਦਾ ਕੁਝ ਨਹੀਂ ਕਰ ਪਾਉਂਦੇ। ਫਿਰ ਵੀ ਜਿੰਨਾ ਹੋ ਸਕੇ, ਉਹ ਪ੍ਰਚਾਰ ਕਰਦੇ ਹਨ ਅਤੇ ਪੂਰੀ ਤਾਕਤ ਲਾ ਕੇ ਦੂਜਿਆਂ ਨੂੰ ਹੌਸਲਾ ਅਤੇ ਸਿਖਲਾਈ ਦਿੰਦੇ ਹਨ! ਨਾਲੇ ਸਾਨੂੰ ਉਨ੍ਹਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਸਾਡੀਆਂ ਨਜ਼ਰਾਂ ਵਿਚ ਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਵਾਕਈ ਖ਼ੂਬਸੂਰਤ ਹਨ।—ਕਹਾ. 16:31.
11-12. ਤੁਹਾਨੂੰ ਆਪਣੀ ਮੰਡਲੀ ਦੇ ਬੱਚਿਆਂ ਅਤੇ ਨੌਜਵਾਨਾਂ ਤੋਂ ਕਿਵੇਂ ਹੌਸਲਾ ਮਿਲਿਆ ਹੈ?
11 ਜ਼ਰਾ ਸਾਡੇ ਬੱਚਿਆਂ ਅਤੇ ਨੌਜਵਾਨਾਂ ਬਾਰੇ ਵੀ ਸੋਚੋ। ਸ਼ੈਤਾਨ ਦੇ ਵੱਸ ਵਿਚ ਪਈ ਦੁਨੀਆਂ ਵਿਚ ਉਨ੍ਹਾਂ ਨੂੰ ਕਈ ਚੁਣੌਤੀਆਂ ਆਉਂਦੀਆਂ ਹਨ ਅਤੇ ਉਸ ਦੇ ਬੁਰੇ ਵਿਚਾਰਾਂ ਦਾ ਉਨ੍ਹਾਂ ʼਤੇ ਅਸਰ ਪੈਂਦਾ ਹੈ। (1 ਯੂਹੰ. 5:19) ਪਰ ਸਾਨੂੰ ਇਹ ਦੇਖ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਉਹ ਸਭਾਵਾਂ ਵਿਚ ਜਵਾਬ ਦਿੰਦੇ ਹਨ, ਪ੍ਰਚਾਰ ਵਿਚ ਹਿੱਸਾ ਲੈਂਦੇ ਹਨ ਅਤੇ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬੋਲਦੇ ਹਨ। ਬੱਚਿਓ ਅਤੇ ਨੌਜਵਾਨੋ, ਯਹੋਵਾਹ ਦੀ ਮੰਡਲੀ ਵਿਚ ਤੁਹਾਡੀ ਇਕ ਖ਼ਾਸ ਜਗ੍ਹਾ ਹੈ!—ਜ਼ਬੂ. 8:2.
12 ਪਰ ਕੁਝ ਭੈਣਾਂ-ਭਰਾਵਾਂ ਨੂੰ ਲੱਗਦਾ ਹੈ ਕਿ ਮੰਡਲੀ ਵਿਚ ਉਨ੍ਹਾਂ ਦੀ ਕੋਈ ਖ਼ਾਸ ਅਹਿਮੀਅਤ ਨਹੀਂ ਹੈ। ਕਿਹੜੀ ਗੱਲ ਕਰਕੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਮੰਡਲੀ ਵਿਚ ਹਰੇਕ ਦੀ ਅਹਿਮੀਅਤ ਹੈ? ਆਓ ਦੇਖੀਏ।
ਮੰਡਲੀ ਵਿਚ ਤੁਹਾਡੀ ਅਹਿਮੀਅਤ ਹੈ
13-14. ਕੁਝ ਜਣਿਆਂ ਨੂੰ ਸ਼ਾਇਦ ਕਿਉਂ ਲੱਗੇ ਕਿ ਮੰਡਲੀ ਵਿਚ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ?
13 ਦੂਜੀ ਗੱਲ ʼਤੇ ਧਿਆਨ ਦਿਓ ਜੋ ਅਸੀਂ ਪੌਲੁਸ ਵੱਲੋਂ ਵਰਤੀ ਮਿਸਾਲ ਤੋਂ ਸਿੱਖ ਸਕਦੇ ਹਾਂ। ਉਹ ਇਕ ਸਮੱਸਿਆ ਵੱਲ ਸਾਡਾ ਧਿਆਨ ਖਿੱਚਦਾ ਹੈ ਜੋ ਅੱਜ ਕਈਆਂ ਨੂੰ ਆਉਂਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਮੰਡਲੀ ਵਿਚ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ। ਪੌਲੁਸ ਲਿਖਦਾ ਹੈ: “ਜੇ ਪੈਰ ਕਹੇ: ‘ਮੈਂ ਹੱਥ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਦਾ ਹਿੱਸਾ ਨਹੀਂ ਹਾਂ,’ ਤਾਂ ਕੀ ਇਹ ਇਸ ਕਰਕੇ ਸਰੀਰ ਦਾ ਅੰਗ ਨਹੀਂ ਹੁੰਦਾ? ਅਤੇ ਜੇ ਕੰਨ ਕਹੇ: ‘ਮੈਂ ਅੱਖ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਦਾ ਹਿੱਸਾ ਨਹੀਂ ਹਾਂ,’ ਤਾਂ ਕੀ ਇਹ ਇਸ ਕਰਕੇ ਸਰੀਰ ਦਾ ਅੰਗ ਨਹੀਂ ਹੁੰਦਾ?” (1 ਕੁਰਿੰ. 12:15, 16) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ?
14 ਜੇ ਤੁਸੀਂ ਮੰਡਲੀ ਵਿਚ ਆਪਣੀ ਤੁਲਨਾ ਦੂਸਰੀਆਂ ਨਾਲ ਕਰਦੇ ਹੋ, ਤਾਂ ਤੁਸੀਂ ਸ਼ਾਇਦ ਆਪਣੇ ਆਪ ਨੂੰ ਬੇਕਾਰ ਸਮਝਣ ਲੱਗ ਪਓ। ਮੰਡਲੀ ਵਿਚ ਕੁਝ ਜਣੇ ਸਿਖਾਉਣ ਵਿਚ ਮਾਹਰ ਹਨ, ਕੁਝ ਹਰ ਕੰਮ ਸਲੀਕੇ ਨਾਲ ਕਰਦੇ ਹਨ ਅਤੇ ਕੁਝ ਚੰਗੇ ਚਰਵਾਹੇ ਹਨ। ਤੁਸੀਂ ਸ਼ਾਇਦ ਸੋਚੋ ਕਿ ਤੁਹਾਡੇ ਵਿਚ ਉਨ੍ਹਾਂ ਜਿੰਨੀਆਂ ਕਾਬਲੀਅਤਾਂ ਨਹੀਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਿਮਰ ਹੋ ਅਤੇ ਆਪਣੀਆਂ ਹੱਦਾਂ ਜਾਣਦੇ ਹੋ। (ਫ਼ਿਲਿ. 2:3) ਪਰ ਖ਼ਬਰਦਾਰ ਰਹੋ! ਜੇ ਤੁਸੀਂ ਹਮੇਸ਼ਾ ਆਪਣੀ ਤੁਲਨਾ ਉਨ੍ਹਾਂ ਨਾਲ ਕਰਦੇ ਰਹਿੰਦੇ ਹੋ ਜਿਨ੍ਹਾਂ ਵਿਚ ਇਹ ਕਾਬਲੀਅਤਾਂ ਹਨ, ਤਾਂ ਤੁਸੀਂ ਨਿਰਾਸ਼ ਹੋ ਜਾਓਗੇ। ਪੌਲੁਸ ਦੇ ਕਹੇ ਮੁਤਾਬਕ ਤੁਸੀਂ ਸ਼ਾਇਦ ਇਹ ਵੀ ਸੋਚੋ ਕਿ ਮੰਡਲੀ ਵਿਚ ਤੁਹਾਡੀ ਕੋਈ ਅਹਿਮੀਅਤ ਨਹੀਂ ਹੈ। ਅਜਿਹੀਆਂ ਭਾਵਨਾਵਾਂ ʼਤੇ ਕਾਬੂ ਪਾਉਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
15. ਪਹਿਲਾ ਕੁਰਿੰਥੀਆਂ 12:4-11 ਦੇ ਮੁਤਾਬਕ ਸਾਨੂੰ ਆਪਣੇ ਕਿਸੇ ਵੀ ਹੁਨਰ ਬਾਰੇ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ?
15 ਜ਼ਰਾ ਇਸ ਗੱਲ ʼਤੇ ਗੌਰ ਕਰੋ: ਯਹੋਵਾਹ ਨੇ ਪਹਿਲੀ ਸਦੀ ਦੇ ਕੁਝ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਦੇ ਜ਼ਰੀਏ ਚਮਤਕਾਰੀ ਦਾਤਾਂ ਦਿੱਤੀਆਂ ਸਨ, ਪਰ ਸਾਰੇ ਮਸੀਹੀਆਂ ਨੂੰ ਇੱਕੋ ਜਿਹੀਆਂ ਦਾਤਾਂ ਨਹੀਂ ਮਿਲੀਆਂ ਸਨ। (1 ਕੁਰਿੰਥੀਆਂ 12:4-11 ਪੜ੍ਹੋ।) ਯਹੋਵਾਹ ਨੇ ਇਨ੍ਹਾਂ ਮਸੀਹੀਆਂ ਨੂੰ ਵੱਖੋ-ਵੱਖਰੀਆਂ ਦਾਤਾਂ ਅਤੇ ਕਾਬਲੀਅਤਾਂ ਦਿੱਤੀਆਂ ਸਨ, ਫਿਰ ਵੀ ਹਰ ਮਸੀਹੀ ਉਸ ਲਈ ਅਨਮੋਲ ਸੀ। ਅੱਜ ਸਾਨੂੰ ਪਵਿੱਤਰ ਸ਼ਕਤੀ ਦੇ ਜ਼ਰੀਏ ਚਮਤਕਾਰੀ ਦਾਤਾਂ ਨਹੀਂ ਮਿਲਦੀਆਂ। ਪਰ ਅੱਜ ਵੀ ਇਹ ਅਸੂਲ ਲਾਗੂ ਹੁੰਦਾ ਹੈ: ਸਾਡੇ ਸਾਰਿਆਂ ਵਿਚ ਸ਼ਾਇਦ ਇੱਕੋ ਜਿਹੇ ਹੁਨਰ ਨਾ ਹੋਣ, ਪਰ ਅਸੀਂ ਸਾਰੇ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਾਂ।
16. ਸਾਨੂੰ ਪੌਲੁਸ ਦੀ ਕਿਹੜੀ ਸਲਾਹ ਮੰਨਣ ਦੀ ਲੋੜ ਹੈ?
16 ਆਪਣੀ ਤੁਲਨਾ ਦੂਸਰਿਆਂ ਨਾਲ ਕਰਨ ਦੀ ਬਜਾਇ ਸਾਨੂੰ ਪੌਲੁਸ ਦੀ ਇਹ ਸਲਾਹ ਮੰਨਣ ਦੀ ਲੋੜ ਹੈ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।”—ਗਲਾ. 6:4.
17. ਪੌਲੁਸ ਦੀ ਸਲਾਹ ʼਤੇ ਚੱਲ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ?
17 ਜੇ ਅਸੀਂ ਪੌਲੁਸ ਦੀ ਸਲਾਹ ʼਤੇ ਚੱਲਾਂਗੇ ਅਤੇ ਆਪਣੇ ਕੰਮਾਂ ਦੀ ਜਾਂਚ ਕਰਾਂਗੇ, ਤਾਂ ਅਸੀਂ ਦੇਖਾਂਗੇ ਕਿ ਸਾਡੇ ਵਿਚ ਵੀ ਕੁਝ ਕਾਬਲੀਅਤਾਂ ਅਤੇ ਚੰਗੀਆਂ ਗੱਲਾਂ ਹਨ ਜੋ ਦੂਜਿਆਂ ਵਿਚ ਨਹੀਂ ਹਨ। ਮਿਸਾਲ ਲਈ, ਇਕ ਬਜ਼ੁਰਗ ਸ਼ਾਇਦ ਵਧੀਆ ਭਾਸ਼ਣ ਨਾ ਦਿੰਦਾ ਹੋਵੇ, ਪਰ ਉਹ ਚੇਲੇ ਬਣਾਉਣ ਦੇ ਕੰਮ ਵਿਚ ਬਹੁਤ ਅਸਰਕਾਰੀ ਹੋਵੇ। ਜਾਂ ਹੋ ਸਕਦਾ ਹੈ ਕਿ ਉਹ ਹਰ ਕੰਮ ਉੱਨੇ ਸਲੀਕੇ ਨਾਲ ਨਾ ਕਰ ਪਾਉਂਦਾ ਹੋਵੇ ਜਿੰਨੇ ਸਲੀਕੇ ਨਾਲ ਮੰਡਲੀ ਦੇ ਦੂਜੇ ਬਜ਼ੁਰਗ ਕਰਦੇ ਹਨ। ਪਰ ਸ਼ਾਇਦ ਉਹ ਇਕ ਵਧੀਆ ਚਰਵਾਹਾ ਹੋਵੇ ਜਿਸ ਕੋਲ ਭੈਣ-ਭਰਾ ਸਲਾਹ ਲੈਣ ਲਈ ਬੇਝਿਜਕ ਆਉਂਦੇ ਹਨ। ਜਾਂ ਸ਼ਾਇਦ ਉਹ ਵਧੀਆ ਪਰਾਹੁਣਚਾਰੀ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੋਵੇ। (ਇਬ. 13:2, 16) ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਵਿਚ ਵੀ ਕੁਝ ਕਾਬਲੀਅਤਾਂ ਹਨ, ਤਾਂ ਅਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਾਂਗੇ ਕਿ ਅਸੀਂ ਵੀ ਮੰਡਲੀ ਲਈ ਕੁਝ ਕਰ ਸਕਦੇ ਹਾਂ। ਨਾਲੇ ਅਸੀਂ ਉਨ੍ਹਾਂ ਭਰਾਵਾਂ ਨਾਲ ਈਰਖਾ ਨਹੀਂ ਕਰਾਂਗੇ ਜਿਨ੍ਹਾਂ ਵਿਚ ਸਾਡੇ ਨਾਲੋਂ ਵੱਖਰੀਆਂ ਕਾਬਲੀਅਤਾਂ ਹਨ।
18. ਅਸੀਂ ਆਪਣੀਆਂ ਕਾਬਲੀਅਤਾਂ ਨੂੰ ਕਿਵੇਂ ਨਿਖਾਰ ਕਰ ਸਕਦੇ ਹਾਂ?
18 ਮੰਡਲੀ ਵਿਚ ਭਾਵੇਂ ਅਸੀਂ ਜਿਹੜੀ ਮਰਜ਼ੀ ਭੂਮਿਕਾ ਨਿਭਾਉਂਦੇ ਹੋਈਏ, ਪਰ ਸਾਨੂੰ ਸਾਰਿਆਂ ਨੂੰ ਹੀ ਹੋਰ ਚੰਗੀ ਤਰ੍ਹਾਂ ਸੇਵਾ ਕਰਨ ਅਤੇ ਆਪਣੀਆਂ ਕਾਬਲੀਅਤਾਂ ਨਿਖਾਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਯਹੋਵਾਹ ਸਾਨੂੰ ਆਪਣੇ ਸੰਗਠਨ ਦੇ ਜ਼ਰੀਏ ਵਧੀਆ ਸਿਖਲਾਈ ਦੇ ਰਿਹਾ ਹੈ। ਮਿਸਾਲ ਲਈ, ਹਫ਼ਤੇ ਦੌਰਾਨ ਹੁੰਦੀ ਸਭਾ ਵਿਚ ਸਾਨੂੰ ਪ੍ਰਚਾਰ ਵਿਚ ਮਾਹਰ ਬਣਨ ਦੀ ਸਿਖਲਾਈ ਮਿਲਦੀ ਹੈ। ਕੀ ਤੁਸੀਂ ਇਸ ਸਿਖਲਾਈ ਦਾ ਪੂਰਾ ਫ਼ਾਇਦਾ ਲੈਂਦੇ ਹੋ?
19. ਤੁਸੀਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਦਾ ਟੀਚਾ ਕਿਵੇਂ ਹਾਸਲ ਕਰ ਸਕਦੇ ਹੋ?
19 ਯਹੋਵਾਹ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਰਾਹੀਂ ਵੀ ਸਿਖਲਾਈ ਦਿੰਦਾ ਹੈ। ਇਹ ਸਕੂਲ ਉਨ੍ਹਾਂ ਭੈਣਾਂ-ਭਰਾਵਾਂ ਲਈ ਹੈ ਜੋ ਪੂਰੇ ਸਮੇਂ ਦੀ ਸੇਵਾ ਕਰਦੇ ਹਨ ਅਤੇ ਜਿਨ੍ਹਾਂ ਦੀ ਉਮਰ 23 ਤੋਂ 65 ਸਾਲ ਦੇ ਵਿਚਕਾਰ ਹੈ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਇਹ ਟੀਚਾ ਕਦੇ ਹਾਸਲ ਨਹੀਂ ਕਰ ਸਕਦੇ। ਪਰ ਇਹ ਸੋਚਣ ਦੀ ਬਜਾਇ ਕਿ ਤੁਸੀਂ ਕਿਨ੍ਹਾਂ ਕਾਰਨਾਂ ਕਰਕੇ ਇਸ ਸਕੂਲ ਵਿਚ ਨਹੀਂ ਜਾ ਸਕਦੇ, ਇਹ ਸੋਚੋ ਕਿ ਤੁਸੀਂ ਕਿਨ੍ਹਾਂ ਕਾਰਨਾਂ ਕਰਕੇ ਜਾਣਾ ਚਾਹੁੰਦੇ ਹੋ। ਫਿਰ ਕੁਝ ਟੀਚੇ ਰੱਖੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਵਿਚ ਜਾਣ ਦੇ ਕਾਬਲ ਬਣ ਸਕਦੇ ਹੋ। ਜੋ ਕੰਮ ਤੁਹਾਨੂੰ ਨਾਮੁਮਕਿਨ ਲੱਗਦਾ ਹੈ, ਉਹ ਕੰਮ ਯਹੋਵਾਹ ਦੀ ਮਦਦ ਅਤੇ ਤੁਹਾਡੀ ਸਖ਼ਤ ਮਿਹਨਤ ਨਾਲ ਮੁਮਕਿਨ ਹੋ ਸਕਦਾ ਹੈ।
ਆਪਣੀਆਂ ਕਾਬਲੀਅਤਾਂ ਵਰਤ ਕੇ ਮੰਡਲੀ ਨੂੰ ਮਜ਼ਬੂਤ ਕਰੋ
20. ਰੋਮੀਆਂ 12:6-8 ਤੋਂ ਅਸੀਂ ਕੀ ਸਿੱਖ ਸਕਦੇ ਹਾਂ?
20 ਪੌਲੁਸ ਦੀ ਦਿੱਤੀ ਮਿਸਾਲ ਤੋਂ ਤੀਜੀ ਗੱਲ ਜੋ ਅਸੀਂ ਸਿੱਖਦੇ ਹਾਂ, ਉਹ ਰੋਮੀਆਂ 12:6-8 (ਪੜ੍ਹੋ।) ਤੋਂ ਪਤਾ ਲੱਗਦੀ ਹੈ। ਇਨ੍ਹਾਂ ਆਇਤਾਂ ਵਿਚ ਵੀ ਪੌਲੁਸ ਇਹੀ ਦੱਸਦਾ ਹੈ ਕਿ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਵਿਚ ਵੱਖੋ-ਵੱਖਰੀਆਂ ਕਾਬਲੀਅਤਾਂ ਹਨ। ਪਰ ਹੁਣ ਉਹ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਸਾਡੇ ਕੋਲ ਜੋ ਵੀ ਕਾਬਲੀਅਤ ਹੈ, ਉਸ ਨੂੰ ਅਸੀਂ ਮੰਡਲੀ ਨੂੰ ਮਜ਼ਬੂਤ ਕਰਨ ਲਈ ਵਰਤੀਏ।
21-22. ਰੌਬਰਟ ਅਤੇ ਫੈਲੀਸ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
21 ਜ਼ਰਾ ਰੌਬਰਟ ਨਾਂ ਦੇ ਭਰਾ ਦੀ ਮਿਸਾਲ ʼਤੇ ਗੌਰ ਕਰੋ। ਦੂਸਰੇ ਦੇਸ਼ ਵਿਚ ਸੇਵਾ ਕਰਨ ਤੋਂ ਬਾਅਦ ਉਸ ਨੂੰ ਆਪਣੇ ਦੇਸ਼ ਦੇ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਭਾਵੇਂ ਭਰਾਵਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਕਿਸੇ ਗ਼ਲਤੀ ਕਰਕੇ ਉਸ ਨੂੰ ਬੈਥਲ ਨਹੀਂ ਭੇਜਿਆ ਗਿਆ, ਫਿਰ ਵੀ ਉਹ ਕਹਿੰਦਾ ਹੈ: “ਕਈ ਮਹੀਨਿਆਂ ਤਕ ਮੈਂ ਉਦਾਸ ਰਿਹਾ ਕਿਉਂਕਿ ਮੈਨੂੰ ਲੱਗਿਆ ਕਿ ਵਿਦੇਸ਼ ਵਿਚ ਮੈਂ ਆਪਣੀ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਨਹੀਂ ਨਿਭਾ ਸਕਿਆ। ਕਈ ਵਾਰ ਮੇਰੇ ਮਨ ਵਿਚ ਬੈਥਲ ਸੇਵਾ ਛੱਡਣ ਦਾ ਖ਼ਿਆਲ ਵੀ ਆਇਆ।” ਉਹ ਦੁਬਾਰਾ ਖ਼ੁਸ਼ ਕਿਵੇਂ ਹੋ ਪਾਇਆ? ਉਸ ਦੇ ਨਾਲ ਦੇ ਬਜ਼ੁਰਗ ਨੇ ਉਸ ਨੂੰ ਯਾਦ ਦਿਵਾਇਆ ਕਿ ਯਹੋਵਾਹ ਨੇ ਪਹਿਲਾਂ ਸਾਨੂੰ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈ, ਉਸ ਰਾਹੀਂ ਉਸ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਤਾਂਕਿ ਅੱਜ ਅਸੀਂ ਜਿੱਥੇ ਹਾਂ, ਉੱਥੇ ਪਹਿਲਾਂ ਨਾਲੋਂ ਵਧੀਆ ਸੇਵਾ ਕਰ ਸਕੀਏ। ਰੌਬਰਟ ਨੇ ਇਹ ਗੱਲ ਸਮਝੀ ਕਿ ਜਿੱਥੇ ਉਹ ਪਹਿਲਾਂ ਸੇਵਾ ਕਰਦਾ ਸੀ, ਉਸ ਬਾਰੇ ਸੋਚੀ ਜਾਣ ਦੀ ਬਜਾਇ ਉਸ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਹੁਣ ਕੀ ਕਰ ਸਕਦਾ ਹੈ।
22 ਭਰਾ ਫੈਲੀਸ ਐਪੀਸਕੋਪੋ ਨੂੰ ਵੀ ਇਸੇ ਤਰ੍ਹਾਂ ਦੀ ਮੁਸ਼ਕਲ ਆਈ। 1956 ਵਿਚ ਉਹ ਅਤੇ ਉਸ ਦੀ ਪਤਨੀ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋਏ ਅਤੇ ਉਨ੍ਹਾਂ ਨੂੰ ਬੋਲੀਵੀਆ ਵਿਚ ਸਰਕਟ ਕੰਮ ਕਰਨ ਲਈ ਭੇਜ ਦਿੱਤਾ ਗਿਆ। 1964 ਵਿਚ ਉਨ੍ਹਾਂ ਦੇ ਇਕ ਬੱਚਾ ਹੋਇਆ। ਫੈਲੀਸ ਨੇ ਕਿਹਾ: “ਸਾਡੇ ਲਈ ਸਰਕਟ ਕੰਮ ਛੱਡਣਾ ਬਹੁਤ ਔਖਾ ਸੀ। ਜੋ ਹੋਇਆ ਉਸ ਬਾਰੇ ਸੋਚ-ਸੋਚ ਕੇ ਮੈਂ ਇਕ ਸਾਲ ਬਰਬਾਦ ਕਰ ਦਿੱਤਾ। ਪਰ ਯਹੋਵਾਹ ਦੀ ਮਦਦ ਨਾਲ ਮੈਂ ਆਪਣਾ ਰਵੱਈਆ ਬਦਲਿਆ ਅਤੇ ਇਕ ਪਿਤਾ ਵਜੋਂ ਆਪਣੀ ਨਵੀਂ ਜ਼ਿੰਮੇਵਾਰੀ ਵੱਲ ਧਿਆਨ ਦਿੱਤਾ।” ਕੀ ਤੁਸੀਂ ਵੀ ਰੌਬਰਟ ਜਾਂ ਫੈਲੀਸ ਵਾਂਗ ਨਿਰਾਸ਼ ਮਹਿਸੂਸ ਕਰਦੇ ਹੋ ਕਿਉਂਕਿ ਤੁਹਾਡੇ ਕੋਲ ਹੁਣ ਉਹ ਸਨਮਾਨ ਨਹੀਂ ਹਨ ਜੋ ਪਹਿਲਾਂ ਹੁੰਦੇ ਸਨ? ਜੇ ਹਾਂ, ਤਾਂ ਆਪਣਾ ਨਜ਼ਰੀਆ ਬਦਲੋ ਅਤੇ ਇਸ ਗੱਲ ਵੱਲ ਧਿਆਨ ਦਿਓ ਕਿ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਲਈ ਤੁਸੀਂ ਹੁਣ ਕੀ ਕਰ ਸਕਦੇ ਹੋ। ਇੱਦਾਂ ਕਰ ਕੇ ਤੁਸੀਂ ਜ਼ਿਆਦਾ ਖ਼ੁਸ਼ ਰਹੋਗੇ। ਯਹੋਵਾਹ ਦੀ ਸੇਵਾ ਕਰਦੇ ਰਹੋ, ਦੂਸਰਿਆਂ ਦੀ ਮਦਦ ਕਰਨ ਲਈ ਆਪਣੀਆਂ ਕਾਬਲੀਅਤਾਂ ਵਰਤੋ ਅਤੇ ਫਿਰ ਮੰਡਲੀ ਨੂੰ ਮਜ਼ਬੂਤ ਕਰਨ ਵਿਚ ਤੁਹਾਨੂੰ ਖ਼ੁਸ਼ੀ ਮਿਲੇਗੀ।
23. ਸਾਨੂੰ ਕੀ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
23 ਸਾਡੇ ਵਿੱਚੋਂ ਹਰੇਕ ਜਣਾ ਯਹੋਵਾਹ ਲਈ ਅਨਮੋਲ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣੀਏ। ਜੇ ਅਸੀਂ ਸਮਾਂ ਕੱਢ ਕੇ ਸੋਚ-ਵਿਚਾਰ ਕਰਦੇ ਹਾਂ ਕਿ ਅਸੀਂ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਾਂ ਅਤੇ ਫਿਰ ਇਸ ਤਰ੍ਹਾਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਅਸੀਂ ਇਹ ਨਹੀਂ ਸੋਚਾਂਗੇ ਕਿ ਮੰਡਲੀ ਵਿਚ ਸਾਡੀ ਕੋਈ ਅਹਿਮੀਅਤ ਨਹੀਂ ਹੈ। ਪਰ ਮੰਡਲੀ ਵਿਚ ਅਸੀਂ ਦੂਸਰਿਆਂ ਬਾਰੇ ਜਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਾਂ, ਉਸ ਬਾਰੇ ਕੀ? ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ? ਅਗਲੇ ਲੇਖ ਵਿਚ ਅਸੀਂ ਇਸ ਜ਼ਰੂਰੀ ਵਿਸ਼ੇ ਬਾਰੇ ਗੱਲ ਕਰਾਂਗੇ।
ਗੀਤ 24 ਇਨਾਮ ʼਤੇ ਨਜ਼ਰ ਰੱਖੋ!
a ਅਸੀਂ ਸਾਰੇ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਅਨਮੋਲ ਸਮਝੇ, ਪਰ ਸ਼ਾਇਦ ਕਦੇ-ਕਦੇ ਅਸੀਂ ਸੋਚੀਏ ਕਿ ਮੰਡਲੀ ਵਿਚ ਸਾਡੀ ਕੋਈ ਅਹਿਮੀਅਤ ਨਹੀਂ ਹੈ। ਇਸ ਲੇਖ ਦੀ ਮਦਦ ਨਾਲ ਅਸੀਂ ਦੇਖਾਂਗੇ ਕਿ ਮੰਡਲੀ ਵਿਚ ਸਾਡੀ ਹਰੇਕ ਦੀ ਇਕ ਖ਼ਾਸ ਜਗ੍ਹਾ ਹੈ।
b ਸ਼ਬਦ ਦਾ ਮਤਲਬ: ਯਹੋਵਾਹ ਦੀ ਮੰਡਲੀ ਵਿਚ ਜਗ੍ਹਾ ਹੋਣ ਦਾ ਮਤਲਬ ਹੈ ਕਿ ਤੁਸੀਂ ਮੰਡਲੀ ਨੂੰ ਮਜ਼ਬੂਤ ਕਰਨ ਲਈ ਕਿਹੜੀ ਭੂਮਿਕਾ ਨਿਭਾਉਂਦੇ ਹੋ। ਇਹ ਭੂਮਿਕਾ ਸਾਡੀ ਜਾਤ ਜਾਂ ਨਸਲ, ਅਮੀਰੀ ਜਾਂ ਗ਼ਰੀਬੀ, ਸਮਾਜ ਵਿਚ ਸਾਡੇ ਰੁਤਬੇ, ਸਾਡੇ ਸਭਿਆਚਾਰ ਜਾਂ ਪੜ੍ਹਾਈ-ਲਿਖਾਈ ʼਤੇ ਨਿਰਭਰ ਨਹੀਂ ਕਰਦੀ।
c ਤਸਵੀਰਾਂ ਬਾਰੇ ਜਾਣਕਾਰੀ: ਇਨ੍ਹਾਂ ਤਿੰਨ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਸਭਾ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਕੀ ਹੁੰਦਾ ਹੈ। ਤਸਵੀਰ 1: ਮੰਡਲੀ ਦਾ ਇਕ ਬਜ਼ੁਰਗ ਇਕ ਨਵੇਂ ਵਿਅਕਤੀ ਦਾ ਸੁਆਗਤ ਕਰਦਾ ਹੋਇਆ, ਇਕ ਜਵਾਨ ਭਰਾ ਸਟੇਜ ʼਤੇ ਮਾਇਕ ਲਾਉਣ ਜਾਂਦਾ ਹੋਇਆ ਅਤੇ ਇਕ ਜਵਾਨ ਭੈਣ ਬਜ਼ੁਰਗ ਭੈਣ ਨਾਲ ਗੱਲ ਕਰਦੀ ਹੋਈ। ਤਸਵੀਰ 2: ਬੱਚੇ, ਨੌਜਵਾਨ ਅਤੇ ਬਜ਼ੁਰਗ ਭੈਣ-ਭਰਾ ਪਹਿਰਾਬੁਰਜ ਅਧਿਐਨ ਦੌਰਾਨ ਜਵਾਬ ਦੇਣ ਲਈ ਹੱਥ ਖੜ੍ਹਾ ਕਰਦੇ ਹੋਏ। ਤਸਵੀਰ 3: ਇਕ ਭਰਾ ਅਤੇ ਉਸ ਦੀ ਪਤਨੀ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਵਿਚ ਹੱਥ ਵਟਾਉਂਦੇ ਹੋਏ। ਇਕ ਮਾਂ ਆਪਣੀ ਬੱਚੀ ਦੀ ਦਾਨ ਪਾਉਣ ਵਿਚ ਮਦਦ ਕਰਦੀ ਹੋਈ। ਇਕ ਜਵਾਨ ਭਰਾ ਪ੍ਰਕਾਸ਼ਨਾਂ ਦੀ ਸਾਂਭ-ਸੰਭਾਲ ਕਰਦਾ ਹੋਇਆ ਅਤੇ ਇਕ ਭਰਾ ਇਕ ਬਜ਼ੁਰਗ ਭੈਣ ਦਾ ਹੌਸਲਾ ਵਧਾਉਂਦਾ ਹੋਇਆ।