ਦੂਜਾ ਰਾਜਿਆਂ
2 ਜਦੋਂ ਯਹੋਵਾਹ ਏਲੀਯਾਹ+ ਨੂੰ ਤੇਜ਼ ਹਨੇਰੀ ਵਿਚ ਆਕਾਸ਼ ਵੱਲ ਨੂੰ ਉਠਾ ਲੈਣ ਵਾਲਾ ਸੀ,+ ਤਾਂ ਏਲੀਯਾਹ ਅਤੇ ਅਲੀਸ਼ਾ+ ਗਿਲਗਾਲ+ ਤੋਂ ਨਿਕਲ ਤੁਰੇ। 2 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ: “ਕਿਰਪਾ ਕਰ ਕੇ ਤੂੰ ਇੱਥੇ ਠਹਿਰ ਕਿਉਂਕਿ ਯਹੋਵਾਹ ਨੇ ਮੈਨੂੰ ਬੈਤੇਲ ਜਾਣ ਲਈ ਕਿਹਾ ਹੈ।” ਪਰ ਅਲੀਸ਼ਾ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੇਰੇ ਤੋਂ ਅਲੱਗ ਨਹੀਂ ਹੋਵਾਂਗਾ।” ਇਸ ਲਈ ਉਹ ਹੇਠਾਂ ਬੈਤੇਲ+ ਨੂੰ ਚਲੇ ਗਏ। 3 ਫਿਰ ਬੈਤੇਲ ਵਿਚ ਨਬੀਆਂ ਦੇ ਪੁੱਤਰ* ਅਲੀਸ਼ਾ ਕੋਲ ਆ ਕੇ ਕਹਿਣ ਲੱਗੇ: “ਕੀ ਤੈਨੂੰ ਪਤਾ ਕਿ ਯਹੋਵਾਹ ਅੱਜ ਤੇਰੇ ਮਾਲਕ ਨੂੰ ਤੇਰੇ ਤੋਂ ਦੂਰ ਲਿਜਾਣ ਵਾਲਾ ਹੈ ਅਤੇ ਉਹ ਤੇਰਾ ਮੁਖੀ ਨਹੀਂ ਰਹੇਗਾ?”+ ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਨੂੰ ਪਤਾ ਹੈ। ਚੁੱਪ ਰਹੋ।”
4 ਹੁਣ ਏਲੀਯਾਹ ਨੇ ਉਸ ਨੂੰ ਕਿਹਾ: “ਅਲੀਸ਼ਾ, ਕਿਰਪਾ ਕਰ ਕੇ ਤੂੰ ਇੱਥੇ ਠਹਿਰ ਕਿਉਂਕਿ ਯਹੋਵਾਹ ਨੇ ਮੈਨੂੰ ਯਰੀਹੋ+ ਨੂੰ ਜਾਣ ਲਈ ਕਿਹਾ ਹੈ।” ਪਰ ਉਸ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੇਰੇ ਤੋਂ ਅਲੱਗ ਨਹੀਂ ਹੋਵਾਂਗਾ।” ਇਸ ਲਈ ਉਹ ਯਰੀਹੋ ਆ ਗਏ। 5 ਫਿਰ ਯਰੀਹੋ ਵਿਚ ਨਬੀਆਂ ਦੇ ਜਿਹੜੇ ਪੁੱਤਰ ਸਨ, ਉਨ੍ਹਾਂ ਨੇ ਅਲੀਸ਼ਾ ਕੋਲ ਆ ਕੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਕਿ ਯਹੋਵਾਹ ਅੱਜ ਤੇਰੇ ਮਾਲਕ ਨੂੰ ਤੇਰੇ ਤੋਂ ਦੂਰ ਲਿਜਾਣ ਵਾਲਾ ਹੈ ਅਤੇ ਉਹ ਤੇਰਾ ਮੁਖੀ ਨਹੀਂ ਰਹੇਗਾ?” ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਨੂੰ ਪਤਾ ਹੈ। ਚੁੱਪ ਰਹੋ।”
6 ਫਿਰ ਏਲੀਯਾਹ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਤੂੰ ਇੱਥੇ ਠਹਿਰ ਕਿਉਂਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਵੱਲ ਜਾਣ ਲਈ ਕਿਹਾ ਹੈ।” ਪਰ ਅਲੀਸ਼ਾ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੇਰੇ ਤੋਂ ਅਲੱਗ ਨਹੀਂ ਹੋਵਾਂਗਾ।” ਇਸ ਲਈ ਉਹ ਦੋਵੇਂ ਉੱਥੋਂ ਤੁਰ ਪਏ। 7 ਨਬੀਆਂ ਦੇ 50 ਪੁੱਤਰ ਵੀ ਗਏ ਅਤੇ ਉਹ ਦੂਰ ਖੜ੍ਹੇ ਹੋ ਕੇ ਉਨ੍ਹਾਂ ਦੋਵਾਂ ਨੂੰ ਯਰਦਨ ਦਰਿਆ ਕੋਲ ਖੜ੍ਹਿਆਂ ਨੂੰ ਦੇਖਣ ਲੱਗੇ। 8 ਫਿਰ ਏਲੀਯਾਹ ਨੇ ਆਪਣਾ ਚੋਗਾ*+ ਲਿਆ ਅਤੇ ਇਸ ਨੂੰ ਲਪੇਟ ਕੇ ਪਾਣੀ ʼਤੇ ਮਾਰਿਆ ਅਤੇ ਪਾਣੀ ਖੱਬੇ-ਸੱਜੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਜਿਸ ਕਰਕੇ ਉਹ ਦੋਵੇਂ ਸੁੱਕੀ ਜ਼ਮੀਨ ʼਤੇ ਤੁਰ ਕੇ ਪਾਰ ਲੰਘ ਗਏ।+
9 ਜਿਉਂ ਹੀ ਉਹ ਪਾਰ ਲੰਘੇ, ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ: “ਇਸ ਤੋਂ ਪਹਿਲਾਂ ਕਿ ਮੈਨੂੰ ਤੇਰੇ ਕੋਲੋਂ ਲਿਜਾਇਆ ਜਾਵੇ, ਦੱਸ ਮੈਂ ਤੇਰੇ ਲਈ ਕੀ ਕਰਾਂ।” ਅਲੀਸ਼ਾ ਨੇ ਜਵਾਬ ਦਿੱਤਾ: “ਕੀ ਮੈਨੂੰ ਤੇਰੀ ਸ਼ਕਤੀ+ ਦਾ ਦੁਗਣਾ ਹਿੱਸਾ*+ ਮਿਲ ਸਕਦਾ ਹੈ?” 10 ਉਸ ਨੇ ਜਵਾਬ ਦਿੱਤਾ: “ਤੂੰ ਔਖੀ ਚੀਜ਼ ਮੰਗੀ ਹੈ। ਜਦੋਂ ਮੈਨੂੰ ਤੇਰੇ ਕੋਲੋਂ ਲਿਜਾਇਆ ਜਾਵੇਗਾ, ਜੇ ਤੂੰ ਉਸ ਵੇਲੇ ਮੈਨੂੰ ਦੇਖ ਸਕਿਆ, ਤਾਂ ਤੇਰੇ ਲਈ ਇਸ ਤਰ੍ਹਾਂ ਹੋ ਜਾਵੇਗਾ; ਪਰ ਜੇ ਤੂੰ ਨਾ ਦੇਖ ਸਕਿਆ, ਤਾਂ ਇਸ ਤਰ੍ਹਾਂ ਨਹੀਂ ਹੋਵੇਗਾ।”
11 ਜਦੋਂ ਉਹ ਤੁਰਦੇ-ਤੁਰਦੇ ਗੱਲਾਂ ਕਰ ਰਹੇ ਸਨ, ਤਾਂ ਅਚਾਨਕ ਇਕ ਅਗਨ-ਰਥ ਅਤੇ ਅਗਨ-ਘੋੜਿਆਂ+ ਨੇ ਉਨ੍ਹਾਂ ਨੂੰ ਇਕ-ਦੂਜੇ ਤੋਂ ਅਲੱਗ ਕਰ ਦਿੱਤਾ ਤੇ ਏਲੀਯਾਹ ਤੇਜ਼ ਹਨੇਰੀ ਵਿਚ ਆਕਾਸ਼ ਵੱਲ ਨੂੰ ਚੜ੍ਹ ਗਿਆ।+ 12 ਜਦੋਂ ਅਲੀਸ਼ਾ ਦੇਖ ਰਿਹਾ ਸੀ, ਤਾਂ ਉਹ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ: “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਜ਼ਰਾਈਲ ਦਾ ਰਥ ਅਤੇ ਉਸ ਦੇ ਘੋੜਸਵਾਰ!”+ ਜਦੋਂ ਉਹ ਉਸ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ, ਤਾਂ ਉਸ ਨੇ ਆਪਣੇ ਕੱਪੜਿਆਂ ਨੂੰ ਫੜਿਆ ਅਤੇ ਉਨ੍ਹਾਂ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤੇ।+ 13 ਇਸ ਤੋਂ ਬਾਅਦ ਉਸ ਨੇ ਏਲੀਯਾਹ ਉੱਤੋਂ ਡਿਗੇ ਚੋਗੇ*+ ਨੂੰ ਚੁੱਕਿਆ ਅਤੇ ਉਹ ਵਾਪਸ ਜਾ ਕੇ ਯਰਦਨ ਦਰਿਆ ਦੇ ਕੰਢੇ ʼਤੇ ਖੜ੍ਹ ਗਿਆ। 14 ਫਿਰ ਉਸ ਨੇ ਏਲੀਯਾਹ ਉੱਤੋਂ ਡਿਗੇ ਚੋਗੇ* ਨੂੰ ਲਿਆ ਅਤੇ ਪਾਣੀ ʼਤੇ ਮਾਰ ਕੇ ਕਿਹਾ: “ਏਲੀਯਾਹ ਦਾ ਪਰਮੇਸ਼ੁਰ ਯਹੋਵਾਹ ਕਿੱਥੇ ਹੈ?” ਜਦੋਂ ਉਸ ਨੇ ਪਾਣੀ ʼਤੇ ਮਾਰਿਆ, ਤਾਂ ਪਾਣੀ ਖੱਬੇ-ਸੱਜੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਜਿਸ ਕਰਕੇ ਅਲੀਸ਼ਾ ਪਾਰ ਲੰਘ ਗਿਆ।+
15 ਜਦੋਂ ਯਰੀਹੋ ਵਿਚ ਨਬੀਆਂ ਦੇ ਪੁੱਤਰਾਂ ਨੇ ਉਸ ਨੂੰ ਦੂਰੋਂ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਏਲੀਯਾਹ ਦੀ ਸ਼ਕਤੀ ਅਲੀਸ਼ਾ ʼਤੇ ਆ ਗਈ ਹੈ।”+ ਇਸ ਲਈ ਉਹ ਉਸ ਨੂੰ ਮਿਲਣ ਗਏ ਅਤੇ ਉਨ੍ਹਾਂ ਨੇ ਉਸ ਅੱਗੇ ਜ਼ਮੀਨ ਤਕ ਸਿਰ ਨਿਵਾਇਆ। 16 ਉਨ੍ਹਾਂ ਨੇ ਉਸ ਨੂੰ ਕਿਹਾ: “ਇੱਥੇ ਤੇਰੇ ਸੇਵਕਾਂ ਨਾਲ 50 ਕਾਬਲ ਆਦਮੀ ਹਨ। ਕਿਰਪਾ ਕਰ ਕੇ ਇਨ੍ਹਾਂ ਨੂੰ ਇਜਾਜ਼ਤ ਦੇ ਕਿ ਇਹ ਜਾ ਕੇ ਤੇਰੇ ਮਾਲਕ ਨੂੰ ਲੱਭਣ। ਹੋ ਸਕਦਾ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ* ਨੇ ਉਸ ਨੂੰ ਉੱਪਰ ਉਠਾ ਲਿਆ ਹੋਵੇ ਤੇ ਫਿਰ ਕਿਸੇ ਪਹਾੜ ʼਤੇ ਜਾਂ ਵਾਦੀ ਵਿਚ ਛੱਡ ਦਿੱਤਾ ਹੋਵੇ।”+ ਪਰ ਉਸ ਨੇ ਕਿਹਾ: “ਉਨ੍ਹਾਂ ਨੂੰ ਨਾ ਭੇਜੋ।” 17 ਫਿਰ ਵੀ ਉਹ ਉਸ ʼਤੇ ਜ਼ੋਰ ਪਾਉਂਦੇ ਰਹੇ ਜਦ ਤਕ ਉਹ ਪਰੇਸ਼ਾਨ ਨਾ ਹੋ ਗਿਆ। ਇਸ ਲਈ ਉਸ ਨੇ ਕਿਹਾ: “ਉਨ੍ਹਾਂ ਨੂੰ ਭੇਜ ਦਿਓ।” ਉਨ੍ਹਾਂ ਨੇ 50 ਆਦਮੀਆਂ ਨੂੰ ਭੇਜ ਦਿੱਤਾ ਜੋ ਉਸ ਨੂੰ ਤਿੰਨ ਦਿਨ ਤਕ ਲੱਭਦੇ ਰਹੇ, ਪਰ ਉਹ ਉਨ੍ਹਾਂ ਨੂੰ ਨਾ ਲੱਭਾ। 18 ਜਦੋਂ ਉਹ ਉਸ ਕੋਲ ਵਾਪਸ ਆਏ, ਉਦੋਂ ਉਹ ਯਰੀਹੋ+ ਵਿਚ ਠਹਿਰਿਆ ਹੋਇਆ ਸੀ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਮੈਂ ਤੁਹਾਨੂੰ ਜਾਣ ਤੋਂ ਮਨ੍ਹਾ ਨਹੀਂ ਸੀ ਕੀਤਾ?”
19 ਕੁਝ ਸਮੇਂ ਬਾਅਦ ਸ਼ਹਿਰ ਦੇ ਆਦਮੀਆਂ ਨੇ ਅਲੀਸ਼ਾ ਨੂੰ ਕਿਹਾ: “ਸਾਡਾ ਮਾਲਕ ਦੇਖ ਸਕਦਾ ਹੈ ਕਿ ਇਹ ਸ਼ਹਿਰ ਵਧੀਆ ਥਾਂ ʼਤੇ ਵੱਸਿਆ ਹੋਇਆ ਹੈ;+ ਪਰ ਇੱਥੇ ਦਾ ਪਾਣੀ ਖ਼ਰਾਬ ਹੈ ਅਤੇ ਜ਼ਮੀਨ ਬੰਜਰ ਹੈ।”* 20 ਇਹ ਸੁਣ ਕੇ ਉਸ ਨੇ ਕਿਹਾ: “ਇਕ ਛੋਟੀ ਜਿਹੀ ਨਵੀਂ ਕੌਲੀ ਵਿਚ ਲੂਣ ਪਾ ਕੇ ਮੇਰੇ ਕੋਲ ਲਿਆਓ।” ਉਨ੍ਹਾਂ ਨੇ ਉਸ ਨੂੰ ਇਹ ਲਿਆ ਕੇ ਦੇ ਦਿੱਤਾ। 21 ਫਿਰ ਉਹ ਬਾਹਰ ਪਾਣੀ ਦੇ ਸੋਮੇ ਕੋਲ ਗਿਆ ਅਤੇ ਉਸ ਵਿਚ ਲੂਣ ਸੁੱਟ ਦਿੱਤਾ+ ਤੇ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ। ਹੁਣ ਤੋਂ ਇਸ ਕਾਰਨ ਨਾ ਮੌਤ ਨਾ ਬਾਂਝਪਣ ਹੋਵੇਗਾ।’”* 22 ਅਲੀਸ਼ਾ ਦੇ ਕਹੇ ਅਨੁਸਾਰ ਅੱਜ ਦੇ ਦਿਨ ਤਕ ਪਾਣੀ ਠੀਕ ਰਿਹਾ ਹੈ।
23 ਉਹ ਉੱਥੋਂ ਬੈਤੇਲ ਨੂੰ ਚਲਾ ਗਿਆ। ਜਦੋਂ ਉਹ ਜਾ ਰਿਹਾ ਸੀ, ਤਾਂ ਕੁਝ ਮੁੰਡੇ ਸ਼ਹਿਰ ਵਿੱਚੋਂ ਬਾਹਰ ਆਏ ਅਤੇ ਉਸ ਦਾ ਮਜ਼ਾਕ ਉਡਾਉਣ ਲੱਗੇ।+ ਉਹ ਕਹੀ ਜਾ ਰਹੇ ਸਨ: “ਚੜ੍ਹ ਜਾ, ਗੰਜਿਆ, ਚੜ੍ਹ ਜਾ! ਓਏ ਗੰਜਿਆ, ਚੜ੍ਹ ਜਾ!” 24 ਅਖ਼ੀਰ ਉਸ ਨੇ ਮੁੜ ਕੇ ਉਨ੍ਹਾਂ ਵੱਲ ਦੇਖਿਆ ਅਤੇ ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਨਾਂ ʼਤੇ ਸਰਾਪ ਦਿੱਤਾ। ਫਿਰ ਜੰਗਲ ਵਿੱਚੋਂ ਦੋ ਰਿੱਛਣੀਆਂ+ ਬਾਹਰ ਆਈਆਂ ਅਤੇ ਉਨ੍ਹਾਂ ਨੇ ਉਨ੍ਹਾਂ ਵਿੱਚੋਂ 42 ਬੱਚਿਆਂ ਨੂੰ ਪਾੜ ਕੇ ਉਨ੍ਹਾਂ ਦੀਆਂ ਬੋਟੀਆਂ-ਬੋਟੀਆਂ ਕਰ ਦਿੱਤੀਆਂ।+ 25 ਉਹ ਉੱਥੋਂ ਕਰਮਲ ਪਹਾੜ+ ਵੱਲ ਨੂੰ ਤੁਰਿਆ ਗਿਆ ਅਤੇ ਉੱਥੋਂ ਉਹ ਸਾਮਰਿਯਾ ਨੂੰ ਮੁੜ ਗਿਆ।