“ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰੋ ਕੀ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ?
“ਮੈਨੂੰ ਮੰਡਲੀ ਵਿਚ ਕੋਈ ਵੀ ਜੀਵਨ ਸਾਥੀ ਨਹੀਂ ਮਿਲਦਾ ਤੇ ਜੇ ਮੇਰੀ ਉਮਰ ਜ਼ਿਆਦਾ ਹੋ ਗਈ, ਤਾਂ ਕੌਣ ਮੇਰੇ ਨਾਲ ਵਿਆਹ ਕਰੇਗਾ?”
“ਦੁਨੀਆਂ ਵਿਚ ਕੁਝ ਮੁੰਡੇ ਚੰਗੇ, ਪਿਆਰ ਕਰਨ ਵਾਲੇ ਤੇ ਸਮਝਦਾਰ ਹਨ। ਉਹ ਮੇਰੇ ਧਰਮ ਦੇ ਖ਼ਿਲਾਫ਼ ਨਹੀਂ ਹਨ ਅਤੇ ਲੱਗਦਾ ਹੈ ਕਿ ਉਹ ਕੁਝ ਭਰਾਵਾਂ ਨਾਲੋਂ ਜ਼ਿਆਦਾ ਚੰਗੇ ਹਨ।”
ਯਹੋਵਾਹ ਦੇ ਕੁਝ ਕੁਆਰੇ ਸੇਵਕ ਵੀ ਇੱਦਾਂ ਹੀ ਕਹਿੰਦੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਹੀ ਵਿਆਹ ਕਰਨ ਯਾਨੀ ਸਿਰਫ਼ ਸੱਚੇ ਮਸੀਹੀਆਂ ਨਾਲ। (1 ਕੁਰਿੰ. 7:39) ਸੋ ਕੁਝ ਮਸੀਹੀ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਹਿੰਦੇ ਹਨ?
ਕਈ ਵਿਆਹ ਨੂੰ ਲੈ ਕੇ ਕਿਉਂ ਚਿੰਤਿਤ ਹਨ?
ਜਿਹੜੇ ਮਸੀਹੀ ਇਹ ਗੱਲਾਂ ਕਹਿੰਦੇ ਹਨ, ਉਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਕਿ ਕੁਆਰੇ ਭਰਾਵਾਂ ਨਾਲੋਂ ਕੁਆਰੀਆਂ ਭੈਣਾਂ ਦੀ ਗਿਣਤੀ ਜ਼ਿਆਦਾ ਹੈ। ਕਾਫ਼ੀ ਦੇਸ਼ਾਂ ਵਿਚ ਇਹ ਗੱਲ ਸੱਚ ਹੈ। ਮਿਸਾਲ ਲਈ, ਕੋਰੀਆ ਵਿਚ 57 ਪ੍ਰਤਿਸ਼ਤ ਕੁਆਰੀਆਂ ਭੈਣਾਂ ਅਤੇ 43 ਪ੍ਰਤਿਸ਼ਤ ਕੁਆਰੇ ਭਰਾ ਹਨ। ਨਾਲੇ ਕੋਲੰਬੀਆ ਵਿਚ 66 ਪ੍ਰਤਿਸ਼ਤ ਭੈਣਾਂ ਅਤੇ 34 ਪ੍ਰਤਿਸ਼ਤ ਭਰਾ ਹਨ।
ਕੁਝ ਦੇਸ਼ਾਂ ਵਿਚ ਜਦੋਂ ਮਾਪੇ, ਜੋ ਯਹੋਵਾਹ ਦੇ ਗਵਾਹ ਨਹੀਂ ਹਨ, ਆਪਣੀ ਕੁੜੀ ਦਾ ਵਿਆਹ ਕਰਦੇ ਹਨ, ਤਾਂ ਉਹ ਸ਼ਾਇਦ ਮੁੰਡੇ ਵਾਲਿਆਂ ਤੋਂ ਬਹੁਤ ਸਾਰੇ ਪੈਸਿਆਂ ਤੇ ਮਹਿੰਗੇ-ਮਹਿੰਗੇ ਤੋਹਫ਼ਿਆਂ ਦੀ ਮੰਗ ਕਰਨ। ਪਰ ਸ਼ਾਇਦ ਕੁਝ ਕੁਆਰੇ ਭਰਾ ਇਹ ਮੰਗਾਂ ਪੂਰੀਆਂ ਨਾ ਕਰ ਸਕਣ। ਇਸ ਕਰਕੇ ਕੁਝ ਭੈਣਾਂ ਨੂੰ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਦਾ ਵਿਆਹ ਕਦੇ ਸੱਚਾਈ ਵਿਚ ਹੋਵੇਗਾ ਜਾਂ ਨਹੀਂ।a
ਯਹੋਵਾਹ ʼਤੇ ਭਰੋਸਾ ਰੱਖੋ
ਜੇ ਕਦੇ ਤੁਹਾਡੇ ਮਨ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਹਨ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਹਾਲਾਤ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ।—2 ਇਤ. 6:29, 30.
ਬਾਈਬਲ ਵਿਚ ਯਹੋਵਾਹ ਅਜੇ ਵੀ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਪ੍ਰਭੂ ਵਿਚ ਹੀ ਵਿਆਹ ਕਰਾਈਏ। ਪਰ ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਸਾਡੀ ਭਲਾਈ ਕਿਸ ਵਿਚ ਹੈ ਅਤੇ ਉਹ ਸਾਨੂੰ ਮੁਸ਼ਕਲਾਂ ਤੋਂ ਬਚਾਉਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਕੋਈ ਗ਼ਲਤ ਫ਼ੈਸਲਾ ਕਰੀਏ ਜਿਸ ਕਰਕੇ ਅਸੀਂ ਦੁਖੀ ਹੋਈਏ ਜਾਂ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਨਾ ਰਹਿਣ। ਨਹਮਯਾਹ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀਆਂ ਨੇ ਉਨ੍ਹਾਂ ਔਰਤਾਂ ਨਾਲ ਵਿਆਹ ਕਰਾਇਆ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੀਆਂ ਸਨ। ਇਸ ਲਈ ਨਹਮਯਾਹ ਨੇ ਸੁਲੇਮਾਨ ਦੀ ਬੁਰੀ ਮਿਸਾਲ ਬਾਰੇ ਲਿਖਿਆ। ਸੁਲੇਮਾਨ “ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਹ ਨੂੰ ਸਾਰੇ ਇਸਰਾਏਲ ਉੱਤੇ ਪਾਤਸ਼ਾਹੀ ਦਿੱਤੀ ਤਾਂ ਵੀ ਓਪਰੀਆਂ ਤੀਵੀਆਂ ਨੇ ਉਸ ਕੋਲੋਂ ਪਾਪ ਕਰਵਾਇਆ।” (ਨਹ. 13:23-26) ਯਹੋਵਾਹ ਜਾਣਦਾ ਹੈ ਕਿ ਉਸ ਦੀਆਂ ਸਲਾਹਾਂ ਸਾਡੇ ਫ਼ਾਇਦੇ ਲਈ ਹਨ। ਇਸ ਲਈ ਉਸ ਨੇ ਮਸੀਹੀਆਂ ਨੂੰ ਕਿਹਾ ਹੈ ਕਿ ਉਹ ਸਿਰਫ਼ ਪ੍ਰਭੂ ਵਿਚ ਹੀ ਵਿਆਹ ਕਰਨ। (ਜ਼ਬੂ. 19:7-10; ਯਸਾ. 48:17, 18) ਅਸੀਂ ਬਹੁਤ ਧੰਨਵਾਦੀ ਹਾਂ ਕਿ ਉਹ ਸਾਨੂੰ ਪਿਆਰ ਨਾਲ ਸਲਾਹ ਦਿੰਦਾ ਹੈ ਤੇ ਉਸ ਦੀ ਸਲਾਹ ਹਮੇਸ਼ਾ ਸਾਡੇ ਫ਼ਾਇਦੇ ਲਈ ਹੁੰਦੀ ਹੈ। ਯਹੋਵਾਹ ਨੂੰ ਆਪਣਾ ਰਾਜਾ ਮੰਨ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਅਸੀਂ ਕਬੂਲ ਕਰਦੇ ਹਾਂ ਕਿ ਉਸ ਦਾ ਹੀ ਹੱਕ ਬਣਦਾ ਹੈ ਕਿ ਉਹ ਸਾਨੂੰ ਦੱਸੇ ਕਿ ਅਸੀਂ ਕੀ ਕਰੀਏ।—ਕਹਾ. 1:5.
ਯਕੀਨਨ ਤੁਸੀਂ “ਅਵਿਸ਼ਵਾਸੀਆਂ ਨਾਲ ਮੇਲ-ਜੋਲ” ਨਹੀਂ ਰੱਖਣਾ ਚਾਹੋਗੇ ਯਾਨੀ ਉਸ ਵਿਅਕਤੀ ਨਾਲ ਵਿਆਹ ਨਹੀਂ ਕਰਾਓਗੇ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦਾ। ਉਹ ਵਿਅਕਤੀ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕ ਸਕਦਾ ਹੈ। (2 ਕੁਰਿੰ. 6:14) ਪਰਮੇਸ਼ੁਰ ਦੀ ਸਲਾਹ ਹਮੇਸ਼ਾ ਫ਼ਾਇਦੇਮੰਦ ਹੁੰਦੀ ਹੈ ਤੇ ਬਹੁਤ ਸਾਰੇ ਮਸੀਹੀਆਂ ਨੇ ਯਹੋਵਾਹ ਦੀ ਸਲਾਹ ਮੰਨੀ ਹੈ। ਪਰ ਕਈਆਂ ਨੇ ਨਹੀਂ ਮੰਨੀ।
ਸਲਾਹ ਅੱਜ ਵੀ ਫ਼ਾਇਦੇਮੰਦ
ਆਸਟ੍ਰੇਲੀਆ ਤੋਂ ਮੈਗੀ ਨਾਂ ਦੀ ਇਕ ਭੈਣ ਨੇ ਉਸ ਵਿਅਕਤੀ ਨਾਲ ਡੇਟਿੰਗ ਕਰਨੀ ਸ਼ੁਰੂ ਕੀਤੀ ਜੋ ਗਵਾਹ ਨਹੀਂ ਸੀ।b ਉਹ ਕਹਿੰਦੀ ਹੈ: “ਮੈਂ ਉਸ ਨਾਲ ਘੁੰਮਣਾ-ਫਿਰਨਾ ਚਾਹੁੰਦੀ ਸੀ ਜਿਸ ਕਰਕੇ ਮੈਂ ਕਈ ਮੀਟਿੰਗਾਂ ਵਿਚ ਵੀ ਨਹੀਂ ਗਈ। ਮੈਂ ਸੱਚਾਈ ਵਿਚ ਬਹੁਤ ਕਮਜ਼ੋਰ ਹੋ ਗਈ ਸੀ।” ਭਾਰਤ ਤੋਂ ਰਤਨਾ ਨਾਂ ਦੀ ਇਕ ਹੋਰ ਕੁੜੀ ਨੇ ਆਪਣੇ ਨਾਲ ਪੜ੍ਹਦੇ ਮੁੰਡੇ ਨਾਲ ਡੇਟਿੰਗ ਕਰਨੀ ਸ਼ੁਰੂ ਕੀਤੀ ਜੋ ਬਾਈਬਲ ਸਟੱਡੀ ਕਰਦਾ ਸੀ। ਪਰ ਉਸ ਮੁੰਡੇ ਨੇ ਸਿਰਫ਼ ਇਸ ਲਈ ਬਾਈਬਲ ਸਟੱਡੀ ਕੀਤੀ ਤਾਂਕਿ ਉਹ ਉਸ ਨਾਲ ਡੇਟਿੰਗ ਕਰ ਸਕੇ। ਅਖ਼ੀਰ ਉਸ ਕੁੜੀ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਤੇ ਉਸ ਨਾਲ ਵਿਆਹ ਕਰਾਉਣ ਲਈ ਹੋਰ ਧਰਮ ਅਪਣਾ ਲਿਆ।
ਕੈਮਰੂਨ ਤੋਂ ਨਡੈਂਕੇ ਨਾਂ ਦੀ ਭੈਣ ਨੇ 19 ਸਾਲਾਂ ਦੀ ਉਮਰ ਵਿਚ ਉਸ ਆਦਮੀ ਨਾਲ ਵਿਆਹ ਕਰਾਇਆ ਜੋ ਯਹੋਵਾਹ ਦੀ ਸੇਵਾ ਨਹੀਂ ਕਰਦਾ ਸੀ। ਵਿਆਹ ਤੋਂ ਪਹਿਲਾਂ ਉਸ ਆਦਮੀ ਨੇ ਵਾਅਦਾ ਕੀਤਾ ਸੀ ਕਿ ਉਹ ਯਹੋਵਾਹ ਦੀ ਸੇਵਾ ਕਰਦੀ ਰਹਿ ਸਕਦੀ ਸੀ। ਪਰ ਵਿਆਹ ਤੋਂ ਦੋ ਹਫ਼ਤੇ ਬਾਅਦ ਉਸ ਦੇ ਪਤੀ ਨੇ ਉਸ ਨੂੰ ਮੀਟਿੰਗਾਂ ʼਤੇ ਜਾਣ ਤੋਂ ਰੋਕ ਦਿੱਤਾ। ਉਹ ਕਹਿੰਦੀ ਹੈ: “ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ ਤੇ ਰੋਂਦੀ ਰਹਿੰਦੀ ਸੀ। ਮੇਰੀ ਜ਼ਿੰਦਗੀ ʼਤੇ ਮੇਰਾ ਵੱਸ ਨਹੀਂ ਰਿਹਾ। ਮੈਂ ਬਹੁਤ ਪਛਤਾਉਂਦੀ ਹੁੰਦੀ ਸੀ।”
ਇਹ ਗੱਲ ਸੱਚ ਹੈ ਕਿ ਕੁਝ ਮਸੀਹੀਆਂ ਨੇ ਅਵਿਸ਼ਵਾਸੀਆਂ ਨਾਲ ਵਿਆਹ ਕਰਾਇਆ ਹੈ ਤੇ ਉਨ੍ਹਾਂ ਦੇ ਜੀਵਨ ਸਾਥੀ ਚੰਗੇ ਹਨ। ਭਾਵੇਂ ਕਿ ਤੁਹਾਡਾ ਅਵਿਸ਼ਵਾਸੀ ਸਾਥੀ ਚੰਗਾ ਹੈ, ਪਰ ਯਹੋਵਾਹ ਨਾਲ ਤੁਹਾਡੇ ਰਿਸ਼ਤੇ ʼਤੇ ਕੀ ਅਸਰ ਪਿਆ ਹੈ? ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਤੁਸੀਂ ਜਾਣ-ਬੁੱਝ ਕੇ ਉਹ ਸਲਾਹ ਨਹੀਂ ਸੁਣੀ ਜੋ ਯਹੋਵਾਹ ਨੇ ਤੁਹਾਡੇ ਫ਼ਾਇਦੇ ਲਈ ਦਿੱਤੀ ਸੀ? ਨਾਲੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਜੋ ਕੀਤਾ, ਉਹ ਯਹੋਵਾਹ ਨੂੰ ਕਿੱਦਾਂ ਲੱਗਾ ਹੋਣਾ?—ਕਹਾ. 1:33.
ਦੁਨੀਆਂ ਭਰ ਵਿਚ ਜਿਹੜੇ ਭੈਣਾਂ-ਭਰਾਵਾਂ ਨੇ ਯਹੋਵਾਹ ਦੀ ਸਲਾਹ ਮੰਨਦੇ ਹੋਏ “ਪ੍ਰਭੂ ਦੇ ਕਿਸੇ ਚੇਲੇ” ਨਾਲ ਵਿਆਹ ਕਰਾਇਆ ਹੈ, ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਇਹ ਫ਼ੈਸਲਾ ਵਧੀਆ ਸੀ। ਕੁਆਰੇ ਭੈਣਾਂ-ਭਰਾਵਾਂ ਨੇ ਸਿਰਫ਼ ਕਿਸੇ ਮਸੀਹੀ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਕੇ ਯਹੋਵਾਹ ਨੂੰ ਖ਼ੁਸ਼ ਕਰਨ ਦਾ ਪੱਕਾ ਇਰਾਦਾ ਕੀਤਾ ਹੈ। ਜਪਾਨ ਤੋਂ ਮੀਚੀਕੋ ਨਾਂ ਦੀ ਭੈਣ ਨੇ ਪਰਮੇਸ਼ੁਰ ਦਾ ਕਹਿਣਾ ਮੰਨਣ ਦਾ ਪੱਕਾ ਇਰਾਦਾ ਕੀਤਾ ਸੀ ਭਾਵੇਂ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ʼਤੇ ਅਵਿਸ਼ਵਾਸੀ ਨਾਲ ਵਿਆਹ ਕਰਨ ਦਾ ਦਬਾਅ ਪਾਇਆ। ਉਸ ਨੂੰ ਇਹ ਦੇਖ ਕੇ ਦੁੱਖ ਲੱਗਦਾ ਸੀ ਕਿ ਉਸ ਦੇ ਦੋਸਤਾਂ ਦਾ ਵਿਆਹ ਮਸੀਹੀਆਂ ਨਾਲ ਹੋ ਰਿਹਾ ਸੀ, ਪਰ ਉਹ ਅਜੇ ਵੀ ਕੁਆਰੀ ਸੀ। ਉਹ ਦੱਸਦੀ ਹੈ: “ਮੈਂ ਆਪਣੇ ਆਪ ਨੂੰ ਯਾਦ ਕਰਾਉਂਦੀ ਸੀ ਕਿ ਯਹੋਵਾਹ ‘ਖ਼ੁਸ਼ਦਿਲ ਪਰਮੇਸ਼ੁਰ’ ਹੈ ਤੇ ਅਸੀਂ ਵੀ ਖ਼ੁਸ਼ ਰਹਿ ਸਕਦੇ ਹਾਂ, ਭਾਵੇਂ ਸਾਡਾ ਵਿਆਹ ਹੋਇਆ ਹੈ ਜਾਂ ਨਹੀਂ। ਮੈਂ ਇਹ ਵੀ ਮੰਨਦੀ ਹਾਂ ਕਿ ਉਹ ਸਾਡੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਸੋ ਜੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ, ਪਰ ਸਾਨੂੰ ਜੀਵਨ ਸਾਥੀ ਨਹੀਂ ਮਿਲ ਰਿਹਾ, ਤਾਂ ਸਹੀ ਜੀਵਨ ਸਾਥੀ ਦੇ ਮਿਲਣ ਤਕ ਕੁਆਰੇ ਰਹਿਣ ਵਿਚ ਕੋਈ ਖ਼ਰਾਬੀ ਨਹੀਂ ਹੈ।” (1 ਤਿਮੋ. 1:11) ਬਾਅਦ ਵਿਚ ਮੀਚੀਕੋ ਦਾ ਵਿਆਹ ਇਕ ਚੰਗੇ ਭਰਾ ਨਾਲ ਹੋਇਆ ਤੇ ਉਹ ਖ਼ੁਸ਼ ਹੈ ਕਿ ਉਸ ਨੇ ਯਹੋਵਾਹ ਦੀ ਸਲਾਹ ਮੰਨੀ।
ਕੁਝ ਭਰਾ ਵੀ ਹਨ ਜਿਨ੍ਹਾਂ ਨੇ ਚੰਗੇ ਜੀਵਨ ਸਾਥੀ ਦਾ ਇੰਤਜ਼ਾਰ ਕੀਤਾ ਹੈ। ਮਿਸਾਲ ਲਈ, ਆਸਟ੍ਰੇਲੀਆ ਤੋਂ ਬਿਲ ਨਾਂ ਦਾ ਭਰਾ ਮੰਨਦਾ ਹੈ ਕਿ ਉਹ ਕਿਸੇ ਸਮੇਂ ਉਨ੍ਹਾਂ ਔਰਤਾਂ ਨੂੰ ਪਸੰਦ ਕਰਦਾ ਸੀ ਜੋ ਗਵਾਹ ਨਹੀਂ ਸਨ। ਪਰ ਉਸ ਨੇ ਉਨ੍ਹਾਂ ਨਾਲ ਜ਼ਿਆਦਾ ਦੋਸਤੀ ਨਹੀਂ ਵਧਾਈ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਇਹ ਦੋਸਤੀ ਕਿਸੇ ਹੋਰ ਰਿਸ਼ਤੇ ਵਿਚ ਬਦਲ ਜਾਵੇ ਜਿਸ ਕਰਕੇ ਉਹ “ਅਵਿਸ਼ਵਾਸੀਆਂ ਨਾਲ ਮੇਲ-ਜੋਲ” ਰੱਖਣ ਵਾਲਾ ਬਣ ਜਾਵੇ। ਕਈ ਸਾਲਾਂ ਤਕ ਉਹ ਕੁਝ ਭੈਣਾਂ ਨੂੰ ਵੀ ਪਸੰਦ ਕਰਦਾ ਸੀ, ਪਰ ਭੈਣਾਂ ਦੇ ਦਿਲ ਵਿਚ ਉਸ ਲਈ ਅਜਿਹੀਆਂ ਕੋਈ ਭਾਵਨਾਵਾਂ ਨਹੀਂ ਸਨ। 30 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਸ ਦਾ ਵਿਆਹ ਉਸ ਮਸੀਹੀ ਭੈਣ ਨਾਲ ਹੋਇਆ ਜਿਸ ਦੇ ਟੀਚੇ ਉਸ ਵਰਗੇ ਸਨ। ਉਹ ਕਹਿੰਦਾ ਹੈ: “ਮੈਨੂੰ ਕੋਈ ਪਛਤਾਵਾ ਨਹੀਂ। ਮੇਰੇ ਲਈ ਇਹ ਬਰਕਤ ਹੈ ਕਿ ਅਸੀਂ ਇਕੱਠੇ ਪ੍ਰਚਾਰ ʼਤੇ ਜਾਂਦੇ ਹਾਂ, ਇਕੱਠੇ ਸਟੱਡੀ ਕਰਦੇ ਤੇ ਇਕੱਠੇ ਭਗਤੀ ਕਰਦੇ ਹਾਂ। ਮੈਨੂੰ ਆਪਣੀ ਪਤਨੀ ਦੇ ਦੋਸਤਾਂ ਨਾਲ ਮਿਲ ਕੇ ਖ਼ੁਸ਼ੀ ਹੁੰਦੀ ਹੈ ਕਿਉਂਕਿ ਉਹ ਵੀ ਯਹੋਵਾਹ ਦੀ ਭਗਤੀ ਕਰਦੇ ਹਨ। ਅਸੀਂ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਮੁਸ਼ਕਲਾਂ ਸੁਲਝਾਉਂਦੇ ਹਾਂ।”
ਇੰਤਜ਼ਾਰ ਕਰਦਿਆਂ ਯਹੋਵਾਹ ਦੀ ਸੇਵਾ ਕਰਦੇ ਰਹੋ
ਯਹੋਵਾਹ ਦੀ ਸਲਾਹ ਮੰਨਦਿਆਂ ਤੇ ਸਹੀ ਜੀਵਨ ਸਾਥੀ ਦਾ ਇੰਤਜ਼ਾਰ ਕਰਦਿਆਂ ਤੁਸੀਂ ਕੀ ਕਰ ਸਕਦੇ ਹੋ? ਸੋਚੋ ਕਿ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜੇ ਤਕ ਇਸ ਲਈ ਵਿਆਹ ਨਹੀਂ ਕਰਾਇਆ ਕਿਉਂਕਿ ਤੁਸੀਂ ਯਹੋਵਾਹ ਦੀ ਸਲਾਹ ਮੰਨਣੀ ਚਾਹੁੰਦੇ ਹੋ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ। (1 ਸਮੂ. 15:22; ਕਹਾ. 27:11) ਨਾਲੇ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ ਅਤੇ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੋ। (ਜ਼ਬੂ. 62:8) ਜਿਉਂ-ਜਿਉਂ ਤੁਸੀਂ ਪੂਰੀ ਵਾਹ ਲਾ ਕੇ ਦਬਾਵਾਂ ਤੇ ਆਪਣੀਆਂ ਗ਼ਲਤ ਇੱਛਾਵਾਂ ਦਾ ਸਾਮ੍ਹਣਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਿਉਂ-ਤਿਉਂ ਤੁਹਾਡਾ ਯਹੋਵਾਹ ਨਾਲ ਰਿਸ਼ਤਾ ਵੀ ਮਜ਼ਬੂਤ ਹੁੰਦਾ ਜਾਵੇਗਾ। ਤੁਸੀਂ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਉਸ ਨੂੰ ਤੁਹਾਡੀਆਂ ਇੱਛਾਵਾਂ ਤੇ ਜ਼ਰੂਰਤਾਂ ਦੀ ਪਰਵਾਹ ਹੈ ਕਿਉਂਕਿ ਤੁਸੀਂ ਉਸ ਲਈ ਅਨਮੋਲ ਹੋ। ਉਹ ਕਿਸੇ ਦਾ ਵੀ ਵਿਆਹ ਕਰਾਉਣ ਦਾ ਵਾਅਦਾ ਨਹੀਂ ਕਰਦਾ। ਪਰ ਜੇ ਵਿਆਹ ਕਰਾਉਣਾ ਤੁਹਾਡੀ ਜ਼ਰੂਰਤ ਹੈ, ਤਾਂ ਯਹੋਵਾਹ ਜਾਣਦਾ ਹੈ ਕਿ ਉਹ ਤੁਹਾਡੀ ਜ਼ਰੂਰਤ ਕਿੱਦਾਂ ਪੂਰੀ ਕਰ ਸਕਦਾ ਹੈ।—ਜ਼ਬੂ. 145:16; ਮੱਤੀ 6:32.
ਕਈ ਵਾਰ ਤੁਸੀਂ ਸ਼ਾਇਦ ਦਾਊਦ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਹੇ ਯਹੋਵਾਹ, ਮੈਨੂੰ ਉੱਤਰ ਦੇਹ, ਮੇਰਾ ਆਤਮਾ [“ਬਲ,” NW] ਬੱਸ ਹੋ ਚੱਲਿਆ, ਆਪਣਾ ਮੂੰਹ ਮੈਥੋਂ ਨਾ ਲੁਕਾ।” (ਜ਼ਬੂ. 143:5-7, 10) ਹਾਰ ਨਾ ਮੰਨੋ। ਯਹੋਵਾਹ ਨੂੰ ਇਹ ਦਿਖਾਉਣ ਦਾ ਸਮਾਂ ਦਿਓ ਕਿ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ। ਰੋਜ਼ਾਨਾ ਬਾਈਬਲ ਪੜ੍ਹ ਕੇ ਅਤੇ ਪੜ੍ਹੀਆਂ ਗੱਲਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਯਹੋਵਾਹ ਦੀ ਗੱਲ ਸੁਣੋ। ਇਸ ਤਰ੍ਹਾਂ ਕਰ ਕੇ ਤੁਹਾਡੀ ਇਹ ਜਾਣਨ ਵਿਚ ਮਦਦ ਹੋਵੇਗੀ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ ਤੇ ਪੁਰਾਣੇ ਸਮੇਂ ਵਿਚ ਉਸ ਨੇ ਆਪਣੇ ਸੇਵਕਾਂ ਦੀ ਮਦਦ ਕਿਵੇਂ ਕੀਤੀ ਸੀ। ਜਦੋਂ ਤੁਸੀਂ ਯਹੋਵਾਹ ਦੀ ਗੱਲ ਸੁਣਨ ਦੇ ਫ਼ਾਇਦੇ ਦੇਖੋਗੇ, ਤਾਂ ਤੁਹਾਡੇ ਵਿਚ ਉਸ ਦਾ ਕਹਿਣਾ ਮੰਨਦੇ ਰਹਿਣ ਦਾ ਭਰੋਸਾ ਵਧੇਗਾ।
ਕੁਆਰੇ ਹੁੰਦੇ ਹੋਏ ਤੁਸੀਂ ਖ਼ੁਸ਼ ਤੇ ਬਿਜ਼ੀ ਰਹਿਣ ਲਈ ਹੋਰ ਕੀ ਕਰ ਸਕਦੇ ਹੋ? ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਤੇ ਨੇਕਨਾਮੀ ਬਣਾਉਣ ਲਈ ਤੁਸੀਂ ਮਿਹਨਤ ਕਰਦੇ ਰਹਿ ਸਕਦੇ ਹੋ। ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਸਿੱਖ ਸਕਦੇ ਹੋ ਤੇ ਆਪਣੇ ਵਿਚ ਚੰਗੇ ਗੁਣ ਪੈਦਾ ਕਰ ਸਕਦੇ ਹੋ ਜਿਵੇਂ ਖੁੱਲ੍ਹ-ਦਿਲੇ ਬਣਨਾ, ਮਿਹਨਤੀ ਬਣਨਾ, ਸਾਰਿਆਂ ਨਾਲ ਬਣਾ ਕੇ ਰੱਖਣੀ। ਇਹ ਗੁਣ ਖ਼ੁਸ਼ੀਆਂ ਭਰੇ ਵਿਆਹੁਤਾ ਜੀਵਨ ਲਈ ਜ਼ਰੂਰੀ ਹਨ। (ਉਤ. 24:16-21; ਰੂਥ 1:16, 17; 2:6, 7, 11; ਕਹਾ. 31:10-27) ਪ੍ਰਚਾਰ ਤੇ ਮੰਡਲੀ ਦੇ ਕੰਮਾਂ ਵਿਚ ਬਿਜ਼ੀ ਰਹਿ ਕੇ ਰਾਜ ਦੇ ਕੰਮਾਂ ਨੂੰ ਪਹਿਲ ਦਿਓ। ਇਨ੍ਹਾਂ ਕੰਮਾਂ ਕਰਕੇ ਤੁਸੀਂ ਬੇਵਕੂਫ਼ੀ ਵਾਲੇ ਫ਼ੈਸਲੇ ਲੈਣ ਤੋਂ ਬਚ ਸਕਦੇ ਹੋ। ਵਿਆਹ ਤੋਂ ਪਹਿਲਾਂ ਦੇ ਸਾਲਾਂ ਬਾਰੇ ਬਿਲ ਦੱਸਦਾ ਹੈ: “ਇਹ ਸਾਲ ਖੰਭ ਲਾ ਕੇ ਉੱਡ ਗਏ। ਮੈਂ ਪਾਇਨੀਅਰਿੰਗ ਕਰ ਕੇ ਯਹੋਵਾਹ ਦੀ ਸੇਵਾ ਕਰਦਾ ਰਿਹਾ।”
“ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਨ ਦੀ ਸਲਾਹ ਪੁਰਾਣੀ ਨਹੀਂ ਹੋਈ ਹੈ। ਸੱਚੇ ਮਸੀਹੀ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਕੇ ਅਸੀਂ ਯਹੋਵਾਹ ਨੂੰ ਮਾਣ ਦੇਣ ਦੇ ਨਾਲ-ਨਾਲ ਆਪ ਵੀ ਖ਼ੁਸ਼ੀ ਪਾਵਾਂਗੇ। ਬਾਈਬਲ ਦੱਸਦੀ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ। ਧਨ ਦੌਲਤ ਉਹ ਦੇ ਘਰ ਵਿੱਚ ਹੈ ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ।” (ਜ਼ਬੂ. 112:1, 3) ਇਸ ਲਈ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਨ ਦਾ ਪੱਕਾ ਇਰਾਦਾ ਕਰੋ।
a ਭਾਵੇਂ ਇਹ ਲੇਖ ਭੈਣਾਂ ਦੇ ਨਜ਼ਰੀਏ ਤੋਂ ਲਿਖਿਆ ਗਿਆ ਹੈ, ਪਰ ਇਹ ਸਲਾਹ ਭਰਾਵਾਂ ʼਤੇ ਵੀ ਲਾਗੂ ਹੁੰਦੀ ਹੈ।
b ਕੁਝ ਨਾਂ ਬਦਲੇ ਗਏ ਹਨ।