ਅਧਿਐਨ ਲੇਖ 48
ਔਖੀਆਂ ਘੜੀਆਂ ਦੌਰਾਨ ਵੀ ਯਹੋਵਾਹ ʼਤੇ ਭਰੋਸਾ ਰੱਖੋ
“‘ਦਲੇਰ ਬਣੋ, . . . ਕਿਉਂਕਿ ਮੈਂ ਤੁਹਾਡੇ ਨਾਲ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”—ਹੱਜ. 2:4.
ਗੀਤ 118 “ਸਾਨੂੰ ਹੋਰ ਨਿਹਚਾ ਦੇ”
ਖ਼ਾਸ ਗੱਲਾਂa
1-2. (ੳ) ਯਹੂਦੀਆਂ ਵਾਂਗ ਅੱਜ ਸਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਦੱਸੋ ਕਿ ਯਹੂਦੀਆਂ ਨੂੰ ਕਿਹੜੀਆਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। (“ਹੱਜਈ, ਜ਼ਕਰਯਾਹ ਅਤੇ ਅਜ਼ਰਾ ਦੇ ਜ਼ਮਾਨੇ ਵਿਚ” ਨਾਂ ਦੀ ਡੱਬੀ ਦੇਖੋ।)
ਕੀ ਤੁਹਾਨੂੰ ਵੀ ਕਦੇ-ਕਦੇ ਭਵਿੱਖ ਦੀ ਚਿੰਤਾ ਹੁੰਦੀ ਹੈ? ਸ਼ਾਇਦ ਤੁਹਾਡੀ ਨੌਕਰੀ ਚਲੀ ਗਈ ਹੋਵੇ ਤੇ ਤੁਹਾਨੂੰ ਚਿੰਤਾ ਹੋਵੇ ਕਿ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰੇਗਾ। ਜਾਂ ਸ਼ਾਇਦ ਰਾਜਨੀਤਿਕ ਤੌਰ ʼਤੇ ਹਲਚਲ ਮਚੀ ਹੋਵੇ ਜਾਂ ਪ੍ਰਚਾਰ ਦੇ ਕੰਮ ਕਰਕੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਹੋਵੇ ਜਾਂ ਤੁਹਾਨੂੰ ਸਤਾਇਆ ਜਾ ਰਿਹਾ ਹੋਵੇ ਜਿਸ ਕਰਕੇ ਤੁਹਾਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਹੋਵੇ। ਸੱਚ-ਮੁੱਚ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਬਹੁਤ ਔਖਾ ਹੁੰਦਾ ਹੈ। ਪੁਰਾਣੇ ਸਮੇਂ ਦੇ ਯਹੂਦੀਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਆਓ ਦੇਖੀਏ ਕਿ ਉਸ ਸਮੇਂ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ।
2 ਕੁਝ ਯਹੂਦੀ ਕਾਫ਼ੀ ਸਮੇਂ ਤੋਂ ਬਾਬਲ ਵਿਚ ਰਹਿ ਰਹੇ ਸਨ ਅਤੇ ਆਰਾਮਦਾਇਕ ਜ਼ਿੰਦਗੀ ਜੀ ਰਹੇ ਸਨ। ਪਰ ਹੁਣ ਉਨ੍ਹਾਂ ਨੇ ਬਾਬਲ ਛੱਡ ਕੇ ਯਰੂਸ਼ਲਮ ਜਾਣਾ ਸੀ, ਇਕ ਅਜਿਹੀ ਜਗ੍ਹਾ ਜਿਸ ਬਾਰੇ ਉਹ ਬਹੁਤ ਘੱਟ ਜਾਣਦੇ ਸਨ। ਇਸ ਕਰਕੇ ਉਨ੍ਹਾਂ ਨੂੰ ਬਹੁਤ ਨਿਹਚਾ ਦੀ ਲੋੜ ਸੀ। ਨਾਲੇ ਜਦੋਂ ਉਹ ਯਰੂਸ਼ਲਮ ਪਹੁੰਚੇ, ਤਾਂ ਜਲਦੀ ਹੀ ਉਨ੍ਹਾਂ ਨੂੰ ਪੈਸੇ ਦੀ ਤੰਗੀ ਝੱਲਣੀ ਪਈ, ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਅਤੇ ਉੱਥੇ ਰਾਜਨੀਤਿਕ ਹਲਚਲ ਵੀ ਹੋ ਰਹੀ ਸੀ। ਇਸ ਲਈ ਕੁਝ ਜਣਿਆਂ ਨੂੰ ਮੰਦਰ ਬਣਾਉਣ ਦੇ ਕੰਮ ʼਤੇ ਧਿਆਨ ਲਾਉਣਾ ਔਖਾ ਲੱਗ ਰਿਹਾ ਸੀ। ਪਰ ਫਿਰ ਤਕਰੀਬਨ 520 ਈਸਵੀ ਪੂਰਵ ਵਿਚ ਯਹੋਵਾਹ ਨੇ ਹੱਜਈ ਤੇ ਜ਼ਕਰਯਾਹ ਨਾਂ ਦੇ ਦੋ ਨਬੀਆਂ ਨੂੰ ਯਰੂਸ਼ਲਮ ਭੇਜਿਆ ਤਾਂਕਿ ਉਹ ਜਾ ਕੇ ਲੋਕਾਂ ਵਿਚ ਦੁਬਾਰਾ ਤੋਂ ਜੋਸ਼ ਭਰਨ। (ਹੱਜ. 1:1; ਜ਼ਕ. 1:1) ਅਸੀਂ ਅੱਗੇ ਚੱਲ ਕੇ ਦੇਖਾਂਗੇ ਕਿ ਇਨ੍ਹਾਂ ਨਬੀਆਂ ਵੱਲੋਂ ਦਿੱਤੇ ਹੌਸਲੇ ਦਾ ਯਹੂਦੀਆਂ ਨੂੰ ਕੀ ਫ਼ਾਇਦਾ ਹੋਇਆ। ਪਰ ਇਸ ਤੋਂ ਲਗਭਗ 50 ਸਾਲਾਂ ਬਾਅਦ ਇਨ੍ਹਾਂ ਯਹੂਦੀਆਂ ਨੂੰ ਫਿਰ ਤੋਂ ਹੌਸਲੇ ਦੀ ਲੋੜ ਪਈ। ਫਿਰ ਯਹੋਵਾਹ ਨੇ ਕਾਨੂੰਨ ਦੇ ਮਾਹਰ ਨਕਲਨਵੀਸ ਅਜ਼ਰਾ ਨੂੰ ਬਾਬਲ ਤੋਂ ਯਰੂਸ਼ਲਮ ਭੇਜਿਆ। ਅਜ਼ਰਾ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦੇਣ ਦੀ ਹੱਲਾਸ਼ੇਰੀ ਦਿੱਤੀ।—ਅਜ਼. 7:1, 6.
3. ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ? (ਕਹਾਉਤਾਂ 22:19)
3 ਪੁਰਾਣੇ ਸਮੇਂ ਵਿਚ ਹੱਜਈ ਅਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਕਰਕੇ ਪਰਮੇਸ਼ੁਰ ਦੇ ਲੋਕਾਂ ਨੇ ਵਿਰੋਧ ਦੇ ਬਾਵਜੂਦ ਵੀ ਯਹੋਵਾਹ ʼਤੇ ਭਰੋਸਾ ਬਣਾਈ ਰੱਖਿਆ। ਅੱਜ ਇਨ੍ਹਾਂ ਭਵਿੱਖਬਾਣੀਆਂ ਤੋਂ ਸਾਨੂੰ ਵੀ ਔਖੀਆਂ ਘੜੀਆਂ ਦੌਰਾਨ ਯਹੋਵਾਹ ʼਤੇ ਭਰੋਸਾ ਬਣਾਈ ਰੱਖਣ ਵਿਚ ਮਦਦ ਮਿਲ ਸਕਦੀ ਹੈ। (ਕਹਾਉਤਾਂ 22:19 ਪੜ੍ਹੋ।) ਆਓ ਦੇਖੀਏ ਕਿ ਹੱਜਈ ਅਤੇ ਜ਼ਕਰਯਾਹ ਨੇ ਪਰਮੇਸ਼ੁਰ ਵੱਲੋਂ ਕਿਹੜਾ ਸੰਦੇਸ਼ ਦਿੱਤਾ ਅਤੇ ਅਜ਼ਰਾ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਰੱਖੀ। ਫਿਰ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ: ਮੁੜ ਵਾਪਸ ਆਏ ਯਹੂਦੀਆਂ ʼਤੇ ਮੁਸ਼ਕਲਾਂ ਦਾ ਕੀ ਅਸਰ ਪਿਆ? ਮੁਸ਼ਕਲ ਸਮਿਆਂ ਦੌਰਾਨ ਸਾਨੂੰ ਆਪਣਾ ਧਿਆਨ ਯਹੋਵਾਹ ਦੀ ਇੱਛਾ ਪੂਰੀ ਕਰਨ ʼਤੇ ਕਿਉਂ ਲਾਈ ਰੱਖਣਾ ਚਾਹੀਦਾ ਹੈ? ਔਖੀਆਂ ਘੜੀਆਂ ਦੌਰਾਨ ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਵਧਾ ਸਕਦੇ ਹਾਂ?
ਮੁੜ ਵਾਪਸ ਆਏ ਯਹੂਦੀਆਂ ʼਤੇ ਮੁਸ਼ਕਲਾਂ ਦਾ ਕੀ ਅਸਰ ਪਿਆ?
4-5. ਮੰਦਰ ਬਣਾਉਣ ਲਈ ਯਹੂਦੀਆਂ ਦਾ ਜੋਸ਼ ਸ਼ਾਇਦ ਕਿਉਂ ਠੰਢਾ ਪੈ ਗਿਆ ਸੀ?
4 ਜਦੋਂ ਯਹੂਦੀ ਵਾਪਸ ਯਰੂਸ਼ਲਮ ਆਏ, ਤਾਂ ਉਨ੍ਹਾਂ ਕੋਲ ਕਰਨ ਲਈ ਬਹੁਤ ਸਾਰਾ ਕੰਮ ਸੀ। ਉਨ੍ਹਾਂ ਨੇ ਛੇਤੀ ਹੀ ਵੇਦੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਮੰਦਰ ਦੀ ਨੀਂਹ ਰੱਖੀ। (ਅਜ਼. 3:1-3, 10) ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ। ਕਿਉਂ? ਕਿਉਂਕਿ ਮੰਦਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਘਰ ਵੀ ਬਣਾਉਣੇ ਸਨ, ਫ਼ਸਲਾਂ ਉਗਾਉਣੀਆਂ ਸਨ ਤੇ ਆਪਣੇ ਪਰਿਵਾਰ ਦਾ ਢਿੱਡ ਭਰਨਾ ਸੀ। (ਅਜ਼. 2:68, 70) ਨਾਲੇ ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਦੇ ਵਿਰੋਧ ਦਾ ਵੀ ਸਾਮ੍ਹਣਾ ਕਰਨਾ ਪਿਆ ਜੋ ਮੰਦਰ ਦੇ ਕੰਮ ਨੂੰ ਰੋਕਣ ਦੀਆਂ ਸਾਜ਼ਸ਼ਾਂ ਘੜ ਰਹੇ ਸਨ।—ਅਜ਼. 4:1-5.
5 ਇਨ੍ਹਾਂ ਮੁੜ ਪਰਤੇ ਯਹੂਦੀਆਂ ਨੂੰ ਕੁਝ ਹੋਰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪਿਆ। ਉਸ ਵੇਲੇ ਰਾਜਨੀਤਿਕ ਹਲਚਲ ਮਚੀ ਹੋਈ ਸੀ ਅਤੇ ਯਹੂਦੀਆਂ ਲਈ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਔਖੀਆਂ ਹੋ ਗਈਆਂ ਸਨ। ਉਸ ਵੇਲੇ ਉੱਥੇ ਫਾਰਸੀਆਂ ਦਾ ਰਾਜ ਸੀ। 530 ਈਸਵੀ ਪੂਰਵ ਵਿਚ ਫਾਰਸੀ ਰਾਜੇ ਖੋਰਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਕੈਮਬਾਈਸੀਜ਼ ਰਾਜਾ ਬਣਿਆ ਅਤੇ ਉਹ ਆਪਣੀ ਫ਼ੌਜ ਨੂੰ ਲੈ ਕੇ ਮਿਸਰ ʼਤੇ ਕਬਜ਼ਾ ਕਰਨ ਲਈ ਨਿਕਲ ਤੁਰਿਆ। ਸ਼ਾਇਦ ਉਹ ਇਜ਼ਰਾਈਲ ਦੇ ਇਲਾਕਿਆਂ ਵਿੱਚੋਂ ਦੀ ਲੰਘੇ ਹੋਣੇ ਅਤੇ ਰਾਹ ਵਿਚ ਫ਼ੌਜੀਆਂ ਨੇ ਇਜ਼ਰਾਈਲੀਆਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਤੇ ਰਹਿਣ ਲਈ ਜਗ੍ਹਾ ਦੀ ਮੰਗ ਕੀਤੀ ਹੋਣੀ। ਇਸ ਕਰਕੇ ਇਜ਼ਰਾਈਲੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹੋਣੀਆਂ। ਫਾਰਸ ਦਾ ਅਗਲਾ ਰਾਜਾ ਦਾਰਾ ਪਹਿਲਾ ਸੀ। ਜਦੋਂ ਉਸ ਨੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਸ ਵੇਲੇ ਰਾਜਨੀਤਿਕ ਹਾਲਾਤ ਸਹੀ ਨਹੀਂ ਸਨ ਅਤੇ ਲੋਕ ਬਾਗ਼ੀ ਹੋ ਗਏ ਸਨ। ਬਿਨਾਂ ਸ਼ੱਕ, ਇਨ੍ਹਾਂ ਹਾਲਾਤਾਂ ਕਰਕੇ ਵਾਪਸ ਆਏ ਯਹੂਦੀਆਂ ਨੂੰ ਇਹ ਚਿੰਤਾ ਹੋਈ ਹੋਣੀ ਕਿ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਿਵੇਂ ਕਰਨਗੇ। ਨਾਲੇ ਸ਼ਾਇਦ ਇਸੇ ਕਰਕੇ ਕੁਝ ਯਹੂਦੀਆਂ ਨੂੰ ਲੱਗਾ ਹੋਣਾ ਕਿ ਇਹ ਮੰਦਰ ਬਣਾਉਣ ਦਾ ਸਹੀ ਸਮਾਂ ਨਹੀਂ ਹੈ।—ਹੱਜ. 1:2.
6. ਜ਼ਕਰਯਾਹ 4:6, 7 ਮੁਤਾਬਕ ਯਹੂਦੀਆਂ ʼਤੇ ਹੋਰ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਜ਼ਕਰਯਾਹ ਨੇ ਉਨ੍ਹਾਂ ਨੂੰ ਕਿਸ ਗੱਲ ਦਾ ਭਰੋਸਾ ਦਿਵਾਇਆ?
6 ਜ਼ਕਰਯਾਹ 4:6, 7 ਪੜ੍ਹੋ। ਪੈਸਿਆਂ ਦੀ ਤੰਗੀ ਅਤੇ ਰਾਜਨੀਤਿਕ ਉਥਲ-ਪੁਥਲ ਤੋਂ ਇਲਾਵਾ ਯਹੂਦੀਆਂ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਮ੍ਹਣਾ ਕਰਨਾ ਪਿਆ। 522 ਈਸਵੀ ਪੂਰਵ ਵਿਚ ਉਨ੍ਹਾਂ ਦੇ ਦੁਸ਼ਮਣ ਯਹੋਵਾਹ ਦੇ ਮੰਦਰ ਦੇ ਕੰਮ ʼਤੇ ਪਾਬੰਦੀ ਲਾਉਣ ਵਿਚ ਕਾਮਯਾਬ ਹੋ ਗਏ। ਪਰ ਜ਼ਕਰਯਾਹ ਨੇ ਯਹੂਦੀਆਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਆਪਣੀ ਜ਼ਬਰਦਸਤ ਤਾਕਤ ਨਾਲ ਉਨ੍ਹਾਂ ਦੀ ਹਰ ਮੁਸ਼ਕਲ ਨੂੰ ਖ਼ਤਮ ਕਰ ਦੇਵੇਗਾ। 520 ਈਸਵੀ ਪੂਰਵ ਵਿਚ ਰਾਜਾ ਦਾਰਾ ਨੇ ਮੰਦਰ ਦੇ ਕੰਮ ʼਤੇ ਲੱਗੀ ਪਾਬੰਦੀ ਹਟਾ ਦਿੱਤੀ। ਉਸ ਨੇ ਤਾਂ ਯਹੂਦੀਆਂ ਦੀ ਆਰਥਿਕ ਤੌਰ ਤੇ ਵੀ ਮਦਦ ਕੀਤੀ। ਨਾਲੇ ਉਸ ਨੇ ਰਾਜਪਾਲਾਂ ਨੂੰ ਹੁਕਮ ਦਿੱਤਾ ਕਿ ਯਹੂਦੀਆਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ।—ਅਜ਼. 6:1, 6-10.
7. ਜਦੋਂ ਮੁੜ ਪਰਤੇ ਯਹੂਦੀਆਂ ਨੇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੱਤੀ, ਤਾਂ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
7 ਯਹੋਵਾਹ ਨੇ ਹੱਜਈ ਤੇ ਜ਼ਕਰਯਾਹ ਰਾਹੀਂ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਉਹ ਮੰਦਰ ਬਣਾਉਣ ਦੇ ਕੰਮ ਨੂੰ ਪਹਿਲ ਦੇਣਗੇ, ਤਾਂ ਉਹ ਉਨ੍ਹਾਂ ਦੀ ਮਦਦ ਕਰੇਗਾ। (ਹੱਜ. 1:8, 13, 14; ਜ਼ਕ. 1:3, 16) ਇਹ ਸੁਣ ਕੇ ਯਹੂਦੀਆਂ ਨੂੰ ਬਹੁਤ ਹਿੰਮਤ ਮਿਲੀ। ਉਨ੍ਹਾਂ ਨੇ 520 ਈਸਵੀ ਪੂਰਵ ਵਿਚ ਮੰਦਰ ਬਣਾਉਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਅਤੇ ਪੰਜ ਸਾਲਾਂ ਦੇ ਅੰਦਰ-ਅੰਦਰ ਕੰਮ ਪੂਰਾ ਵੀ ਕਰ ਲਿਆ। ਮੁਸ਼ਕਲਾਂ ਦੇ ਬਾਵਜੂਦ ਵੀ ਯਹੂਦੀਆਂ ਨੇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੱਤੀ। ਇਸ ਕਰਕੇ ਯਹੋਵਾਹ ਨੇ ਨਾ ਸਿਰਫ਼ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ, ਸਗੋਂ ਉਨ੍ਹਾਂ ਦੀ ਮਦਦ ਵੀ ਕੀਤੀ ਕਿ ਉਹ ਉਸ ਦੇ ਨੇੜੇ ਆ ਸਕਣ। ਨਤੀਜੇ ਵਜੋਂ, ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਸਕੇ।—ਅਜ਼. 6:14-16, 22.
ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ʼਤੇ ਆਪਣਾ ਧਿਆਨ ਲਾਈ ਰੱਖੋ
8. ਹੱਜਈ 2:4 ਵਿਚ ਦਰਜ ਸ਼ਬਦ ਅੱਜ ਪਰਮੇਸ਼ੁਰ ਦੀ ਇੱਛਾ ʼਤੇ ਆਪਣਾ ਧਿਆਨ ਲਾਈ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ? (ਫੁਟਨੋਟ ਵੀ ਦੇਖੋ।)
8 ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਸਾਡੇ ਲਈ ਪ੍ਰਚਾਰ ਕਰਨ ਦਾ ਹੁਕਮ ਮੰਨਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਆ ਹੈ। (ਮਰ. 13:10) ਪਰ ਸਾਡੇ ਲਈ ਇਹ ਹੁਕਮ ਮੰਨਣਾ ਉਦੋਂ ਔਖਾ ਹੋ ਸਕਦਾ ਹੈ ਜਦੋਂ ਸਾਨੂੰ ਪੈਸਿਆਂ ਦੀ ਤੰਗੀ ਹੋਵੇ ਜਾਂ ਪ੍ਰਚਾਰ ਵਿਚ ਸਾਡਾ ਵਿਰੋਧ ਕੀਤਾ ਜਾਵੇ। ਤਾਂ ਫਿਰ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਸਾਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ “ਸੈਨਾਵਾਂ ਦਾ ਯਹੋਵਾਹ”b ਸਾਡੇ ਵੱਲ ਹੈ। ਜੇ ਅਸੀਂ ਰਾਜ ਦੇ ਕੰਮਾਂ ਨੂੰ ਪਹਿਲ ਦੇਈਏ, ਤਾਂ ਉਹ ਜ਼ਰੂਰ ਸਾਡੀ ਮਦਦ ਕਰੇਗਾ। ਇਸ ਲਈ ਸਾਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ।—ਹੱਜਈ 2:4 ਪੜ੍ਹੋ।
9-10. ਇਕ ਵਿਆਹੁਤਾ ਜੋੜੇ ਨੇ ਮੱਤੀ 6:33 ਵਿਚ ਦਰਜ ਸ਼ਬਦਾਂ ਨੂੰ ਕਿੱਦਾਂ ਸੱਚ ਸਾਬਤ ਹੁੰਦੇ ਦੇਖਿਆ?
9 ਹੁਣ ਆਓ ਆਪਾਂ ਓਲੇਗ ਅਤੇ ਈਰੀਨਾ ਨਾਂ ਦੇ ਇਕ ਜੋੜੇ ਦੀ ਮਿਸਾਲ ʼਤੇ ਗੌਰ ਕਰੀਏ।c ਉਹ ਦੋਵੇਂ ਪਾਇਨੀਅਰਿੰਗ ਕਰਦੇ ਹਨ। ਉਹ ਕਿਸੇ ਹੋਰ ਇਲਾਕੇ ਦੀ ਮੰਡਲੀ ਵਿਚ ਸੇਵਾ ਕਰਨ ਗਏ। ਉਸ ਸਮੇਂ ਦੇਸ਼ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ। ਇਸ ਕਰਕੇ ਉਨ੍ਹਾਂ ਦੀ ਨੌਕਰੀ ਚਲੀ ਗਈ। ਲਗਭਗ ਇਕ ਸਾਲ ਤਕ ਉਨ੍ਹਾਂ ਕੋਲ ਕੋਈ ਪੱਕੀ ਨੌਕਰੀ ਨਹੀਂ ਸੀ। ਪਰ ਫਿਰ ਵੀ ਉਨ੍ਹਾਂ ਨੇ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਿਆ। ਕਈ ਮੌਕਿਆਂ ʼਤੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਮਦਦ ਕੀਤੀ। ਉਹ ਇਨ੍ਹਾਂ ਮੁਸ਼ਕਲਾਂ ਦਾ ਕਿਵੇਂ ਸਾਮ੍ਹਣਾ ਕਰ ਸਕੇ? ਓਲੇਗ, ਜੋ ਪਹਿਲਾਂ-ਪਹਿਲ ਤਾਂ ਨਿਰਾਸ਼ ਹੋ ਗਿਆ ਸੀ, ਦੱਸਦਾ ਹੈ: “ਉਸ ਸਮੇਂ ਦੌਰਾਨ ਅਸੀਂ ਪ੍ਰਚਾਰ ਕਰਨ ਵਿਚ ਰੁੱਝੇ ਰਹੇ। ਇਸ ਕਰਕੇ ਅਸੀਂ ਉਨ੍ਹਾਂ ਗੱਲਾਂ ʼਤੇ ਧਿਆਨ ਲਾਈ ਰੱਖ ਸਕੇ ਜੋ ਜ਼ਿੰਦਗੀ ਵਿਚ ਜ਼ਿਆਦਾ ਮਾਅਨੇ ਰੱਖਦੀਆਂ ਹਨ।” ਇਸ ਦੌਰਾਨ ਭਰਾ ਓਲੇਗ ਅਤੇ ਉਸ ਦੀ ਪਤਨੀ ਕੰਮ ਲੱਭਦੇ ਰਹੇ ਅਤੇ ਪ੍ਰਚਾਰ ਕੰਮ ਵਿਚ ਲੱਗੇ ਰਹੇ।
10 ਇਕ ਦਿਨ ਜਦੋਂ ਉਹ ਪ੍ਰਚਾਰ ਕਰ ਕੇ ਘਰੇ ਆਏ, ਤਾਂ ਉਨ੍ਹਾਂ ਨੂੰ ਆਪਣੇ ਇਕ ਗੁਆਂਢੀ ਤੋਂ ਪਤਾ ਲੱਗਾ ਕਿ ਉਨ੍ਹਾਂ ਦਾ ਇਕ ਕਰੀਬੀ ਦੋਸਤ ਉਨ੍ਹਾਂ ਨੂੰ ਮਿਲਣ ਆਇਆ ਸੀ। ਉਹ 160 ਕਿਲੋਮੀਟਰ (100 ਮੀਲ) ਦਾ ਸਫ਼ਰ ਕਰ ਕੇ ਉਨ੍ਹਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਨਾਲ ਭਰੇ ਦੋ ਬੈਗ ਲੈ ਕੇ ਆਇਆ ਸੀ। ਓਲੇਗ ਦੱਸਦਾ ਹੈ: “ਉਸ ਦਿਨ ਇਕ ਵਾਰ ਫਿਰ ਸਾਨੂੰ ਅਹਿਸਾਸ ਹੋਇਆ ਕਿ ਯਹੋਵਾਹ ਅਤੇ ਮੰਡਲੀ ਦੇ ਭੈਣ-ਭਰਾ ਸਾਡੀ ਕਿੰਨੀ ਪਰਵਾਹ ਕਰਦੇ ਹਨ। ਸਾਨੂੰ ਯਕੀਨ ਹੋ ਗਿਆ ਕਿ ਚਾਹੇ ਸਾਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਾ ਆਵੇ, ਪਰ ਯਹੋਵਾਹ ਆਪਣੇ ਸੇਵਕਾਂ ਨੂੰ ਕਦੇ ਨਹੀਂ ਭੁੱਲਦਾ।”—ਮੱਤੀ 6:33.
11. ਜੇ ਅਸੀਂ ਆਪਣਾ ਧਿਆਨ ਯਹੋਵਾਹ ਦੀ ਇੱਛਾ ਪੂਰੀ ਕਰਨ ʼਤੇ ਲਾਈ ਰੱਖਦੇ ਹਾਂ, ਤਾਂ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?
11 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਚੇਲੇ ਬਣਾਉਣ ਦੇ ਕੰਮ ʼਤੇ ਆਪਣਾ ਪੂਰਾ ਧਿਆਨ ਲਾਈਏ ਕਿਉਂਕਿ ਇਸ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਜਿੱਦਾਂ ਅਸੀਂ ਪੈਰਾ ਸੱਤ ਵਿਚ ਦੇਖਿਆ ਸੀ, ਯਹੋਵਾਹ ਨੇ ਹੱਜਈ ਰਾਹੀਂ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਮੰਦਰ ਬਣਾਉਣ ਦਾ ਕੰਮ ਦੁਬਾਰਾ ਤੋਂ ਸ਼ੁਰੂ ਕਰਨ। ਯਹੋਵਾਹ ਨੇ ਵਾਅਦਾ ਕੀਤਾ ਕਿ ਜੇ ਉਹ ਇੱਦਾਂ ਕਰਨਗੇ, ਤਾਂ ਉਹ ਉਨ੍ਹਾਂ ਨੂੰ “ਬਰਕਤ” ਦੇਵੇਗਾ। (ਹੱਜ. 2:18, 19) ਅੱਜ ਅਸੀਂ ਵੀ ਇਸ ਗੱਲ ਦਾ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਯਹੋਵਾਹ ਦੇ ਕੰਮਾਂ ਨੂੰ ਪਹਿਲ ਦੇਈਏ, ਤਾਂ ਉਹ ਸਾਡੇ ਕੰਮਾਂ ʼਤੇ ਵੀ ਬਰਕਤ ਪਾਵੇਗਾ।
ਯਹੋਵਾਹ ʼਤੇ ਆਪਣਾ ਭਰੋਸਾ ਹੋਰ ਕਿਵੇਂ ਵਧਾਈਏ?
12. ਅਜ਼ਰਾ ਅਤੇ ਉਸ ਦੇ ਸਾਥੀਆਂ ਨੂੰ ਕਿਉਂ ਯਹੋਵਾਹ ʼਤੇ ਪੂਰਾ ਭਰੋਸਾ ਰੱਖਣ ਦੀ ਲੋੜ ਸੀ?
12 468 ਈਸਵੀ ਪੂਰਵ ਵਿਚ ਯਹੂਦੀਆਂ ਦਾ ਦੂਜਾ ਸਮੂਹ ਬਾਬਲ ਤੋਂ ਯਰੂਸ਼ਲਮ ਜਾਣ ਲਈ ਤੁਰ ਪਿਆ। ਅਜ਼ਰਾ ਵੀ ਉਨ੍ਹਾਂ ਦੇ ਨਾਲ ਸੀ। ਇਹ ਸਫ਼ਰ ਕਰਨ ਲਈ ਉਨ੍ਹਾਂ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਰੱਖਣਾ ਪੈਣਾ ਸੀ। ਕਿਉਂ? ਕਿਉਂਕਿ ਇਹ ਸਫ਼ਰ ਉਨ੍ਹਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਸੀ। ਉਹ ਆਪਣੇ ਨਾਲ ਬਹੁਤ ਸਾਰਾ ਸੋਨਾ-ਚਾਂਦੀ ਲੈ ਕੇ ਜਾ ਰਹੇ ਸਨ ਜੋ ਮੰਦਰ ਦੇ ਕੰਮ ਲਈ ਦਾਨ ਦਿੱਤਾ ਗਿਆ ਸੀ ਅਤੇ ਲੁਟੇਰੇ ਉਨ੍ਹਾਂ ਨੂੰ ਆਸਾਨੀ ਨਾਲ ਲੁੱਟ ਸਕਦੇ ਸਨ। (ਅਜ਼. 7:12-16; 8:31) ਇਸ ਤੋਂ ਇਲਾਵਾ, ਉਨ੍ਹਾਂ ਨੂੰ ਪਤਾ ਲੱਗਾ ਕਿ ਯਰੂਸ਼ਲਮ ਵਿਚ ਰਹਿਣਾ ਵੀ ਸੁਰੱਖਿਅਤ ਨਹੀਂ ਸੀ ਕਿਉਂਕਿ ਉੱਥੇ ਘੱਟ ਹੀ ਲੋਕ ਰਹਿੰਦੇ ਸਨ ਅਤੇ ਸ਼ਹਿਰ ਦੀਆਂ ਕੰਧਾਂ ਤੇ ਫਾਟਕ ਟੁੱਟੇ ਪਏ ਸਨ। ਸੋ ਅਜ਼ਰਾ ਵਾਂਗ ਅਸੀਂ ਵੀ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਕਿਵੇਂ ਵਧਾ ਸਕਦੇ ਹਾਂ?
13. ਅਜ਼ਰਾ ਨੇ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਵਧਾਇਆ? (ਫੁਟਨੋਟ ਵੀ ਦੇਖੋ।)
13 ਅਜ਼ਰਾ ਨੇ ਦੇਖਿਆ ਸੀ ਕਿ ਯਹੋਵਾਹ ਨੇ ਔਖੀ ਘੜੀ ਵਿਚ ਆਪਣੇ ਲੋਕਾਂ ਨੂੰ ਕਿਵੇਂ ਸੰਭਾਲਿਆ ਸੀ। ਕਈ ਸਾਲ ਪਹਿਲਾਂ 484 ਈਸਵੀ ਵਿਚ ਰਾਜਾ ਅਹਸ਼ਵੇਰੋਸ਼ ਨੇ ਫ਼ਾਰਸ ਅਧੀਨ ਆਉਂਦੇ ਸਾਰੇ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਫ਼ਰਮਾਨ ਜਾਰੀ ਕੀਤਾ। (ਅਸ. 3:7, 13-15) ਉਸ ਵੇਲੇ ਸ਼ਾਇਦ ਅਜ਼ਰਾ ਬਾਬਲ ਵਿਚ ਰਹਿ ਰਿਹਾ ਸੀ ਅਤੇ ਉਸ ਦੀ ਜਾਨ ਨੂੰ ਵੀ ਖ਼ਤਰਾ ਸੀ। ਜਿਸ ਵੀ ਜ਼ਿਲ੍ਹੇ ਵਿਚ ਫ਼ਰਮਾਨ ਸੁਣਾਇਆ ਗਿਆ, ਉੱਥੇ ਦੇ ਯਹੂਦੀਆਂ ਨੇ ਵਰਤ ਰੱਖਿਆ ਤੇ ਉਹ ਸੋਗ ਮਨਾਉਣ ਲੱਗੇ। ਬਿਨਾਂ ਸ਼ੱਕ ਉਨ੍ਹਾਂ ਨੇ ਯਹੋਵਾਹ ਅੱਗੇ ਮਦਦ ਲਈ ਫ਼ਰਿਆਦ ਕੀਤੀ ਹੋਣੀ। (ਅਸ. 4:3) ਜ਼ਰਾ ਸੋਚੋ ਅਜ਼ਰਾ ਤੇ ਉਸ ਦੇ ਨਾਲ ਦੇ ਯਹੂਦੀਆਂ ਨੂੰ ਉਦੋਂ ਕਿੱਦਾਂ ਲੱਗਾ ਹੋਣਾ ਜਦੋਂ ਬਾਜ਼ੀ ਹੀ ਪਲਟ ਗਈ। ਜਿਹੜੇ ਲੋਕ ਯਹੂਦੀਆਂ ਨੂੰ ਮਾਰਨ ਦੀ ਸਾਜ਼ਸ਼ ਘੜ ਰਹੇ ਸਨ, ਹੁਣ ਉਨ੍ਹਾਂ ਦੀ ਚਾਲ ਉਨ੍ਹਾਂ ʼਤੇ ਹੀ ਪੁੱਠੀ ਪੈ ਗਈ। (ਅਸ. 9:1, 2) ਉਸ ਸਮੇਂ ਜੋ ਕੁਝ ਵੀ ਹੋਇਆ, ਉਸ ਕਰਕੇ ਅਜ਼ਰਾ ਦਾ ਯਹੋਵਾਹ ʼਤੇ ਭਰੋਸਾ ਹੋਰ ਵੀ ਵਧ ਗਿਆ ਹੋਣਾ। ਉਸ ਨੂੰ ਯਕੀਨ ਹੋ ਗਿਆ ਹੋਣਾ ਕਿ ਚਾਹੇ ਆਉਣ ਵਾਲੇ ਸਮੇਂ ਵਿਚ ਯਹੋਵਾਹ ਦੇ ਲੋਕਾਂ ʼਤੇ ਕੋਈ ਵੀ ਮੁਸੀਬਤ ਆਵੇ, ਉਹ ਆਪਣੇ ਲੋਕਾਂ ਦਾ ਸਾਥ ਜ਼ਰੂਰ ਦੇਵੇਗਾ।d
14. ਇਕ ਭੈਣ ਨੇ ਮੁਸ਼ਕਲ ਘੜੀ ਵਿਚ ਆਪਣੇ ਤਜਰਬੇ ਤੋਂ ਕੀ ਸਿੱਖਿਆ?
14 ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਕਿਵੇਂ ਸਾਨੂੰ ਮੁਸ਼ਕਲਾਂ ਵਿਚ ਸੰਭਾਲਦਾ ਹੈ, ਤਾਂ ਉਸ ʼਤੇ ਸਾਡਾ ਭਰੋਸਾ ਹੋਰ ਵੀ ਵਧ ਜਾਂਦਾ ਹੈ। ਪੂਰਬੀ ਯੂਰਪ ਵਿਚ ਰਹਿਣ ਵਾਲੀ ਭੈਣ ਐਨਸਤਾਸਿਆ ਨਾਲ ਵੀ ਇੱਦਾਂ ਦਾ ਹੀ ਕੁਝ ਹੋਇਆ। ਉਸ ਨਾਲ ਕੰਮ ਕਰਨ ਵਾਲੇ ਉਸ ʼਤੇ ਦਬਾਅ ਪਾ ਰਹੇ ਸਨ ਕਿ ਉਹ ਰਾਜਨੀਤਿਕ ਮਾਮਲਿਆਂ ਵਿਚ ਉਨ੍ਹਾਂ ਦਾ ਸਾਥ ਦੇਵੇ। ਇਸ ਕਰਕੇ ਭੈਣ ਨੂੰ ਆਪਣਾ ਕੰਮ ਛੱਡਣਾ ਪਿਆ। ਉਹ ਕਹਿੰਦੀ ਹੈ: “ਇਹ ਪਹਿਲੀ ਵਾਰ ਸੀ ਜਦੋਂ ਮੇਰੇ ਕੋਲ ਇਕ ਵੀ ਪੈਸਾ ਨਹੀਂ ਸੀ।” ਉਸ ਨੇ ਅੱਗੇ ਕਿਹਾ: “ਮੈਂ ਸਾਰਾ ਕੁਝ ਯਹੋਵਾਹ ʼਤੇ ਛੱਡ ਦਿੱਤਾ ਅਤੇ ਯਹੋਵਾਹ ਨੇ ਮੈਨੂੰ ਚੰਗੀ ਤਰ੍ਹਾਂ ਸੰਭਾਲਿਆ। ਹੁਣ ਕੱਲ੍ਹ ਨੂੰ ਜੇ ਫਿਰ ਕਦੇ ਮੇਰੀ ਨੌਕਰੀ ਛੁੱਟ ਜਾਂਦੀ ਹੈ, ਤਾਂ ਮੈਨੂੰ ਕੋਈ ਡਰ ਨਹੀਂ। ਮੇਰੇ ਪਿਤਾ ਯਹੋਵਾਹ ਨੇ ਜਿੱਦਾਂ ਅੱਜ ਮੈਨੂੰ ਸੰਭਾਲਿਆ, ਉਹ ਕੱਲ੍ਹ ਨੂੰ ਵੀ ਸੰਭਾਲੇਗਾ।”
15. ਕਿਹੜੀ ਗੱਲ ਕਰਕੇ ਅਜ਼ਰਾ ਯਹੋਵਾਹ ʼਤੇ ਆਪਣਾ ਭਰੋਸਾ ਮਜ਼ਬੂਤ ਬਣਾਈ ਰੱਖ ਸਕਿਆ? (ਅਜ਼ਰਾ 7:27, 28)
15 ਅਜ਼ਰਾ ਨੇ ਆਪਣੀ ਜ਼ਿੰਦਗੀ ਵਿਚ ਵੀ ਦੇਖਿਆ ਕਿ ਯਹੋਵਾਹ ਨੇ ਕਿਵੇਂ ਉਸ ਦਾ ਸਾਥ ਦਿੱਤਾ ਸੀ। ਜਦੋਂ ਉਸ ਨੇ ਇਸ ਬਾਰੇ ਸੋਚਿਆ ਹੋਣਾ ਕਿ ਕਿਵੇਂ ਯਹੋਵਾਹ ਨੇ ਕਈ ਵਾਰ ਉਸ ਦਾ ਸਾਥ ਦਿੱਤਾ ਹੈ, ਤਾਂ ਇਸ ਨਾਲ ਵੀ ਯਹੋਵਾਹ ʼਤੇ ਉਸ ਦਾ ਭਰੋਸਾ ਵਧਿਆ ਹੋਣਾ। ਇਸ ਲਈ ਉਸ ਨੇ ਕਿਹਾ ਕਿ “ਮੇਰੇ ਪਰਮੇਸ਼ੁਰ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ।” (ਅਜ਼ਰਾ 7:27, 28 ਪੜ੍ਹੋ।) ਗੌਰ ਕਰਨ ਵਾਲੀ ਗੱਲ ਹੈ ਕਿ ਅਜ਼ਰਾ ਨੇ ਆਪਣੀ ਕਿਤਾਬ ਵਿਚ ਇੱਦਾਂ ਦੀ ਗੱਲ ਛੇ ਵਾਰ ਲਿਖੀ।—ਅਜ਼. 7:6, 9; 8:18, 22, 31.
16. ਕਿਹੜੇ ਕੁਝ ਹਾਲਾਤਾਂ ਵਿਚ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਹੋਰ ਵੀ ਚੰਗੀ ਤਰ੍ਹਾਂ ਦੇਖ ਪਾਉਂਦੇ ਹਾਂ? (ਤਸਵੀਰ ਵੀ ਦੇਖੋ।)
16 ਯਹੋਵਾਹ ਅੱਜ ਔਖੀਆਂ ਘੜੀਆਂ ਵਿਚ ਸਾਡੀ ਵੀ ਮਦਦ ਕਰ ਸਕਦਾ ਹੈ। ਸ਼ਾਇਦ ਸਾਨੂੰ ਉਦੋਂ ਆਪਣੇ ਮਾਲਕ ਨਾਲ ਗੱਲ ਕਰਨੀ ਪਵੇ ਜਦੋਂ ਸਾਨੂੰ ਸੰਮੇਲਨ ʼਤੇ ਜਾਣ ਲਈ ਛੁੱਟੀਆਂ ਦੀ ਲੋੜ ਹੋਵੇ ਜਾਂ ਸਾਰੀਆਂ ਸਭਾਵਾਂ ʼਤੇ ਹਾਜ਼ਰ ਹੋਣ ਲਈ ਆਪਣੇ ਕੰਮ ਦੇ ਘੰਟਿਆਂ ਵਿਚ ਫੇਰ-ਬਦਲ ਕਰਨਾ ਹੋਵੇ। ਅਜਿਹੇ ਮੌਕਿਆਂ ʼਤੇ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖ ਸਕਦੇ ਹਾਂ। ਸ਼ਾਇਦ ਯਹੋਵਾਹ ਸਾਡੇ ਲਈ ਇੱਦਾਂ ਦਾ ਕੁਝ ਕਰੇ ਜਿਸ ਬਾਰੇ ਅਸੀਂ ਕਦੇ ਵੀ ਸੋਚਿਆ ਨਾ ਹੋਵੇ। ਨਤੀਜੇ ਵਜੋਂ, ਯਹੋਵਾਹ ʼਤੇ ਸਾਡਾ ਭਰੋਸਾ ਹੋਰ ਵੀ ਵਧ ਜਾਵੇਗਾ।
17. ਮੁਸ਼ਕਲ ਹਾਲਾਤਾਂ ਵਿਚ ਅਜ਼ਰਾ ਨੇ ਜੋ ਕੀਤਾ, ਉਸ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਉਹ ਨਿਮਰ ਸੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
17 ਅਜ਼ਰਾ ਨਿਮਰ ਸੀ, ਉਸ ਨੇ ਯਹੋਵਾਹ ਤੋਂ ਮਦਦ ਮੰਗੀ। ਜਦੋਂ ਵੀ ਅਜ਼ਰਾ ਨੂੰ ਇਹ ਚਿੰਤਾ ਹੁੰਦੀ ਸੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰੇਗਾ, ਤਾਂ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। (ਅਜ਼. 8:21-23; 9:3-5) ਜਦੋਂ ਯਹੂਦੀਆਂ ਨੇ ਦੇਖਿਆ ਕਿ ਅਜ਼ਰਾ ਪੂਰੀ ਤਰ੍ਹਾਂ ਯਹੋਵਾਹ ʼਤੇ ਨਿਰਭਰ ਰਹਿੰਦਾ ਹੈ, ਤਾਂ ਉਨ੍ਹਾਂ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਉਸ ਵਾਂਗ ਯਹੋਵਾਹ ʼਤੇ ਭਰੋਸਾ ਰੱਖਿਆ। (ਅਜ਼. 10:1-4) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸ਼ਾਇਦ ਸਾਨੂੰ ਵੀ ਇਸ ਗੱਲ ਦੀ ਚਿੰਤਾ ਹੋਵੇ ਕਿ ਅਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਾਂਗੇ ਜਾਂ ਉਨ੍ਹਾਂ ਦੀ ਹਿਫਾਜ਼ਤ ਕਿਵੇਂ ਕਰਾਂਗੇ। ਅਜਿਹੇ ਹਾਲਾਤਾਂ ਵਿਚ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ।
18. ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਕਿਵੇਂ ਵਧਾ ਸਕਦੇ ਹਾਂ?
18 ਜਦੋਂ ਅਸੀਂ ਨਿਮਰ ਰਹਿੰਦੇ ਹਾਂ, ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਭੈਣਾਂ-ਭਰਾਵਾਂ ਤੋਂ ਮਦਦ ਲੈਂਦੇ ਹਾਂ, ਤਾਂ ਪਰਮੇਸ਼ੁਰ ʼਤੇ ਸਾਡਾ ਭਰੋਸਾ ਹੋਰ ਵੀ ਵਧ ਜਾਂਦਾ ਹੈ। ਜ਼ਰਾ ਭੈਣ ਐਰਿਕਾ ਦੀ ਮਿਸਾਲ ʼਤੇ ਧਿਆਨ ਦਿਓ ਜੋ ਤਿੰਨ ਬੱਚਿਆਂ ਦੀ ਮਾਂ ਹੈ। ਇਕ ਵਾਰ ਉਸ ʼਤੇ ਪਹਾੜ ਵਰਗੀਆਂ ਮੁਸ਼ਕਲਾਂ ਆਈਆਂ। ਕੁਝ ਸਮੇਂ ਦੇ ਅੰਦਰ-ਅੰਦਰ ਉਸ ਦੇ ਅਣਜੰਮੇ ਬੱਚੇ ਤੇ ਪਤੀ ਦੀ ਮੌਤ ਹੋ ਗਈ। ਪਰ ਇਨ੍ਹਾਂ ਹਾਲਾਤਾਂ ਵਿਚ ਵੀ ਉਹ ਯਹੋਵਾਹ ʼਤੇ ਭਰੋਸਾ ਕਰਦੀ ਰਹੀ। ਉਸ ਸਮੇਂ ਨੂੰ ਯਾਦ ਕਰਦੀ ਹੋਈ ਭੈਣ ਕਹਿੰਦੀ ਹੈ: “ਤੁਹਾਨੂੰ ਨਹੀਂ ਪਤਾ ਹੁੰਦਾ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰੇਗਾ, ਪਰ ਇਹ ਪਤਾ ਹੁੰਦਾ ਹੈ ਕਿ ਉਹ ਮਦਦ ਕਰੇਗਾ ਜ਼ਰੂਰ। ਕਈ ਵਾਰ ਤਾਂ ਉਹ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਮਦਦ ਕਰਦਾ ਹੈ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੁੰਦਾ। ਮੇਰੀਆਂ ਕਈ ਪ੍ਰਾਰਥਨਾਵਾਂ ਦਾ ਜਵਾਬ ਭੈਣਾਂ-ਭਰਾਵਾਂ ਰਾਹੀਂ ਮਿਲਿਆ। ਕਈ ਵਾਰ ਉਨ੍ਹਾਂ ਨੇ ਆਪਣੀਆਂ ਗੱਲਾਂ ਰਾਹੀਂ ਮੇਰਾ ਹੌਸਲਾ ਵਧਾਇਆ ਤੇ ਕਈ ਵਾਰ ਮੇਰੇ ਲਈ ਕੁਝ ਅਜਿਹਾ ਕੀਤਾ ਜਿਸ ਨਾਲ ਮੇਰੀ ਮਦਦ ਹੋਈ। ਮੈਂ ਸਿੱਖਿਆ ਕਿ ਜੇ ਮੈਂ ਆਪਣੇ ਦੋਸਤਾਂ ਨੂੰ ਖੁੱਲ੍ਹ ਕੇ ਆਪਣੀ ਪਰੇਸ਼ਾਨੀ ਦੱਸਾਂਗੀ, ਤਾਂ ਉਹ ਆਸਾਨੀ ਨਾਲ ਮੇਰੀ ਮਦਦ ਕਰ ਸਕਣਗੇ।”
ਅੰਤ ਤਕ ਯਹੋਵਾਹ ʼਤੇ ਭਰੋਸਾ ਬਣਾਈ ਰੱਖੋ
19-20. ਜਿਹੜੇ ਯਹੂਦੀ ਯਰੂਸ਼ਲਮ ਨਹੀਂ ਜਾ ਸਕੇ, ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
19 ਜਿਹੜੇ ਯਹੂਦੀ ਯਰੂਸ਼ਲਮ ਨਹੀਂ ਜਾ ਸਕੇ, ਅਸੀਂ ਉਨ੍ਹਾਂ ਤੋਂ ਵੀ ਕਾਫ਼ੀ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਵਿੱਚੋਂ ਕਾਫ਼ੀ ਜਣੇ ਸਿਆਣੀ ਉਮਰ ਦੇ ਸਨ, ਕੁਝ ਬੀਮਾਰ ਸਨ ਅਤੇ ਕੁਝ ਜਣਿਆਂ ʼਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਨ। ਇਸ ਲਈ ਉਹ ਉੱਨਾ ਨਹੀਂ ਕਰ ਸਕੇ ਜਿੰਨਾ ਉਹ ਕਰਨਾ ਚਾਹੁੰਦੇ ਸਨ। ਫਿਰ ਵੀ ਜਿਹੜੇ ਲੋਕ ਯਰੂਸ਼ਲਮ ਜਾ ਰਹੇ ਸਨ, ਉਨ੍ਹਾਂ ਨੇ ਉਨ੍ਹਾਂ ਦੇ ਹੱਥ ਖ਼ੁਸ਼ੀ-ਖ਼ੁਸ਼ੀ ਮੰਦਰ ਲਈ ਦਾਨ ਭੇਜਿਆ। (ਅਜ਼. 1:5, 6) ਲੱਗਦਾ ਹੈ ਕਿ ਪਹਿਲੇ ਸਮੂਹ ਦੇ ਯਰੂਸ਼ਲਮ ਆਉਣ ਤੋਂ ਤਕਰੀਬਨ 19 ਸਾਲਾਂ ਬਾਅਦ ਵੀ ਬਾਬਲ ਵਿਚ ਰਹਿਣ ਵਾਲੇ ਯਹੂਦੀ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਮੰਦਰ ਲਈ ਦਾਨ ਭੇਜ ਰਹੇ ਸਨ।—ਜ਼ਕ. 6:10.
20 ਸ਼ਾਇਦ ਅਸੀਂ ਆਪਣੇ ਹਾਲਾਤਾਂ ਕਰਕੇ ਯਹੋਵਾਹ ਲਈ ਉੱਨਾ ਨਾ ਕਰ ਸਕੀਏ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਪਰ ਤਾਂ ਵੀ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਦਿਲੋਂ ਜੋ ਵੀ ਕਰਦੇ ਹਾਂ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਧਿਆਨ ਦਿਓ ਕਿ ਯਹੋਵਾਹ ਨੇ ਜ਼ਕਰਯਾਹ ਨਬੀ ਨੂੰ ਕੀ ਕਿਹਾ ਸੀ। ਉਸ ਨੇ ਕਿਹਾ ਕਿ ਬਾਬਲ ਵਿਚ ਰਹਿੰਦੇ ਯਹੂਦੀਆਂ ਨੇ ਜੋ ਸੋਨਾ-ਚਾਂਦੀ ਦਾਨ ਕੀਤਾ ਹੈ, ਉਸ ਤੋਂ ਇਕ ਤਾਜ ਬਣਾਇਆ ਜਾਵੇ। (ਜ਼ਕ. 6:11) ਇਹ “ਸ਼ਾਨਦਾਰ ਤਾਜ” ਇਸ ਗੱਲ ਦੀ “ਯਾਦਗਾਰ” ਸੀ ਕਿ ਬਾਬਲ ਵਿਚ ਰਹਿੰਦੇ ਯਹੂਦੀਆਂ ਨੇ ਕਿਵੇਂ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਸੀ। (ਜ਼ਕ. 6:14) ਇਸ ਤੋਂ ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਔਖੀਆਂ ਘੜੀਆਂ ਦੌਰਾਨ ਅਸੀਂ ਯਹੋਵਾਹ ਲਈ ਦਿਲੋਂ ਜੋ ਵੀ ਕਰਦੇ ਹਾਂ, ਉਹ ਉਸ ਨੂੰ ਕਦੇ ਨਹੀਂ ਭੁੱਲੇਗਾ।—ਇਬ. 6:10.
21. ਜੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿਚ ਅਸੀਂ ਮੁਸ਼ਕਲਾਂ ਦੌਰਾਨ ਵੀ ਯਹੋਵਾਹ ʼਤੇ ਭਰੋਸਾ ਰੱਖ ਸਕੀਏ, ਤਾਂ ਹੁਣ ਸਾਨੂੰ ਕੀ ਕਰਨ ਦੀ ਲੋੜ ਹੈ?
21 ਬਿਨਾਂ ਸ਼ੱਕ, ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਡੇ ʼਤੇ ਕੋਈ-ਨਾ-ਕੋਈ ਮੁਸ਼ਕਲ ਤਾਂ ਜ਼ਰੂਰ ਆਵੇਗੀ ਅਤੇ ਭਵਿੱਖ ਵਿਚ ਹਾਲਾਤ ਸ਼ਾਇਦ ਹੋਰ ਵੀ ਖ਼ਰਾਬ ਹੋ ਜਾਣ। (2 ਤਿਮੋ. 3:1, 13) ਪਰ ਸਾਨੂੰ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਨਹੀਂ ਹੈ। ਯਾਦ ਕਰੋ ਕਿ ਯਹੋਵਾਹ ਨੇ ਹੱਜਈ ਦੇ ਦਿਨਾਂ ਵਿਚ ਆਪਣੇ ਲੋਕਾਂ ਨੂੰ ਕੀ ਕਿਹਾ ਸੀ: “ਮੈਂ ਤੁਹਾਡੇ ਨਾਲ ਹਾਂ . . . ਨਾ ਡਰੋ।” (ਹੱਜ. 2:4, 5) ਜੇ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਪੂਰੀ ਵਾਹ ਲਾਉਂਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੋਵੇਗਾ। ਇਸ ਤੋਂ ਇਲਾਵਾ, ਅਸੀਂ ਹੱਜਈ ਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਅਤੇ ਅਜ਼ਰਾ ਦੀ ਮਿਸਾਲ ਤੋਂ ਜੋ ਗੱਲਾਂ ਸਿੱਖੀਆਂ, ਉਨ੍ਹਾਂ ਨੂੰ ਮੰਨ ਕੇ ਵੀ ਸਾਨੂੰ ਫ਼ਾਇਦਾ ਹੋਵੇਗਾ। ਫਿਰ ਭਵਿੱਖ ਵਿਚ ਸਾਡੇ ਸਾਮ੍ਹਣੇ ਚਾਹੇ ਜਿਹੜੀ ਮਰਜ਼ੀ ਮੁਸ਼ਕਲ ਆਵੇ, ਅਸੀਂ ਪੂਰਾ ਭਰੋਸਾ ਰੱਖ ਸਕਾਂਗੇ ਕਿ ਯਹੋਵਾਹ ਸਾਨੂੰ ਸੰਭਾਲੇਗਾ।
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
a ਜਦੋਂ ਅਸੀਂ ਪੈਸੇ ਦੀ ਤੰਗੀ ਝੱਲਦੇ ਹਾਂ, ਪ੍ਰਚਾਰ ਵਿਚ ਸਾਡਾ ਵਿਰੋਧ ਹੁੰਦਾ ਹੈ ਜਾਂ ਰਾਜਨੀਤਿਕ ਹਲਚਲ ਮਚੀ ਹੁੰਦੀ ਹੈ, ਤਾਂ ਯਹੋਵਾਹ ʼਤੇ ਭਰੋਸਾ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਉਸ ʼਤੇ ਆਪਣਾ ਭਰੋਸਾ ਹੋਰ ਕਿਵੇਂ ਵਧਾ ਸਕਦੇ ਹਾਂ।
b “ਸੈਨਾਵਾਂ ਦਾ ਯਹੋਵਾਹ” ਸ਼ਬਦ ਹੱਜਈ ਦੀ ਕਿਤਾਬ ਵਿਚ 14 ਵਾਰ ਆਉਂਦੇ ਹਨ। ਜਦੋਂ ਯਹੂਦੀ ਇਹ ਸ਼ਬਦ ਸੁਣਦੇ ਹੋਣੇ, ਤਾਂ ਉਨ੍ਹਾਂ ਨੂੰ ਯਾਦ ਆਉਂਦਾ ਹੋਣਾ ਕਿ ਯਹੋਵਾਹ ਕੋਲ ਬੇਅੰਤ ਤਾਕਤ ਹੈ ਅਤੇ ਉਸ ਕੋਲ ਦੂਤਾਂ ਦੀ ਵਿਸ਼ਾਲ ਫ਼ੌਜ ਹੈ। ਇਹ ਸ਼ਬਦ ਸੁਣ ਕੇ ਅੱਜ ਸਾਨੂੰ ਵੀ ਇਹੀ ਗੱਲ ਯਾਦ ਆਉਂਦੀ ਹੈ।—ਜ਼ਬੂ. 103:20, 21.
c ਕੁਝ ਨਾਂ ਬਦਲੇ ਗਏ ਹਨ।
d ਅਜ਼ਰਾ ਪਰਮੇਸ਼ੁਰ ਦੇ ਕਾਨੂੰਨ ਦਾ ਇਕ ਮਾਹਰ ਨਕਲਨਵੀਸ ਸੀ। ਇਸ ਲਈ ਯਰੂਸ਼ਲਮ ਜਾਣ ਤੋਂ ਪਹਿਲਾਂ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਨੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਹਨ, ਉਹ ਜ਼ਰੂਰ ਪੂਰੀਆਂ ਹੋਣਗੀਆਂ।—2 ਇਤਿ. 36:22, 23; ਅਜ਼. 7:6, 9, 10; ਯਿਰ. 29:14.
e ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਸੰਮੇਲਨ ʼਤੇ ਜਾਣ ਲਈ ਕੰਮ ʼਤੇ ਆਪਣੇ ਮਾਲਕ ਤੋਂ ਛੁੱਟੀ ਮੰਗਦਾ ਹੈ, ਪਰ ਉਹ ਮਨ੍ਹਾ ਕਰ ਦਿੰਦਾ ਹੈ। ਉਹੀ ਭਰਾ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗਦਾ ਹੈ ਅਤੇ ਦੁਬਾਰਾ ਤੋਂ ਮਾਲਕ ਨਾਲ ਗੱਲ ਕਰਨ ਦੀ ਤਿਆਰੀ ਕਰਦਾ ਹੈ। ਉਹ ਮਾਲਕ ਨੂੰ ਸੰਮੇਲਨ ਦਾ ਸੱਦਾ-ਪੱਤਰ ਦਿਖਾਉਂਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਮੰਨਣ ਨਾਲ ਅਸੀਂ ਕਿੱਦਾਂ ਹੋਰ ਵੀ ਚੰਗੇ ਇਨਸਾਨ ਬਣਦੇ ਹਾਂ। ਮਾਲਕ ਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਹਨ ਅਤੇ ਉਹ ਭਰਾ ਨੂੰ ਛੁੱਟੀ ਦੇ ਦਿੰਦਾ ਹੈ।