ਮਾਪਿਓ—ਆਪਣੇ ਬੱਚਿਆਂ ਨੂੰ ਪਿਆਰ ਨਾਲ ਸਿਖਾਓ
“ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।”—1 ਕੁਰਿੰਥੀਆਂ 16:14.
1. ਬੱਚੇ ਦੇ ਜਨਮ ਵੇਲੇ ਮਾਤਾ-ਪਿਤਾ ਦੇ ਮਨਾਂ ਵਿਚ ਕਿਹੋ ਜਿਹੇ ਖ਼ਿਆਲ ਆਉਂਦੇ ਹਨ?
ਜ਼ਿਆਦਾਤਰ ਮਾਤਾ-ਪਿਤਾ ਮੰਨਣਗੇ ਕਿ ਬੱਚੇ ਦੇ ਜਨਮ ਨਾਲੋਂ ਵੱਧ ਖ਼ੁਸ਼ੀ-ਭਰਿਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ। ਆਲੀਆ ਨਾਂ ਦੀ ਇਕ ਮਾਂ ਨੇ ਕਿਹਾ: “ਜਦੋਂ ਮੈਂ ਆਪਣੀ ਧੀ ਨੂੰ ਪਹਿਲੀ ਵਾਰ ਦੇਖਿਆ, ਤਾਂ ਮੇਰਾ ਰੋਮ-ਰੋਮ ਮਮਤਾ ਨਾਲ ਭਰ ਗਿਆ। ਮੇਰੀ ਨਿੱਕੀ ਜਿਹੀ ਧੀ ਚੰਨ ਤੋਂ ਵੀ ਸੋਹਣੀ ਸੀ।” ਅਜਿਹੇ ਮੌਕੇ ਤੇ ਮਾਪੇ ਖ਼ੁਸ਼ ਹੋਣ ਦੇ ਨਾਲ-ਨਾਲ ਫ਼ਿਕਰ ਵੀ ਕਰਦੇ ਹਨ। ਆਲੀਆ ਦਾ ਪਤੀ ਦੱਸਦਾ ਹੈ: “ਮੇਰੀ ਚਿੰਤਾ ਸੀ ਕਿ ਮੈਂ ਆਪਣੀ ਧੀ ਨੂੰ ਚੰਗੇ ਸੰਸਕਾਰ ਸਿਖਾ ਪਾਵਾਂਗਾ ਜਾਂ ਨਹੀਂ, ਤਾਂਕਿ ਉਹ ਜ਼ਿੰਦਗੀ ਵਿਚ ਆਉਣ ਵਾਲੀ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕੇ।” ਇੱਦਾਂ ਦੇ ਖ਼ਿਆਲ ਕਈ ਮਾਪਿਆਂ ਦੇ ਮਨਾਂ ਵਿਚ ਆਉਂਦੇ ਹਨ। ਉਹ ਜਾਣਦੇ ਹਨ ਕਿ ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਲਈ ਉਨ੍ਹਾਂ ਨੂੰ ਪਿਆਰ ਨਾਲ ਸਹੀ ਸਿੱਖਿਆ ਦੇਣੀ ਲਾਜ਼ਮੀ ਹੈ। ਪਰ ਅਜਿਹੀ ਸਿੱਖਿਆ ਦੇਣ ਦੇ ਇੱਛੁਕ ਮਸੀਹੀ ਮਾਪਿਆਂ ਨੂੰ ਕਈ ਔਕੜਾਂ ਪਾਰ ਕਰਨੀਆਂ ਪੈਂਦੀਆਂ ਹਨ। ਉਹ ਕੀ ਹਨ?
2. ਮਾਤਾ-ਪਿਤਾ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ?
2 ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਜਿਵੇਂ ਕਿ ਬਾਈਬਲ ਵਿਚ ਸਦੀਆਂ ਪਹਿਲਾਂ ਦੱਸ ਦਿੱਤਾ ਗਿਆ ਸੀ, ਇਨ੍ਹਾਂ ਅੰਤ ਦੇ ਦਿਨਾਂ ਵਿਚ ਦੁਨੀਆਂ ਵਿਚ ਪਿਆਰ ਨਾਂ ਦੀ ਚੀਜ਼ ਹੀ ਨਹੀਂ ਰਹੀ। ਘਰ ਵਿਚ ਵੀ ਲੋਕ ‘ਨਿਰਮੋਹੇ, ਨਾਸ਼ੁਕਰੇ, ਅਪਵਿੱਤਰ, ਅਸੰਜਮੀ ਅਤੇ ਕਰੜੇ’ ਬਣ ਗਏ ਹਨ। (2 ਤਿਮੋਥਿਉਸ 3:1-5) ਹਰ ਰੋਜ਼ ਇਹੋ ਜਿਹੇ ਰੁੱਖੇ ਲੋਕਾਂ ਨਾਲ ਉੱਠਣ-ਬੈਠਣ ਨਾਲ ਮਸੀਹੀ ਪਰਿਵਾਰਾਂ ਉੱਤੇ ਵੀ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਮਾਤਾ-ਪਿਤਾ ਵੀ ਭੁੱਲਣਹਾਰ ਇਨਸਾਨ ਹਨ। ਸੋ ਕਦੇ-ਕਦੇ ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ, ਚੁਭਵੀਆਂ ਗੱਲਾਂ ਕਹਿ ਜਾਂਦੇ ਹਨ ਅਤੇ ਹੋਰ ਕਈ ਗ਼ਲਤੀਆਂ ਕਰਦੇ ਹਨ।—ਰੋਮੀਆਂ 3:23; ਯਾਕੂਬ 3:2, 8, 9.
3. ਮਾਪੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਿਵੇਂ ਕਰ ਸਕਦੇ ਹਨ?
3 ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰਨਾ ਮੁਮਕਿਨ ਹੈ ਤਾਂਕਿ ਉਹ ਵੱਡੇ ਹੋ ਕੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਕਰਨ। ਪਰ ਮਾਪੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਿਵੇਂ ਕਰ ਸਕਦੇ ਹਨ? ਬਾਈਬਲ ਦੀ ਇਹ ਸਲਾਹ ਮੰਨ ਕੇ: “ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।” (1 ਕੁਰਿੰਥੀਆਂ 16:14) ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ “ਪਿਆਰ ਹੀ ਹੈ, ਜੋ ਸਭ ਚੀਜ਼ਾਂ ਦੀ ਪੂਰਨ ਏਕਤਾ ਦਾ ਆਧਾਰ ਹੈ।” (ਕੁਲੁੱਸੀਆਂ 3:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਰਸੂਲ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪਿਆਰ ਦਾ ਵਰਣਨ ਕੀਤਾ ਸੀ। ਆਓ ਆਪਾਂ ਪਿਆਰ ਦੇ ਤਿੰਨ ਪਹਿਲੂਆਂ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਮਾਪੇ ਕਿਵੇਂ ਬੱਚਿਆਂ ਨੂੰ ਪਿਆਰ ਨਾਲ ਸਿਖਲਾਈ ਦੇ ਸਕਦੇ ਹਨ।—1 ਕੁਰਿੰਥੀਆਂ 13:4-8.
ਧੀਰਜਵਾਨ ਬਣਨ ਦੀ ਲੋੜ
4. ਮਾਤਾ-ਪਿਤਾ ਨੂੰ ਧੀਰਜਵਾਨ ਬਣਨ ਦੀ ਕਿਉਂ ਲੋੜ ਹੈ?
4 ਪੌਲੁਸ ਨੇ ਲਿਖਿਆ ਕਿ ‘ਪ੍ਰੇਮ ਧੀਰਜਵਾਨ ਹੈ।’ (1 ਕੁਰਿੰਥੀਆਂ 13:4) ਧੀਰਜਵਾਨ ਇਨਸਾਨ ਸਬਰ ਤੋਂ ਕੰਮ ਲੈਂਦਾ ਹੈ ਅਤੇ ਆਪਣੇ ਗੁੱਸੇ ਤੇ ਕਾਬੂ ਰੱਖਦਾ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਸੰਬੰਧੀ ਮਾਤਾ-ਪਿਤਾ ਨੂੰ ਧੀਰਜਵਾਨ ਬਣਨ ਦੀ ਕਿਉਂ ਲੋੜ ਹੈ? ਇਹ ਗੱਲ ਸਭ ਜਾਣਦੇ ਹਨ ਕਿ ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ ਜਿਸ ਕਰਕੇ ਮਾਪਿਆਂ ਲਈ ਆਪਣੇ ਗੁੱਸੇ ਤੇ ਕਾਬੂ ਰੱਖਣਾ ਔਖਾ ਹੋ ਜਾਂਦਾ ਹੈ। ਮਿਸਾਲ ਲਈ, ਬੱਚੇ ਜਦੋਂ ਕਿਸੇ ਚੀਜ਼ ਦੇ ਖਹਿੜੇ ਪੈ ਜਾਂਦੇ ਹਨ, ਤਾਂ ਛੇਤੀ ਟਸ ਤੋਂ ਮਸ ਨਹੀਂ ਹੁੰਦੇ। ਨਾਂਹ ਕਹਿਣ ਤੇ ਵੀ ਉਹ ਜ਼ਿੱਦ ਕਰਦੇ ਰਹਿੰਦੇ ਹਨ। ਜਵਾਨ ਹੋ ਰਹੇ ਬੱਚੇ ਕੁਝ ਅਜਿਹੇ ਕੰਮ ਕਰਨ ਦੀ ਜ਼ਿੱਦ ਕਰ ਸਕਦੇ ਹਨ ਜਿਨ੍ਹਾਂ ਬਾਰੇ ਮਾਪਿਆਂ ਨੂੰ ਪਤਾ ਹੈ ਕਿ ਇਹ ਬੇਵਕੂਫ਼ੀ ਹੈ। (ਕਹਾਉਤਾਂ 22:15) ਇਸ ਤੋਂ ਇਲਾਵਾ, ਬੱਚੇ ਰੋਕਣ ਤੇ ਵੀ ਵਾਰ-ਵਾਰ ਗ਼ਲਤੀਆਂ ਕਰਦੇ ਰਹਿੰਦੇ ਹਨ।—ਜ਼ਬੂਰਾਂ ਦੀ ਪੋਥੀ 130:3.
5. ਕਿਹੜੀ ਗੱਲ ਮਾਪਿਆਂ ਨੂੰ ਧੀਰਜ ਰੱਖਣ ਵਿਚ ਮਦਦ ਕਰੇਗੀ?
5 ਮਾਪੇ ਧੀਰਜ ਤੋਂ ਕੰਮ ਲੈਂਦੇ ਹੋਏ ਬੱਚਿਆਂ ਨਾਲ ਕਿਵੇਂ ਪਿਆਰ ਨਾਲ ਪੇਸ਼ ਆ ਸਕਦੇ ਹਨ? ਸੁਲੇਮਾਨ ਬਾਦਸ਼ਾਹ ਨੇ ਲਿਖਿਆ: “ਸਮਝਦਾਰ ਛੇਤੀ ਭੜਕਦਾ ਨਹੀਂ।” (ਕਹਾਉਤਾਂ 19:11, ਨਵਾਂ ਅਨੁਵਾਦ) ਆਪਣੇ ਬੱਚਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਮਾਪੇ ਯਾਦ ਕਰ ਸਕਦੇ ਹਨ ਕਿ ਉਹ ਵੀ ਇਕ ਸਮੇਂ ਤੇ ਨਿਆਣੇ ਹੁੰਦੇ ਸਨ। ਉਦੋਂ ਉਹ ਵੀ ‘ਨਿਆਣਿਆਂ ਵਾਂਙੁ ਬੋਲਦੇ, ਨਿਆਣਿਆਂ ਵਾਂਙੁ ਸਮਝਦੇ ਅਤੇ ਨਿਆਣਿਆਂ ਵਾਂਙੁ ਜਾਚਦੇ ਸਨ।’ (1 ਕੁਰਿੰਥੀਆਂ 13:11) ਮਾਪਿਓ, ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਕਿਸੇ ਚੀਜ਼ ਦੀ ਜ਼ਿੱਦ ਫੜ ਕੇ ਕਿਵੇਂ ਆਪਣੇ ਮੰਮੀ-ਡੈਡੀ ਦੇ ਨੱਕ ਵਿਚ ਦਮ ਕਰ ਦਿੰਦੇ ਸੀ? ਜਵਾਨੀ ਵਿਚ ਕਦਮ ਰੱਖਦਿਆਂ ਕੀ ਤੁਸੀਂ ਨਹੀਂ ਸੋਚਦੇ ਸੀ ਕਿ ਤੁਹਾਡੇ ਮਾਪੇ ਤੁਹਾਡੀਆਂ ਮੁਸ਼ਕਲਾਂ ਜਾਂ ਭਾਵਨਾਵਾਂ ਨੂੰ ਨਹੀਂ ਸਮਝਦੇ? ਜੇਕਰ ਹਾਂ, ਤਾਂ ਤੁਸੀਂ ਹੁਣ ਆਪਣੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨੂੰ ਪਿਆਰ ਤੇ ਧੀਰਜ ਨਾਲ ਸਮਝਾਓ। (ਕੁਲੁੱਸੀਆਂ 4:6) ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਫ਼ੈਸਲਿਆਂ ਬਾਰੇ ਉਨ੍ਹਾਂ ਨੂੰ ਵਾਰ-ਵਾਰ ਦੱਸਣਾ ਪਵੇ। ਧਿਆਨ ਦਿਓ ਕਿ ਯਹੋਵਾਹ ਨੇ ਇਸਰਾਏਲੀ ਮਾਪਿਆਂ ਨੂੰ ਕਿਹਾ ਸੀ ਕਿ ਉਹ ਉਸ ਦੇ ਹੁਕਮ ਆਪਣੇ ਬੱਚਿਆਂ ਨੂੰ ‘ਸਿਖਲਾਉਣ।’ (ਬਿਵਸਥਾ ਸਾਰ 6:6, 7) ਇੱਦਾਂ ਕਰਨ ਲਈ ਮਾਪਿਆਂ ਨੂੰ ਸ਼ਾਇਦ ਪਰਮੇਸ਼ੁਰ ਦੇ ਹੁਕਮਾਂ ਨੂੰ ਵਾਰ-ਵਾਰ ਦੁਹਰਾਉਣਾ ਪਵੇ ਤਾਂਕਿ ਇਹ ਬੱਚਿਆਂ ਦੇ ਦਿਲਾਂ ਵਿਚ ਬੈਠ ਜਾਣ। ਜ਼ਿੰਦਗੀ ਦੇ ਅਹਿਮ ਸਬਕ ਸਿਖਾਉਣ ਵੇਲੇ ਵੀ ਮਾਪਿਆਂ ਨੂੰ ਲਗਾਤਾਰ ਇਨ੍ਹਾਂ ਨੂੰ ਦੁਹਰਾਉਣਾ ਪੈਂਦਾ ਹੈ, ਤਾਹੀਓਂ ਕਿਤੇ ਜਾ ਕੇ ਬੱਚੇ ਇਨ੍ਹਾਂ ਤੇ ਅਮਲ ਕਰਦੇ ਹਨ।
6. ਕੀ ਧੀਰਜਵਾਨ ਹੋਣ ਦਾ ਇਹ ਮਤਲਬ ਹੈ ਕਿ ਮਾਪੇ ਬੱਚਿਆਂ ਨੂੰ ਪੂਰੀ ਖੁੱਲ੍ਹ ਦੇ ਦੇਣ?
6 ਪਰ ਧੀਰਜਵਾਨ ਬਣਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਬੱਚਿਆਂ ਨੂੰ ਪੂਰੀ ਖੁੱਲ੍ਹ ਦੇ ਦਿਓ। ਪਰਮੇਸ਼ੁਰ ਦਾ ਬਚਨ ਖ਼ਬਰਦਾਰ ਕਰਦਾ ਹੈ: “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” ਬੱਚੇ ਤੁਹਾਡੇ ਲਈ ਦੁੱਖ ਦਾ ਕਾਰਨ ਨਾ ਬਣਨ, ਇਸ ਲਈ ਇਹੋ ਆਇਤ ਕਹਿੰਦੀ ਹੈ: “ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ।” (ਕਹਾਉਤਾਂ 29:15) ਕਦੇ-ਕਦੇ ਮੂੰਹ-ਫੱਟ ਬੱਚੇ ਇਹ ਵੀ ਕਹਿ ਦਿੰਦੇ ਹਨ ਕਿ ਮਾਪੇ ਕੌਣ ਹੁੰਦੇ ਹਨ ਉਨ੍ਹਾਂ ਤੇ ਹੁਕਮ ਚਲਾਉਣ ਵਾਲੇ! ਇੱਦਾਂ ਦਾ ਰਵੱਈਆ ਮਸੀਹੀ ਪਰਿਵਾਰਾਂ ਵਿਚ ਨਹੀਂ ਚੱਲਦਾ। ਘਰ ਵਿਚ ਕੀ ਹੋਵੇਗਾ ਤੇ ਕੀ ਨਹੀਂ, ਇਹ ਮਾਪੇ ਤੈਅ ਕਰਦੇ ਹਨ ਨਾ ਕਿ ਬੱਚੇ। ਯਹੋਵਾਹ ਮਨੁੱਖੀ ਪਰਿਵਾਰ ਦਾ ਜਨਮਦਾਤਾ ਹੈ, ਉਸ ਨੇ ਹੀ ਮਾਤਾ-ਪਿਤਾ ਨੂੰ ਇਹ ਹੱਕ ਦਿੱਤਾ ਹੈ ਕਿ ਉਹ ਬੱਚਿਆਂ ਨੂੰ ਪਿਆਰ ਨਾਲ ਸਿਖਾਉਣ ਤੇ ਲੋੜੀਂਦੀ ਤਾੜਨਾ ਦੇਣ। (1 ਕੁਰਿੰਥੀਆਂ 11:3; ਅਫ਼ਸੀਆਂ 3:15; 6:1-4) ਗੌਰ ਕਰੋ ਕਿ ਪੌਲੁਸ ਦੁਆਰਾ ਦੱਸੇ ਪਿਆਰ ਦੇ ਅਗਲੇ ਪਹਿਲੂ ਦਾ ਤਾੜਨਾ ਨਾਲ ਗੂੜ੍ਹਾ ਸੰਬੰਧ ਹੈ।
ਪਿਆਰ ਨਾਲ ਤਾੜਨਾ ਦਿਓ
7. ਕਿਰਪਾਲੂ ਮਾਪੇ ਆਪਣੇ ਬੱਚਿਆਂ ਨੂੰ ਕਿਉਂ ਤਾੜਨਾ ਦਿੰਦੇ ਹਨ ਅਤੇ ਇਸ ਤਾੜਨਾ ਵਿਚ ਕੀ ਕੁਝ ਸ਼ਾਮਲ ਹੈ?
7 ਪੌਲੁਸ ਨੇ ਲਿਖਿਆ ਕਿ “ਪ੍ਰੇਮ . . . ਕਿਰਪਾਲੂ ਹੈ।” (1 ਕੁਰਿੰਥੀਆਂ 13:4) ਕਿਰਪਾਲੂ ਮਾਤਾ-ਪਿਤਾ ਲੋੜ ਮੁਤਾਬਕ ਆਪਣੇ ਬੱਚਿਆਂ ਨੂੰ ਸੁਧਾਰਦੇ ਰਹਿੰਦੇ ਹਨ। ਇਸ ਤਰ੍ਹਾਂ ਕਰ ਕੇ ਉਹ ਯਹੋਵਾਹ ਦੀ ਰੀਸ ਕਰ ਰਹੇ ਹੁੰਦੇ ਹਨ। ਪੌਲੁਸ ਕਹਿੰਦਾ ਹੈ ਕਿ ਪ੍ਰਭੂ ਯਹੋਵਾਹ ‘ਜਿਹ ਦੇ ਨਾਲ ਪਿਆਰ ਕਰਦਾ ਹੈ, ਉਹ ਉਹ ਨੂੰ ਤਾੜਦਾ ਹੈ।’ ਧਿਆਨ ਦਿਓ ਕਿ ਬਾਈਬਲ ਵਿਚ ਤਾੜਨਾ ਦੇਣ ਦਾ ਮਤਲਬ ਸਿਰਫ਼ ਸਜ਼ਾ ਦੇਣੀ ਨਹੀਂ ਹੈ, ਸਗੋਂ ਸਿਖਾਉਣਾ ਅਤੇ ਗਿਆਨ ਦੇਣਾ ਹੈ। ਅਜਿਹੀ ਤਾੜਨਾ ਕਿਉਂ ਦਿੱਤੀ ਜਾਂਦੀ ਹੈ? ਪੌਲੁਸ ਕਹਿੰਦਾ ਹੈ: “ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:6, 11) ਜਦੋਂ ਮਾਤਾ-ਪਿਤਾ ਪਿਆਰ ਨਾਲ ਬੱਚਿਆਂ ਨੂੰ ਪਰਮੇਸ਼ੁਰ ਦੀ ਮੱਤ ਦਿੰਦੇ ਹਨ, ਤਾਂ ਉਹ ਉਨ੍ਹਾਂ ਨੂੰ ਨੇਕ ਤੇ ਸ਼ਾਂਤੀ-ਪਸੰਦ ਇਨਸਾਨ ਬਣਨ ਦਾ ਮੌਕਾ ਦਿੰਦੇ ਹਨ। ਜੇ ਬੱਚੇ “ਯਹੋਵਾਹ ਦੀ ਤਾੜ” ਨੂੰ ਕਬੂਲ ਕਰਨ, ਤਾਂ ਉਹ ਬੁੱਧੀ, ਗਿਆਨ ਤੇ ਸਮਝ ਹਾਸਲ ਕਰਨਗੇ। ਇਹ ਸਦਗੁਣ ਸੋਨੇ-ਚਾਂਦੀ ਨਾਲੋਂ ਕਿਤੇ ਜ਼ਿਆਦਾ ਅਨਮੋਲ ਹਨ।—ਕਹਾਉਤਾਂ 3:11-18.
8. ਜੇ ਮਾਪੇ ਬੱਚਿਆਂ ਨੂੰ ਤਾੜਨਾ ਨਹੀਂ ਦਿੰਦੇ ਹਨ, ਤਾਂ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ?
8 ਦੂਜੇ ਪਾਸੇ, ਜੇ ਮਾਪੇ ਬੱਚਿਆਂ ਨੂੰ ਨਹੀਂ ਤਾੜਦੇ, ਤਾਂ ਉਹ ਬੱਚਿਆਂ ਦਾ ਨੁਕਸਾਨ ਕਰਦੇ ਹਨ। ਯਹੋਵਾਹ ਦੀ ਪ੍ਰੇਰਣਾ ਨਾਲ ਸੁਲੇਮਾਨ ਪਾਤਸ਼ਾਹ ਨੇ ਲਿਖਿਆ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।” (ਕਹਾਉਤਾਂ 13:24) ਜਿਨ੍ਹਾਂ ਬੱਚਿਆਂ ਨੂੰ ਮਾਪੇ ਬਾਕਾਇਦਾ ਨਹੀਂ ਤਾੜਦੇ, ਉਹ ਖ਼ੁਦਗਰਜ਼ ਤੇ ਚਿੜਚਿੜੇ ਬਣ ਜਾਂਦੇ ਹਨ। ਪਰ ਜਿਨ੍ਹਾਂ ਬੱਚਿਆਂ ਦੇ ਹਮਦਰਦ ਮਾਪੇ ਪਿਆਰ ਨਾਲ ਉਨ੍ਹਾਂ ਨੂੰ ਤਾੜਨਾ ਦਿੰਦੇ ਹਨ, ਉਹ ਜ਼ਿਆਦਾ ਮਿਲਣਸਾਰ ਤੇ ਖ਼ੁਸ਼ ਹੁੰਦੇ ਹਨ ਅਤੇ ਪੜ੍ਹਾਈ ਵਿਚ ਵੀ ਤੇਜ਼ ਹੁੰਦੇ ਹਨ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜਿਹੜੇ ਮਾਪੇ ਵਾਕਈ ਬੱਚਿਆਂ ਦੀ ਭਲਾਈ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਜ਼ਰੂਰ ਤਾੜਨਾ ਦੇਣਗੇ।
9. ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਹਨ ਅਤੇ ਬੱਚਿਆਂ ਨੂੰ ਇਨ੍ਹਾਂ ਅਸੂਲਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
9 ਬੱਚਿਆਂ ਨੂੰ ਪਿਆਰ ਨਾਲ ਅਤੇ ਸਹੀ ਤਰੀਕੇ ਨਾਲ ਤਾੜਨਾ ਦੇਣ ਲਈ ਮਾਪਿਆਂ ਨੂੰ ਕੀ ਕਰਨਾ ਪਵੇਗਾ? ਬੱਚਿਆਂ ਨੂੰ ਸਾਫ਼-ਸਾਫ਼ ਸਮਝਾਉਣ ਦੀ ਲੋੜ ਹੈ ਕਿ ਉਨ੍ਹਾਂ ਤੋਂ ਕਿਨ੍ਹਾਂ ਗੱਲਾਂ ਦੀ ਉਮੀਦ ਰੱਖੀ ਜਾਂਦੀ ਹੈ। ਮਿਸਾਲ ਲਈ, ਯਹੋਵਾਹ ਦੇ ਗਵਾਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਈਬਲ ਦੇ ਬੁਨਿਆਦੀ ਅਸੂਲ ਸਿਖਾਉਂਦੇ ਹਨ ਅਤੇ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸਭਾਵਾਂ ਅਤੇ ਪ੍ਰਚਾਰ ਵਿਚ ਜਾਣਾ ਉਨ੍ਹਾਂ ਦੀ ਭਗਤੀ ਦਾ ਅਹਿਮ ਹਿੱਸਾ ਹੈ। (ਕੂਚ 20:12-17; ਮੱਤੀ 22:37-40; 28:19; ਇਬਰਾਨੀਆਂ 10:24, 25) ਇਨ੍ਹਾਂ ਮਾਮਲਿਆਂ ਵਿਚ ਬੱਚਿਆਂ ਨੂੰ ਮਾਪਿਆਂ ਦੇ ਕਹਿਣੇ ਵਿਚ ਰਹਿਣ ਦੀ ਲੋੜ ਹੈ।
10, 11. ਘਰ ਦੇ ਅਸੂਲ ਬਣਾਉਣ ਵੇਲੇ ਬੱਚਿਆਂ ਦੀ ਇੱਛਾ ਨੂੰ ਧਿਆਨ ਵਿਚ ਰੱਖਣਾ ਕਿਉਂ ਚੰਗੀ ਗੱਲ ਹੈ?
10 ਪਰ ਘਰ ਦੇ ਹੋਰ ਕਾਇਦੇ-ਕਾਨੂੰਨ ਬਣਾਉਣ ਵੇਲੇ ਮਾਪੇ ਕਦੇ-ਕਦਾਈਂ ਬੱਚਿਆਂ ਦੀ ਰਾਇ ਪੁੱਛ ਸਕਦੇ ਹਨ। ਬੱਚਿਆਂ ਨਾਲ ਗੱਲਬਾਤ ਕਰ ਕੇ ਘਰ ਦੇ ਨਿਯਮ ਬਣਾਉਣ ਨਾਲ ਬੱਚੇ ਨਿਯਮਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨਣਗੇ। ਮਿਸਾਲ ਲਈ, ਕਈ ਘਰਾਂ ਦਾ ਇਹ ਅਸੂਲ ਹੁੰਦਾ ਹੈ ਕਿ ਜਵਾਨ ਬੱਚੇ ਸ਼ਾਮ ਨੂੰ ਇਕ ਨਿਸ਼ਚਿਤ ਸਮੇਂ ਤਕ ਘਰ ਆ ਜਾਣ। ਇਹ ਸਮਾਂ ਨਿਸ਼ਚਿਤ ਕਰਨ ਦੇ ਦੋ ਤਰੀਕੇ ਹਨ। ਇਕ ਤਾਂ ਇਹ ਕਿ ਮਾਪੇ ਆਪ ਸਮਾਂ ਨਿਰਧਾਰਿਤ ਕਰਨ। ਦੂਸਰਾ ਤਰੀਕਾ ਹੈ ਕਿ ਉਹ ਬੱਚਿਆਂ ਦੀ ਰਾਇ ਪੁੱਛ ਸਕਦੇ ਹਨ ਕਿ ਉਨ੍ਹਾਂ ਨੂੰ ਕਿਹੜਾ ਸਮਾਂ ਸਹੀ ਲੱਗਦਾ ਹੈ ਅਤੇ ਕਿਉਂ। ਫਿਰ ਬੱਚਿਆਂ ਦੀ ਰਾਇ ਸੁਣਨ ਤੋਂ ਬਾਅਦ ਮਾਪੇ ਆਪਣੀ ਰਾਇ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਕਿਹੜਾ ਸਮਾਂ ਮੁਨਾਸਬ ਲੱਗਦਾ ਹੈ ਅਤੇ ਕਿਉਂ। ਪਰ ਉਦੋਂ ਕੀ ਕੀਤਾ ਜਾ ਸਕਦਾ ਹੈ ਜੇਕਰ ਮਾਪੇ ਅਤੇ ਬੱਚੇ ਸਹਿਮਤ ਨਹੀਂ ਹੁੰਦੇ? ਜੇ ਬੱਚਿਆਂ ਦੀ ਗੱਲ ਮੰਨਣ ਨਾਲ ਬਾਈਬਲ ਦੇ ਅਸੂਲਾਂ ਦੀ ਉਲੰਘਣਾ ਨਹੀਂ ਹੁੰਦੀ ਹੈ, ਤਾਂ ਮਾਪੇ ਸ਼ਾਇਦ ਫ਼ੈਸਲਾ ਕਰਨ ਕਿ ਉਹ ਬੱਚਿਆਂ ਦਾ ਮਨ ਰੱਖ ਸਕਦੇ ਹਨ। ਪਰ ਕੀ ਇੱਦਾਂ ਕਰਨ ਨਾਲ ਮਾਪੇ ਆਪਣੇ ਅਧਿਕਾਰ ਨੂੰ ਤਿਆਗ ਕੇ ਬੱਚਿਆਂ ਨੂੰ ਸਿਰ ਤੇ ਨਹੀਂ ਬਿਠਾ ਰਹੇ?
11 ਇਸ ਸਵਾਲ ਦੇ ਜਵਾਬ ਲਈ ਯਹੋਵਾਹ ਦੀ ਮਿਸਾਲ ਤੇ ਵਿਚਾਰ ਕਰੋ ਕਿ ਉਹ ਲੂਤ ਨਾਲ ਕਿਵੇਂ ਪੇਸ਼ ਆਇਆ ਸੀ। ਸਦੂਮ ਸ਼ਹਿਰ ਨੂੰ ਨਾਸ਼ ਕਰਨ ਤੋਂ ਪਹਿਲਾਂ ਯਹੋਵਾਹ ਦੇ ਦੂਤਾਂ ਨੇ ਲੂਤ ਅਤੇ ਉਸ ਦੀ ਪਤਨੀ ਤੇ ਧੀਆਂ ਨੂੰ ਸ਼ਹਿਰੋਂ ਬਾਹਰ ਲਿਜਾ ਕੇ ਕਿਹਾ ਸੀ: “ਪਹਾੜ ਨੂੰ ਭੱਜ ਜਾਹ ਅਜਿਹਾ ਨਾ ਹੋਵੇ ਕਿ ਤੂੰ ਭਸਮ ਹੋ ਜਾਵੇਂ।” ਪਰ ਲੂਤ ਨੇ ਕਿਹਾ: “ਹੇ ਮੇਰੇ ਪ੍ਰਭੁਓ ਅਜੇਹਾ ਨਾ ਕਰਨਾ।” ਫਿਰ ਇਕ ਨੇੜਲੇ ਸ਼ਹਿਰ ਵੱਲ ਇਸ਼ਾਰਾ ਕਰਦਿਆਂ ਉਸ ਨੇ ਤਰਲੇ ਕੀਤੇ: “ਵੇਖੋ ਨਾ, ਇਹ ਨਗਰ ਭੱਜਣ ਲਈ ਨੇੜੇ ਹੈ ਅਰ ਇਹ ਨਿੱਕਾ ਜਿਹਾ ਵੀ ਹੈ। ਮੈਨੂੰ ਉੱਥੇ ਭੱਜ ਜਾਣ ਦਿਓ।” ਕੀ ਯਹੋਵਾਹ ਨੇ ਉਸ ਦੀ ਸੁਣੀ? ਆਪਣੇ ਦੂਤਾਂ ਰਾਹੀਂ ਯਹੋਵਾਹ ਨੇ ਕਿਹਾ: “ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ।” (ਉਤਪਤ 19:17-22) ਕੀ ਇੱਦਾਂ ਕਰ ਕੇ ਯਹੋਵਾਹ ਨੇ ਆਪਣਾ ਅਧਿਕਾਰ ਤਿਆਗ ਦਿੱਤਾ ਸੀ? ਨਹੀਂ, ਸਗੋਂ ਉਸ ਨੇ ਲੂਤ ਦੀ ਬੇਨਤੀ ਸਵੀਕਾਰ ਕਰਦੇ ਹੋਏ ਉਸ ਤੇ ਦਇਆ ਕੀਤੀ ਸੀ। ਸੋ ਮਾਪਿਓ, ਤੁਸੀਂ ਵੀ ਘਰ ਦੇ ਅਸੂਲ ਬਣਾਉਣ ਵੇਲੇ ਕਦੇ-ਕਦਾਈਂ ਬੱਚਿਆਂ ਦੀ ਇੱਛਾ ਨੂੰ ਧਿਆਨ ਵਿਚ ਰੱਖਣ ਦੀ ਕੋਸ਼ਿਸ਼ ਕਰੋ।
12. ਬੱਚੇ ਕਦੋਂ ਸੁਰੱਖਿਅਤ ਮਹਿਸੂਸ ਕਰਦੇ ਹਨ?
12 ਬੱਚਿਆਂ ਨੂੰ ਨਾ ਕੇਵਲ ਘਰ ਦੇ ਅਸੂਲ ਦੱਸੋ, ਸਗੋਂ ਉਨ੍ਹਾਂ ਨੂੰ ਇਨ੍ਹਾਂ ਅਸੂਲਾਂ ਨੂੰ ਤੋੜਨ ਦੀ ਸਜ਼ਾ ਵੀ ਦੱਸੋ। ਬੱਚਿਆਂ ਨਾਲ ਬੈਠ ਕੇ ਇਹ ਸਾਰੀਆਂ ਗੱਲਾਂ ਸਾਫ਼-ਸਾਫ਼ ਸਮਝਾਓ। ਫਿਰ ਘਰ ਦੇ ਅਸੂਲਾਂ ਨੂੰ ਪੱਕੇ ਤੌਰ ਤੇ ਅਮਲ ਵਿਚ ਲਿਆਓ। ਜੇ ਬੱਚੇ ਕਿਸੇ ਨਿਯਮ ਨੂੰ ਤੋੜਦੇ ਹਨ, ਤਾਂ ਮਾਪਿਆਂ ਨੂੰ ਸਿਰਫ਼ ਖੋਖਲੀਆਂ ਧਮਕੀਆਂ ਹੀ ਨਹੀਂ ਦੇਣੀਆਂ ਚਾਹੀਦੀਆਂ, ਸਗੋਂ ਯੋਗ ਸਜ਼ਾ ਵੀ ਦੇਣੀ ਚਾਹੀਦੀ ਹੈ। ਇੱਦਾਂ ਕਰ ਕੇ ਮਾਪੇ ਦਿਖਾਉਣਗੇ ਕਿ ਉਹ ਬੱਚਿਆਂ ਦੀ ਭਲਾਈ ਚਾਹੁੰਦੇ ਹਨ। ਬਾਈਬਲ ਕਹਿੰਦੀ ਹੈ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।” (ਉਪਦੇਸ਼ਕ ਦੀ ਪੋਥੀ 8:11) ਪਰ ਮਾਪਿਆਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਹ ਬੱਚੇ ਨੂੰ ਉਸ ਦੇ ਦੋਸਤਾਂ ਜਾਂ ਦੂਸਰਿਆਂ ਸਾਮ੍ਹਣੇ ਝਾੜ ਕੇ ਸ਼ਰਮਿੰਦਾ ਨਾ ਕਰਨ। ਜਦੋਂ ਬੱਚਿਆਂ ਨੂੰ ਯਕੀਨ ਹੁੰਦਾ ਹੈ ਕਿ ਮਾਪੇ ਜੋ ਕਹਿੰਦੇ ਹਨ, ਸੋ ਕਰ ਕੇ ਦਿਖਾਉਂਦੇ ਹਨ, ਤਾਂ ਬੱਚਿਆਂ ਦੇ ਦਿਲਾਂ ਵਿਚ ਮਾਪਿਆਂ ਲਈ ਆਦਰ ਤੇ ਪ੍ਰੇਮ ਹੋਰ ਡੂੰਘਾ ਹੁੰਦਾ ਹੈ। ਉਹ ਸੁਰੱਖਿਅਤ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਮੰਮੀ-ਡੈਡੀ ਉਨ੍ਹਾਂ ਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਦਾ ਭਲਾ ਚਾਹੁੰਦੇ ਹਨ।—ਮੱਤੀ 5:37.
13, 14. ਬੱਚਿਆਂ ਨੂੰ ਸਿਖਲਾਈ ਦਿੰਦੇ ਵੇਲੇ ਮਾਪੇ ਯਹੋਵਾਹ ਦੀ ਕਿਵੇਂ ਰੀਸ ਕਰ ਸਕਦੇ ਹਨ?
13 ਪਿਆਰ ਨਾਲ ਤਾੜਨਾ ਦੇਣ ਲਈ ਜ਼ਰੂਰੀ ਹੈ ਕਿ ਬੱਚੇ ਦੇ ਸੁਭਾਅ ਨੂੰ ਧਿਆਨ ਵਿਚ ਰੱਖ ਕੇ ਉਸ ਨੂੰ ਯੋਗ ਸਜ਼ਾ ਦਿੱਤੀ ਜਾਵੇ। ਪੈਮ ਨਾਂ ਦੀ ਮਾਂ ਆਪਣੇ ਬੱਚਿਆਂ ਬਾਰੇ ਚੇਤੇ ਕਰਦੀ ਹੈ: “ਸਾਡੀਆਂ ਦੋਨੋਂ ਬੱਚੀਆਂ ਬਹੁਤ ਵੱਖਰੀਆਂ ਸਨ। ਜੋ ਸਜ਼ਾ ਇਕ ਲਈ ਕੰਮ ਕਰ ਜਾਂਦੀ ਸੀ, ਦੂਜੀ ਤੇ ਭੋਰਾ ਵੀ ਅਸਰ ਨਹੀਂ ਕਰਦੀ ਸੀ।” ਉਸ ਦਾ ਪਤੀ ਲੈਰੀ ਦੱਸਦਾ ਹੈ: “ਵੱਡੀ ਕੁੜੀ ਬੜੀ ਅੜਬ ਸੀ ਤੇ ਇਸ ਲਈ ਉਸ ਨੂੰ ਸਖ਼ਤੀ ਨਾਲ ਤਾੜਨਾ ਦੇਣੀ ਪੈਂਦੀ ਸੀ। ਪਰ ਸਾਡੀ ਛੋਟੀ ਧੀ ਬੜੇ ਕੋਮਲ ਸੁਭਾਅ ਦੀ ਸੀ। ਉਸ ਨੂੰ ਝਿੜਕਣ ਜਾਂ ਘੂਰੀ ਵੱਟ ਕੇ ਦੇਖਣ ਨਾਲ ਹੀ ਉਹ ਸੁਧਰ ਜਾਂਦੀ ਸੀ।” ਜੀ ਹਾਂ, ਕਿਰਪਾਲੂ ਮਾਤਾ-ਪਿਤਾ ਆਪਣੇ ਬੱਚਿਆਂ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਤੇ ਉਸੇ ਮੁਤਾਬਕ ਉਨ੍ਹਾਂ ਨਾਲ ਪੇਸ਼ ਆਉਂਦੇ ਹਨ।
14 ਇਸ ਮਾਮਲੇ ਵਿਚ ਯਹੋਵਾਹ ਨੇ ਮਾਪਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ। ਉਹ ਆਪਣੇ ਹਰੇਕ ਭਗਤ ਦੀਆਂ ਖੂਬੀਆਂ ਤੇ ਕਮਜ਼ੋਰੀਆਂ ਜਾਣਦਾ ਹੈ। (ਇਬਰਾਨੀਆਂ 4:13) ਇਸ ਤੋਂ ਇਲਾਵਾ, ਉਹ ਸਜ਼ਾ ਦੇਣ ਵੇਲੇ ਨਾ ਜ਼ਿਆਦਾ ਸਖ਼ਤੀ ਤੇ ਨਾ ਹੀ ਜ਼ਿਆਦਾ ਢਿੱਲ ਵਰਤਦਾ ਹੈ, ਸਗੋਂ ‘ਜੋਗ ਸਜ਼ਾ’ ਦਿੰਦਾ ਹੈ। (ਯਿਰਮਿਯਾਹ 30:11, ਨਵਾਂ ਅਨੁਵਾਦ) ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਦੀਆਂ ਖੂਬੀਆਂ ਤੇ ਕਮਜ਼ੋਰੀਆਂ ਜਾਣਦੇ ਹੋ? ਕੀ ਤੁਸੀਂ ਬੱਚਿਆਂ ਦੇ ਸੁਭਾਅ ਮੁਤਾਬਕ ਉਨ੍ਹਾਂ ਨੂੰ ਸਹੀ ਢੰਗ ਨਾਲ ਸਿਖਲਾਈ ਦਿੰਦੇ ਹੋ? ਜੇ ਦਿੰਦੇ ਹੋ, ਤਾਂ ਤੁਸੀਂ ਦਿਖਾ ਰਹੇ ਹੋ ਕਿ ਤੁਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹੋ।
ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਦਿਓ
15, 16. ਮਾਪੇ ਬੱਚਿਆਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਨ ਅਤੇ ਕੁਝ ਮਾਪਿਆਂ ਨੇ ਕਿਹੜੇ ਤਰੀਕੇ ਅਪਣਾਏ ਹਨ?
15 ਪ੍ਰੇਮ ਦਾ ਇਕ ਹੋਰ ਪਹਿਲੂ ਇਹ ਹੈ ਕਿ “ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ।” (1 ਕੁਰਿੰਥੀਆਂ 13:6) ਮਾਤਾ-ਪਿਤਾ ਬੱਚਿਆਂ ਨੂੰ ਸਹੀ ਕੰਮਾਂ ਨੂੰ ਪਿਆਰ ਕਰਨ ਦੀ ਸਿੱਖਿਆ ਕਿਵੇਂ ਦੇ ਸਕਦੇ ਹਨ? ਇਸ ਦੇ ਲਈ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਨੂੰ ਹਮੇਸ਼ਾ ਖੁੱਲ੍ਹ ਕੇ ਗੱਲ ਕਰਨ ਦਾ ਉਤਸ਼ਾਹ ਦੇਣ, ਭਾਵੇਂ ਕਿ ਕਦੇ-ਕਦੇ ਉਹ ਬੱਚਿਆਂ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਜਾਂਦੇ ਹਨ। ਜਦੋਂ ਬੱਚਿਆਂ ਦੇ ਵਿਚਾਰ ਪਰਮੇਸ਼ੁਰ ਦੇ ਅਸੂਲਾਂ ਨਾਲ ਮੇਲ ਖਾਂਦੇ ਹਨ, ਤਾਂ ਮਾਪਿਆਂ ਦੇ ਦਿਲਾਂ ਨੂੰ ਬੜਾ ਸਕੂਨ ਮਿਲਦਾ ਹਨ। ਪਰ ਕਦੇ-ਕਦੇ ਬੱਚਿਆਂ ਦੀਆਂ ਗੱਲਾਂ-ਬਾਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਬੁਰੇ ਕੰਮਾਂ ਵੱਲ ਝੁਕਾਅ ਰੱਖਦੇ ਹਨ। (ਉਤਪਤ 8:21) ਉਦੋਂ ਮਾਤਾ-ਪਿਤਾ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਦਾ ਸ਼ਾਇਦ ਜੀਅ ਕਰੇ ਕਿ ਉਹ ਇਕਦਮ ਬੱਚਿਆਂ ਨੂੰ ਝਿੜਕ ਦੇਣ। ਪਰ ਜੇ ਉਹ ਇੱਦਾਂ ਕਰਨਗੇ, ਤਾਂ ਬੱਚੇ ਅੱਗੋਂ ਦਿਲ ਦੀ ਗੱਲ ਦਿਲ ਵਿਚ ਹੀ ਰੱਖਣਗੇ। ਜਾਂ ਉਹ ਸਿਰਫ਼ ਉਹੋ ਕੁਝ ਕਹਿਣਗੇ ਜੋ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮੰਮੀ-ਡੈਡੀ ਨੂੰ ਚੰਗਾ ਲੱਗੇਗਾ। ਹਾਂ, ਇੰਨਾ ਜ਼ਰੂਰ ਹੈ ਕਿ ਜੇ ਬੱਚਾ ਬਦਤਮੀਜ਼ੀ ਨਾਲ ਗੱਲ ਕਰੇ, ਤਾਂ ਉਸ ਨੂੰ ਤੁਰੰਤ ਟੋਕ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਤਮੀਜ਼ ਨਾਲ ਗੱਲ ਕਰਨੀ ਸਿਖਾਓ, ਪਰ ਇਹ ਨਾ ਦੱਸੋ ਕਿ ਉਨ੍ਹਾਂ ਨੂੰ ਕੀ ਕਹਿਣਾ ਚਾਹੀਦਾ ਹੈ ਤੇ ਕੀ ਨਹੀਂ।
16 ਮਾਪੇ ਬੱਚਿਆਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਨ? ਪਹਿਲਾਂ ਜ਼ਿਕਰ ਕੀਤੀ ਗਈ ਆਲੀਆ ਕਹਿੰਦੀ ਹੈ: “ਬੱਚਿਆਂ ਦੀ ਕੋਈ ਗੱਲ ਸੁਣ ਕੇ ਪਰੇਸ਼ਾਨ ਹੋਣ ਤੇ ਅਸੀਂ ਆਪਣੇ ਗੁੱਸੇ ਤੇ ਕਾਬੂ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਬੱਚੇ ਸਾਨੂੰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਦੱਸਦੇ ਹਨ।” ਟੌਮ ਨਾਂ ਦਾ ਪਿਤਾ ਕਹਿੰਦਾ ਹੈ: “ਅਸੀਂ ਆਪਣੀ ਧੀ ਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਬਿਨਾਂ ਡਰੇ ਸਾਨੂੰ ਸਾਰੀ ਗੱਲ ਦੱਸੇ, ਉਦੋਂ ਵੀ ਜਦੋਂ ਉਹ ਕਿਸੇ ਗੱਲ ਤੇ ਸਾਡੇ ਨਾਲ ਸਹਿਮਤ ਨਹੀਂ ਹੁੰਦੀ। ਅਸੀਂ ਸੋਚਦੇ ਹਾਂ ਕਿ ਜੇ ਅਸੀਂ ਉਸ ਨੂੰ ਹਰ ਵੇਲੇ ਟੋਕਦੇ ਰਹਾਂਗੇ ਤੇ ਆਪਣੇ ਵਿਚਾਰ ਉਸ ਤੇ ਥੋਪਾਂਗੇ, ਤਾਂ ਉਹ ਤੰਗ ਆ ਕੇ ਚੁੱਪ ਕਰ ਜਾਵੇਗੀ ਤੇ ਸਾਨੂੰ ਪਤਾ ਨਹੀਂ ਲੱਗੇਗਾ ਕਿ ਉਸ ਦੇ ਦਿਲ ਵਿਚ ਕੀ ਹੈ। ਪਰ ਕਿਉਂਕਿ ਅਸੀਂ ਉਸ ਦੀ ਗੱਲ ਧਿਆਨ ਨਾਲ ਸੁਣਦੇ ਹਾਂ, ਉਹ ਵੀ ਸਾਡੀ ਗੱਲ ਸੁਣਦੀ ਹੈ।” ਇਹ ਸੱਚ ਹੈ ਕਿ ਬੱਚਿਆਂ ਨੂੰ ਮਾਪਿਆਂ ਦੇ ਆਖੇ ਲੱਗਣਾ ਚਾਹੀਦਾ ਹੈ। (ਕਹਾਉਤਾਂ 6:20) ਪਰ ਜਦੋਂ ਮਾਤਾ-ਪਿਤਾ ਤੇ ਬੱਚੇ ਆਪਸ ਵਿਚ ਖੁੱਲ੍ਹ ਕੇ ਗੱਲ ਕਰਦੇ ਹਨ, ਤਾਂ ਮਾਪੇ ਉਨ੍ਹਾਂ ਨੂੰ ਸੋਚ-ਸਮਝ ਕੇ ਸਹੀ ਫ਼ੈਸਲੇ ਕਰਨ ਦੀ ਸਿਖਲਾਈ ਦੇ ਸਕਦੇ ਹਨ। ਚਾਰ ਬੱਚਿਆਂ ਦਾ ਬਾਪ ਵਿਨਸੈਂਟ ਕਹਿੰਦਾ ਹੈ: “ਅਸੀਂ ਅਕਸਰ ਇਕੱਠੇ ਬੈਠ ਕੇ ਕਿਸੇ ਫ਼ੈਸਲੇ ਦੇ ਫ਼ਾਇਦੇ-ਨੁਕਸਾਨ ਬਾਰੇ ਗੱਲਬਾਤ ਕਰਦੇ ਹਾਂ। ਇਸ ਤਰ੍ਹਾਂ ਬੱਚੇ ਆਪੇ ਸਮਝ ਜਾਂਦੇ ਹਨ ਕਿ ਕੀ ਕਰਨਾ ਸਹੀ ਹੋਵੇਗਾ।”—ਕਹਾਉਤਾਂ 1:1-4.
17. ਮਾਤਾ-ਪਿਤਾ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਨ?
17 ਭੁੱਲਣਹਾਰ ਹੋਣ ਕਰਕੇ ਮਾਪੇ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਬਾਈਬਲ ਦੀ ਵਧੀਆ ਸਲਾਹ ਕਦੇ-ਕਦੇ ਲਾਗੂ ਨਹੀਂ ਕਰ ਪਾਉਂਦੇ। ਪਰ ਫਿਰ ਵੀ ਜੇ ਤੁਸੀਂ ਧੀਰਜ ਅਤੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰੋਗੇ, ਤਾਂ ਬੱਚਿਆਂ ਦੇ ਦਿਲਾਂ ਵਿਚ ਤੁਹਾਡੇ ਲਈ ਆਦਰ ਵਧੇਗਾ। ਯਹੋਵਾਹ ਤੁਹਾਡੀ ਮਿਹਨਤ ਤੇ ਜ਼ਰੂਰ ਬਰਕਤ ਪਾਵੇਗਾ। (ਕਹਾਉਤਾਂ 3:33) ਮਸੀਹੀ ਮਾਪਿਆਂ ਦਾ ਇਹੋ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਨੂੰ ਉੱਨਾ ਹੀ ਪਿਆਰ ਕਰਨ ਜਿੰਨਾ ਉਹ ਆਪ ਕਰਦੇ ਹਨ। ਉਹ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਨ? ਅਗਲੇ ਲੇਖ ਵਿਚ ਅਸੀਂ ਕੁਝ ਖ਼ਾਸ ਤਰੀਕਿਆਂ ਉੱਤੇ ਚਰਚਾ ਕਰਾਂਗੇ।
ਕੀ ਤੁਹਾਨੂੰ ਯਾਦ ਹੈ?
• ਧੀਰਜਵਾਨ ਬਣਨ ਲਈ ਬੱਚਿਆਂ ਨੂੰ ਸਮਝਣਾ ਕਿਉਂ ਜ਼ਰੂਰੀ ਹੈ?
• ਪਿਆਰ ਅਤੇ ਤਾੜਨਾ ਦਾ ਆਪਸ ਵਿਚ ਕੀ ਸੰਬੰਧ ਹੈ?
• ਇਹ ਕਿਉਂ ਜ਼ਰੂਰੀ ਹੈ ਕਿ ਮਾਪੇ ਤੇ ਬੱਚੇ ਆਪਸ ਵਿਚ ਖੁੱਲ੍ਹ ਕੇ ਗੱਲ ਕਰਨ?
[ਸਫ਼ਾ 23 ਉੱਤੇ ਤਸਵੀਰਾਂ]
ਮਾਪਿਓ, ਕੀ ਤੁਹਾਨੂੰ ਆਪਣਾ ਬਚਪਨ ਯਾਦ ਹੈ?
[ਸਫ਼ਾ 24 ਉੱਤੇ ਤਸਵੀਰ]
ਕੀ ਤੁਸੀਂ ਬੱਚਿਆਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਦਿੰਦੇ ਹੋ?