ਅਧਿਆਇ ਪੰਜ
ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ
1, 2. ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਮਾਪਿਆਂ ਨੂੰ ਮਦਦ ਲਈ ਕਿਸ ਵੱਲ ਦੇਖਣਾ ਚਾਹੀਦਾ ਹੈ?
“ਬੱਚੇਯਹੋਵਾਹ ਵੱਲੋਂ ਮਿਰਾਸ ਹਨ,” ਇਕ ਕਦਰਦਾਨ ਪਿਤਾ ਕੁਝ 3,000 ਸਾਲ ਪਹਿਲਾਂ ਬੋਲ ਉੱਠਿਆ। (ਜ਼ਬੂਰ 127:3) ਦਰਅਸਲ, ਮਾਂ-ਪਿਉਪਣ ਦਾ ਆਨੰਦ ਪਰਮੇਸ਼ੁਰ ਵੱਲੋਂ ਇਕ ਕੀਮਤੀ ਪ੍ਰਤਿਫਲ ਹੈ, ਅਜਿਹਾ ਇਕ ਪ੍ਰਤਿਫਲ ਜੋ ਜ਼ਿਆਦਾਤਰ ਵਿਵਾਹਿਤ ਲੋਕਾਂ ਨੂੰ ਉਪਲਬਧ ਹੈ। ਫਿਰ ਵੀ, ਜਿਨ੍ਹਾਂ ਦੇ ਬੱਚੇ ਹਨ ਉਨ੍ਹਾਂ ਨੂੰ ਜਲਦੀ ਹੀ ਅਹਿਸਾਸ ਹੋ ਜਾਂਦਾ ਹੈ ਕਿ ਆਨੰਦ ਦੇ ਨਾਲ-ਨਾਲ, ਮਾਂ-ਪਿਉਪਣ ਜ਼ਿੰਮੇਵਾਰੀਆਂ ਪੇਸ਼ ਕਰਦਾ ਹੈ।
2 ਖ਼ਾਸ ਕਰਕੇ ਅੱਜ, ਬੱਚਿਆਂ ਦੀ ਪਰਵਰਿਸ਼ ਕਰਨਾ ਇਕ ਕਠਿਨ ਕੰਮ ਹੈ। ਪਰ ਫਿਰ ਵੀ, ਬਹੁਤੇਰਿਆਂ ਨੇ ਸਫ਼ਲਤਾ ਦੇ ਨਾਲ ਇਸ ਨੂੰ ਸੰਪੰਨ ਕੀਤਾ ਹੈ, ਅਤੇ ਜ਼ਬੂਰਾਂ ਦਾ ਪ੍ਰੇਰਿਤ ਲਿਖਾਰੀ ਇਹ ਕਹਿੰਦੇ ਹੋਏ ਮਾਰਗ ਦਿਖਾਉਂਦਾ ਹੈ: “ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।” (ਜ਼ਬੂਰ 127:1) ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਦੀਆਂ ਹਿਦਾਇਤਾਂ ਦੀ ਧਿਆਨ ਨਾਲ ਪੈਰਵੀ ਕਰਦੇ ਹੋ, ਤੁਸੀਂ ਉੱਨਾ ਹੀ ਬਿਹਤਰ ਮਾਤਾ ਜਾਂ ਪਿਤਾ ਬਣੋਗੇ। ਬਾਈਬਲ ਕਹਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” (ਕਹਾਉਤਾਂ 3:5) ਕੀ ਤੁਸੀਂ ਯਹੋਵਾਹ ਦੀ ਸਲਾਹ ਵੱਲ ਕੰਨ ਧਰਨ ਲਈ ਰਜ਼ਾਮੰਦ ਹੋ ਜਿਉਂ ਹੀ ਤੁਸੀਂ ਆਪਣੀ 20-ਸਾਲਾ ਬਾਲ-ਪਰਵਰਿਸ਼ ਪਰਿਯੋਜਨਾ ਆਰੰਭ ਕਰਦੇ ਹੋ?
ਬਾਈਬਲ ਦੇ ਵਿਚਾਰ ਨੂੰ ਸਵੀਕਾਰ ਕਰਨਾ
3. ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਪਿਤਾਵਾਂ ਦੀ ਕੀ ਜ਼ਿੰਮੇਵਾਰੀ ਹੈ?
3 ਸਾਰੀ ਧਰਤੀ ਭਰ ਵਿਚ ਬਹੁਤੇਰੇ ਘਰਾਂ ਵਿਖੇ, ਪੁਰਸ਼, ਬਾਲ ਸਿਖਲਾਈ ਨੂੰ ਖ਼ਾਸ ਤੌਰ ਤੇ ਇਸਤਰੀਆਂ ਦਾ ਹੀ ਕੰਮ ਵਿਚਾਰਦੇ ਹਨ। ਇਹ ਸੱਚ ਹੈ ਕਿ ਪਰਮੇਸ਼ੁਰ ਦਾ ਬਚਨ ਪਿਤਾ ਦੀ ਭੂਮਿਕਾ ਨੂੰ ਮੁੱਖ ਰੋਟੀ ਕਮਾਉਣ ਵਾਲੇ ਦੇ ਤੌਰ ਤੇ ਸੰਕੇਤ ਕਰਦਾ ਹੈ। ਫਿਰ ਵੀ, ਉਹ ਇਹ ਵੀ ਕਹਿੰਦਾ ਹੈ ਕਿ ਘਰ ਵਿਚ ਉਸ ਦੀਆਂ ਜ਼ਿੰਮੇਵਾਰੀਆਂ ਹਨ। ਬਾਈਬਲ ਕਹਿੰਦੀ ਹੈ: “ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।” (ਕਹਾਉਤਾਂ 24:27) ਪਰਮੇਸ਼ੁਰ ਦੀ ਦ੍ਰਿਸ਼ਟੀ ਦੇ ਅਨੁਸਾਰ, ਮਾਤਾ-ਪਿਤਾ ਦੋਵੇਂ ਹੀ ਬਾਲ ਸਿਖਲਾਈ ਵਿਚ ਸਹਿਭਾਗੀ ਹਨ।—ਕਹਾਉਤਾਂ 1:8, 9.
4. ਸਾਨੂੰ ਕੁੜੀ ਨਾਲੋਂ ਮੁੰਡੇ ਨੂੰ ਉਚੇਰਾ ਕਿਉਂ ਨਹੀਂ ਵਿਚਾਰਨਾ ਚਾਹੀਦਾ ਹੈ?
4 ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਵਿਚਾਰਦੇ ਹੋ? ਰਿਪੋਰਟਾਂ ਬਿਆਨ ਕਰਦੀਆਂ ਹਨ ਕਿ ਏਸ਼ੀਆ ਵਿਚ “ਕੁੜੀਆਂ, ਪੈਦਾ ਹੋਣ ਤੇ ਅਕਸਰ ਘਟੀਆ ਸੁਆਗਤ ਹਾਸਲ ਕਰਦੀਆਂ ਹਨ।” ਰਿਪੋਰਟਾਂ ਦੇ ਅਨੁਸਾਰ ਲਾਤੀਨੀ ਅਮਰੀਕਾ ਵਿਚ ਹਾਲੇ ਵੀ ਕੁੜੀਆਂ ਦੇ ਵਿਰੁੱਧ ਪੂਰਵ-ਧਾਰਣਾ ਪਾਈ ਜਾਂਦੀ ਹੈ, ਇੱਥੋਂ ਤਕ ਕਿ “ਜ਼ਿਆਦਾ ਪ੍ਰਬੁੱਧ ਪਰਿਵਾਰ” ਵੀ ਪ੍ਰਭਾਵਿਤ ਹਨ। ਫਿਰ ਵੀ, ਸੱਚਾਈ ਇਹ ਹੈ ਕਿ ਕੁੜੀਆਂ ਦੂਸਰੇ-ਦਰਜੇ ਦੇ ਬੱਚੇ ਨਹੀਂ ਹਨ। ਯਾਕੂਬ, ਪ੍ਰਾਚੀਨ ਸਮੇਂ ਦੇ ਇਕ ਉੱਘੇ ਪਿਤਾ ਨੇ ਆਪਣੀ ਔਲਾਦ ਨੂੰ, ਜਿਨ੍ਹਾਂ ਵਿਚ ਉਸ ਸਮੇਂ ਤਕ ਕੋਈ ਵੀ ਪੈਦਾ ਹੋਈਆਂ ਧੀਆਂ ਸ਼ਾਮਲ ਹੁੰਦੀਆਂ, ‘ਓਹ ਬਾਲ ਜਿਹੜੇ ਪਰਮੇਸ਼ੁਰ ਨੇ ਮੈਨੂੰ ਬਖ਼ਸ਼ੇ ਹਨ’ ਦੇ ਤੌਰ ਤੇ ਵਰਣਿਤ ਕੀਤਾ। (ਉਤਪਤ 33:1-5; 37:35) ਇਸੇ ਤਰ੍ਹਾਂ, ਯਿਸੂ ਨੇ “ਛੋਟੇ ਬਾਲਕਾਂ” (ਮੁੰਡਿਆਂ ਅਤੇ ਕੁੜੀਆਂ) ਨੂੰ ਵਰੋਸਾਇਆ ਜੋ ਉਸ ਦੇ ਕੋਲ ਲਿਆਏ ਗਏ ਸਨ। (ਮੱਤੀ 19:13-15) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਸ ਨੇ ਯਹੋਵਾਹ ਦਾ ਵਿਚਾਰ ਪ੍ਰਤਿਬਿੰਬਤ ਕੀਤਾ ਸੀ।—ਬਿਵਸਥਾ ਸਾਰ 16:14.
5. ਆਪਣੇ ਪਰਿਵਾਰ ਦੇ ਸਾਈਜ਼ ਬਾਰੇ ਨਿਰਣਾ ਕਰਦੇ ਸਮੇਂ ਇਕ ਜੋੜੇ ਨੂੰ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ?
5 ਕੀ ਤੁਹਾਡਾ ਸਮਾਜ ਇਕ ਇਸਤਰੀ ਤੋਂ ਇਹ ਉਮੀਦ ਰੱਖਦਾ ਹੈ ਕਿ ਉਹ ਵੱਧ ਤੋਂ ਵੱਧ ਬੱਚੇ ਪੈਦਾ ਕਰੇ? ਜਾਇਜ਼ ਤੌਰ ਤੇ, ਇਕ ਵਿਆਹੁਤਾ ਜੋੜਾ ਕਿੰਨੇ ਬੱਚੇ ਪੈਦਾ ਕਰਦਾ ਹੈ, ਇਹ ਉਨ੍ਹਾਂ ਦਾ ਨਿੱਜੀ ਨਿਰਣਾ ਹੈ। ਜੇਕਰ ਮਾਪੇ ਅਨੇਕ ਬੱਚਿਆਂ ਨੂੰ ਖੁਆਉਣ, ਕੱਪੜੇ ਪੁਹਿਨਾਉਣ, ਅਤੇ ਸਿੱਖਿਆ ਦੇਣ ਦੀ ਸਮਰਥਾ ਨਾ ਰੱਖਦੇ ਹੋਣ, ਤਦ ਕੀ? ਨਿਸ਼ਚੇ ਹੀ, ਇਕ ਜੋੜੇ ਨੂੰ ਪਰਿਵਾਰ ਦੇ ਸਾਈਜ਼ ਬਾਰੇ ਸਲਾਹ ਬਣਾਉਂਦੇ ਸਮੇਂ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਕੁਝ ਜੋੜੇ ਜੋ ਆਪਣੇ ਸਾਰਿਆਂ ਬੱਚਿਆਂ ਦਾ ਭਾਰ ਨਹੀਂ ਚੁੱਕ ਸਕਦੇ ਹਨ ਉਹ ਉਨ੍ਹਾਂ ਵਿੱਚੋਂ ਕੁਝ-ਕੁ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਰਿਸ਼ਤੇਦਾਰਾਂ ਨੂੰ ਸੌਂਪ ਦਿੰਦੇ ਹਨ। ਕੀ ਇਹ ਅਭਿਆਸ ਮੁਨਾਸਬ ਹੈ? ਅਸਲ ਵਿਚ ਨਹੀਂ। ਅਤੇ ਇਹ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਫ਼ਰਜ਼ ਤੋਂ ਮੁਕਤ ਨਹੀਂ ਕਰ ਦਿੰਦਾ ਹੈ। ਬਾਈਬਲ ਕਹਿੰਦੀ ਹੈ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ।” (1 ਤਿਮੋਥਿਉਸ 5:8) ਜ਼ਿੰਮੇਵਾਰ ਜੋੜੇ ਆਪਣੇ “ਘਰਾਣੇ” ਦੇ ਸਾਈਜ਼ ਦੀ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਹ ਉਨ੍ਹਾਂ ਲਈ ‘ਜੋ ਆਪਣੇ ਹਨ ਤਰੱਦਦ’ ਕਰ ਸਕਣ। ਕੀ ਇਹ ਕਰਨ ਲਈ ਉਹ ਸੰਤਾਨ-ਸੰਜਮ ਦਾ ਅਭਿਆਸ ਕਰ ਸਕਦੇ ਹਨ? ਇਹ ਵੀ ਇਕ ਨਿੱਜੀ ਨਿਰਣਾ ਹੈ, ਅਤੇ ਜੇਕਰ ਵਿਵਾਹਿਤ ਜੋੜੇ ਇਸ ਤਰੀਕੇ ਨੂੰ ਚੁਣਨ, ਤਾਂ ਗਰਭ-ਨਿਰੋਧ ਦੀ ਚੋਣ ਵੀ ਇਕ ਨਿੱਜੀ ਮਾਮਲਾ ਹੈ। “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:5) ਫਿਰ ਵੀ, ਕੋਈ ਸੰਤਾਨ-ਸੰਜਮ ਜਿਸ ਵਿਚ ਕਿਸੇ ਤਰ੍ਹਾਂ ਦਾ ਗਰਭਪਾਤ ਸ਼ਾਮਲ ਹੈ ਬਾਈਬਲ ਸਿਧਾਂਤਾਂ ਦੇ ਵਿਰੁੱਧ ਜਾਂਦਾ ਹੈ। ਯਹੋਵਾਹ ਪਰਮੇਸ਼ੁਰ “ਜੀਉਣ ਦਾ ਚਸ਼ਮਾ” ਹੈ। (ਜ਼ਬੂਰ 36:9) ਇਸ ਕਰਕੇ, ਇਕ ਜੀਵਨ ਨੂੰ ਗਰਭ ਧਾਰਣ ਤੋਂ ਬਾਅਦ ਨਸ਼ਟ ਕਰਨਾ, ਯਹੋਵਾਹ ਲਈ ਘੋਰ ਨਿਰਾਦਰ ਪ੍ਰਦਰਸ਼ਿਤ ਕਰਦਾ ਹੈ ਅਤੇ ਕਤਲ ਦੇ ਬਰਾਬਰ ਹੈ।—ਕੂਚ 21:22, 23; ਜ਼ਬੂਰ 139:16; ਯਿਰਮਿਯਾਹ 1:5.
ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨੀਆਂ
6. ਇਕ ਬੱਚੇ ਦੀ ਸਿਖਲਾਈ ਕਦੋਂ ਆਰੰਭ ਹੋਣੀ ਚਾਹੀਦੀ ਹੈ?
6 ਕਹਾਉਤਾਂ 22:6 ਕਹਿੰਦੀ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।” ਬੱਚਿਆਂ ਦੀ ਸਿਖਲਾਈ ਮਾਪਿਆਂ ਦਾ ਇਕ ਹੋਰ ਵੱਡਾ ਫ਼ਰਜ਼ ਹੈ। ਫਿਰ, ਇਹ ਸਿਖਲਾਈ ਕਦੋਂ ਆਰੰਭ ਹੋਣੀ ਚਾਹੀਦੀ ਹੈ? ਬਹੁਤ ਹੀ ਛੇਤੀ। ਰਸੂਲ ਪੌਲੁਸ ਨੇ ਧਿਆਨ ਦਿੱਤਾ ਕਿ ਤਿਮੋਥਿਉਸ “ਬਾਲ ਅਵਸਥਾ ਤੋਂ” ਹੀ ਸਿਖਲਾਇਆ ਗਿਆ ਸੀ। (2 ਤਿਮੋਥਿਉਸ 3:15) ਇੱਥੇ ਇਸਤੇਮਾਲ ਕੀਤਾ ਗਿਆ ਯੂਨਾਨੀ ਸ਼ਬਦ ਇਕ ਛੋਟੇ ਬਾਲਕ ਜਾਂ ਇਕ ਅਣਜੰਮੇ ਬੱਚੇ ਨੂੰ ਵੀ ਸੰਕੇਤ ਕਰ ਸਕਦਾ ਹੈ। (ਲੂਕਾ 1:41, 44; ਰਸੂਲਾਂ ਦੇ ਕਰਤੱਬ 7:18-20) ਇਸ ਲਈ, ਤਿਮੋਥਿਉਸ ਨੂੰ ਜਦੋਂ ਉਹ ਕਾਫ਼ੀ ਛੋਟਾ ਸੀ, ਉਦੋਂ ਤੋਂ ਹੀ ਸਿਖਲਾਈ ਹਾਸਲ ਹੋਈ—ਅਤੇ ਇਹ ਠੀਕ ਹੀ ਸੀ। ਇਕ ਬੱਚੇ ਦੀ ਸਿਖਲਾਈ ਨੂੰ ਆਰੰਭ ਕਰਨ ਦਾ ਸਭ ਤੋਂ ਵਧੀਆ ਸਮਾਂ ਬਾਲ-ਅਵਸਥਾ ਹੀ ਹੈ। ਇਕ ਛੋਟੇ ਨਿਆਣੇ ਨੂੰ ਵੀ ਗਿਆਨ ਦੀ ਭੁੱਖ ਹੁੰਦੀ ਹੈ।
7. (ੳ) ਇਹ ਕਿਉਂ ਮਹੱਤਵਪੂਰਣ ਹੈ ਕਿ ਇਕ ਛੋਟੇ ਬੱਚੇ ਦੇ ਨਾਲ ਦੋਵੇਂ ਮਾਪੇ ਇਕ ਨਜ਼ਦੀਕੀ ਰਿਸ਼ਤਾ ਵਿਕਸਿਤ ਕਰਨ? (ਅ) ਯਹੋਵਾਹ ਅਤੇ ਉਸ ਦੇ ਇਕਲੌਤੇ ਪੁੱਤਰ ਦੇ ਵਿਚਕਾਰ ਕਿਸ ਤਰ੍ਹਾਂ ਦਾ ਰਿਸ਼ਤਾ ਸੀ?
7 “ਜਦੋਂ ਮੈਂ ਪਹਿਲੀ ਵਾਰ ਆਪਣੇ ਬਾਲਕ ਨੂੰ ਦੇਖਿਆ,” ਇਕ ਮਾਂ ਕਹਿੰਦੀ ਹੈ, “ਤਾਂ ਮੇਰੇ ਵਿਚ ਉਸ ਦੇ ਲਈ ਪਿਆਰ ਜਾਗ ਉੱਠਿਆ।” ਇਹ ਜ਼ਿਆਦਾਤਰ ਮਾਵਾਂ ਵਿਚ ਜਾਗ ਉੱਠਦਾ ਹੈ। ਮਾਂ ਅਤੇ ਬੱਚੇ ਦੇ ਵਿਚਕਾਰ ਉਹ ਸੁੰਦਰ ਮੋਹ ਵਧਦਾ ਜਾਂਦਾ ਹੈ ਜਿਉਂ ਹੀ ਉਹ ਜਨਮ ਤੋਂ ਬਾਅਦ ਇਕੱਠੇ ਸਮਾਂ ਬਤੀਤ ਕਰਦੇ ਹਨ। ਦੁੱਧ ਚੁੰਘਾਉਣਾ ਇਸ ਨੇੜਤਾ ਨੂੰ ਵਧਾਉਂਦਾ ਹੈ। (ਤੁਲਨਾ ਕਰੋ 1 ਥੱਸਲੁਨੀਕੀਆਂ 2:7.) ਇਕ ਮਾਂ ਦਾ ਆਪਣੇ ਬੱਚੇ ਨੂੰ ਲਾਡ ਲਡਾਉਣਾ ਅਤੇ ਉਸ ਨਾਲ ਗੱਲਾਂ ਕਰਨੀਆਂ, ਬੱਚੇ ਦੀਆਂ ਜਜ਼ਬਾਤੀ ਲੋੜਾਂ ਨੂੰ ਪੂਰਿਆਂ ਕਰਨ ਵਿਚ ਮਹੱਤਵਪੂਰਣ ਹੈ। (ਤੁਲਨਾ ਕਰੋ ਯਸਾਯਾਹ 66:12.) ਪਰੰਤੂ ਪਿਤਾ ਬਾਰੇ ਕੀ? ਉਸ ਨੂੰ ਵੀ ਆਪਣੀ ਨਵੀਂ ਸੰਤਾਨ ਦੇ ਨਾਲ ਇਕ ਨਜ਼ਦੀਕੀ ਸੰਬੰਧ ਪੈਦਾ ਕਰਨਾ ਚਾਹੀਦਾ ਹੈ। ਯਹੋਵਾਹ ਖ਼ੁਦ ਇਸ ਦਾ ਇਕ ਉਦਾਹਰਣ ਹੈ। ਕਹਾਉਤਾਂ ਦੀ ਪੁਸਤਕ ਵਿਚ, ਅਸੀਂ ਯਹੋਵਾਹ ਦੇ ਆਪਣੇ ਇਕਲੌਤੇ ਪੁੱਤਰ ਦੇ ਨਾਲ ਰਿਸ਼ਤੇ ਬਾਰੇ ਸਿੱਖਦੇ ਹਾਂ, ਜਿਸ ਨੂੰ ਇੰਜ ਕਹਿੰਦੇ ਹੋਏ ਦਰਸਾਇਆ ਗਿਆ ਹੈ: “ਯਹੋਵਾਹ ਨੇ ਖ਼ੁਦ ਮੈਨੂੰ ਆਪਣੇ ਕੰਮ ਦੇ ਆਰੰਭ ਵਜੋਂ ਪੈਦਾ ਕੀਤਾ . . . ਮੈਂ ਹੀ ਉਹ ਹੋਇਆ ਜਿਸ ਦਾ ਉਹ ਦਿਨ ਪ੍ਰਤਿ ਦਿਨ ਖ਼ਾਸ ਤੌਰ ਤੇ ਚਾਹਵਾਨ ਸੀ।” (ਕਹਾਉਤਾਂ 8:22, 30, ਨਿਵ; ਯੂਹੰਨਾ 1:14) ਇਸੇ ਤਰ੍ਹਾਂ, ਇਕ ਅੱਛਾ ਪਿਤਾ ਆਪਣੇ ਬੱਚੇ ਦੇ ਨਾਲ ਉਸ ਦੇ ਜੀਵਨ ਦੇ ਆਰੰਭ ਤੋਂ ਹੀ ਇਕ ਨਿੱਘਾ, ਪ੍ਰੇਮਪੂਰਣ ਰਿਸ਼ਤਾ ਵਿਕਸਿਤ ਕਰਦਾ ਹੈ। “ਅਤਿਅੰਤ ਸਨੇਹ ਪ੍ਰਦਰਸ਼ਿਤ ਕਰੋ,” ਇਕ ਪਿਤਾ ਕਹਿੰਦਾ ਹੈ। “ਕੋਈ ਬੱਚਾ ਗਲਵੱਕੜੀਆਂ ਅਤੇ ਚੁੰਮੀਆਂ ਦੇ ਕਾਰਨ ਕਦੇ ਵੀ ਨਹੀਂ ਮਰਿਆ।”
8. ਮਾਪਿਆਂ ਨੂੰ ਜਿੰਨੀ ਛੇਤੀ ਸੰਭਵ ਹੋਵੇ ਛੋਟੇ ਬੱਚਿਆਂ ਨੂੰ ਕੀ ਮਾਨਸਿਕ ਉਤੇਜਨਾ ਦੇਣੀ ਚਾਹੀਦੀ ਹੈ?
8 ਪਰੰਤੂ ਛੋਟਿਆਂ ਬੱਚਿਆਂ ਨੂੰ ਹੋਰ ਕੁਝ ਵੀ ਚਾਹੀਦਾ ਹੁੰਦਾ ਹੈ। ਜਨਮ ਦੇ ਪਲ ਤੋਂ ਹੀ, ਉਨ੍ਹਾਂ ਦੇ ਦਿਮਾਗ਼ ਜਾਣਕਾਰੀ ਲੈਣ ਅਤੇ ਜਮ੍ਹਾ ਕਰਨ ਲਈ ਤਿਆਰ ਹੁੰਦੇ ਹਨ, ਅਤੇ ਮਾਪੇ ਇਸ ਦਾ ਪ੍ਰਮੁੱਖ ਸ੍ਰੋਤ ਹੁੰਦੇ ਹਨ। ਇਕ ਉਦਾਹਰਣ ਦੇ ਤੌਰ ਤੇ ਭਾਸ਼ਾ ਉੱਤੇ ਵਿਚਾਰ ਕਰੋ। ਖੋਜਕਾਰ ਕਹਿੰਦੇ ਹਨ ਕਿ ਇਕ ਬੱਚਾ ਕਿੰਨੀ ਅੱਛੀ ਤਰ੍ਹਾਂ ਨਾਲ ਗੱਲ ਕਰਨੀ ਅਤੇ ਪੜ੍ਹਨਾ ਸਿੱਖਦਾ ਹੈ, ‘ਇਹ ਮੰਨਿਆ ਜਾਂਦਾ ਹੈ ਕਿ ਇਹ ਇਸ ਗੱਲ ਨਾਲ ਨਜ਼ਦੀਕੀ ਸੰਬੰਧ ਰੱਖਦਾ ਹੈ ਕਿ ਬੱਚੇ ਦੀ ਆਪਣੇ ਮਾਪਿਆਂ ਦੇ ਨਾਲ ਕਿਸ ਪ੍ਰਕਾਰ ਦੀ ਆਰੰਭਕ ਪਰਸਪਰ ਕ੍ਰਿਆ ਰਹੀ ਹੈ।’ ਆਪਣੇ ਬੱਚੇ ਦੇ ਨਾਲ ਬਾਲ-ਅਵਸਥਾ ਤੋਂ ਹੀ ਗੱਲਾਂ ਕਰੋ ਅਤੇ ਪੜ੍ਹੋ। ਜਲਦੀ ਹੀ ਉਹ ਤੁਹਾਡੀ ਨਕਲ ਕਰਨੀ ਚਾਹੇਗਾ, ਅਤੇ ਬਹੁਤ ਸਮਾਂ ਟਲਣ ਤੋਂ ਪਹਿਲਾਂ ਤੁਸੀਂ ਉਸ ਨੂੰ ਪੜ੍ਹਨਾ ਸਿਖਾ ਰਹੇ ਹੋਵੋਗੇ। ਸੰਭਵ ਹੈ ਕਿ ਉਹ ਸਕੂਲ ਪ੍ਰਵੇਸ਼ ਹੋਣ ਤੋਂ ਪਹਿਲਾਂ ਹੀ ਪੜ੍ਹ ਸਕਦਾ ਹੋਵੇਗਾ। ਇਹ ਖ਼ਾਸ ਤੌਰ ਤੇ ਸਹਾਇਕ ਹੋਵੇਗਾ ਜੇਕਰ ਤੁਸੀਂ ਇਕ ਅਜਿਹੇ ਦੇਸ਼ ਵਿਚ ਰਹਿੰਦੇ ਹੋ ਜਿੱਥੇ ਅਧਿਆਪਕ ਘੱਟ ਹਨ ਅਤੇ ਕਲਾਸ-ਰੂਮ ਭਰੇ ਹੋਏ ਹੁੰਦੇ ਹਨ।
9. ਸਭ ਤੋਂ ਮਹੱਤਵਪੂਰਣ ਟੀਚਾ ਕੀ ਹੈ ਜਿਸ ਨੂੰ ਮਾਪਿਆਂ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ?
9 ਮਸੀਹੀ ਮਾਪਿਆਂ ਦੀ ਸਭ ਤੋਂ ਪਹਿਲੀ ਚਿੰਤਾ ਆਪਣੇ ਬੱਚੇ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਿਆਂ ਕਰਨਾ ਹੈ। (ਦੇਖੋ ਬਿਵਸਥਾ ਸਾਰ 8:3.) ਕਿਸ ਟੀਚੇ ਨਾਲ? ਆਪਣੇ ਬੱਚੇ ਨੂੰ ਮਸੀਹ-ਸਮਾਨ ਵਿਅਕਤਿੱਤਵ ਵਿਕਸਿਤ ਕਰਨ, ਅਸਲ ਵਿਚ, ‘ਨਵੇਂ ਵਿਅਕਤਿੱਤਵ’ ਨੂੰ ਪਹਿਨਣ ਵਿਚ ਮਦਦ ਦੇਣਾ। (ਅਫ਼ਸੀਆਂ 4:24, ਨਿਵ) ਇਸ ਲਈ ਉਨ੍ਹਾਂ ਨੂੰ ਉਚਿਤ ਉਸਾਰੀ ਸਾਮੱਗਰੀ ਅਤੇ ਉਚਿਤ ਉਸਾਰੀ ਤਰੀਕਿਆਂ ਉੱਤੇ ਗੌਰ ਕਰਨਾ ਚਾਹੀਦਾ ਹੈ।
ਆਪਣੇ ਬੱਚੇ ਦੇ ਦਿਲ ਵਿਚ ਸੱਚਾਈ ਨੂੰ ਬਿਠਾਓ
10. ਬੱਚਿਆਂ ਨੂੰ ਕਿਹੜੇ ਗੁਣਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ?
10 ਇਕ ਇਮਾਰਤ ਦੀ ਵਿਸ਼ੇਸ਼ਤਾ ਜ਼ਿਆਦਾਤਰ ਉਸ ਦੀ ਬਣਤਰ ਵਿਚ ਇਸਤੇਮਾਲ ਕੀਤੀਆਂ ਗਈਆਂ ਸਾਮੱਗਰੀਆਂ ਦੇ ਪ੍ਰਕਾਰ ਉੱਤੇ ਨਿਰਭਰ ਕਰਦੀ ਹੈ। ਰਸੂਲ ਪੌਲੁਸ ਨੇ ਕਿਹਾ ਕਿ ਮਸੀਹੀ ਵਿਅਕਤਿੱਤਵ ਲਈ ਸਭ ਤੋਂ ਵਧੀਆ ਉਸਾਰੀ ਸਾਮੱਗਰੀ ‘ਸੋਨਾ, ਚਾਂਦੀ, ਬਹੁਮੁੱਲੇ ਪੱਥਰ’ ਹੁੰਦੇ ਹਨ। (1 ਕੁਰਿੰਥੀਆਂ 3:10-12) ਇਹ ਅਜਿਹੇ ਗੁਣਾਂ ਨੂੰ ਦਰਸਾਉਂਦੇ ਹਨ ਜਿਵੇਂ ਕਿ ਨਿਹਚਾ, ਬੁੱਧ, ਸਿਆਣਪ, ਨਿਸ਼ਠਾ, ਆਦਰ, ਅਤੇ ਯਹੋਵਾਹ ਅਤੇ ਉਸ ਦੇ ਨਿਯਮਾਂ ਲਈ ਪ੍ਰੇਮਪੂਰਣ ਕਦਰਦਾਨੀ। (ਜ਼ਬੂਰ 19:7-11; ਕਹਾਉਤਾਂ 2:1-6; 3:13, 14) ਮਾਪੇ ਆਪਣੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਬਚਪਨ ਤੋਂ ਹੀ ਇਨ੍ਹਾਂ ਗੁਣਾਂ ਨੂੰ ਵਿਕਸਿਤ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ? ਬਹੁਤ ਸਮਾਂ ਪਹਿਲਾਂ ਤੋਂ ਬਿਆਨ ਕੀਤੀ ਗਈ ਇਕ ਕਾਰਜ-ਵਿਧੀ ਦੀ ਪੈਰਵੀ ਕਰਨ ਦੁਆਰਾ।
11. ਇਸਰਾਏਲੀ ਮਾਪਿਆਂ ਨੇ ਆਪਣਿਆਂ ਬੱਚਿਆਂ ਨੂੰ ਈਸ਼ਵਰੀ ਵਿਅਕਤਿੱਤਵ ਵਿਕਸਿਤ ਕਰਨ ਲਈ ਕਿਵੇਂ ਮਦਦ ਦਿੱਤੀ?
11 ਇਸ ਤੋਂ ਕੁਝ ਹੀ ਦੇਰ ਪਹਿਲਾਂ ਕਿ ਇਸਰਾਏਲ ਕੌਮ ਵਾਅਦਾ ਕੀਤੇ ਹੋਏ ਦੇਸ਼ ਵਿਚ ਪ੍ਰਵੇਸ਼ ਹੋਈ, ਯਹੋਵਾਹ ਨੇ ਇਸਰਾਏਲੀ ਮਾਪਿਆਂ ਨੂੰ ਦੱਸਿਆ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ [‘ਦੇ ਦਿਲ ਵਿਚ ਬਿਠਾਓ,’ ਨਿਵ]। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਜੀ ਹਾਂ, ਮਾਪਿਆਂ ਨੂੰ ਉਦਾਹਰਣ, ਸਾਥੀ, ਸੰਚਾਰਕ, ਅਤੇ ਅਧਿਆਪਕ ਬਣਨ ਦੀ ਜ਼ਰੂਰਤ ਹੈ।
12. ਇਹ ਕਿਉਂ ਅਤਿ-ਮਹੱਤਵਪੂਰਣ ਹੈ ਕਿ ਮਾਪੇ ਅੱਛੇ ਉਦਾਹਰਣ ਬਣਨ?
12 ਇਕ ਉਦਾਹਰਣ ਬਣੋ। ਪਹਿਲਾਂ, ਯਹੋਵਾਹ ਨੇ ਕਿਹਾ: “ਏਹ ਗੱਲਾਂ . . . ਤੁਹਾਡੇ ਹਿਰਦੇ ਉੱਤੇ ਹੋਣ।” ਫਿਰ, ਉਸ ਨੇ ਅੱਗੇ ਕਿਹਾ: ‘ਤੁਸੀਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਦਿਲ ਵਿਚ ਬਿਠਾਓ।’ ਸੋ ਈਸ਼ਵਰੀ ਗੁਣਾਂ ਨੂੰ ਪਹਿਲਾਂ ਮਾਤਾ ਜਾਂ ਪਿਤਾ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ। ਮਾਤਾ ਜਾਂ ਪਿਤਾ ਨੂੰ ਸੱਚਾਈ ਨਾਲ ਪ੍ਰੇਮ ਕਰਨਾ ਅਤੇ ਉਸ ਉੱਤੇ ਪੂਰੇ ਉਤਰਨਾ ਚਾਹੀਦਾ ਹੈ। ਕੇਵਲ ਤਾਂ ਹੀ ਉਹ ਬੱਚੇ ਦੇ ਹਿਰਦੇ ਤਕ ਪਹੁੰਚ ਸਕਦੇ ਹਨ। (ਕਹਾਉਤਾਂ 20:7) ਕਿਉਂ? ਕਿਉਂਕਿ ਬੱਚੇ ਸੁਣੀ ਹੋਈ ਗੱਲ ਨਾਲੋਂ ਦੇਖੇ ਗਏ ਕੰਮਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।—ਲੂਕਾ 6:40; 1 ਕੁਰਿੰਥੀਆਂ 11:1.
13. ਆਪਣੇ ਬੱਚਿਆਂ ਵੱਲ ਧਿਆਨ ਦੇਣ ਵਿਚ, ਮਸੀਹੀ ਮਾਪੇ ਯਿਸੂ ਦੇ ਉਦਾਹਰਣ ਦਾ ਅਨੁਕਰਣ ਕਿਵੇਂ ਕਰ ਸਕਦੇ ਹਨ?
13 ਇਕ ਸਾਥੀ ਬਣੋ। ਯਹੋਵਾਹ ਨੇ ਇਸਰਾਏਲ ਵਿਚ ਮਾਪਿਆਂ ਨੂੰ ਦੱਸਿਆ: ‘ਤੁਸੀਂ ਆਪਣੇ ਘਰ ਬੈਠਿਆਂ ਅਤੇ ਰਾਹ ਤੁਰਦਿਆਂ ਆਪਣੇ ਬੱਚਿਆਂ ਦੇ ਨਾਲ ਚਰਚਾ ਕਰੋ।’ ਇਹ ਲੋੜਦਾ ਹੈ ਕਿ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ ਜਾਵੇ, ਭਾਵੇਂ ਕਿ ਮਾਪੇ ਕਿੰਨੇ ਵੀ ਵਿਅਸਤ ਕਿਉਂ ਨਾ ਹੋਣ। ਜ਼ਾਹਰਾ ਤੌਰ ਤੇ ਯਿਸੂ ਮਹਿਸੂਸ ਕਰਦਾ ਸੀ ਕਿ ਬੱਚੇ ਉਸ ਦੇ ਸਮੇਂ ਦੇ ਯੋਗ ਸਨ। ਉਸ ਦੀ ਸੇਵਕਾਈ ਦੇ ਆਖ਼ਰੀ ਦਿਨਾਂ ਦੇ ਦੌਰਾਨ, “[ਲੋਕ] ਛੋਟੇ ਬਾਲਕਾਂ ਨੂੰ ਉਹ ਦੇ ਕੋਲ ਲਿਆਏ ਭਈ ਉਹ ਉਨ੍ਹਾਂ ਨੂੰ ਛੋਹੇ।” ਯਿਸੂ ਦੀ ਕੀ ਪ੍ਰਤਿਕ੍ਰਿਆ ਸੀ? “ਉਸ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ . . . ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:13, 16) ਕਲਪਨਾ ਕਰੋ, ਯਿਸੂ ਦੇ ਜੀਵਨ ਦੀਆਂ ਆਖ਼ਰੀ ਘੜੀਆਂ ਸਮਾਪਤ ਹੋ ਰਹੀਆਂ ਸਨ। ਫਿਰ ਵੀ, ਉਸ ਨੇ ਇਨ੍ਹਾਂ ਬੱਚਿਆਂ ਨੂੰ ਆਪਣਾ ਸਮਾਂ ਅਤੇ ਧਿਆਨ ਦਿੱਤਾ। ਕਿੰਨਾ ਉਚਿਤ ਸਬਕ!
14. ਮਾਪਿਆਂ ਲਈ ਆਪਣੇ ਬੱਚੇ ਦੇ ਨਾਲ ਸਮਾਂ ਬਤੀਤ ਕਰਨਾ ਲਾਭਦਾਇਕ ਕਿਉਂ ਹੈ?
14 ਇਕ ਸੰਚਾਰਕ ਬਣੋ। ਆਪਣੇ ਬੱਚੇ ਦੇ ਨਾਲ ਸਮਾਂ ਬਤੀਤ ਕਰਨਾ ਤੁਹਾਨੂੰ ਉਸ ਦੇ ਨਾਲ ਸੰਚਾਰ ਕਰਨ ਵਿਚ ਮਦਦ ਕਰੇਗਾ। ਤੁਸੀਂ ਜਿੰਨਾ ਜ਼ਿਆਦਾ ਸੰਚਾਰ ਕਰੋਗੇ, ਤੁਹਾਨੂੰ ਉੱਨੀ ਹੀ ਬਿਹਤਰ ਸੂਝ ਹੋਵੇਗੀ ਕਿ ਉਸ ਦਾ ਵਿਅਕਤਿੱਤਵ ਕਿਵੇਂ ਵਿਕਸਿਤ ਹੋ ਰਿਹਾ ਹੈ। ਫਿਰ ਵੀ, ਯਾਦ ਰੱਖੋ ਕਿ ਸੰਚਾਰ ਗੱਲਾਂ ਕਰਨ ਨਾਲੋਂ ਕੁਝ ਜ਼ਿਆਦਾ ਹੈ। “ਮੈਨੂੰ ਸੁਣਨ ਦੀ ਕਲਾ ਨੂੰ ਵਿਕਸਿਤ ਕਰਨਾ ਪਿਆ,” ਬ੍ਰਾਜ਼ੀਲ ਵਿਚ ਇਕ ਮਾਂ ਨੇ ਕਿਹਾ, “ਆਪਣੇ ਦਿਲ ਦੇ ਨਾਲ ਸੁਣਨਾ।” ਉਸ ਦੇ ਧੀਰਜ ਨੇ ਪ੍ਰਤਿਫਲ ਪਾਇਆ ਜਦੋਂ ਉਸ ਦਾ ਪੁੱਤਰ ਆਪਣਿਆਂ ਜਜ਼ਬਾਤਾਂ ਨੂੰ ਉਸ ਦੇ ਨਾਲ ਸਾਂਝੇ ਕਰਨ ਲੱਗ ਪਿਆ।
15. ਦਿਲਪਰਚਾਵੇ ਦੇ ਸੰਬੰਧ ਵਿਚ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ?
15 ਬੱਚਿਆਂ ਲਈ “ਇੱਕ ਹੱਸਣ ਦਾ ਵੇਲਾ . . . ਅਤੇ ਇਕ ਨੱਚਣ ਦਾ ਵੇਲਾ,” ਇਕ ਦਿਲਪਰਚਾਵੇ ਦਾ ਵੇਲਾ ਜ਼ਰੂਰੀ ਹੈ। (ਉਪਦੇਸ਼ਕ ਦੀ ਪੋਥੀ 3:1, 4; ਜ਼ਕਰਯਾਹ 8:5) ਦਿਲਪਰਚਾਵਾ ਬਹੁਤ ਉਤਪਾਦੀ ਹੁੰਦਾ ਹੈ ਜਦੋਂ ਮਾਪੇ ਅਤੇ ਬੱਚੇ ਇਸ ਦਾ ਇਕੱਠੇ ਆਨੰਦ ਮਾਣਦੇ ਹਨ। ਇਹ ਅਫ਼ਸੋਸ ਵਾਲੀ ਹਕੀਕਤ ਹੈ ਕਿ ਬਹੁਤੇਰਿਆਂ ਘਰਾਂ ਵਿਚ ਦਿਲਪਰਚਾਵੇ ਦਾ ਅਰਥ ਹੈ ਟੈਲੀਵਿਯਨ ਦੇਖਣਾ। ਜਦ ਕਿ ਕੁਝ ਟੈਲੀਵਿਯਨ ਕਾਰਜਕ੍ਰਮ ਮਨੋਰੰਜਕ ਹੋ ਸਕਦੇ ਹਨ, ਬਹੁਤੇਰੇ ਕਾਰਜਕ੍ਰਮ ਅੱਛੀਆਂ ਕਦਰਾਂ-ਕੀਮਤਾਂ ਨੂੰ ਨਸ਼ਟ ਕਰ ਦਿੰਦੇ ਹਨ, ਅਤੇ ਟੈਲੀਵਿਯਨ ਦੇਖਣਾ ਇਕ ਪਰਿਵਾਰ ਦੇ ਸੰਚਾਰ ਨੂੰ ਦਬਾਉਣ ਵੱਲ ਝੁਕਾਉ ਹੁੰਦਾ ਹੈ। ਇਸ ਕਰਕੇ, ਕਿਉਂ ਨਾ ਆਪਣੇ ਬੱਚਿਆਂ ਦੇ ਨਾਲ ਕੁਝ ਰਚਨਾਤਮਕ ਕੰਮ ਕਰੋ? ਗੀਤ ਗਾਓ, ਖੇਡਾਂ ਖੇਡੋ, ਦੋਸਤਾਂ-ਮਿੱਤਰਾਂ ਦੇ ਨਾਲ ਸੰਗਤ ਰੱਖੋ, ਆਨੰਦਮਈ ਸਥਾਨਾਂ ਦੀ ਸੈਰ ਕਰੋ। ਅਜਿਹੀਆਂ ਸਰਗਰਮੀਆਂ ਸੰਚਾਰ ਨੂੰ ਵਧਾਉਂਦੀਆਂ ਹਨ।
16. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਬਾਰੇ ਕੀ ਸਿੱਖਿਆ ਦੇਣੀ ਚਾਹੀਦੀ ਹੈ, ਅਤੇ ਕਿਵੇਂ ਦੇਣੀ ਚਾਹੀਦੀ ਹੈ?
16 ਇਕ ਅਧਿਆਪਕ ਬਣੋ। ‘ਤੁਸੀਂ ਇਨ੍ਹਾਂ ਗੱਲਾਂ ਨੂੰ ਆਪਣੇ ਬੱਚਿਆਂ ਦੇ ਦਿਲ ਵਿਚ ਬਿਠਾਓ,’ ਯਹੋਵਾਹ ਨੇ ਕਿਹਾ। ਪ੍ਰਸੰਗ ਤੁਹਾਨੂੰ ਦੱਸਦਾ ਹੈ ਕਿ ਕੀ ਅਤੇ ਕਿਵੇਂ ਸਿਖਾਇਆ ਜਾਵੇ। ਪਹਿਲਾਂ, “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਬਿਵਸਥਾ ਸਾਰ 6:5) ਫਿਰ, ‘ਤੁਸੀਂ ਇਨ੍ਹਾਂ ਗੱਲਾਂ ਨੂੰ ਦਿਲ ਵਿਚ ਬਿਠਾਓ।’ ਅਜਿਹੀ ਹਿਦਾਇਤ ਦਿਓ ਜਿਸ ਦਾ ਟੀਚਾ ਯਹੋਵਾਹ ਅਤੇ ਉਸ ਦੇ ਨਿਯਮਾਂ ਲਈ ਪੂਰੇ ਪ੍ਰਾਣ ਨਾਲ ਪ੍ਰੇਮ ਵਿਕਸਿਤ ਕਰਨਾ ਹੋਵੇ। (ਤੁਲਨਾ ਕਰੋ ਇਬਰਾਨੀਆਂ 8:10.) ਇਹ ਸ਼ਬਦ ‘ਦਿਲ ਵਿਚ ਬਿਠਾਓ’ ਦਾ ਅਰਥ ਹੈ ਦੁਹਰਾਉ ਕਰਨ ਦੁਆਰਾ ਸਿੱਖਿਆ ਦੇਣੀ। ਸੋ, ਅਸਲ ਵਿਚ, ਯਹੋਵਾਹ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਇਕ ਈਸ਼ਵਰੀ ਵਿਅਕਤਿੱਤਵ ਵਿਕਸਣ ਵਿਚ ਮਦਦ ਕਰਨ ਦਾ ਪ੍ਰਮੁੱਖ ਤਰੀਕਾ ਹੈ ਉਸ ਦੇ ਬਾਰੇ ਸਦਾ ਗੱਲਾਂ ਕਰਨੀਆਂ। ਇਸ ਵਿਚ ਉਨ੍ਹਾਂ ਦੇ ਨਾਲ ਇਕ ਨਿਯਮਿਤ ਬਾਈਬਲ ਅਧਿਐਨ ਕਰਨਾ ਸ਼ਾਮਲ ਹੈ।
17. ਮਾਪਿਆਂ ਨੂੰ ਆਪਣੇ ਬੱਚੇ ਵਿਚ ਸ਼ਾਇਦ ਕੀ ਵਿਕਸਿਤ ਕਰਨ ਦੀ ਜ਼ਰੂਰਤ ਪਵੇ? ਕਿਉਂ?
17 ਜ਼ਿਆਦਾਤਰ ਮਾਪੇ ਜਾਣਦੇ ਹਨ ਕਿ ਬੱਚੇ ਦੇ ਹਿਰਦੇ ਵਿਚ ਜਾਣਕਾਰੀ ਪਾਉਣੀ ਸੌਖਾ ਕੰਮ ਨਹੀਂ ਹੈ। ਰਸੂਲ ਪਤਰਸ ਨੇ ਸੰਗੀ ਮਸੀਹੀਆਂ ਨੂੰ ਉਤੇਜਿਤ ਕੀਤਾ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ [“ਲੋਚ ਵਿਕਸਿਤ,” ਨਿਵ] ਕਰੋ।” (1 ਪਤਰਸ 2:2) ਇਹ ਅਭਿਵਿਅਕਤੀ “ਲੋਚ ਵਿਕਸਿਤ ਕਰੋ” ਸੁਝਾਅ ਦਿੰਦਾ ਹੈ ਕਿ ਬਹੁਤੇਰੇ ਲੋਕ ਕੁਦਰਤੀ ਤੌਰ ਤੇ ਅਧਿਆਤਮਿਕ ਭੋਜਨ ਨੂੰ ਨਹੀਂ ਲੋਚਦੇ ਹਨ। ਮਾਪਿਆਂ ਨੂੰ ਸ਼ਾਇਦ ਆਪਣੇ ਬੱਚੇ ਵਿਚ ਉਸ ਲੋਚਨਾ ਨੂੰ ਵਿਕਸਿਤ ਕਰਨ ਦੇ ਤਰੀਕੇ ਲੱਭਣੇ ਪੈਣ।
18. ਯਿਸੂ ਦੇ ਸਿੱਖਿਆ ਦੇਣ ਦੇ ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੀ ਪੈਰਵੀ ਕਰਨ ਲਈ ਮਾਪਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ?
18 ਯਿਸੂ ਨੇ ਦ੍ਰਿਸ਼ਟਾਂਤਾਂ ਨੂੰ ਇਸਤੇਮਾਲ ਕਰ ਕੇ ਹਿਰਦਿਆਂ ਨੂੰ ਛੋਹਿਆ। (ਮਰਕੁਸ 13:34; ਲੂਕਾ 10:29-37) ਇਹ ਸਿੱਖਿਆ ਦੇਣ ਦਾ ਤਰੀਕਾ ਖ਼ਾਸ ਕਰਕੇ ਬੱਚਿਆਂ ਦੇ ਨਾਲ ਅਸਰਦਾਰ ਹੈ। ਰੰਗੀਨ, ਦਿਲਚਸਪ ਕਹਾਣੀਆਂ ਨੂੰ ਇਸਤੇਮਾਲ ਕਰਦਿਆਂ, ਸ਼ਾਇਦ ਉਹ ਜੋ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬa ਵਿਚ ਪਾਈਆਂ ਜਾਂਦੀਆਂ ਹਨ, ਬਾਈਬਲ ਸਿਧਾਂਤ ਸਿਖਾਓ। ਬੱਚਿਆਂ ਨੂੰ ਸੰਮਿਲਿਤ ਕਰੋ। ਉਨ੍ਹਾਂ ਨੂੰ ਬਾਈਬਲ ਘਟਨਾਵਾਂ ਦੇ ਚਿੱਤਰ ਬਣਾਉਣ ਅਤੇ ਨਾਟਕ ਦੇ ਰੂਪ ਵਿਚ ਪੇਸ਼ ਕਰਨ ਦੁਆਰਾ ਆਪਣੀ ਰਚਨਾਤਮਕ ਕਲਾ ਇਸਤੇਮਾਲ ਕਰਨ ਦਿਓ। ਯਿਸੂ ਨੇ ਸਵਾਲਾਂ ਨੂੰ ਵੀ ਇਸਤੇਮਾਲ ਕੀਤਾ। (ਮੱਤੀ 17:24-27) ਆਪਣੇ ਪਰਿਵਾਰਕ ਅਧਿਐਨ ਵਿਚ ਉਸ ਦੇ ਤਰੀਕੇ ਦੀ ਪੈਰਵੀ ਕਰੋ। ਪਰਮੇਸ਼ੁਰ ਦੇ ਇਕ ਨਿਯਮ ਨੂੰ ਕੇਵਲ ਬਿਆਨ ਹੀ ਕਰਨ ਦੀ ਬਜਾਇ, ਅਜਿਹੇ ਸਵਾਲ ਪੁੱਛੋ, ਯਹੋਵਾਹ ਨੇ ਸਾਨੂੰ ਇਹ ਨਿਯਮ ਕਿਉਂ ਦਿੱਤਾ? ਕੀ ਪਰਿਣਾਮ ਹੋਵੇਗਾ ਜੇਕਰ ਅਸੀਂ ਉਸ ਦੀ ਪਾਲਣਾ ਕਰੀਏ? ਕੀ ਪਰਿਣਾਮ ਹੋਵੇਗਾ ਜੇਕਰ ਅਸੀਂ ਉਸ ਦੀ ਪਾਲਣਾ ਨਾ ਕਰੀਏ? ਅਜਿਹੇ ਸਵਾਲ ਇਕ ਬੱਚੇ ਨੂੰ ਤਰਕ ਕਰਨ ਅਤੇ ਇਹ ਦੇਖਣ ਲਈ ਮਦਦ ਦੇਣਗੇ ਕਿ ਪਰਮੇਸ਼ੁਰ ਦੇ ਨਿਯਮ ਵਿਵਹਾਰਕ ਅਤੇ ਅੱਛੇ ਹਨ।—ਬਿਵਸਥਾ ਸਾਰ 10:13.
19. ਜੇਕਰ ਮਾਪੇ ਆਪਣੇ ਬੱਚਿਆਂ ਦੇ ਨਾਲ ਵਰਤਾਉ ਕਰਦਿਆਂ ਬਾਈਬਲ ਸਿਧਾਂਤਾਂ ਦੀ ਪੈਰਵੀ ਕਰਨ, ਤਾਂ ਬੱਚੇ ਕਿਹੜੇ ਵੱਡੇ ਫ਼ਾਇਦਿਆਂ ਦਾ ਆਨੰਦ ਮਾਣ ਸਕਣਗੇ?
19 ਇਕ ਉਦਾਹਰਣ, ਇਕ ਸਾਥੀ, ਇਕ ਸੰਚਾਰਕ, ਅਤੇ ਇਕ ਅਧਿਆਪਕ ਬਣਨ ਨਾਲ, ਤੁਸੀਂ ਆਪਣੇ ਬੱਚੇ ਨੂੰ ਉਸ ਦੀ ਛੋਟੀ ਉਮਰ ਤੋਂ ਯਹੋਵਾਹ ਪਰਮੇਸ਼ੁਰ ਦੇ ਨਾਲ ਇਕ ਨਜ਼ਦੀਕੀ ਨਿੱਜੀ ਰਿਸ਼ਤਾ ਪੈਦਾ ਕਰਨ ਵਿਚ ਮਦਦ ਕਰ ਸਕਦੇ ਹੋ। ਇਹ ਰਿਸ਼ਤਾ ਤੁਹਾਡੇ ਬੱਚੇ ਨੂੰ ਇਕ ਮਸੀਹੀ ਦੇ ਤੌਰ ਤੇ ਖ਼ੁਸ਼ ਰਹਿਣ ਲਈ ਹੌਸਲਾ ਦੇਵੇਗਾ। ਹਮਸਰ ਦਬਾਉ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਸਮੇਂ, ਉਹ ਆਪਣੇ ਨਿਹਚੇ ਤੇ ਪੂਰਾ ਉਤਰਨ ਲਈ ਜਤਨ ਕਰੇਗਾ। ਉਸ ਨੂੰ ਹਮੇਸ਼ਾ ਇਸ ਕੀਮਤੀ ਰਿਸ਼ਤੇ ਦੀ ਕਦਰ ਪਾਉਣ ਵਿਚ ਮਦਦ ਕਰੋ।—ਕਹਾਉਤਾਂ 27:11.
ਅਨੁਸ਼ਾਸਨ ਦੀ ਅਤਿ-ਮਹੱਤਵਪੂਰਣ ਜ਼ਰੂਰਤ
20. ਅਨੁਸ਼ਾਸਨ ਕੀ ਹੈ, ਅਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ?
20 ਅਨੁਸ਼ਾਸਨ ਉਹ ਸਿਖਲਾਈ ਹੈ ਜੋ ਮਨ ਅਤੇ ਹਿਰਦੇ ਨੂੰ ਸੁਧਾਰਦੀ ਹੈ। ਬੱਚਿਆਂ ਨੂੰ ਲਗਾਤਾਰ ਇਸ ਦੀ ਜ਼ਰੂਰਤ ਹੈ। ਪੌਲੁਸ ਪਿਤਾਵਾਂ ਨੂੰ ‘ਆਪਣਿਆਂ ਬਾਲਕਾਂ ਨੂੰ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰਨ’ ਦੀ ਸਲਾਹ ਦਿੰਦਾ ਹੈ। (ਅਫ਼ਸੀਆਂ 6:4) ਮਾਪਿਆਂ ਨੂੰ ਪ੍ਰੇਮ ਦੁਆਰਾ ਪ੍ਰੇਰਿਤ ਅਨੁਸ਼ਾਸਨ ਦੇਣਾ ਚਾਹੀਦਾ ਹੈ, ਜਿਵੇਂ ਯਹੋਵਾਹ ਦਿੰਦਾ ਹੈ। (ਇਬਰਾਨੀਆਂ 12:4-11) ਪ੍ਰੇਮ ਉੱਤੇ ਆਧਾਰਿਤ ਅਨੁਸ਼ਾਸਨ ਤਰਕ ਕਰਨ ਦੇ ਦੁਆਰਾ ਸੰਚਾਰਿਆ ਜਾ ਸਕਦਾ ਹੈ। ਇਸ ਲਈ ਸਾਨੂੰ ਦੱਸਿਆ ਜਾਂਦਾ ਹੈ ਕਿ “ਸਿੱਖਿਆ [“ਅਨੁਸ਼ਾਸਨ,” ਨਿਵ] ਨੂੰ ਸੁਣੋ।” (ਕਹਾਉਤਾਂ 8:33) ਅਨੁਸ਼ਾਸਨ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ?
21. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਸਮੇਂ ਕਿਹੜੇ ਸਿਧਾਂਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?
21 ਕੁਝ ਮਾਪੇ ਸੋਚਦੇ ਹਨ ਕਿ ਅਨੁਸ਼ਾਸਨ ਦੇਣ ਵਿਚ ਆਪਣੇ ਬੱਚਿਆਂ ਨਾਲ ਕੇਵਲ ਧਮਕਾਵੀਂ ਲਹਿਜੇ ਵਿਚ ਬੋਲਣਾ, ਉਨ੍ਹਾਂ ਨੂੰ ਝਿੜਕਾਂ ਮਾਰਨੀਆਂ ਜਾਂ ਇੱਥੋਂ ਤਕ ਕਿ ਉਨ੍ਹਾਂ ਦੀ ਨਿਰਾਦਰੀ ਕਰਨੀ ਹੀ ਸ਼ਾਮਲ ਹੈ। ਪਰੰਤੂ, ਇਸੇ ਵਿਸ਼ੇ ਤੇ, ਪੌਲੁਸ ਖ਼ਬਰਦਾਰ ਕਰਦਾ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ।” (ਅਫ਼ਸੀਆਂ 6:4) ਸਾਰੇ ਮਸੀਹੀਆਂ ਨੂੰ “ਸਭਨਾਂ ਨਾਲ ਅਸੀਲ [ਹੋਣ] . . . ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ [ਦੇਣ]” ਲਈ ਉਤੇਜਿਤ ਕੀਤਾ ਜਾਂਦਾ ਹੈ। (2 ਤਿਮੋਥਿਉਸ 2:24, 25) ਮਸੀਹੀ ਮਾਪੇ, ਸਖ਼ਤੀ ਦੀ ਜ਼ਰੂਰਤ ਨੂੰ ਪਛਾਣਨ ਦੇ ਨਾਲ-ਨਾਲ, ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਸਮੇਂ ਇਨ੍ਹਾਂ ਸ਼ਬਦਾਂ ਨੂੰ ਧਿਆਨ ਵਿਚ ਰੱਖਣ ਦਾ ਜਤਨ ਕਰਦੇ ਹਨ। ਫਿਰ ਵੀ, ਸਮੇਂ-ਸਮੇਂ ਤੇ, ਤਰਕ ਕਰਨਾ ਨਾਕਾਫ਼ੀ ਹੁੰਦਾ ਹੈ, ਅਤੇ ਕਿਸੇ ਪ੍ਰਕਾਰ ਦੀ ਸਜ਼ਾ ਸ਼ਾਇਦ ਜ਼ਰੂਰੀ ਹੋਵੇ।—ਕਹਾਉਤਾਂ 22:15.
22. ਜੇਕਰ ਇਕ ਬੱਚੇ ਨੂੰ ਸਜ਼ਾ ਦੇਣ ਦੀ ਜ਼ਰੂਰਤ ਹੈ, ਤਾਂ ਉਸ ਨੂੰ ਕੀ ਸਮਝਣ ਵਿਚ ਮਦਦ ਦੇਣੀ ਚਾਹੀਦੀ ਹੈ?
22 ਵੱਖਰੇ-ਵੱਖਰੇ ਬੱਚਿਆਂ ਨੂੰ ਵੱਖਰੇ-ਵੱਖਰੇ ਪ੍ਰਕਾਰ ਦੇ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ। ਕੁਝ ‘ਨਿਰੀਆਂ ਗੱਲਾਂ ਨਾਲ ਨਹੀਂ ਸੌਰਦੇ।’ ਉਨ੍ਹਾਂ ਲਈ, ਅਵੱਗਿਆ ਦੇ ਕਾਰਨ ਕਦੀ-ਕਦਾਈਂ ਦਿੱਤੀ ਗਈ ਸਜ਼ਾ ਜਾਨ-ਬਚਾਊ ਹੋ ਸਕਦੀ ਹੈ। (ਕਹਾਉਤਾਂ 17:10; 23:13, 14; 29:19) ਪਰੰਤੂ, ਇਕ ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। “ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ।” (ਕਹਾਉਤਾਂ 29:15; ਅੱਯੂਬ 6:24) ਇਸ ਤੋਂ ਇਲਾਵਾ, ਸਜ਼ਾ ਦੀਆਂ ਸੀਮਾਵਾਂ ਹੁੰਦੀਆਂ ਹਨ। “ਮੈਂ ਨਰਮਾਈ ਨਾਲ [“ਉਚਿਤ ਹੱਦ ਤਕ,” “ਨਿਵ”] ਤੇਰਾ ਸੁਧਾਰ ਕਰਾਂਗਾ,” ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ। (ਯਿਰਮਿਯਾਹ 46:28ਅ) ਬਾਈਬਲ ਨਿਸ਼ਚੇ ਹੀ ਕਹਿਰਵਾਨ ਕੋਰੜਿਆਂ ਦੀ ਮਾਰ ਜਾਂ ਕਠੋਰ ਕੁਟਾਪੇ ਨੂੰ ਸਮਰਥਨ ਨਹੀਂ ਦਿੰਦੀ ਹੈ, ਜੋ ਕਿ ਇਕ ਬੱਚੇ ਨੂੰ ਨੀਲ ਪਾਉਂਦੇ ਅਤੇ ਇੱਥੋਂ ਤਕ ਕਿ ਜ਼ਖਮੀ ਵੀ ਕਰਦੇ ਹਨ।—ਕਹਾਉਤਾਂ 16:32.
23. ਜਦੋਂ ਇਕ ਬੱਚੇ ਨੂੰ ਉਸ ਦੇ ਮਾਪਿਆਂ ਦੁਆਰਾ ਸਜ਼ਾ ਦਿੱਤੀ ਜਾਂਦੀ ਹੈ, ਤਾਂ ਉਸ ਨੂੰ ਕੀ ਸਮਝ ਸਕਣਾ ਚਾਹੀਦਾ ਹੈ?
23 ਜਦੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਅਨੁਸ਼ਾਸਨ ਦੇਵੇਗਾ, ਤਾਂ ਉਸ ਨੇ ਪਹਿਲਾਂ ਕਿਹਾ: “ਨਾ ਡਰ, . . . ਮੈਂ ਤੇਰੇ ਨਾਲ ਜੋ ਹਾਂ।” (ਯਿਰਮਿਯਾਹ 46:28ੳ) ਇਸੇ ਤਰ੍ਹਾਂ, ਮਾਪਿਆਂ ਦੇ ਅਨੁਸ਼ਾਸਨ ਨੂੰ, ਭਾਵੇਂ ਜਿਹੜੇ ਵੀ ਢੁਕਵੇਂ ਰੂਪ ਵਿਚ ਹੋਵੇ, ਇਕ ਬੱਚੇ ਨੂੰ ਕਦੇ ਵੀ ਤਿਆਗਿਆ ਹੋਇਆ ਮਹਿਸੂਸ ਨਹੀਂ ਕਰਵਾਉਣਾ ਚਾਹੀਦਾ ਹੈ। (ਕੁਲੁੱਸੀਆਂ 3:21) ਇਸ ਦੀ ਬਜਾਇ, ਬੱਚੇ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਨੁਸ਼ਾਸਨ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਮਾਤਾ ਜਾਂ ਪਿਤਾ ‘ਉਸ ਦੇ ਨਾਲ’ ਹੈ, ਅਰਥਾਤ, ਉਸ ਦੀ ਪੱਖ ਵਿਚ ਹੈ।
ਆਪਣੇ ਬੱਚੇ ਨੂੰ ਹਾਨੀ ਤੋਂ ਬਚਾਓ
24, 25. ਇਕ ਘਿਣਾਉਣਾ ਖ਼ਤਰਾ ਕੀ ਹੈ ਜਿਸ ਤੋਂ ਅੱਜ-ਕਲ੍ਹ ਬੱਚਿਆਂ ਨੂੰ ਬਚਾਉ ਦੀ ਜ਼ਰੂਰਤ ਹੈ?
24 ਬਹੁਤੇਰੇ ਬਾਲਗ ਆਪਣੇ ਬਚਪਨ ਉੱਤੇ ਪਿੱਛਲਝਾਤ ਮਾਰਦਿਆਂ ਉਸ ਨੂੰ ਇਕ ਖ਼ੁਸ਼ ਸਮਾਂ ਵਿਚਾਰਦੇ ਹਨ। ਉਨ੍ਹਾਂ ਨੂੰ ਸੁਰੱਖਿਆ ਦੀ ਇਕ ਨਿੱਘੀ ਭਾਵਨਾ ਯਾਦ ਆਉਂਦੀ ਹੈ, ਅਰਥਾਤ ਇਕ ਨਿਸ਼ਚਿਤਤਾ ਕਿ ਜੋ ਮਰਜ਼ੀ ਵੀ ਹੋਵੇ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਦੇਖ-ਭਾਲ ਕਰਨਗੇ। ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਠੀਕ ਇਸੇ ਤਰ੍ਹਾਂ ਮਹਿਸੂਸ ਕਰਨ, ਪਰੰਤੂ ਅੱਜ-ਕਲ੍ਹ ਦੇ ਪਤਿਤ ਸੰਸਾਰ ਵਿਚ, ਬੱਚਿਆਂ ਨੂੰ ਸੁਰੱਖਿਅਤ ਰੱਖਣਾ ਅੱਗੇ ਨਾਲੋਂ ਕਠਿਨ ਹੈ।
25 ਹਾਲ ਹੀ ਦੇ ਸਾਲਾਂ ਵਿਚ ਇਕ ਘਿਣਾਉਣਾ ਖ਼ਤਰਾ ਜੋ ਵੱਧ ਗਿਆ ਹੈ ਉਹ ਹੈ ਬੱਚਿਆਂ ਨਾਲ ਲਿੰਗੀ ਛੇੜਖਾਨੀ। ਮਲੇਸ਼ੀਆ ਵਿਚ, ਬਾਲ ਛੇੜਖਾਨੀ ਦੀਆਂ ਰਿਪੋਰਟਾਂ ਦੱਸ ਸਾਲਾਂ ਦੀ ਅਵਧੀ ਵਿਚ ਚੌਗੁਣੀਆਂ ਹੋ ਗਈਆਂ ਹਨ। ਜਰਮਨੀ ਵਿਚ ਹਰ ਸਾਲ ਕੁਝ 3,00,000 ਬੱਚਿਆਂ ਨਾਲ ਲਿੰਗੀ ਤੌਰ ਤੇ ਦੁਰਵਿਹਾਰ ਕੀਤਾ ਜਾਂਦਾ ਹੈ, ਜਦ ਕਿ ਇਕ ਦੱਖਣੀ ਅਮਰੀਕਨ ਦੇਸ਼ ਵਿਚ, ਇਕ ਅਧਿਐਨ ਦੇ ਅਨੁਸਾਰ, ਸਾਲਾਨਾ ਅਨੁਮਾਨਿਤ ਗਿਣਤੀ ਹੈਰਾਨਕੁਨ 90,00,000 ਹੈ! ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਦੀ ਬਹੁਸੰਖਿਆ ਦੇ ਨਾਲ ਖ਼ੁਦ ਉਨ੍ਹਾਂ ਦੇ ਘਰਾਂ ਵਿਚ ਹੀ ਉਨ੍ਹਾਂ ਲੋਕਾਂ ਦੁਆਰਾ ਦੁਰਵਿਹਾਰ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਜਾਣਦੇ ਅਤੇ ਜਿਨ੍ਹਾਂ ਵਿਚ ਉਹ ਭਰੋਸਾ ਰੱਖਦੇ ਹਨ। ਪਰੰਤੂ ਬੱਚਿਆਂ ਨੂੰ ਆਪਣੇ ਮਾਪਿਆਂ ਵਿਚ ਮਜ਼ਬੂਤ ਬਚਾਉ ਹਾਸਲ ਹੋਣਾ ਚਾਹੀਦਾ ਹੈ। ਮਾਪੇ ਕਿਵੇਂ ਰੱਖਿਅਕ ਬਣ ਸਕਦੇ ਹਨ?
26. ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਅਤੇ ਗਿਆਨ ਕਿਵੇਂ ਇਕ ਬੱਚੇ ਦਾ ਬਚਾਉ ਕਰ ਸਕਦਾ ਹੈ?
26 ਕਿਉਂ ਜੋ ਤਜਰਬਾ ਪ੍ਰਦਰਸ਼ਿਤ ਕਰਦਾ ਹੈ ਕਿ ਬੱਚੇ ਜੋ ਸੈਕਸ ਬਾਰੇ ਬਹੁਤ ਹੀ ਘੱਟ ਜਾਣੂ ਹਨ, ਖ਼ਾਸ ਤੌਰ ਤੇ ਬੱਚਿਆਂ ਨਾਲ ਛੇੜਖਾਨੀ ਕਰਨ ਵਾਲਿਆਂ ਦੇ ਸ਼ਿਕਾਰ ਬਣਦੇ ਹਨ, ਬੱਚੇ ਨੂੰ ਸਿੱਖਿਆ ਦੇਣਾ ਇਕ ਵੱਡਾ ਨਿਵਾਰਕ ਕਦਮ ਹੈ, ਭਾਵੇਂ ਕਿ ਉਹ ਹਾਲੇ ਛੋਟਾ ਹੀ ਹੈ। ਗਿਆਨ “ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ” ਬਚਾਉ ਪ੍ਰਦਾਨ ਕਰ ਸਕਦਾ ਹੈ। (ਕਹਾਉਤਾਂ 2:10-12) ਕਿਹੜਾ ਗਿਆਨ? ਬਾਈਬਲ ਸਿਧਾਂਤਾਂ ਦਾ ਗਿਆਨ, ਕਿ ਨੈਤਿਕ ਤੌਰ ਤੇ ਕੀ ਸਹੀ ਅਤੇ ਗ਼ਲਤ ਹੈ। ਇਹ ਵੀ ਗਿਆਨ ਕਿ ਕਈ ਬਾਲਗ ਬੁਰੇ ਕੰਮ ਕਰਦੇ ਹਨ ਅਤੇ ਕਿ ਇਕ ਛੋਟੀ ਉਮਰ ਦੇ ਵਿਅਕਤੀ ਨੂੰ ਆਗਿਆਕਾਰ ਹੋਣ ਦੀ ਜ਼ਰੂਰਤ ਨਹੀਂ ਹੈ ਜਦੋਂ ਲੋਕ ਅਨੁਚਿਤ ਕੰਮਾਂ ਦਾ ਸੁਝਾਅ ਕਰਨ। (ਤੁਲਨਾ ਕਰੋ ਦਾਨੀਏਲ 1:4, 8; 3:16-18.) ਅਜਿਹੀ ਹਿਦਾਇਤ ਨੂੰ ਇੱਕੋ ਅਵਸਰ ਤਕ ਹੀ ਸੀਮਿਤ ਨਾ ਕਰੋ। ਜ਼ਿਆਦਾਤਰ ਛੋਟਿਆਂ ਬੱਚਿਆਂ ਲਈ ਸਬਕ ਨੂੰ ਦੁਹਰਾਉਣ ਦੀ ਜ਼ਰੂਰਤ ਪੈਂਦੀ ਹੈ ਇਸ ਤੋਂ ਪਹਿਲਾਂ ਕਿ ਇਹ ਉਨ੍ਹਾਂ ਨੂੰ ਅੱਛੀ ਤਰ੍ਹਾਂ ਨਾਲ ਯਾਦ ਹੋ ਜਾਣ। ਜਿਉਂ ਹੀ ਬੱਚੇ ਕੁਝ ਵੱਡੇ ਹੁੰਦੇ ਹਨ, ਤਾਂ ਇਕ ਪਿਤਾ ਆਪਣੀ ਧੀ ਦੇ ਏਕਾਂਤ ਦੇ ਹੱਕ ਦਾ ਪ੍ਰੇਮਪੂਰਣ ਆਦਰ ਕਰੇਗਾ, ਅਤੇ ਇਕ ਮਾਂ ਆਪਣੇ ਪੁੱਤਰ ਦੇ ਹੱਕ ਦਾ—ਇਸ ਤਰ੍ਹਾਂ ਇਕ ਬੱਚੇ ਵਿਚ ਕੀ ਉਚਿਤ ਹੈ ਦੀ ਭਾਵਨਾ ਮਜ਼ਬੂਤ ਹੋ ਜਾਂਦੀ ਹੈ। ਅਤੇ, ਨਿਸ਼ਚੇ ਹੀ, ਦੁਰਵਿਹਾਰ ਦੇ ਵਿਰੁੱਧ ਇਕ ਸਭ ਤੋਂ ਵਧੀਆ ਬਚਾਉ ਹੈ, ਮਾਪੇ ਹੋਣ ਦੇ ਨਾਤੇ ਤੁਹਾਡੇ ਵੱਲੋਂ ਨਜ਼ਦੀਕੀ ਨਿਗਰਾਨੀ।
ਈਸ਼ਵਰੀ ਅਗਵਾਈ ਨੂੰ ਭਾਲੋ
27, 28. ਮਾਪਿਆਂ ਲਈ ਮਦਦ ਦਾ ਸਭ ਤੋਂ ਵੱਡਾ ਸ੍ਰੋਤ ਕੌਣ ਹੈ ਜਦੋਂ ਉਹ ਇਕ ਬੱਚੇ ਦੀ ਪਰਵਰਿਸ਼ ਕਰਨ ਦੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਨ?
27 ਇਹ ਗੱਲ ਸੱਚ ਹੈ ਕਿ ਬਚਪਨ ਤੋਂ ਹੀ ਇਕ ਬੱਚੇ ਦੀ ਸਿਖਲਾਈ ਇਕ ਚੁਣੌਤੀ ਹੁੰਦੀ ਹੈ, ਪਰੰਤੂ ਨਿਹਚਾਵਾਨ ਮਾਪਿਆਂ ਨੂੰ ਇਕੱਲਿਆਂ ਹੀ ਚੁਣੌਤੀ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ ਹੈ। ਨਿਆਂਕਾਰਾਂ ਦੇ ਦਿਨਾਂ ਵਿਚ, ਜਦੋਂ ਇਕ ਮਾਨੋਆਹ ਨਾਮਕ ਮਨੁੱਖ ਨੂੰ ਪਤਾ ਚਲਿਆ ਕਿ ਉਹ ਪਿਤਾ ਬਣਨ ਵਾਲਾ ਸੀ, ਤਾਂ ਉਸ ਨੇ ਆਪਣੇ ਬੱਚੇ ਦੀ ਪਰਵਰਿਸ਼ ਕਰਨ ਲਈ ਯਹੋਵਾਹ ਤੋਂ ਅਗਵਾਈ ਮੰਗੀ। ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।—ਨਿਆਈਆਂ 13:8, 12, 24.
28 ਇਸੇ ਸਮਾਨ ਅੱਜ, ਜਿਉਂ ਹੀ ਨਿਹਚਾਵਾਨ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਨ, ਉਹ ਵੀ ਯਹੋਵਾਹ ਨਾਲ ਪ੍ਰਾਰਥਨਾ ਵਿਚ ਗੱਲ ਕਰ ਸਕਦੇ ਹਨ। ਇਕ ਮਾਤਾ ਜਾਂ ਪਿਤਾ ਹੋਣਾ ਸਖ਼ਤ ਮਿਹਨਤ ਦਾ ਕੰਮ ਹੈ, ਪਰੰਤੂ ਇਸ ਦੇ ਵਧੇਰੇ ਪ੍ਰਤਿਫਲ ਵੀ ਹਨ। ਹਵਾਈ ਟਾਪੂ ਵਿਚ ਇਕ ਮਸੀਹੀ ਜੋੜਾ ਕਹਿੰਦਾ ਹੈ: “ਉਨ੍ਹਾਂ ਨਾਜ਼ੁਕ ਕਿਸ਼ੋਰ ਸਾਲਾਂ ਤੋਂ ਪਹਿਲਾਂ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਹਾਡੇ ਕੋਲ 12 ਸਾਲ ਹਨ। ਪਰੰਤੂ ਜੇਕਰ ਤੁਸੀਂ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਸਖ਼ਤ ਮਿਹਨਤ ਕੀਤੀ ਹੈ, ਤਾਂ ਉਦੋਂ ਆਨੰਦ ਅਤੇ ਸ਼ਾਂਤੀ ਦਾ ਪ੍ਰਤਿਫਲ ਪਾਉਣ ਦਾ ਸਮਾਂ ਹੁੰਦਾ ਹੈ ਜਦੋਂ ਉਹ ਫ਼ੈਸਲਾ ਕਰਦੇ ਹਨ ਕਿ ਉਹ ਦਿਲੋਂ ਯਹੋਵਾਹ ਦੀ ਸੇਵਾ ਕਰਨਾ ਚਾਹੁੰਦੇ ਹਨ।” (ਕਹਾਉਤਾਂ 23:15, 16) ਜਦੋਂ ਤੁਹਾਡਾ ਬੱਚਾ ਇਹ ਨਿਰਣਾ ਕਰਦਾ ਹੈ, ਤਾਂ ਤੁਸੀਂ ਵੀ ਇਹ ਬੋਲ ਉੱਠਣ ਲਈ ਉਤੇਜਿਤ ਹੋਵੋਗੇ: “ਬੱਚੇ [ਪੁੱਤਰ ਅਤੇ ਧੀਆਂ] ਯਹੋਵਾਹ ਵੱਲੋਂ ਮਿਰਾਸ ਹਨ।”
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।