ਅਧਿਆਇ ਛੇ
ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ
1, 2. ਕਿਸ਼ੋਰ-ਅਵਸਥਾ ਸਾਲ ਕਿਹੜੀਆਂ ਚੁਣੌਤੀਆਂ ਅਤੇ ਕਿਹੜੇ ਆਨੰਦ ਪੇਸ਼ ਕਰ ਸਕਦੇ ਹਨ?
ਘਰ ਵਿਚ ਇਕ ਪੰਜ-ਸਾਲਾ, ਜਾਂ ਇੱਥੋਂ ਤਕ ਕਿ ਇਕ ਦਸ-ਸਾਲਾ ਬੱਚੇ ਦਾ ਹੋਣਾ, ਇਕ ਕਿਸ਼ੋਰ ਦੇ ਹੋਣ ਨਾਲੋਂ ਬਹੁਤ ਹੀ ਅਲੱਗ ਗੱਲ ਹੈ। ਕਿਸ਼ੋਰ ਸਾਲ ਆਪਣੀਆਂ ਹੀ ਚੁਣੌਤੀਆਂ ਅਤੇ ਸਮੱਸਿਆਵਾਂ ਪੇਸ਼ ਕਰਦੇ ਹਨ, ਪਰੰਤੂ ਉਹ ਆਨੰਦ ਅਤੇ ਪ੍ਰਤਿਫਲ ਵੀ ਲਿਆ ਸਕਦੇ ਹਨ। ਯੂਸੁਫ਼, ਦਾਊਦ, ਯੋਸੀਯਾਹ, ਅਤੇ ਤਿਮੋਥਿਉਸ ਵਰਗੇ ਉਦਾਹਰਣ ਪ੍ਰਦਰਸ਼ਿਤ ਕਰਦੇ ਹਨ ਕਿ ਜਵਾਨ ਲੋਕ ਜ਼ਿੰਮੇਵਾਰੀ ਨਾਲ ਕੰਮ-ਕਾਰ ਕਰ ਸਕਦੇ ਹਨ ਅਤੇ ਯਹੋਵਾਹ ਦੇ ਨਾਲ ਇਕ ਚੰਗਾ ਰਿਸ਼ਤਾ ਕਾਇਮ ਰੱਖ ਸਕਦੇ ਹਨ। (ਉਤਪਤ 37:2-11; 1 ਸਮੂਏਲ 16:11-13; 2 ਰਾਜਿਆਂ 22:3-7; ਰਸੂਲਾਂ ਦੇ ਕਰਤੱਬ 16:1, 2) ਅੱਜ ਬਹੁਤੇਰੇ ਕਿਸ਼ੋਰ ਇਹੋ ਮੁੱਦੇ ਨੂੰ ਸਾਬਤ ਕਰਦੇ ਹਨ। ਸੰਭਵ ਹੈ ਕਿ ਤੁਸੀਂ ਉਨ੍ਹਾਂ ਵਿੱਚੋਂ ਕੁਝ ਨੂੰ ਜਾਣਦੇ ਹੋ।
2 ਪਰ ਫਿਰ, ਕੁਝ ਵਿਅਕਤੀਆਂ ਲਈ ਕਿਸ਼ੋਰ-ਅਵਸਥਾ ਸਾਲ ਹਲਚਲ ਭਰੇ ਹੁੰਦੇ ਹਨ। ਕਿਸ਼ੋਰ ਭਾਵਾਤਮਕ ਉਤਾਰ-ਚੜ੍ਹਾ ਅਨੁਭਵ ਕਰਦੇ ਹਨ। ਕਿਸ਼ੋਰ ਅਤੇ ਕਿਸ਼ੋਰੀਆਂ ਸ਼ਾਇਦ ਜ਼ਿਆਦਾ ਸੁਤੰਤਰਤਾ ਚਾਹੁੰਦੇ ਹੋਣ, ਅਤੇ ਉਹ ਸ਼ਾਇਦ ਆਪਣੇ ਮਾਪਿਆਂ ਦੁਆਰਾ ਲਗਾਈਆਂ ਸੀਮਾਵਾਂ ਦਾ ਬੁਰਾ ਮਨਾਉਣ। ਪਰ ਫਿਰ, ਅਜਿਹੇ ਜਵਾਨ ਲੋਕ ਹਾਲੇ ਕਾਫ਼ੀ ਨਾਤਜਰਬੇਕਾਰ ਹਨ ਅਤੇ ਉਨ੍ਹਾਂ ਨੂੰ ਮਾਪਿਆਂ ਤੋਂ ਪ੍ਰੇਮਪੂਰਣ, ਧੀਰਜਵਾਨ ਮਦਦ ਦੀ ਲੋੜ ਹੁੰਦੀ ਹੈ। ਜੀ ਹਾਂ, ਕਿਸ਼ੋਰ-ਅਵਸਥਾ ਸਾਲ ਉਤੇਜਕ ਹੋ ਸਕਦੇ ਹਨ, ਪਰੰਤੂ ਉਹ—ਮਾਪਿਆਂ ਅਤੇ ਕਿਸ਼ੋਰ ਦੋਹਾਂ ਲਈ—ਪਰੇਸ਼ਾਨੀ ਵਾਲੇ ਵੀ ਹੋ ਸਕਦੇ ਹਨ। ਇਨ੍ਹਾਂ ਸਾਲਾਂ ਦੇ ਦੌਰਾਨ ਜਵਾਨਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
3. ਮਾਂ-ਪਿਉ ਆਪਣੀ ਕਿਸ਼ੋਰ ਸੰਤਾਨ ਨੂੰ ਜੀਵਨ ਵਿਚ ਕਿਸ ਤਰੀਕੇ ਤੋਂ ਇਕ ਉਚਿਤ ਮੌਕਾ ਪੇਸ਼ ਕਰ ਸਕਦੇ ਹਨ?
3 ਮਾਪੇ ਜੋ ਬਾਈਬਲ ਸਲਾਹ ਦੀ ਪੈਰਵੀ ਕਰਦੇ ਹਨ ਆਪਣੀ ਕਿਸ਼ੋਰ ਸੰਤਾਨ ਨੂੰ ਉਨ੍ਹਾਂ ਅਜ਼ਮਾਇਸ਼ਾਂ ਵਿੱਚੋਂ ਸਫ਼ਲਤਾਪੂਰਵਕ ਲੰਘਦੇ ਹੋਏ, ਜ਼ਿੰਮੇਵਾਰ ਬਾਲਗੀ ਵੱਲ ਪ੍ਰਗਤੀ ਕਰਨ ਲਈ ਸਭ ਤੋਂ ਵਧੀਆ ਮੌਕਾ ਪੇਸ਼ ਕਰਦੇ ਹਨ। ਸਾਰਿਆਂ ਦੇਸ਼ਾਂ ਵਿਚ ਅਤੇ ਸਾਰੀਆਂ ਸਮਾਂ ਅਵਧੀਆਂ ਦੇ ਦੌਰਾਨ, ਮਾਪੇ ਅਤੇ ਕਿਸ਼ੋਰ ਜਿਨ੍ਹਾਂ ਨੇ ਬਾਈਬਲ ਸਿਧਾਂਤਾਂ ਨੂੰ ਇਕੱਠਿਆਂ ਮਿਲ ਕੇ ਲਾਗੂ ਕੀਤਾ ਹੈ, ਉਨ੍ਹਾਂ ਨੂੰ ਸਫ਼ਲਤਾ ਦੀ ਬਰਕਤ ਮਿਲੀ ਹੈ।—ਜ਼ਬੂਰ 119:1.
ਈਮਾਨਦਾਰ ਅਤੇ ਖੁੱਲ੍ਹਾ ਸੰਚਾਰ
4. ਆਪਸੀ ਗੱਲਬਾਤ ਖ਼ਾਸ ਤੌਰ ਤੇ ਕਿਸ਼ੋਰ-ਅਵਸਥਾ ਸਾਲਾਂ ਦੇ ਦੌਰਾਨ ਕਿਉਂ ਮਹੱਤਵਪੂਰਣ ਹੈ?
4 ਬਾਈਬਲ ਕਹਿੰਦੀ ਹੈ: “ਜੇ ਸਲਾਹ ਨਾ ਮਿਲੇ [“ਆਪਸੀ ਗੱਲਬਾਤ ਨਾ ਹੋਵੇ,” ਨਿਵ] ਤਾਂ ਪਰੋਜਨ ਰੁੱਕ ਜਾਂਦੇ ਹਨ।” (ਕਹਾਉਤਾਂ 15:22) ਜੇਕਰ ਆਪਸੀ ਗੱਲਬਾਤ ਉਦੋਂ ਜ਼ਰੂਰੀ ਸੀ ਜਦੋਂ ਬੱਚੇ ਛੋਟੇ ਸਨ, ਤਾਂ ਇਹ ਖ਼ਾਸ ਕਰਕੇ ਕਿਸ਼ੋਰ-ਅਵਸਥਾ ਦੇ ਦੌਰਾਨ ਅਤਿ-ਮਹੱਤਵਪੂਰਣ ਹੈ—ਜਦੋਂ ਕਿ ਜਵਾਨ ਲੋਕ ਘਰ ਵਿਖੇ ਘੱਟ ਸਮਾਂ ਅਤੇ ਸਕੂਲ ਦੇ ਦੋਸਤ-ਮਿੱਤਰਾਂ ਜਾਂ ਦੂਜਿਆਂ ਸਾਥੀਆਂ ਦੇ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ। ਜੇਕਰ ਆਪਸੀ ਗੱਲਬਾਤ—ਬੱਚਿਆਂ ਅਤੇ ਮਾਪਿਆਂ ਵਿਚਕਾਰ ਕੋਈ ਈਮਾਨਦਾਰ ਅਤੇ ਖੁੱਲ੍ਹਾ ਸੰਚਾਰ—ਨਹੀਂ ਹੁੰਦਾ ਹੈ ਤਾਂ ਕਿਸ਼ੋਰ ਘਰ ਦੇ ਵਿਚ ਅਜਨਬੀ ਬਣ ਸਕਦੇ ਹਨ। ਇਸ ਲਈ ਸੰਚਾਰ ਦੇ ਮਾਰਗ ਕਿਵੇਂ ਖੁੱਲ੍ਹੇ ਰੱਖੇ ਜਾ ਸਕਦੇ ਹਨ?
5. ਕਿਸ਼ੋਰਾਂ ਨੂੰ ਆਪਣੇ ਮਾਂ-ਪਿਉ ਦੇ ਨਾਲ ਸੰਚਾਰ ਕਰਨ ਦੇ ਮਾਮਲੇ ਨੂੰ ਕਿਵੇਂ ਵਿਚਾਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ?
5 ਕਿਸ਼ੋਰਾਂ ਅਤੇ ਮਾਪਿਆਂ ਦੋਹਾਂ ਨੂੰ ਇਸ ਵਿਚ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਕਿਸ਼ੋਰਾਂ ਨੂੰ ਆਪਣੇ ਮਾਪਿਆਂ ਦੇ ਨਾਲ ਗੱਲਾਂ ਕਰਨੀਆਂ ਸ਼ਾਇਦ ਉਸ ਸਮੇਂ ਨਾਲੋਂ ਜ਼ਿਆਦਾ ਮੁਸ਼ਕਲ ਲੱਗੇ ਜਦ ਕਿ ਉਹ ਅਜੇ ਛੋਟੇ ਸਨ। ਪਰ ਫਿਰ, ਯਾਦ ਰੱਖੋ ਕਿ “ਜਦੋਂ ਅਗਵਾਈ [“ਹੁਨਰੀ ਨਿਰਦੇਸ਼ਨ,” ਨਿਵ] ਨਹੀਂ ਤਾਂ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹੂਆਂ ਨਾਲ ਬਚਾਉ ਹੈ।” (ਕਹਾਉਤਾਂ 11:14) ਇਹ ਸ਼ਬਦ, ਨਿਆਣਿਆਂ ਅਤੇ ਸਿਆਣਿਆਂ ਸਭ ਉੱਤੇ ਲਾਗੂ ਹੁੰਦੇ ਹਨ। ਕਿਸ਼ੋਰ ਜੋ ਇਸ ਦਾ ਅਹਿਸਾਸ ਕਰਦੇ ਹਨ ਇਸ ਗੱਲ ਨੂੰ ਸਵੀਕਾਰ ਕਰਨਗੇ ਕਿ ਉਨ੍ਹਾਂ ਨੂੰ ਹਾਲੇ ਵੀ ਹੁਨਰੀ ਨਿਰਦੇਸ਼ਨ ਦੀ ਜ਼ਰੂਰਤ ਹੈ, ਕਿਉਂਕਿ ਉਹ ਅੱਗੇ ਨਾਲੋਂ ਜ਼ਿਆਦਾ-ਗੁੰਝਲਦਾਰ ਵਾਦ-ਵਿਸ਼ਿਆਂ ਦਾ ਸਾਮ੍ਹਣਾ ਕਰ ਰਹੇ ਹਨ। ਉਨ੍ਹਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਨਿਹਚਾਵਾਨ ਮਾਪੇ ਸਲਾਹਕਾਰਾਂ ਦੇ ਤੌਰ ਦੇ ਠੀਕ ਯੋਗ ਹਨ ਕਿਉਂਕਿ ਉਹ ਜੀਵਨ ਵਿਚ ਜ਼ਿਆਦਾ ਤਜਰਬੇਕਾਰ ਹਨ ਅਤੇ ਅਨੇਕ ਸਾਲਾਂ ਦੇ ਦੌਰਾਨ ਆਪਣੀ ਪ੍ਰੇਮਮਈ ਚਿੰਤਾ ਸਾਬਤ ਕਰ ਚੁੱਕੇ ਹਨ। ਇਸ ਕਾਰਨ, ਆਪਣੇ ਜੀਵਨ ਦੇ ਇਸ ਸਮੇਂ ਤੇ, ਬੁੱਧਵਾਨ ਕਿਸ਼ੋਰ ਆਪਣੇ ਮਾਪਿਆਂ ਤੋਂ ਮੂੰਹ ਨਹੀਂ ਮੋੜਨਗੇ।
6. ਬੁੱਧਵਾਨ ਅਤੇ ਪ੍ਰੇਮਮਈ ਮਾਂ-ਪਿਉ ਆਪਣੇ ਕਿਸ਼ੋਰਾਂ ਦੇ ਨਾਲ ਸੰਚਾਰ ਕਰਨ ਦੇ ਸੰਬੰਧ ਵਿਚ ਕਿਹੜਾ ਰਵੱਈਆ ਰੱਖਣਗੇ?
6 ਖੁੱਲ੍ਹੇ ਸੰਚਾਰ ਦਾ ਅਰਥ ਹੈ ਕਿ ਮਾਤਾ ਜਾਂ ਪਿਤਾ ਉਪਲਬਧ ਹੋਣ ਦਾ ਜਤਨ ਕਰੇਗਾ ਜਦੋਂ ਕਿਸ਼ੋਰ ਗੱਲਾਂ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰਦਾ ਹੈ। ਜੇਕਰ ਤੁਸੀਂ ਇਕ ਮਾਤਾ ਜਾਂ ਪਿਤਾ ਹੋ, ਤਾਂ ਤੁਹਾਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਘੱਟ ਤੋਂ ਘੱਟ ਤੁਹਾਡੀ ਪੱਖੋਂ ਸੰਚਾਰ ਖੁੱਲ੍ਹਾ ਹੈ। ਇਹ ਸ਼ਾਇਦ ਸੌਖਾ ਨਾ ਹੋਵੇ। ਬਾਈਬਲ ਕਹਿੰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਜਦੋਂ ਤੁਹਾਡਾ ਕਿਸ਼ੋਰ ਮਹਿਸੂਸ ਕਰਦਾ ਹੈ ਕਿ ਇਹ ਬੋਲਣ ਦਾ ਵੇਲਾ ਹੈ, ਤਾਂ ਸ਼ਾਇਦ ਉਦੋਂ ਤੁਹਾਡਾ ਚੁੱਪ ਕਰਨ ਦਾ ਵੇਲਾ ਹੋ ਸਕਦਾ ਹੈ। ਸ਼ਾਇਦ ਤੁਸੀਂ ਉਹ ਵੇਲਾ ਵਿਅਕਤੀਗਤ ਅਧਿਐਨ, ਆਰਾਮ, ਜਾਂ ਘਰ ਦਾ ਕੰਮ ਕਰਨ ਲਈ ਅਲੱਗ ਰੱਖਿਆ ਹੋਵੇ। ਫਿਰ ਵੀ, ਜੇਕਰ ਤੁਹਾਡਾ ਬਾਲਕ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ, ਤਾਂ ਆਪਣੀਆਂ ਯੋਜਨਾਵਾਂ ਨੂੰ ਅਨੁਕੂਲ ਬਣਾਉਣ ਦਾ ਜਤਨ ਕਰ ਕੇ ਉਸ ਦੀ ਸੁਣੋ। ਵਰਨਾ, ਉਹ ਸ਼ਾਇਦ ਦੁਬਾਰਾ ਕੋਸ਼ਿਸ਼ ਨਾ ਕਰੇ। ਯਿਸੂ ਦੀ ਮਿਸਾਲ ਨੂੰ ਯਾਦ ਰੱਖੋ। ਇਕ ਅਵਸਰ ਤੇ, ਉਸ ਨੇ ਆਰਾਮ ਕਰਨ ਲਈ ਕੁਝ ਸਮਾਂ ਅਨੁਸੂਚਿਤ ਕੀਤਾ ਸੀ। ਪਰੰਤੂ ਜਦੋਂ ਲੋਕ ਭੀੜਾਂ ਵਿਚ ਇਕੱਠੇ ਹੋ ਕੇ ਉਸ ਨੂੰ ਸੁਣਨ ਆਏ, ਤਾਂ ਉਸ ਨੇ ਆਰਾਮ ਕਰਨ ਨੂੰ ਟਾਲ ਦਿੱਤਾ ਅਤੇ ਉਨ੍ਹਾਂ ਨੂੰ ਉਪਦੇਸ਼ ਦੇਣਾ ਆਰੰਭ ਕਰ ਦਿੱਤਾ। (ਮਰਕੁਸ 6:30-34) ਜ਼ਿਆਦਾਤਰ ਕਿਸ਼ੋਰਾਂ ਨੂੰ ਅਹਿਸਾਸ ਹੈ ਕਿ ਉਨ੍ਹਾਂ ਦੇ ਮਾਪੇ ਵਿਅਸਤ ਜੀਵਨ ਬਤੀਤ ਕਰਦੇ ਹਨ, ਪਰੰਤੂ ਉਨ੍ਹਾਂ ਨੂੰ ਮੁੜ ਨਿਸ਼ਚਾ ਦਿਵਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਜੇਕਰ ਲੋੜ ਹੋਵੇ ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਲਈ ਉਪਲਬਧ ਹਨ। ਇਸ ਕਰਕੇ, ਉਪਲਬਧ ਰਹੋ ਅਤੇ ਸਮਝਦਾਰੀ ਪ੍ਰਗਟ ਕਰੋ।
7. ਮਾਂ-ਪਿਉ ਨੂੰ ਕਿਸ ਚੀਜ਼ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ?
7 ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਇਕ ਕਿਸ਼ੋਰ ਸੀ ਉੱਦੋਂ ਕਿਵੇਂ ਸੀ, ਅਤੇ ਹਾਸ-ਬਿਰਤੀ ਨੂੰ ਨਾ ਭੁੱਲੋ! ਮਾਂ-ਪਿਉ ਨੂੰ ਆਪਣਿਆਂ ਬੱਚਿਆਂ ਦੇ ਸੰਗ ਸਮਾਂ ਬਤੀਤ ਕਰਨ ਦਾ ਆਨੰਦ ਮਾਣਨਾ ਚਾਹੀਦਾ ਹੈ। ਜਦੋਂ ਵਿਹਲਾ ਸਮਾਂ ਉਪਲਬਧ ਹੋਵੇ, ਤਾਂ ਮਾਂ-ਪਿਉ ਉਸ ਨੂੰ ਕਿਵੇਂ ਬਤੀਤ ਕਰਦੇ ਹਨ? ਜੇਕਰ ਉਹ ਹਮੇਸ਼ਾ ਆਪਣਾ ਵਿਹਲਾ ਸਮਾਂ ਉਹ ਚੀਜ਼ਾਂ ਕਰਦਿਆਂ ਬਤੀਤ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਪਰਿਵਾਰ ਨੂੰ ਸੰਮਿਲਿਤ ਨਹੀਂ ਕਰਦੀਆਂ ਹਨ, ਤਾਂ ਉਨ੍ਹਾਂ ਦੇ ਕਿਸ਼ੋਰਾਂ ਦੇ ਇਹ ਦੇਖਣ ਵਿਚ ਜਲਦੀ ਹੀ ਆਵੇਗਾ। ਜੇਕਰ ਕਿਸ਼ੋਰ ਇਸ ਸਿੱਟੇ ਤੇ ਪਹੁੰਚਣ ਕਿ ਉਨ੍ਹਾਂ ਦੇ ਮਾਪਿਆਂ ਨਾਲੋਂ ਸਕੂਲ ਦੇ ਦੋਸਤ-ਮਿੱਤਰ ਉਨ੍ਹਾਂ ਦੀ ਜ਼ਿਆਦਾ ਕਦਰ ਕਰਦੇ ਹਨ, ਤਾਂ ਨਿਸ਼ਚੇ ਹੀ ਉਹ ਸਮੱਸਿਆਵਾਂ ਦਾ ਸਾਮ੍ਹਣਾ ਕਰਨਗੇ।
ਕੀ ਸੰਚਾਰਿਤ ਕਰਨਾ
8. ਬੱਚਿਆਂ ਵਿਚ ਈਮਾਨਦਾਰੀ, ਸਖ਼ਤ ਮਿਹਨਤ, ਅਤੇ ਉਚਿਤ ਆਚਰਣ ਲਈ ਕਦਰ ਕਿਵੇਂ ਬਿਠਾਈ ਜਾ ਸਕਦੀ ਹੈ?
8 ਜੇਕਰ ਮਾਪਿਆਂ ਨੇ ਪਹਿਲਾਂ ਹੀ ਆਪਣੇ ਬੱਚਿਆਂ ਦੇ ਦਿਲਾਂ ਵਿਚ ਈਮਾਨਦਾਰੀ ਅਤੇ ਸਖ਼ਤ ਮਿਹਨਤ ਲਈ ਕਦਰ ਨਹੀਂ ਬਿਠਾਈ ਹੈ, ਤਾਂ ਉਨ੍ਹਾਂ ਨੂੰ ਅਵੱਸ਼ ਹੀ ਕਿਸ਼ੋਰ-ਅਵਸਥਾ ਸਾਲਾਂ ਦੇ ਦੌਰਾਨ ਇਵੇਂ ਕਰਨਾ ਚਾਹੀਦਾ ਹੈ। (1 ਥੱਸਲੁਨੀਕੀਆਂ 4:11; 2 ਥੱਸਲੁਨੀਕੀਆਂ 3:10) ਉਨ੍ਹਾਂ ਲਈ ਇਹ ਵੀ ਨਿਸ਼ਚਿਤ ਕਰਨਾ ਅਤਿ-ਮਹੱਤਵਪੂਰਣ ਹੈ ਕਿ ਉਨ੍ਹਾਂ ਦੇ ਬੱਚੇ ਪੂਰੇ ਦਿਲ ਦੇ ਨਾਲ ਇਕ ਨੈਤਿਕ ਅਤੇ ਸ਼ੁੱਧ ਜੀਵਨ ਬਤੀਤ ਕਰਨ ਦੀ ਮਹੱਤਤਾ ਵਿਚ ਯਕੀਨ ਰੱਖਦੇ ਹਨ। (ਕਹਾਉਤਾਂ 20:11) ਇਕ ਮਾਤਾ ਜਾਂ ਪਿਤਾ ਇਨ੍ਹਾਂ ਖੇਤਰਾਂ ਵਿਚ ਆਪਣੇ ਉਦਾਹਰਣ ਦੇ ਦੁਆਰਾ ਕਾਫ਼ੀ ਕੁਝ ਸੰਚਾਰਿਤ ਕਰਦਾ ਹੈ। ਜਿਵੇਂ ਕਿ ਅਵਿਸ਼ਵਾਸੀ ਪਤੀ “ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ” ਜਾ ਸਕਦੇ ਹਨ, ਉਸੇ ਤਰ੍ਹਾਂ ਕਿਸ਼ੋਰ ਆਪਣੇ ਮਾਂ-ਪਿਉ ਦੇ ਆਚਰਣ ਦੁਆਰਾ ਸਹੀ ਸਿਧਾਂਤ ਸਿੱਖ ਸਕਦੇ ਹਨ। (1 ਪਤਰਸ 3:1) ਫਿਰ ਵੀ, ਉਦਾਹਰਣ ਇਕੱਲਾ ਕਦੇ ਕਾਫ਼ੀ ਨਹੀਂ ਹੁੰਦਾ ਹੈ, ਕਿਉਂਕਿ ਬੱਚੇ ਘਰ ਤੋਂ ਬਾਹਰ ਵੀ ਅਨੇਕ ਬੁਰਿਆਂ ਉਦਾਹਰਣਾਂ ਅਤੇ ਲਲਚਾਊ ਪ੍ਰਾਪੇਗੰਡਾ ਦੀ ਹੜ੍ਹ ਦਾ ਸਾਮ੍ਹਣਾ ਕਰਦੇ ਹਨ। ਇਸ ਕਰਕੇ, ਪਰਵਾਹ ਕਰਨ ਵਾਲੇ ਮਾਪਿਆਂ ਨੂੰ ਆਪਣੇ ਕਿਸ਼ੋਰਾਂ ਦੇ ਉਨ੍ਹਾਂ ਚੀਜ਼ਾਂ ਬਾਰੇ ਵਿਚਾਰਾਂ ਨਾਲ ਪਰਿਚਿਤ ਹੋਣਾ ਜ਼ਰੂਰੀ ਹੈ, ਜੋ ਉਹ ਦੇਖਦੇ ਅਤੇ ਸੁਣਦੇ ਹਨ, ਅਤੇ ਇਹ ਅਰਥਪੂਰਣ ਵਾਰਤਾਲਾਪ ਦੀ ਮੰਗ ਕਰਦਾ ਹੈ।—ਕਹਾਉਤਾਂ 20:5.
9, 10. ਮਾਂ-ਪਿਉ ਨੂੰ ਕਿਉਂ ਨਿਸ਼ਚਿਤ ਹੀ ਆਪਣਿਆਂ ਬੱਚਿਆਂ ਨੂੰ ਲਿੰਗੀ ਮਾਮਲਿਆਂ ਬਾਰੇ ਹਿਦਾਇਤ ਦੇਣੀ ਚਾਹੀਦੀ ਹੈ, ਅਤੇ ਉਹ ਇਹ ਕਿਵੇਂ ਕਰ ਸਕਦੇ ਹਨ?
9 ਇਹ ਖ਼ਾਸ ਕਰਕੇ ਲਿੰਗੀ ਮਾਮਲਿਆਂ ਦੇ ਸੰਬੰਧ ਵਿਚ ਸੱਚ ਹੈ। ਮਾਪਿਓ, ਕੀ ਤੁਸੀਂ ਆਪਣਿਆਂ ਬੱਚਿਆਂ ਨਾਲ ਸੈਕਸ ਬਾਰੇ ਚਰਚਾ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹੋ? ਜੇਕਰ ਕਰਦੇ ਹੋ, ਤਾਂ ਵੀ ਇਸ ਬਾਰੇ ਚਰਚਾ ਕਰਨ ਦਾ ਜਤਨ ਕਰੋ, ਕਿਉਂਕਿ ਨਿਸ਼ਚੇ ਹੀ ਤੁਹਾਡੇ ਬੱਚੇ ਇਸ ਵਿਸ਼ੇ ਬਾਰੇ ਕਿਸੇ-ਨਾ-ਕਿਸੇ ਤੋਂ ਸਿੱਖ ਹੀ ਲੈਣਗੇ। ਜੇਕਰ ਉਹ ਤੁਹਾਡੇ ਤੋਂ ਨਾ ਸਿੱਖਣ, ਤਾਂ ਕੀ ਪਤਾ ਉਨ੍ਹਾਂ ਨੂੰ ਕਿਹੜੀ ਤੋੜੀ-ਮਰੋੜੀ ਜਾਣਕਾਰੀ ਮਿਲੇਗੀ? ਬਾਈਬਲ ਵਿਚ, ਯਹੋਵਾਹ ਲਿੰਗੀ ਸੁਭਾਉ ਦਿਆਂ ਮਾਮਲਿਆਂ ਨੂੰ ਜ਼ਿਕਰ ਕਰਨ ਤੋਂ ਪਰਹੇਜ਼ ਨਹੀਂ ਕਰਦਾ ਹੈ, ਅਤੇ ਨਾ ਹੀ ਮਾਂ-ਪਿਉ ਨੂੰ ਕਰਨਾ ਚਾਹੀਦਾ ਹੈ।—ਕਹਾਉਤਾਂ 4:1-4; 5:1-21.
10 ਸ਼ੁਕਰ ਦੀ ਗੱਲ ਹੈ ਕਿ ਬਾਈਬਲ ਵਿਚ ਲਿੰਗੀ ਆਚਰਣ ਦੇ ਖੇਤਰ ਵਿਚ ਸਪੱਸ਼ਟ ਮਾਰਗ-ਦਰਸ਼ਨ ਪਾਇਆ ਜਾਂਦਾ ਹੈ, ਅਤੇ ਵਾਚਟਾਵਰ ਸੋਸਾਇਟੀ ਨੇ ਇਹ ਦਿਖਾਉਂਦੇ ਹੋਏ ਕਾਫ਼ੀ ਸਹਾਇਕ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੈ ਕਿ ਇਹ ਮਾਰਗ-ਦਰਸ਼ਨ ਹਾਲੇ ਵੀ ਆਧੁਨਿਕ ਸੰਸਾਰ ਵਿਚ ਲਾਗੂ ਹੁੰਦਾ ਹੈ। ਕਿਉਂ ਨਾ ਇਸ ਮਦਦ ਨੂੰ ਇਸਤੇਮਾਲ ਕਰੋ? ਉਦਾਹਰਣ ਲਈ, ਕਿਉਂ ਨਾ ਆਪਣੇ ਪੁੱਤਰ ਜਾਂ ਧੀ ਦੇ ਨਾਲ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ) ਪੁਸਤਕ ਦੇ “ਸੈਕਸ ਅਤੇ ਸਦਾਚਾਰ” ਭਾਗ ਉੱਤੇ ਪੁਨਰ-ਵਿਚਾਰ ਕਰੋ? ਤੁਸੀਂ ਸ਼ਾਇਦ ਨਤੀਜਿਆਂ ਤੋਂ ਸੁਖਾਵੇਂ ਢੰਗ ਨਾਲ ਹੈਰਾਨ ਹੋਵੋਗੇ।
11. ਮਾਪਿਆਂ ਲਈ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਦਾ ਇਕ ਸਭ ਤੋਂ ਅਸਰਦਾਰ ਤਰੀਕਾ ਕੀ ਹੈ ਕਿ ਯਹੋਵਾਹ ਦੀ ਸੇਵਾ ਕਿਵੇਂ ਕਰਨੀ ਹੈ?
11 ਉਹ ਕਿਹੜਾ ਸਭ ਤੋਂ ਮਹੱਤਵਪੂਰਣ ਵਿਸ਼ਾ ਹੈ ਜਿਸ ਦੀ ਮਾਂ-ਪਿਉ ਅਤੇ ਬੱਚਿਆਂ ਨੂੰ ਚਰਚਾ ਕਰਨੀ ਚਾਹੀਦੀ ਹੈ? ਰਸੂਲ ਪੌਲੁਸ ਨੇ ਉਸ ਵੱਲ ਸੰਕੇਤ ਕੀਤਾ ਜਦੋਂ ਉਸ ਨੇ ਲਿਖਿਆ: “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ [ਆਪਣਿਆਂ ਬੱਚਿਆਂ] ਦੀ ਪਾਲਨਾ ਕਰੋ।” (ਅਫ਼ਸੀਆਂ 6:4) ਬੱਚਿਆਂ ਨੂੰ ਯਹੋਵਾਹ ਦੇ ਬਾਰੇ ਸਿੱਖਦੇ ਰਹਿਣ ਦੀ ਜ਼ਰੂਰਤ ਹੈ। ਖ਼ਾਸ ਕਰਕੇ, ਉਨ੍ਹਾਂ ਨੂੰ ਉਸ ਨਾਲ ਪ੍ਰੇਮ ਕਰਨਾ ਸਿੱਖਣ ਦੀ ਜ਼ਰੂਰਤ ਹੈ, ਅਤੇ ਉਨ੍ਹਾਂ ਨੂੰ ਉਸ ਦੀ ਸੇਵਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਇਸ ਦੇ ਸੰਬੰਧ ਵਿਚ ਵੀ, ਉਦਾਹਰਣ ਦੁਆਰਾ ਕਾਫ਼ੀ ਕੁਝ ਸਿਖਾਇਆ ਜਾ ਸਕਦਾ ਹੈ। ਜੇਕਰ ਕਿਸ਼ੋਰ ਇਹ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਪਰਮੇਸ਼ੁਰ ਨੂੰ “ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ” ਪ੍ਰੇਮ ਕਰਦੇ ਹਨ ਅਤੇ ਕਿ ਇਹ ਉਨ੍ਹਾਂ ਦੇ ਮਾਪਿਆਂ ਦੇ ਜੀਵਨਾਂ ਵਿਚ ਅੱਛੇ ਫਲ ਪੈਦਾ ਕਰਦਾ ਹੈ, ਤਾਂ ਉਹ ਠੀਕ ਉਹੀ ਕਰਨ ਲਈ ਪ੍ਰਭਾਵਿਤ ਹੋ ਸਕਦੇ ਹਨ। (ਮੱਤੀ 22:37) ਇਸੇ ਸਮਾਨ, ਜੇਕਰ ਜਵਾਨ ਲੋਕ ਇਹ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ, ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਹੋਏ, ਭੌਤਿਕ ਚੀਜ਼ਾਂ ਬਾਰੇ ਇਕ ਸੰਤੁਲਿਤ ਵਿਚਾਰ ਰੱਖਦੇ ਹਨ, ਤਾਂ ਉਨ੍ਹਾਂ ਨੂੰ ਉਹੀ ਮਾਨਸਿਕ ਮਨੋਬਿਰਤੀ ਵਿਕਸਿਤ ਕਰਨ ਵਿਚ ਮਦਦ ਮਿਲੇਗੀ।—ਉਪਦੇਸ਼ਕ ਦੀ ਪੋਥੀ 7:12; ਮੱਤੀ 6:31-33.
12, 13. ਕਿਹੜੇ ਮੁੱਦਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਜੇਕਰ ਪਰਿਵਾਰਕ ਅਧਿਐਨ ਨੇ ਸਫ਼ਲ ਹੋਣਾ ਹੈ?
12 ਜਵਾਨ ਲੋਕਾਂ ਤਕ ਅਧਿਆਤਮਿਕ ਕਦਰਾਂ-ਕੀਮਤਾਂ ਸੰਚਾਰਿਤ ਕਰਨ ਵਿਚ ਇਕ ਸਪਤਾਹਕ ਪਰਿਵਾਰਕ ਬਾਈਬਲ ਅਧਿਐਨ ਇਕ ਪ੍ਰਮੁੱਖ ਮਦਦ ਹੈ। (ਜ਼ਬੂਰ 119:33, 34; ਕਹਾਉਤਾਂ 4:20-23) ਨਿਯਮਿਤ ਤੌਰ ਤੇ ਅਜਿਹਾ ਇਕ ਅਧਿਐਨ ਕਰਨਾ ਅਤਿ-ਮਹੱਤਵਪੂਰਣ ਹੈ। (ਜ਼ਬੂਰ 1:1-3) ਮਾਂ-ਪਿਉ ਅਤੇ ਉਨ੍ਹਾਂ ਦਿਆਂ ਬੱਚਿਆਂ ਨੂੰ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਦੂਜੀਆਂ ਚੀਜ਼ਾਂ ਪਰਿਵਾਰਕ ਅਧਿਐਨ ਦੇ ਦੁਆਲੇ ਅਨੁਸੂਚਿਤ ਕਰਨੀਆਂ ਚਾਹੀਦੀਆਂ ਹਨ, ਨਾ ਕਿ ਇਸ ਦੇ ਉਲਟ। ਇਸ ਤੋਂ ਅਤਿਰਿਕਤ, ਸਹੀ ਰਵੱਈਆ ਲਾਜ਼ਮੀ ਹੈ ਜੇਕਰ ਪਰਿਵਾਰਕ ਅਧਿਐਨ ਨੇ ਅਸਰਦਾਰ ਹੋਣਾ ਹੈ। ਇਕ ਪਿਤਾ ਨੇ ਕਿਹਾ: “ਇਸ ਦਾ ਰਾਜ਼ ਹੈ ਕਿ ਸੰਚਾਲਕ, ਪਰਿਵਾਰਕ ਅਧਿਐਨ ਦੇ ਦੌਰਾਨ ਇਕ ਨਿਰਉਚੇਚ, ਪਰੰਤੂ ਆਦਰਪੂਰਣ ਮਾਹੌਲ ਨੂੰ ਵਿਕਸਿਤ ਕਰੇ—ਗ਼ੈਰ-ਰਸਮੀ, ਪਰੰਤੂ ਕਮਲਿਆਂ ਵਾਂਗ ਨਹੀਂ। ਠੀਕ ਸੰਤੁਲਨ ਹਾਸਲ ਕਰਨਾ ਸ਼ਾਇਦ ਹਮੇਸ਼ਾ ਹੀ ਸੌਖਾ ਨਾ ਹੋਵੇ, ਅਤੇ ਬੱਚਿਆਂ ਦੇ ਰਵੱਈਏ ਨੂੰ ਅਕਸਰ ਸਮਾਯੋਜਿਤ ਕਰਨ ਦੀ ਜ਼ਰੂਰਤ ਹੋਵੇਗੀ। ਜੇਕਰ ਇਕ ਜਾਂ ਦੋ ਵਾਰ ਪ੍ਰਬੰਧ ਸਫ਼ਲ ਨਾ ਹੋਵੇ, ਤਾਂ ਦ੍ਰਿੜ੍ਹ ਰਹੋ ਅਤੇ ਅਗਲੀ ਵਾਰ ਲਈ ਆਸ ਰੱਖੋ।” ਇਸੇ ਪਿਤਾ ਨੇ ਕਿਹਾ ਕਿ ਹਰੇਕ ਅਧਿਐਨ ਤੋਂ ਪਹਿਲਾਂ, ਉਸ ਨੇ ਯਹੋਵਾਹ ਕੋਲੋਂ ਆਪਣੀ ਪ੍ਰਾਰਥਨਾ ਵਿਚ ਵਿਸ਼ੇਸ਼ ਤੌਰ ਤੇ ਸਾਰੇ ਸ਼ਾਮਲ ਵਿਅਕਤੀਆਂ ਦੇ ਨਿਮਿੱਤ ਸਹੀ ਦ੍ਰਿਸ਼ਟੀਕੌਣ ਰੱਖਣ ਲਈ ਮਦਦ ਮੰਗੀ।—ਜ਼ਬੂਰ 119:66.
13 ਪਰਿਵਾਰਕ ਅਧਿਐਨ ਨੂੰ ਸੰਚਾਲਿਤ ਕਰਨਾ ਨਿਹਚਾਵਾਨ ਮਾਂ-ਪਿਉ ਦੀ ਜ਼ਿੰਮੇਵਾਰੀ ਹੈ। ਇਹ ਸੱਚ ਹੈ ਕਿ ਕੁਝ ਮਾਂ-ਪਿਉ ਸ਼ਾਇਦ ਗੁਣਵੰਤ ਅਧਿਆਪਕ ਨਾ ਹੋਣ, ਅਤੇ ਸ਼ਾਇਦ ਉਨ੍ਹਾਂ ਲਈ ਪਰਿਵਾਰਕ ਅਧਿਐਨ ਨੂੰ ਦਿਲਚਸਪ ਬਣਾਉਣ ਦੇ ਤਰੀਕੇ ਭਾਲਣੇ ਕਠਿਨ ਹੋਣ। ਫਿਰ ਵੀ, ਜੇਕਰ ਤੁਸੀਂ ਆਪਣੇ ਕਿਸ਼ੋਰਾਂ ਨਾਲ “ਕਰਨੀ ਅਤੇ ਸਚਿਆਈ ਤੋਂ” ਪ੍ਰੇਮ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਇਕ ਦੀਨ ਅਤੇ ਈਮਾਨਦਾਰ ਤਰੀਕੇ ਵਿਚ ਮਦਦ ਕਰਨ ਦੀ ਇੱਛਾ ਰੱਖੋਗੇ। (1 ਯੂਹੰਨਾ 3:18) ਉਹ ਸ਼ਾਇਦ ਸਮੇਂ-ਸਮੇਂ ਤੇ ਸ਼ਿਕਵਾ ਕਰਨ, ਪਰੰਤੂ ਇਹ ਸੰਭਵ ਹੈ ਕਿ ਉਹ ਉਨ੍ਹਾਂ ਦੀ ਕਲਿਆਣ ਵਿਚ ਤੁਹਾਡੀ ਗਹਿਰੀ ਦਿਲਚਸਪੀ ਨੂੰ ਮਹਿਸੂਸ ਕਰਨਗੇ।
14. ਕਿਸ਼ੋਰਾਂ ਤਕ ਅਧਿਆਤਮਿਕ ਗੱਲਾਂ ਸੰਚਾਰਿਤ ਕਰਦੇ ਸਮੇਂ, ਬਿਵਸਥਾ ਸਾਰ 11:18, 19 ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
14 ਉਨ੍ਹਾਂ ਮਾਮਲਿਆਂ ਨੂੰ ਸੰਚਾਰਿਤ ਕਰਨ ਲਈ ਜੋ ਅਧਿਆਤਮਿਕ ਤੌਰ ਤੇ ਮਹੱਤਵਪੂਰਣ ਹਨ, ਪਰਿਵਾਰਕ ਅਧਿਐਨ ਹੀ ਇੱਕੋ-ਇਕ ਅਵਸਰ ਨਹੀਂ ਹੈ। ਕੀ ਤੁਹਾਨੂੰ ਯਹੋਵਾਹ ਦਾ ਮਾਪਿਆਂ ਨੂੰ ਦਿੱਤਾ ਹੁਕਮ ਯਾਦ ਹੈ? ਉਸ ਨੇ ਕਿਹਾ: “ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣਿਆਂ ਦਿਲਾਂ ਅਤੇ ਜਾਨਾਂ ਵਿੱਚ ਰੱਖਣਾ ਅਤੇ ਓਹਨਾਂ ਨੂੰ ਤੁਸਾਂ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਓਹ ਤੁਹਾਡੀਆਂ ਅੱਖਾਂ ਦੇ ਵਿੱਚਕਾਰ ਤਵੀਤ ਵਾਂਙੁ ਹੋਣ। ਤੁਸੀਂ ਆਪਣੇ ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ ਇਨ੍ਹਾਂ ਗੱਲਾਂ ਦਾ ਆਪਣੇ ਬੱਚਿਆਂ ਨਾਲ ਚਰਚਾ ਕਰ ਕੇ ਸਿਖਾਓ।” (ਬਿਵਸਥਾ ਸਾਰ 11:18, 19; ਨਾਲੇ ਦੇਖੋ ਬਿਵਸਥਾ ਸਾਰ 6:6, 7.) ਇਸ ਦਾ ਇਹ ਅਰਥ ਨਹੀਂ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲਗਾਤਾਰ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਪਰੰਤੂ ਇਕ ਪ੍ਰੇਮਮਈ ਪਰਿਵਾਰਕ ਸਿਰ ਨੂੰ ਆਪਣੇ ਪਰਿਵਾਰ ਦੀ ਅਧਿਆਤਮਿਕ ਦ੍ਰਿਸ਼ਟੀ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਮੌਕਿਆਂ ਲਈ ਚੌਕਸ ਰਹਿਣਾ ਚਾਹੀਦਾ ਹੈ।
ਅਨੁਸ਼ਾਸਨ ਅਤੇ ਆਦਰ
15, 16. (ੳ) ਅਨੁਸ਼ਾਸਨ ਕੀ ਹੈ? (ਅ) ਅਨੁਸ਼ਾਸਨ ਦੇਣ ਲਈ ਕੌਣ ਜ਼ਿੰਮੇਵਾਰ ਹੈ, ਅਤੇ ਇਹ ਨਿਸ਼ਚਿਤ ਕਰਨਾ ਕਿਸ ਦੀ ਜ਼ਿੰਮੇਵਾਰੀ ਹੈ ਕਿ ਉਸ ਦੀ ਪਾਲਣਾ ਕੀਤੀ ਜਾਵੇਗੀ?
15 ਅਨੁਸ਼ਾਸਨ ਉਹ ਸਿਖਲਾਈ ਹੈ ਜੋ ਸੁਧਾਰ ਕਰਦੀ ਹੈ, ਅਤੇ ਇਸ ਵਿਚ ਸੰਚਾਰ ਵੀ ਸ਼ਾਮਲ ਹੈ। ਅਨੁਸ਼ਾਸਨ ਵਿਚ ਸਜ਼ਾ ਨਾਲੋਂ ਜ਼ਿਆਦਾ, ਸੁਧਾਰ ਕਰਨ ਦਾ ਵਿਚਾਰ ਪਾਇਆ ਜਾਂਦਾ ਹੈ—ਭਾਵੇਂ ਕਿ ਸਜ਼ਾ ਸ਼ਾਇਦ ਜ਼ਰੂਰੀ ਹੋ ਸਕਦੀ ਹੈ। ਤੁਹਾਡੇ ਬੱਚਿਆਂ ਲਈ ਅਨੁਸ਼ਾਸਨ ਜ਼ਰੂਰੀ ਸੀ ਜਦੋਂ ਉਹ ਛੋਟੇ ਸਨ, ਅਤੇ ਹੁਣ ਜਦੋਂ ਕਿ ਉਹ ਕਿਸ਼ੋਰ ਹਨ, ਉਨ੍ਹਾਂ ਨੂੰ ਹਾਲੇ ਵੀ ਕਿਸੇ ਰੂਪ ਵਿਚ ਅਨੁਸ਼ਾਸਨ ਦੀ ਲੋੜ ਹੈ, ਸ਼ਾਇਦ ਹੋਰ ਵੀ ਜ਼ਿਆਦਾ। ਬੁੱਧਵਾਨ ਕਿਸ਼ੋਰ ਜਾਣਦੇ ਹਨ ਕਿ ਇਹ ਸੱਚ ਹੈ।
16 ਬਾਈਬਲ ਕਹਿੰਦੀ ਹੈ: “ਮੂਰਖ ਆਪਣੇ ਪਿਉ ਦੀ ਸਿੱਖਿਆ [“ਅਨੁਸ਼ਾਸਨ,” ਨਿਵ] ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ।” (ਕਹਾਉਤਾਂ 15:5) ਅਸੀਂ ਇਸ ਸ਼ਾਸਤਰਵਚਨ ਤੋਂ ਕਾਫ਼ੀ ਕੁਝ ਸਿੱਖਦੇ ਹਨ। ਇਹ ਸੰਕੇਤ ਕਰਦਾ ਹੈ ਕਿ ਅਨੁਸ਼ਾਸਨ ਦਿੱਤਾ ਜਾਵੇਗਾ। ਇਕ ਕਿਸ਼ੋਰ ‘ਤਾੜ ਨੂੰ ਮੰਨ’ ਨਹੀਂ ਸਕਦਾ ਹੈ ਜੇਕਰ ਉਹ ਦਿੱਤੀ ਨਾ ਜਾਵੇ। ਯਹੋਵਾਹ ਅਨੁਸ਼ਾਸਨ ਦੇਣ ਦੀ ਜ਼ਿੰਮੇਵਾਰੀ ਮਾਪਿਆਂ ਨੂੰ, ਖ਼ਾਸ ਕਰਕੇ ਪਿਤਾ ਨੂੰ ਦਿੰਦਾ ਹੈ। ਫਿਰ ਵੀ, ਉਸ ਅਨੁਸ਼ਾਸਨ ਉੱਤੇ ਕੰਨ ਧਰਨ ਦੀ ਜ਼ਿੰਮੇਵਾਰੀ ਕਿਸ਼ੋਰ ਦੀ ਹੈ। ਉਹ ਜ਼ਿਆਦਾ ਸਿੱਖੇਗਾ ਅਤੇ ਘੱਟ ਗ਼ਲਤੀਆਂ ਕਰੇਗਾ ਜੇਕਰ ਉਹ ਆਪਣੇ ਮਾਤਾ ਅਤੇ ਪਿਤਾ ਦੇ ਬੁੱਧਵਾਨ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ। (ਕਹਾਉਤਾਂ 1:8) ਬਾਈਬਲ ਕਹਿੰਦੀ ਹੈ: “ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜ ਵੱਲ ਚਿੱਤ ਲਾਉਂਦਾ ਹੈ ਉਹ ਦਾ ਆਦਰ ਹੋਵੇਗਾ।”—ਕਹਾਉਤਾਂ 13:18.
17. ਅਨੁਸ਼ਾਸਨ ਦਿੰਦੇ ਸਮੇਂ ਮਾਂ-ਪਿਉ ਨੂੰ ਕਿਹੜਾ ਸੰਤੁਲਨ ਕਾਇਮ ਕਰਨ ਦਾ ਲਕਸ਼ ਰੱਖਣਾ ਚਾਹੀਦਾ ਹੈ?
17 ਕਿਸ਼ੋਰਾਂ ਨੂੰ ਅਨੁਸ਼ਾਸਨ ਦਿੰਦੇ ਸਮੇਂ, ਮਾਂ-ਪਿਉ ਨੂੰ ਸੰਤੁਲਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇੰਨਾ ਸਖ਼ਤ ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿ ਕਿਤੇ ਉਹ ਆਪਣੀ ਸੰਤਾਨ ਨੂੰ ਖਿਝਾਉਣ, ਸ਼ਾਇਦ ਇੱਥੋਂ ਤਕ ਕਿ ਆਪਣੇ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵੀ ਨੁਕਸਾਨ ਪਹੁੰਚਾਉਣ। (ਕੁਲੁੱਸੀਆਂ 3:21) ਅਤੇ ਫਿਰ ਵੀ ਮਾਂ-ਪਿਉ ਨੂੰ ਇੰਨੇ ਇਜਾਜ਼ਤੀ ਨਹੀਂ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬਾਲਕ ਅਤਿ-ਮਹੱਤਵਪੂਰਣ ਸਿਖਲਾਈ ਤੋਂ ਵੰਚਿਤ ਹੋਣ। ਅਜਿਹੀ ਖੁੱਲ੍ਹ ਬਿਪਤਾਜਨਕ ਹੋ ਸਕਦੀ ਹੈ। ਕਹਾਉਤਾਂ 29:17 ਕਹਿੰਦਾ ਹੈ: “ਆਪਣੇ ਪੁੱਤ੍ਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ, ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।” ਪਰ ਫਿਰ, ਆਇਤ 21 ਕਹਿੰਦੀ ਹੈ: “ਜੇਕਰ ਇਕ ਵਿਅਕਤੀ ਆਪਣੇ ਨੌਕਰ ਨੂੰ ਬਚਪਣ ਤੋਂ ਵਧੇਰੇ ਲਾਡ ਪਿਆਰ ਕਰਦਾ ਹੈ, ਉਹ ਆਪਣੇ ਬਾਅਦ ਦੇ ਜੀਵਨ ਵਿਚ ਨਾਸ਼ੁਕਰਾ ਵੀ ਬਣ ਜਾਵੇਗਾ।” (ਨਿਵ) ਭਾਵੇਂ ਕਿ ਇਹ ਆਇਤ ਇਕ ਨੌਕਰ ਬਾਰੇ ਜ਼ਿਕਰ ਕਰ ਰਹੀ ਹੈ, ਇਹ ਉੱਨੀ ਹੀ ਸਮਾਨਤਾ ਨਾਲ ਘਰਾਣੇ ਵਿਚ ਕਿਸੇ ਬਾਲਕ ਨੂੰ ਵੀ ਲਾਗੂ ਹੁੰਦੀ ਹੈ।
18. ਅਨੁਸ਼ਾਸਨ ਕਿਸ ਚੀਜ਼ ਦਾ ਸਬੂਤ ਹੈ, ਅਤੇ ਕਿਹੜੀ ਚੀਜ਼ ਤੋਂ ਬਚਾਉ ਹੁੰਦਾ ਹੈ ਜਦੋਂ ਮਾਂ-ਪਿਉ ਅਡੋਲ ਅਨੁਸ਼ਾਸਨ ਦਿੰਦੇ ਹਨ?
18 ਅਸਲ ਵਿਚ, ਉਚਿਤ ਅਨੁਸ਼ਾਸਨ ਮਾਤਾ ਜਾਂ ਪਿਤਾ ਦਾ ਆਪਣੇ ਬੱਚੇ ਲਈ ਪ੍ਰੇਮ ਦਾ ਇਕ ਸਬੂਤ ਹੈ। (ਇਬਰਾਨੀਆਂ 12:6, 11) ਜੇਕਰ ਤੁਸੀਂ ਇਕ ਮਾਤਾ ਜਾਂ ਪਿਤਾ ਹੋ, ਤਾਂ ਤੁਸੀਂ ਇਹ ਜਾਣਦੇ ਹੋ ਕਿ ਅਡੋਲ, ਸੰਤੁਲਿਤ ਅਨੁਸ਼ਾਸਨ ਨੂੰ ਕਾਇਮ ਰੱਖਣਾ ਕਠਿਨ ਹੈ। ਸ਼ਾਂਤੀ ਦੀ ਖਾਤਰ, ਇਕ ਹੱਠੀ ਕਿਸ਼ੋਰ ਨੂੰ ਆਪਣੀ ਮਰਜ਼ੀ ਪੂਰੀ ਕਰਨ ਦੇਣਾ ਸ਼ਾਇਦ ਸੌਖਾ ਜਾਪੇ। ਪਰੰਤੂ, ਆਖ਼ਰਕਾਰ ਇਕ ਮਾਤਾ ਜਾਂ ਪਿਤਾ ਜੋ ਇਸ ਪਿਛਲੇਰੇ ਰਾਹ ਦੀ ਪੈਰਵੀ ਕਰਦਾ ਹੈ, ਇਸ ਦੀ ਕੀਮਤ ਇਕ ਬੇਕਾਬੂ ਹੋਏ ਘਰਾਣੇ ਨਾਲ ਭਰੇਗਾ।—ਕਹਾਉਤਾਂ 29:15; ਗਲਾਤੀਆਂ 6:9.
ਕੰਮ ਅਤੇ ਖੇਡ
19, 20. ਮਾਪੇ ਆਪਣੇ ਕਿਸ਼ੋਰਾਂ ਦੇ ਦਿਲਪਰਚਾਵੇ ਦੇ ਮਾਮਲੇ ਵਿਚ ਕਿਵੇਂ ਬੁੱਧੀਮਤਾ ਦੇ ਨਾਲ ਨਿਭ ਸਕਦੇ ਹਨ?
19 ਪਹਿਲਿਆਂ ਸਮਿਆਂ ਵਿਚ ਬੱਚਿਆਂ ਤੋਂ ਘਰ ਜਾਂ ਖੇਤ ਵਿਖੇ ਹੱਥ ਵਟਾਉਣ ਦੀ ਆਮ ਤੌਰ ਤੇ ਉਮੀਦ ਰੱਖੀ ਜਾਂਦੀ ਸੀ। ਅੱਜ-ਕਲ੍ਹ ਬਹੁਤੇਰਿਆਂ ਕਿਸ਼ੋਰਾਂ ਕੋਲ ਕਾਫ਼ੀ ਵਿਹਲਾ ਸਮਾਂ ਹੁੰਦਾ ਹੈ, ਜਿਸ ਦੀ ਨਿਗਰਾਨੀ ਨਹੀਂ ਕੀਤੀ ਜਾਂਦੀ ਹੈ। ਉਸ ਸਮੇਂ ਦੀ ਵਰਤੋਂ ਕਰਨ ਲਈ, ਵਣਜੀ ਸੰਸਾਰ ਵਿਹਲੇ ਸਮੇਂ ਨੂੰ ਵਰਤਣ ਲਈ ਸਾਮੱਗਰੀ ਦੀ ਅਤਿ-ਭਰਪੂਰਤਾ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਇਸ ਹਕੀਕਤ ਨੂੰ ਜੋੜੋ ਕਿ ਸੰਸਾਰ ਨੈਤਿਕਤਾ ਦੇ ਬਾਈਬਲ ਮਿਆਰਾਂ ਨੂੰ ਬਹੁਤ ਹੀ ਘੱਟ ਮਹੱਤਵਪੂਰਣ ਸਮਝਦਾ ਹੈ, ਅਤੇ ਤੁਹਾਡੇ ਕੋਲ ਇਕ ਸੰਭਾਵੀ ਆਫ਼ਤ ਦਾ ਨੁਸਖਾ ਹਾਜ਼ਰ ਹੈ।
20 ਇਸ ਕਰਕੇ, ਸੂਝਵਾਨ ਮਾਤਾ ਜਾਂ ਪਿਤਾ ਦਿਲਪਰਚਾਵੇ ਦੇ ਸੰਬੰਧ ਵਿਚ ਆਖ਼ਰੀ ਨਿਰਣੇ ਬਣਾਉਣ ਦੇ ਹੱਕ ਨੂੰ ਕਾਇਮ ਰੱਖਦਾ ਹੈ। ਫਿਰ ਵੀ, ਇਸ ਗੱਲ ਨੂੰ ਨਾ ਭੁੱਲੋ ਕਿ ਕਿਸ਼ੋਰ ਵੱਡਾ ਹੋ ਰਿਹਾ ਹੈ। ਹਰ ਸਾਲ, ਇਹ ਸੰਭਵ ਹੈ ਕਿ ਉਹ ਆਪਣੇ ਨਾਲ ਇਕ ਬਾਲਗ ਦੇ ਤੌਰ ਤੇ ਸਲੂਕ ਕੀਤੇ ਜਾਣ ਦੀ ਜ਼ਿਆਦਾ ਉਮੀਦ ਰੱਖੇਗਾ ਜਾਂ ਰੱਖੇਗੀ। ਇਸ ਕਰਕੇ, ਜਿਉਂ-ਜਿਉਂ ਕਿਸ਼ੋਰ ਵੱਡਾ ਹੁੰਦਾ ਹੈ, ਦਿਲਪਰਚਾਵੇ ਦੀ ਚੋਣ ਵਿਚ ਹੋਰ ਖੁੱਲ੍ਹ ਦੀ ਇਜਾਜ਼ਤ ਦੇਣੀ ਇਕ ਮਾਤਾ ਜਾਂ ਪਿਤਾ ਲਈ ਬੁੱਧੀਮਤਾ ਹੋਵੇਗੀ—ਜਦੋਂ ਤਕ ਕਿ ਉਹ ਚੋਣਾਂ ਅਧਿਆਤਮਿਕ ਪ੍ਰੌੜ੍ਹਤਾ ਵੱਲ ਪ੍ਰਗਤੀ ਨੂੰ ਪ੍ਰਤਿਬਿੰਬਤ ਕਰਦੀਆਂ ਹਨ। ਕਦੇ-ਕਦੇ, ਕਿਸ਼ੋਰ ਸ਼ਾਇਦ ਸੰਗੀਤ, ਸਾਥੀਆਂ, ਇਤਿਆਦਿ ਵਿਚ ਬੁੱਧੀਹੀਣ ਚੋਣਾਂ ਕਰੇ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਇਸ ਬਾਰੇ ਕਿਸ਼ੋਰ ਦੇ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਭਵਿੱਖ ਵਿਚ ਬਿਹਤਰ ਚੋਣਾਂ ਕੀਤੀਆਂ ਜਾਣਗੀਆਂ।
21. ਜਿੰਨਾ ਸਮਾਂ ਦਿਲਪਰਚਾਵੇ ਵਿਚ ਬਤੀਤ ਕੀਤਾ ਜਾਂਦਾ ਹੈ ਉਸ ਵਿਚ ਸੰਤੁਲਨ ਰੱਖਣਾ ਇਕ ਕਿਸ਼ੋਰ ਦਾ ਕਿਵੇਂ ਬਚਾਉ ਕਰੇਗਾ?
21 ਦਿਲਪਰਚਾਵੇ ਲਈ ਕਿੰਨਾ ਸਮਾਂ ਨਿਯਤ ਕਰਨਾ ਚਾਹੀਦਾ ਹੈ? ਕੁਝ ਦੇਸ਼ਾਂ ਵਿਚ ਕਿਸ਼ੋਰਾਂ ਨੂੰ ਇਹ ਯਕੀਨ ਦਿਲਾਇਆ ਜਾਂਦਾ ਹੈ ਕਿ ਉਹ ਲਗਾਤਾਰ ਮਨੋਰੰਜਨ ਦੇ ਹੱਕਦਾਰ ਹਨ। ਇਸ ਕਰਕੇ, ਇਕ ਕਿਸ਼ੋਰ ਸ਼ਾਇਦ ਇਸ ਤਰੀਕੇ ਨਾਲ ਆਪਣੀ ਅਨੁਸੂਚੀ ਦੀ ਯੋਜਨਾ ਬਣਾਵੇ ਤਾਂ ਜੋ ਉਹ ਇਕ ਤੋਂ ਬਾਅਦ ਦੂਜੀ “ਮੌਜ” ਵਿਚ ਰੁਝ ਜਾਵੇ। ਇਹ ਮਾਂ-ਪਿਉ ਉੱਤੇ ਨਿਰਭਰ ਕਰਦਾ ਹੈ ਕਿ ਉਹ ਇਹ ਸਬਕ ਸੰਚਾਰਿਤ ਕਰਨ ਕਿ ਦੂਜੀਆਂ ਚੀਜ਼ਾਂ ਜਿਵੇਂ ਕਿ ਪਰਿਵਾਰਕ, ਵਿਅਕਤੀਗਤ ਅਧਿਐਨ, ਅਧਿਆਤਮਿਕ ਤੌਰ ਤੇ ਪ੍ਰੌੜ੍ਹ ਮਸੀਹੀਆਂ ਦੇ ਨਾਲ ਸੰਗਤ, ਮਸੀਹੀ ਸਭਾਵਾਂ ਅਤੇ ਘਰੇਲੂ ਕੰਮ-ਕਾਜ ਵਿਚ ਵੀ ਸਮਾਂ ਬਤੀਤ ਕਰਨਾ ਚਾਹੀਦਾ ਹੈ। ਇਹ ਪਰਮੇਸ਼ੁਰ ਦੇ ਬਚਨ ਨੂੰ ‘ਇਸ ਜੀਉਣ ਦੇ ਬਿਲਾਸਾਂ’ ਦੁਆਰਾ ਦੱਬੇ ਜਾਣ ਤੋਂ ਬਚਾਏਗਾ।—ਲੂਕਾ 8:11-15.
22. ਇਕ ਕਿਸ਼ੋਰ ਦੇ ਜੀਵਨ ਵਿਚ ਦਿਲਪਰਚਾਵੇ ਨੂੰ ਕਿਹੜੀ ਚੀਜ਼ ਦੇ ਨਾਲ ਸੰਤੁਲਿਤ ਹੋਣਾ ਚਾਹੀਦਾ ਹੈ?
22 ਰਾਜਾ ਸੁਲੇਮਾਨ ਨੇ ਕਿਹਾ: “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪਦੇਸ਼ਕ ਦੀ ਪੋਥੀ 3:12, 13) ਜੀ ਹਾਂ, ਆਨੰਦ ਮਾਣਨਾ ਇਕ ਸੰਤੁਲਿਤ ਜੀਵਨ ਦਾ ਹਿੱਸਾ ਹੈ। ਪਰੰਤੂ ਸਖ਼ਤ ਮਿਹਨਤ ਵੀ ਇਕ ਹਿੱਸਾ ਹੈ। ਅੱਜ ਬਹੁਤੇਰੇ ਕਿਸ਼ੋਰ ਉਹ ਸੰਤੁਸ਼ਟੀ ਜੋ ਸਖ਼ਤ ਮਿਹਨਤ ਤੋਂ ਪਰਿਣਿਤ ਹੁੰਦੀ ਹੈ ਜਾਂ ਉਹ ਆਤਮ-ਸਨਮਾਨ ਦੀ ਭਾਵਨਾ ਜੋ ਇਕ ਸਮੱਸਿਆ ਨਾਲ ਨਿਪਟਣ ਅਤੇ ਉਸ ਨੂੰ ਹੱਲ ਕਰਨ ਤੋਂ ਪਰਿਣਿਤ ਹੁੰਦੀ ਹੈ, ਨੂੰ ਨਹੀਂ ਜਾਣਦੇ ਹਨ। ਕਈਆਂ ਨੂੰ ਇਕ ਕਾਰੀਗਰੀ ਜਾਂ ਕਿੱਤਾ ਵਿਕਸਿਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਵੱਡੇ ਹੋ ਕੇ ਖ਼ੁਦ ਦਾ ਭਾਰ ਚੁੱਕ ਸਕਣ। ਇਸ ਦੇ ਸੰਬੰਧ ਵਿਚ ਮਾਤਾ ਜਾਂ ਪਿਤਾ ਲਈ ਇਕ ਅਸਲੀ ਚੁਣੌਤੀ ਪੇਸ਼ ਹੁੰਦੀ ਹੈ। ਕੀ ਤੁਸੀਂ ਨਿਸ਼ਚਿਤ ਕਰੋਗੇ ਕਿ ਤੁਹਾਡੀ ਸੰਤਾਨ ਨੂੰ ਅਜਿਹੇ ਮੌਕੇ ਹਾਸਲ ਹੋਣਗੇ? ਜੇਕਰ ਤੁਸੀਂ ਆਪਣੇ ਕਿਸ਼ੋਰ ਨੂੰ ਸਖ਼ਤ ਮਿਹਨਤ ਦੀ ਕਦਰ ਕਰਨੀ ਅਤੇ ਇਸ ਦਾ ਆਨੰਦ ਵੀ ਮਾਣਨਾ ਸਿਖਾਉਣ ਵਿਚ ਸਫ਼ਲ ਹੋ ਸਕੋ, ਤਾਂ ਉਹ ਇਕ ਅਜਿਹੀ ਗੁਣਕਾਰੀ ਦ੍ਰਿਸ਼ਟੀ ਨੂੰ ਵਿਕਸਿਤ ਕਰੇਗਾ ਜੋ ਉਮਰ ਭਰ ਲਾਭ ਲਿਆਵੇਗੀ।
ਕਿਸ਼ੋਰ ਤੋਂ ਬਾਲਗ
23. ਮਾਂ-ਪਿਉ ਆਪਣਿਆਂ ਕਿਸ਼ੋਰਾਂ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹਨ?
23 ਜਦੋਂ ਤੁਹਾਨੂੰ ਆਪਣੇ ਕਿਸ਼ੋਰ ਦੇ ਨਾਲ ਸਮੱਸਿਆਵਾਂ ਪੇਸ਼ ਵੀ ਹੋਣ, ਇਹ ਸ਼ਾਸਤਰਵਚਨ ਫਿਰ ਵੀ ਸੱਚ ਸਾਬਤ ਹੁੰਦਾ ਹੈ: “ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:8) ਕਦੇ ਵੀ ਉਹ ਪ੍ਰੇਮ ਪ੍ਰਦਰਸ਼ਿਤ ਕਰਨਾ ਨਾ ਛੱਡੋ ਜੋ ਕਿ ਨਿਰਸੰਦੇਹ ਤੁਸੀਂ ਮਹਿਸੂਸ ਕਰਦੇ ਹੋ। ਖ਼ੁਦ ਨੂੰ ਪੁੱਛੋ, ‘ਕੀ ਮੈਂ ਹਰੇਕ ਬੱਚੇ ਦੀ ਸ਼ਲਾਘਾ ਕਰਦਾ ਹਾਂ ਜਦੋਂ ਉਹ ਸਮੱਸਿਆਵਾਂ ਨਾਲ ਨਿਪਟਣ ਜਾਂ ਅੜਚਣਾਂ ਉੱਤੇ ਹਾਵੀ ਹੋਣ ਵਿਚ ਸਫ਼ਲ ਹੁੰਦਾ ਹੈ? ਕੀ ਮੈਂ ਆਪਣਿਆਂ ਬੱਚਿਆਂ ਦੇ ਪ੍ਰਤੀ ਆਪਣਾ ਪ੍ਰੇਮ ਅਤੇ ਆਪਣੀ ਪ੍ਰਸ਼ੰਸਾ ਪ੍ਰਗਟ ਕਰਨ ਦੇ ਮੌਕਿਆਂ ਦਾ ਲਾਭ ਉਠਾਉਂਦਾ ਹਾਂ, ਇਸ ਤੋਂ ਪਹਿਲਾਂ ਕਿ ਇਹ ਮੌਕੇ ਹੱਥੋਂ ਖੁੰਝ ਜਾਣ?’ ਭਾਵੇਂ ਕਿ ਸਮੇਂ-ਸਮੇਂ ਤੇ ਗ਼ਲਤਫ਼ਹਿਮੀਆਂ ਪੈਦਾ ਹੋਣ, ਜੇਕਰ ਕਿਸ਼ੋਰ ਉਨ੍ਹਾਂ ਲਈ ਤੁਹਾਡੇ ਪ੍ਰੇਮ ਬਾਰੇ ਨਿਸ਼ਚਿਤ ਹਨ, ਤਾਂ ਇਹ ਜ਼ਿਆਦਾ ਸੰਭਵ ਹੈ ਕਿ ਉਹ ਉਸ ਪ੍ਰੇਮ ਦੇ ਬਦਲੇ ਵਿਚ ਪ੍ਰੇਮ ਦਿਖਾਉਣਗੇ।
24. ਬੱਚਿਆਂ ਦੀ ਪਰਵਰਿਸ਼ ਕਰਨ ਵਿਚ, ਆਮ ਕਰਕੇ ਕਿਹੜਾ ਸ਼ਾਸਤਰ ਸੰਬੰਧੀ ਸਿਧਾਂਤ ਸੱਚ ਸਾਬਤ ਹੁੰਦਾ ਹੈ, ਪਰੰਤੂ ਕਿਹੜੀ ਗੱਲ ਧਿਆਨ ਵਿਚ ਰੱਖੀ ਜਾਣੀ ਚਾਹੀਦੀ ਹੈ?
24 ਨਿਰਸੰਦੇਹ, ਜਿਉਂ ਹੀ ਬੱਚੇ ਵੱਡੇ ਹੋ ਕੇ ਬਾਲਗ ਬਣਦੇ ਹਨ, ਉਹ ਆਖ਼ਰਕਾਰ ਖ਼ੁਦ ਹੀ ਕਾਫ਼ੀ ਭਾਰੇ ਨਿਰਣੇ ਕਰਨਗੇ। ਕੁਝ ਮਾਮਲਿਆਂ ਵਿਚ ਮਾਂ-ਪਿਉ ਸ਼ਾਇਦ ਉਨ੍ਹਾਂ ਨਿਰਣਿਆਂ ਨੂੰ ਨਾ ਪਸੰਦ ਕਰਨ। ਕੀ ਹੋਵੇਗਾ ਜੇਕਰ ਉਨ੍ਹਾਂ ਦਾ ਬੱਚਾ ਯਹੋਵਾਹ ਪਰਮੇਸ਼ੁਰ ਦੀ ਸੇਵਾ ਨਾ ਜਾਰੀ ਰੱਖਣ ਦਾ ਨਿਰਣਾ ਕਰੇ? ਇਹ ਹੋ ਸਕਦਾ ਹੈ। ਖ਼ੁਦ ਯਹੋਵਾਹ ਦੇ ਕੁਝ ਆਤਮਿਕ ਪੁੱਤਰਾਂ ਨੇ ਵੀ ਉਸ ਦੀ ਸਲਾਹ ਨੂੰ ਰੱਦ ਕੀਤਾ ਅਤੇ ਵਿਦਰੋਹੀ ਸਾਬਤ ਹੋਏ। (ਉਤਪਤ 6:2; ਯਹੂਦਾਹ 6) ਬੱਚੇ ਕੰਪਿਊਟਰ ਨਹੀਂ ਹਨ, ਜੋ ਜਿਸ ਤਰ੍ਹਾਂ ਵੀ ਅਸੀਂ ਚਾਹੀਏ ਚੱਲਣ ਲਈ ਪ੍ਰੋਗ੍ਰਾਮ ਕੀਤੇ ਜਾ ਸਕਦੇ ਹਨ। ਉਹ ਸੁਤੰਤਰ ਇੱਛਾ ਵਾਲੇ ਜੀਵ ਹਨ, ਅਤੇ ਯਹੋਵਾਹ ਨੂੰ ਉਨ੍ਹਾਂ ਨਿਰਣਿਆਂ ਲਈ ਜਵਾਬਦੇਹ ਹਨ ਜੋ ਉਹ ਖ਼ੁਦ ਕਰਦੇ ਹਨ। ਫਿਰ ਵੀ, ਆਮ ਕਰਕੇ ਕਹਾਉਤਾਂ 22:6 ਸੱਚ ਸਾਬਤ ਹੁੰਦੀ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”
25. ਮਾਂ-ਪਿਉ ਵਾਸਤੇ ਮਾਂ-ਪਿਉਪਣ ਦੇ ਵਿਸ਼ੇਸ਼-ਸਨਮਾਨ ਲਈ ਯਹੋਵਾਹ ਨੂੰ ਸ਼ੁਕਰੀਆ ਪ੍ਰਦਰਸ਼ਿਤ ਕਰਨ ਦਾ ਸਭ ਤੋਂ ਉੱਤਮ ਤਰੀਕਾ ਕੀ ਹੈ?
25 ਤਾਂ ਫਿਰ, ਆਪਣੇ ਬੱਚਿਆਂ ਨੂੰ ਬਹੁਤ ਪ੍ਰੇਮ ਦਿਖਾਓ। ਉਨ੍ਹਾਂ ਦੀ ਪਾਲਣਾ ਕਰਦੇ ਹੋਏ ਬਾਈਬਲ ਸਿਧਾਂਤਾਂ ਦੀ ਪੈਰਵੀ ਕਰਨ ਵਿਚ ਸਾਰੀ ਵਾਹ ਲਾਓ। ਈਸ਼ਵਰੀ ਆਚਰਣ ਦੀ ਇਕ ਉੱਤਮ ਮਿਸਾਲ ਕਾਇਮ ਕਰੋ। ਇਸ ਤਰ੍ਹਾਂ ਤੁਸੀਂ ਆਪਣਿਆਂ ਬੱਚਿਆਂ ਨੂੰ ਵੱਡੇ ਹੋ ਕੇ ਜ਼ਿੰਮੇਵਾਰ, ਪਰਮੇਸ਼ੁਰ ਤੋਂ ਡਰਨ ਵਾਲੇ ਬਾਲਗ ਬਣਨ ਦਾ ਸਭ ਤੋਂ ਵਧੀਆ ਮੌਕਾ ਦਿਓਗੇ। ਮਾਂ-ਪਿਉ ਵਾਸਤੇ ਮਾਂ-ਪਿਉਪਣ ਦੇ ਵਿਸ਼ੇਸ਼-ਸਨਮਾਨ ਲਈ ਯਹੋਵਾਹ ਨੂੰ ਸ਼ੁਕਰੀਆ ਪ੍ਰਦਰਸ਼ਿਤ ਕਰਨ ਦਾ ਇਹ ਸਭ ਤੋਂ ਉੱਤਮ ਤਰੀਕਾ ਹੈ।