ਯਹੋਵਾਹ ਬਹੁਤਿਆਂ ਪੁੱਤਰਾਂ ਨੂੰ ਤੇਜ ਵਿਚ ਲਿਆਉਂਦਾ ਹੈ
“[ਪਰਮੇਸ਼ੁਰ] ਨੂੰ ਜੋਗ ਸੀ ਭਈ ਬਹੁਤਿਆਂ ਪੁੱਤ੍ਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁਖਾਂ ਦੇ ਦੁਆਰਾ ਸੰਪੂਰਨ ਕਰੇ।”—ਇਬਰਾਨੀਆਂ 2:10.
1. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਮਨੁੱਖਜਾਤੀ ਲਈ ਯਹੋਵਾਹ ਦਾ ਮਕਸਦ ਪੂਰਾ ਕੀਤਾ ਜਾਵੇਗਾ?
ਯ ਹੋਵਾਹ ਨੇ ਇਸ ਧਰਤੀ ਨੂੰ ਇਕ ਸੰਪੂਰਣ ਮਾਨਵ ਪਰਿਵਾਰ ਦੇ ਸਦੀਵੀ ਘਰ ਵਜੋਂ ਸਾਜਿਆ ਜਿੱਥੇ ਮਾਨਵ ਅਨੰਤ ਜੀਵਨ ਦਾ ਆਨੰਦ ਮਾਣਦੇ। (ਉਪਦੇਸ਼ਕ ਦੀ ਪੋਥੀ 1:4; ਯਸਾਯਾਹ 45:12, 18) ਇਹ ਸੱਚ ਹੈ ਕਿ ਆਦਮ ਨੇ ਪਾਪ ਕੀਤਾ ਅਤੇ ਇਸ ਤਰ੍ਹਾਂ ਆਪਣੀ ਸੰਤਾਨ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਦਿੱਤੀ। ਪਰ ਮਨੁੱਖਜਾਤੀ ਲਈ ਯਹੋਵਾਹ ਦਾ ਮਕਸਦ ਉਸ ਦੀ ਵਾਅਦਾ ਕੀਤੀ ਹੋਈ ਸੰਤਾਨ, ਯਿਸੂ ਮਸੀਹ ਰਾਹੀਂ ਪੂਰਾ ਕੀਤਾ ਜਾਵੇਗਾ। (ਉਤਪਤ 3:15; 22:18; ਰੋਮੀਆਂ 5:12-21; ਗਲਾਤੀਆਂ 3:16) ਮਨੁੱਖਜਾਤੀ ਦੇ ਸੰਸਾਰ ਲਈ ਪਿਆਰ ਨੇ ਯਹੋਵਾਹ ਨੂੰ “ਆਪਣਾ ਇਕਲੌਤਾ ਪੁੱਤ੍ਰ” ਬਖ਼ਸ਼ਣ ਲਈ ਪ੍ਰੇਰਿਤ ਕੀਤਾ, “ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਅਤੇ ਪਿਆਰ ਨੇ ਯਿਸੂ ਨੂੰ “ਨਿਸਤਾਰੇ [“ਰਿਹਾਈ-ਕੀਮਤ,” ਨਿ ਵ] ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ” ਲਈ ਪ੍ਰੇਰਿਤ ਕੀਤਾ। (ਮੱਤੀ 20:28) ਇਹ “ਅਨੁਰੂਪ ਰਿਹਾਈ-ਕੀਮਤ” ਆਦਮ ਦੁਆਰਾ ਗੁਆਏ ਗਏ ਹੱਕਾਂ ਅਤੇ ਸੰਭਾਵਨਾਵਾਂ ਨੂੰ ਵਾਪਸ ਖ਼ਰੀਦ ਲੈਂਦੀ ਹੈ ਅਤੇ ਸਦੀਪਕ ਜੀਵਨ ਸੰਭਵ ਬਣਾਉਂਦੀ ਹੈ।—1 ਤਿਮੋਥਿਉਸ 2:5, 6, ਨਿ ਵ; ਯੂਹੰਨਾ 17:3.
2. ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੀ ਵਰਤੋਂ ਇਸਰਾਏਲ ਦੇ ਸਾਲਾਨਾ ਪ੍ਰਾਸਚਿਤ ਦੇ ਦਿਨ ਤੇ ਕਿਵੇਂ ਦਰਸਾਈ ਗਈ ਸੀ?
2 ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੀ ਵਰਤੋਂ ਸਾਲਾਨਾ ਪ੍ਰਾਸਚਿਤ ਦੇ ਦਿਨ ਤੇ ਦਰਸਾਈ ਗਈ ਸੀ। ਉਸ ਦਿਨ ਤੇ, ਇਸਰਾਏਲ ਦਾ ਪ੍ਰਧਾਨ ਜਾਜਕ ਪਾਪ ਦੀ ਇਕ ਭੇਟ ਵਜੋਂ ਪਹਿਲਾਂ ਇਕ ਬਲਦ ਦਾ ਬਲੀਦਾਨ ਚੜ੍ਹਾਉਂਦਾ ਸੀ ਅਤੇ ਉਸ ਦੇ ਲਹੂ ਨੂੰ ਡੇਹਰੇ ਵਿਖੇ, ਫਿਰ ਬਾਅਦ ਵਿਚ ਹੈਕਲ ਵਿਖੇ ਅੱਤ ਪਵਿੱਤਰ ਸਥਾਨ ਵਿਚ ਪਵਿੱਤਰ ਸੰਦੂਕ ਤੇ ਪੇਸ਼ ਕਰਦਾ ਸੀ। ਉਹ ਇਹ ਆਪਣੇ ਆਪ ਲਈ, ਆਪਣੇ ਟੱਬਰ, ਅਤੇ ਲੇਵੀ ਦੇ ਗੋਤ ਲਈ ਕਰਦਾ ਸੀ। ਇਸੇ ਤਰ੍ਹਾਂ, ਯਿਸੂ ਮਸੀਹ ਨੇ ਪਹਿਲਾਂ ਆਪਣੇ ਅਧਿਆਤਮਿਕ “ਭਾਈਆਂ” ਦੇ ਪਾਪਾਂ ਨੂੰ ਢਕਣ ਲਈ ਆਪਣੇ ਲਹੂ ਦੀ ਕੀਮਤ ਨੂੰ ਪਰਮੇਸ਼ੁਰ ਦੇ ਅੱਗੇ ਪੇਸ਼ ਕੀਤਾ। (ਇਬਰਾਨੀਆਂ 2:12; 10:19-22; ਲੇਵੀਆਂ 16:6, 11-14) ਪ੍ਰਾਸਚਿਤ ਦੇ ਦਿਨ ਤੇ, ਪ੍ਰਧਾਨ ਜਾਜਕ ਪਾਪ ਦੀ ਭੇਟ ਵਜੋਂ ਇਕ ਬੱਕਰੇ ਦਾ ਬਲੀਦਾਨ ਵੀ ਚੜ੍ਹਾਉਂਦਾ ਸੀ ਅਤੇ ਉਸ ਦੇ ਲਹੂ ਨੂੰ ਅੱਤ ਪਵਿੱਤਰ ਸਥਾਨ ਵਿਚ ਪੇਸ਼ ਕਰਦਾ ਸੀ, ਅਤੇ ਇਸ ਤਰ੍ਹਾਂ ਉਹ ਇਸਰਾਏਲ ਦੇ 12 ਗ਼ੈਰ-ਜਾਜਕੀ ਗੋਤਾਂ ਦੇ ਪਾਪਾਂ ਲਈ ਪ੍ਰਾਸਚਿਤ ਕਰਦਾ ਸੀ। ਇਸੇ ਤਰ੍ਹਾਂ, ਪ੍ਰਧਾਨ ਜਾਜਕ ਯਿਸੂ ਮਸੀਹ ਮਨੁੱਖਜਾਤੀ ਵਿੱਚੋਂ ਨਿਹਚਾ ਕਰਨ ਵਾਲਿਆਂ ਦੇ ਪਾਪਾਂ ਨੂੰ ਮਿਟਾਉਣ ਲਈ ਆਪਣੇ ਲਹੂ ਨੂੰ ਵਰਤੇਗਾ।—ਲੇਵੀਆਂ 16:15.
ਤੇਜ ਵਿਚ ਲਿਆਏ ਜਾਂਦੇ ਹਨ
3. ਇਬਰਾਨੀਆਂ 2:9, 10 ਦੇ ਅਨੁਸਾਰ, 1,900 ਸਾਲਾਂ ਤੋਂ ਯਹੋਵਾਹ ਕੀ ਕਰਦਾ ਆਇਆ ਹੈ?
3 ਕੁਝ 1,900 ਸਾਲਾਂ ਤੋਂ, ਪਰਮੇਸ਼ੁਰ, ਯਿਸੂ ਦੇ “ਭਾਈਆਂ” ਦੇ ਸੰਬੰਧ ਵਿਚ ਕੁਝ ਅਨੋਖਾ ਕੰਮ ਕਰਦਾ ਆਇਆ ਹੈ। ਇਸ ਬਾਰੇ, ਪੌਲੁਸ ਰਸੂਲ ਨੇ ਲਿਖਿਆ: “ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁਖ ਝੱਲਣ ਦੇ ਕਾਰਨ ਪਰਤਾਪ ਅਤੇ ਮਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ। ਜਿਹ ਦੇ ਲਈ ਸੱਭੋ ਕੁਝ ਹੈ ਅਤੇ ਜਿਹ ਦੇ ਰਾਹੀਂ ਸੱਭੋ ਕੁਝ ਹੋਇਆ ਉਸ [ਯਹੋਵਾਹ ਪਰਮੇਸ਼ੁਰ] ਨੂੰ ਜੋਗ ਸੀ ਭਈ ਬਹੁਤਿਆਂ ਪੁੱਤ੍ਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁਖਾਂ ਦੇ ਦੁਆਰਾ ਸੰਪੂਰਨ ਕਰੇ।” (ਇਬਰਾਨੀਆਂ 2:9, 10) ਮੁਕਤੀ ਦੇਣ ਵਾਲਾ ਯਿਸੂ ਮਸੀਹ ਹੈ, ਜਿਸ ਨੇ ਧਰਤੀ ਉੱਤੇ ਇਕ ਮਨੁੱਖ ਵਜੋਂ ਦੁੱਖ ਭੋਗਣ ਦੁਆਰਾ ਸੰਪੂਰਣ ਆਗਿਆਕਾਰਤਾ ਸਿੱਖੀ। (ਇਬਰਾਨੀਆਂ 5:7-10) ਯਿਸੂ ਪਹਿਲਾ ਵਿਅਕਤੀ ਸੀ ਜੋ ਪਰਮੇਸ਼ੁਰ ਦੇ ਇਕ ਅਧਿਆਤਮਿਕ ਪੁੱਤਰ ਵਜੋਂ ਉਤਪੰਨ ਹੋਇਆ ਸੀ।
4. ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰ ਵਜੋਂ ਯਿਸੂ ਕਦੋਂ ਅਤੇ ਕਿਵੇਂ ਉਤਪੰਨ ਹੋਇਆ?
4 ਯਹੋਵਾਹ ਨੇ ਯਿਸੂ ਨੂੰ ਆਪਣੇ ਅਧਿਆਤਮਿਕ ਪੁੱਤਰ ਵਜੋਂ ਉਤਪੰਨ ਕਰਨ ਲਈ ਆਪਣੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਇਸਤੇਮਾਲ ਕੀਤੀ, ਤਾਂ ਜੋ ਉਹ ਸਵਰਗੀ ਤੇਜ ਵਿਚ ਲਿਆਇਆ ਜਾਵੇ। ਜਦੋਂ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲ ਇਕੱਲਾ ਸੀ, ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਪੇਸ਼ ਕਰਨ ਦੇ ਪ੍ਰਤੀਕ ਵਜੋਂ ਪੂਰੀ ਤਰ੍ਹਾਂ ਪਾਣੀ ਵਿਚ ਗੋਤਾ ਲਿਆ। ਲੂਕਾ ਦਾ ਇੰਜੀਲ ਬਿਰਤਾਂਤ ਕਹਿੰਦਾ ਹੈ: “ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਐਉਂ ਹੋਇਆ ਜੋ ਅਕਾਸ਼ ਖੁਲ੍ਹ ਗਿਆ। ਅਤੇ ਪਵਿੱਤ੍ਰ ਆਤਮਾ ਦਿਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈਂ ਉਸ ਉੱਤੇ ਉਤਰਿਆ ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” (ਲੂਕਾ 3:21, 22) ਯੂਹੰਨਾ ਨੇ ਯਿਸੂ ਉੱਤੇ ਪਵਿੱਤਰ ਆਤਮਾ ਆਉਂਦੀ ਦੇਖੀ ਅਤੇ ਯਹੋਵਾਹ ਨੂੰ ਆਪਣੇ ਪਿਆਰੇ ਪੁੱਤਰ ਨੂੰ ਖੁੱਲ੍ਹੇ-ਆਮ ਪ੍ਰਵਾਨ ਕਰਦੇ ਸੁਣਿਆ। ਉਸ ਸਮੇਂ ਨਾਲੇ ਪਵਿੱਤਰ ਆਤਮਾ ਨਾਲ, ਯਹੋਵਾਹ ਨੇ ‘ਤੇਜ ਵਿੱਚ ਲਿਆਂਦੇ ਜਾਣ ਵਾਲੇ ਬਹੁਤਿਆਂ ਪੁੱਤ੍ਰਾਂ’ ਵਿੱਚੋਂ ਯਿਸੂ ਨੂੰ ਪਹਿਲੇ ਅਧਿਆਤਮਿਕ ਪੁੱਤਰ ਵਜੋਂ ਉਤਪੰਨ ਕੀਤਾ।
5. ਯਿਸੂ ਦੇ ਬਲੀਦਾਨ ਤੋਂ ਲਾਭ ਉਠਾਉਣ ਵਾਲੇ ਪਹਿਲੇ ਵਿਅਕਤੀ ਕੌਣ ਹਨ, ਅਤੇ ਉਨ੍ਹਾਂ ਦੀ ਗਿਣਤੀ ਕਿੰਨੀ ਹੈ?
5 ਯਿਸੂ ਦੇ ਬਲੀਦਾਨ ਤੋਂ ਲਾਭ ਉਠਾਉਣ ਵਾਲੇ ਪਹਿਲੇ ਵਿਅਕਤੀ ਉਸ ਦੇ ‘ਭਾਈ’ ਹੀ ਹਨ। (ਇਬਰਾਨੀਆਂ 2:12-18) ਦਰਸ਼ਣ ਵਿਚ, ਯੂਹੰਨਾ ਰਸੂਲ ਨੇ ਲੇਲੇ, ਜੀ ਉਠਾਏ ਗਏ ਪ੍ਰਭੂ ਯਿਸੂ ਮਸੀਹ ਨਾਲ ਸਵਰਗੀ ਸੀਯੋਨ ਦੇ ਪਹਾੜ ਉੱਤੇ ਉਨ੍ਹਾਂ ਨੂੰ ਤੇਜ ਵਿਚ ਆਏ ਹੋਏ ਦੇਖਿਆ। ਯੂਹੰਨਾ ਨੇ ਇਹ ਕਹਿੰਦੇ ਹੋਏ ਉਨ੍ਹਾਂ ਦੀ ਗਿਣਤੀ ਵੀ ਪ੍ਰਗਟ ਕੀਤੀ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਲੇਲਾ ਸੀਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਨਾਮ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। . . . ਏਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ। ਅਤੇ ਓਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ। ਓਹ ਨਿਰਦੋਸ਼ ਹਨ।” (ਪਰਕਾਸ਼ ਦੀ ਪੋਥੀ 14:1-5) ਤਾਂ ਫਿਰ, ‘ਤੇਜ ਵਿੱਚ ਲਿਆਏ ਗਏ ਬਹੁਤਿਆਂ ਪੁੱਤ੍ਰਾਂ’ ਦੀ ਕੁੱਲ ਗਿਣਤੀ ਸਿਰਫ਼ 1,44,001 ਹੈ—ਯਿਸੂ ਅਤੇ ਉਸ ਦੇ ਅਧਿਆਤਮਿਕ ਭਾਈ।
‘ਪਰਮੇਸ਼ੁਰ ਤੋਂ ਜੰਮੇ’
6, 7. ਕੌਣ ‘ਪਰਮੇਸ਼ੁਰ ਤੋਂ ਜੰਮੇ’ ਹਨ, ਅਤੇ ਉਨ੍ਹਾਂ ਲਈ ਇਸ ਦਾ ਅਰਥ ਕੀ ਹੈ?
6 ਯਹੋਵਾਹ ਦੁਆਰਾ ਅਧਿਆਤਮਿਕ ਤੌਰ ਤੇ ਉਤਪੰਨ ਕੀਤੇ ਗਏ ਵਿਅਕਤੀ ‘ਪਰਮੇਸ਼ੁਰ ਤੋਂ ਜੰਮਦੇ’ ਹਨ। ਅਜਿਹੇ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ, ਯੂਹੰਨਾ ਰਸੂਲ ਨੇ ਲਿਖਿਆ: “ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਕਿਉਂ ਜੋ ਉਹ [ਯਹੋਵਾਹ] ਦਾ ਬੀ ਓਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸੱਕਦਾ ਇਸ ਲਈ ਜੋ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ।” (1 ਯੂਹੰਨਾ 3:9) ਇਹ “ਬੀ” ਪਰਮੇਸ਼ੁਰ ਦੀ ਪਵਿੱਤਰ ਆਤਮਾ ਹੈ। ਇਹ ਆਤਮਾ ਉਸ ਦੇ ਬਚਨ ਸਮੇਤ 1,44,000 ਵਿੱਚੋਂ ਹਰੇਕ ਵਿਅਕਤੀ ਨੂੰ ਸਵਰਗੀ ਉਮੀਦ ਲਈ “ਨਵੇਂ ਸਿਰਿਓਂ ਜਨਮ” ਦਿੰਦੀ ਹੈ।—1 ਪਤਰਸ 1:3-5, 23.
7 ਯਿਸੂ ਆਪਣੇ ਮਾਨਵੀ ਜਨਮ ਤੋਂ ਪਰਮੇਸ਼ੁਰ ਦਾ ਪੁੱਤਰ ਸੀ, ਠੀਕ ਜਿਵੇਂ ਸੰਪੂਰਣ ਮਨੁੱਖ ਆਦਮ “ਪਰਮੇਸ਼ੁਰ ਦਾ ਪੁੱਤ੍ਰ” ਸੀ। (ਲੂਕਾ 1:35; 3:38) ਫਿਰ ਵੀ, ਯਿਸੂ ਦੇ ਬਪਤਿਸਮੇ ਤੋਂ ਬਾਅਦ, ਇਹ ਅਰਥਪੂਰਣ ਸੀ ਕਿ ਯਹੋਵਾਹ ਨੇ ਐਲਾਨ ਕੀਤਾ: “ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” (ਮਰਕੁਸ 1:11) ਪਵਿੱਤਰ ਆਤਮਾ ਦੇ ਵਹਾਉ ਦੇ ਨਾਲ-ਨਾਲ ਇਸ ਐਲਾਨ ਤੋਂ ਇਹ ਸਪੱਸ਼ਟ ਸੀ ਕਿ ਉਸ ਸਮੇਂ ਪਰਮੇਸ਼ੁਰ ਨੇ ਯਿਸੂ ਨੂੰ ਆਪਣੇ ਅਧਿਆਤਮਿਕ ਪੁੱਤਰ ਵਜੋਂ ਪੇਸ਼ ਕੀਤਾ। ਉਸ ਸਮੇਂ ਯਿਸੂ ਨੂੰ ਮਾਨੋ “ਨਵੇਂ ਸਿਰਿਓਂ ਜਨਮ” ਦਿੱਤਾ ਗਿਆ, ਜਿਸ ਕਾਰਨ ਉਸ ਕੋਲ ਹੁਣ ਦੁਬਾਰਾ ਸਵਰਗ ਵਿਚ ਪਰਮੇਸ਼ੁਰ ਦੇ ਆਤਮਿਕ ਪੁੱਤਰ ਵਜੋਂ ਜੀਵਨ ਪ੍ਰਾਪਤ ਕਰਨ ਦਾ ਹੱਕ ਸੀ। ਉਸ ਵਾਂਗ, ਉਸ ਦੇ 1,44,000 ਅਧਿਆਤਮਿਕ ਭਾਈ ‘ਨਵੇਂ ਸਿਰਿਓਂ ਜੰਮੇ’ ਹਨ। (ਯੂਹੰਨਾ 3:1-8; ਨਵੰਬਰ 15, 1992, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 3-6 ਦੇਖੋ।) ਨਾਲੇ ਯਿਸੂ ਵਾਂਗ, ਉਹ ਪਰਮੇਸ਼ੁਰ ਦੁਆਰਾ ਮਸਹ ਕੀਤੇ ਹੋਏ ਹਨ ਅਤੇ ਖ਼ੁਸ਼ ਖ਼ਬਰੀ ਐਲਾਨ ਕਰਨ ਲਈ ਨਿਯੁਕਤ ਕੀਤੇ ਗਏ ਹਨ।—ਯਸਾਯਾਹ 61:1, 2; ਲੂਕਾ 4:16-21; 1 ਯੂਹੰਨਾ 2:20.
ਆਤਮਾ ਤੋਂ ਜੰਮਣ ਦਾ ਸਬੂਤ
8. (ੳ) ਯਿਸੂ ਦੇ ਮਾਮਲੇ ਵਿਚ ਆਤਮਾ ਤੋਂ ਜੰਮਣ ਦਾ ਕੀ ਸਬੂਤ ਸੀ? (ਅ) ਉਸ ਦੇ ਮੁਢਲੇ ਚੇਲਿਆਂ ਦੇ ਮਾਮਲੇ ਵਿਚ ਇਸ ਦਾ ਕੀ ਸਬੂਤ ਸੀ?
8 ਇਸ ਗੱਲ ਦਾ ਸਬੂਤ ਮੌਜੂਦ ਸੀ ਕਿ ਯਿਸੂ ਆਤਮਾ ਤੋਂ ਜੰਮਿਆ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਉੱਤੇ ਆਤਮਾ ਆਉਂਦੀ ਹੋਈ ਦੇਖੀ ਅਤੇ ਹੁਣੇ-ਹੁਣੇ ਮਸਹ ਕੀਤੇ ਹੋਏ ਮਸੀਹਾ ਦੀ ਅਧਿਆਤਮਿਕ ਪੁੱਤਰਤਾਈ ਬਾਰੇ ਪਰਮੇਸ਼ੁਰ ਦਾ ਐਲਾਨ ਸੁਣਿਆ। ਲੇਕਿਨ ਯਿਸੂ ਦੇ ਚੇਲੇ ਕਿਵੇਂ ਜਾਣਦੇ ਕਿ ਉਹ ਆਤਮਾ ਤੋਂ ਜੰਮੇ ਹੋਏ ਸਨ? ਯਾਦ ਕਰੋ ਕਿ ਸਵਰਗ ਨੂੰ ਚੜ੍ਹਨ ਦੇ ਦਿਨ, ਯਿਸੂ ਨੇ ਕਿਹਾ ਸੀ: “ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।” (ਰਸੂਲਾਂ ਦੇ ਕਰਤੱਬ 1:5) ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਯਿਸੂ ਦੇ ਚੇਲਿਆਂ ਨੂੰ “ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ” ਗਿਆ ਸੀ। ਆਤਮਾ ਦੇ ਇਸ ਵਹਾਉ ਨਾਲ ‘ਅਕਾਸ਼ ਤੋਂ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਜਿਹੀ ਇਕ ਗੂੰਜ ਆਈ’ ਅਤੇ ਹਰੇਕ ਚੇਲੇ ਉੱਤੇ “ਅੱਗ ਜਹੀਆਂ ਜੀਭਾਂ” ਠਹਿਰੀਆਂ। ਚੇਲਿਆਂ ਦੀ “ਹੋਰ ਬੋਲੀਆਂ ਬੋਲਣ” ਦੀ ਯੋਗਤਾ ਸਭ ਤੋਂ ਅਨੋਖੀ ਗੱਲ ਸੀ, “ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।” ਇਸ ਤਰ੍ਹਾਂ ਦਿਖਾਈ ਅਤੇ ਸੁਣਾਈ ਦੇਣ ਵਾਲਾ ਸਬੂਤ ਪੇਸ਼ ਸੀ ਕਿ ਮਸੀਹ ਦੇ ਪੈਰੋਕਾਰਾਂ ਲਈ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਸਵਰਗੀ ਤੇਜ ਵਿਚ ਆਉਣ ਦਾ ਰਾਹ ਖੁੱਲ੍ਹ ਗਿਆ ਸੀ।—ਰਸੂਲਾਂ ਦੇ ਕਰਤੱਬ 2:1-4, 14-21; ਯੋਏਲ 2:28, 29.
9. ਕੀ ਸਬੂਤ ਸੀ ਕਿ ਸਾਮਰੀ ਲੋਕ, ਕੁਰਨੇਲਿਯੁਸ ਅਤੇ ਪਹਿਲੀ ਸਦੀ ਦੇ ਦੂਸਰੇ ਵਿਅਕਤੀ ਆਤਮਾ ਤੋਂ ਜੰਮੇ ਸਨ?
9 ਕੁਝ ਸਮੇਂ ਬਾਅਦ, ਇੰਜੀਲ-ਪ੍ਰਚਾਰਕ ਫ਼ਿਲਿੱਪੁਸ ਨੇ ਸਾਮਰਿਯਾ ਵਿਚ ਪ੍ਰਚਾਰ ਕੀਤਾ। ਭਾਵੇਂ ਕਿ ਸਾਮਰੀ ਲੋਕਾਂ ਨੇ ਉਸ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਅਤੇ ਬਪਤਿਸਮਾ ਲਿਆ, ਪਰ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਅਧਿਆਤਮਿਕ ਪੁੱਤਰਾਂ ਵਜੋਂ ਉਤਪੰਨ ਕੀਤਾ ਸੀ। ਜਦੋਂ ਪਤਰਸ ਅਤੇ ਯੂਹੰਨਾ ਦੋਹਾਂ ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਇਨ੍ਹਾਂ ਵਿਸ਼ਵਾਸੀਆਂ ਉੱਤੇ ਹੱਥ ਰੱਖੇ, ਤਾਂ ਇਕ ਅਜਿਹੇ ਤਰੀਕੇ ਨਾਲ “ਉਨ੍ਹਾਂ ਨੂੰ ਪਵਿੱਤ੍ਰ ਆਤਮਾ ਮਿਲਿਆ,” ਜੋ ਦੇਖਣ ਵਾਲਿਆਂ ਲਈ ਸਪੱਸ਼ਟ ਸੀ। (ਰਸੂਲਾਂ ਦੇ ਕਰਤੱਬ 8:4-25) ਇਹ ਸਬੂਤ ਸੀ ਕਿ ਵਿਸ਼ਵਾਸੀ ਸਾਮਰੀ ਲੋਕ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਆਤਮਾ ਤੋਂ ਜੰਮੇ ਸਨ। ਇਸੇ ਤਰ੍ਹਾਂ, 36 ਸਾ.ਯੁ. ਵਿਚ, ਕੁਰਨੇਲਿਯੁਸ ਅਤੇ ਦੂਸਰੇ ਗ਼ੈਰ-ਯਹੂਦੀਆਂ ਨੇ ਪਰਮੇਸ਼ੁਰ ਦੀ ਸੱਚਾਈ ਨੂੰ ਸਵੀਕਾਰ ਕੀਤਾ। ਪਤਰਸ ਅਤੇ ਉਸ ਦੇ ਨਾਲ ਆਏ ਯਹੂਦੀ ਵਿਸ਼ਵਾਸੀ “ਦੰਗ ਹੋ ਗਏ ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤ੍ਰ ਆਤਮਾ ਦੀ ਦਾਤ ਵਹਾਈ ਗਈ। ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਬੋਲੀਆਂ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ।” (ਰਸੂਲਾਂ ਦੇ ਕਰਤੱਬ 10:44-48) ਪਹਿਲੀ ਸਦੀ ਦੇ ਕਈ ਮਸੀਹੀਆਂ ਨੇ “ਆਤਮਕ ਦਾਨਾਂ” ਨੂੰ ਪ੍ਰਾਪਤ ਕੀਤਾ, ਜਿਵੇਂ ਕਿ ਭਾਸ਼ਾਵਾਂ ਵਿਚ ਬੋਲਣਾ। (1 ਕੁਰਿੰਥੀਆਂ 14:12, 32) ਇਸ ਤਰ੍ਹਾਂ ਇਨ੍ਹਾਂ ਵਿਅਕਤੀਆਂ ਨੂੰ ਸਪੱਸ਼ਟ ਸਬੂਤ ਮਿਲਿਆ ਕਿ ਇਹ ਆਤਮਾ ਤੋਂ ਜੰਮੇ ਸਨ। ਪਰ ਬਾਅਦ ਵਿਚ ਆਉਣ ਵਾਲੇ ਮਸੀਹੀ ਕਿਵੇਂ ਜਾਣ ਸਕਦੇ ਸਨ ਕਿ ਉਹ ਆਤਮਾ ਤੋਂ ਜੰਮੇ ਹਨ ਕਿ ਨਹੀਂ?
ਆਤਮਾ ਦੀ ਸਾਖੀ
10, 11. ਰੋਮੀਆਂ 8:15-17 ਦੇ ਆਧਾਰ ਤੇ, ਤੁਸੀਂ ਇਸ ਗੱਲ ਨੂੰ ਕਿਵੇਂ ਸਮਝਾਓਗੇ ਕਿ ਆਤਮਾ ਉਨ੍ਹਾਂ ਨੂੰ ਸਾਖੀ ਦਿੰਦੀ ਹੈ ਜੋ ਮਸੀਹ ਦੇ ਸਾਂਝੇ ਅਧਿਕਾਰੀ ਹਨ?
10 ਸਾਰੇ 1,44,000 ਮਸਹ ਕੀਤੇ ਹੋਏ ਮਸੀਹੀਆਂ ਨੂੰ ਪੱਕਾ ਸਬੂਤ ਮਿਲਿਆ ਹੈ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੀ ਆਤਮਾ ਹੈ। ਇਸ ਬਾਰੇ ਪੌਲੁਸ ਨੇ ਲਿਖਿਆ: “ਤੁਹਾਨੂੰ . . . ਲੇਪਾਲਕ ਪੁੱਤ੍ਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ‘ਅੱਬਾ’, ਹੇ ਪਿਤਾ, ਪੁਕਾਰਦੇ ਹਾਂ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।” (ਰੋਮੀਆਂ 8:15-17) ਮਸਹ ਕੀਤੇ ਹੋਏ ਮਸੀਹੀਆਂ ਦਾ ਆਪਣੇ ਸਵਰਗੀ ਪਿਤਾ ਨਾਲ ਇਕ ਪੁੱਤਰ ਸਮਾਨ ਰਿਸ਼ਤਾ ਹੈ, ਯਾਨੀ ਕਿ ਉਹ ਪੁੱਤਰਤਾਈ ਦੀ ਪ੍ਰਬਲ ਭਾਵਨਾ ਮਹਿਸੂਸ ਕਰਦੇ ਹਨ। (ਗਲਾਤੀਆਂ 4:6, 7) ਉਹ ਪੂਰੀ ਤਰ੍ਹਾਂ ਯਕੀਨੀ ਹਨ ਕਿ ਸਵਰਗੀ ਰਾਜ ਵਿਚ ਉਹ ਮਸੀਹ ਨਾਲ ਸਾਂਝੇ ਅਧਿਕਾਰੀਆਂ ਵਜੋਂ, ਅਧਿਆਤਮਿਕ ਪੁੱਤਰਤਾਈ ਲਈ ਪਰਮੇਸ਼ੁਰ ਦੁਆਰਾ ਉਤਪੰਨ ਕੀਤੇ ਗਏ ਹਨ। ਇਸ ਵਿਚ, ਯਹੋਵਾਹ ਦੀ ਪਵਿੱਤਰ ਆਤਮਾ ਦਾ ਇਕ ਨਿਸ਼ਚਿਤ ਹਿੱਸਾ ਹੈ।
11 ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਪ੍ਰਭਾਵ ਅਧੀਨ, ਮਸਹ ਕੀਤੇ ਹੋਏ ਵਿਅਕਤੀਆਂ ਦੀ ਮਨੋਬਿਰਤੀ, ਜਾਂ ਪ੍ਰਬਲ ਰਵੱਈਆ, ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਸਵਰਗੀ ਉਮੀਦ ਬਾਰੇ ਕਹੀਆਂ ਗੱਲਾਂ ਅਪਣਾਉਣ ਲਈ ਉਤੇਜਿਤ ਕਰਦਾ ਹੈ। ਉਦਾਹਰਣ ਲਈ, ਜਦੋਂ ਉਹ ਪੜ੍ਹਦੇ ਹਨ ਕਿ ਸ਼ਾਸਤਰ ਯਹੋਵਾਹ ਦੇ ਅਧਿਆਤਮਿਕ ਬੱਚਿਆਂ ਬਾਰੇ ਕੀ ਕਹਿੰਦਾ ਹੈ, ਤਾਂ ਉਹ ਸੁਭਾਵਕ ਤੌਰ ਤੇ ਸਵੀਕਾਰ ਕਰਦੇ ਹਨ ਕਿ ਅਜਿਹੇ ਸ਼ਬਦ ਉਨ੍ਹਾਂ ਉੱਤੇ ਲਾਗੂ ਹੁੰਦੇ ਹਨ। (1 ਯੂਹੰਨਾ 3:2) ਉਹ ਜਾਣਦੇ ਹਨ ਕਿ ਉਨ੍ਹਾਂ ਨੇ “ਮਸੀਹ ਯਿਸੂ ਦਾ ਬਪਤਿਸਮਾ” ਅਤੇ ਉਸ ਦੀ ਮੌਤ ਦਾ ਵੀ ਬਪਤਿਸਮਾ ਲਿਆ ਹੈ। (ਰੋਮੀਆਂ 6:3) ਉਨ੍ਹਾਂ ਨੂੰ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਉਹ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰ ਹਨ, ਜੋ ਮਰ ਕੇ ਸਵਰਗੀ ਤੇਜ ਲਈ ਜੀ ਉਠਾਏ ਜਾਣਗੇ, ਜਿਵੇਂ ਯਿਸੂ ਨਾਲ ਵੀ ਹੋਇਆ ਸੀ।
12. ਮਸਹ ਕੀਤੇ ਹੋਏ ਮਸੀਹੀਆਂ ਵਿਚ ਪਰਮੇਸ਼ੁਰ ਦੀ ਆਤਮਾ ਨੇ ਕੀ ਪੈਦਾ ਕੀਤਾ ਹੈ?
12 ਅਧਿਆਤਮਿਕ ਪੁੱਤਰਤਾਈ ਲਈ ਉਤਪੰਨ ਹੋਣਾ ਇਕ ਅਜਿਹੀ ਇੱਛਾ ਨਹੀਂ ਜੋ ਖ਼ੁਦ ਪੈਦਾ ਕੀਤੀ ਜਾ ਸਕਦੀ ਹੈ। ਆਤਮਾ ਤੋਂ ਜੰਮੇ ਵਿਅਕਤੀ ਇਸ ਕਰਕੇ ਹੀ ਸਵਰਗ ਨੂੰ ਨਹੀਂ ਜਾਣਾ ਚਾਹੁੰਦੇ ਹਨ ਕਿਉਂਕਿ ਉਹ ਧਰਤੀ ਉੱਤੇ ਮੌਜੂਦ ਕਠਿਨਾਈਆਂ ਕਾਰਨ ਕਸ਼ਟ ਸਹਿ ਰਹੇ ਹਨ। (ਅੱਯੂਬ 14:1) ਬਲਕਿ, ਯਹੋਵਾਹ ਦੀ ਆਤਮਾ ਨੇ ਸੱਚ-ਮੁੱਚ ਮਸਹ ਕੀਤੇ ਹੋਏ ਵਿਅਕਤੀਆਂ ਵਿਚ ਇਕ ਅਜਿਹੀ ਉਮੀਦ ਅਤੇ ਇੱਛਾ ਪੈਦਾ ਕੀਤੀ ਹੈ ਜੋ ਆਮ ਇਨਸਾਨਾਂ ਲਈ ਅਸਾਧਾਰਣ ਹੈ। ਉਤਪੰਨ ਕੀਤੇ ਅਜਿਹੇ ਵਿਅਕਤੀ ਜਾਣਦੇ ਹਨ ਕਿ ਇਕ ਪਰਾਦੀਸ ਧਰਤੀ ਉੱਤੇ ਮਾਨਵੀ ਸੰਪੂਰਣਤਾ ਵਿਚ ਸਦੀਪਕ ਜੀਵਨ ਪਾਉਣਾ ਅਤੇ ਖ਼ੁਸ਼ ਪਰਿਵਾਰ ਅਤੇ ਮਿੱਤਰਾਂ ਦੇ ਆਸ-ਪਾਸ ਹੋਣਾ ਕਿੰਨਾ ਵਧੀਆ ਹੋਵੇਗਾ। ਪਰ, ਅਜਿਹਾ ਜੀਵਨ ਇਨ੍ਹਾਂ ਦੇ ਦਿਲਾਂ ਦੀ ਮੁੱਖ ਇੱਛਾ ਨਹੀਂ ਹੁੰਦੀ ਹੈ। ਮਸਹ ਕੀਤੇ ਹੋਏ ਵਿਅਕਤੀਆਂ ਦੀ ਇਕ ਇੰਨੀ ਜ਼ੋਰਦਾਰ ਸਵਰਗੀ ਉਮੀਦ ਹੁੰਦੀ ਹੈ ਕਿ ਉਹ ਰਜ਼ਾਮੰਦੀ ਨਾਲ ਸਾਰੀਆਂ ਪਾਰਥਿਵ ਸੰਭਾਵਨਾਵਾਂ ਅਤੇ ਮੋਹ ਤਿਆਗ ਦਿੰਦੇ ਹਨ।—2 ਪਤਰਸ 1:13, 14.
13. ਦੂਜਾ ਕੁਰਿੰਥੀਆਂ 5:1-5 ਦੇ ਅਨੁਸਾਰ, ਪੌਲੁਸ ਕਿਸ ਚੀਜ਼ ਲਈ ‘ਤਰਸਦਾ’ ਸੀ, ਅਤੇ ਆਤਮਾ ਤੋਂ ਜੰਮੇ ਵਿਅਕਤੀਆਂ ਬਾਰੇ ਇਹ ਕੀ ਸੰਕੇਤ ਕਰਦਾ ਹੈ?
13 ਅਜਿਹੇ ਵਿਅਕਤੀਆਂ ਵਿਚ ਸਵਰਗੀ ਜੀਵਨ ਦੀ ਪਰਮੇਸ਼ੁਰ-ਦਿੱਤ ਉਮੀਦ ਇੰਨੀ ਮਜ਼ਬੂਤ ਹੈ ਕਿ ਉਨ੍ਹਾਂ ਦੇ ਜਜ਼ਬਾਤ ਪੌਲੁਸ ਵਰਗੇ ਹਨ, ਜਿਸ ਨੇ ਲਿਖਿਆ: “ਅਸੀਂ ਜਾਣਦੇ ਹਾਂ ਭਈ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਢਹਿ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾ ਹੱਥ ਲਾਏ ਅਟੱਲ ਅਤੇ ਸੁਰਗ ਵਿੱਚ ਬਣਿਆ ਹੈ। ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਕੇ ਭਰਦੇ ਹਾਂ ਅਤੇ ਤਰਸਦੇ ਹਾਂ ਭਈ ਆਪਣੇ ਵਸੇਰੇ ਨੂੰ ਜਿਹੜਾ ਸੁਰਗੋਂ ਹੈ ਉਦਾਲੇ ਲੈ ਲਈਏ। ਤਾਂ ਜੋ ਅਸੀਂ ਪਹਿਨੇ ਹੋਏ ਹੋ ਕੇ ਨੰਗੇ ਨਾ ਪਾਏ ਜਾਈਏ। ਕਿਉਂ ਜੋ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ ਭਾਰ ਦੇ ਹੇਠ ਦੱਬੇ ਹੋਏ ਹਾਉਕੇ ਭਰਦੇ ਹਾਂ! ਅਸੀਂ ਇਹ ਤਾਂ ਨਹੀਂ ਚਾਹੁੰਦੇ ਭਈ ਇਸ ਨੂੰ ਲਾਹ ਸੁੱਟੀਏ ਸਗੋਂ ਇਹ ਜੋ ਉਸ ਨੂੰ ਉਦਾਲੇ ਲੈ ਲਈਏ ਭਈ ਜਿਹੜਾ ਮਰਨਹਾਰ ਹੈ ਉਹ ਜੀਵਨ ਨਾਲ ਭੱਖ ਲਿਆ ਜਾਵੇ। ਅਤੇ ਜਿਹ ਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ੁਰ ਹੈ ਜਿਹ ਨੇ ਸਾਨੂੰ ਆਤਮਾ ਦੀ ਸਾਈ ਦਿੱਤੀ।” (2 ਕੁਰਿੰਥੀਆਂ 5:1-5) ਪੌਲੁਸ ਇਕ ਅਮਰ ਆਤਮਿਕ ਪ੍ਰਾਣੀ ਵਜੋਂ ਸਵਰਗ ਨੂੰ ਜੀ ਉਠਾਏ ਜਾਣ ਲਈ ‘ਤਰਸਦਾ’ ਸੀ। ਉਸ ਨੇ ਮਾਨਵੀ ਸਰੀਰ ਨੂੰ ਇਕ ਤੰਬੂ ਨਾਲ ਦਰਸਾਇਆ ਜੋ ਇਕ ਘਰ ਦੀ ਤੁਲਨਾ ਵਿਚ ਇਕ ਢਹਿ ਜਾਣ ਵਾਲਾ ਅਤੇ ਅਸਥਾਈ ਨਿਵਾਸ ਹੁੰਦਾ ਹੈ। ਹਾਲਾਂਕਿ ਉਹ ਧਰਤੀ ਉੱਤੇ ਇਕ ਮਰਨਹਾਰ, ਸਰੀਰਕ ਦੇਹ ਵਿਚ ਜੀਉਂਦੇ ਹਨ, ਪਰੰਤੂ ਜਿਨ੍ਹਾਂ ਮਸੀਹੀਆਂ ਕੋਲ ਆਉਣ ਵਾਲੇ ਸਵਰਗੀ ਜੀਵਨ ਲਈ ਆਤਮਾ ਦੀ ਸਾਈ ਹੈ, ਉਹ “ਪਰਮੇਸ਼ੁਰ ਤੋਂ ਇੱਕ ਘਰ” ਦੀ ਆਸ ਰੱਖਦੇ ਹਨ, ਅਰਥਾਤ ਇਕ ਅਮਰ, ਅਵਿਨਾਸ਼ੀ ਆਤਮਿਕ ਦੇਹ। (1 ਕੁਰਿੰਥੀਆਂ 15:50-53) ਪੌਲੁਸ ਵਾਂਗ, ਉਹ ਸੱਚੇ ਦਿਲੋਂ ਕਹਿ ਸਕਦੇ ਹਨ: “ਅਸੀਂ ਹੌਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਭਈ [ਮਾਨਵੀ] ਦੇਹੀ ਦਾ ਘਰ ਛੱਡ ਦੇਈਏ ਅਤੇ ਪ੍ਰਭੁ ਕੋਲ [ਸਵਰਗ ਵਿਚ] ਜਾ ਵੱਸੀਏ।”—2 ਕੁਰਿੰਥੀਆਂ 5:8.
ਵਿਸ਼ੇਸ਼ ਨੇਮਾਂ ਵਿਚ ਸ਼ਾਮਲ ਕੀਤੇ ਗਏ ਹਨ
14. ਸਮਾਰਕ ਸਮਾਰੋਹ ਸਥਾਪਿਤ ਕਰਦੇ ਸਮੇਂ, ਯਿਸੂ ਨੇ ਪਹਿਲਾਂ ਕਿਸ ਨੇਮ ਦਾ ਜ਼ਿਕਰ ਕੀਤਾ, ਅਤੇ ਅਧਿਆਤਮਿਕ ਇਸਰਾਏਲੀਆਂ ਦੇ ਸੰਬੰਧ ਵਿਚ ਇਸ ਦੀ ਕੀ ਭੂਮਿਕਾ ਹੈ?
14 ਆਤਮਾ ਤੋਂ ਜੰਮੇ ਮਸੀਹੀ ਨਿਸ਼ਚਿਤ ਹਨ ਕਿ ਉਹ ਦੋ ਵਿਸ਼ੇਸ਼ ਨੇਮਾਂ ਵਿਚ ਸ਼ਾਮਲ ਕੀਤੇ ਗਏ ਹਨ। ਯਿਸੂ ਨੇ ਇਨ੍ਹਾਂ ਵਿੱਚੋਂ ਇਕ ਦਾ ਜ਼ਿਕਰ ਕੀਤਾ ਜਦੋਂ ਉਸ ਨੇ ਆਪਣੀ ਹੋਣ ਵਾਲੀ ਮੌਤ ਦਾ ਸਮਾਰਕ ਸਥਾਪਿਤ ਕਰਨ ਲਈ ਪਤੀਰੀ ਰੋਟੀ ਅਤੇ ਦਾਖ-ਰਸ ਇਸਤੇਮਾਲ ਕੀਤੇ ਅਤੇ ਦਾਖ-ਰਸ ਦੇ ਪਿਆਲੇ ਬਾਰੇ ਕਿਹਾ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।” (ਲੂਕਾ 22:20; 1 ਕੁਰਿੰਥੀਆਂ 11:25) ਨਵੇਂ ਨੇਮ ਵਿਚ ਕੌਣ-ਕੌਣ ਹਿੱਸੇਦਾਰ ਹਨ? ਯਹੋਵਾਹ ਪਰਮੇਸ਼ੁਰ ਅਤੇ ਅਧਿਆਤਮਿਕ ਇਸਰਾਏਲ ਦੇ ਮੈਂਬਰ—ਜਿਨ੍ਹਾਂ ਨੂੰ ਯਹੋਵਾਹ ਸਵਰਗੀ ਤੇਜ ਵਿਚ ਲਿਆਉਣ ਦਾ ਇਰਾਦਾ ਰੱਖਦਾ ਹੈ। (ਯਿਰਮਿਯਾਹ 31:31-34; ਗਲਾਤੀਆਂ 6:15, 16; ਇਬਰਾਨੀਆਂ 12:22-24) ਯਿਸੂ ਦੇ ਵਹਾਏ ਗਏ ਲਹੂ ਦੁਆਰਾ ਲਾਗੂ ਕੀਤਾ ਗਿਆ, ਇਹ ਨਵਾਂ ਨੇਮ ਯਹੋਵਾਹ ਦੇ ਨਾਂ ਲਈ ਇਕ ਪਰਜਾ ਚੁਣਦਾ ਹੈ ਅਤੇ ਇਨ੍ਹਾਂ ਆਤਮਾ ਤੋਂ ਜੰਮੇ ਮਸੀਹੀਆਂ ਨੂੰ ਅਬਰਾਹਾਮ ਦੀ ਅੰਸ ਦਾ ਹਿੱਸਾ ਬਣਾਉਂਦਾ ਹੈ। (ਗਲਾਤੀਆਂ 3:26-29; ਰਸੂਲਾਂ ਦੇ ਕਰਤੱਬ 15:14) ਨਵਾਂ ਨੇਮ ਸਾਰੇ ਅਧਿਆਤਮਿਕ ਇਸਰਾਏਲੀਆਂ ਨੂੰ ਸਵਰਗ ਵਿਚ ਅਮਰ ਜੀਵਨ ਲਈ ਜੀ ਉਠਾ ਕੇ ਤੇਜ ਵਿਚ ਲਿਆਉਣ ਦਾ ਪ੍ਰਬੰਧ ਹੈ। ਕਿਉਂਕਿ ਇਹ ਇਕ “ਸਦੀਪਕ ਨੇਮ” ਹੈ, ਇਸ ਲਈ ਇਸ ਦੇ ਲਾਭ ਸਦਾ ਲਈ ਕਾਇਮ ਰਹਿਣਗੇ। ਭਵਿੱਖ ਜ਼ਾਹਰ ਕਰੇਗਾ ਕਿ ਹਜ਼ਾਰ ਵਰ੍ਹਿਆਂ ਦੇ ਸਮੇਂ ਦੌਰਾਨ ਅਤੇ ਉਸ ਪਿੱਛੋਂ ਇਹ ਨੇਮ ਹੋਰ ਤਰੀਕਿਆਂ ਨਾਲ ਲਾਗੂ ਹੋਵੇਗਾ ਕਿ ਨਹੀਂ।—ਇਬਰਾਨੀਆਂ 13:20.
15. ਲੂਕਾ 22:28-30 ਦੇ ਅਨੁਸਾਰ, ਯਿਸੂ ਦੇ ਮਸਹ ਕੀਤੇ ਹੋਏ ਪੈਰੋਕਾਰ, ਹੋਰ ਕਿਸ ਨੇਮ ਵਿਚ ਸ਼ਾਮਲ ਕੀਤੇ ਜਾਣ ਲੱਗ ਪਏ, ਅਤੇ ਕਦੋਂ?
15 ਉਹ ‘ਬਹੁਤੇ ਪੁੱਤ੍ਰ’ ਜਿਨ੍ਹਾਂ ਨੂੰ ਯਹੋਵਾਹ ‘ਤੇਜ ਵਿੱਚ ਲਿਆਉਣ’ ਦਾ ਇਰਾਦਾ ਰੱਖਦਾ ਹੈ, ਵਿਅਕਤੀਗਤ ਤੌਰ ਤੇ ਸਵਰਗੀ ਰਾਜ ਲਈ ਨੇਮ ਵਿਚ ਵੀ ਸ਼ਾਮਲ ਕੀਤੇ ਗਏ ਹਨ। ਯਿਸੂ ਨੇ ਆਪਣੇ ਅਤੇ ਆਪਣੇ ਪੈਰੋਕਾਰਾਂ ਦਰਮਿਆਨ ਬੰਨ੍ਹੇ ਗਏ ਇਸ ਨੇਮ ਬਾਰੇ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” (ਲੂਕਾ 22:28-30) ਇਹ ਰਾਜ ਨੇਮ ਉਦੋਂ ਆਰੰਭ ਕੀਤਾ ਗਿਆ ਸੀ ਜਦੋਂ ਯਿਸੂ ਦੇ ਚੇਲੇ ਪੰਤੇਕੁਸਤ 33 ਸਾ.ਯੁ. ਤੇ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਸਨ। ਇਹ ਨੇਮ ਮਸੀਹ ਅਤੇ ਉਸ ਦੇ ਸੰਗੀ ਰਾਜਿਆਂ ਦਰਮਿਆਨ ਸਦਾ ਲਈ ਕਾਇਮ ਰਹਿੰਦਾ ਹੈ। (ਪਰਕਾਸ਼ ਦੀ ਪੋਥੀ 22:5) ਇਸ ਲਈ, ਆਤਮਾ ਤੋਂ ਜੰਮੇ ਮਸੀਹੀ ਨਿਸ਼ਚਿਤ ਹਨ ਕਿ ਉਹ ਨਵੇਂ ਨੇਮ ਵਿਚ ਅਤੇ ਰਾਜ ਨੇਮ ਵਿਚ ਹਿੱਸੇਦਾਰ ਹਨ। ਇਸ ਕਰਕੇ, ਪ੍ਰਭੂ ਦੇ ਸੰਧਿਆ ਭੋਜਨ ਦੇ ਸਮਾਰੋਹਾਂ ਤੇ, ਧਰਤੀ ਉੱਤੇ ਮਸਹ ਕੀਤੇ ਹੋਏ ਵਿਅਕਤੀਆਂ ਦਾ ਛੋਟਾ ਜਿਹਾ ਬਕੀਆ ਹੀ ਰੋਟੀ ਅਤੇ ਦਾਖ-ਰਸ ਲੈਂਦੇ ਹਨ। ਰੋਟੀ ਯਿਸੂ ਦੇ ਪਾਪ-ਰਹਿਤ ਮਾਨਵੀ ਸਰੀਰ ਨੂੰ ਦਰਸਾਉਂਦੀ ਹੈ, ਅਤੇ ਦਾਖ-ਰਸ ਮੌਤ ਵਿਚ ਵਹਾਏ ਗਏ ਉਸ ਦੇ ਸੰਪੂਰਣ ਲਹੂ ਨੂੰ ਦਰਸਾਉਂਦਾ ਹੈ, ਜੋ ਨਵੇਂ ਨੇਮ ਨੂੰ ਕਾਨੂੰਨੀ ਬਣਾਉਂਦਾ ਹੈ।—1 ਕੁਰਿੰਥੀਆਂ 11:23-26; ਪਹਿਰਾਬੁਰਜ (ਅੰਗ੍ਰੇਜ਼ੀ), ਫਰਵਰੀ 1, 1989, ਸਫ਼ੇ 17-20 ਦੇਖੋ।
ਸੱਦੇ ਹੋਏ, ਚੁਣੇ ਹੋਏ, ਅਤੇ ਮਾਤਬਰ
16, 17. (ੳ) ਤੇਜ ਵਿੱਚ ਲਿਆਏ ਜਾਣ ਲਈ, ਸਾਰੇ 1,44,000 ਵਿਅਕਤੀਆਂ ਬਾਰੇ ਕੀ ਸੱਚ ਹੋਣਾ ਚਾਹੀਦਾ ਹੈ? (ਅ) “ਦਸ ਰਾਜੇ” ਕੌਣ ਹਨ, ਅਤੇ ਉਹ ਮਸੀਹ ਦੇ “ਭਾਈਆਂ” ਦੇ ਪਾਰਥਿਵ ਬਕੀਏ ਨਾਲ ਕਿਵੇਂ ਸਲੂਕ ਕਰ ਰਹੇ ਹਨ?
16 ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੀ ਪਹਿਲੀ ਵਰਤੋਂ 1,44,000 ਵਿਅਕਤੀਆਂ ਲਈ ਸਵਰਗੀ ਜੀਵਨ ਵਾਸਤੇ ਸੱਦੇ ਜਾਣਾ ਅਤੇ ਪਰਮੇਸ਼ੁਰ ਵੱਲੋਂ ਆਤਮਾ ਤੋਂ ਉਤਪੰਨ ਕੀਤੇ ਜਾਣ ਦੁਆਰਾ ਚੁਣੇ ਜਾਣਾ, ਸੰਭਵ ਬਣਾਉਂਦਾ ਹੈ। ਨਿਸ਼ਚੇ ਹੀ, ਤੇਜ ਵਿੱਚ ਲਿਆਉਣ ਲਈ, ਉਨ੍ਹਾਂ ਨੂੰ ‘ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਜਤਨ’ ਕਰਨਾ, ਅਤੇ ਮੌਤ ਤਕ ਮਾਤਬਰ ਰਹਿਣਾ ਪਵੇਗਾ। (2 ਪਤਰਸ 1:10; ਅਫ਼ਸੀਆਂ 1:3-7; ਪਰਕਾਸ਼ ਦੀ ਪੋਥੀ 2:10) ਧਰਤੀ ਉੱਤੇ ਮਸਹ ਕੀਤੇ ਹੋਏ ਵਿਅਕਤੀਆਂ ਦਾ ਛੋਟਾ ਬਕੀਆ ਆਪਣੀ ਖਰਿਆਈ ਨੂੰ ਕਾਇਮ ਰੱਖਦਾ ਹੈ ਭਾਵੇਂ ਕਿ ਸਾਰੀਆਂ ਰਾਜਨੀਤਿਕ ਸ਼ਕਤੀਆਂ ਨੂੰ ਦਰਸਾਉਂਦੇ ‘ਦਸ ਰਾਜਿਆਂ’ ਦੁਆਰਾ ਉਨ੍ਹਾਂ ਦਾ ਵਿਰੋਧ ਹੁੰਦਾ ਹੈ। “ਏਹ ਲੇਲੇ ਦੇ ਨਾਲ ਜੁੱਧ ਕਰਨਗੇ,” ਇਕ ਦੂਤ ਨੇ ਕਿਹਾ, “ਅਤੇ ਲੇਲਾ ਓਹਨਾਂ ਉੱਤੇ ਫ਼ਤਹ ਪਾਵੇਗਾ ਇਸ ਲਈ ਜੋ ਉਹ ਪ੍ਰਭੁਆਂ ਦਾ ਪ੍ਰਭੁ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਓਹ ਭੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ ਹਨ।”—ਪਰਕਾਸ਼ ਦੀ ਪੋਥੀ 17:12-14.
17 ਰਾਜਿਆਂ ਦੇ ਰਾਜਾ, ਯਿਸੂ ਵਿਰੁੱਧ ਮਾਨਵੀ ਸ਼ਾਸਕ ਕੁਝ ਨਹੀਂ ਕਰ ਸਕਦੇ, ਕਿਉਂਕਿ ਉਹ ਸਵਰਗ ਵਿਚ ਹੈ। ਪਰ ਉਹ ਅਜੇ ਧਰਤੀ ਉੱਤੇ ਉਸ ਦੇ “ਭਾਈਆਂ” ਦੇ ਬਕੀਏ ਪ੍ਰਤੀ ਵੈਰ ਦਿਖਾਉਂਦੇ ਹਨ। (ਪਰਕਾਸ਼ ਦੀ ਪੋਥੀ 12:17) ਇਹ ਵੈਰ ਪਰਮੇਸ਼ੁਰ ਦੇ ਯੁੱਧ, ਆਰਮਾਗੇਡਨ ਵਿਚ ਖ਼ਤਮ ਕੀਤਾ ਜਾਵੇਗਾ, ਜਦੋਂ ‘ਰਾਜਿਆਂ ਦੇ ਰਾਜੇ’ ਅਤੇ ਉਸ ਦੇ “ਭਾਈਆਂ”—“ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ ਹਨ”—ਦੀ ਜਿੱਤ ਨਿਸ਼ਚਿਤ ਹੋਵੇਗੀ। (ਪਰਕਾਸ਼ ਦੀ ਪੋਥੀ 16:14, 16) ਇਸ ਸਮੇਂ ਦੇ ਦੌਰਾਨ, ਆਤਮਾ ਤੋਂ ਜੰਮੇ ਮਸੀਹੀ ਬਹੁਤ ਰੁੱਝੇ ਹੋਏ ਹਨ। ਇਸ ਤੋਂ ਪਹਿਲਾਂ ਕਿ ਯਹੋਵਾਹ ਉਨ੍ਹਾਂ ਨੂੰ ਤੇਜ ਵਿਚ ਲਿਆਵੇ, ਉਹ ਹੁਣ ਕੀ ਕਰ ਰਹੇ ਹਨ?
ਤੁਹਾਡਾ ਜਵਾਬ ਕੀ ਹੈ?
◻ ਪਰਮੇਸ਼ੁਰ ਕਿਨ੍ਹਾਂ ਨੂੰ ‘ਸਵਰਗੀ ਤੇਜ ਵਿਚ ਲਿਆਉਂਦਾ’ ਹੈ?
◻ ‘ਪਰਮੇਸ਼ੁਰ ਤੋਂ ਜੰਮਣ’ ਦਾ ਅਰਥ ਕੀ ਹੈ?
◻ ਕੁਝ ਮਸੀਹੀਆਂ ਦੇ ਸੰਬੰਧ ਵਿਚ “ਆਤਮਾ” ਕਿਵੇਂ “ਸਾਖੀ ਦਿੰਦਾ ਹੈ”?
◻ ਆਤਮਾ ਤੋਂ ਜੰਮੇ ਵਿਅਕਤੀ ਕਿਨ੍ਹਾਂ ਨੇਮਾਂ ਵਿਚ ਸ਼ਾਮਲ ਕੀਤੇ ਗਏ ਹਨ?
[ਸਫ਼ੇ 26 ਉੱਤੇ ਤਸਵੀਰ]
ਪੰਤੇਕੁਸਤ 33 ਸਾ.ਯੁ. ਤੇ ਸਬੂਤ ਦਿੱਤਾ ਗਿਆ ਸੀ ਕਿ ਸਵਰਗੀ ਤੇਜ ਵਿਚ ਆਉਣ ਦਾ ਰਾਹ ਖੁੱਲ੍ਹ ਗਿਆ ਸੀ