ਕੁਰਿੰਥੀਆਂ ਨੂੰ ਦੂਜੀ ਚਿੱਠੀ
1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਸਾਡੇ ਭਰਾ ਤਿਮੋਥਿਉਸ+ ਨਾਲ ਮਿਲ ਕੇ ਕੁਰਿੰਥੁਸ ਵਿਚ ਪਰਮੇਸ਼ੁਰ ਦੀ ਮੰਡਲੀ ਨੂੰ ਅਤੇ ਪੂਰੇ ਅਖਾਯਾ+ ਦੇ ਸਾਰੇ ਪਵਿੱਤਰ ਸੇਵਕਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹੋਵੇ+ ਜਿਹੜਾ ਦਇਆ ਕਰਨ ਵਾਲਾ ਪਿਤਾ ਹੈ+ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।+ 4 ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ* ਵਿਚ ਸਾਨੂੰ ਦਿਲਾਸਾ* ਦਿੰਦਾ ਹੈ+ ਤਾਂਕਿ ਅਸੀਂ ਉਸ ਤੋਂ ਦਿਲਾਸਾ ਪਾ ਕੇ ਉਸ ਦਿਲਾਸੇ ਨਾਲ ਹਰ ਤਰ੍ਹਾਂ ਦੀ ਮੁਸੀਬਤ* ਵਿਚ ਦੂਸਰਿਆਂ ਨੂੰ ਦਿਲਾਸਾ ਦੇ ਸਕੀਏ।+ 5 ਜਿਵੇਂ ਅਸੀਂ ਮਸੀਹ ਦੀ ਖ਼ਾਤਰ ਬਹੁਤ ਸਾਰੇ ਕਸ਼ਟ ਸਹਿੰਦੇ ਹਾਂ,+ ਉਸੇ ਤਰ੍ਹਾਂ ਮਸੀਹ ਰਾਹੀਂ ਸਾਨੂੰ ਬਹੁਤ ਦਿਲਾਸਾ ਵੀ ਮਿਲਦਾ ਹੈ। 6 ਇਸ ਲਈ ਜੇ ਅਸੀਂ ਕਿਸੇ ਮੁਸੀਬਤ* ਦਾ ਸਾਮ੍ਹਣਾ ਕਰਦੇ ਹਾਂ, ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ। ਜੇ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ, ਤਾਂ ਇਹ ਤੁਹਾਡੇ ਦਿਲਾਸੇ ਲਈ ਹੈ ਤਾਂਕਿ ਤੁਸੀਂ ਇਸ ਦਿਲਾਸੇ ਦੀ ਮਦਦ ਨਾਲ ਉਹ ਸਾਰੇ ਕਸ਼ਟ ਸਹਿ ਸਕੋ ਜਿਹੜੇ ਅਸੀਂ ਸਹਿੰਦੇ ਹਾਂ। 7 ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਵਫ਼ਾਦਾਰ ਰਹੋਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਵਾਂਗ ਕਸ਼ਟ ਸਹਿੰਦੇ ਹੋ, ਉਸੇ ਤਰ੍ਹਾਂ ਸਾਡੇ ਵਾਂਗ ਤੁਹਾਨੂੰ ਦਿਲਾਸਾ ਵੀ ਮਿਲੇਗਾ।+
8 ਭਰਾਵੋ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਏਸ਼ੀਆ ਜ਼ਿਲ੍ਹੇ ਵਿਚ ਕਿੰਨੀਆਂ ਮੁਸੀਬਤਾਂ ਝੱਲੀਆਂ ਸਨ।+ ਉਨ੍ਹਾਂ ਮੁਸੀਬਤਾਂ ਨੂੰ ਝੱਲਣਾ ਸਾਡੀ ਸ਼ਕਤੀਓਂ ਬਾਹਰ ਸੀ ਅਤੇ ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।+ 9 ਅਸਲ ਵਿਚ, ਸਾਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਸਾਨੂੰ ਮੌਤ ਦੀ ਸਜ਼ਾ ਦਾ ਹੁਕਮ ਮਿਲ ਚੁੱਕਾ ਸੀ। ਇਹ ਇਸ ਕਰਕੇ ਹੋਇਆ ਤਾਂਕਿ ਅਸੀਂ ਆਪਣੇ ਉੱਤੇ ਨਹੀਂ, ਸਗੋਂ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ+ ਜਿਹੜਾ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਦਾ ਹੈ। 10 ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਸਾਨੂੰ ਬਚਾਉਂਦਾ ਰਹੇਗਾ।+ 11 ਸਾਡੀ ਮਦਦ ਕਰਨ ਲਈ ਤੁਸੀਂ ਵੀ ਫ਼ਰਿਆਦ ਕਰ ਸਕਦੇ ਹੋ+ ਕਿਉਂਕਿ ਸਾਡੇ ਲਈ ਕੀਤੀਆਂ ਬਹੁਤ ਜਣਿਆਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ। ਫਿਰ ਬਹੁਤ ਸਾਰੇ ਲੋਕ ਸਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਵੀ ਕਰਨਗੇ।+
12 ਅਸੀਂ ਇਹ ਗੱਲ ਬੜੇ ਮਾਣ ਨਾਲ ਅਤੇ ਸਾਫ਼ ਜ਼ਮੀਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਦੁਨੀਆਂ ਸਾਮ੍ਹਣੇ ਤੇ ਖ਼ਾਸ ਕਰਕੇ ਤੁਹਾਡੇ ਸਾਮ੍ਹਣੇ ਪਵਿੱਤਰਤਾ ਅਤੇ ਸਾਫ਼ਦਿਲੀ ਨਾਲ ਚੱਲੇ ਜੋ ਪਰਮੇਸ਼ੁਰ ਨੇ ਸਿਖਾਈ ਹੈ। ਅਸੀਂ ਦੁਨਿਆਵੀ ਬੁੱਧ ਉੱਤੇ ਭਰੋਸਾ ਨਹੀਂ ਰੱਖਿਆ,+ ਸਗੋਂ ਪਰਮੇਸ਼ੁਰ ਦੀ ਅਪਾਰ ਕਿਰਪਾ ਉੱਤੇ ਭਰੋਸਾ ਰੱਖਿਆ। 13 ਅਸੀਂ ਤੁਹਾਨੂੰ ਉਹੀ ਗੱਲਾਂ ਲਿਖ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਪੜ੍ਹ* ਅਤੇ ਸਮਝ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝੋਗੇ, 14 ਜਿਵੇਂ ਤੁਸੀਂ ਕੁਝ ਹੱਦ ਤਕ ਇਹ ਵੀ ਸਮਝਦੇ ਹੋ ਕਿ ਤੁਸੀਂ ਸਾਡੇ ਉੱਤੇ ਮਾਣ ਕਰ ਸਕਦੇ ਹੋ, ਠੀਕ ਜਿਵੇਂ ਅਸੀਂ ਵੀ ਸਾਡੇ ਪ੍ਰਭੂ ਯਿਸੂ ਦੇ ਦਿਨ ਤੁਹਾਡੇ ਉੱਤੇ ਮਾਣ ਕਰਾਂਗੇ।
15 ਇਸ ਲਈ ਮੈਂ ਇਸੇ ਭਰੋਸੇ ਕਰਕੇ ਦੂਸਰੀ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਸੀ ਤਾਂਕਿ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ।* 16 ਮੇਰਾ ਇਰਾਦਾ ਸੀ ਕਿ ਮਕਦੂਨੀਆ ਜਾਂਦੇ ਹੋਏ ਮੈਂ ਤੁਹਾਨੂੰ ਮਿਲਾਂ ਅਤੇ ਫਿਰ ਮਕਦੂਨੀਆ ਤੋਂ ਵਾਪਸ ਤੁਹਾਡੇ ਕੋਲ ਆਵਾਂ। ਨਾਲੇ ਮੈਂ ਚਾਹੁੰਦਾ ਸੀ ਕਿ ਉੱਥੋਂ ਯਹੂਦਿਯਾ ਜਾਣ ਵੇਲੇ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਮੇਰੇ ਨਾਲ ਆ ਜਾਂਦੇ।+ 17 ਤੁਹਾਨੂੰ ਕੀ ਲੱਗਦਾ ਕਿ ਮੈਂ ਇਹ ਇਰਾਦਾ ਬਿਨਾਂ ਸੋਚੇ-ਸਮਝੇ ਕੀਤਾ ਸੀ? ਜਾਂ ਕੀ ਮੈਂ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਦੇ ਇਰਾਦੇ ਨਾਲ ਹੀ ਸਭ ਕੁਝ ਕਰਦਾ ਹਾਂ ਅਤੇ ਇਸੇ ਕਰਕੇ ਪਹਿਲਾਂ “ਹਾਂ, ਹਾਂ” ਕਹਿੰਦਾ ਹਾਂ ਤੇ ਫਿਰ “ਨਾਂਹ, ਨਾਂਹ”? 18 ਜਿਵੇਂ ਤੁਸੀਂ ਪਰਮੇਸ਼ੁਰ ʼਤੇ ਭਰੋਸਾ ਕਰ ਸਕਦੇ ਹੋ, ਉਸੇ ਤਰ੍ਹਾਂ ਤੁਸੀਂ ਸਾਡੇ ʼਤੇ ਇਹ ਭਰੋਸਾ ਰੱਖ ਸਕਦੇ ਹੋ ਕਿ ਜਦੋਂ ਅਸੀਂ ਤੁਹਾਨੂੰ “ਹਾਂ” ਕਹਿੰਦੇ ਹਾਂ, ਤਾਂ ਇਸ ਦਾ ਮਤਲਬ “ਨਾਂਹ” ਨਹੀਂ ਹੁੰਦਾ। 19 ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ, ਜਿਸ ਬਾਰੇ ਮੈਂ, ਸਿਲਵਾਨੁਸ* ਤੇ ਤਿਮੋਥਿਉਸ+ ਨੇ ਤੁਹਾਨੂੰ ਪ੍ਰਚਾਰ ਕੀਤਾ ਸੀ, ਪਹਿਲਾਂ “ਹਾਂ” ਅਤੇ ਫਿਰ “ਨਾਂਹ” ਨਹੀਂ, ਸਗੋਂ ਹਮੇਸ਼ਾ “ਹਾਂ” ਹੈ 20 ਕਿਉਂਕਿ ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਦੇ ਜ਼ਰੀਏ “ਹਾਂ” ਸਾਬਤ ਹੋਏ ਹਨ।+ ਇਸ ਲਈ ਉਸੇ ਰਾਹੀਂ ਅਸੀਂ ਪਰਮੇਸ਼ੁਰ ਨੂੰ “ਆਮੀਨ” ਕਹਿੰਦੇ ਹਾਂ+ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। 21 ਪਰ ਉਹ ਪਰਮੇਸ਼ੁਰ ਹੀ ਹੈ ਜਿਹੜਾ ਇਹ ਗਾਰੰਟੀ ਦਿੰਦਾ ਹੈ ਕਿ ਤੁਸੀਂ ਅਤੇ ਅਸੀਂ ਮਸੀਹ ਦੇ ਹਾਂ ਅਤੇ ਜਿਸ ਨੇ ਸਾਨੂੰ ਚੁਣਿਆ ਹੈ।+ 22 ਉਸ ਨੇ ਸਾਡੇ ਉੱਤੇ ਆਪਣੀ ਮੁਹਰ ਵੀ ਲਾਈ ਹੈ+ ਅਤੇ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਦੇ ਬਿਆਨੇ ਦੇ ਤੌਰ ਤੇ* ਪਵਿੱਤਰ ਸ਼ਕਤੀ+ ਸਾਡੇ ਦਿਲਾਂ ਵਿਚ ਪਾਈ ਹੈ।
23 ਮੈਂ ਇਸ ਕਰਕੇ ਅਜੇ ਤਕ ਕੁਰਿੰਥੁਸ ਨਹੀਂ ਆਇਆ ਕਿ ਮੈਂ ਤੁਹਾਨੂੰ ਹੋਰ ਉਦਾਸ ਨਾ ਕਰਾਂ। ਜੇ ਇਹ ਗੱਲ ਝੂਠ ਹੈ, ਤਾਂ ਪਰਮੇਸ਼ੁਰ ਮੇਰੇ ਖ਼ਿਲਾਫ਼ ਗਵਾਹੀ ਦੇਵੇ। 24 ਇੱਦਾਂ ਨਹੀਂ ਹੈ ਕਿ ਅਸੀਂ ਤੁਹਾਡੀ ਨਿਹਚਾ ਦੇ ਸੰਬੰਧ ਵਿਚ ਤੁਹਾਡੇ ਉੱਤੇ ਹੁਕਮ ਚਲਾਉਣ ਵਾਲੇ ਹਾਂ,+ ਸਗੋਂ ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਵਾਲੇ ਹਾਂ ਕਿਉਂਕਿ ਤੁਸੀਂ ਆਪਣੀ ਨਿਹਚਾ ਕਰਕੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ।