ਪਵਿੱਤਰ ਸ਼ਕਤੀ ਦੁਆਰਾ ਚੱਲੋ ਅਤੇ ਆਪਣੇ ਸਮਰਪਣ ਮੁਤਾਬਕ ਜੀਓ
‘ਪਵਿੱਤਰ ਸ਼ਕਤੀ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।’—ਗਲਾ. 5:16.
1. ਪੰਤੇਕੁਸਤ ਦੇ ਦਿਨ ਤੇ ਕਿਨ੍ਹਾਂ ਦੋ ਤਰੀਕਿਆਂ ਨਾਲ ਲੋਕਾਂ ਦਾ ਬਪਤਿਸਮਾ ਹੋਇਆ?
ਯਿਸੂ ਦੇ ਚੇਲਿਆਂ ਦਾ ਪੰਤੇਕੁਸਤ 33 ਈਸਵੀ ਵਿਚ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਹੋਇਆ ਸੀ ਜਿਸ ਸਦਕਾ ਉਹ ਵੱਖ-ਵੱਖ ਬੋਲੀਆਂ ਬੋਲ ਸਕੇ। (1 ਕੁਰਿੰ. 12:4-10) ਇਹ ਚਮਤਕਾਰ ਦੇਖ ਕੇ ਅਤੇ ਪਤਰਸ ਦਾ ਭਾਸ਼ਣ ਸੁਣ ਕੇ ਲੋਕਾਂ ਉੱਤੇ ਕੀ ਅਸਰ ਪਿਆ? ਕਈਆਂ ਦੇ “ਦਿਲ ਛਿਦ ਗਏ” ਅਤੇ ਪਤਰਸ ਦੇ ਕਹਿਣ ਤੇ ਉਨ੍ਹਾਂ ਨੇ ਤੋਬਾ ਕੀਤੀ ਅਤੇ ਪਾਣੀ ਦਾ ਬਪਤਿਸਮਾ ਲਿਆ। ਬਾਈਬਲ ਦੱਸਦੀ ਹੈ: “ਜਿਨ੍ਹਾਂ ਉਹ ਦੀ ਗੱਲ ਮੰਨ ਲਈ ਓਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਤਿੰਨਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ।” (ਰਸੂ. 2:22, 36-41) ਯਿਸੂ ਦੇ ਹੁਕਮ ਮੁਤਾਬਕ ਇਨ੍ਹਾਂ ਲੋਕਾਂ ਨੇ ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਪਾਣੀ ਵਿਚ ਬਪਤਿਸਮਾ ਲਿਆ ਹੋਣਾ। —ਮੱਤੀ 28:19.
2, 3. (ੳ) ਸਮਝਾਓ ਕਿ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਲੈਣ ਅਤੇ ਪਵਿੱਤਰ ਸ਼ਕਤੀ ਦੇ ਨਾਮ ʼਤੇ ਬਪਤਿਸਮਾ ਲੈਣ ਵਿਚ ਕੀ ਫ਼ਰਕ ਹੈ? (ਅ) ਸਾਰੇ ਸੱਚੇ ਮਸੀਹੀਆਂ ਤੋਂ ਪਾਣੀ ਦਾ ਬਪਤਿਸਮਾ ਲੈਣ ਦੀ ਮੰਗ ਕਿਉਂ ਕੀਤੀ ਜਾਂਦੀ ਹੈ?
2 ਕੀ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਲੈਣ ਅਤੇ ਪਵਿੱਤਰ ਸ਼ਕਤੀ ਦੇ ਨਾਮ ʼਤੇ ਬਪਤਿਸਮਾ ਲੈਣ ਵਿਚ ਕੋਈ ਫ਼ਰਕ ਹੈ? ਹਾਂ, ਫ਼ਰਕ ਹੈ। ਜਿਨ੍ਹਾਂ ਦਾ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਹੁੰਦਾ ਹੈ, ਉਨ੍ਹਾਂ ਦਾ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਪੁੱਤਰਾਂ ਵਜੋਂ ਦੁਬਾਰਾ ਜਨਮ ਹੁੰਦਾ ਹੈ। (ਯੂਹੰ. 3:3) ਇਨ੍ਹਾਂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨ ਲਈ ਮਸਹ ਕੀਤਾ ਜਾਂਦਾ ਹੈ ਅਤੇ ਉਹ ਮਸੀਹ ਦੇ ਸਰੀਰ ਦਾ ਹਿੱਸਾ ਬਣ ਜਾਂਦੇ ਹਨ। (1 ਕੁਰਿੰ. 12:13; ਗਲਾ. 3:27; ਪਰ. 20:6) ਸੋ ਯਹੋਵਾਹ ਨੇ ਪੰਤੇਕੁਸਤ ਦੇ ਦਿਨ ਤੋਂ ਲੋਕਾਂ ਨੂੰ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਣਾ ਸ਼ੁਰੂ ਕੀਤਾ ਯਾਨੀ ਉਨ੍ਹਾਂ ਨੂੰ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ। (ਰੋਮੀ. 8:15-17) ਪਰ ਅੱਜ ਜਦੋਂ ਅਸੈਂਬਲੀਆਂ ਤੇ ਯਹੋਵਾਹ ਦੇ ਲੋਕ ਪਵਿੱਤਰ ਸ਼ਕਤੀ ਦੇ ਨਾਮ ʼਤੇ ਪਾਣੀ ਦਾ ਬਪਤਿਸਮਾ ਲੈਂਦੇ ਹਨ, ਤਾਂ ਇਸ ਦਾ ਕੀ ਮਤਲਬ ਹੈ?
3 ਸੱਚੇ ਮਸੀਹੀ ਪਾਣੀ ਦਾ ਬਪਤਿਸਮਾ ਲੈ ਕੇ ਜ਼ਾਹਰ ਕਰਦੇ ਹਨ ਕਿ ਉਹ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਚੁੱਕੇ ਹਨ। ਜਿਨ੍ਹਾਂ ਨੂੰ ਸਵਰਗ ਜਾਣ ਦੀ ਉਮੀਦ ਹੈ ਉਹ ਵੀ ਇਸੇ ਤਰ੍ਹਾਂ ਕਰਦੇ ਹਨ। ਸਾਡੇ ਜ਼ਮਾਨੇ ਵਿਚ ਵੀ ਉਨ੍ਹਾਂ ਲੱਖਾਂ ਲੋਕਾਂ ਲਈ ਪਾਣੀ ਦਾ ਬਪਤਿਸਮਾ ਲੈਣਾ ਜ਼ਰੂਰੀ ਹੈ ਜੋ ਧਰਤੀ ʼਤੇ ਹਮੇਸ਼ਾ ਜੀਉਣ ਦੀ ਉਮੀਦ ਰੱਖਦੇ ਹਨ। ਕਿਸੇ ਇਨਸਾਨ ਦੀ ਉਮੀਦ ਜੋ ਮਰਜ਼ੀ ਹੋਵੇ, ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਉਸ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਮ ʼਤੇ ਬਪਤਿਸਮਾ ਲੈਣਾ ਚਾਹੀਦਾ ਹੈ। ਬਪਤਿਸਮਾ ਲੈਣ ਵਾਲੇ ਸਾਰੇ ਮਸੀਹੀਆਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ‘ਪਵਿੱਤਰ ਸ਼ਕਤੀ ਦੁਆਰਾ ਚੱਲਦੇ’ ਰਹਿਣ। (ਗਲਾਤੀਆਂ 5:16 ਪੜ੍ਹੋ।) ਤਾਂ ਫਿਰ ਕੀ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਅਨੁਸਾਰ ਚੱਲ ਕੇ ਆਪਣੇ ਸਮਰਪਣ ਮੁਤਾਬਕ ਜੀ ਰਹੇ ਹੋ?
‘ਪਵਿੱਤਰ ਸ਼ਕਤੀ ਦੁਆਰਾ ਚੱਲਣ’ ਦਾ ਮਤਲਬ
4. ‘ਪਵਿੱਤਰ ਸ਼ਕਤੀ ਦੁਆਰਾ ਚੱਲਣ’ ਦਾ ਕੀ ਮਤਲਬ ਹੈ?
4 ‘ਪਵਿੱਤਰ ਸ਼ਕਤੀ ਦੁਆਰਾ ਚੱਲਣ’ ਦਾ ਮਤਲਬ ਹੈ ਕਿ ਤੁਸੀਂ ਇਸ ਸ਼ਕਤੀ ਨੂੰ ਕਬੂਲ ਕਰਨ ਲਈ ਤਿਆਰ ਹੋ। ਦੂਸਰੇ ਸ਼ਬਦਾਂ ਵਿਚ ਤੁਸੀਂ ਆਪਣੇ ਰੋਜ਼ ਦੇ ਕੰਮਾਂ ਵਿਚ ਇਸ ਦੀ ਸੇਧ ਨਾਲ ਕੰਮ ਕਰਦੇ ਹੋ। ਗਲਾਤੀਆਂ ਦੇ 5ਵੇਂ ਅਧਿਆਇ ਵਿਚ ਸਮਝਾਇਆ ਜਾਂਦਾ ਹੈ ਕਿ ਪਵਿੱਤਰ ਸ਼ਕਤੀ ਦੁਆਰਾ ਚੱਲਣ ਅਤੇ ਸਰੀਰਕ ਇੱਛਾਵਾਂ ਦੇ ਅਨੁਸਾਰ ਚੱਲਣ ਵਿਚ ਕਿੰਨਾ ਫ਼ਰਕ ਹੈ।—ਗਲਾਤੀਆਂ 5:17, 18 ਪੜ੍ਹੋ।
5. ਜੇ ਅਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਹੇਠ ਚੱਲਦੇ ਹਾਂ, ਤਾਂ ਅਸੀਂ ਕਿਹੜੇ ਕੰਮਾਂ ਤੋਂ ਦੂਰ ਰਹਿੰਦੇ ਹਾਂ?
5 ਜੇ ਤੁਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਹੇਠ ਚੱਲ ਰਹੇ ਹੋ, ਤਾਂ ਤੁਸੀਂ ਸਰੀਰ ਦੇ ਕੰਮਾਂ ਤੋਂ ਦੂਰ ਰਹੋਗੇ ਜਿਨ੍ਹਾਂ ਵਿਚ “ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ” ਸ਼ਾਮਲ ਹਨ। (ਗਲਾ. 5:19-21) ਕਹਿਣ ਦਾ ਭਾਵ ਹੈ ਕਿ ਤੁਸੀਂ ‘ਪਵਿੱਤਰ ਸ਼ਕਤੀ ਨਾਲ ਦੇਹੀ ਦੇ ਕਾਰਜਾਂ ਨੂੰ ਮਾਰ’ ਸੁੱਟਦੇ ਹੋ। (ਰੋਮੀ. 8:5, 13) ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਧਿਆਨ ਲਗਾ ਸਕੋਗੇ ਅਤੇ ਆਪਣੀਆਂ ਗ਼ਲਤ ਇੱਛਾਵਾਂ ਅਨੁਸਾਰ ਚੱਲਣ ਦੀ ਬਜਾਇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੋਗੇ।
6. ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰੀ ਗੁਣ ਪੈਦਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ।
6 ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਵਿਚ ਇਸ ਦਾ ‘ਫਲ’ ਯਾਨੀ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਾਂ। (ਗਲਾ. 5:22, 23) ਪਰ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ। ਮਿਸਾਲ ਲਈ: ਇਕ ਕਿਸਾਨ ਖੇਤ ਨੂੰ ਵਾਹ ਕੇ ਇਸ ਨੂੰ ਫ਼ਸਲ ਲਈ ਤਿਆਰ ਕਰਦਾ ਹੈ। ਧੁੱਪ ਅਤੇ ਪਾਣੀ ਦੀ ਵੀ ਲੋੜ ਹੈ ਕਿਉਂਕਿ ਇਨ੍ਹਾਂ ਤੋਂ ਬਿਨਾਂ ਫ਼ਸਲ ਉੱਗਣ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਅਸੀਂ ਪਵਿੱਤਰ ਸ਼ਕਤੀ ਦੀ ਤੁਲਨਾ ਧੁੱਪ ਨਾਲ ਕਰ ਸਕਦੇ ਹਾਂ। ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਅਸੀਂ ਆਪਣੇ ਵਿਚ ਫਲ ਯਾਨੀ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਾਂ। ਪਰ ਕੀ ਕਿਸਾਨ ਨੂੰ ਸਖ਼ਤ ਮਿਹਨਤ ਤੋਂ ਬਗੈਰ ਚੰਗੀ ਫ਼ਸਲ ਮਿਲੇਗੀ? (ਕਹਾ. 10:4) ਤਾਂ ਫਿਰ ਸਾਡੇ ਬਾਰੇ ਵੀ ਇਹੀ ਸੱਚ ਹੈ। ਜਿਸ ਹੱਦ ਤਕ ਤੁਸੀਂ ਆਪਣੇ ਦਿਲ ਦੀ ਮਿੱਟੀ ਨੂੰ ਤਿਆਰ ਕਰੋਗੇ, ਉਸੇ ਹੱਦ ਤਕ ਤੁਹਾਡੇ ਵਿਚ ਪਰਮੇਸ਼ੁਰੀ ਗੁਣ ਪੈਦਾ ਹੋਣਗੇ। ਇਸ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਅਸਰ ਕਰਨ ਦੇ ਰਿਹਾ ਹਾਂ?’
7. ਜੇ ਤੁਸੀਂ ਪਰਮੇਸ਼ੁਰੀ ਗੁਣ ਪੈਦਾ ਕਰਨੇ ਚਾਹੁੰਦੇ ਹੋ, ਤਾਂ ਸਟੱਡੀ ਅਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?
7 ਪੈਦਾਵਾਰ ਵਧਾਉਣ ਲਈ ਫ਼ਸਲਾਂ ਨੂੰ ਪਾਣੀ ਦੇਣ ਦੀ ਜ਼ਰੂਰਤ ਹੈ। ਆਪਣੇ ਆਪ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਨ ਲਈ, ਤੁਹਾਨੂੰ ਸੱਚਾਈ ਦਾ ਪਾਣੀ ਚਾਹੀਦਾ ਹੈ ਜੋ ਬਾਈਬਲ ਅਤੇ ਮਸੀਹੀ ਸਭਾਵਾਂ ਤੋਂ ਮਿਲਦਾ ਹੈ। (ਯਸਾ. 55:1) ਤੁਸੀਂ ਸ਼ਾਇਦ ਕਈਆਂ ਨੂੰ ਦੱਸਿਆ ਹੋਣਾ ਕਿ ਬਾਈਬਲ ਪਵਿੱਤਰ ਸ਼ਕਤੀ ਦੀ ਅਗਵਾਈ ਨਾਲ ਲਿਖੀ ਗਈ ਸੀ। (2 ਤਿਮੋ. 3:16) ਇਸ ਤੋਂ ਇਲਾਵਾ, ਮਾਤਬਰ ਅਤੇ ਬੁੱਧਵਾਨ ਨੌਕਰ ਨੇ ਸਾਡੀ ਬਹੁਤ ਮਦਦ ਕੀਤੀ ਹੈ ਤਾਂਕਿ ਅਸੀਂ ਬਾਈਬਲ ਦਾ ਗਿਆਨ ਪੂਰੀ ਤਰ੍ਹਾਂ ਸਮਝ ਸਕੀਏ। (ਮੱਤੀ 24:45-47) ਤਾਂ ਫਿਰ ਕੋਈ ਸ਼ੱਕ ਨਹੀਂ ਕਿ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਣ ਲਈ ਸਾਨੂੰ ਪਰਮੇਸ਼ੁਰ ਦਾ ਬਚਨ ਪੜ੍ਹਨਾ ਅਤੇ ਇਸ ਉੱਤੇ ਮਨਨ ਕਰਨਾ ਚਾਹੀਦਾ ਹੈ। ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ, ਤਾਂ ਤੁਸੀਂ ਉਨ੍ਹਾਂ ਨਬੀਆਂ ਦੀ ਰੀਸ ਕਰ ਰਹੇ ਹੋ ਜਿਨ੍ਹਾਂ ਨੇ ਜਾਣਕਾਰੀ ਦੀ “ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ।” ਧਿਆਨਯੋਗ ਹੈ ਕਿ ਦੂਤਾਂ ਨੇ ਵੀ ਸੱਚਾਈ ਦੀਆਂ ਗੱਲਾਂ ਵਿਚ ਬਹੁਤ ਦਿਲਚਸਪੀ ਰੱਖੀ ਹੈ ਜਿਵੇਂ ਕਿ ਵਾਅਦਾ ਕੀਤੀ ਹੋਈ ਸੰਤਾਨ ਅਤੇ ਮਸਹ ਕੀਤੀ ਹੋਈ ਕਲੀਸਿਯਾ ਨਾਲ ਸੰਬੰਧੀ ਗੱਲਾਂ।—1 ਪਤਰਸ 1:10-12 ਪੜ੍ਹੋ।
ਅਸੀਂ ਪਵਿੱਤਰ ਸ਼ਕਤੀ ਦੇ ਅਸਰ ਹੇਠ ਕਿਵੇਂ ਆਈਏ?
8. ਇਹ ਕਿਉਂ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਦੀ ਸ਼ਕਤੀ ਮੰਗੋ?
8 ਬਾਈਬਲ ਦੀ ਸਟੱਡੀ ਅਤੇ ਮਨਨ ਕਰਨ ਤੋਂ ਇਲਾਵਾ ਸਾਨੂੰ ਹੋਰ ਕੁਝ ਵੀ ਕਰਨ ਦੀ ਲੋੜ ਹੈ। ਤੁਹਾਨੂੰ ਯਹੋਵਾਹ ਤੋਂ ਮਦਦ ਅਤੇ ਸੇਧ ਮੰਗਦੇ ਰਹਿਣਾ ਚਾਹੀਦਾ ਹੈ। “ਜੋ ਕੁਝ ਅਸੀਂ ਮੰਗਦੇ ਯਾ ਸੋਚਦੇ ਹਾਂ” ਯਹੋਵਾਹ “ਉਸ ਨਾਲੋਂ ਅੱਤ ਵਧੀਕ ਕਰ ਸੱਕਦਾ ਹੈ।” (ਅਫ਼. 3:20; ਲੂਕਾ 11:13) ਪਰ ਤੁਸੀਂ ਕਿਵੇਂ ਜਵਾਬ ਦਿਓਗੇ ਜੇ ਕੋਈ ਤੁਹਾਨੂੰ ਪੁੱਛੇ: “ਮੈਨੂੰ ਪਰਮੇਸ਼ੁਰ ਤੋਂ ਕਿਉਂ ਮੰਗਦੇ ਰਹਿਣ ਦੀ ਲੋੜ ਹੈ ਜੇ ਉਹ ‘ਮੇਰੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਮੈਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ’?” (ਮੱਤੀ 6:8) ਇਕ ਕਾਰਨ ਤਾਂ ਇਹ ਹੈ ਕਿ ਜਦ ਤੁਸੀਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਸਵੀਕਾਰਦੇ ਹੋ ਕਿ ਤੁਹਾਨੂੰ ਯਹੋਵਾਹ ਦੇ ਸਹਾਰੇ ਦੀ ਲੋੜ ਹੈ। ਮਿਸਾਲ ਲਈ, ਜੇ ਕੋਈ ਤੁਹਾਡੇ ਤੋਂ ਮਦਦ ਮੰਗਦਾ ਹੈ, ਤਾਂ ਤੁਸੀਂ ਉਸ ਦੀ ਜ਼ਰੂਰ ਮਦਦ ਕਰੋਗੇ। ਕਿਉਂ? ਕਿਉਂਕਿ ਉਹ ਤੁਹਾਡੇ ʼਤੇ ਭਰੋਸਾ ਰੱਖਦਾ ਹੈ। (ਕਹਾਉਤਾਂ 3:27 ਦੇਖੋ।) ਇਸੇ ਤਰ੍ਹਾਂ, ਯਹੋਵਾਹ ਵੀ ਖ਼ੁਸ਼ ਹੁੰਦਾ ਹੈ ਜਦੋਂ ਤੁਸੀਂ ਉਸ ਦੀ ਸ਼ਕਤੀ ਮੰਗਦੇ ਹੋ ਅਤੇ ਉਹ ਬਿਨਾਂ ਝਿਜਕ ਤੁਹਾਨੂੰ ਆਪਣੀ ਸ਼ਕਤੀ ਦੇਵੇਗਾ।—ਕਹਾ. 15:8.
9. ਮਸੀਹੀ ਮੀਟਿੰਗਾਂ ਤੇ ਹਾਜ਼ਰ ਹੋ ਕੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਕਿਵੇਂ ਪਾ ਸਕਦੇ ਹੋ?
9 ਇਕ ਹੋਰ ਤਰੀਕੇ ਨਾਲ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਪਾ ਸਕਦੇ ਹੋ, ਉਹ ਹੈ ਸਾਡੀਆਂ ਮੀਟਿੰਗਾਂ, ਅਸੈਂਬਲੀਆਂ ਤੇ ਸੰਮੇਲਨਾਂ ਰਾਹੀਂ। ਇਨ੍ਹਾਂ ਵਿਚ ਹਾਜ਼ਰ ਹੋਣਾ ਤੇ ਧਿਆਨ ਨਾਲ ਪ੍ਰੋਗ੍ਰਾਮ ਸੁਣਨਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਸਮਝ ਸਕੋਗੇ। (1 ਕੁਰਿੰ. 2:10) ਮੀਟਿੰਗਾਂ ਤੇ ਬਾਕਾਇਦਾ ਟਿੱਪਣੀਆਂ ਦੇਣ ਦੇ ਵੀ ਫ਼ਾਇਦੇ ਹੁੰਦੇ ਹਨ। ਜ਼ਰਾ ਪਿਛਲੇ ਚਾਰ ਹਫ਼ਤਿਆਂ ਦੀਆਂ ਮੀਟਿੰਗਾਂ ਬਾਰੇ ਸੋਚੋ। ਤੁਸੀਂ ਕਿੰਨੀ ਕੁ ਵਾਰੀ ਟਿੱਪਣੀ ਦੇ ਕੇ ਆਪਣੀ ਨਿਹਚਾ ਦਾ ਸਬੂਤ ਦਿੱਤਾ ਸੀ? ਕੀ ਤੁਹਾਨੂੰ ਇਸ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ? ਜੇ ਹਾਂ, ਤਾਂ ਠਾਣ ਲਵੋ ਕਿ ਤੁਸੀਂ ਆਉਣ ਵਾਲੇ ਹਫ਼ਤਿਆਂ ਵਿਚ ਕੀ ਕਰੋਗੇ। ਯਹੋਵਾਹ ਦੇਖੇਗਾ ਕਿ ਤੁਸੀਂ ਮੀਟਿੰਗ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਇਸ ਲਈ ਉਹ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਦੇਵੇਗਾ। ਇਸ ਤਰ੍ਹਾਂ ਤੁਹਾਨੂੰ ਮੀਟਿੰਗਾਂ ਤੋਂ ਹੋਰ ਵੀ ਜ਼ਿਆਦਾ ਫ਼ਾਇਦਾ ਹੋਵੇਗਾ।
10. ਜੇ ਅਸੀਂ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਾਂ, ਤਾਂ ਅਸੀਂ ਦੂਜਿਆਂ ਨੂੰ ਕਿਹੜਾ ਸੱਦਾ ਦੇਵਾਂਗੇ?
10 ਜੇ ਅਸੀਂ ਸ਼ਕਤੀ ਦੀ ਅਗਵਾਈ ਵਿਚ ਚੱਲਣਾ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਪਰਕਾਸ਼ ਦੀ ਪੋਥੀ 22:17 ਵਿਚ ਦਿੱਤਾ ਸੱਦਾ ਕਬੂਲ ਕਰੀਏ: “ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” ਪਵਿੱਤਰ ਸ਼ਕਤੀ ਮਸਹ ਕੀਤੇ ਹੋਇਆਂ ਦੇ ਜ਼ਰੀਏ ਅੰਮ੍ਰਿਤ ਜਲ ਲੈਣ ਦਾ ਸੱਦਾ ਦੇ ਰਹੀ ਹੈ। ਜੇ ਤੁਸੀਂ ‘ਆਉਣ’ ਦਾ ਸੱਦਾ ਕਬੂਲ ਕੀਤਾ ਹੈ, ਤਾਂ ਕੀ ਤੁਸੀਂ ਦੂਜਿਆਂ ਨੂੰ ਵੀ ‘ਆਉਣ’ ਦਾ ਸੱਦਾ ਦੇ ਰਹੇ ਹੋ? ਲੋਕਾਂ ਦੀਆਂ ਜਾਨਾਂ ਬਚਾਉਣ ਦੇ ਇਸ ਕੰਮ ਵਿਚ ਹਿੱਸਾ ਲੈਣਾ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!
11, 12. ਪ੍ਰਚਾਰ ਦੇ ਕੰਮ ਵਿਚ ਪਵਿੱਤਰ ਸ਼ਕਤੀ ਦਾ ਕੀ ਰੋਲ ਹੈ?
11 ਅੱਜ ਇਹ ਅਹਿਮ ਕੰਮ ਪਵਿੱਤਰ ਸ਼ਕਤੀ ਦੀ ਸੇਧ ਨਾਲ ਹੋ ਰਿਹਾ ਹੈ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਪਹਿਲੀ ਸਦੀ ਦੇ ਮਿਸ਼ਨਰੀਆਂ ਨੇ ਨਵੇਂ-ਨਵੇਂ ਇਲਾਕਿਆਂ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਪਵਿੱਤਰ ਸ਼ਕਤੀ ਨੇ ਪੌਲੁਸ ਰਸੂਲ ਅਤੇ ਉਸ ਦੇ ਸਾਥੀਆਂ ਨੂੰ “ਅਸਿਯਾ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ” ਅਤੇ ਉਨ੍ਹਾਂ ਨੂੰ ਬਿਥੁਨਿਯਾ ਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ। ਸਾਨੂੰ ਪਤਾ ਨਹੀਂ ਕਿ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ਵਿਚ ਜਾਣ ਤੋਂ ਕਿਵੇਂ ਰੋਕਿਆ ਸੀ, ਪਰ ਸਾਨੂੰ ਇਹ ਪਤਾ ਹੈ ਕਿ ਸ਼ਕਤੀ ਦੀ ਅਗਵਾਈ ਨਾਲ ਪੌਲੁਸ ਯੂਰਪ ਦੇ ਵੱਡੇ ਇਲਾਕੇ ਵਿਚ ਗਿਆ ਸੀ। ਪੌਲੁਸ ਨੇ ਦਰਸ਼ਣ ਵਿਚ ਮਕਦੂਨਿਯਾ ਦੇਸ਼ ਦੇ ਬੰਦੇ ਨੂੰ ਮਦਦ ਲਈ ਮਿੰਨਤਾਂ ਕਰਦਿਆਂ ਦੇਖਿਆ।—ਰਸੂ. 16:6-10.
12 ਇਸੇ ਤਰ੍ਹਾਂ ਅੱਜ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਯਹੋਵਾਹ ਦੀ ਸ਼ਕਤੀ ਦੀ ਅਗਵਾਈ ਹੇਠ ਹੋ ਰਿਹਾ ਹੈ। ਅੱਜ ਸਾਨੂੰ ਸੇਧ ਦੇਣ ਲਈ ਚਮਤਕਾਰੀ ਦਰਸ਼ਣ ਨਹੀਂ ਮਿਲਦੇ, ਇਸ ਦੀ ਬਜਾਇ ਯਹੋਵਾਹ ਆਪਣੀ ਸ਼ਕਤੀ ਵਰਤ ਕੇ ਮਸਹ ਕੀਤੇ ਹੋਇਆਂ ਨੂੰ ਸੇਧ ਦੇ ਰਿਹਾ ਹੈ। ਨਾਲੇ ਇਹੀ ਸ਼ਕਤੀ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਰੁੱਝ ਜਾਣ ਲਈ ਪ੍ਰੇਰਿਤ ਕਰਦੀ ਹੈ। ਕੋਈ ਸ਼ੱਕ ਨਹੀਂ ਕਿ ਤੁਸੀਂ ਵੀ ਇਸ ਜ਼ਰੂਰੀ ਕੰਮ ਵਿਚ ਹਿੱਸਾ ਲੈ ਰਹੇ ਹੋ। ਕੀ ਤੁਸੀਂ ਇਸ ਕੰਮ ਵਿਚ ਹੋਰ ਜ਼ਿਆਦਾ ਖ਼ੁਸ਼ੀ ਪਾ ਸਕਦੇ ਹੋ?
13. ਮਿਸਾਲ ਦੇ ਕੇ ਸਮਝਾਓ ਕਿ ਤੁਸੀਂ ਕਿਵੇਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲ ਸਕਦੇ ਹੋ।
13 ਪਰਮੇਸ਼ੁਰ ਦੇ ਲੋਕਾਂ ਨੂੰ ਦਿੱਤੀਆਂ ਹਿਦਾਇਤਾਂ ਨੂੰ ਲਾਗੂ ਕਰ ਕੇ ਤੁਸੀਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲ ਸਕਦੇ ਹੋ। ਜਪਾਨ ਵਿਚ ਰਹਿੰਦੀ ਨੌਜਵਾਨ ਮੀਹੋਕੋ ਦੀ ਮਿਸਾਲ ਲੈ ਲਓ। ਨਵੀਂ ਪਾਇਨੀਅਰ ਹੋਣ ਕਰਕੇ ਉਹ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਤੋਂ ਝਿਜਕਦੀ ਸੀ। ਉਹ ਗੱਲਬਾਤ ਨੂੰ ਅੱਗੇ ਤੋਰਨ ਲਈ ਆਪਣੇ ਆਪ ਨੂੰ ਕਾਬਲ ਨਹੀਂ ਸਮਝਦੀ ਸੀ। ਫਿਰ ਉਸ ਸਮੇਂ ਸਾਡੀ ਰਾਜ ਸੇਵਕਾਈ ਵਿਚ ਰਿਟਰਨ ਵਿਜ਼ਿਟਾਂ ਕਰਨ ਬਾਰੇ ਕੁਝ ਸੁਝਾਅ ਦਿੱਤੇ ਗਏ ਸਨ। ਨਾਲੇ ਬਰੋਸ਼ਰ ਸਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ ਹੈ? (ਅੰਗ੍ਰੇਜ਼ੀ) ਵੀ ਛਾਪਿਆ ਗਿਆ। ਇਹ ਬਰੋਸ਼ਰ ਜਪਾਨੀ ਲੋਕਾਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਇਆ। ਮੀਹੋਕੋ ਨੇ ਬਰੋਸ਼ਰ ਨੂੰ ਪੇਸ਼ ਕਰਨ ਲਈ ਦਿੱਤੇ ਸੁਝਾਅ ਇਸਤੇਮਾਲ ਕੀਤੇ, ਖ਼ਾਸਕਰ ਉਦੋਂ ਜਦੋਂ ਉਹ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੀ ਸੀ। ਜਲਦੀ ਹੀ ਉਹ ਉਨ੍ਹਾਂ ਲੋਕਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ ਜਿਨ੍ਹਾਂ ਨੇ ਸ਼ਾਇਦ ਪਹਿਲਾਂ ਸਟੱਡੀ ਕਰਨ ਤੋਂ ਇਨਕਾਰ ਕੀਤਾ ਸੀ। ਉਹ ਦੱਸਦੀ ਹੈ: “ਇਕ ਸਮੇਂ ਤੇ ਮੇਰੇ ਕੋਲ 12 ਸਟੱਡੀਆਂ ਸਨ। ਮੇਰੇ ਕੋਲ ਇੰਨੀਆਂ ਸਟੱਡੀਆਂ ਸਨ ਕਿ ਮੈਨੂੰ ਕੁਝ ਲੋਕਾਂ ਨੂੰ ਕਹਿਣਾ ਪਿਆ ਕਿ ਮੈਂ ਹਾਲੇ ਉਨ੍ਹਾਂ ਨਾਲ ਸਟੱਡੀ ਨਹੀਂ ਕਰ ਸਕਦੀ!” ਵਾਕਈ, ਜਦੋਂ ਤੁਸੀਂ ਹਿਦਾਇਤਾਂ ʼਤੇ ਚੱਲ ਕੇ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੇ ਹੋ, ਤਾਂ ਤੁਹਾਨੂੰ ਇਸ ਦਾ ਮਿੱਠਾ ਫਲ ਮਿਲੇਗਾ।
ਪਰਮੇਸ਼ੁਰ ਦੀ ਸ਼ਕਤੀ ʼਤੇ ਭਰੋਸਾ ਰੱਖੋ
14, 15. (ੳ) ਨਾਮੁਕੰਮਲ ਇਨਸਾਨ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ʼਤੇ ਕਿਵੇਂ ਪੂਰਾ ਉੱਤਰ ਸਕਦੇ ਹਨ? (ਅ) ਤੁਸੀਂ ਸਭ ਤੋਂ ਵਧੀਆ ਦੋਸਤ ਕਿੱਥੇ ਲੱਭ ਸਕਦੇ ਹੋ?
14 ਪਰਮੇਸ਼ੁਰ ਦੇ ਇਕ ਸੇਵਕ ਵਜੋਂ ਤੁਹਾਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਰੋਮੀ. 10:14) ਤੁਸੀਂ ਸ਼ਾਇਦ ਇਹ ਜ਼ਿੰਮੇਵਾਰੀ ਚੁੱਕਣ ਲਈ ਆਪਣੇ ਆਪ ਨੂੰ ਕਾਬਲ ਨਾ ਸਮਝੋ। ਪਰ ਮਸਹ ਕੀਤੇ ਹੋਇਆਂ ਦੀ ਤਰ੍ਹਾਂ ਪਰਮੇਸ਼ੁਰ ਹੀ ਸਾਨੂੰ ਇਸ ਕੰਮ ਦੇ ਕਾਬਲ ਬਣਾਉਂਦਾ ਹੈ। ( 2 ਕੁਰਿੰਥੀਆਂ 3:5 ਪੜ੍ਹੋ।) ਇਸ ਕੰਮ ਵਿਚ ਆਪਣੀ ਪੂਰੀ ਵਾਹ ਲਾ ਕੇ ਅਤੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਭਰੋਸਾ ਰੱਖ ਕੇ ਤੁਸੀਂ ਆਪਣਾ ਸਮਰਪਣ ਦਾ ਵਾਅਦਾ ਨਿਭਾ ਸਕੋਗੇ।
15 ਇਹ ਸੱਚ ਹੈ ਕਿ ਨਾਮੁਕੰਮਲ ਇਨਸਾਨਾਂ ਵਜੋਂ ਸਾਡੇ ਲਈ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ʼਤੇ ਪੂਰਾ ਉੱਤਰਨਾ ਸੌਖਾ ਨਹੀਂ ਹੈ। ਇਕ ਸਮੱਸਿਆ ਇਹ ਹੋ ਸਕਦੀ ਹੈ ਕਿ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਉੱਠਦੇ-ਬੈਠਦੇ ਸੀ, ਉਹ ਤੁਹਾਡੇ ਵਿਚ ਆਈਆਂ ਤਬਦੀਲੀਆਂ ਦੇਖ ਕੇ ਸ਼ਾਇਦ ਹੈਰਾਨ ਹੋਣ ਅਤੇ ‘ਤੁਹਾਡੀ ਨਿੰਦਿਆ ਕਰਨ।’ (1 ਪਤ. 4:4) ਪਰ ਇਹ ਨਾ ਭੁੱਲੋ ਕਿ ਸੱਚਾਈ ਵਿਚ ਆਉਣ ਤੋਂ ਬਾਅਦ ਤੁਸੀਂ ਨਵੇਂ ਦੋਸਤ ਬਣਾਏ ਹਨ, ਖ਼ਾਸ ਕਰਕੇ ਤੁਸੀਂ ਯਹੋਵਾਹ ਅਤੇ ਯਿਸੂ ਮਸੀਹ ਨਾਲ ਦੋਸਤੀ ਪਾਈ ਹੈ। (ਯਾਕੂਬ 2:21-23 ਪੜ੍ਹੋ।) ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣੋ ਜੋ ਦੁਨੀਆਂ ਭਰ ਵਿਚ ਸਾਡੇ ਭਾਈਚਾਰੇ ਦਾ ਹਿੱਸਾ ਹਨ। (1 ਪਤ. 2:17; ਕਹਾ. 17:17) ਆਪਣੀ ਸ਼ਕਤੀ ਰਾਹੀਂ ਯਹੋਵਾਹ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਅਜਿਹੇ ਦੋਸਤ ਲੱਭ ਸਕੋ ਜੋ ਤੁਹਾਡੇ ʼਤੇ ਚੰਗਾ ਅਸਰ ਪਾਉਣਗੇ।
16. ਪੌਲੁਸ ਵਾਂਗ ਤੁਸੀਂ ‘ਨਿਰਬਲਤਾਈਆਂ ਉੱਤੇ ਪਰਸੰਨ’ ਕਿਉਂ ਹੋ ਸਕਦੇ ਹੋ?
16 ਚਾਹੇ ਕਲੀਸਿਯਾ ਵਿਚ ਤੁਹਾਡੇ ਚੰਗੇ ਦੋਸਤ ਹੋਣ, ਫਿਰ ਵੀ ਤੁਹਾਨੂੰ ਸ਼ਾਇਦ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਔਖਾ ਲੱਗੇ। ਇਨ੍ਹਾਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹੋਏ ਤੁਸੀਂ ਸ਼ਾਇਦ ਕਦੀ-ਕਦੀ ਥੱਕ ਜਾਓ ਅਤੇ ਤੁਹਾਨੂੰ ਸ਼ਾਇਦ ਲੱਗੇ ਕਿ ਇਨ੍ਹਾਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ। ਤੁਹਾਨੂੰ ਖ਼ਾਸ ਕਰਕੇ ਇਨ੍ਹਾਂ ਮੌਕਿਆਂ ʼਤੇ ਯਹੋਵਾਹ ਤੋਂ ਉਸ ਦੀ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। ਪੌਲੁਸ ਰਸੂਲ ਨੇ ਲਿਖਿਆ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” ( 2 ਕੁਰਿੰਥੀਆਂ 4:7-10; 12:10 ਪੜ੍ਹੋ।) ਪੌਲੁਸ ਜਾਣਦਾ ਸੀ ਕਿ ਪਵਿੱਤਰ ਸ਼ਕਤੀ ਇਨਸਾਨ ਦੀ ਕਿਸੇ ਵੀ ਕਮੀ ਨੂੰ ਪੂਰਾ ਕਰ ਸਕਦੀ ਹੈ। ਸੋ ਜਦੋਂ ਵੀ ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਮਦਦ ਦੀ ਲੋੜ ਪੈਂਦੀ ਹੈ, ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤਾਕਤ ਦੇ ਸਕਦੀ ਹੈ। ਪੌਲੁਸ ਨੇ ਲਿਖਿਆ ਕਿ ਉਹ ‘ਨਿਰਬਲਤਾਈਆਂ ਉੱਤੇ ਪਰਸੰਨ’ ਸੀ। ਹਾਂ, ਜਦੋਂ ਉਹ ਕਮਜ਼ੋਰ ਹੁੰਦਾ ਸੀ, ਉਦੋਂ ਉਸ ਨੂੰ ਪਵਿੱਤਰ ਸ਼ਕਤੀ ਤੋਂ ਤਾਕਤ ਮਿਲਦੀ ਸੀ। ਤੁਹਾਡਾ ਵੀ ਇਹੀ ਤਜਰਬਾ ਹੋ ਸਕਦਾ ਹੈ!—ਰੋਮੀ. 15:13.
17. ਆਪਣੀ ਮੰਜ਼ਲ ਤਕ ਪਹੁੰਚਣ ਲਈ ਪਵਿੱਤਰ ਸ਼ਕਤੀ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
17 ਜੇ ਅਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਣਾ ਹੈ, ਤਾਂ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਦੀ ਜ਼ਰੂਰਤ ਹੈ। ਕਲਪਨਾ ਕਰੋ ਕਿ ਤੁਸੀਂ ਇਕ ਕਿਸ਼ਤੀ ਦੇ ਕਪਤਾਨ ਹੋ। ਇੱਧਰ-ਉੱਧਰ ਭਟਕਣ ਦੀ ਬਜਾਇ ਤੁਸੀਂ ਹਵਾ ਦਾ ਰੁਖ ਫੜ ਕੇ ਆਪਣੀ ਮੰਜ਼ਲ ਤਕ ਪਹੁੰਚ ਸਕਦੇ ਹੋ। ਇਸੇ ਤਰ੍ਹਾਂ ਤੁਹਾਡਾ ਮਕਸਦ ਹੈ ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਨੀ। ਯਹੋਵਾਹ ਦੀ ਸ਼ਕਤੀ ਉਸ ਹਵਾ ਵਾਂਗ ਹੈ ਜੋ ਤੁਹਾਨੂੰ ਸਹੀ-ਸਲਾਮਤ ਆਪਣੀ ਮੰਜ਼ਲ ਤਕ ਪਹੁੰਚਾ ਸਕਦੀ ਹੈ। ਅਸੀਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਸ਼ਤਾਨ ਦੀ ਦੁਨੀਆਂ ਦੀ ਹਵਾ ਲੱਗੇ ਜਿਸ ਕਾਰਨ ਅਸੀਂ ਭਟਕ ਜਾਈਏ। (1 ਕੁਰਿੰ. 2:12) ਤਾਂ ਫਿਰ ਮਾਨੋ ਸਾਨੂੰ ਪਵਿੱਤਰ ਸ਼ਕਤੀ ਦੇ ਰੁਖ ਨੂੰ ਫੜਨ ਦੀ ਲੋੜ ਹੈ। ਜੇ ਅਸੀਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਸੰਗਠਨ ਦੀ ਅਗਵਾਈ ਵਿਚ ਚੱਲਦੇ ਰਹਾਂਗੇ, ਤਾਂ ਉਸ ਦੀ ਪਵਿੱਤਰ ਸ਼ਕਤੀ ਸਾਨੂੰ ਸਾਡੀ ਮੰਜ਼ਲ ਤਕ ਪਹੁੰਚਾ ਦੇਵੇਗੀ।
18. ਤੁਹਾਡਾ ਹੁਣ ਕੀ ਇਰਾਦਾ ਹੈ ਅਤੇ ਕਿਉਂ?
18 ਜੇ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਹੇ ਹੋ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਆ ਰਹੇ ਹੋ, ਪਰ ਤੁਸੀਂ ਅਜੇ ਤਕ ਸਮਰਪਣ ਕਰ ਕੇ ਬਪਤਿਸਮਾ ਨਹੀਂ ਲਿਆ, ਤਾਂ ਆਪਣੇ ਆਪ ਨੂੰ ਪੁੱਛੋ: ‘ਮੈਂ ਕਿਉਂ ਝਿਜਕ ਰਿਹਾ ਹਾਂ?’ ਜੇ ਤੁਸੀਂ ਮੰਨਦੇ ਹੋ ਕਿ ਯਹੋਵਾਹ ਆਪਣੀ ਸ਼ਕਤੀ ਰਾਹੀਂ ਆਪਣਾ ਮਕਸਦ ਪੂਰਾ ਕਰ ਰਿਹਾ ਹੈ ਅਤੇ ਇਸ ਦਾ ਸਬੂਤ ਵੀ ਦੇਖਿਆ ਹੈ, ਤਾਂ ਫ਼ੌਰਨ ਕਦਮ ਚੁੱਕੋ। ਯਹੋਵਾਹ ਤੁਹਾਡੀ ਝੋਲੀ ਬਰਕਤਾਂ ਨਾਲ ਭਰੇਗਾ। ਉਹ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਜ਼ਰੂਰ ਬਖ਼ਸ਼ੇਗਾ। ਜੇ ਤੁਹਾਡੇ ਬਪਤਿਸਮੇ ਨੂੰ ਕਈ ਸਾਲ ਹੋ ਚੁੱਕੇ ਹਨ, ਤਾਂ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਦਾ ਸਬੂਤ ਦੇਖਿਆ ਹੋਵੇਗਾ। ਪਰ ਇੰਨਾ ਹੀ ਨਹੀਂ, ਸਗੋਂ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਤਾਕਤ ਵੀ ਮਹਿਸੂਸ ਕੀਤੀ ਹੈ। ਤੁਸੀਂ ਨਾ ਸਿਰਫ਼ ਅੱਜ, ਬਲਕਿ ਹਮੇਸ਼ਾ-ਹਮੇਸ਼ਾ ਲਈ ਇਸ ਸ਼ਕਤੀ ਦੀ ਮਦਦ ਲੈ ਸਕਦੇ ਹੋ। ਇਸ ਲਈ ਠਾਣ ਲਓ ਕਿ ਤੁਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਰਹੋਗੇ।
ਕੀ ਤੁਹਾਨੂੰ ਯਾਦ ਹੈ?
• ‘ਪਵਿੱਤਰ ਸ਼ਕਤੀ ਦੁਆਰਾ ਚੱਲਣ’ ਦਾ ਕੀ ਮਤਲਬ ਹੈ?
• ‘ਪਵਿੱਤਰ ਸ਼ਕਤੀ ਦੁਆਰਾ ਚੱਲਦੇ’ ਰਹਿਣ ਲਈ ਤੁਹਾਡੀ ਮਦਦ ਕਿਵੇਂ ਹੋ ਸਕਦੀ ਹੈ?
• ਤੁਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਕਿਵੇਂ ਨਿਭਾ ਸਕਦੇ ਹੋ?
[ਸਫ਼ਾ 15 ਉੱਤੇ ਤਸਵੀਰ]
ਆਪਣੇ ਦਿਲ ਦੀ ਮਿੱਟੀ ਤਿਆਰ ਕਰਨ ਲਈ ਮਿਹਨਤ ਦੀ ਲੋੜ ਹੈ
[ਸਫ਼ਾ 17 ਉੱਤੇ ਤਸਵੀਰਾਂ]
ਕੀ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਅਨੁਸਾਰ ਚੱਲਦੇ ਹੋ?