ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਦੇਣਾ
“ਸਭਨਾਂ ਦਾ ਹੱਕ ਭਰ ਦਿਓ।”—ਰੋਮੀਆਂ 13:7.
1, 2. (ੳ) ਯਿਸੂ ਦੇ ਅਨੁਸਾਰ, ਮਸੀਹੀਆਂ ਨੂੰ ਪਰਮੇਸ਼ੁਰ ਦੇ ਪ੍ਰਤੀ ਅਤੇ ਕੈਸਰ ਦੇ ਪ੍ਰਤੀ ਆਪਣੇ ਫ਼ਰਜ਼ ਕਿਵੇਂ ਸੰਤੁਲਿਤ ਕਰਨੇ ਚਾਹੀਦੇ ਹਨ? (ਅ) ਯਹੋਵਾਹ ਦੇ ਗਵਾਹਾਂ ਦੀ ਪ੍ਰਥਮ ਚਿੰਤਾ ਕੀ ਹੈ?
ਯਿਸੂ ਦੇ ਅਨੁਸਾਰ, ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਕਾਰਨ ਅਸੀਂ ਪਰਮੇਸ਼ੁਰ ਦੇ ਦੇਣਦਾਰ ਹਨ ਅਤੇ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਕਾਰਨ ਅਸੀਂ ਕੈਸਰ, ਜਾਂ ਸਰਕਾਰ ਦੇ ਦੇਣਦਾਰ ਹਨ। ਯਿਸੂ ਨੇ ਕਿਹਾ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” ਇਨ੍ਹਾਂ ਕੁਝ ਸ਼ਬਦਾਂ ਵਿਚ, ਉਸ ਨੇ ਆਪਣੇ ਵੈਰੀਆਂ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਅਤੇ ਸਫ਼ਾਈ ਨਾਲ ਉਸ ਸੰਤੁਲਿਤ ਰਵੱਈਏ ਦਾ ਸਾਰਾਂਸ਼ ਪੇਸ਼ ਕੀਤਾ ਜੋ ਸਾਨੂੰ ਪਰਮੇਸ਼ੁਰ ਦੇ ਨਾਲ ਆਪਣੇ ਸੰਬੰਧ ਵਿਚ ਅਤੇ ਸਰਕਾਰ ਦੇ ਨਾਲ ਆਪਣੇ ਵਰਤਾਉ ਵਿਚ ਰੱਖਣਾ ਚਾਹੀਦਾ ਹੈ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਦੇ ਸ੍ਰੋਤੇ “ਉਸ ਤੋਂ ਬਹੁਤ ਹੈਰਾਨ ਹੋਏ”!—ਮਰਕੁਸ 12:17.
2 ਬੇਸ਼ੱਕ, ਯਹੋਵਾਹ ਦੇ ਸੇਵਕਾਂ ਦੀ ਪ੍ਰਥਮ ਚਿੰਤਾ ਇਹ ਹੈ ਕਿ ਉਹ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦੇਣ। (ਜ਼ਬੂਰ 116:12-14) ਪਰੰਤੂ, ਇੰਜ ਕਰਨ ਵਿਚ ਉਹ ਭੁੱਲ ਨਹੀਂ ਜਾਂਦੇ ਕਿ ਯਿਸੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੁਝ ਖ਼ਾਸ ਚੀਜ਼ਾਂ ਕੈਸਰ ਨੂੰ ਅਦਾ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਬਾਈਬਲ-ਸਿੱਖਿਅਤ ਅੰਤਹਕਰਣ ਮੰਗ ਕਰਦੇ ਹਨ ਕਿ ਉਹ ਪ੍ਰਾਰਥਨਾਪੂਰਣ ਢੰਗ ਨਾਲ ਵਿਚਾਰ ਕਰਨ ਕਿ ਉਹ ਕਿਸ ਹੱਦ ਤਕ ਕੈਸਰ ਵੱਲੋਂ ਮੰਗੀਆਂ ਹੋਈਆਂ ਚੀਜ਼ਾਂ ਨੂੰ ਦੇ ਸਕਦੇ ਹਨ। (ਰੋਮੀਆਂ 13:7) ਆਧੁਨਿਕ ਸਮਿਆਂ ਵਿਚ, ਅਨੇਕ ਵਿਧੀਵੇਤਾਵਾਂ ਨੇ ਇਸ ਗੱਲ ਨੂੰ ਪਛਾਣਿਆ ਹੈ ਕਿ ਸਰਕਾਰੀ ਸ਼ਕਤੀ ਦੀਆਂ ਵੀ ਸੀਮਾਵਾਂ ਹਨ ਅਤੇ ਕਿ ਹਰ ਜਗ੍ਹਾ ਦੀ ਪਰਜਾ ਅਤੇ ਸਰਕਾਰ ਕੁਦਰਤੀ ਨਿਯਮ ਦੁਆਰਾ ਸੀਮਾਬੱਧ ਹਨ।
3, 4. ਕੁਦਰਤੀ ਨਿਯਮ, ਇਲਹਾਮੀ ਨਿਯਮ, ਅਤੇ ਮਾਨਵ ਨਿਯਮ ਬਾਰੇ ਕਿਹੜੀਆਂ ਦਿਲਚਸਪ ਟਿੱਪਣੀਆਂ ਕੀਤੀਆਂ ਗਈਆਂ ਹਨ?
3 ਰਸੂਲ ਪੌਲੁਸ ਨੇ ਸੰਸਾਰ ਦੇ ਲੋਕਾਂ ਬਾਰੇ ਲਿਖਦੇ ਸਮੇਂ, ਇਸ ਕੁਦਰਤੀ ਨਿਯਮ ਦਾ ਜ਼ਿਕਰ ਕੀਤਾ: “ਪਰਮੇਸ਼ੁਰ ਦੇ ਵਿਖੇ ਜੋ ਕੁਝ ਮਲੂਮ ਹੋ ਸੱਕਦਾ ਹੈ ਸੋ ਉਨ੍ਹਾਂ ਵਿੱਚ ਪਰਕਾਸ਼ ਹੈ ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪਰਗਟ ਕੀਤਾ। ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ। ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ।” ਜੇਕਰ ਉਹ ਇਸ ਨੂੰ ਪ੍ਰਤਿਕ੍ਰਿਆ ਦਿਖਾਉਣਗੇ, ਤਾਂ ਕੁਦਰਤੀ ਨਿਯਮ ਇਨ੍ਹਾਂ ਅਵਿਸ਼ਵਾਸੀਆਂ ਦਿਆਂ ਅੰਤਹਕਰਣਾਂ ਨੂੰ ਵੀ ਪ੍ਰੇਰਿਤ ਕਰੇਗਾ। ਇਸ ਲਈ, ਪੌਲੁਸ ਨੇ ਅੱਗੇ ਕਿਹਾ: “ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ।”—ਰੋਮੀਆਂ 1:19, 20; 2:14, 15.
4 ਅਠਾਰ੍ਹਵੀਂ ਸਦੀ ਵਿਚ, ਪ੍ਰਸਿੱਧ ਅੰਗ੍ਰੇਜ਼ੀ ਵਿਧੀਵੇਤਾ ਵਿਲਿਅਮ ਬਲੈਕਸਟੋਨ ਨੇ ਲਿਖਿਆ: “ਇਹ ਕੁਦਰਤ ਦਾ ਨਿਯਮ [ਕੁਦਰਤੀ ਨਿਯਮ], ਮਨੁੱਖਜਾਤੀ ਦੇ ਨਾਲ ਸਮਕਾਲੀ [ਸਮਾਨ ਉਮਰ ਦੇ] ਹੋਣ ਅਤੇ ਖ਼ੁਦ ਪਰਮੇਸ਼ੁਰ ਦੁਆਰਾ ਆਦੇਸ਼ ਕੀਤੇ ਜਾਣ ਕਰਕੇ, ਨਿਰਸੰਦੇਹ ਫ਼ਰਜ਼ ਦੇ ਲਿਹਾਜ਼ ਵਿਚ ਹੋਰ ਕਿਸੇ ਦੂਸਰੇ ਨਿਯਮ ਤੋਂ ਉੱਚ ਹੈ। ਇਹ ਪੂਰੀ ਧਰਤੀ ਵਿਚ, ਸਾਰੇ ਦੇਸ਼ਾਂ ਵਿਚ, ਅਤੇ ਹਰ ਸਮੇਂ ਤੇ ਲਾਜ਼ਮੀ ਹੈ: ਕੋਈ ਵੀ ਮਾਨਵ ਨਿਯਮ, ਜੇਕਰ ਇਸ ਕੁਦਰਤੀ ਨਿਯਮ ਦੇ ਉਲਟ ਹੋਣ, ਵੈਧ ਨਹੀਂ ਠਹਿਰਨਗੇ।” ਬਲੈਕਸਟੋਨ ਨੇ ਅੱਗੇ ਜਾ ਕੇ ਬਾਈਬਲ ਵਿਚ ਪਾਏ ਜਾਣ ਵਾਲੇ “ਇਲਹਾਮੀ ਨਿਯਮ” ਬਾਰੇ ਚਰਚਾ ਕੀਤੀ, ਅਤੇ ਉਸ ਨੇ ਟਿੱਪਣੀ ਦਿੱਤੀ: “ਇਨ੍ਹਾਂ ਦੋ ਬੁਨਿਆਦਾਂ ਉੱਤੇ, ਕੁਦਰਤ ਦਾ ਨਿਯਮ ਅਤੇ ਇਲਹਾਮ ਦਾ ਨਿਯਮ, ਸਾਰੇ ਮਾਨਵ ਨਿਯਮ ਨਿਰਭਰ ਕਰਦੇ ਹਨ; ਯਾਨੀ ਕਿ, ਕਿਸੇ ਵੀ ਮਾਨਵ ਨਿਯਮ ਨੂੰ ਇਨ੍ਹਾਂ ਦੇ ਵਿਰੁੱਧ ਜਾਣ ਲਈ ਸਹਿਣ ਨਹੀਂ ਕੀਤਾ ਜਾਣਾ [ਇਜਾਜ਼ਤ ਦੇਣਾ ਨਹੀਂ] ਚਾਹੀਦਾ ਹੈ।” ਇਹ ਮਰਕੁਸ 12:17 ਵਿਚ ਦਰਜ ਉਸ ਗੱਲ ਦੇ ਅਨੁਸਾਰ ਹੈ ਜੋ ਯਿਸੂ ਨੇ ਪਰਮੇਸ਼ੁਰ ਅਤੇ ਕੈਸਰ ਦੇ ਬਾਰੇ ਕਹੀ ਸੀ। ਸਪੱਸ਼ਟ ਤੌਰ ਤੇ, ਅਜਿਹੇ ਖੇਤਰ ਹਨ ਜਿੱਥੇ ਪਰਮੇਸ਼ੁਰ ਕੈਸਰ ਨੂੰ ਸੀਮਿਤ ਕਰਦਾ ਹੈ ਕਿ ਉਹ ਇਕ ਮਸੀਹੀ ਤੋਂ ਕਿਨ੍ਹਾਂ ਗੱਲਾਂ ਦੀ ਮੰਗ ਕਰ ਸਕਦਾ ਹੈ। ਮਹਾਸਭਾ ਅਜਿਹੇ ਹੀ ਇਕ ਖੇਤਰ ਵਿਚ ਪ੍ਰਵੇਸ਼ ਕਰ ਗਈ ਸੀ ਜਦੋਂ ਉਨ੍ਹਾਂ ਨੇ ਰਸੂਲਾਂ ਨੂੰ ਯਿਸੂ ਦੇ ਬਾਰੇ ਪ੍ਰਚਾਰ ਨੂੰ ਬੰਦ ਕਰਨ ਲਈ ਹੁਕਮ ਦਿੱਤਾ ਸੀ। ਇਸ ਲਈ, ਰਸੂਲਾਂ ਨੇ ਸਹੀ ਢੰਗ ਨਾਲ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:28, 29.
‘ਪਰਮੇਸ਼ੁਰ ਦੀਆਂ ਚੀਜ਼ਾਂ’
5, 6. (ੳ) ਰਾਜ 1914 ਵਿਚ ਆਰੰਭ ਹੋ ਚੁੱਕਣ ਦੇ ਕਾਰਨ, ਮਸੀਹੀਆਂ ਨੂੰ ਕਿਹੜੀ ਗੱਲ ਹੋਰ ਗਹੁ ਨਾਲ ਯਾਦ ਰੱਖਣੀ ਚਾਹੀਦੀ ਹੈ? (ਅ) ਇਕ ਮਸੀਹੀ ਕਿਵੇਂ ਸਬੂਤ ਦਿੰਦਾ ਹੈ ਕਿ ਉਹ ਇਕ ਧਰਮ-ਸੇਵਕ ਹੈ?
5 ਖ਼ਾਸ ਤੌਰ ਤੇ 1914 ਤੋਂ, ਜਦੋਂ ਸਰਬਸ਼ਕਤੀਮਾਨ, ਯਹੋਵਾਹ ਪਰਮੇਸ਼ੁਰ ਨੇ ਮਸੀਹ ਦੇ ਮਸੀਹਾਈ ਰਾਜ ਦੇ ਰਾਹੀਂ ਰਾਜਾ ਦੇ ਤੌਰ ਤੇ ਸ਼ਾਸਨ ਕਰਨਾ ਆਰੰਭ ਕੀਤਾ, ਮਸੀਹੀਆਂ ਨੂੰ ਨਿਸ਼ਚਿਤ ਕਰਨਾ ਜ਼ਰੂਰੀ ਸੀ ਕਿ ਉਹ ਪਰਮੇਸ਼ੁਰ ਦੀਆਂ ਚੀਜ਼ਾਂ ਕੈਸਰ ਨੂੰ ਨਾ ਦੇ ਦੇਣ। (ਪਰਕਾਸ਼ ਦੀ ਪੋਥੀ 11:15, 17) ਜਿਵੇਂ ਪਹਿਲਾਂ ਕਦੇ ਵੀ ਨਹੀਂ ਸੀ, ਹੁਣ ਪਰਮੇਸ਼ੁਰ ਦਾ ਨਿਯਮ ਮਸੀਹੀਆਂ ਤੋਂ “ਜਗਤ ਦੇ ਨਹੀਂ” ਹੋਣ ਦੀ ਮੰਗ ਕਰਦਾ ਹੈ। (ਯੂਹੰਨਾ 17:16) ਪਰਮੇਸ਼ੁਰ, ਆਪਣੇ ਜੀਵਨ-ਦਾਤਾ, ਨੂੰ ਸਮਰਪਿਤ ਹੋਣ ਕਰਕੇ, ਉਨ੍ਹਾਂ ਨੂੰ ਸਪੱਸ਼ਟ ਤੌਰ ਤੇ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਕਿ ਹੁਣ ਉਨ੍ਹਾਂ ਦਾ ਆਪਣੇ ਉੱਤੇ ਕੋਈ ਅਧਿਕਾਰ ਨਹੀਂ ਹੈ। (ਜ਼ਬੂਰ 100:2, 3) ਜਿਵੇਂ ਕਿ ਪੌਲੁਸ ਨੇ ਲਿਖਿਆ, ‘ਅਸੀਂ ਪ੍ਰਭੁ ਦੇ ਹਾਂ।’ (ਰੋਮੀਆਂ 14:8) ਇਸ ਤੋਂ ਇਲਾਵਾ, ਇਕ ਮਸੀਹੀ ਦੇ ਬਪਤਿਸਮੇ ਤੇ, ਉਸ ਨੂੰ ਪਰਮੇਸ਼ੁਰ ਦੇ ਇਕ ਸੇਵਕ ਵਜੋਂ ਥਾਪਿਆ ਜਾਂਦਾ ਹੈ, ਤਾਂ ਜੋ ਉਹ ਪੌਲੁਸ ਦੇ ਸਮਾਨ ਕਹਿ ਸਕਦਾ ਹੈ: “ਪਰਮੇਸ਼ੁਰ . . . ਨੇ ਸਾਨੂੰ . . . ਸੇਵਕ ਹੋਣ ਦੇ ਜੋਗ ਵੀ ਬਣਾਇਆ।”—2 ਕੁਰਿੰਥੀਆਂ 3:5, 6.
6 ਰਸੂਲ ਪੌਲੁਸ ਨੇ ਇਹ ਵੀ ਲਿਖਿਆ: “ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ।” (ਰੋਮੀਆਂ 11:13) ਯਕੀਨਨ ਸਾਨੂੰ ਵੀ ਇਹੋ ਹੀ ਕਰਨਾ ਚਾਹੀਦਾ ਹੈ। ਭਾਵੇਂ ਅਸੀਂ ਸੇਵਕਾਈ ਵਿਚ ਪੂਰਣ-ਕਾਲੀ ਜਾਂ ਅੰਸ਼ਕਾਲੀ ਭਾਗ ਲੈਂਦੇ ਹਾਂ, ਅਸੀਂ ਯਾਦ ਰੱਖਦੇ ਹਾਂ ਕਿ ਖ਼ੁਦ ਯਹੋਵਾਹ ਨੇ ਸਾਨੂੰ ਸਾਡੀ ਸੇਵਕਾਈ ਲਈ ਨਿਯੁਕਤ ਕੀਤਾ ਹੈ। (2 ਕੁਰਿੰਥੀਆਂ 2:17) ਕਿਉਂ ਜੋ ਕੁਝ ਲੋਕ ਸ਼ਾਇਦ ਸਾਡੀ ਸਥਿਤੀ ਉੱਤੇ ਇਤਰਾਜ਼ ਕਰਨ, ਹਰ ਸਮਰਪਿਤ, ਬਪਤਿਸਮਾ-ਪ੍ਰਾਪਤ ਮਸੀਹੀ ਨੂੰ ਸਪੱਸ਼ਟ ਅਤੇ ਠੋਸ ਸਬੂਤ ਪੇਸ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਕਿ ਉਹ ਸੱਚ-ਮੁੱਚ ਹੀ ਖ਼ੁਸ਼ ਖ਼ਬਰੀ ਦਾ ਇਕ ਸੇਵਕ ਹੈ। (1 ਪਤਰਸ 3:15) ਉਸ ਦੀ ਸੇਵਕਾਈ ਉਸ ਦੇ ਆਚਰਣ ਵਿਚ ਵੀ ਸਪੱਸ਼ਟ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੇ ਇਕ ਸੇਵਕ ਦੇ ਤੌਰ ਤੇ, ਇਕ ਮਸੀਹੀ ਨੂੰ ਸ਼ੁੱਧ ਨੇਕ-ਚੱਲਣ ਦੀ ਹਿਮਾਇਤ ਕਰਨੀ ਅਤੇ ਅਭਿਆਸ ਕਰਨਾ, ਪਰਿਵਾਰਕ ਏਕਤਾ ਦਾ ਸਮਰਥਨ ਕਰਨਾ, ਈਮਾਨਦਾਰ ਹੋਣਾ, ਅਤੇ ਕਾਨੂੰਨ ਨਾਲੇ ਵਿਵਸਥਾ ਦੇ ਲਈ ਆਦਰ ਦਿਖਾਉਣਾ ਚਾਹੀਦਾ ਹੈ। (ਰੋਮੀਆਂ 12:17, 18; 1 ਥੱਸਲੁਨੀਕੀਆਂ 5:15) ਪਰਮੇਸ਼ੁਰ ਦੇ ਨਾਲ ਇਕ ਮਸੀਹੀ ਦਾ ਸੰਬੰਧ ਅਤੇ ਉਸ ਦੀ ਈਸ਼ਵਰੀ ਰੂਪ ਵਿਚ ਨਿਯੁਕਤ ਸੇਵਕਾਈ ਉਸ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਚੀਜ਼ਾਂ ਹਨ। ਉਹ ਕੈਸਰ ਦੇ ਹੁਕਮ ਤੇ ਇਨ੍ਹਾਂ ਨੂੰ ਤਿਆਗ ਨਹੀਂ ਦੇ ਸਕਦਾ ਹੈ। ਸਪੱਸ਼ਟ ਹੈ ਕਿ ਇਨ੍ਹਾਂ ਨੂੰ ‘ਪਰਮੇਸ਼ੁਰ ਦੀਆਂ ਚੀਜ਼ਾਂ’ ਵਿਚ ਗਿਣਿਆ ਜਾਣਾ ਚਾਹੀਦਾ ਹੈ।
‘ਕੈਸਰ ਦੀਆਂ ਚੀਜ਼ਾਂ’
7. ਕਰ ਭਰਨ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹਾਂ ਦੀ ਕੀ ਨੇਕਨਾਮੀ ਹੈ?
7 ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਉਨ੍ਹਾਂ ਨੂੰ “ਹਕੂਮਤਾਂ,” ਅਰਥਾਤ ਸਰਕਾਰੀ ਸ਼ਾਸਕਾਂ ‘ਦੇ ਅਧੀਨ ਰਹਿਣਾ’ ਚਾਹੀਦਾ ਹੈ। (ਰੋਮੀਆਂ 13:1) ਇਸ ਲਈ, ਜਦੋਂ ਕੈਸਰ, ਅਥਵਾ ਸਰਕਾਰ ਜਾਇਜ਼ ਮੰਗਾਂ ਕਰਦੀ ਹੈ, ਤਾਂ ਉਨ੍ਹਾਂ ਦੇ ਬਾਈਬਲ-ਸਿੱਖਿਅਤ ਅੰਤਹਕਰਣ ਉਨ੍ਹਾਂ ਨੂੰ ਇਨ੍ਹਾਂ ਮੰਗਾਂ ਨੂੰ ਪੂਰਿਆਂ ਕਰਨ ਦੀ ਇਜਾਜ਼ਤ ਦਿੰਦੇ ਹਨ। ਮਿਸਾਲ ਲਈ, ਸੱਚੇ ਮਸੀਹੀ ਧਰਤੀ ਉੱਤੇ ਸਭ ਤੋਂ ਮਿਸਾਲੀ ਕਰਦਾਤਿਆਂ ਵਿਚ ਗਿਣੇ ਜਾਂਦੇ ਹਨ। ਜਰਮਨੀ ਵਿਚ ਅਖ਼ਬਾਰ ਮਿਉਂਖਨਰ ਮੈਰਕੂਰ ਨੇ ਯਹੋਵਾਹ ਦੇ ਗਵਾਹਾਂ ਬਾਰੇ ਕਿਹਾ: “ਇਹ ਲੋਕ ਫੈਡਰਲ ਰਿਪਬਲਿਕ ਵਿਚ ਸਭ ਤੋਂ ਈਮਾਨਦਾਰ ਅਤੇ ਕਰ ਭਰਨ ਵਿਚ ਸਭ ਤੋਂ ਸਮੇਂ ਦੇ ਪਾਬੰਦ ਹਨ।” ਇਟਲੀ ਵਿਚ ਅਖ਼ਬਾਰ ਲਾ ਸਟਾਂਪਾ ਨੇ ਕਿਹਾ: “ਉਹ [ਯਹੋਵਾਹ ਦੇ ਗਵਾਹ] ਸਭ ਤੋਂ ਨਿਸ਼ਠਾਵਾਨ ਨਾਗਰਿਕ ਹਨ ਜਿਨ੍ਹਾਂ ਦੀ ਕੋਈ ਖ਼ਾਹਸ਼ ਕਰ ਸਕਦਾ ਹੈ: ਉਹ ਕਰ ਭਰਨ ਤੋਂ ਨਹੀਂ ਕਤਰਾਉਂਦੇ ਅਤੇ ਨਾ ਹੀ ਖ਼ੁਦ ਦੇ ਲਾਭ ਲਈ ਅਸੁਖਾਵੇਂ ਨਿਯਮਾਂ ਤੋਂ ਜੀਅ ਚੁਰਾਉਂਦੇ ਹਨ।” ਯਹੋਵਾਹ ਦੇ ਸੇਵਕ ਆਪਣੇ ‘ਅੰਤਹਕਰਨ ਦੇ ਕਾਰਨ’ ਇੰਜ ਕਰਦੇ ਹਨ।—ਰੋਮੀਆਂ 13:5, 6.
8. ਕੈਸਰ ਨੂੰ ਜੋ ਚੀਜ਼ਾਂ ਲਈ ਅਸੀਂ ਦੇਣਦਾਰ ਹਨ, ਕੀ ਉਹ ਆਰਥਿਕ ਕਰਾਂ ਤਕ ਹੀ ਸੀਮਿਤ ਹਨ?
8 ਕੀ ‘ਕੈਸਰ ਦੀਆਂ ਚੀਜ਼ਾਂ’ ਕਰ ਭਰਨ ਤਕ ਹੀ ਸੀਮਿਤ ਹਨ? ਜੀ ਨਹੀਂ। ਪੌਲੁਸ ਨੇ ਦੂਜੀਆਂ ਚੀਜ਼ਾਂ ਨੂੰ ਵੀ ਸੂਚੀ ਵਿਚ ਦਰਜ ਕੀਤਾ, ਜਿਵੇਂ ਕਿ ਭੈ ਅਤੇ ਸਨਮਾਨ। ਆਪਣੀ ਕ੍ਰਿਟੀਕਲ ਐਂਡ ਐੱਕਸੀਜੇਟੀਕਲ ਹੈਂਡ-ਬੁੱਕ ਟੂ ਦ ਗੌਸਪਲ ਆਫ਼ ਮੈਥਿਊ ਵਿਚ, ਜਰਮਨ ਵਿਦਵਾਨ ਹਾਇਨਰਿਕ ਮੇਯਰ ਨੇ ਲਿਖਿਆ: “[ਕੈਸਰ ਦੀਆਂ ਚੀਜ਼ਾਂ] ਤੋਂ . . . ਸਾਨੂੰ ਕੇਵਲ ਸਿਵਲ ਟੈਕਸ ਹੀ ਨਹੀਂ ਸਮਝਣਾ ਚਾਹੀਦਾ ਹੈ, ਪਰੰਤੂ ਉਹ ਸਭ ਕੁਝ ਜਿਸ ਦਾ ਕੈਸਰ ਆਪਣੀ ਵੈਧ ਹਕੂਮਤ ਦੇ ਲਿਹਾਜ਼ ਨਾਲ ਹੱਕਦਾਰ ਸੀ।” ਇਤਿਹਾਸਕਾਰ ਈ. ਡਬਲਯੂ. ਬਾਰਨਜ਼ ਨੇ ਆਪਣੀ ਰਚਨਾ ਮਸੀਹੀਅਤ ਦਾ ਉਥਾਨ (ਅੰਗ੍ਰੇਜ਼ੀ) ਵਿਚ ਕਿਹਾ ਕਿ ਇਕ ਮਸੀਹੀ ਕਰਾਂ ਨੂੰ ਅਦਾ ਕਰਦਾ ਜੇਕਰ ਇਹ ਉਸ ਦਾ ਫ਼ਰਜ਼ ਸੀ ਅਤੇ “ਇਸੇ ਤਰ੍ਹਾਂ, ਉਹ ਬਾਕੀ ਸਾਰੇ ਸਰਕਾਰੀ ਫ਼ਰਜ਼ਾਂ ਨੂੰ ਵੀ ਸਵੀਕਾਰ ਕਰਦਾ, ਬਸ਼ਰਤੇ ਉਸ ਤੋਂ ਕੈਸਰ ਨੂੰ ਉਹ ਚੀਜ਼ਾਂ ਦੇਣ ਦੀ ਮੰਗ ਨਾ ਕੀਤੀ ਜਾਂਦੀ ਜੋ ਪਰਮੇਸ਼ੁਰ ਦੀਆਂ ਸਨ।”
9, 10. ਇਕ ਮਸੀਹੀ ਵਿਅਕਤੀ ਕੈਸਰ ਨੂੰ ਉਸ ਦਾ ਹੱਕ ਅਦਾ ਕਰਨ ਦੇ ਬਾਰੇ ਸ਼ਾਇਦ ਕੀ ਸੰਕੋਚ ਮਹਿਸੂਸ ਕਰੇ, ਪਰੰਤੂ ਕਿਹੜੇ ਤੱਥ ਯਾਦ ਰੱਖਣੇ ਚਾਹੀਦੇ ਹਨ?
9 ਸਰਕਾਰ ਉਨ੍ਹਾਂ ਚੀਜ਼ਾਂ ਉੱਤੇ ਨਾਜਾਇਜ਼ ਹੱਕ ਜਮਾਉਣ ਬਗੈਰ, ਜੋ ਉਚਿਤ ਰੂਪ ਵਿਚ ਪਰਮੇਸ਼ੁਰ ਦੀਆਂ ਹਨ, ਕਿਨ੍ਹਾਂ ਚੀਜ਼ਾਂ ਦੀ ਮੰਗ ਕਰ ਸਕਦੀ ਹੈ? ਕਈਆਂ ਨੇ ਮਹਿਸੂਸ ਕੀਤਾ ਹੈ ਕਿ ਉਹ ਜਾਇਜ਼ ਤੌਰ ਤੇ ਕੈਸਰ ਨੂੰ ਕਰਾਂ ਦੇ ਰੂਪ ਵਿਚ ਪੈਸੇ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੇ ਹਨ। ਨਿਸ਼ਚਿਤ ਹੀ ਉਹ ਕੈਸਰ ਨੂੰ ਅਜਿਹੀ ਕੋਈ ਵੀ ਚੀਜ਼ ਦੇਣ ਵਿਚ ਸੁਖਾਵੇਂ ਨਹੀਂ ਮਹਿਸੂਸ ਕਰਦੇ ਜੋ ਸ਼ਾਇਦ ਦੈਵ-ਸ਼ਾਸਕੀ ਸਰਗਰਮੀਆਂ ਦੇ ਲਈ ਉਪਯੋਗੀ ਸਮੇਂ ਨੂੰ ਜ਼ਾਇਆ ਕਰੇ। ਫਿਰ ਵੀ, ਹਾਲਾਂਕਿ ਇਹ ਸੱਚ ਹੈ ਕਿ ਸਾਨੂੰ “ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ” ਕਰਨਾ ਚਾਹੀਦਾ ਹੈ, ਯਹੋਵਾਹ ਜ਼ਰੂਰ ਆਸ ਰੱਖਦਾ ਹੈ ਕਿ ਅਸੀਂ ਆਪਣੀ ਪਵਿੱਤਰ ਸੇਵਾ ਨੂੰ ਛੱਡ ਹੋਰ ਦੂਜੀਆਂ ਗੱਲਾਂ ਵਿਚ ਵੀ ਸਮਾਂ ਬਿਤਾਵਾਂਗੇ। (ਮਰਕੁਸ 12:30; ਫ਼ਿਲਿੱਪੀਆਂ 3:3) ਮਿਸਾਲ ਲਈ, ਇਕ ਵਿਵਾਹਿਤ ਮਸੀਹੀ ਨੂੰ ਆਪਣੇ ਵਿਆਹੁਤਾ ਸਾਥੀ ਜਾਂ ਸਾਥਣ ਨੂੰ ਖ਼ੁਸ਼ ਕਰਨ ਵਿਚ ਸਮਾਂ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੀਆਂ ਸਰਗਰਮੀਆਂ ਗ਼ਲਤ ਨਹੀਂ ਹਨ, ਪਰੰਤੂ ਰਸੂਲ ਪੌਲੁਸ ਆਖਦਾ ਹੈ ਕਿ ਇਹ “ਸੰਸਾਰ ਦੀਆਂ ਗੱਲਾਂ” ਹਨ, ਨਾ ਕਿ “ਪ੍ਰਭੁ ਦੀਆਂ ਗੱਲਾਂ।”—1 ਕੁਰਿੰਥੀਆਂ 7:32-34; ਤੁਲਨਾ ਕਰੋ 1 ਤਿਮੋਥਿਉਸ 5:8.
10 ਇਸ ਤੋਂ ਇਲਾਵਾ, ਮਸੀਹ ਨੇ ਆਪਣੇ ਅਨੁਯਾਈਆਂ ਨੂੰ ਕਰ ‘ਦੇਣ’ ਦੀ ਪ੍ਰਵਾਨਗੀ ਦਿੱਤੀ, ਅਤੇ ਇਸ ਵਿਚ ਨਿਸ਼ਚੇ ਹੀ ਉਸ ਸਮੇਂ ਦੀ ਵਰਤੋਂ ਸ਼ਾਮਲ ਹੈ ਜੋ ਯਹੋਵਾਹ ਨੂੰ ਸਮਰਪਿਤ ਹੈ—ਕਿਉਂਕਿ ਇੰਜ ਤਾਂ ਸਾਡਾ ਪੂਰਾ ਜੀਵਨ ਹੀ ਸਮਰਪਿਤ ਹੈ। ਜੇਕਰ ਔਸਤਨ ਕਰਾਧਾਨ ਇਕ ਦੇਸ਼ ਵਿਚ ਆਮਦਨੀ ਦਾ 33 ਪ੍ਰਤਿਸ਼ਤ ਹੈ (ਕਈ ਦੇਸ਼ਾਂ ਵਿਚ ਇਹ ਹੋਰ ਵੀ ਉੱਚਾ ਹੈ), ਤਾਂ ਇਸ ਦਾ ਅਰਥ ਹੋਇਆ ਕਿ ਪ੍ਰਤਿ ਸਾਲ ਇਕ ਔਸਤਨ ਕਾਮਾ ਆਪਣੀ ਕਮਾਈ ਵਿੱਚੋਂ ਚਾਰ ਮਹੀਨੇ ਦੀ ਕਮਾਈ ਸਰਕਾਰੀ ਰਾਜਕੋਸ਼ ਨੂੰ ਅਦਾ ਕਰਦਾ ਹੈ। ਹੋਰ ਸ਼ਬਦਾਂ ਵਿਚ, ਇਕ ਔਸਤਨ ਕਾਮਾ ਆਪਣੀ ਨੌਕਰੀ ਦੀ ਜ਼ਿੰਦਗੀ ਦੇ ਅੰਤ ਤਕ ਲਗਭਗ 15 ਸਾਲ ਉਸ ਕਰ ਦੇ ਪੈਸੇ ਨੂੰ ਕਮਾਉਣ ਲਈ ਬਿਤਾ ਚੁੱਕਾ ਹੋਵੇਗਾ ਜੋ “ਕੈਸਰ” ਵੱਲੋਂ ਮੰਗ ਕੀਤੀ ਜਾਂਦੀ ਹੈ। ਨਾਲ ਹੀ, ਸਕੂਲ ਸਿੱਖਿਆ ਦੇ ਮਾਮਲੇ ਉੱਤੇ ਗੌਰ ਕਰੋ। ਅਧਿਕਤਰ ਦੇਸ਼ਾਂ ਵਿਚ ਕਾਨੂੰਨ ਮੰਗ ਕਰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਨਿਊਨਤਮ ਸਾਲਾਂ ਲਈ ਸਕੂਲ ਭੇਜਣ। ਸਕੂਲ ਸਿੱਖਿਆ ਵਿਚ ਕਿੰਨੇ ਸਾਲ ਲਗਾਏ ਜਾਣੇ ਚਾਹੀਦੇ ਹਨ, ਇਹ ਦੇਸ਼-ਦੇਸ਼ ਵਿਚ ਭਿੰਨ ਹੁੰਦਾ ਹੈ। ਅਧਿਕਤਰ ਥਾਵਾਂ ਵਿਚ ਇਹ ਖ਼ਾਸਾ ਲੰਬਾ ਸਮਾਂ ਹੁੰਦਾ ਹੈ। ਸੱਚ ਹੈ, ਅਜਿਹੀ ਸਕੂਲ ਸਿੱਖਿਆ ਆਮ ਤੌਰ ਤੇ ਲਾਭਕਾਰੀ ਹੁੰਦੀ ਹੈ, ਪਰੰਤੂ ਇਹ ਕੈਸਰ ਨਿਸ਼ਚਿਤ ਕਰਦਾ ਹੈ ਕਿ ਇਕ ਬੱਚੇ ਦੀ ਜ਼ਿੰਦਗੀ ਦਾ ਕਿੰਨਾ ਹਿੱਸਾ ਇਸ ਤਰੀਕੇ ਵਿਚ ਬਿਤਾਇਆ ਜਾਣਾ ਚਾਹੀਦਾ ਹੈ, ਅਤੇ ਮਸੀਹੀ ਮਾਪੇ ਕੈਸਰ ਦੇ ਫ਼ੈਸਲੇ ਦੀ ਪਾਲਣਾ ਕਰਦੇ ਹਨ।
ਅਨਿਵਾਰੀ ਸੈਨਿਕ ਸੇਵਾ
11, 12. (ੳ) ਅਨੇਕ ਦੇਸ਼ਾਂ ਵਿਚ ਕੈਸਰ ਕਿਹੜੀ ਮੰਗ ਕਰਦਾ ਹੈ? (ਅ) ਮੁਢਲੇ ਮਸੀਹੀ ਲੋਕ ਸੈਨਿਕ ਸੇਵਾ ਨੂੰ ਕਿਵੇਂ ਵਿਚਾਰਦੇ ਸਨ?
11 ਕੁਝ ਦੇਸ਼ਾਂ ਵਿਚ ਕੈਸਰ ਦੁਆਰਾ ਕੀਤੀ ਗਈ ਇਕ ਹੋਰ ਮੰਗ ਅਨਿਵਾਰੀ ਸੈਨਿਕ ਸੇਵਾ ਹੈ। ਵੀਹਵੀਂ ਸਦੀ ਵਿਚ, ਅਧਿਕਤਰ ਕੌਮਾਂ ਨੇ ਯੁੱਧ ਦੇ ਸਮੇਂ ਅਤੇ ਕਈਆਂ ਨੇ ਸ਼ਾਂਤੀ ਦੇ ਸਮੇਂ ਤੇ ਵੀ ਇਸ ਪ੍ਰਬੰਧ ਨੂੰ ਸਥਾਪਿਤ ਕੀਤਾ ਹੈ। ਫ਼ਰਾਂਸ ਵਿਚ ਇਸ ਬੰਦਸ਼ ਨੂੰ ਬਹੁਤ ਸਾਲਾਂ ਤਕ ਲਹੂ ਕਰ ਆਖਿਆ ਗਿਆ ਸੀ, ਭਾਵ ਕਿ ਹਰੇਕ ਜਵਾਨ ਆਦਮੀ ਨੂੰ ਸਰਕਾਰ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋਣਾ ਪਵੇਗਾ। ਕੀ ਇਹ ਅਜਿਹੀ ਚੀਜ਼ ਹੈ ਜੋ ਯਹੋਵਾਹ ਨੂੰ ਸਮਰਪਿਤ ਵਿਅਕਤੀ ਨੇਕਨੀਅਤ ਦੇ ਨਾਲ ਅਦਾ ਕਰ ਸਕਦੇ ਹਨ? ਪਹਿਲੀ-ਸਦੀ ਦੇ ਮਸੀਹੀ ਇਸ ਮਾਮਲੇ ਨੂੰ ਕਿਵੇਂ ਵਿਚਾਰਦੇ ਸਨ?
12 ਹਾਲਾਂਕਿ ਸਭ ਤੋਂ ਮੁਢਲੇ ਮਸੀਹੀਆਂ ਨੇ ਚੰਗੇ ਨਾਗਰਿਕ ਬਣਨ ਦਾ ਜਤਨ ਕੀਤਾ, ਉਨ੍ਹਾਂ ਦੀ ਨਿਹਚਾ ਨੇ ਉਨ੍ਹਾਂ ਨੂੰ ਸਰਕਾਰ ਦੀ ਖ਼ਾਤਰ ਅਗਲੇ ਦੀ ਜਾਨ ਲੈਣ ਜਾਂ ਆਪਣੀਆਂ ਜਾਨਾਂ ਨੂੰ ਕੁਰਬਾਨ ਕਰਨ ਤੋਂ ਰੋਕਿਆ। ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਨੇ ਬਿਆਨ ਕੀਤਾ: “ਮੁਢਲੇ ਚਰਚ ਪਿਤਾਵਾਂ, ਜਿਨ੍ਹਾਂ ਵਿਚ ਟਰਟੂਲੀਅਨ ਅਤੇ ਔਰਿਗਨ ਸ਼ਾਮਲ ਸਨ, ਨੇ ਪੁਸ਼ਟੀ ਕੀਤੀ ਕਿ ਮਸੀਹੀਆਂ ਨੂੰ ਮਾਨਵ ਜੀਵਨ ਲੈਣ ਤੋਂ ਵਰਜਿਆ ਗਿਆ ਸੀ, ਇਕ ਅਜਿਹਾ ਸਿਧਾਂਤ ਜਿਸ ਨੇ ਉਨ੍ਹਾਂ ਨੂੰ ਰੋਮੀ ਸੈਨਾ ਵਿਚ ਹਿੱਸਾ ਲੈਣ ਤੋਂ ਰੋਕਿਆ।” ਮੁਢਲਾ ਚਰਚ ਅਤੇ ਸੰਸਾਰ (ਅੰਗ੍ਰੇਜ਼ੀ) ਨਾਮਕ ਆਪਣੀ ਪੁਸਤਕ ਵਿਚ, ਪ੍ਰੋਫੈਸਰ ਸੀ. ਜੇ. ਕਾਡੂ ਲਿਖਦਾ ਹੈ: “ਘੱਟੋ-ਘੱਟ ਮਾਰਕਸ ਔਰੇਲਿਅਸ ਦੇ ਸ਼ਾਸਨ ਤਕ [161-180 ਸਾ.ਯੁ.], ਕੋਈ ਵੀ ਮਸੀਹੀ ਆਪਣੇ ਬਪਤਿਸਮਾ ਤੋਂ ਬਾਅਦ ਸੈਨਿਕ ਨਹੀਂ ਬਣੇਗਾ।”
13. ਮਸੀਹੀ-ਜਗਤ ਵਿਚ ਅਧਿਕਤਰ ਲੋਕ ਸੈਨਿਕ ਸੇਵਾ ਨੂੰ ਉਸ ਨਜ਼ਰ ਤੋਂ ਕਿਉਂ ਨਹੀਂ ਦੇਖਦੇ ਹਨ ਜਿਸ ਤੋਂ ਮੁਢਲੇ ਮਸੀਹੀ ਦੇਖਦੇ ਸਨ?
13 ਅੱਜ ਮਸੀਹੀ-ਜਗਤ ਦਿਆਂ ਗਿਰਜਿਆਂ ਦੇ ਸਦੱਸ ਮਾਮਲੇ ਨੂੰ ਇਸ ਨਜ਼ਰ ਤੋਂ ਕਿਉਂ ਨਹੀਂ ਦੇਖਦੇ ਹਨ? ਇਕ ਅਤਿਅੰਤ ਤਬਦੀਲੀ ਦੇ ਕਾਰਨ ਜੋ ਚੌਥੀਂ ਸਦੀ ਵਿਚ ਵਾਪਰੀ ਸੀ। ਕੈਥੋਲਿਕ ਰਚਨਾ ਮਸੀਹੀ ਕੌਂਸਲਾਂ ਦਾ ਇਕ ਇਤਿਹਾਸ (ਅੰਗ੍ਰੇਜ਼ੀ) ਵਿਆਖਿਆ ਕਰਦੀ ਹੈ: “ਅਨੇਕ ਮਸੀਹੀ ਵਿਅਕਤੀ . . . ਗ਼ੈਰ-ਮਸੀਹੀ ਸਮਰਾਟਾਂ ਦੇ ਅਧੀਨ, ਸੈਨਿਕ ਸੇਵਾ ਦੇ ਸੰਬੰਧ ਵਿਚ ਧਾਰਮਿਕ ਸੰਕੋਚ ਮਹਿਸੂਸ ਕਰਦੇ ਸਨ, ਅਤੇ ਉਨ੍ਹਾਂ ਨੇ ਹਥਿਆਰ ਚੁੱਕਣ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕੀਤਾ, ਨਹੀਂ ਤਾਂ ਉਹ ਭਗੌੜੇ ਹੋ ਜਾਂਦੇ ਸਨ। [ਸੰਨ 314 ਸਾ.ਯੁ. ਵਿਚ ਸੰਚਾਲਿਤ, ਆਰਲਜ਼ ਦੇ] ਸਾਇਨਾਡ ਨੇ, ਕਾਂਸਟੰਟਾਈਨ ਦੁਆਰਾ ਪੇਸ਼ ਕੀਤੀਆਂ ਗਈਆਂ ਤਬਦੀਲੀਆਂ ਉੱਤੇ ਗੌਰ ਕਰਦੇ ਹੋਏ, ਘੋਸ਼ਿਤ ਕੀਤਾ ਕਿ ਮਸੀਹੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਯੁੱਧ ਵਿਚ ਸੇਵਾ ਕਰਨ, . . . ਕਿਉਂਕਿ ਚਰਚ ਇਕ ਅਜਿਹੇ ਰਾਜਕੁਮਾਰ ਦੇ ਅਧੀਨ ਮਿੱਤਰਤਾਪੂਰਣ ਸਥਿਤੀ ਵਿਚ (ਪੇਸੀ ਵਿਚ) ਹੈ, ਜੋ ਮਸੀਹੀਆਂ ਦੇ ਪ੍ਰਤੀ ਦੋਸਤਾਨਾ ਹੈ।” ਯਿਸੂ ਦੀਆਂ ਸਿੱਖਿਆਵਾਂ ਨੂੰ ਇੰਜ ਤਿਆਗਣ ਦੇ ਕਾਰਨ, ਉਸ ਸਮੇਂ ਤੋਂ ਲੈ ਕੇ ਹੁਣ ਤਕ, ਮਸੀਹੀ-ਜਗਤ ਦੇ ਪਾਦਰੀਆਂ ਨੇ ਆਪਣੇ ਝੁੰਡਾਂ ਨੂੰ ਕੌਮਾਂ ਦੀਆਂ ਸੈਨਾਵਾਂ ਵਿਚ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ, ਹਾਲਾਂਕਿ ਕੁਝ ਵਿਅਕਤੀਆਂ ਨੇ ਨੈਤਿਕ ਉਜ਼ਰਦਾਰਾਂ ਵਜੋਂ ਸਥਿਤੀ ਅਪਣਾਈ ਹੈ।
14, 15. (ੳ) ਕੁਝ ਥਾਵਾਂ ਵਿਚ ਮਸੀਹੀ ਕਿਹੜਿਆਂ ਆਧਾਰਾਂ ਤੇ ਸੈਨਿਕ ਸੇਵਾ ਤੋਂ ਮੁਕਤੀ ਦੀ ਮੰਗ ਕਰਦੇ ਹਨ? (ਅ) ਜਿੱਥੇ ਮੁਕਤੀ ਨਹੀਂ ਦਿੱਤੀ ਜਾਂਦੀ ਹੈ, ਉੱਥੇ ਕਿਹੜੇ ਸ਼ਾਸਤਰ ਸੰਬੰਧੀ ਸਿਧਾਂਤ ਇਕ ਮਸੀਹੀ ਨੂੰ ਸੈਨਿਕ ਸੇਵਾ ਦੇ ਮਾਮਲੇ ਵਿਚ ਸਹੀ ਨਿਰਣਾ ਕਰਨ ਲਈ ਮਦਦ ਕਰਨਗੇ?
14 ਕੀ ਅੱਜ ਮਸੀਹੀਆਂ ਲਈ ਇਸ ਮਾਮਲੇ ਵਿਚ ਬਹੁਮਤ ਦੀ ਪੈਰਵੀ ਕਰਨੀ ਅਨਿਵਾਰੀ ਹੈ? ਜੀ ਨਹੀਂ। ਜੇਕਰ ਇਕ ਸਮਰਪਿਤ, ਬਪਤਿਸਮਾ-ਪ੍ਰਾਪਤ ਮਸੀਹੀ ਅਜਿਹੇ ਦੇਸ਼ ਵਿਚ ਰਹਿੰਦਾ ਹੈ ਜਿੱਥੇ ਧਰਮ ਦੇ ਸੇਵਕਾਂ ਨੂੰ ਸੈਨਿਕ ਸੇਵਾ ਤੋਂ ਮੁਕਤੀ ਬਖ਼ਸ਼ੀ ਜਾਂਦੀ ਹੈ, ਤਾਂ ਉਹ ਇਸ ਪ੍ਰਬੰਧ ਦਾ ਲਾਭ ਉਠਾ ਸਕਦਾ ਹੈ, ਕਿਉਂ ਜੋ ਉਹ ਵਾਸਤਵ ਵਿਚ ਇਕ ਧਰਮ-ਸੇਵਕ ਹੀ ਹੈ। (2 ਤਿਮੋਥਿਉਸ 4:5) ਕਈ ਦੇਸ਼ਾਂ, ਜਿਨ੍ਹਾਂ ਵਿਚ ਸੰਯੁਕਤ ਰਾਜ ਅਮਰੀਕਾ ਅਤੇ ਆਸਟ੍ਰੇਲੀਆ ਸ਼ਾਮਲ ਹਨ, ਨੇ ਯੁੱਧ ਦੇ ਸਮੇਂ ਵਿਚ ਵੀ ਅਜਿਹੀ ਮੁਕਤੀ ਬਖ਼ਸ਼ੀ ਹੈ। ਅਤੇ ਸ਼ਾਂਤੀ ਦੇ ਸਮੇਂ ਦੌਰਾਨ, ਅਨੇਕ ਦੇਸ਼ਾਂ ਵਿਚ ਜਿੱਥੇ ਅਨਿਵਾਰੀ ਸੈਨਿਕ ਸੇਵਾ ਕਾਇਮ ਰਹਿੰਦੀ ਹੈ, ਯਹੋਵਾਹ ਦੇ ਗਵਾਹਾਂ ਨੂੰ, ਧਰਮ ਦੇ ਸੇਵਕਾਂ ਦੀ ਹੈਸੀਅਤ ਵਿਚ ਮੁਕਤੀ ਬਖ਼ਸ਼ੀ ਜਾਂਦੀ ਹੈ। ਇਸ ਤਰ੍ਹਾਂ ਉਹ ਆਪਣੀ ਪਬਲਿਕ ਸੇਵਾ ਦੇ ਦੁਆਰਾ ਲੋਕਾਂ ਦੀ ਮਦਦ ਕਰਨੀ ਜਾਰੀ ਰੱਖ ਸਕਦੇ ਹਨ।
15 ਪਰੰਤੂ, ਉਦੋਂ ਕੀ ਜਦੋਂ ਮਸੀਹੀ ਇਕ ਅਜਿਹੇ ਦੇਸ਼ ਵਿਚ ਰਹਿੰਦਾ ਹੈ ਜਿੱਥੇ ਧਰਮ ਦੇ ਸੇਵਕਾਂ ਨੂੰ ਮੁਕਤੀ ਨਹੀਂ ਬਖ਼ਸ਼ੀ ਜਾਂਦੀ ਹੈ? ਫਿਰ ਉਸ ਨੂੰ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੇ ਅਨੁਸਾਰ ਇਕ ਨਿੱਜੀ ਨਿਰਣਾ ਕਰਨਾ ਪਵੇਗਾ। (ਗਲਾਤੀਆਂ 6:5) ਕੈਸਰ ਦੇ ਅਧਿਕਾਰ ਨੂੰ ਧਿਆਨ ਵਿਚ ਰੱਖਣ ਦੇ ਨਾਲ ਹੀ ਨਾਲ, ਉਹ ਧਿਆਨਪੂਰਵਕ ਵਿਚਾਰ ਕਰੇਗਾ ਕਿ ਉਹ ਯਹੋਵਾਹ ਨੂੰ ਕਿਨ੍ਹਾਂ ਚੀਜ਼ਾਂ ਦਾ ਦੇਣਦਾਰ ਹੈ। (ਜ਼ਬੂਰ 36:9; 116:12-14; ਰਸੂਲਾਂ ਦੇ ਕਰਤੱਬ 17:28) ਮਸੀਹੀ ਵਿਅਕਤੀ ਚੇਤੇ ਰੱਖੇਗਾ ਕਿ ਇਕ ਸੱਚੇ ਮਸੀਹੀ ਦਾ ਚਿੰਨ੍ਹ ਆਪਣੇ ਸਾਰੇ ਸੰਗੀ ਵਿਸ਼ਵਾਸੀਆਂ ਦੇ ਲਈ ਪ੍ਰੇਮ ਹੈ, ਉਨ੍ਹਾਂ ਲਈ ਵੀ ਜੋ ਦੂਜੇ ਦੇਸ਼ਾਂ ਵਿਚ ਰਹਿੰਦੇ ਹਨ ਜਾਂ ਜੋ ਦੂਜੇ ਕੁਲ ਦੇ ਹਨ। (ਯੂਹੰਨਾ 13:34, 35; 1 ਪਤਰਸ 2:17) ਇਸ ਤੋਂ ਇਲਾਵਾ, ਉਹ ਯਸਾਯਾਹ 2:2-4; ਮੱਤੀ 26:52; ਰੋਮੀਆਂ 12:18; 14:19; 2 ਕੁਰਿੰਥੀਆਂ 10:4; ਅਤੇ ਇਬਰਾਨੀਆਂ 12:14 ਵਰਗੇ ਸ਼ਾਸਤਰਵਚਨਾਂ ਵਿਚ ਪਾਏ ਜਾਂਦੇ ਸ਼ਾਸਤਰ ਸੰਬੰਧੀ ਸਿਧਾਂਤਾਂ ਨੂੰ ਨਹੀਂ ਭੁੱਲੇਗਾ।
ਸਿਵਲੀਅਨ ਸੇਵਾ
16. ਕਈ ਦੇਸ਼ਾਂ ਵਿਚ, ਕੈਸਰ ਉਨ੍ਹਾਂ ਵਿਅਕਤੀਆਂ ਤੋਂ, ਜੋ ਸੈਨਿਕ ਸੇਵਾ ਸਵੀਕਾਰ ਨਹੀਂ ਕਰਦੇ ਹਨ, ਕਿਹੜੀ ਗ਼ੈਰ-ਸੈਨਿਕ ਸੇਵਾ ਦੀ ਮੰਗ ਕਰਦਾ ਹੈ?
16 ਫਿਰ ਵੀ, ਅਜਿਹੇ ਦੇਸ਼ ਹਨ ਜਿੱਥੇ ਸਰਕਾਰ, ਹਾਲਾਂਕਿ ਧਰਮ ਦੇ ਸੇਵਕਾਂ ਨੂੰ ਮੁਕਤੀ ਦੀ ਇਜਾਜ਼ਤ ਨਹੀਂ ਦਿੰਦੀ ਹੈ, ਫਿਰ ਵੀ ਇਸ ਗੱਲ ਨੂੰ ਮਾਨਤਾ ਦਿੰਦੀ ਹੈ ਕਿ ਕੁਝ ਵਿਅਕਤੀ ਸ਼ਾਇਦ ਸੈਨਿਕ ਸੇਵਾ ਦੇ ਪ੍ਰਤੀ ਉਜ਼ਰ ਕਰਨਗੇ। ਇਨ੍ਹਾਂ ਵਿੱਚੋਂ, ਅਨੇਕ ਦੇਸ਼ ਪ੍ਰਬੰਧ ਬਣਾਉਂਦੇ ਹਨ ਕਿ ਅਜਿਹੇ ਨੇਕਨੀਅਤ ਵਿਅਕਤੀਆਂ ਨੂੰ ਜ਼ਬਰਦਸਤੀ ਸੈਨਿਕ ਸੇਵਾ ਵਿਚ ਨਾ ਪਾਇਆ ਜਾਵੇ। ਕਈ ਥਾਵਾਂ ਵਿਚ ਇਕ ਅਨਿਵਾਰੀ ਸਿਵਲੀਅਨ ਸੇਵਾ, ਜਿਵੇਂ ਕਿ ਸਮਾਜ ਵਿਚ ਲਾਭਕਾਰੀ ਕਾਰਜ, ਨੂੰ ਗ਼ੈਰ-ਸੈਨਿਕ ਕੌਮੀ ਸੇਵਾ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਕੀ ਇਕ ਸਮਰਪਿਤ ਮਸੀਹੀ ਅਜਿਹੀ ਸੇਵਾ ਆਪਣੇ ਜ਼ਿੰਮੇ ਲੈ ਸਕਦਾ ਹੈ? ਇੱਥੇ ਵੀ, ਇਕ ਸਮਰਪਿਤ, ਬਪਤਿਸਮਾ-ਪ੍ਰਾਪਤ ਮਸੀਹੀ ਨੂੰ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੇ ਆਧਾਰ ਤੇ ਖ਼ੁਦ ਨਿਰਣਾ ਕਰਨਾ ਪਵੇਗਾ।
17. ਕੀ ਗ਼ੈਰ-ਸੈਨਿਕ ਸਿਵਲੀਅਨ ਸੇਵਾ ਦੇ ਲਈ ਕੋਈ ਬਾਈਬਲੀ ਪੂਰਵਉਦਾਹਰਣ ਹੈ?
17 ਇੰਜ ਜਾਪਦਾ ਹੈ ਕਿ ਬਾਈਬਲ ਸਮਿਆਂ ਵਿਚ ਅਨਿਵਾਰੀ ਸੇਵਾ ਦਾ ਅਭਿਆਸ ਹੁੰਦਾ ਸੀ। ਇਕ ਇਤਿਹਾਸ ਦੀ ਪੁਸਤਕ ਬਿਆਨ ਕਰਦੀ ਹੈ: “ਯਹੂਦਿਯਾ ਦੇ ਨਿਵਾਸੀਆਂ ਕੋਲੋਂ ਵਸੂਲ ਕੀਤੇ ਕਰਾਂ ਅਤੇ ਭੁਗਤਾਨਾਂ ਦੇ ਅਤਿਰਿਕਤ, ਇਕ ਵਗਾਰੀ ਕੰਮ [ਪਬਲਿਕ ਅਧਿਕਾਰੀਆਂ ਵੱਲੋਂ ਮੰਗੀ ਗਈ ਅਦਾਇਗੀ-ਰਹਿਤ ਮਜ਼ਦੂਰੀ] ਵੀ ਹੁੰਦਾ ਸੀ। ਇਹ ਪੂਰਬ ਵਿਚ ਇਕ ਪ੍ਰਾਚੀਨ ਪ੍ਰਥਾ ਸੀ, ਜਿਸ ਨੂੰ ਹੈਲਨਵਾਦੀ ਅਤੇ ਰੋਮੀ ਅਧਿਕਾਰੀਆਂ ਨੇ ਕਾਇਮ ਰੱਖਿਆ। . . . ਨਵਾਂ ਨੇਮ ਵੀ ਯਹੂਦਿਯਾ ਵਿਚ ਵਗਾਰੀ ਕੰਮਾਂ ਦੀਆਂ ਮਿਸਾਲਾਂ ਦਿੰਦਾ ਹੈ, ਅਤੇ ਇਸ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਇਹ ਕਿੰਨਾ ਹੀ ਵਿਆਪਕ ਸੀ। ਇਸ ਰੀਤ ਦੇ ਅਨੁਸਾਰ, ਸੈਨਿਕਾਂ ਨੇ ਸ਼ਮਊਨ ਨਾਮਕ ਇਕ ਕੁਰੇਨੀ ਮਨੁੱਖ ਨੂੰ ਯਿਸੂ ਦੀ ਸਲੀਬ [ਤਸੀਹੇ ਦੀ ਸੂਲੀ] ਵਿਗਾਰੇ ਚੁੱਕਣ ਲਈ ਮਜਬੂਰ ਕੀਤਾ (ਮੱਤੀ 5:41; 27:32; ਮਰਕੁਸ 15:21; ਲੂਕਾ 23:26)।”
18. ਯਹੋਵਾਹ ਦੇ ਗਵਾਹ ਅਕਸਰ ਕਿਨ੍ਹਾਂ ਗ਼ੈਰ-ਸੈਨਿਕ, ਗ਼ੈਰ-ਧਰਮੀ ਪ੍ਰਕਾਰ ਦੀਆਂ ਸਮਾਜ ਸੇਵਾਵਾਂ ਨੂੰ ਸਹਿਯੋਗ ਦਿੰਦੇ ਹਨ?
18 ਇਸੇ ਸਮਾਨ, ਅੱਜ ਕਈ ਦੇਸ਼ਾਂ ਵਿਚ ਸਰਕਾਰ ਜਾਂ ਸਥਾਨਕ ਅਧਿਕਾਰੀਆਂ ਵੱਲੋਂ ਨਾਗਰਿਕਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਵਿਭਿੰਨ ਪ੍ਰਕਾਰ ਦੀਆਂ ਸਮਾਜ ਸੇਵਾਵਾਂ ਵਿਚ ਭਾਗ ਲੈਣ। ਇਹ ਸੇਵਾ ਕਦੇ-ਕਦਾਈਂ ਇਕ ਖ਼ਾਸ ਕਾਰਜ ਲਈ ਹੁੰਦੀ ਹੈ, ਜਿਵੇਂ ਕਿ ਖੂਹ ਦੀ ਪੁਟਾਈ ਕਰਨੀ ਜਾਂ ਸੜਕਾਂ ਬਣਾਉਣੀਆਂ; ਕਦੇ-ਕਦੇ ਇਹ ਨਿਯਮਿਤ ਤੌਰ ਤੇ ਕੀਤੀ ਜਾਂਦੀ ਹੈ, ਜਿਵੇਂ ਕਿ ਹਰ ਹਫ਼ਤੇ ਸੜਕਾਂ, ਸਕੂਲਾਂ, ਜਾਂ ਹਸਪਤਾਲਾਂ ਦੀ ਸਫ਼ਾਈ ਵਿਚ ਭਾਗ ਲੈਣਾ। ਜਿਨ੍ਹਾਂ ਥਾਵਾਂ ਵਿਚ ਅਜਿਹੀ ਸਿਵਲੀਅਨ ਸੇਵਾ ਸਮਾਜ ਦੀ ਭਲਾਈ ਲਈ ਹੁੰਦੀ ਹੈ ਅਤੇ ਝੂਠੇ ਧਰਮ ਨਾਲ ਸੰਬੰਧਿਤ ਨਹੀਂ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਯਹੋਵਾਹ ਦੇ ਗਵਾਹਾਂ ਦਿਆਂ ਅੰਤਹਕਰਣਾਂ ਲਈ ਇਤਰਾਜ਼ਯੋਗ ਨਹੀਂ ਹੈ, ਤਾਂ ਉਨ੍ਹਾਂ ਨੇ ਅਕਸਰ ਆਗਿਆ ਦੀ ਪਾਲਣਾ ਕੀਤੀ ਹੈ। (1 ਪਤਰਸ 2:13-15) ਆਮ ਤੌਰ ਤੇ ਇਸ ਦਾ ਨਤੀਜਾ ਇਕ ਉੱਤਮ ਗਵਾਹੀ ਰਹੀ ਹੈ ਅਤੇ ਇਸ ਨੇ ਕਈ ਵਾਰ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕੀਤਾ ਹੈ ਜੋ ਗਵਾਹਾਂ ਉੱਤੇ ਸਰਕਾਰ-ਵਿਰੋਧੀ ਹੋਣ ਦਾ ਝੂਠਾ ਦੋਸ਼ ਲਾਉਂਦੇ ਹਨ।—ਤੁਲਨਾ ਕਰੋ ਮੱਤੀ 10:18.
19. ਜੇਕਰ ਕੈਸਰ ਇਕ ਮਸੀਹੀ ਤੋਂ ਇਕ ਖ਼ਾਸ ਅਵਧੀ ਦੇ ਲਈ ਗ਼ੈਰ-ਸੈਨਿਕ ਕੌਮੀ ਸੇਵਾ ਕਰਨ ਦੀ ਮੰਗ ਕਰੇ, ਤਾਂ ਉਸ ਨੂੰ ਇਸ ਮਾਮਲੇ ਨਾਲ ਕਿਵੇਂ ਨਿਭਣਾ ਚਾਹੀਦਾ ਹੈ?
19 ਪਰੰਤੂ, ਉਦੋਂ ਕੀ ਜਦੋਂ ਸਰਕਾਰ ਇਕ ਮਸੀਹੀ ਤੋਂ ਇਕ ਖ਼ਾਸ ਅਵਧੀ ਦੇ ਲਈ ਸਿਵਲੀਅਨ ਸੇਵਾ ਕਰਨ ਦੀ ਮੰਗ ਕਰਦੀ ਹੈ ਜੋ ਕਿ ਇਕ ਅਸੈਨਿਕ ਪ੍ਰਸ਼ਾਸਨ ਅਧੀਨ ਕੌਮੀ ਸੇਵਾ ਦਾ ਇਕ ਭਾਗ ਹੈ? ਫਿਰ ਇੱਥੇ ਵੀ, ਮਸੀਹੀਆਂ ਨੂੰ ਇਕ ਸਿੱਖਿਅਤ ਅੰਤਹਕਰਣ ਦੇ ਆਧਾਰ ਤੇ ਖ਼ੁਦ ਨਿਰਣਾ ਕਰਨਾ ਚਾਹੀਦਾ ਹੈ। “ਅਸੀਂ ਸੱਭੇ ਪਰਮੇਸ਼ੁਰ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਖੜੇ ਹੋਵਾਂਗੇ।” (ਰੋਮੀਆਂ 14:10) ਕੈਸਰ ਵੱਲੋਂ ਕੀਤੀ ਗਈ ਇਕ ਮੰਗ ਦਾ ਸਾਮ੍ਹਣਾ ਕਰ ਰਹੇ ਮਸੀਹੀਆਂ ਨੂੰ ਪ੍ਰਾਰਥਨਾਪੂਰਣ ਢੰਗ ਨਾਲ ਮਾਮਲੇ ਦਾ ਅਧਿਐਨ ਕਰਨਾ ਅਤੇ ਇਸ ਉੱਤੇ ਮਨਨ ਕਰਨਾ ਚਾਹੀਦਾ ਹੈ।a ਕਲੀਸਿਯਾ ਵਿਚ ਪ੍ਰੌੜ੍ਹ ਮਸੀਹੀਆਂ ਦੇ ਨਾਲ ਇਸ ਮਾਮਲੇ ਉੱਤੇ ਵਿਚਾਰ ਕਰਨਾ ਵੀ ਸ਼ਾਇਦ ਬੁੱਧੀਮਤਾ ਦੀ ਗੱਲ ਹੋਵੇਗੀ। ਇਸ ਮਗਰੋਂ ਇਕ ਨਿੱਜੀ ਨਿਰਣਾ ਕੀਤਾ ਜਾਣਾ ਚਾਹੀਦਾ ਹੈ।—ਕਹਾਉਤਾਂ 2:1-5; ਫ਼ਿਲਿੱਪੀਆਂ 4:5.
20. ਗ਼ੈਰ-ਸੈਨਿਕ ਕੌਮੀ ਸਿਵਲੀਅਨ ਸੇਵਾ ਦੇ ਮਾਮਲੇ ਉੱਤੇ ਤਰਕ ਕਰਨ ਦੇ ਲਈ ਕਿਹੜੇ ਸਵਾਲ ਅਤੇ ਸ਼ਾਸਤਰੀ ਸੰਬੰਧੀ ਸਿਧਾਂਤ ਇਕ ਮਸੀਹੀ ਦੀ ਮਦਦ ਕਰਦੇ ਹਨ?
20 ਅਜਿਹੀ ਜਾਂਚ ਕਰਦੇ ਸਮੇਂ, ਮਸੀਹੀ ਕਈ ਬਾਈਬਲ ਸਿਧਾਂਤਾਂ ਉੱਤੇ ਵੀ ਗੌਰ ਕਰਨਗੇ। ਪੌਲੁਸ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀਂ ‘ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਆਗਿਆਕਾਰ ਬਣੇ ਰਹੀਏ, ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖੀਏ, ਸੀਲ ਸੁਭਾਉ ਹੋਈਏ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖੀਏ।’ (ਤੀਤੁਸ 3:1, 2) ਨਾਲ ਹੀ, ਮਸੀਹੀਆਂ ਲਈ ਚੰਗਾ ਹੋਵੇਗਾ ਕਿ ਉਹ ਪੇਸ਼ ਕੀਤੇ ਗਏ ਸਿਵਲੀਅਨ ਕਾਰਜ ਦੀ ਨਿਰੀਖਣ ਕਰਨ। ਜੇਕਰ ਉਹ ਇਸ ਨੂੰ ਸਵੀਕਾਰ ਕਰਦੇ ਹਨ, ਤਾਂ ਕੀ ਉਹ ਮਸੀਹੀ ਨਿਰਪੱਖਤਾ ਕਾਇਮ ਰੱਖ ਸਕਣਗੇ? (ਮੀਕਾਹ 4:3, 5; ਯੂਹੰਨਾ 17:16) ਕੀ ਇਹ ਉਨ੍ਹਾਂ ਨੂੰ ਕਿਸੇ ਝੂਠੇ ਧਰਮ ਵਿਚ ਅੰਤਰਗ੍ਰਸਤ ਕਰੇਗਾ? (ਪਰਕਾਸ਼ ਦੀ ਪੋਥੀ 18:4, 20, 21) ਕੀ ਇਹ ਕੰਮ ਕਰਨਾ ਉਨ੍ਹਾਂ ਨੂੰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਤੋਂ ਰੋਕੇਗਾ ਜਾਂ ਅਨੁਚਿਤ ਢੰਗ ਨਾਲ ਸੀਮਿਤ ਕਰੇਗਾ? (ਮੱਤੀ 24:14; ਇਬਰਾਨੀਆਂ 10:24, 25) ਦੂਜੇ ਪਾਸੇ, ਕੀ ਉਹ ਇਸ ਅਨਿਵਾਰੀ ਸੇਵਾ ਨੂੰ ਕਰਨ ਦੇ ਨਾਲ-ਨਾਲ, ਅਧਿਆਤਮਿਕ ਉੱਨਤੀ ਕਰਨਾ ਜਾਰੀ ਰੱਖ ਸਕਣਗੇ, ਸ਼ਾਇਦ ਪੂਰਣ-ਕਾਲੀ ਸੇਵਕਾਈ ਵਿਚ ਵੀ ਭਾਗ ਲੈਂਦੇ ਹੋਏ?—ਇਬਰਾਨੀਆਂ 6:11, 12.
21. ਉਸ ਦਾ ਨਿਰਣਾ ਜੋ ਕੋਈ ਵੀ ਹੋਵੇ, ਕਲੀਸਿਯਾ ਨੂੰ ਇਕ ਭਰਾ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ ਜੋ ਗ਼ੈਰ-ਸੈਨਿਕ ਕੌਮੀ ਸਿਵਲੀਅਨ ਸੇਵਾ ਦੇ ਮਾਮਲੇ ਨਾਲ ਨਿਭ ਰਿਹਾ ਹੈ?
21 ਉਦੋਂ ਕੀ, ਜੇਕਰ ਅਜਿਹੇ ਸਵਾਲਾਂ ਦੇ ਪ੍ਰਤੀ ਮਸੀਹੀ ਵਿਅਕਤੀ ਦੇ ਈਮਾਨਦਾਰ ਜਵਾਬਾਂ ਦੇ ਕਾਰਨ ਉਹ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਇਹ ਕੌਮੀ ਸਿਵਲੀਅਨ ਸੇਵਾ ਇਕ “ਸ਼ੁਭ ਕਰਮ” ਹੈ ਜੋ ਉਹ ਅਧਿਕਾਰੀਆਂ ਦੀ ਆਗਿਆ ਅਨੁਸਾਰ ਕਰ ਸਕਦਾ ਹੈ? ਇਹ ਯਹੋਵਾਹ ਦੇ ਸਾਮ੍ਹਣੇ ਉਸ ਦਾ ਨਿਰਣਾ ਹੈ। ਨਿਯੁਕਤ ਬਜ਼ੁਰਗਾਂ ਅਤੇ ਦੂਜਿਆਂ ਨੂੰ ਉਸ ਭਰਾ ਦੇ ਅੰਤਹਕਰਣ ਦਾ ਪੂਰਾ ਆਦਰ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਚੰਗੀ ਸਥਿਤੀ ਵਿਚ ਇਕ ਕਾਇਮ ਮਸੀਹੀ ਵਜੋਂ ਵਿਚਾਰਨਾ ਜਾਰੀ ਰੱਖਣਾ ਚਾਹੀਦਾ ਹੈ। ਲੇਕਨ, ਜੇਕਰ ਇਕ ਮਸੀਹੀ ਮਹਿਸੂਸ ਕਰੇ ਕਿ ਉਹ ਇਹ ਸਿਵਲੀਅਨ ਸੇਵਾ ਨਹੀਂ ਨਿਭਾ ਸਕਦਾ ਹੈ, ਤਾਂ ਉਸ ਦੀ ਸਥਿਤੀ ਦਾ ਵੀ ਆਦਰ ਕੀਤਾ ਜਾਣਾ ਚਾਹੀਦਾ ਹੈ। ਉਹ ਵੀ ਚੰਗੀ ਸਥਿਤੀ ਵਿਚ ਕਾਇਮ ਰਹਿੰਦਾ ਹੈ ਅਤੇ ਉਸ ਨੂੰ ਪ੍ਰੇਮਮਈ ਸਮਰਥਨ ਮਿਲਣਾ ਚਾਹੀਦਾ ਹੈ।—1 ਕੁਰਿੰਥੀਆਂ 10:29; 2 ਕੁਰਿੰਥੀਆਂ 1:24; 1 ਪਤਰਸ 3:16.
22. ਸਾਡੇ ਸਾਮ੍ਹਣੇ ਜੋ ਕੋਈ ਵੀ ਸਥਿਤੀ ਹੋਵੇ, ਅਸੀਂ ਕੀ ਕਰਨਾ ਜਾਰੀ ਰੱਖਾਂਗੇ?
22 ਮਸੀਹੀ ਹੋਣ ਦੇ ਨਾਤੇ, ਅਸੀਂ ‘ਜਿਹ ਦਾ ਆਦਰ ਕਰਨਾ ਚਾਹੀਦਾ ਹੈ ਆਦਰ ਕਰਨ’ ਤੋਂ ਨਹੀਂ ਰੁੱਕਾਂਗੇ। (ਰੋਮੀਆਂ 13:7) ਅਸੀਂ ਅਮਨ-ਅਮਾਨ ਦਾ ਆਦਰ ਕਰਾਂਗੇ ਅਤੇ ਸ਼ਾਂਤੀਪੂਰਣ, ਕਾਨੂੰਨ-ਪਾਲਕ ਨਾਗਰਿਕ ਹੋਣ ਲਈ ਜਤਨ ਕਰਾਂਗੇ। (ਜ਼ਬੂਰ 34:14) ਅਸੀਂ “ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ” ਪ੍ਰਾਰਥਨਾ ਵੀ ਕਰ ਸਕਦੇ ਹਾਂ ਜਦੋਂ ਇਨ੍ਹਾਂ ਮਨੁੱਖਾਂ ਨੂੰ ਅਜਿਹੇ ਨਿਰਣੇ ਕਰਨ ਲਈ ਕਿਹਾ ਜਾਂਦਾ ਹੈ ਜੋ ਸਾਡੇ ਮਸੀਹੀ ਜੀਵਨ ਅਤੇ ਕਾਰਜ ਉੱਤੇ ਅਸਰ ਕਰਨਗੇ। ਸਾਡੇ ਵੱਲੋਂ ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਦੇਣ ਦੇ ਸਿੱਟੇ ਵਜੋਂ, ਅਸੀਂ ਉਮੀਦ ਕਰਦੇ ਹਾਂ ਕਿ ‘ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗ’ ਸਕਾਂਗੇ। (1 ਤਿਮੋਥਿਉਸ 2:1, 2) ਮੁੱਖ ਤੌਰ ਤੇ, ਅਸੀਂ ਮਨੁੱਖਜਾਤੀ ਦੀ ਇੱਕੋ-ਇਕ ਉਮੀਦ ਵਜੋਂ ਰਾਜ ਦੀ ਖ਼ੁਸ਼ ਖ਼ਬਰੀ ਪ੍ਰਚਾਰ ਕਰਨਾ ਜਾਰੀ ਰੱਖਾਂਗੇ, ਅਤੇ ਨੇਕਨੀਅਤ ਦੇ ਨਾਲ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਆਂਗੇ। (w96 5/1)
[ਫੁਟਨੋਟ]
ਕੀ ਤੁਸੀਂ ਸਮਝਾ ਸਕਦੇ ਹੋ?
◻ ਕੈਸਰ ਅਤੇ ਯਹੋਵਾਹ ਦੇ ਨਾਲ ਆਪਣੇ ਸੰਬੰਧਾਂ ਨੂੰ ਸੰਤੁਲਿਤ ਕਰਨ ਵਿਚ, ਇਕ ਮਸੀਹੀ ਦੀ ਪ੍ਰਥਮ ਚਿੰਤਾ ਕੀ ਹੈ?
◻ ਅਸੀਂ ਯਹੋਵਾਹ ਨੂੰ ਕਿਸ ਚੀਜ਼ ਦੇ ਦੇਣਦਾਰ ਹਾਂ ਜੋ ਅਸੀਂ ਕਦੇ ਵੀ ਕੈਸਰ ਨੂੰ ਨਹੀਂ ਦੇ ਸਕਦੇ ਹਾਂ?
◻ ਕਿਹੜੀਆਂ ਕੁਝ ਚੀਜ਼ਾਂ ਹਨ ਜੋ ਅਸੀਂ ਉਚਿਤ ਰੂਪ ਵਿਚ ਕੈਸਰ ਨੂੰ ਦਿੰਦੇ ਹਾਂ?
◻ ਅਨਿਵਾਰੀ ਸੈਨਿਕ ਸੇਵਾ ਦੇ ਮਾਮਲੇ ਵਿਚ ਇਕ ਸਹੀ ਨਿਰਣਾ ਕਰਨ ਦੇ ਲਈ ਕਿਹੜੇ ਸ਼ਾਸਤਰਵਚਨ ਸਾਡੀ ਮਦਦ ਕਰਦੇ ਹਨ?
◻ ਕਿਹੜੀਆਂ ਕੁਝ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਜੇਕਰ ਸਾਨੂੰ ਗ਼ੈਰ-ਸੈਨਿਕ ਕੌਮੀ ਸਿਵਲੀਅਨ ਸੇਵਾ ਲਈ ਸੱਦਿਆ ਜਾਵੇ?
◻ ਯਹੋਵਾਹ ਅਤੇ ਕੈਸਰ ਦੇ ਸੰਬੰਧ ਵਿਚ, ਅਸੀਂ ਕੀ ਕਰਨਾ ਜਾਰੀ ਰੱਖਦੇ ਹਾਂ?
[ਸਫ਼ੇ 16, 17 ਉੱਤੇ ਤਸਵੀਰ]
ਰਸੂਲਾਂ ਨੇ ਮਹਾਸਭਾ ਨੂੰ ਦੱਸਿਆ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”