ਕੁਰਿੰਥੀਆਂ ਨੂੰ ਦੂਜੀ ਚਿੱਠੀ
6 ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ,+ ਇਸ ਲਈ ਅਸੀਂ ਤੁਹਾਨੂੰ ਤਾਕੀਦ ਵੀ ਕਰਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਪ੍ਰਾਪਤ ਕਰ ਕੇ ਇਸ ਦਾ ਮਕਸਦ ਨਾ ਭੁੱਲੋ।+ 2 ਪਰਮੇਸ਼ੁਰ ਕਹਿੰਦਾ ਹੈ: “ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ।”+ ਦੇਖੋ! ਖ਼ਾਸ ਤੌਰ ਤੇ ਹੁਣ ਮਿਹਰ ਪਾਉਣ ਦਾ ਸਮਾਂ ਹੈ। ਦੇਖੋ! ਮੁਕਤੀ ਦਾ ਦਿਨ ਹੁਣ ਹੈ।
3 ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੇਵਕਾਈ ਵਿਚ ਕੋਈ ਨੁਕਸ ਕੱਢੇ, ਇਸ ਲਈ ਅਸੀਂ ਦੂਸਰਿਆਂ ਲਈ ਠੋਕਰ ਦਾ ਕਾਰਨ ਨਹੀਂ ਬਣਦੇ,+ 4 ਸਗੋਂ ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ,+ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ,+ 5 ਕੁੱਟ ਖਾ ਕੇ, ਜੇਲ੍ਹ ਜਾ ਕੇ,+ ਫ਼ਸਾਦੀ ਲੋਕਾਂ ਦਾ ਸਾਮ੍ਹਣਾ ਕਰ ਕੇ, ਸਖ਼ਤ ਮਿਹਨਤ ਕਰ ਕੇ, ਰਾਤਾਂ ਨੂੰ ਉਣੀਂਦੇ ਰਹਿ ਕੇ, ਕਈ ਵਾਰ ਭੁੱਖੇ ਰਹਿ ਕੇ,+ 6 ਸਾਫ਼-ਸੁਥਰੀ ਜ਼ਿੰਦਗੀ ਜੀ ਕੇ, ਗਿਆਨ ਅਨੁਸਾਰ ਚੱਲ ਕੇ, ਧੀਰਜ ਨਾਲ ਮੁਸ਼ਕਲਾਂ ਸਹਿ ਕੇ,+ ਦਇਆ ਕਰ ਕੇ,+ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ, ਸੱਚਾ* ਪਿਆਰ ਕਰ ਕੇ,+ 7 ਸੱਚ ਬੋਲ ਕੇ ਅਤੇ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ;+ ਸੱਜੇ* ਅਤੇ ਖੱਬੇ ਹੱਥ ਵਿਚ* ਧਾਰਮਿਕਤਾ ਦੇ ਹਥਿਆਰ+ ਫੜ ਕੇ, 8 ਵਡਿਆਏ ਜਾਣ ਦੇ ਸਮੇਂ ਅਤੇ ਬੇਇੱਜ਼ਤ ਕੀਤੇ ਜਾਣ ਦੇ ਸਮੇਂ, ਬਦਨਾਮ ਕੀਤੇ ਜਾਣ ਵੇਲੇ ਅਤੇ ਸ਼ੋਭਾ ਕੀਤੇ ਜਾਣ ਵੇਲੇ। ਹਾਲਾਂਕਿ ਸਾਨੂੰ ਧੋਖੇਬਾਜ਼ ਸਮਝਿਆ ਜਾਂਦਾ ਹੈ, ਪਰ ਅਸੀਂ ਸੱਚ ਬੋਲਦੇ ਹਾਂ, 9 ਸਾਨੂੰ ਅਜਨਬੀ ਸਮਝਿਆ ਜਾਂਦਾ ਹੈ, ਪਰ ਫਿਰ ਵੀ ਪਛਾਣਿਆ ਜਾਂਦਾ ਹੈ, ਲੱਗਦਾ ਹੈ ਕਿ ਅਸੀਂ ਮਰਨ ਕਿਨਾਰੇ ਹਾਂ,* ਪਰ ਦੇਖੋ! ਅਸੀਂ ਜੀਉਂਦੇ ਹਾਂ,+ ਸਾਨੂੰ ਸਜ਼ਾ* ਦਿੱਤੀ ਜਾਂਦੀ ਹੈ, ਪਰ ਮੌਤ ਦੇ ਹਵਾਲੇ ਨਹੀਂ ਕੀਤਾ ਜਾਂਦਾ,+ 10 ਲੋਕਾਂ ਨੂੰ ਲੱਗਦਾ ਕਿ ਅਸੀਂ ਬਹੁਤ ਦੁਖੀ ਹਾਂ, ਪਰ ਅਸੀਂ ਹਮੇਸ਼ਾ ਖ਼ੁਸ਼ ਰਹਿੰਦੇ ਹਾਂ, ਸਾਨੂੰ ਗ਼ਰੀਬ ਸਮਝਿਆ ਜਾਂਦਾ ਹੈ, ਪਰ ਅਸੀਂ ਬਹੁਤਿਆਂ ਨੂੰ ਅਮੀਰ ਬਣਾਉਂਦੇ ਹਾਂ, ਦੂਜਿਆਂ ਨੂੰ ਲੱਗਦਾ ਕਿ ਸਾਡੇ ਪੱਲੇ ਕੁਝ ਵੀ ਨਹੀਂ, ਪਰ ਸਾਡੇ ਕੋਲ ਸਭ ਕੁਝ ਹੈ।+
11 ਕੁਰਿੰਥੀ ਭਰਾਵੋ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦੇ ਹਾਂ ਅਤੇ ਅਸੀਂ ਆਪਣੇ ਦਿਲਾਂ ਦੇ ਦਰਵਾਜ਼ੇ ਤੁਹਾਡੇ ਲਈ ਖੋਲ੍ਹੇ ਹਨ। 12 ਸਾਡੇ ਪਿਆਰ ਵਿਚ ਕਮੀ ਨਹੀਂ, ਸਗੋਂ ਤੁਹਾਡੇ ਪਿਆਰ ਵਿਚ ਕਮੀ ਹੈ।+ 13 ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਕਹਿ ਰਿਹਾ ਹਾਂ ਕਿ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਪੇਸ਼ ਆਓ। ਹਾਂ, ਤੁਸੀਂ ਵੀ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।+
14 ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ।*+ ਧਾਰਮਿਕਤਾ ਦਾ ਦੁਸ਼ਟਤਾ ਨਾਲ ਕੀ ਸੰਬੰਧ?+ ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ?+ 15 ਨਾਲੇ ਮਸੀਹ ਅਤੇ ਸ਼ੈਤਾਨ* ਦੀ ਆਪਸ ਵਿਚ ਕੀ ਸਾਂਝ?+ ਜਾਂ ਨਿਹਚਾਵਾਨ* ਇਨਸਾਨ ਦਾ ਅਵਿਸ਼ਵਾਸੀ ਇਨਸਾਨ ਨਾਲ ਕੀ ਰਿਸ਼ਤਾ?*+ 16 ਪਰਮੇਸ਼ੁਰ ਦੇ ਮੰਦਰ ਵਿਚ ਮੂਰਤੀਆਂ ਦਾ ਕੀ ਕੰਮ?+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ਦਾ ਮੰਦਰ ਹਾਂ,+ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ: “ਮੈਂ ਉਨ੍ਹਾਂ ਵਿਚ ਵੱਸਾਂਗਾ+ ਅਤੇ ਉਨ੍ਹਾਂ ਵਿਚ ਤੁਰਾਂ-ਫਿਰਾਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+ 17 “‘ਇਸ ਲਈ ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ* ਕਹਿੰਦਾ ਹੈ, ‘ਅਸ਼ੁੱਧ ਚੀਜ਼ ਨੂੰ ਹੱਥ ਲਾਉਣਾ ਬੰਦ ਕਰੋ’”;+ “‘ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ।’”+ 18 “‘ਅਤੇ ਮੈਂ ਤੁਹਾਡਾ ਪਿਤਾ ਬਣਾਂਗਾ+ ਅਤੇ ਤੁਸੀਂ ਮੇਰੇ ਧੀਆਂ-ਪੁੱਤਰ ਬਣੋਗੇ,’+ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ* ਕਹਿੰਦਾ ਹੈ।”