ਇਹ ਮੁਕਤੀ ਦਾ ਦਿਨ ਹੈ!
“ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!”—2 ਕੁਰਿੰਥੀਆਂ 6:2.
1. ਪਰਮੇਸ਼ੁਰ ਅਤੇ ਮਸੀਹ ਦੇ ਸਾਮ੍ਹਣੇ ਪ੍ਰਵਾਨ ਹੋਣ ਲਈ ਕਿਸ ਚੀਜ਼ ਦੀ ਲੋੜ ਹੈ?
ਯਹੋਵਾਹ ਨੇ ਮਨੁੱਖਜਾਤੀ ਲਈ ਨਿਆਉਂ ਦਾ ਦਿਨ ਠਹਿਰਾਇਆ ਹੈ। (ਰਸੂਲਾਂ ਦੇ ਕਰਤੱਬ 17:31) ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੇ ਲਈ ਮੁਕਤੀ ਦਾ ਦਿਨ ਹੋਵੇ, ਤਾਂ ਸਾਨੂੰ ਉਸ ਨਾਲ ਅਤੇ ਉਸ ਦੇ ਨਿਯੁਕਤ ਨਿਆਂਕਾਰ, ਯਿਸੂ ਮਸੀਹ ਦੇ ਸਾਮ੍ਹਣੇ ਪ੍ਰਵਾਨ ਹੋਣ ਦੀ ਲੋੜ ਹੈ। (ਯੂਹੰਨਾ 5:22) ਅਜਿਹੀ ਸਥਿਤੀ ਅਜਿਹੇ ਚਾਲ-ਚੱਲਣ ਦੀ ਮੰਗ ਕਰਦੀ ਹੈ ਜੋ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਹੈ। ਅਤੇ ਇਹ ਅਜਿਹੀ ਨਿਹਚਾ ਦੀ ਮੰਗ ਕਰਦੀ ਹੈ ਜੋ ਸਾਨੂੰ ਦੂਜਿਆਂ ਦੀ ਯਿਸੂ ਦੇ ਸੱਚੇ ਚੇਲੇ ਬਣਨ ਦੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ।
2. ਮਨੁੱਖਜਾਤੀ ਦਾ ਸੰਸਾਰ ਪਰਮੇਸ਼ੁਰ ਤੋਂ ਅੱਡ ਕਿਉਂ ਹੋਇਆ ਹੈ?
2 ਵਿਰਸੇ ਵਿਚ ਮਿਲੇ ਪਾਪ ਕਰਕੇ, ਮਨੁੱਖਜਾਤੀ ਦਾ ਸੰਸਾਰ ਪਰਮੇਸ਼ੁਰ ਤੋਂ ਅੱਡ ਹੋਇਆ ਹੈ। (ਰੋਮੀਆਂ 5:12; ਅਫ਼ਸੀਆਂ 4:17, 18) ਇਸ ਲਈ, ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ ਉਹ ਸਿਰਫ਼ ਪਰਮੇਸ਼ੁਰ ਨਾਲ ਮੇਲ ਮਿਲਾਪ ਦੁਆਰਾ ਹੀ ਮੁਕਤੀ ਪਾ ਸਕਦੇ ਹਨ। ਰਸੂਲ ਪੌਲੁਸ ਨੇ ਕੁਰਿੰਥੁਸ ਵਿਚ ਮਸੀਹੀਆਂ ਨੂੰ ਲਿਖਦੇ ਹੋਏ ਇਹ ਗੱਲ ਸਪੱਸ਼ਟ ਕੀਤੀ। ਇਹ ਦੇਖਣ ਲਈ ਕਿ ਪੌਲੁਸ ਨੇ ਨਿਆਉਂ, ਪਰਮੇਸ਼ੁਰ ਨਾਲ ਮੇਲ ਮਿਲਾਪ, ਅਤੇ ਮੁਕਤੀ ਬਾਰੇ ਕੀ ਕਿਹਾ ਸੀ, ਆਓ ਅਸੀਂ 2 ਕੁਰਿੰਥੀਆਂ 5:10-6:10 ਦੀ ਜਾਂਚ ਕਰੀਏ।
‘ਅਸੀਂ ਮਨੁੱਖਾਂ ਨੂੰ ਮਨਾਉਂਦੇ ਹਾਂ’
3. ਪੌਲੁਸ ਕਿਸ ਤਰ੍ਹਾਂ ‘ਮਨੁੱਖਾਂ ਨੂੰ ਮਨਾਉਂਦਾ ਰਿਹਾ’ ਅਤੇ ਅੱਜ ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?
3 ਪੌਲੁਸ ਨੇ ਨਿਆਉਂ ਦਾ ਸੰਬੰਧ ਪ੍ਰਚਾਰ ਨਾਲ ਜੋੜਿਆ ਜਦੋਂ ਉਸ ਨੇ ਲਿਖਿਆ: “ਅਸਾਂ ਸਭਨਾਂ ਨੇ ਮਸੀਹ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਪਰਗਟ ਹੋਣਾ ਹੈ ਭਈ ਹਰੇਕ ਜੋ ਕੁਝ ਉਸ ਨੇ ਦੇਹੀ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹ ਦਾ ਫਲ ਭੋਗੇ। ਉਪਰੰਤ ਅਸੀਂ ਪ੍ਰਭੁ ਦਾ ਭੌ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ।” (2 ਕੁਰਿੰਥੀਆਂ 5:10, 11) ਰਸੂਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਰਾਹੀਂ ‘ਮਨੁੱਖਾਂ ਨੂੰ ਮਨਾਉਂਦਾ ਰਿਹਾ।’ ਸਾਡੇ ਬਾਰੇ ਕੀ? ਕਿਉਂ ਜੋ ਅਸੀਂ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਦਾ ਸਾਮ੍ਹਣਾ ਕਰਨ ਜਾ ਰਹੇ ਹਾਂ, ਸਾਨੂੰ ਦੂਜਿਆਂ ਨੂੰ ਉਹ ਕਦਮ ਚੁੱਕਣ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਯਿਸੂ ਵੱਲੋਂ ਚੰਗਾ ਨਿਆਉਂ ਅਤੇ ਮੁਕਤੀ ਦੇ ਸ੍ਰੋਤ, ਯਹੋਵਾਹ ਪਰਮੇਸ਼ੁਰ, ਦੀ ਪ੍ਰਵਾਨਗੀ ਹਾਸਲ ਕਰਨ ਲਈ ਲੋੜੀਂਦੇ ਹਨ।
4, 5. (ੳ) ਯਹੋਵਾਹ ਦੀ ਸੇਵਾ ਵਿਚ ਸਾਨੂੰ ਆਪਣੀਆਂ ਯੋਗਤਾਵਾਂ ਬਾਰੇ ਅਭਿਮਾਨ ਕਿਉਂ ਨਹੀਂ ਕਰਨਾ ਚਾਹੀਦਾ? (ਅ) ਪੌਲੁਸ ਨੇ “ਪ੍ਰਭੁ ਵਿੱਚ” ਅਭਿਮਾਨ ਕਿਸ ਤਰ੍ਹਾਂ ਕੀਤਾ ਸੀ?
4 ਲੇਕਿਨ, ਜੇਕਰ ਯਹੋਵਾਹ ਨੇ ਸਾਡੀ ਸੇਵਕਾਈ ਉੱਤੇ ਬਰਕਤ ਪਾਈ ਹੈ, ਤਾਂ ਸਾਨੂੰ ਅਭਿਮਾਨ ਨਹੀਂ ਕਰਨਾ ਚਾਹੀਦਾ। ਕੁਰਿੰਥੁਸ ਵਿਚ ਕੁਝ ਲੋਕ ਆਪਣਾ ਜਾਂ ਦੂਜੇ ਮਨੁੱਖਾਂ ਦਾ ਘਮੰਡ ਕਰਦੇ ਸਨ, ਅਤੇ ਇਸ ਕਰਕੇ ਕਲੀਸਿਯਾ ਵਿਚ ਫੁੱਟ ਪੈ ਗਈ। (1 ਕੁਰਿੰਥੀਆਂ 1:10-13; 3:3, 4) ਇਸ ਸਥਿਤੀ ਵੱਲ ਇਸ਼ਾਰਾ ਕਰਦੇ ਹੋਏ, ਪੌਲੁਸ ਨੇ ਲਿਖਿਆ: “ਅਸੀਂ ਫੇਰ ਆਪਣੀ ਸੋਭਾ ਤੁਹਾਡੇ ਅੱਗੇ ਨਹੀਂ ਕਰਦੇ ਸਗੋਂ ਤੁਹਾਨੂੰ ਸਾਡੇ ਵਿਖੇ ਅਭਮਾਨ ਕਰਨ ਦਾ ਵੇਲਾ ਦਿੰਦੇ ਤਾਂ ਜੋ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸੱਕੋ ਜਿਹੜੇ ਵਿਖਾਵੇ ਤੇ ਅਭਮਾਨ ਕਰਦੇ ਹਨ ਅਤੇ ਹਿਰਦੇ ਤੇ ਨਹੀਂ। ਅਸੀਂ ਭਾਵੇਂ ਬੇਸੁਰਤ ਹਾਂ ਤਾਂ ਪਰਮੇਸ਼ੁਰ ਦੇ ਲਈ ਹਾਂ ਭਾਵੇਂ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ।” (2 ਕੁਰਿੰਥੀਆਂ 5:12, 13) ਘਮੰਡੀ ਵਿਅਕਤੀ ਕਲੀਸਿਯਾ ਦੀ ਏਕਤਾ ਅਤੇ ਅਧਿਆਤਮਿਕ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ। ਪਰਮੇਸ਼ੁਰ ਦੇ ਅੱਗੇ ਸੰਗੀ ਵਿਸ਼ਵਾਸੀਆਂ ਨੂੰ ਚੰਗੇ ਦਿਲ ਵਿਕਸਿਤ ਕਰਨ ਵਿਚ ਮਦਦ ਦੇਣ ਦੀ ਬਜਾਇ ਉਹ ਬਾਹਰਲੇ ਦਿਖਾਵੇ ਤੇ ਅਭਿਮਾਨ ਕਰਨਾ ਚਾਹੁੰਦੇ ਸਨ। ਇਸ ਲਈ, ਪੌਲੁਸ ਨੇ ਕਲੀਸਿਯਾ ਨੂੰ ਝਿੜਕਿਆ ਅਤੇ ਬਾਅਦ ਵਿਚ ਕਿਹਾ: “ਜੋ ਕੋਈ ਅਭਮਾਨ ਕਰਦਾ ਹੈ ਸੋ ਪ੍ਰਭੁ [ਯਹੋਵਾਹ] ਵਿੱਚ ਅਭਮਾਨ ਕਰੇ।”—2 ਕੁਰਿੰਥੀਆਂ 10:17.
5 ਕੀ ਪੌਲੁਸ ਨੇ ਖ਼ੁਦ ਅਭਿਮਾਨ ਨਹੀਂ ਕੀਤਾ ਸੀ? ਜੋ ਉਸ ਨੇ ਰਸੂਲ ਹੋਣ ਬਾਰੇ ਕਿਹਾ ਸੀ, ਉਸ ਕਾਰਨ ਸ਼ਾਇਦ ਕੁਝ ਲੋਕ ਸੋਚਣ ਕਿ ਉਸ ਨੇ ਅਭਿਮਾਨ ਕੀਤਾ ਸੀ। ਲੇਕਿਨ ਉਸ ਨੂੰ “ਪ੍ਰਭੁ ਵਿੱਚ” ਅਭਿਮਾਨ ਕਰਨਾ ਪਿਆ। ਉਸ ਨੇ ਰਸੂਲ ਹੋਣ ਵਜੋਂ ਆਪਣੇ ਵਿਸ਼ਵਾਸ-ਪੱਤਰਾਂ ਬਾਰੇ ਅਭਿਮਾਨ ਕੀਤਾ ਤਾਂਕਿ ਕੁਰਿੰਥੀ ਲੋਕ ਯਹੋਵਾਹ ਨੂੰ ਨਾ ਛੱਡਣ। ਪੌਲੁਸ ਨੇ ਉਨ੍ਹਾਂ ਨੂੰ ਯਹੋਵਾਹ ਵੱਲ ਵਾਪਸ ਲਿਆਉਣ ਲਈ ਇਸ ਤਰ੍ਹਾਂ ਕੀਤਾ, ਕਿਉਂਕਿ ਝੂਠੇ ਰਸੂਲ ਉਨ੍ਹਾਂ ਨੂੰ ਗ਼ਲਤ ਰਾਹ ਵੱਲ ਮੋੜ ਰਹੇ ਸਨ। (2 ਕੁਰਿੰਥੀਆਂ 11:16-21; 12:11, 12, 19-21; 13:10) ਪਰ, ਪੌਲੁਸ ਹਮੇਸ਼ਾ ਆਪਣੀਆਂ ਯੋਗਤਾਵਾਂ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ।—ਕਹਾਉਤਾਂ 21:4.
ਕੀ ਮਸੀਹ ਦਾ ਪ੍ਰੇਮ ਤੁਹਾਨੂੰ ਮਜਬੂਰ ਕਰਦਾ ਹੈ?
6. ਮਸੀਹ ਦੇ ਪ੍ਰੇਮ ਨੂੰ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਨਾ ਚਾਹੀਦਾ ਹੈ?
6 ਇਕ ਸੱਚੇ ਰਸੂਲ ਵਜੋਂ, ਪੌਲੁਸ ਨੇ ਦੂਜਿਆਂ ਨੂੰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਬਾਰੇ ਸਿਖਾਇਆ। ਇਸ ਨੇ ਪੌਲੁਸ ਦੀ ਜ਼ਿੰਦਗੀ ਉੱਤੇ ਅਸਰ ਪਾਇਆ, ਕਿਉਂਕਿ ਉਸ ਨੇ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ ਇਸੇ ਕਰਕੇ ਸੱਭੇ ਮੋਏ। ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰਥੀਆਂ 5:14, 15) ਯਿਸੂ ਨੇ ਸਾਡੇ ਲਈ ਆਪਣੀ ਜਾਨ ਦੇ ਕੇ ਕਿੰਨਾ ਪ੍ਰੇਮ ਦਿਖਾਇਆ! ਬਿਨਾਂ ਸ਼ੱਕ ਇਹ ਸਾਡੇ ਜੀਵਨਾਂ ਵਿਚ ਇਕ ਜ਼ੋਰਦਾਰ ਪ੍ਰੇਰਣਾ ਹੋਣੀ ਚਾਹੀਦੀ ਹੈ। ਸਾਡੇ ਵਾਸਤੇ ਆਪਣਾ ਜੀਵਨ ਦੇਣ ਲਈ ਯਿਸੂ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਨੂੰ ਸਾਨੂੰ ਜੋਸ਼ੀਲੇ ਕੰਮ ਕਰਨ ਲਈ ਪ੍ਰੇਰਣਾ ਚਾਹੀਦਾ ਹੈ, ਖ਼ਾਸ ਕਰਕੇ ਉਸ ਮੁਕਤੀ ਦੀ ਖ਼ੁਸ਼ ਖ਼ਬਰੀ ਬਾਰੇ ਐਲਾਨ ਕਰਨ ਵਿਚ ਜਿਸ ਦਾ ਪ੍ਰਬੰਧ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਰਾਹੀਂ ਕੀਤਾ ਹੈ। (ਯੂਹੰਨਾ 3:16. ਜ਼ਬੂਰ 96:2 ਦੀ ਤੁਲਨਾ ਕਰੋ।) ਕੀ “ਮਸੀਹ ਦਾ ਪ੍ਰੇਮ” ਤੁਹਾਨੂੰ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਜੋਸ਼ੀਲਾ ਹਿੱਸਾ ਲੈਣ ਲਈ ਮਜਬੂਰ ਕਰ ਰਿਹਾ ਹੈ?—ਮੱਤੀ 28:19, 20.
7. ‘ਕਿਸੇ ਨੂੰ ਸਰੀਰ ਦੇ ਅਨੁਸਾਰ ਨਾ ਸਿਆਣਨ’ ਦਾ ਕੀ ਅਰਥ ਹੈ?
7 ਆਪਣੇ ਜੀਵਨ ਉਸ ਤਰ੍ਹਾਂ ਗੁਜ਼ਾਰ ਕੇ, ਜੋ ਉਨ੍ਹਾਂ ਿਨੱਮਿਤ ਮਸੀਹ ਦੇ ਕੀਤੇ ਕੰਮਾਂ ਲਈ ਸ਼ੁਕਰਗੁਜ਼ਾਰੀ ਦਿਖਾਉਂਦਾ ਹੈ, ਮਸਹ ਕੀਤੇ ਹੋਏ ‘ਹੁਣ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਂਦੇ ਹਨ।’ “ਸੋ,” ਪੌਲੁਸ ਕਹਿੰਦਾ, “ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ ਹਾਂ ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰਾਂ ਉਹ ਨੂੰ ਫੇਰ ਨਹੀਂ ਜਾਣਦੇ।” (2 ਕੁਰਿੰਥੀਆਂ 5:16) ਮਸੀਹੀਆਂ ਨੂੰ ਲੋਕਾਂ ਨੂੰ ਸਰੀਰਕ ਤੌਰ ਤੇ ਨਹੀਂ ਵਿਚਾਰਨਾ ਚਾਹੀਦਾ, ਸ਼ਾਇਦ ਯਹੂਦੀਆਂ ਨੂੰ ਗ਼ੈਰ-ਯਹੂਦੀਆਂ ਨਾਲੋਂ ਜਾਂ ਅਮੀਰਾਂ ਨੂੰ ਗ਼ਰੀਬਾਂ ਨਾਲੋਂ ਚੰਗਾ ਸਮਝਣਾ। ਮਸਹ ਕੀਤੇ ਹੋਏ “ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ,” ਕਿਉਂਕਿ ਉਨ੍ਹਾਂ ਲਈ ਸੰਗੀ ਵਿਸ਼ਵਾਸੀਆਂ ਨਾਲ ਉਨ੍ਹਾਂ ਦਾ ਅਧਿਆਤਮਿਕ ਰਿਸ਼ਤਾ ਮਹੱਤਵਪੂਰਣ ਹੈ। ਜਿਹੜੇ ‘ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਦੇ’ ਸਨ ਉਹ ਸਿਰਫ਼ ਉਹੀ ਮਨੁੱਖ ਨਹੀਂ ਸਨ ਜਿਨ੍ਹਾਂ ਨੇ ਯਿਸੂ ਨੂੰ ਉਦੋਂ ਦੇਖਿਆ ਜਦੋਂ ਉਹ ਧਰਤੀ ਤੇ ਸੀ। ਜੇਕਰ ਮਸੀਹ ਵਿਚ ਆਸ ਰੱਖਣ ਵਾਲੇ ਕੁਝ ਵਿਅਕਤੀਆਂ ਨੇ ਪਹਿਲਾਂ ਮਸੀਹ ਨੂੰ ਸਿਰਫ਼ ਇਕ ਬੰਦੇ ਦੇ ਤੌਰ ਤੇ ਦੇਖਿਆ ਸੀ, ਉਨ੍ਹਾਂ ਨੂੰ ਹੁਣ ਉਸ ਨੂੰ ਇਸ ਤਰ੍ਹਾਂ ਨਹੀਂ ਵਿਚਾਰਨਾ ਚਾਹੀਦਾ ਸੀ। ਉਸ ਨੇ ਆਪਣਾ ਸਰੀਰ ਰਿਹਾਈ-ਕੀਮਤ ਵਜੋਂ ਦੇ ਦਿੱਤਾ ਸੀ ਅਤੇ ਇਕ ਜੀਵਨ-ਦਾਇਕ ਆਤਮਾ ਵਜੋਂ ਜੀ ਉਠਾਇਆ ਜਾ ਚੁੱਕਾ ਸੀ। ਦੂਜੇ ਜੋ ਸਵਰਗੀ ਜੀਵਨ ਲਈ ਜੀ ਉਠਾਏ ਜਾਣਗੇ ਉਹ ਯਿਸੂ ਮਸੀਹ ਨੂੰ ਸਰੀਰਕ ਤੌਰ ਤੇ ਦੇਖੇ ਬਿਨਾਂ ਹੀ ਆਪਣੀਆਂ ਸਰੀਰਕ ਦੇਹਾਂ ਤਿਆਗ ਦੇਣਗੇ।—1 ਕੁਰਿੰਥੀਆਂ 15:45, 50; 2 ਕੁਰਿੰਥੀਆਂ 5:1-5.
8. ਕੁਝ ਵਿਅਕਤੀ “ਮਸੀਹ ਵਿੱਚ” ਕਿਸ ਤਰ੍ਹਾਂ ਹੋਏ ਹਨ?
8 ਮਸਹ ਕੀਤੇ ਹੋਇਆਂ ਨੂੰ ਪੌਲੁਸ ਅੱਗੇ ਕਹਿੰਦਾ ਹੈ: “ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ।” (2 ਕੁਰਿੰਥੀਆਂ 5:17) “ਮਸੀਹ ਵਿੱਚ” ਹੋਣ ਦਾ ਮਤਲਬ ਹੈ ਉਸ ਨਾਲ ਏਕਤਾ ਦਾ ਆਨੰਦ ਮਾਣਨਾ। (ਯੂਹੰਨਾ 17:21) ਇਹ ਰਿਸ਼ਤਾ ਉਸ ਵਿਅਕਤੀ ਲਈ ਉਦੋਂ ਸ਼ੁਰੂ ਹੋਇਆ ਜਦੋਂ ਯਹੋਵਾਹ ਨੇ ਉਸ ਨੂੰ ਆਪਣੇ ਪੁੱਤਰ ਵੱਲ ਖਿੱਚਿਆ ਅਤੇ ਉਸ ਵਿਅਕਤੀ ਨੂੰ ਪਵਿੱਤਰ ਆਤਮਾ ਤੋਂ ਜਨਮ ਦਿੱਤਾ। ਆਤਮਾ ਤੋਂ ਜੰਮੇ ਹੋਏ ਪਰਮੇਸ਼ੁਰ ਦੇ ਇਕ ਪੁੱਤਰ ਵਜੋਂ, ਉਹ ਸਵਰਗੀ ਰਾਜ ਵਿਚ ਮਸੀਹ ਨਾਲ ਹਿੱਸਾ ਲੈਣ ਦੀ ਸੰਭਾਵਨਾ ਨਾਲ “ਨਵੀਂ ਸਰਿਸ਼ਟ” ਸੀ। (ਯੂਹੰਨਾ 3:3-8; 6:44; ਗਲਾਤੀਆਂ 4:6, 7) ਅਜਿਹੇ ਮਸਹ ਕੀਤੇ ਹੋਇਆਂ ਨੂੰ ਸੇਵਾ ਦਾ ਉੱਤਮ ਸਨਮਾਨ ਦਿੱਤਾ ਗਿਆ ਹੈ।
“ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ”
9. ਪਰਮੇਸ਼ੁਰ ਨੇ ਆਪਣੇ ਨਾਲ ਮੇਲ ਮਿਲਾਪ ਮੁਮਕਿਨ ਬਣਾਉਣ ਲਈ ਕੀ ਕੀਤਾ ਹੈ?
9 ਯਹੋਵਾਹ ਨੇ “ਨਵੀਂ ਸਰਿਸ਼ਟ” ਨੂੰ ਕਿੰਨੀ ਕਿਰਪਾ ਦਿਖਾਈ ਹੈ! ਪੌਲੁਸ ਕਹਿੰਦਾ ਹੈ: “ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ ਜਿਹ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ। ਅਰਥਾਤ ਪਰਮੇਸ਼ੁਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ।” (2 ਕੁਰਿੰਥੀਆਂ 5:18, 19) ਮਨੁੱਖਜਾਤੀ ਪਰਮੇਸ਼ੁਰ ਵੱਲੋਂ ਉਸ ਵੇਲੇ ਤੋਂ ਅੱਡ ਹੋਈ ਹੈ ਜਦੋਂ ਆਦਮ ਨੇ ਪਾਪ ਕੀਤਾ ਸੀ। ਲੇਕਿਨ ਯਹੋਵਾਹ ਨੇ ਯਿਸੂ ਦੇ ਬਲੀਦਾਨ ਦੁਆਰਾ ਮੇਲ ਮਿਲਾਪ ਦਾ ਰਾਹ ਖੋਲ੍ਹਣ ਵਿਚ ਪ੍ਰੇਮ ਨਾਲ ਪਹਿਲ ਕੀਤੀ।—ਰੋਮੀਆਂ 5:6-12.
10. ਯਹੋਵਾਹ ਨੇ ਮੇਲ ਮਿਲਾਪ ਦੀ ਸੇਵਕਾਈ ਕਿਨ੍ਹਾਂ ਨੂੰ ਦਿੱਤੀ ਸੀ, ਅਤੇ ਉਨ੍ਹਾਂ ਨੇ ਇਸ ਨੂੰ ਪੂਰਾ ਕਰਨ ਲਈ ਕੀ ਕੀਤਾ ਹੈ?
10 ਯਹੋਵਾਹ ਨੇ ਮੇਲ ਮਿਲਾਪ ਦੀ ਸੇਵਕਾਈ ਮਸਹ ਕੀਤੇ ਹੋਇਆਂ ਨੂੰ ਦਿੱਤੀ ਹੈ, ਇਸ ਲਈ ਪੌਲੁਸ ਕਹਿ ਸਕਦਾ ਸੀ: “ਅਸੀਂ ਮਸੀਹ ਦੇ ਏਲਚੀ ਹਾਂ ਭਈ ਜਾਣੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ।” (2 ਕੁਰਿੰਥੀਆਂ 5:20) ਪ੍ਰਾਚੀਨ ਸਮਿਆਂ ਵਿਚ, ਏਲਚੀ ਮੁੱਖ ਤੌਰ ਤੇ ਵੈਰ ਦੇ ਸਮੇਂ ਇਹ ਪਤਾ ਕਰਨ ਲਈ ਘੱਲੇ ਜਾਂਦੇ ਸਨ ਕਿ ਲੜਾਈ ਸ਼ੁਰੂ ਹੋਣ ਤੋਂ ਰੋਕੀ ਜਾ ਸਕਦੀ ਹੈ ਜਾਂ ਨਹੀਂ। (ਲੂਕਾ 14:31, 32) ਕਿਉਂਕਿ ਪਾਪੀ ਸੰਸਾਰ ਪਰਮੇਸ਼ੁਰ ਤੋਂ ਅੱਡ ਹੋਇਆ ਹੈ, ਉਸ ਨੇ ਲੋਕਾਂ ਨੂੰ ਉਸ ਨਾਲ ਮੇਲ ਮਿਲਾਪ ਕਰਨ ਦੀਆਂ ਉਸ ਦੀਆਂ ਮੰਗਾਂ ਬਾਰੇ ਦੱਸਣ ਲਈ ਆਪਣੇ ਮਸਹ ਕੀਤੇ ਹੋਏ ਏਲਚੀ ਭੇਜੇ ਹਨ। ਮਸੀਹ ਦੇ ਬਦਲੇ, ਮਸਹ ਕੀਤੇ ਹੋਏ ਵਿਅਕਤੀ ਬੇਨਤੀ ਕਰਦੇ ਹਨ: “ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ।” ਇਹ ਮਿੰਨਤ ਇਕ ਦਿਆਲੂ ਉਤੇਜਨਾ ਹੈ ਕਿ ਪਰਮੇਸ਼ੁਰ ਨਾਲ ਸ਼ਾਂਤੀ ਭਾਲੋ ਅਤੇ ਉਸ ਬਚਾਅ ਨੂੰ ਸਵੀਕਾਰ ਕਰੋ ਜੋ ਉਹ ਮਸੀਹ ਦੇ ਰਾਹੀਂ ਮੁਮਕਿਨ ਬਣਾਉਂਦਾ ਹੈ।
11. ਰਿਹਾਈ-ਕੀਮਤ ਵਿਚ ਨਿਹਚਾ ਰੱਖਣ ਰਾਹੀਂ, ਅਖ਼ੀਰ ਵਿਚ ਕੌਣ ਪਰਮੇਸ਼ੁਰ ਅੱਗੇ ਧਰਮੀ ਸਥਿਤੀ ਹਾਸਲ ਕਰਦੇ ਹਨ?
11 ਜਿਹੜੇ ਵੀ ਇਨਸਾਨ ਰਿਹਾਈ-ਕੀਮਤ ਵਿਚ ਨਿਹਚਾ ਕਰਦੇ ਹਨ ਉਹ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਸਕਦੇ ਹਨ। (ਯੂਹੰਨਾ 3:36) ਪੌਲੁਸ ਕਹਿੰਦਾ ਹੈ: “ਉਹ [ਯਹੋਵਾਹ] ਨੇ ਉਸ ਨੂੰ [ਯਿਸੂ] ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ।” (2 ਕੁਰਿੰਥੀਆਂ 5:21) ਸੰਪੂਰਣ ਮਨੁੱਖ ਯਿਸੂ, ਆਦਮ ਦੀ ਉਸ ਸਾਰੀ ਸੰਤਾਨ ਲਈ ਦੋਸ਼ ਦਾ ਬਲੀਦਾਨ ਸੀ ਜੋ ਵਿਰਸੇ ਵਿਚ ਪਾਏ ਗਏ ਪਾਪ ਤੋਂ ਮੁਕਤ ਕੀਤੀ ਗਈ ਹੈ। ਉਹ ਯਿਸੂ ਦੇ ਜ਼ਰੀਏ “ਪਰਮੇਸ਼ੁਰ ਦਾ ਧਰਮ” ਬਣੇ। ਇਹ ਧਰਮ, ਯਾਨੀ ਪਰਮੇਸ਼ੁਰ ਦੇ ਸਾਮ੍ਹਣੇ ਧਰਮੀ ਸਥਿਤੀ, ਪਹਿਲਾ ਮਸੀਹ ਦੇ 1,44,000 ਸਾਂਝੇ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ। ਉਸ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਅਨਾਦੀ ਪਿਤਾ, ਯਿਸੂ ਮਸੀਹ ਦੇ ਮਨੁੱਖੀ ਬੱਚਿਆਂ ਨੂੰ ਸੰਪੂਰਣ ਇਨਸਾਨਾਂ ਵਜੋਂ ਇਕ ਧਰਮੀ ਸਥਿਤੀ ਦਿੱਤੀ ਜਾਵੇਗੀ। ਉਹ ਉਨ੍ਹਾਂ ਨੂੰ ਸੰਪੂਰਣਤਾ ਵਿਚ ਇਕ ਧਰਮੀ ਸਥਿਤੀ ਵਿਚ ਉੱਚਾ ਕਰੇਗਾ ਤਾਂਕਿ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਸਾਬਤ ਹੋ ਸਕਣ ਅਤੇ ਸਦੀਪਕ ਜੀਵਨ ਦਾ ਤੋਹਫ਼ਾ ਹਾਸਲ ਕਰ ਸਕਣ।—ਯਸਾਯਾਹ 9:6; ਪਰਕਾਸ਼ ਦੀ ਪੋਥੀ 14:1; 20:4-6, 11-15.
“ਮਨ ਭਾਉਂਦਾ ਸਮਾ”
12. ਯਹੋਵਾਹ ਦੇ ਏਲਚੀਆਂ ਅਤੇ ਸੰਦੇਸ਼ਵਾਹਕ ਰਾਹੀਂ ਕਿਹੜੀ ਮਹੱਤਵਪੂਰਣ ਸੇਵਕਾਈ ਪੂਰੀ ਕੀਤੀ ਜਾ ਰਹੀ ਹੈ?
12 ਮੁਕਤੀ ਲਈ, ਸਾਨੂੰ ਪੌਲੁਸ ਦਿਆਂ ਸ਼ਬਦਾਂ ਦੀ ਇਕਸੁਰਤਾ ਵਿਚ ਚੱਲਣਾ ਚਾਹੀਦਾ ਹੈ: “ਅਸੀਂ ਉਹ [ਯਹੋਵਾਹ] ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ। ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” (2 ਕੁਰਿੰਥੀਆਂ 6:1, 2) ਯਹੋਵਾਹ ਦੇ ਮਸਹ ਕੀਤੇ ਹੋਏ ਏਲਚੀ ਅਤੇ ਉਸ ਦੇ ਸੰਦੇਸ਼ਵਾਹਕ ਯਾਨੀ ‘ਹੋਰ ਭੇਡਾਂ,’ ਆਪਣੇ ਸਵਰਗੀ ਪਿਤਾ ਦੀ ਕਿਰਪਾ ਨੂੰ ਸਵੀਕਾਰ ਕਰ ਕੇ ਉਸ ਦੇ ਮਕਸਦ ਨੂੰ ਅਕਾਰਥ ਨਹੀਂ ਲੈਂਦੇ। (ਯੂਹੰਨਾ 10:16) ਇਸ ‘ਮਨ ਭਾਉਂਦੇ ਸਮੇਂ’ ਵਿਚ ਆਪਣੇ ਨੇਕ ਚਾਲ-ਚੱਲਣ ਅਤੇ ਜੋਸ਼ੀਲੀ ਸੇਵਕਾਈ ਦੁਆਰਾ ਉਹ ਈਸ਼ਵਰੀ ਕਿਰਪਾ ਭਾਲਦੇ ਹਨ ਅਤੇ ਧਰਤੀ ਦੇ ਵਾਸੀਆਂ ਨੂੰ ਦੱਸ ਰਹੇ ਹਨ ਕਿ ਇਹ “ਮੁਕਤੀ ਦਾ ਦਿਨ ਹੈ।”
13. ਯਸਾਯਾਹ 49:8 ਦਾ ਨਿਚੋੜ ਕੀ ਹੈ, ਅਤੇ ਇਹ ਪਹਿਲਾਂ ਕਦੋਂ ਪੂਰਾ ਹੋਇਆ ਸੀ?
13 ਪੌਲੁਸ ਯਸਾਯਾਹ 49:8 ਦਾ ਹਵਾਲਾ ਦਿੰਦਾ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਯਹੋਵਾਹ ਇਉਂ ਆਖਦਾ ਹੈ, ਮੈਂ ਮਨ ਭਾਉਂਦੇ ਸਮੇਂ ਤੈਨੂੰ ਉੱਤਰ ਦਿੱਤਾ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, ਅਤੇ ਮੈਂ ਤੇਰੀ ਰੱਛਿਆ ਕਰਾਂਗਾ ਅਤੇ ਤੈਨੂੰ ਪਰਜਾ ਦੇ ਨੇਮ ਲਈ ਦਿਆਂਗਾ, ਭਈ ਤੂੰ ਦੇਸ ਨੂੰ ਉਠਾਵੇਂ, ਵਿਰਾਨ ਮਿਲਖਾਂ ਨੂੰ ਵੰਡੇਂ।” ਇਹ ਭਵਿੱਖਬਾਣੀ ਪਹਿਲਾਂ ਉਦੋਂ ਪੂਰੀ ਹੋਈ ਜਦੋਂ ਇਸਰਾਏਲੀ ਲੋਕ ਬਾਬਲ ਦੀ ਕੈਦ ਤੋਂ ਮੁਕਤ ਹੋਣ ਤੋਂ ਬਾਅਦ ਆਪਣੇ ਵਿਰਾਨ ਦੇਸ਼ ਨੂੰ ਵਾਪਸ ਮੁੜੇ।—ਯਸਾਯਾਹ 49:3, 9.
14. ਯਿਸੂ ਦੇ ਮਾਮਲੇ ਵਿਚ ਯਸਾਯਾਹ 49:8 ਕਿਸ ਤਰ੍ਹਾਂ ਪੂਰਾ ਹੋਇਆ ਸੀ?
14 ਯਸਾਯਾਹ ਦੀ ਭਵਿੱਖਬਾਣੀ ਦੀ ਅਗਲੀ ਪੂਰਤੀ ਵਿਚ, ਯਹੋਵਾਹ ਨੇ ਆਪਣੇ “ਦਾਸ” ਯਿਸੂ ਨੂੰ ‘ਕੌਮਾਂ ਲਈ ਜੋਤ ਠਹਿਰਾਇਆ, ਭਈ ਪਰਮੇਸ਼ੁਰ ਦੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!’ (ਯਸਾਯਾਹ 49:6, 8. ਯਸਾਯਾਹ 42:1-4, 6, 7; ਮੱਤੀ 12:18-20 ਦੀ ਤੁਲਨਾ ਕਰੋ।) ਇਹ ‘ਮਨ ਭਾਉਂਦਾ ਸਮਾਂ’ ਸਪੱਸ਼ਟ ਤੌਰ ਤੇ ਯਿਸੂ ਤੇ ਲਾਗੂ ਹੁੰਦਾ ਹੈ ਜਦੋਂ ਉਹ ਧਰਤੀ ਤੇ ਸੀ। ਉਸ ਨੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਉਸ ਨੂੰ “ਉੱਤਰ ਦਿੱਤਾ।” ਇਹ ਯਿਸੂ ਲਈ ‘ਮੁਕਤੀ ਦਾ ਦਿਨ’ ਸਾਬਤ ਹੋਇਆ ਕਿਉਂਕਿ ਉਸ ਨੇ ਸੰਪੂਰਣ ਖਰਿਆਈ ਕਾਇਮ ਰੱਖੀ ਸੀ ਅਤੇ ਇਸ ਤਰ੍ਹਾਂ “ਓਹਨਾਂ ਸਭਨਾਂ ਦੀ ਜਿਹੜੇ ਉਹ ਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ।”—ਇਬਰਾਨੀਆਂ 5:7, 9; ਯੂਹੰਨਾ 12:27, 28.
15. ਅਧਿਆਤਮਿਕ ਇਸਰਾਏਲੀਆਂ ਨੇ ਆਪਣੇ ਆਪ ਨੂੰ ਕਿਸ ਸਮੇਂ ਤੋਂ ਪਰਮੇਸ਼ੁਰ ਦੀ ਕਿਰਪਾ ਦੇ ਯੋਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਕਿਸ ਉਦੇਸ਼ ਨਾਲ?
15 ਪੌਲੁਸ ਯਸਾਯਾਹ 49:8 ਨੂੰ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਲਾਗੂ ਕਰਦਾ ਹੈ, ਅਤੇ ਉਨ੍ਹਾਂ ਦੀ ਬੇਨਤੀ ਕਰਦਾ ਹੈ ਕਿ ਉਹ ਪਰਮੇਸ਼ੁਰ ਦੇ ਦਿੱਤੇ ਗਏ ‘ਮਨ ਭਾਉਂਦੇ ਸਮੇਂ’ ਅਤੇ ‘ਮੁਕਤੀ ਦੇ ਦਿਨ’ ਦੌਰਾਨ ਉਸ ਦੀ ਕਿਰਪਾ ਨੂੰ ਨਾ ਭਾਲਣ ਦੁਆਰਾ ‘ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲੈਣ।’ ਪੌਲੁਸ ਅੱਗੇ ਕਹਿੰਦਾ ਹੈ: “ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” (2 ਕੁਰਿੰਥੀਆਂ 6:2) ਪੰਤੇਕੁਸਤ 33 ਸਾ.ਯੁ. ਤੋਂ, ਅਧਿਆਤਮਿਕ ਇਸਰਾਏਲੀਆਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਕਿਰਪਾ ਦੇ ਯੋਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ‘ਮਨ ਭਾਉਂਦਾ ਸਮਾਂ’ ਉਨ੍ਹਾਂ ਦੇ ਲਈ “ਮੁਕਤੀ ਦਾ ਦਿਨ” ਹੋਵੇ।
‘ਪਰਮੇਸ਼ੁਰ ਦੇ ਸੇਵਕਾਂ ਵਜੋਂ ਉਸ ਦੇ ਜੋਗ ਹੋਣ ਲਈ ਆਪਣਾ ਪਰਮਾਣ ਦੇਣਾ’
16. ਪੌਲੁਸ ਨੇ ਕਿਨ੍ਹਾਂ ਕਠਿਨ ਹਾਲਤਾਂ ਦੇ ਅਧੀਨ ਪਰਮੇਸ਼ੁਰ ਦਾ ਸੇਵਕ ਹੋਣ ਵਜੋਂ ਆਪਣਾ ਪਰਮਾਣ ਦਿੱਤਾ ਸੀ?
16 ਕੁਰਿੰਥੀ ਕਲੀਸਿਯਾ ਵਿਚ ਕੁਝ ਮਨੁੱਖ ਪਰਮੇਸ਼ੁਰ ਦੀ ਕਿਰਪਾ ਦੇ ਯੋਗ ਸਾਬਤ ਨਹੀਂ ਹੋ ਰਹੇ ਸਨ। ਉਨ੍ਹਾਂ ਨੇ ਪੌਲੁਸ ਦੇ ਰਸੂਲ-ਸੰਬੰਧੀ ਅਧਿਕਾਰ ਨੂੰ ਤਬਾਹ ਕਰਨ ਦੇ ਜਤਨ ਵਿਚ ਉਸ ਉੱਤੇ ਤੁਹਮਤ ਲਗਾਈ, ਭਾਵੇਂ ਕਿ ਉਸ ਨੇ ‘ਕਿਸੇ ਗੱਲ ਵਿੱਚ ਠੋਕਰ ਖੁਆਉਣ’ ਤੋਂ ਪਰਹੇਜ਼ ਕੀਤਾ ਸੀ। ਉਸ ਨੇ ਬਿਨਾਂ ਸ਼ੱਕ “ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ, ਕੋਰੜੇ ਖਾਣ ਤੋਂ, ਕੈਦ ਤੋਂ, ਘਮਸਾਣਾਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਫਾਕਿਆਂ ਤੋਂ” ਪਰਮੇਸ਼ੁਰ ਦਾ ਸੇਵਕ ਹੋਣ ਵਜੋਂ ਆਪਣਾ ਪਰਮਾਣ ਦਿੱਤਾ ਸੀ। (2 ਕੁਰਿੰਥੀਆਂ 6:3-5) ਬਾਅਦ ਵਿਚ, ਪੌਲੁਸ ਨੇ ਤਰਕ ਕੀਤਾ ਕਿ ਜੇਕਰ ਉਸ ਦੇ ਵਿਰੋਧੀ ਸੱਚ-ਮੁੱਚ ਸੇਵਕ ਸਨ, ਤਾਂ ਕਈ ਵਾਰ ਕੈਦਾਂ ਵਿੱਚ ਜਾਣ, ਜ਼ਿਆਦਾ ਮਾਰ ਖਾਣ, ਜ਼ਿਆਦਾ ਖ਼ਤਰਿਆਂ ਦਾ ਸਾਮ੍ਹਣਾ ਕਰਨ ਅਤੇ ਜ਼ਿਆਦਾ ਤੰਗੀ ਸਹਿਣ ਕਾਰਨ ਉਹ ਸਭ ਤੋਂ “ਵਧੀਕ” ਸੇਵਕ ਸੀ।—2 ਕੁਰਿੰਥੀਆਂ 11:23-27.
17. (ੳ) ਅਸੀਂ ਕਿਨ੍ਹਾਂ ਗੁਣਾਂ ਨੂੰ ਪ੍ਰਗਟ ਕਰ ਕੇ ਪਰਮੇਸ਼ੁਰ ਦੇ ਸੇਵਕਾਂ ਵਜੋਂ ਆਪਣਾ ਪਰਮਾਣ ਦੇ ਸਕਦੇ ਹਾਂ? (ਅ) ‘ਧਰਮ ਦੇ ਸ਼ਸਤ੍ਰ’ ਕੀ ਹਨ?
17 ਪੌਲੁਸ ਅਤੇ ਉਸ ਦੇ ਸਾਥੀਆਂ ਵਾਂਗ, ਅਸੀਂ ਵੀ ਪਰਮੇਸ਼ੁਰ ਦੇ ਸੇਵਕਾਂ ਵਜੋਂ ਆਪਣਾ ਪਰਮਾਣ ਦੇ ਸਕਦੇ ਹਾਂ। ਕਿਸ ਤਰ੍ਹਾਂ? “ਨਿਰਮਲਤਾਈ ਤੋਂ” ਜਾਂ ਸ਼ੁੱਧਤਾ ਦੁਆਰਾ, ਅਤੇ ਸਹੀ ਬਾਈਬਲ ਗਿਆਨ ਦੀ ਇਕਸੁਰਤਾ ਵਿਚ ਕੰਮ ਕਰਨ ਦੁਆਰਾ। ਅਸੀਂ ਸਬਰ ਨਾਲ ਬੇਇਨਸਾਫ਼ੀ ਜਾਂ ਉਕਸਾਹਟ ਸਹਿਣ ਦੁਆਰਾ “ਧੀਰਜ ਤੋਂ,” ਅਤੇ ਦੂਜਿਆਂ ਲਈ ਸਹਾਇਕ ਕੰਮ ਕਰਦਿਆਂ “ਦਿਆਲਗੀ ਤੋਂ” ਆਪਣਾ ਪਰਮਾਣ ਦੇ ਸਕਦੇ ਹਾਂ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਆਤਮਾ ਦੁਆਰਾ ਅਗਵਾਈ ਨੂੰ ਸਵੀਕਾਰ ਕਰਨ, ਸੱਚ ਬੋਲਣ, “ਨਿਸ਼ਕਪਟ ਪ੍ਰੇਮ” ਦਿਖਾਉਣ, ਅਤੇ ਸੇਵਕਾਈ ਪੂਰੀ ਕਰਨ ਵਿਚ ਉਸ ਦੀ ਸ਼ਕਤੀ ਲਈ ਉਸ ਉੱਤੇ ਭਰੋਸਾ ਰੱਖਣ ਦੁਆਰਾ, ਅਸੀਂ ਪਰਮੇਸ਼ੁਰ ਦੇ ਸੇਵਕਾਂ ਵਜੋਂ ਉਸ ਦੇ ਜੋਗ ਹੋਣ ਲਈ ਆਪਣਾ ਪਰਮਾਣ ਦੇ ਸਕਦੇ ਹਾਂ। ਦਿਲਚਸਪੀ ਦੀ ਗੱਲ ਹੈ ਕਿ ਪੌਲੁਸ ਨੇ ਆਪਣੇ ਸੇਵਾ-ਸੰਬੰਧੀ ਦਰਜੇ ਨੂੰ ਉਨ੍ਹਾਂ “ਧਰਮ ਦਿਆਂ ਸ਼ਸਤ੍ਰਾਂ ਨਾਲ” ਵੀ ਸਾਬਤ ਕੀਤਾ “ਜਿਹੜੇ ਸੱਜੇ ਖੱਬੇ ਹਨ।” ਪ੍ਰਾਚੀਨ ਲੜਾਈਆਂ ਵਿਚ, ਆਮ ਤੌਰ ਤੇ ਸੱਜੇ ਹੱਥ ਵਿਚ ਤਲਵਾਰ ਅਤੇ ਖੱਬੇ ਹੱਥ ਵਿਚ ਢਾਲ ਹੁੰਦੀ ਸੀ। ਝੂਠੇ ਪ੍ਰਚਾਰਕਾਂ ਦੇ ਵਿਰੁੱਧ ਅਧਿਆਤਮਿਕ ਲੜਾਈ ਲੜਨ ਵਿਚ ਪੌਲੁਸ ਨੇ ਪਾਪੀ ਸਰੀਰ ਦੇ ਹਥਿਆਰ ਨਹੀਂ ਵਰਤੇ, ਯਾਨੀ ਕਿ ਚਾਲਬਾਜ਼ੀ, ਚਲਾਕੀ, ਜਾਂ ਧੋਖੇਬਾਜ਼ੀ। (2 ਕੁਰਿੰਥੀਆਂ 6:6, 7; 11:12-14; ਕਹਾਉਤਾਂ 3:32) ਉਸ ਨੇ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਲਈ ਧਰਮੀ “ਸ਼ਸਤ੍ਰਾਂ” ਜਾਂ ਤਰੀਕਿਆਂ ਨੂੰ ਵਰਤਿਆ ਸੀ। ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।
18. ਅਸੀਂ ਕਿਸ ਤਰ੍ਹਾਂ ਪੇਸ਼ ਆਵਾਂਗੇ ਜੇਕਰ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ?
18 ਜੇਕਰ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ, ਤਾਂ ਅਸੀਂ ਉਸੇ ਤਰ੍ਹਾਂ ਪੇਸ਼ ਆਵਾਂਗੇ ਜਿਵੇਂ ਪੌਲੁਸ ਅਤੇ ਉਸ ਦੇ ਸੰਗੀ ਕਾਮੇ ਆਏ ਸਨ। ਭਾਵੇਂ ਸਾਡੀ ਇੱਜ਼ਤ ਕੀਤੀ ਜਾਵੇ ਜਾਂ ਸਾਡੀ ਬੇਇੱਜ਼ਤੀ ਕੀਤੀ ਜਾਵੇ, ਅਸੀਂ ਮਸੀਹੀਆਂ ਵਾਂਗ ਕੰਮ ਕਰਾਂਗੇ। ਸਾਡੇ ਬਾਰੇ ਬੁਰੀਆਂ ਰਿਪੋਰਟਾਂ ਸਾਡੇ ਪ੍ਰਚਾਰ ਕੰਮ ਨੂੰ ਨਹੀਂ ਰੋਕਣਗੀਆਂ, ਨਾ ਹੀ ਅਸੀਂ ਘਮੰਡੀ ਬਣਾਂਗੇ ਜੇਕਰ ਰਿਪੋਰਟਾਂ ਚੰਗੀਆਂ ਹੋਣ। ਅਸੀਂ ਸੱਚ ਬੋਲਾਂਗੇ ਅਤੇ ਸ਼ਾਇਦ ਧਾਰਮਿਕ ਕੰਮਾਂ ਲਈ ਸਾਡੀ ਕਦਰ ਕੀਤੀ ਜਾਵੇ। ਜਦੋਂ ਅਸੀਂ ਦੁਸ਼ਮਣਾਂ ਦਿਆਂ ਹਮਲਿਆਂ ਅਧੀਨ ਘਾਤਕ ਖ਼ਤਰੇ ਵਿਚ ਹੋਈਏ, ਤਾਂ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਾਂਗੇ। ਅਤੇ ਅਸੀਂ ਧੰਨਵਾਦ ਨਾਲ ਅਨੁਸ਼ਾਸਨ ਸਵੀਕਾਰ ਕਰਾਂਗੇ।—2 ਕੁਰਿੰਥੀਆਂ 6:8, 9.
19. ਅਧਿਆਤਮਿਕ ਤੌਰ ਤੇ ‘ਬਹੁਤਿਆਂ ਨੂੰ ਧਨੀ ਬਣਾਉਣਾ’ ਕਿਸ ਤਰ੍ਹਾਂ ਸੰਭਵ ਹੈ?
19 ਮੇਲ ਮਿਲਾਪ ਦੀ ਸੇਵਕਾਈ ਬਾਰੇ ਆਪਣੇ ਚਰਚੇ ਨੂੰ ਸਮਾਪਤ ਕਰਦੇ ਹੋਏ, ਪੌਲੁਸ ਨੇ ਆਪਣੇ ਆਪ ਅਤੇ ਆਪਣੇ ਸਾਥੀਆਂ ਬਾਰੇ ਕਿਹਾ ਕਿ ਉਹ “ਉਦਾਸਾਂ ਜੇਹੇ ਪਰ ਸਦਾ ਅਨੰਦ ਕਰਦੇ [ਹਨ], ਨਿਰਧਨਾਂ ਜੇਹੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ [ਹਨ], ਪੱਲਿਓਂ ਸੱਖਣਿਆਂ ਜੇਹੇ ਪਰ ਸੱਭੋ ਕੁਝ ਦੇ ਮਾਲਕ [ਹਨ]।” (2 ਕੁਰਿੰਥੀਆਂ 6:10) ਭਾਵੇਂ ਕਿ ਉਨ੍ਹਾਂ ਸੇਵਕਾਂ ਕੋਲ ਆਪਣੇ ਦੁੱਖਾਂ ਕਰਕੇ ਉਦਾਸ ਹੋਣ ਦਾ ਕਾਰਨ ਸੀ, ਉਨ੍ਹਾਂ ਕੋਲ ਅੰਦਰਲਾ ਆਨੰਦ ਸੀ। ਉਹ ਭੌਤਿਕ ਤੌਰ ਤੇ ਧਨੀ ਨਹੀਂ ਸਨ, ਲੇਕਿਨ ਉਨ੍ਹਾਂ ਨੇ ਅਧਿਆਤਮਿਕ ਤੌਰ ਤੇ ‘ਬਹੁਤਿਆਂ ਨੂੰ ਧਨੀ ਬਣਾਇਆ।’ ਦਰਅਸਲ, ਉਹ ‘ਸੱਭੋ ਕੁਝ ਦੇ ਮਾਲਕ ਸਨ’ ਕਿਉਂਕਿ ਉਨ੍ਹਾਂ ਦੀ ਨਿਹਚਾ ਨੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਧਨੀ ਬਣਾਇਆ ਸੀ, ਅਤੇ ਉਨ੍ਹਾਂ ਕੋਲ ਪਰਮੇਸ਼ੁਰ ਦੇ ਸਵਰਗੀ ਪੁੱਤਰ ਹੋਣ ਦੀ ਸੰਭਾਵਨਾ ਵੀ ਸੀ। ਅਤੇ ਮਸੀਹੀ ਸੇਵਕਾਂ ਵਜੋਂ ਉਨ੍ਹਾਂ ਕੋਲ ਇਕ ਭਰਪੂਰ ਅਤੇ ਖ਼ੁਸ਼ੀ-ਭਰੀ ਜ਼ਿੰਦਗੀ ਸੀ। (ਰਸੂਲਾਂ ਦੇ ਕਰਤੱਬ 20:35) ਉਨ੍ਹਾਂ ਵਾਂਗ, ਅਸੀਂ ਹੁਣ ਹੀ, ਇਸ ਮੁਕਤੀ ਦੇ ਦਿਨ ਵਿਚ, ਮੇਲ ਮਿਲਾਪ ਦੀ ਸੇਵਕਾਈ ਵਿਚ ਹਿੱਸਾ ਲੈਣ ਦੁਆਰਾ ‘ਬਹੁਤਿਆਂ ਨੂੰ ਧਨੀ ਬਣਾ’ ਸਕਦੇ ਹਾਂ!
ਯਹੋਵਾਹ ਵੱਲੋਂ ਮੁਕਤੀ ਉੱਤੇ ਭਰੋਸਾ ਰੱਖੋ
20. (ੳ) ਪੌਲੁਸ ਦੀ ਦਿਲੀ ਇੱਛਾ ਕੀ ਸੀ, ਅਤੇ ਸਮਾਂ ਕਿਉਂ ਘੱਟ ਸੀ? (ਅ) ਕਿਹੜੀ ਚੀਜ਼ ਇਸ ਸਮੇਂ ਨੂੰ, ਜਿਸ ਵਿਚ ਅਸੀਂ ਹੁਣ ਜੀ ਰਹੇ ਹਾਂ, ਮੁਕਤੀ ਦੇ ਦਿਨ ਵਜੋਂ ਸੰਕੇਤ ਕਰਦੀ ਹੈ?
20 ਜਦੋਂ ਪੌਲੁਸ ਨੇ ਲਗਭਗ 55 ਸਾ.ਯੁ. ਵਿਚ ਕੁਰਿੰਥੀਆਂ ਨੂੰ ਆਪਣੀ ਦੂਜੀ ਪੱਤਰੀ ਲਿਖੀ ਸੀ, ਯਹੂਦੀ ਰੀਤੀ-ਵਿਵਸਥਾ ਦੇ ਅੰਤ ਵਿਚ ਸਿਰਫ਼ ਕੁਝ 15 ਸਾਲ ਬਾਕੀ ਰਹਿੰਦੇ ਸਨ। ਰਸੂਲ ਸੱਚੇ ਦਿਲੋਂ ਚਾਹੁੰਦਾ ਸੀ ਕਿ ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਮਸੀਹ ਰਾਹੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲੈਣ। ਉਹ ਮੁਕਤੀ ਦਾ ਇਕ ਦਿਨ ਸੀ ਅਤੇ ਸਮਾਂ ਬਹੁਤ ਘੱਟ ਸੀ। ਉਸੇ ਤਰ੍ਹਾਂ ਅਸੀਂ ਵੀ 1914 ਤੋਂ ਇਸ ਰੀਤੀ-ਵਿਵਸਥਾ ਦੇ ਅੰਤ ਵਿਚ ਜੀ ਰਹੇ ਹਾਂ। ਹੁਣ ਦੁਨੀਆਂ ਭਰ ਵਿਚ ਕੀਤਾ ਜਾ ਰਿਹਾ ਰਾਜ ਦੇ ਪ੍ਰਚਾਰ ਦਾ ਕੰਮ ਇਸ ਸਮੇਂ ਨੂੰ ਮੁਕਤੀ ਦੇ ਦਿਨ ਵਜੋਂ ਸੰਕੇਤ ਕਰਦਾ ਹੈ।
21. (ੳ) ਸਾਲ 1999 ਲਈ ਕਿਹੜਾ ਵਰ੍ਹਾ-ਪਾਠ ਚੁਣਿਆ ਗਿਆ ਹੈ? (ਅ) ਇਸ ਮੁਕਤੀ ਦੇ ਦਿਨ ਵਿਚ ਸਾਨੂੰ ਕੀ ਕਰਦੇ ਹੋਣਾ ਚਾਹੀਦਾ ਹੈ?
21 ਸਾਰਿਆਂ ਦੇਸ਼ਾਂ ਦੇ ਲੋਕਾਂ ਨੂੰ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਦੇ ਪ੍ਰਬੰਧ ਬਾਰੇ ਸੁਣਨ ਦੀ ਲੋੜ ਹੈ। ਦੇਰ ਕਰਨ ਲਈ ਸਮਾਂ ਨਹੀਂ ਹੈ। ਪੌਲੁਸ ਨੇ ਲਿਖਿਆ: “ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” 2 ਕੁਰਿੰਥੀਆਂ 6:2 ਦੇ ਇਹ ਸ਼ਬਦ 1999 ਵਿਚ ਯਹੋਵਾਹ ਦੇ ਗਵਾਹਾਂ ਦਾ ਵਰ੍ਹਾ-ਪਾਠ ਹੋਣਗੇ। ਇਹ ਕਿੰਨਾ ਢੁਕਵਾਂ ਹੈ, ਕਿਉਂਕਿ ਅਸੀਂ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਵਿਨਾਸ਼ ਤੋਂ ਵੀ ਜ਼ਿਆਦਾ ਭੈੜੀ ਹਾਲਤ ਦਾ ਸਾਮ੍ਹਣਾ ਕਰ ਰਹੇ ਹਾਂ! ਸਾਮ੍ਹਣੇ ਹੀ ਇਸ ਪੂਰੀ ਰੀਤੀ-ਵਿਵਸਥਾ ਦਾ ਅੰਤ ਹੈ, ਜੋ ਧਰਤੀ ਉੱਤੇ ਸਾਰਿਆਂ ਲੋਕਾਂ ਨੂੰ ਸ਼ਾਮਲ ਕਰਦਾ ਹੈ। ਹੁਣ ਕਦਮ ਚੁੱਕਣ ਦਾ ਸਮਾਂ ਹੈ—ਕੱਲ੍ਹ ਨੂੰ ਨਹੀਂ। ਜੇਕਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਚਾਅ ਯਹੋਵਾਹ ਵੱਲੋਂ ਹੈ, ਜੇਕਰ ਅਸੀਂ ਉਸ ਨੂੰ ਪਿਆਰ ਕਰਦੇ ਹਾਂ, ਅਤੇ ਜੇਕਰ ਅਸੀਂ ਅਨੰਤ ਜੀਵਨ ਦੀ ਕਦਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਕਿਰਪਾ ਦੇ ਮਕਸਦ ਨੂੰ ਅਕਾਰਥ ਨਹੀਂ ਲਵਾਂਗੇ। ਯਹੋਵਾਹ ਦੀ ਵਡਿਆਈ ਕਰਨ ਦੀ ਦਿਲੀ ਇੱਛਾ ਨਾਲ, ਅਸੀਂ ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ ਸਾਬਤ ਕਰਾਂਗੇ ਜਦੋਂ ਅਸੀਂ ਪੁਕਾਰਦੇ ਹਾਂ ਕਿ “ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ” ਤਾਂ ਅਸੀਂ ਇਸ ਨੂੰ ਸੱਚ-ਮੁੱਚ ਦਿਲੋਂ ਕਹਿੰਦੇ ਹਾਂ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪਰਮੇਸ਼ੁਰ ਨਾਲ ਮੇਲ ਮਿਲਾਪ ਕਿਉਂ ਬਹੁਤ ਹੀ ਮਹੱਤਵਪੂਰਣ ਹੈ?
◻ ਮੇਲ ਮਿਲਾਪ ਦੀ ਸੇਵਕਾਈ ਵਿਚ ਹਿੱਸਾ ਲੈਣ ਵਾਲੇ ਏਲਚੀ ਅਤੇ ਸੰਦੇਸ਼ਵਾਹਕ ਕੌਣ ਹਨ?
◻ ਅਸੀਂ ਪਰਮੇਸ਼ੁਰ ਦੇ ਸੇਵਕਾਂ ਵਜੋਂ ਆਪਣਾ ਪਰਮਾਣ ਕਿਸ ਤਰ੍ਹਾਂ ਦੇ ਸਕਦੇ ਹਾਂ?
◻ ਯਹੋਵਾਹ ਦੇ ਗਵਾਹਾਂ ਦਾ 1999 ਦਾ ਵਰ੍ਹਾ-ਪਾਠ ਤੁਹਾਡੇ ਲਈ ਕੀ ਅਰਥ ਰੱਖਦਾ ਹੈ?
[ਸਫ਼ੇ 26 ਉੱਤੇ ਤਸਵੀਰਾਂ]
ਪੌਲੁਸ ਵਾਂਗ, ਕੀ ਤੁਸੀਂ ਜੋਸ਼ ਨਾਲ ਪ੍ਰਚਾਰ ਕਰ ਕੇ ਦੂਜਿਆਂ ਦੀ ਪਰਮੇਸ਼ੁਰ ਨਾਲ ਮੇਲ ਮਿਲਾਪ ਕਰਨ ਵਿਚ ਮਦਦ ਕਰ ਰਹੇ ਹੋ?
ਸੰਯੁਕਤ ਰਾਜ
ਫਰਾਂਸ
ਕੋਟ ਡਿਵੁਆਰ
[ਸਫ਼ੇ 28 ਉੱਤੇ ਤਸਵੀਰ]
ਮੁਕਤੀ ਦੇ ਇਸ ਦਿਨ ਵਿਚ, ਕੀ ਤੁਸੀਂ ਉਨ੍ਹਾਂ ਭੀੜਾਂ ਵਿਚਕਾਰ ਹੋ ਜੋ ਯਹੋਵਾਹ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਰਹੀਆਂ ਹਨ?