ਪਹਿਲਾ ਸਮੂਏਲ
25 ਕੁਝ ਸਮੇਂ ਬਾਅਦ ਸਮੂਏਲ+ ਦੀ ਮੌਤ ਹੋ ਗਈ; ਅਤੇ ਸਾਰਾ ਇਜ਼ਰਾਈਲ ਉਸ ਦਾ ਸੋਗ ਮਨਾਉਣ ਅਤੇ ਰਾਮਾਹ+ ਵਿਚ ਉਸ ਦੇ ਘਰ ਦੇ ਨੇੜੇ ਉਸ ਨੂੰ ਦਫ਼ਨਾਉਣ ਲਈ ਇਕੱਠਾ ਹੋਇਆ। ਫਿਰ ਦਾਊਦ ਉੱਠਿਆ ਅਤੇ ਪਾਰਾਨ ਦੀ ਉਜਾੜ ਵਿਚ ਚਲਾ ਗਿਆ।
2 ਮਾਓਨ+ ਵਿਚ ਇਕ ਆਦਮੀ ਸੀ ਜਿਸ ਦਾ ਕਾਰੋਬਾਰ ਕਰਮਲ*+ ਵਿਚ ਸੀ। ਉਹ ਆਦਮੀ ਬਹੁਤ ਅਮੀਰ ਸੀ; ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ ਤੇ ਉਦੋਂ ਉਹ ਕਰਮਲ ਵਿਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। 3 ਉਸ ਆਦਮੀ ਦਾ ਨਾਂ ਨਾਬਾਲ+ ਸੀ ਅਤੇ ਉਸ ਦੀ ਪਤਨੀ ਦਾ ਨਾਂ ਅਬੀਗੈਲ+ ਸੀ। ਉਹ ਸਮਝਦਾਰ ਤੇ ਸੋਹਣੀ-ਸੁਨੱਖੀ ਸੀ, ਪਰ ਉਸ ਦੇ ਪਤੀ ਦਾ ਸੁਭਾਅ ਕਠੋਰ ਸੀ ਤੇ ਉਹ ਦੂਜਿਆਂ ਨਾਲ ਬੁਰਾ ਸਲੂਕ ਕਰਦਾ ਸੀ।+ ਉਹ ਕਾਲੇਬ+ ਦੇ ਖ਼ਾਨਦਾਨ ਵਿੱਚੋਂ ਸੀ। 4 ਉਜਾੜ ਵਿਚ ਹੁੰਦਿਆਂ ਦਾਊਦ ਨੇ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। 5 ਇਸ ਲਈ ਦਾਊਦ ਨੇ ਆਪਣੇ ਦਸ ਨੌਜਵਾਨਾਂ ਨੂੰ ਉਸ ਕੋਲ ਭੇਜਿਆ ਅਤੇ ਦਾਊਦ ਨੇ ਉਨ੍ਹਾਂ ਨੌਜਵਾਨਾਂ ਨੂੰ ਕਿਹਾ: “ਕਰਮਲ ਨੂੰ ਜਾਓ ਅਤੇ ਜਦੋਂ ਤੁਸੀਂ ਨਾਬਾਲ ਕੋਲ ਪਹੁੰਚੋਗੇ, ਤਾਂ ਮੇਰਾ ਨਾਂ ਲੈ ਕੇ ਉਸ ਦਾ ਹਾਲ-ਚਾਲ ਪੁੱਛਿਓ। 6 ਫਿਰ ਕਹਿਓ, ‘ਤੇਰੀ ਉਮਰ ਲੰਬੀ ਹੋਵੇ ਅਤੇ ਤੂੰ ਸਲਾਮਤ ਰਹੇਂ,* ਨਾਲੇ ਤੇਰਾ ਘਰਾਣਾ ਤੇ ਤੇਰਾ ਸਭ ਕੁਝ ਸਲਾਮਤ ਰਹੇ। 7 ਮੈਂ ਸੁਣਿਆ ਹੈ ਕਿ ਤੂੰ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈਂ। ਜਦੋਂ ਤੇਰੇ ਚਰਵਾਹੇ ਸਾਡੇ ਨਾਲ ਸਨ, ਉਦੋਂ ਅਸੀਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ+ ਅਤੇ ਉਹ ਜਿੰਨਾ ਚਿਰ ਕਰਮਲ ਵਿਚ ਸਨ, ਉਨ੍ਹਾਂ ਦਾ ਕੁਝ ਵੀ ਨਹੀਂ ਗੁਆਚਾ। 8 ਜ਼ਰਾ ਆਪਣੇ ਨੌਜਵਾਨਾਂ ਨੂੰ ਪੁੱਛ ਤਾਂ ਸਹੀ, ਉਹ ਤੈਨੂੰ ਦੱਸਣਗੇ। ਹੁਣ ਦੇਖ, ਅਸੀਂ ਖ਼ੁਸ਼ੀ ਦੇ ਮੌਕੇ ʼਤੇ* ਆਏ ਹਾਂ, ਇਸ ਲਈ ਮੇਰੇ ਨੌਜਵਾਨਾਂ ʼਤੇ ਤੇਰੀ ਮਿਹਰ ਹੋਵੇ। ਜੇ ਤੂੰ ਕੁਝ ਦੇ ਸਕਦਾ ਹੈਂ, ਤਾਂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਦੇ ਦੇ।’”+
9 ਦਾਊਦ ਦੇ ਨੌਜਵਾਨ ਗਏ ਅਤੇ ਇਹ ਸਾਰੀਆਂ ਗੱਲਾਂ ਦਾਊਦ ਦਾ ਨਾਂ ਲੈ ਕੇ ਨਾਬਾਲ ਨੂੰ ਦੱਸੀਆਂ। ਜਦੋਂ ਉਹ ਇਹ ਗੱਲਾਂ ਦੱਸ ਚੁੱਕੇ, 10 ਤਾਂ ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਜਵਾਬ ਦਿੱਤਾ: “ਕੌਣ ਹੈ ਦਾਊਦ ਅਤੇ ਕੌਣ ਹੈ ਯੱਸੀ ਦਾ ਪੁੱਤਰ? ਅੱਜ-ਕੱਲ੍ਹ ਬਥੇਰੇ ਨੌਕਰ ਆਪਣੇ ਮਾਲਕਾਂ ਨੂੰ ਛੱਡ ਕੇ ਭੱਜੇ ਫਿਰਦੇ ਹਨ।+ 11 ਕੀ ਮੈਂ ਆਪਣਾ ਰੋਟੀ-ਪਾਣੀ ਅਤੇ ਆਪਣੇ ਉੱਨ ਕਤਰਨ ਵਾਲਿਆਂ ਲਈ ਹਲਾਲ ਕੀਤਾ ਮੀਟ, ਉਨ੍ਹਾਂ ਆਦਮੀਆਂ ਨੂੰ ਦੇ ਦਿਆਂ ਜੋ ਪਤਾ ਨਹੀਂ ਕਿੱਥੋਂ ਆਏ ਹਨ?”
12 ਇਹ ਸੁਣ ਕੇ ਦਾਊਦ ਦੇ ਨੌਜਵਾਨ ਮੁੜ ਆਏ ਅਤੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। 13 ਦਾਊਦ ਨੇ ਫ਼ੌਰਨ ਆਪਣੇ ਆਦਮੀਆਂ ਨੂੰ ਕਿਹਾ: “ਹਰ ਕੋਈ ਆਪੋ-ਆਪਣੀ ਤਲਵਾਰ ਕੱਸ ਲਵੇ!”+ ਤਦ ਸਾਰਿਆਂ ਨੇ ਆਪਣੀਆਂ ਤਲਵਾਰਾਂ ਕੱਸ ਲਈਆਂ ਤੇ ਦਾਊਦ ਨੇ ਵੀ ਆਪਣੀ ਤਲਵਾਰ ਕੱਸ ਲਈ। ਦਾਊਦ ਨਾਲ ਲਗਭਗ 400 ਆਦਮੀ ਗਏ ਤੇ 200 ਆਦਮੀ ਸਾਮਾਨ ਕੋਲ ਹੀ ਰਹੇ।
14 ਇਸ ਦੌਰਾਨ ਇਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਖ਼ਬਰ ਦਿੱਤੀ: “ਦਾਊਦ ਨੇ ਉਜਾੜ ਵਿੱਚੋਂ ਆਪਣੇ ਨੌਜਵਾਨਾਂ ਰਾਹੀਂ ਸਾਡੇ ਮਾਲਕ ਲਈ ਸ਼ੁਭਕਾਮਨਾਵਾਂ ਭੇਜੀਆਂ, ਪਰ ਉਸ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ।+ 15 ਉਨ੍ਹਾਂ ਆਦਮੀਆਂ ਨੇ ਸਾਡੇ ਨਾਲ ਭਲਾਈ ਕੀਤੀ ਸੀ। ਉਨ੍ਹਾਂ ਨੇ ਕਦੇ ਸਾਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਅਸੀਂ ਜਿੰਨਾ ਚਿਰ ਉਜਾੜ ਵਿਚ ਉਨ੍ਹਾਂ ਨਾਲ ਰਹੇ, ਸਾਡੀ ਇਕ ਵੀ ਚੀਜ਼ ਨਹੀਂ ਗੁਆਚੀ।+ 16 ਅਸੀਂ ਇੱਜੜ ਚਾਰਦੇ ਵੇਲੇ ਜਿੰਨੀ ਦੇਰ ਉਨ੍ਹਾਂ ਦੇ ਨਾਲ ਰਹੇ, ਉਨ੍ਹਾਂ ਨੇ ਸਾਡੇ ਦੁਆਲੇ ਕੰਧ ਬਣ ਕੇ ਦਿਨ-ਰਾਤ ਸਾਡੀ ਰਾਖੀ ਕੀਤੀ। 17 ਹੁਣ ਸਾਡੇ ਮਾਲਕ ਅਤੇ ਉਸ ਦੇ ਸਾਰੇ ਘਰਾਣੇ ਉੱਤੇ ਮੁਸੀਬਤ ਆਉਣ ਵਾਲੀ ਹੈ+ ਤੇ ਸਾਡਾ ਮਾਲਕ ਇੰਨਾ ਨਿਕੰਮਾ ਹੈ+ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ। ਇਸ ਲਈ ਤੂੰ ਹੀ ਫ਼ੈਸਲਾ ਕਰ ਕਿ ਕੀ ਕਰਨਾ ਹੈ।”
18 ਇਹ ਸੁਣ ਕੇ ਅਬੀਗੈਲ+ ਨੇ ਫਟਾਫਟ 200 ਰੋਟੀਆਂ, ਦੋ ਵੱਡੇ ਘੜੇ ਦਾਖਰਸ ਦੇ, ਹਲਾਲ ਕੀਤੀਆਂ ਹੋਈਆਂ ਪੰਜ ਭੇਡਾਂ, ਪੰਜ ਸੇਆਹ* ਭੁੰਨੇ ਹੋਏ ਦਾਣੇ, ਸੌਗੀਆਂ ਦੀਆਂ 100 ਟਿੱਕੀਆਂ ਅਤੇ ਅੰਜੀਰਾਂ ਦੀਆਂ 200 ਟਿੱਕੀਆਂ ਲਈਆਂ ਤੇ ਇਹ ਸਾਰਾ ਕੁਝ ਗਧਿਆਂ ਉੱਤੇ ਲੱਦਿਆ।+ 19 ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ: “ਮੇਰੇ ਅੱਗੇ-ਅੱਗੇ ਜਾਓ; ਮੈਂ ਤੁਹਾਡੇ ਪਿੱਛੇ-ਪਿੱਛੇ ਆਉਂਦੀ ਹਾਂ।” ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਕੁਝ ਨਹੀਂ ਦੱਸਿਆ।
20 ਜਦੋਂ ਉਹ ਗਧੇ ਉੱਤੇ ਜਾ ਰਹੀ ਸੀ, ਤਾਂ ਦਾਊਦ ਅਤੇ ਉਸ ਦੇ ਆਦਮੀ ਵੀ ਉਸ ਸਮੇਂ ਉਸ ਵੱਲ ਹੀ ਆ ਰਹੇ ਸਨ, ਪਰ ਪਹਾੜ ਦਾ ਓਹਲਾ ਹੋਣ ਕਰਕੇ ਉਹ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀ ਸੀ ਤੇ ਫਿਰ ਉਹ ਉਨ੍ਹਾਂ ਨੂੰ ਮਿਲੀ। 21 ਇਸ ਤੋਂ ਪਹਿਲਾਂ ਦਾਊਦ ਕਹਿ ਰਿਹਾ ਸੀ: “ਮੈਂ ਬੇਕਾਰ ਹੀ ਉਜਾੜ ਵਿਚ ਇਸ ਬੰਦੇ ਦੀ ਹਰ ਚੀਜ਼ ਦੀ ਰਾਖੀ ਕੀਤੀ। ਉਸ ਦੀ ਇਕ ਵੀ ਚੀਜ਼ ਨਹੀਂ ਗੁਆਚੀ,+ ਪਰ ਫਿਰ ਵੀ ਉਹ ਭਲਾਈ ਦੇ ਬਦਲੇ ਮੇਰੇ ਨਾਲ ਬੁਰਾਈ ਕਰ ਰਿਹਾ ਹੈ।+ 22 ਰੱਬ ਦਾਊਦ ਦੇ ਦੁਸ਼ਮਣਾਂ ਨਾਲ* ਇਸੇ ਤਰ੍ਹਾਂ ਕਰੇ, ਸਗੋਂ ਇਸ ਤੋਂ ਵੀ ਬੁਰਾ ਕਰੇ ਜੇ ਸਵੇਰ ਹੋਣ ਤਕ ਉਸ ਦਾ ਇਕ ਵੀ ਆਦਮੀ* ਮੇਰੇ ਹੱਥੋਂ ਜੀਉਂਦਾ ਬਚਿਆ।”
23 ਜਦ ਅਬੀਗੈਲ ਦੀ ਨਜ਼ਰ ਦਾਊਦ ʼਤੇ ਪਈ, ਤਾਂ ਉਹ ਫਟਾਫਟ ਗਧੇ ਤੋਂ ਉੱਤਰੀ ਅਤੇ ਉਸ ਨੇ ਇਕਦਮ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 24 ਫਿਰ ਉਸ ਨੇ ਉਸ ਦੇ ਪੈਰੀਂ ਪੈ ਕੇ ਕਿਹਾ: “ਹੇ ਮੇਰੇ ਪ੍ਰਭੂ, ਜੋ ਕੁਝ ਵੀ ਹੋਇਆ, ਉਸ ਦੀ ਦੋਸ਼ੀ ਮੈਨੂੰ ਠਹਿਰਾ ਦੇ; ਆਪਣੀ ਦਾਸੀ ਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੀ ਦਾਸੀ ਦੀ ਗੱਲ ਵੱਲ ਕੰਨ ਲਾ। 25 ਹੇ ਮੇਰੇ ਪ੍ਰਭੂ, ਕਿਰਪਾ ਕਰ ਕੇ ਇਸ ਨਿਕੰਮੇ ਨਾਬਾਲ ਵੱਲ ਧਿਆਨ ਨਾ ਦੇ+ ਕਿਉਂਕਿ ਜਿਹੋ ਜਿਹਾ ਉਸ ਦਾ ਨਾਂ ਹੈ, ਉਹੋ ਜਿਹਾ ਉਹ ਆਪ ਹੈ। ਨਾਬਾਲ* ਉਸ ਦਾ ਨਾਂ ਹੈ ਅਤੇ ਮੂਰਖਤਾਈ ਉਸ ਦੇ ਨਾਲ ਹੈ। ਪਰ ਮੈਂ, ਹਾਂ, ਤੇਰੀ ਦਾਸੀ ਨੇ ਉਨ੍ਹਾਂ ਨੌਜਵਾਨਾਂ ਨੂੰ ਨਹੀਂ ਦੇਖਿਆ ਜੋ ਮੇਰੇ ਪ੍ਰਭੂ ਨੇ ਭੇਜੇ ਸਨ। 26 ਹੁਣ ਹੇ ਪ੍ਰਭੂ, ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਯਹੋਵਾਹ ਨੇ ਹੀ ਤੈਨੂੰ ਖ਼ੂਨ ਦਾ ਦੋਸ਼ੀ+ ਬਣਨ ਅਤੇ ਆਪਣੇ ਹੱਥੀਂ ਬਦਲਾ ਲੈਣ* ਤੋਂ ਰੋਕਿਆ ਹੈ।+ ਮੇਰੀ ਇਹੀ ਦੁਆ ਹੈ ਕਿ ਤੇਰੇ ਦੁਸ਼ਮਣ ਅਤੇ ਜਿਹੜੇ ਮੇਰੇ ਪ੍ਰਭੂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਨਾਬਾਲ ਵਰਗੇ ਹੋ ਜਾਣ। 27 ਹੁਣ ਇਹ ਤੋਹਫ਼ਾ,*+ ਜੋ ਤੇਰੀ ਦਾਸੀ ਆਪਣੇ ਪ੍ਰਭੂ ਕੋਲ ਲਿਆਈ ਹੈ, ਉਨ੍ਹਾਂ ਨੌਜਵਾਨਾਂ ਨੂੰ ਦੇ ਦਿੱਤਾ ਜਾਵੇ ਜੋ ਮੇਰੇ ਪ੍ਰਭੂ ਦੇ ਨਾਲ ਹਨ।+ 28 ਕਿਰਪਾ ਕਰ ਕੇ ਆਪਣੀ ਦਾਸੀ ਦਾ ਅਪਰਾਧ ਮਾਫ਼ ਕਰ ਦੇ। ਯਹੋਵਾਹ ਮੇਰੇ ਪ੍ਰਭੂ ਦੀ ਔਲਾਦ ਨੂੰ ਚਿਰਾਂ ਤਕ ਰਾਜ ਕਰਨ ਦਾ ਅਧਿਕਾਰ ਜ਼ਰੂਰ ਦੇਵੇਗਾ+ ਕਿਉਂਕਿ ਮੇਰਾ ਪ੍ਰਭੂ ਯਹੋਵਾਹ ਦੇ ਯੁੱਧ ਲੜ ਰਿਹਾ ਹੈ+ ਅਤੇ ਤੂੰ ਆਪਣੀ ਸਾਰੀ ਜ਼ਿੰਦਗੀ ਕੋਈ ਬੁਰਾ ਕੰਮ ਨਹੀਂ ਕੀਤਾ।+ 29 ਜਦੋਂ ਕੋਈ ਤੇਰਾ ਪਿੱਛਾ ਕਰਨ ਅਤੇ ਤੇਰੀ ਜਾਨ ਲੈਣ ਲਈ ਉੱਠੇਗਾ, ਤਾਂ ਤੇਰਾ ਪਰਮੇਸ਼ੁਰ ਯਹੋਵਾਹ ਮੇਰੇ ਪ੍ਰਭੂ ਦੀ ਜਾਨ ਨੂੰ ਜ਼ਿੰਦਗੀ ਦੀ ਥੈਲੀ ਵਿਚ ਸਾਂਭ ਕੇ ਰੱਖੇਗਾ। ਪਰ ਤੇਰੇ ਦੁਸ਼ਮਣਾਂ ਦੀਆਂ ਜਾਨਾਂ ਨੂੰ ਇਵੇਂ ਦੂਰ ਸੁੱਟਿਆ ਜਾਵੇਗਾ ਜਿਵੇਂ ਗੋਪੀਏ ਵਿੱਚੋਂ* ਪੱਥਰ ਵਗਾਹ ਕੇ ਸੁੱਟੇ ਜਾਂਦੇ ਹਨ। 30 ਜਦੋਂ ਯਹੋਵਾਹ ਮੇਰੇ ਪ੍ਰਭੂ ਲਈ ਉਹ ਸਾਰੇ ਚੰਗੇ ਕੰਮ ਕਰੇਗਾ ਜਿਨ੍ਹਾਂ ਦਾ ਉਸ ਨੇ ਵਾਅਦਾ ਕੀਤਾ ਹੈ ਅਤੇ ਤੈਨੂੰ ਇਜ਼ਰਾਈਲ ਉੱਤੇ ਆਗੂ ਠਹਿਰਾਵੇਗਾ,+ 31 ਤਾਂ ਹੇ ਪ੍ਰਭੂ, ਤੇਰਾ ਦਿਲ ਤੈਨੂੰ ਫਿਟਕਾਰੇਗਾ ਨਹੀਂ ਤੇ ਨਾ ਹੀ ਤੂੰ ਮਨ ਵਿਚ ਪਛਤਾਵੇਂਗਾ* ਕਿ ਤੂੰ ਬਿਨਾਂ ਵਜ੍ਹਾ ਖ਼ੂਨ ਵਹਾਇਆ ਅਤੇ ਆਪਣੇ ਹੱਥੀਂ ਬਦਲਾ ਲਿਆ।*+ ਜਦੋਂ ਯਹੋਵਾਹ ਮੇਰੇ ਪ੍ਰਭੂ ਉੱਤੇ ਬਰਕਤਾਂ ਵਰ੍ਹਾਵੇਗਾ, ਤਾਂ ਆਪਣੀ ਇਸ ਦਾਸੀ ਨੂੰ ਯਾਦ ਕਰੀਂ।”
32 ਇਹ ਸੁਣ ਕੇ ਦਾਊਦ ਨੇ ਅਬੀਗੈਲ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਤੈਨੂੰ ਅੱਜ ਮੇਰੇ ਕੋਲ ਭੇਜਿਆ! 33 ਪਰਮੇਸ਼ੁਰ ਤੈਨੂੰ ਬਰਕਤ ਦੇਵੇ ਕਿਉਂਕਿ ਤੂੰ ਸਮਝ ਤੋਂ ਕੰਮ ਲਿਆ! ਪਰਮੇਸ਼ੁਰ ਤੈਨੂੰ ਅਸੀਸ ਦੇਵੇ ਕਿਉਂਕਿ ਤੂੰ ਅੱਜ ਮੈਨੂੰ ਖ਼ੂਨ ਦਾ ਦੋਸ਼ੀ ਬਣਨ+ ਅਤੇ ਮੈਨੂੰ ਆਪਣੇ ਹੱਥੀਂ ਬਦਲਾ ਲੈਣ* ਤੋਂ ਰੋਕਿਆ। 34 ਨਹੀਂ ਤਾਂ, ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਨੇ ਮੈਨੂੰ ਤੇਰਾ ਨੁਕਸਾਨ ਕਰਨ ਤੋਂ ਰੋਕਿਆ,+ ਜੇ ਤੂੰ ਮੈਨੂੰ ਫਟਾਫਟ ਮਿਲਣ ਨਾ ਆਉਂਦੀ,+ ਤਾਂ ਸਵੇਰ ਹੋਣ ਤਕ ਨਾਬਾਲ ਦਾ ਇਕ ਵੀ ਆਦਮੀ* ਜੀਉਂਦਾ ਨਹੀਂ ਬਚਣਾ ਸੀ।”+ 35 ਇਸ ਤੋਂ ਬਾਅਦ ਦਾਊਦ ਨੇ ਉਸ ਕੋਲੋਂ ਉਹ ਸਾਰਾ ਕੁਝ ਕਬੂਲ ਕਰ ਲਿਆ ਜੋ ਉਹ ਉਸ ਲਈ ਲਿਆਈ ਸੀ ਤੇ ਉਸ ਨੂੰ ਕਿਹਾ: “ਤੂੰ ਆਪਣੇ ਘਰ ਸ਼ਾਂਤੀ ਨਾਲ ਜਾਹ। ਦੇਖ, ਮੈਂ ਤੇਰੀ ਗੱਲ ਸੁਣ ਲਈ ਹੈ ਤੇ ਮੈਂ ਤੇਰੀ ਬੇਨਤੀ ਅਨੁਸਾਰ ਕਰਾਂਗਾ।”
36 ਫਿਰ ਅਬੀਗੈਲ ਨਾਬਾਲ ਕੋਲ ਵਾਪਸ ਚਲੀ ਗਈ ਜੋ ਆਪਣੇ ਘਰ ਰਾਜੇ ਵਾਂਗ ਦਾਅਵਤ ਉਡਾ ਰਿਹਾ ਸੀ। ਨਾਬਾਲ* ਬਹੁਤ ਖ਼ੁਸ਼ ਸੀ ਤੇ ਸ਼ਰਾਬ ਪੀ ਕੇ ਟੱਲੀ ਹੋਇਆ ਪਿਆ ਸੀ। ਉਸ ਨੇ ਸਵੇਰ ਹੋਣ ਤਕ ਉਸ ਨੂੰ ਇਕ ਵੀ ਗੱਲ ਨਹੀਂ ਦੱਸੀ। 37 ਸਵੇਰ ਨੂੰ ਜਦੋਂ ਨਾਬਾਲ ਦਾ ਨਸ਼ਾ ਉੱਤਰ ਗਿਆ, ਤਾਂ ਉਸ ਦੀ ਪਤਨੀ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਉਸ ਦਾ ਦਿਲ ਮੁਰਦੇ ਵਾਂਗ ਸੁੰਨ ਹੋ ਗਿਆ ਅਤੇ ਉਹ ਪੱਥਰ ਵਾਂਗ ਪਿਆ ਰਿਹਾ। 38 ਦਸਾਂ ਦਿਨਾਂ ਬਾਅਦ ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਕਿ ਉਹ ਮਰ ਗਿਆ।
39 ਜਦੋਂ ਦਾਊਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ: “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਨਾਬਾਲ+ ਦੁਆਰਾ ਕੀਤੀ ਮੇਰੀ ਬੇਇੱਜ਼ਤੀ ਦਾ ਮੁਕੱਦਮਾ ਲੜਿਆ+ ਅਤੇ ਆਪਣੇ ਸੇਵਕ ਨੂੰ ਬੁਰਾ ਕੰਮ ਕਰਨ ਤੋਂ ਰੋਕਿਆ।+ ਯਹੋਵਾਹ ਨੇ ਨਾਬਾਲ ਦੀ ਬੁਰਾਈ ਉਸੇ ਦੇ ਸਿਰ ਪਾ ਦਿੱਤੀ!” ਫਿਰ ਦਾਊਦ ਨੇ ਅਬੀਗੈਲ ਨੂੰ ਸੰਦੇਸ਼ ਭੇਜਿਆ ਕਿ ਉਹ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ। 40 ਦਾਊਦ ਦੇ ਸੇਵਕ ਅਬੀਗੈਲ ਕੋਲ ਕਰਮਲ ਵਿਚ ਆਏ ਤੇ ਉਸ ਨੂੰ ਕਿਹਾ: “ਦਾਊਦ ਨੇ ਸਾਨੂੰ ਤੇਰੇ ਕੋਲ ਇਹ ਸੰਦੇਸ਼ ਦੇਣ ਲਈ ਭੇਜਿਆ ਹੈ ਕਿ ਉਹ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ।” 41 ਉਹ ਉਸੇ ਵੇਲੇ ਉੱਠੀ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਤੇ ਕਿਹਾ: “ਤੇਰੀ ਇਹ ਦਾਸੀ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹੈ।”+ 42 ਫਿਰ ਅਬੀਗੈਲ+ ਫਟਾਫਟ ਉੱਠੀ ਅਤੇ ਆਪਣੇ ਗਧੇ ʼਤੇ ਸਵਾਰ ਹੋ ਕੇ ਤੁਰ ਪਈ ਅਤੇ ਉਸ ਦੀਆਂ ਪੰਜ ਨੌਕਰਾਣੀਆਂ ਉਸ ਦੇ ਪਿੱਛੇ-ਪਿੱਛੇ ਤੁਰ ਪਈਆਂ; ਉਹ ਦਾਊਦ ਦੇ ਬੰਦਿਆਂ ਨਾਲ ਗਈ ਅਤੇ ਉਸ ਦੀ ਪਤਨੀ ਬਣੀ।
43 ਦਾਊਦ ਨੇ ਯਿਜ਼ਰਾਏਲ+ ਦੀ ਰਹਿਣ ਵਾਲੀ ਅਹੀਨੋਅਮ+ ਨਾਲ ਵੀ ਵਿਆਹ ਕੀਤਾ ਸੀ ਅਤੇ ਦੋਵੇਂ ਔਰਤਾਂ ਉਸ ਦੀਆਂ ਪਤਨੀਆਂ ਬਣ ਗਈਆਂ।+
44 ਪਰ ਸ਼ਾਊਲ ਨੇ ਆਪਣੀ ਧੀ ਯਾਨੀ ਦਾਊਦ ਦੀ ਪਤਨੀ ਮੀਕਲ+ ਦਾ ਵਿਆਹ ਲਾਇਸ਼ ਦੇ ਪੁੱਤਰ ਪਲਟੀ+ ਨਾਲ ਕਰਾ ਦਿੱਤਾ ਸੀ ਜੋ ਗੱਲੀਮ ਦਾ ਰਹਿਣ ਵਾਲਾ ਸੀ।