ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਗਵਾਹੀ ਦਿੰਦੀ ਹੈ
“ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।”—ਰੋਮੀ. 8:16.
1-3. ਕਿਹੜੀਆਂ ਘਟਨਾਵਾਂ ਨੇ ਪੰਤੇਕੁਸਤ ਨੂੰ ਖ਼ਾਸ ਦਿਨ ਬਣਾਇਆ? ਇਨ੍ਹਾਂ ਘਟਨਾਵਾਂ ਨੇ ਬਾਈਬਲ ਵਿਚ ਪਹਿਲਾਂ ਲਿਖੀਆਂ ਗੱਲਾਂ ਨੂੰ ਕਿਵੇਂ ਪੂਰਾ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਇਹ ਯਰੂਸ਼ਲਮ ਵਿਚ ਐਤਵਾਰ ਦੀ ਸਵੇਰ ਸੀ। ਇਹ ਦਿਨ ਯਰੂਸ਼ਲਮ ਵਿਚ ਆਏ ਲੋਕਾਂ ਲਈ ਬਹੁਤ ਖ਼ਾਸ ਸੀ। ਲੋਕ ਪੰਤੇਕੁਸਤ ਦਾ ਤਿਉਹਾਰ ਮਨਾ ਰਹੇ ਸਨ ਜੋ ਕਣਕ ਦੀ ਵਾਢੀ ਦੇ ਸ਼ੁਰੂ ਵਿਚ ਮਨਾਇਆ ਜਾਂਦਾ ਸੀ। ਉਸ ਸਵੇਰ ਮੰਦਰ ਵਿਚ ਮਹਾਂ ਪੁਜਾਰੀ ਨੇ ਰੋਜ਼ ਦੀਆਂ ਬਲ਼ੀਆਂ ਚੜ੍ਹਾਈਆਂ। ਫਿਰ ਉਸ ਨੇ ਲਗਭਗ 9 ਵਜੇ ਦੋ ਖਮੀਰੀ ਰੋਟੀਆਂ ਚੜ੍ਹਾਈਆਂ ਜੋ ਨਵੀਂ ਕਣਕ ਜਾਂ ਪਹਿਲੇ ਫਲ ਤੋਂ ਬਣਾਈਆਂ ਗਈਆਂ ਸਨ। ਮਹਾਂ ਪੁਜਾਰੀ ਨੇ ਯਹੋਵਾਹ ਨੂੰ ਇਹ ਰੋਟੀਆਂ ਚੜ੍ਹਾਉਣ ਲਈ ਇਨ੍ਹਾਂ ਨੂੰ ਹੱਥਾਂ ਵਿਚ ਰੱਖ ਕੇ ਉੱਪਰ ਨੂੰ ਚੁੱਕ ਕੇ ਸੱਜੇ-ਖੱਬੇ ਹਿਲਾਈਆਂ। ਇਹ ਪੰਤੇਕੁਸਤ 33 ਈਸਵੀ ਦਾ ਸਾਲ ਸੀ।—ਲੇਵੀ. 23:15-20.
2 ਸੈਂਕੜੇ ਸਾਲਾਂ ਤੋਂ ਹਰ ਸਾਲ ਮਹਾਂ ਪੁਜਾਰੀ ਇਹ ਹਿਲਾਉਣ ਦੀ ਭੇਂਟ ਚੜ੍ਹਾਉਂਦਾ ਸੀ। ਇਸ ਭੇਂਟ ਨੇ ਕਿਸੇ ਬਹੁਤ ਅਹਿਮ ਘਟਨਾ ਨੂੰ ਦਰਸਾਉਣਾ ਸੀ ਜੋ ਸਾਲ ਪੰਤੇਕੁਸਤ 33 ਨੂੰ ਹੋਣੀ ਸੀ। ਇਹ ਘਟਨਾ ਯਿਸੂ ਦੇ ਲਗਭਗ 120 ਚੇਲਿਆਂ ਨਾਲ ਹੋਈ ਸੀ ਜੋ ਯਰੂਸ਼ਲਮ ਵਿਚ ਚੁਬਾਰੇ ਵਿਚ “ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ।” (ਰਸੂ. 1:13-15) ਯੋਏਲ ਨਬੀ ਨੇ ਇਸ ਘਟਨਾ ਬਾਰੇ 800 ਸਾਲ ਪਹਿਲਾਂ ਲਿਖਿਆ ਸੀ। (ਯੋਏ. 2:28-32; ਰਸੂ. 2:16-21) ਇਸ ਦਿਨ ਕਿਹੜੀ ਅਹਿਮ ਘਟਨਾ ਹੋਈ ਸੀ?
3 ਰਸੂਲਾਂ ਦੇ ਕੰਮ 2:2-4 ਪੜ੍ਹੋ। ਉਸ ਦਿਨ ਪਰਮੇਸ਼ੁਰ ਨੇ ਚੁਬਾਰੇ ਵਿਚ ਇਕੱਠੇ ਹੋਏ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਸੀ। (ਰਸੂ. 1:8) ਫਿਰ ਭੀੜ ਉਨ੍ਹਾਂ ਦੇ ਆਲੇ-ਦੁਆਲੇ ਇਕੱਠੀ ਹੋਣੀ ਸ਼ੁਰੂ ਹੋ ਗਈ ਅਤੇ ਚੇਲੇ ਉਨ੍ਹਾਂ ਨੂੰ ਸ਼ਾਨਦਾਰ ਘਟਨਾਵਾਂ ਬਾਰੇ ਦੱਸਣ ਲੱਗ ਪਏ ਜੋ ਉਨ੍ਹਾਂ ਨੇ ਹੁਣੇ-ਹੁਣੇ ਦੇਖੀਆਂ ਤੇ ਸੁਣੀਆਂ ਸਨ। ਪਤਰਸ ਰਸੂਲ ਨੇ ਉਨ੍ਹਾਂ ਨੂੰ ਸਮਝਾਇਆ ਕਿ ਕੀ ਹੋਇਆ ਸੀ ਅਤੇ ਇਹ ਇੰਨਾ ਅਹਿਮ ਕਿਉਂ ਸੀ। ਫਿਰ ਉਸ ਨੇ ਭੀੜ ਨੂੰ ਕਿਹਾ: “ਤੋਬਾ ਕਰੋ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਂ ʼਤੇ ਬਪਤਿਸਮਾ ਲਓ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੇਗੀ।” ਉਸੇ ਦਿਨ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ ਅਤੇ ਉਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਮਿਲੀ।—ਰਸੂ. 2:37, 38, 41.
4. (ੳ) ਪੰਤੇਕੁਸਤ ਦੇ ਦਿਨ ਜੋ ਹੋਇਆ, ਉਸ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? (ਅ) ਬਹੁਤ ਸਾਲ ਪਹਿਲਾਂ ਉਸੇ ਦਿਨ ਸ਼ਾਇਦ ਹੋਰ ਕਿਹੜੀ ਅਹਿਮ ਘਟਨਾ ਹੋਈ ਹੋਵੇ? (ਹੋਰ ਜਾਣਕਾਰੀ ਦੇਖੋ।)
4 ਮਹਾਂ ਪੁਜਾਰੀ ਅਤੇ ਉਸ ਵੱਲੋਂ ਹਰ ਸਾਲ ਚੜ੍ਹਾਈ ਜਾਂਦੀ ਭੇਂਟ ਕਿਸ ਨੂੰ ਦਰਸਾਉਂਦੀ ਸੀ? ਮਹਾਂ ਪੁਜਾਰੀ ਯਿਸੂ ਨੂੰ ਦਰਸਾਉਂਦਾ ਸੀ। ਰੋਟੀਆਂ ਉਸ ਦਿਨ ਚੁਣੇ ਗਏ ਚੇਲਿਆਂ ਨੂੰ ਦਰਸਾਉਂਦੀਆਂ ਸਨ। ਪਾਪੀ ਇਨਸਾਨਜਾਤ ਵਿੱਚੋਂ ਚੁਣੇ ਗਏ ਇਨ੍ਹਾਂ ਚੇਲਿਆਂ ਅਤੇ ਇਨ੍ਹਾਂ ਤੋਂ ਬਾਅਦ ਚੁਣੇ ਗਏ ਬਹੁਤ ਸਾਰੇ ਮਸੀਹੀਆਂ ਨੂੰ ‘ਪਹਿਲਾ ਫਲ’ ਕਿਹਾ ਜਾਂਦਾ ਹੈ। (ਯਾਕੂ. 1:18) ਪਰਮੇਸ਼ੁਰ ਨੇ ਇਨ੍ਹਾਂ ਨੂੰ ਆਪਣੇ ਪੁੱਤਰਾਂ ਵਜੋਂ ਸਵੀਕਾਰ ਕੀਤਾ ਹੈ ਅਤੇ ਇਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਯਿਸੂ ਨਾਲ ਸਵਰਗ ਵਿਚ ਰਾਜਿਆਂ ਵਜੋਂ ਰਾਜ ਕਰਨ ਲਈ ਚੁਣਿਆ ਗਿਆ ਹੈ। (1 ਪਤ. 2:9) ਯਹੋਵਾਹ ਆਪਣੇ ਰਾਜ ਰਾਹੀਂ ਸਾਰੇ ਆਗਿਆਕਾਰ ਲੋਕਾਂ ʼਤੇ ਬਰਕਤਾਂ ਵਰਸਾਵੇਗਾ। ਸੋ ਭਾਵੇਂ ਸਾਡੀ ਆਸ ਸਵਰਗ ਜਾਣ ਦੀ ਹੋਵੇ ਜਾਂ ਧਰਤੀ ʼਤੇ ਰਹਿਣ ਦੀ, ਸਾਡੇ ਸਾਰਿਆਂ ਲਈ ਪੰਤੇਕੁਸਤ 33 ਈਸਵੀ ਨੂੰ ਹੋਈਆਂ ਘਟਨਾਵਾਂ ਬਹੁਤ ਅਹਿਮ ਹਨ। [1]
ਕਿਸੇ ਨੂੰ ਕਿਵੇਂ ਚੁਣਿਆ ਜਾਂਦਾ ਹੈ?
5. ਸਾਨੂੰ ਕਿਵੇਂ ਪਤਾ ਹੈ ਕਿ ਚੁਣੇ ਜਾਣ ਵਾਲਿਆਂ ਨੂੰ ਇੱਕੋ ਹੀ ਤਰੀਕੇ ਨਾਲ ਚੁਣਿਆ ਨਹੀਂ ਜਾਂਦਾ?
5 ਚੁਬਾਰੇ ਵਿਚ ਇਕੱਠੇ ਹੋਏ ਚੇਲੇ ਕਦੇ ਵੀ 33 ਈਸਵੀ ਦਾ ਦਿਨ ਨਹੀਂ ਭੁੱਲੇ। ਉਸ ਦਿਨ ਸਾਰੇ ਚੇਲਿਆਂ ਨੇ ਅੱਗ ਦੀਆਂ ਲਾਟਾਂ ਵਰਗੀ ਕੋਈ ਚੀਜ਼ ਸਿਰਾਂ ʼਤੇ ਦੇਖੀ ਸੀ। ਯਹੋਵਾਹ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਕਾਬਲੀਅਤ ਦਿੱਤੀ ਸੀ। ਇਸ ਕਰਕੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ। (ਰਸੂ. 2:6-12) ਕੀ ਪਵਿੱਤਰ ਸ਼ਕਤੀ ਨਾਲ ਚੁਣੇ ਜਾਂਦੇ ਸਾਰੇ ਮਸੀਹੀਆਂ ਨੂੰ ਉਸੇ ਸ਼ਾਨਦਾਰ ਤਰੀਕੇ ਨਾਲ ਚੁਣਿਆ ਜਾਂਦਾ ਹੈ ਜਿਵੇਂ ਲਗਭਗ 120 ਚੇਲਿਆਂ ਨੂੰ ਚੁਣਿਆ ਗਿਆ ਸੀ? ਨਹੀਂ। ਬਾਅਦ ਵਿਚ ਉਸੇ ਦਿਨ ਯਰੂਸ਼ਲਮ ਵਿਚ ਹਜ਼ਾਰਾਂ ਲੋਕਾਂ ਨੂੰ ਬਪਤਿਸਮਾ ਲੈਂਦੇ ਵੇਲੇ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ। (ਰਸੂ. 2:38) ਪਰ ਉਨ੍ਹਾਂ ਦੇ ਸਿਰਾਂ ʼਤੇ ਅੱਗ ਦੀਆਂ ਲਾਟਾਂ ਵਰਗੀ ਕੋਈ ਚੀਜ਼ ਨਹੀਂ ਆਈ ਸੀ। ਇਸ ਤੋਂ ਇਲਾਵਾ, ਸਾਰੇ ਚੁਣੇ ਹੋਏ ਮਸੀਹੀਆਂ ਨੂੰ ਬਪਤਿਸਮਾ ਲੈਣ ਵੇਲੇ ਨਹੀਂ ਚੁਣਿਆ ਜਾਂਦਾ। ਸਾਮਰੀਆਂ ਨੂੰ ਬਪਤਿਸਮੇ ਤੋਂ ਕੁਝ ਦੇਰ ਬਾਅਦ ਚੁਣਿਆ ਗਿਆ ਸੀ। (ਰਸੂ. 8:14-17) ਇਸ ਤੋਂ ਉਲਟ, ਕੁਰਨੇਲੀਅਸ ਅਤੇ ਉਸ ਦੇ ਘਰ ਵਿਚ ਇਕੱਠੇ ਹੋਏ ਲੋਕ ਬਪਤਿਸਮੇ ਤੋਂ ਪਹਿਲਾਂ ਹੀ ਚੁਣੇ ਗਏ ਸਨ। ਇੱਦਾਂ ਪਹਿਲਾਂ ਕਦੇ ਕਿਸੇ ਨਾਲ ਨਹੀਂ ਸੀ ਹੋਇਆ।—ਰਸੂ. 10:44-48.
6. ਸਾਰੇ ਚੁਣੇ ਹੋਇਆਂ ਮਸੀਹੀਆਂ ਨੂੰ ਕੀ ਮਿਲਦੀ ਹੈ ਅਤੇ ਇਸ ਦਾ ਉਨ੍ਹਾਂ ʼਤੇ ਕੀ ਅਸਰ ਹੁੰਦਾ ਹੈ?
6 ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਵੇਲੇ ਕਈ ਮਸੀਹੀ ਉਸੇ ਵੇਲੇ ਮੰਨ ਲੈਂਦੇ ਹਨ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ, ਪਰ ਹੋਰਨਾਂ ਨੂੰ ਇਹ ਮੰਨਣ ਲਈ ਸਮਾਂ ਲੱਗਦਾ ਹੈ। ਪਰ ਪੌਲੁਸ ਨੇ ਸਮਝਾਇਆ ਕਿ ਚੁਣੇ ਜਾਣ ਤੋਂ ਬਾਅਦ ਹਰ ਕਿਸੇ ਨਾਲ ਕੀ ਹੁੰਦਾ ਹੈ। ਉਸ ਨੇ ਕਿਹਾ: “ਤੁਹਾਡੇ ਵਿਸ਼ਵਾਸ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਮਸੀਹ ਰਾਹੀਂ ਤੁਹਾਡੇ ਉੱਤੇ ਵੀ ਵਾਅਦਾ ਕੀਤੀ ਗਈ ਪਵਿੱਤਰ ਸ਼ਕਤੀ ਨਾਲ ਮੁਹਰ ਲਾਈ। ਇਹ ਪਵਿੱਤਰ ਸ਼ਕਤੀ ਸਾਨੂੰ ਵਿਰਾਸਤ ਮਿਲਣ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਦਿੱਤੀ ਜਾਂਦੀ ਹੈ।” (ਅਫ਼. 1:13, 14) ਇਸ ਤਰ੍ਹਾਂ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਇਨ੍ਹਾਂ ਮਸੀਹੀਆਂ ਨੂੰ ਸਾਫ਼-ਸਾਫ਼ ਦੱਸ ਦਿੰਦਾ ਹੈ ਕਿ ਉਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ। ਇਸ ਤਰੀਕੇ ਨਾਲ ਪਵਿੱਤਰ ਸ਼ਕਤੀ “ਪਹਿਲਾਂ ਬਿਆਨੇ ਦੇ ਤੌਰ” ʼਤੇ ਕੰਮ ਕਰਦੀ ਹੈ ਯਾਨੀ ਉਨ੍ਹਾਂ ਨੂੰ ਸਬੂਤ ਦਿੰਦੀ ਹੈ ਕਿ ਉਹ ਭਵਿੱਖ ਵਿਚ ਧਰਤੀ ʼਤੇ ਰਹਿਣ ਦੀ ਬਜਾਇ ਸਵਰਗ ਵਿਚ ਹਮੇਸ਼ਾ ਲਈ ਰਹਿਣਗੇ।—2 ਕੁਰਿੰਥੀਆਂ 1:21, 22; 5:5 ਪੜ੍ਹੋ।
7. ਹਰ ਚੁਣੇ ਹੋਏ ਮਸੀਹੀ ਨੂੰ ਸਵਰਗੀ ਇਨਾਮ ਪਾਉਣ ਲਈ ਕੀ ਕਰਨਾ ਚਾਹੀਦਾ ਹੈ?
7 ਜਦੋਂ ਇਕ ਮਸੀਹੀ ਨੂੰ ਚੁਣਿਆ ਜਾਂਦਾ ਹੈ, ਤਾਂ ਕੀ ਇਸ ਦਾ ਮਤਲਬ ਹੈ ਕਿ ਉਸ ਨੂੰ ਜ਼ਰੂਰ ਸਵਰਗੀ ਇਨਾਮ ਮਿਲੇਗਾ? ਨਹੀਂ। ਉਸ ਨੂੰ ਇਹ ਪੱਕਾ ਯਕੀਨ ਹੈ ਕਿ ਉਸ ਨੂੰ ਸਵਰਗੀ ਸੱਦਾ ਮਿਲਿਆ ਹੈ। ਪਰ ਉਸ ਨੂੰ ਇਹ ਇਨਾਮ ਤਾਂ ਹੀ ਮਿਲੇਗਾ ਜੇ ਉਹ ਯਹੋਵਾਹ ਦੇ ਵਫ਼ਾਦਾਰ ਰਹਿੰਦਾ ਹੈ। ਪਤਰਸ ਨੇ ਇਸ ਤਰੀਕੇ ਨਾਲ ਸਮਝਾਇਆ: “ਭਰਾਵੋ, ਕਿਉਂਕਿ ਤੁਹਾਨੂੰ ਪਰਮੇਸ਼ੁਰ ਨੇ ਚੁਣਿਆ ਹੈ ਅਤੇ ਤੁਹਾਨੂੰ ਸੱਦਾ ਦਿੱਤਾ ਹੈ, ਇਸ ਲਈ ਇਸ ਸੱਦੇ ਦੇ ਕਾਬਲ ਬਣੇ ਰਹਿਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ; ਜੇ ਤੁਸੀਂ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾਉਂਦੇ ਰਹੋਗੇ, ਤਾਂ ਤੁਸੀਂ ਕਦੀ ਵੀ ਅਸਫ਼ਲ ਨਹੀਂ ਹੋਵੋਗੇ। ਅਸਲ ਵਿਚ, ਇਹ ਗੁਣ ਵਧਾਉਂਦੇ ਰਹਿਣ ਕਰਕੇ ਤੁਹਾਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ ਜਾਵੇਗਾ।” (2 ਪਤ. 1:10, 11) ਇਸ ਲਈ ਹਰ ਚੁਣੇ ਹੋਏ ਮਸੀਹੀ ਨੂੰ ਵਫ਼ਾਦਾਰ ਬਣੇ ਰਹਿਣ ਲਈ ਜੱਦੋ-ਜਹਿਦ ਕਰਦੇ ਰਹਿਣਾ ਚਾਹੀਦਾ ਹੈ। ਭਾਵੇਂ ਕਿ ਉਸ ਨੂੰ ਸਵਰਗ ਜਾਣ ਦਾ ਸੱਦਾ ਮਿਲਿਆ ਹੈ, ਪਰ ਜੇ ਉਹ ਵਫ਼ਾਦਾਰ ਨਹੀਂ ਰਹਿੰਦਾ, ਤਾਂ ਇਸ ਸੱਦੇ ਦੀ ਕੋਈ ਅਹਿਮੀਅਤ ਨਹੀਂ ਰਹਿਣੀ।—ਇਬ. 3:1; ਪ੍ਰਕਾ. 2:10.
ਕਿਸੇ ਨੂੰ ਕਿਵੇਂ ਪਤਾ ਲੱਗਦਾ ਹੈ?
8, 9. (ੳ) ਬਹੁਤ ਸਾਰੇ ਲੋਕਾਂ ਲਈ ਇਹ ਸਮਝਣਾ ਔਖਾ ਕਿਉਂ ਹੈ ਕਿ ਜਦੋਂ ਕਿਸੇ ਨੂੰ ਚੁਣਿਆ ਜਾਂਦਾ ਹੈ, ਤਾਂ ਉਸ ਨਾਲ ਕੀ ਹੁੰਦਾ ਹੈ? (ਅ) ਇਕ ਇਨਸਾਨ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ?
8 ਅੱਜ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਲਈ ਸ਼ਾਇਦ ਇਹ ਸਮਝਣਾ ਔਖਾ ਹੋਵੇ ਕਿ ਜਦੋਂ ਕਿਸੇ ਨੂੰ ਚੁਣਿਆ ਜਾਂਦਾ ਹੈ, ਤਾਂ ਉਸ ਨਾਲ ਕੀ ਹੁੰਦਾ ਹੈ। ਉਨ੍ਹਾਂ ਨੂੰ ਇਹ ਗੱਲ ਇਸ ਲਈ ਸਮਝਣੀ ਔਖੀ ਲੱਗਦੀ ਹੈ ਕਿਉਂਕਿ ਉਨ੍ਹਾਂ ਨੂੰ ਚੁਣਿਆ ਨਹੀਂ ਗਿਆ। ਪਰਮੇਸ਼ੁਰ ਦਾ ਮਕਸਦ ਸੀ ਕਿ ਇਨਸਾਨ ਧਰਤੀ ʼਤੇ ਰਹਿਣ, ਨਾ ਕਿ ਸਵਰਗ ਵਿਚ। (ਉਤ. 1:28; ਜ਼ਬੂ. 37:29) ਪਰ ਯਹੋਵਾਹ ਨੇ ਕੁਝ ਜਣਿਆਂ ਨੂੰ ਸਵਰਗ ਵਿਚ ਰਾਜੇ ਅਤੇ ਪੁਜਾਰੀ ਬਣਨ ਲਈ ਚੁਣਿਆ ਹੈ। ਸੋ ਜਦੋਂ ਉਹ ਉਨ੍ਹਾਂ ਨੂੰ ਚੁਣਦਾ ਹੈ, ਤਾਂ ਉਨ੍ਹਾਂ ਦੀ ਉਮੀਦ ਅਤੇ ਸੋਚ ਬਦਲ ਜਾਂਦੀ ਹੈ।—ਅਫ਼ਸੀਆਂ 1:18 ਪੜ੍ਹੋ।
9 ਪਰ ਇਕ ਇਨਸਾਨ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ? ਗੌਰ ਕਰੋ ਕਿ ਪੌਲੁਸ ਨੇ ਰੋਮ ਵਿਚ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਕੀ ਕਿਹਾ ਜਿਨ੍ਹਾਂ ਨੂੰ “ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ” ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦੀ ਸ਼ਕਤੀ ਸਾਨੂੰ ਦੁਬਾਰਾ ਗ਼ੁਲਾਮ ਅਤੇ ਡਰਪੋਕ ਨਹੀਂ ਬਣਾਉਂਦੀ, ਸਗੋਂ ਇਸ ਸ਼ਕਤੀ ਦੇ ਜ਼ਰੀਏ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾਂਦਾ ਹੈ ਅਤੇ ਇਹ ਸ਼ਕਤੀ ਸਾਨੂੰ ‘ਅੱਬਾ, ਹੇ ਪਿਤਾ!’ ਪੁਕਾਰਨ ਲਈ ਪ੍ਰੇਰਦੀ ਹੈ। ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।” (ਰੋਮੀ. 1:7; 8:15, 16) ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਫ਼-ਸਾਫ਼ ਦੱਸ ਦਿੰਦਾ ਹੈ ਕਿ ਕਿਸ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਗਿਆ ਹੈ।—1 ਥੱਸ. 2:12.
10. ਪਹਿਲਾ ਯੂਹੰਨਾ 2:27 ਵਿਚ ਲਿਖਿਆ ਹੈ ਕਿ ਕਿਸੇ ਨੂੰ ਚੁਣੇ ਹੋਏ ਮਸੀਹੀ ਨੂੰ ਸਿਖਾਉਣ ਦੀ ਲੋੜ ਨਹੀਂ ਹੈ। ਇਸ ਦਾ ਕੀ ਮਤਲਬ ਹੈ?
10 ਜਿਨ੍ਹਾਂ ਨੂੰ ਯਹੋਵਾਹ ਸਵਰਗ ਜਾਣ ਦਾ ਸੱਦਾ ਦਿੰਦਾ ਹੈ, ਉਹ ਉਨ੍ਹਾਂ ਨੂੰ ਖ਼ੁਦ ਭਰੋਸਾ ਦਿਵਾਉਂਦਾ ਹੈ ਕਿ ਉਹ ਚੁਣੇ ਹੋਏ ਹਨ। ਕਿਸੇ ਹੋਰ ਨੂੰ ਉਨ੍ਹਾਂ ਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਹੁੰਦੀ। ਯੂਹੰਨਾ ਰਸੂਲ ਨੇ ਚੁਣੇ ਹੋਏ ਮਸੀਹੀਆਂ ਨੂੰ ਲਿਖਿਆ: “ਤੁਹਾਨੂੰ ਪਵਿੱਤਰ ਪਰਮੇਸ਼ੁਰ ਨੇ ਚੁਣਿਆ ਹੈ ਤੇ ਤੁਹਾਨੂੰ ਸਾਰਿਆਂ ਨੂੰ ਸੱਚਾਈ ਦਾ ਗਿਆਨ ਹੈ।” ਉਸ ਨੇ ਇਹ ਵੀ ਲਿਖਿਆ: “ਜਿੱਥੋਂ ਤਕ ਤੁਹਾਡੀ ਗੱਲ ਹੈ, ਪਰਮੇਸ਼ੁਰ ਨੇ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਚੁਣਿਆ ਹੈ ਅਤੇ ਇਹ ਸ਼ਕਤੀ ਤੁਹਾਡੇ ਵਿਚ ਰਹਿੰਦੀ ਹੈ। ਤੁਹਾਨੂੰ ਇਹ ਲੋੜ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ, ਕਿਉਂਕਿ ਇਹ ਸ਼ਕਤੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਉਂਦੀ ਹੈ। ਉਸ ਦੀ ਸ਼ਕਤੀ ਸੱਚੀ ਹੈ, ਝੂਠੀ ਨਹੀਂ; ਜਿਵੇਂ ਇਸ ਸ਼ਕਤੀ ਨੇ ਤੁਹਾਨੂੰ ਸਿਖਾਇਆ ਹੈ, ਉਸ ਨਾਲ ਏਕਤਾ ਵਿਚ ਬੱਝੇ ਰਹੋ।” (1 ਯੂਹੰ. 2:20, 27) ਚੁਣੇ ਹੋਏ ਮਸੀਹੀਆਂ ਨੂੰ ਵੀ ਬਾਕੀ ਮਸੀਹੀਆਂ ਵਾਂਗ ਪਰਮੇਸ਼ੁਰ ਤੋਂ ਸਿੱਖਣ ਦੀ ਲੋੜ ਹੈ। ਪਰ ਉਨ੍ਹਾਂ ਨੂੰ ਕਿਸੇ ਹੋਰ ਤੋਂ ਇਹ ਗੱਲ ਪੱਕੀ ਕਰਨ ਦੀ ਲੋੜ ਨਹੀਂ ਕਿ ਉਨ੍ਹਾਂ ਨੂੰ ਚੁਣਿਆ ਗਿਆ ਹੈ। ਯਹੋਵਾਹ ਨੇ ਸਭ ਤੋਂ ਸ਼ਕਤੀਸ਼ਾਲੀ ਤਾਕਤ ਯਾਨੀ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਨੂੰ ਇਹ ਗੱਲ ਸਾਫ਼-ਸਾਫ਼ ਦੱਸੀ ਹੈ।
ਉਨ੍ਹਾਂ ਦਾ “ਦੁਬਾਰਾ ਜਨਮ” ਹੋਇਆ
11, 12. ਇਕ ਚੁਣਿਆ ਹੋਇਆ ਮਸੀਹੀ ਸ਼ਾਇਦ ਕੀ ਸੋਚੇ, ਪਰ ਉਸ ਨੂੰ ਕਿਸ ਗੱਲ ਦਾ ਸ਼ੱਕ ਨਹੀਂ ਹੁੰਦਾ?
11 ਜਦੋਂ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਜਾਂਦਾ ਹੈ, ਤਾਂ ਉਹ ਬਹੁਤ ਬਦਲ ਜਾਂਦੇ ਹਨ। ਯਿਸੂ ਨੇ ਇਸ ਬਾਰੇ ਕਿਹਾ ਸੀ ਕਿ ਉਨ੍ਹਾਂ ਦਾ “ਦੁਬਾਰਾ ਜਨਮ” ਹੁੰਦਾ ਹੈ ਜਾਂ ਉਹ “ਨਵੀਂ ਜ਼ਿੰਦਗੀ ਸ਼ੁਰੂ” ਕਰਦੇ ਹਨ। (ਯੂਹੰ. 3:3, 5; ਫੁਟਨੋਟ) ਫਿਰ ਉਸ ਨੇ ਸਮਝਾਇਆ: “ਮੇਰੀ ਇਸ ਗੱਲ ਤੋਂ ਹੈਰਾਨ ਨਾ ਹੋ ਕਿ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਜਨਮ ਲੈਣਾ ਪਵੇਗਾ। ਹਵਾ ਜਿੱਧਰ ਨੂੰ ਚਾਹੁੰਦੀ ਹੈ, ਉੱਧਰ ਨੂੰ ਵਗਦੀ ਹੈ, ਅਤੇ ਤੂੰ ਇਸ ਦੀ ਆਵਾਜ਼ ਸੁਣਦਾ ਹੈਂ, ਪਰ ਤੈਨੂੰ ਪਤਾ ਨਹੀਂ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਇਸੇ ਤਰ੍ਹਾਂ ਇਹ ਸਮਝਣਾ ਵੀ ਔਖਾ ਹੈ ਕਿ ਕੋਈ ਇਨਸਾਨ ਕਿਵੇਂ ਪਵਿੱਤਰ ਸ਼ਕਤੀ ਨਾਲ ਜਨਮ ਲੈਂਦਾ ਹੈ।” (ਯੂਹੰ. 3:7, 8) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਕ ਚੁਣੇ ਹੋਏ ਮਸੀਹੀ ਲਈ ਧਰਤੀ ʼਤੇ ਰਹਿਣ ਵਾਲੇ ਮਸੀਹੀ ਨੂੰ ਪੂਰੀ ਤਰ੍ਹਾਂ ਇਹ ਸਮਝਾਉਣਾ ਔਖਾ ਹੈ ਕਿ ਚੁਣੇ ਜਾਣ ਤੋਂ ਬਾਅਦ ਕਿਵੇਂ ਲੱਗਦਾ ਹੈ।
12 ਇਕ ਚੁਣਿਆ ਹੋਇਆ ਮਸੀਹੀ ਸ਼ਾਇਦ ਸੋਚੇ, ‘ਯਹੋਵਾਹ ਨੇ ਮੈਨੂੰ ਹੀ ਕਿਉਂ ਚੁਣਿਆ ਤੇ ਕਿਸੇ ਹੋਰ ਨੂੰ ਕਿਉਂ ਨਹੀਂ?’ ਉਹ ਸ਼ਾਇਦ ਸੋਚੇ ਕਿ ਉਹ ਇਹ ਜ਼ਿੰਮੇਵਾਰੀ ਲੈਣ ਦੇ ਕਾਬਲ ਹੈ ਜਾਂ ਨਹੀਂ। ਪਰ ਉਹ ਇਸ ਗੱਲ ʼਤੇ ਸ਼ੱਕ ਨਹੀਂ ਕਰਦਾ ਕਿ ਯਹੋਵਾਹ ਨੇ ਉਸ ਨੂੰ ਚੁਣਿਆ ਹੈ। ਇਸ ਦੀ ਬਜਾਇ, ਉਹ ਬਹੁਤ ਜ਼ਿਆਦਾ ਖ਼ੁਸ਼ ਹੁੰਦਾ ਹੈ ਅਤੇ ਉਹ ਇਸ ਦਾਤ ਲਈ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹੁੰਦਾ ਹੈ। ਚੁਣੇ ਹੋਏ ਮਸੀਹੀ ਪਤਰਸ ਵਾਂਗ ਮਹਿਸੂਸ ਕਰਦੇ ਹਨ ਜਦੋਂ ਉਸ ਨੇ ਕਿਹਾ: “ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ, ਜਿਸ ਨੇ ਆਪਣੀ ਬੇਅੰਤ ਦਇਆ ਸਦਕਾ ਸਾਨੂੰ ਨਵੇਂ ਸਿਰਿਓਂ ਜਨਮ ਦਿੱਤਾ ਅਤੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਨੂੰ ਪੱਕੀ ਉਮੀਦ ਦਿੱਤੀ ਹੈ, ਤਾਂਕਿ ਅਸੀਂ ਇਸ ਨਵੇਂ ਜਨਮ ਕਰਕੇ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲਾ ਜੀਵਨ ਪਾਈਏ। ਇਹ ਜੀਵਨ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖਿਆ ਹੋਇਆ ਹੈ।” (1 ਪਤ. 1:3, 4) ਬਿਨਾਂ ਸ਼ੱਕ ਇਹ ਸ਼ਬਦ ਪੜ੍ਹਦਿਆਂ ਚੁਣੇ ਹੋਏ ਮਸੀਹੀ ਜਾਣਦੇ ਹਨ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਨਾਲ ਗੱਲ ਕਰ ਰਿਹਾ ਹੈ।
13. ਪਵਿੱਤਰ ਸ਼ਕਤੀ ਰਾਹੀਂ ਚੁਣੇ ਜਾਣ ʼਤੇ ਇਕ ਇਨਸਾਨ ਕੀ ਸੋਚਣਾ ਛੱਡ ਦਿੰਦਾ ਹੈ ਅਤੇ ਉਸ ਦੀ ਸੋਚ ਕਿਉਂ ਬਦਲ ਜਾਂਦੀ ਹੈ?
13 ਯਹੋਵਾਹ ਵੱਲੋਂ ਸਵਰਗ ਜਾਣ ਦਾ ਸੱਦਾ ਮਿਲਣ ਤੋਂ ਪਹਿਲਾਂ ਇਹ ਮਸੀਹੀ ਧਰਤੀ ʼਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਦੇ ਸਨ। ਉਹ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਯਹੋਵਾਹ ਇਸ ਧਰਤੀ ਤੋਂ ਸਾਰੀ ਬੁਰਾਈ ਨੂੰ ਖ਼ਤਮ ਕਰ ਕੇ ਸੋਹਣੀ ਬਣਾ ਦੇਵੇਗਾ। ਉਹ ਸ਼ਾਇਦ ਸੋਚਦੇ ਹੁੰਦੇ ਸਨ ਕਿ ਉਹ ਆਪਣੇ ਮਰ ਚੁੱਕੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਦਾ ਸੁਆਗਤ ਕਰਨਗੇ। ਨਾਲੇ ਉਹ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਉਹ ਆਪਣੇ ਘਰ ਬਣਾਉਣਗੇ ਜਾਂ ਆਪਣੇ ਬਾਗ਼ ਲਾਉਣਗੇ ਤੇ ਉਨ੍ਹਾਂ ਦਾ ਫਲ ਖਾਣਗੇ। (ਯਸਾ. 65:21-23) ਉਨ੍ਹਾਂ ਦੀ ਸੋਚ ਕਿਉਂ ਬਦਲ ਗਈ? ਕੀ ਉਨ੍ਹਾਂ ਦੀ ਸੋਚ ਇਸ ਲਈ ਬਦਲ ਗਈ ਕਿਉਂਕਿ ਉਹ ਨਿਰਾਸ਼ ਸਨ ਜਾਂ ਬਹੁਤ ਸਾਰੇ ਦੁੱਖ ਝੱਲ ਰਹੇ ਸਨ? ਕੀ ਉਨ੍ਹਾਂ ਨੇ ਸੋਚਿਆ ਕਿ ਧਰਤੀ ʼਤੇ ਹਮੇਸ਼ਾ ਰਹਿ ਕੇ ਉਹ ਅੱਕ ਜਾਣਗੇ? ਜਾਂ ਉਹ ਸਵਰਗ ਵਿਚ ਰਹਿ ਕੇ ਦੇਖਣਾ ਚਾਹੁੰਦੇ ਹਨ ਕਿ ਉੱਥੇ ਰਹਿਣਾ ਕਿੱਦਾਂ ਦਾ ਹੋਵੇਗਾ? ਨਹੀਂ। ਇਸ ਦੀ ਬਜਾਇ, ਪਰਮੇਸ਼ੁਰ ਨੇ ਉਨ੍ਹਾਂ ਲਈ ਸਵਰਗ ਵਿਚ ਰਹਿਣ ਦਾ ਫ਼ੈਸਲਾ ਕੀਤਾ। ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸੱਦਾ ਦਿੱਤਾ, ਤਾਂ ਉਸ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਦੀ ਸੋਚ ਅਤੇ ਉਮੀਦ ਬਦਲ ਦਿੱਤੀ।
14. ਚੁਣੇ ਹੋਏ ਮਸੀਹੀ ਧਰਤੀ ʼਤੇ ਆਪਣੀ ਜ਼ਿੰਦਗੀ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
14 ਸੋ ਕੀ ਇਸ ਦਾ ਇਹ ਮਤਲਬ ਹੈ ਕਿ ਚੁਣੇ ਹੋਏ ਮਸੀਹੀ ਮਰਨਾ ਚਾਹੁੰਦੇ ਹਨ? ਪੌਲੁਸ ਨੇ ਸਮਝਾਇਆ ਕਿ ਚੁਣੇ ਹੋਏ ਮਸੀਹੀ ਕਿੱਦਾਂ ਮਹਿਸੂਸ ਕਰਦੇ ਹਨ। ਉਸ ਨੇ ਉਨ੍ਹਾਂ ਦੇ ਸਰੀਰਾਂ ਦੀ ਤੁਲਨਾ “ਤੰਬੂ” ਨਾਲ ਕਰਦੇ ਹੋਏ ਕਿਹਾ: “ਅਸਲ ਵਿਚ ਅਸੀਂ ਇਸ ਤੰਬੂ ਵਿਚ ਹਉਕੇ ਭਰਦੇ ਹਾਂ ਅਤੇ ਭਾਰੇ ਬੋਝ ਹੇਠ ਦੱਬੇ ਹੋਏ ਹਾਂ; ਇਹ ਨਹੀਂ ਹੈ ਕਿ ਅਸੀਂ ਇਸ ਤੰਬੂ ਨੂੰ ਲਾਹੁਣਾ ਚਾਹੁੰਦੇ ਹਾਂ, ਸਗੋਂ ਅਸੀਂ ਸਵਰਗੀ ਘਰ ਨੂੰ ਪਾਉਣਾ ਚਾਹੁੰਦੇ ਹਾਂ ਤਾਂਕਿ ਹਮੇਸ਼ਾ ਦੀ ਜ਼ਿੰਦਗੀ ਮਰਨਹਾਰ ਜ਼ਿੰਦਗੀ ਦੀ ਜਗ੍ਹਾ ਲੈ ਲਵੇ।” (2 ਕੁਰਿੰ. 5:4) ਇਹ ਮਸੀਹੀ ਮਰਨਾ ਨਹੀਂ ਚਾਹੁੰਦੇ। ਇਸ ਤੋਂ ਉਲਟ, ਇਹ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਹਰ ਦਿਨ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਚਾਹੇ ਉਹ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰ ਰਹੇ ਹਨ, ਫਿਰ ਵੀ ਉਹ ਆਪਣੇ ਸਵਰਗੀ ਇਨਾਮ ਨੂੰ ਯਾਦ ਰੱਖਦੇ ਹਨ।—1 ਕੁਰਿੰ. 15:53; 2 ਪਤ. 1:4; 1 ਯੂਹੰ. 3:2, 3; ਪ੍ਰਕਾ. 20:6.
ਕੀ ਯਹੋਵਾਹ ਨੇ ਤੁਹਾਨੂੰ ਸੱਦਾ ਦਿੱਤਾ ਹੈ?
15. ਕਿਹੜੀਆਂ ਗੱਲਾਂ ਤੋਂ ਸਬੂਤ ਨਹੀਂ ਮਿਲਦਾ ਕਿ ਇਕ ਇਨਸਾਨ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ?
15 ਸ਼ਾਇਦ ਤੁਸੀਂ ਸੋਚ ਰਹੇ ਹੋਵੋ ਕਿ ਯਹੋਵਾਹ ਨੇ ਤੁਹਾਨੂੰ ਸਵਰਗ ਜਾਣ ਦਾ ਸੱਦਾ ਦਿੱਤਾ ਹੈ। ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਇਨ੍ਹਾਂ ਅਹਿਮ ਸਵਾਲਾਂ ਬਾਰੇ ਸੋਚੋ: ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਚਾਰ ਲਈ ਤੁਹਾਡੇ ਵਿਚ ਬਾਕੀਆਂ ਨਾਲੋਂ ਜ਼ਿਆਦਾ ਜੋਸ਼ ਹੈ? ਕੀ ਤੁਸੀਂ ਵਾਕਈ ਬਾਈਬਲ ਦੀ ਸਟੱਡੀ ਕਰਨ ਅਤੇ “ਡੂੰਘੇ ਭੇਤਾਂ” ਬਾਰੇ ਸਿੱਖਣ ਦਾ ਆਨੰਦ ਲੈਂਦੇ ਹੋ? (1 ਕੁਰਿੰ. 2:10) ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਪ੍ਰਚਾਰ ਦੇ ਕੰਮ ʼਤੇ ਜ਼ਿਆਦਾ ਬਰਕਤ ਪਾਈ ਹੈ? ਕੀ ਤੁਸੀਂ ਹੋਰ ਕੰਮਾਂ ਨਾਲੋਂ ਜ਼ਿਆਦਾ ਯਹੋਵਾਹ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹੋ? ਕੀ ਤੁਸੀਂ ਦੂਜਿਆਂ ਨੂੰ ਸੱਚਾਈ ਸਿਖਾਉਣ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋ? ਕੀ ਤੁਸੀਂ ਦੇਖਿਆ ਹੈ ਕਿ ਯਹੋਵਾਹ ਨੇ ਖ਼ਾਸ ਤਰੀਕਿਆਂ ਨਾਲ ਤੁਹਾਡੀ ਮਦਦ ਕੀਤੀ ਹੈ? ਜੇ ਤੁਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਹਾਂ ਵਿਚ ਦਿੰਦੇ ਹੋ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਸਵਰਗ ਜਾਣ ਦਾ ਸੱਦਾ ਮਿਲਿਆ ਹੈ? ਬਿਲਕੁਲ ਨਹੀਂ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਸਾਰੇ ਸੇਵਕ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਭਾਵੇਂ ਕਿ ਉਹ ਚੁਣੇ ਹੋਏ ਹੋਣ ਜਾਂ ਨਹੀਂ। ਨਾਲੇ ਯਹੋਵਾਹ ਸਾਰਿਆਂ ਨੂੰ ਇੱਕੋ ਜਿਹੀ ਪਵਿੱਤਰ ਸ਼ਕਤੀ ਦੇ ਸਕਦਾ ਹੈ, ਚਾਹੇ ਉਹ ਜਿਹੜੇ ਮਰਜ਼ੀ ਇਨਾਮ ਦੀ ਉਮੀਦ ਰੱਖਦੇ ਹੋਣ। ਦਰਅਸਲ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸਵਰਗ ਜਾਓਗੇ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਸੱਦਾ ਨਹੀਂ ਮਿਲਿਆ ਹੈ। ਜਿਨ੍ਹਾਂ ਨੂੰ ਯਹੋਵਾਹ ਦੁਆਰਾ ਚੁਣਿਆ ਜਾਂਦਾ ਹੈ, ਉਹ ਇਸ ਬਾਰੇ ਸੋਚਦੇ ਨਹੀਂ ਹਨ। ਉਨ੍ਹਾਂ ਨੂੰ ਪੱਕਾ ਯਕੀਨ ਹੁੰਦਾ ਹੈ।
16. ਸਾਨੂੰ ਕਿਵੇਂ ਪਤਾ ਹੈ ਕਿ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲਦੀ ਹੈ, ਉਨ੍ਹਾਂ ਸਾਰਿਆਂ ਨੂੰ ਸਵਰਗ ਜਾਣ ਦਾ ਸੱਦਾ ਨਹੀਂ ਮਿਲਦਾ?
16 ਬਾਈਬਲ ਵਿਚ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਪਵਿੱਤਰ ਸ਼ਕਤੀ ਦਿੱਤੀ ਸੀ, ਪਰ ਉਹ ਸਵਰਗ ਨਹੀਂ ਗਏ। ਇਕ ਮਿਸਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੈ। ਯਿਸੂ ਨੇ ਕਿਹਾ ਕਿ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਉਸ ਨੇ ਇਹ ਵੀ ਕਿਹਾ ਕਿ ਯੂਹੰਨਾ ਸਵਰਗ ਵਿਚ ਰਾਜੇ ਵਜੋਂ ਰਾਜ ਨਹੀਂ ਕਰੇਗਾ। (ਮੱਤੀ 11:10, 11) ਦਾਊਦ ਦੀ ਵੀ ਪਵਿੱਤਰ ਸ਼ਕਤੀ ਰਾਹੀਂ ਅਗਵਾਈ ਕੀਤੀ ਗਈ। (1 ਸਮੂ. 16:13) ਪਵਿੱਤਰ ਸ਼ਕਤੀ ਨੇ ਉਸ ਦੀ ਯਹੋਵਾਹ ਬਾਰੇ ਡੂੰਘੀਆਂ ਗੱਲਾਂ ਜਾਣਨ ਅਤੇ ਬਾਈਬਲ ਦੇ ਹਿੱਸੇ ਲਿਖਣ ਵਿਚ ਮਦਦ ਕੀਤੀ। (ਮਰ. 12:36) ਫਿਰ ਵੀ ਪਤਰਸ ਰਸੂਲ ਨੇ ਕਿਹਾ ਕਿ ਦਾਊਦ “ਸਵਰਗ ਨੂੰ ਨਹੀਂ ਗਿਆ।” (ਰਸੂ. 2:34) ਯਹੋਵਾਹ ਨੇ ਪਵਿੱਤਰ ਸ਼ਕਤੀ ਦੇ ਕੇ ਇਨ੍ਹਾਂ ਤੋਂ ਬਹੁਤ ਵੱਡੇ-ਵੱਡੇ ਕੰਮ ਕਰਾਏ, ਪਰ ਉਸ ਨੇ ਇਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਵਰਗ ਜਾਣ ਦਾ ਸੱਦਾ ਨਹੀਂ ਦਿੱਤਾ ਸੀ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਸਵਰਗ ਵਿਚ ਰਾਜ ਕਰਨ ਦੇ ਲਾਇਕ ਨਹੀਂ ਸਨ? ਨਹੀਂ। ਸਗੋਂ ਇਸ ਦਾ ਮਤਲਬ ਹੈ ਕਿ ਯਹੋਵਾਹ ਉਨ੍ਹਾਂ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕਰੇਗਾ।—ਯੂਹੰ. 5:28, 29; ਰਸੂ. 24:15.
17, 18. (ੳ) ਅੱਜ ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕ ਕਿਸ ਇਨਾਮ ਨੂੰ ਲੈਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ? (ਅ) ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
17 ਅੱਜ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਸਵਰਗ ਨਹੀਂ ਜਾਣਗੇ। ਸਗੋਂ ਉਹ ਅਬਰਾਹਾਮ, ਦਾਊਦ, ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਬਾਈਬਲ ਜ਼ਮਾਨੇ ਦੇ ਬਹੁਤ ਸਾਰੇ ਆਦਮੀ ਤੇ ਔਰਤਾਂ ਵਾਂਗ ਧਰਤੀ ʼਤੇ ਰਹਿਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਸ ਸਮੇਂ ਸਾਰੀ ਧਰਤੀ ʼਤੇ ਪਰਮੇਸ਼ੁਰ ਦੀ ਹਕੂਮਤ ਹੋਵੇਗੀ। (ਇਬ. 11:10) ਇਸ ਆਖ਼ਰੀ ਸਮੇਂ ਦੌਰਾਨ ਕੁਝ ਹੀ ਚੁਣੇ ਹੋਏ ਧਰਤੀ ʼਤੇ ਹਨ। (ਪ੍ਰਕਾ. 12:17) ਇਸ ਦਾ ਮਤਲਬ ਹੈ ਕਿ 1,44,000 ਵਿੱਚੋਂ ਜ਼ਿਆਦਾਤਰ ਮਸੀਹੀ ਮਰ ਕੇ ਸਵਰਗ ਜਾ ਚੁੱਕੇ ਹਨ।
18 ਪਰ ਜੇ ਕੋਈ ਕਹਿੰਦਾ ਹੈ ਕਿ ਉਹ ਚੁਣਿਆ ਹੋਇਆ ਹੈ, ਤਾਂ ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਉਸ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਜੇ ਤੁਹਾਡੀ ਮੰਡਲੀ ਵਿਚ ਕੋਈ ਮੈਮੋਰੀਅਲ ʼਤੇ ਰੋਟੀ ਖਾਣੀ ਤੇ ਦਾਖਰਸ ਪੀਣਾ ਸ਼ੁਰੂ ਕਰ ਦਿੰਦਾ ਹੈ, ਤਾਂ ਤੁਹਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਨਾਲੇ ਕੀ ਸਾਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਵਧ ਰਹੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।