ਪੁਰਾਣੇ ਜ਼ਮਾਨਿਆਂ ਵਿਚ ਖੇਡਾਂ ਤੇ ਮਨੋਰੰਜਨ
ਮਨ-ਪਰਚਾਵਿਆਂ ਤੇ ਖੇਡਾਂ ਵਿਚ ਇਨਸਾਨਾਂ ਦੀ ਰੁਚੀ ਲਗਭਗ ਮਨੁੱਖੀ ਇਤਿਹਾਸ ਜਿੰਨੀ ਪੁਰਾਣੀ ਹੈ। ਪਹਿਲੇ ਮਨੁੱਖ ਆਦਮ ਦੀ ਸੱਤਵੀਂ ਪੀੜ੍ਹੀ ਵਿਚ ਪੈਦਾ ਹੋਏ ਪੁਰਸ਼ ਜੂਬਲ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਨ੍ਹਾਂ “ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਰ ਬੀਨ ਬਜਾਉਂਦੇ ਸਨ।” (ਉਤਪਤ 4:21) ਇਸ ਤੋਂ ਇਲਾਵਾ, ਨੂਹ ਤੋਂ ਬਾਅਦ ਦੇ ਜ਼ਮਾਨੇ ਵਿਚ ਲੋਕਾਂ ਨੇ ਖੇਡਾਂ ਵਿਚ ਵੀ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਸੀ।
ਮਿਸਰ, ਫਲਸਤੀਨ ਅਤੇ ਮੇਸੋਪੋਟੇਮੀਆ ਦੇਸ਼ਾਂ ਵਿਚ ਵੱਖ-ਵੱਖ ਥਾਵਾਂ ਤੇ ਖੰਡਰਾਤਾਂ ਦੀ ਖੋਜ ਕਰਨ ਵਾਲਿਆਂ ਨੂੰ ਬੋਰਡ ਗੇਮਜ਼, ਸ਼ਤਰੰਜ ਦੇ ਮੁਹਰੇ, ਚੌਸਰ ਤੇ ਹੋਰ ਖੇਡਾਂ ਦਾ ਸਾਮਾਨ ਮਿਲਿਆ ਹੈ। ਇਨ੍ਹਾਂ ਵਿੱਚੋਂ ਕਈ ਚੀਜ਼ਾਂ ਅਬਰਾਹਾਮ ਦੇ ਜ਼ਮਾਨੇ ਤੋਂ ਵੀ ਪੁਰਾਣੀਆਂ ਹਨ। ਇਕ ਪ੍ਰਾਚੀਨ ਮਿਸਰੀ ਮੰਦਰ ਦੇ ਦਰਵਾਜ਼ੇ ਉੱਤੇ ਉੱਕਰੀ ਤਸਵੀਰ ਵਿਚ ਰਾਜਾ ਰੈਮਸਿਸ ਤੀਜੇ ਨੂੰ ਆਪਣੀ ਰਖੈਲ ਨਾਲ ਸ਼ਤਰੰਜ ਵਰਗੀ ਇਕ ਖੇਡ ਖੇਡਦੇ ਦਿਖਾਇਆ ਗਿਆ ਹੈ। ਜ਼ਿਆਦਾਤਰ ਖੇਡਾਂ ਵਿਚ ਚੌਸਰ ਜਾਂ ਤੀਲੇ ਵਰਤੇ ਜਾਂਦੇ ਸਨ।
ਮਿਸਰੀ ਚਿੱਤਰਾਂ ਵਿਚ ਸਾਜ਼-ਸੰਗੀਤ ਤੇ ਨਾਚ-ਗਾਣਿਆਂ ਤੋਂ ਇਲਾਵਾ ਮਿਸਰੀ ਕੁੜੀਆਂ ਨੂੰ ਗੇਂਦ ਨਾਲ ਖੇਡਦੀਆਂ ਵੀ ਦਿਖਾਇਆ ਗਿਆ ਹੈ। ਕੁਝ ਚਿੱਤਰਾਂ ਵਿਚ ਕੁੜੀਆਂ ਦੋਨਾਂ ਹੱਥਾਂ ਨਾਲ ਦੋ-ਤਿੰਨ ਗੇਂਦਾਂ ਉਛਾਲ ਰਹੀਆਂ ਹਨ। ਬੱਚੇ ਦੂਸਰਿਆਂ ਨਾਲ ਮਿਲ ਕੇ ਵੀ ਖੇਡਾਂ ਖੇਡਦੇ ਸਨ ਜਿਵੇਂ ਕਿ ਰੱਸਾਕਸ਼ੀ। ਉਨ੍ਹੀਂ ਦਿਨੀਂ ਬੱਚਿਆਂ ਵਿਚ ਬੰਟੇ ਖੇਡਣੇ ਵੀ ਪ੍ਰਚਲਿਤ ਸਨ।
ਬਾਈਬਲ ਵਿਚ ਕਿਤੇ ਵੀ ਇਬਰਾਨੀ ਲੋਕਾਂ ਦੀਆਂ ਖੇਡਾਂ ਦਾ ਜ਼ਿਕਰ ਨਹੀਂ ਆਉਂਦਾ। ਪਰ ਕਈ ਸੰਕੇਤ ਮਿਲਦੇ ਹਨ ਕਿ ਉਹ ਗੀਤ-ਸੰਗੀਤ, ਨਾਚ-ਗਾਣਿਆਂ ਤੇ ਦੋਸਤਾਂ-ਮਿੱਤਰਾਂ ਨਾਲ ਗੱਪ-ਸ਼ੱਪ ਮਾਰਨ ਤੋਂ ਇਲਾਵਾ ਹੋਰ ਕਈ ਪ੍ਰਕਾਰ ਦੇ ਮਨ-ਪਰਚਾਵੇ ਵੀ ਕਰਦੇ ਸਨ। ਜ਼ਕਰਯਾਹ 8:5 ਵਿਚ ਮੁੰਡੇ-ਕੁੜੀਆਂ ਨੂੰ ਚੌਂਕਾਂ ਵਿਚ ਖੇਡਦੇ ਦੱਸਿਆ ਗਿਆ ਹੈ ਤੇ ਅੱਯੂਬ 21:11, 12 ਵਿਚ ਮੁੰਡਿਆਂ ਦੇ ਨਾਚ-ਗਾਣਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਤਰ੍ਹਾਂ, ਯਿਸੂ ਦੇ ਦਿਨਾਂ ਵਿਚ ਬੱਚੇ ਖੇਡ-ਖੇਡ ਵਿਚ ਵਿਆਹ-ਸ਼ਾਦੀਆਂ ਜਾਂ ਮਾਤਮ ਕਰਨ ਦਾ ਢੌਂਗ ਕਰਦੇ ਸਨ। (ਮੱਤੀ 11:16, 17) ਫਲਸਤੀਨ ਦੇ ਖੰਡਰਾਤਾਂ ਵਿੱਚੋਂ ਬੱਚਿਆਂ ਦੇ ਕਈ ਖਿਡੌਣੇ ਮਿਲੇ ਹਨ ਜਿਵੇਂ ਕਿ ਛੁਣਛੁਣੇ, ਸੀਟੀਆਂ ਤੇ ਿਨੱਕੇ-ਿਨੱਕੇ ਭਾਂਡੇ ਤੇ ਰੱਥ। ਪਰ ਇੱਦਾਂ ਲੱਗਦਾ ਹੈ ਕਿ ਯਹੂਦੀ ਲੋਕਾਂ ਵਿਚ ਮੁਕਾਬਲੇ ਵਾਲੀਆਂ ਖੇਡਾਂ ਯੂਨਾਨੀ ਸ਼ਾਸਨਕਾਲ ਵਿਚ ਹੀ ਪ੍ਰਚਲਿਤ ਹੋਈਆਂ ਸਨ।
ਫਲਸਤੀਨ ਵਿਚ ਯੂਨਾਨੀ ਖੇਡਾਂ
“ਪਹਿਲਾ ਮੈਕਾਬੀ” ਨਾਮਕ ਕਿਤਾਬ ਦੇ ਪਹਿਲੇ ਅਧਿਆਇ ਵਿਚ ਦੱਸਿਆ ਹੈ ਕਿ ਦੂਸਰੀ ਸਦੀ ਈ. ਪੂ. ਵਿਚ ਐਂਟੀਓਕਸ ਇਪਿਫ਼ੇਨੀਜ਼ ਦੇ ਰਾਜ ਦੌਰਾਨ ਕੁਝ ਯਹੂਦੀਆਂ ਨੇ ਯੂਨਾਨੀ ਸਭਿਆਚਾਰ ਤੇ ਖੇਡ-ਮੁਕਾਬਲਿਆਂ ਨੂੰ ਇਸਰਾਏਲ ਵਿਚ ਲਿਆਂਦਾ ਸੀ। ਉਸ ਸਮੇਂ ਯਰੂਸ਼ਲਮ ਵਿਚ ਇਕ ਜਿਮਨੇਜ਼ੀਅਮ ਵੀ ਬਣਾਇਆ ਗਿਆ। ਦੂਜਾ ਮੈਕਾਬੀ 4:12-15 ਵਿਚ ਲਿਖਿਆ ਹੈ ਕਿ ਜਾਜਕ ਵੀ ਆਪਣਾ ਸਾਰਾ ਕੰਮ-ਕਾਜ ਛੱਡ ਕੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦੇ ਸਨ। ਪਰ ਕਈ ਯਹੂਦੀਆਂ ਨੂੰ ਯੂਨਾਨੀ ਖੇਡਾਂ ਤੋਂ ਸਖ਼ਤ ਨਫ਼ਰਤ ਸੀ।
ਪਹਿਲੀ ਸਦੀ ਈ. ਪੂ. ਵਿਚ ਰਾਜਾ ਹੇਰੋਦੇਸ ਨੇ ਯਰੂਸ਼ਲਮ ਵਿਚ ਇਕ ਰੰਗਸ਼ਾਲਾ ਅਤੇ ਮੈਦਾਨੀ ਇਲਾਕੇ ਵਿਚ ਇਕ ਸਟੇਡੀਅਮ ਬਣਾਇਆ। ਉਸ ਨੇ ਕੈਸਰਿਯਾ ਵਿਚ ਵੀ ਇਕ ਰੰਗਸ਼ਾਲਾ ਤੇ ਸਟੇਡੀਅਮ ਬਣਵਾਇਆ ਸੀ। ਇਸ ਤੋਂ ਇਲਾਵਾ, ਉਸ ਨੇ ਰੋਮੀ ਸ਼ਾਸਕ ਕੈਸਰ ਦੇ ਸਨਮਾਨ ਵਿਚ ਹਰ ਪੰਜਾਂ ਸਾਲਾਂ ਬਾਅਦ ਖੇਡ ਉਤਸਵ ਮਨਾਉਣ ਦੀ ਰੀਤ ਸ਼ੁਰੂ ਕੀਤੀ। ਕੁਸ਼ਤੀਆਂ ਤੇ ਰੱਥ ਮੁਕਾਬਲਿਆਂ ਤੋਂ ਇਲਾਵਾ ਉਸ ਨੇ ਕਈ ਰੋਮੀ ਖੇਡਾਂ ਵੀ ਸ਼ਾਮਲ ਕੀਤੀਆਂ ਜਿਵੇਂ ਜੰਗਲੀ ਜਾਨਵਰਾਂ ਨੂੰ ਆਪਸ ਵਿਚ ਭਿੜਾਉਣਾ ਜਾਂ ਮੌਤ ਦੀ ਸਜ਼ਾ ਪ੍ਰਾਪਤ ਮੁਜਰਮਾਂ ਨੂੰ ਅਖਾੜੇ ਵਿਚ ਖੂੰਖਾਰ ਜਾਨਵਰਾਂ ਨਾਲ ਲੜਾਉਣਾ। ਇਤਿਹਾਸਕਾਰ ਜੋਸੀਫ਼ਸ ਦਾ ਕਹਿਣਾ ਸੀ ਕਿ ਹੇਰੋਦੇਸ ਦੇ ਇਨ੍ਹਾਂ ਕਾਰਨਾਮਿਆਂ ਤੋਂ ਗੁੱਸੇ ਹੋ ਕੇ ਹੀ ਯਹੂਦੀਆਂ ਨੇ ਉਸ ਨੂੰ ਮਾਰ ਮੁਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ।
ਖੇਡਾਂ ਦੀ ਮਿਸਾਲ ਦੇਣੀ
ਪੌਲੁਸ ਤੇ ਪਤਰਸ ਨੇ ਕੁਝ ਗੱਲਾਂ ਸਿਖਾਉਣ ਲਈ ਖੇਡਾਂ ਦੀਆਂ ਮਿਸਾਲਾਂ ਦਿੱਤੀਆਂ। ਉਦਾਹਰਣ ਲਈ, ਯੂਨਾਨੀ ਖੇਡਾਂ ਵਿਚ ਲੋਕ ਪੱਤਿਆਂ ਦੇ ਬਣੇ ਹਾਰ ਨੂੰ ਜਿੱਤਣ ਲਈ ਜੀ-ਤੋੜ ਮਿਹਨਤ ਕਰਦੇ ਸਨ। ਪਰ ਮਸਹ ਕੀਤੇ ਹੋਏ ਮਸੀਹੀਆਂ ਨੇ ਅਮਰ ਜ਼ਿੰਦਗੀ ਦੇ ਇਨਾਮ ਨੂੰ ਪਾਉਣ ਲਈ ਜੱਦੋ-ਜਹਿਦ ਕਰਨੀ ਸੀ। (1 ਪਤਰਸ 1:3, 4; 5:4) ਮਸੀਹੀਆਂ ਨੇ ਇਸ ਜ਼ਿੰਦਗੀ ਦੀ ਦੌੜ ਵਿਚ ਇੰਨੇ ਪੱਕੇ ਇਰਾਦੇ ਨਾਲ ਦੌੜਨਾ ਸੀ ਕਿ ਉਨ੍ਹਾਂ ਨੇ ਇਨਾਮ ਜਿੱਤ ਕੇ ਹੀ ਸਾਹ ਲੈਣਾ ਸੀ। ਉਨ੍ਹਾਂ ਲਈ ਇਨਾਮ ਤੇ ਨਜ਼ਰ ਟਿਕਾਈ ਰੱਖਣੀ ਜ਼ਰੂਰੀ ਸੀ ਤੇ ਭੁੱਲ ਕੇ ਵੀ ਪਿੱਛੇ ਨਹੀਂ ਦੇਖਣਾ ਸੀ। (1 ਕੁਰਿੰਥੀਆਂ 9:24; ਫ਼ਿਲਿੱਪੀਆਂ 3:13, 14) ਉਨ੍ਹਾਂ ਨੂੰ ਨੈਤਿਕ ਜ਼ਿੰਦਗੀ ਦੇ ਕਾਇਦੇ-ਕਾਨੂੰਨਾਂ ਮੁਤਾਬਕ ਦੌੜਨਾ ਪੈਣਾ ਸੀ ਤਾਂਕਿ ਉਹ ਦੌੜ ਵਿੱਚੋਂ ਕੱਢ ਨਾ ਦਿੱਤੇ ਜਾਣ। (2 ਤਿਮੋਥਿਉਸ 2:5) ਸੰਜਮ, ਅਨੁਸ਼ਾਸਨ ਅਤੇ ਅਭਿਆਸ ਕਰਨਾ ਲਾਜ਼ਮੀ ਸੀ। (1 ਕੁਰਿੰਥੀਆਂ 9:25; 1 ਪਤਰਸ 5:10) ਮੁਕਾਬਲਾ ਜਿੱਤਣ ਦੇ ਇਰਾਦੇ ਨਾਲ ਮਸੀਹੀਆਂ ਨੂੰ ਧਿਆਨ ਨਾਲ ਕਦਮ ਚੁੱਕਣਾ ਪੈਣਾ ਸੀ, ਠੀਕ ਜਿਵੇਂ ਤਜਰਬੇਕਾਰ ਮੁੱਕੇਬਾਜ਼ ਐਵੇਂ ਹੀ ਹਵਾ ਵਿਚ ਵਾਰ ਨਹੀਂ ਕਰਦਾ। (1 ਕੁਰਿੰਥੀਆਂ 9:26, 27; 1 ਤਿਮੋਥਿਉਸ 6:12) ਇਸ ਦਾ ਇਹ ਮਤਲਬ ਨਹੀਂ ਸੀ ਕਿ ਮਸੀਹੀਆਂ ਨੇ ਦੂਸਰਿਆਂ ਨਾਲ ਲੜਨਾ ਸੀ, ਸਗੋਂ ਉਹ ਉਨ੍ਹਾਂ ਚੀਜ਼ਾਂ ਤੇ ਵਾਰ ਕਰਦੇ ਸਨ ਜੋ ਉਨ੍ਹਾਂ ਨੂੰ ਮਸੀਹੀ ਰਾਹ ਤੇ ਚੱਲਣ ਤੋਂ ਹਟਾ ਸਕਦੀਆਂ ਸਨ। ਜਿਵੇਂ ਕਿ ਦੌੜ ਵਿਚ ਹਿੱਸਾ ਲੈ ਰਹੇ ਦੌੜਾਕ ਬਹੁਤੇ ਕੱਪੜੇ ਨਹੀਂ ਪਾਉਂਦੇ ਸਨ, ਉਸੇ ਤਰ੍ਹਾਂ ਮਸੀਹੀਆਂ ਨੇ ਵੀ ਬੇਲੋੜੇ ਭਾਰ ਨੂੰ ਲਾਹ ਸੁੱਟਣਾ ਸੀ। ਉਨ੍ਹਾਂ ਨੇ ਹਰ ਕੀਮਤ ਤੇ ਨਿਹਚਾ ਦੀ ਘਾਟ ਦੇ ਪਾਪ ਤੋਂ ਦੂਰ ਰਹਿਣਾ ਸੀ ਜੋ ਉਨ੍ਹਾਂ ਨੂੰ ਸੌਖਿਆਂ ਹੀ ਫਸਾ ਸਕਦਾ ਸੀ। ਮਸੀਹੀਆਂ ਨੇ ਥੋੜ੍ਹੇ ਸਮੇਂ ਲਈ ਨਹੀਂ ਦੌੜਨਾ ਸੀ, ਸਗੋਂ ਉਨ੍ਹਾਂ ਨੇ ਸਬਰ ਨਾਲ ਅੰਤ ਤਕ ਦੌੜਦੇ ਰਹਿਣ ਦਾ ਮਨ ਬਣਾਉਣਾ ਸੀ।—ਇਬਰਾਨੀਆਂ 12:1, 2.
ਧਿਆਨ ਦਿਓ ਕਿ ਇਬਰਾਨੀਆਂ 12:1 ਵਿਚ ਪੌਲੁਸ ਨੇ ਕਿਹਾ ਸੀ ਕਿ “ਗਵਾਹਾਂ [ਯੂਨਾਨੀ ਭਾਸ਼ਾ ਵਿਚ ਮਾਰਟੀਰੋਨ] ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ।” ਪੌਲੁਸ ਇੱਥੇ ਆਮ ਦਰਸ਼ਕਾਂ ਦੀ ਭੀੜ ਦੀ ਗੱਲ ਨਹੀਂ ਕਰ ਰਿਹਾ ਸੀ। ਅਸੀਂ ਇਹ ਕਿੱਦਾਂ ਕਹਿ ਸਕਦੇ ਹਾਂ? ਕਿਉਂਕਿ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਪੌਲੁਸ ਜਦੋਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਸੂਚੀ ਦੇ ਕੇ ਹਟਿਆ ਸੀ, ਤਾਂ ਉਸ ਨੇ ਇਬਰਾਨੀਆਂ 12:1 ਵਿਚ “ਉਪਰੰਤ ਜਦੋਂ . . . ” ਸ਼ਬਦ ਵਰਤੇ। ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਵਫ਼ਾਦਾਰ ਸੇਵਕਾਂ ਦੀ ਹੀ ਗੱਲ ਕਰ ਰਿਹਾ ਸੀ। ਉਹ ਮਸੀਹੀਆਂ ਨੂੰ ਸਬਰ ਨਾਲ ਦੌੜਦੇ ਰਹਿਣ ਦੀ ਪ੍ਰੇਰਣਾ ਦੇਣ ਲਈ ਦਰਸ਼ਕਾਂ ਦੀ ਮਿਸਾਲ ਨਹੀਂ, ਸਗੋਂ ਪ੍ਰਾਚੀਨ ਵਫ਼ਾਦਾਰ ਸੇਵਕਾਂ ਦੀ ਮਿਸਾਲ ਦੇ ਰਿਹਾ ਸੀ ਜਿਹੜੇ ਜ਼ਿੰਦਗੀ ਦੀ ਦੌੜ ਵਿਚ ਜੇਤੂ ਸਾਬਤ ਹੋਏ ਸਨ। ਪਰ ਪੌਲੁਸ ਨੇ ਮਸੀਹੀਆਂ ਨੂੰ ਖ਼ਾਸਕਰ ਯਿਸੂ ਮਸੀਹ ਦੀ ਮਿਸਾਲ ਨੂੰ ਚੇਤੇ ਰੱਖਣ ਲਈ ਕਿਹਾ ਜਿਸ ਨੇ ਅੰਤ ਤਕ ਦੌੜ ਕੇ ਅਮਰ ਜ਼ਿੰਦਗੀ ਦਾ ਇਨਾਮ ਜਿੱਤਿਆ ਤੇ ਜੋ ਹੁਣ ਨਿਆਂਕਾਰ ਦੇ ਤੌਰ ਤੇ ਉਨ੍ਹਾਂ ਨੂੰ ਜੇਤੂ ਕਰਾਰ ਦੇਣ ਲਈ ਤਿਆਰ ਬੈਠਾ ਸੀ।