ਜ਼ਬਾਨ ਦੀ ਸਹੀ ਵਰਤੋਂ ਕਰੋ
‘ਹੇ ਯਹੋਵਾਹ ਮੇਰੇ ਮੂੰਹ ਦੀਆਂ ਗੱਲਾਂ ਤੇਰੇ ਹਜ਼ੂਰ ਮੰਨਣ ਜੋਗ ਹੋਣ।’—ਜ਼ਬੂ. 19:14.
1, 2. ਬਾਈਬਲ ਜੀਭ ਦੀ ਤੁਲਨਾ ਅੱਗ ਨਾਲ ਕਿਉਂ ਕਰਦੀ ਹੈ?
1871 ਵਿਚ ਅਮਰੀਕਾ ਦੇ ਵਿਸਕਾਂਸਨ ਪ੍ਰਾਂਤ ਦੇ ਜੰਗਲ ਨੂੰ ਅੱਗ ਲੱਗ ਗਈ। ਇਹ ਅੱਗ ਮਿੰਟਾਂ-ਸਕਿੰਟਾਂ ਵਿਚ ਫੈਲ ਗਈ ਅਤੇ ਇਸ ਨੇ ਲਗਭਗ ਦੋ ਅਰਬ ਦਰਖ਼ਤਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। 1,200 ਤੋਂ ਜ਼ਿਆਦਾ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ। ਪਹਿਲਾਂ ਅਮਰੀਕਾ ਵਿਚ ਕਦੀ ਵੀ ਇੰਨੇ ਲੋਕ ਅੱਗ ਦੀ ਲਪੇਟ ਵਿਚ ਨਹੀਂ ਆਏ ਸਨ। ਲੱਗਦਾ ਹੈ ਕਿ ਜੰਗਲ ਨੇੜਿਓਂ ਲੰਘਦੀਆਂ ਰੇਲ-ਗੱਡੀਆਂ ਦੀਆਂ ਚਿੰਗਿਆੜੀਆਂ ਨਾਲ ਅੱਗ ਦਾ ਇਹ ਭਾਂਬੜ ਮਚਿਆ ਸੀ। ਇਸ ਘਟਨਾ ਤੋਂ ਸਾਨੂੰ ਬਾਈਬਲ ਦੀ ਇਕ ਆਇਤ ਯਾਦ ਆਉਂਦੀ ਹੈ: “ਧਿਆਨ ਦਿਓ ਕਿ ਇਕ ਛੋਟੀ ਜਿਹੀ ਚੰਗਿਆੜੀ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ!” (ਯਾਕੂ. 3:5) ਬਾਈਬਲ ਦੇ ਲਿਖਾਰੀ ਯਾਕੂਬ ਨੇ ਇੱਦਾਂ ਕਿਉਂ ਲਿਖਿਆ ਸੀ?
2 ਉਸ ਨੇ ਦੱਸਿਆ: “ਜੀਭ ਅੱਗ ਹੈ।” (ਯਾਕੂ. 3:6) “ਜੀਭ” ਬੋਲਣ ਦੀ ਕਾਬਲੀਅਤ ਨੂੰ ਦਰਸਾਉਂਦੀ ਹੈ। ਅੱਗ ਵਾਂਗ ਸਾਡੀ ਜੀਭ ਵੀ ਭਾਰੀ ਨੁਕਸਾਨ ਕਰ ਸਕਦੀ ਹੈ। ਸਾਡੇ ਸ਼ਬਦ ਦੂਜਿਆਂ ʼਤੇ ਜ਼ਬਰਦਸਤ ਅਸਰ ਪਾ ਸਕਦੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ “ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ।” (ਕਹਾ. 18:21) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਆਪਣੇ ਮੂੰਹੋਂ ਕੁਝ ਗ਼ਲਤ ਨਿਕਲਣ ਦੇ ਡਰ ਕਰਕੇ ਅਸੀਂ ਕੁਝ ਕਹੀਏ ਨਾ? ਬਿਲਕੁਲ ਨਹੀਂ। ਅਸੀਂ ਸੜ ਜਾਣ ਦੇ ਡਰ ਕਰਕੇ ਅੱਗ ਦਾ ਇਸਤੇਮਾਲ ਕਰਨਾ ਨਹੀਂ ਛੱਡਦੇ। ਇਸ ਦੀ ਬਜਾਇ, ਅਸੀਂ ਧਿਆਨ ਨਾਲ ਇਸ ਦਾ ਇਸਤੇਮਾਲ ਕਰਦੇ ਹਾਂ। ਮਿਸਾਲ ਲਈ, ਅਸੀਂ ਅੱਗ ਨੂੰ ਖਾਣਾ ਬਣਾਉਣ, ਠੰਢ ਤੋਂ ਬਚਣ ਅਤੇ ਰੋਸ਼ਨੀ ਪਾਉਣ ਲਈ ਵਰਤ ਸਕਦੇ ਹਾਂ। ਇਸੇ ਤਰ੍ਹਾਂ ਜੇ ਅਸੀਂ ਆਪਣੀ ਜੀਭ ʼਤੇ ਲਗਾਮ ਲਾਉਂਦੇ ਹਾਂ, ਤਾਂ ਅਸੀਂ ਇਸ ਨਾਲ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ ਅਤੇ ਦੂਜਿਆਂ ਨੂੰ ਫ਼ਾਇਦਾ ਪਹੁੰਚਾ ਸਕਦੇ ਹਾਂ।—ਜ਼ਬੂ. 19:14.
3. ਅਸੀਂ ਇਸ ਲੇਖ ਵਿਚ ਕਿਹੜੀਆਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ?
3 ਯਹੋਵਾਹ ਨੇ ਸਾਨੂੰ ਆਪਣੀਆਂ ਭਾਵਨਾਵਾਂ ਅਤੇ ਖ਼ਿਆਲ ਜ਼ਾਹਰ ਕਰਨ ਦੀ ਕਾਬਲੀਅਤ ਤੋਹਫ਼ੇ ਵਜੋਂ ਦਿੱਤੀ ਹੈ, ਚਾਹੇ ਅਸੀਂ ਇਨ੍ਹਾਂ ਨੂੰ ਬੋਲ ਕੇ ਜਾਂ ਹੱਥਾਂ ਦੇ ਇਸ਼ਾਰਿਆਂ ਨਾਲ ਜ਼ਾਹਰ ਕਰੀਏ। ਸੋ ਅਸੀਂ ਦੂਜਿਆਂ ਨੂੰ ਹੌਸਲਾ ਦੇਣ ਲਈ ਇਸ ਤੋਹਫ਼ੇ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ? (ਯਾਕੂਬ 3:9, 10 ਪੜ੍ਹੋ।) ਅਸੀਂ ਇਸ ਲੇਖ ਵਿਚ ਤਿੰਨ ਗੱਲਾਂ ʼਤੇ ਗੌਰ ਕਰਾਂਗੇ: ਬੋਲਣ ਦਾ ਸਹੀ ਸਮਾਂ ਕਿਹੜਾ ਹੈ, ਕੀ ਕਹਿਣਾ ਹੈ ਅਤੇ ਕਿਵੇਂ ਕਹਿਣਾ ਹੈ।
ਸਾਨੂੰ ਕਦੋਂ ਬੋਲਣਾ ਚਾਹੀਦਾ ਹੈ?
4. ਸਾਨੂੰ ਕਦੋਂ ਚੁੱਪ ਰਹਿਣਾ ਚਾਹੀਦਾ ਹੈ?
4 ਬੋਲਣਾ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਪਰ ਜ਼ਰੂਰੀ ਨਹੀਂ ਕਿ ਅਸੀਂ ਹਰ ਵੇਲੇ ਬੋਲਦੇ ਰਹੀਏ। ਦਰਅਸਲ ਬਾਈਬਲ ਦੱਸਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ।” (ਉਪ. 3:7) ਮਿਸਾਲ ਲਈ, ਜਦੋਂ ਕੋਈ ਸਾਡੇ ਨਾਲ ਗੱਲ ਕਰਦਾ ਹੈ ਜਾਂ ਦੋ ਜਣੇ ਆਪਸ ਵਿਚ ਗੱਲ ਕਰਦੇ ਹਨ, ਤਾਂ ਉਸ ਵੇਲੇ ਚੁੱਪ ਰਹਿ ਕੇ ਅਸੀਂ ਉਨ੍ਹਾਂ ਲਈ ਆਦਰ ਦਿਖਾਉਂਦੇ ਹਾਂ। (ਅੱਯੂ. 6:24) ਨਾਲੇ ਅਸੀਂ ਕਿਸੇ ਦੇ ਨਿੱਜੀ ਮਾਮਲਿਆਂ ਬਾਰੇ ਗੱਲ ਨਹੀਂ ਕਰਦੇ। (ਕਹਾ. 20:19) ਜਦੋਂ ਸਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਬੁੱਧੀਮਤਾ ਦੀ ਗੱਲ ਹੋਵੇਗੀ ਕਿ ਅਸੀਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੀਏ ਅਤੇ ਕੁਝ ਨਾ ਕਹੀਏ।—ਜ਼ਬੂ. 4:4.
5. ਅਸੀਂ ਬੋਲਣ ਦੀ ਕਾਬਲੀਅਤ ਲਈ ਯਹੋਵਾਹ ਪ੍ਰਤੀ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ?
5 ਇਸ ਦੇ ਉਲਟ, ਬਾਈਬਲ ਇਹ ਵੀ ਕਹਿੰਦੀ ਹੈ ਕਿ “ਇੱਕ ਬੋਲਣ ਦਾ ਵੇਲਾ ਹੈ।” (ਉਪ. 3:7) ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਇਕ ਵਧੀਆ ਤੋਹਫ਼ਾ ਦਿੰਦਾ ਹੈ, ਤਾਂ ਤੁਸੀਂ ਉਸ ਨੂੰ ਲੁਕੋ ਕੇ ਨਹੀਂ ਰੱਖੋਗੇ, ਸਗੋਂ ਉਸ ਦਾ ਵਧੀਆ ਇਸਤੇਮਾਲ ਕਰ ਕੇ ਉਸ ਪ੍ਰਤੀ ਕਦਰ ਦਿਖਾਓਗੇ। ਅਸੀਂ ਯਹੋਵਾਹ ਵੱਲੋਂ ਮਿਲੇ ਤੋਹਫ਼ੇ ਦਾ ਸਮਝਦਾਰੀ ਨਾਲ ਇਸਤੇਮਾਲ ਕਰ ਕੇ ਯਹੋਵਾਹ ਲਈ ਕਦਰਦਾਨੀ ਦਿਖਾਉਂਦੇ ਹਾਂ। ਅਸੀਂ ਆਪਣੀ ਬੋਲਣ ਦੀ ਕਾਬਲੀਅਤ ਨੂੰ ਯਹੋਵਾਹ ਦੀ ਮਹਿਮਾ ਕਰਨ, ਦੂਜਿਆਂ ਨੂੰ ਹੌਸਲਾ ਦੇਣ, ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਅਤੇ ਦੂਜਿਆਂ ਨੂੰ ਆਪਣੀਆਂ ਲੋੜਾਂ ਦੱਸਣ ਲਈ ਵਰਤ ਸਕਦੇ ਹਾਂ। (ਜ਼ਬੂ. 51:15) ਪਰ ਅਸੀਂ ਕਿੱਦਾਂ ਪਤਾ ਲੱਗਾ ਸਕਦੇ ਹਾਂ ਕਿ ਬੋਲਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ?
6. ਗੱਲ ਕਰਨ ਲਈ ਸਹੀ ਸਮੇਂ ਦੀ ਚੋਣ ਕਰਨੀ ਕਿਉਂ ਜ਼ਰੂਰੀ ਹੈ?
6 ਕਹਾਉਤਾਂ 25:11 ਵਿਚ ਬੋਲਣ ਦੇ ਸਹੀ ਸਮੇਂ ਦੀ ਚੋਣ ਕਰਨ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” ਸੋਨੇ ਦੇ ਸੇਬ ਬਹੁਤ ਸੋਹਣੇ ਲੱਗਦੇ ਹਨ, ਪਰ ਜਦੋਂ ਇਨ੍ਹਾਂ ਨੂੰ ਚਾਂਦੀ ਦੇ ਭਾਂਡੇ ਵਿਚ ਰੱਖਿਆ ਜਾਂਦਾ ਹੈ, ਤਾਂ ਇਹ ਹੋਰ ਵੀ ਸੋਹਣੇ ਲੱਗਦੇ ਹਨ। ਇਸੇ ਤਰ੍ਹਾਂ ਅਸੀਂ ਕਿਸੇ ਨਾਲ ਗੱਲ ਕਰਨ ਲਈ ਸਹੀ ਸਮੇਂ ਦੀ ਚੋਣ ਕਰ ਕੇ ਉਸ ਦੀ ਹੋਰ ਵੀ ਜ਼ਿਆਦਾ ਮਦਦ ਕਰ ਸਕਦੇ ਹਾਂ। ਪਰ ਅਸੀਂ ਸਹੀ ਸਮਾਂ ਕਿਵੇਂ ਚੁਣ ਸਕਦੇ ਹਾਂ?
7, 8. ਜਪਾਨ ਦੇ ਭੈਣਾਂ-ਭਰਾਵਾਂ ਨੇ ਯਿਸੂ ਦੀ ਰੀਸ ਕਿਵੇਂ ਕੀਤੀ?
7 ਸਹੀ ਸਮੇਂ ʼਤੇ ਗੱਲ ਨਾ ਕਰਨ ਕਰਕੇ ਲੋਕ ਸ਼ਾਇਦ ਸਾਡੀ ਗੱਲ ਨਾ ਤਾਂ ਸਮਝਣ ਅਤੇ ਨਾ ਹੀ ਇਸ ਨਾਲ ਸਹਿਮਤ ਹੋਣ। (ਕਹਾਉਤਾਂ 15:23 ਪੜ੍ਹੋ।) ਮਿਸਾਲ ਲਈ, ਮਾਰਚ 2011 ਵਿਚ ਪੂਰਬ ਜਪਾਨ ਦੇ ਕਈ ਸ਼ਹਿਰ ਭੁਚਾਲ਼ ਅਤੇ ਸੁਨਾਮੀ ਲਹਿਰਾਂ ਕਰਕੇ ਢਹਿ-ਢੇਰੀ ਹੋ ਗਏ। 15,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਭਾਵੇਂ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਦੇ ਆਪਣੇ ਪਰਿਵਾਰ ਅਤੇ ਦੋਸਤ ਮੌਤ ਦੇ ਮੂੰਹ ਵਿਚ ਚਲੇ ਗਏ, ਫਿਰ ਵੀ ਉਹ ਆਪਣੇ ਵਰਗੇ ਹਲਾਤਾਂ ਵਿੱਚੋਂ ਦੀ ਲੰਘ ਰਹੇ ਲੋਕਾਂ ਦੀ ਬਾਈਬਲ ਤੋਂ ਮਦਦ ਕਰਨੀ ਚਾਹੁੰਦੇ ਸਨ। ਪਰ ਉਹ ਜਾਣਦੇ ਸਨ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਬੋਧੀ ਸਨ ਜੋ ਬਾਈਬਲ ਬਾਰੇ ਥੋੜ੍ਹਾ-ਬਹੁਤਾ ਜਾਂ ਬਿਲਕੁਲ ਵੀ ਨਹੀਂ ਜਾਣਦੇ ਸਨ। ਸੋ ਸਾਡੇ ਭੈਣਾਂ-ਭਰਾਵਾਂ ਨੇ ਉਸ ਵੇਲੇ ਲੋਕਾਂ ਨੂੰ ਮੁੜ ਜੀਉਂਦੇ ਹੋਣ ਦੀ ਉਮੀਦ ਬਾਰੇ ਦੱਸਣ ਦੀ ਬਜਾਇ ਦਿਲਾਸਾ ਦਿੱਤਾ। ਨਾਲੇ ਉਨ੍ਹਾਂ ਨੂੰ ਬਾਈਬਲ ਤੋਂ ਸਮਝਾਇਆ ਕਿ ਚੰਗੇ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਕਿਉਂ ਹੁੰਦੀਆਂ ਹਨ।
8 ਇਨ੍ਹਾਂ ਭੈਣਾਂ-ਭਰਾਵਾਂ ਨੇ ਯਿਸੂ ਦੀ ਰੀਸ ਕੀਤੀ। ਯਿਸੂ ਜਾਣਦਾ ਸੀ ਕਿ ਚੁੱਪ ਰਹਿਣ ਅਤੇ ਬੋਲਣ ਦਾ ਸਹੀ ਸਮਾਂ ਕਿਹੜਾ ਸੀ। (ਯੂਹੰ. 18:33-37; 19:8-11) ਨਾਲੇ ਉਸ ਨੇ ਇਕ ਵਾਰ ਆਪਣੇ ਚੇਲਿਆਂ ਨੂੰ ਦੱਸਿਆ: “ਮੈਂ ਤੁਹਾਨੂੰ ਅਜੇ ਹੋਰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਹਨ, ਪਰ ਤੁਸੀਂ ਇਸ ਵੇਲੇ ਉਨ੍ਹਾਂ ਨੂੰ ਸਮਝ ਨਹੀਂ ਸਕਦੇ।” (ਯੂਹੰ. 16:12) ਜਪਾਨ ਦੇ ਭੈਣ-ਭਰਾ ਜਾਣਦੇ ਸਨ ਕਿ ਲੋਕਾਂ ਨੂੰ ਮੁੜ ਜੀਉਂਦੇ ਹੋਣ ਦੀ ਉਮੀਦ ਬਾਰੇ ਦੱਸਣ ਦਾ ਸਹੀ ਸਮਾਂ ਕਿਹੜਾ ਸੀ। ਸੁਨਾਮੀ ਲਹਿਰਾਂ ਆਉਣ ਤੋਂ ਢਾਈ ਸਾਲਾਂ ਬਾਅਦ ਭੈਣਾਂ-ਭਰਾਵਾਂ ਨੇ ਲੋਕਾਂ ਨੂੰ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਨਾਂ ਦਾ ਟ੍ਰੈਕਟ ਪੇਸ਼ ਕੀਤਾ। ਬਹੁਤ ਸਾਰੇ ਲੋਕਾਂ ਨੇ ਇਹ ਟ੍ਰੈਕਟ ਲਿਆ ਅਤੇ ਇਸ ਨੂੰ ਪੜ੍ਹ ਕੇ ਉਨ੍ਹਾਂ ਨੂੰ ਦਿਲਾਸਾ ਮਿਲਿਆ। ਸਾਨੂੰ ਵੀ ਆਪਣੇ ਇਲਾਕੇ ਦੇ ਲੋਕਾਂ ਦੇ ਸਭਿਆਚਾਰ ਅਤੇ ਵਿਸ਼ਵਾਸਾਂ ਬਾਰੇ ਸੋਚਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨਾਲ ਗੱਲ ਕਰਨ ਲਈ ਸਹੀ ਸਮਾਂ ਚੁਣ ਸਕੀਏ।
9. ਸਾਨੂੰ ਹੋਰ ਕਿਹੜੇ ਹਲਾਤਾਂ ਵਿਚ ਗੱਲ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?
9 ਸਾਨੂੰ ਹੋਰ ਕਿਹੜੇ ਹਲਾਤਾਂ ਵਿਚ ਗੱਲ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ? ਸ਼ਾਇਦ ਕੋਈ ਸਾਨੂੰ ਕੁਝ ਕਹਿ ਦੇਵੇ ਜਿਸ ਨਾਲ ਸਾਨੂੰ ਦੁੱਖ ਲੱਗੇ। ਉਸੇ ਵੇਲੇ ਜਵਾਬ ਦੇਣ ਅਤੇ ਕੁਝ ਗ਼ਲਤ ਕਹਿਣ ਦੀ ਬਜਾਇ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ: ‘ਕੀ ਉਹ ਸੱਚੀਂ-ਮੁੱਚੀ ਮੈਨੂੰ ਠੇਸ ਪਹੁੰਚਾਉਣੀ ਚਾਹੁੰਦਾ ਸੀ? ਕੀ ਮੈਨੂੰ ਉਸ ਨਾਲ ਇਸ ਮਾਮਲੇ ਬਾਰੇ ਗੱਲ ਕਰਨ ਦੀ ਕੋਈ ਲੋੜ ਹੈ?’ ਸ਼ਾਇਦ ਵਧੀਆ ਹੋਵੇਗਾ ਕਿ ਅਸੀਂ ਕੁਝ ਨਾ ਕਹੀਏ। ਪਰ ਜੇ ਗੱਲ ਕਰਨੀ ਜ਼ਰੂਰੀ ਹੈ, ਤਾਂ ਉਦੋਂ ਤਕ ਇੰਤਜ਼ਾਰ ਕਰੋ ਜਦੋਂ ਤਕ ਸਾਡਾ ਗੁੱਸਾ ਠੰਢਾ ਨਹੀਂ ਹੋ ਜਾਂਦਾ। (ਕਹਾਉਤਾਂ 15:28 ਪੜ੍ਹੋ।) ਜਾਂ ਸ਼ਾਇਦ ਅਸੀਂ ਆਪਣੇ ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੁੰਦੇ ਹਾਂ। ਉਸ ਵੇਲੇ ਵੀ ਸਾਨੂੰ ਉਨ੍ਹਾਂ ਨਾਲ ਧੀਰਜ ਰੱਖਣਾ ਅਤੇ ਬੋਲਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ। ਨਾਲੇ ਸਾਨੂੰ ਉਸ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋਣ।
ਸਾਨੂੰ ਕੀ ਕਹਿਣਾ ਚਾਹੀਦਾ ਹੈ?
10. (ੳ) ਸਾਨੂੰ ਸੋਚ-ਸਮਝ ਕੇ ਕਿਉਂ ਬੋਲਣਾ ਚਾਹੀਦਾ ਹੈ? (ਅ) ਸਾਨੂੰ ਕਿਸ ਤਰ੍ਹਾਂ ਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ?
10 ਸ਼ਬਦਾਂ ਵਿਚ ਇੰਨੀ ਤਾਕਤ ਹੈ ਕਿ ਇਹ ਲੋਕਾਂ ਦਾ ਹੌਸਲਾ ਵਧਾ ਸਕਦੇ ਹਨ ਜਾਂ ਢਾਹ ਸਕਦੇ ਹਨ। (ਕਹਾਉਤਾਂ 12:18 ਪੜ੍ਹੋ।) ਸ਼ੈਤਾਨ ਦੀ ਦੁਨੀਆਂ ਵਿਚ ਬਹੁਤ ਸਾਰੇ ਲੋਕ ਦੂਜਿਆਂ ਦੇ ਦਿਲਾਂ ਨੂੰ ਵਿੰਨ੍ਹਣ ਲਈ ‘ਕੌੜੇ ਬਚਨ’ ਬੋਲਦੇ ਹਨ ਜੋ “ਤੀਰਾਂ” ਜਾਂ “ਤਲਵਾਰ” ਵਾਂਗ ਹਨ। (ਜ਼ਬੂ. 64:3) ਬਹੁਤ ਸਾਰੇ ਲੋਕ ਫ਼ਿਲਮਾਂ ਅਤੇ ਟੀ. ਵੀ. ਪ੍ਰੋਗ੍ਰਾਮਾਂ ਤੋਂ ਇੱਦਾਂ ਦੀ ਭਾਸ਼ਾ ਸਿੱਖਦੇ ਹਨ। ਪਰ ਮਸੀਹੀ ਮਜ਼ਾਕ ਵਿਚ ਵੀ ਇੱਦਾਂ ਦੀ ਗੱਲ ਨਹੀਂ ਕਹਿੰਦੇ ਜਿਸ ਨਾਲ ਦੂਜਿਆਂ ਨੂੰ ਦੁੱਖ ਲੱਗੇ। ਮਜ਼ਾਕ ਕਰਨ ਵਿਚ ਕੋਈ ਹਰਜ਼ ਨਹੀਂ, ਪਰ ਅਸੀਂ ਦੂਜਿਆਂ ਨੂੰ ਹਸਾਉਣ ਲਈ ਕਿਸੇ ਨੂੰ ਚੁਭਵੀਆਂ ਗੱਲਾਂ ਜਾਂ ਲਾ ਕੇ ਗੱਲਾਂ ਨਹੀਂ ਕਰਦੇ ਜਿਸ ਕਰਕੇ ਉਹ ਦੂਸਰਿਆਂ ਸਾਮ੍ਹਣੇ ਸ਼ਰਮਿੰਦਗੀ ਜਾਂ ਇੱਥੋਂ ਤਕ ਕਿ ਬੇਇੱਜ਼ਤੀ ਮਹਿਸੂਸ ਕਰੇ। ਬਾਈਬਲ ਮਸੀਹੀਆਂ ਨੂੰ ਹੁਕਮ ਦਿੰਦੀ ਹੈ ਕਿ ਉਨ੍ਹਾਂ ਨੂੰ “ਗਾਲ਼ੀ-ਗਲੋਚ” ਨਹੀਂ ਕਰਨਾ ਚਾਹੀਦਾ। ਬਾਈਬਲ ਇਹ ਵੀ ਕਹਿੰਦੀ ਹੈ: “ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ, ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।”—ਅਫ਼. 4:29, 31.
11. ਸਹੀ ਸ਼ਬਦ ਚੁਣਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
11 ਯਿਸੂ ਨੇ ਸਿਖਾਇਆ ਕਿ “ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।” (ਮੱਤੀ 12:34) ਇਸ ਦਾ ਇਹ ਮਤਲਬ ਹੈ ਕਿ ਅਸੀਂ ਜੋ ਵੀ ਕਹਿੰਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਦੂਜਿਆਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਜੇ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਪਰਵਾਹ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਵਧੀਆ ਤੇ ਹੌਸਲਾ ਦੇਣ ਵਾਲੀਆਂ ਗੱਲਾਂ ਕਹਾਂਗੇ।
12. ਹੋਰ ਕਿਹੜੀ ਗੱਲ ਸਹੀ ਸ਼ਬਦਾਂ ਦੀ ਚੋਣ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?
12 ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਾਨੂੰ ਬਹੁਤ ਸੋਚਣਾ ਪੈਂਦਾ ਹੈ। ਇੱਥੋਂ ਤਕ ਕਿ ਬੁੱਧੀਮਾਨ ਰਾਜਾ ਸੁਲੇਮਾਨ ਨੇ ਵੀ “ਚੰਗੀ ਤਰਾਂ ਕੰਨ ਲਾਇਆ” ਅਤੇ “ਮਨ ਭਾਉਂਦੀਆਂ ਗੱਲਾਂ ਦੀ ਭਾਲ ਵਿੱਚ ਰਿਹਾ” ਤਾਂਕਿ ਜੋ ਕੁਝ ਲਿਖਿਆ ਗਿਆ ਉਹ “ਸਿੱਧਾ ਅਰ ਸਚਿਆਈ ਦੀਆਂ ਗੱਲਾਂ” ਹੋਣ। (ਉਪ. 12:9, 10) ਕੀ ਤੁਹਾਨੂੰ ਸਹੀ ਸ਼ਬਦ ਚੁਣਨੇ ਔਖੇ ਲੱਗਦੇ ਹਨ? ਜੇ ਹਾਂ, ਤਾਂ ਬਾਈਬਲ ਅਤੇ ਪ੍ਰਕਾਸ਼ਨਾਂ ਤੋਂ ਗੱਲ ਕਰਨ ਦੇ ਨਵੇਂ ਤਰੀਕੇ ਸਿੱਖੋ। ਅਸੀਂ ਉਨ੍ਹਾਂ ਸ਼ਬਦਾਂ ਬਾਰੇ ਸਿੱਖ ਸਕਦੇ ਜਿਨ੍ਹਾਂ ਦਾ ਮਤਲਬ ਸਾਨੂੰ ਨਹੀਂ ਪਤਾ। ਯਿਸੂ ਬਾਰੇ ਹੋਰ ਸਿੱਖ ਕੇ ਅਸੀਂ ਉਸ ਵਾਂਗ ਲੋਕਾਂ ਨਾਲ ਗੱਲ ਕਰਨੀ ਸਿੱਖ ਸਕਦੇ ਹਾਂ ਜਿਸ ਨਾਲ ਦੂਜਿਆਂ ਦੀ ਮਦਦ ਹੋਵੇ। ਯਿਸੂ ਸ਼ਬਦਾਂ ਦੀ ਸਹੀ ਚੋਣ ਕਰਨੀ ਜਾਣਦਾ ਸੀ ਕਿਉਂਕਿ “ਯਹੋਵਾਹ ਨੇ [ਯਿਸੂ ਨੂੰ] ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ” ਦੇਣੀ ਹੈ। (ਯਸਾ. 50:4) ਨਾਲੇ ਇਹ ਵੀ ਸੋਚਣਾ ਜ਼ਰੂਰੀ ਹੈ ਕਿ ਸਾਡੇ ਸ਼ਬਦਾਂ ਦਾ ਦੂਜਿਆਂ ʼਤੇ ਕੀ ਅਸਰ ਪੈ ਸਕਦਾ ਹੈ। (ਯਾਕੂ. 1:19) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਜੇ ਮੈਂ ਇਸ ਤਰ੍ਹਾਂ ਕਿਹਾ, ਤਾਂ ਕੀ ਉਹ ਇਨਸਾਨ ਸਮਝੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ? ਉਸ ਨੂੰ ਕਿਵੇਂ ਲੱਗੇਗਾ?’
13. ਸਾਨੂੰ ਦੂਜਿਆਂ ਨੂੰ ਆਪਣੀ ਗੱਲ ਸਾਫ਼-ਸਾਫ਼ ਕਿਉਂ ਸਮਝਾਉਣੀ ਚਾਹੀਦੀ ਹੈ?
13 ਇਜ਼ਰਾਈਲ ਵਿਚ ਕੌਮ ਨੂੰ ਇਕੱਠਾ ਕਰਨ, ਆਪਣਾ ਸਮਾਨ ਬੰਨ੍ਹ ਕੇ ਅੱਗੇ ਤੁਰਨ ਅਤੇ ਯੁੱਧ ਵਿਚ ਫ਼ੌਜੀਆਂ ਨੂੰ ਹਮਲਾ ਕਰਨ ਦਾ ਇਸ਼ਾਰਾ ਕਰਨ ਲਈ ਅਲੱਗ-ਅਲੱਗ ਤਰੀਕਿਆਂ ਨਾਲ ਤੁਰ੍ਹੀਆਂ ਵਜਾਈਆਂ ਜਾਂਦੀਆਂ ਸਨ। ਕਲਪਨਾ ਕਰੋ ਕਿ ਜੇ ਉਹ ਤੁਰ੍ਹੀ ਦੀ ਆਵਾਜ਼ ਸਹੀ ਨਾ ਕੱਢਦੇ, ਤਾਂ ਫ਼ੌਜ ਨਾਲ ਕੀ ਹੋ ਸਕਦਾ ਸੀ। ਬਾਈਬਲ ਸਹੀ ਤਰੀਕੇ ਨਾਲ ਕੱਢੀ ਤੁਰ੍ਹੀ ਦੀ ਆਵਾਜ਼ ਦੀ ਤੁਲਨਾ ਉਨ੍ਹਾਂ ਸ਼ਬਦਾਂ ਨਾਲ ਕਰਦੀ ਹੈ ਜੋ ਆਸਾਨੀ ਨਾਲ ਸਮਝ ਆਉਂਦੇ ਹਨ। ਜੇ ਅਸੀਂ ਸਾਫ਼-ਸਾਫ਼ ਆਪਣੀਆਂ ਗੱਲਾਂ ਨਹੀਂ ਸਮਝਾਉਂਦੇ, ਤਾਂ ਸ਼ਾਇਦ ਸੁਣਨ ਵਾਲੇ ਉਲਝਣ ਵਿਚ ਪੈ ਜਾਣ ਜਾਂ ਗੁਮਰਾਹ ਹੋ ਜਾਣ। ਭਾਵੇਂ ਕਿ ਅਸੀਂ ਆਪਣੀਆਂ ਗੱਲਾਂ ਨੂੰ ਸਾਫ਼-ਸਾਫ਼ ਸਮਝਾਉਣਾ ਚਾਹੁੰਦੇ ਹਾਂ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੋਈ ਵੀ ਗੱਲ ਰੁੱਖੇ ਤਰੀਕੇ ਜਾਂ ਬੇਅਦਬੀ ਨਾਲ ਨਾ ਕਹੀਏ।—1 ਕੁਰਿੰਥੀਆਂ 14:8, 9 ਪੜ੍ਹੋ।
14. ਕਿਹੜੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਸੌਖੇ ਤਰੀਕੇ ਨਾਲ ਸਮਝਾਉਂਦਾ ਸੀ?
14 ਅਸੀਂ ਮੱਤੀ 5-7 ਵਿਚ ਯਿਸੂ ਦੀਆਂ ਗੱਲਾਂ ਤੋਂ ਦੇਖ ਸਕਦੇ ਹਾਂ ਕਿ ਉਹ ਸੌਖਿਆਂ ਹੀ ਸਮਝ ਆਉਣ ਵਾਲੇ ਸ਼ਬਦ ਵਰਤਦਾ ਸੀ। ਇਨ੍ਹਾਂ ਅਧਿਆਵਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਲੋਕਾਂ ਤੋਂ ਵਾਹ-ਵਾਹ ਖੱਟਣ ਲਈ ਔਖੇ ਜਾਂ ਗ਼ੈਰ-ਜ਼ਰੂਰੀ ਸ਼ਬਦ ਨਹੀਂ ਵਰਤੇ। ਉਸ ਨੇ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਕਿਸੇ ਦਾ ਦਿਲ ਦੁਖੇ। ਯਿਸੂ ਨੇ ਬਹੁਤ ਜ਼ਰੂਰੀ ਗੱਲਾਂ ਸਿਖਾਈਆਂ ਜਿਨ੍ਹਾਂ ਦਾ ਡੂੰਘਾ ਅਰਥ ਸੀ, ਪਰ ਲੋਕ ਉਸ ਦੀਆਂ ਕਹੀਆਂ ਗੱਲਾਂ ਸੌਖਿਆਂ ਹੀ ਸਮਝ ਲੈਂਦੇ ਸਨ। ਮਿਸਾਲ ਲਈ, ਯਿਸੂ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਸੋ ਉਸ ਨੇ ਸਮਝਾਇਆ ਕਿ ਯਹੋਵਾਹ ਪੰਛੀਆਂ ਦਾ ਹਮੇਸ਼ਾ ਢਿੱਡ ਭਰਦਾ ਹੈ। ਫਿਰ ਉਸ ਨੇ ਉਨ੍ਹਾਂ ਤੋਂ ਇਹ ਪੁੱਛਿਆ: “ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” (ਮੱਤੀ 6:26) ਇਨ੍ਹਾਂ ਸੌਖੇ ਸ਼ਬਦਾਂ ਨਾਲ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਅਹਿਮ ਸਬਕ ਸਿਖਾਇਆ ਅਤੇ ਉਨ੍ਹਾਂ ਨੂੰ ਹੌਸਲਾ ਮਿਲਿਆ।
ਸਾਨੂੰ ਦੂਜਿਆਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ?
15. ਸਾਨੂੰ ਪਿਆਰ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ?
15 ਅਸੀਂ ਜਿਸ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਦੇ ਹਾਂ, ਉਹ ਵੀ ਬਹੁਤ ਮਾਅਨੇ ਰੱਖਦਾ ਹੈ। ਲੋਕ ਯਿਸੂ ਦੀਆਂ ਗੱਲਾਂ ਦਾ ਆਨੰਦ ਮਾਣਦੇ ਸਨ ਕਿਉਂਕਿ ਉਹ “ਦਿਲ ਨੂੰ ਜਿੱਤ ਲੈਣ ਵਾਲੀਆਂ ਗੱਲਾਂ” ਕਰਦਾ ਸੀ। (ਲੂਕਾ 4:22) ਜਦੋਂ ਅਸੀਂ ਯਿਸੂ ਵਾਂਗ ਪਿਆਰ ਨਾਲ ਗੱਲ ਕਰਦੇ ਹਾਂ, ਤਾਂ ਲੋਕ ਸਾਡੀਆਂ ਗੱਲਾਂ ਦਾ ਆਨੰਦ ਮਾਣਦੇ ਹਨ ਅਤੇ ਉਨ੍ਹਾਂ ਨਾਲ ਸਹਿਮਤ ਹੁੰਦੇ ਹਨ। (ਕਹਾ. 25:15) ਜੇ ਅਸੀਂ ਦੂਜਿਆਂ ਦੀ ਇੱਜ਼ਤ ਕਰਾਂਗੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਾਂਗੇ, ਤਾਂ ਹੀ ਅਸੀਂ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰ ਸਕਾਂਗੇ। ਯਿਸੂ ਨੇ ਇੱਦਾਂ ਹੀ ਕੀਤਾ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਦੇਖਿਆ ਕਿ ਭੀੜ ਉਸ ਦੀਆਂ ਗੱਲਾਂ ਸੁਣਨ ਲਈ ਕੋਸ਼ਿਸ਼ ਕਰ ਕੇ ਆਈ ਸੀ, ਤਾਂ ਉਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਸਿਖਾਇਆ। (ਮਰ. 6:34) ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ।—1 ਪਤ. 2:23.
16, 17. (ੳ) ਅਸੀਂ ਆਪਣੇ ਪਰਿਵਾਰ ਅਤੇ ਮੰਡਲੀ ਦੇ ਦੋਸਤਾਂ ਨਾਲ ਗੱਲ ਕਰਦਿਆਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਸਲੀਕੇ ਨਾਲ ਗੱਲ ਕਰਨ ਦਾ ਫ਼ਾਇਦਾ ਹੁੰਦਾ ਹੈ।
16 ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪਿਆਰ ਕਰਦੇ ਹਾਂ, ਪਰ ਸ਼ਾਇਦ ਅਸੀਂ ਕਦੀ-ਕਦਾਈਂ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਕੁਝ ਕਹਿ ਦੇਈਏ। ਸ਼ਾਇਦ ਅਸੀਂ ਸੋਚੀਏ ਕਿ ਅਸੀਂ ਉਨ੍ਹਾਂ ਨੂੰ ਜੋ ਮਰਜ਼ੀ ਕਹਿ ਸਕਦੇ ਹਾਂ ਕਿਉਂਕਿ ਉਹ ਸਾਡੇ ਆਪਣੇ ਹਨ। ਪਰ ਯਿਸੂ ਆਪਣੇ ਕਰੀਬੀ ਦੋਸਤਾਂ ਨਾਲ ਕਦੀ ਵੀ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਇਆ। ਜਦੋਂ ਉਸ ਦੇ ਚੇਲੇ ਆਪਸ ਵਿਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ, ਤਾਂ ਉਸ ਨੇ ਇਕ ਛੋਟੇ ਬੱਚੇ ਦੀ ਮਿਸਾਲ ਦੇ ਕੇ ਪਿਆਰ ਨਾਲ ਉਨ੍ਹਾਂ ਦੀ ਸੋਚ ਨੂੰ ਸੁਧਾਰਿਆ। (ਮਰ. 9:33-37) ਯਿਸੂ ਦੀ ਰੀਸ ਕਰਦਿਆਂ ਮੰਡਲੀ ਦੇ ਬਜ਼ੁਰਗ ਦੂਜਿਆਂ ਨੂੰ “ਨਰਮਾਈ ਨਾਲ” ਸਲਾਹ ਦੇ ਸਕਦੇ ਹਨ।—ਗਲਾ. 6:1.
17 ਉਦੋਂ ਵੀ ਅਸੀਂ ਪਿਆਰ ਨਾਲ ਗੱਲ ਕਰ ਕੇ ਮਾਮਲੇ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ, ਜਦੋਂ ਕੋਈ ਸਾਨੂੰ ਨਾਰਾਜ਼ ਕਰਦਾ ਹੈ। (ਕਹਾ. 15:1) ਮਿਸਾਲ ਲਈ, ਇਕ ਇਕੱਲੀ ਮਾਂ ਦਾ ਨੌਜਵਾਨ ਮੁੰਡਾ ਦੋਹਰੀ ਜ਼ਿੰਦਗੀ ਜੀ ਰਿਹਾ ਸੀ। ਇਕ ਭੈਣ ਨੇ ਉਸ ਮੁੰਡੇ ਦੀ ਮਾਂ ʼਤੇ ਤਰਸ ਖਾਂਦਿਆਂ ਕਿਹਾ: “ਭੈਣ ਜੀ, ਮੈਨੂੰ ਦੁੱਖ ਹੈ ਕਿ ਤੁਸੀਂ ਆਪਣੇ ਮੁੰਡੇ ਦੀ ਚੰਗੀ ਪਰਵਰਿਸ਼ ਨਹੀਂ ਕਰ ਪਾਏ।” ਉਸ ਮਾਂ ਨੇ ਜਵਾਬ ਦੇਣ ਤੋਂ ਪਹਿਲਾਂ ਸੋਚਿਆ ਅਤੇ ਕਿਹਾ: “ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ, ਪਰ ਮੈਂ ਹਾਲੇ ਵੀ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਬਾਰੇ ਆਪਾਂ ਆਰਮਾਗੇਡਨ ਤੋਂ ਬਾਅਦ ਗੱਲ ਕਰਾਂਗੇ, ਕਿਉਂਕਿ ਹਾਲੇ ਵੀ ਸਮਾਂ ਹੈ।” ਉਸ ਮਾਂ ਨੇ ਸ਼ਾਂਤੀ ਅਤੇ ਪਿਆਰ ਨਾਲ ਜਵਾਬ ਦਿੱਤਾ ਜਿਸ ਕਰਕੇ ਉਨ੍ਹਾਂ ਦੀ ਦੋਸਤੀ ਵਿਚ ਦਰਾੜ ਨਹੀਂ ਪਈ। ਨਾਲੇ ਉਸ ਮੁੰਡੇ ਨੇ ਆਪਣੀ ਮੰਮੀ ਦੀ ਗੱਲ ਸੁਣ ਲਈ ਸੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਮੰਮੀ ਜੀ ਨੂੰ ਉਸ ਦੇ ਬਦਲਣ ਦੀ ਅਜੇ ਤਕ ਆਸ ਹੈ। ਸੋ ਉਸ ਨੇ ਬੁਰੀ ਸੰਗਤ ਕਰਨੀ ਛੱਡ ਦਿੱਤੀ। ਸਮੇਂ ਦੇ ਬੀਤਣ ਨਾਲ ਉਸ ਨੇ ਬਪਤਿਸਮਾ ਲੈ ਲਿਆ ਅਤੇ ਕੁਝ ਸਮੇਂ ਬਾਅਦ ਬੈਥਲ ਵਿਚ ਵੀ ਸੇਵਾ ਕੀਤੀ। ਚਾਹੇ ਅਸੀਂ ਆਪਣੇ ਪਰਿਵਾਰ, ਭੈਣਾਂ-ਭਰਾਵਾਂ ਜਾਂ ਕਿਸੇ ਨਾਲ ਵੀ ਗੱਲ ਕਰੀਏ, ਸਾਨੂੰ ਬਾਈਬਲ ਦੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ: “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।”—ਕੁਲੁ. 4:6.
18. ਅਸੀਂ ਬੋਲਣ ਵੇਲੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
18 ਦੂਜਿਆਂ ਸਾਮ੍ਹਣੇ ਆਪਣੇ ਖ਼ਿਆਲ ਅਤੇ ਭਾਵਨਾਵਾਂ ਜ਼ਾਹਰ ਕਰਨ ਦੀ ਕਾਬਲੀਅਤ ਯਹੋਵਾਹ ਵੱਲੋਂ ਇਕ ਬਹੁਤ ਵਧੀਆ ਤੋਹਫ਼ਾ ਹੈ। ਆਓ ਆਪਾਂ ਬੋਲਣ ਦਾ ਸਹੀ ਸਮਾਂ ਚੁਣ ਕੇ, ਸੋਚ-ਸਮਝ ਕੇ ਅਤੇ ਹਮੇਸ਼ਾ ਪਿਆਰ ਨਾਲ ਗੱਲ ਕਰ ਕੇ ਯਿਸੂ ਦੀ ਰੀਸ ਕਰੀਏ। ਇਸ ਤਰ੍ਹਾਂ ਕਰ ਕੇ ਅਸੀਂ ਦੂਜਿਆਂ ਨੂੰ ਹੌਸਲਾ ਦੇ ਸਕਾਂਗੇ ਅਤੇ ਯਹੋਵਾਹ ਨੂੰ ਖ਼ੁਸ਼ ਕਰ ਸਕਾਂਗੇ।