ਦੂਜਾ ਅਧਿਆਇ
ਤੁਸੀਂ ਆਪਣੀ ਜ਼ਮੀਰ ਕਿਵੇਂ ਸਾਫ਼ ਰੱਖ ਸਕਦੇ ਹੋ?
“ਆਪਣੀ ਜ਼ਮੀਰ ਨੂੰ ਸਾਫ਼ ਰੱਖੋ।”—1 ਪਤਰਸ 3:16.
1, 2. (ੳ) ਕਿਸੇ ਅਣਜਾਣ ਜਗ੍ਹਾ ਜਾਂਦਿਆਂ ਤੁਹਾਨੂੰ ਰਾਹ ਦਿਖਾਉਣ ਵਾਲੇ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ? (ਅ) ਜ਼ਿੰਦਗੀ ਵਿਚ ਸਹੀ ਰਾਹ ਦਿਖਾਉਣ ਲਈ ਯਹੋਵਾਹ ਨੇ ਸਾਨੂੰ ਕਿਹੜੀ ਦਾਤ ਦਿੱਤੀ ਹੈ?
ਮੰਨ ਲਓ ਕਿ ਤੁਸੀਂ ਕਿਸੇ ਅਣਜਾਣ ਜਗ੍ਹਾ ਜਾ ਰਹੇ ਹੋ ਤੇ ਤੁਹਾਨੂੰ ਰਾਹ ਦਾ ਨਹੀਂ ਪਤਾ। ਤੁਸੀਂ ਆਪਣੇ ਨਾਲ ਕਿਸੇ ਨੂੰ ਲੈ ਜਾਂਦੇ ਹੋ ਜਿਸ ਨੂੰ ਰਾਹ ਪਤਾ ਹੈ। ਜੇ ਤੁਸੀਂ ਉਸ ਦੇ ਦਿਖਾਏ ਰਾਹ ʼਤੇ ਚੱਲੋਗੇ, ਤਾਂ ਤੁਸੀਂ ਆਪਣੀ ਮੰਜ਼ਲ ʼਤੇ ਸਹੀ-ਸਲਾਮਤ ਪਹੁੰਚ ਜਾਓਗੇ।
2 ਜ਼ਿੰਦਗੀ ਵਿਚ ਸਹੀ ਰਾਹ ਦਿਖਾਉਣ ਲਈ ਯਹੋਵਾਹ ਨੇ ਸਾਨੂੰ ਇਕ ਦਾਤ ਦਿੱਤੀ ਹੈ, ਉਹ ਹੈ ਜ਼ਮੀਰ ਜਾਂ ਅੰਤਹਕਰਣ। (ਯਾਕੂਬ 1:17) ਇਸ ਤੋਂ ਬਿਨਾਂ ਅਸੀਂ ਸਹੀ ਰਾਹ ਤੋਂ ਭਟਕ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਜ਼ਮੀਰ ਹੈ ਕੀ ਅਤੇ ਇਹ ਸਾਡੀ ਕਿਵੇਂ ਮਦਦ ਕਰਦੀ ਹੈ। ਅਸੀਂ ਇਨ੍ਹਾਂ ਤਿੰਨ ਗੱਲਾਂ ʼਤੇ ਵਿਚਾਰ ਕਰਾਂਗੇ: (1) ਜ਼ਮੀਰ ਨੂੰ ਸਹੀ ਸੇਧ ਦੇਣ ਦੇ ਯੋਗ ਕਿਵੇਂ ਬਣਾਇਆ ਜਾ ਸਕਦਾ ਹੈ, (2) ਸਾਨੂੰ ਦੂਸਰਿਆਂ ਦੀ ਜ਼ਮੀਰ ਬਾਰੇ ਕਿਉਂ ਸੋਚਣਾ ਚਾਹੀਦਾ ਹੈ ਅਤੇ (3) ਸਾਫ਼ ਜ਼ਮੀਰ ਰੱਖਣ ਦੇ ਕੀ ਫ਼ਾਇਦੇ ਹਨ।
ਜ਼ਮੀਰ ਕੀ ਹੁੰਦੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ?
3. “ਜ਼ਮੀਰ” ਕੀ ਹੁੰਦੀ ਹੈ ਅਤੇ ਇਹ ਸਾਡੀ ਕਿਵੇਂ ਮਦਦ ਕਰਦੀ ਹੈ?
3 ਬਾਈਬਲ ਵਿਚ “ਜ਼ਮੀਰ” ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਮਤਲਬ ਹੈ ਸਾਡੀ ਅੰਦਰਲੀ ਆਵਾਜ਼। ਇਹ ਦਾਤ ਪਰਮੇਸ਼ੁਰ ਨੇ ਸਿਰਫ਼ ਇਨਸਾਨਾਂ ਨੂੰ ਹੀ ਦਿੱਤੀ ਹੈ ਅਤੇ ਇਸ ਦੀ ਮਦਦ ਨਾਲ ਅਸੀਂ ਆਪਣੀ ਪਰਖ ਕਰ ਸਕਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੰਮ, ਰਵੱਈਆ ਅਤੇ ਫ਼ੈਸਲੇ ਸਹੀ ਹਨ ਜਾਂ ਨਹੀਂ। ਸਹੀ ਫ਼ੈਸਲੇ ਕਰਨ ਵਿਚ ਇਹ ਸਾਡੀ ਮਦਦ ਕਰਦੀ ਹੈ। ਜੇ ਅਸੀਂ ਕੋਈ ਗ਼ਲਤ ਕੰਮ ਕਰਨ ਲੱਗਦੇ ਹਾਂ, ਤਾਂ ਇਹ ਝੱਟ ਸਾਨੂੰ ਖ਼ਬਰਦਾਰ ਕਰ ਦਿੰਦੀ ਹੈ। ਜਦੋਂ ਅਸੀਂ ਸਹੀ ਫ਼ੈਸਲੇ ਕਰਦੇ ਹਾਂ, ਤਾਂ ਸਾਡੇ ਮਨ ਨੂੰ ਤਸੱਲੀ ਹੁੰਦੀ ਹੈ ਪਰ ਗ਼ਲਤ ਫ਼ੈਸਲੇ ਕਰਨ ʼਤੇ ਸਾਡੀ ਜ਼ਮੀਰ ਸਾਨੂੰ ਲਾਹਨਤਾਂ ਪਾਉਂਦੀ ਹੈ।
4, 5. (ੳ) ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਆਦਮ ਤੇ ਹੱਵਾਹ ਦੀ ਵੀ ਜ਼ਮੀਰ ਸੀ ਅਤੇ ਪਰਮੇਸ਼ੁਰ ਦਾ ਹੁਕਮ ਤੋੜਨ ਦਾ ਉਨ੍ਹਾਂ ਨੂੰ ਕੀ ਨਤੀਜਾ ਭੁਗਤਣਾ ਪਿਆ? (ਅ) ਪਰਮੇਸ਼ੁਰ ਦੇ ਦੋ ਵਫ਼ਾਦਾਰ ਭਗਤਾਂ ਬਾਰੇ ਦੱਸੋ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਸੀ।
4 ਪਰਮੇਸ਼ੁਰ ਨੇ ਜਦੋਂ ਆਦਮ ਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਦੋਂ ਉਸ ਨੇ ਉਨ੍ਹਾਂ ਨੂੰ ਆਪਣੀ ਪਰਖ ਕਰਨ ਦੀ ਯੋਗਤਾ ਬਖ਼ਸ਼ੀ ਸੀ। ਜਦੋਂ ਉਨ੍ਹਾਂ ਨੇ ਪਾਪ ਕੀਤਾ, ਤਾਂ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਲਾਹਨਤਾਂ ਪਾਈਆਂ। ਇਸੇ ਕਰਕੇ ਉਹ ਆਪਣਾ ਮੂੰਹ ਲੁਕਾਉਂਦੇ ਫਿਰਦੇ ਸਨ। (ਉਤਪਤ 3:7, 8) ਪਰ ਮੂੰਹ ਲੁਕਾਉਣ ਦਾ ਕੋਈ ਫ਼ਾਇਦਾ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਆਪਣੀ ਬਰਬਾਦੀ ਦਾ ਰਾਹ ਆਪ ਚੁਣਿਆ ਸੀ। ਮੁਕੰਮਲ ਹੋਣ ਕਰਕੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਸਨ। ਇਸ ਲਈ ਪਛਤਾਉਣਾ ਬੇਕਾਰ ਸੀ।
5 ਆਦਮ ਅਤੇ ਹੱਵਾਹ ਤੋਂ ਉਲਟ, ਬਹੁਤ ਸਾਰੇ ਨਾਮੁਕੰਮਲ ਇਨਸਾਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਸੀ। ਮਿਸਾਲ ਲਈ, ਪਰਮੇਸ਼ੁਰ ਦੇ ਵਫ਼ਾਦਾਰ ਭਗਤ ਅੱਯੂਬ ਨੇ ਆਪਣੇ ਬਾਰੇ ਕਿਹਾ ਸੀ: “ਮੈਂ ਆਪਣਾ ਧਰਮ ਤਕੜਾਈ ਨਾਲ ਫੜਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।”a (ਅੱਯੂਬ 27:6) ਅੱਯੂਬ ਨੇ ਜ਼ਿੰਦਗੀ ਵਿਚ ਕਦੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਅਣਸੁਣਿਆ ਨਹੀਂ ਕੀਤਾ ਸੀ ਜਿਸ ਕਰਕੇ ਉਹ ਸਹੀ ਰਾਹ ʼਤੇ ਚੱਲਦਾ ਰਿਹਾ। ਇਸੇ ਲਈ ਉਹ ਪੂਰੇ ਭਰੋਸੇ ਨਾਲ ਕਹਿ ਸਕਿਆ ਕਿ ਉਸ ਦੀ ਜ਼ਮੀਰ ਉਸ ਨੂੰ ਉਲਾਹਮਾ ਨਹੀਂ ਦਿੰਦੀ ਸੀ। ਹੁਣ ਜ਼ਰਾ ਦਾਊਦ ਦੀ ਮਿਸਾਲ ʼਤੇ ਗੌਰ ਕਰੋ। ਇਕ ਵਾਰ ਦਾਊਦ ਨੇ ਯਹੋਵਾਹ ਦੇ ਚੁਣੇ ਹੋਏ ਰਾਜਾ ਸ਼ਾਊਲ ਦਾ ਅਪਮਾਨ ਕੀਤਾ ਸੀ। ਇਸ ਤੋਂ ਬਾਅਦ ਦਾਊਦ ਦਾ ਮਨ ਬੜਾ ਦੁਖੀ ਹੋਇਆ। (1 ਸਮੂਏਲ 24:5) ਦਾਊਦ ਦੀ ਜ਼ਮੀਰ ਨੇ ਉਸ ਨੂੰ ਇੰਨੀਆਂ ਲਾਹਨਤਾਂ ਪਾਈਆਂ ਕਿ ਉਸ ਨੇ ਇੱਦਾਂ ਦੀ ਗ਼ਲਤੀ ਮੁੜ ਕੇ ਨਾ ਕਰਨ ਦਾ ਸਬਕ ਸਿੱਖ ਲਿਆ।
6. ਕਿਵੇਂ ਪਤਾ ਲੱਗਦਾ ਹੈ ਕਿ ਸਾਰੇ ਲੋਕਾਂ ਦੀ ਜ਼ਮੀਰ ਹੁੰਦੀ ਹੈ?
6 ਕੀ ਜ਼ਮੀਰ ਦੀ ਦਾਤ ਸਿਰਫ਼ ਯਹੋਵਾਹ ਦੇ ਭਗਤਾਂ ਕੋਲ ਹੀ ਹੈ? ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿਓ: “ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ। ਇਹ ਕਾਨੂੰਨ ਨਾ ਹੁੰਦੇ ਹੋਏ ਵੀ ਜਦੋਂ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਇਕ ਕਾਨੂੰਨ ਹੈ। ਇਹ ਲੋਕ ਦਿਖਾਉਂਦੇ ਹਨ ਕਿ ਇਸ ਕਾਨੂੰਨ ਦੀਆਂ ਗੱਲਾਂ ਇਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ, ਅਤੇ ਇਨ੍ਹਾਂ ਦੀ ਜ਼ਮੀਰ ਇਨ੍ਹਾਂ ਨਾਲ ਗਵਾਹੀ ਦਿੰਦੀ ਹੈ ਅਤੇ ਜਦੋਂ ਇਹ ਆਪਣੇ ਕੰਮਾਂ ਉੱਤੇ ਸੋਚ-ਵਿਚਾਰ ਕਰਦੇ ਹਨ, ਤਾਂ ਇਹ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ।” (ਰੋਮੀਆਂ 2:14, 15) ਜਿਹੜੇ ਲੋਕ ਪਰਮੇਸ਼ੁਰ ਯਹੋਵਾਹ ਦੇ ਅਸੂਲਾਂ ਨੂੰ ਜਾਣਦੇ ਤਕ ਨਹੀਂ, ਉਨ੍ਹਾਂ ਦੀ ਜ਼ਮੀਰ ਵੀ ਉਨ੍ਹਾਂ ਨੂੰ ਦੱਸਦੀ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ।
7. ਕਦੇ-ਕਦੇ ਜ਼ਮੀਰ ਗ਼ਲਤ ਰਾਹੇ ਕਿਉਂ ਪਾ ਦਿੰਦੀ ਹੈ?
7 ਪਰ ਜ਼ਮੀਰ ਸਾਨੂੰ ਗ਼ਲਤ ਰਾਹੇ ਵੀ ਪਾ ਸਕਦੀ ਹੈ। ਕਿਵੇਂ? ਪਹਿਲੇ ਪੈਰੇ ਵਿਚ ਦਿੱਤੀ ਮਿਸਾਲ ʼਤੇ ਦੁਬਾਰਾ ਗੌਰ ਕਰੋ। ਜੋ ਬੰਦਾ ਸਾਡੇ ਨਾਲ ਗਿਆ ਹੈ ਜੇ ਉਹ ਵੀ ਰਾਹ ਭੁੱਲ ਜਾਵੇ, ਤਾਂ ਉਹ ਸਾਨੂੰ ਗ਼ਲਤ ਪਾਸੇ ਲੈ ਜਾ ਸਕਦਾ ਹੈ। ਜਾਂ ਜੇ ਅਸੀਂ ਉਹ ਦੀ ਨਾ ਸੁਣੀਏ ਤੇ ਜੋ ਰਾਹ ਸਾਨੂੰ ਸਹੀ ਲੱਗਦਾ ਹੈ ਉਸੇ ʼਤੇ ਤੁਰਦੇ ਜਾਈਏ, ਤਾਂ ਵੀ ਅਸੀਂ ਭਟਕ ਸਕਦੇ ਹਾਂ। ਇਸੇ ਤਰ੍ਹਾਂ ਸਾਡੀਆਂ ਗ਼ਲਤ ਇੱਛਾਵਾਂ ਸਾਡੀ ਜ਼ਮੀਰ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ ਤੇ ਅਸੀਂ ਕੁਰਾਹੇ ਪੈ ਸਕਦੇ ਹਾਂ। ਜੇ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਸਹੀ ਸਮਝ ਨਹੀਂ ਹੈ, ਤਾਂ ਸਾਡੀ ਜ਼ਮੀਰ ਅਹਿਮ ਮਾਮਲਿਆਂ ਵਿਚ ਸਹੀ-ਗ਼ਲਤ ਦੀ ਪਛਾਣ ਨਹੀਂ ਕਰਾ ਸਕੇਗੀ। ਇਸ ਲਈ ਸਾਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਦਾ ਸਹਾਰਾ ਲੈਣ ਦੀ ਲੋੜ ਹੈ। ਇਸ ਬਾਰੇ ਪੌਲੁਸ ਨੇ ਲਿਖਿਆ: “ਪਵਿੱਤਰ ਸ਼ਕਤੀ ਦੇ ਜ਼ਰੀਏ ਮੇਰੀ ਜ਼ਮੀਰ ਵੀ ਗਵਾਹੀ ਦਿੰਦੀ ਹੈ।” (ਰੋਮੀਆਂ 9:1) ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਸਾਡੀ ਜ਼ਮੀਰ ਪਰਮੇਸ਼ੁਰ ਦੇ ਬਚਨ ਮੁਤਾਬਕ ਸਾਨੂੰ ਸੇਧ ਦੇ ਸਕਦੀ ਹੈ? ਆਓ ਆਪਾਂ ਇਸ ਬਾਰੇ ਦੇਖੀਏ।
ਜ਼ਮੀਰ ਨੂੰ ਸਹੀ ਸੇਧ ਦੇਣ ਦੇ ਯੋਗ ਕਿਵੇਂ ਬਣਾਈਏ?
8. (ੳ) ਫ਼ੈਸਲੇ ਕਰਨ ਵੇਲੇ ਸਾਨੂੰ ਆਪਣੇ ਦਿਲ ਦੀ ਕਿਉਂ ਨਹੀਂ ਸੁਣਨੀ ਚਾਹੀਦੀ ਅਤੇ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਅ) ਆਪਣੀਆਂ ਹੀ ਨਜ਼ਰਾਂ ਵਿਚ ਜ਼ਮੀਰ ਸ਼ੁੱਧ ਹੋਣੀ ਕਾਫ਼ੀ ਕਿਉਂ ਨਹੀਂ ਹੈ? (ਫੁਟਨੋਟ ਦੇਖੋ।)
8 ਕਈ ਲੋਕ ਫ਼ੈਸਲੇ ਕਰਨ ਵੇਲੇ ਸਿਰਫ਼ ਆਪਣੇ ਦਿਲ ਦੀ ਸੁਣਦੇ ਹਨ। ਪਰ ਧਿਆਨ ਦਿਓ ਬਾਈਬਲ ਦਿਲ ਬਾਰੇ ਕੀ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਆਪਣੇ ਦਿਲ ਦੀ ਸੁਣਨ ਦੀ ਬਜਾਇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੂੰ ਕੀ ਚੰਗਾ ਲੱਗਦਾ ਹੈ।b
9. ਆਪਣੀ ਜ਼ਮੀਰ ਮੁਤਾਬਕ ਜ਼ਿੰਦਗੀ ਦੇ ਫ਼ੈਸਲੇ ਕਰਨ ਲਈ ਪਰਮੇਸ਼ੁਰ ਦਾ ਡਰ ਹੋਣਾ ਕਿਉਂ ਜ਼ਰੂਰੀ ਹੈ?
9 ਆਪਣੀ ਜ਼ਮੀਰ ਮੁਤਾਬਕ ਜ਼ਿੰਦਗੀ ਦੇ ਫ਼ੈਸਲੇ ਕਰਨ ਲਈ ਪਰਮੇਸ਼ੁਰ ਦਾ ਡਰ ਹੋਣਾ ਜ਼ਰੂਰੀ ਹੈ। ਇਸ ਸੰਬੰਧੀ ਜ਼ਰਾ ਨਹਮਯਾਹ ਦੀ ਮਿਸਾਲ ʼਤੇ ਗੌਰ ਕਰੋ। ਹਾਕਮ ਹੋਣ ਕਰਕੇ ਨਹਮਯਾਹ ਕੋਲ ਯਰੂਸ਼ਲਮ ਦੇ ਲੋਕਾਂ ਤੋਂ ਜੋ ਜੀ ਚਾਹੇ ਮੰਗਣ ਦਾ ਹੱਕ ਸੀ, ਪਰ ਉਸ ਨੇ ਆਪਣਾ ਹੱਕ ਨਹੀਂ ਜਤਾਇਆ। ਕਿਉਂ? ਕਿਉਂਕਿ ਉਹ ਲੋਕਾਂ ਉੱਤੇ ਆਪਣੀਆਂ ਮੰਗਾਂ ਦਾ ਬੋਝ ਪਾ ਕੇ ਯਹੋਵਾਹ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਆਪ ਇਹ ਗੱਲ ਕਹੀ ਸੀ: “ਪਰਮੇਸ਼ੁਰ ਦੇ ਭੈ ਦੇ ਕਾਰਨ ਮੈਂ ਏਦਾਂ ਨਾ ਕੀਤਾ।” (ਨਹਮਯਾਹ 5:15) ਆਪਣੇ ਪਿਤਾ ਯਹੋਵਾਹ ਨੂੰ ਨਾਰਾਜ਼ ਨਾ ਕਰਨ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡੇ ਦਿਲ ਵਿਚ ਯਹੋਵਾਹ ਦਾ ਡਰ ਹੋਵੇਗਾ, ਤਾਂ ਅਸੀਂ ਫ਼ੈਸਲੇ ਕਰਨ ਲੱਗਿਆਂ ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਉਸ ਦੇ ਬਚਨ ਤੋਂ ਸਲਾਹ ਲਵਾਂਗੇ।
10, 11. ਸ਼ਰਾਬ ਪੀਣ ਸੰਬੰਧੀ ਬਾਈਬਲ ਦੇ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ ਅਤੇ ਇਨ੍ਹਾਂ ਅਸੂਲਾਂ ʼਤੇ ਚੱਲਣ ਲਈ ਅਸੀਂ ਯਹੋਵਾਹ ਤੋਂ ਮਦਦ ਕਿਵੇਂ ਮੰਗ ਸਕਦੇ ਹਾਂ?
10 ਆਪਣੀ ਜ਼ਮੀਰ ਦੇ ਮੁਤਾਬਕ ਫ਼ੈਸਲੇ ਕਿਵੇਂ ਕੀਤੇ ਜਾ ਸਕਦੇ ਹਨ? ਉਦਾਹਰਣ ਲਈ, ਤੁਸੀਂ ਕਿਸੇ ਪਾਰਟੀ ਵਿਚ ਜਾਂਦੇ ਹੋ ਤੇ ਉੱਥੇ ਸ਼ਰਾਬ ਵਰਤਾਈ ਜਾਂਦੀ ਹੈ। ਤੁਹਾਡੇ ਸਾਮ੍ਹਣੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਤੁਸੀਂ ਸ਼ਰਾਬ ਪੀਣੀ ਹੈ ਜਾਂ ਨਹੀਂ। ਇਸ ਬਾਰੇ ਫ਼ੈਸਲਾ ਕਰਨ ਲਈ ਸ਼ਰਾਬ ਸੰਬੰਧੀ ਬਾਈਬਲ ਦੇ ਅਸੂਲਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ। ਬਾਈਬਲ ਹੱਦ ਵਿਚ ਰਹਿ ਕੇ ਸ਼ਰਾਬ ਪੀਣ ਤੋਂ ਮਨ੍ਹਾ ਨਹੀਂ ਕਰਦੀ। ਇਸ ਵਿਚ ਦੱਸਿਆ ਗਿਆ ਹੈ ਕਿ ਵਾਈਨ ਜਾਂ ਮੈ ਯਹੋਵਾਹ ਵੱਲੋਂ ਦਾਤ ਹੈ। (ਜ਼ਬੂਰਾਂ ਦੀ ਪੋਥੀ 104:14, 15) ਪਰ ਬਾਈਬਲ ਬੇਹਿਸਾਬੀ ਸ਼ਰਾਬ ਪੀਣ ਅਤੇ ਪੀ ਕੇ ਬਦਮਸਤੀਆਂ ਕਰਨ ਨੂੰ ਨਿੰਦਦੀ ਹੈ। (ਲੂਕਾ 21:34; ਰੋਮੀਆਂ 13:13) ਬਾਈਬਲ ਵਿਚ ਹਰਾਮਕਾਰੀ ਵਾਂਗ ਸ਼ਰਾਬੀਪੁਣੇ ਨੂੰ ਵੀ ਗੰਭੀਰ ਪਾਪ ਕਿਹਾ ਗਿਆ ਹੈ।c—1 ਕੁਰਿੰਥੀਆਂ 6:9, 10.
11 ਅਜਿਹੇ ਅਸੂਲਾਂ ਦੀ ਮਦਦ ਨਾਲ ਅਸੀਂ ਸ਼ਰਾਬ ਪੀਣ ਸੰਬੰਧੀ ਸਹੀ ਫ਼ੈਸਲਾ ਕਰ ਸਕਦੇ ਹਾਂ। ਜਦੋਂ ਪਾਰਟੀਆਂ ਵਗੈਰਾ ਵਿਚ ਸ਼ਰਾਬ ਪੀਣ ਦੀ ਗੱਲ ਆਉਂਦੀ ਹੈ, ਤਾਂ ਅਸੀਂ ਆਪਣੇ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਪਾਰਟੀ ਕਿਉਂ ਕੀਤੀ ਜਾ ਰਹੀ ਹੈ? ਕੀ ਪਾਰਟੀ ਵਿਚ ਜ਼ਿਆਦਾ ਰੌਲਾ-ਰੱਪਾ ਤਾਂ ਨਹੀਂ ਪਵੇਗਾ? ਕੀ ਸ਼ਰਾਬ ਦੇਖ ਕੇ ਮੈਂ ਆਪਣੇ ʼਤੇ ਕਾਬੂ ਰੱਖ ਸਕਾਂਗਾ? ਕੀ ਮੈਨੂੰ ਸ਼ਰਾਬ ਦੀ ਤਲਬ ਲੱਗੀ ਰਹਿੰਦੀ ਹੈ? ਕੀ ਮੈਂ ਮੂਡ ਬਣਾਉਣ ਲਈ ਸ਼ਰਾਬ ਪੀਂਦਾ ਹਾਂ?’ ਇਨ੍ਹਾਂ ਸਵਾਲਾਂ ਅਤੇ ਬਾਈਬਲ ਦੇ ਅਸੂਲਾਂ ʼਤੇ ਵਿਚਾਰ ਕਰਦੇ ਹੋਏ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਉੱਤੇ ਚੱਲਣ ਲਈ ਯਹੋਵਾਹ ਨੂੰ ਸ਼ਕਤੀ ਵਾਸਤੇ ਪ੍ਰਾਰਥਨਾ ਕਰੀਏ। (ਜ਼ਬੂਰਾਂ ਦੀ ਪੋਥੀ 139:23, 24 ਪੜ੍ਹੋ।) ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਜ਼ਮੀਰ ਨੂੰ ਸਹੀ ਸੇਧ ਦੇਣ ਦੇ ਕਾਬਲ ਬਣਾਉਂਦੇ ਹਾਂ। ਪਰ ਫ਼ੈਸਲੇ ਕਰਨ ਲੱਗਿਆਂ ਸਾਨੂੰ ਇਕ ਹੋਰ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ।
ਦੂਸਰਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਕਿਉਂ ਰੱਖੀਏ?
12, 13. ਲੋਕਾਂ ਦੀ ਜ਼ਮੀਰ ਵਿਚ ਫ਼ਰਕ ਕਿਉਂ ਹੁੰਦਾ ਹੈ ਅਤੇ ਜੇ ਕੋਈ ਸ਼ਰਾਬ ਨਾ ਪੀਣ ਦਾ ਫ਼ੈਸਲਾ ਕਰਦਾ ਹੈ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
12 ਤੁਹਾਨੂੰ ਕਈ ਵਾਰੀ ਇਹ ਦੇਖ ਕੇ ਹੈਰਾਨੀ ਹੋਈ ਹੋਣੀ ਕਿ ਦੂਸਰਿਆਂ ਦੀ ਜ਼ਮੀਰ ਅਤੇ ਤੁਹਾਡੀ ਜ਼ਮੀਰ ਵਿਚ ਕਿੰਨਾ ਫ਼ਰਕ ਹੈ। ਤੁਸੀਂ ਜੋ ਕਰਦੇ ਹੋ, ਉਹ ਸ਼ਾਇਦ ਦੂਸਰਿਆਂ ਨੂੰ ਇਤਰਾਜ਼ਯੋਗ ਲੱਗੇ। ਮਿਸਾਲ ਲਈ, ਤੁਹਾਨੂੰ ਆਪਣੇ ਮਿੱਤਰਾਂ ਨਾਲ ਸ਼ਾਮ ਨੂੰ ਬੈਠ ਕੇ ਕਦੀ-ਕਦਾਈਂ ਇਕ-ਅੱਧਾ ਪੈੱਗ ਲਾਉਣ ਵਿਚ ਕੋਈ ਖ਼ਰਾਬੀ ਨਜ਼ਰ ਨਾ ਆਵੇ। ਪਰ ਕਿਸੇ ਹੋਰ ਮਸੀਹੀ ਨੂੰ ਇੱਦਾਂ ਕਰਨਾ ਚੰਗਾ ਨਾ ਲੱਗੇ। ਇਸ ਦੀ ਵਜ੍ਹਾ ਕੀ ਹੈ? ਸਾਨੂੰ ਕੀ ਕਰਨਾ ਚਾਹੀਦਾ ਹੈ?
13 ਹਰ ਕਿਸੇ ਦੀ ਆਪੋ-ਆਪਣੀ ਸੋਚ ਹੁੰਦੀ ਹੈ। ਲੋਕਾਂ ਦਾ ਜ਼ਿੰਦਗੀ ਵਿਚ ਤਜਰਬਾ ਵੀ ਵੱਖੋ-ਵੱਖਰਾ ਹੁੰਦਾ ਹੈ। ਮਿਸਾਲ ਲਈ, ਕਿਸੇ ਨੂੰ ਸ਼ਾਇਦ ਪਹਿਲਾਂ ਬੇਹਿਸਾਬੀ ਸ਼ਰਾਬ ਪੀਣ ਦੀ ਆਦਤ ਸੀ ਅਤੇ ਉਸ ਨੇ ਬੜੀ ਮੁਸ਼ਕਲ ਨਾਲ ਇਸ ʼਤੇ ਕਾਬੂ ਪਾਇਆ ਹੋਵੇ। (1 ਰਾਜਿਆਂ 8:38, 39) ਇਸ ਕਰਕੇ ਉਹ ਸ਼ਾਇਦ ਸ਼ਰਾਬ ਦੇਖਣੀ ਵੀ ਨਾ ਚਾਹੇ। ਮੰਨ ਲਓ ਉਹ ਤੁਹਾਡੇ ਘਰ ਆਉਂਦਾ ਹੈ ਤੇ ਤੁਸੀਂ ਉਸ ਨੂੰ ਸ਼ਰਾਬ ਪੇਸ਼ ਕਰਦੇ ਹੋ, ਪਰ ਉਹ ਨਾਂਹ ਕਹਿ ਦਿੰਦਾ ਹੈ। ਕੀ ਤੁਹਾਨੂੰ ਇਸ ਗੱਲ ਦਾ ਬੁਰਾ ਮਨਾਉਣ ਚਾਹੀਦਾ ਹੈ? ਕੀ ਤੁਸੀਂ ਉਸ ਉੱਤੇ ਸ਼ਰਾਬ ਪੀਣ ਦਾ ਜ਼ੋਰ ਪਾਓਗੇ? ਨਹੀਂ। ਚਾਹੇ ਤੁਹਾਨੂੰ ਉਸ ਦੇ ਨਾ ਪੀਣ ਦਾ ਕਾਰਨ ਪਤਾ ਹੈ ਜਾਂ ਨਹੀਂ ਅਤੇ ਚਾਹੇ ਉਹ ਤੁਹਾਨੂੰ ਕਾਰਨ ਦੱਸੇ ਜਾਂ ਨਾ ਦੱਸੇ, ਉਸ ਭਰਾ ਨਾਲ ਪਿਆਰ ਹੋਣ ਕਰਕੇ ਤੁਸੀਂ ਉਸ ਨੂੰ ਮਜਬੂਰ ਨਹੀਂ ਕਰੋਗੇ।
14, 15. ਪਹਿਲੀ ਸਦੀ ਵਿਚ ਕਿਹੜੇ ਮਸਲੇ ਸੰਬੰਧੀ ਮਸੀਹੀਆਂ ਦੀ ਜ਼ਮੀਰ ਵਿਚ ਫ਼ਰਕ ਸੀ ਅਤੇ ਪੌਲੁਸ ਨੇ ਕੀ ਸਲਾਹ ਦਿੱਤੀ ਸੀ?
14 ਪਹਿਲੀ ਸਦੀ ਵਿਚ ਵੀ ਪੌਲੁਸ ਨੇ ਦੇਖਿਆ ਸੀ ਕਿ ਮਸੀਹੀਆਂ ਦੀ ਜ਼ਮੀਰ ਵਿਚ ਫ਼ਰਕ ਸੀ। ਉਸ ਵੇਲੇ ਕੁਝ ਮਸੀਹੀ ਇਸ ਉਲਝਣ ਵਿਚ ਸਨ ਕਿ ਉਹ ਬਾਜ਼ਾਰੋਂ ਮੂਰਤੀਆਂ ਅੱਗੇ ਚੜ੍ਹਾਇਆ ਮੀਟ ਖ਼ਰੀਦਣ ਜਾਂ ਨਾ ਖ਼ਰੀਦਣ। (1 ਕੁਰਿੰਥੀਆਂ 10:25) ਪੌਲੁਸ ਨੂੰ ਇਹ ਮੀਟ ਖ਼ਰੀਦਣ ਵਿਚ ਕੋਈ ਇਤਰਾਜ਼ ਨਹੀਂ ਸੀ। ਉਸ ਦੀ ਨਜ਼ਰ ਵਿਚ ਮੂਰਤੀਆਂ ਕੁਝ ਵੀ ਨਹੀਂ ਸਨ। ਨਾਲੇ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਯਹੋਵਾਹ ਨੇ ਦਿੱਤੀਆਂ ਹਨ, ਇਸ ਕਰਕੇ ਇਹ ਸਭ ਮੂਰਤੀਆਂ ਦੀਆਂ ਹੋ ਹੀ ਨਹੀਂ ਸਕਦੀਆਂ। ਪਰ ਪੌਲੁਸ ਇਹ ਜਾਣਦਾ ਸੀ ਕਿ ਦੂਜੇ ਮਸੀਹੀ ਇਸ ਮਾਮਲੇ ਵਿਚ ਉਸ ਵਾਂਗ ਨਹੀਂ ਸੋਚਦੇ ਸਨ। ਕੁਝ ਲੋਕ ਮਸੀਹੀ ਬਣਨ ਤੋਂ ਪਹਿਲਾਂ ਮੂਰਤੀ-ਪੂਜਾ ਕਰਦੇ ਸਨ। ਇਸ ਲਈ ਹੁਣ ਉਹ ਹਰ ਉਸ ਚੀਜ਼ ਨਾਲ ਨਫ਼ਰਤ ਕਰਦੇ ਸਨ ਜੋ ਮੂਰਤੀਆਂ ਅੱਗੇ ਚੜ੍ਹਾਈ ਗਈ ਸੀ। ਇਸ ਮਸਲੇ ਦਾ ਹੱਲ ਕੀ ਸੀ?
15 ਪੌਲੁਸ ਨੇ ਕਿਹਾ: “ਨਿਹਚਾ ਵਿਚ ਪੱਕੇ ਹੋਣ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੈ ਅਤੇ ਆਪਣੇ ਬਾਰੇ ਹੀ ਨਾ ਸੋਚੀਏ। ਕਿਉਂਕਿ ਮਸੀਹ ਨੇ ਵੀ ਆਪਣੇ ਬਾਰੇ ਨਹੀਂ ਸੋਚਿਆ ਸੀ।” (ਰੋਮੀਆਂ 15:1, 3) ਪੌਲੁਸ ਨੇ ਸਲਾਹ ਦਿੱਤੀ ਸੀ ਕਿ ਅਸੀਂ ਮਸੀਹ ਦੀ ਰੀਸ ਕਰਦਿਆਂ ਪਹਿਲਾਂ ਆਪਣੇ ਭਰਾਵਾਂ ਬਾਰੇ ਸੋਚੀਏ। ਪੌਲੁਸ ਨੇ ਪਹਿਲਾਂ ਵੀ ਖਾਣ-ਪੀਣ ਸੰਬੰਧੀ ਚਰਚਾ ਕੀਤੀ ਸੀ। ਉਦੋਂ ਵੀ ਉਸ ਨੇ ਕਿਹਾ ਸੀ ਕਿ ਜੇ ਉਸ ਦੇ ਮੀਟ ਖਾਣ ਨਾਲ ਕਿਸੇ ਮਸੀਹੀ ਨੂੰ ਠੋਕਰ ਲੱਗਦੀ ਹੈ, ਤਾਂ ਉਹ ਮੀਟ ਨੂੰ ਮੂੰਹ ਵੀ ਨਹੀਂ ਲਾਵੇਗਾ। ਉਸ ਲਈ ਮੀਟ ਛੱਡਣਾ ਮਾਮੂਲੀ ਜਿਹੀ ਗੱਲ ਸੀ ਕਿਉਂਕਿ ਯਿਸੂ ਮਸੀਹ ਨੇ ਤਾਂ ਦੂਸਰਿਆਂ ਲਈ ਆਪਣੀ ਜਾਨ ਤਕ ਵਾਰ ਦਿੱਤੀ ਸੀ।—1 ਕੁਰਿੰਥੀਆਂ 8:13; 10:23, 24, 31-33 ਪੜ੍ਹੋ।
16. ਜਿਨ੍ਹਾਂ ਮਸੀਹੀਆਂ ਦੀ ਜ਼ਮੀਰ ਉਨ੍ਹਾਂ ਨੂੰ ਕੁਝ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ, ਉਨ੍ਹਾਂ ਨੂੰ ਦੂਸਰਿਆਂ ਦੀ ਆਲੋਚਨਾ ਕਿਉਂ ਨਹੀਂ ਕਰਨੀ ਚਾਹੀਦੀ?
16 ਕਈ ਮਸੀਹੀਆਂ ਦੀ ਜ਼ਮੀਰ ਉਨ੍ਹਾਂ ਨੂੰ ਕੁਝ ਕੰਮਾਂ ਤੋਂ ਰੋਕਦੀ ਹੈ। ਪਰ ਉਨ੍ਹਾਂ ਨੂੰ ਦੂਜਿਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਜੋ ਅਜਿਹੇ ਕੰਮ ਕਰਦੇ ਹਨ। (ਰੋਮੀਆਂ 14:10 ਪੜ੍ਹੋ।) ਸਾਨੂੰ ਸਾਰਿਆਂ ਨੂੰ ਇਸ ਲਈ ਜ਼ਮੀਰ ਦਿੱਤੀ ਗਈ ਹੈ ਤਾਂਕਿ ਅਸੀਂ ਆਪਣੀ ਪਰਖ ਕਰੀਏ, ਨਾ ਕਿ ਦੂਜਿਆਂ ʼਤੇ ਦੋਸ਼ ਲਾਈਏ। ਯਾਦ ਕਰੋ ਯਿਸੂ ਨੇ ਕਿਹਾ ਸੀ: “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ।” (ਮੱਤੀ 7:1) ਪਰਮੇਸ਼ੁਰ ਨੇ ਜਿਹੜੇ ਮਸਲੇ ਜ਼ਮੀਰ ਉੱਤੇ ਛੱਡੇ ਹਨ, ਉਨ੍ਹਾਂ ਉੱਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ ਚਾਹੀਦਾ ਹੈ ਕਿ ਸਾਰੇ ਜਣੇ ਰਲ਼ ਕੇ ਪਿਆਰ ਨਾਲ ਰਹਿਣ ਅਤੇ ਇਕ-ਦੂਜੇ ਨੂੰ ਹੱਲਾਸ਼ੇਰੀ ਦੇਣ, ਨਾ ਕਿ ਹੌਸਲਾ ਢਾਹੁਣ।—ਰੋਮੀਆਂ 14:19.
ਸਾਫ਼ ਜ਼ਮੀਰ ਦੇ ਫ਼ਾਇਦੇ
17. ਅੱਜ ਬਹੁਤ ਸਾਰੇ ਲੋਕਾਂ ਦੀ ਜ਼ਮੀਰ ਨੂੰ ਕੀ ਹੋ ਗਿਆ ਹੈ?
17 ਪਤਰਸ ਰਸੂਲ ਨੇ ਲਿਖਿਆ ਸੀ: “ਆਪਣੀ ਜ਼ਮੀਰ ਨੂੰ ਸਾਫ਼ ਰੱਖੋ।” (1 ਪਤਰਸ 3:16) ਜੇ ਸਾਡੀ ਜ਼ਮੀਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਫ਼ ਹੈ, ਤਾਂ ਇਸ ਦੇ ਸਾਨੂੰ ਬਹੁਤ ਫ਼ਾਇਦੇ ਹੋਣਗੇ। ਸਾਡੀ ਜ਼ਮੀਰ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਵਾਂਗ ਮਰੀ ਹੋਈ ਨਹੀਂ ਹੈ। ਪੌਲੁਸ ਨੇ ਅਜਿਹੇ ਲੋਕਾਂ ਬਾਰੇ ਕਿਹਾ ਸੀ ਕਿ “[ਉਨ੍ਹਾਂ] ਦੀ ਜ਼ਮੀਰ ਸੁੰਨ ਹੋ ਚੁੱਕੀ ਹੈ ਜਿਵੇਂ ਤੱਤੇ ਲੋਹੇ ਨਾਲ ਦਾਗ਼ਣ ਕਰਕੇ ਚਮੜੀ ਮਰ ਕੇ ਸੁੰਨ ਹੋ ਜਾਂਦੀ ਹੈ।” (1 ਤਿਮੋਥਿਉਸ 4:2) ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੀ ਜ਼ਮੀਰ ਪੂਰੀ ਤਰ੍ਹਾਂ ਸੁੰਨ ਹੋ ਚੁੱਕੀ ਹੈ। ਇਸ ਕਰਕੇ ਇਹ ਉਨ੍ਹਾਂ ਨੂੰ ਗ਼ਲਤ ਕੰਮਾਂ ਤੋਂ ਖ਼ਬਰਦਾਰ ਨਹੀਂ ਕਰਦੀ ਜਾਂ ਲਾਹਨਤਾਂ ਨਹੀਂ ਪਾਉਂਦੀ। ਪਰ ਕਈ ਤਾਂ ਇਸ ਗੱਲੋਂ ਖ਼ੁਸ਼ ਹਨ ਕਿ ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਤੇ ਉਹ ਬਿਨਾਂ ਝਿਜਕੇ ਜੋ ਜੀ ਚਾਹੇ ਕਰ ਸਕਦੇ ਹਨ।
18, 19. (ੳ) ਦੋਸ਼ੀ ਮਹਿਸੂਸ ਕਰਨ ਦਾ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? (ਅ) ਜੇ ਪਛਤਾਵਾ ਕਰਨ ਤੋਂ ਬਾਅਦ ਵੀ ਅਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
18 ਜਦੋਂ ਅਸੀਂ ਦੋਸ਼ੀ ਮਹਿਸੂਸ ਕਰਦੇ ਹਾਂ, ਤਾਂ ਸਾਡੀ ਜ਼ਮੀਰ ਸਾਨੂੰ ਦੱਸਦੀ ਹੈ ਕਿ ਅਸੀਂ ਗ਼ਲਤ ਕੰਮ ਕੀਤਾ ਹੈ। ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਜੇ ਅਸੀਂ ਪਛਤਾਵਾ ਕਰਦੇ ਹਾਂ, ਤਾਂ ਸਾਡੇ ਮਾੜੇ ਤੋਂ ਮਾੜੇ ਕੰਮ ਵੀ ਮਾਫ਼ ਹੋ ਸਕਦੇ ਹਨ। ਉਦਾਹਰਣ ਲਈ ਰਾਜਾ ਦਾਊਦ ਨੇ ਗੰਭੀਰ ਪਾਪ ਕੀਤਾ ਸੀ, ਪਰ ਯਹੋਵਾਹ ਨੇ ਉਸ ਦਾ ਪਾਪ ਮਾਫ਼ ਕਰ ਦਿੱਤਾ ਸੀ ਕਿਉਂਕਿ ਉਸ ਨੇ ਦਿਲੋਂ ਪਛਤਾਵਾ ਕੀਤਾ ਸੀ। (ਜ਼ਬੂਰਾਂ ਦੀ ਪੋਥੀ 51:1-19) ਇਸ ਤੋਂ ਬਾਅਦ, ਉਸ ਨੇ ਮੁੜ ਕੇ ਇੱਦਾਂ ਦੀ ਗ਼ਲਤੀ ਨਾ ਕਰਨ ਅਤੇ ਯਹੋਵਾਹ ਦੇ ਹੁਕਮਾਂ ਉੱਤੇ ਚੱਲਣ ਦਾ ਪੱਕਾ ਇਰਾਦਾ ਕੀਤਾ। ਉਸ ਨੇ ਦੇਖਿਆ ਕਿ ਯਹੋਵਾਹ ‘ਭਲਾ ਅਤੇ ਮਾਫ਼ ਕਰਨ ਵਾਲਾ ਹੈ।’ (ਭਜਨ 86:5, CL) ਪਰ ਜੇ ਪਛਤਾਵਾ ਕਰਨ ਤੋਂ ਬਾਅਦ ਵੀ ਅਸੀਂ ਦੋਸ਼ੀ ਮਹਿਸੂਸ ਕਰੀਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
19 ਕਈ ਵਾਰ ਕਈਆਂ ਦੀ ਜ਼ਮੀਰ ਉਨ੍ਹਾਂ ਨੂੰ ਲਾਹਨਤਾਂ ਪਾਉਣੋਂ ਨਹੀਂ ਹਟਦੀ। ਜੇ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਸਾਨੂੰ ਇਹ ਭਰੋਸਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਡੇ ਦਿਲ ਨਾਲੋਂ ਵੱਡਾ ਹੈ ਅਤੇ ਸਾਡੀਆਂ ਭਾਵਨਾਵਾਂ ਜਾਣਦਾ ਹੈ। (1 ਯੂਹੰਨਾ 3:19, 20 ਪੜ੍ਹੋ।) ਜਿਵੇਂ ਅਸੀਂ ਦੂਸਰਿਆਂ ਨੂੰ ਹੌਸਲਾ ਦਿੰਦੇ ਹਾਂ ਕਿ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਤੇ ਉਨ੍ਹਾਂ ਨੂੰ ਮਾਫ਼ ਕਰਦਾ ਹੈ, ਉਵੇਂ ਸਾਨੂੰ ਆਪ ਨੂੰ ਵੀ ਯਹੋਵਾਹ ਦੇ ਪਿਆਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਇਹ ਗੱਲ ਯਾਦ ਰੱਖਦੇ ਹਾਂ, ਤਾਂ ਸਾਡੀ ਜ਼ਮੀਰ ਸਾਫ਼ ਹੋਵੇਗੀ ਅਤੇ ਸਾਨੂੰ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲੇਗੀ। ਦੁਨੀਆਂ ਦੇ ਘੱਟ ਹੀ ਲੋਕ ਅਜਿਹੀ ਸ਼ਾਂਤੀ ਤੇ ਖ਼ੁਸ਼ੀ ਮਹਿਸੂਸ ਕਰਦੇ ਹਨ। ਅੱਜ ਅਜਿਹੇ ਕਈ ਲੋਕ ਆਪਣੀ ਜ਼ਮੀਰ ਸਾਫ਼ ਰੱਖ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਜੋ ਪਹਿਲਾਂ ਗੰਭੀਰ ਪਾਪ ਕਰਦੇ ਹੁੰਦੇ ਸਨ।—1 ਕੁਰਿੰਥੀਆਂ 6:11.
20, 21. (ੳ) ਇਹ ਕਿਤਾਬ ਤੁਹਾਡੀ ਕਿੱਦਾਂ ਮਦਦ ਕਰੇਗੀ? (ਅ) ਮਸੀਹੀ ਹੋਣ ਕਰਕੇ ਸਾਨੂੰ ਕਿਹੜੀ ਆਜ਼ਾਦੀ ਦਿੱਤੀ ਗਈ ਹੈ ਤੇ ਸਾਨੂੰ ਇਸ ਨੂੰ ਕਿਵੇਂ ਇਸਤੇਮਾਲ ਕਰਨਾ ਚਾਹੀਦਾ ਹੈ?
20 ਸ਼ੈਤਾਨ ਦੀ ਬੁਰੀ ਦੁਨੀਆਂ ਵਿਚ ਰਹਿੰਦਿਆਂ ਤੁਹਾਡੇ ਲਈ ਆਪਣੀ ਜ਼ਮੀਰ ਸਾਫ਼ ਰੱਖਣੀ ਮੁਸ਼ਕਲ ਹੋ ਸਕਦੀ ਹੈ। ਇਸ ਲਈ ਤੁਹਾਡੀ ਮਦਦ ਕਰਨ ਵਾਸਤੇ ਇਹ ਕਿਤਾਬ ਤਿਆਰ ਕੀਤੀ ਗਈ ਹੈ। ਤੁਸੀਂ ਰੋਜ਼ਾਨਾ ਜ਼ਿੰਦਗੀ ਵਿਚ ਕਈ ਛੋਟੇ-ਵੱਡੇ ਮਸਲਿਆਂ ਦਾ ਸਾਮ੍ਹਣਾ ਕਰੋਗੇ। ਪਰ ਇਸ ਕਿਤਾਬ ਵਿਚ ਹਰ ਮਸਲੇ ਦਾ ਹੱਲ ਨਹੀਂ ਦੱਸਿਆ ਗਿਆ ਹੈ। ਨਾ ਹੀ ਬਾਈਬਲ ਦੇ ਸਾਰੇ ਨਿਯਮਾਂ ਅਤੇ ਅਸੂਲਾਂ ʼਤੇ ਚਰਚਾ ਕੀਤੀ ਗਈ ਹੈ। ਜਿਹੜੇ ਮਸਲਿਆਂ ਦਾ ਫ਼ੈਸਲਾ ਸਾਡੀ ਜ਼ਮੀਰ ʼਤੇ ਛੱਡਿਆ ਗਿਆ ਹੈ, ਉਨ੍ਹਾਂ ਬਾਰੇ ਤੁਹਾਨੂੰ ਸਿੱਧਾ ਨਹੀਂ ਦੱਸਿਆ ਜਾਵੇਗਾ ਕਿ ਤੁਹਾਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਇਹ ਕਿਤਾਬ ਪਰਮੇਸ਼ੁਰ ਦੇ ਬਚਨ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਨ ਵਿਚ ਤੁਹਾਡੀ ਜ਼ਮੀਰ ਨੂੰ ਕਾਬਲ ਬਣਾਏਗੀ। ਮੂਸਾ ਦੇ ਕਾਨੂੰਨ ਵਿਚ ਬਹੁਤ ਸਾਰੇ ਮਸਲਿਆਂ ਬਾਰੇ ਸਿੱਧੇ ਨਿਯਮ ਦਿੱਤੇ ਗਏ ਸਨ, ਜਦ ਕਿ ‘ਮਸੀਹ ਦੇ ਕਾਨੂੰਨ’ ਵਿਚ ਯਹੋਵਾਹ ਨੇ ਮਸੀਹੀਆਂ ਨੂੰ ਆਪਣੀ ਜ਼ਮੀਰ ਮੁਤਾਬਕ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। (ਗਲਾਤੀਆਂ 6:2) ਪਰ ਉਸ ਦਾ ਬਚਨ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਇਸ ਆਜ਼ਾਦੀ ਨੂੰ ‘ਗ਼ਲਤ ਕੰਮ ਕਰਨ ਲਈ ਨਾ ਵਰਤੀਏ।’ (1 ਪਤਰਸ 2:16) ਇਸ ਦੀ ਬਜਾਇ, ਆਓ ਆਪਾਂ ਸਹੀ ਤਰੀਕੇ ਨਾਲ ਇਸ ਆਜ਼ਾਦੀ ਨੂੰ ਵਰਤ ਕੇ ਦਿਖਾਈਏ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ।
21 ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰੋ। “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ” ਤੁਹਾਡੀ ਜ਼ਮੀਰ ਤੁਹਾਨੂੰ ਸਹੀ ਸੇਧ ਦੇਣ ਦੇ ਯੋਗ ਬਣੇਗੀ। (ਇਬਰਾਨੀਆਂ 5:14) ਤੁਹਾਡੀ ਜ਼ਮੀਰ ਹਰ ਰੋਜ਼ ਪਰਮੇਸ਼ੁਰ ਦੇ ਰਾਹ ʼਤੇ ਚੱਲਦੇ ਰਹਿਣ ਵਿਚ ਅਤੇ ਉਸ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਵਿਚ ਤੁਹਾਡੀ ਮਦਦ ਕਰੇਗੀ।
a ਬਾਈਬਲ ਦੇ ਇਬਰਾਨੀ ਹਿੱਸੇ ਵਿਚ “ਜ਼ਮੀਰ” ਲਈ ਕੋਈ ਇਕ ਖ਼ਾਸ ਸ਼ਬਦ ਨਹੀਂ ਹੈ। ਜ਼ਮੀਰ ਵਾਸਤੇ ਕਈ ਆਇਤਾਂ ਵਿਚ “ਦਿਲ” ਜਾਂ “ਮਨ” ਸ਼ਬਦ ਵਰਤੇ ਗਏ ਹਨ। ਪਰ ਬਾਈਬਲ ਦੇ ਯੂਨਾਨੀ ਹਿੱਸੇ ਵਿਚ “ਜ਼ਮੀਰ” ਸ਼ਬਦ 29 ਵਾਰੀ ਇਸਤੇਮਾਲ ਕੀਤਾ ਗਿਆ ਹੈ।
b ਬਾਈਬਲ ਦਿਖਾਉਂਦੀ ਹੈ ਕਿ ਸਾਫ਼ ਜ਼ਮੀਰ ਹੋਣੀ ਹੀ ਕਾਫ਼ੀ ਨਹੀਂ ਹੈ। ਮਿਸਾਲ ਲਈ, ਪੌਲੁਸ ਨੇ ਕਿਹਾ: “ਮੇਰੀ ਜ਼ਮੀਰ ਸਾਫ਼ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਧਰਮੀ ਸਾਬਤ ਹੋ ਗਿਆ ਹਾਂ, ਸਗੋਂ ਮੇਰੀ ਜਾਂਚ ਕਰਨ ਵਾਲਾ ਤਾਂ ਯਹੋਵਾਹ ਹੈ।” (1 ਕੁਰਿੰਥੀਆਂ 4:4) ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਮਸੀਹੀਆਂ ਨੂੰ ਸਤਾਉਂਦਾ ਹੁੰਦਾ ਸੀ। ਉਸ ਵਾਂਗ ਅੱਜ ਕਈ ਲੋਕ ਮਸੀਹੀਆਂ ਨੂੰ ਸਤਾਉਂਦੇ ਹਨ, ਪਰ ਉਨ੍ਹਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਜ਼ਮੀਰ ਸਾਫ਼ ਹੈ ਕਿਉਂਕਿ ਉਨ੍ਹਾਂ ਦੇ ਭਾਣੇ ਉਹ ਪਰਮੇਸ਼ੁਰ ਦਾ ਕੰਮ ਕਰਦੇ ਹਨ। ਪਰ ਸਾਡੀ ਜ਼ਮੀਰ ਸਾਡੀਆਂ ਆਪਣੀਆਂ ਨਜ਼ਰਾਂ ਵਿਚ ਹੀ ਨਹੀਂ, ਸਗੋਂ ਯਹੋਵਾਹ ਦੀਆਂ ਨਜ਼ਰਾਂ ਵਿਚ ਵੀ ਸਾਫ਼ ਹੋਣੀ ਚਾਹੀਦੀ ਹੈ।—ਰਸੂਲਾਂ ਦੇ ਕੰਮ 23:1; 2 ਤਿਮੋਥਿਉਸ 1:3.
c ਜਿਨ੍ਹਾਂ ਨੂੰ ਬੇਹਿਸਾਬੀ ਸ਼ਰਾਬ ਪੀਣ ਦੀ ਆਦਤ ਹੁੰਦੀ ਹੈ, ਉਨ੍ਹਾਂ ਨੂੰ ਆਪਣੇ ʼਤੇ ਕਾਬੂ ਰੱਖਣਾ ਮੁਸ਼ਕਲ ਹੁੰਦਾ ਹੈ। ਇਸ ਲਈ ਕਈ ਡਾਕਟਰ ਉਨ੍ਹਾਂ ਨੂੰ ਸ਼ਰਾਬ ਤੋਂ ਬਿਲਕੁਲ ਦੂਰ ਰਹਿਣ ਦੀ ਸਲਾਹ ਦਿੰਦੇ ਹਨ।