ਕੀ ਤੁਸੀਂ ਪੁੱਛਦੇ ਹੋ, “ਯਹੋਵਾਹ ਕਿੱਥੇ ਹੈ?”
“ਓਹ ਮੈਥੋਂ ਦੂਰ ਚੱਲੇ ਗਏ, . . . ਓਹਨਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ?”—ਯਿਰਮਿਯਾਹ 2:5, 6.
1. ਲੋਕ ਇਹ ਸਵਾਲ ਕਿਉਂ ਪੁੱਛਦੇ ਹਨ ਕਿ “ਰੱਬ ਕਿੱਥੇ ਹੈ?”
“ਰੱਬ ਕਿੱਥੇ ਹੈ?” ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਪੁੱਛਿਆ ਹੈ। ਕਈ ਤਾਂ ਸਿਰਫ਼ ਇਹ ਸਮਝਣਾ ਚਾਹੁੰਦੇ ਹਨ ਕਿ ਸਾਡਾ ਸਿਰਜਣਹਾਰ ਕਿੱਥੇ ਵੱਸਦਾ ਹੈ। ਦੂਸਰੇ ਇਹ ਸਵਾਲ ਉਦੋਂ ਪੁੱਛਦੇ ਹਨ ਜਦੋਂ ਦੁਨੀਆਂ ਤੇ ਕੋਈ ਤਬਾਹੀ ਆਉਂਦੀ ਹੈ ਜਾਂ ਉਨ੍ਹਾਂ ਨੂੰ ਖ਼ੁਦ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਹ ਇਹ ਨਹੀਂ ਸਮਝਦੇ ਕਿ ਰੱਬ ਨੇ ਇਸ ਤਬਾਹੀ ਬਾਰੇ ਕੁਝ ਕੀਤਾ ਕਿਉਂ ਨਹੀਂ। ਹੋਰ ਲੋਕ ਮੰਨਦੇ ਹੀ ਨਹੀਂ ਕਿ ਪਰਮੇਸ਼ੁਰ ਹੈ, ਇਸ ਲਈ ਉਨ੍ਹਾਂ ਨੇ ਅਜਿਹਾ ਸਵਾਲ ਕਦੇ ਪੁੱਛਿਆ ਹੀ ਨਹੀਂ।—ਜ਼ਬੂਰਾਂ ਦੀ ਪੋਥੀ 10:4.
2. ਪਰਮੇਸ਼ੁਰ ਨੂੰ ਲੱਭਣ ਵਿਚ ਕੌਣ ਕਾਮਯਾਬ ਹੁੰਦੇ ਹਨ?
2 ਬਹੁਤ ਸਾਰੇ ਲੋਕ ਸ੍ਰਿਸ਼ਟੀ ਵੱਲ ਦੇਖ ਕੇ ਸਿਆਣ ਲੈਂਦੇ ਹਨ ਕਿ ਰੱਬ ਹੈ। (ਜ਼ਬੂਰਾਂ ਦੀ ਪੋਥੀ 19:1; 104:24) ਇਨ੍ਹਾਂ ਵਿੱਚੋਂ ਕਈਆਂ ਦਾ ਆਪੋ-ਆਪਣਾ ਧਰਮ ਹੈ। ਪਰ ਇਸ ਦੁਨੀਆਂ ਵਿਚ ਲੱਖਾਂ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਸੱਚਾਈ ਨਾਲ ਪ੍ਰੀਤ ਰੱਖ ਕੇ ਸੱਚੇ ਪਰਮੇਸ਼ੁਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਮਿਹਨਤ ਵਿਅਰਥ ਨਹੀਂ ਗਈ ਕਿਉਂਕਿ ਪਰਮੇਸ਼ੁਰ “ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”—ਰਸੂਲਾਂ ਦੇ ਕਰਤੱਬ 17:26-28.
3. (ੳ) ਯਹੋਵਾਹ ਕਿੱਥੇ ਵੱਸਦਾ ਹੈ? (ਅ) ਬਾਈਬਲ ਦੇ ਇਸ ਸਵਾਲ ਦਾ ਕੀ ਮਤਲਬ ਹੈ ਕਿ “ਯਹੋਵਾਹ ਕਿੱਥੇ ਹੈ?”
3 ਰੱਬ ਨੂੰ ਲੱਭ ਕੇ ਇਨਸਾਨਾਂ ਨੇ ਜਾਣਿਆ ਹੈ ਕਿ “ਪਰਮੇਸ਼ੁਰ ਆਤਮਾ ਹੈ,” ਇਸ ਲਈ ਕੋਈ ਉਸ ਨੂੰ ਦੇਖ ਨਹੀਂ ਸਕਦਾ। (ਯੂਹੰਨਾ 4:24) ਯਿਸੂ ਨੇ ਸੱਚੇ ਪਰਮੇਸ਼ੁਰ ਨੂੰ ‘ਮੇਰਾ ਸੁਰਗੀ ਪਿਤਾ’ ਸੱਦਿਆ ਸੀ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਸਾਡਾ ਸਵਰਗੀ ਪਿਤਾ ਸਾਡੇ ਤੋਂ ਬਹੁਤ ਉੱਚੀ ਜਗ੍ਹਾ ਵਿਚ ਵੱਸਦਾ ਹੈ। (ਮੱਤੀ 12:50; ਯਸਾਯਾਹ 63:15) ਇਨਸਾਨ ਹੋਣ ਦੇ ਨਾਤੇ ਭਾਵੇਂ ਅਸੀਂ ਪਰਮੇਸ਼ੁਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੇ, ਫਿਰ ਵੀ ਇਹ ਮੁਮਕਿਨ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਦੇ ਮਕਸਦਾਂ ਬਾਰੇ ਸਿੱਖੀਏ। (ਕੂਚ 33:20; 34:6, 7) ਉਹ ਉਨ੍ਹਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ ਜੋ ਸੱਚੇ ਦਿਲ ਨਾਲ ਜ਼ਿੰਦਗੀ ਦਾ ਮਤਲਬ ਸਮਝਣਾ ਚਾਹੁੰਦੇ ਹਨ। ਅਸੀਂ ਆਪਣੀ ਜ਼ਿੰਦਗੀ ਦੇ ਜ਼ਰੂਰੀ ਫ਼ੈਸਲੇ ਕਰਦੇ ਹੋਏ ਜਾਣ ਸਕਦੇ ਹਾਂ ਕਿ ਉਹ ਕਿੱਥੇ ਹੈ, ਮਤਲਬ ਕਿ ਸਾਡੇ ਲਈ ਉਸ ਦੀ ਰਾਇ ਤੇ ਮਰਜ਼ੀ ਕੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਗੱਲਾਂ ਬਾਰੇ ਪਤਾ ਕਰੀਏ ਅਤੇ ਆਪਣੇ ਸਵਾਲਾਂ ਦੇ ਜਵਾਬ ਲੱਭਣ ਲਈ ਪੂਰੀ ਕੋਸ਼ਿਸ਼ ਕਰੀਏ। ਯਿਰਮਿਯਾਹ ਨਬੀ ਰਾਹੀਂ ਯਹੋਵਾਹ ਨੇ ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਨੂੰ ਤਾੜਿਆ ਸੀ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਉਹ ਪਰਮੇਸ਼ੁਰ ਦਾ ਨਾਂ ਤਾਂ ਜਾਣਦੇ ਸਨ, ਪਰ ਉਨ੍ਹਾਂ ਨੇ ਇਹ ਨਹੀਂ ਪੁੱਛਿਆ ਕਿ “ਯਹੋਵਾਹ ਕਿੱਥੇ ਹੈ?” (ਯਿਰਮਿਯਾਹ 2:6) ਉਨ੍ਹਾਂ ਦੇ ਜੀਵਨ ਵਿਚ ਯਹੋਵਾਹ ਦੀ ਮਰਜ਼ੀ ਪੂਰੀ ਕਰਨੀ ਸਭ ਤੋਂ ਜ਼ਰੂਰੀ ਗੱਲ ਨਹੀਂ ਸੀ। ਉਹ ਉਸ ਦੀ ਅਗਵਾਈ ਨਹੀਂ ਭਾਲ ਰਹੇ ਸਨ। ਛੋਟੇ-ਵੱਡੇ ਫ਼ੈਸਲੇ ਕਰਨ ਵੇਲੇ ਕੀ ਤੁਸੀਂ ਪਰਮੇਸ਼ੁਰ ਦੀ ਅਗਵਾਈ ਭਾਲ ਕੇ ਪੁੱਛਦੇ ਹੋ ਕਿ “ਯਹੋਵਾਹ ਕਿੱਥੇ ਹੈ?”
ਪਰਮੇਸ਼ੁਰ ਦੀ ਅਗਵਾਈ ਭਾਲਣ ਵਾਲੇ
4. ਯਹੋਵਾਹ ਦੀ ਅਗਵਾਈ ਭਾਲਣ ਵਿਚ ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
4 ਯੱਸੀ ਦੇ ਪੁੱਤਰ ਦਾਊਦ ਨੇ ਆਪਣੀ ਜਵਾਨੀ ਵਿਚ ਯਹੋਵਾਹ ਉੱਤੇ ਪੱਕੀ ਨਿਹਚਾ ਰੱਖਣੀ ਸਿੱਖੀ ਸੀ। ਉਹ ਜਾਣਦਾ ਸੀ ਕਿ ਯਹੋਵਾਹ ‘ਜੀਉਂਦਾ ਪਰਮੇਸ਼ੁਰ’ ਹੈ। ਉਹ ਯਹੋਵਾਹ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਯਹੋਵਾਹ ਨੇ ਉਸ ਦੀ ਰੱਖਿਆ ਕੀਤੀ ਸੀ। ਦਾਊਦ ਨੇ “ਯਹੋਵਾਹ ਦੇ ਨਾਮ” ਉੱਤੇ ਨਿਹਚਾ ਰੱਖ ਕੇ ਗੋਲਿਅਥ ਨਾਂ ਦੇ ਫਲਿਸਤੀ ਦੈਂਤ ਨੂੰ ਮਾਰ ਦਿੱਤਾ ਸੀ ਭਾਵੇਂ ਉਹ ਪੂਰੀ ਤਰ੍ਹਾਂ ਹਥਿਆਰਬੰਦ ਸੀ। (1 ਸਮੂਏਲ 17:26, 34-51) ਪਰ ਦਾਊਦ ਨੇ ਇਸ ਕਾਮਯਾਬੀ ਕਰਕੇ ਆਪਣੇ ਆਪ ਉੱਤੇ ਭਰੋਸਾ ਨਹੀਂ ਰੱਖਿਆ ਸੀ। ਉਸ ਨੇ ਇਹ ਨਹੀਂ ਸੋਚਿਆ ਕਿ ਇਸ ਤੋਂ ਬਾਅਦ ਉਹ ਜੋ ਕੁਝ ਕਰੇਗਾ, ਯਹੋਵਾਹ ਉਸ ਉੱਤੇ ਮਿਹਰਬਾਨ ਹੋਵੇਗਾ। ਇਸ ਘਟਨਾ ਤੋਂ ਬਾਅਦ ਵੀ ਦਾਊਦ ਫ਼ੈਸਲੇ ਕਰਨ ਵੇਲੇ ਵਾਰ-ਵਾਰ ਯਹੋਵਾਹ ਦੀ ਅਗਵਾਈ ਭਾਲਦਾ ਰਿਹਾ। (1 ਸਮੂਏਲ 23:2; 30:8; 2 ਸਮੂਏਲ 2:1; 5:19) ਉਸ ਦੀ ਇਹੀ ਦੁਆ ਸੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ, ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ।” (ਜ਼ਬੂਰਾਂ ਦੀ ਪੋਥੀ 25:4, 5) ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ!
5, 6. ਯਹੋਸ਼ਾਫ਼ਾਟ ਨੇ ਵੱਖੋ-ਵੱਖਰੇ ਮੌਕਿਆਂ ਤੇ ਯਹੋਵਾਹ ਦੀ ਅਗਵਾਈ ਕਿਸ ਤਰ੍ਹਾਂ ਭਾਲੀ ਸੀ?
5 ਰਾਜਾ ਯਹੋਸ਼ਾਫ਼ਾਟ ਦਾਊਦ ਦੀ ਸ਼ਾਹੀ ਵੰਸ ਵਿੱਚੋਂ ਪੰਜਵਾਂ ਰਾਜਾ ਸੀ। ਉਸ ਦੇ ਰਾਜ ਦੌਰਾਨ ਤਿੰਨ ਕੌਮਾਂ ਦੀਆਂ ਫ਼ੌਜਾਂ ਨੇ ਮਿਲ ਕੇ ਯਹੂਦਾਹ ਉੱਤੇ ਚੜ੍ਹਾਈ ਕੀਤੀ। ਇਸ ਵੱਡੀ ਮੁਸੀਬਤ ਦਾ ਸਾਮ੍ਹਣਾ ਕਰਦੇ ਹੋਏ ਯਹੋਸ਼ਾਫ਼ਾਟ ਨੇ “ਯਹੋਵਾਹ ਅੱਗੇ ਬੇਨਤੀ ਕੀਤੀ।” (2 ਇਤਹਾਸ 20:1-3) ਯਹੋਸ਼ਾਫ਼ਾਟ ਨੇ ਕਈ ਵਾਰ ਪਹਿਲਾਂ ਵੀ ਯਹੋਵਾਹ ਦੀ ਅਗਵਾਈ ਭਾਲੀ ਸੀ। ਇਸ ਰਾਜੇ ਨੇ ਆਪਣੀ ਹਕੂਮਤ ਦੇ ਸ਼ੁਰੂ ਵਿਚ ਹੀ ਬਆਲ ਦੇਵਤੇ ਦੀ ਪੂਜਾ ਰੱਦ ਕਰ ਕੇ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਦਾ ਫ਼ੈਸਲਾ ਕੀਤਾ ਸੀ, ਭਾਵੇਂ ਕਿ ਉੱਤਰੀ ਰਾਜ ਇਸਰਾਏਲ ਬਆਲ ਦੇਵਤੇ ਦੀ ਪੂਜਾ ਕਰਦਾ ਰਿਹਾ। (2 ਇਤਹਾਸ 17:3, 4) ਤਾਂ ਹੁਣ ਇਸ ਸੰਕਟ ਦਾ ਸਾਮ੍ਹਣਾ ਕਰਦੇ ਹੋਏ ਵੀ ਯਹੋਸ਼ਾਫ਼ਾਟ ਨੇ ਯਹੋਵਾਹ ਦੀ ਅਗਵਾਈ ਲਈ ‘ਉਸ ਅੱਗੇ ਬੇਨਤੀ’ ਕੀਤੀ।
6 ਉਸ ਨੇ ਔਕੜ ਦੇ ਇਸ ਸਮੇਂ ਯਰੂਸ਼ਲਮ ਵਿਚ ਲੋਕਾਂ ਸਾਮ੍ਹਣੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਜਿਸ ਰਾਹੀਂ ਉਨ੍ਹਾਂ ਨੂੰ ਚੇਤੇ ਆਇਆ ਕਿ ਯਹੋਵਾਹ ਹੀ ਸਰਬਸ਼ਕਤੀਮਾਨ ਹੈ। ਉਸ ਨੇ ਸੋਚਿਆ, ‘ਭਲਾ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਬਾਕੀ ਕੌਮਾਂ ਨੂੰ ਇਸ ਦੇਸ਼ ਵਿੱਚੋਂ ਬਾਹਰ ਨਹੀਂ ਕੱਢਿਆ ਸੀ? ਭਲਾ ਉਸ ਨੇ ਇਸਰਾਈਲ ਨੂੰ ਵਿਰਾਸਤ ਵਿਚ ਇਹ ਦੇਸ਼ ਨਹੀਂ ਦਿੱਤਾ ਸੀ?’ ਰਾਜੇ ਨੇ ਕਬੂਲ ਕੀਤਾ ਕਿ ਉਸ ਨੂੰ ਯਹੋਵਾਹ ਦੀ ਮਦਦ ਦੀ ਲੋੜ ਸੀ। (2 ਇਤਹਾਸ 20:6-12) ਕੀ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ? ਜੀ ਹਾਂ। ਯਹੋਵਾਹ ਨੇ ਯਹਜ਼ੀਏਲ ਨਾਂ ਦੇ ਲੇਵੀ ਰਾਹੀਂ ਖ਼ਾਸ ਹਿਦਾਇਤਾਂ ਦਿੱਤੀਆਂ ਅਤੇ ਅਗਲੇ ਦਿਨ ਉਸ ਨੇ ਆਪਣੇ ਲੋਕਾਂ ਨੂੰ ਜਿੱਤ ਦਿਲਾਈ। (2 ਇਤਹਾਸ 20:14-28) ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹੋ ਕਿ ਜਦੋਂ ਤੁਸੀਂ ਯਹੋਵਾਹ ਤੋਂ ਮਦਦ ਮੰਗਦੇ ਹੋ, ਤਾਂ ਉਹ ਤੁਹਾਡੀ ਸੁਣੇਗਾ?
7. ਪਰਮੇਸ਼ੁਰ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ?
7 ਯਹੋਵਾਹ ਪੱਖਪਾਤ ਨਹੀਂ ਕਰਦਾ। ਉਹ ਹਰੇਕ ਕੌਮ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਉਹ ਪ੍ਰਾਰਥਨਾ ਰਾਹੀਂ ਉਸ ਕੋਲ ਆਉਣ। (ਜ਼ਬੂਰਾਂ ਦੀ ਪੋਥੀ 65:2; ਰਸੂਲਾਂ ਦੇ ਕਰਤੱਬ 10:34, 35) ਉਹ ਪ੍ਰਾਰਥਨਾ ਕਰਨ ਵਾਲਿਆਂ ਦੇ ਦਿਲ ਦੇਖਦਾ ਹੈ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ। (ਕਹਾਉਤਾਂ 15:29) ਉਹ ਉਨ੍ਹਾਂ ਲੋਕਾਂ ਦੀ ਵੀ ਸੁਣਦਾ ਹੈ ਜੋ ਭਾਵੇਂ ਪਹਿਲਾਂ ਉਸ ਬਾਰੇ ਨਹੀਂ ਸੋਚਦੇ ਸਨ ਪਰ ਹੁਣ ਨਿਮਰਤਾ ਨਾਲ ਉਸ ਦੀ ਅਗਵਾਈ ਭਾਲਦੇ ਹਨ। (ਯਸਾਯਾਹ 65:1) ਇਸ ਤੋਂ ਇਲਾਵਾ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਿਨ੍ਹਾਂ ਨੇ ਪਹਿਲਾਂ ਉਸ ਦੇ ਹੁਕਮ ਨਹੀਂ ਮੰਨੇ ਸਨ, ਪਰ ਜੋ ਹੁਣ ਦਿੱਲੋਂ ਪਛਤਾਉਂਦੇ ਹਨ। (ਜ਼ਬੂਰਾਂ ਦੀ ਪੋਥੀ 32:5, 6; ਰਸੂਲਾਂ ਦੇ ਕਰਤੱਬ 3:19) ਲੇਕਿਨ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਜੋ ਜਾਣ-ਬੁੱਝ ਕੇ ਉਸ ਦੀ ਨਹੀਂ ਸੁਣਦੇ। (ਮਰਕੁਸ 7:6, 7) ਆਓ ਆਪਾਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ।
ਜਿਨ੍ਹਾਂ ਨੂੰ ਜਵਾਬ ਨਹੀਂ ਮਿਲੇ
8. ਯਹੋਵਾਹ ਨੇ ਰਾਜਾ ਸ਼ਾਊਲ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਿਉਂ ਨਹੀਂ ਕੀਤਾ ਸੀ?
8 ਜਦੋਂ ਸਮੂਏਲ ਨਬੀ ਨੇ ਰਾਜੇ ਸ਼ਾਊਲ ਨੂੰ ਦੱਸਿਆ ਸੀ ਕਿ ਯਹੋਵਾਹ ਨੇ ਉਸ ਦੀ ਅਣਆਗਿਆਕਾਰੀ ਕਰਕੇ ਉਸ ਨੂੰ ਰੱਦ ਕੀਤਾ, ਤਾਂ ਸ਼ਾਊਲ ਨੇ ਯਹੋਵਾਹ ਅੱਗੇ ਮੱਥਾ ਟੇਕਿਆ। (1 ਸਮੂਏਲ 15:30, 31) ਪਰ ਇਹ ਸਿਰਫ਼ ਇਕ ਦਿਖਾਵਾ ਸੀ। ਦਰਅਸਲ ਸ਼ਾਊਲ ਪਰਮੇਸ਼ੁਰ ਦੀ ਗੱਲ ਮੰਨਣੀ ਨਹੀਂ ਚਾਹੁੰਦਾ ਸੀ, ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ ਵੱਡਾ ਬਣਨਾ ਚਾਹੁੰਦਾ ਸੀ। ਬਾਅਦ ਵਿਚ ਜਦੋਂ ਫਲਿਸਤੀ ਫ਼ੌਜ ਇਸਰਾਏਲ ਨਾਲ ਲੜ ਰਹੀ ਸੀ, ਤਾਂ ਸ਼ਾਊਲ ਨੇ ਉਦੋਂ ਵੀ ਯਹੋਵਾਹ ਦੀ ਅਗਵਾਈ ਭਾਲਣ ਦਾ ਦਿਖਾਵਾ ਕੀਤਾ ਸੀ। ਪਰ ਜਦੋਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ, ਤਾਂ ਉਹ ਪੁੱਛਾਂ ਪੁਆਉਣ ਲਈ ਇਕ ਤੀਵੀਂ ਕੋਲ ਗਿਆ ਭਾਵੇਂ ਕਿ ਉਹ ਜਾਣਦਾ ਸੀ ਕਿ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਸੀ। (ਬਿਵਸਥਾ ਸਾਰ 18:10-12; 1 ਸਮੂਏਲ 28:6, 7) ਸੰਖੇਪ ਵਿਚ ਸ਼ਾਊਲ ਬਾਰੇ 1 ਇਤਹਾਸ 10:14 ਕਹਿੰਦਾ ਹੈ ਕਿ ਉਸ ਨੇ “ਯਹੋਵਾਹ ਤੋਂ ਨਾ ਪੁੱਛਿਆ।” ਬਾਈਬਲ ਇਸ ਤਰ੍ਹਾਂ ਕਿਉਂ ਕਹਿੰਦੀ ਹੈ? ਕਿਉਂਕਿ ਸ਼ਾਊਲ ਨੇ ਨਿਹਚਾ ਨਾਲ ਪ੍ਰਾਰਥਨਾ ਨਹੀਂ ਕੀਤੀ ਸੀ। ਇਸ ਲਈ, ਯਹੋਵਾਹ ਦੇ ਭਾਣੇ ਉਸ ਨੇ ਪ੍ਰਾਰਥਨਾ ਕੀਤੀ ਹੀ ਨਹੀਂ ਸੀ।
9. ਯਹੋਵਾਹ ਦੀ ਅਗਵਾਈ ਭਾਲਣ ਵਿਚ ਰਾਜਾ ਸਿਦਕੀਯਾਹ ਨੇ ਕਿਹੜੀ ਗ਼ਲਤੀ ਕੀਤੀ ਸੀ?
9 ਇਸੇ ਤਰ੍ਹਾਂ ਯਹੂਦਾਹ ਦੇ ਰਾਜ ਦੇ ਅੰਤ ਨੇੜੇ, ਲੋਕਾਂ ਨੇ ਕਾਫ਼ੀ ਪ੍ਰਾਰਥਨਾਵਾਂ ਕੀਤੀਆਂ ਅਤੇ ਯਹੋਵਾਹ ਦੇ ਨਬੀਆਂ ਤੋਂ ਰਾਇ ਭਾਲੀ। ਫਿਰ ਵੀ ਲੋਕ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਮੂਰਤੀਆਂ ਦੀ ਵੀ ਪੂਜਾ ਕਰ ਰਹੇ ਸਨ। (ਸਫ਼ਨਯਾਹ 1:4-6) ਭਾਵੇਂ ਦੇਖਣ ਨੂੰ ਲੱਗਦਾ ਸੀ ਕਿ ਇਹ ਲੋਕ ਪਰਮੇਸ਼ੁਰ ਦੀ ਅਗਵਾਈ ਭਾਲ ਰਹੇ ਸਨ, ਪਰ ਉਹ ਯਹੋਵਾਹ ਦੀ ਮਰਜ਼ੀ ਪੂਰੀ ਨਹੀਂ ਕਰ ਰਹੇ ਸਨ। ਰਾਜਾ ਸਿਦਕੀਯਾਹ ਨੇ ਯਿਰਮਿਯਾਹ ਅੱਗੇ ਬੇਨਤੀ ਕੀਤੀ ਕਿ ਉਹ ਉਸ ਲਈ ਯਹੋਵਾਹ ਤੋਂ ਪੁੱਛੇ। ਯਹੋਵਾਹ ਤਾਂ ਪਹਿਲਾਂ ਹੀ ਦੱਸ ਚੁੱਕਾ ਸੀ ਕਿ ਰਾਜੇ ਨੂੰ ਕੀ ਕਰਨਾ ਚਾਹੀਦਾ ਹੈ। ਪਰ ਨਿਹਚਾ ਦੀ ਕਮੀ ਅਤੇ ਮਨੁੱਖਾਂ ਦੇ ਡਰ ਦੇ ਮਾਰੇ ਰਾਜੇ ਨੇ ਯਹੋਵਾਹ ਦੀ ਨਹੀਂ ਸੁਣੀ ਸੀ ਅਤੇ ਯਹੋਵਾਹ ਨੇ ਉਸ ਨੂੰ ਉਹ ਜਵਾਬ ਨਹੀਂ ਦਿੱਤਾ ਜੋ ਰਾਜਾ ਸੁਣਨਾ ਚਾਹੁੰਦਾ ਸੀ।—ਯਿਰਮਿਯਾਹ 21:1-12; 38:14-19.
10. ਯਹੋਵਾਹ ਦੀ ਅਗਵਾਈ ਭਾਲਣ ਵਿਚ ਯੋਹਾਨਾਨ ਨੇ ਕਿਹੜੀ ਗ਼ਲਤੀ ਕੀਤੀ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
10 ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਨੂੰ ਤਬਾਹ ਕਰ ਕੇ ਯਹੂਦੀਆਂ ਨੂੰ ਗ਼ੁਲਾਮੀ ਵਿਚ ਲੈ ਗਈ, ਤਾਂ ਯੋਹਾਨਾਨ ਨੇ ਯਹੂਦਾਹ ਵਿਚ ਰਹਿੰਦੇ ਥੋੜ੍ਹੇ ਜਿਹੇ ਯਹੂਦੀਆਂ ਨੂੰ ਮਿਸਰ ਵਿਚ ਲਿਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੀ ਤਿਆਰੀ ਹੋ ਚੁੱਕੀ ਸੀ, ਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਯਿਰਮਿਯਾਹ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰ ਕੇ ਉਸ ਦੀ ਸਲਾਹ ਭਾਲੇ। ਪਰ ਜਦੋਂ ਉਨ੍ਹਾਂ ਨੂੰ ਜਵਾਬ ਪਸੰਦ ਨਹੀਂ ਆਇਆ, ਤਾਂ ਉਨ੍ਹਾਂ ਨੇ ਉਹੀ ਕੀਤਾ ਜੋ ਉਹ ਚਾਹੁੰਦੇ ਸਨ। (ਯਿਰਮਿਯਾਹ 41:16–43:7) ਇਨ੍ਹਾਂ ਘਟਨਾਵਾਂ ਤੋਂ ਕੀ ਤੁਸੀਂ ਕੋਈ ਸਬਕ ਸਿੱਖਿਆ ਹੈ, ਤਾਂਕਿ ਜਦੋਂ ਤੁਸੀਂ ਯਹੋਵਾਹ ਨੂੰ ਭਾਲੋਗੇ, ਤਾਂ ਉਹ ਤੁਹਾਡੇ ਤੋਂ ਲੱਭਿਆ ਜਾਵੇਗਾ?
“ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ”
11. ਸਾਨੂੰ ਅਫ਼ਸੀਆਂ 5:10 ਦੀ ਸਲਾਹ ਕਿਉਂ ਲਾਗੂ ਕਰਨੀ ਚਾਹੀਦੀ ਹੈ?
11 ਯਹੋਵਾਹ ਦੀ ਭਗਤੀ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਅਸੀਂ ਬਪਤਿਸਮਾ ਲੈ ਲਈਏ, ਸਭਾਵਾਂ ਵਿਚ ਜਾਈਏ, ਅਤੇ ਪ੍ਰਚਾਰ ਕਰੀਏ। ਇਸ ਦਾ ਸਾਡੇ ਹਰ ਕੰਮ ਉੱਤੇ ਅਸਰ ਪੈਣਾ ਚਾਹੀਦਾ ਹੈ। ਹਰ ਰੋਜ਼ ਸਾਡੇ ਉੱਤੇ ਭਾਂਤ-ਭਾਂਤ ਦੇ ਦਬਾਅ ਆਉਂਦੇ ਹਨ ਜੋ ਸਾਨੂੰ ਭਗਤੀ ਕਰਨ ਦੇ ਸਹੀ ਰਾਹ ਤੋਂ ਮੋੜ ਸਕਦੇ ਹਨ। ਅਸੀਂ ਇਨ੍ਹਾਂ ਦਬਾਵਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਪੌਲੁਸ ਰਸੂਲ ਨੇ ਅਫ਼ਸੁਸ ਦੇ ਵਫ਼ਾਦਾਰ ਮਸੀਹੀਆਂ ਨੂੰ ਲਿਖਦੇ ਸਮੇਂ ਕਿਹਾ ਸੀ: “ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।” (ਅਫ਼ਸੀਆਂ 5:10) ਬਾਈਬਲ ਵਿਚ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਇਸ ਸਲਾਹ ਨੂੰ ਮੰਨਣ ਦਾ ਫ਼ਾਇਦਾ ਹੋਇਆ।
12. ਜਦੋਂ ਦਾਊਦ ਨੇ ਨੇਮ ਦਾ ਸੰਦੂਕ ਯਰੂਸ਼ਲਮ ਨੂੰ ਲਿਆਂਦਾ, ਤਾਂ ਯਹੋਵਾਹ ਨਾਰਾਜ਼ ਕਿਉਂ ਹੋਇਆ ਸੀ?
12 ਜਦੋਂ ਨੇਮ ਦਾ ਸੰਦੂਕ ਇਸਰਾਏਲ ਵਿਚ ਵਾਪਸ ਲਿਆਂਦਾ ਗਿਆ ਸੀ, ਤਾਂ ਇਹ ਕਈ ਸਾਲ ਕਿਰਯਥ-ਯਾਰੀਮ ਵਿਚ ਰੱਖਿਆ ਗਿਆ ਸੀ। ਪਰ ਫਿਰ ਦਾਊਦ ਨੇ ਇਸ ਨੂੰ ਯਰੂਸ਼ਲਮ ਵਿਚ ਰੱਖਣਾ ਚਾਹਿਆ। ਉਸ ਨੇ ਸਰਦਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ ਕਿ ‘ਜੇ ਉਨ੍ਹਾਂ ਨੂੰ ਚੰਗਾ ਲੱਗੇ ਅਤੇ ਜੇ ਏਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੋਵੇ,’ ਤਾਂ ਸੰਦੂਕ ਨੂੰ ਯਰੂਸ਼ਲਮ ਤਕ ਲਿਆਇਆ ਜਾਵੇਗਾ। ਪਰ ਉਸ ਨੇ ਇਹ ਚੰਗੀ ਤਰ੍ਹਾਂ ਪਤਾ ਨਹੀਂ ਕੀਤਾ ਕਿ ਇਸ ਨੂੰ ਚੁੱਕਣ ਬਾਰੇ ਯਹੋਵਾਹ ਦੀ ਮਰਜ਼ੀ ਕੀ ਸੀ। ਜੇਕਰ ਉਸ ਨੇ ਪਤਾ ਕੀਤਾ ਹੁੰਦਾ, ਤਾਂ ਸੰਦੂਕ ਨੂੰ ਗੱਡੇ ਉੱਤੇ ਕਦੇ ਵੀ ਲੱਦਿਆ ਨਾ ਜਾਂਦਾ। ਸਗੋਂ ਜਿਸ ਤਰ੍ਹਾਂ ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ ਲੇਵੀਆਂ ਨੇ ਉਸ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੁੰਦਾ। ਭਾਵੇਂ ਪਹਿਲਾਂ ਦਾਊਦ ਨੇ ਕਈ ਵਾਰ ਯਹੋਵਾਹ ਦੀ ਸਲਾਹ ਭਾਲੀ ਸੀ, ਪਰ ਇਸ ਵਾਰ ਉਸ ਨੇ ਸਹੀ ਤਰ੍ਹਾਂ ਨਹੀਂ ਭਾਲੀ। ਇਸ ਦਾ ਨਤੀਜਾ ਬਹੁਤ ਬੁਰਾ ਨਿਕਲਿਆ। ਬਾਅਦ ਵਿਚ ਦਾਊਦ ਨੇ ਕਿਹਾ: “ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਉੱਤੇ ਢਹਿ ਪਿਆ, ਕਿਉਂ ਜੋ ਅਸਾਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।”—1 ਇਤਹਾਸ 13:1-3; 15:11-13; ਗਿਣਤੀ 4:4-6, 15; 7:1-9.
13. ਜਦੋਂ ਸੰਦੂਕ ਨੂੰ ਯਰੂਸ਼ਲਮ ਲਿਆਂਦਾ ਗਿਆ, ਤਾਂ ਇਕ ਗੀਤ ਵਿਚ ਕਿਹੜੀ ਗੱਲ ਯਾਦ ਕਰਾਈ ਗਈ ਸੀ?
13 ਅਖ਼ੀਰ ਵਿਚ ਜਦੋਂ ਲੇਵੀਆਂ ਨੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਯਰੂਸ਼ਲਮ ਤਕ ਲਿਆਂਦਾ, ਤਾਂ ਦਾਊਦ ਦੇ ਹੱਥੀਂ ਲਿਖਿਆ ਇਕ ਗੀਤ ਗਾਇਆ ਗਿਆ ਸੀ। ਇਸ ਵਿਚ ਇਹ ਗੱਲ ਯਾਦ ਕਰਾਈ ਗਈ: “ਯਹੋਵਾਹ ਤੇ ਉਹ ਦੀ ਸਮਰੱਥਾ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਨ ਨੂੰ ਲੋਚੋ। ਉਹ ਦੇ ਅਸਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਆਵਾਂ ਨੂੰ ਵੀ।”—1 ਇਤਹਾਸ 16:11, 12.
14. ਅਸੀਂ ਸੁਲੇਮਾਨ ਦੀ ਚੰਗੀ ਮਿਸਾਲ ਤੋਂ ਅਤੇ ਬਾਅਦ ਵਿਚ ਉਸ ਦੀਆਂ ਗ਼ਲਤੀਆਂ ਤੋਂ ਕੀ ਸਿੱਖ ਸਕਦੇ ਹਾਂ?
14 ਆਪਣੀ ਮੌਤ ਤੋਂ ਪਹਿਲਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਸਲਾਹ ਦਿੱਤੀ ਸੀ: “ਜੇ ਤੂੰ [ਯਹੋਵਾਹ] ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।” (1 ਇਤਹਾਸ 28:9) ਜਦੋਂ ਸੁਲੇਮਾਨ ਰਾਜ ਕਰਨ ਲੱਗਾ, ਤਾਂ ਉਹ ਯਹੋਵਾਹ ਨੂੰ ਬਲੀ ਚੜ੍ਹਾਉਣ ਲਈ ਗਿਬਓਨ ਨੂੰ ਗਿਆ ਜਿੱਥੇ ਮੰਡਲੀ ਦਾ ਤੰਬੂ ਸੀ। ਉੱਥੇ ਯਹੋਵਾਹ ਨੇ ਸੁਲੇਮਾਨ ਨੂੰ ਕਿਹਾ: “ਮੰਗ, ਮੈਂ ਤੈਨੂੰ ਕੀ ਦਿਆਂ?” ਸੁਲੇਮਾਨ ਦੀ ਫ਼ਰਮਾਇਸ਼ ਤੇ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਨਿਆਂ ਕਰਨ ਲਈ ਬੁੱਧ ਤੇ ਗਿਆਨ ਦਿੱਤਾ ਅਤੇ ਇਸ ਦੇ ਨਾਲ-ਨਾਲ ਉਸ ਨੂੰ ਧਨ-ਦੌਲਤ ਵੀ ਦਿੱਤੀ। (2 ਇਤਹਾਸ 1:3-12) ਸੁਲੇਮਾਨ ਨੇ ਯਹੋਵਾਹ ਵਾਸਤੇ ਉਸ ਨਕਸ਼ੇ ਅਨੁਸਾਰ ਇਕ ਸ਼ਾਨਦਾਰ ਹੈਕਲ ਬਣਾਈ ਜੋ ਯਹੋਵਾਹ ਨੇ ਦਾਊਦ ਨੂੰ ਦਿੱਤਾ ਸੀ। ਪਰ ਆਪਣੀ ਸ਼ਾਦੀ ਦੇ ਸੰਬੰਧ ਵਿਚ ਸੁਲੇਮਾਨ ਨੇ ਯਹੋਵਾਹ ਨੂੰ ਨਹੀਂ ਖੋਜਿਆ ਸੀ ਅਤੇ ਉਸ ਨੇ ਅਜਿਹੀਆਂ ਔਰਤਾਂ ਨਾਲ ਵਿਆਹ ਕੀਤਾ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੀਆਂ ਸਨ। ਉਸ ਦੇ ਬੁਢੇਪੇ ਵਿਚ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ ਯਹੋਵਾਹ ਤੋਂ ਦੂਰ ਕਰ ਦਿੱਤਾ। (1 ਰਾਜਿਆਂ 11:1-10) ਅਸੀਂ ਭਾਵੇਂ ਕਿੰਨੇ ਵੀ ਜਾਣੇ-ਪਛਾਣੇ, ਬੁੱਧਵਾਨ ਜਾਂ ਸਮਝਦਾਰ ਕਿਉਂ ਨਾ ਹੋਈਏ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ‘ਪਰਤਾ ਕੇ ਵੇਖਦੇ ਰਹੀਏ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ!’
15. ਜਦੋਂ ਜ਼ਰਹ ਕੂਸ਼ੀ ਯਹੂਦਾਹ ਨਾਲ ਲੜਨ ਆਇਆ, ਤਾਂ ਆਸਾ ਪੂਰੇ ਭਰੋਸੇ ਨਾਲ ਯਹੋਵਾਹ ਤੋਂ ਮਦਦ ਕਿਉਂ ਮੰਗ ਸਕਿਆ ਸੀ?
15 ਇਸ ਤਰ੍ਹਾਂ ਕਰਨ ਦੀ ਲੋੜ ਸੁਲੇਮਾਨ ਦੇ ਪੜਪੋਤੇ ਰਾਜਾ ਆਸਾ ਦੀ ਉਦਾਹਰਣ ਤੋਂ ਸਾਫ਼ ਦੇਖੀ ਜਾ ਸਕਦੀ ਹੈ। ਆਸਾ ਦੇ ਰਾਜਾ ਬਣਨ ਤੋਂ ਗਿਆਰਾਂ ਸਾਲ ਬਾਅਦ ਜ਼ਰਹ ਕੂਸ਼ੀ ਦਸ ਲੱਖ ਦੀ ਫ਼ੌਜ ਨਾਲ ਯਹੂਦਾਹ ਨਾਲ ਲੜਨ ਲਈ ਆਇਆ। ਕੀ ਯਹੋਵਾਹ ਨੇ ਯਹੂਦਾਹ ਨੂੰ ਬਚਾਇਆ? ਜੀ ਹਾਂ, ਯਹੋਵਾਹ ਨੇ ਉਨ੍ਹਾਂ ਨੂੰ ਵੱਡੀ ਜਿੱਤ ਦਿੱਤੀ ਸੀ। ਤਕਰੀਬਨ 500 ਸਾਲ ਪਹਿਲਾਂ ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਜੇ ਉਸ ਦੇ ਲੋਕ ਉਸ ਦੀ ਸੁਣ ਕੇ ਉਸ ਦੇ ਹੁਕਮਾਂ ਤੇ ਚੱਲਣ, ਤਾਂ ਉਨ੍ਹਾਂ ਨਾਲ ਕੀ-ਕੀ ਹੋਵੇਗਾ। ਪਰ ਉਸ ਨੇ ਇਹ ਵੀ ਦੱਸਿਆ ਕਿ ਜੇ ਉਨ੍ਹਾਂ ਨੇ ਉਸ ਦੀ ਨਾ ਸੁਣੀ ਅਤੇ ਜੇ ਉਹ ਉਸ ਦੇ ਹੁਕਮਾਂ ਤੇ ਨਾ ਚੱਲੇ, ਤਾਂ ਉਨ੍ਹਾਂ ਨਾਲ ਕੀ ਹੋਵੇਗਾ। (ਬਿਵਸਥਾ ਸਾਰ 28:1, 7, 15, 25) ਆਪਣੇ ਰਾਜ ਦੇ ਸ਼ੁਰੂ ਵਿਚ ਆਸਾ ਨੇ ਯਹੂਦਾਹ ਤੋਂ ਦੇਵੀ-ਦੇਵਤਿਆਂ ਦੀਆਂ ਜਗਵੇਦੀਆਂ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਸੀ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ‘ਯਹੋਵਾਹ ਦੀ ਭਾਲਣਾ ਕਰਨ।’ ਆਸਾ ਨੇ ਬਿਪਤਾ ਦਾ ਸਾਮ੍ਹਣਾ ਕਰਨ ਤੋਂ ਪਹਿਲਾਂ ਹੀ ਯਹੋਵਾਹ ਦੀ ਭਾਲ ਕੀਤੀ ਸੀ। ਇਸ ਲਈ ਆਸਾ ਪੂਰੇ ਭਰੋਸੇ ਨਾਲ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰ ਸਕਿਆ ਅਤੇ ਯਹੋਵਾਹ ਨੇ ਉਸ ਦੀ ਸੁਣੀ।—2 ਇਤਹਾਸ 14:2-12.
16, 17. (ੳ) ਯਹੋਵਾਹ ਨੇ ਰਾਜਾ ਆਸਾ ਨੂੰ ਜਿੱਤ ਦੇਣ ਤੋਂ ਬਾਅਦ ਉਸ ਨੂੰ ਕਿਹੜੀ ਗੱਲ ਯਾਦ ਕਰਾਈ ਸੀ? (ਅ) ਜਦੋਂ ਆਸਾ ਮੂਰਖਤਾ ਨਾਲ ਚੱਲਿਆ, ਤਾਂ ਉਸ ਨੂੰ ਕਿਹੜਾ ਮੌਕਾ ਦਿੱਤਾ ਗਿਆ ਸੀ, ਪਰ ਉਸ ਨੇ ਕੀ ਕੀਤਾ ਸੀ? (ੲ) ਅਸੀਂ ਆਸਾ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?
16 ਫਿਰ ਵੀ, ਜਦੋਂ ਆਸਾ ਜਿੱਤ ਕੇ ਵਾਪਸ ਆਇਆ, ਤਾਂ ਯਹੋਵਾਹ ਨੇ ਅਜ਼ਰਯਾਹ ਨੂੰ ਰਾਜੇ ਕੋਲ ਇਸ ਸੰਦੇਸ਼ ਨਾਲ ਭੇਜਿਆ: “ਹੇ ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਸੁਣੋ। ਯਹੋਵਾਹ ਤੁਹਾਡੇ ਨਾਲ ਹੈ ਜਦ ਤੀਕ ਤੁਸੀਂ ਉਸ ਦੇ ਨਾਲ ਹੋ। ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ।” (2 ਇਤਹਾਸ 15:2) ਆਸਾ ਨੇ ਪੂਰੇ ਜੋਸ਼ ਨਾਲ ਸ਼ੁੱਧ ਭਗਤੀ ਅੱਗੇ ਵਧਾਈ। ਪਰ 24 ਸਾਲ ਬਾਅਦ ਜਦੋਂ ਉਸ ਨੇ ਫਿਰ ਲੜਾਈ ਦਾ ਸਾਮ੍ਹਣਾ ਕੀਤਾ, ਤਾਂ ਆਸਾ ਨੇ ਯਹੋਵਾਹ ਨੂੰ ਨਹੀਂ ਭਾਲਿਆ। ਉਸ ਨੇ ਪਰਮੇਸ਼ੁਰ ਦੇ ਬਚਨ ਤੋਂ ਸਲਾਹ ਨਹੀਂ ਲਈ ਅਤੇ ਨਾ ਹੀ ਯਾਦ ਰੱਖਿਆ ਕਿ ਯਹੋਵਾਹ ਨੇ ਉਦੋਂ ਕੀ ਕੀਤਾ ਸੀ ਜਦੋਂ ਕੂਸ਼ੀਆਂ ਦੀ ਫ਼ੌਜ ਨੇ ਯਹੂਦਾਹ ਉੱਤੇ ਹਮਲਾ ਕੀਤਾ ਸੀ। ਮੂਰਖਤਾ ਨਾਲ ਉਸ ਨੇ ਅਰਾਮ ਦੇਸ਼ ਤੋਂ ਮਦਦ ਮੰਗੀ।—2 ਇਤਹਾਸ 16:1-6.
17 ਇਸ ਲਈ, ਯਹੋਵਾਹ ਨੇ ਆਸਾ ਨੂੰ ਤਾੜਨਾ ਦੇਣ ਲਈ ਹਨਾਨੀ ਪੈਗੰਬਰ ਨੂੰ ਭੇਜਿਆ। ਉਸ ਵਕਤ ਵੀ ਆਸਾ ਕੋਲ ਯਹੋਵਾਹ ਦੀ ਰਾਇ ਲੈਣ ਦਾ ਮੌਕਾ ਸੀ। ਇਸ ਦੀ ਬਜਾਇ, ਉਸ ਨੇ ਨਾਰਾਜ਼ ਹੋ ਕੇ ਹਨਾਨੀ ਨੂੰ ਕੈਦਖ਼ਾਨੇ ਵਿਚ ਪਾ ਦਿੱਤਾ। (2 ਇਤਹਾਸ 16:7-10) ਇਹ ਕਿੰਨੇ ਅਫ਼ਸੋਸ ਦੀ ਗੱਲ ਸੀ! ਸਾਡੇ ਬਾਰੇ ਕੀ? ਕੀ ਅਸੀਂ ਯਹੋਵਾਹ ਦੀ ਅਗਵਾਈ ਭਾਲਣ ਤੋਂ ਬਾਅਦ ਫਿਰ ਉਸ ਦੀ ਸਲਾਹ ਨੂੰ ਰੱਦ ਕਰਦੇ ਹਾਂ? ਜਦੋਂ ਕੋਈ ਬਜ਼ੁਰਗ ਸਾਨੂੰ ਦੁਨੀਆਂ ਦੇ ਫੰਦਿਆਂ ਵਿਚ ਫਸ ਰਹੇ ਦੇਖ ਕੇ ਪਿਆਰ ਨਾਲ ਸਾਨੂੰ ਬਾਈਬਲ ਤੋਂ ਸਲਾਹ ਦਿੰਦਾ ਹੈ ਕਿ ਅਸੀਂ ‘ਪਰਤਾ ਕੇ ਵੇਖੀਏ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ,’ ਤਾਂ ਕੀ ਅਸੀਂ ਉਸ ਦੀ ਮਦਦ ਕਬੂਲ ਕਰਦੇ ਹਾਂ?
ਪੁੱਛਣਾ ਨਾ ਭੁੱਲੋ
18. ਅੱਯੂਬ ਨੂੰ ਕਹੇ ਗਏ ਅਲੀਹੂ ਦੇ ਸ਼ਬਦਾਂ ਤੋਂ ਸਾਨੂੰ ਕਿਵੇਂ ਮਦਦ ਮਿਲ ਸਕਦੀ ਹੈ?
18 ਜਦੋਂ ਕਿਸੇ ਉੱਤੇ ਬਹੁਤ ਬੋਝ ਹੁੰਦਾ ਹੈ, ਤਾਂ ਲੰਮੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲਾ ਇਨਸਾਨ ਵੀ ਗ਼ਲਤੀ ਕਰ ਸਕਦਾ ਹੈ। ਜਦੋਂ ਅੱਯੂਬ ਨੂੰ ਇਕ ਬੀਮਾਰੀ ਲੱਗੀ, ਉਸ ਦੇ ਸਾਰੇ ਬੱਚੇ ਮਾਰੇ ਗਏ, ਉਹ ਗ਼ਰੀਬ ਬਣ ਗਿਆ ਅਤੇ ਉਸ ਦੇ ਦੋਸਤਾਂ ਨੇ ਉਸ ਉੱਤੇ ਝੂਠਾ ਦੋਸ਼ ਲਾਇਆ, ਤਾਂ ਉਹ ਆਪਣੇ ਹੀ ਖ਼ਿਆਲਾਂ ਵਿਚ ਡੁੱਬ ਗਿਆ। ਅਲੀਹੂ ਨੇ ਉਸ ਨੂੰ ਕਿਹਾ: “ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਕਰਤਾਰ ਕਿੱਥੇ ਹੈ?” (ਅੱਯੂਬ 35:10) ਅੱਯੂਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਕਿ ਯਹੋਵਾਹ ਉਸ ਦੀ ਹਾਲਤ ਬਾਰੇ ਕੀ ਸੋਚਦਾ ਸੀ। ਅੱਯੂਬ ਨੇ ਨਿਮਰਤਾ ਨਾਲ ਅਲੀਹੂ ਦੀ ਗੱਲ ਮੰਨੀ ਅਤੇ ਅਸੀਂ ਵੀ ਉਸ ਦੀ ਰੀਸ ਕਰ ਸਕਦੇ ਹਾਂ।
19. ਇਸਰਾਏਲ ਦੇ ਲੋਕ ਕਈ ਵਾਰ ਕੀ ਭੁੱਲ ਜਾਂਦੇ ਸਨ?
19 ਇਸਰਾਏਲ ਦੇ ਲੋਕ ਜਾਣਦੇ ਸਨ ਕਿ ਯਹੋਵਾਹ ਨੇ ਉਨ੍ਹਾਂ ਦੀ ਕੌਮ ਲਈ ਕੀ-ਕੀ ਕੀਤਾ ਸੀ। ਪਰ ਕਈ ਵਾਰ ਜ਼ਿੰਦਗੀ ਦੇ ਖ਼ਾਸ ਸਮਿਆਂ ਦੌਰਾਨ ਉਹ ਇਹ ਗੱਲਾਂ ਭੁੱਲ ਜਾਂਦੇ ਸਨ। (ਯਿਰਮਿਯਾਹ 2:5, 6, 8) ਜਦੋਂ ਉਨ੍ਹਾਂ ਨੂੰ ਫ਼ੈਸਲੇ ਕਰਨੇ ਪਏ, ਤਾਂ ਉਨ੍ਹਾਂ ਨੂੰ ਪੁੱਛਣਾ ਚਾਹੀਦਾ ਸੀ ਕਿ “ਯਹੋਵਾਹ ਕਿੱਥੇ ਹੈ?” ਇਸ ਤਰ੍ਹਾਂ ਕਰਨ ਦੀ ਬਜਾਇ ਉਨ੍ਹਾਂ ਨੇ ਐਸ਼ ਕੀਤੀ।—ਯਸਾਯਾਹ 5:11, 12.
ਪੁੱਛਦੇ ਰਹੋ ਕਿ “ਯਹੋਵਾਹ ਕਿੱਥੇ ਹੈ?”
20, 21. (ੳ) ਅੱਜ ਕਿਨ੍ਹਾਂ ਨੇ ਅਲੀਸ਼ਾ ਵਾਂਗ ਯਹੋਵਾਹ ਦੀ ਅਗਵਾਈ ਭਾਲੀ ਹੈ? (ਅ) ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ?
20 ਜਦੋਂ ਲੋਕਾਂ ਦਰਮਿਆਨ ਏਲੀਯਾਹ ਦੀ ਸੇਵਕਾਈ ਖ਼ਤਮ ਹੋਈ, ਤਾਂ ਉਸ ਦੇ ਸੇਵਾਦਾਰ ਅਲੀਸ਼ਾ ਨੇ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿਗੀ ਸੀ ਲੈ ਕੇ ਯਰਦਨ ਦੇ ਪਾਣੀ ਉੱਤੇ ਮਾਰੀ ਤੇ ਕਿਹਾ: “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” (2 ਰਾਜਿਆਂ 2:14) ਯਹੋਵਾਹ ਨੇ ਦਿਖਾਇਆ ਕਿ ਉਸ ਦੀ ਆਤਮਾ ਹੁਣ ਅਲੀਸ਼ਾ ਉੱਤੇ ਸੀ। ਅਸੀਂ ਇਸ ਤੋਂ ਕੀ ਸਿੱਖਦੇ ਹਾਂ?
21 ਸਾਡੇ ਜ਼ਮਾਨੇ ਵਿਚ ਵੀ ਅਜਿਹਾ ਕੁਝ ਹੋਇਆ ਹੈ। ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਵਾਲੇ ਕੁਝ ਮਸਹ ਕੀਤੇ ਹੋਏ ਮਸੀਹੀ ਮਰ ਕੇ ਸਵਰਗ ਨੂੰ ਚੱਲੇ ਗਏ। ਫਿਰ ਜਿਨ੍ਹਾਂ ਭਰਾਵਾਂ ਨੂੰ ਧਰਤੀ ਉੱਤੇ ਯਹੋਵਾਹ ਦੇ ਕੰਮ ਦੀ ਨਿਗਰਾਨੀ ਦਿੱਤੀ ਗਈ ਸੀ ਉਨ੍ਹਾਂ ਨੇ ਬਾਈਬਲ ਦਾ ਧਿਆਨ ਨਾਲ ਅਧਿਐਨ ਕੀਤਾ ਅਤੇ ਯਹੋਵਾਹ ਦੀ ਅਗਵਾਈ ਲਈ ਪ੍ਰਾਰਥਨਾ ਕੀਤੀ। ਉਹ ਇਹ ਪੁੱਛਣਾ ਨਹੀਂ ਭੁੱਲੇ ਕਿ “ਯਹੋਵਾਹ ਕਿੱਥੇ ਹੈ?” ਨਤੀਜੇ ਵਜੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਦੇ ਕੰਮ ਨੂੰ ਬਰਕਤ ਦਿੱਤੀ। ਕੀ ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਦੇ ਹਾਂ? (ਇਬਰਾਨੀਆਂ 13:7) ਉਨ੍ਹਾਂ ਦੀ ਰੀਸ ਕਰ ਕੇ ਅਸੀਂ ਯਹੋਵਾਹ ਦੇ ਸੰਗਠਨ ਦੇ ਨਜ਼ਦੀਕ ਰਹਾਂਗੇ, ਉਸ ਦੀ ਅਗਵਾਈ ਭਾਲਾਂਗੇ ਅਤੇ ਉਸ ਕੰਮ ਵਿਚ ਪੂਰਾ ਹਿੱਸਾ ਲਵਾਂਗੇ ਜੋ ਯਿਸੂ ਮਸੀਹ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ।—ਜ਼ਕਰਯਾਹ 8:23.
ਤੁਸੀਂ ਕਿਵੇਂ ਜਵਾਬ ਦਿਓਗੇ?
• ਸਾਨੂੰ ਕਿਉਂ ਪੁੱਛਣਾ ਚਾਹੀਦਾ ਹੈ ਕਿ “ਯਹੋਵਾਹ ਕਿੱਥੇ ਹੈ?”
• ਅਸੀਂ ਅੱਜ ਕਿਵੇਂ ਜਾਣ ਸਕਦੇ ਹਾਂ ਕਿ “ਯਹੋਵਾਹ ਕਿੱਥੇ ਹੈ?”
• ਪਰਮੇਸ਼ੁਰ ਕੁਝ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੰਦਾ?
• ਬਾਈਬਲ ਵਿਚ ਕਿਹੜੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ‘ਪਰਤਾ ਕੇ ਵੇਖਣਾ ਚਾਹੀਦਾ ਹੈ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ?’
[ਸਫ਼ੇ 9 ਉੱਤੇ ਤਸਵੀਰ]
ਰਾਜਾ ਯਹੋਸ਼ਾਫ਼ਾਟ ਨੇ ਯਹੋਵਾਹ ਦੀ ਅਗਵਾਈ ਕਿਵੇਂ ਭਾਲੀ ਸੀ?
[ਸਫ਼ੇ 10 ਉੱਤੇ ਤਸਵੀਰ]
ਸ਼ਾਊਲ ਪੁੱਛਾਂ ਪੁਆਉਣ ਵਾਲੀ ਇਕ ਤੀਵੀਂ ਕੋਲ ਕਿਉਂ ਗਿਆ ਸੀ?
[ਸਫ਼ੇ 12 ਉੱਤੇ ਤਸਵੀਰਾਂ]
ਪ੍ਰਾਰਥਨਾ, ਅਧਿਐਨ ਅਤੇ ਮਨਨ ਰਾਹੀਂ ਪਤਾ ਕਰੋ ਕਿ “ਯਹੋਵਾਹ ਕਿੱਥੇ ਹੈ?”