ਯਹੋਵਾਹ ਆਪਣੇ ਪਰਿਵਾਰ ਨੂੰ ਇਕੱਠਾ ਕਰਦਾ ਹੈ
‘ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।’—ਅਫ਼. 4:1, 3.
ਤੁਸੀਂ ਕੀ ਜਵਾਬ ਦਿਓਗੇ?
ਪਰਮੇਸ਼ੁਰ ਨੇ ਇਕ ਖ਼ਾਸ ਪ੍ਰਬੰਧ ਕਿਉਂ ਕੀਤਾ ਹੈ?
ਅਸੀਂ “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ” ਨੂੰ ਕਿਵੇਂ ਪੱਕਾ ਰੱਖਦੇ ਹਾਂ?
‘ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ’ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
1, 2. ਧਰਤੀ ਅਤੇ ਮਨੁੱਖਜਾਤੀ ਲਈ ਯਹੋਵਾਹ ਦਾ ਕੀ ਮਕਸਦ ਹੈ?
ਪਰਿਵਾਰ ਸ਼ਬਦ ਸੁਣ ਕੇ ਸਾਨੂੰ ਕਿੱਦਾਂ ਲੱਗਦਾ ਹੈ? ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਸਾਡੇ ਪਰਿਵਾਰ ਵਿਚ ਪਿਆਰ ਹੁੰਦਾ ਹੈ, ਸਾਰੇ ਰਲ਼ ਕੇ ਕੰਮ ਕਰਦੇ ਹਨ ਤੇ ਚੰਗਾ ਮਾਹੌਲ ਹੋਣ ਕਰਕੇ ਸਾਰੇ ਚੰਗੀਆਂ ਗੱਲਾਂ ਸਿੱਖਦੇ ਹਨ। ਯਹੋਵਾਹ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ। (ਅਫ਼. 3:14, 15) ਉਸ ਦਾ ਮਕਸਦ ਸੀ ਕਿ ਸਵਰਗ ਅਤੇ ਧਰਤੀ ਉੱਤੇ ਸਾਰੇ ਜਣੇ ਪਰਿਵਾਰ ਵਾਂਗ ਰਲ਼-ਮਿਲ ਕੇ ਰਹਿਣ ਅਤੇ ਸਾਰੇ ਇਕ-ਦੂਜੇ ਉੱਤੇ ਭਰੋਸਾ ਰੱਖਣ।
2 ਪਾਪ ਕਰਨ ਤੋਂ ਬਾਅਦ ਇਨਸਾਨਾਂ ਦਾ ਪਰਮੇਸ਼ੁਰ ਦੇ ਸਵਰਗੀ ਪਰਿਵਾਰ ਨਾਲੋਂ ਰਿਸ਼ਤਾ ਟੁੱਟ ਗਿਆ। ਪਰ ਪਰਮੇਸ਼ੁਰ ਨੇ ਆਪਣਾ ਮਕਸਦ ਨਹੀਂ ਛੱਡਿਆ। ਉਹ ਧਿਆਨ ਰੱਖੇਗਾ ਕਿ ਆਦਮ ਅਤੇ ਹੱਵਾਹ ਦੀ ਸੰਤਾਨ ਸੋਹਣੀ ਧਰਤੀ ʼਤੇ ਸੁੱਖ-ਸ਼ਾਂਤੀ ਨਾਲ ਰਹੇ। (ਉਤ. 1:28; ਯਸਾ. 45:18) ਉਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਇੰਤਜ਼ਾਮ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਬੰਧਾਂ ਬਾਰੇ ਅਫ਼ਸੀਆਂ ਦੀ ਕਿਤਾਬ ਵਿਚ ਗੱਲ ਕੀਤੀ ਗਈ ਹੈ। ਅਫ਼ਸੀਆਂ ਦੀ ਕਿਤਾਬ ਵਿਚ ਖ਼ਾਸ ਤੌਰ ਤੇ ਏਕਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਆਓ ਆਪਾਂ ਇਸ ਕਿਤਾਬ ਦੀਆਂ ਕੁਝ ਆਇਤਾਂ ਉੱਤੇ ਗੌਰ ਕਰ ਕੇ ਦੇਖੀਏ ਕਿ ਅਸੀਂ ਪਰਮੇਸ਼ੁਰ ਦੇ ਮਕਸਦ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ।
ਇਕ ਖ਼ਾਸ ਪ੍ਰਬੰਧ
3. ਅਫ਼ਸੀਆਂ 1:10 ਅਨੁਸਾਰ ਯਹੋਵਾਹ ਨੇ ਕਿਹੜਾ ਪ੍ਰਬੰਧ ਕੀਤਾ ਅਤੇ ਇਹ ਪ੍ਰਬੰਧ ਕਦੋਂ ਸ਼ੁਰੂ ਹੋਇਆ?
3 ਮੂਸਾ ਨੇ ਇਜ਼ਰਾਈਲੀਆਂ ਨੂੰ ਦੱਸਿਆ ਸੀ: “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।” (ਬਿਵ. 6:4) ਯਹੋਵਾਹ ਜੋ ਵੀ ਕਰਦਾ ਹੈ, ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕਰਦਾ ਹੈ। ਇਸ ਲਈ “ਮਿਥਿਆ ਸਮਾਂ ਪੂਰਾ ਹੋਣ ਤੇ” ਉਸ ਨੇ ਸਵਰਗ ਅਤੇ ਧਰਤੀ ਉੱਤੇ ਸਾਰਿਆਂ ਵਿਚ ਏਕਤਾ ਕਾਇਮ ਕਰਨ ਲਈ ਇਕ ਖ਼ਾਸ “ਪ੍ਰਬੰਧ” ਕੀਤਾ। (ਅਫ਼ਸੀਆਂ 1:8-10 ਪੜ੍ਹੋ।) ਇਸ ਪ੍ਰਬੰਧ ਅਨੁਸਾਰ ਪਹਿਲਾਂ ਚੁਣੇ ਹੋਏ ਮਸੀਹੀਆਂ ਨੂੰ ਯਿਸੂ ਮਸੀਹ ਅਧੀਨ ਸਵਰਗ ਵਿਚ ਰਹਿਣ ਲਈ ਤਿਆਰ ਕੀਤਾ ਜਾਂਦਾ ਹੈ। ਇਹ ਕੰਮ ਪੰਤੇਕੁਸਤ 33 ਈ. ਵਿਚ ਸ਼ੁਰੂ ਹੋਇਆ ਸੀ ਜਦੋਂ ਯਹੋਵਾਹ ਨੇ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਵਾਲੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। (ਰਸੂ. 2:1-4) ਚੁਣੇ ਹੋਏ ਮਸੀਹੀਆਂ ਨੂੰ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਧਰਮੀ ਠਹਿਰਾਇਆ ਗਿਆ ਹੈ ਅਤੇ ਸਵਰਗ ਵਿਚ ਜ਼ਿੰਦਗੀ ਪ੍ਰਾਪਤ ਕਰਨ ਦੇ ਕਾਬਲ ਸਮਝਿਆ ਗਿਆ ਹੈ। ਇਸ ਲਈ ਉਹ ਵੀ ਇਹ ਗੱਲ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਬੱਚਿਆਂ’ ਵਜੋਂ ਅਪਣਾਇਆ ਗਿਆ ਹੈ।—ਰੋਮੀ. 3:23, 24; 5:1; 8:15-17.
4, 5. ਯਹੋਵਾਹ ਹੋਰ ਕਿਨ੍ਹਾਂ ਲੋਕਾਂ ਨੂੰ ਤਿਆਰ ਕਰ ਰਿਹਾ ਹੈ?
4 ਫਿਰ ਉਨ੍ਹਾਂ ਲੋਕਾਂ ਨੂੰ ਤਿਆਰ ਕੀਤਾ ਜਾਂਦਾ ਹੈ ਜਿਹੜੇ ਮਸੀਹ ਅਤੇ ਚੁਣੇ ਹੋਏ ਮਸੀਹੀਆਂ ਦੇ ਰਾਜ ਅਧੀਨ ਸੋਹਣੀ ਧਰਤੀ ਉੱਤੇ ਰਹਿਣਗੇ। ਇਨ੍ਹਾਂ ਲੋਕਾਂ ਵਿਚ ਸਭ ਤੋਂ ਪਹਿਲਾਂ “ਵੱਡੀ ਭੀੜ” ਹੋਵੇਗੀ। (ਪ੍ਰਕਾ. 7:9, 13-17; 21:1-5) ਫਿਰ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਅਰਬਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਪ੍ਰਕਾ. 20:12, 13) ਜ਼ਰਾ ਸੋਚੋ ਉਦੋਂ ਸਾਡੇ ਕੋਲ ਇਹ ਦਿਖਾਉਣ ਦੇ ਹੋਰ ਕਿੰਨੇ ਮੌਕੇ ਹੋਣਗੇ ਕਿ ਸਾਡੇ ਸਾਰਿਆਂ ਵਿਚ ਏਕਤਾ ਹੈ! ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤੋਂ ਬਾਅਦ “ਧਰਤੀ ਦੀਆਂ ਸਾਰੀਆਂ ਚੀਜ਼ਾਂ” ਯਾਨੀ ਇਨਸਾਨਾਂ ਦੀ ਆਖ਼ਰੀ ਪਰੀਖਿਆ ਲਈ ਜਾਵੇਗੀ। ਜਿਹੜੇ ਲੋਕ ਵਫ਼ਾਦਾਰ ਸਾਬਤ ਹੋਣਗੇ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਬੱਚਿਆਂ’ ਵਜੋਂ ਅਪਣਾਇਆ ਜਾਵੇਗਾ।—ਰੋਮੀ. 8:21; ਪ੍ਰਕਾ. 20:7, 8.
5 ਅੱਜ ਯਹੋਵਾਹ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਰਹਿਣ ਲਈ ਅਤੇ ਹੋਰ ਭੇਡਾਂ ਨੂੰ ਧਰਤੀ ਉੱਤੇ ਰਹਿਣ ਲਈ ਤਿਆਰ ਕਰ ਰਿਹਾ ਹੈ। ਪਰ ਸਾਡੇ ਵਿੱਚੋਂ ਹਰੇਕ ਜਣਾ ਪਰਮੇਸ਼ੁਰ ਦੇ ਪ੍ਰਬੰਧ ਦਾ ਸਮਰਥਨ ਕਿਵੇਂ ਕਰਦਾ ਹੈ?
“ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ”
6. ਕਿਹੜੀਆਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਮਸੀਹੀਆਂ ਨੂੰ ਇਕ-ਦੂਜੇ ਨਾਲ ਸੰਗਤ ਕਰਨ ਦੀ ਲੋੜ ਹੈ?
6 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਸੀਹੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। (1 ਕੁਰਿੰ. 14:23; ਇਬ. 10:24, 25) ਇਸ ਦਾ ਮਤਲਬ ਸਿਰਫ਼ ਇਹੀ ਨਹੀਂ ਹੈ ਕਿ ਉਹ ਕੁਝ ਸਮੇਂ ਲਈ ਇਕ ਜਗ੍ਹਾ ਇਕੱਠੇ ਹੋਣ, ਜਿਵੇਂ ਲੋਕ ਬਾਜ਼ਾਰ ਵਿਚ ਜਾਂ ਕਿਸੇ ਸਟੇਡੀਅਮ ਵਿਚ ਇਕੱਠੇ ਹੁੰਦੇ ਹਨ। ਮਸੀਹੀ ਏਕਤਾ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਸਿੱਖਿਆ ʼਤੇ ਚੱਲੀਏ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੇ ਆਪ ਨੂੰ ਬਦਲੀਏ।
7. “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਲਈ ਕੀ ਕਰਨਾ ਜ਼ਰੂਰੀ ਹੈ?
7 ਭਾਵੇਂ ਯਹੋਵਾਹ ਨੇ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਚੁਣੇ ਹੋਏ ਮਸੀਹੀਆਂ ਨੂੰ ਧਰਮੀ ਠਹਿਰਾ ਕੇ ਆਪਣੇ ਪੁੱਤਰਾਂ ਵਜੋਂ ਅਪਣਾ ਲਿਆ ਹੈ ਅਤੇ ਹੋਰ ਭੇਡਾਂ ਨੂੰ ਧਰਮੀ ਠਹਿਰਾ ਕੇ ਉਨ੍ਹਾਂ ਨੂੰ ਆਪਣੇ ਦੋਸਤ ਬਣਾਇਆ ਹੈ, ਪਰ ਫਿਰ ਵੀ ਜਿੰਨਾ ਚਿਰ ਅਸੀਂ ਇਸ ਬੁਰੀ ਦੁਨੀਆਂ ਵਿਚ ਰਹਿੰਦੇ ਹਾਂ, ਸਾਡੇ ਵਿਚ ਅਣਬਣ ਹੁੰਦੀ ਰਹੇਗੀ। (ਰੋਮੀ. 5:9; ਯਾਕੂ. 2:23) ਨਹੀਂ ਤਾਂ ਪਰਮੇਸ਼ੁਰ ਸਾਨੂੰ ਇਹ ਸਲਾਹ ਨਾ ਦਿੰਦਾ: “ਇਕ-ਦੂਜੇ ਦੀ ਸਹਿ ਲਵੋ।” ਸੋ ਭੈਣਾਂ-ਭਰਾਵਾਂ ਨਾਲ ਏਕਤਾ ਕਾਇਮ ਕਰਨ ਲਈ ਸਾਨੂੰ ਆਪਣੇ ਅੰਦਰ “ਪੂਰੀ ਨਿਮਰਤਾ, ਨਰਮਾਈ ਅਤੇ ਧੀਰਜ” ਪੈਦਾ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਪੌਲੁਸ ਨੇ ਤਾਕੀਦ ਕੀਤੀ ਕਿ ਅਸੀਂ “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਦੀ ਪੂਰੀ ਕੋਸ਼ਿਸ਼ ਕਰੀਏ। (ਅਫ਼ਸੀਆਂ 4:1-3 ਪੜ੍ਹੋ।) ਇਸ ਸਲਾਹ ਉੱਤੇ ਚੱਲਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸ਼ਕਤੀ ਅਨੁਸਾਰ ਚੱਲੀਏ ਅਤੇ ਇਸ ਦੀ ਮਦਦ ਨਾਲ ਆਪਣੇ ਅੰਦਰ ਗੁਣ ਪੈਦਾ ਕਰੀਏ। ਇਨ੍ਹਾਂ ਗੁਣਾਂ ਦੀ ਮਦਦ ਨਾਲ ਅਸੀਂ ਆਪਸੀ ਮਤਭੇਦ ਖ਼ਤਮ ਕਰ ਸਕਦੇ ਹਾਂ। ਪਰ ਸਰੀਰ ਦੇ ਕੰਮ ਹਮੇਸ਼ਾ ਫੁੱਟ ਪਾਉਂਦੇ ਹਨ।
8. “ਸਰੀਰ ਦੇ ਕੰਮ” ਫੁੱਟ ਕਿਵੇਂ ਪਾਉਂਦੇ ਹਨ?
8 ਗੌਰ ਕਰੋ ਕਿ “ਸਰੀਰ ਦੇ ਕੰਮ” ਫੁੱਟ ਕਿਵੇਂ ਪਾਉਂਦੇ ਹਨ। (ਗਲਾਤੀਆਂ 5:19-21 ਪੜ੍ਹੋ।) ਜਿਹੜਾ ਇਨਸਾਨ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ ਉਹ ਪਰਮੇਸ਼ੁਰ ਤੇ ਮੰਡਲੀ ਤੋਂ ਦੂਰ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਉਸ ਦੇ ਬੇਕਸੂਰ ਸਾਥੀ ਅਤੇ ਬੱਚਿਆਂ ਨੂੰ ਦੁੱਖ ਝੱਲਣਾ ਪੈਂਦਾ ਹੈ ਤੇ ਪਰਿਵਾਰ ਬਿਖਰ ਜਾਂਦਾ ਹੈ। ਗੰਦੇ ਕੰਮ ਕਰਨ ਵਾਲਾ ਇਨਸਾਨ ਪਰਮੇਸ਼ੁਰ ਤੇ ਉਨ੍ਹਾਂ ਲੋਕਾਂ ਨਾਲ ਏਕਤਾ ਵਿਚ ਬੱਝਾ ਨਹੀਂ ਰਹਿੰਦਾ ਜਿਹੜੇ ਉਸ ਨੂੰ ਪਿਆਰ ਕਰਦੇ ਹਨ, ਠੀਕ ਜਿਵੇਂ ਦੋ ਚੀਜ਼ਾਂ ਗੂੰਦ ਨਾਲ ਚੰਗੀ ਤਰ੍ਹਾਂ ਨਹੀਂ ਜੁੜਦੀਆਂ ਜੇ ਉਨ੍ਹਾਂ ਵਿੱਚੋਂ ਇਕ ਚੀਜ਼ ਗੰਦੀ ਹੋਵੇ। ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ ਵਾਲਾ ਇਨਸਾਨ ਦਿਖਾਉਂਦਾ ਹੈ ਕਿ ਉਹ ਪਰਮੇਸ਼ੁਰ ਦੇ ਕਾਨੂੰਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਹੈ। ਸਰੀਰ ਦੇ ਹੋਰ ਕੰਮ ਵੀ ਸਾਨੂੰ ਇਕ-ਦੂਜੇ ਤੋਂ ਤੇ ਪਰਮੇਸ਼ੁਰ ਤੋਂ ਅਲੱਗ ਕਰਦੇ ਹਨ। ਯਹੋਵਾਹ ਇਸ ਤਰ੍ਹਾਂ ਦੇ ਕੰਮਾਂ ਨਾਲ ਨਫ਼ਰਤ ਕਰਦਾ ਹੈ।
9. ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਅਸੀਂ “ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼” ਕਰ ਰਹੇ ਹਾਂ ਜਾਂ ਨਹੀਂ?
9 ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਪੁੱਛਣ ਦੀ ਲੋੜ ਹੈ: ‘ਮੈਂ “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਦੀ ਕਿੰਨੀ ਕੁ ਕੋਸ਼ਿਸ਼ ਕਰ ਰਿਹਾ ਹਾਂ? ਕਿਸੇ ਨਾਲ ਅਣਬਣ ਹੋਣ ਤੇ ਮੈਂ ਕੀ ਕਰਦਾ ਹਾਂ? ਜਿਸ ਨਾਲ ਅਣਬਣ ਹੋਈ ਹੈ ਉਸ ਨਾਲ ਗੱਲ ਕਰਨ ਦੀ ਬਜਾਇ ਕੀ ਮੈਂ ਦੂਜਿਆਂ ਨਾਲ ਇਸ ਬਾਰੇ ਗੱਲ ਕਰਦਾ ਹਾਂ ਤਾਂਕਿ ਉਹ ਮੇਰਾ ਪੱਖ ਲੈਣ? ਅਣਬਣ ਖ਼ਤਮ ਕਰਨ ਲਈ ਆਪ ਕੋਸ਼ਿਸ਼ ਕਰਨ ਦੀ ਬਜਾਇ ਕੀ ਮੈਂ ਬਜ਼ੁਰਗਾਂ ਤੋਂ ਉਮੀਦ ਰੱਖਦਾ ਹਾਂ ਕਿ ਉਹ ਉਸ ਨਾਲ ਗੱਲ ਕਰਨ? ਜੇ ਮੈਨੂੰ ਪਤਾ ਹੈ ਕਿ ਕੋਈ ਜਣਾ ਕਿਸੇ ਗੱਲੋਂ ਮੇਰੇ ਨਾਲ ਨਾਰਾਜ਼ ਹੈ, ਤਾਂ ਕੀ ਮੈਂ ਉਸ ਤੋਂ ਦੂਰ-ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਤਾਂਕਿ ਮੈਨੂੰ ਉਸ ਨਾਲ ਗੱਲ ਨਾ ਕਰਨੀ ਪਵੇ?’ ਕੀ ਇਸ ਤਰ੍ਹਾਂ ਦੇ ਕੰਮ ਦਿਖਾਉਂਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਮਕਸਦ ਅਨੁਸਾਰ ਚੱਲਦੇ ਹਾਂ ਜੋ ਸਾਰਿਆਂ ਨੂੰ ਮਸੀਹ ਦੇ ਅਧੀਨ ਏਕਤਾ ਵਿਚ ਲਿਆਉਣਾ ਚਾਹੁੰਦਾ ਹੈ?
10, 11. (ੳ) ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖਣੀ ਕਿੰਨੀ ਕੁ ਜ਼ਰੂਰੀ ਹੈ? (ਅ) ਕਿਹੜੀਆਂ ਗੱਲਾਂ ਕਰਕੇ ਸਾਡੇ ਵਿਚ ਸ਼ਾਂਤੀ ਹੋ ਸਕਦੀ ਹੈ ਅਤੇ ਪਰਮੇਸ਼ੁਰ ਤੋਂ ਬਰਕਤ ਮਿਲ ਸਕਦੀ ਹੈ?
10 ਯਿਸੂ ਨੇ ਕਿਹਾ: “ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ। . . . ਤੂੰ ਜਲਦੀ ਤੋਂ ਜਲਦੀ ਉਸ ਨਾਲ ਸਮਝੌਤਾ ਕਰ ਲੈ।” (ਮੱਤੀ 5:23-25) ਯਾਕੂਬ ਨੇ ਲਿਖਿਆ ਕਿ “ਧਾਰਮਿਕਤਾ ਦੇ ਫਲ ਦਾ ਬੀ ਸ਼ਾਂਤੀ-ਪਸੰਦ ਲੋਕਾਂ ਵਿਚਕਾਰ ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਬੀਜਿਆ ਜਾ ਸਕਦਾ ਹੈ।” (ਯਾਕੂ. 3:17, 18) ਇਸ ਲਈ ਅਸੀਂ ਅਸ਼ਾਂਤ ਮਾਹੌਲ ਵਿਚ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ।
11 ਮਿਸਾਲ ਲਈ, ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਲੜਾਈਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ਦੇਸ਼ਾਂ ਵਿਚ 35 ਪ੍ਰਤਿਸ਼ਤ ਜ਼ਿਆਦਾ ਜ਼ਮੀਨ ਉੱਤੇ ਖੇਤੀ ਕੀਤੀ ਜਾ ਸਕਦੀ ਹੈ ਜੇ ਉੱਥੇ ਲੋਕਾਂ ਨੂੰ ਜ਼ਮੀਨ ਹੇਠਾਂ ਦੱਬੀਆਂ ਬਾਰੂਦੀ-ਸੁਰੰਗਾਂ ਦਾ ਡਰ ਨਾ ਹੋਵੇ। ਜਦੋਂ ਖੇਤਾਂ ਵਿਚ ਕੋਈ ਬਾਰੂਦੀ-ਸੁਰੰਗ ਫੱਟਦੀ ਹੈ, ਤਾਂ ਕਿਸਾਨ ਉਨ੍ਹਾਂ ਖੇਤਾਂ ਵਿਚ ਵਾਹੀ ਕਰਨੀ ਛੱਡ ਦਿੰਦੇ ਹਨ। ਇਸ ਕਰਕੇ ਪਿੰਡਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਅਤੇ ਸ਼ਹਿਰਾਂ ਵਿਚ ਅਨਾਜ ਵਗੈਰਾ ਨਹੀਂ ਪਹੁੰਚਦਾ। ਇਸੇ ਤਰ੍ਹਾਂ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਨਹੀਂ ਹੁੰਦਾ ਜੇ ਸਾਡੇ ਸੁਭਾਅ ਵਿਚ ਅਜਿਹੀ ਕੋਈ ਮਾੜੀ ਗੱਲ ਹੈ ਜਿਸ ਕਰਕੇ ਦੂਸਰਿਆਂ ਨਾਲ ਸਾਡੀ ਅਣਬਣ ਰਹਿੰਦੀ ਹੈ। ਸਾਡਾ ਸੁਭਾਅ ਸ਼ਾਇਦ ਬਾਰੂਦੀ-ਸੁਰੰਗ ਵਾਂਗ ਹੋਵੇ। ਇਸ ਲਈ ਸਾਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਹੈ। ਜੇ ਅਸੀਂ ਝੱਟ ਦੂਜਿਆਂ ਨੂੰ ਮਾਫ਼ ਕਰਦੇ ਹਾਂ ਅਤੇ ਦੂਸਰਿਆਂ ਲਈ ਚੰਗੇ ਕੰਮ ਕਰਦੇ ਹਾਂ, ਤਾਂ ਅਸੀਂ ਸ਼ਾਂਤੀ ਲਈ ਮਾਹੌਲ ਪੈਦਾ ਕਰਾਂਗੇ ਅਤੇ ਸਾਨੂੰ ਯਹੋਵਾਹ ਤੋਂ ਬਰਕਤ ਮਿਲੇਗੀ।
12. ਬਜ਼ੁਰਗ ਏਕਤਾ ਕਾਇਮ ਰੱਖਣ ਵਿਚ ਕਿਵੇਂ ਸਾਡੀ ਮਦਦ ਕਰਦੇ ਹਨ?
12 ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਕੁਝ “ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ” ਹੈ। ਇਹ ਆਦਮੀ ਯਾਨੀ ਬਜ਼ੁਰਗ “ਏਕਤਾ ਹਾਸਲ” ਕਰਨ ਵਿਚ ਸਾਡੀ ਮਦਦ ਕਰਦੇ ਹਨ। (ਅਫ਼. 4:8, 13) ਜਦੋਂ ਬਜ਼ੁਰਗ ਯਹੋਵਾਹ ਦੀ ਸੇਵਾ ਕਰਨ ਵਿਚ ਸਾਡੀ ਮਦਦ ਕਰਦੇ ਹਨ ਅਤੇ ਸਾਨੂੰ ਮਿਲ ਕੇ ਬਾਈਬਲ ਵਿੱਚੋਂ ਸਲਾਹ ਦਿੰਦੇ ਹਨ, ਤਾਂ ਉਹ ਨਵਾਂ ਸੁਭਾਅ ਪੈਦਾ ਕਰਨ ਵਿਚ ਸਾਡੀ ਮਦਦ ਕਰਦੇ ਹਨ। (ਅਫ਼. 4:22-24) ਯਾਦ ਰੱਖੋ ਕਿ ਜਦੋਂ ਬਜ਼ੁਰਗ ਤੁਹਾਨੂੰ ਸਲਾਹ ਦਿੰਦੇ ਹਨ, ਤਾਂ ਯਹੋਵਾਹ ਤੁਹਾਨੂੰ ਨਵੀਂ ਦੁਨੀਆਂ ਵਿਚ ਰਹਿਣ ਲਈ ਤਿਆਰ ਕਰ ਰਿਹਾ ਹੈ। ਬਜ਼ੁਰਗੋ, ਧਿਆਨ ਰੱਖੋ ਕਿ ਤੁਸੀਂ ਦੂਸਰਿਆਂ ਨੂੰ ਇਸ ਤਰੀਕੇ ਨਾਲ ਸੁਧਾਰੋ ਜਿਸ ਤੋਂ ਪਤਾ ਲੱਗੇ ਕਿ ਤੁਸੀਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹੋ।—ਗਲਾ. 6:1.
‘ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਓ’
13. ਜੇ ਅਸੀਂ ਅਫ਼ਸੀਆਂ 4:25-32 ਵਿਚ ਦਿੱਤੀ ਸਲਾਹ ਉੱਤੇ ਨਹੀਂ ਚੱਲਦੇ, ਤਾਂ ਇਸ ਦਾ ਨਤੀਜਾ ਕੀ ਨਿਕਲੇਗਾ?
13 ਅਫ਼ਸੀਆਂ 4:25-29 ਵਿਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਇਹ ਹਨ ਝੂਠ ਬੋਲਣਾ, ਗੁੱਸਾ ਕਰਨਾ, ਕੰਮਚੋਰ ਬਣਨਾ ਅਤੇ ਦੂਸਰਿਆਂ ਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਕਰਨ ਦੀ ਬਜਾਇ ਗੰਦੀਆਂ ਗੱਲਾਂ ਕਰਨੀਆਂ। ਜੇ ਕੋਈ ਮਸੀਹੀ ਇਸ ਸਲਾਹ ਉੱਤੇ ਨਹੀਂ ਚੱਲਦਾ, ਤਾਂ ਉਹ ਪਰਮੇਸ਼ੁਰ ਦੀ ਸ਼ਕਤੀ ਨੂੰ ਨਾਰਾਜ਼ ਕਰਦਾ ਹੈ ਕਿਉਂਕਿ ਪਵਿੱਤਰ ਸ਼ਕਤੀ ਹੀ ਇਨਸਾਨਾਂ ਵਿਚ ਏਕਤਾ ਕਾਇਮ ਕਰਦੀ ਹੈ। (ਅਫ਼. 4:30) ਸ਼ਾਂਤੀ ਅਤੇ ਏਕਤਾ ਕਾਇਮ ਕਰਨ ਲਈ ਪੌਲੁਸ ਦੀ ਅਗਲੀ ਸਲਾਹ ʼਤੇ ਚੱਲਣਾ ਵੀ ਜ਼ਰੂਰੀ ਹੈ: “ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ। ਇਸ ਦੀ ਬਜਾਇ, ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਮਸੀਹ ਦੁਆਰਾ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ।”—ਅਫ਼. 4:31, 32.
14. (ੳ) ਪੌਲੁਸ ਨੇ ‘ਪਿਆਰ ਨਾਲ ਪੇਸ਼ ਆਉਣ’ ਦੀ ਸਲਾਹ ਕਿਉਂ ਦਿੱਤੀ ਸੀ? (ਅ) ਇਸ ਸਲਾਹ ʼਤੇ ਚੱਲਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
14 ਪੌਲੁਸ ਨੇ ‘ਪਿਆਰ ਨਾਲ ਪੇਸ਼ ਆਉਣ’ ਦੀ ਸਲਾਹ ਕਿਉਂ ਦਿੱਤੀ ਸੀ? ਕਿਉਂਕਿ ਅਸੀਂ ਕਈ ਵਾਰ ਦੂਜਿਆਂ ਨਾਲ ਪਿਆਰ ਨਾਲ ਪੇਸ਼ ਨਹੀਂ ਆਉਂਦੇ ਅਤੇ ਸਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਨਾਲੋਂ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਪਹਿਲ ਦੇਣੀ ਸਿੱਖੀਏ। (ਫ਼ਿਲਿ. 2:4) ਅਸੀਂ ਸ਼ਾਇਦ ਕਿਸੇ ਬਾਰੇ ਕੋਈ ਗੱਲ ਕਹਿਣ ਬਾਰੇ ਸੋਚੀਏ ਜਿਸ ਨੂੰ ਸੁਣ ਕੇ ਲੋਕਾਂ ਨੂੰ ਹਾਸਾ ਆਵੇ ਜਾਂ ਉਨ੍ਹਾਂ ਨੂੰ ਲੱਗੇ ਕਿ ਅਸੀਂ ਬੜੇ ਹੁਸ਼ਿਆਰ ਹਾਂ। ਪਰ ਕੀ ਉਹ ਗੱਲ ਕਹਿ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਦੂਸਰਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦੇ ਹਾਂ? ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ ਲਈ ਸਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਪਰਿਵਾਰ ਵਿਚ ਪਿਆਰ ਅਤੇ ਆਦਰ ਕਰਨਾ ਸਿੱਖੋ
15. ਅਫ਼ਸੀਆਂ 5:28 ਵਿਚ ਦਿੱਤੀ ਸਲਾਹ ਪਤੀਆਂ ਦੀ ਮਸੀਹ ਦੀ ਮਿਸਾਲ ਉੱਤੇ ਚੱਲਣ ਵਿਚ ਕਿਵੇਂ ਮਦਦ ਕਰਦੀ ਹੈ?
15 ਬਾਈਬਲ ਵਿਚ ਮੰਡਲੀ ਨਾਲ ਮਸੀਹ ਦੇ ਰਿਸ਼ਤੇ ਦੀ ਤੁਲਨਾ ਪਤੀ-ਪਤਨੀ ਦੇ ਰਿਸ਼ਤੇ ਨਾਲ ਕੀਤੀ ਗਈ ਹੈ। ਮਸੀਹ ਦੀ ਮਿਸਾਲ ਤੋਂ ਪਤੀ ਸਿੱਖਦਾ ਹੈ ਕਿ ਉਹ ਆਪਣੀ ਪਤਨੀ ਨਾਲ ਪਿਆਰ ਕਰੇ ਤੇ ਉਸ ਦਾ ਧਿਆਨ ਰੱਖੇ ਅਤੇ ਉਸ ਨੂੰ ਸੇਧ ਦੇਵੇ। ਮਸੀਹ ਦੀ ਮਿਸਾਲ ਤੋਂ ਪਤਨੀ ਸਿੱਖਦੀ ਹੈ ਕਿ ਉਹ ਆਪਣੇ ਪਤੀ ਦੇ ਅਧੀਨ ਰਹੇ। (ਅਫ਼. 5:22-33) ਪੌਲੁਸ ਨੇ ਲਿਖਿਆ: “ਇਸੇ ਤਰ੍ਹਾਂ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ।” (ਅਫ਼. 5:28) ਪਤੀਆਂ ਨੂੰ ਕਿਸ ਤਰ੍ਹਾਂ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ? ਪਿਛਲੀਆਂ ਆਇਤਾਂ ਵਿਚ ਪੌਲੁਸ ਦੀ ਸਲਾਹ ਤੋਂ ਪਤਾ ਲੱਗਦਾ ਹੈ ਕਿ ਪਤੀਆਂ ਨੂੰ ਉਸੇ ਤਰ੍ਹਾਂ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ “ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ, ਤਾਂਕਿ ਉਹ ਇਸ ਨੂੰ ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਪਵਿੱਤਰ ਕਰੇ।” ਇਸ ਲਈ ਪਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਰੱਖਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੇ। ਇਸ ਤਰ੍ਹਾਂ ਕਰ ਕੇ ਉਹ ਦਿਖਾਉਂਦਾ ਹੈ ਕਿ ਉਹ ਯਹੋਵਾਹ ਦੇ ਮਕਸਦ ਅਨੁਸਾਰ ਕੰਮ ਕਰ ਰਿਹਾ ਹੈ ਜੋ ਸਾਰਿਆਂ ਨੂੰ ਮਸੀਹ ਦੇ ਅਧੀਨ ਏਕਤਾ ਵਿਚ ਲਿਆਉਣਾ ਚਾਹੁੰਦਾ ਹੈ।
16. ਮਾਤਾ-ਪਿਤਾ ਦੁਆਰਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਕੀ ਨਤੀਜਾ ਨਿਕਲਦਾ ਹੈ?
16 ਮਾਤਾ-ਪਿਤਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਲੋਕ “ਨਿਰਮੋਹੀ” ਬਣ ਗਏ ਹਨ। (2 ਤਿਮੋ. 3:1, 3) ਅਣਗਿਣਤ ਆਦਮੀ ਆਪਣੇ ਪਰਿਵਾਰਾਂ ਦੀ ਦੇਖ-ਭਾਲ ਨਹੀਂ ਕਰਦੇ ਜਿਸ ਕਰਕੇ ਉਨ੍ਹਾਂ ਦੇ ਬੱਚੇ ਰੁਲ਼ ਜਾਂਦੇ ਹਨ। ਪਰ ਪੌਲੁਸ ਨੇ ਮਸੀਹੀ ਪਿਤਾਵਾਂ ਨੂੰ ਸਲਾਹ ਦਿੱਤੀ: “ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।” (ਅਫ਼. 6:4) ਪਰਿਵਾਰ ਵਿਚ ਹੀ ਬੱਚੇ ਪਿਆਰ ਕਰਨਾ ਅਤੇ ਦੂਸਰਿਆਂ ਦਾ ਆਦਰ ਕਰਨਾ ਸਿੱਖਦੇ ਹਨ। ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਉਂਦੇ ਹਨ, ਉਹ ਯਹੋਵਾਹ ਦੇ ਪ੍ਰਬੰਧ ਅਨੁਸਾਰ ਕੰਮ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਉਹ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਅਤੇ ਉੱਚੀ-ਉੱਚੀ ਬੋਲ ਕੇ ਆਪਣੇ ਬੱਚਿਆਂ ਨੂੰ ਨਾ ਝਿੜਕਣ ਜਾਂ ਚੁੱਭਵੀਆਂ ਗੱਲਾਂ ਨਾ ਕਹਿਣ, ਸਗੋਂ ਘਰ ਵਿਚ ਪਿਆਰ-ਭਰਿਆ ਮਾਹੌਲ ਪੈਦਾ ਕਰਨ ਅਤੇ ਪਿਆਰ ਤੇ ਆਦਰ ਕਰਨਾ ਸਿਖਾਉਣ। ਇੱਦਾਂ ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਰਹਿਣ ਲਈ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਹਨ।
17. ਸ਼ੈਤਾਨ ਦਾ ਮੁਕਾਬਲਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
17 ਯਾਦ ਰੱਖੋ ਕਿ ਸ਼ੈਤਾਨ, ਜਿਸ ਨੇ ਦੁਨੀਆਂ ਦੀ ਸ਼ਾਂਤੀ ਭੰਗ ਕੀਤੀ ਸੀ, ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਰੋਕਣ ਦੀ ਹਰ ਕੋਸ਼ਿਸ਼ ਕਰਦਾ ਹੈ। ਤਲਾਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਲੋਕ ਵਿਆਹ ਕਰਾਏ ਬਿਨਾਂ ਇਕੱਠੇ ਰਹਿੰਦੇ ਹਨ ਅਤੇ ਸਮਾਜ ਵਿਚ ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਮਿਲ ਰਹੀ ਹੈ। ਸ਼ੈਤਾਨ ਤਾਂ ਇਹੀ ਚਾਹੁੰਦਾ ਹੈ। ਪਰ ਅਸੀਂ ਆਪਣਾ ਚਾਲ-ਚਲਣ ਦੁਨੀਆਂ ਦੇ ਲੋਕਾਂ ਮੁਤਾਬਕ ਨਹੀਂ ਢਾਲਦੇ। ਅਸੀਂ ਮਸੀਹ ਦੀ ਮਿਸਾਲ ਉੱਤੇ ਚੱਲਦੇ ਹਾਂ। (ਅਫ਼. 4:17-21) ਇਸ ਲਈ ਸਾਨੂੰ ਸਲਾਹ ਦਿੱਤੀ ਗਈ ਹੈ ਕਿ ਸ਼ੈਤਾਨ ਅਤੇ ਦੁਸ਼ਟ ਦੂਤਾਂ ਦਾ ਮੁਕਾਬਲਾ ਕਰਨ ਲਈ ਅਸੀਂ ‘ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ ਲਈਏ ਅਤੇ ਬਸਤਰ ਪਹਿਨ ਲਈਏ।’—ਅਫ਼ਸੀਆਂ 6:10-13 ਪੜ੍ਹੋ।
“ਪਿਆਰ ਕਰਦੇ ਰਹੋ”
18. ਏਕਤਾ ਕਾਇਮ ਕਰਨ ਲਈ ਕੀ ਹੋਣਾ ਜ਼ਰੂਰੀ ਹੈ?
18 ਏਕਤਾ ਕਾਇਮ ਕਰਨ ਲਈ ਪਿਆਰ ਹੋਣਾ ਜ਼ਰੂਰੀ ਹੈ। ਸਾਡੇ ਦਿਲਾਂ ਵਿਚ ਆਪਣੇ “ਪ੍ਰਭੂ” ਯਿਸੂ ਮਸੀਹ ਲਈ, “ਪਰਮੇਸ਼ੁਰ” ਯਹੋਵਾਹ ਲਈ ਅਤੇ ਇਕ-ਦੂਸਰੇ ਲਈ ਪਿਆਰ ਹੈ। ਇਸ ਕਰਕੇ ਅਸੀਂ ‘ਇਕ-ਦੂਜੇ ਨਾਲ ਬਣਾ ਕੇ ਰੱਖਣ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ’ ਹਾਂ। (ਅਫ਼. 4:3-6) ਯਿਸੂ ਨੇ ਅਜਿਹੇ ਪਿਆਰ ਲਈ ਬੇਨਤੀ ਕੀਤੀ ਸੀ: “ਮੈਂ ਸਿਰਫ਼ ਇਨ੍ਹਾਂ ਲਈ ਹੀ ਫ਼ਰਿਆਦ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਵੀ ਕਰਦਾ ਹਾਂ ਜਿਹੜੇ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੇ ਉੱਤੇ ਨਿਹਚਾ ਕਰਦੇ ਹਨ; ਤਾਂਕਿ ਸਾਰਿਆਂ ਵਿਚ ਏਕਤਾ ਹੋਵੇ, ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਉਹ ਵੀ ਸਾਡੇ ਨਾਲ ਏਕਤਾ ਵਿਚ ਬੱਝੇ ਰਹਿਣ, . . . ਅਤੇ ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ ਤਾਂਕਿ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ, ਉਹ ਵੀ ਉਸੇ ਤਰ੍ਹਾਂ ਪਿਆਰ ਕਰਨ ਅਤੇ ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਰਹਾਂ।”—ਯੂਹੰ. 17:20, 21, 26.
19. ਤੁਸੀਂ ਕੀ ਇਰਾਦਾ ਕੀਤਾ ਹੈ?
19 ਸਾਨੂੰ ਸ਼ਾਇਦ ਆਪਣੇ ਸੁਭਾਅ ਨੂੰ ਸੁਧਾਰਨਾ ਮੁਸ਼ਕਲ ਲੱਗੇ। ਇਸ ਲਈ ਪਰਮੇਸ਼ੁਰ ਨਾਲ ਅਤੇ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ: “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” (ਜ਼ਬੂ. 86:11) ਆਓ ਆਪਾਂ ਪੂਰੀ ਕੋਸ਼ਿਸ਼ ਕਰ ਕੇ ਸ਼ੈਤਾਨ ਨੂੰ ਰੋਕੀਏ ਕਿ ਉਹ ਸਾਨੂੰ ਆਪਣੇ ਪਿਆਰੇ ਪਿਤਾ ਯਹੋਵਾਹ ਅਤੇ ਭੈਣਾਂ-ਭਰਾਵਾਂ ਤੋਂ ਦੂਰ ਨਾ ਕਰੇ। ਨਾਲੇ ‘ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰਨ’ ਅਤੇ ਪਰਿਵਾਰ ਦੇ ਮੈਂਬਰਾਂ, ਭੈਣਾਂ-ਭਰਾਵਾਂ ਅਤੇ ਹੋਰ ਲੋਕਾਂ ਨਾਲ ‘ਪਿਆਰ ਕਰਦੇ ਰਹਿਣ’ ਦਾ ਪੂਰਾ ਜਤਨ ਕਰਦੇ ਰਹੀਏ।—ਅਫ਼. 5:1, 2.
[ਸਫ਼ਾ 29 ਉੱਤੇ ਤਸਵੀਰ]
ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਕੇ ਉਹ ਆਪਣੇ ਭਰਾ ਨਾਲ ਸੁਲ੍ਹਾ ਕਰਨ ਜਾਂਦਾ ਹੈ
[ਸਫ਼ਾ 31 ਉੱਤੇ ਤਸਵੀਰ]
ਮਾਪਿਓ, ਆਪਣੇ ਬੱਚਿਆਂ ਨੂੰ ਦੂਸਰਿਆਂ ਦਾ ਆਦਰ ਕਰਨਾ ਸਿਖਾਓ