ਹੋਰ ਭੇਡਾਂ ਅਤੇ ਨਵਾਂ ਨੇਮ
“ਓਪਰੇ . . . , ਹਰੇਕ ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ, ਅਤੇ ਮੇਰੇ ਨੇਮ ਨੂੰ ਫੜੀ ਰੱਖਦਾ ਹੈ, ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ।”—ਯਸਾਯਾਹ 56:6, 7.
1. (ੳ) ਯੂਹੰਨਾ ਦੇ ਦਰਸ਼ਣ ਅਨੁਸਾਰ, ਕਿਹੜਾ ਕੰਮ ਪੂਰਾ ਕੀਤਾ ਜਾਂਦਾ ਹੈ ਜਦੋਂ ਕਿ ਯਹੋਵਾਹ ਦੇ ਨਿਆਉਂ ਦੀਆਂ ਪੌਣਾਂ ਨੂੰ ਫੜ ਕੇ ਰੱਖਿਆ ਹੋਇਆ ਹੈ? (ਅ) ਯੂਹੰਨਾ ਨੇ ਕਿਹੜੀ ਅਨੋਖੀ ਭੀੜ ਦੇਖੀ?
ਪਰਕਾਸ਼ ਦੀ ਪੋਥੀ ਦੇ ਚੌਥੇ ਦਰਸ਼ਣ ਵਿਚ, ਯੂਹੰਨਾ ਰਸੂਲ ਨੇ ਦੇਖਿਆ ਕਿ ਜਦ ਤਕ “ਪਰਮੇਸ਼ੁਰ ਦੇ ਇਸਰਾਏਲ” ਦੇ ਸਾਰੇ ਮੈਂਬਰਾਂ ਉੱਤੇ ਮੁਹਰ ਲਗਾਉਣ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਯਹੋਵਾਹ ਦੇ ਨਿਆਉਂ ਦੀਆਂ ਵਿਨਾਸ਼ਕਾਰੀ ਪੌਣਾਂ ਨੂੰ ਫੜ ਕੇ ਰੱਖਿਆ ਹੋਇਆ ਸੀ। ਅਬਰਾਹਾਮ ਦੀ ਅੰਸ ਦੇ ਮੁੱਖ ਭਾਗ, ਯਿਸੂ, ਦੁਆਰਾ ਬਰਕਤ ਪਾਉਣ ਵਾਲੇ ਇਹ ਪਹਿਲੇ ਵਿਅਕਤੀ ਹਨ। (ਗਲਾਤੀਆਂ 6:16; ਉਤਪਤ 22:18; ਪਰਕਾਸ਼ ਦੀ ਪੋਥੀ 7:1-4) ਉਸੇ ਦਰਸ਼ਣ ਵਿਚ, ਯੂਹੰਨਾ ਨੇ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਦੇਖੀ, “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ . . . ਅਤੇ ਏਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ,—ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ।” (ਪਰਕਾਸ਼ ਦੀ ਪੋਥੀ 7:9, 10) “ਮੁਕਤੀ . . . ਲੇਲੇ ਵੱਲੋਂ ਹੈ,” ਕਹਿਣ ਦੁਆਰਾ ਵੱਡੀ ਭੀੜ ਦਿਖਾਉਂਦੀ ਹੈ ਕਿ ਉਨ੍ਹਾਂ ਨੇ ਵੀ ਅਬਰਾਹਾਮ ਦੀ ਅੰਸ ਦੇ ਜ਼ਰੀਏ ਬਰਕਤ ਪਾਈ ਹੈ।
2. ਵੱਡੀ ਭੀੜ ਕਦੋਂ ਪ੍ਰਗਟ ਹੋਈ, ਅਤੇ ਇਸ ਦੀ ਸ਼ਨਾਖਤ ਕਿਵੇਂ ਕੀਤੀ ਜਾਂਦੀ ਹੈ?
2 ਇਸ ਵੱਡੀ ਭੀੜ ਦੀ ਸ਼ਨਾਖਤ 1935 ਵਿਚ ਕੀਤੀ ਗਈ ਸੀ, ਅਤੇ ਅੱਜ ਇਸ ਦੀ ਗਿਣਤੀ 50 ਲੱਖ ਤੋਂ ਵੱਧ ਹੈ। ਇਸ ਭੀੜ ਦੇ ਮੈਂਬਰ, ਜੋ ਵੱਡੀ ਬਿਪਤਾ ਵਿੱਚੋਂ ਬਚ ਨਿਕਲਣ ਲਈ ਚਿੰਨ੍ਹਿਤ ਕੀਤੇ ਗਏ ਹਨ, ਉਦੋਂ ਸਦੀਪਕ ਜੀਵਨ ਲਈ ਵੱਖਰੇ ਕੀਤੇ ਜਾਣਗੇ ਜਦੋਂ ਯਿਸੂ “ਭੇਡਾਂ” ਅਤੇ “ਬੱਕਰੀਆਂ” ਨੂੰ ਵੱਖਰਾ ਕਰੇਗਾ। ਵੱਡੀ ਭੀੜ ਦੇ ਮਸੀਹੀ, ਯਿਸੂ ਦੇ ਬਾੜਿਆਂ ਦੇ ਦ੍ਰਿਸ਼ਟਾਂਤ ਵਿਚ ਦੱਸੀਆਂ ਗਈਆਂ ‘ਹੋਰ ਭੇਡਾਂ’ ਵਿਚ ਗਿਣੇ ਜਾਂਦੇ ਹਨ। ਉਹ ਪਰਾਦੀਸੀ ਧਰਤੀ ਉੱਤੇ ਸਦਾ ਲਈ ਜੀਉਣ ਦੀ ਆਸ ਰੱਖਦੇ ਹਨ।—ਮੱਤੀ 25:31-46; ਯੂਹੰਨਾ 10:16; ਪਰਕਾਸ਼ ਦੀ ਪੋਥੀ 21:3, 4.
3. ਨਵੇਂ ਨੇਮ ਦੇ ਸੰਬੰਧ ਵਿਚ ਮਸਹ ਕੀਤੇ ਹੋਏ ਮਸੀਹੀ ਅਤੇ ਹੋਰ ਭੇਡਾਂ ਕਿਵੇਂ ਵੱਖਰੇ ਹਨ?
3 ਅਬਰਾਹਾਮ ਦੇ ਨੇਮ ਦੀ ਬਰਕਤ, 1,44,000 ਨੂੰ ਨਵੇਂ ਨੇਮ ਦੁਆਰਾ ਦਿੱਤੀ ਜਾਂਦੀ ਹੈ। ਇਸ ਨੇਮ ਦੇ ਸਾਂਝੀਦਾਰ ਹੋਣ ਦੇ ਨਾਤੇ, ਉਹ “ਅਯੋਗ ਦਿਆਲਗੀ ਦੇ ਅਧੀਨ” ਅਤੇ “ਮਸੀਹ ਦੇ ਭਾਣੇ ਸ਼ਰਾ ਅਧੀਨ” ਹਨ। (ਰੋਮੀਆਂ 6:15, ਨਿ ਵ; 1 ਕੁਰਿੰਥੀਆਂ 9:21) ਇਸ ਲਈ, ਯਿਸੂ ਦੀ ਮੌਤ ਦੇ ਸਮਾਰਕ ਦੌਰਾਨ ਕੇਵਲ ਪਰਮੇਸ਼ੁਰ ਦੇ ਇਸਰਾਏਲ ਦੇ 1,44,000 ਮੈਂਬਰਾਂ ਨੇ ਹੀ ਯੋਗ ਤਰੀਕੇ ਨਾਲ ਪ੍ਰਤੀਕ ਲਏ, ਅਤੇ ਕੇਵਲ ਉਨ੍ਹਾਂ ਦੇ ਨਾਲ ਹੀ ਯਿਸੂ ਨੇ ਰਾਜ ਦਾ ਆਪਣਾ ਨੇਮ ਬੰਨ੍ਹਿਆ। (ਲੂਕਾ 22:19, 20, 29) ਵੱਡੀ ਭੀੜ ਦੇ ਮੈਂਬਰ ਇਸ ਨਵੇਂ ਨੇਮ ਦੇ ਸਾਂਝੀਦਾਰ ਨਹੀਂ ਹਨ। ਪਰ ਉਹ ਪਰਮੇਸ਼ੁਰ ਦੇ ਇਸਰਾਏਲ ਨਾਲ ਸੰਗਤ ਕਰਦੇ ਹਨ ਅਤੇ ਉਨ੍ਹਾਂ ਦੇ “ਦੇਸ” ਵਿਚ ਉਨ੍ਹਾਂ ਨਾਲ ਰਹਿੰਦੇ ਹਨ। (ਯਸਾਯਾਹ 66:8) ਤਾਂ ਫਿਰ ਇਹ ਕਹਿਣਾ ਉਚਿਤ ਹੈ ਕਿ ਉਹ ਵੀ ਯਹੋਵਾਹ ਦੀ ਅਯੋਗ ਦਿਆਲਗੀ ਅਧੀਨ ਅਤੇ ਮਸੀਹ ਦੇ ਭਾਣੇ ਸ਼ਰਾ ਅਧੀਨ ਹਨ। ਭਾਵੇਂ ਕਿ ਉਹ ਨਵੇਂ ਨੇਮ ਦੇ ਸਾਂਝੀਦਾਰ ਨਹੀਂ, ਪਰ ਉਹ ਇਸ ਦੇ ਲਾਭ-ਪਾਤਰ ਹਨ।
“ਓਪਰੇ” ਅਤੇ ‘ਪਰਮੇਸ਼ੁਰ ਦਾ ਇਸਰਾਏਲ’
4, 5. (ੳ) ਯਸਾਯਾਹ ਦੇ ਅਨੁਸਾਰ, ਕਿਹੜਾ ਸਮੂਹ ਯਹੋਵਾਹ ਦੀ ਸੇਵਾ ਕਰੇਗਾ? (ਅ) ਵੱਡੀ ਭੀੜ ਉੱਤੇ ਯਸਾਯਾਹ 56:6, 7 ਦੀ ਪੂਰਤੀ ਕਿਵੇਂ ਹੁੰਦੀ ਹੈ?
4 ਯਸਾਯਾਹ ਨਬੀ ਨੇ ਲਿਖਿਆ: “ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ, ਅਤੇ ਮੇਰੇ ਨੇਮ ਨੂੰ ਫੜੀ ਰੱਖਦਾ ਹੈ, ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ, ਓਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ।” (ਯਸਾਯਾਹ 56:6, 7) ਇਸਰਾਏਲ ਵਿਚ, ਇਸ ਦਾ ਅਰਥ ਸੀ ਕਿ “ਓਪਰੇ,” ਅਰਥਾਤ ਗ਼ੈਰ-ਇਸਰਾਏਲੀ, ਯਹੋਵਾਹ ਦੀ ਉਪਾਸਨਾ ਕਰਨਗੇ—ਉਸ ਦੇ ਨਾਂ ਨਾਲ ਪ੍ਰੇਮ ਰੱਖਣਗੇ, ਬਿਵਸਥਾ ਨੇਮ ਦੀਆਂ ਸ਼ਰਤਾਂ ਪੂਰੀਆਂ ਕਰਨਗੇ, ਸਬਤ ਨੂੰ ਮੰਨਣਗੇ, ਅਤੇ ਹੈਕਲ, ਅਰਥਾਤ ਪਰਮੇਸ਼ੁਰ ਦੇ “ਪ੍ਰਾਰਥਨਾ ਦੇ ਘਰ” ਵਿਚ ਬਲੀਆਂ ਚੜ੍ਹਾਉਣਗੇ।—ਮੱਤੀ 21:13.
5 ਸਾਡੇ ਦਿਨਾਂ ਵਿਚ, ਵੱਡੀ ਭੀੜ ਉਹ “ਓਪਰੇ” ਹਨ, “ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ।” ਇਹ ਪਰਮੇਸ਼ੁਰ ਦੇ ਇਸਰਾਏਲ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ। (ਜ਼ਕਰਯਾਹ 8:23) ਇਹ ਪਰਮੇਸ਼ੁਰ ਦੇ ਇਸਰਾਏਲ ਵਾਂਗ ਸਵੀਕਾਰਯੋਗ ਬਲੀਆਂ ਚੜ੍ਹਾਉਂਦੇ ਹਨ। (ਇਬਰਾਨੀਆਂ 13:15, 16) ਉਹ ਪਰਮੇਸ਼ੁਰ ਦੀ ਅਧਿਆਤਮਿਕ ਹੈਕਲ, ਉਸ ਦੇ “ਪ੍ਰਾਰਥਨਾ ਦੇ ਘਰ” ਵਿਚ ਉਪਾਸਨਾ ਕਰਦੇ ਹਨ। (ਤੁਲਨਾ ਕਰੋ ਪਰਕਾਸ਼ ਦੀ ਪੋਥੀ 7:15.) ਕੀ ਉਹ ਹਫ਼ਤਾਵਾਰ ਸਬਤ ਮਨਾਉਂਦੇ ਹਨ? ਨਾ ਮਸਹ ਕੀਤੇ ਹੋਇਆਂ ਨੂੰ ਅਤੇ ਨਾ ਹੀ ਹੋਰ ਭੇਡਾਂ ਨੂੰ ਸਬਤ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। (ਕੁਲੁੱਸੀਆਂ 2:16, 17) ਪਰੰਤੂ, ਪੌਲੁਸ ਨੇ ਮਸਹ ਕੀਤੇ ਹੋਏ ਇਬਰਾਨੀ ਮਸੀਹੀਆਂ ਨੂੰ ਕਿਹਾ: “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ। ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ।” (ਇਬਰਾਨੀਆਂ 4:9, 10) ਇਹ ਇਬਰਾਨੀ ਉਦੋਂ ਇਸ ‘ਸਬਤ ਦੇ ਅਰਾਮ’ ਵਿਚ ਵੜੇ ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ “ਪਰਮੇਸ਼ੁਰ ਦੇ ਧਰਮ” ਦੇ ਅਧੀਨ ਕੀਤਾ ਅਤੇ ਬਿਵਸਥਾ, ਜਾਂ ਸ਼ਰਾ ਦੇ ਕਰਮਾਂ ਰਾਹੀਂ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦੇ ਜਤਨਾਂ ਤੋਂ ਆਰਾਮ ਕੀਤਾ। (ਰੋਮੀਆਂ 10:3, 4) ਮਸਹ ਕੀਤੇ ਹੋਏ ਗ਼ੈਰ-ਯਹੂਦੀ ਮਸੀਹੀ ਵੀ ਆਪਣੇ ਆਪ ਨੂੰ ਯਹੋਵਾਹ ਦੇ ਧਰਮ ਅਧੀਨ ਕਰ ਕੇ ਇਸ ਤਰ੍ਹਾਂ ਦੇ ਆਰਾਮ ਦਾ ਆਨੰਦ ਮਾਣਦੇ ਹਨ। ਵੱਡੀ ਭੀੜ ਉਨ੍ਹਾਂ ਦੇ ਨਾਲ ਇਸ ਆਰਾਮ ਵਿਚ ਸਾਥ ਦਿੰਦੀ ਹੈ।
6. ਅੱਜ ਹੋਰ ਭੇਡਾਂ ਕਿਸ ਤਰੀਕੇ ਨਾਲ ਨਵੇਂ ਨੇਮ ਨੂੰ ਫੜੀ ਰੱਖਦੀਆਂ ਹਨ?
6 ਇਸ ਤੋਂ ਇਲਾਵਾ, ਹੋਰ ਭੇਡਾਂ ਨਵੇਂ ਨੇਮ ਨੂੰ ਉਸੇ ਤਰ੍ਹਾਂ ਫੜੀ ਰੱਖਦੀਆਂ ਹਨ, ਜਿਵੇਂ ਬੀਤੇ ਸਮੇਂ ਵਿਚ ਓਪਰੇ ਬਿਵਸਥਾ ਨੇਮ ਨੂੰ ਫੜੀ ਰੱਖਦੇ ਸਨ। ਕਿਸ ਤਰੀਕੇ ਨਾਲ? ਇਸ ਦੇ ਸਾਂਝੀਦਾਰ ਬਣਨ ਦੁਆਰਾ ਨਹੀਂ, ਬਲਕਿ ਇਸ ਨਾਲ ਸੰਬੰਧਿਤ ਨਿਯਮਾਂ ਦੇ ਅਧੀਨ ਹੋ ਕੇ ਅਤੇ ਇਸ ਦੇ ਪ੍ਰਬੰਧਾਂ ਤੋਂ ਲਾਭ ਹਾਸਲ ਕਰ ਕੇ। (ਤੁਲਨਾ ਕਰੋ ਯਿਰਮਿਯਾਹ 31:33, 34.) ਆਪਣੇ ਮਸਹ ਕੀਤੇ ਹੋਏ ਸਾਥੀਆਂ ਵਾਂਗ, ਹੋਰ ਭੇਡਾਂ “ਦੇ ਦਿਲਾਂ ਉੱਤੇ” ਯਹੋਵਾਹ ਦੀ ਬਿਵਸਥਾ ਲਿਖੀ ਹੋਈ ਹੈ। ਉਹ ਯਹੋਵਾਹ ਦੇ ਹੁਕਮਾਂ ਅਤੇ ਸਿਧਾਂਤਾਂ ਨਾਲ ਗਹਿਰੀ ਪ੍ਰੀਤ ਰੱਖਦੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਦੇ ਹਨ। (ਜ਼ਬੂਰ 37:31; 119:97) ਮਸਹ ਕੀਤੇ ਹੋਏ ਮਸੀਹੀਆਂ ਵਾਂਗ, ਉਹ ਯਹੋਵਾਹ ਨੂੰ ਜਾਣਦੇ ਹਨ। (ਯੂਹੰਨਾ 17:3) ਸੁੰਨਤ ਬਾਰੇ ਕੀ? ਨਵਾਂ ਨੇਮ ਸਥਾਪਿਤ ਹੋਣ ਤੋਂ ਕੁਝ 1,500 ਸਾਲ ਪਹਿਲਾਂ, ਮੂਸਾ ਨੇ ਇਸਰਾਏਲੀਆਂ ਨੂੰ ਤਾਕੀਦ ਕੀਤੀ: “ਆਪਣੇ ਮਨਾਂ ਦੀਆਂ ਖਲੜੀਆਂ ਦੀ ਸੁੰਨਤ ਕਰਾਓ।” (ਬਿਵਸਥਾ ਸਾਰ 10:16; ਯਿਰਮਿਯਾਹ 4:4) ਹਾਲਾਂਕਿ ਬਿਵਸਥਾ, ਜਾਂ ਸ਼ਰਾ ਦੇ ਖ਼ਤਮ ਹੋਣ ਨਾਲ ਲਾਜ਼ਮੀ ਸਰੀਰਕ ਸੁੰਨਤ ਵੀ ਖ਼ਤਮ ਹੋ ਗਈ ਸੀ, ਫਿਰ ਵੀ ਮਸਹ ਕੀਤੇ ਹੋਇਆਂ ਲਈ ਅਤੇ ਹੋਰ ਭੇਡਾਂ ਲਈ ਆਪਣੇ ਦਿਲਾਂ ਦੀ “ਸੁੰਨਤ” ਕਰਾਉਣੀ ਜ਼ਰੂਰੀ ਹੈ। (ਕੁਲੁੱਸੀਆਂ 2:11) ਅਤੇ ਫਿਰ ਯਿਸੂ ਦੁਆਰਾ ਵਹਾਏ ਗਏ ‘ਨੇਮ ਦੇ ਲਹੂ’ ਦੇ ਆਧਾਰ ਤੇ ਯਹੋਵਾਹ ਹੋਰ ਭੇਡਾਂ ਦੇ ਪਾਪਾਂ ਨੂੰ ਮਾਫ਼ ਕਰਦਾ ਹੈ। (ਮੱਤੀ 26:28; 1 ਯੂਹੰਨਾ 1:9; 2:2) ਪਰਮੇਸ਼ੁਰ ਉਨ੍ਹਾਂ ਨੂੰ ਅਧਿਆਤਮਿਕ ਮੁਤਬੰਨੇ ਨਹੀਂ ਬਣਾਉਂਦਾ ਹੈ, ਜਿਵੇਂ ਉਹ 1,44,000 ਨੂੰ ਬਣਾਉਂਦਾ ਹੈ। ਪਰ ਉਹ ਹੋਰ ਭੇਡਾਂ ਨੂੰ ਉਸੇ ਭਾਵ ਵਿਚ ਧਰਮੀ ਠਹਿਰਾਉਂਦਾ ਹੈ ਜਿਵੇਂ ਅਬਰਾਹਾਮ ਨੂੰ ਪਰਮੇਸ਼ੁਰ ਦੇ ਮਿੱਤਰ ਵਜੋਂ ਧਰਮੀ ਠਹਿਰਾਇਆ ਗਿਆ ਸੀ।—ਮੱਤੀ 25:46; ਰੋਮੀਆਂ 4:2, 3; ਯਾਕੂਬ 2:23.
7. ਅਬਰਾਹਾਮ ਵਾਂਗ ਧਰਮੀ ਠਹਿਰਾਈਆਂ ਗਈਆਂ ਹੋਰ ਭੇਡਾਂ ਕੋਲ ਅੱਜ ਕਿਹੜੀ ਸੰਭਾਵਨਾ ਹੈ?
7 ਧਰਮੀ ਠਹਿਰਾਏ ਜਾਣ ਦੁਆਰਾ, 1,44,000 ਨੇ ਸਵਰਗੀ ਰਾਜ ਵਿਚ ਯਿਸੂ ਨਾਲ ਸ਼ਾਸਨ ਕਰਨ ਦੀ ਉਮੀਦ ਹਾਸਲ ਕੀਤੀ। (ਰੋਮੀਆਂ 8:16, 17; ਗਲਾਤੀਆਂ 2:16) ਪਰਮੇਸ਼ੁਰ ਦੇ ਮਿੱਤਰਾਂ ਵਜੋਂ ਧਰਮੀ ਠਹਿਰਾਏ ਜਾਣ ਕਾਰਨ, ਹੋਰ ਭੇਡਾਂ ਲਈ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਅਪਣਾਉਣੀ ਸੰਭਵ ਹੋਈ ਹੈ—ਜਾਂ ਤਾਂ ਵੱਡੀ ਭੀੜ ਦੇ ਭਾਗ ਵਜੋਂ ਆਰਮਾਗੇਡਨ ਤੋਂ ਬਚ ਨਿਕਲਣ ਦੁਆਰਾ ਜਾਂ ‘ਧਰਮੀਆਂ ਦੇ ਜੀ ਉੱਠਣ’ ਦੁਆਰਾ। (ਰਸੂਲਾਂ ਦੇ ਕਰਤੱਬ 24:15) ਅਜਿਹੀ ਉਮੀਦ ਹਾਸਲ ਕਰਨੀ ਅਤੇ ਵਿਸ਼ਵ ਦੇ ਸਰਬਸੱਤਾਵਾਨ ਦੇ ਮਿੱਤਰ ਹੋਣਾ, ਅਤੇ ‘ਉਸ ਦੇ ਡੇਹਰੇ ਵਿੱਚ’ ਮਹਿਮਾਨ ਹੋਣਾ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ! (ਜ਼ਬੂਰ 15:1, 2) ਜੀ ਹਾਂ, ਮਸਹ ਕੀਤੇ ਹੋਏ ਵਿਅਕਤੀ ਅਤੇ ਹੋਰ ਭੇਡਾਂ ਦੋਵੇਂ ਇਕ ਸ਼ਾਨਦਾਰ ਤਰੀਕੇ ਨਾਲ ਅਬਰਾਹਾਮ ਦੀ ਅੰਸ, ਯਿਸੂ ਦੁਆਰਾ ਬਰਕਤ ਪਾਉਂਦੇ ਹਨ।
ਪ੍ਰਾਸਚਿਤ ਦਾ ਮਹਾਨਤਰ ਦਿਨ
8. ਬਿਵਸਥਾ ਅਧੀਨ ਪ੍ਰਾਸਚਿਤ ਦੇ ਦਿਨ ਦੀਆਂ ਬਲੀਆਂ ਨੇ ਕਿਸ ਗੱਲ ਨੂੰ ਪੂਰਵ-ਚਿੱਤ੍ਰਿਤ ਕੀਤਾ?
8 ਨਵੇਂ ਨੇਮ ਦੀ ਚਰਚਾ ਕਰਦੇ ਸਮੇਂ, ਪੌਲੁਸ ਨੇ ਆਪਣੇ ਪਾਠਕਾਂ ਨੂੰ ਬਿਵਸਥਾ ਨੇਮ ਅਧੀਨ ਸਾਲਾਨਾ ਪ੍ਰਾਸਚਿਤ ਦੇ ਦਿਨ ਬਾਰੇ ਯਾਦ ਦਿਲਾਇਆ। ਉਸ ਦਿਨ ਤੇ, ਵੱਖੋ-ਵੱਖਰੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ—ਇਕ ਬਲੀ ਲੇਵੀ ਦੇ ਜਾਜਕੀ ਗੋਤ ਲਈ ਅਤੇ ਦੂਸਰੀ ਬਲੀ 12 ਗ਼ੈਰ-ਜਾਜਕੀ ਗੋਤਾਂ ਲਈ। ਲੰਬੇ ਸਮੇਂ ਤੋਂ ਇਹ ਵਿਆਖਿਆ ਕੀਤੀ ਗਈ ਹੈ ਕਿ ਇਹ ਯਿਸੂ ਦੇ ਮਹਾਨ ਬਲੀਦਾਨ ਨੂੰ ਪੂਰਵ-ਚਿੱਤ੍ਰਿਤ ਕਰਦਾ ਹੈ, ਜੋ ਸਵਰਗੀ ਉਮੀਦ ਰੱਖਣ ਵਾਲੇ 1,44,000 ਨੂੰ ਅਤੇ ਪਾਰਥਿਵ ਉਮੀਦ ਰੱਖਣ ਵਾਲੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਵੇਗਾ।a ਪੌਲੁਸ ਨੇ ਦਿਖਾਇਆ ਕਿ ਇਸ ਦੀ ਪੂਰਤੀ ਵਿਚ, ਯਿਸੂ ਦੇ ਬਲੀਦਾਨ ਦੇ ਲਾਭ ਨਵੇਂ ਨੇਮ ਦੇ ਅਧੀਨ ਪ੍ਰਾਸਚਿਤ ਦੇ ਇਕ ਮਹਾਨਤਰ ਦਿਨ ਦੁਆਰਾ ਲਾਗੂ ਕੀਤੇ ਜਾਣਗੇ। ਇਸ ਮਹਾਨਤਰ ਦਿਨ ਦੇ ਪ੍ਰਧਾਨ ਜਾਜਕ ਵਜੋਂ, ਯਿਸੂ ਨੇ ਮਨੁੱਖਾਂ ਲਈ “ਸਦੀਪਕ ਨਿਸਤਾਰਾ” ਕਮਾਉਣ ਲਈ ਆਪਣੇ ਸੰਪੂਰਣ ਜੀਵਨ ਨੂੰ ਪ੍ਰਾਸਚਿਤ ਬਲੀਦਾਨ ਵਜੋਂ ਦਿੱਤਾ।—ਇਬਰਾਨੀਆਂ 9:11-24.
9. ਨਵੇਂ ਨੇਮ ਵਿਚ ਹੋਣ ਕਰ ਕੇ, ਮਸਹ ਕੀਤੇ ਹੋਏ ਇਬਰਾਨੀ ਮਸੀਹੀ ਕਿਸ ਚੀਜ਼ ਨੂੰ ਅਪਣਾ ਸਕਦੇ ਸਨ?
9 ਪਹਿਲੀ ਸਦੀ ਦੇ ਬਹੁਤ ਸਾਰੇ ਇਬਰਾਨੀ ਮਸੀਹੀ ਅਜੇ ਵੀ “[ਮੂਸਾ ਦੀ] ਸ਼ਰਾ ਦੇ ਗੈਰਤ ਵਾਲੇ” ਸਨ। (ਰਸੂਲਾਂ ਦੇ ਕਰਤੱਬ 21:20) ਤਾਂ ਫਿਰ ਉਚਿਤ ਤੌਰ ਤੇ ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ: “[ਯਿਸੂ] ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਭਈ ਓਹ ਜਿਹੜੇ ਸੱਦੇ ਹੋਏ ਹਨ ਸਦੀਪਕਾਲ ਦੇ ਵਿਰਸੇ ਦੇ ਵਾਇਦੇ ਨੂੰ ਪਰਾਪਤ ਕਰਨ।” (ਇਬਰਾਨੀਆਂ 9:15) ਨਵੇਂ ਨੇਮ ਨੇ ਇਬਰਾਨੀ ਮਸੀਹੀਆਂ ਨੂੰ ਪੁਰਾਣੇ ਨੇਮ ਤੋਂ ਮੁਕਤ ਕੀਤਾ ਜੋ ਉਨ੍ਹਾਂ ਦੀ ਪਾਪਪੂਰਣਤਾ ਨੂੰ ਪ੍ਰਗਟ ਕਰਦਾ ਸੀ। ਨਵੇਂ ਨੇਮ ਦੇ ਕਾਰਨ ਉਹ “ਸਦੀਪਕਾਲ ਦੇ [ਸਵਰਗੀ] ਵਿਰਸੇ ਦੇ ਵਾਇਦੇ ਨੂੰ” ਅਪਣਾ ਸਕਦੇ ਸਨ।
10. ਮਸਹ ਕੀਤੇ ਹੋਏ ਵਿਅਕਤੀ ਅਤੇ ਹੋਰ ਭੇਡਾਂ ਕਿਨ੍ਹਾਂ ਚੀਜ਼ਾਂ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਨ?
10 ਹਰੇਕ “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ,” ਰਿਹਾਈ-ਕੀਮਤ ਬਲੀਦਾਨ ਤੋਂ ਲਾਭ ਹਾਸਲ ਕਰੇਗਾ। (ਯੂਹੰਨਾ 3:16, 36) ਪੌਲੁਸ ਨੇ ਕਿਹਾ: “ਮਸੀਹ ਭੀ ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ ਅਤੇ ਓਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪਰਗਟ ਹੋਵੇਗਾ।” (ਇਬਰਾਨੀਆਂ 9:28) ਅੱਜ, ਯਿਸੂ ਨੂੰ ਉਡੀਕਣ ਵਾਲਿਆਂ ਵਿਚ ਉਹ ਮਸਹ ਕੀਤੇ ਹੋਏ ਮਸੀਹੀ ਹਨ ਜੋ ਪਰਮੇਸ਼ੁਰ ਦੇ ਇਸਰਾਏਲ ਦਾ ਬਕੀਆ ਹਨ, ਨਾਲੇ ਵੱਡੀ ਭੀੜ ਦੇ ਲੱਖਾਂ ਲੋਕ, ਜਿਨ੍ਹਾਂ ਲਈ ਵੀ ਇਕ ਸਦੀਪਕ ਵਿਰਸਾ ਰੱਖਿਆ ਹੋਇਆ ਹੈ। ਦੋਵੇਂ ਵਰਗ ਨਵੇਂ ਨੇਮ ਲਈ ਅਤੇ ਇਸ ਨਾਲ ਸੰਬੰਧਿਤ ਜੀਵਨਦਾਇਕ ਬਰਕਤਾਂ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਨ, ਨਾਲ ਹੀ ਉਹ ਪ੍ਰਾਸਚਿਤ ਦੇ ਵੱਡੇ ਦਿਨ ਲਈ ਅਤੇ ਸਵਰਗੀ ਅੱਤ ਪਵਿੱਤਰ ਸਥਾਨ ਵਿਚ ਪ੍ਰਧਾਨ ਜਾਜਕ, ਯਿਸੂ ਦੀ ਸੇਵਕਾਈ ਲਈ ਵੀ ਧੰਨਵਾਦੀ ਹਨ।
ਪਵਿੱਤਰ ਸੇਵਾ ਵਿਚ ਰੁੱਝੇ
11. ਯਿਸੂ ਦੇ ਬਲੀਦਾਨ ਦੁਆਰਾ ਆਪਣੇ ਅੰਤਹਕਰਣ ਸ਼ੁੱਧ ਕਰਨ ਮਗਰੋਂ, ਦੋਵੇਂ ਮਸਹ ਕੀਤੇ ਹੋਏ ਵਿਅਕਤੀ ਅਤੇ ਹੋਰ ਭੇਡਾਂ ਖ਼ੁਸ਼ੀ-ਖ਼ੁਸ਼ੀ ਕੀ ਕਰਦੇ ਹਨ?
11 ਇਬਰਾਨੀਆਂ ਨੂੰ ਆਪਣੀ ਪੱਤਰੀ ਵਿਚ, ਪੌਲੁਸ ਨੇ ਪੁਰਾਣੇ ਨੇਮ ਅਧੀਨ ਚੜ੍ਹਾਈਆਂ ਪਾਪ ਦੀਆਂ ਬਲੀਆਂ ਦੀ ਤੁਲਨਾ ਵਿਚ ਨਵੇਂ ਨੇਮ ਦੇ ਪ੍ਰਬੰਧ ਹੇਠ ਯਿਸੂ ਦੇ ਬਲੀਦਾਨ ਦੀ ਉੱਚ ਕੀਮਤ ਉੱਤੇ ਜ਼ੋਰ ਦਿੱਤਾ। (ਇਬਰਾਨੀਆਂ 9:13-15) ਯਿਸੂ ਦਾ ਬਿਹਤਰ ਬਲੀਦਾਨ ‘ਸਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ’ ਕਰ ਸਕਦਾ ਹੈ ‘ਭਈ ਅਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੀਏ।’ ਇਬਰਾਨੀ ਮਸੀਹੀਆਂ ਲਈ, “ਮੁਰਦਿਆਂ ਕੰਮਾਂ” ਵਿਚ ‘ਪਹਿਲੇ ਨੇਮ ਦੇ ਅਪਰਾਧ’ ਸ਼ਾਮਲ ਸਨ। ਅੱਜ ਮਸੀਹੀਆਂ ਲਈ, ਇਨ੍ਹਾਂ ਕੰਮਾਂ ਵਿਚ ਬੀਤੇ ਸਮੇਂ ਵਿਚ ਕੀਤੇ ਉਹ ਪਾਪ ਸ਼ਾਮਲ ਹਨ ਜਿਨ੍ਹਾਂ ਲਈ ਸੱਚਾ ਪਸ਼ਚਾਤਾਪ ਕੀਤਾ ਗਿਆ ਹੈ ਅਤੇ ਜੋ ਪਰਮੇਸ਼ੁਰ ਨੇ ਮਾਫ਼ ਕੀਤੇ ਹਨ। (1 ਕੁਰਿੰਥੀਆਂ 6:9-11) ਅੰਤਹਕਰਣ ਦੇ ਸ਼ੁੱਧ ਹੋਣ ਮਗਰੋਂ, ਮਸਹ ਕੀਤੇ ਹੋਏ ਮਸੀਹੀ “ਜੀਉਂਦੇ ਪਰਮੇਸ਼ੁਰ ਦੀ ਉਪਾਸਨਾ” ਕਰਦੇ ਹਨ। ਅਤੇ ਵੱਡੀ ਭੀੜ ਵੀ ਇਸ ਤਰ੍ਹਾਂ ਕਰਦੀ ਹੈ। “ਲੇਲੇ ਦੇ ਲਹੂ” ਨਾਲ ਆਪਣੇ ਅੰਤਹਕਰਣ ਨੂੰ ਸ਼ੁੱਧ ਕਰਨ ਮਗਰੋਂ, ਉਹ ਪਰਮੇਸ਼ੁਰ ਦੀ ਮਹਾਨ ਅਧਿਆਤਮਿਕ ਹੈਕਲ ਵਿਚ “ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।”—ਪਰਕਾਸ਼ ਦੀ ਪੋਥੀ 7:14, 15.
12. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ “ਪੂਰੀ ਨਿਹਚਾ” ਰੱਖਦੇ ਹਾਂ?
12 ਇਸ ਤੋਂ ਇਲਾਵਾ, ਪੌਲੁਸ ਨੇ ਕਿਹਾ: “ਆਓ, ਅਸੀਂ ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਉ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨੁਲ੍ਹਾਈ ਗਈ ਨੇੜੇ ਜਾਈਏ।” (ਇਬਰਾਨੀਆਂ 10:22) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ “ਪੂਰੀ ਨਿਹਚਾ” ਰੱਖਦੇ ਹਾਂ? ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਤਾਕੀਦ ਕੀਤੀ: “ਅਸੀਂ [ਸਵਰਗੀ] ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ। ਅਤੇ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:23-25) ਜੇਕਰ ਸਾਡੀ ਨਿਹਚਾ ਜੀਉਂਦੀ ਹੈ, ਤਾਂ ਅਸੀਂ ਵੀ ‘ਆਪਸ ਵਿੱਚੀਂ ਇਕੱਠੇ ਹੋਣ ਨੂੰ ਨਹੀਂ ਛੱਡਾਂਗੇ।’ ਅਸੀਂ ਆਪਣੇ ਭਰਾਵਾਂ ਨੂੰ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰ ਕੇ ਅਤੇ ਉਨ੍ਹਾਂ ਵੱਲੋਂ ਉਭਾਰੇ ਜਾਣ ਤੇ ਆਨੰਦਿਤ ਹੋਵਾਂਗੇ। ਨਾਲੇ ਅਸੀਂ ਆਪਣੀ ਉਮੀਦ, ਭਾਵੇਂ ਇਹ ਪਾਰਥਿਵ ਹੋਵੇ ਜਾਂ ਸਵਰਗੀ, ਦਾ ਜਨਤਕ ਐਲਾਨ ਕਰਨ ਦੇ ਇਸ ਅਤਿ-ਆਵੱਸ਼ਕ ਕੰਮ ਲਈ ਇਕ ਦੂਸਰੇ ਨੂੰ ਮਜ਼ਬੂਤ ਕਰਾਂਗੇ।—ਯੂਹੰਨਾ 13:35.
“ਸਦੀਪਕ ਨੇਮ”
13, 14. ਨਵਾਂ ਨੇਮ ਕਿਨ੍ਹਾਂ ਤਰੀਕਿਆਂ ਨਾਲ ਸਦੀਪਕ ਹੈ?
13 ਉਦੋਂ ਕੀ ਹੋਵੇਗਾ ਜਦੋਂ 1,44,000 ਵਿੱਚੋਂ ਆਖ਼ਰੀ ਵਿਅਕਤੀ ਆਪਣੀ ਸਵਰਗੀ ਉਮੀਦ ਹਾਸਲ ਕਰ ਲਵੇਗਾ? ਕੀ ਨਵਾਂ ਨੇਮ ਖ਼ਤਮ ਹੋ ਜਾਵੇਗਾ? ਉਸ ਸਮੇਂ, ਧਰਤੀ ਉੱਤੇ ਪਰਮੇਸ਼ੁਰ ਦੇ ਇਸਰਾਏਲ ਦਾ ਕੋਈ ਮੈਂਬਰ ਬਾਕੀ ਨਹੀਂ ਰਹੇਗਾ। ਨੇਮ ਦੇ ਸਾਰੇ ਸਾਂਝੀਦਾਰ ਯਿਸੂ ਨਾਲ “[ਉਸ ਦੇ] ਪਿਤਾ ਦੇ ਰਾਜ ਵਿੱਚ” ਹੋਣਗੇ। (ਮੱਤੀ 26:29) ਪਰ ਅਸੀਂ ਇਬਰਾਨੀਆਂ ਨੂੰ ਲਿਖੀ ਪੱਤਰੀ ਵਿਚ ਪੌਲੁਸ ਦੇ ਸ਼ਬਦਾਂ ਨੂੰ ਯਾਦ ਕਰਦੇ ਹਾਂ: “ਸ਼ਾਂਤੀ ਦਾਤਾ ਪਰਮੇਸ਼ੁਰ . . . ਭੇਡਾਂ ਦੇ ਵੱਡੇ ਅਯਾਲੀ . . . ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉਠਾ ਲਿਆਇਆ।” (ਇਬਰਾਨੀਆਂ 13:20; ਯਸਾਯਾਹ 55:3) ਨਵਾਂ ਨੇਮ ਕਿਸ ਭਾਵ ਵਿਚ ਸਦੀਪਕ ਹੈ?
14 ਪਹਿਲੀ ਗੱਲ, ਬਿਵਸਥਾ ਨੇਮ ਤੋਂ ਭਿੰਨ, ਕੋਈ ਹੋਰ ਨੇਮ ਇਸ ਨਵੇਂ ਨੇਮ ਦੀ ਥਾਂ ਨਹੀਂ ਲਵੇਗਾ। ਦੂਸਰੀ ਗੱਲ, ਇਸ ਦੇ ਅਮਲ ਦੇ ਸਿੱਟੇ ਸਥਾਈ ਹਨ, ਠੀਕ ਜਿਵੇਂ ਯਿਸੂ ਦੀ ਬਾਦਸ਼ਾਹੀ ਸਥਾਈ ਹੈ। (ਲੂਕਾ 1:33 ਦੀ ਤੁਲਨਾ 1 ਕੁਰਿੰਥੀਆਂ 15:27, 28 ਨਾਲ ਕਰੋ।) ਯਹੋਵਾਹ ਦੇ ਮਕਸਦਾਂ ਵਿਚ ਸਵਰਗੀ ਰਾਜ ਦੀ ਇਕ ਸਦੀਵੀ ਥਾਂ ਹੈ। (ਪਰਕਾਸ਼ ਦੀ ਪੋਥੀ 22:5) ਅਤੇ ਤੀਜੀ ਗੱਲ, ਹੋਰ ਭੇਡਾਂ ਨੂੰ ਨਵੇਂ ਨੇਮ ਦੇ ਪ੍ਰਬੰਧ ਤੋਂ ਲਾਭ ਹੁੰਦਾ ਰਹੇਗਾ। ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਵਫ਼ਾਦਾਰ ਮਾਨਵ “[ਯਹੋਵਾਹ] ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ” ਰਹਿਣਗੇ, ਠੀਕ ਜਿਵੇਂ ਉਹ ਹੁਣ ਕਰਦੇ ਹਨ। ਯਹੋਵਾਹ ਉਨ੍ਹਾਂ ਦੇ ਬੀਤੇ ਪਾਪਾਂ ਨੂੰ ਦੁਬਾਰਾ ਯਾਦ ਨਹੀਂ ਕਰੇਗਾ ਜਿਨ੍ਹਾਂ ਨੂੰ ਯਿਸੂ ਦੇ ‘ਨੇਮ ਦੇ ਲਹੂ’ ਦੇ ਆਧਾਰ ਤੇ ਮਾਫ਼ ਕੀਤਾ ਗਿਆ ਸੀ। ਉਹ ਯਹੋਵਾਹ ਦੇ ਮਿੱਤਰਾਂ ਵਜੋਂ ਧਾਰਮਿਕ ਸਥਿਤੀ ਦਾ ਆਨੰਦ ਮਾਣਦੇ ਰਹਿਣਗੇ, ਅਤੇ ਉਸ ਦੀ ਬਿਵਸਥਾ, ਜਾਂ ਸ਼ਰਾ ਅਜੇ ਵੀ ਉਨ੍ਹਾਂ ਦੇ ਦਿਲਾਂ ਉੱਤੇ ਲਿਖੀ ਹੋਵੇਗੀ।
15. ਨਵੇਂ ਸੰਸਾਰ ਵਿਚ ਆਪਣੇ ਪਾਰਥਿਵ ਉਪਾਸਕਾਂ ਨਾਲ ਯਹੋਵਾਹ ਦੇ ਰਿਸ਼ਤੇ ਦਾ ਵਰਣਨ ਕਰੋ।
15 ਕੀ ਉਦੋਂ ਯਹੋਵਾਹ ਇਨ੍ਹਾਂ ਮਨੁੱਖੀ ਸੇਵਕਾਂ ਦੇ ਬਾਰੇ ਕਹਿ ਸਕੇਗਾ: ‘ਮੈਂ ਓਹਨਾਂ ਦਾ ਪਰਮੇਸ਼ੁਰ ਹਾਂ ਅਤੇ ਓਹ ਮੇਰੀ ਪਰਜਾ ਹਨ’? ਜੀ ਹਾਂ। “ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ।” (ਟੇਢੇ ਟਾਈਪ ਸਾਡੇ।) (ਪਰਕਾਸ਼ ਦੀ ਪੋਥੀ 21:3) ਉਹ ‘ਸੰਤਾਂ ਦਾ ਡੇਰਾ’ ਬਣ ਜਾਣਗੇ, ਅਰਥਾਤ ਯਿਸੂ ਮਸੀਹ ਦੀ ਸਵਰਗੀ ਲਾੜੀ, “ਪਿਆਰੀ ਨਗਰੀ,” ਦੇ ਪਾਰਥਿਵ ਪ੍ਰਤਿਨਿਧ। (ਪਰਕਾਸ਼ ਦੀ ਪੋਥੀ 14:1; 20:9; 21:2) ਇਹ ਸਭ ਕੁਝ ਇਸ ਲਈ ਸੰਭਵ ਹੋਵੇਗਾ, ਕਿਉਂਕਿ ਉਨ੍ਹਾਂ ਨੇ ਯਿਸੂ ਦੇ ਵਹਾਏ ਗਏ ‘ਨੇਮ ਦੇ ਲਹੂ’ ਵਿਚ ਨਿਹਚਾ ਕੀਤੀ ਹੈ ਅਤੇ ਸਵਰਗੀ ਰਾਜਿਆਂ ਅਤੇ ਜਾਜਕਾਂ ਦੇ ਅਧੀਨ ਹੋਏ ਹਨ, ਜੋ ਧਰਤੀ ਉੱਤੇ ਪਰਮੇਸ਼ੁਰ ਦਾ ਇਸਰਾਏਲ ਸਨ।—ਪਰਕਾਸ਼ ਦੀ ਪੋਥੀ 5:10.
16. (ੳ) ਧਰਤੀ ਉੱਤੇ ਜੀ ਉਠਾਏ ਗਏ ਵਿਅਕਤੀਆਂ ਲਈ ਕਿਹੜੀਆਂ ਸੰਭਾਵਨਾਵਾਂ ਹਨ? (ਅ) ਹਜ਼ਾਰ ਵਰ੍ਹਿਆਂ ਦੇ ਅੰਤ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ?
16 ਉਨ੍ਹਾਂ ਮਰੇ ਹੋਇਆਂ ਦਾ ਕੀ ਜੋ ਧਰਤੀ ਉੱਤੇ ਜੀ ਉਠਾਏ ਜਾਣਗੇ? (ਯੂਹੰਨਾ 5:28, 29) ਉਨ੍ਹਾਂ ਨੂੰ ਵੀ ਅਬਰਾਹਾਮ ਦੀ ਅੰਸ, ਯਿਸੂ ਦੇ ਜ਼ਰੀਏ ‘ਬਰਕਤ ਪਾਉਣ’ ਦਾ ਸੱਦਾ ਦਿੱਤਾ ਜਾਵੇਗਾ। (ਉਤਪਤ 22:18) ਉਨ੍ਹਾਂ ਲਈ ਵੀ ਯਹੋਵਾਹ ਦੇ ਨਾਂ ਨਾਲ ਪ੍ਰੇਮ ਰੱਖਣਾ, ਉਸ ਦੀ ਸੇਵਾ ਕਰਨੀ, ਸਵੀਕਾਰਯੋਗ ਬਲੀਆਂ ਚੜ੍ਹਾਉਣੀਆਂ, ਅਤੇ ਉਸ ਦੇ ਪ੍ਰਾਰਥਨਾ ਦੇ ਘਰ ਵਿਚ ਉਪਾਸਨਾ ਕਰਨੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਵਾਲੇ ਵਿਅਕਤੀ ਪਰਮੇਸ਼ੁਰ ਦੇ ਆਰਾਮ ਵਿਚ ਵੜਨਗੇ। (ਯਸਾਯਾਹ 56:6, 7) ਹਜ਼ਾਰ ਵਰ੍ਹਿਆਂ ਦੇ ਅੰਤ ਤੇ, ਸਾਰੇ ਵਫ਼ਾਦਾਰ ਵਿਅਕਤੀਆਂ ਨੂੰ ਯਿਸੂ ਮਸੀਹ ਅਤੇ ਉਸ ਦੇ 1,44,000 ਸੰਗੀ ਜਾਜਕਾਂ ਦੀ ਸੇਵਾ ਦੁਆਰਾ ਮਨੁੱਖੀ ਸੰਪੂਰਣਤਾ ਮਿਲ ਚੁੱਕੀ ਹੋਵੇਗੀ। ਉਹ ਨਾ ਕੇਵਲ ਪਰਮੇਸ਼ੁਰ ਦੇ ਮਿੱਤਰਾਂ ਵਜੋਂ ਧਰਮੀ ਠਹਿਰਾਏ ਗਏ ਹੋਣਗੇ, ਬਲਕਿ ਉਹ ਧਰਮੀ ਹੋਣਗੇ। ਉਹ ‘ਜੀ ਉੱਠਣਗੇ,’ ਯਾਨੀ ਕਿ ਉਹ ਆਦਮ ਤੋਂ ਵਿਰਸੇ ਵਿਚ ਮਿਲੇ ਪਾਪ ਅਤੇ ਮੌਤ ਤੋਂ ਪੂਰੀ ਤਰ੍ਹਾਂ ਆਜ਼ਾਦ ਹੋਣਗੇ। (ਪਰਕਾਸ਼ ਦੀ ਪੋਥੀ 20:5; 22:2) ਇਹ ਕਿੰਨੀ ਵੱਡੀ ਬਰਕਤ ਹੋਵੇਗੀ! ਅੱਜ ਸਾਡੀ ਨਜ਼ਰ ਤੋਂ ਇੰਜ ਜਾਪਦਾ ਹੈ ਕਿ ਉਦੋਂ ਯਿਸੂ ਅਤੇ 1,44,000 ਦਾ ਜਾਜਕੀ ਕਾਰਜ ਪੂਰਾ ਹੋ ਗਿਆ ਹੋਵੇਗਾ। ਪ੍ਰਾਸਚਿਤ ਦੇ ਮਹਾਨਤਰ ਦਿਨ ਦੀਆਂ ਬਰਕਤਾਂ ਪੂਰੀ ਤਰ੍ਹਾਂ ਨਾਲ ਲਾਗੂ ਕੀਤੀਆਂ ਗਈਆਂ ਹੋਣਗੀਆਂ। ਫਿਰ ਯਿਸੂ “ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ।” (1 ਕੁਰਿੰਥੀਆਂ 15:24) ਮਨੁੱਖਜਾਤੀ ਨੂੰ ਆਖ਼ਰੀ ਵਾਰ ਪਰਖਿਆ ਜਾਵੇਗਾ, ਅਤੇ ਫਿਰ ਸ਼ਤਾਨ ਅਤੇ ਉਸ ਦੇ ਪਿਸ਼ਾਚ ਹਮੇਸ਼ਾ ਲਈ ਨਾਸ਼ ਕੀਤੇ ਜਾਣਗੇ।—ਪਰਕਾਸ਼ ਦੀ ਪੋਥੀ 20:7, 10.
17. ਭਵਿੱਖ ਵਿਚ ਮਿਲਣ ਵਾਲੇ ਆਨੰਦ ਨੂੰ ਦੇਖਦੇ ਹੋਏ, ਸਾਡੇ ਵਿੱਚੋਂ ਹਰੇਕ ਨੂੰ ਕੀ ਕਰਨ ਦਾ ਦ੍ਰਿੜ੍ਹ ਇਰਾਦਾ ਕਰਨਾ ਚਾਹੀਦਾ ਹੈ?
17 ਉਦੋਂ ਆਰੰਭ ਹੋਣ ਵਾਲੇ ਰੁਮਾਂਚਕ ਯੁਗ ਵਿਚ “ਸਦੀਪਕ ਨੇਮ” ਦੀ ਜੇਕਰ ਕੋਈ ਭੂਮਿਕਾ ਹੋਈ, ਤਾਂ ਉਹ ਕੀ ਹੋਵੇਗੀ? ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਯਹੋਵਾਹ ਨੇ ਹੁਣ ਤਕ ਜੋ ਕੁਝ ਪ੍ਰਗਟ ਕੀਤਾ ਹੈ, ਉਹ ਇਸ ਸਮੇਂ ਲਈ ਕਾਫ਼ੀ ਹੈ। ਇਹ ਸਾਡੇ ਵਿਚ ਸ਼ਰਧਾ ਭਰੀ ਹੈਰਾਨੀ ਪੈਦਾ ਕਰਦਾ ਹੈ। ਜ਼ਰਾ ਸੋਚੋ—“ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੇ ਹਿੱਸੇ ਵਜੋਂ ਸਦੀਪਕ ਜੀਵਨ! (2 ਪਤਰਸ 3:13) ਆਓ ਅਸੀਂ ਇਹ ਵਾਅਦਾ ਹਾਸਲ ਕਰਨ ਦੀ ਆਪਣੀ ਇੱਛਾ ਨੂੰ ਕਿਸੇ ਵੀ ਗੱਲ ਕਾਰਨ ਕਮਜ਼ੋਰ ਨਾ ਹੋਣ ਦੇਈਏ। ਦ੍ਰਿੜ੍ਹ ਰਹਿਣਾ ਸ਼ਾਇਦ ਆਸਾਨ ਨਾ ਹੋਵੇ। ਪੌਲੁਸ ਨੇ ਕਿਹਾ: “ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ।” (ਇਬਰਾਨੀਆਂ 10:36) ਪਰ ਯਾਦ ਰੱਖੋ ਕਿ ਸਾਨੂੰ ਭਾਵੇਂ ਕਿਸੇ ਵੀ ਸਮੱਸਿਆ ਜਾਂ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਵੇ, ਉਹ ਸਾਡੇ ਭਵਿੱਖ ਵਿਚ ਰੱਖੇ ਗਏ ਆਨੰਦ ਦੇ ਸਾਮ੍ਹਣੇ ਕੁਝ ਵੀ ਨਹੀਂ ਹੈ। (2 ਕੁਰਿੰਥੀਆਂ 4:17) ਇਸ ਲਈ, ਅਸੀਂ ਅਜਿਹੇ ਵਿਅਕਤੀ ਨਾ ਹੋਈਏ ਜੋ “ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।” ਸਗੋਂ, ਅਸੀਂ ਆਪਣੇ ਆਪ ਨੂੰ ਅਜਿਹੇ ਵਿਅਕਤੀ ਸਿੱਧ ਕਰੀਏ “ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਆਓ ਅਸੀਂ ਸਭ ਲੋਕ ਨੇਮਾਂ ਦੇ ਪਰਮੇਸ਼ੁਰ, ਯਹੋਵਾਹ ਵਿਚ ਆਪਣਾ ਪੂਰਾ ਭਰੋਸਾ ਰੱਖੀਏ, ਤਾਂਕਿ ਸਾਡੇ ਵਿੱਚੋਂ ਹਰੇਕ ਵਿਅਕਤੀ ਸਦੀਪਕ ਬਰਕਤ ਪਾਵੇ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਬਚ ਕੇ ਨਵੀਂ ਧਰਤੀ ਵਿਚ ਜਾਣਾ (ਅੰਗ੍ਰੇਜ਼ੀ), ਅਧਿਆਇ 13, ਦੇਖੋ।
ਕੀ ਤੁਸੀਂ ਸਮਝ ਗਏ ਹੋ?
◻ ਮਸਹ ਕੀਤੇ ਹੋਏ ਮਸੀਹੀਆਂ ਤੋਂ ਇਲਾਵਾ, ਹੋਰ ਕੌਣ ਅਬਰਾਹਾਮ ਦੀ ਅੰਸ ਦੁਆਰਾ ਬਰਕਤ ਪਾ ਰਹੇ ਹਨ?
◻ ਨਵੇਂ ਨੇਮ ਦੁਆਰਾ ਬਰਕਤ ਪਾਉਣ ਦੇ ਮਾਮਲੇ ਵਿਚ, ਹੋਰ ਭੇਡਾਂ ਪੁਰਾਣੇ ਨੇਮ ਅਧੀਨ ਨਵਧਰਮੀਆਂ ਵਾਂਗ ਕਿਵੇਂ ਹਨ?
◻ ਪ੍ਰਾਸਚਿਤ ਦੇ ਮਹਾਨਤਰ ਦਿਨ ਦੇ ਪ੍ਰਬੰਧ ਦੁਆਰਾ ਹੋਰ ਭੇਡਾਂ ਕਿਵੇਂ ਬਰਕਤ ਪਾ ਰਹੀਆਂ ਹਨ?
◻ ਪੌਲੁਸ ਨੇ ਨਵੇਂ ਨੇਮ ਨੂੰ ਇਕ “ਸਦੀਪਕ ਨੇਮ” ਕਿਉਂ ਕਿਹਾ?
[ਸਫ਼ੇ 20 ਉੱਤੇ ਡੱਬੀ]
ਹੈਕਲ ਵਿਚ ਪਵਿੱਤਰ ਸੇਵਾ
ਵੱਡੀ ਭੀੜ ਮਸਹ ਕੀਤੇ ਹੋਏ ਮਸੀਹੀਆਂ ਨਾਲ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦੇ ਪਾਰਥਿਵ ਵਿਹੜੇ ਵਿਚ ਉਪਾਸਨਾ ਕਰਦੀ ਹੈ। (ਪਰਕਾਸ਼ ਦੀ ਪੋਥੀ 7:14, 15; 11:2) ਇਹ ਸਿੱਟਾ ਕੱਢਣ ਦਾ ਕੋਈ ਕਾਰਨ ਨਹੀਂ ਕਿ ਉਹ ਗ਼ੈਰ-ਯਹੂਦੀਆਂ ਦੇ ਇਕ ਵੱਖਰੇ ਵਿਹੜੇ ਵਿਚ ਹਨ। ਜਦੋਂ ਯਿਸੂ ਧਰਤੀ ਉੱਤੇ ਸੀ, ਉਦੋਂ ਹੈਕਲ ਵਿਚ ਗ਼ੈਰ-ਯਹੂਦੀਆਂ ਦਾ ਇਕ ਵਿਹੜਾ ਹੁੰਦਾ ਸੀ।
ਪਰੰਤੂ, ਸੁਲੇਮਾਨ ਅਤੇ ਹਿਜ਼ਕੀਏਲ ਦੀਆਂ ਹੈਕਲਾਂ ਦੇ ਈਸ਼ਵਰ-ਪ੍ਰੇਰਿਤ ਨਕਸ਼ਿਆਂ ਵਿਚ ਗ਼ੈਰ-ਯਹੂਦੀਆਂ ਲਈ ਵਿਹੜੇ ਦਾ ਕੋਈ ਪ੍ਰਬੰਧ ਨਹੀਂ ਸੀ। ਸੁਲੇਮਾਨ ਦੀ ਹੈਕਲ ਵਿਚ ਇਕ ਬਾਹਰਲਾ ਵਿਹੜਾ ਸੀ ਜਿੱਥੇ ਇਸਰਾਏਲੀ ਅਤੇ ਨਵਧਰਮੀ, ਪੁਰਸ਼ ਅਤੇ ਇਸਤਰੀਆਂ, ਇਕੱਠੇ ਉਪਾਸਨਾ ਕਰਦੇ ਸਨ। ਇਹ ਅਧਿਆਤਮਿਕ ਹੈਕਲ ਦੇ ਉਸ ਪਾਰਥਿਵ ਵਿਹੜੇ ਦਾ ਭਵਿੱਖਸੂਚਕ ਨਮੂਨਾ ਹੈ, ਜਿੱਥੇ ਯੂਹੰਨਾ ਨੇ ਵੱਡੀ ਭੀੜ ਨੂੰ ਉਪਾਸਨਾ ਕਰਦੇ ਦੇਖਿਆ ਸੀ। ਪਰੰਤੂ, ਕੇਵਲ ਜਾਜਕ ਅਤੇ ਲੇਵੀ ਹੀ ਅੰਦਰਲੇ ਵਿਹੜੇ ਵਿਚ ਜਾ ਸਕਦੇ ਸਨ, ਜਿੱਥੇ ਵੱਡੀ ਜਗਵੇਦੀ ਸਥਿਤ ਸੀ; ਕੇਵਲ ਜਾਜਕ ਹੀ ਪਵਿੱਤਰ ਸਥਾਨ ਵਿਚ ਜਾ ਸਕਦੇ ਸਨ; ਅਤੇ ਕੇਵਲ ਪ੍ਰਧਾਨ ਜਾਜਕ ਹੀ ਅੱਤ ਪਵਿੱਤਰ ਸਥਾਨ ਵਿਚ ਜਾ ਸਕਦਾ ਸੀ। ਅੰਦਰਲੇ ਵਿਹੜੇ ਅਤੇ ਪਵਿੱਤਰ ਸਥਾਨ ਬਾਰੇ ਇਹ ਸਮਝ ਹੈ ਕਿ ਇਹ ਧਰਤੀ ਉੱਤੇ ਜੀ ਰਹੇ ਮਸਹ ਕੀਤੇ ਹੋਏ ਮਸੀਹੀਆਂ ਦੀ ਅਦਭੁਤ ਅਧਿਆਤਮਿਕ ਦਸ਼ਾ ਦਾ ਪੂਰਵ-ਪਰਛਾਵਾਂ ਹਨ। ਅਤੇ ਅੱਤ ਪਵਿੱਤਰ ਸਥਾਨ ਸਵਰਗ ਨੂੰ ਦਰਸਾਉਂਦਾ ਹੈ, ਜਿੱਥੇ ਮਸਹ ਕੀਤੇ ਹੋਏ ਮਸੀਹੀ ਆਪਣੇ ਸਵਰਗੀ ਪ੍ਰਧਾਨ ਜਾਜਕ ਨਾਲ ਅਮਰ ਜੀਵਨ ਹਾਸਲ ਕਰਦੇ ਹਨ।—ਇਬਰਾਨੀਆਂ 10:19, 20.
[ਸਫ਼ੇ 22 ਉੱਤੇ ਤਸਵੀਰ]
ਭਵਿੱਖ ਵਿਚ ਮਿਲਣ ਵਾਲੇ ਆਨੰਦ ਨੂੰ ਦੇਖਦੇ ਹੋਏ, ਆਓ ਅਸੀਂ ਅਜਿਹੀ “ਨਿਹਚਾ” ਰੱਖੀਏ ਜੋ ‘ਜਾਨ ਨੂੰ ਬਚਾ ਰੱਖਦੀ ਹੈ’