ਇਬਰਾਨੀਆਂ ਨੂੰ ਚਿੱਠੀ
6 ਹੁਣ ਅਸੀਂ ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ ਲੈ ਚੁੱਕੇ ਹਾਂ,+ ਇਸ ਕਰਕੇ ਆਓ ਆਪਾਂ ਸਮਝਦਾਰ ਬਣਨ ਲਈ ਪੂਰੀ ਵਾਹ ਲਾਈਏ+ ਅਤੇ ਸਿੱਖੀਆਂ ਗੱਲਾਂ ਦੀ ਨੀਂਹ ਦੁਬਾਰਾ ਨਾ ਧਰੀਏ, ਜਿਵੇਂ ਕਿ ਵਿਅਰਥ ਕੰਮਾਂ ਤੋਂ ਤੋਬਾ ਕਰਨੀ, ਪਰਮੇਸ਼ੁਰ ਉੱਤੇ ਨਿਹਚਾ ਕਰਨੀ, 2 ਕਈ ਤਰ੍ਹਾਂ ਦੇ ਬਪਤਿਸਮਿਆਂ ਦੀ ਸਿੱਖਿਆ, ਹੱਥ ਰੱਖਣ ਦੀ ਸਿੱਖਿਆ,+ ਮਰ ਚੁੱਕੇ ਲੋਕਾਂ ਦੇ ਜੀਉਂਦਾ ਹੋਣ ਦੀ ਸਿੱਖਿਆ+ ਅਤੇ ਆਖ਼ਰੀ* ਨਿਆਂ ਦੀ ਸਿੱਖਿਆ। 3 ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਅਸੀਂ ਜ਼ਰੂਰ ਸਮਝਦਾਰ ਬਣਾਂਗੇ।
4 ਕੁਝ ਲੋਕ ਜਿਨ੍ਹਾਂ ਨੂੰ ਪਹਿਲਾਂ ਗਿਆਨ ਦਾ ਪ੍ਰਕਾਸ਼ ਹੋਇਆ ਸੀ,+ ਸਵਰਗੋਂ ਵਰਦਾਨ ਮਿਲਿਆ ਸੀ, ਪਵਿੱਤਰ ਸ਼ਕਤੀ ਮਿਲੀ ਸੀ 5 ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸ਼ਾਨਦਾਰ ਬਚਨ ਦਾ ਅਤੇ ਆਉਣ ਵਾਲੇ ਯੁਗ* ਦੀਆਂ ਸ਼ਕਤੀਸ਼ਾਲੀ ਚੀਜ਼ਾਂ ਦਾ ਸੁਆਦ ਚੱਖਿਆ ਸੀ, 6 ਉਹ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ।+ ਉਨ੍ਹਾਂ ਲੋਕਾਂ ਦੀ ਦੁਬਾਰਾ ਤੋਬਾ ਕਰਨ ਵਿਚ ਮਦਦ ਕਰਨੀ ਨਾਮੁਮਕਿਨ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਦੁਬਾਰਾ ਸੂਲ਼ੀ ʼਤੇ ਟੰਗਦੇ ਹਨ ਅਤੇ ਉਸ ਨੂੰ ਸ਼ਰੇਆਮ ਬੇਇੱਜ਼ਤ ਕਰਦੇ ਹਨ।+ 7 ਲੋਕ ਜ਼ਮੀਨ ਵਾਂਗ ਹਨ ਜਿਸ ਉੱਤੇ ਵਾਰ-ਵਾਰ ਮੀਂਹ ਪੈਂਦਾ ਹੈ। ਜ਼ਮੀਨ ਪਾਣੀ ਸੋਖ ਕੇ ਇਨਸਾਨਾਂ ਦੇ ਖਾਣ ਲਈ ਸਾਗ-ਸਬਜ਼ੀਆਂ ਉਗਾਉਂਦੀ ਹੈ ਜਿਹੜੇ ਇਸ ਉੱਤੇ ਖੇਤੀ ਕਰਦੇ ਹਨ। ਬਦਲੇ ਵਿਚ ਪਰਮੇਸ਼ੁਰ ਇਸ ਨੂੰ ਅਸੀਸ ਦਿੰਦਾ ਹੈ। 8 ਪਰ ਜੇ ਇਹ ਕੰਡਿਆਲ਼ੀਆਂ ਝਾੜੀਆਂ ਉਗਾਵੇ, ਤਾਂ ਇਸ ਨੂੰ ਬੇਕਾਰ ਸਮਝ ਕੇ ਛੱਡ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਜਲਦੀ ਹੀ ਸਰਾਪ ਦਿੱਤਾ ਜਾਂਦਾ ਹੈ ਅਤੇ ਅਖ਼ੀਰ ਵਿਚ ਸਾੜ ਦਿੱਤਾ ਜਾਂਦਾ ਹੈ।
9 ਭਾਵੇਂ ਅਸੀਂ ਇਸ ਤਰ੍ਹਾਂ ਗੱਲ ਕਰ ਰਹੇ ਹਾਂ, ਪਰ ਪਿਆਰੇ ਭਰਾਵੋ, ਸਾਨੂੰ ਪੱਕਾ ਭਰੋਸਾ ਹੈ ਕਿ ਤੁਸੀਂ ਚੰਗੀ ਹਾਲਤ ਵਿਚ ਹੋ ਅਤੇ ਤੁਸੀਂ ਮੁਕਤੀ ਪਾਉਣ ਲਈ ਸਭ ਕੁਝ ਕਰ ਰਹੇ ਹੋ। 10 ਕਿਉਂਕਿ ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ+ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹੋ। 11 ਪਰ ਸਾਡੀ ਇਹੀ ਇੱਛਾ ਹੈ ਕਿ ਤੁਸੀਂ ਸਾਰੇ ਪਹਿਲਾਂ ਵਾਂਗ ਮਿਹਨਤ ਕਰਦੇ ਰਹੋ ਤਾਂਕਿ ਤੁਹਾਡੀ ਉਮੀਦ+ ਅਖ਼ੀਰ ਤਕ ਪੱਕੀ ਰਹੇ+ 12 ਅਤੇ ਤੁਸੀਂ ਆਲਸੀ ਨਾ ਬਣੋ,+ ਸਗੋਂ ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਰੱਖਣ ਕਰਕੇ ਪਰਮੇਸ਼ੁਰ ਦੇ ਵਾਅਦਿਆਂ ਦੇ ਵਾਰਸ ਬਣਦੇ ਹਨ।
13 ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ, ਤਾਂ ਉਹ ਕਿਸੇ ਹੋਰ ਦੀ ਸਹੁੰ ਨਹੀਂ ਖਾ ਸਕਦਾ ਸੀ ਜਿਹੜਾ ਉਸ ਤੋਂ ਵੱਡਾ ਹੋਵੇ, ਇਸ ਲਈ ਉਸ ਨੇ ਆਪਣੀ ਹੀ ਸਹੁੰ ਖਾ ਕੇ+ 14 ਕਿਹਾ: “ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੈਨੂੰ ਜ਼ਰੂਰ ਵਧਾਵਾਂਗਾ।”+ 15 ਇਸ ਲਈ ਅਬਰਾਹਾਮ ਦੇ ਧੀਰਜ ਰੱਖਣ ਤੋਂ ਬਾਅਦ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ। 16 ਇਨਸਾਨ ਆਪਣੇ ਤੋਂ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਇਸ ਸਹੁੰ ਕਰਕੇ ਕੋਈ ਝਗੜਾ ਖੜ੍ਹਾ ਨਹੀਂ ਹੁੰਦਾ ਕਿਉਂਕਿ ਇਹ ਸਹੁੰ ਉਨ੍ਹਾਂ ਲਈ ਕਾਨੂੰਨੀ ਗਾਰੰਟੀ ਹੁੰਦੀ ਹੈ।+ 17 ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਵਾਅਦੇ ਦੇ ਵਾਰਸਾਂ+ ਨੂੰ ਹੋਰ ਚੰਗੀ ਤਰ੍ਹਾਂ ਇਹ ਦਿਖਾਉਣ ਦਾ ਫ਼ੈਸਲਾ ਕੀਤਾ ਕਿ ਉਸ ਦਾ ਮਕਸਦ* ਬਿਲਕੁਲ ਨਹੀਂ ਬਦਲੇਗਾ, ਤਾਂ ਉਸ ਨੇ ਇਸ ਦੀ ਗਾਰੰਟੀ ਦੇਣ ਲਈ ਸਹੁੰ ਵੀ ਖਾਧੀ 18 ਤਾਂਕਿ ਜਿਨ੍ਹਾਂ ਦੋ ਅਟੱਲ ਗੱਲਾਂ* ਬਾਰੇ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ,+ ਉਨ੍ਹਾਂ ਦੇ ਰਾਹੀਂ ਸਾਨੂੰ, ਜਿਹੜੇ ਪਰਮੇਸ਼ੁਰ ਦੀ ਸ਼ਰਨ ਵਿਚ ਆਏ ਹਨ, ਜ਼ਬਰਦਸਤ ਹੱਲਾਸ਼ੇਰੀ ਮਿਲੇ ਕਿ ਅਸੀਂ ਉਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਜਿਹੜੀ ਸਾਡੇ ਸਾਮ੍ਹਣੇ ਰੱਖੀ ਗਈ ਹੈ। 19 ਇਹ ਉਮੀਦ+ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ ਅਤੇ ਇਹ ਸਾਨੂੰ ਪਰਦੇ* ਦੇ ਦੂਜੇ ਪਾਸੇ ਲੈ ਜਾਂਦੀ ਹੈ+ 20 ਜਿੱਥੇ ਸਾਡਾ ਆਗੂ ਯਿਸੂ ਸਾਡੀ ਖ਼ਾਤਰ ਪਹਿਲਾਂ ਹੀ ਜਾ ਚੁੱਕਾ ਹੈ+ ਜਿਹੜਾ ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣ ਗਿਆ ਹੈ ਅਤੇ ਉਹ ਹਮੇਸ਼ਾ ਮਹਾਂ ਪੁਜਾਰੀ ਰਹੇਗਾ।+