ਇਕ ਸ਼ਾਨਦਾਰ ਭਵਿੱਖ ਦਾ ਵਾਅਦਾ
ਰੱਬ ਨੇ ਇਕ ਸ਼ਾਨਦਾਰ ਭਵਿੱਖ ਦਾ ਵਾਅਦਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਹ ਜਲਦੀ ਹੀ ਦੁੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਅਤੇ ਇਨਸਾਨ ਖ਼ੁਸ਼ੀ ਨਾਲ ਧਰਤੀ ʼਤੇ ਰਹਿਣਗੇ। (ਜ਼ਬੂਰ 37:11) ਰੱਬ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ ਕਿਉਂਕਿ “ਪਰਮੇਸ਼ੁਰ ਕੋਈ ਇਨਸਾਨ ਨਹੀਂ ਕਿ ਉਹ ਝੂਠ ਬੋਲੇ।” (ਗਿਣਤੀ 23:19) ਆਓ ਅਸੀਂ ਗੌਰ ਕਰੀਏ ਕਿ ਉਹ ਸਾਡੇ ਲਈ ਕੀ-ਕੀ ਕਰੇਗਾ।
ਰੱਬ ਬੁਰੇ ਲੋਕਾਂ ਨੂੰ ਖ਼ਤਮ ਕਰੇਗਾ
“ਜਦੋਂ ਦੁਸ਼ਟ ਜੰਗਲੀ ਬੂਟੀ ਵਾਂਗ ਪੁੰਗਰਦੇ ਹਨ ਅਤੇ ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਵਧਦੇ-ਫੁੱਲਦੇ ਹਨ, ਤਾਂ ਇਹ ਇਸ ਲਈ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਖ਼ਤਮ ਕੀਤੇ ਜਾਣ।”—ਜ਼ਬੂਰ 92:7.
ਧਰਮ-ਗ੍ਰੰਥ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਲੋਕ ਬੁਰੇ ਤੋਂ ਬੁਰੇ ਕੰਮ ਕਰਨਗੇ। ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਅੱਜ ਬਿਲਕੁਲ ਇੱਦਾਂ ਹੀ ਹੋ ਰਿਹਾ ਹੈ। ਬੁਰਾਈ ਵਧਦੀ ਜਾ ਰਹੀ ਹੈ। ਬਹੁਤ ਜਲਦੀ ਰੱਬ ਸਾਰੇ ਬੁਰੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ। ਇਸ ਤੋਂ ਬਾਅਦ ਸਿਰਫ਼ ਚੰਗੇ ਲੋਕ ਹੀ ਧਰਤੀ ʼਤੇ ਰਹਿਣਗੇ ਯਾਨੀ ਉਹ ਲੋਕ ਜੋ ਰੱਬ ਦਾ ਕਹਿਣਾ ਮੰਨਦੇ ਹਨ। ਧਰਮ-ਗ੍ਰੰਥ ਵਿਚ ਲਿਖਿਆ ਹੈ: “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”—ਜ਼ਬੂਰ 37:29.
ਰੱਬ ਸ਼ੈਤਾਨ ਦਾ ਨਾਸ਼ ਕਰੇਗਾ
‘ਸ਼ਾਂਤੀ ਦਾ ਪਰਮੇਸ਼ੁਰ ਸ਼ੈਤਾਨ ਨੂੰ ਕੁਚਲ ਦੇਵੇਗਾ।’—ਰੋਮੀਆਂ 16:20.
ਰੱਬ ਵਾਅਦਾ ਕਰਦਾ ਹੈ ਕਿ ਸਾਨੂੰ “ਕੋਈ ਨਹੀਂ ਡਰਾਵੇਗਾ” ਕਿਉਂਕਿ ਨਾ ਤਾਂ ਸ਼ੈਤਾਨ ਰਹੇਗਾ, ਨਾ ਦੁਸ਼ਟ ਦੂਤ ਅਤੇ ਨਾ ਹੀ ਬੁਰੇ ਲੋਕ। ਸਾਰੀ ਧਰਤੀ ʼਤੇ ਸ਼ਾਂਤੀ ਹੀ ਸ਼ਾਂਤੀ ਹੋਵੇਗੀ।—ਮੀਕਾਹ 4:4.
ਰੱਬ ਬੀਮਾਰੀ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ
“ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ। . . . ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾਸ਼ ਦੀ ਕਿਤਾਬ 21:3, 4.
ਰੱਬ ਉਨ੍ਹਾਂ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ ਜੋ ਅਸੀਂ ਸ਼ੈਤਾਨ, ਆਦਮ-ਹੱਵਾਹ ਤੇ ਖ਼ੁਦ ਦੀਆਂ ਗ਼ਲਤੀਆਂ ਕਰਕੇ ਝੱਲ ਰਹੇ ਹਾਂ। ਫਿਰ ਨਾ ਤਾਂ ਕੋਈ ਬੀਮਾਰ ਹੋਵੇਗਾ ਅਤੇ ਨਾ ਹੀ ਮੌਤ ਰਹੇਗੀ। ਰੱਬ ਦਾ ਕਹਿਣਾ ਮੰਨਣ ਵਾਲੇ ਅਤੇ ਉਸ ਦੀ ਭਗਤੀ ਕਰਨ ਵਾਲੇ ਲੋਕ ਹਮੇਸ਼ਾ-ਹਮੇਸ਼ਾ ਲਈ ਰਹਿਣਗੇ। ਪਰ ਉਹ ਕਿੱਥੇ ਰਹਿਣਗੇ?
ਰੱਬ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ
“ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ, ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।”—ਯਸਾਯਾਹ 35:1.
ਜਦੋਂ ਰੱਬ ਬੁਰੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ, ਤਾਂ ਧਰਤੀ ਸਾਫ਼-ਸੁਥਰੀ ਤੇ ਸੋਹਣੀ ਬਣ ਜਾਵੇਗੀ। ਧਰਤੀ ʼਤੇ ਬਹੁਤ ਸਾਰੇ ਬਾਗ਼ ਹੋਣਗੇ ਅਤੇ ਖਾਣੇ ਦੀ ਕੋਈ ਕਮੀ ਨਹੀਂ ਹੋਵੇਗੀ। (ਜ਼ਬੂਰ 72:16) ਸਮੁੰਦਰ, ਝੀਲਾਂ ਤੇ ਨਦੀਆਂ ਦਾ ਪਾਣੀ ਸਾਫ਼ ਹੋਵੇਗਾ ਅਤੇ ਉਸ ਵਿਚ ਬਹੁਤ ਸਾਰੇ ਜੀਵ-ਜੰਤੂ ਹੋਣਗੇ। ਹਵਾ-ਪਾਣੀ ਸਾਫ਼ ਹੋਵੇਗਾ ਅਤੇ ਕਿਤੇ ਵੀ “ਪ੍ਰਦੂਸ਼ਣ” ਨਹੀਂ ਹੋਵੇਗਾ। ਅਸੀਂ ਸਾਰੇ ਜਣੇ ਆਪੋ-ਆਪਣਾ ਘਰ ਬਣਾਵਾਂਗੇ ਤੇ ਉਸ ਵਿਚ ਰਹਾਂਗੇ। ਫਿਰ ਕੋਈ ਵੀ ਬੇਘਰ, ਭੁੱਖਾ ਜਾਂ ਗ਼ਰੀਬ ਨਹੀਂ ਹੋਵੇਗਾ।—ਯਸਾਯਾਹ 65:21, 22.
ਰੱਬ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੇਗਾ
“ਪਰਮੇਸ਼ੁਰ ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂਲਾਂ ਦੇ ਕੰਮ 24:15.
ਕੀ ਤੁਹਾਡੇ ਕਿਸੇ ਆਪਣੇ ਦੀ ਮੌਤ ਹੋਈ ਹੈ? ਕੀ ਤੁਸੀਂ ਉਸ ਨੂੰ ਦੁਬਾਰਾ ਮਿਲਣਾ ਚਾਹੁੰਦੇ ਹੋ? ਰੱਬ ਨੇ ਵਾਅਦਾ ਕੀਤਾ ਹੈ ਕਿ ਬਹੁਤ ਜਲਦੀ ਉਹ ਉਨ੍ਹਾਂ ਨੂੰ ਜੀਉਂਦਾ ਕਰੇਗਾ। ਜਦੋਂ ਤੁਸੀਂ ਉਨ੍ਹਾਂ ਨੂੰ ਮਿਲੋਗੇ, ਤਾਂ ਤੁਸੀਂ ਉਨ੍ਹਾਂ ਨੂੰ ਪਛਾਣ ਸਕੋਗੇ ਤੇ ਉਹ ਤੁਹਾਨੂੰ। ਜ਼ਰਾ ਆਪਣੀ ਤੇ ਉਨ੍ਹਾਂ ਦੀ ਖ਼ੁਸ਼ੀ ਦੀ ਕਲਪਨਾ ਕਰੋ! ਤੁਸੀਂ ਰੱਬ ਦੇ ਇਸ ਵਾਅਦੇ ʼਤੇ ਪੱਕਾ ਭਰੋਸਾ ਕਿਉਂ ਰੱਖ ਸਕਦੇ ਹੋ? ਕਿਉਂਕਿ ਧਰਮ-ਗ੍ਰੰਥ ਦੱਸਦਾ ਹੈ ਕਿ ਪੁਰਾਣੇ ਸਮੇਂ ਵਿਚ ਕੁਝ ਲੋਕਾਂ ਨੂੰ ਜੀਉਂਦਾ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਕੁਝ ਛੋਟੇ ਸਨ ਤੇ ਕੁਝ ਵੱਡੇ। ਜੀਉਂਦਾ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਲੱਗ ਪਏ ਸਨ। ਇਸ ਤੋਂ ਇਲਾਵਾ, ਯਿਸੂ ਨੇ ਮਰੇ ਹੋਏ ਲੋਕਾਂ ਨੂੰ ਕਈ ਲੋਕਾਂ ਦੇ ਸਾਮ੍ਹਣੇ ਜੀਉਂਦਾ ਕੀਤਾ ਸੀ।—ਲੂਕਾ 8:49-56; ਯੂਹੰਨਾ 11:11-14, 38-44.