‘ਮੌਤ ਦਾ ਨਾਸ਼ ਹੋਣਾ ਹੈ’
“ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।”—1 ਕੁਰਿੰਥੀਆਂ 15:26.
1, 2. (ੳ) ਪੌਲੁਸ ਰਸੂਲ ਨੇ ਮਰੇ ਹੋਇਆਂ ਲਈ ਕਿਹੜੀ ਉਮੀਦ ਦੱਸੀ? (ਅ) ਪੌਲੁਸ ਨੇ ਪੁਨਰ-ਉਥਾਨ ਬਾਰੇ ਕਿਹੜੇ ਸਵਾਲ ਦਾ ਜਵਾਬ ਦਿੱਤਾ?
“ਮੈਂ ਸਰੀਰ ਦੇ ਪੁਨਰ-ਉਥਾਨ ਅਤੇ ਸਦੀਪਕ ਜੀਵਨ . . . ਵਿਚ ਵਿਸ਼ਵਾਸ ਰੱਖਦਾ ਹਾਂ।” ਅਪੌਸਲਜ਼ ਧਰਮ-ਸਿਧਾਂਤ ਇਸ ਤਰ੍ਹਾਂ ਕਹਿੰਦਾ ਹੈ। ਕੈਥੋਲਿਕ ਅਤੇ ਪ੍ਰੋਟੈਸਟੈਂਟ ਵਫ਼ਾਦਾਰੀ ਨਾਲ ਇਸ ਨੂੰ ਦੁਹਰਾਉਂਦੇ ਹਨ, ਪਰੰਤੂ ਉਨ੍ਹਾਂ ਨੂੰ ਅਹਿਸਾਸ ਨਹੀਂ ਹੈ ਕਿ ਰਸੂਲਾਂ ਦੇ ਵਿਸ਼ਵਾਸ ਨਾਲੋਂ ਇਹ ਯੂਨਾਨੀ ਫ਼ਲਸਫ਼ੇ ਨਾਲ ਜ਼ਿਆਦਾ ਮੇਲ ਖਾਂਦਾ ਹੈ। ਪਰੰਤੂ, ਪੌਲੁਸ ਰਸੂਲ ਨੇ ਯੂਨਾਨੀ ਫ਼ਲਸਫ਼ੇ ਨੂੰ ਰੱਦ ਕੀਤਾ ਸੀ ਅਤੇ ਉਹ ਅਮਰ ਆਤਮਾ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ। ਫਿਰ ਵੀ, ਉਸ ਨੇ ਦ੍ਰਿੜ੍ਹਤਾ ਨਾਲ ਭਾਵੀ ਜੀਵਨ ਵਿਚ ਵਿਸ਼ਵਾਸ ਰੱਖਿਆ ਅਤੇ ਪ੍ਰੇਰਣਾ ਅਧੀਨ ਲਿਖਿਆ: “ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।” (1 ਕੁਰਿੰਥੀਆਂ 15:26) ਇਸ ਦਾ ਮਰਨਾਊ ਮਨੁੱਖਜਾਤੀ ਲਈ ਕੀ ਅਰਥ ਹੈ?
2 ਇਸ ਦੇ ਜਵਾਬ ਲਈ, ਆਓ ਅਸੀਂ 1 ਕੁਰਿੰਥੀਆਂ ਦੇ 15 ਅਧਿਆਇ ਵਿਚ ਪੁਨਰ-ਉਥਾਨ ਬਾਰੇ ਪੌਲੁਸ ਦੇ ਚਰਚੇ ਵੱਲ ਧਿਆਨ ਦਈਏ। ਤੁਹਾਨੂੰ ਯਾਦ ਹੋਵੇਗਾ ਕਿ ਪਹਿਲੀਆਂ ਆਇਤਾਂ ਵਿਚ, ਪੌਲੁਸ ਨੇ ਪੁਨਰ-ਉਥਾਨ ਨੂੰ ਮਸੀਹੀ ਸਿੱਖਿਆ ਦੇ ਇਕ ਮਹੱਤਵਪੂਰਣ ਭਾਗ ਵਜੋਂ ਸਿੱਧ ਕੀਤਾ ਸੀ। ਹੁਣ ਉਹ ਇਕ ਖ਼ਾਸ ਸਵਾਲ ਬਾਰੇ ਗੱਲ ਕਰਦਾ ਹੈ: “ਪਰ ਕੋਈ ਆਖੇਗਾ ਭਈ ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ?”—1 ਕੁਰਿੰਥੀਆਂ 15:35.
ਕਿਸ ਤਰ੍ਹਾਂ ਦਾ ਸਰੀਰ?
3. ਕੁਝ ਲੋਕਾਂ ਨੇ ਪੁਨਰ-ਉਥਾਨ ਨੂੰ ਕਿਉਂ ਰੱਦ ਕੀਤਾ?
3 ਇਸ ਸਵਾਲ ਨੂੰ ਪੁੱਛਦੇ ਸਮੇਂ, ਸ਼ਾਇਦ ਪੌਲੁਸ ਨੇ ਅਫਲਾਤੂਨ ਦੇ ਫ਼ਲਸਫ਼ੇ ਨੂੰ ਰੱਦ ਕਰਨ ਦਾ ਇਰਾਦਾ ਕੀਤਾ ਹੋਵੇ। ਅਫਲਾਤੂਨ ਨੇ ਸਿਖਾਇਆ ਸੀ ਕਿ ਇਨਸਾਨ ਵਿਚ ਅਮਰ ਆਤਮਾ ਹੈ ਜੋ ਸਰੀਰ ਦੀ ਮੌਤ ਤੋਂ ਬਾਅਦ ਬਚ ਜਾਂਦੀ ਹੈ। ਜਿਨ੍ਹਾਂ ਨੂੰ ਬਚਪਨ ਤੋਂ ਅਜਿਹੀ ਧਾਰਣਾ ਸਿਖਾਈ ਗਈ ਸੀ, ਉਨ੍ਹਾਂ ਨੂੰ ਬਿਨਾਂ ਸ਼ੱਕ ਮਸੀਹੀ ਸਿੱਖਿਆ ਫਜ਼ੂਲ ਜਾਪੀ ਹੋਣੀ ਹੈ। ਜੇ ਆਤਮਾ ਹੈ ਜੋ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ, ਤਾਂ ਪੁਨਰ-ਉਥਾਨ ਦੀ ਕੀ ਲੋੜ ਹੈ? ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੁਨਰ-ਉਥਾਨ ਤਰਕਹੀਣ ਜਾਪਿਆ ਹੋਵੇਗਾ। ਇਕ ਵਾਰ ਜਦੋਂ ਸਰੀਰ ਮਿੱਟੀ ਵਿਚ ਮਿਲ ਜਾਂਦਾ ਹੈ, ਤਾਂ ਫਿਰ ਉਸ ਦਾ ਕਿਸ ਤਰ੍ਹਾਂ ਪੁਨਰ-ਉਥਾਨ ਹੋ ਸਕਦਾ ਹੈ? ਬਾਈਬਲ ਟੀਕਾਕਾਰ ਹਾਇਨਰਿਖ ਮਾਇਅਰ ਕਹਿੰਦਾ ਹੈ ਕਿ ਕੁਝ ਕੁਰਿੰਥੀਆਂ ਦਾ ਵਿਰੋਧ ਸੰਭਵ ਤੌਰ ਤੇ ਇਸ “ਫ਼ਲਸਫ਼ੇ ਉੱਤੇ” ਆਧਾਰਿਤ ਸੀ “ਕਿ ਸਰੀਰ ਦੇ ਭੌਤਿਕ ਤੱਤਾਂ ਦਾ ਦੁਬਾਰਾ ਮਿਲਣਾ ਅਸੰਭਵ ਹੈ।”
4, 5. (ੳ) ਅਵਿਸ਼ਵਾਸੀਆਂ ਦੇ ਇਤਰਾਜ਼ ਕਿਉਂ ਗ਼ਲਤ ਸਨ? (ਅ) ਪੌਲੁਸ ਦੇ “ਦਾਣੇ” ਦੇ ਦ੍ਰਿਸ਼ਟਾਂਤ ਦੀ ਵਿਆਖਿਆ ਕਰੋ। (ੲ) ਪੁਨਰ-ਉਥਿਤ ਵਿਅਕਤੀਆਂ ਨੂੰ ਪਰਮੇਸ਼ੁਰ ਕਿਸ ਪ੍ਰਕਾਰ ਦੇ ਸਰੀਰ ਦਿੰਦਾ ਹੈ?
4 ਪੌਲੁਸ ਉਨ੍ਹਾਂ ਦੇ ਤਰਕ ਦੇ ਖੋਖਲੇਪਣ ਦਾ ਭੇਤ ਖੋਲ੍ਹਦਾ ਹੈ: “ਨਦਾਨਾ, ਜੋ ਕੁਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ। ਅਤੇ ਜਿਹੜਾ ਤੂੰ ਬੀਜਦਾ ਹੈਂ ਤੂੰ ਉਹ ਰੂਪ ਨਹੀਂ ਬੀਜਦਾ ਜੋ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ। ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸ ਨੂੰ ਰੂਪ ਦਿੰਦਾ ਹੈ ਅਤੇ ਹਰ ਪਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ।” (1 ਕੁਰਿੰਥੀਆਂ 15:36-38) ਪਰਮੇਸ਼ੁਰ ਉਨ੍ਹਾਂ ਸਰੀਰਾਂ ਨੂੰ ਮੁੜ ਜੀਉਂਦਾ ਨਹੀਂ ਕਰੇਗਾ ਜਿਹੜੇ ਲੋਕਾਂ ਦੇ ਧਰਤੀ ਉੱਤੇ ਸਨ। ਇਸ ਦੀ ਬਜਾਇ, ਇਕ ਰੂਪਾਂਤਰਣ ਹੋਵੇਗਾ।
5 ਪੌਲੁਸ ਪੁਨਰ-ਉਥਾਨ ਦੀ ਤੁਲਨਾ ਬੀ ਦੇ ਪੁੰਗਰਨ ਨਾਲ ਕਰਦਾ ਹੈ। ਕਣਕ ਦੇ ਇਕ ਛੋਟੇ ਦਾਣੇ ਦੀ ਉਸ ਬੂਟੇ ਨਾਲ ਕੋਈ ਸਮਾਨਤਾ ਨਹੀਂ ਹੁੰਦੀ ਜੋ ਬੀ ਤੋਂ ਪੈਦਾ ਹੋਵੇਗਾ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਜਦੋਂ ਬੀ ਪੁੰਗਰਨਾ ਸ਼ੁਰੂ ਹੁੰਦਾ ਹੈ, ਤਾਂ ਇਹ ਵੱਡੀ ਮਾਤਰਾ ਵਿਚ ਪਾਣੀ ਚੂਸਦਾ ਹੈ। ਪਾਣੀ ਨਾਲ ਬੀ ਦੇ ਅੰਦਰ ਕਾਫ਼ੀ ਰਸਾਇਣਕ ਤਬਦੀਲੀਆਂ ਹੁੰਦੀਆਂ ਹਨ। ਇਸ ਨਾਲ ਬੀ ਦੇ ਅੰਦਰੂਨੀ ਟਿਸ਼ੂ ਵੀ ਫੈਲਦੇ ਹਨ ਅਤੇ ਬੀ ਦੀ ਛਿੱਲ ਤੋਂ ਬਾਹਰ ਆ ਜਾਂਦੇ ਹਨ।” ਇਸ ਤਰ੍ਹਾਂ, ਬੀ, ਇਕ ਬੀ ਵਜੋਂ ਮਰ ਜਾਂਦਾ ਹੈ ਅਤੇ ਇਕ ਪੁੰਗਰਦਾ ਹੋਇਆ ਬੂਟਾ ਬਣ ਜਾਂਦਾ ਹੈ। ‘ਪਰਮੇਸ਼ੁਰ ਉਸ ਨੂੰ ਰੂਪ ਦਿੰਦਾ ਹੈ।’ ਇਹ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਪਰਮੇਸ਼ੁਰ ਨੇ ਵਿਗਿਆਨਕ ਨਿਯਮ ਸਥਾਪਿਤ ਕੀਤੇ ਹਨ ਜੋ ਇਸ ਦੇ ਵਾਧੇ ਨੂੰ ਕੰਟ੍ਰੋਲ ਕਰਦੇ ਹਨ, ਅਤੇ ਹਰ ਬੀ ਨੂੰ ਆਪਣੀ ਜਿਨਸ ਦੇ ਅਨੁਸਾਰ ਰੂਪ ਮਿਲਦਾ ਹੈ। (ਉਤਪਤ 1:11) ਇਸੇ ਤਰ੍ਹਾਂ, ਮਸਹ ਕੀਤੇ ਹੋਏ ਮਸੀਹੀ ਇਨਸਾਨਾਂ ਵਜੋਂ ਮਰਦੇ ਹਨ। ਫਿਰ, ਪਰਮੇਸ਼ੁਰ ਦੇ ਨਿਯੁਕਤ ਸਮੇਂ ਤੇ, ਉਹ ਉਨ੍ਹਾਂ ਨੂੰ ਬਿਲਕੁਲ ਨਵੇਂ ਸਰੀਰ ਵਿਚ ਦੁਬਾਰਾ ਜੀਵਨ ਦਿੰਦਾ ਹੈ। ਜਿਵੇਂ ਕਿ ਪੌਲੁਸ ਨੇ ਫ਼ਿਲਿੱਪੀਆਂ ਨੂੰ ਦੱਸਿਆ ਸੀ, “ਯਿਸੂ ਮਸੀਹ . . . ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।” (ਫ਼ਿਲਿੱਪੀਆਂ 3:20, 21; 2 ਕੁਰਿੰਥੀਆਂ 5:1, 2) ਉਹ ਮਹਿਮਾਵਾਨ ਸਰੀਰ ਵਿਚ ਪੁਨਰ-ਉਥਿਤ ਕੀਤੇ ਜਾਂਦੇ ਹਨ ਅਤੇ ਸਵਰਗ ਵਿਚ ਰਹਿੰਦੇ ਹਨ।—1 ਯੂਹੰਨਾ 3:2.
6. ਇਸ ਗੱਲ ਵਿਚ ਵਿਸ਼ਵਾਸ ਕਰਨਾ ਕਿਉਂ ਤਰਕਸੰਗਤ ਹੈ ਕਿ ਪਰਮੇਸ਼ੁਰ ਪੁਨਰ-ਉਥਿਤ ਵਿਅਕਤੀਆਂ ਨੂੰ ਢੁਕਵੇਂ ਸਵਰਗੀ ਸਰੀਰ ਦੇ ਸਕਦਾ ਹੈ?
6 ਕੀ ਇਸ ਵਿਚ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ? ਨਹੀਂ। ਪੌਲੁਸ ਤਰਕ ਕਰਦਾ ਹੈ ਕਿ ਜਾਨਵਰਾਂ ਦੇ ਬਹੁਤ ਸਾਰੇ ਵੱਖੋ-ਵੱਖਰੇ ਸਰੀਰ ਹਨ। ਇਸ ਦੇ ਨਾਲ, ਉਹ ਇਹ ਕਹਿੰਦੇ ਹੋਏ ਸਵਰਗੀ ਦੂਤਾਂ ਵਿਚਕਾਰ ਅਤੇ ਮਾਸ ਤੇ ਲਹੂ ਦੇ ਬਣੇ ਇਨਸਾਨਾਂ ਵਿਚਕਾਰ ਭਿੰਨਤਾ ਦਰਸਾਉਂਦਾ ਹੈ: “ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ।” ਬੇਜਾਨ ਚੀਜ਼ਾਂ ਵਿਚ ਵੀ ਬਹੁਤ ਵੰਨਸੁਵੰਨਤਾ ਹੈ। ਵਿਗਿਆਨ ਦੁਆਰਾ ਬਲੂ ਸਟਾਰਜ਼, ਰੈੱਡ ਜਾਇਅੰਟਸ, ਅਤੇ ਵਾਈਟ ਡਵਾਰਫਜ਼ ਵਰਗੇ ਆਕਾਸ਼ੀ ਪਿੰਡਾਂ ਦੀ ਖੋਜ ਕਰਨ ਤੋਂ ਬਹੁਤ ਸਮਾਂ ਪਹਿਲਾਂ, ਪੌਲੁਸ ਨੇ ਕਿਹਾ ਸੀ ਕਿ “ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ।” ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਇਹ ਤਰਕਸੰਗਤ ਨਹੀਂ ਹੈ ਕਿ ਯਹੋਵਾਹ ਪੁਨਰ-ਉਥਿਤ ਮਸਹ ਕੀਤੇ ਹੋਇਆਂ ਨੂੰ ਢੁਕਵੇਂ ਸਵਰਗੀ ਸਰੀਰ ਦੇ ਸਕਦਾ ਹੈ।—1 ਕੁਰਿੰਥੀਆਂ 15:39-41.
7. ਅਵਿਨਾਸ਼ੀ ਦਾ ਅਤੇ ਅਮਰਤਾ ਦਾ ਕੀ ਅਰਥ ਹੈ?
7 ਫਿਰ ਪੌਲੁਸ ਕਹਿੰਦਾ ਹੈ: “ਇਸੇ ਤਰਾਂ ਮੁਰਦਿਆਂ ਦੀ ਕਿਆਮਤ [“ਪੁਨਰ-ਉਥਾਨ,” ਨਿ ਵ] ਵੀ ਹੈ। ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ।” (1 ਕੁਰਿੰਥੀਆਂ 15:42) ਇਕ ਮਨੁੱਖੀ ਸਰੀਰ, ਚਾਹੇ ਉਹ ਸੰਪੂਰਣ ਹੋਵੇ, ਨਾਸ਼ਵਾਨ ਹੈ। ਇਸ ਨੂੰ ਮਾਰਿਆ ਜਾ ਸਕਦਾ ਹੈ। ਉਦਾਹਰਣ ਲਈ, ਪੌਲੁਸ ਨੇ ਕਿਹਾ ਸੀ ਕਿ ਪੁਨਰ-ਉਥਿਤ ਯਿਸੂ ‘ਫੇਰ ਸੜਨ ਦੀ ਵੱਲ ਕਦੇ ਨਹੀਂ ਮੁੜੇਗਾ।’ (ਰਸੂਲਾਂ ਦੇ ਕਰਤੱਬ 13:34) ਉਹ ਦੁਬਾਰਾ ਕਦੀ ਵੀ ਨਾਸ਼ਵਾਨ, ਚਾਹੇ ਕਿ ਸੰਪੂਰਣ, ਮਨੁੱਖੀ ਸਰੀਰ ਵਾਲਾ ਜੀਵਨ ਬਤੀਤ ਨਹੀਂ ਕਰੇਗਾ। ਪੁਨਰ-ਉਥਿਤ ਮਸਹ ਕੀਤੇ ਹੋਇਆਂ ਨੂੰ ਜੋ ਸਰੀਰ ਪਰਮੇਸ਼ੁਰ ਦਿੰਦਾ ਹੈ ਉਹ ਅਵਿਨਾਸ਼ੀ ਹਨ—ਮੌਤ ਜਾਂ ਸੜਨ ਦੀ ਪਹੁੰਚ ਤੋਂ ਬਾਹਰ। ਪੌਲੁਸ ਅੱਗੇ ਕਹਿੰਦਾ ਹੈ: “ਉਹ ਬੇ ਪਤ ਬੀਜਿਆ ਜਾਂਦਾ ਹੈ ਪਰੰਤੂ ਪਰਤਾਪਵਾਨ ਜੀ ਉੱਠਦਾ ਹੈ। ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ। ਉਹ ਪ੍ਰਾਣਕ ਸਰੀਰ ਹੋਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋਕੇ ਜੀ ਉੱਠਦਾ ਹੈ।” (1 ਕੁਰਿੰਥੀਆਂ 15:43, 44) ਅੱਗੇ, ਪੌਲੁਸ ਕਹਿੰਦਾ ਹੈ: “ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ।” ਅਮਰਤਾ ਦਾ ਅਰਥ ਹੈ ਸਦੀਵੀ, ਅਵਿਨਾਸ਼ੀ ਜੀਵਨ। (1 ਕੁਰਿੰਥੀਆਂ 15:53; ਇਬਰਾਨੀਆਂ 7:16) ਇਸ ਤਰੀਕੇ ਨਾਲ, ਪੁਨਰ-ਉਥਿਤ ਕੀਤੇ ਗਏ ਵਿਅਕਤੀ ‘ਸੁਰਗ ਵਾਲੇ ਦਾ ਸਰੂਪ,’ ਅਰਥਾਤ ਯਿਸੂ ਦਾ ਸਰੂਪ ਧਾਰਦੇ ਹਨ ਜਿਸ ਨੇ ਉਨ੍ਹਾਂ ਦਾ ਪੁਨਰ-ਉਥਾਨ ਸੰਭਵ ਬਣਾਇਆ।—1 ਕੁਰਿੰਥੀਆਂ 15:45-49.
8. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਪੁਨਰ-ਉਥਿਤ ਵਿਅਕਤੀਆਂ ਦਾ ਵਿਅਕਤਿੱਤਵ ਉਹੀ ਹੋਵੇਗਾ ਜੋ ਉਨ੍ਹਾਂ ਦਾ ਧਰਤੀ ਉੱਤੇ ਜੀਉਣ ਸਮੇਂ ਸੀ? (ਅ) ਜਦੋਂ ਪੁਨਰ-ਉਥਾਨ ਹੋਵੇਗਾ, ਤਾਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋਣਗੀਆਂ?
8 ਇਸ ਰੂਪਾਂਤਰਣ ਦੇ ਬਾਵਜੂਦ, ਇਨ੍ਹਾਂ ਪੁਨਰ-ਉਥਿਤ ਵਿਅਕਤੀਆਂ ਦਾ ਉਹੀ ਵਿਅਕਤਿੱਤਵ ਹੈ ਜੋ ਮਰਨ ਤੋਂ ਪਹਿਲਾਂ ਸੀ। ਪੁਨਰ-ਉਥਿਤ ਕੀਤੇ ਜਾਣ ਤੇ ਉਨ੍ਹਾਂ ਵਿਚ ਉਹੀ ਯਾਦਾਸ਼ਤ ਅਤੇ ਉੱਤਮ ਮਸੀਹੀ ਗੁਣ ਹੋਣਗੇ। (ਮਲਾਕੀ 3:3; ਪਰਕਾਸ਼ ਦੀ ਪੋਥੀ 21:10, 18) ਇਸ ਸੰਬੰਧ ਵਿਚ ਉਹ ਯਿਸੂ ਮਸੀਹ ਦੇ ਸਮਾਨ ਹਨ। ਉਸ ਨੇ ਸਵਰਗੀ ਰੂਪ ਛੱਡ ਕੇ ਮਨੁੱਖੀ ਰੂਪ ਲਿਆ ਸੀ। ਫਿਰ ਉਹ ਮਰ ਗਿਆ ਅਤੇ ਸਵਰਗੀ ਪ੍ਰਾਣੀ ਵਜੋਂ ਪੁਨਰ-ਉਥਿਤ ਕੀਤਾ ਗਿਆ। ਫਿਰ ਵੀ, “ਯਿਸੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ ਜੁੱਗ ਇੱਕੋ ਜਿਹਾ ਹੈ।” (ਇਬਰਾਨੀਆਂ 13:8) ਮਸਹ ਕੀਤੇ ਹੋਇਆਂ ਨੂੰ ਕਿੰਨਾ ਸ਼ਾਨਦਾਰ ਵਿਸ਼ੇਸ਼-ਸਨਮਾਨ ਪ੍ਰਾਪਤ ਹੈ! ਪੌਲੁਸ ਕਹਿੰਦਾ ਹੈ: “ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ,—ਮੌਤ ਫਤਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?”—1 ਕੁਰਿੰਥੀਆਂ 15:54, 55; ਯਸਾਯਾਹ 25:8; ਹੋਸ਼ੇਆ 13:14.
ਇਕ ਜ਼ਮੀਨੀ ਪੁਨਰ-ਉਥਾਨ?
9, 10. (ੳ) 1 ਕੁਰਿੰਥੀਆਂ 15:24 ਦੇ ਪ੍ਰਸੰਗ ਵਿਚ, “ਅੰਤ” ਕੀ ਹੈ, ਅਤੇ ਇਸ ਨਾਲ ਸੰਬੰਧਿਤ ਕਿਹੜੀਆਂ ਘਟਨਾਵਾਂ ਵਾਪਰਦੀਆਂ ਹਨ? (ਅ) ਮੌਤ ਦਾ ਨਾਸ਼ ਕਰਨ ਲਈ ਕੀ ਹੋਣਾ ਜ਼ਰੂਰੀ ਹੈ?
9 ਕੀ ਉਨ੍ਹਾਂ ਲੱਖਾਂ ਲੋਕਾਂ ਦਾ ਕੋਈ ਭਵਿੱਖ ਹੈ ਜਿਨ੍ਹਾਂ ਦੀ ਸਵਰਗ ਵਿਚ ਅਮਰ ਆਤਮਿਕ ਜੀਵਨ ਦੀ ਉਮੀਦ ਨਹੀਂ ਹੈ? ਹਾਂ ਹੈ! ਇਹ ਵਿਆਖਿਆ ਕਰਨ ਤੋਂ ਬਾਅਦ ਕਿ ਸਵਰਗੀ ਪੁਨਰ-ਉਥਾਨ ਮਸੀਹ ਦੀ ਮੌਜੂਦਗੀ ਦੌਰਾਨ ਹੋਵੇਗਾ, ਪੌਲੁਸ ਇਹ ਕਹਿੰਦੇ ਹੋਏ ਬਾਅਦ ਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ: “ਫਿਰ ਅੰਤ ਆ ਜਾਵੇਗਾ, ਜਦੋਂ ਮਸੀਹ ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਨਾਸ਼ ਕਰਕੇ, ਰਾਜ ਨੂੰ ਪਰਮੇਸ਼ਰ ਪਿਤਾ ਦੇ ਹੱਥੀਂ ਸੌਂਪ ਦੇਵੇਗਾ।”—1 ਕੁਰਿੰਥੀਆਂ 15:23, 24, ਪਵਿੱਤਰ ਬਾਈਬਲ ਨਵਾਂ ਅਨੁਵਾਦ।
10 “ਅੰਤ” ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦਾ ਅੰਤ ਹੈ, ਜਦੋਂ ਯਿਸੂ ਨਿਮਰਤਾ ਅਤੇ ਨਿਸ਼ਠਾ ਨਾਲ ਰਾਜ ਆਪਣੇ ਪਰਮੇਸ਼ੁਰ ਅਤੇ ਪਿਤਾ ਨੂੰ ਸੌਂਪ ਦੇਵੇਗਾ। (ਪਰਕਾਸ਼ ਦੀ ਪੋਥੀ 20:4) ‘ਸਭਨਾਂ ਨੂੰ ਮਸੀਹ ਵਿੱਚ ਇਕੱਠਾ ਕਰਨ’ ਦਾ ਪਰਮੇਸ਼ੁਰ ਦਾ ਮਕਸਦ ਪੂਰਾ ਹੋ ਗਿਆ ਹੋਵੇਗਾ। (ਅਫ਼ਸੀਆਂ 1:9, 10) ਪਰੰਤੂ ਇਸ ਤੋਂ ਪਹਿਲਾਂ, ਮਸੀਹ ਨੇ ਪਰਮੇਸ਼ੁਰ ਦੀ ਉੱਤਮ ਇੱਛਾ ਦਾ ਵਿਰੋਧ ਕਰਨ ਵਾਲੇ “ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ” ਦਾ ਨਾਸ਼ ਕਰ ਦਿੱਤਾ ਹੋਵੇਗਾ। ਇਸ ਵਿਚ ਆਰਮਾਗੇਡਨ ਵਿਚ ਕੀਤੇ ਗਏ ਵਿਨਾਸ਼ ਤੋਂ ਜ਼ਿਆਦਾ ਸ਼ਾਮਲ ਹੋਵੇਗਾ। (ਪਰਕਾਸ਼ ਦੀ ਪੋਥੀ 16:16; 19:11-21) ਪੌਲੁਸ ਕਹਿੰਦਾ ਹੈ: “ਜਿੰਨਾ ਚਿਰ [ਮਸੀਹ] ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।” (1 ਕੁਰਿੰਥੀਆਂ 15:25, 26) ਜੀ ਹਾਂ, ਆਦਮ ਦੁਆਰਾ ਆਏ ਪਾਪ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਹੋਵੇਗਾ। ਫਿਰ, ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਮਰੇ ਹੋਇਆਂ ਨੂੰ ਦੁਬਾਰਾ ਜੀਵਨ ਦੇ ਕੇ “ਕਬਰਾਂ” ਨੂੰ ਖਾਲੀ ਕਰ ਚੁੱਕਾ ਹੋਵੇਗਾ।—ਯੂਹੰਨਾ 5:28.
11. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਮਰੇ ਹੋਏ ਪ੍ਰਾਣੀਆਂ ਨੂੰ ਦੁਬਾਰਾ ਸ੍ਰਿਸ਼ਟ ਕਰ ਸਕਦਾ ਹੈ? (ਅ) ਧਰਤੀ ਉੱਤੇ ਪੁਨਰ-ਉਥਿਤ ਕੀਤੇ ਜਾਣ ਵਾਲੇ ਵਿਅਕਤੀਆਂ ਨੂੰ ਕਿਸ ਤਰ੍ਹਾਂ ਦੇ ਸਰੀਰ ਦਿੱਤੇ ਜਾਣਗੇ?
11 ਇਸ ਦਾ ਮਤਲਬ ਹੈ ਮਾਨਵ ਪ੍ਰਾਣੀਆਂ ਨੂੰ ਦੁਬਾਰਾ ਸ੍ਰਿਸ਼ਟ ਕਰਨਾ। ਕੀ ਇਹ ਅਸੰਭਵ ਹੈ? ਨਹੀਂ, ਕਿਉਂਕਿ ਜ਼ਬੂਰ 104:29, 30 ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਪਰਮੇਸ਼ੁਰ ਇਹ ਕਰ ਸਕਦਾ ਹੈ: “ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ। ਤੂੰ ਆਪਣਾ ਆਤਮਾ ਘੱਲਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ।” ਜਦੋਂ ਕਿ ਪੁਨਰ-ਉਥਿਤ ਵਿਅਕਤੀਆਂ ਦਾ ਉਹੀ ਵਿਅਕਤਿੱਤਵ ਹੋਵੇਗਾ ਜੋ ਉਨ੍ਹਾਂ ਦਾ ਮਰਨ ਤੋਂ ਪਹਿਲਾਂ ਸੀ, ਇਹ ਜ਼ਰੂਰੀ ਨਹੀਂ ਕਿ ਉਹ ਉਸੇ ਸਰੀਰ ਵਿਚ ਹੋਣਗੇ। ਸਵਰਗ ਨੂੰ ਪੁਨਰ-ਉਥਿਤ ਕੀਤੇ ਜਾਣ ਵਾਲਿਆਂ ਵਾਂਗ, ਪਰਮੇਸ਼ੁਰ ਇਨ੍ਹਾਂ ਨੂੰ ਉਹ ਸਰੀਰ ਦੇਵੇਗਾ ਜੋ ਉਸ ਨੂੰ ਪਸੰਦ ਹੈ। ਬਿਨਾਂ ਸ਼ੱਕ ਉਨ੍ਹਾਂ ਦੇ ਨਵੇਂ ਸਰੀਰ ਸਿਹਤਮੰਦ ਹੋਣਗੇ ਅਤੇ ਉਨ੍ਹਾਂ ਦੇ ਪਹਿਲੇ ਸਰੀਰ ਨਾਲ ਕਾਫ਼ੀ ਮਿਲਦੇ-ਜੁਲਦੇ ਹੋਣਗੇ ਜਿਸ ਕਰਕੇ ਉਨ੍ਹਾਂ ਦੇ ਪਿਆਰੇ ਉਨ੍ਹਾਂ ਨੂੰ ਪਛਾਣ ਸਕਣਗੇ।
12. ਜ਼ਮੀਨੀ ਪੁਨਰ-ਉਥਾਨ ਕਦੋਂ ਹੋਵੇਗਾ?
12 ਜ਼ਮੀਨੀ ਪੁਨਰ-ਉਥਾਨ ਕਦੋਂ ਹੋਵੇਗਾ? ਮਾਰਥਾ ਨੇ ਆਪਣੇ ਮਰੇ ਹੋਏ ਭਰਾ ਲਾਜ਼ਰ ਬਾਰੇ ਕਿਹਾ ਸੀ: “ਮੈਂ ਜਾਣਦੀ ਹਾਂ ਜੋ ਕਿਆਮਤ [“ਪੁਨਰ-ਉਥਾਨ,” ਨਿ ਵ] ਨੂੰ ਅੰਤ ਦੇ ਦਿਨ ਉਹ ਜੀ ਉੱਠੂ।” (ਯੂਹੰਨਾ 11:24) ਉਹ ਇਹ ਕਿਸ ਤਰ੍ਹਾਂ ਜਾਣਦੀ ਸੀ? ਉਸ ਦੇ ਦਿਨਾਂ ਵਿਚ ਪੁਨਰ-ਉਥਾਨ ਬਹਿਸ ਦਾ ਵਿਸ਼ਾ ਸੀ, ਕਿਉਂਕਿ ਫ਼ਰੀਸੀ ਇਸ ਵਿਚ ਵਿਸ਼ਵਾਸ ਰੱਖਦੇ ਸਨ ਪਰੰਤੂ ਸਦੂਕੀ ਨਹੀਂ ਰੱਖਦੇ ਸਨ। (ਰਸੂਲਾਂ ਦੇ ਕਰਤੱਬ 23:8) ਫਿਰ ਵੀ, ਮਾਰਥਾ ਮਸੀਹ-ਪੂਰਵ ਗਵਾਹਾਂ ਬਾਰੇ ਜ਼ਰੂਰ ਜਾਣਦੀ ਹੋਵੇਗੀ ਜਿਨ੍ਹਾਂ ਦੀ ਪੁਨਰ-ਉਥਾਨ ਵਿਚ ਉਮੀਦ ਸੀ। (ਇਬਰਾਨੀਆਂ 11:35) ਨਾਲ ਹੀ, ਉਹ ਦਾਨੀਏਲ 12:13 ਤੋਂ ਸਮਝ ਸਕਦੀ ਸੀ ਕਿ ਪੁਨਰ-ਉਥਾਨ ਅੰਤ ਦੇ ਦਿਨ ਤੇ ਹੋਵੇਗਾ। ਉਸ ਨੇ ਸ਼ਾਇਦ ਇਹ ਖ਼ੁਦ ਯਿਸੂ ਤੋਂ ਵੀ ਸਿੱਖਿਆ ਹੋਵੇ। (ਯੂਹੰਨਾ 6:39) ਇਹ ‘ਅੰਤ ਦਾ ਦਿਨ’ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਹੋਵੇਗਾ। (ਪਰਕਾਸ਼ ਦੀ ਪੋਥੀ 20:6) ਜ਼ਰਾ ਉਸ “ਦਿਨ” ਦੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਇਹ ਮਹਾਨ ਘਟਨਾ ਸ਼ੁਰੂ ਹੋਵੇਗੀ!—ਤੁਲਨਾ ਕਰੋ ਲੂਕਾ 24:41.
ਕੌਣ ਵਾਪਸ ਆਉਣਗੇ?
13. ਪਰਕਾਸ਼ ਦੀ ਪੋਥੀ 20:12-14 ਵਿਚ ਪੁਨਰ-ਉਥਾਨ ਦਾ ਕਿਹੜਾ ਦਰਸ਼ਣ ਦਰਜ ਕੀਤਾ ਗਿਆ ਹੈ?
13 ਪਰਕਾਸ਼ ਦੀ ਪੋਥੀ 20:12-14 ਵਿਚ ਜ਼ਮੀਨੀ ਪੁਨਰ-ਉਥਾਨ ਬਾਰੇ ਯੂਹੰਨਾ ਦਾ ਦਰਸ਼ਣ ਦਰਜ ਕੀਤਾ ਗਿਆ ਹੈ: “ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਅਤੇ ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀਆਂ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।”
14. ਪੁਨਰ-ਉਥਿਤ ਕੀਤੇ ਜਾਣ ਵਾਲਿਆਂ ਵਿਚ ਕੌਣ ਸ਼ਾਮਲ ਹੋਣਗੇ?
14 ਪੁਨਰ-ਉਥਾਨ ਵਿਚ “ਕੀ ਵੱਡੇ ਕੀ ਛੋਟੇ,” ਅਰਥਾਤ ਪ੍ਰਸਿੱਧ ਅਤੇ ਮਾਮੂਲੀ ਦੋਨੋ ਵਿਅਕਤੀ ਸ਼ਾਮਲ ਹੋਣਗੇ ਜੋ ਮਰ ਗਏ ਸਨ। ਨਿਆਣਿਆਂ ਦਾ ਪੁਨਰ-ਉਥਾਨ ਵੀ ਹੋਵੇਗਾ! (ਯਿਰਮਿਯਾਹ 31:15, 16) ਰਸੂਲਾਂ ਦੇ ਕਰਤੱਬ 24:15 ਵਿਚ, ਇਕ ਹੋਰ ਮਹੱਤਵਪੂਰਣ ਗੱਲ ਪ੍ਰਗਟ ਹੁੰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” ‘ਧਰਮੀਆਂ’ ਵਿਚ ਮੁੱਖ ਤੌਰ ਤੇ ਪ੍ਰਾਚੀਨ ਸਮੇਂ ਦੇ ਵਫ਼ਾਦਾਰ ਆਦਮੀ ਅਤੇ ਔਰਤਾਂ ਹੋਣਗੇ ਜਿਵੇਂ ਕਿ ਹਾਬਲ, ਹਨੋਕ, ਨੂਹ, ਅਬਰਾਹਾਮ, ਸਾਰਾਹ, ਅਤੇ ਰਹਾਬ। (ਇਬਰਾਨੀਆਂ 11:1-40) ਅਜਿਹੇ ਵਿਅਕਤੀਆਂ ਨਾਲ ਗੱਲਾਂ ਕਰਨ ਅਤੇ ਬਹੁਤ ਸਮਾਂ ਪਹਿਲਾਂ ਵਾਪਰੀਆਂ ਬਾਈਬਲ ਘਟਨਾਵਾਂ ਦਾ ਅੱਖੀਂ ਡਿੱਠਾ ਹਾਲ ਸੁਣਨ ਦੀ ਕਲਪਨਾ ਕਰੋ! ‘ਧਰਮੀਆਂ’ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਉਹ ਹਜ਼ਾਰਾਂ ਲੋਕ ਵੀ ਹੋਣਗੇ ਜੋ ਹਾਲ ਹੀ ਵਿਚ ਮਰੇ ਹਨ ਅਤੇ ਜਿਨ੍ਹਾਂ ਦੀ ਸਵਰਗੀ ਆਸ਼ਾ ਨਹੀਂ ਸੀ। ਕੀ ਤੁਹਾਡੇ ਪਰਿਵਾਰ ਦਾ ਵੀ ਕੋਈ ਮੈਂਬਰ ਜਾਂ ਕੋਈ ਪਿਆਰਾ ਮਿੱਤਰ ਇਨ੍ਹਾਂ ਵਿਚ ਸ਼ਾਇਦ ਸ਼ਾਮਲ ਹੋਵੇ? ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਦੁਬਾਰਾ ਦੇਖ ਸਕਦੇ ਹੋ! ਪਰੰਤੂ, “ਅਧਰਮੀ” ਵਿਅਕਤੀ ਕੌਣ ਹਨ ਜੋ ਵਾਪਸ ਆਉਣਗੇ? ਇਨ੍ਹਾਂ ਵਿਚ ਉਹ ਲੱਖਾਂ, ਸ਼ਾਇਦ ਅਰਬਾਂ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਮਰਨ ਤੋਂ ਪਹਿਲਾਂ ਬਾਈਬਲ ਸੱਚਾਈ ਸਿੱਖਣ ਅਤੇ ਉਸ ਨੂੰ ਲਾਗੂ ਕਰਨ ਦਾ ਮੌਕਾ ਨਹੀਂ ਮਿਲਿਆ ਸੀ।
15. ਇਸ ਦਾ ਕੀ ਅਰਥ ਹੈ ਕਿ ਵਾਪਸ ਆਉਣ ਵਾਲੇ ਵਿਅਕਤੀਆਂ ਦਾ “ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ” ਕੀਤਾ ਜਾਵੇਗਾ?
15 ਪਰੰਤੂ, ਵਾਪਸ ਆਉਣ ਵਾਲਿਆਂ ਦਾ “ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ” ਕਿਵੇਂ ਕੀਤਾ ਜਾਵੇਗਾ? ਇਹ ਪੋਥੀਆਂ ਉਨ੍ਹਾਂ ਦੇ ਪੁਰਾਣੇ ਕੰਮਾਂ ਦਾ ਲੇਖਾ-ਜੋਖਾ ਨਹੀਂ ਹੈ; ਜਦੋਂ ਉਹ ਮਰੇ ਸਨ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਭਰ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਗਿਆ ਸੀ। (ਰੋਮੀਆਂ 6:7, 23) ਪਰੰਤੂ, ਪੁਨਰ-ਉਥਿਤ ਲੋਕ ਅਜੇ ਵੀ ਆਦਮ ਦੇ ਪਾਪ ਦੇ ਅਧੀਨ ਹੋਣਗੇ। ਤਾਂ ਫਿਰ, ਜ਼ਰੂਰ ਇਹ ਉਹ ਪੋਥੀਆਂ ਹਨ ਜਿਨ੍ਹਾਂ ਵਿਚ ਈਸ਼ਵਰੀ ਹਿਦਾਇਤਾਂ ਦਿੱਤੀਆਂ ਜਾਣਗੀਆਂ। ਸਾਰਿਆਂ ਨੂੰ ਯਿਸੂ ਮਸੀਹ ਦੀ ਕੁਰਬਾਨੀ ਤੋਂ ਪੂਰਾ ਲਾਭ ਲੈਣ ਲਈ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰਨੀ ਪਵੇਗੀ। ਜਿਉਂ ਹੀ ਆਦਮ ਦੇ ਪਾਪ ਦਾ ਆਖ਼ਰੀ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਹੋਵੇਗਾ, ‘ਮੌਤ ਦਾ ਨਾਸ਼’ ਪੂਰੀ ਤਰ੍ਹਾਂ ਕੀਤਾ ਜਾਵੇਗਾ। ਹਜ਼ਾਰ ਸਾਲ ਦੇ ਅੰਤ ਤੇ, ਪਰਮੇਸ਼ੁਰ “ਸਭਨਾਂ ਵਿੱਚ ਸਭ ਕੁਝ” ਹੋਵੇਗਾ। (1 ਕੁਰਿੰਥੀਆਂ 15:28) ਫਿਰ ਇਨਸਾਨ ਨੂੰ ਕਿਸੇ ਪ੍ਰਧਾਨ ਜਾਜਕ ਜਾਂ ਰਿਹਾਈ-ਦਾਤਾ ਦੀ ਜ਼ਰੂਰਤ ਨਹੀਂ ਪਵੇਗੀ। ਸਾਰੀ ਮਨੁੱਖਜਾਤੀ ਨੂੰ ਉਸ ਸੰਪੂਰਣ ਹਾਲਤ ਵਿਚ ਲਿਆਂਦਾ ਜਾਵੇਗਾ ਜਿਸ ਦਾ ਆਦਮ ਨੇ ਆਨੰਦ ਮਾਣਿਆ ਸੀ।
ਇਕ ਬਾਤਰਤੀਬ ਪੁਨਰ-ਉਥਾਨ
16. (ੳ) ਇਹ ਵਿਸ਼ਵਾਸ ਕਰਨਾ ਕਿਉਂ ਤਰਕਸੰਗਤ ਹੈ ਕਿ ਪੁਨਰ-ਉਥਾਨ ਬਾਤਰਤੀਬ ਹੋਵੇਗਾ? (ਅ) ਮਰੇ ਹੋਇਆਂ ਵਿੱਚੋਂ ਪਹਿਲਾਂ ਜੀ ਉੱਠਣ ਵਾਲਿਆਂ ਵਿਚ ਸੰਭਵ ਤੌਰ ਤੇ ਕੌਣ ਹੋਣਗੇ?
16 ਕਿਉਂਕਿ ਸਵਰਗੀ ਪੁਨਰ-ਉਥਾਨ ਬਾਤਰਤੀਬ ਹੈ, “ਹਰੇਕ ਆਪੋ ਆਪਣੀ ਵਾਰੀ ਸਿਰ,” ਇਸ ਲਈ ਇਹ ਗੱਲ ਸਪੱਸ਼ਟ ਹੈ ਕਿ ਜ਼ਮੀਨੀ ਪੁਨਰ-ਉਥਾਨ ਦੌਰਾਨ ਅਵਿਵਸਥਿਤ ਆਬਾਦੀ ਧਮਾਕਾ ਨਹੀਂ ਹੋਵੇਗਾ। (1 ਕੁਰਿੰਥੀਆਂ 15:23) ਇਹ ਗੱਲ ਸਮਝਣਯੋਗ ਹੈ ਕਿ ਨਵੇਂ ਪੁਨਰ-ਉਥਿਤ ਵਿਅਕਤੀਆਂ ਦੀ ਦੇਖ-ਭਾਲ ਕਰਨ ਦੀ ਜ਼ਰੂਰਤ ਹੋਵੇਗੀ। (ਤੁਲਨਾ ਕਰੋ ਲੂਕਾ 8:55.) ਉਨ੍ਹਾਂ ਨੂੰ ਭੌਤਿਕ ਵਸਤਾਂ ਦੀ ਅਤੇ—ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ—ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦਾ ਜੀਵਨਦਾਇਕ ਗਿਆਨ ਪ੍ਰਾਪਤ ਕਰਨ ਲਈ ਅਧਿਆਤਮਿਕ ਸਹਾਇਤਾ ਦੀ ਜ਼ਰੂਰਤ ਹੋਵੇਗੀ। (ਯੂਹੰਨਾ 17:3) ਜੇਕਰ ਸਾਰੇ ਇੱਕੋ ਸਮੇਂ ਤੇ ਜੀ ਉੱਠਣਗੇ, ਤਾਂ ਉਨ੍ਹਾਂ ਸਾਰਿਆਂ ਦੀ ਚੰਗੇ ਤਰੀਕੇ ਨਾਲ ਦੇਖ-ਭਾਲ ਕਰਨੀ ਮੁਸ਼ਕਲ ਹੋਵੇਗੀ। ਇਸ ਲਈ ਇਹ ਮੰਨਣਾ ਤਰਕਸੰਗਤ ਹੈ ਕਿ ਪੁਨਰ-ਉਥਾਨ ਸਿਲਸਲੇਵਾਰ ਹੋਵੇਗਾ। ਵਫ਼ਾਦਾਰ ਮਸੀਹੀ ਜਿਹੜੇ ਸ਼ਤਾਨ ਦੀ ਰੀਤੀ-ਵਿਵਸਥਾ ਦੇ ਅੰਤ ਤੋਂ ਥੋੜ੍ਹਾ ਸਮਾਂ ਪਹਿਲਾਂ ਮਰੇ ਸਨ, ਉਹ ਸੰਭਵ ਤੌਰ ਤੇ ਪਹਿਲਾਂ ਜੀ ਉੱਠਣ ਵਾਲਿਆਂ ਵਿਚ ਹੋਣਗੇ। ਅਸੀਂ ਪ੍ਰਾਚੀਨ ਸਮੇਂ ਦੇ ਵਫ਼ਾਦਾਰ ਆਦਮੀਆਂ ਦਾ ਜਲਦੀ ਪੁਨਰ-ਉਥਾਨ ਹੋਣ ਦੀ ਵੀ ਆਸ ਕਰ ਸਕਦੇ ਹਾਂ ਜੋ ‘ਸਰਦਾਰਾਂ’ ਵਜੋਂ ਸੇਵਾ ਕਰਨਗੇ।—ਜ਼ਬੂਰ 45:16.
17. ਪੁਨਰ-ਉਥਾਨ ਦੇ ਸੰਬੰਧ ਵਿਚ ਕਿਹੜੇ ਕੁਝ ਵਿਸ਼ੇ ਹਨ ਜਿਨ੍ਹਾਂ ਤੇ ਬਾਈਬਲ ਚੁੱਪ ਹੈ, ਅਤੇ ਮਸੀਹੀਆਂ ਨੂੰ ਅਜਿਹੇ ਮਾਮਲਿਆਂ ਬਾਰੇ ਕਿਉਂ ਵਿਅਰਥ ਚਿੰਤਾ ਨਹੀਂ ਕਰਨੀ ਚਾਹੀਦੀ?
17 ਫਿਰ ਵੀ, ਸਾਨੂੰ ਅਜਿਹੇ ਮਾਮਲਿਆਂ ਵਿਚ ਹਠਧਰਮੀ ਨਹੀਂ ਹੋਣਾ ਚਾਹੀਦਾ ਹੈ। ਬਹੁਤ ਸਾਰੇ ਵਿਸ਼ਿਆਂ ਤੇ ਬਾਈਬਲ ਚੁੱਪ ਹੈ। ਇਹ ਦੱਸਦੀ ਨਹੀਂ ਕਿ ਵਿਅਕਤੀਆਂ ਦਾ ਪੁਨਰ-ਉਥਾਨ ਕਿਸ ਤਰ੍ਹਾਂ, ਕਦੋਂ, ਅਤੇ ਕਿਹੜੀ ਜਗ੍ਹਾ ਤੇ ਹੋਵੇਗਾ। ਇਹ ਸਾਨੂੰ ਇਹ ਵੀ ਨਹੀਂ ਦੱਸਦੀ ਕਿ ਉਨ੍ਹਾਂ ਲੋਕਾਂ ਦੇ ਰਹਿਣ ਦਾ, ਭੋਜਨ ਦਾ, ਅਤੇ ਕੱਪੜਿਆਂ ਦਾ ਕਿਵੇਂ ਪ੍ਰਬੰਧ ਕੀਤਾ ਜਾਵੇਗਾ। ਨਾ ਹੀ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਵਾਹ ਪੁਨਰ-ਉਥਿਤ ਬੱਚਿਆਂ ਦੀ ਦੇਖ-ਭਾਲ ਅਤੇ ਪਾਲਣ-ਪੋਸਣ ਦਾ ਕਿਵੇਂ ਪ੍ਰਬੰਧ ਕਰੇਗਾ ਜਾਂ ਉਹ ਅਜਿਹੀਆਂ ਸਥਿਤੀਆਂ ਨਾਲ ਕਿਵੇਂ ਨਜਿੱਠੇਗਾ ਜਿਨ੍ਹਾਂ ਵਿਚ ਸ਼ਾਇਦ ਸਾਡੇ ਦੋਸਤ ਅਤੇ ਪਿਆਰੇ ਸ਼ਾਮਲ ਹੋਣ। ਇਹ ਸੱਚ ਹੈ ਕਿ ਅਜਿਹੀਆਂ ਗੱਲਾਂ ਬਾਰੇ ਸੋਚਣਾ ਕੁਦਰਤੀ ਹੈ; ਪਰੰਤੂ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵਿਚ ਸਮਾਂ ਨਸ਼ਟ ਕਰਨਾ ਨਾਸਮਝੀ ਹੋਵੇਗੀ ਜਿਨ੍ਹਾਂ ਦੇ ਜਵਾਬ ਅਜੇ ਨਹੀਂ ਦਿੱਤੇ ਜਾ ਸਕਦੇ। ਸਾਡਾ ਧਿਆਨ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਨ ਉੱਤੇ ਹੋਣਾ ਚਾਹੀਦਾ ਹੈ। ਮਸਹ ਕੀਤੇ ਹੋਏ ਮਸੀਹੀ ਸ਼ਾਨਦਾਰ ਸਵਰਗੀ ਪੁਨਰ-ਉਥਾਨ ਵਿਚ ਆਪਣੀ ਉਮੀਦ ਰੱਖਦੇ ਹਨ। (2 ਪਤਰਸ 1:10, 11) ‘ਹੋਰ ਭੇਡਾਂ’ ਪਰਮੇਸ਼ੁਰ ਦੇ ਰਾਜ ਦੇ ਜ਼ਮੀਨੀ ਖੇਤਰ ਵਿਚ ਅਨੰਤ ਵਿਰਾਸਤ ਪ੍ਰਾਪਤ ਕਰਨ ਦੀ ਆਸ਼ਾ ਰੱਖਦੀਆਂ ਹਨ। (ਯੂਹੰਨਾ 10:16; ਮੱਤੀ 25:33, 34) ਅਤੇ ਜਿੱਥੇ ਪੁਨਰ-ਉਥਾਨ ਬਾਰੇ ਬਹੁਤ ਸਾਰੇ ਅਗਿਆਤ ਵੇਰਵਿਆਂ ਦੀ ਗੱਲ ਆਉਂਦੀ ਹੈ, ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਸਾਡੀ ਭਾਵੀ ਖ਼ੁਸ਼ੀ ਉਸ ਪਰਮੇਸ਼ੁਰ ਦੇ ਹੱਥਾਂ ਵਿਚ ਸੁਰੱਖਿਅਤ ਹੈ ਜੋ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰ ਸਕਦਾ ਹੈ।—ਜ਼ਬੂਰ 145:16; ਯਿਰਮਿਯਾਹ 17:7.
18. (ੳ) ਪੌਲੁਸ ਕਿਸ ਫਤਿਹ ਨੂੰ ਉਜਾਗਰ ਕਰਦਾ ਹੈ? (ਅ) ਅਸੀਂ ਪੁਨਰ-ਉਥਾਨ ਦੀ ਉਮੀਦ ਵਿਚ ਪੂਰਾ ਭਰੋਸਾ ਕਿਉਂ ਰੱਖਦੇ ਹਾਂ?
18 ਪੌਲੁਸ ਜੋਸ਼ ਨਾਲ ਇਹ ਕਹਿੰਦੇ ਹੋਏ ਆਪਣੀ ਦਲੀਲ ਖ਼ਤਮ ਕਰਦਾ ਹੈ: “ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ!” (1 ਕੁਰਿੰਥੀਆਂ 15:57) ਜੀ ਹਾਂ, ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਜ਼ਰੀਏ ਆਦਮ ਦੁਆਰਾ ਆਈ ਮੌਤ ਉੱਤੇ ਫਤਿਹ ਪ੍ਰਾਪਤ ਹੋ ਗਈ ਹੈ, ਅਤੇ ਮਸਹ ਕੀਤੇ ਹੋਏ ਅਤੇ ‘ਹੋਰ ਭੇਡਾਂ’ ਇਸ ਫਤਿਹ ਵਿਚ ਹਿੱਸਾ ਲੈਂਦੇ ਹਨ। ਨਿਰਸੰਦੇਹ, ਅੱਜ ਜੀਉਂਦੀਆਂ ‘ਹੋਰ ਭੇਡਾਂ’ ਦੀ ਅਜਿਹੀ ਉਮੀਦ ਹੈ ਜੋ ਸਿਰਫ਼ ਇਸ ਪੀੜ੍ਹੀ ਨੂੰ ਪ੍ਰਾਪਤ ਹੈ। ਇਕ ਵਧਦੀ “ਵੱਡੀ ਭੀੜ” ਦੇ ਭਾਗ ਹੋਣ ਦੇ ਨਾਤੇ, ਉਹ ਸ਼ਾਇਦ ਆ ਰਹੀ “ਵੱਡੀ ਬਿਪਤਾ” ਤੋਂ ਬਚ ਜਾਣ ਅਤੇ ਕਦੀ ਵੀ ਮੌਤ ਨੂੰ ਅਨੁਭਵ ਨਾ ਕਰਨ! (ਪਰਕਾਸ਼ ਦੀ ਪੋਥੀ 7:9, 14) ਪਰੰਤੂ, ਉਹ ਲੋਕ ਵੀ ਜੋ “ਸਮਾਂ ਅਤੇ ਅਣਚਿਤਵੀ ਘਟਨਾ” ਵਾਪਰਨ ਦੇ ਕਾਰਨ ਮਰਦੇ ਹਨ, ਜਾਂ ਸ਼ਤਾਨ ਦੇ ਕਾਰਿੰਦਿਆਂ ਦੇ ਹੱਥੋਂ ਮਰਦੇ ਹਨ, ਪੁਨਰ-ਉਥਾਨ ਦੀ ਉਮੀਦ ਵਿਚ ਆਪਣਾ ਭਰੋਸਾ ਰੱਖ ਸਕਦੇ ਹਨ।—ਉਪਦੇਸ਼ਕ ਦੀ ਪੋਥੀ 9:11, ਨਿ ਵ.
19. ਅੱਜ ਸਾਰੇ ਮਸੀਹੀਆਂ ਨੂੰ ਕਿਸ ਉਪਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ?
19 ਇਸ ਲਈ, ਅਸੀਂ ਉਸ ਸ਼ਾਨਦਾਰ ਦਿਨ ਨੂੰ ਉਤਸੁਕਤਾ ਨਾਲ ਉਡੀਕਦੇ ਹਾਂ ਜਦੋਂ ਮੌਤ ਦਾ ਨਾਸ਼ ਕੀਤਾ ਜਾਵੇਗਾ। ਪੁਨਰ-ਉਥਾਨ ਦੇ ਯਹੋਵਾਹ ਦੇ ਵਾਅਦੇ ਵਿਚ ਸਾਡੇ ਅਡੋਲ ਭਰੋਸੇ ਕਾਰਨ ਅਸੀਂ ਮਾਮਲਿਆਂ ਬਾਰੇ ਸਹੀ ਦ੍ਰਿਸ਼ਟੀਕੋਣ ਰੱਖਦੇ ਹਾਂ। ਇਸ ਜੀਵਨ ਵਿਚ ਸਾਡੇ ਨਾਲ ਭਾਵੇਂ ਜੋ ਕੁਝ ਵੀ ਵਾਪਰਦਾ ਹੈ—ਚਾਹੇ ਕਿ ਅਸੀਂ ਮਰ ਵੀ ਜਾਈਏ—ਪਰਮੇਸ਼ੁਰ ਨੇ ਸਾਡੇ ਨਾਲ ਜਿਸ ਇਨਾਮ ਦਾ ਵਾਅਦਾ ਕੀਤਾ ਹੈ ਉਹ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ। ਇਸ ਲਈ, ਕੁਰਿੰਥੀਆਂ ਨੂੰ ਦਿੱਤਾ ਗਿਆ ਪੌਲੁਸ ਦਾ ਆਖ਼ਰੀ ਉਪਦੇਸ਼ ਅੱਜ ਵੀ ਉੱਨਾ ਹੀ ਢੁਕਵਾਂ ਹੈ ਜਿੰਨਾ ਕਿ ਇਹ ਦੋ ਹਜ਼ਾਰ ਸਾਲ ਪਹਿਲਾਂ ਸੀ: “ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”—1 ਕੁਰਿੰਥੀਆਂ 15:58.
ਕੀ ਤੁਸੀਂ ਸਮਝਾ ਸਕਦੇ ਹੋ?
◻ ਇਸ ਸਵਾਲ ਦਾ ਪੌਲੁਸ ਨੇ ਕਿਵੇਂ ਜਵਾਬ ਦਿੱਤਾ ਕਿ ਪੁਨਰ-ਉਥਿਤ ਕੀਤੇ ਜਾਣ ਵੇਲੇ ਮਸਹ ਕੀਤੇ ਹੋਇਆਂ ਨੂੰ ਕਿਸ ਤਰ੍ਹਾਂ ਦੇ ਸਰੀਰ ਦਿੱਤੇ ਜਾਣਗੇ?
◻ ਕਿਵੇਂ ਅਤੇ ਕਦੋਂ ਮੌਤ ਦਾ ਨਾਸ਼ ਕੀਤਾ ਜਾਵੇਗਾ?
◻ ਜ਼ਮੀਨੀ ਪੁਨਰ-ਉਥਾਨ ਵਿਚ ਕੌਣ ਸ਼ਾਮਲ ਹੋਣਗੇ?
◻ ਉਨ੍ਹਾਂ ਮਾਮਲਿਆਂ ਪ੍ਰਤੀ ਸਾਡਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਤੇ ਬਾਈਬਲ ਚੁੱਪ ਹੈ?
[ਸਫ਼ੇ 19 ਉੱਤੇ ਤਸਵੀਰ]
ਜਦੋਂ ਇਕ ਬੀ ਵਿਚ ਵੱਡੀ ਤਬਦੀਲੀ ਆਉਂਦੀ ਹੈ, ਤਾਂ ਬੀ ‘ਮਰ ਜਾਂਦਾ ਹੈ’
[ਸਫ਼ੇ 23 ਉੱਤੇ ਤਸਵੀਰਾਂ]
ਪ੍ਰਾਚੀਨ ਸਮੇਂ ਦੇ ਵਫ਼ਾਦਾਰ ਆਦਮੀ ਅਤੇ ਔਰਤਾਂ, ਜਿਵੇਂ ਕਿ ਨੂਹ, ਅਬਰਾਹਾਮ, ਸਾਰਾਹ, ਅਤੇ ਰਹਾਬ, ਪੁਨਰ-ਉਥਿਤ ਹੋਣ ਵਾਲਿਆਂ ਵਿਚ ਸ਼ਾਮਲ ਹੋਣਗੇ