ਕੀ ਤੁਸੀਂ “ਸਿਆਣੇ” ਮਸੀਹੀ ਹੋ?
ਪੌਲੁਸ ਰਸੂਲ ਨੇ ਲਿਖਿਆ ਕਿ “ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ, ਨਿਆਣੇ ਵਾਂਙੁ ਸਮਝਦਾ ਅਤੇ ਨਿਆਣੇ ਵਾਂਙੁ ਜਾਚਦਾ ਸਾਂ।” ਦਰਅਸਲ ਇਕ ਸਮੇਂ ਅਸੀਂ ਸਾਰੇ ਹੀ ਬੇਬੱਸ ਨਿਆਣੇ ਸਨ। ਲੇਕਿਨ ਅਸੀਂ ਸਦਾ ਲਈ ਨਿਆਣੇ ਨਹੀਂ ਰਹਿੰਦੇ। ਪੌਲੁਸ ਦੱਸਦਾ ਹੈ: “ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ।”—1 ਕੁਰਿੰਥੀਆਂ 13:11.
ਇਸੇ ਤਰ੍ਹਾਂ ਸਾਰੇ ਮਸੀਹੀ ਸ਼ੁਰੂ ਵਿਚ ਰੂਹਾਨੀ ਤੌਰ ਤੇ ਨਿਆਣੇ ਹੁੰਦੇ ਹਨ। ਪਰ ਸਮਾਂ ਬੀਤਣ ਨਾਲ ਸਾਰੇ ਹੀ ‘ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਪਹੁੰਚ’ ਸਕਦੇ ਹਨ। (ਅਫ਼ਸੀਆਂ 4:13) ਕੁਰਿੰਥੀਆਂ ਦੀ ਪਹਿਲੀ ਪੱਤਰੀ 14:20 ਵਿਚ ਸਾਨੂੰ ਇਹ ਸਲਾਹ ਦਿੱਤੀ ਗਈ ਹੈ ਕਿ “ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ . . . ਪਰ ਬੁੱਧ ਵਿੱਚ ਸਿਆਣੇ ਹੋਵੋ।”
ਸਿਆਣਿਆਂ ਮਸੀਹੀਆਂ ਦੀ ਮੌਜੂਦਗੀ ਅੱਜ ਪਰਮੇਸ਼ੁਰ ਦੇ ਲੋਕਾਂ ਲਈ ਇਕ ਬਰਕਤ ਹੈ, ਖ਼ਾਸ ਕਰਕੇ ਇਸ ਲਈ ਕਿਉਂਕਿ ਬਹੁਤ ਸਾਰੇ ਨਵੇਂ ਵਿਅਕਤੀ ਸੱਚਾਈ ਵਿਚ ਆ ਰਹੇ ਹਨ। ਸਿਆਣੇ ਮਸੀਹੀ ਕਲੀਸਿਯਾ ਨੂੰ ਜ਼ਿਆਦਾ ਮਜ਼ਬੂਤ ਬਣਾਉਂਦੇ ਹਨ। ਉਹ ਜਿਹੜੀ ਵੀ ਕਲੀਸਿਯਾ ਵਿਚ ਹੁੰਦੇ ਹਨ ਉਹ ਉਸ ਦੇ ਮੈਂਬਰਾਂ ਦੇ ਰਵੱਈਏ ਉੱਤੇ ਚੰਗਾ ਅਸਰ ਪਾਉਂਦੇ ਹਨ।
ਸਰੀਰਕ ਵਾਧਾ ਤਾਂ ਖ਼ੁਦ-ਬ-ਖ਼ੁਦ ਹੋ ਜਾਂਦਾ ਹੈ, ਪਰ ਰੂਹਾਨੀ ਵਾਧਾ ਸਮਾਂ ਬੀਤਣ ਅਤੇ ਜਤਨ ਕਰਨ ਨਾਲ ਹੀ ਹੁੰਦਾ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਦੇ ਜ਼ਮਾਨੇ ਵਿਚ ਕਈ ਮਸੀਹੀ ‘ਸਿਆਣਪੁਣੇ ਦੀ ਵੱਲ ਅਗਾਹਾਂ ਨਹੀਂ ਵਧੇ,’ ਭਾਵੇਂ ਕਿ ਉਹ ਕਾਫ਼ੀ ਸਾਲਾਂ ਤੋਂ ਪਰਮੇਸ਼ੁਰ ਦੀ ਸੇਵਾ ਕਰਦੇ ਆਏ ਸਨ। (ਇਬਰਾਨੀਆਂ 5:12; 6:1) ਤੁਹਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਚਾਹੇ ਤੁਸੀਂ ਪਰਮੇਸ਼ੁਰ ਦੀ ਸੇਵਾ ਕਈਆਂ ਸਾਲਾਂ ਤੋਂ ਕਰਦੇ ਆਏ ਹੋ ਜਾਂ ਥੋੜ੍ਹੇ ਸਮੇਂ ਲਈ, ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਆਪ ਨੂੰ ਪਰਖੋ। (2 ਕੁਰਿੰਥੀਆਂ 13:5) ਕੀ ਤੁਹਾਨੂੰ ਸੱਚ-ਮੁੱਚ ਸਿਆਣਿਆਂ ਮਸੀਹੀਆਂ ਵਿਚ ਗਿਣਿਆ ਜਾ ਸਕਦਾ ਹੈ? ਜੇਕਰ ਨਹੀਂ, ਤਾਂ ਤੁਸੀਂ ਸਿਆਣੇ ਮਸੀਹੀ ਕਿਸ ਤਰ੍ਹਾਂ ਬਣ ਸਕਦੇ ਹੋ?
“ਬੁੱਧ ਵਿੱਚ ਸਿਆਣੇ”
ਰੂਹਾਨੀ ਤੌਰ ਤੇ ਨਿਆਣੇ ਮਸੀਹੀ ਆਸਾਨੀ ਨਾਲ ਹੀ ‘ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲ ਫਿਰ ਸਕਦੇ ਹਨ।’ ਇਸ ਲਈ ਪੌਲੁਸ ਸਲਾਹ ਦਿੰਦਾ ਹੈ ਕਿ “ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆਂ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰਾਂ ਵਧਦੇ ਜਾਈਏ।” (ਅਫ਼ਸੀਆਂ 4:14, 15) ਇਕ ਵਿਅਕਤੀ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ? ਇਬਰਾਨੀਆਂ 5:14 ਕਹਿੰਦਾ ਹੈ: “ਪਰ ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।”
ਧਿਆਨ ਦਿਓ ਕਿ ਸਿਆਣੇ ਵਿਅਕਤੀਆਂ ਨੇ ਆਪਣੀਆਂ ਗਿਆਨ ਇੰਦਰੀਆਂ, ਜਾਂ ਆਪਣੀ ਸੋਚਣ ਦੀ ਸ਼ਕਤੀ ਨੂੰ ਬਾਈਬਲ ਦੇ ਅਧਿਐਨ ਰਾਹੀਂ ਸੁਧਾਰਿਆ ਹੋਇਆ ਹੈ। ਮਤਲਬ ਕਿ ਉਨ੍ਹਾਂ ਨੂੰ ਬਾਈਬਲ ਸਿਧਾਂਤ ਲਾਗੂ ਕਰਨ ਵਿਚ ਤਜਰਬਾ ਹੁੰਦਾ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਕੋਈ ਵਿਅਕਤੀ ਰਾਤੋ-ਰਾਤ ਹੀ ਸਿਆਣਾ ਨਹੀਂ ਬਣ ਜਾਂਦਾ। ਰੂਹਾਨੀ ਤੌਰ ਤੇ ਸਿਆਣੇ ਬਣਨ ਲਈ ਸਮਾਂ ਲੱਗਦਾ ਹੈ। ਫਿਰ ਵੀ ਤੁਸੀਂ ਰੂਹਾਨੀ ਤਰੱਕੀ ਕਰਨ ਵਿਚ ਬਹੁਤ ਕੁਝ ਕਰ ਸਕਦੇ ਹੋ ਜਿਵੇਂ ਕਿ ਨਿੱਜੀ ਅਧਿਐਨ ਦੁਆਰਾ ਤੁਸੀਂ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਦੀ ਖੋਜ ਕਰ ਸਕਦੇ ਹੋ। ਹਾਲ ਹੀ ਦੇ ਸਮਿਆਂ ਵਿਚ ਪਹਿਰਾਬੁਰਜ ਨੇ ਕਈ ਡੂੰਘੇ ਵਿਸ਼ਿਆਂ ਉੱਤੇ ਚਰਚਾ ਕੀਤੀ ਹੈ। ਭਾਵੇਂ ਕਿ ਇਨ੍ਹਾਂ ਲੇਖਾਂ ਵਿਚ “ਕਈਆਂ ਗੱਲਾਂ ਦਾ ਸਮਝਣਾ ਔਖਾ ਹੈ,” ਸਿਆਣੇ ਵਿਅਕਤੀ ਇਨ੍ਹਾਂ ਨੂੰ ਪੜ੍ਹਨ ਤੋਂ ਝਿਜਕਦੇ ਨਹੀਂ। (2 ਪਤਰਸ 3:16) ਇਸ ਦੀ ਬਜਾਇ, ਉਹ ਅਜਿਹੀਆਂ ਡੂੰਘੀਆਂ ਗੱਲਾਂ ਦੀ ਵੱਡੀ ਚਾਹ ਨਾਲ ਖੋਜ ਕਰਦੇ ਹਨ!
ਜੋਸ਼ੀਲੇ ਪ੍ਰਚਾਰਕ ਅਤੇ ਸਿੱਖਿਅਕ
ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ ਕਿ “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਤੁਸੀਂ ਪ੍ਰਚਾਰ ਦੇ ਕੰਮ ਵਿਚ ਜੋਸ਼ ਨਾਲ ਹਿੱਸਾ ਲੈਣ ਦੁਆਰਾ ਵੀ ਰੂਹਾਨੀ ਤੌਰ ਤੇ ਤਰੱਕੀ ਕਰ ਸਕਦੇ ਹੋ। ਆਪਣਿਆਂ ਹਾਲਾਤਾਂ ਦੇ ਅਨੁਸਾਰ, ਪ੍ਰਚਾਰ ਦੇ ਕੰਮ ਵਿਚ ਤੁਸੀਂ ਜਿੰਨਾ ਜ਼ਿਆਦਾ ਹਿੱਸਾ ਲੈ ਸਕਦੇ ਹੋ, ਉੱਨਾ ਲਓ।—ਮੱਤੀ 13:23.
ਕਦੀ-ਕਦੀ ਜ਼ਿੰਦਗੀ ਵਿਚ ਦਬਾਵਾਂ ਕਾਰਨ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਸਮਾਂ ਕੱਢਣਾ ਔਖਾ ਹੋ ਸਕਦਾ ਹੈ। ਲੇਕਿਨ ਇਕ ਪ੍ਰਚਾਰਕ ਵਜੋਂ ‘ਵੱਡਾ ਜਤਨ ਕਰਨ’ ਦੁਆਰਾ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ। (ਲੂਕਾ 13:24; ਰੋਮੀਆਂ 1:16) ਇਸ ਤਰ੍ਹਾਂ ਤੁਹਾਨੂੰ ਵੀ ‘ਨਿਹਚਾਵਾਨਾਂ ਲਈ ਇਕ ਨਮੂਨਾ’ ਸਮਝਿਆ ਜਾਵੇਗਾ।—1 ਤਿਮੋਥਿਉਸ 4:12.
ਖਰਿਆਈ ਰੱਖਣ ਵਾਲੇ
ਸਿਆਣਪੁਣੇ ਵੱਲ ਅਗਾਹਾਂ ਵਧਣ ਲਈ ਆਪਣੀ ਖਰਿਆਈ ਬਣਾਈ ਰੱਖਣ ਲਈ ਵੀ ਜਤਨ ਕਰਨ ਦੀ ਲੋੜ ਹੈ। ਜ਼ਬੂਰ 26:1 ਵਿਚ ਦਾਊਦ ਕਹਿੰਦਾ ਹੈ: “ਹੇ ਯਹੋਵਾਹ, ਮੇਰਾ ਨਿਆਉਂ ਕਰ ਕਿਉਂ ਜੋ ਮੈਂ ਖਰਾ ਹੀ ਚੱਲਿਆ ਹਾਂ।” ਇਕ ਖਰੇ ਬੰਦੇ ਦੇ ਉੱਚੇ ਨੈਤਿਕ ਮਿਆਰ ਹੁੰਦੇ ਹਨ, ਅਤੇ ਉਹ ਇਨ੍ਹਾਂ ਤੇ ਹਮੇਸ਼ਾ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪਾਪ ਤੋਂ ਬਿਨਾਂ ਹੁੰਦਾ ਹੈ। ਦਾਊਦ ਨੇ ਖ਼ੁਦ ਕਈ ਵੱਡੀਆਂ-ਵੱਡੀਆਂ ਗ਼ਲਤੀਆਂ ਕੀਤੀਆਂ ਸਨ। ਪਰ ਉਸ ਨੇ ਤਾੜਨਾ ਸਵੀਕਾਰ ਕਰਨ ਅਤੇ ਆਪਣੇ ਗ਼ਲਤ ਕਦਮ ਸੁਧਾਰਨ ਦੁਆਰਾ ਦਿਖਾਇਆ ਸੀ ਕਿ ਉਸ ਦੇ ਦਿਲ ਵਿਚ ਯਹੋਵਾਹ ਪਰਮੇਸ਼ੁਰ ਲਈ ਹਾਲੇ ਵੀ ਸੱਚਾ ਪਿਆਰ ਸੀ। (ਜ਼ਬੂਰ 26:2, 3, 6, 8, 11) ਖਰਿਆਈ ਦਾ ਮਤਲਬ ਹੈ ਕਿ ਅਸੀਂ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ ਕਿ “ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ . . . ਉਸ ਦੀ ਟਹਿਲ ਸੇਵਾ ਕਰ।”—1 ਇਤਹਾਸ 28:9.
ਖਰਿਆਈ ਕਾਇਮ ਰੱਖਣ ਲਈ ਸਾਨੂੰ ਇਸ “ਜਗਤ ਦੇ ਨਹੀਂ” ਹੋਣਾ ਚਾਹੀਦਾ, ਯਾਨੀ ਸਾਨੂੰ ਕੌਮਾਂ ਦੀ ਰਾਜਨੀਤੀ ਵਿਚ ਜਾਂ ਉਨ੍ਹਾਂ ਦੀਆਂ ਲੜਾਈਆਂ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੀਦਾ। (ਯੂਹੰਨਾ 17:16) ਵਿਭਚਾਰ, ਜ਼ਨਾਹਕਾਰੀ, ਅਤੇ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਵਰਗਿਆਂ ਗ਼ਲਤ ਕੰਮਾਂ ਤੋਂ ਵੀ ਸਾਨੂੰ ਦੂਰ ਰਹਿਣਾ ਚਾਹੀਦਾ ਹੈ। (ਗਲਾਤੀਆਂ 5:19-21) ਲੇਕਿਨ, ਖਰਿਆਈ ਬਣਾਈ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਤੋਂ ਇਲਾਵਾ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸੁਲੇਮਾਨ ਨੇ ਚੇਤਾਵਨੀ ਦਿੱਤੀ ਸੀ ਕਿ “ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ ਕਰਦੀਆਂ ਹਨ, ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।” (ਉਪਦੇਸ਼ਕ ਦੀ ਪੋਥੀ 10:1) ਜੀ ਹਾਂ, “ਰਤੀਕੁ ਮੂਰਖਤਾਈ,” ਜਿਵੇਂ ਕਿ ਗ਼ਲਤ ਇਰਾਦੇ ਨਾਲ ਕਿਸੇ ਨਾਲ ਹਾਸਾ-ਮਜ਼ਾਕ ਕਰਨਾ ਜਾਂ ਰੋਮਾਂਟਿਕ ਦਿਲਚਸਪੀ ਦਿਖਾਉਣੀ, ਇਕ ਬੁੱਧਵਾਨ ਮਨੁੱਖ ਨੂੰ ਬਦਨਾਮ ਕਰ ਸਕਦੀ ਹੈ। (ਅੱਯੂਬ 31:1) ਇਸ ਲਈ, “ਹਰ ਪਰਕਾਰ ਦੀ ਬਦੀ” ਤੋਂ ਦੂਰ ਰਹਿ ਕੇ ਆਪਣੇ ਸਾਰੇ ਚਾਲ-ਚਲਣ ਵਿਚ ਦੂਸਰਿਆਂ ਲਈ ਇਕ ਵਧੀਆ ਨਮੂਨਾ ਬਣਨ ਦੀ ਕੋਸ਼ਿਸ਼ ਕਰੋ। (1 ਥੱਸਲੁਨੀਕੀਆਂ 5:22) ਇਸ ਤਰ੍ਹਾਂ ਕਰਨ ਦੁਆਰਾ ਆਪਣੀ ਸਿਆਣਪ ਦਾ ਸਬੂਤ ਦਿਓ।
ਵਫ਼ਾਦਾਰ ਵਿਅਕਤੀ
ਇਕ ਸਿਆਣਾ ਮਸੀਹੀ ਵਫ਼ਾਦਾਰ ਵੀ ਹੁੰਦਾ ਹੈ। ਜਿਵੇਂ ਅਸੀਂ ਅਫ਼ਸੀਆਂ 4:24 ਵਿਚ ਪੜ੍ਹਦੇ ਹਾਂ, ਪੌਲੁਸ ਰਸੂਲ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ “ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” ਯੂਨਾਨੀ ਸ਼ਾਸਤਰ ਵਿਚ, ਮੁਢਲੀ ਭਾਸ਼ਾ ਵਿਚ “ਪਵਿੱਤਰਤਾਈ” ਦਾ ਮਤਲਬ, ਵਫ਼ਾਦਾਰੀ, ਧਾਰਮਿਕਤਾ, ਜਾਂ ਸ਼ਰਧਾ ਵੀ ਹੋ ਸਕਦਾ ਹੈ। ਇਕ ਵਫ਼ਾਦਾਰ ਵਿਅਕਤੀ ਧਰਮੀ ਅਤੇ ਨੇਕ ਹੁੰਦਾ ਹੈ ਅਤੇ ਉਹ ਪਰਮੇਸ਼ੁਰ ਵੱਲੋਂ ਮਿਲੀਆਂ ਗਈਆਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਧਿਆਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ।
ਤੁਸੀਂ ਵਫ਼ਾਦਾਰ ਕਿਸ ਤਰ੍ਹਾਂ ਬਣ ਸਕਦੇ ਹੋ? ਇਕ ਤਰੀਕਾ ਹੈ, ਆਪਣੀ ਕਲੀਸਿਯਾ ਦੇ ਬਜ਼ੁਰਗਾਂ ਦੇ ਨਾਲ ਮਿਲ ਕੇ ਕੰਮ ਕਰਨਾ। (ਇਬਰਾਨੀਆਂ 13:17) ਇਹ ਗੱਲ ਸਵੀਕਾਰ ਕਰਦੇ ਹੋਏ ਕਿ ਮਸੀਹੀ ਕਲੀਸਿਯਾ ਦਾ ਨਿਯੁਕਤ ਕੀਤਾ ਗਿਆ ਸਰਦਾਰ ਯਿਸੂ ਮਸੀਹ ਹੈ, ਸਿਆਣੇ ਮਸੀਹੀ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਜਿਨ੍ਹਾਂ ਨੂੰ ‘ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰਨ’ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। (ਰਸੂਲਾਂ ਦੇ ਕਰਤੱਬ 20:28) ਇਹ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਕਲੀਸਿਯਾ ਦੇ ਬਜ਼ੁਰਗਾਂ ਦੇ ਅਧਿਕਾਰ ਨੂੰ ਸਵੀਕਾਰ ਨਾ ਕਰੀਏ! ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਜੋ ਵੀ ਜ਼ਰੀਆ ਉਹ ‘ਵੇਲੇ ਸਿਰ ਰਸਤ ਦੇਣ’ ਲਈ ਵਰਤਦਾ ਹੈ, ਉਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਮੱਤੀ 24:45) ਪਹਿਰਾਬੁਰਜ ਅਤੇ ਦੂਸਰੇ ਪ੍ਰਕਾਸ਼ਨਾਂ ਵਿੱਚੋਂ ਜੋ ਜਾਣਕਾਰੀ ਮਿਲਦੀ ਹੈ, ਸਾਨੂੰ ਉਸ ਨੂੰ ਚਾਹ ਨਾਲ ਪੜ੍ਹ ਕੇ ਲਾਗੂ ਕਰਨਾ ਚਾਹੀਦਾ ਹੈ।
ਆਪਣਿਆਂ ਕੰਮਾਂ ਰਾਹੀਂ ਪਿਆਰ ਦਿਖਾਉਣਾ
ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਕਿਹਾ ਕਿ “ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ।” (2 ਥੱਸਲੁਨੀਕੀਆਂ 1:3) ਰੂਹਾਨੀ ਤਰੱਕੀ ਕਰਨ ਲਈ ਪਿਆਰ ਦਿਖਾਉਣਾ ਬਹੁਤ ਹੀ ਜ਼ਰੂਰੀ ਹੈ। ਜਿਵੇਂ ਯੂਹੰਨਾ 13:35 ਵਿਚ ਦਰਜ ਹੈ, ਯਿਸੂ ਨੇ ਕਿਹਾ ਸੀ ਕਿ “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” ਅਜਿਹਾ ਮਸੀਹੀ ਪਿਆਰ ਸਿਰਫ਼ ਜਜ਼ਬਾਤੀ ਨਹੀਂ ਹੁੰਦਾ। ਇਕ ਕੋਸ਼ ਕਹਿੰਦਾ ਹੈ: “ਪਿਆਰ ਸਿਰਫ਼ ਕੰਮਾਂ ਤੋਂ ਪਛਾਣਿਆ ਜਾ ਸਕਦਾ ਹੈ।” ਜੀ ਹਾਂ, ਪਿਆਰ ਦਿਖਾਉਣ ਦੁਆਰਾ ਤੁਸੀਂ ਸਿਆਣਪੁਣੇ ਵੱਲ ਅਗਾਹਾਂ ਵਧੋਗੇ!
ਉਦਾਹਰਣ ਲਈ ਰੋਮੀਆਂ 15:7 ਵਿਚ ਅਸੀਂ ਪੜ੍ਹਦੇ ਹਾਂ: “ਇੱਕ ਦੂਏ ਨੂੰ ਕਬੂਲ ਕਰੋ।” ਅਸੀਂ ਕਲੀਸਿਯਾ ਦੀਆਂ ਸਭਾਵਾਂ ਤੇ ਆਪਣੇ ਭੈਣਾਂ-ਭਰਾਵਾਂ ਅਤੇ ਨਵੇਂ ਆਏ ਵਿਅਕਤੀਆਂ ਦਾ ਦਿਲੋਂ ਨਿੱਘਾ ਸੁਆਗਤ ਕਰਨ ਦੁਆਰਾ ਇਹ ਕਰ ਸਕਦੇ ਹਾਂ! ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੇ ਨਿੱਜੀ ‘ਹਾਲ ਉੱਤੇ ਨਿਗਾਹ’ ਰੱਖੋ। (ਫ਼ਿਲਿੱਪੀਆਂ 2:4) ਤੁਸੀਂ ਸ਼ਾਇਦ ਵੱਖੋ-ਵੱਖਰੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਨੂੰ ਪਰਾਹੁਣਚਾਰੀ ਵੀ ਦਿਖਾ ਸਕਦੇ ਹੋ। (ਰਸੂਲਾਂ ਦੇ ਕਰਤੱਬ 16:14, 15) ਇਹ ਸੱਚ ਹੈ ਕਿ ਦੂਸਰਿਆਂ ਦੀਆਂ ਗ਼ਲਤੀਆਂ ਦੇ ਕਾਰਨ ਪਿਆਰ ਦਿਖਾਉਣਾ ਤੁਹਾਡੇ ਲਈ ਸ਼ਾਇਦ ਔਖਾ ਹੋ ਸਕਦਾ ਹੈ, ਪਰ ਜਿਵੇਂ ਤੁਸੀਂ ‘ਪ੍ਰੇਮ ਨਾਲ ਇੱਕ ਦੂਜੇ ਦੀ ਗੱਲ ਸਹਿਣ’ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਸਿਆਣੇ ਹੋ।—ਅਫ਼ਸੀਆਂ 4:2.
ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਵਿਚ ਆਪਣਾ ਸਭ ਕੁਝ ਵਰਤੋ
ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਕੁਝ ਲੋਕਾਂ ਨੇ ਉਸ ਦੀ ਹੈਕਲ ਦੇ ਕੰਮਾਂ ਵਿਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸੀ। ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਉਤੇਜਿਤ ਕਰਨ ਲਈ ਹੱਜਈ ਅਤੇ ਮਲਾਕੀ ਵਰਗੇ ਆਪਣੇ ਨਬੀ ਘੱਲੇ ਸਨ। (ਹੱਜਈ 1:2-6; ਮਲਾਕੀ 3:10) ਸਿਆਣੇ ਮਸੀਹੀ ਅੱਜ ਯਹੋਵਾਹ ਦੇ ਕੰਮ ਨੂੰ ਅੱਗੇ ਵਧਾਉਣ ਲਈ ਖ਼ੁਸ਼ੀ-ਖ਼ੁਸ਼ੀ ਆਪਣਾ ਸਭ ਕੁਝ ਵਰਤਦੇ ਹਨ। ਕੁਰਿੰਥੀਆਂ ਦੀ ਪਹਿਲੀ ਪੱਤਰੀ 16:1, 2 ਵਿਚ ਦਿੱਤੇ ਗਏ ਸਿਧਾਂਤ ਨੂੰ ਲਾਗੂ ਕਰ ਕੇ ਅਜਿਹੇ ਵਿਅਕਤੀਆਂ ਦੀ ਰੀਸ ਕਰੋ। ਕਲੀਸਿਯਾ ਅਤੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਲਈ ਭੇਟ ਵਜੋਂ ਕੁਝ ਚੰਦਾ ‘ਵੱਖਰਾ’ ਰੱਖੋ। ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ ਕਿ “ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ।”—2 ਕੁਰਿੰਥੀਆਂ 9:6.
ਆਪਣੇ ਸਮੇਂ ਅਤੇ ਸ਼ਕਤੀ ਬਾਰੇ ਨਾ ਭੁੱਲੋ। ਉਨ੍ਹਾਂ ਕੰਮਾਂ-ਕਾਰਾਂ ਵਿੱਚੋਂ ਸਮਾਂ ਕੱਢੋ ਜੋ ਇੰਨੇ ਜ਼ਰੂਰੀ ਨਹੀਂ ਹਨ। (ਅਫ਼ਸੀਆਂ 5:15, 16; ਫ਼ਿਲਿੱਪੀਆਂ 1:10) ਆਪਣੇ ਸਮੇਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਵਰਤਣਾ ਸਿੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸ਼ਾਇਦ ਕਿੰਗਡਮ ਹਾਲ ਦੀ ਮੁਰੰਮਤ ਦੇ ਕੰਮਾਂ ਵਿਚ ਜਾਂ ਯਹੋਵਾਹ ਦੀ ਉਪਾਸਨਾ ਨੂੰ ਅੱਗੇ ਵਧਾਉਣ ਦੇ ਦੂਸਰਿਆਂ ਕੰਮਾਂ ਵਿਚ ਵੀ ਹਿੱਸਾ ਲੈ ਸਕੋ। ਇਸ ਤਰ੍ਹਾਂ ਆਪਣਾ ਸਭ ਕੁਝ ਵਰਤ ਕੇ ਤੁਸੀਂ ਹੋਰ ਵੀ ਸਬੂਤ ਦੇਵੋਗੇ ਕਿ ਤੁਸੀਂ ਮਸੀਹੀ ਸਿਆਣਪੁਣੇ ਵੱਲ ਅਗਾਹਾਂ ਵੱਧ ਰਹੇ ਹੋ।
ਸਿਆਣਪੁਣੇ ਵੱਲ ਅਗਾਹਾਂ ਵਧਦੇ ਜਾਓ!
ਉਹ ਭੈਣ-ਭਰਾ ਜੋ ਪੜ੍ਹਾਈ ਵਿਚ ਹੁਸ਼ਿਆਰ ਅਤੇ ਗਿਆਨਵਾਨ ਹਨ, ਅਤੇ ਜੋ ਜੋਸ਼ੀਲੇ ਪ੍ਰਚਾਰਕ, ਖਰਿਆਈ ਰੱਖਣ ਵਾਲੇ, ਵਫ਼ਾਦਾਰ, ਪਿਆਰ ਦਿਖਾਉਣ ਵਾਲੇ, ਅਤੇ ਰਾਜ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਆਪਣਾ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕੁਰਬਾਨ ਕਰਦੇ ਹਨ, ਸੱਚ-ਮੁੱਚ ਇਕ ਬਹੁਤ ਹੀ ਵੱਡੀ ਬਰਕਤ ਸਾਬਤ ਹੁੰਦੇ ਹਨ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੌਲੁਸ ਨੇ ਇਹ ਸਲਾਹ ਦਿੱਤੀ ਸੀ ਕਿ “ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਈਏ”!—ਇਬਰਾਨੀਆਂ 6:1.
ਕੀ ਤੁਸੀਂ ਸਿਆਣੇ ਮਸੀਹੀ ਹੋ? ਜਾਂ ਕੀ ਤੁਸੀਂ ਹਾਲੇ ਵੀ ਕੁਝ ਗੱਲਾਂ ਵਿਚ ਰੂਹਾਨੀ ਤੌਰ ਤੇ ਨਿਆਣੇ ਹੀ ਹੋ? (ਇਬਰਾਨੀਆਂ 5:13) ਜੋ ਵੀ ਹੋਵੇ, ਨਿੱਜੀ ਅਧਿਐਨ ਕਰਨ, ਪ੍ਰਚਾਰ ਕਰਨ, ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਵਿਚ ਪੂਰੀ ਕੋਸ਼ਿਸ਼ ਕਰੋ। ਸਿਆਣੇ ਵਿਅਕਤੀ ਤੁਹਾਨੂੰ ਜੋ ਵੀ ਸਲਾਹ ਅਤੇ ਤਾੜਨਾ ਦੇਣ ਉਸ ਨੂੰ ਖ਼ੁਸ਼ੀ ਨਾਲ ਸਵੀਕਾਰ ਕਰੋ। (ਕਹਾਉਤਾਂ 8:33) ਮਸੀਹੀ ਹੋਣ ਦੇ ਨਾਤੇ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਓ। ਸਮਾਂ ਬੀਤਣ ਅਤੇ ਮਿਹਨਤ ਕਰਨ ਨਾਲ ਤੁਸੀਂ ‘ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਪਹੁੰਚ’ ਸਕਦੇ ਹੋ।—ਅਫ਼ਸੀਆਂ 4:13.
[ਸਫ਼ੇ 27 ਉੱਤੇ ਸੁਰਖੀ]
ਸਿਆਣੇ ਮਸੀਹੀ ਕਲੀਸਿਯਾ ਨੂੰ ਜ਼ਿਆਦਾ ਮਜ਼ਬੂਤ ਬਣਾਉਂਦੇ ਹਨ। ਉਹ ਕਲੀਸਿਯਾ ਦੇ ਮੈਂਬਰਾਂ ਦੇ ਰਵੱਈਏ ਉੱਤੇ ਚੰਗਾ ਅਸਰ ਪਾਉਂਦੇ ਹਨ
[ਸਫ਼ੇ 29 ਉੱਤੇ ਤਸਵੀਰਾਂ]
ਸਿਆਣੇ ਵਿਅਕਤੀ ਦੂਸਰਿਆਂ ਦਾ ਖ਼ਿਆਲ ਰੱਖਣ ਦੁਆਰਾ ਕਲੀਸਿਯਾ ਦੀ ਏਕਤਾ ਵਧਾਉਂਦੇ ਹਨ