ਪਤਨੀਓ, ਆਪਣੇ ਪਤੀਆਂ ਦਾ ਆਦਰ ਕਰੋ
“ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ।”—ਅਫ਼ਸੀਆਂ 5:22.
1. ਅੱਜ ਪਤਨੀ ਲਈ ਪਤੀ ਦਾ ਆਦਰ ਕਰਨਾ ਸੌਖਾ ਕਿਉਂ ਨਹੀਂ ਹੈ?
ਕਈ ਦੇਸ਼ਾਂ ਵਿਚ ਵਿਆਹ ਵੇਲੇ ਲਾੜੀ ਵਾਅਦਾ ਕਰਦੀ ਹੈ ਕਿ ਉਹ ਆਪਣੇ ਪਤੀ ਦਾ ਆਦਰ-ਮਾਣ ਕਰੇਗੀ। ਪਰ ਜੇ ਆਦਮੀ ਆਪਣੀ ਤੀਵੀਂ ਨੂੰ ਪੈਰ ਦੀ ਜੁੱਤੀ ਸਮਝਦਾ ਹੈ, ਤਾਂ ਤੀਵੀਂ ਲਈ ਉਸ ਦਾ ਆਦਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰ ਪਰਮੇਸ਼ੁਰ ਨੇ ਤਾਂ ਵਿਆਹੁਤਾ ਜ਼ਿੰਦਗੀ ਦੀ ਬਹੁਤ ਸੋਹਣੀ ਸ਼ੁਰੂਆਤ ਕੀਤੀ ਸੀ। ਪਰਮੇਸ਼ੁਰ ਨੇ ਪਹਿਲੇ ਆਦਮੀ ਤੋਂ ਇਕ ਪਸਲੀ ਲੈ ਕੇ ਤੀਵੀਂ ਨੂੰ ਬਣਾਇਆ। ਫਿਰ ਆਦਮੀ ਨੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ।”—ਉਤਪਤ 2:19-23.
2. ਪਿੱਛਲੇ ਕੁਝ ਸਾਲਾਂ ਦੌਰਾਨ ਘਰ-ਗ੍ਰਹਿਸਥੀ ਬਾਰੇ ਤੀਵੀਆਂ ਦਾ ਰਵੱਈਆ ਕਿਵੇਂ ਬਦਲ ਗਿਆ ਹੈ?
2 ਇਸ ਚੰਗੀ ਸ਼ੁਰੂਆਤ ਦੇ ਬਾਵਜੂਦ, 1960 ਦੇ ਦਹਾਕੇ ਦੌਰਾਨ ਅਮਰੀਕਾ ਵਿਚ ਮਹਿਲਾ ਆਜ਼ਾਦੀ ਦੀ ਨਵੀਂ ਲਹਿਰ ਸ਼ੁਰੂ ਹੋਈ ਜਿਸ ਰਾਹੀਂ ਤੀਵੀਆਂ ਨੇ ਆਦਮੀਆਂ ਦੇ ਅਧਿਕਾਰ ਤੋਂ ਆਜ਼ਾਦੀ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਲਹਿਰ ਦੇ ਚੱਲਣ ਤੋਂ ਪਹਿਲਾਂ ਜਿੱਥੇ 300 ਪਤੀ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਜਾਂਦੇ ਸਨ, ਉੱਥੇ ਸਿਰਫ਼ 1 ਪਤਨੀ ਇਸ ਤਰ੍ਹਾਂ ਕਰਦੀ ਸੀ। ਪਰ 1960 ਦੇ ਦਹਾਕੇ ਦੇ ਅੰਤ ਤਕ 300 ਪਤੀਆਂ ਦੇ ਮੁਕਾਬਲੇ 3 ਤੀਵੀਆਂ ਆਪਣੇ ਪਤੀ ਨੂੰ ਛੱਡ ਕੇ ਚੱਲੀਆਂ ਜਾਂਦੀਆਂ ਸਨ। ਅੱਜ-ਕੱਲ੍ਹ ਤੀਵੀਆਂ ਆਦਮੀਆਂ ਵਾਂਗ ਗਾਲ੍ਹਾਂ ਕੱਢਦੀਆਂ, ਸ਼ਰਾਬ ਤੇ ਸਿਗਰਟਾਂ ਪੀਂਦੀਆਂ ਅਤੇ ਬਦਚਲਣੀ ਦੀਆਂ ਹੱਦਾਂ ਪਾਰ ਕਰ ਰਹੀਆਂ ਹਨ। ਕੀ ਤੀਵੀਆਂ ਹੁਣ ਪਹਿਲਾਂ ਨਾਲੋਂ ਖ਼ੁਸ਼ ਹਨ? ਨਹੀਂ। ਕੁਝ ਦੇਸ਼ਾਂ ਵਿਚ ਜਿੰਨੇ ਲੋਕ ਵਿਆਹ ਕਰਾਉਂਦੇ ਹਨ ਉਨ੍ਹਾਂ ਵਿੱਚੋਂ ਅੱਧਿਆਂ ਦਾ ਤਲਾਕ ਹੋ ਜਾਂਦਾ ਹੈ। ਕੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸੁਧਾਰਨ ਦੇ ਔਰਤਾਂ ਦੇ ਇਨ੍ਹਾਂ ਜਤਨਾਂ ਕਾਰਨ ਉਨ੍ਹਾਂ ਦੀ ਹਾਲਤ ਸੁਧਰੀ ਹੈ ਜਾਂ ਵਿਗੜੀ ਹੈ?—2 ਤਿਮੋਥਿਉਸ 3:1-5.
3. ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦੀ ਜੜ੍ਹ ਕੀ ਹੈ?
3 ਇਸ ਮੁਸੀਬਤ ਦੀ ਜੜ੍ਹ ਕੀ ਹੈ? ਅਸੀਂ ਕਹਿ ਸਕਦੇ ਹਾਂ ਕਿ ਇਸ ਪਿੱਛੇ ਸ਼ਤਾਨ ਦਾ ਹੀ ਹੱਥ ਹੈ। ਸ਼ੁਰੂ ਵਿਚ ਉਸ ‘ਪੁਰਾਣੇ ਸੱਪ ਨੇ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ’ ਹੱਵਾਹ ਨੂੰ ਭਰਮਾਇਆ ਸੀ। (ਪਰਕਾਸ਼ ਦੀ ਪੋਥੀ 12:9; 1 ਤਿਮੋਥਿਉਸ 2:13, 14) ਇਸ ਜਗਤ ਦਾ ਰਾਜਾ ਹੋਣ ਦੇ ਨਾਤੇ ਉਹ ਅੱਜ ਵੀ ਲੋਕਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇ ਉਲਟ ਜਾਣ ਲਈ ਉਕਸਾਉਂਦਾ ਹੈ ਅਤੇ ਪਤੀ-ਪਤਨੀ ਦੇ ਰਿਸ਼ਤੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। (2 ਕੁਰਿੰਥੀਆਂ 4:3, 4) ਮਿਸਾਲ ਲਈ, ਮੀਡੀਆ ਰਾਹੀਂ ਉਹ ਔਰਤਾਂ ਦੇ ਮਨਾਂ ਵਿਚ ਇਹ ਵਿਚਾਰ ਪਾਉਂਦਾ ਹੈ ਕਿ ਵਿਆਹ ਸੰਬੰਧੀ ਪਰਮੇਸ਼ੁਰ ਦੇ ਹੁਕਮ ਸਰਾਸਰ ਬੇਇਨਸਾਫ਼ੀ ਹਨ ਅਤੇ ਇਨ੍ਹਾਂ ਨੂੰ ਮੰਨਣ ਨਾਲ ਔਰਤਾਂ ਮਰਦਾਂ ਦੇ ਗ਼ੁਲਾਮ ਬਣ ਕੇ ਰਹਿ ਜਾਂਦੀਆਂ ਹਨ। ਪਰ ਜੇ ਅਸੀਂ ਬਾਈਬਲ ਵਿੱਚੋਂ ਪਤਨੀ ਦੀ ਭੂਮਿਕਾ ਬਾਰੇ ਧਿਆਨ ਨਾਲ ਪੜ੍ਹੀਏ, ਤਾਂ ਅਸੀਂ ਸਮਝ ਸਕਾਂਗੇ ਕਿ ਪਰਮੇਸ਼ੁਰ ਦੀਆਂ ਨਸੀਹਤਾਂ ਜਾਇਜ਼ ਤੇ ਫ਼ਾਇਦੇਮੰਦ ਹਨ।
ਸੋਚ-ਸਮਝ ਕੇ ਵਿਆਹ ਦਾ ਕਦਮ ਚੁੱਕੋ
4, 5. (ੳ) ਵਿਆਹ ਦਾ ਕਦਮ ਸੋਚ-ਸਮਝ ਕੇ ਕਿਉਂ ਚੁੱਕਿਆ ਜਾਣਾ ਚਾਹੀਦਾ ਹੈ? (ਅ) ਵਿਆਹ ਕਰਨ ਲਈ ਰਾਜ਼ੀ ਹੋਣ ਤੋਂ ਪਹਿਲਾਂ ਕੁੜੀ ਨੂੰ ਕੀ ਕਰਨਾ ਚਾਹੀਦਾ?
4 ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸ਼ਤਾਨ ਦੀ ਇਸ ਦੁਨੀਆਂ ਵਿਚ ਸੁਖੀ ਵਿਆਹੁਤਾ ਜੋੜੇ ਵੀ ਕੁਝ ਹੱਦ ਤਕ “ਦੁਖ ਭੋਗਣਗੇ।” ਸੋ ਭਾਵੇਂ ਪਤੀ-ਪਤਨੀ ਦੇ ਰਿਸ਼ਤੇ ਦੀ ਸ਼ੁਰੂਆਤ ਯਹੋਵਾਹ ਨੇ ਕੀਤਾ ਸੀ, ਪਰ ਬਾਈਬਲ ਸਾਨੂੰ ਸੋਚ-ਸਮਝ ਕੇ ਇਸ ਰਿਸ਼ਤੇ ਵਿਚ ਕਦਮ ਰੱਖਣ ਦੀ ਸਲਾਹ ਦਿੰਦੀ ਹੈ। ਬਾਈਬਲ ਦੇ ਇਕ ਲਿਖਾਰੀ ਨੇ ਕਿਹਾ ਸੀ ਕਿ ਜਿਸ ਤੀਵੀਂ ਦਾ ਪਤੀ ਮਰ ਜਾਵੇ ਉਹ ਦੁਬਾਰਾ ਵਿਆਹ ਕਰਾ ਸਕਦੀ ਹੈ, ਪਰ ‘ਜੇਕਰ ਉਹ ਐਵੇਂ ਹੀ ਰਹੇ ਤਾਂ ਏਦੋਂ ਭੀ ਭਾਗਵਾਨ ਹੈ।’ ਯਿਸੂ ਨੇ ਵੀ ਕੁਆਰਿਆਂ ਨੂੰ ਸਲਾਹ ਦਿੱਤੀ ਕਿ ਜਿਹੜਾ ਭਗਤੀ ਦੀ ਖ਼ਾਤਰ ਅਣਵਿਆਹਿਆ ਰਹਿਣਾ ਚਾਹੁੰਦਾ ਹੈ ਉਹ ਅਣਵਿਆਹਿਆ ਰਹੇ। ਪਰ ਜੇ ਕੋਈ ਵਿਆਹ ਕਰਨ ਦਾ ਫ਼ੈਸਲਾ ਕਰਦਾ ਵੀ ਹੈ, ਤਾਂ ਉਸ ਨੂੰ “ਕੇਵਲ ਪ੍ਰਭੁ ਵਿੱਚ” ਵਿਆਹ ਕਰਨਾ ਚਾਹੀਦਾ ਹੈ, ਮਤਲਬ ਕਿ ਯਹੋਵਾਹ ਦੀ ਭਗਤੀ ਕਰਨ ਵਾਲੇ ਨਾਲ।—1 ਕੁਰਿੰਥੀਆਂ 7:28, 36-40; ਮੱਤੀ 19:10-12.
5 ਵਿਆਹ ਕਰਨ ਦਾ ਫ਼ੈਸਲਾ ਖ਼ਾਸਕਰ ਔਰਤ ਨੂੰ ਸੋਚ-ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਵਿਆਹ ਹੋਣ ਤੇ ਉਹ ਆਪਣੇ “ਭਰਤਾ ਦੀ ਸ਼ਰਾ” ਦੇ ਅਧੀਨ ਹੋ ਜਾਂਦੀ ਹੈ। ਜੇ ਉਸ ਦਾ ਪਤੀ ਮਰ ਜਾਵੇ ਜਾਂ ਵਿਭਚਾਰ ਕਰਨ ਕਰਕੇ ਉਨ੍ਹਾਂ ਦਾ ਤਲਾਕ ਹੋ ਜਾਵੇ, ਫਿਰ ਉਹ ਆਪਣੇ ਪਤੀ “ਦੀ ਸ਼ਰਾ” ਤੋਂ ਆਜ਼ਾਦ ਹੋ ਸਕਦੀ ਹੈ। (ਰੋਮੀਆਂ 7:2, 3) ਪਹਿਲੀ ਮੁਲਾਕਾਤ ਵਿਚ ਅੱਖਾਂ ਚਾਰ ਹੋਣ ਦਾ ਅਹਿਸਾਸ ਬਹੁਤ ਮਿੱਠਾ ਲੱਗਦਾ ਹੈ, ਪਰ ਇਹ ਸੁਖੀ ਵਿਆਹੁਤਾ ਜ਼ਿੰਦਗੀ ਦਾ ਪੱਕਾ ਆਧਾਰ ਨਹੀਂ ਹੈ। ਇਸ ਲਈ ਇਕ ਕੁਆਰੀ ਕੁੜੀ ਨੂੰ ਆਪਣੇ ਆਪ ਤੋਂ ਇਹ ਪੁੱਛਣ ਦੀ ਲੋੜ ਹੈ, ‘ਕੀ ਮੈਂ ਵਿਆਹ ਦੇ ਬੰਧਨ ਵਿਚ ਬੱਝਣ ਲਈ ਤਿਆਰ ਹਾਂ ਜਿਸ ਵਿਚ ਮੈਂ ਇਸ ਬੰਦੇ ਦੀ ਸ਼ਰਾ ਅਧੀਨ ਆ ਜਾਵਾਂਗੀ?’ ਇਸ ਬਾਰੇ ਵਿਆਹ ਤੋਂ ਪਹਿਲਾਂ ਸੋਚਿਆ ਜਾਣਾ ਚਾਹੀਦਾ ਹੈ, ਵਿਆਹ ਤੋਂ ਬਾਅਦ ਨਹੀਂ।
6. ਅੱਜ ਕੁੜੀਆਂ ਨੂੰ ਕਿਹੜਾ ਫ਼ੈਸਲਾ ਕਰਨ ਦੀ ਆਜ਼ਾਦੀ ਹੈ ਤੇ ਸਹੀ ਫ਼ੈਸਲਾ ਕਰਨਾ ਇੰਨਾ ਜ਼ਰੂਰੀ ਕਿਉਂ ਹੈ?
6 ਅੱਜ ਕਈ ਦੇਸ਼ਾਂ ਵਿਚ ਰਿਸ਼ਤਾ ਆਉਣ ਤੇ ਕੁੜੀ ਹਾਂ ਜਾਂ ਨਾਂਹ ਕਰ ਸਕਦੀ ਹੈ। ਇਹ ਫ਼ੈਸਲਾ ਸ਼ਾਇਦ ਉਸ ਲਈ ਜ਼ਿੰਦਗੀ ਦਾ ਸਭ ਤੋਂ ਔਖਾ ਫ਼ੈਸਲਾ ਹੋਵੇ ਕਿਉਂਕਿ ਪਿਆਰ ਪਾਉਣ ਦੀ ਇੱਛਾ ਬਹੁਤ ਗਹਿਰੀ ਹੁੰਦੀ ਹੈ। ਇਕ ਲੇਖਕ ਨੇ ਕਿਹਾ: “ਅਸੀਂ ਜਿੰਨਾ ਜ਼ਿਆਦਾ ਕੁਝ ਕਰਨ ਦੀ ਚਾਹਤ ਰੱਖਦੇ ਹਾਂ—ਚਾਹੇ ਇਹ ਵਿਆਹ ਕਰਾਉਣਾ ਹੋਵੇ ਜਾਂ ਕਿਸੇ ਪਹਾੜ ਦੀ ਚੋਟੀ ਤੇ ਚੜ੍ਹਨਾ—ਉੱਨਾ ਹੀ ਜ਼ਿਆਦਾ ਅਸੀਂ ਸਿਰਫ਼ ਉਨ੍ਹਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ ਜੋ ਸਾਡੀ ਚਾਹਤ ਨਾਲ ਮੇਲ ਖਾਂਦੀਆਂ ਹਨ। ਇਸ ਤਰ੍ਹਾਂ ਅਸੀਂ ਸਾਰੀਆਂ ਗੱਲਾਂ ਦੀ ਜਾਂਚ ਕਰਨ ਤੋਂ ਬਿਨਾਂ ਗ਼ਲਤ ਫ਼ੈਸਲਾ ਕਰ ਬੈਠਦੇ ਹਾਂ।” ਜੇ ਕੋਈ ਪੂਰੀ ਜਾਣਕਾਰੀ ਲਏ ਬਗੈਰ ਕਿਸੇ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼ ਕਰੇ, ਤਾਂ ਉਸ ਦੀ ਜਾਨ ਜਾ ਸਕਦੀ ਹੈ। ਇਸੇ ਤਰ੍ਹਾਂ, ਗ਼ਲਤ ਬੰਦੇ ਨਾਲ ਸ਼ਾਦੀ ਕਰਨ ਨਾਲ ਵੀ ਨਤੀਜਾ ਬਹੁਤ ਬੁਰਾ ਨਿਕਲ ਸਕਦਾ ਹੈ।
7. ਜੀਵਨ-ਸਾਥੀ ਚੁਣਨ ਬਾਰੇ ਕਿਹੜੀ ਵਧੀਆ ਸਲਾਹ ਦਿੱਤੀ ਗਈ ਹੈ?
7 ਕੁੜੀ ਨੂੰ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਉਹ ਜਿਸ ਮੁੰਡੇ ਨਾਲ ਵਿਆਹ ਕਰਨ ਬਾਰੇ ਸੋਚ ਰਹੀ ਹੈ, ਕੀ ਉਹ ਉਸ ਦੀ ਸ਼ਰਾ ਅਧੀਨ ਰਹਿ ਸਕੇਗੀ। ਕਈ ਸਾਲ ਪਹਿਲਾਂ ਇਕ ਭਾਰਤੀ ਕੁੜੀ ਨੇ ਕਿਹਾ: ‘ਮਾਪਿਆਂ ਦੀ ਰਾਇ ਲੈਣੀ ਵਧੀਆ ਗੱਲ ਹੈ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ। ਉਹ ਛੇਤੀ ਧੋਖਾ ਨਹੀਂ ਖਾਂਦੇ, ਜਦ ਕਿ ਸਾਡਾ ਨਾਦਾਨ ਦਿਲ ਸਾਨੂੰ ਸੌਖਿਆਂ ਹੀ ਧੋਖਾ ਦੇ ਸਕਦਾ ਹੈ।’ ਮਾਪਿਆਂ ਅਤੇ ਹੋਰ ਸਮਝਦਾਰ ਲੋਕਾਂ ਦੀ ਸਲਾਹ ਲੈਣੀ ਅਕਲਮੰਦੀ ਦੀ ਗੱਲ ਹੈ। ਇਕ ਸਲਾਹਕਾਰ ਦਾ ਕਹਿਣਾ ਹੈ ਕਿ ਮੁੰਡੇ-ਕੁੜੀ ਨੂੰ ਇਕ-ਦੂਜੇ ਦੇ ਮਾਪਿਆਂ ਨੂੰ ਜਾਣਨਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਕਿ ਮੁੰਡਾ ਜਾਂ ਕੁੜੀ ਆਪਣੇ ਮਾਪਿਆਂ ਅਤੇ ਘਰ ਦੇ ਹੋਰ ਮੈਂਬਰਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੀ ਹੈ।
ਯਿਸੂ ਦੀ ਅਧੀਨਗੀ
8, 9. (ੳ) ਪਰਮੇਸ਼ੁਰ ਦੇ ਅਧੀਨ ਰਹਿਣ ਬਾਰੇ ਯਿਸੂ ਦਾ ਕੀ ਵਿਚਾਰ ਸੀ? (ਅ) ਅਧੀਨ ਰਹਿਣ ਨਾਲ ਔਰਤਾਂ ਕਿਨ੍ਹਾਂ ਲਈ ਮਿਸਾਲ ਕਾਇਮ ਕਰਦੀਆਂ ਹਨ?
8 ਭਾਵੇਂ ਕਿਸੇ ਦੇ ਅਧੀਨ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਤੀਵੀਆਂ ਆਪਣੇ ਪਤੀ ਦੇ ਅਧੀਨ ਰਹਿ ਕੇ ਮਾਣ ਮਹਿਸੂਸ ਕਰ ਸਕਦੀਆਂ ਹਨ। ਯਿਸੂ ਆਪਣੇ ਪਿਤਾ ਦੇ ਅਧੀਨ ਰਹਿਣ ਨੂੰ ਮਾਣ ਦੀ ਗੱਲ ਸਮਝਦਾ ਸੀ। ਭਾਵੇਂ ਕਿ ਪਰਮੇਸ਼ੁਰ ਦੇ ਅਧੀਨ ਰਹਿਣ ਦਾ ਮਤਲਬ ਸੀ ਕਿ ਉਸ ਨੂੰ ਦੁੱਖ ਝੱਲਣੇ ਪਏ ਤੇ ਅੰਤ ਵਿਚ ਸੂਲੀ ਉੱਤੇ ਮਰਨਾ ਪਿਆ, ਫਿਰ ਵੀ ਪਰਮੇਸ਼ੁਰ ਦਾ ਕਹਿਣਾ ਮੰਨਣ ਵਿਚ ਉਸ ਨੂੰ ਬਹੁਤ ਖ਼ੁਸ਼ੀ ਮਿਲੀ। (ਲੂਕਾ 22:41-44; ਇਬਰਾਨੀਆਂ 5:7, 8; 12:3) ਔਰਤਾਂ ਯਿਸੂ ਦੀ ਰੀਸ ਕਰ ਸਕਦੀਆਂ ਹਨ ਕਿਉਂਕਿ ਬਾਈਬਲ ਕਹਿੰਦੀ ਹੈ: “ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਪਰ ਸਿਰਫ਼ ਵਿਆਹ ਕਰਨ ਨਾਲ ਹੀ ਤੀਵੀਆਂ ਮਰਦਾਂ ਦੀ ਸਰਦਾਰੀ ਦੇ ਅਧੀਨ ਨਹੀਂ ਆਉਂਦੀਆਂ।
9 ਬਾਈਬਲ ਦੱਸਦੀ ਹੈ ਕਿ ਹਰ ਤੀਵੀਂ ਨੂੰ, ਚਾਹੇ ਉਹ ਵਿਆਹੀ ਹੋਵੇ ਜਾਂ ਅਣਵਿਆਹੀ, ਕਲੀਸਿਯਾ ਦੀ ਅਗਵਾਈ ਕਰਨ ਵਾਲੇ ਭਰਾਵਾਂ ਦੇ ਅਧੀਨ ਰਹਿਣਾ ਚਾਹੀਦਾ ਹੈ। (1 ਤਿਮੋਥਿਉਸ 2:12, 13; ਇਬਰਾਨੀਆਂ 13:17) ਜਦ ਔਰਤਾਂ ਪਰਮੇਸ਼ੁਰ ਦੀ ਸੇਧ ਵਿਚ ਚੱਲ ਕੇ ਅਧੀਨ ਰਹਿੰਦੀਆਂ ਹਨ, ਤਾਂ ਉਹ ਪਰਮੇਸ਼ੁਰ ਦੇ ਦੂਤਾਂ ਲਈ ਨਮੂਨਾ ਕਾਇਮ ਕਰਦੀਆਂ ਹਨ। (1 ਕੁਰਿੰਥੀਆਂ 11:8-10) ਇਸ ਤੋਂ ਇਲਾਵਾ ਸਿਆਣੀਆਂ ਸ਼ਾਦੀ-ਸ਼ੁਦਾ ਤੀਵੀਆਂ ਆਪਣੀ ਮਿਸਾਲ ਅਤੇ ਚੰਗੀ ਸਲਾਹ ਦੁਆਰਾ ਹੋਰਨਾਂ ਮੁਟਿਆਰਾਂ ਨੂੰ “ਆਪਣੇ ਪਤੀਆਂ ਦੇ ਅਧੀਨ” ਰਹਿਣਾ ਸਿਖਾ ਸਕਦੀਆਂ ਹਨ।—ਤੀਤੁਸ 2:3-5.
10. ਯਿਸੂ ਨੇ ਅਧੀਨ ਰਹਿਣ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਸੀ?
10 ਯਿਸੂ ਜਾਣਦਾ ਸੀ ਕਿ ਅਧਿਕਾਰੀਆਂ ਦੇ ਅਧੀਨ ਰਹਿਣਾ ਫ਼ਾਇਦੇਮੰਦ ਸੀ। ਇਕ ਵਾਰ ਉਸ ਨੇ ਪਤਰਸ ਰਸੂਲ ਨੂੰ ਪੈਸੇ ਦੇ ਕੇ ਉਨ੍ਹਾਂ ਦੋਹਾਂ ਲਈ ਟੈਕਸ ਭਰਨ ਲਈ ਕਿਹਾ ਸੀ। ਬਾਅਦ ਵਿਚ ਪਤਰਸ ਨੇ ਲਿਖਿਆ: “ਤੁਸੀਂ ਪ੍ਰਭੁ ਦੇ ਨਮਿੱਤ ਮਨੁੱਖ ਦੇ ਹਰੇਕ ਪਰਬੰਧ ਦੇ ਅਧੀਨ ਹੋਵੋ।” (1 ਪਤਰਸ 2:13; ਮੱਤੀ 17:24-27) ਯਿਸੂ ਕਿਸ ਹੱਦ ਤਕ ਪਰਮੇਸ਼ੁਰ ਦੇ ਅਧੀਨ ਰਿਹਾ ਸੀ? ਬਾਈਬਲ ਇਸ ਦਾ ਜਵਾਬ ਦਿੰਦੀ ਹੈ: “ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ . . . ਆਗਿਆਕਾਰ ਬਣਿਆ।”—ਫ਼ਿਲਿੱਪੀਆਂ 2:5-8.
11. ਭਾਵੇਂ ਪਤੀ ਯਹੋਵਾਹ ਨੂੰ ਨਾ ਮੰਨਦੇ ਹੋਣ, ਫਿਰ ਵੀ ਪਤਰਸ ਨੇ ਪਤਨੀਆਂ ਨੂੰ ਉਨ੍ਹਾਂ ਦੇ ਅਧੀਨ ਰਹਿਣ ਲਈ ਕਿਉਂ ਕਿਹਾ ਸੀ?
11 ਭਾਵੇਂ ਕਿ ਦੁਨੀਆਂ ਦੇ ਅਧਿਕਾਰੀ ਕਠੋਰ ਅਤੇ ਬੇਈਮਾਨ ਹੋਣ, ਫਿਰ ਵੀ ਪਤਰਸ ਨੇ ਮਸੀਹੀਆਂ ਨੂੰ ਇਨ੍ਹਾਂ ਦੇ ਅਧੀਨ ਰਹਿਣ ਦੀ ਸਲਾਹ ਦਿੱਤੀ ਸੀ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਇਹ ਦੱਸਣ ਤੋਂ ਬਾਅਦ ਕਿ ਯਿਸੂ ਦੁੱਖਾਂ ਦੇ ਬਾਵਜੂਦ ਯਹੋਵਾਹ ਦੇ ਅਧੀਨ ਕਿਵੇਂ ਰਿਹਾ, ਪਤਰਸ ਨੇ ਉਨ੍ਹਾਂ ਪਤਨੀਆਂ ਨੂੰ ਕਿਹਾ ਜਿਨ੍ਹਾਂ ਦੇ ਪਤੀ ਯਹੋਵਾਹ ਨੂੰ ਨਹੀਂ ਮੰਨਦੇ: “ਇਸੇ ਪਰਕਾਰ ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।”—1 ਪਤਰਸ 3:1, 2.
12. ਯਿਸੂ ਦੀ ਅਧੀਨਗੀ ਦੇ ਕਿਹੜੇ ਕੁਝ ਚੰਗੇ ਨਤੀਜੇ ਨਿਕਲੇ ਸਨ?
12 ਮਖੌਲ ਅਤੇ ਬਦਸਲੂਕੀ ਸਹਿੰਦੇ ਹੋਏ ਕਿਸੇ ਦੇ ਅਧੀਨ ਰਹਿਣਾ ਸ਼ਾਇਦ ਕਈਆਂ ਨੂੰ ਕਮਜ਼ੋਰੀ ਲੱਗੇ। ਪਰ ਯਿਸੂ ਦਾ ਇਹ ਵਿਚਾਰ ਨਹੀਂ ਸੀ। ਪਤਰਸ ਨੇ ਲਿਖਿਆ: “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ।” (1 ਪਤਰਸ 2:23) ਯਿਸੂ ਨੂੰ ਦੁੱਖ ਝੱਲਦੇ ਦੇਖ ਕੇ ਕੁਝ ਲੋਕ ਉਸ ਉੱਤੇ ਨਿਹਚਾ ਕਰਨ ਲੱਗ ਪਏ ਸਨ। ਮਿਸਾਲ ਲਈ, ਉਹ ਡਾਕੂ ਜੋ ਉਸ ਦੇ ਨਾਲ ਸੂਲੀ ਉੱਤੇ ਟੰਗਿਆ ਗਿਆ ਸੀ ਤੇ ਉਹ ਸੂਬੇਦਾਰ ਜੋ ਉਸ ਵੇਲੇ ਉੱਥੇ ਮੌਜੂਦ ਸੀ। (ਮੱਤੀ 27:38-44, 54; ਮਰਕੁਸ 15:39; ਲੂਕਾ 23:39-42) ਪਤਰਸ ਨੇ ਸੰਕੇਤ ਕੀਤਾ ਕਿ ਇਸੇ ਤਰ੍ਹਾਂ ਯਹੋਵਾਹ ਨੂੰ ਨਾ ਮੰਨਣ ਵਾਲੇ ਕੁਝ ਪਤੀ ਸ਼ਾਇਦ ਆਪਣੀ ਪਤਨੀ ਦਾ ਚੰਗਾ ਚਾਲ-ਚਲਣ ਦੇਖ ਕੇ ਮਸੀਹੀ ਬਣ ਜਾਣ। ਅੱਜ ਅਸੀਂ ਇਸ ਗੱਲ ਨੂੰ ਸੱਚ ਹੁੰਦੇ ਦੇਖਦੇ ਹਾਂ।
ਪਤਨੀ ਪਤੀ ਦਾ ਦਿਲ ਜਿੱਤ ਸਕਦੀ ਹੈ
13, 14. ਕੀ ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਪਤੀਆਂ ਦੇ ਅਧੀਨ ਰਹਿਣ ਦੇ ਚੰਗੇ ਨਤੀਜੇ ਨਿਕਲੇ ਹਨ?
13 ਯਹੋਵਾਹ ਦੀ ਭਗਤੀ ਕਰਨ ਵਾਲੀਆਂ ਕਈ ਪਤਨੀਆਂ ਨੇ ਆਪਣੇ ਨੇਕ ਚਾਲ-ਚਲਣ ਰਾਹੀਂ ਆਪਣੇ ਪਤੀਆਂ ਨੂੰ ਸੱਚਾਈ ਵੱਲ ਖਿੱਚਿਆ ਹੈ। ਹਾਲ ਹੀ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਇਕ ਪਤੀ ਨੇ ਆਪਣੀ ਪਤਨੀ ਬਾਰੇ ਕਿਹਾ: “ਮੈਂ ਉਸ ਨਾਲ ਬਹੁਤ ਹੀ ਬੁਰਾ ਵਰਤਾਅ ਕੀਤਾ। ਪਰ ਉਹ ਹਮੇਸ਼ਾ ਮੇਰਾ ਆਦਰ ਕਰਦੀ ਰਹੀ। ਉਸ ਨੇ ਕਦੀ ਵੀ ਮੈਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਉਸ ਨੇ ਮੈਨੂੰ ਉਸ ਦਾ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ। ਉਹ ਮੇਰਾ ਬਹੁਤ ਖ਼ਿਆਲ ਰੱਖਦੀ ਸੀ। ਜਦ ਵੀ ਉਸ ਨੂੰ ਕਿਸੇ ਸੰਮੇਲਨ ਵਿਚ ਜਾਣਾ ਹੁੰਦਾ ਸੀ, ਤਾਂ ਉਹ ਮੇਰੇ ਲਈ ਰੋਟੀ ਪਹਿਲਾਂ ਹੀ ਤਿਆਰ ਕਰ ਦਿੰਦੀ ਸੀ ਤੇ ਘਰ ਦਾ ਸਾਰਾ ਕੰਮ ਵੀ ਨਿਬੇੜ ਕੇ ਜਾਂਦੀ ਸੀ। ਇਹ ਸਭ ਦੇਖ ਕੇ ਮੇਰੇ ਵਿਚ ਵੀ ਬਾਈਬਲ ਦਾ ਗਿਆਨ ਲੈਣ ਦੀ ਇੱਛਾ ਜਾਗ ਪਈ ਤੇ ਅੱਜ ਮੈਂ ਵੀ ਯਹੋਵਾਹ ਦਾ ਗਵਾਹ ਹਾਂ!” ਜੀ ਹਾਂ, ਇਹ ਪਤੀ ‘ਬਚਨ ਤੋਂ ਬਿਨਾ ਆਪਣੀ ਪਤਨੀ ਦੀ ਚਾਲ ਢਾਲ ਦੇ ਕਾਰਨ ਖਿੱਚਿਆ ਗਿਆ।’
14 ਪਤਰਸ ਨੇ ਸੱਚ ਹੀ ਕਿਹਾ ਸੀ ਕਿ ਪਤਨੀ ਦੀਆਂ ਗੱਲਾਂ ਨਾਲੋਂ ਉਸ ਦੇ ਕੰਮਾਂ ਦਾ ਪਤੀ ਉੱਤੇ ਜ਼ਿਆਦਾ ਚੰਗਾ ਅਸਰ ਪੈਂਦਾ ਹੈ। ਮਿਸਾਲ ਲਈ, ਐਗਨਸ ਨਾਂ ਦੀ ਇਕ ਤੀਵੀਂ ਨੇ ਬਾਈਬਲ ਦੀਆਂ ਗੱਲਾਂ ਸਿੱਖਣ ਤੋਂ ਬਾਅਦ ਸਭਾਵਾਂ ਵਿਚ ਜਾਣ ਦੀ ਠਾਣ ਲਈ। ਇਹ ਗੱਲ ਉਸ ਦੇ ਪਤੀ ਨੂੰ ਬਿਲਕੁਲ ਰਾਸ ਨਾ ਆਈ। ਇਕ ਵਾਰ ਉਹ ਗੁੱਸੇ ਨਾਲ ਚਿਲਾਇਆ: “ਐਗਨਸ, ਜੇ ਤੂੰ ਉਸ ਦਰਵਾਜ਼ੇ ਵਿੱਚੋਂ ਬਾਹਰ ਨਿਕਲੀ, ਤਾਂ ਵਾਪਸ ਨਾ ਆਈਂ!” ਸੋ ਐਗਨਸ “ਉਸ ਦਰਵਾਜ਼ੇ” ਵਿੱਚੋਂ ਬਾਹਰ ਜਾਣ ਦੀ ਬਜਾਇ ਹੋਰ ਦਰਵਾਜ਼ਿਓਂ ਨਿਕਲ ਗਈ। ਅਗਲੀ ਸਭਾ ਦੀ ਸ਼ਾਮ ਉਸ ਦੇ ਪਤੀ ਨੇ ਉਸ ਨੂੰ ਧਮਕੀ ਦਿੱਤੀ: “ਜੇ ਤੂੰ ਸਭਾ ਵਿਚ ਗਈ, ਤਾਂ ਮੈਂ ਵੀ ਘਰੋਂ ਚਲਾ ਜਾਵਾਂਗਾ।” ਉਹ ਸੱਚ-ਮੱਚ ਚਲਾ ਗਿਆ ਤੇ ਤਿੰਨ ਦਿਨ ਘਰ ਨਹੀਂ ਆਇਆ। ਪਰ ਜਦ ਉਹ ਵਾਪਸ ਮੁੜਿਆ, ਤਾਂ ਐਗਨਸ ਨੇ ਬੜੇ ਪਿਆਰ ਨਾਲ ਪੁੱਛਿਆ: “ਜੀ, ਕੀ ਮੈਂ ਤੁਹਾਡੇ ਲਈ ਰੋਟੀ ਤਿਆਰ ਕਰਾਂ?” ਐਗਨਸ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੀ ਰਹੀ। ਅਖ਼ੀਰ ਵਿਚ ਉਸ ਦਾ ਪਤੀ ਵੀ ਬਾਈਬਲ ਦਾ ਅਧਿਐਨ ਕਰਨ ਲੱਗ ਪਿਆ ਤੇ ਉਹ ਵੀ ਯਹੋਵਾਹ ਦਾ ਸੇਵਕ ਬਣ ਗਿਆ। ਬਾਅਦ ਵਿਚ ਉਸ ਨੇ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਵੀ ਸੇਵਾ ਕੀਤੀ।
15. ਪਤਨੀਆਂ ਨੂੰ ਕਿਸ ਤਰ੍ਹਾਂ ਦਾ “ਸਿੰਗਾਰ” ਕਰਨ ਦੀ ਸਲਾਹ ਦਿੱਤੀ ਗਈ ਹੈ?
15 ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਤੀਵੀਆਂ ਨੇ “ਸਿੰਗਾਰ” ਬਾਰੇ ਪਤਰਸ ਰਸੂਲ ਦੀ ਸਲਾਹ ਲਾਗੂ ਕੀਤੀ। ਪਰ ਇਹ “ਸਿਰ ਗੁੰਦਣ” ਅਤੇ “ਬਸਤਰ ਪਹਿਨਣ ਦੇ ਨਾਲ ਬਾਹਰਲਾ” ਸ਼ਿੰਗਾਰ ਨਹੀਂ ਸੀ। ਇਸ ਦੇ ਉਲਟ ਪਤਰਸ ਨੇ ਕਿਹਾ ਕਿ ਤੀਵੀਆਂ ਦਾ ਸ਼ਿੰਗਾਰ “ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ।” ਇਸ ਦਾ ਮਤਲਬ ਹੈ ਕਿ ਪਤਨੀ ਜ਼ਿੱਦ ਕਰਨ ਜਾਂ ਧਮਕੀਆਂ ਦੇਣ ਦੀ ਬਜਾਇ ਆਪਣੇ ਪਤੀ ਨਾਲ ਤਮੀਜ਼ ਨਾਲ ਗੱਲ ਕਰੇਗੀ। ਇਸ ਤਰ੍ਹਾਂ ਉਹ ਦਿਖਾਵੇਗੀ ਕਿ ਉਹ ਆਪਣੇ ਪਤੀ ਦਾ ਦਿਲੋਂ ਆਦਰ ਕਰਦੀ ਹੈ।—1 ਪਤਰਸ 3:3, 4.
ਵਧੀਆ ਮਿਸਾਲਾਂ
16. ਸਾਰਾਹ ਪਤਨੀਆਂ ਲਈ ਵਧੀਆ ਮਿਸਾਲ ਕਿਉਂ ਹੈ?
16 ਪਤਰਸ ਨੇ ਲਿਖਿਆ: “ਅਗਲੇ ਸਮਿਆਂ ਵਿੱਚ ਪਵਿੱਤਰ ਇਸਤ੍ਰੀਆਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪੁਰਸ਼ਾਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸਿੰਗਾਰਦੀਆਂ ਸਨ।” (1 ਪਤਰਸ 3:5) ਇਨ੍ਹਾਂ ਤੀਵੀਆਂ ਨੂੰ ਪਤਾ ਸੀ ਕਿ ਜੇ ਉਹ ਯਹੋਵਾਹ ਦੀ ਸਲਾਹ ਉੱਤੇ ਚੱਲ ਕੇ ਉਸ ਨੂੰ ਖ਼ੁਸ਼ ਕਰਨਗੀਆਂ, ਤਾਂ ਉਨ੍ਹਾਂ ਦੇ ਪਰਿਵਾਰ ਸੁਖੀ ਹੋਣਗੇ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ ਵੀ ਮਿਲੇਗੀ। ਪਤਰਸ ਨੇ ਅਬਰਾਹਾਮ ਦੀ ਸੁੰਦਰ ਪਤਨੀ ਸਾਰਾਹ ਦਾ ਜ਼ਿਕਰ ਕੀਤਾ ਜੋ “ਅਬਰਾਹਾਮ ਨੂੰ ਸੁਆਮੀ” ਕਹਿੰਦੀ ਹੁੰਦੀ ਸੀ। ਸਾਰਾਹ ਨੇ ਉਦੋਂ ਆਪਣੇ ਪਤੀ ਦਾ ਸਾਥ ਦਿੱਤਾ ਜਦ ਪਰਮੇਸ਼ੁਰ ਨੇ ਉਸ ਨੂੰ ਇਕ ਦੂਰ ਦੇਸ਼ ਵਿਚ ਜਾਣ ਲਈ ਕਿਹਾ ਸੀ। ਆਰਾਮ ਦੀ ਜ਼ਿੰਦਗੀ ਤਿਆਗਣ ਤੋਂ ਇਲਾਵਾ ਸਾਰਾਹ ਆਪਣੀ ਜਾਨ ਜੋਖਮ ਵਿਚ ਪਾਉਣ ਲਈ ਵੀ ਤਿਆਰ ਸੀ। (ਉਤਪਤ 12:1, 10-13) ਪਤਰਸ ਨੇ ਪਤਨੀਆਂ ਨੂੰ ਸਾਰਾਹ ਦੀ ਹਿੰਮਤ ਦੀ ਰੀਸ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ: ‘ਤੁਸੀਂ ਉਸ ਦੀਆਂ ਬੱਚੀਆਂ ਹੋਈਆਂ ਜੇ ਸ਼ੁਭ ਕਰਮ ਕਰਦੀਆਂ ਅਤੇ ਕਿਸੇ ਪਰਕਾਰ ਦੇ ਡਹਿਲ ਨਾਲ ਨਾ ਡਰਦੀਆਂ ਹੋਵੋ।’—1 ਪਤਰਸ 3:6.
17. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਤਰਸ ਨੇ ਸ਼ਾਇਦ ਮਸੀਹੀ ਭੈਣਾਂ ਲਈ ਅਬੀਗੈਲ ਦੀ ਮਿਸਾਲ ਨੂੰ ਵੀ ਚੇਤੇ ਕੀਤਾ ਸੀ?
17 ਅਬੀਗੈਲ ਇਕ ਹੋਰ ਤੀਵੀਂ ਸੀ ਜਿਸ ਨੇ ਯਹੋਵਾਹ ਦਾ ਭੈ ਰੱਖ ਕੇ ਉਸ ਉੱਤੇ ਭਰੋਸਾ ਕੀਤਾ। ਸ਼ਾਇਦ ਪਤਰਸ ਨੇ ਉਸ ਦੀ ਵੀ ਮਿਸਾਲ ਨੂੰ ਚੇਤੇ ਕੀਤਾ ਹੋਣਾ। “ਇਹ ਤੀਵੀਂ ਵੱਡੀ ਸਿਆਣੀ” ਸੀ, ਪਰ ਨਾਬਾਲ ਉਸ ਦਾ ਪਤੀ “ਵੱਡਾ ਬੋਲ ਵਿਗਾੜ ਅਤੇ ਖੋਟਾ ਸੀ।” ਜਦ ਨਾਬਾਲ ਨੇ ਦਾਊਦ ਤੇ ਉਸ ਦੇ ਆਦਮੀਆਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਦਾਊਦ ਨੇ ਉਸ ਨੂੰ ਤੇ ਉਸ ਦੇ ਟੱਬਰ ਨੂੰ ਖ਼ਤਮ ਕਰਨ ਦੀ ਠਾਣ ਲਈ। ਪਰ ਅਬੀਗੈਲ ਨੇ ਆਪਣੇ ਟੱਬਰ ਨੂੰ ਬਚਾਉਣ ਲਈ ਫ਼ੌਰਨ ਕਦਮ ਚੁੱਕਿਆ। ਉਹ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਖੋਤਿਆਂ ਉੱਤੇ ਲੱਦ ਕੇ ਦਾਊਦ ਨੂੰ ਮਿਲਣ ਨਿਕਲੀ। ਦਾਊਦ ਤੇ ਉਸ ਦੇ ਆਦਮੀ ਹਥਿਆਰ ਲੈ ਕੇ ਉਸ ਦੇ ਘਰ ਵੱਲ ਹੀ ਆ ਰਹੇ ਸਨ। ਉਹ ਦਾਊਦ ਦੇ ਪੈਰੀਂ ਪੈ ਕੇ ਮਿੰਨਤਾਂ ਕਰਨ ਲੱਗ ਪਈ ਕਿ ਉਹ ਆਪਣਾ ਗੁੱਸਾ ਥੁੱਕ ਦੇਵੇ। ਦਾਊਦ ਉੱਤੇ ਇਸ ਦਾ ਬਹੁਤ ਪ੍ਰਭਾਵ ਪਿਆ ਤੇ ਉਸ ਨੇ ਕਿਹਾ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ ਅਤੇ ਮੁਬਾਰਕ ਤੇਰੀ ਮੱਤ।”—1 ਸਮੂਏਲ 25:2-33.
18. ਜੇ ਸ਼ਾਦੀ-ਸ਼ੁਦਾ ਤੀਵੀਂ ਤੇ ਕੋਈ ਗ਼ੈਰ ਮਰਦ ਡੋਰੇ ਪਾਉਣ ਦੀ ਕੋਸ਼ਿਸ਼ ਕਰੇ, ਤਾਂ ਉਹ ਕਿਸ ਦੀ ਮਿਸਾਲ ਯਾਦ ਕਰ ਸਕਦੀ ਹੈ ਤੇ ਕਿਉਂ?
18 ਪਤਨੀਆਂ ਨੂੰ ਸ਼ੂਲੰਮੀਥ ਕੁੜੀ ਦੀ ਮਿਸਾਲ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ। ਇਹ ਕੁੜੀ ਇਕ ਚਰਵਾਹੇ ਨਾਲ ਮੰਗੀ ਹੋਈ ਸੀ। ਭਾਵੇਂ ਇਕ ਰਾਜੇ ਦਾ ਦਿਲ ਇਸ ਕੁੜੀ ਉੱਤੇ ਆ ਗਿਆ ਸੀ, ਪਰ ਉਹ ਆਪਣੇ ਮੰਗੇਤਰ ਦੀ ਵਫ਼ਾਦਾਰ ਰਹੀ। ਉਸ ਨੇ ਆਪਣੇ ਮੰਗੇਤਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ: “ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਙੁ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਙੁ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, . . . ਬਹੁਤ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸੱਕਦੇ, ਨਾ ਹੜ੍ਹ ਉਹ ਨੂੰ ਦੱਬ ਸੱਕਦੇ ਹਨ।” (ਸਰੇਸ਼ਟ ਗੀਤ 8:6, 7) ਉਮੀਦ ਹੈ ਕਿ ਇਸ ਕੁੜੀ ਵਾਂਗ ਹਰ ਪਤਨੀ ਆਪਣੇ ਪਤੀ ਦੀ ਵਫ਼ਾਦਾਰ ਰਹੇਗੀ ਅਤੇ ਉਸ ਦਾ ਮਾਣ ਕਰੇਗੀ।
ਬਾਈਬਲ ਦੀ ਹੋਰ ਸਲਾਹ
19, 20. (ੳ) ਪਤਨੀ ਨੂੰ ਆਪਣੇ ਪਤੀ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ? (ਅ) ਕਿਨ੍ਹਾਂ ਨੇ ਪਤਨੀਆਂ ਲਈ ਵਧੀਆ ਮਿਸਾਲ ਕਾਇਮ ਕੀਤੀ?
19 ਇਸ ਲੇਖ ਦੀ ਮੁੱਖ ਆਇਤ ਸੀ ਕਿ “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ।” (ਅਫ਼ਸੀਆਂ 5:22) ਪਤਨੀਆਂ ਲਈ ਆਪਣੇ ਪਤੀਆਂ ਦੇ ਅਧੀਨ ਰਹਿਣਾ ਕਿਉਂ ਜ਼ਰੂਰੀ ਹੈ? ਇਸ ਦਾ ਕਾਰਨ ਅਗਲੀ ਆਇਤ ਵਿਚ ਦਿੱਤਾ ਗਿਆ ਹੈ ਜਿੱਥੇ ਲਿਖਿਆ ਹੈ: “ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” ਇਸ ਲਈ ਪਤਨੀਆਂ ਨੂੰ ਤਾਕੀਦ ਕੀਤੀ ਗਈ ਹੈ: “ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ।”—ਅਫ਼ਸੀਆਂ 5:23, 24, 33.
20 ਇਹ ਹੁਕਮ ਮੰਨਣ ਲਈ ਪਤਨੀਆਂ ਨੂੰ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਦੀ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਵੀ ਇਨ੍ਹਾਂ ਮਸਹ ਕੀਤੇ ਹੋਏ ਚੇਲਿਆਂ ਵਿੱਚੋਂ ਇਕ ਸੀ। ਕਿਉਂ ਨਾ ਤੁਸੀਂ 2 ਕੁਰਿੰਥੀਆਂ 11:23-28 ਪੜ੍ਹੋ ਅਤੇ ਦੇਖੋ ਕਿ ਉਸ ਨੇ ਯਿਸੂ ਪ੍ਰਤੀ ਵਫ਼ਾਦਾਰ ਰਹਿਣ ਲਈ ਕੀ ਕੁਝ ਸਹਿਆ ਸੀ। ਪੌਲੁਸ ਵਾਂਗ ਪਤਨੀਆਂ ਅਤੇ ਕਲੀਸਿਯਾ ਦੇ ਬਾਕੀ ਮੈਂਬਰਾਂ ਨੂੰ ਵੀ ਯਿਸੂ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਇਸ ਲਈ ਪਤਨੀਆਂ ਆਪਣੇ ਪਤੀਆਂ ਦੇ ਅਧੀਨ ਰਹਿਣਗੀਆਂ।
21. ਪਤਨੀ ਲਈ ਆਪਣੇ ਪਤੀ ਦੇ ਅਧੀਨ ਰਹਿਣ ਦੇ ਕਿਹੜੇ ਕੁਝ ਚੰਗੇ ਕਾਰਨ ਹਨ?
21 ਭਾਵੇਂ ਕਈ ਪਤਨੀਆਂ ਨੂੰ ਸ਼ਾਇਦ ਪਤੀਆਂ ਦੇ ਅਧੀਨ ਰਹਿਣ ਦੀ ਗੱਲ ਚੰਗੀ ਨਾ ਲੱਗੇ, ਪਰ ਇਕ ਬੁੱਧਵਾਨ ਪਤਨੀ ਇਸ ਤਰ੍ਹਾਂ ਕਰਨ ਦੇ ਫ਼ਾਇਦਿਆਂ ਬਾਰੇ ਸੋਚੇਗੀ। ਮਿਸਾਲ ਲਈ, ਜੇ ਉਸ ਦਾ ਪਤੀ ਯਹੋਵਾਹ ਦੀ ਭਗਤੀ ਨਹੀਂ ਕਰਦਾ, ਤਾਂ ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲ ਕੇ ਉਹ ਆਪਣੇ ਪਤੀ ਦੇ ਅਧੀਨ ਰਹਿਣ ਨਾਲ ਉਸ “ਨੂੰ ਬਚਾ” ਸਕਦੀ ਹੈ। (1 ਕੁਰਿੰਥੀਆਂ 7:13, 16) ਇਸ ਤੋਂ ਇਲਾਵਾ ਉਸ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਯਹੋਵਾਹ ਪਰਮੇਸ਼ੁਰ ਉਸ ਤੋਂ ਖ਼ੁਸ਼ ਹੈ ਤੇ ਉਹ ਉਸ ਉੱਤੇ ਯਿਸੂ ਦੀ ਰੀਸ ਕਰਨ ਲਈ ਬਰਕਤਾਂ ਵਰਸਾਵੇਗਾ।
ਕੀ ਤੁਹਾਨੂੰ ਯਾਦ ਹੈ?
• ਪਤਨੀ ਲਈ ਆਪਣੇ ਪਤੀ ਦਾ ਆਦਰ ਕਰਨਾ ਸ਼ਾਇਦ ਸੌਖਾ ਕਿਉਂ ਨਾ ਹੋਵੇ?
• ਵਿਆਹ ਕਰਨ ਦਾ ਫ਼ੈਸਲਾ ਸੋਚ-ਸਮਝ ਕੇ ਕਿਉਂ ਕੀਤਾ ਜਾਣਾ ਚਾਹੀਦਾ ਹੈ?
• ਯਿਸੂ ਨੇ ਪਤਨੀਆਂ ਲਈ ਮਿਸਾਲ ਕਿਵੇਂ ਕਾਇਮ ਕੀਤੀ ਤੇ ਉਸ ਦੀ ਰੀਸ ਕਰਨ ਦੇ ਕੀ ਫ਼ਾਇਦੇ ਹਨ?
[ਸਫ਼ਾ 19 ਉੱਤੇ ਤਸਵੀਰ]
ਵਿਆਹ ਕਰਨ ਦਾ ਫ਼ੈਸਲਾ ਸੋਚ-ਸਮਝ ਕੇ ਕਿਉਂ ਕੀਤਾ ਜਾਣਾ ਚਾਹੀਦਾ ਹੈ?
[ਸਫ਼ਾ 21 ਉੱਤੇ ਤਸਵੀਰ]
ਬਾਈਬਲ ਵਿੱਚੋਂ ਅਬੀਗੈਲ ਵਰਗੀਆਂ ਤੀਵੀਆਂ ਦੀਆਂ ਮਿਸਾਲਾਂ ਤੋਂ ਪਤਨੀਆਂ ਕੀ ਸਿੱਖ ਸਕਦੀਆਂ ਹਨ?