ਅਧਿਐਨ ਲੇਖ 51
ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ
“ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ।”—ਰੋਮੀ. 5:5.
ਗੀਤ 142 ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ
ਖ਼ਾਸ ਗੱਲਾਂa
1. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਬਰਾਹਾਮ ਨੂੰ ਪੱਕੀ ਉਮੀਦ ਸੀ?
ਯਹੋਵਾਹ ਨੇ ਆਪਣੇ ਦੋਸਤ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਸੰਤਾਨ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ। (ਉਤ. 15:5; 22:18) ਅਬਰਾਹਾਮ ਨੂੰ ਪਰਮੇਸ਼ੁਰ ʼਤੇ ਪੱਕੀ ਨਿਹਚਾ ਸੀ। ਇਸ ਕਰਕੇ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਜਦੋਂ ਅਬਰਾਹਾਮ 100 ਸਾਲਾਂ ਦਾ ਅਤੇ ਸਾਰਾਹ 90 ਸਾਲਾਂ ਦੀ ਸੀ ਉਦੋਂ ਇਸ ਜੋੜੇ ਦੇ ਕੋਈ ਪੁੱਤਰ ਨਹੀਂ ਸੀ। (ਉਤ. 21:1-7) ਪਰ ਬਾਈਬਲ ਕਹਿੰਦੀ ਹੈ: “ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ, ਉਸ ਨੇ ਇਸ ਗੱਲ ਉੱਤੇ ਭਰੋਸਾ ਕੀਤਾ ਸੀ।” (ਰੋਮੀ. 4:18) ਅਸੀਂ ਜਾਣਦੇ ਹਾਂ ਕਿ ਅਬਰਾਹਾਮ ਦੀ ਉਮੀਦ ਪੂਰੀ ਹੋਈ। ਉਨ੍ਹਾਂ ਦੇ ਘਰ ਇਸਹਾਕ ਪੈਦਾ ਹੋਇਆ ਜਿਸ ਦੀ ਉਹ ਕਾਫ਼ੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ। ਅਬਰਾਹਾਮ ਨੂੰ ਕਿਉਂ ਭਰੋਸਾ ਸੀ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ?
2. ਅਬਰਾਹਾਮ ਨੂੰ ਭਰੋਸਾ ਕਿਉਂ ਸੀ ਕਿ ਯਹੋਵਾਹ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ?
2 ਅਬਰਾਹਾਮ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ। ਇਸ ਲਈ “ਉਸ ਨੂੰ ਪੱਕਾ ਭਰੋਸਾ ਸੀ ਕਿ ਪਰਮੇਸ਼ੁਰ ਆਪਣਾ ਵਾਅਦਾ ਪੂਰਾ” ਕਰੇਗਾ। (ਰੋਮੀ. 4:21) ਅਬਰਾਹਾਮ ਦੀ ਨਿਹਚਾ ਕਰਕੇ ਯਹੋਵਾਹ ਉਸ ਤੋਂ ਖ਼ੁਸ਼ ਸੀ ਅਤੇ ਉਸ ਨੇ ਉਸ ਨੂੰ ਧਰਮੀ ਠਹਿਰਾਇਆ। (ਯਾਕੂ. 2:23) ਜਿੱਦਾਂ ਰੋਮੀਆਂ 4:18 ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਨੂੰ ਪਰਮੇਸ਼ੁਰ ʼਤੇ ਨਿਹਚਾ ਵੀ ਸੀ ਅਤੇ ਉਸ ਕੋਲ ਉਮੀਦ ਵੀ ਸੀ। ਆਓ ਆਪਾਂ ਦੇਖੀਏ ਪੌਲੁਸ ਰਸੂਲ ਨੇ ਉਮੀਦ ਬਾਰੇ ਕੀ ਕਿਹਾ। ਉਸ ਦੀ ਕਹੀ ਗੱਲ ਅਸੀਂ ਰੋਮੀਆਂ ਅਧਿਆਇ 5 ਵਿਚ ਪੜ੍ਹ ਸਕਦੇ ਹਾਂ।
3. ਪੌਲੁਸ ਨੇ ਉਮੀਦ ਬਾਰੇ ਹੋਰ ਕੀ ਸਮਝਾਇਆ?
3 ਪੌਲੁਸ ਨੇ ਸਮਝਾਇਆ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਸਾਡੀ “ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ।” (ਰੋਮੀ. 5:5) ਉਸ ਨੇ ਇਹ ਵੀ ਦੱਸਿਆ ਕਿ ਮਸੀਹੀਆਂ ਕੋਲ ਜੋ ਉਮੀਦ ਹੈ, ਉਹ ਹੋਰ ਵੀ ਪੱਕੀ ਕਿਵੇਂ ਹੋ ਸਕਦੀ ਹੈ। ਆਓ ਆਪਾਂ ਰੋਮੀਆਂ 5:1-5 ਵਿਚ ਪੌਲੁਸ ਨੇ ਜੋ ਕਿਹਾ, ਉਸ ਵੱਲ ਧਿਆਨ ਦੇਈਏ। ਇੱਦਾਂ ਕਰਦਿਆਂ ਤੁਸੀਂ ਸੋਚ ਸਕਦੇ ਹੋ ਕਿ ਸਮੇਂ ਦੇ ਬੀਤਣ ਨਾਲ ਤੁਹਾਡੀ ਉਮੀਦ ਕਿੱਦਾਂ ਹੋਰ ਵੀ ਪੱਕੀ ਹੋਈ ਹੈ। ਚਰਚਾ ਕਰਦਿਆਂ ਤੁਸੀਂ ਇਹ ਵੀ ਸਮਝ ਸਕੋਗੇ ਕਿ ਤੁਸੀਂ ਆਪਣੀ ਉਮੀਦ ਨੂੰ ਹੋਰ ਵੀ ਜ਼ਿਆਦਾ ਪੱਕੀ ਕਿਵੇਂ ਕਰ ਸਕਦੇ ਹੋ। ਆਓ ਪਹਿਲਾਂ ਗੌਰ ਕਰੀਏ ਕਿ ਪੌਲੁਸ ਰਸੂਲ ਨੇ ਰੋਮੀਆਂ ਅਧਿਆਇ 5 ਵਿਚ ਉਮੀਦ ਬਾਰੇ ਕੀ ਕਿਹਾ।
ਸਾਡੀ ਸ਼ਾਨਦਾਰ ਉਮੀਦ
4. ਰੋਮੀਆਂ 5:1, 2 ਵਿਚ ਕੀ ਦੱਸਿਆ ਗਿਆ ਹੈ?
4 ਰੋਮੀਆਂ 5:1, 2 ਪੜ੍ਹੋ। ਪੌਲੁਸ ਨੇ ਇਹ ਸ਼ਬਦ ਰੋਮ ਦੀ ਮੰਡਲੀ ਨੂੰ ਲਿਖੇ ਸਨ। ਉੱਥੇ ਦੇ ਭੈਣਾਂ-ਭਰਾਵਾਂ ਨੇ ਯਹੋਵਾਹ ਅਤੇ ਯਿਸੂ ਬਾਰੇ ਸਿੱਖਿਆ ਸੀ, ਉਨ੍ਹਾਂ ʼਤੇ ਨਿਹਚਾ ਕੀਤੀ ਸੀ ਅਤੇ ਉਹ ਮਸੀਹੀ ਬਣ ਗਏ ਸਨ। ਇਸ ਲਈ ਪਰਮੇਸ਼ੁਰ ਨੇ ‘ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਧਰਮੀ ਠਹਿਰਾਇਆ’ ਅਤੇ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਨੂੰ ਚੁਣਿਆ। ਹੁਣ ਉਨ੍ਹਾਂ ਕੋਲ ਇਕ ਸ਼ਾਨਦਾਰ ਉਮੀਦ ਸੀ ਅਤੇ ਉਹ ਯਕੀਨ ਰੱਖ ਸਕਦੇ ਸਨ ਕਿ ਇਹ ਜ਼ਰੂਰ ਪੂਰੀ ਹੋਵੇਗੀ।
5. ਚੁਣੇ ਹੋਏ ਮਸੀਹੀਆਂ ਨੂੰ ਕਿਹੜੀ ਉਮੀਦ ਦਿੱਤੀ ਗਈ ਹੈ?
5 ਬਾਅਦ ਵਿਚ ਜਦੋਂ ਪੌਲੁਸ ਨੇ ਅਫ਼ਸੁਸ ਵਿਚ ਰਹਿਣ ਵਾਲੇ ਚੁਣੇ ਹੋਏ ਮਸੀਹੀਆਂ ਨੂੰ ਚਿੱਠੀ ਲਿਖੀ, ਉਦੋਂ ਵੀ ਉਸ ਨੇ ਇਸ ਉਮੀਦ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ “ਪਵਿੱਤਰ ਸੇਵਕਾਂ ਨੂੰ ਵਿਰਾਸਤ” ਮਿਲੇਗੀ। (ਅਫ਼. 1:18) ਫਿਰ ਜਦੋਂ ਪੌਲੁਸ ਨੇ ਕੁਲੁੱਸੀਆਂ ਨੂੰ ਚਿੱਠੀ ਲਿਖੀ, ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਉਮੀਦ ਕਿੱਥੇ ਪੂਰੀ ਹੋਵੇਗੀ। ਉਸ ਨੇ ਕਿਹਾ: ਇਹ “ਉਮੀਦ ਸਵਰਗ ਵਿਚ ਤੁਹਾਡੇ ਲਈ ਰੱਖੀ ਗਈ ਹੈ।” (ਕੁਲੁ. 1:4, 5) ਸੋ ਅਸੀਂ ਕਹਿ ਸਕਦੇ ਹਾਂ ਕਿ ਚੁਣੇ ਹੋਏ ਮਸੀਹੀਆਂ ਕੋਲ ਇਹ ਉਮੀਦ ਹੈ ਕਿ ਮੌਤ ਤੋਂ ਬਾਅਦ ਉਨ੍ਹਾਂ ਨੂੰ ਜੀਉਂਦਾ ਕਰ ਕੇ ਸਵਰਗ ਲਿਜਾਇਆ ਜਾਵੇਗਾ ਜਿੱਥੇ ਉਹ ਮਸੀਹ ਨਾਲ ਰਾਜ ਕਰਨਗੇ।—1 ਥੱਸ. 4:13-17; ਪ੍ਰਕਾ. 20:6.
6. ਇਕ ਚੁਣੇ ਹੋਏ ਭਰਾ ਨੇ ਆਪਣੀ ਉਮੀਦ ਬਾਰੇ ਕੀ ਕਿਹਾ?
6 ਚੁਣੇ ਹੋਏ ਮਸੀਹੀ ਆਪਣੀ ਉਮੀਦ ਦੀ ਬਹੁਤ ਕਦਰ ਕਰਦੇ ਹਨ। ਇੱਦਾਂ ਦਾ ਹੀ ਇਕ ਚੁਣਿਆ ਹੋਇਆ ਭਰਾ ਸੀ, ਫਰੈਡਰਿਕ ਫ਼ਰਾਂਜ਼। ਉਸ ਨੂੰ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦਿਆਂ ਕਈ ਸਾਲ ਹੋ ਗਏ ਸਨ। ਉਸ ਨੇ 1991 ਵਿਚ ਕਿਹਾ: “ਸਾਡੀ ਉਮੀਦ ਇਕਦਮ ਪੱਕੀ ਹੈ। ਛੋਟੇ ਝੁੰਡ ਦੇ 1,44,000 ਜਣਿਆਂ ਵਿੱਚੋਂ ਹਰੇਕ ਦੀ ਉਮੀਦ ਪੂਰੀ ਹੋਵੇਗੀ, ਉਹ ਵੀ ਇੰਨੇ ਵਧੀਆ ਤਰੀਕੇ ਨਾਲ ਜਿਸ ਦੀ ਅਸੀਂ ਕਦੀ ਕਲਪਨਾ ਵੀ ਨਹੀਂ ਕਰ ਸਕਦੇ।” ਉਸ ਨੇ ਇਹ ਵੀ ਕਿਹਾ: “[ਸਾਡੀ] ਉਮੀਦ ਅੱਜ ਵੀ ਸਾਡੇ ਲਈ ਬਹੁਤ ਅਨਮੋਲ ਹੈ। . . . ਅਸੀਂ ਇਸ ਉਮੀਦ ਦੇ ਪੂਰਾ ਹੋਣ ਦਾ ਜਿੰਨਾ ਜ਼ਿਆਦਾ ਇੰਤਜ਼ਾਰ ਕਰ ਰਹੇ ਹਾਂ, ਸਾਡੇ ਦਿਲ ਵਿਚ ਇਸ ਲਈ ਉੱਨੀ ਹੀ ਕਦਰ ਵਧ ਰਹੀ ਹੈ। ਇਹ ਉਮੀਦ ਇੰਨੀ ਲਾਜਵਾਬ ਹੈ ਕਿ ਇਸ ਲਈ ਚਾਹੇ ਸਾਨੂੰ ਕਿੰਨੇ ਹੀ ਸਾਲ ਇੰਤਜ਼ਾਰ ਕਿਉਂ ਨਾ ਕਰਨਾ ਪਵੇ, ਅਸੀਂ ਖ਼ੁਸ਼ੀ-ਖ਼ੁਸ਼ੀ ਕਰਾਂਗੇ। ਮੈਂ ਇਸ ਉਮੀਦ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਦਰ ਕਰਦਾ ਹਾਂ।”
7-8. ਅੱਜ ਜ਼ਿਆਦਾਤਰ ਮਸੀਹੀਆਂ ਕੋਲ ਕਿਹੜੀ ਉਮੀਦ ਹੈ? (ਰੋਮੀਆਂ 8:20, 21)
7 ਅੱਜ ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕ ਚੁਣੇ ਹੋਏ ਨਹੀਂ ਹਨ, ਪਰ ਉਨ੍ਹਾਂ ਕੋਲ ਵੀ ਇਕ ਸ਼ਾਨਦਾਰ ਉਮੀਦ ਹੈ। ਉਨ੍ਹਾਂ ਨੂੰ ਵੀ ਉਹੀ ਉਮੀਦ ਮਿਲੀ ਹੈ ਜੋ ਅਬਰਾਹਾਮ ਕੋਲ ਸੀ। ਉਸ ਵਾਂਗ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੇ ਰਾਜ ਵਿਚ ਇਸ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਮਿਲੀ ਹੈ। (ਇਬ. 11:8-10, 13) ਜਿਨ੍ਹਾਂ ਕੋਲ ਇਹ ਉਮੀਦ ਹੈ, ਉਨ੍ਹਾਂ ਬਾਰੇ ਪੌਲੁਸ ਨੇ ਲਿਖਿਆ ਕਿ ਉਨ੍ਹਾਂ ਦਾ ਭਵਿੱਖ ਕਿੰਨਾ ਹੀ ਸ਼ਾਨਦਾਰ ਹੋਵੇਗਾ। (ਰੋਮੀਆਂ 8:20, 21 ਪੜ੍ਹੋ।) ਜ਼ਰਾ ਸੋਚੋ, ਜਦੋਂ ਤੁਸੀਂ ਪਹਿਲੀ ਵਾਰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਸੁਣਿਆ ਸੀ, ਤਾਂ ਕਿਹੜੀ ਗੱਲ ਤੁਹਾਡੇ ਦਿਲ ਨੂੰ ਛੂਹ ਗਈ ਸੀ? ਕੀ ਇਹ ਕਿ ਤੁਸੀਂ ਬੀਮਾਰ ਨਹੀਂ ਹੋਵੋਗੇ, ਨਾ ਹੀ ਬੁੱਢੇ ਹੋਵੋਗੇ ਤੇ ਨਾ ਹੀ ਮਰੋਗੇ? ਜਾਂ ਕੀ ਇਹ ਕਿ ਇਕ ਦਿਨ ਤੁਹਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ ਅਤੇ ਬਾਗ਼ ਵਰਗੀ ਸੋਹਣੀ ਧਰਤੀ ʼਤੇ ਰਹਿਣਗੇ? ਸੋਚੋ ਇਸ ਉਮੀਦ ਕਰਕੇ ਤੁਸੀਂ ਕਿੰਨੀਆਂ ਹੀ ਸ਼ਾਨਦਾਰ ਬਰਕਤਾਂ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ।
8 ਚਾਹੇ ਸਾਡੇ ਕੋਲ ਸਵਰਗ ਵਿਚ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ ਜਾਂ ਧਰਤੀ ʼਤੇ, ਸਾਡੀ ਉਮੀਦ ਬਹੁਤ ਹੀ ਸ਼ਾਨਦਾਰ ਹੈ। ਇਹ ਉਮੀਦ ਸਾਡੀ ਖ਼ੁਸ਼ੀ ਦਾ ਕਾਰਨ ਹੈ। ਨਾਲੇ ਸਾਡੀ ਇਹ ਉਮੀਦ ਹੋਰ ਵੀ ਪੱਕੀ ਹੋ ਸਕਦੀ ਹੈ। ਪੌਲੁਸ ਨੇ ਅੱਗੇ ਸਮਝਾਇਆ ਕਿ ਇਹ ਕਿੱਦਾਂ ਹੋ ਸਕਦਾ ਹੈ। ਆਓ ਆਪਾਂ ਗੌਰ ਕਰੀਏ ਕਿ ਪੌਲੁਸ ਨੇ ਸਾਡੀ ਉਮੀਦ ਬਾਰੇ ਕੀ ਦੱਸਿਆ। ਇਸ ਤੋਂ ਸਾਡਾ ਭਰੋਸਾ ਹੋਰ ਵੀ ਵਧੇਗਾ ਕਿ ਅਸੀਂ ਜਿਨ੍ਹਾਂ ਗੱਲਾਂ ਦੀ ਉਮੀਦ ਕਰਦੇ ਹਾਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।
ਸਾਡੀ ਉਮੀਦ ਪੱਕੀ ਹੁੰਦੀ ਜਾਂਦੀ ਹੈ
9-10. ਪੌਲੁਸ ਵਾਂਗ ਅੱਜ ਮਸੀਹੀ ਕਿਹੜੀ ਗੱਲ ਜਾਣਦੇ ਹਨ? (ਰੋਮੀਆਂ 5:3) (ਤਸਵੀਰਾਂ ਵੀ ਦੇਖੋ।)
9 ਰੋਮੀਆਂ 5:3 ਪੜ੍ਹੋ। ਪੌਲੁਸ ਨੇ ਕਿਹਾ ਕਿ ਮੁਸੀਬਤਾਂ ਸਹਿਣ ਕਰਕੇ ਸਾਡੀ ਉਮੀਦ ਹੋਰ ਵੀ ਪੱਕੀ ਹੋ ਸਕਦੀ ਹੈ। ਸ਼ਾਇਦ ਇਹ ਗੱਲ ਸਾਨੂੰ ਥੋੜ੍ਹੀ ਅਜੀਬ ਲੱਗੇ। ਪਰ ਸੱਚ ਤਾਂ ਇਹ ਹੈ ਕਿ ਸਾਰੇ ਮਸੀਹੀਆਂ ʼਤੇ ਮੁਸੀਬਤਾਂ ਆ ਸਕਦੀਆਂ ਹਨ। ਪੌਲੁਸ ਵੀ ਇਹ ਗੱਲ ਜਾਣਦਾ ਸੀ। ਇਸ ਲਈ ਉਸ ਨੇ ਥੱਸਲੁਨੀਕੇ ਦੇ ਮਸੀਹੀਆਂ ਨੂੰ ਲਿਖਿਆ: “ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ। . . . ਹੁਣ ਇਸੇ ਤਰ੍ਹਾਂ ਹੋ ਰਿਹਾ ਹੈ।” (1 ਥੱਸ. 3:4) ਨਾਲੇ ਉਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਵੀ ਲਿਖਿਆ: ‘ਭਰਾਵੋ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿੰਨੀਆਂ ਮੁਸੀਬਤਾਂ ਝੱਲੀਆਂ ਸਨ। ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।’—2 ਕੁਰਿੰ. 1:8; 11:23-27.
10 ਅੱਜ ਵੀ ਮਸੀਹੀਆਂ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਦੀ ਮੁਸੀਬਤ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। (2 ਤਿਮੋ. 3:12) ਤੁਹਾਡੇ ਬਾਰੇ ਕੀ? ਕੀ ਯਿਸੂ ʼਤੇ ਨਿਹਚਾ ਕਰਨ ਅਤੇ ਉਸ ਦੀਆਂ ਸਿੱਖਿਆਵਾਂ ਮੰਨਣ ਕਰਕੇ ਤੁਹਾਨੂੰ ਵੀ ਮੁਸੀਬਤਾਂ ਝੱਲਣੀਆਂ ਪਈਆਂ ਹਨ? ਹੋ ਸਕਦਾ ਹੈ ਕਿ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਤੁਹਾਡਾ ਮਜ਼ਾਕ ਉਡਾਇਆ ਹੋਵੇ, ਇੱਥੋਂ ਤਕ ਕਿ ਤੁਹਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਏ ਹੋਣ। ਕੀ ਈਮਾਨਦਾਰ ਰਹਿਣ ਕਰਕੇ ਤੁਹਾਨੂੰ ਕੰਮ ਦੀ ਥਾਂ ʼਤੇ ਸਤਾਇਆ ਗਿਆ ਹੈ? (ਇਬ. 13:18) ਕੀ ਦੂਜਿਆਂ ਨੂੰ ਆਪਣੀ ਉਮੀਦ ਬਾਰੇ ਦੱਸਣ ਕਰਕੇ ਸਰਕਾਰੀ ਅਧਿਕਾਰੀਆਂ ਨੇ ਤੁਹਾਡਾ ਵਿਰੋਧ ਕੀਤਾ ਹੈ? ਪੌਲੁਸ ਨੇ ਕਿਹਾ ਸੀ ਕਿ ਚਾਹੇ ਸਾਡੇ ʼਤੇ ਜਿੱਦਾਂ ਦੀਆਂ ਮਰਜ਼ੀ ਮੁਸ਼ਕਲਾਂ ਆਉਣ, ਪਰ ਸਾਨੂੰ ਖ਼ੁਸ਼ ਰਹਿਣਾ ਚਾਹੀਦਾ ਹੈ। ਕਿਉਂ?
11. ਸਾਨੂੰ ਹਰ ਮੁਸੀਬਤ ਨੂੰ ਧੀਰਜ ਨਾਲ ਸਹਿੰਦੇ ਰਹਿਣ ਦਾ ਇਰਾਦਾ ਕਿਉਂ ਕਰਨਾ ਚਾਹੀਦਾ ਹੈ?
11 ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਦਿਆਂ ਵੀ ਖ਼ੁਸ਼ ਰਹਿ ਸਕਦੇ ਹਾਂ ਕਿਉਂਕਿ ਇਸ ਕਰਕੇ ਸਾਡੇ ਵਿਚ ਇਕ ਵਧੀਆ ਗੁਣ ਪੈਦਾ ਹੁੰਦਾ ਹੈ। ਰੋਮੀਆਂ 5:3 ਵਿਚ ਲਿਖਿਆ ਹੈ: “ਮੁਸੀਬਤਾਂ ਕਾਰਨ ਸਾਡੇ ਵਿਚ ਧੀਰਜ ਪੈਦਾ ਹੁੰਦਾ ਹੈ।” ਸਾਰੇ ਮਸੀਹੀਆਂ ਨੂੰ ਮੁਸੀਬਤਾਂ ਝੱਲਣੀਆਂ ਪੈਣਗੀਆਂ। ਇਸ ਲਈ ਸਾਨੂੰ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਨੂੰ ਧੀਰਜ ਨਾਲ ਸਹਾਂਗੇ। ਜੇ ਅਸੀਂ ਧੀਰਜ ਰੱਖਾਂਗੇ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ, ਤਾਂ ਹੀ ਅਸੀਂ ਆਪਣੀ ਉਮੀਦ ਨੂੰ ਪੂਰਾ ਹੁੰਦਾ ਦੇਖ ਸਕਾਂਗੇ। ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਬਾਰੇ ਗੱਲ ਕਰਦਿਆਂ ਯਿਸੂ ਨੇ ਪਥਰੀਲੀ ਜ਼ਮੀਨ ʼਤੇ ਬੀ ਡਿਗਣ ਦੀ ਮਿਸਾਲ ਦਿੱਤੀ ਸੀ। ਉਨ੍ਹਾਂ ਨੇ ਸ਼ੁਰੂ-ਸ਼ੁਰੂ ਵਿਚ ਤਾਂ ਬਚਨ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲਿਆ, ਪਰ ‘ਮੁਸੀਬਤਾਂ ਆਉਣ ਜਾਂ ਅਤਿਆਚਾਰ ਹੋਣ ਤੇ’ ਉਨ੍ਹਾਂ ਨੇ ਨਿਹਚਾ ਕਰਨੀ ਛੱਡ ਦਿੱਤੀ। (ਮੱਤੀ 13:5, 6, 20, 21) ਬੇਸ਼ੱਕ, ਵਿਰੋਧ ਜਾਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਸੌਖਾ ਨਹੀਂ ਹੁੰਦਾ ਤੇ ਸਾਨੂੰ ਵਧੀਆ ਵੀ ਨਹੀਂ ਲੱਗਦਾ, ਪਰ ਇਨ੍ਹਾਂ ਨੂੰ ਧੀਰਜ ਨਾਲ ਸਹਿੰਦੇ ਰਹਿਣ ਕਰਕੇ ਸਾਨੂੰ ਹੀ ਫ਼ਾਇਦੇ ਹੋਣਗੇ। ਉਹ ਕਿਵੇਂ?
12. ਧੀਰਜ ਨਾਲ ਮੁਸੀਬਤਾਂ ਸਹਿਣ ਕਰਕੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
12 ਯਾਕੂਬ ਨੇ ਦੱਸਿਆ ਕਿ ਧੀਰਜ ਨਾਲ ਮੁਸੀਬਤਾਂ ਸਹਿਣ ਦੇ ਫ਼ਾਇਦੇ ਹੁੰਦੇ ਹਨ। ਉਸ ਨੇ ਲਿਖਿਆ: “ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ ਤਾਂਕਿ ਤੁਹਾਡੇ ਵਿਚ ਕੋਈ ਕਮੀ ਨਾ ਰਹੇ, ਸਗੋਂ ਤੁਸੀਂ ਹਰ ਪੱਖੋਂ ਮੁਕੰਮਲ ਅਤੇ ਬੇਦਾਗ਼ ਹੋ ਜਾਓ।” (ਯਾਕੂ. 1:2-4) ਯਾਕੂਬ ਨੇ ਇੱਥੇ ਧੀਰਜ ਬਾਰੇ ਇੱਦਾਂ ਲਿਖਿਆ ਜਿਵੇਂ ਉਸ ਨੇ ਕੋਈ ਕੰਮ ਕਰਨਾ ਹੋਵੇ। ਸੋ ਧੀਰਜ ਕੀ ਕੰਮ ਕਰਦਾ ਹੈ? ਇਹ ਹੋਰ ਵੀ ਜ਼ਿਆਦਾ ਸਬਰ ਰੱਖਣ, ਯਹੋਵਾਹ ʼਤੇ ਭਰੋਸਾ ਰੱਖਣ, ਨਿਹਚਾ ਕਰਨ ਅਤੇ ਇਸੇ ਤਰ੍ਹਾਂ ਦੇ ਹੋਰ ਗੁਣ ਵਧਾਉਣ ਵਿਚ ਸਾਡੀ ਮਦਦ ਕਰਦਾ ਹੈ। ਪਰ ਧੀਰਜ ਰੱਖਣ ਕਰਕੇ ਸਾਨੂੰ ਇਕ ਹੋਰ ਅਹਿਮ ਫ਼ਾਇਦਾ ਹੁੰਦਾ ਹੈ।
13-14. ਧੀਰਜ ਰੱਖਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ ਅਤੇ ਇਸ ਦਾ ਸਾਡੀ ਉਮੀਦ ਨਾਲ ਕੀ ਸੰਬੰਧ ਹੈ? (ਰੋਮੀਆਂ 5:4)
13 ਰੋਮੀਆਂ 5:4 ਪੜ੍ਹੋ। ਪੌਲੁਸ ਨੇ ਕਿਹਾ ਕਿ ਧੀਰਜ ਧਰਨ ਕਰਕੇ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ ਯਾਨੀ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਯਹੋਵਾਹ ਇਸ ਗੱਲ ਤੋਂ ਖ਼ੁਸ਼ ਹੁੰਦਾ ਹੈ ਕਿ ਤੁਹਾਡੇ ʼਤੇ ਮੁਸੀਬਤਾਂ ਆ ਰਹੀਆਂ ਹਨ। ਉਹ ਤਾਂ ਇਸ ਗੱਲ ਤੋਂ ਖ਼ੁਸ਼ ਹੁੰਦਾ ਹੈ ਕਿ ਮੁਸੀਬਤਾਂ ਆਉਣ ʼਤੇ ਤੁਸੀਂ ਧੀਰਜ ਨਾਲ ਉਨ੍ਹਾਂ ਦਾ ਸਾਮ੍ਹਣਾ ਕਰਦੇ ਹੋ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹੋ। ਇਹ ਜਾਣ ਕੇ ਸਾਡਾ ਕਿੰਨਾ ਹੌਸਲਾ ਵਧਦਾ ਹੈ ਕਿ ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ!—ਜ਼ਬੂ. 5:12.
14 ਜ਼ਰਾ ਅਬਰਾਹਾਮ ਬਾਰੇ ਸੋਚੋ। ਉਸ ਨੇ ਧੀਰਜ ਰੱਖਦਿਆਂ ਮੁਸੀਬਤਾਂ ਦਾ ਸਾਮ੍ਹਣਾ ਕੀਤਾ ਅਤੇ ਯਹੋਵਾਹ ਉਸ ਤੋਂ ਖ਼ੁਸ਼ ਸੀ। ਯਹੋਵਾਹ ਨੇ ਉਸ ਨੂੰ ਆਪਣਾ ਦੋਸਤ ਕਿਹਾ ਤੇ ਉਸ ਨੂੰ ਧਰਮੀ ਠਹਿਰਾਇਆ। (ਉਤ. 15:6; ਰੋਮੀ. 4:13, 22) ਯਹੋਵਾਹ ਸਾਡੇ ਤੋਂ ਵੀ ਖ਼ੁਸ਼ ਹੋ ਸਕਦਾ ਹੈ। ਉਹ ਇਹ ਦੇਖ ਕੇ ਖ਼ੁਸ਼ ਨਹੀਂ ਹੁੰਦਾ ਹੈ ਕਿ ਅਸੀਂ ਕਿੰਨਾ ਕੰਮ ਕਰ ਰਹੇ ਹਾਂ ਜਾਂ ਸਾਡੇ ਕੋਲ ਕਿਹੜੀ ਜ਼ਿੰਮੇਵਾਰੀ ਹੈ। ਪਰ ਉਹ ਇਹ ਦੇਖ ਕੇ ਖ਼ੁਸ਼ ਹੁੰਦਾ ਹੈ ਕਿ ਅਸੀਂ ਧੀਰਜ ਨਾਲ ਮੁਸੀਬਤਾਂ ਦਾ ਸਾਮ੍ਹਣਾ ਕਰ ਰਹੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹਾਂ। ਧੀਰਜ ਰੱਖਣਾ ਸਾਡੀ ਉਮਰ, ਸਾਡੇ ਹਾਲਾਤਾਂ ਜਾਂ ਸਾਡੀ ਕਾਬਲੀਅਤ ʼਤੇ ਨਿਰਭਰ ਨਹੀਂ ਕਰਦਾ। ਕੀ ਹੁਣ ਕਿਸੇ ਮੁਸੀਬਤ ਦਾ ਸਾਮ੍ਹਣਾ ਕਰਦਿਆਂ ਵੀ ਤੁਸੀਂ ਯਹੋਵਾਹ ਦੇ ਵਫ਼ਾਦਾਰ ਹੋ? ਜੇ ਹਾਂ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ। ਨਾਲੇ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਹੈ, ਤਾਂ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ।
ਪਹਿਲਾਂ ਨਾਲੋਂ ਵੀ ਪੱਕੀ ਉਮੀਦ
15. ਪੌਲੁਸ ਨੇ ਰੋਮੀਆਂ 5:4, 5 ਵਿਚ ਕੀ ਕਿਹਾ ਅਤੇ ਇਸ ਕਰਕੇ ਸ਼ਾਇਦ ਕੁਝ ਲੋਕ ਉਲਝਣ ਵਿਚ ਕਿਉਂ ਪੈ ਜਾਣ?
15 ਜਿੱਦਾਂ ਪੌਲੁਸ ਨੇ ਸਮਝਾਇਆ, ਜਦੋਂ ਅਸੀਂ ਧੀਰਜ ਰੱਖਦਿਆਂ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ। ਗੌਰ ਕਰੋ ਕਿ ਪੌਲੁਸ ਨੇ ਅੱਗੇ ਕੀ ਕਿਹਾ। ਉਸ ਨੇ ਲਿਖਿਆ: “ਇਸ ਮਨਜ਼ੂਰੀ ਕਾਰਨ ਸਾਨੂੰ ਉਮੀਦ ਮਿਲਦੀ ਹੈ ਅਤੇ ਇਹ ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ।” (ਰੋਮੀ. 5:4, 5) ਇਹ ਗੱਲ ਸੁਣ ਕੇ ਸ਼ਾਇਦ ਕੁਝ ਲੋਕ ਉਲਝਣ ਵਿਚ ਪੈ ਜਾਣ। ਕਿਉਂ? ਕਿਉਂਕਿ ਰੋਮੀਆਂ 5:2 ਵਿਚ ਪੌਲੁਸ ਨੇ ਪਹਿਲਾਂ ਹੀ ਰੋਮ ਦੇ ਮਸੀਹੀਆਂ ਨੂੰ ਕਿਹਾ ਕਿ ਉਨ੍ਹਾਂ ਕੋਲ ਇਕ ਉਮੀਦ ਸੀ। ਕਿਹੜੀ ਉਮੀਦ? ‘ਪਰਮੇਸ਼ੁਰ ਤੋਂ ਮਹਿਮਾ ਮਿਲਣ ਦੀ ਉਮੀਦ।’ ਇਸ ਕਰਕੇ ਕੁਝ ਲੋਕ ਸ਼ਾਇਦ ਕਹਿਣ: ‘ਜੇ ਉਨ੍ਹਾਂ ਮਸੀਹੀਆਂ ਕੋਲ ਪਹਿਲਾਂ ਹੀ ਉਮੀਦ ਸੀ, ਤਾਂ ਪੌਲੁਸ ਨੇ ਉਮੀਦ ਦਾ ਦੁਬਾਰਾ ਜ਼ਿਕਰ ਕਿਉਂ ਕੀਤਾ ਸੀ?’
16. ਸਾਡੀ ਉਮੀਦ ਸਮੇਂ ਦੇ ਬੀਤਣ ਨਾਲ ਹੋਰ ਵੀ ਪੱਕੀ ਕਿਵੇਂ ਹੁੰਦੀ ਜਾਂਦੀ ਹੈ? (ਤਸਵੀਰਾਂ ਵੀ ਦੇਖੋ।)
16 ਜੇ ਅਸੀਂ ਇਸ ਗੱਲ ʼਤੇ ਧਿਆਨ ਦੇਈਏ ਕਿ ਸਾਡੀ ਉਮੀਦ ਇਕ ਇੱਦਾਂ ਦੀ ਚੀਜ਼ ਹੈ ਜੋ ਸਮੇਂ ਦੇ ਬੀਤਣ ਨਾਲ ਹੋਰ ਪੱਕੀ ਹੁੰਦੀ ਜਾਂਦੀ ਹੈ, ਤਾਂ ਅਸੀਂ ਪੌਲੁਸ ਦੀ ਇਸ ਗੱਲ ਨੂੰ ਸਮਝ ਸਕਦੇ ਹਾਂ। ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਸ਼ਾਨਦਾਰ ਉਮੀਦ ਬਾਰੇ ਸੁਣਿਆ ਸੀ? ਸ਼ਾਇਦ ਉਸ ਵੇਲੇ ਤੁਹਾਨੂੰ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਰਹਿਣਾ ਇਕ ਸੁਪਨਾ ਹੀ ਲੱਗਾ ਹੋਵੇ। ਪਰ ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਸਿੱਖਦੇ ਗਏ, ਤਾਂ ਤੁਹਾਨੂੰ ਹੋਰ ਵੀ ਯਕੀਨ ਹੋ ਗਿਆ ਕਿ ਇਹ ਉਮੀਦ ਇਕ ਦਿਨ ਜ਼ਰੂਰ ਪੂਰੀ ਹੋਵੇਗੀ।
17. ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਵੀ ਤੁਹਾਡੀ ਉਮੀਦ ਹੋਰ ਵੀ ਪੱਕੀ ਕਿਵੇਂ ਹੁੰਦੀ ਰਹਿੰਦੀ ਹੈ?
17 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਵੀ ਤੁਸੀਂ ਯਹੋਵਾਹ ਬਾਰੇ ਜਾਣਦੇ ਰਹੇ ਤੇ ਉਸ ਨਾਲ ਹੋਰ ਜ਼ਿਆਦਾ ਪਿਆਰ ਕਰਨ ਲੱਗੇ। ਇਸ ਨਾਲ ਤੁਹਾਡੀ ਉਮੀਦ ਹੋਰ ਵੀ ਜ਼ਿਆਦਾ ਪੱਕੀ ਹੋ ਗਈ। (ਇਬ. 5:13–6:1) ਰੋਮੀਆਂ 5:2-4 ਵਿਚ ਜੋ ਗੱਲਾਂ ਦੱਸੀਆਂ ਗਈਆਂ ਹਨ, ਸ਼ਾਇਦ ਤੁਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਸੱਚ ਹੁੰਦਿਆਂ ਦੇਖਿਆ ਹੋਵੇ। ਤੁਹਾਡੇ ʼਤੇ ਵੱਖੋ-ਵੱਖਰੀਆਂ ਮੁਸੀਬਤਾਂ ਆਈਆਂ ਹੋਣੀਆਂ, ਪਰ ਤੁਸੀਂ ਧੀਰਜ ਰੱਖਦਿਆਂ ਉਨ੍ਹਾਂ ਦਾ ਸਾਮ੍ਹਣਾ ਕੀਤਾ ਅਤੇ ਮਹਿਸੂਸ ਕੀਤਾ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ। ਇਸ ਕਰਕੇ ਤੁਹਾਨੂੰ ਹੋਰ ਵੀ ਯਕੀਨ ਹੋ ਗਿਆ ਕਿ ਉਸ ਨੇ ਜੋ ਵਾਅਦੇ ਕੀਤੇ ਹਨ, ਉਹ ਜ਼ਰੂਰ ਪੂਰੇ ਹੋਣਗੇ। ਸ਼ੁਰੂ-ਸ਼ੁਰੂ ਵਿਚ ਤੁਹਾਨੂੰ ਜੋ ਉਮੀਦ ਮਿਲੀ ਸੀ, ਉਹ ਹੁਣ ਹੋਰ ਵੀ ਜ਼ਿਆਦਾ ਪੱਕੀ ਹੋ ਗਈ ਹੈ। ਹੁਣ ਤੁਹਾਡੇ ਲਈ ਇਹ ਉਮੀਦ ਕੋਈ ਸੁਪਨਾ ਨਹੀਂ, ਸਗੋਂ ਹਕੀਕਤ ਹੈ। ਇਹ ਉਮੀਦ ਜ਼ਰੂਰ ਪੂਰੀ ਹੋਵੇਗੀ। ਇਸ ਉਮੀਦ ਦਾ ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ ʼਤੇ ਗਹਿਰਾ ਅਸਰ ਪੈਂਦਾ ਹੈ। ਮਿਸਾਲ ਲਈ, ਤੁਸੀਂ ਆਪਣੇ ਪਰਿਵਾਰ ਨਾਲ ਜਿੱਦਾਂ ਪੇਸ਼ ਆਉਂਦੇ ਸੀ, ਜਿੱਦਾਂ ਦੇ ਫ਼ੈਸਲੇ ਲੈਂਦੇ ਸੀ ਅਤੇ ਇੱਥੋਂ ਤਕ ਕਿ ਜਿੱਦਾਂ ਆਪਣਾ ਸਮਾਂ ਵਰਤਦੇ ਸੀ, ਹੁਣ ਉਹ ਸਭ ਬਦਲ ਗਿਆ ਹੈ।
18. ਯਹੋਵਾਹ ਨੇ ਕਿਹੜੀ ਗਾਰੰਟੀ ਦਿੱਤੀ ਹੈ?
18 ਇਹ ਦੱਸਣ ਤੋਂ ਬਾਅਦ ਕਿ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲੇਗੀ, ਪੌਲੁਸ ਨੇ ਉਮੀਦ ਬਾਰੇ ਇਕ ਹੋਰ ਅਹਿਮ ਗੱਲ ਦੱਸੀ। ਉਹ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਤੁਹਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ। ਤੁਸੀਂ ਇਸ ਗੱਲ ਦਾ ਭਰੋਸਾ ਕਿਉਂ ਰੱਖ ਸਕਦੇ ਹੋ? ਪੌਲੁਸ ਰਸੂਲ ਨੇ ਪਰਮੇਸ਼ੁਰ ਵੱਲੋਂ ਦਿੱਤੀ ਗਾਰੰਟੀ ਬਾਰੇ ਦੱਸਿਆ: “ਇਹ ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ ਕਿਉਂਕਿ ਜੋ ਪਵਿੱਤਰ ਸ਼ਕਤੀ ਸਾਨੂੰ ਦਿੱਤੀ ਗਈ ਹੈ, ਉਸ ਰਾਹੀਂ ਪਰਮੇਸ਼ੁਰ ਨੇ ਸਾਡੇ ਦਿਲਾਂ ਨੂੰ ਆਪਣੇ ਪਿਆਰ ਨਾਲ ਭਰ ਦਿੱਤਾ ਹੈ।” (ਰੋਮੀ. 5:5) ਇਸ ਲਈ ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਪਰਮੇਸ਼ੁਰ ਵੱਲੋਂ ਦਿੱਤੀ ਉਮੀਦ ਜ਼ਰੂਰ ਪੂਰੀ ਹੋਵੇਗੀ।
19. ਆਪਣੀ ਉਮੀਦ ਬਾਰੇ ਤੁਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹੋ?
19 ਇਕ ਵਾਰ ਫਿਰ ਤੋਂ ਅਬਰਾਹਾਮ ਨੂੰ ਯਾਦ ਕਰੋ। ਯਹੋਵਾਹ ਨੇ ਉਸ ਨਾਲ ਜੋ ਵਾਅਦਾ ਕੀਤਾ ਸੀ ਤੇ ਉਸ ਨੂੰ ਆਪਣਾ ਦੋਸਤ ਕਿਹਾ ਸੀ, ਉਸ ਬਾਰੇ ਸੋਚੋ। ਅਬਰਾਹਾਮ ਨੂੰ ਜੋ ਉਮੀਦ ਦਿੱਤੀ ਗਈ ਸੀ, ਉਹ ਖੋਖਲੀ ਨਹੀਂ ਸੀ। ਬਾਈਬਲ ਦੱਸਦੀ ਹੈ: “ਅਬਰਾਹਾਮ ਦੇ ਧੀਰਜ ਰੱਖਣ ਤੋਂ ਬਾਅਦ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ।” (ਇਬ. 6:15; 11:9, 18; ਰੋਮੀ. 4:20-22) ਉਸ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਹੋਣਾ ਪਿਆ ਕਿਉਂਕਿ ਉਸ ਦੀ ਉਮੀਦ ਪੂਰੀ ਹੋਈ। ਉਸ ਵਾਂਗ ਤੁਸੀਂ ਵੀ ਭਰੋਸਾ ਰੱਖ ਸਕਦੇ ਹੋ ਕਿ ਜੇ ਤੁਸੀਂ ਵੀ ਵਫ਼ਾਦਾਰ ਰਹੋਗੇ, ਤਾਂ ਤੁਹਾਨੂੰ ਤੁਹਾਡੀ ਉਮੀਦ ਦਾ ਇਨਾਮ ਜ਼ਰੂਰ ਮਿਲੇਗਾ। ਤੁਹਾਡੀ ਉਮੀਦ ਕੋਈ ਕਲਪਨਾ ਨਹੀਂ, ਸਗੋਂ ਹਕੀਕਤ ਹੈ। ਇਹ ਖ਼ੁਸ਼ੀ ਦਾ ਕਾਰਨ ਹੈ, ਨਾ ਕਿ ਨਿਰਾਸ਼ਾ ਦਾ। (ਰੋਮੀ. 12:12) ਪੌਲੁਸ ਨੇ ਲਿਖਿਆ: “ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ ਤੁਹਾਨੂੰ ਭਰਪੂਰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ ਕਿਉਂਕਿ ਤੁਸੀਂ ਉਸ ਉੱਤੇ ਨਿਹਚਾ ਕਰਦੇ ਹੋ ਅਤੇ ਪਵਿੱਤਰ ਸ਼ਕਤੀ ਰਾਹੀਂ ਤੁਹਾਡੀ ਉਮੀਦ ਹੋਰ ਪੱਕੀ ਹੋਵੇ।”—ਰੋਮੀ. 15:13.
ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ
a ਇਸ ਲੇਖ ਵਿਚ ਅਸੀਂ ਇਸ ਗੱਲ ʼਤੇ ਚਰਚਾ ਕਰਾਂਗੇ ਕਿ ਮਸੀਹੀਆਂ ਕੋਲ ਕਿਹੜੀ ਉਮੀਦ ਹੈ ਅਤੇ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਇਹ ਜ਼ਰੂਰ ਪੂਰੀ ਹੋਵੇਗੀ। ਰੋਮੀਆਂ ਅਧਿਆਇ 5 ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਸਾਡੇ ਕੋਲ ਹੁਣ ਜੋ ਉਮੀਦ ਹੈ, ਉਹ ਉਸ ਉਮੀਦ ਨਾਲੋਂ ਕਿਵੇਂ ਵੱਖਰੀ ਹੈ ਜੋ ਸਾਨੂੰ ਸ਼ੁਰੂ ਵਿਚ ਬਾਈਬਲ ਦੀਆਂ ਸੱਚਾਈਆਂ ਜਾਣਨ ਵੇਲੇ ਮਿਲੀ ਸੀ।