ਯਿਸੂ ਨਿਮਰਤਾ ਦੀ ਮਿਸਾਲ ਹੈ
“ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।”—ਯੂਹੰ. 13:15.
ਤੁਸੀਂ ਕੀ ਜਵਾਬ ਦਿਓਗੇ?
ਧਰਤੀ ਉੱਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਪੁੱਤਰ ਨੇ ਨਿਮਰਤਾ ਕਿਵੇਂ ਦਿਖਾਈ?
ਇਨਸਾਨ ਦੇ ਰੂਪ ਵਿਚ ਯਿਸੂ ਨੇ ਨਿਮਰਤਾ ਕਿਵੇਂ ਦਿਖਾਈ?
ਯਿਸੂ ਦੀ ਨਿਮਰਤਾ ਕਰਕੇ ਕੀ ਫ਼ਾਇਦੇ ਹੋਏ ਹਨ?
1, 2. ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹੜਾ ਸਬਕ ਸਿਖਾਇਆ ਸੀ?
ਧਰਤੀ ਉੱਤੇ ਯਿਸੂ ਨੇ ਆਪਣੀ ਆਖ਼ਰੀ ਰਾਤ ਆਪਣੇ ਰਸੂਲਾਂ ਨਾਲ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਬਿਤਾਈ ਸੀ। ਉਸ ਰਾਤ ਖਾਣਾ ਖਾਂਦੇ-ਖਾਂਦੇ ਯਿਸੂ ਉੱਠਿਆ ਤੇ ਉਸ ਨੇ ਆਪਣਾ ਚੋਗਾ ਲਾਹ ਕੇ ਇਕ ਪਾਸੇ ਰੱਖਿਆ। ਉਸ ਨੇ ਆਪਣੇ ਲੱਕ ਦੁਆਲੇ ਇਕ ਤੌਲੀਆ ਬੰਨ੍ਹਿਆ ਤੇ ਇਕ ਬਾਟੇ ਵਿਚ ਪਾਣੀ ਲੈ ਕੇ ਰਸੂਲਾਂ ਦੇ ਪੈਰ ਧੋਤੇ ਅਤੇ ਤੌਲੀਏ ਨਾਲ ਪੂੰਝੇ। ਫਿਰ ਉਸ ਨੇ ਆਪਣਾ ਚੋਗਾ ਪਾ ਲਿਆ। ਯਿਸੂ ਨੇ ਨਿਮਰ ਬਣ ਕੇ ਆਪਣੇ ਚੇਲਿਆਂ ਦੇ ਪੈਰ ਕਿਉਂ ਧੋਤੇ ਸਨ?—ਯੂਹੰ. 13:3-5.
2 ਯਿਸੂ ਨੇ ਆਪ ਸਮਝਾਇਆ ਸੀ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? . . . ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਇਕ-ਦੂਸਰੇ ਦੇ ਪੈਰ ਧੋਣੇ ਚਾਹੀਦੇ ਹਨ। ਕਿਉਂਕਿ ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।” (ਯੂਹੰ. 13:12-15) ਆਮ ਤੌਰ ਤੇ ਨੌਕਰ ਜਾਂ ਗ਼ੁਲਾਮ ਪੈਰ ਧੋਂਦੇ ਸਨ, ਪਰ ਯਿਸੂ ਨੇ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਨਿਮਰਤਾ ਦਾ ਸਬਕ ਸਿਖਾਇਆ ਜੋ ਜ਼ਿੰਦਗੀ ਭਰ ਉਨ੍ਹਾਂ ਨੂੰ ਯਾਦ ਰਿਹਾ ਅਤੇ ਉਨ੍ਹਾਂ ਨੂੰ ਨਿਮਰ ਬਣਨ ਦੀ ਪ੍ਰੇਰਣਾ ਦਿੰਦਾ ਰਿਹਾ।
3. (ੳ) ਦੋ ਮੌਕਿਆਂ ʼਤੇ ਯਿਸੂ ਨੇ ਨਿਮਰ ਬਣਨ ਦੀ ਅਹਿਮੀਅਤ ਉੱਤੇ ਕਿਵੇਂ ਜ਼ੋਰ ਦਿੱਤਾ ਸੀ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
3 ਇਸ ਤੋਂ ਪਹਿਲਾਂ ਵੀ ਯਿਸੂ ਨੇ ਆਪਣੇ ਰਸੂਲਾਂ ਨੂੰ ਸਿਖਾਇਆ ਸੀ ਕਿ ਨਿਮਰ ਬਣਨਾ ਕਿੰਨਾ ਜ਼ਰੂਰੀ ਹੈ। ਇਕ ਵਾਰ ਜਦੋਂ ਉਸ ਦੇ ਰਸੂਲ ਇਕ-ਦੂਜੇ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਯਿਸੂ ਨੇ ਇਕ ਬੱਚੇ ਨੂੰ ਆਪਣੇ ਕੋਲ ਬਿਠਾਇਆ ਅਤੇ ਉਨ੍ਹਾਂ ਨੂੰ ਕਿਹਾ: “ਜੋ ਕੋਈ ਮੇਰੀ ਖ਼ਾਤਰ ਇਸ ਬੱਚੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ। ਤੁਹਾਡੇ ਸਾਰਿਆਂ ਵਿੱਚੋਂ ਜੋ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ, ਉਹੀ ਵੱਡਾ ਹੈ।” (ਲੂਕਾ 9:46-48) ਯਿਸੂ ਜਾਣਦਾ ਸੀ ਕਿ ਫ਼ਰੀਸੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦੇ ਸਨ, ਇਸ ਲਈ ਉਸ ਨੇ ਕਿਹਾ ਸੀ: “ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।” (ਲੂਕਾ 14:11) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਚਾਹੁੰਦਾ ਹੈ ਕਿ ਉਸ ਦੇ ਚੇਲੇ ਨਿਮਰ ਬਣਨ ਅਤੇ ਉਨ੍ਹਾਂ ਵਿਚ ਘਮੰਡ ਜਾਂ ਹੰਕਾਰ ਨਾ ਹੋਵੇ। ਆਓ ਆਪਾਂ ਉਸ ਦੀ ਨਿਮਰਤਾ ਦੀ ਮਿਸਾਲ ਬਾਰੇ ਗੱਲ ਕਰੀਏ ਤਾਂਕਿ ਅਸੀਂ ਵੀ ਉਸ ਦੀ ਮਿਸਾਲ ਉੱਤੇ ਚੱਲ ਸਕੀਏ। ਅਸੀਂ ਇਹ ਵੀ ਦੇਖਾਂਗੇ ਕਿ ਨਾ ਸਿਰਫ਼ ਨਿਮਰਤਾ ਦਿਖਾਉਣ ਵਾਲੇ ਨੂੰ, ਸਗੋਂ ਦੂਜਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ।
‘ਮੈਂ ਪਿੱਛੇ ਨਾ ਹਟਿਆ’
4. ਧਰਤੀ ਉੱਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੇ ਕਿਵੇਂ ਨਿਮਰਤਾ ਦਿਖਾਈ ਸੀ?
4 ਧਰਤੀ ਉੱਤੇ ਆਉਣ ਤੋਂ ਪਹਿਲਾਂ ਵੀ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਨਿਮਰ ਸੀ। ਸਵਰਗ ਵਿਚ ਯਿਸੂ ਨੇ ਆਪਣੇ ਪਿਤਾ ਨਾਲ ਅਰਬਾਂ ਸਾਲ ਗੁਜ਼ਾਰੇ ਸਨ। ਯਸਾਯਾਹ ਦੀ ਕਿਤਾਬ ਵਿਚ ਪੁੱਤਰ ਤੇ ਪਿਤਾ ਦੇ ਗੂੜ੍ਹੇ ਰਿਸ਼ਤੇ ਬਾਰੇ ਕਿਹਾ ਗਿਆ ਹੈ: “ਪ੍ਰਭੁ ਯਹੋਵਾਹ ਨੇ ਮੈਨੂੰ ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਈ ਮੈਂ ਚੇਲਿਆਂ ਵਾਂਙੁ ਸੁਣਾਂ। ਪ੍ਰਭੁ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ, ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ।” (ਯਸਾ. 50:4, 5) ਯਹੋਵਾਹ ਪਰਮੇਸ਼ੁਰ ਦੇ ਪੁੱਤਰ ਨੇ ਨਿਮਰ ਬਣ ਕੇ ਉਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦਿੱਤਾ ਜੋ ਪਰਮੇਸ਼ੁਰ ਉਸ ਨੂੰ ਸਿਖਾਉਂਦਾ ਸੀ। ਉਸ ਦੇ ਦਿਲ ਵਿਚ ਇੱਛਾ ਸੀ ਕਿ ਉਹ ਸੱਚੇ ਪਰਮੇਸ਼ੁਰ ਤੋਂ ਸਿੱਖੇ। ਯਿਸੂ ਨੇ ਧਿਆਨ ਨਾਲ ਦੇਖਿਆ ਹੋਣਾ ਕਿ ਯਹੋਵਾਹ ਨੇ ਪਾਪੀ ਮਨੁੱਖਜਾਤੀ ʼਤੇ ਕਿੰਨੀ ਦਇਆ ਕੀਤੀ।
5. ਮਹਾਂ ਦੂਤ ਮੀਕਾਏਲ ਵਜੋਂ ਯਿਸੂ ਨੇ ਸ਼ੈਤਾਨ ਨਾਲ ਬਹਿਸ ਹੋਣ ʼਤੇ ਨਿਮਰਤਾ ਕਿਵੇਂ ਦਿਖਾਈ ਸੀ?
5 ਪਰ ਸਵਰਗ ਵਿਚ ਸਾਰੇ ਦੂਤ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਵਾਂਗ ਨਿਮਰ ਨਹੀਂ ਸਨ। ਇਕ ਦੂਤ ਜੋ ਸ਼ੈਤਾਨ ਬਣਿਆ, ਯਹੋਵਾਹ ਤੋਂ ਸਿੱਖਣਾ ਨਹੀਂ ਚਾਹੁੰਦਾ ਸੀ। ਉਸ ਨੂੰ ਆਪਣੇ ʼਤੇ ਘਮੰਡ ਸੀ ਤੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਸੀ, ਇਸ ਕਰਕੇ ਉਸ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ। ਦੂਜੇ ਪਾਸੇ, ਯਿਸੂ ਸਵਰਗ ਵਿਚ ਆਪਣੀ ਪਦਵੀ ਤੋਂ ਖ਼ੁਸ਼ ਸੀ ਤੇ ਉਸ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਨ ਬਾਰੇ ਕਦੇ ਨਹੀਂ ਸੋਚਿਆ। ਮਿਸਾਲ ਲਈ, ਮਹਾਂ ਦੂਤ ਮੀਕਾਏਲ ਵਜੋਂ ਯਿਸੂ ਉਦੋਂ ਆਪਣੀ ਹੱਦ ਤੋਂ ਬਾਹਰ ਨਹੀਂ ਗਿਆ ਜਦੋਂ ਉਸ ਦੀ ‘ਸ਼ੈਤਾਨ ਨਾਲ ਮੂਸਾ ਦੀ ਲਾਸ਼ ਬਾਰੇ ਬਹਿਸ ਹੋਈ ਸੀ।’ ਉਸ ਵੇਲੇ ਪਰਮੇਸ਼ੁਰ ਦੇ ਪੁੱਤਰ ਨੇ ਨਿਮਰਤਾ ਦਿਖਾਈ। ਉਸ ਨੇ ਇਹ ਮਾਮਲਾ ਸਾਰੀ ਦੁਨੀਆਂ ਦੇ ਨਿਆਂਕਾਰ ਯਹੋਵਾਹ ਦੇ ਹੱਥ ਵਿਚ ਛੱਡ ਦਿੱਤਾ ਕਿ ਉਹ ਇਸ ਨੂੰ ਆਪਣੇ ਸਮੇਂ ʼਤੇ ਆਪਣੇ ਤਰੀਕੇ ਨਾਲ ਨਜਿੱਠੇ।—ਯਹੂਦਾਹ 9 ਪੜ੍ਹੋ।
6. ਧਰਤੀ ਉੱਤੇ ਮਸੀਹ ਵਜੋਂ ਆਉਣਾ ਯਿਸੂ ਦੀ ਨਿਮਰਤਾ ਦਾ ਸਬੂਤ ਕਿਵੇਂ ਸੀ?
6 ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਨੇ ਕਈ ਭਵਿੱਖਬਾਣੀਆਂ ਬਾਰੇ ਸਿੱਖਿਆ ਸੀ ਕਿ ਜਦੋਂ ਉਹ ਮਸੀਹ ਵਜੋਂ ਧਰਤੀ ਉੱਤੇ ਆਵੇਗਾ, ਤਾਂ ਉਸ ਨੂੰ ਕੀ-ਕੀ ਸਹਿਣਾ ਪਵੇਗਾ। ਪਰ ਫਿਰ ਵੀ ਉਹ ਧਰਤੀ ਉੱਤੇ ਆਇਆ ਅਤੇ ਵਾਅਦਾ ਕੀਤੇ ਹੋਏ ਮਸੀਹ ਵਜੋਂ ਆਪਣੀ ਕੁਰਬਾਨੀ ਦਿੱਤੀ। ਕਿਉਂ? ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੀ ਨਿਮਰਤਾ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਭਾਵੇਂ ਉਹ ਪਰਮੇਸ਼ੁਰ ਵਰਗਾ ਸੀ, ਫਿਰ ਵੀ ਉਸ ਨੇ ਪਰਮੇਸ਼ੁਰ ਦੇ ਬਰਾਬਰ ਬਣਨ ਲਈ ਉਸ ਦੇ ਅਧਿਕਾਰ ਉੱਤੇ ਕਬਜ਼ਾ ਕਰਨ ਬਾਰੇ ਨਹੀਂ ਸੋਚਿਆ। ਇਸ ਦੀ ਬਜਾਇ, ਉਹ ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ ਅਤੇ ਇਨਸਾਨ ਦੇ ਰੂਪ ਵਿਚ ਆਇਆ।”—ਫ਼ਿਲਿ. 2:6, 7.
ਇਨਸਾਨ ਵਜੋਂ “ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ”
7, 8. ਯਿਸੂ ਨੇ ਬਚਪਨ ਵਿਚ ਅਤੇ ਵੱਡਾ ਹੋ ਕੇ ਆਪਣੀ ਸੇਵਕਾਈ ਦੌਰਾਨ ਨਿਮਰਤਾ ਕਿਵੇਂ ਦਿਖਾਈ ਸੀ?
7 ਪੌਲੁਸ ਨੇ ਲਿਖਿਆ: “ਜਦੋਂ [ਯਿਸੂ] ਇਨਸਾਨ ਬਣ ਕੇ ਆਇਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ।” (ਫ਼ਿਲਿ. 2:8) ਬਚਪਨ ਤੋਂ ਹੀ ਯਿਸੂ ਨਿਮਰ ਸੀ। ਭਾਵੇਂ ਉਸ ਦੇ ਮਾਤਾ-ਪਿਤਾ ਯੂਸੁਫ਼ ਤੇ ਮਰੀਅਮ ਨਾਮੁਕੰਮਲ ਸਨ, ਫਿਰ ਵੀ ਉਹ “ਉਨ੍ਹਾਂ ਦੇ ਅਧੀਨ ਰਿਹਾ।” (ਲੂਕਾ 2:51) ਉਸ ਨੇ ਬੱਚਿਆਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਜਿਹੜੇ ਬੱਚੇ ਆਪਣੇ ਮਾਪਿਆਂ ਦੇ ਅਧੀਨ ਰਹਿੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਤੋਂ ਬਰਕਤਾਂ ਮਿਲਣਗੀਆਂ।
8 ਵੱਡਾ ਹੋ ਕੇ ਵੀ ਯਿਸੂ ਨਿਮਰ ਰਿਹਾ। ਉਸ ਨੇ ਆਪਣੀ ਇੱਛਾ ਦੀ ਬਜਾਇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੱਤੀ। (ਯੂਹੰ. 4:34) ਆਪਣੀ ਸੇਵਕਾਈ ਦੌਰਾਨ ਯਿਸੂ ਮਸੀਹ ਨੇ ਪਰਮੇਸ਼ੁਰ ਦਾ ਨਾਂ ਵਰਤਿਆ ਅਤੇ ਨੇਕਦਿਲ ਲੋਕਾਂ ਨੂੰ ਯਹੋਵਾਹ ਦੇ ਗੁਣਾਂ ਅਤੇ ਮਨੁੱਖਜਾਤੀ ਲਈ ਉਸ ਦੇ ਮਕਸਦ ਦਾ ਸਹੀ ਗਿਆਨ ਦਿੱਤਾ। ਯਿਸੂ ਯਹੋਵਾਹ ਬਾਰੇ ਜੋ ਕੁਝ ਸਿਖਾਉਂਦਾ ਸੀ, ਉਸ ਮੁਤਾਬਕ ਉਹ ਆਪ ਵੀ ਚੱਲਦਾ ਸੀ। ਮਿਸਾਲ ਲਈ, ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ ਪਹਿਲੀ ਗੱਲ ਇਹ ਕਹੀ ਸੀ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਨ੍ਹਾਂ ਲਈ ਪਰਮੇਸ਼ੁਰ ਦਾ ਨਾਂ ਪਵਿੱਤਰ ਕਰਨਾ ਹੀ ਸਭ ਤੋਂ ਜ਼ਰੂਰੀ ਹੈ। ਉਸ ਨੇ ਆਪ ਵੀ ਇਸ ਤਰ੍ਹਾਂ ਕੀਤਾ। ਧਰਤੀ ਉੱਤੇ ਆਪਣੀ ਸੇਵਕਾਈ ਦੇ ਅਖ਼ੀਰ ਵਿਚ ਯਿਸੂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿ ਸਕਿਆ: “ਮੈਂ [ਰਸੂਲਾਂ] ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ।” (ਯੂਹੰ. 17:26) ਇਸ ਤੋਂ ਇਲਾਵਾ, ਆਪਣੀ ਸੇਵਕਾਈ ਦੌਰਾਨ ਯਿਸੂ ਨੇ ਜੋ ਵੀ ਕੀਤਾ ਸੀ, ਉਸ ਦਾ ਸਿਹਰਾ ਯਹੋਵਾਹ ਨੂੰ ਦਿੱਤਾ।—ਯੂਹੰ. 5:19.
9. ਜ਼ਕਰਯਾਹ ਨੇ ਮਸੀਹ ਬਾਰੇ ਕੀ ਭਵਿੱਖਬਾਣੀ ਕੀਤੀ ਸੀ ਅਤੇ ਯਿਸੂ ਨੇ ਇਹ ਭਵਿੱਖਬਾਣੀ ਕਿਵੇਂ ਪੂਰੀ ਕੀਤੀ?
9 ਜ਼ਕਰਯਾਹ ਨੇ ਮਸੀਹ ਬਾਰੇ ਭਵਿੱਖਬਾਣੀ ਕੀਤੀ ਸੀ: “ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।” (ਜ਼ਕ. 9:9) ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਸੀ ਜਦੋਂ ਯਿਸੂ 33 ਈ. ਵਿਚ ਪਸਾਹ ਦੇ ਤਿਉਹਾਰ ਤੋਂ ਪਹਿਲਾਂ ਯਰੂਸ਼ਲਮ ਆਇਆ ਸੀ। ਲੋਕਾਂ ਨੇ ਆਪਣੇ ਚੋਗੇ ਲਾਹ ਕੇ ਉਸ ਅੱਗੇ ਸੜਕ ʼਤੇ ਵਿਛਾ ਦਿੱਤੇ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਵਿਛਾ ਦਿੱਤੀਆਂ। ਉਸ ਦੇ ਆਉਣ ਨਾਲ ਪੂਰੇ ਸ਼ਹਿਰ ਵਿਚ ਹਲਚਲ ਮੱਚ ਗਈ ਸੀ। ਭਾਵੇਂ ਲੋਕਾਂ ਨੇ ਰਾਜੇ ਵਜੋਂ ਯਿਸੂ ਦਾ ਸੁਆਗਤ ਕੀਤਾ ਸੀ, ਫਿਰ ਵੀ ਉਹ ਨਿਮਰ ਰਿਹਾ।—ਮੱਤੀ 21:4-11.
10. ਮੌਤ ਤਕ ਵਫ਼ਾਦਾਰ ਰਹਿ ਕੇ ਯਿਸੂ ਨੇ ਕੀ ਸਾਬਤ ਕੀਤਾ?
10 ਯਿਸੂ ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਨਿਮਰ ਤੇ ਆਗਿਆਕਾਰ ਰਿਹਾ। ਇਸ ਤਰ੍ਹਾਂ ਉਸ ਨੇ ਇਹ ਗੱਲ ਪੂਰੀ ਤਰ੍ਹਾਂ ਸਾਬਤ ਕਰ ਦਿੱਤੀ ਕਿ ਇਨਸਾਨ ਔਖੀ ਤੋਂ ਔਖੀ ਪਰੀਖਿਆ ਵਿਚ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਨ। ਯਿਸੂ ਨੇ ਸ਼ੈਤਾਨ ਦਾ ਇਹ ਦਾਅਵਾ ਵੀ ਝੂਠਾ ਸਾਬਤ ਕੀਤਾ ਕਿ ਇਨਸਾਨ ਆਪਣੇ ਸੁਆਰਥ ਲਈ ਹੀ ਯਹੋਵਾਹ ਦੀ ਭਗਤੀ ਕਰਦੇ ਹਨ। (ਅੱਯੂ. 1:9-11; 2:4) ਯਿਸੂ ਮਸੀਹ ਦੀ ਵਫ਼ਾਦਾਰੀ ਤੋਂ ਇਹ ਵੀ ਸਾਬਤ ਹੋਇਆ ਕਿ ਯਹੋਵਾਹ ਨੂੰ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਸ ਦਾ ਰਾਜ ਕਰਨ ਦਾ ਤਰੀਕਾ ਹੀ ਸਹੀ ਹੈ। ਆਪਣੇ ਨਿਮਰ ਪੁੱਤਰ ਦੀ ਵਫ਼ਾਦਾਰੀ ਦੇਖ ਕੇ ਯਹੋਵਾਹ ਨੂੰ ਜ਼ਰੂਰ ਖ਼ੁਸ਼ੀ ਹੋਈ ਹੋਣੀ।—ਕਹਾਉਤਾਂ 27:11 ਪੜ੍ਹੋ।
11. ਯਿਸੂ ਮਸੀਹ ਦੀ ਕੁਰਬਾਨੀ ਕਰਕੇ ਨਿਹਚਾ ਕਰਨ ਵਾਲੇ ਇਨਸਾਨਾਂ ਨੂੰ ਕੀ ਮੌਕਾ ਮਿਲਿਆ ਹੈ?
11 ਤਸੀਹੇ ਦੀ ਸੂਲ਼ੀ ਉੱਤੇ ਆਪਣੀ ਜਾਨ ਦੇ ਕੇ ਯਿਸੂ ਨੇ ਇਨਸਾਨਾਂ ਲਈ ਰਿਹਾਈ ਦੀ ਕੀਮਤ ਵੀ ਦਿੱਤੀ। (ਮੱਤੀ 20:28) ਇਸ ਕੁਰਬਾਨੀ ਕਰਕੇ ਯਹੋਵਾਹ ਆਪਣੀਆਂ ਧਰਮੀ ਮੰਗਾਂ ਅਨੁਸਾਰ ਇਨਸਾਨਾਂ ਦੇ ਪਾਪ ਮਾਫ਼ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੰਦਾ ਹੈ। ਪੌਲੁਸ ਨੇ ਲਿਖਿਆ: “ਇਕ ਸਹੀ ਕੰਮ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਜ਼ਿੰਦਗੀ ਮਿਲਦੀ ਹੈ।” (ਰੋਮੀ. 5:18) ਯਿਸੂ ਦੀ ਕੁਰਬਾਨੀ ਕਰਕੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਅਮਰ ਜ਼ਿੰਦਗੀ ਮਿਲੇਗੀ ਅਤੇ “ਹੋਰ ਭੇਡਾਂ” ਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਯੂਹੰ. 10:16; ਰੋਮੀ. 8:16, 17.
‘ਮੈਂ ਮਨ ਦਾ ਹਲੀਮ ਹਾਂ’
12. ਨਾਮੁਕੰਮਲ ਇਨਸਾਨਾਂ ਨਾਲ ਪੇਸ਼ ਆਉਂਦੇ ਵੇਲੇ ਯਿਸੂ ਨੇ ਕਿਵੇਂ ਆਪਣੇ ਨਰਮ ਸੁਭਾਅ ਅਤੇ ਨਿਮਰਤਾ ਦਾ ਸਬੂਤ ਦਿੱਤਾ?
12 ਯਿਸੂ ਨੇ ਸਾਰੇ “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਲੋਕਾਂ ਨੂੰ ਆਪਣੇ ਕੋਲ ਸੱਦਿਆ। ਉਸ ਨੇ ਕਿਹਾ: “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ।” (ਮੱਤੀ 11:28, 29) ਨਰਮ ਸੁਭਾਅ ਅਤੇ ਨਿਮਰਤਾ ਹੋਣ ਕਰਕੇ ਯਿਸੂ ਨਾਮੁਕੰਮਲ ਇਨਸਾਨਾਂ ਨਾਲ ਦਇਆ ਨਾਲ ਪੇਸ਼ ਆਇਆ ਅਤੇ ਉਸ ਨੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ। ਉਹ ਆਪਣੇ ਚੇਲਿਆਂ ਤੋਂ ਹੱਦੋਂ ਵੱਧ ਆਸ ਨਹੀਂ ਰੱਖਦਾ ਸੀ। ਯਿਸੂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਉਸ ਨੇ ਉਨ੍ਹਾਂ ਨੂੰ ਨਿਕੰਮਾ ਜਾਂ ਘਟੀਆ ਮਹਿਸੂਸ ਨਹੀਂ ਕਰਵਾਇਆ। ਯਿਸੂ ਕਿਸੇ ਨਾਲ ਸਖ਼ਤੀ ਨਾਲ ਪੇਸ਼ ਨਹੀਂ ਆਇਆ। ਇਸ ਦੀ ਬਜਾਇ, ਉਸ ਨੇ ਕਿਹਾ: “ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।” ਇਸ ਦਾ ਮਤਲਬ ਹੈ ਕਿ ਉਸ ਦੇ ਚੇਲੇ ਹੋਣ ਦੇ ਨਾਤੇ ਯਿਸੂ ਸਾਨੂੰ ਜੋ ਵੀ ਕਰਨ ਲਈ ਕਹਿੰਦਾ ਹੈ, ਉਹ ਕਰਨਾ ਜ਼ਿਆਦਾ ਔਖਾ ਨਹੀਂ ਹੈ। ਉਸ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਨਾਲ ਦੋਸਤੀ ਕਰ ਕੇ ਅਤੇ ਉਸ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਉਨ੍ਹਾਂ ਨੂੰ ਤਾਜ਼ਗੀ ਮਿਲੇਗੀ। ਇਸੇ ਕਰਕੇ ਸਿਆਣੇ-ਨਿਆਣੇ, ਆਦਮੀ-ਤੀਵੀਆਂ ਸਾਰੇ ਉਸ ਕੋਲ ਆਉਣਾ ਪਸੰਦ ਕਰਦੇ ਸਨ।—ਮੱਤੀ 11:30.
13. ਯਿਸੂ ਨੇ ਦੁੱਖਾਂ ਦੇ ਮਾਰੇ ਲੋਕਾਂ ਲਈ ਹਮਦਰਦੀ ਕਿਵੇਂ ਦਿਖਾਈ?
13 ਯਿਸੂ ਨੂੰ ਦੱਬੇ-ਕੁਚਲ਼ੇ ਤੇ ਦੁੱਖਾਂ ਦੇ ਮਾਰੇ ਲੋਕਾਂ ਨਾਲ ਹਮਦਰਦੀ ਸੀ ਅਤੇ ਉਸ ਨੇ ਉਨ੍ਹਾਂ ਦੀਆਂ ਲੋੜਾਂ ਵੱਲ ਧਿਆਨ ਦਿੱਤਾ। ਇਕ ਵਾਰ ਯਰੀਹੋ ਨੇੜੇ ਉਸ ਨੂੰ ਬਰਤਿਮਈ ਨਾਂ ਦਾ ਇਕ ਅੰਨ੍ਹਾ ਭਿਖਾਰੀ ਤੇ ਉਸ ਦਾ ਇਕ ਹੋਰ ਅੰਨ੍ਹਾ ਸਾਥੀ ਮਿਲਿਆ। ਉਨ੍ਹਾਂ ਨੇ ਵਾਰ-ਵਾਰ ਯਿਸੂ ਨੂੰ ਮਦਦ ਲਈ ਦੁਹਾਈ ਦਿੱਤੀ, ਪਰ ਭੀੜ ਨੇ ਉਨ੍ਹਾਂ ਨੂੰ ਝਿੜਕ ਕੇ ਮੂੰਹ ਬੰਦ ਰੱਖਣ ਲਈ ਕਿਹਾ। ਯਿਸੂ ਚਾਹੁੰਦਾ ਤਾਂ ਉਹ ਉਨ੍ਹਾਂ ਦੀ ਦੁਹਾਈ ਅਣਸੁਣੀ ਕਰ ਸਕਦਾ ਸੀ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਸ ਕੋਲ ਲਿਆਂਦਾ ਜਾਵੇ। ਫਿਰ ਉਨ੍ਹਾਂ ʼਤੇ ਦਇਆ ਕਰ ਕੇ ਯਿਸੂ ਨੇ ਉਨ੍ਹਾਂ ਨੂੰ ਸੁਜਾਖਾ ਕਰ ਦਿੱਤਾ। ਇਸ ਤਰ੍ਹਾਂ ਯਿਸੂ ਨੇ ਆਪਣੇ ਪਿਤਾ ਯਹੋਵਾਹ ਵਾਂਗ ਨਿਮਰਤਾ ਦਿਖਾਉਂਦੇ ਹੋਏ ਦੁਖੀ ਲੋਕਾਂ ਉੱਤੇ ਦਇਆ ਕੀਤੀ।—ਮੱਤੀ 20:29-34; ਮਰ. 10:46-52.
“ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ”
14. ਯਿਸੂ ਦੀ ਨਿਮਰਤਾ ਤੋਂ ਦੂਸਰਿਆਂ ਨੂੰ ਕੀ ਫ਼ਾਇਦੇ ਹੋਏ?
14 ਯਿਸੂ ਦੀ ਨਿਮਰਤਾ ਤੋਂ ਬਹੁਤ ਸਾਰਿਆਂ ਨੂੰ ਖ਼ੁਸ਼ੀ ਮਿਲਦੀ ਹੈ ਤੇ ਫ਼ਾਇਦਾ ਹੁੰਦਾ ਹੈ। ਯਹੋਵਾਹ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਉਸ ਦੇ ਪਿਆਰੇ ਪੁੱਤਰ ਨੇ ਨਿਮਰਤਾ ਨਾਲ ਉਸ ਦੀ ਇੱਛਾ ਪੂਰੀ ਕੀਤੀ ਸੀ। ਰਸੂਲਾਂ ਤੇ ਚੇਲਿਆਂ ਨੂੰ ਯਿਸੂ ਦੇ ਨਰਮ ਸੁਭਾਅ ਅਤੇ ਮਨ ਦੀ ਹਲੀਮੀ ਤੋਂ ਤਾਜ਼ਗੀ ਮਿਲੀ। ਉਸ ਦੀ ਮਿਸਾਲ, ਸਿੱਖਿਆਵਾਂ ਅਤੇ ਹੱਲਾਸ਼ੇਰੀ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਪ੍ਰੇਰਣਾ ਮਿਲੀ। ਯਿਸੂ ਨੇ ਨਿਮਰਤਾ ਦਿਖਾਉਂਦਿਆਂ ਆਮ ਲੋਕਾਂ ਨੂੰ ਸਿੱਖਿਆ ਦਿੱਤੀ, ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਦੀ ਮਦਦ ਕੀਤੀ। ਦਰਅਸਲ ਉਸ ਦੀ ਕੁਰਬਾਨੀ ਕਰਕੇ ਨਿਹਚਾ ਕਰਨ ਵਾਲੇ ਸਾਰੇ ਲੋਕਾਂ ਨੂੰ ਹਮੇਸ਼ਾ-ਹਮੇਸ਼ਾ ਬਰਕਤਾਂ ਮਿਲਦੀਆਂ ਰਹਿਣਗੀਆਂ।
15. ਯਿਸੂ ਨੂੰ ਨਿਮਰ ਰਹਿਣ ਦਾ ਕੀ ਫ਼ਾਇਦਾ ਹੋਇਆ?
15 ਕੀ ਯਿਸੂ ਨੂੰ ਨਿਮਰ ਰਹਿਣ ਦਾ ਫ਼ਾਇਦਾ ਹੋਇਆ? ਜੀ ਹਾਂ, ਕਿਉਂਕਿ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ: “ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।” (ਮੱਤੀ 23:12) ਇਹ ਸ਼ਬਦ ਉਸ ਦੇ ਮਾਮਲੇ ਵਿਚ ਵੀ ਸੱਚ ਸਾਬਤ ਹੋਏ। ਪੌਲੁਸ ਨੇ ਦੱਸਿਆ: “ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ ਅਤੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ, ਤਾਂਕਿ ਜਿੰਨੇ ਵੀ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਉਨ੍ਹਾਂ ਵਿੱਚੋਂ ਹਰੇਕ ਜਣਾ ਯਿਸੂ ਦੇ ਨਾਂ ʼਤੇ ਆਪਣੇ ਗੋਡੇ ਟੇਕੇ, ਅਤੇ ਹਰ ਜ਼ਬਾਨ ਸਾਰਿਆਂ ਦੇ ਸਾਮ੍ਹਣੇ ਇਹ ਕਬੂਲ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਤਾਂਕਿ ਪਿਤਾ ਪਰਮੇਸ਼ੁਰ ਦੀ ਵਡਿਆਈ ਹੋਵੇ।” ਧਰਤੀ ʼਤੇ ਯਿਸੂ ਦੀ ਨਿਮਰਤਾ ਤੇ ਵਫ਼ਾਦਾਰੀ ਕਰਕੇ ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਧਰਤੀ ਅਤੇ ਸਵਰਗ ਵਿਚ ਪੂਰਾ ਅਧਿਕਾਰ ਦੇ ਕੇ ਉੱਚਾ ਕੀਤਾ।—ਫ਼ਿਲਿ. 2:9-11.
ਯਿਸੂ ‘ਸਤ ਤੇ ਦੀਨਤਾ’ ਲਈ ਲੜੇਗਾ
16. ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਨਿਮਰ ਰਹਿ ਕੇ ਕੰਮ ਕਰਦਾ ਰਹੇਗਾ?
16 ਪਰਮੇਸ਼ੁਰ ਦਾ ਪੁੱਤਰ ਹਮੇਸ਼ਾ ਨਿਮਰ ਰਹਿ ਕੇ ਕੰਮ ਕਰਦਾ ਰਹੇਗਾ। ਇਕ ਜ਼ਬੂਰ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਸਵਰਗ ਵਿਚ ਰਾਜੇ ਵਜੋਂ ਯਿਸੂ ਆਪਣੇ ਦੁਸ਼ਮਣਾਂ ਨਾਲ ਲੜੇਗਾ। ਉਸ ਜ਼ਬੂਰ ਵਿਚ ਲਿਖਿਆ ਹੈ: “ਤੂੰ ਸਤ, ਦੀਨਤਾ ਅਤੇ ਭਲਾਈ ਲਈ, ਆਪਣੀ ਸ਼ਾਹੀ ਜਿੱਤ ਦੀ ਅਸਵਾਰੀ ਕਰ।” (ਭਜਨ 45:4, CL) ਆਰਮਾਗੇਡਨ ਦੀ ਲੜਾਈ ਵਿਚ ਯਿਸੂ ਮਸੀਹ ਘੋੜੇ ʼਤੇ ਸਵਾਰ ਹੋ ਕੇ ਦੀਨ ਤੇ ਧਰਮੀ ਲੋਕਾਂ ਲਈ ਲੜਨ ਲਈ ਨਿਕਲੇਗਾ ਜਿਹੜੇ ਸੱਚਾਈ ਨੂੰ ਪਿਆਰ ਕਰਦੇ ਹਨ। ਫਿਰ ਇਕ ਹਜ਼ਾਰ ਸਾਲ ਤੋਂ ਬਾਅਦ ਜਦੋਂ ਯਿਸੂ “ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ,” ਤਾਂ ਉਸ ਤੋਂ ਬਾਅਦ ਕੀ ਹੋਵੇਗਾ? ਕੀ ਉਹ ਨਿਮਰ ਰਹੇਗਾ? ਜੀ ਹਾਂ, ਕਿਉਂਕਿ ਉਹ “ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ।”—1 ਕੁਰਿੰਥੀਆਂ 15:24-28 ਪੜ੍ਹੋ।
17, 18. (ੳ) ਯਹੋਵਾਹ ਦੇ ਸੇਵਕਾਂ ਲਈ ਯਿਸੂ ਵਾਂਗ ਨਿਮਰ ਰਹਿਣਾ ਕਿਉਂ ਜ਼ਰੂਰੀ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ʼਤੇ ਚਰਚਾ ਕੀਤੀ ਜਾਵੇਗੀ?
17 ਸਾਡੇ ਬਾਰੇ ਕੀ? ਕੀ ਅਸੀਂ ਯਿਸੂ ਦੀ ਰੀਸ ਕਰਦੇ ਹੋਏ ਨਿਮਰਤਾ ਦਿਖਾਵਾਂਗੇ? ਜਦੋਂ ਰਾਜਾ ਯਿਸੂ ਮਸੀਹ ਆਰਮਾਗੇਡਨ ਦੀ ਲੜਾਈ ਵਿਚ ਸਜ਼ਾ ਦੇਣ ਆਵੇਗਾ, ਤਾਂ ਉਸ ਵੇਲੇ ਸਾਡਾ ਕੀ ਹਾਲ ਹੋਵੇਗਾ? ਉਸ ਵੇਲੇ ਉਹ ਸਿਰਫ਼ ਨਿਮਰ ਅਤੇ ਧਰਮੀ ਲੋਕਾਂ ਨੂੰ ਹੀ ਬਖ਼ਸ਼ੇਗਾ। ਇਸ ਲਈ ਜੇ ਅਸੀਂ ਸਜ਼ਾ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਨਿਮਰ ਬਣਨਾ ਪਵੇਗਾ। ਇਸ ਤੋਂ ਇਲਾਵਾ, ਜਿਵੇਂ ਯਿਸੂ ਮਸੀਹ ਦੇ ਨਿਮਰ ਰਹਿਣ ਕਰਕੇ ਉਸ ਨੂੰ ਅਤੇ ਹੋਰ ਲੋਕਾਂ ਨੂੰ ਫ਼ਾਇਦਾ ਹੋਇਆ ਸੀ, ਉਸੇ ਤਰ੍ਹਾਂ ਜੇ ਅਸੀਂ ਨਿਮਰ ਰਹਿੰਦੇ ਹਾਂ, ਤਾਂ ਸਾਨੂੰ ਤੇ ਦੂਸਰਿਆਂ ਨੂੰ ਫ਼ਾਇਦਾ ਹੋਵੇਗਾ।
18 ਯਿਸੂ ਵਾਂਗ ਨਿਮਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਭਾਵੇਂ ਨਿਮਰ ਰਹਿਣਾ ਔਖਾ ਹੈ, ਫਿਰ ਵੀ ਅਸੀਂ ਨਿਮਰ ਕਿਵੇਂ ਰਹਿ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
[ਸਫ਼ਾ 12 ਉੱਤੇ ਤਸਵੀਰ]
ਯਿਸੂ ਦੀ ਨਿਮਰਤਾ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
[ਸਫ਼ਾ 13 ਉੱਤੇ ਤਸਵੀਰ]
ਯਿਸੂ ਵਾਂਗ ਸਾਨੂੰ ਵੀ ਹਮਦਰਦੀ ਦਿਖਾਉਣੀ ਚਾਹੀਦੀ ਹੈ