ਅਧਿਐਨ ਲੇਖ 47
ਇਕ-ਦੂਸਰੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖੀਏ?
“ਆਓ ਆਪਾਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੀਏ ਕਿਉਂਕਿ ਪਿਆਰ ਪਰਮੇਸ਼ੁਰ ਤੋਂ ਹੈ।”—1 ਯੂਹੰ. 4:7.
ਗੀਤ 109 ਦਿਲੋਂ ਗੂੜ੍ਹਾ ਪਿਆਰ ਕਰੋ
ਖ਼ਾਸ ਗੱਲਾਂa
1-2. (ੳ) ਪੌਲੁਸ ਰਸੂਲ ਨੇ ਕਿਉਂ ਕਿਹਾ ਕਿ ਪਿਆਰ “ਉੱਤਮ” ਗੁਣ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਜਦੋਂ ਪੌਲੁਸ ਰਸੂਲ ਨਿਹਚਾ, ਉਮੀਦ ਅਤੇ ਪਿਆਰ ਬਾਰੇ ਗੱਲ ਕਰ ਰਿਹਾ ਸੀ, ਤਾਂ ਅਖ਼ੀਰ ਵਿਚ ਉਸ ਨੇ ਕਿਹਾ: “ਇਨ੍ਹਾਂ ਤਿੰਨਾਂ [ਗੁਣਾਂ] ਵਿੱਚੋਂ ਪਿਆਰ ਉੱਤਮ ਹੈ।” (1 ਕੁਰਿੰ. 13:13) ਉਸ ਨੇ ਇੱਦਾਂ ਕਿਉਂ ਕਿਹਾ? ਭਵਿੱਖ ਵਿਚ ਸਾਨੂੰ ਨਵੀਂ ਦੁਨੀਆਂ ਬਾਰੇ ਪਰਮੇਸ਼ੁਰ ਦੇ ਵਾਅਦਿਆਂ ʼਤੇ ਨਿਹਚਾ ਕਰਨ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਉਨ੍ਹਾਂ ਦੇ ਪੂਰੇ ਹੋਣ ਦੀ ਉਮੀਦ ਰੱਖਣੀ ਪਵੇਗੀ ਕਿਉਂਕਿ ਉਸ ਵੇਲੇ ਉਹ ਵਾਅਦੇ ਪੂਰੇ ਹੋ ਚੁੱਕੇ ਹੋਣਗੇ। ਪਰ ਜਿੱਥੋਂ ਤਕ ਪਿਆਰ ਦੀ ਗੱਲ ਹੈ, ਸਾਨੂੰ ਯਹੋਵਾਹ ਤੇ ਦੂਜਿਆਂ ਨੂੰ ਹਮੇਸ਼ਾ ਪਿਆਰ ਦਿਖਾਉਂਦੇ ਰਹਿਣ ਦੀ ਲੋੜ ਪਵੇਗੀ। ਦਰਅਸਲ, ਦਿਨੋ-ਦਿਨ ਉਨ੍ਹਾਂ ਲਈ ਸਾਡਾ ਪਿਆਰ ਵਧਦਾ ਹੀ ਜਾਵੇਗਾ।
2 ਸਾਨੂੰ ਹਮੇਸ਼ਾ ਪਿਆਰ ਦਿਖਾਉਣ ਦੀ ਲੋੜ ਹੋਵੇਗੀ। ਇਸ ਲਈ ਅਸੀਂ ਤਿੰਨ ਸਵਾਲਾਂ ʼਤੇ ਗੌਰ ਕਰਾਂਗੇ। ਪਹਿਲਾ, ਸਾਨੂੰ ਇਕ-ਦੂਜੇ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ? ਦੂਜਾ, ਅਸੀਂ ਇਕ-ਦੂਜੇ ਲਈ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ? ਤੀਜਾ, ਅਸੀਂ ਇਕ-ਦੂਜੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ?
ਸਾਨੂੰ ਇਕ-ਦੂਜੇ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ?
3. ਸਾਨੂੰ ਇਕ-ਦੂਜੇ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ?
3 ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰੀਏ? ਇਸ ਦੇ ਕਈ ਕਾਰਨ ਹਨ, ਇਕ ਕਾਰਨ ਇਹ ਹੈ ਕਿ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਇਸ ਤੋਂ ਇਲਾਵਾ, ਜਦੋਂ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ, ਤਾਂ ਸਾਡੇ ਵਿਚ ਏਕਤਾ ਬਣੀ ਰਹਿੰਦੀ ਹੈ। ਪੌਲੁਸ ਨੇ ਕਿਹਾ: “ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁ. 3:14) ਪਰ ਇਕ-ਦੂਜੇ ਨੂੰ ਪਿਆਰ ਕਰਨ ਦਾ ਇਕ ਹੋਰ ਜ਼ਰੂਰੀ ਕਾਰਨ ਹੈ। ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ।” (1 ਯੂਹੰ. 4:21) ਇਸ ਦਾ ਮਤਲਬ ਜਦੋਂ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ, ਤਾਂ ਉਸੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ।
4-5. ਉਦਾਹਰਣ ਦੇ ਕੇ ਸਮਝਾਓ ਕਿ ਪਰਮੇਸ਼ੁਰ ਲਈ ਸਾਡੇ ਪਿਆਰ ਅਤੇ ਭੈਣਾਂ-ਭਰਾਵਾਂ ਲਈ ਸਾਡੇ ਪਿਆਰ ਦਾ ਆਪਸ ਵਿਚ ਕੀ ਸੰਬੰਧ ਹੈ।
4 ਪਰਮੇਸ਼ੁਰ ਲਈ ਸਾਡੇ ਪਿਆਰ ਅਤੇ ਭੈਣਾਂ-ਭਰਾਵਾਂ ਲਈ ਸਾਡੇ ਪਿਆਰ ਦਾ ਆਪਸ ਵਿਚ ਕੀ ਸੰਬੰਧ ਹੈ? ਇਸ ਨੂੰ ਸਮਝਣ ਲਈ ਇਸ ਗੱਲ ʼਤੇ ਗੌਰ ਕਰੋ ਕਿ ਦਿਲ ਦਾ ਸਾਡੇ ਸਰੀਰ ਦੇ ਬਾਕੀ ਅੰਗਾਂ ਨਾਲ ਕੀ ਸੰਬੰਧ ਹੈ। ਜਦੋਂ ਇਕ ਡਾਕਟਰ ਸਾਡੀ ਨਬਜ਼ ਦੇਖਦਾ ਹੈ, ਤਾਂ ਉਸ ਨੂੰ ਸਾਡੇ ਦਿਲ ਦੀ ਹਾਲਤ ਦਾ ਥੋੜ੍ਹਾ-ਬਹੁਤਾ ਪਤਾ ਲੱਗ ਜਾਂਦਾ ਹੈ। ਪਿਆਰ ਦੇ ਮਾਮਲੇ ਬਾਰੇ ਵੀ ਇਹ ਗੱਲ ਸੱਚ ਹੈ।
5 ਜਿੱਦਾਂ ਡਾਕਟਰ ਨੂੰ ਸਾਡੀ ਨਬਜ਼ ਦੇਖ ਕੇ ਸਾਡੇ ਦਿਲ ਦੀ ਹਾਲਤ ਬਾਰੇ ਪਤਾ ਲੱਗ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਭੈਣਾਂ-ਭਰਾਵਾਂ ਲਈ ਸਾਡੇ ਪਿਆਰ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਦੇ ਹਾਂ। ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਘੱਟ ਰਿਹਾ ਹੈ, ਤਾਂ ਸ਼ਾਇਦ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਲਈ ਵੀ ਸਾਡਾ ਪਿਆਰ ਘੱਟ ਰਿਹਾ ਹੈ। ਪਰ ਜੇ ਅਸੀਂ ਭੈਣਾਂ-ਭਰਾਵਾਂ ਨੂੰ ਲਗਾਤਾਰ ਪਿਆਰ ਦਿਖਾਉਂਦੇ ਹਾਂ, ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਵੀ ਬਹੁਤ ਪਿਆਰ ਕਰਦੇ ਹਾਂ।
6. ਜੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਘੱਟ ਰਿਹਾ ਹੈ, ਤਾਂ ਇਹ ਖ਼ਤਰੇ ਦੀ ਘੰਟੀ ਕਿਉਂ ਹੈ? (1 ਯੂਹੰਨਾ 4:7-9, 11)
6 ਜੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਘੱਟ ਰਿਹਾ ਹੈ, ਤਾਂ ਇਹ ਖ਼ਤਰੇ ਦੀ ਘੰਟੀ ਹੈ। ਕਿਉਂ? ਕਿਉਂਕਿ ਇਸ ਦਾ ਇਹ ਮਤਲਬ ਹੋਵੇਗਾ ਕਿ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋ ਰਿਹਾ ਹੈ। ਯੂਹੰਨਾ ਰਸੂਲ ਨੇ ਵੀ ਇਸ ਬਾਰੇ ਕੁਝ ਕਿਹਾ ਸੀ। ਉਸ ਨੇ ਲਿਖਿਆ: “ਜਿਹੜਾ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।” (1 ਯੂਹੰ. 4:20) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਯਹੋਵਾਹ ਉਦੋਂ ਹੀ ਸਾਡੇ ਤੋਂ ਖ਼ੁਸ਼ ਹੁੰਦਾ ਹੈ ਜਦੋਂ ਅਸੀਂ “ਇਕ-ਦੂਸਰੇ ਨਾਲ ਪਿਆਰ” ਕਰਦੇ ਹਾਂ।—1 ਯੂਹੰਨਾ 4:7-9, 11 ਪੜ੍ਹੋ।
ਅਸੀਂ ਇਕ-ਦੂਜੇ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ?
7-8. ਅਸੀਂ ਕਿਹੜੇ ਕੁਝ ਤਰੀਕਿਆਂ ਨਾਲ ਇਕ-ਦੂਜੇ ਨੂੰ ਪਿਆਰ ਦਿਖਾ ਸਕਦੇ ਹਾਂ?
7 ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਇਹ ਵਾਰ-ਵਾਰ ਹੁਕਮ ਦਿੱਤਾ ਗਿਆ ਹੈ ਕਿ ਅਸੀਂ “ਇਕ-ਦੂਜੇ ਨਾਲ ਪਿਆਰ” ਕਰੀਏ। (ਯੂਹੰ. 15:12, 17; ਰੋਮੀ. 13:8; 1 ਥੱਸ. 4:9; 1 ਪਤ. 1:22; 1 ਯੂਹੰ. 4:11) ਹੋ ਸਕਦਾ ਹੈ ਕਿ ਸਾਡੇ ਦਿਲ ਵਿਚ ਭੈਣਾਂ-ਭਰਾਵਾਂ ਲਈ ਪਿਆਰ ਹੋਵੇ। ਪਰ ਕੋਈ ਵੀ ਸਾਡਾ ਦਿਲ ਨਹੀਂ ਪੜ੍ਹ ਸਕਦਾ ਕਿ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ ਜਾਂ ਨਹੀਂ। ਇਸ ਲਈ ਸਾਨੂੰ ਪਿਆਰ ਜ਼ਾਹਰ ਕਰਨ ਦੀ ਲੋੜ ਹੈ। ਪਰ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ।
8 ਅਸੀਂ ਕਈ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ। ਬਾਈਬਲ ਕਹਿੰਦੀ ਹੈ: “ਇਕ-ਦੂਜੇ ਨਾਲ ਸੱਚ ਬੋਲੋ।” (ਜ਼ਕ. 8:16) “ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ।” (ਮਰ. 9:50) “ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।” (ਰੋਮੀ. 12:10) “ਇਕ-ਦੂਜੇ ਨੂੰ ਕਬੂਲ ਕਰੋ।” (ਰੋਮੀ. 15:7) “ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” (ਕੁਲੁ. 3:13) “ਇਕ-ਦੂਜੇ ਦਾ ਬੋਝ ਉਠਾਉਂਦੇ ਰਹੋ।” (ਗਲਾ. 6:2) “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।” (1 ਥੱਸ. 4:18) “ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।” (1 ਥੱਸ. 5:11) “ਇਕ-ਦੂਜੇ ਲਈ ਪ੍ਰਾਰਥਨਾ ਕਰੋ।”—ਯਾਕੂ. 5:16.
9. ਦੂਜਿਆਂ ਨੂੰ ਦਿਲਾਸਾ ਦੇਣਾ ਪਿਆਰ ਦਿਖਾਉਣ ਦਾ ਅਹਿਮ ਤਰੀਕਾ ਕਿਉਂ ਹੈ? (ਤਸਵੀਰ ਵੀ ਦੇਖੋ।)
9 ਆਓ ਅਸੀਂ ਇਕ ਤਰੀਕੇ ʼਤੇ ਗੌਰ ਕਰੀਏ ਜਿਸ ਨਾਲ ਅਸੀਂ ਦੂਜਿਆਂ ਨੂੰ ਪਿਆਰ ਦਿਖਾ ਸਕਦੇ ਹਾਂ। ਅਸੀਂ ਪੌਲੁਸ ਦੀ ਇਸ ਸਲਾਹ ʼਤੇ ਗੌਰ ਕਰਾਂਗੇ ਕਿ “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।” ਦਿਲਾਸਾ ਦੇਣਾ ਪਿਆਰ ਦਿਖਾਉਣ ਦਾ ਇਕ ਅਹਿਮ ਤਰੀਕਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਕ ਕਿਤਾਬ ਵਿਚ ਬਾਈਬਲ ਦੀ ਇਸ ਆਇਤ ਬਾਰੇ ਦੱਸਿਆ ਗਿਆ ਹੈ ਕਿ ਜਿਸ ਸ਼ਬਦ ਦਾ ਅਨੁਵਾਦ “ਦਿਲਾਸਾ” ਦੇਣਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਇਕ ਵਿਅਕਤੀ ਦੇ ਨਾਲ ਖੜ੍ਹੇ ਹੋ ਕੇ ਉਸ ਨੂੰ ਹੌਸਲਾ ਦੇਣਾ ਜੋ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਿਹਾ ਹੈ।” ਸੋ ਜਦੋਂ ਅਸੀਂ ਕਿਸੇ ਨਿਰਾਸ਼ ਭੈਣ-ਭਰਾ ਨੂੰ ਦਿਲਾਸਾ ਦਿੰਦੇ ਹਾਂ, ਤਾਂ ਅਸੀਂ ਉਸ ਦੀ ਮਦਦ ਕਰ ਰਹੇ ਹੁੰਦੇ ਹਾਂ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹੇ। ਹਰ ਵਾਰ ਜਦੋਂ ਅਸੀਂ ਕਿਸੇ ਨਿਰਾਸ਼ ਭੈਣ ਜਾਂ ਭਰਾ ਦੀ ਗੱਲ ਸੁਣਨ ਲਈ ਹਾਜ਼ਰ ਹੁੰਦੇ ਹਾਂ ਅਤੇ ਉਸ ਨੂੰ ਆਪਣਾ ਦਿਲ ਖੋਲ੍ਹਣ ਦਾ ਮੌਕਾ ਦਿੰਦੇ ਹਾਂ, ਤਾਂ ਦਰਅਸਲ ਅਸੀਂ ਉਸ ਨੂੰ ਪਿਆਰ ਦਿਖਾ ਰਹੇ ਹੁੰਦੇ ਹਾਂ।—2 ਕੁਰਿੰ. 7:6, 7, 13.
10. ਹਮਦਰਦੀ ਰੱਖਣ ਅਤੇ ਦੂਜਿਆਂ ਨੂੰ ਦਿਲਾਸਾ ਦੇਣ ਦਾ ਆਪਸ ਵਿਚ ਕੀ ਸੰਬੰਧ ਹੈ?
10 ਹਮਦਰਦੀ ਰੱਖਣ ਅਤੇ ਦੂਜਿਆਂ ਨੂੰ ਦਿਲਾਸਾ ਦੇਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਕਿੱਦਾਂ? ਇਕ ਹਮਦਰਦ ਇਨਸਾਨ ਦੂਜਿਆਂ ਦੇ ਦਰਦ ਨੂੰ ਸਮਝਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਸਾਡੇ ਦਿਲ ਵਿਚ ਦੂਜਿਆਂ ਲਈ ਹਮਦਰਦੀ ਹੋਵੇਗੀ, ਤਾਂ ਹੀ ਅਸੀਂ ਉਨ੍ਹਾਂ ਨੂੰ ਦਿਲਾਸਾ ਦੇਵਾਂਗੇ। ਇੱਥੇ ਪੌਲੁਸ ਨੇ ਸਮਝਾਇਆ ਕਿ ਲੋਕਾਂ ਨਾਲ ਹਮਦਰਦੀ ਹੋਣ ਕਰਕੇ ਯਹੋਵਾਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। ਉਸ ਨੇ ਕਿਹਾ ਕਿ ਯਹੋਵਾਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰ. 1:3) ਇੱਥੇ “ਦਇਆ” ਦਾ ਮਤਲਬ ਹੈ, ਦੂਜਿਆਂ ਲਈ ਹਮਦਰਦੀ ਮਹਿਸੂਸ ਕਰਨੀ। ਇਸੇ ਲਈ ਪਰਮੇਸ਼ੁਰ ਨੂੰ ਦਇਆ ਦਾ ਪਿਤਾ ਜਾਂ ਸੋਮਾ ਕਿਹਾ ਗਿਆ ਹੈ ਕਿਉਂਕਿ ਉਸ ਨੂੰ ਲੋਕਾਂ ਨਾਲ ਬਹੁਤ ਹਮਦਰਦੀ ਹੈ। ਨਾਲੇ ਹਮਦਰਦੀ ਹੋਣ ਕਰਕੇ ਹੀ ਉਹ ਸਾਡੀਆਂ “ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ” ਦਿੰਦਾ ਹੈ। (2 ਕੁਰਿੰ. 1:4) ਜਿੱਦਾਂ ਇਕ ਪਾਣੀ ਦੇ ਚਸ਼ਮੇ ਤੋਂ ਪਾਣੀ ਪੀ ਕੇ ਪਿਆਸੇ ਲੋਕਾਂ ਨੂੰ ਤਾਜ਼ਗੀ ਮਿਲਦੀ ਹੈ, ਉਸੇ ਤਰ੍ਹਾਂ ਯਹੋਵਾਹ ਤੋਂ ਦਿਲਾਸਾ ਪਾ ਕੇ ਨਿਰਾਸ਼ ਲੋਕਾਂ ਨੂੰ ਤਾਜ਼ਗੀ ਮਿਲਦੀ ਹੈ। ਯਹੋਵਾਹ ਵਾਂਗ ਸਾਡੇ ਦਿਲ ਵਿਚ ਵੀ ਲੋਕਾਂ ਲਈ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਵੀ ਉਨ੍ਹਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਆਪਣੇ ਅੰਦਰ ਅਜਿਹੇ ਗੁਣ ਵਧਾ ਸਕਦੇ ਹਾਂ ਜਿਨ੍ਹਾਂ ਨਾਲ ਸਾਡਾ ਦਿਲ ਕਰੇ ਕਿ ਅਸੀਂ ਲੋਕਾਂ ਨੂੰ ਦਿਲਾਸਾ ਦੇਈਏ। ਆਓ ਦੇਖੀਏ ਕਿ ਇਹ ਗੁਣ ਕਿਹੜੇ ਹਨ।
11. ਕੁਲੁੱਸੀਆਂ 3:12 ਅਤੇ 1 ਪਤਰਸ 3:8 ਮੁਤਾਬਕ ਇਕ-ਦੂਸਰੇ ਨੂੰ ਪਿਆਰ ਕਰਦੇ ਰਹਿਣ ਅਤੇ ਦਿਲਾਸਾ ਦਿੰਦੇ ਰਹਿਣ ਲਈ ਸਾਨੂੰ ਆਪਣੇ ਵਿਚ ਹੋਰ ਕਿਹੜੇ ਗੁਣ ਵਧਾਉਣ ਦੀ ਲੋੜ ਹੈ?
11 ਇਕ-ਦੂਸਰੇ ਨੂੰ ਪਿਆਰ ਕਰਦੇ ਰਹਿਣ ਅਤੇ “ਦਿਲਾਸਾ ਦਿੰਦੇ ਰਹਿਣ” ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦੇਣ ਦੀ ਲੋੜ ਹੈ, ਭਰਾਵਾਂ ਵਾਂਗ ਪਿਆਰ ਕਰਨ ਅਤੇ ਦਇਆ ਦਿਖਾਉਣ ਦੀ ਲੋੜ ਹੈ। (ਕੁਲੁੱਸੀਆਂ 3:12; 1 ਪਤਰਸ 3:8 ਪੜ੍ਹੋ।) ਇਹ ਗੁਣ ਸਾਡੀ ਕਿੱਦਾਂ ਮਦਦ ਕਰਨਗੇ? ਜਦੋਂ ਇਹ ਗੁਣ ਸਾਡੇ ਸੁਭਾਅ ਦਾ ਹਿੱਸਾ ਬਣ ਜਾਣਗੇ, ਤਾਂ ਅਸੀਂ ਦੂਜਿਆਂ ਨੂੰ ਦੁੱਖ ਵਿਚ ਦੇਖ ਹੀ ਨਹੀਂ ਸਕਾਂਗੇ ਤੇ ਫ਼ੌਰਨ ਉਨ੍ਹਾਂ ਨੂੰ ਦਿਲਾਸਾ ਦੇਵਾਂਗੇ। ਨਾਲੇ ਯਿਸੂ ਨੇ ਵੀ ਕਿਹਾ ਸੀ ਕਿ “ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ। ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ।” (ਮੱਤੀ 12:34, 35) ਜਿਹੜੇ ਭੈਣ-ਭਰਾ ਕਿਸੇ ਤਕਲੀਫ਼ ਵਿਚ ਹਨ, ਉਨ੍ਹਾਂ ਨੂੰ ਦਿਲਾਸਾ ਦੇਣਾ ਬਹੁਤ ਜ਼ਰੂਰੀ ਹੈ। ਇਸ ਨਾਲ ਉਹ ਜਾਣ ਸਕਣਗੇ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ।
ਅਸੀਂ ਇਕ-ਦੂਜੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ?
12. (ੳ) ਸਾਨੂੰ ਕਿਉਂ ਖ਼ਬਰਦਾਰ ਰਹਿਣ ਦੀ ਲੋੜ ਹੈ? (ਅ) ਅਸੀਂ ਹੁਣ ਕਿਹੜੇ ਸਵਾਲ ʼਤੇ ਗੌਰ ਕਰਾਂਗੇ?
12 ਅਸੀਂ ਸਾਰੇ ਹੀ “ਇਕ-ਦੂਸਰੇ ਨੂੰ ਪਿਆਰ ਕਰਦੇ” ਰਹਿਣਾ ਚਾਹੁੰਦੇ ਹਾਂ। (1 ਯੂਹੰ. 4:7) ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਇਕ ਸਮਾਂ ਅਜਿਹਾ ਆਵੇਗਾ ਜਦੋਂ “ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।” (ਮੱਤੀ 24:12) ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਉਸ ਦੇ ਜ਼ਿਆਦਾਤਰ ਚੇਲਿਆਂ ਦਾ ਪਿਆਰ ਠੰਢਾ ਪੈ ਜਾਵੇਗਾ। ਪਰ ਜੇ ਦੁਨੀਆਂ ਦੇ ਲੋਕਾਂ ਦੀ ਗੱਲ ਕਰੀਏ, ਤਾਂ ਅੱਜ ਇੱਦਾਂ ਹੀ ਹੋ ਰਿਹਾ ਹੈ। ਉਨ੍ਹਾਂ ਵਿਚ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਲਈ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ ਕਿ ਕਿਤੇ ਅਸੀਂ ਵੀ ਉਨ੍ਹਾਂ ਵਰਗੇ ਨਾ ਬਣ ਜਾਈਏ। ਤਾਂ ਫਿਰ ਆਓ ਇਕ ਜ਼ਰੂਰੀ ਸਵਾਲ ʼਤੇ ਧਿਆਨ ਦੇਈਏ: ਅਸੀਂ ਇਹ ਕਿੱਦਾਂ ਜਾਣ ਸਕਦੇ ਹਾਂ ਕਿ ਅਸੀਂ ਅਜੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ?
13. ਅਸੀਂ ਇਹ ਕਿੱਦਾਂ ਜਾਣ ਸਕਦੇ ਹਾਂ ਕਿ ਅਸੀਂ ਭੈਣਾਂ-ਭਰਾਵਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ?
13 ਅਸੀਂ ਭੈਣਾਂ-ਭਰਾਵਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ? ਇਹ ਜਾਣਨ ਦਾ ਇਕ ਤਰੀਕਾ ਹੈ, ਇਸ ਗੱਲ ʼਤੇ ਧਿਆਨ ਦੇਣਾ ਕਿ ਕੁਝ ਹਾਲਾਤਾਂ ਵਿਚ ਸਾਡਾ ਰਵੱਈਆ ਕਿਹੋ ਜਿਹਾ ਹੁੰਦਾ ਹੈ। (2 ਕੁਰਿੰ. 8:8) ਇਸ ਬਾਰੇ ਪਤਰਸ ਰਸੂਲ ਨੇ ਕਿਹਾ: “ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਦੇ ਬਹੁਤ ਸਾਰੇ ਪਾਪ ਢੱਕ ਲੈਂਦੇ ਹਨ।” (1 ਪਤ. 4:8, ਫੁਟਨੋਟ) ਇਸ ਦਾ ਮਤਲਬ ਕਿ ਜਦੋਂ ਸਾਡੇ ਕਿਸੇ ਭੈਣ ਜਾਂ ਭਰਾ ਤੋਂ ਗ਼ਲਤੀ ਹੋ ਜਾਂਦੀ ਹੈ ਜਾਂ ਉਹ ਕੁਝ ਅਜਿਹਾ ਕਰ ਦਿੰਦੇ ਹਨ ਜਿਸ ਤੋਂ ਸਾਨੂੰ ਠੇਸ ਪਹੁੰਚਦੀ ਹੈ, ਤਾਂ ਉਸ ਵੇਲੇ ਸਾਡੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ।
14. ਪਹਿਲਾ ਪਤਰਸ 4:8 ਮੁਤਾਬਕ ਸਾਨੂੰ ਭੈਣਾਂ-ਭਰਾਵਾਂ ਨਾਲ ਕਿੱਦਾਂ ਦਾ ਪਿਆਰ ਕਰਨਾ ਚਾਹੀਦਾ ਹੈ? ਇਕ ਮਿਸਾਲ ਦੇ ਕੇ ਸਮਝਾਓ।
14 ਆਓ ਆਪਾਂ ਪਤਰਸ ਦੇ ਸ਼ਬਦਾਂ ʼਤੇ ਧਿਆਨ ਦੇਈਏ। ਆਇਤ 8 ਦੇ ਪਹਿਲੇ ਹਿੱਸੇ ਵਿਚ ਪਤਰਸ ਨੇ ਕਿਹਾ ਕਿ ਸਾਨੂੰ ਇਕ-ਦੂਜੇ ਨਾਲ “ਗੂੜ੍ਹਾ ਪਿਆਰ” ਕਰਨਾ ਚਾਹੀਦਾ ਹੈ। ਇੱਥੇ ਪਤਰਸ ਨੇ ਜਿਹੜੇ ਪਿਆਰ ਦੀ ਗੱਲ ਕੀਤੀ, ਉਸ ਲਈ ਉਸ ਨੇ ਜੋ ਯੂਨਾਨੀ ਸ਼ਬਦ ਵਰਤਿਆ, ਉਸ ਦਾ ਮਤਲਬ ਹੈ, “ਖਿੱਚ ਕੇ ਫੈਲਾਉਣਾ।” ਆਇਤ ਦੇ ਦੂਜੇ ਹਿੱਸੇ ਵਿਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਇੱਦਾਂ ਦਾ ਗੂੜ੍ਹਾ ਪਿਆਰ ਕਰਦੇ ਹਾਂ, ਤਾਂ ਕੀ ਹੁੰਦਾ ਹੈ। ਇਹ ਪਿਆਰ ਉਨ੍ਹਾਂ ਦੇ ਸਾਰੇ ਪਾਪ ਢੱਕ ਲੈਂਦਾ ਹੈ। ਇਸ ਗੱਲ ਨੂੰ ਸਮਝਣ ਲਈ ਇਕ ਮਿਸਾਲ ਲਓ। ਕਲਪਨਾ ਕਰੋ ਕਿ ਇਕ ਮੇਜ਼ ʼਤੇ ਕਾਫ਼ੀ ਦਾਗ਼-ਧੱਬੇ ਹਨ। ਤੁਸੀਂ ਇਕ ਕੱਪੜਾ ਲੈਂਦੇ ਹੋ ਅਤੇ ਉਸ ਨੂੰ ਖਿੱਚ ਕੇ ਮੇਜ਼ ʼਤੇ ਵਿਛਾ ਦਿੰਦੇ ਹੋ। ਇਸ ਨਾਲ ਇਕ ਜਾਂ ਦੋ ਦਾਗ਼ ਨਹੀਂ, ਸਗੋਂ ਸਾਰੇ ਹੀ ਦਾਗ਼ ਢਕੇ ਜਾਂਦੇ ਹਨ। ਇਸੇ ਤਰ੍ਹਾਂ ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੀਆਂ ਇਕ ਜਾਂ ਦੋ ਗ਼ਲਤੀਆਂ ਨਹੀਂ, ਸਗੋਂ “ਬਹੁਤ ਸਾਰੇ ਪਾਪ ਢੱਕ” ਲੈਂਦੇ ਹਾਂ ਯਾਨੀ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹਾਂ।
15. ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਕੀ ਕਰ ਸਕਾਂਗੇ? (ਕੁਲੁੱਸੀਆਂ 3:13)
15 ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਇੰਨਾ ਕੁ ਗੂੜ੍ਹਾ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਉਦੋਂ ਵੀ ਮਾਫ਼ ਕਰ ਸਕੀਏ, ਜਦੋਂ ਸਾਡੇ ਲਈ ਇੱਦਾਂ ਕਰਨਾ ਔਖਾ ਹੋਵੇ। (ਕੁਲੁੱਸੀਆਂ 3:13 ਪੜ੍ਹੋ।) ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਮਾਫ਼ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਪਰ ਅਸੀਂ ਹੋਰ ਕੀ ਕਰ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਖਿੱਝ ਚੜ੍ਹਾਉਣ ਵਾਲੀਆਂ ਆਦਤਾਂ ਜਾਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਸਕੀਏ?
16-17. ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਦੂਜਿਆਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਸਕੀਏ? ਇਕ ਮਿਸਾਲ ਦੇ ਕੇ ਸਮਝਾਓ। (ਤਸਵੀਰ ਵੀ ਦੇਖੋ।)
16 ਭੈਣਾਂ-ਭਰਾਵਾਂ ਦੀਆਂ ਚੰਗੀਆਂ ਆਦਤਾਂ ਅਤੇ ਖੂਬੀਆਂ ʼਤੇ ਧਿਆਨ ਦਿਓ, ਨਾ ਕਿ ਉਨ੍ਹਾਂ ਦੀਆਂ ਖ਼ਾਮੀਆਂ ʼਤੇ। ਸੋਚੋ ਕਿ ਤੁਸੀਂ ਕੁਝ ਭੈਣਾਂ-ਭਰਾਵਾਂ ਨਾਲ ਇਕੱਠੇ ਹੋਏ ਹੋ ਅਤੇ ਚੰਗਾ ਸਮਾਂ ਬਿਤਾ ਰਹੇ ਹੋ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਰਿਆਂ ਨਾਲ ਫੋਟੋ ਖਿੱਚਦੇ ਹੋ। ਪਰ ਤੁਸੀਂ ਇਕ ਨਹੀਂ ਸਗੋਂ ਦੋ-ਤਿੰਨ ਫੋਟੋਆਂ ਖਿੱਚ ਲੈਂਦੇ ਹੋ, ਤਾਂਕਿ ਜੇ ਕੋਈ ਫੋਟੋ ਖ਼ਰਾਬ ਆਈ, ਤਾਂ ਤੁਹਾਡੇ ਕੋਈ ਤਾਂ ਚੰਗੀ ਫੋਟੋ ਹੋਵੇ। ਫਿਰ ਬਾਅਦ ਵਿਚ ਤੁਸੀਂ ਦੇਖਦੇ ਹੋ ਕਿ ਇਕ ਫੋਟੋ ਵਿਚ ਇਕ ਭਰਾ ਦੀ ਸ਼ਕਲ ਅਜੀਬ ਜਿਹੀ ਆਈ ਹੈ। ਫਿਰ ਤੁਸੀਂ ਕੀ ਕਰਦੇ ਹੋ? ਤੁਸੀਂ ਉਹ ਫੋਟੋ ਡਿਲੀਟ ਕਰ ਦਿੰਦੇ ਹੋ ਕਿਉਂਕਿ ਤੁਹਾਡੇ ਕੋਲ ਹੋਰ ਦੋ ਫੋਟੋਆਂ ਹਨ ਜਿਸ ਵਿਚ ਉਹ ਭਰਾ ਅਤੇ ਬਾਕੀ ਸਾਰੇ ਭੈਣ-ਭਰਾ ਮੁਸਕਰਾ ਰਹੇ ਹਨ।
17 ਸਾਂਭੀਆਂ ਗਈਆਂ ਫੋਟੋਆਂ ਉਨ੍ਹਾਂ ਯਾਦਾਂ ਵਾਂਗ ਹਨ ਜਿਨ੍ਹਾਂ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਭੈਣਾਂ-ਭਰਾਵਾਂ ਨਾਲ ਬਿਤਾਏ ਪਲਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹੁੰਦੀਆਂ ਹਨ। ਪਰ ਮੰਨ ਲਓ ਇੱਦਾਂ ਦੇ ਇਕ ਮੌਕੇ ʼਤੇ ਕੋਈ ਭੈਣ ਜਾਂ ਭਰਾ ਕੁਝ ਅਜਿਹਾ ਕਹਿ ਦਿੰਦਾ ਹੈ ਜਾਂ ਕਰ ਦਿੰਦਾ ਹੈ ਜਿਸ ਨਾਲ ਤੁਹਾਨੂੰ ਬੁਰਾ ਲੱਗਦਾ ਹੈ। ਉਸ ਵੇਲੇ ਤੁਸੀਂ ਕੀ ਕਰੋਗੇ? ਕਿਉਂ ਨਾ ਉਸ ਕੌੜੀ ਯਾਦ ਨੂੰ ਭੁਲਾ ਦਿਓ ਜਿਵੇਂ ਅਸੀਂ ਖ਼ਰਾਬ ਫੋਟੋ ਨੂੰ ਡਿਲੀਟ ਕਰ ਦਿੰਦੇ ਹਾਂ। (ਕਹਾ. 19:11; ਅਫ਼. 4:32) ਅਸੀਂ ਉਸ ਭੈਣ ਜਾਂ ਭਰਾ ਦੀਆਂ ਛੋਟੀਆਂ-ਗ਼ਲਤੀਆਂ ਮਾਫ਼ ਕਰ ਸਕਦੇ ਹਾਂ ਜਾਂ ਉਸ ਕੌੜੀ ਯਾਦ ਨੂੰ ਡਿਲੀਟ ਕਰ ਸਕਦੇ ਹਾਂ ਕਿਉਂਕਿ ਉਸ ਭੈਣ ਜਾਂ ਭਰਾ ਨਾਲ ਬਿਤਾਏ ਪਲਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹਨ। ਅਸੀਂ ਸਾਰੇ ਜਣੇ ਇੱਦਾਂ ਦੀਆਂ ਹੀ ਚੰਗੀਆਂ ਤੇ ਮਿੱਠੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਾਂ।
ਅੱਜ ਇਕ-ਦੂਜੇ ਨੂੰ ਪਿਆਰ ਕਰਨਾ ਹੋਰ ਵੀ ਜ਼ਰੂਰੀ ਕਿਉਂ ਹੈ?
18. ਅਸੀਂ ਇਸ ਲੇਖ ਵਿਚ ਪਿਆਰ ਬਾਰੇ ਕਿਹੜੀਆਂ ਖ਼ਾਸ ਗੱਲਾਂ ਦੇਖੀਆਂ?
18 ਸਾਨੂੰ ਇਕ-ਦੂਜੇ ਲਈ ਆਪਣਾ ਪਿਆਰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਕਿਉਂ? ਜਿੱਦਾਂ ਅਸੀਂ ਇਸ ਲੇਖ ਵਿਚ ਦੇਖਿਆ ਕਿ ਜਦੋਂ ਅਸੀਂ ਇਕ-ਦੂਜੇ ਲਈ ਪਿਆਰ ਜ਼ਾਹਰ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਅਸੀਂ ਇਕ-ਦੂਜੇ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ? ਇਕ ਤਰੀਕਾ ਹੈ, ਇਕ-ਦੂਜੇ ਨੂੰ ਦਿਲਾਸਾ ਦੇ ਕੇ। ਅਸੀਂ “ਇਕ-ਦੂਜੇ ਨੂੰ ਦਿਲਾਸਾ” ਉਦੋਂ ਹੀ ਦੇ ਸਕਦੇ ਹਾਂ ਜਦੋਂ ਸਾਡੇ ਦਿਲ ਵਿਚ ਉਨ੍ਹਾਂ ਲਈ ਹਮਦਰਦੀ ਹੋਵੇਗੀ। ਅਸੀਂ ਇਕ-ਦੂਜੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ? ਦੂਜਿਆਂ ਨੂੰ ਮਾਫ਼ ਕਰ ਕੇ, ਉਦੋਂ ਵੀ ਜਦੋਂ ਸਾਨੂੰ ਇੱਦਾਂ ਕਰਨਾ ਔਖਾ ਲੱਗਦਾ ਹੈ।
19. ਅੱਜ ਇਕ-ਦੂਜੇ ਨੂੰ ਪਿਆਰ ਕਰਨਾ ਹੋਰ ਵੀ ਜ਼ਰੂਰੀ ਕਿਉਂ ਹੈ?
19 ਇਕ-ਦੂਜੇ ਨੂੰ ਪਿਆਰ ਕਰਨਾ ਖ਼ਾਸ ਕਰਕੇ ਅੱਜ ਹੋਰ ਵੀ ਜ਼ਰੂਰੀ ਕਿਉਂ ਹੈ? ਧਿਆਨ ਦਿਓ ਕਿ ਪਤਰਸ ਨੇ ਕੀ ਕਿਹਾ। ਉਸ ਨੇ ਲਿਖਿਆ: “ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ। ਇਸ ਲਈ . . . ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ।” (1 ਪਤ. 4:7, 8) ਜਿੱਦਾਂ-ਜਿੱਦਾਂ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਸਾਨੂੰ ਕਿਸ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।” (ਮੱਤੀ 24:9) ਨਾਲੇ ਸ਼ੈਤਾਨ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਰਹੇਗਾ। ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਅਸੀਂ ਉਦੋਂ ਹੀ ਕਰ ਸਕਾਂਗੇ ਜਦੋਂ ਸਾਡੇ ਵਿਚ ਏਕਤਾ ਹੋਵੇਗੀ। ਇਹ ਏਕਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਸਾਡੇ ਵਿਚ ਪਿਆਰ ਹੋਵੇ। ਇਹ “ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”—ਕੁਲੁ. 3:14; ਫ਼ਿਲਿ. 2:1, 2.
ਗੀਤ 130 ਦਿਲੋਂ ਮਾਫ਼ ਕਰੋ
a ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਈਏ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਕ-ਦੂਜੇ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ?