ਰੋਮੀਆਂ ਨੂੰ ਚਿੱਠੀ
16 ਮੈਂ ਤੁਹਾਨੂੰ ਸਾਡੀ ਭੈਣ ਫ਼ੀਬੀ ਲਈ ਬੇਨਤੀ* ਕਰਦਾ ਹਾਂ ਜਿਹੜੀ ਕੰਖਰਿਆ ਮੰਡਲੀ ਵਿਚ ਸੇਵਾ ਕਰਦੀ ਹੈ।+ 2 ਮਸੀਹ ਨਾਲ ਏਕਤਾ ਵਿਚ ਬੱਝੀ ਹੋਣ ਕਰਕੇ ਤੁਸੀਂ ਉਸ ਦਾ ਉਸੇ ਤਰ੍ਹਾਂ ਸੁਆਗਤ ਕਰਨਾ ਜਿਵੇਂ ਪਵਿੱਤਰ ਸੇਵਕਾਂ ਦਾ ਕੀਤਾ ਜਾਂਦਾ ਹੈ*+ ਅਤੇ ਲੋੜ ਮੁਤਾਬਕ ਉਸ ਦੀ ਮਦਦ ਕਰਨੀ ਕਿਉਂਕਿ ਉਸ ਨੇ ਮੇਰੀ ਅਤੇ ਹੋਰ ਕਈ ਭਰਾਵਾਂ ਦੀ ਰੱਖਿਆ ਕੀਤੀ ਸੀ।
3 ਪਰਿਸਕਾ* ਤੇ ਅਕੂਲਾ ਨੂੰ ਨਮਸਕਾਰ+ ਜਿਹੜੇ ਮੇਰੇ ਨਾਲ ਮਸੀਹ ਯਿਸੂ ਦਾ ਕੰਮ ਕਰਦੇ ਹਨ। 4 ਉਨ੍ਹਾਂ ਨੇ ਮੇਰੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ।+ ਇਸ ਲਈ ਸਿਰਫ਼ ਮੈਂ ਹੀ ਉਨ੍ਹਾਂ ਦਾ ਧੰਨਵਾਦ ਨਹੀਂ ਕਰਦਾ, ਸਗੋਂ ਗ਼ੈਰ-ਯਹੂਦੀ ਮਸੀਹੀਆਂ ਦੀਆਂ ਸਾਰੀਆਂ ਮੰਡਲੀਆਂ ਵੀ ਕਰਦੀਆਂ ਹਨ। 5 ਪਰਿਸਕਾ ਤੇ ਅਕੂਲਾ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਵੀ ਮੇਰਾ ਨਮਸਕਾਰ।+ ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਮਸੀਹ ਲਈ ਏਸ਼ੀਆ* ਦਾ ਪਹਿਲਾ ਫਲ ਹੈ। 6 ਮਰੀਅਮ ਨੂੰ ਨਮਸਕਾਰ ਜਿਸ ਨੇ ਤੁਹਾਡੇ ਲਈ ਬੜੀ ਮਿਹਨਤ ਕੀਤੀ ਹੈ। 7 ਮੇਰੇ ਰਿਸ਼ਤੇਦਾਰਾਂ+ ਅਤੇ ਮੇਰੇ ਨਾਲ ਕੈਦ ਕੱਟਣ ਵਾਲੇ ਅੰਦਰੁਨਿਕੁਸ ਤੇ ਯੂਨਿਆਸ ਨੂੰ ਨਮਸਕਾਰ। ਇਨ੍ਹਾਂ ਦੋਵਾਂ ਦਾ ਰਸੂਲਾਂ ਵਿਚ ਚੰਗਾ ਨਾਂ ਹੈ ਅਤੇ ਇਹ ਮੇਰੇ ਨਾਲੋਂ ਜ਼ਿਆਦਾ ਸਮੇਂ ਤੋਂ ਮਸੀਹ ਦੇ ਚੇਲੇ ਹਨ।
8 ਮੇਰੇ ਪਿਆਰੇ ਮਸੀਹੀ ਭਰਾ ਅੰਪਲਿਆਤੁਸ ਨੂੰ ਨਮਸਕਾਰ। 9 ਸਾਡੇ ਨਾਲ ਮਸੀਹ ਦਾ ਕੰਮ ਕਰਨ ਵਾਲੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਨਮਸਕਾਰ। 10 ਮਸੀਹ ਦੇ ਵਫ਼ਾਦਾਰ ਚੇਲੇ ਅਪਿੱਲੇਸ ਨੂੰ ਨਮਸਕਾਰ। ਅਰਿਸਤੁਬੂਲੁਸ ਦੇ ਘਰ ਦੇ ਜੀਆਂ ਨੂੰ ਨਮਸਕਾਰ। 11 ਮੇਰੇ ਰਿਸ਼ਤੇਦਾਰ ਹੇਰੋਦਿਓਨ ਨੂੰ ਨਮਸਕਾਰ। ਨਰਕਿਸੁੱਸ ਦੇ ਘਰ ਦੇ ਜੀਆਂ ਨੂੰ ਨਮਸਕਾਰ ਜਿਹੜੇ ਪ੍ਰਭੂ ਦੇ ਚੇਲੇ ਹਨ। 12 ਤਰੁਫ਼ੈਨਾ ਤੇ ਤਰੁਫ਼ੋਸਾ ਨੂੰ ਨਮਸਕਾਰ। ਇਹ ਭੈਣਾਂ ਪ੍ਰਭੂ ਦੀ ਸੇਵਾ ਵਿਚ ਬਹੁਤ ਮਿਹਨਤ ਕਰਦੀਆਂ ਹਨ। ਸਾਡੀ ਪਿਆਰੀ ਭੈਣ ਪਰਸੀਸ ਨੂੰ ਨਮਸਕਾਰ ਜਿਸ ਨੇ ਪ੍ਰਭੂ ਦੀ ਸੇਵਾ ਵਿਚ ਬਹੁਤ ਮਿਹਨਤ ਕੀਤੀ ਹੈ। 13 ਰੂਫੁਸ ਨੂੰ ਨਮਸਕਾਰ ਜਿਹੜਾ ਪ੍ਰਭੂ ਦਾ ਵਧੀਆ ਸੇਵਕ ਹੈ। ਉਸ ਦੀ ਮਾਤਾ ਨੂੰ ਵੀ ਨਮਸਕਾਰ ਜਿਹੜੀ ਮੇਰੀ ਮਾਂ ਵਰਗੀ ਹੈ। 14 ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤਰੂਬਸ, ਹਿਰਮਾਸ ਅਤੇ ਉਨ੍ਹਾਂ ਨਾਲ ਹੋਰ ਭਰਾਵਾਂ ਨੂੰ ਨਮਸਕਾਰ। 15 ਫਿਲੁਲੁਗੁਸ ਤੇ ਯੂਲੀਆ ਨੂੰ, ਨੇਰੀਉਸ ਤੇ ਉਸ ਦੀ ਭੈਣ ਨੂੰ, ਉਲੁੰਪਾਸ ਅਤੇ ਉਨ੍ਹਾਂ ਨਾਲ ਹੋਰ ਸਾਰੇ ਪਵਿੱਤਰ ਸੇਵਕਾਂ ਨੂੰ ਨਮਸਕਾਰ। 16 ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। ਮਸੀਹ ਦੀਆਂ ਸਾਰੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ।
17 ਭਰਾਵੋ, ਹੁਣ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਫੁੱਟਾਂ ਪਾਉਣ ਵਾਲੇ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਵਾਲੇ ਆਦਮੀਆਂ ਉੱਤੇ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਦੂਰ ਰਹੋ ਕਿਉਂਕਿ ਉਹ ਆਦਮੀ ਉਸ ਸਿੱਖਿਆ ਤੋਂ ਉਲਟ ਚੱਲਦੇ ਹਨ ਜਿਹੜੀ ਸਿੱਖਿਆ ਤੁਸੀਂ ਲਈ ਹੈ।+ 18 ਇਹੋ ਜਿਹੇ ਆਦਮੀ ਸਾਡੇ ਪ੍ਰਭੂ ਅਤੇ ਮਸੀਹ ਦੇ ਗ਼ੁਲਾਮ ਨਹੀਂ ਹਨ, ਸਗੋਂ ਉਹ ਆਪਣੀਆਂ ਬੁਰੀਆਂ ਇੱਛਾਵਾਂ* ਦੇ ਗ਼ੁਲਾਮ ਹਨ ਅਤੇ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਅਤੇ ਚਾਪਲੂਸੀਆਂ ਨਾਲ ਭੋਲੇ-ਭਾਲੇ ਲੋਕਾਂ ਦੇ ਦਿਲਾਂ ਨੂੰ ਭਰਮਾ ਲੈਂਦੇ ਹਨ। 19 ਤੁਹਾਡੀ ਆਗਿਆਕਾਰੀ ਦੀ ਚਰਚਾ ਸਾਰੀ ਜਗ੍ਹਾ ਹੁੰਦੀ ਹੈ। ਇਸ ਲਈ ਮੈਨੂੰ ਤੁਹਾਡੇ ਕਰਕੇ ਖ਼ੁਸ਼ੀ ਹੁੰਦੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੀਆਂ ਗੱਲਾਂ ਦੇ ਮਾਮਲੇ ਵਿਚ ਬੁੱਧੀਮਾਨ ਬਣੋ, ਪਰ ਬੁਰੀਆਂ ਗੱਲਾਂ ਦੇ ਮਾਮਲੇ ਵਿਚ ਭੋਲੇ ਬਣੋ।+ 20 ਜਲਦੀ ਹੀ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਦੇਵੇਗਾ ਕਿ ਤੁਸੀਂ ਸ਼ੈਤਾਨ ਨੂੰ ਆਪਣੇ ਪੈਰਾਂ ਹੇਠ ਕੁਚਲ ਦਿਓ।+ ਸਾਡੇ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।
21 ਮੇਰੇ ਸਹਿਕਰਮੀ ਤਿਮੋਥਿਉਸ ਵੱਲੋਂ ਅਤੇ ਮੇਰੇ ਰਿਸ਼ਤੇਦਾਰਾਂ ਲੂਕੀਉਸ, ਯਸੋਨ ਤੇ ਸੋਸੀਪਤਰੁਸ ਵੱਲੋਂ ਤੁਹਾਨੂੰ ਨਮਸਕਾਰ।+
22 ਮੈਂ ਤਰਤਿਉਸ ਨੇ ਪੌਲੁਸ ਦੀ ਇਹ ਚਿੱਠੀ ਲਿਖੀ ਹੈ ਅਤੇ ਪ੍ਰਭੂ ਦਾ ਚੇਲਾ ਹੋਣ ਦੇ ਨਾਤੇ ਤੁਹਾਨੂੰ ਨਮਸਕਾਰ ਕਰਦਾ ਹਾਂ।
23 ਗਾਉਸ+ ਵੱਲੋਂ ਤੁਹਾਨੂੰ ਨਮਸਕਾਰ ਜਿਸ ਦੇ ਘਰ ਮੈਂ ਠਹਿਰਿਆ ਹੋਇਆ ਹਾਂ ਅਤੇ ਜਿਸ ਦੇ ਘਰ ਮੰਡਲੀ ਇਕੱਠੀ ਹੁੰਦੀ ਹੈ। ਸ਼ਹਿਰ ਦੇ ਖ਼ਜ਼ਾਨਚੀ* ਅਰਾਸਤੁਸ ਅਤੇ ਉਸ ਦੇ ਭਰਾ ਕੁਆਰਤੁਸ ਵੱਲੋਂ ਨਮਸਕਾਰ। 24 *—
25 ਭਰਾਵੋ, ਮੈਂ ਜਿਸ ਖ਼ੁਸ਼ ਖ਼ਬਰੀ ਦਾ ਐਲਾਨ ਕਰਦਾ ਹਾਂ ਅਤੇ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਹਾਂ, ਉਸ ਦੇ ਜ਼ਰੀਏ ਪਰਮੇਸ਼ੁਰ ਤੁਹਾਨੂੰ ਮਜ਼ਬੂਤ ਬਣਾ ਸਕਦਾ ਹੈ। ਇਹ ਸੰਦੇਸ਼ ਪਵਿੱਤਰ ਭੇਤ+ ਦੇ ਜ਼ਰੀਏ ਪ੍ਰਗਟ ਕੀਤਾ ਗਿਆ ਹੈ ਜੋ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ। 26 ਪਰ ਹੁਣ ਧਰਮ-ਗ੍ਰੰਥ ਵਿਚ ਦਰਜ ਭਵਿੱਖਬਾਣੀਆਂ ਰਾਹੀਂ ਇਸ ਭੇਤ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ। ਸਾਡੇ ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਸਾਰੀਆਂ ਕੌਮਾਂ ਨੂੰ ਇਸ ਭੇਤ ਬਾਰੇ ਦੱਸਿਆ ਜਾਵੇ ਤਾਂਕਿ ਕੌਮਾਂ ਉਸ ਉੱਤੇ ਨਿਹਚਾ ਕਰ ਕੇ ਉਸ ਦੀਆਂ ਆਗਿਆਕਾਰ ਬਣਨ। 27 ਯਿਸੂ ਮਸੀਹ ਦੇ ਜ਼ਰੀਏ ਇੱਕੋ-ਇਕ ਬੁੱਧੀਮਾਨ ਪਰਮੇਸ਼ੁਰ+ ਦੀ ਯੁਗੋ-ਯੁਗ ਮਹਿਮਾ ਹੋਵੇ। ਆਮੀਨ।