ਚੰਗੀ ਬੋਲ-ਬਾਣੀ ਨਾਲ ਚੰਗੇ ਰਿਸ਼ਤੇ ਬਣਦੇ ਹਨ
‘ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਹੋਵੇ।’—ਕੁਲੁ. 4:6.
1, 2. ਭਰਾ ਵੱਲੋਂ ਚੰਗੇ ਬੋਲ ਬੋਲਣ ਦਾ ਕਿਹੜਾ ਚੰਗਾ ਨਤੀਜਾ ਨਿਕਲਿਆ?
“ਘਰ-ਘਰ ਪ੍ਰਚਾਰ ਕਰਦਿਆਂ, ਮੈਨੂੰ ਇਕ ਆਦਮੀ ਮਿਲਿਆ ਜੋ ਇੰਨੇ ਗੁੱਸੇ ਵਿਚ ਆ ਗਿਆ ਕਿ ਉਸ ਦੇ ਬੁੱਲ੍ਹ ਥਰਕਣ ਲੱਗ ਪਏ ਤੇ ਉਸ ਦਾ ਸਾਰਾ ਸਰੀਰ ਕੰਬਣ ਲੱਗ ਪਿਆ,” ਇਕ ਭਰਾ ਨੇ ਕਿਹਾ। “ਮੈਂ ਉਸ ਨਾਲ ਸ਼ਾਂਤੀ ਨਾਲ ਬਾਈਬਲ ਵਿੱਚੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਗੁੱਸਾ ਹੋਰ ਭੜਕ ਉੱਠਿਆ। ਉਸ ਦੀ ਪਤਨੀ ਤੇ ਬੱਚੇ ਵੀ ਉਸ ਨਾਲ ਮਿਲ ਕੇ ਮੈਨੂੰ ਗਾਲ੍ਹਾਂ ਕੱਢਣ ਲੱਗ ਪਏ, ਤੇ ਮੈਨੂੰ ਪਤਾ ਸੀ ਕਿ ਇਹ ਖਿਸਕਣ ਦਾ ਵੇਲਾ ਸੀ। ਮੈਂ ਪਰਿਵਾਰ ਨੂੰ ਕਿਹਾ ਕਿ ਮੈਂ ਸ਼ਾਂਤੀ ਨਾਲ ਆਇਆ ਸੀ, ਤੇ ਸ਼ਾਂਤੀ ਨਾਲ ਵਾਪਸ ਜਾਣਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਗਲਾਤੀਆਂ 5:22, 23 ਦਿਖਾਇਆ ਜਿੱਥੇ ਪ੍ਰੇਮ, ਨਰਮਾਈ, ਸੰਜਮ ਤੇ ਸ਼ਾਂਤੀ ਆਦਿ ਗੁਣਾਂ ਦਾ ਜ਼ਿਕਰ ਹੈ। ਫਿਰ ਮੈਂ ਚਲਾ ਗਿਆ।”
2 “ਬਾਅਦ ਵਿਚ ਜਦੋਂ ਮੈਂ ਉਨ੍ਹਾਂ ਦੀ ਗਲੀ ਦੇ ਵਿਚ ਦੂਜੇ ਪਾਸੇ ਦੇ ਘਰਾਂ ਦੇ ਲੋਕਾਂ ਨੂੰ ਪ੍ਰਚਾਰ ਕਰ ਰਿਹਾ ਸੀ, ਤਾਂ ਮੈਂ ਉਸ ਪਰਿਵਾਰ ਨੂੰ ਆਪਣੇ ਘਰ ਦੇ ਮੋਹਰੇ ਪੌਡਿਆਂ ਉੱਤੇ ਬੈਠਾ ਦੇਖਿਆ। ਉਨ੍ਹਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ। ਮੈਂ ਸੋਚਿਆ ‘ਹੁਣ ਇਨ੍ਹਾਂ ਨੇ ਕੀ ਕਹਿਣਾ?’ ਆਦਮੀ ਦੇ ਹੱਥ ਵਿਚ ਠੰਢੇ ਪਾਣੀ ਦਾ ਜੱਗ ਸੀ ਤੇ ਉਸ ਨੇ ਮੈਨੂੰ ਪਾਣੀ ਦਿੱਤਾ। ਉਸ ਨੇ ਆਪਣੀ ਬਦਤਮੀਜ਼ੀ ਲਈ ਮਾਫ਼ੀ ਮੰਗੀ ਅਤੇ ਮੇਰੀ ਪੱਕੀ ਨਿਹਚਾ ਲਈ ਮੇਰੀ ਤਾਰੀਫ਼ ਕੀਤੀ। ਸਾਡੇ ਵਿਚ ਕੋਈ ਗਿਲਾ-ਸ਼ਿਕਵਾ ਨਹੀਂ ਰਿਹਾ।”
3. ਸਾਨੂੰ ਦੂਜਿਆਂ ਦੇ ਕਾਰਨ ਗੁੱਸੇ ਵਿਚ ਕਿਉਂ ਨਹੀਂ ਆਉਣਾ ਚਾਹੀਦਾ?
3 ਅੱਜ ਦੀ ਤਣਾਅ ਭਰੀ ਦੁਨੀਆਂ ਵਿਚ ਸਾਡਾ ਗੁੱਸੇਖ਼ੋਰ ਲੋਕਾਂ ਨਾਲ ਵਾਹ ਪੈਂਦਾ ਹੈ। ਪ੍ਰਚਾਰ ਵਿਚ ਵੀ ਸਾਨੂੰ ਅਕਸਰ ਇਹੋ ਜਿਹੇ ਲੋਕ ਮਿਲਦੇ ਹਨ। ਜਦ ਇਹ ਲੋਕ ਸਾਨੂੰ ਮਿਲਦੇ ਹਨ, ਤਾਂ ਜ਼ਰੂਰੀ ਹੈ ਕਿ ਅਸੀਂ “ਨਰਮਾਈ ਅਤੇ ਭੈ” ਯਾਨੀ ਆਦਰ ਨਾਲ ਪੇਸ਼ ਆਈਏ। (1 ਪਤ. 3:15) ਜੇ ਭਰਾ ਉਸ ਗੁੱਸੇਖ਼ੋਰ ਬੰਦੇ ਦੇ ਕਠੋਰ ਰਵੱਈਏ ਕਾਰਨ ਖ਼ੁਦ ਗੁੱਸੇ ਹੋ ਜਾਂਦਾ, ਤਾਂ ਆਦਮੀ ਦਾ ਰਵੱਈਆ ਸ਼ਾਇਦ ਨਰਮ ਨਾ ਪੈਂਦਾ, ਸਗੋਂ ਉਹ ਸ਼ਾਇਦ ਹੋਰ ਵੀ ਗੁੱਸੇ ਵਿਚ ਆ ਜਾਂਦਾ। ਕਿਉਂਕਿ ਭਰਾ ਨੇ ਆਪਣੇ ਆਪ ʼਤੇ ਕਾਬੂ ਰੱਖਿਆ ਅਤੇ ਚੰਗੇ ਢੰਗ ਨਾਲ ਬੋਲਿਆ, ਤਾਹੀਓਂ ਨਤੀਜਾ ਚੰਗਾ ਨਿਕਲਿਆ।
ਸਾਡੀ ਬੋਲ-ਬਾਣੀ ਕਿਵੇਂ ਸੁਹਾਵਣੀ ਬਣਦੀ ਹੈ?
4. ਚੰਗੀ ਬੋਲ-ਬਾਣੀ ਕਿਉਂ ਜ਼ਰੂਰੀ ਹੈ?
4 ਕਲੀਸਿਯਾ ਤੋਂ ਬਾਹਰ ਜਾਂ ਅੰਦਰ ਕਿਸੇ ਨਾਲ, ਇੱਥੋਂ ਤਕ ਕਿ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਸਮੇਂ ਪੌਲੁਸ ਰਸੂਲ ਦੀ ਇਸ ਸਲਾਹ ਉੱਤੇ ਚੱਲਣਾ ਜ਼ਰੂਰੀ ਹੈ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ।” (ਕੁਲੁ. 4:6) ਅਜਿਹੀ ਬੋਲ-ਬਾਣੀ ਹੋਰਨਾਂ ਨਾਲ ਸ਼ਾਂਤੀ ਰੱਖਣ ਅਤੇ ਗੱਲਬਾਤ ਕਰਨ ਲਈ ਜ਼ਰੂਰੀ ਹੈ।
5. ਚੰਗੀ ਗੱਲਬਾਤ ਕਰਨ ਦਾ ਕੀ ਮਤਲਬ ਨਹੀਂ? ਸਮਝਾਓ।
5 ਚੰਗੀ ਗੱਲਬਾਤ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਪਲ ਜੋ ਕੁਝ ਵੀ ਸੋਚ ਰਹੇ ਹਾਂ ਅਤੇ ਮਹਿਸੂਸ ਕਰ ਰਹੇ ਹਾਂ, ਸਾਨੂੰ ਉਹ ਸਭ ਕੁਝ ਕਹਿ ਦੇਣਾ ਚਾਹੀਦਾ ਹੈ, ਖ਼ਾਸਕਰ ਉਦੋਂ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ। ਬਾਈਬਲ ਦਿਖਾਉਂਦੀ ਹੈ ਕਿ ਗੁੱਸੇ ਵਿਚ ਆ ਕੇ ਕਹੀ ਕੋਈ ਗੱਲ ਤਾਕਤ ਦੀ ਨਹੀਂ ਸਗੋਂ ਕਮਜ਼ੋਰੀ ਦੀ ਨਿਸ਼ਾਨੀ ਹੈ। (ਕਹਾਉਤਾਂ 25:28; 29:11 ਪੜ੍ਹੋ।) ਮੂਸਾ ਆਪਣੇ ਜ਼ਮਾਨੇ ਦੇ ਬੰਦਿਆਂ ਨਾਲੋਂ “ਬਹੁਤ ਅਧੀਨ” ਯਾਨੀ ਨਿਮਰ ਸੀ। ਇਕ ਵਾਰ ਉਹ ਇਸਰਾਏਲ ਕੌਮ ਦੀ ਬਗਾਵਤ ਕਾਰਨ ਗੁੱਸੇ ਵਿਚ ਆ ਗਿਆ ਤੇ ਪਰਮੇਸ਼ੁਰ ਦੀ ਵਡਿਆਈ ਨਹੀਂ ਕੀਤੀ। ਭਾਵੇਂ ਕਿ ਮੂਸਾ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ ਕਿ ਉਹ ਕਿਵੇਂ ਮਹਿਸੂਸ ਕਰਦਾ ਸੀ, ਪਰ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਸੀ। 40 ਸਾਲ ਇਸਰਾਏਲੀਆਂ ਦੀ ਅਗਵਾਈ ਕਰਨ ਤੋਂ ਬਾਅਦ, ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਰਾਏਲੀਆਂ ਨੂੰ ਲੈ ਜਾਣ ਦਾ ਸਨਮਾਨ ਨਹੀਂ ਮਿਲਿਆ।—ਗਿਣ. 12:3; 20:10, 12; ਜ਼ਬੂ. 106:32.
6. ਗੱਲਬਾਤ ਕਰਦਿਆਂ ਸਮਝਦਾਰੀ ਦਿਖਾਉਣ ਦਾ ਕੀ ਮਤਲਬ ਹੈ?
6 ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਗੱਲ ਕਰਨ ਲੱਗਿਆਂ ਸੋਚ-ਸਮਝ ਕੇ ਬੋਲੀਏ। “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ [ਸਮਝਦਾਰ] ਹੈ।” (ਕਹਾ. 10:19; 17:27) ਪਰ ਸਮਝਦਾਰੀ ਦਿਖਾਉਣ ਦਾ ਇਹ ਮਤਲਬ ਨਹੀਂ ਕਿ ਅਸੀਂ ਕਦੇ ਵੀ ਆਪਣੇ ਜਜ਼ਬਾਤ ਜ਼ਾਹਰ ਨਾ ਕਰੀਏ। ਇਹ ਦਾ ਮਤਲਬ ਹੈ ਕਿ ਅਸੀਂ “ਕਿਰਪਾਮਈ” ਗੱਲਬਾਤ ਕਰੀਏ ਯਾਨੀ ਆਪਣੀ ਜੀਭ ਨੂੰ ਜ਼ਖ਼ਮੀ ਕਰਨ ਲਈ ਨਹੀਂ, ਸਗੋਂ ਜ਼ਖ਼ਮਾਂ ʼਤੇ ਮਲ੍ਹਮ ਲਾਉਣ ਲਈ ਵਰਤੀਏ।—ਕਹਾਉਤਾਂ 12:18; 18:21 ਪੜ੍ਹੋ।
“ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ”
7. ਕਿਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਕਿਉਂ?
7 ਜਿਵੇਂ ਸਾਨੂੰ ਆਪਣੇ ਨਾਲ ਕੰਮ ਕਰਨ ਵਾਲਿਆਂ ਜਾਂ ਪ੍ਰਚਾਰ ਵਿਚ ਅਜਨਬੀਆਂ ਨਾਲ ਗੱਲ ਕਰਦਿਆਂ ਸਲੀਕੇ ਨਾਲ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ, ਉਸੇ ਤਰ੍ਹਾਂ ਸਾਨੂੰ ਕਲੀਸਿਯਾ ਅਤੇ ਆਪਣੇ ਪਰਿਵਾਰ ਵਿਚ ਬੋਲਣਾ ਚਾਹੀਦਾ ਹੈ। ਗੁੱਸੇ ਵਿਚ ਆ ਕੇ ਬਿਨਾਂ ਸੋਚੇ-ਸਮਝੇ ਕੁਝ ਕਹਿਣ ਨਾਲ ਅਸੀਂ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰ ਸਕਦੇ ਹਾਂ, ਸਿਹਤ ʼਤੇ ਮਾੜਾ ਅਸਰ ਪੈਣ ਦੇ ਨਾਲ-ਨਾਲ ਨਿਹਚਾ ਕਮਜ਼ੋਰ ਹੋ ਸਕਦੀ ਹੈ ਅਤੇ ਦੋਵੇਂ ਧਿਰਾਂ ਨਿਰਾਸ਼ ਵੀ ਹੋ ਸਕਦੀਆਂ ਹਨ। (ਕਹਾ. 18:6, 7) ਸਾਨੂੰ ਆਪਣੀਆਂ ਬੁਰੀਆਂ ਭਾਵਨਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ ਜੋ ਸਾਡੇ ਪਾਪੀ ਸੁਭਾਅ ਕਾਰਨ ਪੈਦਾ ਹੋ ਜਾਂਦੀਆਂ ਹਨ। ਗੰਦੀ ਬੋਲੀ, ਮਖੌਲ ਉਡਾਉਣਾ, ਨਫ਼ਰਤ ਕਰਨੀ ਤੇ ਗੁੱਸੇ ਹੋਣਾ ਗ਼ਲਤ ਹੈ। (ਕੁਲੁ. 3:8; ਯਾਕੂ. 1:20) ਇਸ ਸਭ ਕਾਸੇ ਨਾਲ ਲੋਕਾਂ ਤੇ ਯਹੋਵਾਹ ਨਾਲ ਸਾਡਾ ਅਨਮੋਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਯਿਸੂ ਨੇ ਸਿਖਾਇਆ: “ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ “ਮੂਰਖਾ” ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ।”—ਮੱਤੀ 5:22.
8. ਸਾਨੂੰ ਆਪਣੇ ਜਜ਼ਬਾਤ ਕਦੋਂ ਜ਼ਾਹਰ ਕਰਨੇ ਚਾਹੀਦੇ ਹਨ ਤੇ ਕਿਵੇਂ?
8 ਪਰ ਕੁਝ ਮਾਮਲਿਆਂ ਵਿਚ ਅਸੀਂ ਸ਼ਾਇਦ ਸੋਚੀਏ ਕਿ ਗੱਲ ਕਰਨੀ ਹੀ ਚੰਗੀ ਹੋਵੇਗੀ। ਜੇ ਕਿਸੇ ਭਰਾ ਨੇ ਕੁਝ ਕਿਹਾ ਹੈ ਜਾਂ ਕੀਤਾ ਹੈ ਜਿਸ ਕਾਰਨ ਤੁਸੀਂ ਇੰਨੇ ਪਰੇਸ਼ਾਨ ਹੋ ਜਾਂਦੇ ਹੋ ਕਿ ਤੁਸੀਂ ਗੱਲ ਨੂੰ ਭੁਲਾ ਨਹੀਂ ਸਕਦੇ, ਤਾਂ ਆਪਣੇ ਦਿਲ ਵਿਚ ਨਫ਼ਰਤ ਦੀ ਅੱਗ ਬਲ਼ਦੀ ਨਾ ਰੱਖੋ। (ਕਹਾ. 19:11) ਜੇ ਤੁਹਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖੋ ਤੇ ਫਿਰ ਮਸਲੇ ਨੂੰ ਸੁਲਝਾਉਣ ਲਈ ਜ਼ਰੂਰੀ ਕਦਮ ਚੁੱਕੋ। ਪੌਲੁਸ ਨੇ ਲਿਖਿਆ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” ਜੇ ਤੁਸੀਂ ਹਾਲੇ ਵੀ ਸਮੱਸਿਆ ਕਾਰਨ ਪਰੇਸ਼ਾਨ ਰਹਿੰਦੇ ਹੋ, ਤਾਂ ਢੁਕਵੇਂ ਸਮੇਂ ਤੇ ਇਸ ਬਾਰੇ ਪਿਆਰ ਨਾਲ ਗੱਲ ਕਰੋ। (ਅਫ਼ਸੀਆਂ 4:26, 27, 31, 32 ਪੜ੍ਹੋ।) ਆਪਣੇ ਭਰਾ ਨਾਲ ਸਾਫ਼-ਸਾਫ਼ ਪਰ ਆਦਰ ਨਾਲ ਮਸਲੇ ਬਾਰੇ ਗੱਲ ਕਰੋ, ਪਰ ਸੁਲ੍ਹਾ ਕਰਨ ਦੇ ਇਰਾਦੇ ਨਾਲ।—ਲੇਵੀ. 19:17; ਮੱਤੀ 18:15.
9. ਦੂਜਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਜਜ਼ਬਾਤਾਂ ʼਤੇ ਕਾਬੂ ਕਿਉਂ ਰੱਖਣਾ ਚਾਹੀਦਾ ਹੈ?
9 ਹਾਂ, ਗੱਲ ਕਰਨ ਲਈ ਤੁਹਾਨੂੰ ਸਹੀ ਸਮਾਂ ਤੈਅ ਕਰਨਾ ਚਾਹੀਦਾ ਹੈ। “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪ. 3:1, 7) ਇਸ ਤੋਂ ਇਲਾਵਾ, “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” (ਕਹਾ. 15:28) ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਹੀ ਸਮੱਸਿਆਵਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਉਦੋਂ ਗੱਲ ਕਰਨ ਨਾਲ ਮਾਮਲਾ ਹੋਰ ਵੀ ਵਿਗੜ ਸਕਦਾ ਹੈ ਜੇ ਅਸੀਂ ਹਾਲੇ ਵੀ ਬਹੁਤ ਪਰੇਸ਼ਾਨ ਹਾਂ। ਪਰ ਜ਼ਿਆਦਾ ਚਿਰ ਉਡੀਕ ਕਰਨੀ ਵੀ ਚੰਗੀ ਗੱਲ ਨਹੀਂ ਹੈ।
ਚੰਗੇ ਕੰਮ ਕਰਨ ਨਾਲ ਚੰਗੇ ਰਿਸ਼ਤੇ ਬਣਦੇ ਹਨ
10. ਦੂਜਿਆਂ ਲਈ ਪਿਆਰ ਭਰੇ ਕੰਮ ਕਰਨ ਨਾਲ ਸਾਡੇ ਰਿਸ਼ਤੇ ਕਿਵੇਂ ਸੁਧਰ ਸਕਦੇ ਹਨ?
10 ਪਿਆਰ ਨਾਲ ਅਤੇ ਸਹੀ ਤਰੀਕੇ ਨਾਲ ਗੱਲਬਾਤ ਕਰਨ ਨਾਲ ਸਾਡੇ ਦੂਜਿਆਂ ਨਾਲ ਸ਼ਾਂਤੀਪੂਰਣ ਰਿਸ਼ਤੇ ਬਣਦੇ ਹਨ ਤੇ ਬਣੇ ਰਹਿੰਦੇ ਹਨ। ਦਰਅਸਲ, ਜੇ ਅਸੀਂ ਹੋਰਨਾਂ ਨਾਲ ਆਪਣੇ ਸੰਬੰਧ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਨ੍ਹਾਂ ਨਾਲ ਹੋਰ ਵੀ ਆਸਾਨੀ ਨਾਲ ਗੱਲ ਕਰ ਪਾਵਾਂਗੇ। ਦੂਜਿਆਂ ਲਈ ਦਿਲੋਂ ਚੰਗੇ ਕੰਮ ਕਰਨ ਨਾਲ ਵੀ ਅਸੀਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ ਜਿਵੇਂ ਉਨ੍ਹਾਂ ਦੀ ਮਦਦ ਕਰਨ ਦੇ ਮੌਕੇ ਭਾਲਣੇ, ਦਿਲੋਂ ਕੋਈ ਤੋਹਫ਼ਾ ਦੇਣਾ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਕਰਨੀ। ਇੱਦਾਂ ਕਰਨ ਨਾਲ ਅਸੀਂ ਕਿਸੇ ਦੇ ਸਿਰ ਉੱਤੇ “ਅੱਗ ਦੇ ਅੰਗਿਆਰਾਂ ਦਾ ਢੇਰ” ਲਾ ਸਕਦੇ ਹਾਂ ਤੇ ਉਸ ਦੇ ਚੰਗੇ ਗੁਣ ਉੱਭਰ ਕੇ ਸਾਮ੍ਹਣੇ ਆ ਸਕਦੇ ਹਨ ਤਾਂਕਿ ਅਸੀਂ ਖੁੱਲ੍ਹ ਕੇ ਗੱਲ ਕਰ ਸਕੀਏ।—ਰੋਮੀ. 12:20, 21.
11. ਏਸਾਓ ਨਾਲ ਆਪਣੇ ਸੰਬੰਧ ਸੁਧਾਰਨ ਲਈ ਯਾਕੂਬ ਨੇ ਕੀ ਕੀਤਾ ਅਤੇ ਨਤੀਜਾ ਕੀ ਨਿਕਲਿਆ?
11 ਯਾਕੂਬ ਇਸ ਗੱਲ ਨੂੰ ਖੂਬ ਸਮਝਦਾ ਸੀ। ਉਸ ਦਾ ਜੁੜਵਾਂ ਭਰਾ ਏਸਾਓ ਉਸ ਨਾਲ ਇੰਨਾ ਗੁੱਸੇ ਸੀ ਕਿ ਯਾਕੂਬ ਡਰਦੇ ਮਾਰੇ ਦੂਰ ਭੱਜ ਗਿਆ ਤਾਂਕਿ ਏਸਾਓ ਉਸ ਨੂੰ ਮਾਰ ਨਾ ਦੇਵੇ। ਬਹੁਤ ਸਾਲਾਂ ਬਾਅਦ ਯਾਕੂਬ ਵਾਪਸ ਆ ਗਿਆ। ਏਸਾਓ 400 ਆਦਮੀਆਂ ਸਣੇ ਉਸ ਨੂੰ ਮਿਲਣ ਆਇਆ। ਯਾਕੂਬ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੀ ਮਦਦ ਕਰੇ। ਏਸਾਓ ਨੂੰ ਮਿਲਣ ਤੋਂ ਪਹਿਲਾਂ ਯਾਕੂਬ ਨੇ ਬਹੁਤ ਸਾਰੇ ਪਸ਼ੂ ਤੋਹਫ਼ੇ ਵਜੋਂ ਉਸ ਨੂੰ ਭੇਜੇ। ਤੋਹਫ਼ਾ ਦੇਣ ਨਾਲ ਉਸ ਦਾ ਮਕਸਦ ਪੂਰਾ ਹੋ ਗਿਆ। ਜਦੋਂ ਉਹ ਇਕ-ਦੂਜੇ ਨੂੰ ਮਿਲੇ, ਉਦੋਂ ਏਸਾਓ ਦਾ ਦਿਲ ਪਿਘਲ ਗਿਆ ਸੀ ਤੇ ਉਸ ਨੇ ਨੱਠ ਕੇ ਯਾਕੂਬ ਨੂੰ ਜੱਫੀ ਪਾ ਲਈ।—ਉਤ. 27:41-44; 32:6, 11, 13-15; 33:4, 10.
ਚੰਗੀ ਬੋਲ-ਬਾਣੀ ਨਾਲ ਦੂਸਰਿਆਂ ਦਾ ਹੌਸਲਾ ਵਧਾਓ
12. ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਚੰਗੇ ਬੋਲ ਕਿਉਂ ਬੋਲਣੇ ਚਾਹੀਦੇ ਹਨ?
12 ਮਸੀਹੀ ਇਨਸਾਨਾਂ ਦੀ ਨਹੀਂ, ਸਗੋਂ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਪਸੰਦ ਕਰਨ। ਸਾਡੇ ਚੰਗੇ ਬੋਲ ਭੈਣ-ਭਰਾਵਾਂ ਦੇ ਬੋਝ ਨੂੰ ਹਲਕਾ ਕਰ ਸਕਦੇ ਹਨ। ਪਰ ਸਖ਼ਤ ਆਲੋਚਨਾ ਕਰਨ ਨਾਲ ਉਨ੍ਹਾਂ ਦਾ ਬੋਝ ਵਧ ਸਕਦਾ ਹੈ ਅਤੇ ਉਹ ਸੋਚ ਸਕਦੇ ਹਨ ਕਿ ਸ਼ਾਇਦ ਉਨ੍ਹਾਂ ਨੇ ਯਹੋਵਾਹ ਦੀ ਮਿਹਰ ਗੁਆ ਲਈ ਹੈ। ਇਸ ਲਈ ਆਓ ਆਪਾਂ ਦਿਲੋਂ ਦੂਜਿਆਂ ਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਕਹੀਏ। ਸਾਡੇ ਮੂੰਹੋਂ “ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।”—ਅਫ਼. 4:29.
13. ਬਜ਼ੁਰਗਾਂ ਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ (ੳ) ਜਦੋਂ ਉਹ ਸਲਾਹ ਦਿੰਦੇ ਹਨ? (ਅ) ਜਦੋਂ ਉਹ ਚਿੱਠੀ ਲਿਖਦੇ ਹਨ?
13 ਖ਼ਾਸ ਕਰਕੇ ਬਜ਼ੁਰਗਾਂ ਨੂੰ “ਅਸੀਲ” ਯਾਨੀ ਕੋਮਲ ਸੁਭਾਅ ਦੇ ਹੋਣਾ ਚਾਹੀਦਾ ਹੈ ਅਤੇ ਇੱਜੜ ਨਾਲ ਕੋਮਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। (1 ਥੱਸ. 2:7, 8) ਜਦੋਂ ਬਜ਼ੁਰਗਾਂ ਲਈ ਕਿਸੇ ਨੂੰ ਸਲਾਹ ਦੇਣੀ ਜ਼ਰੂਰੀ ਹੋ ਜਾਂਦੀ ਹੈ, ਤਾਂ ਉਹ “ਨਰਮਾਈ ਨਾਲ” ਸਲਾਹ ਦੇਣੀ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਜਿਹੜੇ “ਸਾਹਮਣਾ” ਯਾਨੀ ਵਿਰੋਧ ਕਰਦੇ ਹਨ। (2 ਤਿਮੋ. 2:24, 25) ਬਜ਼ੁਰਗ ਜਦੋਂ ਕਿਸੇ ਦੂਸਰੇ ਬਜ਼ੁਰਗਾਂ ਦੇ ਸਮੂਹ ਨੂੰ ਜਾਂ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖਦੇ ਹਨ, ਤਾਂ ਉਨ੍ਹਾਂ ਨੂੰ ਆਦਰ ਨਾਲ ਗੱਲਾਂ ਲਿਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਦਿਆਲੂ ਤੇ ਸਮਝਦਾਰ ਹੋਣਾ ਚਾਹੀਦਾ ਹੈ ਜਿਵੇਂ ਅਸੀਂ ਮੱਤੀ 7:12 ਵਿਚ ਪੜ੍ਹਦੇ ਹਾਂ।
ਪਰਿਵਾਰ ਵਿਚ ਸਾਡੀ ਬੋਲ-ਬਾਣੀ
14. ਪੌਲੁਸ ਨੇ ਪਤੀਆਂ ਨੂੰ ਕਿਹੜੀ ਸਲਾਹ ਦਿੱਤੀ ਅਤੇ ਕਿਉਂ?
14 ਕਦੇ-ਕਦੇ ਅਸੀਂ ਸੋਚਦੇ ਨਹੀਂ ਕਿ ਸਾਡੀਆਂ ਗੱਲਾਂ, ਚਿਹਰੇ ਦੇ ਹਾਵਾਂ-ਭਾਵਾਂ ਅਤੇ ਸਰੀਰ ਦੀ ਭਾਸ਼ਾ ਦਾ ਦੂਜਿਆਂ ʼਤੇ ਕਿੰਨਾ ਅਸਰ ਪੈਂਦਾ ਹੈ। ਮਿਸਾਲ ਲਈ, ਕੁਝ ਆਦਮੀਆਂ ਨੂੰ ਸ਼ਾਇਦ ਪਤਾ ਨਾ ਲੱਗੇ ਕਿ ਉਨ੍ਹਾਂ ਦੀਆਂ ਗੱਲਾਂ ਤੀਵੀਆਂ ਉੱਤੇ ਕਿੰਨਾ ਗਹਿਰਾ ਅਸਰ ਪਾ ਸਕਦੀਆਂ ਹਨ। ਇਕ ਭੈਣ ਨੇ ਕਿਹਾ: “ਮੈਂ ਡਰ ਜਾਂਦੀ ਹਾਂ ਜਦੋਂ ਮੇਰਾ ਪਤੀ ਗੁੱਸੇ ਨਾਲ ਉੱਚੀ ਆਵਾਜ਼ ਵਿਚ ਬੋਲਦਾ ਹੈ।” ਕੌੜੇ ਸ਼ਬਦਾਂ ਦਾ ਅਸਰ ਆਦਮੀਆਂ ਨਾਲੋਂ ਤੀਵੀਆਂ ʼਤੇ ਜ਼ਿਆਦਾ ਪੈਂਦਾ ਹੈ ਤੇ ਸ਼ਾਇਦ ਉਹ ਇਨ੍ਹਾਂ ਲਫ਼ਜ਼ਾਂ ਨੂੰ ਲੰਬੇ ਚਿਰ ਲਈ ਭੁਲਾ ਨਾ ਪਾਉਣ। (ਲੂਕਾ 2:19) ਇਹ ਸੱਚ ਹੈ, ਜੇ ਇਹ ਸ਼ਬਦ ਖ਼ਾਸਕਰ ਉਹ ਆਦਮੀ ਕਹਿੰਦਾ ਹੈ ਜਿਸ ਨੂੰ ਔਰਤ ਪਿਆਰ ਕਰਦੀ ਹੈ ਅਤੇ ਉਸ ਦਾ ਆਦਰ ਕਰਨਾ ਚਾਹੁੰਦੀ ਹੈ। ਪੌਲੁਸ ਨੇ ਪਤੀਆਂ ਨੂੰ ਸਲਾਹ ਦਿੱਤੀ: “ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।”—ਕੁਲੁ. 3:19.
15. ਸਮਝਾਓ ਕਿ ਪਤੀ ਨੂੰ ਆਪਣੀ ਪਤਨੀ ਨਾਲ ਕਿਉਂ ਪਿਆਰ ਭਰਿਆ ਸਲੂਕ ਕਰਨਾ ਚਾਹੀਦਾ ਹੈ।
15 ਇਸ ਸੰਬੰਧ ਵਿਚ ਇਕ ਵਿਆਹੇ ਹੋਏ ਤਜਰਬੇਕਾਰ ਭਰਾ ਨੇ ਸਮਝਾਇਆ ਕਿ ਪਤੀ ਨੂੰ ਆਪਣੀ ਪਤਨੀ ਨੂੰ ਕਿਉਂ “ਕੋਮਲ ਸਰੀਰ” ਜਾਣ ਕੇ ਉਸ ਨਾਲ ਪਿਆਰ ਭਰਿਆ ਸਲੂਕ ਕਰਨਾ ਚਾਹੀਦਾ ਹੈ। ਉਸ ਨੇ ਕਿਹਾ: “ਜਦੋਂ ਤੁਸੀਂ ਕੋਈ ਕੀਮਤੀ ਅਤੇ ਨਾਜ਼ੁਕ ਫੁੱਲਦਾਨ ਨੂੰ ਹੱਥ ਵਿਚ ਫੜਦੇ ਹੋ, ਤਾਂ ਇਸ ਨੂੰ ਕੱਸ ਕੇ ਨਹੀਂ ਫੜਨਾ ਚਾਹੀਦਾ ਨਹੀਂ ਤਾਂ ਇਹ ਟੁੱਟ ਜਾਵੇਗਾ। ਟੁੱਟਣ ਤੇ ਜੇ ਇਸ ਨੂੰ ਜੋੜਿਆ ਵੀ ਜਾਵੇ, ਤਾਂ ਤਰੇੜ ਨਜ਼ਰ ਆਵੇਗੀ। ਜੇ ਪਤੀ ਆਪਣੀ ਪਤਨੀ ਨੂੰ ਕੌੜੇ ਸ਼ਬਦ ਬੋਲਦਾ ਹੈ, ਤਾਂ ਪਤਨੀ ਨੂੰ ਠੇਸ ਪਹੁੰਚ ਸਕਦੀ ਹੈ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿਚ ਹਮੇਸ਼ਾ ਲਈ ਦਰਾਰ ਪੈ ਸਕਦੀ ਹੈ।”—1 ਪਤਰਸ 3:7 ਪੜ੍ਹੋ।
16. ਪਤਨੀ ਆਪਣੇ ਘਰ ਨੂੰ ਕਿਵੇਂ ਬਣਾ ਸਕਦੀ ਹੈ?
16 ਆਦਮੀ ਵੀ ਦੂਜਿਆਂ ਦੀਆਂ ਅਤੇ ਆਪਣੀਆਂ ਪਤਨੀਆਂ ਦੀਆਂ ਗੱਲਾਂ ਤੋਂ ਉਤਸ਼ਾਹਿਤ ਜਾਂ ਨਿਰਾਸ਼ ਹੋ ਸਕਦੇ ਹਨ। ਇਕ “ਸੁਘੜ ਵਹੁਟੀ” ਉਹ ਹੁੰਦੀ ਹੈ ਜੋ ਆਪਣੇ ਪਤੀ ਦੀਆਂ ਭਾਵਨਾਵਾਂ ਦਾ ਉਸੇ ਤਰ੍ਹਾਂ ਧਿਆਨ ਰੱਖਦੀ ਹੈ ਜਿਵੇਂ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਦੀਆਂ ਭਾਵਨਾਵਾਂ ਦਾ ਧਿਆਨ ਰੱਖੇ। ਇਹੋ ਜਿਹੀ ਪਤਨੀ ਉੱਤੇ ਉਸ ਦਾ ਪਤੀ ਸੱਚ-ਮੁੱਚ ‘ਭਰੋਸਾ ਰੱਖ’ ਸਕਦਾ ਹੈ। (ਕਹਾ. 19:14; 31:11) ਵਾਕਈ, ਪਤਨੀ ਪਰਿਵਾਰ ਵਿਚ ਕਾਫ਼ੀ ਚੰਗਾ ਜਾਂ ਬੁਰਾ ਅਸਰ ਪਾ ਸਕਦੀ ਹੈ! “ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।”—ਕਹਾ. 14:1.
17. (ੳ) ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕਿਵੇਂ ਬੋਲਣਾ ਚਾਹੀਦਾ ਹੈ? (ਅ) ਵੱਡਿਆਂ ਨੂੰ ਛੋਟਿਆਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ ਅਤੇ ਕਿਉਂ?
17 ਮਾਪਿਆਂ ਤੇ ਬੱਚਿਆਂ ਨੂੰ ਵੀ ਇਕ-ਦੂਸਰੇ ਨਾਲ ਪਿਆਰ ਨਾਲ ਬੋਲਣਾ ਚਾਹੀਦਾ ਹੈ। (ਮੱਤੀ 15:4) ਨਿਆਣਿਆਂ ਨਾਲ ਸੋਚ-ਸਮਝ ਕੇ ਗੱਲ ਕਰਨ ਨਾਲ ਅਸੀਂ ਉਨ੍ਹਾਂ ਨੂੰ ‘ਖਿਝਾਵਾਂਗੇ ਨਹੀਂ’ ਜਾਂ ਉਨ੍ਹਾਂ ਦਾ ‘ਕ੍ਰੋਧ ਨਹੀਂ ਭੜਕਾਵਾਂਗੇ।’ (ਕੁਲੁ. 3:21; ਅਫ਼. 6:4) ਮਾਪਿਆਂ ਅਤੇ ਬਜ਼ੁਰਗਾਂ ਨੂੰ ਬੱਚਿਆਂ ਨਾਲ ਉਦੋਂ ਵੀ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ ਜਦੋਂ ਉਹ ਬੱਚਿਆਂ ਨੂੰ ਤਾੜਦੇ ਹਨ। ਇਸ ਤਰ੍ਹਾਂ, ਵੱਡੇ ਆਪਣੇ ਤੋਂ ਛੋਟਿਆਂ ਲਈ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਅਤੇ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਸੌਖਾ ਬਣਾ ਦਿੰਦੇ ਹਨ। ਅਸੀਂ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਕਰਾਉਂਦੇ ਕਿ ਉਨ੍ਹਾਂ ਦੀ ਮਦਦ ਕਰਨ ਲਈ ਅਸੀਂ ਕੁਝ ਨਹੀਂ ਕਰ ਸਕਦੇ ਜਿਸ ਕਾਰਨ ਉਹ ਹਿੰਮਤ ਹਾਰ ਸਕਦੇ ਹਨ। ਬੱਚਿਆਂ ਨੂੰ ਸ਼ਾਇਦ ਉਹ ਸਾਰਾ ਕੁਝ ਯਾਦ ਨਾ ਰਹੇ ਜੋ ਤਾੜਨਾ ਵੇਲੇ ਕਿਹਾ ਗਿਆ ਸੀ, ਪਰ ਉਨ੍ਹਾਂ ਨੂੰ ਇਹ ਯਾਦ ਰਹੇਗਾ ਕਿ ਦੂਜਿਆਂ ਨੇ ਉਨ੍ਹਾਂ ਨਾਲ ਕਿਸ ਤਰ੍ਹਾਂ ਗੱਲ ਕੀਤੀ ਸੀ।
ਦਿਲੋਂ ਚੰਗੀਆਂ ਗੱਲਾਂ ਕਹੋ
18. ਅਸੀਂ ਠੇਸ ਪਹੁੰਚਾਉਣ ਵਾਲੇ ਖ਼ਿਆਲਾਂ ਅਤੇ ਭਾਵਨਾਵਾਂ ਨੂੰ ਆਪਣੇ ਅੰਦਰੋਂ ਕਿਵੇਂ ਕੱਢ ਸਕਦੇ ਹਾਂ?
18 ਗੁੱਸੇ ʼਤੇ ਕਾਬੂ ਪਾਉਣ ਦਾ ਇਹ ਮਤਲਬ ਨਹੀਂ ਕਿ ਤੁਹਾਡਾ ਚਿਹਰਾ ਸ਼ਾਂਤ ਨਜ਼ਰ ਆਵੇ। ਸਿਰਫ਼ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਰੱਖਣਾ ਹੀ ਕਾਫ਼ੀ ਨਹੀਂ ਹੈ। ਜੇ ਅਸੀਂ ਬਾਹਰੋਂ-ਬਾਹਰੋਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅੰਦਰੋਂ ਗੁੱਸੇ ਨਾਲ ਉਬਾਲੇ ਖਾਂਦੇ ਹਾਂ, ਤਾਂ ਅਸੀਂ ਤਣਾਅ ਵਿਚ ਆ ਸਕਦੇ ਹਾਂ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਕਾਰ ਦੀਆਂ ਬਰੇਕਾਂ ਲਾਉਣ ਦੇ ਨਾਲ-ਨਾਲ ਐਕਸਲਰੇਟਰ ਵੀ ਦਬਾ ਦਿੰਦੇ ਹਾਂ। ਇੱਦਾਂ ਕਰਨ ਨਾਲ ਕਾਰ ਦਾ ਜ਼ਿਆਦਾ ਜ਼ੋਰ ਲੱਗਦਾ ਹੈ ਜਿਸ ਨਾਲ ਇਸ ਦਾ ਨੁਕਸਾਨ ਹੋ ਸਕਦਾ ਹੈ। ਸੋ ਗੁੱਸੇ ਨਾਲ ਅੰਦਰੋਂ-ਅੰਦਰੀਂ ਸੜੀ ਨਾ ਜਾਓ ਜੋ ਬਾਅਦ ਵਿਚ ਲਾਵੇ ਵਾਂਗ ਫੁੱਟ ਸਕਦਾ ਹੈ! ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਅੰਦਰੋਂ ਠੇਸ ਪਹੁੰਚਾਉਣ ਵਾਲੀਆਂ ਭਾਵਨਾਵਾਂ ਕੱਢ ਦੇਵੇ। ਯਹੋਵਾਹ ਦੀ ਸ਼ਕਤੀ ਦੀ ਮਦਦ ਨਾਲ ਉਸ ਦੀ ਇੱਛਾ ਮੁਤਾਬਕ ਆਪਣੇ ਦਿਲਾਂ-ਦਿਮਾਗ਼ਾਂ ਨੂੰ ਢਾਲ਼ੋ।—ਰੋਮੀਆਂ 12:2; ਅਫ਼ਸੀਆਂ 4:23, 24 ਪੜ੍ਹੋ।
19. ਹੋਰਨਾਂ ਨਾਲ ਲੜਾਈ-ਝਗੜੇ ਤੋਂ ਬਚਣ ਲਈ ਤੁਹਾਨੂੰ ਕਿਹੜੇ ਕੁਝ ਕਦਮ ਚੁੱਕਣ ਦੀ ਲੋੜ ਹੈ?
19 ਤੁਹਾਨੂੰ ਕੁਝ ਕਦਮ ਚੁੱਕਣ ਦੀ ਲੋੜ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤਣਾਅ ਭਰੀ ਸਥਿਤੀ ਪੈਦਾ ਹੋ ਗਈ ਹੈ ਅਤੇ ਤੁਹਾਨੂੰ ਗੁੱਸਾ ਚੜ੍ਹ ਰਿਹਾ ਹੈ, ਤਾਂ ਚੰਗਾ ਹੋਵੇਗਾ ਕਿ ਤੁਸੀਂ ਉਸ ਥਾਂ ਤੋਂ ਚਲੇ ਜਾਓ। ਇਸ ਤਰ੍ਹਾਂ ਤੁਹਾਡਾ ਗੁੱਸਾ ਠੰਢਾ ਹੋ ਸਕਦਾ ਹੈ। (ਕਹਾ. 17:14) ਜੇ ਉਸ ਬੰਦੇ ਨੂੰ ਗੁੱਸਾ ਆਉਂਦਾ ਹੈ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ, ਤਾਂ ਹੋਰ ਵੀ ਪਿਆਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਯਾਦ ਰੱਖੋ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾ. 15:1) ਕੋਈ ਚੁਭਵੀਂ ਗੱਲ ਤਾਂ ਬਲ਼ਦੀ ਉੱਤੇ ਤੇਲ ਪਾਉਣ ਦੇ ਬਰਾਬਰ ਹੋਵੇਗੀ ਭਾਵੇਂ ਇਹ ਗੱਲ ਤੁਸੀਂ ਨਰਮਾਈ ਨਾਲ ਹੀ ਕਿਉਂ ਨਾ ਕਹੀ ਹੋਵੇ। (ਕਹਾ. 26:21) ਸੋ ਜਦੋਂ ਕਿਸੇ ਸਥਿਤੀ ਵਿਚ ਤੁਹਾਡੇ ਧੀਰਜ ਦੀ ਪਰਖ ਹੁੰਦੀ ਹੈ, ਤਾਂ ‘ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਵੋ।’ ਯਹੋਵਾਹ ਨੂੰ ਸ਼ਕਤੀ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਚੰਗੀਆਂ ਗੱਲਾਂ ਕਹਿ ਸਕੋ, ਨਾ ਕਿ ਬੁਰੀਆਂ।—ਯਾਕੂ. 1:19.
ਦਿਲੋਂ ਮਾਫ਼ ਕਰੋ
20, 21. ਹੋਰਨਾਂ ਨੂੰ ਮਾਫ਼ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ ਅਤੇ ਸਾਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ?
20 ਅਫ਼ਸੋਸ ਦੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਵੀ ਪੂਰੀ ਤਰ੍ਹਾਂ ਆਪਣੀ ਜ਼ਬਾਨ ਨੂੰ ਲਗਾਮ ਨਹੀਂ ਦੇ ਸਕਦਾ। (ਯਾਕੂ. 3:2) ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਡੇ ਪਰਿਵਾਰ ਦੇ ਜੀਆਂ ਅਤੇ ਕਲੀਸਿਯਾ ਦੇ ਪਿਆਰੇ ਭੈਣਾਂ-ਭਰਾਵਾਂ ਦੇ ਮੂੰਹੋਂ ਕਦੇ-ਕਦੇ ਅਜਿਹੀਆਂ ਗੱਲਾਂ ਨਿਕਲ ਜਾਂਦੀਆਂ ਹਨ ਜਿਨ੍ਹਾਂ ਕਾਰਨ ਸਾਨੂੰ ਦੁੱਖ ਪਹੁੰਚਦਾ ਹੈ। ਜਲਦਬਾਜ਼ੀ ਵਿਚ ਬੁਰਾ ਮਨਾਉਣ ਦੀ ਬਜਾਇ, ਧੀਰਜ ਨਾਲ ਸੋਚੋ ਕਿ ਉਨ੍ਹਾਂ ਨੇ ਇਹ ਗੱਲ ਕਿਉਂ ਕਹੀ ਹੋਵੇਗੀ। (ਉਪਦੇਸ਼ਕ ਦੀ ਪੋਥੀ 7:8, 9 ਪੜ੍ਹੋ।) ਕੀ ਉਹ ਕਿਸੇ ਗੱਲੋਂ ਪਰੇਸ਼ਾਨ ਸਨ, ਡਰੇ ਹੋਏ ਸਨ, ਠੀਕ ਨਹੀਂ ਸਨ ਜਾਂ ਕਿਸੇ ਬਾਹਰੀ ਜਾਂ ਅੰਦਰੂਨੀ ਸਮੱਸਿਆ ਨਾਲ ਜੱਦੋ-ਜਹਿਦ ਕਰ ਰਹੇ ਸਨ?
21 ਇਹ ਗੱਲਾਂ ਗੁੱਸੇ ਨੂੰ ਜਾਇਜ਼ ਨਹੀਂ ਠਹਿਰਾਉਂਦੀਆਂ। ਪਰ ਕਾਰਨ ਜਾਣ ਕੇ ਸਾਨੂੰ ਇਹ ਸਮਝਣ ਵਿਚ ਮਦਦ ਮਿਲ ਸਕਦੀ ਹੈ ਕਿ ਲੋਕ ਕਿਉਂ ਕਦੇ-ਕਦੇ ਕੁਝ ਕਹਿੰਦੇ ਜਾਂ ਕਰਦੇ ਹਨ ਜੋ ਉਨ੍ਹਾਂ ਨੂੰ ਨਹੀਂ ਕਹਿਣਾ ਜਾਂ ਕਰਨਾ ਚਾਹੀਦਾ। ਫਿਰ ਅਸੀਂ ਸ਼ਾਇਦ ਉਨ੍ਹਾਂ ਨੂੰ ਮਾਫ਼ ਕਰ ਦੇਈਏ। ਅਸੀਂ ਸਾਰਿਆਂ ਨੇ ਦੂਜਿਆਂ ਨੂੰ ਠੇਸ ਪਹੁੰਚਾਉਣ ਲਈ ਕੁਝ ਨਾ ਕੁਝ ਕਿਹਾ ਤੇ ਕੀਤਾ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਸਾਨੂੰ ਮਾਫ਼ ਕਰ ਦੇਣਗੇ। (ਉਪ. 7:21, 22) ਯਿਸੂ ਨੇ ਕਿਹਾ ਸੀ ਕਿ ਜੇ ਅਸੀਂ ਪਰਮੇਸ਼ੁਰ ਤੋਂ ਮਾਫ਼ੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ। (ਮੱਤੀ 6:14, 15; 18:21, 22, 35) ਇਸ ਲਈ ਸਾਨੂੰ ਜਲਦੀ ਮਾਫ਼ੀ ਮੰਗਣ ਅਤੇ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂਕਿ ਪਰਿਵਾਰ ਅਤੇ ਕਲੀਸਿਯਾ ਵਿਚ ਪਿਆਰ ਰਹੇ ਜੋ “ਸੰਪੂਰਨਤਾਈ ਦਾ ਬੰਧ ਹੈ।”—ਕੁਲੁ. 3:14.
22. ਚੰਗੀਆਂ ਗੱਲਾਂ ਕਰਨ ਦਾ ਕੀ ਨਤੀਜਾ ਨਿਕਲ ਸਕਦਾ ਹੈ?
22 ਜਿੱਦਾਂ-ਜਿੱਦਾਂ ਇਸ ਗੁੱਸੇਖ਼ੋਰ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਆਪਣੀ ਖ਼ੁਸ਼ੀ ਤੇ ਏਕਤਾ ਬਣਾਈ ਰੱਖਣੀ ਮੁਸ਼ਕਲ ਹੁੰਦੀ ਜਾ ਰਹੀ ਹੈ। ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸਿਧਾਂਤਾਂ ਨੂੰ ਲਾਗੂ ਕਰਨ ਨਾਲ ਸਾਨੂੰ ਚੰਗੀਆਂ ਗੱਲਾਂ ਨਾ ਕਿ ਮਾੜੀਆਂ ਗੱਲਾਂ ਕਰਨ ਵਿਚ ਮਦਦ ਮਿਲੇਗੀ। ਅਸੀਂ ਕਲੀਸਿਯਾ ਅਤੇ ਪਰਿਵਾਰ ਵਿਚ ਹੋਰ ਵੀ ਸ਼ਾਂਤੀ ਨਾਲ ਰਹਾਂਗੇ ਅਤੇ ਸਾਡੀ ਚੰਗੀ ਮਿਸਾਲ ਦੇਖ ਕੇ ਦੂਜਿਆਂ ਨੂੰ ਖ਼ੁਸ਼ ਰਹਿਣ ਵਾਲੇ ਸਾਡੇ ਪਰਮੇਸ਼ੁਰ ਬਾਰੇ ਗਵਾਹੀ ਮਿਲੇਗੀ।—1 ਤਿਮੋ. 1:11.
ਕੀ ਤੁਸੀਂ ਸਮਝਾ ਸਕਦੇ ਹੋ?
• ਸਮੱਸਿਆਵਾਂ ਬਾਰੇ ਗੱਲ ਕਰਨ ਲਈ ਸਹੀ ਸਮਾਂ ਤੈਅ ਕਰਨਾ ਕਿਉਂ ਜ਼ਰੂਰੀ ਹੈ?
• ਪਰਿਵਾਰ ਦੇ ਮੈਂਬਰਾਂ ਨੂੰ ਇਕ-ਦੂਜੇ ਨਾਲ ਹਮੇਸ਼ਾ “ਕਿਰਪਾਮਈ” ਯਾਨੀ ਚੰਗੇ ਬੋਲ ਕਿਉਂ ਬੋਲਣੇ ਚਾਹੀਦੇ ਹਨ?
• ਅਸੀਂ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕਹਿਣ ਤੋਂ ਕਿਵੇਂ ਬਚ ਸਕਦੇ ਹਾਂ?
• ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਹੋਰਨਾਂ ਨੂੰ ਮਾਫ਼ ਕਰ ਸਕਦੇ ਹਾਂ?
[ਸਫ਼ਾ 21 ਉੱਤੇ ਤਸਵੀਰਾਂ]
ਆਪਣਾ ਗੁੱਸਾ ਠੰਢਾ ਹੋਣ ਦਿਓ ਤੇ ਫਿਰ ਗੱਲ ਕਰਨ ਦਾ ਸਮਾਂ ਤੈਅ ਕਰੋ
[ਸਫ਼ਾ 23 ਉੱਤੇ ਤਸਵੀਰ]
ਆਦਮੀ ਨੂੰ ਆਪਣੀ ਪਤਨੀ ਨਾਲ ਹਮੇਸ਼ਾ ਪਿਆਰ ਨਾਲ ਬੋਲਣਾ ਚਾਹੀਦਾ ਹੈ