ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ
‘ਅਸੀਂ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ।’—ਕੁਲੁੱਸੀਆਂ 1:9, 10.
1, 2. ਖ਼ੁਸ਼ੀ ਅਤੇ ਸੰਤੁਸ਼ਟੀ ਖ਼ਾਸ ਕਰਕੇ ਕਿਸ ਤਰ੍ਹਾਂ ਮਿਲ ਸਕਦੀ ਹੈ?
“ਅਸੀਂ ਇਕ ਫਾਰਮ ਤੇ ਇਕ ਛੋਟੇ ਜਿਹੇ ਟ੍ਰੇਲਰ ਵਿਚ ਰਹਿੰਦੇ ਹਾਂ। ਆਪਣੀ ਜ਼ਿੰਦਗੀ ਸਾਦੀ ਰੱਖਣ ਦੁਆਰਾ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਲਗਾ ਸਕਦੇ ਹਾਂ। ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਿਚ ਅਸੀਂ ਕਈਆਂ ਲੋਕਾਂ ਦੀ ਮਦਦ ਕੀਤੀ ਹੈ। ਇਹ ਸਾਡੇ ਲਈ ਇਕ ਵੱਡਾ ਸਨਮਾਨ ਰਿਹਾ ਹੈ।”—ਦੱਖਣੀ ਅਫ਼ਰੀਕਾ ਵਿਚ ਪਾਇਨੀਅਰੀ ਕਰ ਰਿਹਾ ਇਕ ਵਿਆਹੁਤਾ ਜੋੜਾ।
2 ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਦੂਸਰਿਆਂ ਦੀ ਮਦਦ ਕਰਨ ਦੁਆਰਾ ਖ਼ੁਸ਼ੀ ਮਿਲਦੀ ਹੈ? ਦੁਨੀਆਂ ਵਿਚ ਕਈ ਲੋਕ ਬੀਮਾਰਾਂ ਅਤੇ ਬੇਸਹਾਰਾ ਲੋਕਾਂ ਦੀ ਲਗਾਤਾਰ ਮਦਦ ਕਰਨ ਤੋਂ ਸੰਤੁਸ਼ਟੀ ਪਾਉਂਦੇ ਹਨ। ਸੱਚੇ ਮਸੀਹੀ ਪੱਕਾ ਯਕੀਨ ਕਰਦੇ ਹਨ ਕਿ ਉਹ ਦੂਸਰਿਆਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਦੱਸਣ ਦੁਆਰਾ ਉਨ੍ਹਾਂ ਦੀ ਸਭ ਤੋਂ ਵਧੀਆ ਤਰੀਕੇ ਵਿਚ ਮਦਦ ਕਰ ਰਹੇ ਹਨ। ਸਿਰਫ਼ ਇਸੇ ਮਦਦ ਰਾਹੀਂ ਉਹ ਯਿਸੂ ਦਾ ਬਲੀਦਾਨ ਸਵੀਕਾਰ ਕਰ ਸਕਦੇ ਹਨ, ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜ ਸਕਦੇ ਹਨ, ਅਤੇ ਸਦਾ ਦਾ ਜੀਵਨ ਹਾਸਲ ਕਰਨ ਦੀ ਉਮੀਦ ਪਾ ਸਕਦੇ ਹਨ।—ਰਸੂਲਾਂ ਦੇ ਕਰਤੱਬ 3:19-21; 13:48.
3. ਸਾਨੂੰ ਕਿਸ ਤਰ੍ਹਾਂ ਦੀ ਮਦਦ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ?
3 ਲੇਕਿਨ, ਅਸੀਂ ਉਨ੍ਹਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਪਹਿਲਾਂ ਹੀ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ, ਯਾਨੀ “ਪ੍ਰਭੂ ਦੇ ਰਾਹ” ਵਿਚ ਚੱਲ ਰਹੇ ਹਨ? (ਰਸੂਲਾਂ ਦੇ ਕਰਤੱਬ 19:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਉਨ੍ਹਾਂ ਦਾ ਖ਼ਿਆਲ ਰੱਖਦੇ ਹੋ ਪਰ ਤੁਹਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਤੁਸੀਂ ਉਨ੍ਹਾਂ ਦੀ ਲਗਾਤਾਰ ਮਦਦ ਕਰਨ ਵਾਸਤੇ ਹੋਰ ਕੀ ਕਰ ਸਕਦੇ ਹੋ। ਜਾਂ ਸ਼ਾਇਦ ਤੁਹਾਡੇ ਹਾਲਾਤ ਅਜਿਹੇ ਹੋਣ ਕਿ ਤੁਸੀਂ ਉਨ੍ਹਾਂ ਦੀ ਉੱਨੀ ਮਦਦ ਨਾ ਕਰ ਸਕੋ ਜਿੰਨੀ ਤੁਸੀਂ ਚਾਹੁੰਦੇ ਹੋ। (ਰਸੂਲਾਂ ਦੇ ਕਰਤੱਬ 20:35) ਇਨ੍ਹਾਂ ਗੱਲਾਂ ਬਾਰੇ ਅਸੀਂ ਉਸ ਚਿੱਠੀ ਤੋਂ ਸਿੱਖ ਸਕਦੇ ਹਾਂ ਜੋ ਪੌਲੁਸ ਨੇ ਕੁਲੁੱਸੀ ਮਸੀਹੀਆਂ ਨੂੰ ਲਿਖੀ ਸੀ।
4. (ੳ) ਕੁਲੁੱਸੀਆਂ ਨੂੰ ਚਿੱਠੀ ਲਿਖਣ ਵੇਲੇ ਪੌਲੁਸ ਦੇ ਹਾਲਾਤ ਕਿਹੋ ਜਿਹੇ ਸਨ? (ਅ) ਇਪਫ੍ਰਾਸ ਨੇ ਭਰਾਵਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ?
4 ਜਦੋਂ ਪੌਲੁਸ ਨੇ ਰੋਮ ਤੋਂ ਕੁਲੁੱਸੈ ਦੇ ਮਸੀਹੀਆਂ ਨੂੰ ਚਿੱਠੀ ਲਿਖੀ ਸੀ ਤਾਂ ਉਹ ਆਪਣੇ ਘਰ ਵਿਚ ਕੈਦ ਸੀ। ਪਰ ਉਸ ਨੂੰ ਮਿਲਣ ਲਈ ਲੋਕ ਆ-ਜਾ ਸਕਦੇ ਸਨ। ਯਕੀਨਨ, ਪੌਲੁਸ ਨੇ ਇਸ ਸਮੇਂ ਦੌਰਾਨ ਹਰੇਕ ਮੌਕੇ ਤੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦਾ ਪੂਰਾ ਫ਼ਾਇਦਾ ਉਠਾਇਆ ਸੀ। (ਰਸੂਲਾਂ ਦੇ ਕਰਤੱਬ 28:16-31) ਸੰਗੀ ਮਸੀਹੀ ਪੌਲੁਸ ਨੂੰ ਮਿਲਣ ਆ ਸਕਦੇ ਸਨ, ਅਤੇ ਸ਼ਾਇਦ ਕਦੀ-ਕਦੀ ਉਨ੍ਹਾਂ ਨੂੰ ਵੀ ਉਸ ਨਾਲ ਕੈਦ ਕੀਤਾ ਗਿਆ ਹੋਵੇ। (ਕੁਲੁੱਸੀਆਂ 1:7, 8; 4:10) ਉਨ੍ਹਾਂ ਵਿੱਚੋਂ ਇਕ ਜੋਸ਼ੀਲਾ ਭਰਾ, ਇਪਫ੍ਰਾਸ ਸੀ। ਉਹ ਫ਼ਰੂਗਿਯਾ ਵਿਚ ਕੁਲੁੱਸੈ ਦੇ ਸ਼ਹਿਰ ਤੋਂ ਸੀ, ਜੋ ਕਿ ਏਸ਼ੀਆ ਮਾਈਨਰ (ਅੱਜ ਦੇ ਤੁਰਕੀ) ਵਿਚ ਅਫ਼ਸੁਸ ਦੇ ਪੂਰਬ ਵੱਲ ਸੀ। ਇਪਫ੍ਰਾਸ ਦੀ ਸਹਾਇਤਾ ਨਾਲ ਕੁਲੁੱਸੈ ਵਿਚ ਕਲੀਸਿਯਾ ਸਥਾਪਿਤ ਕੀਤੀ ਗਈ ਸੀ, ਅਤੇ ਉਸ ਨੇ ਲਾਗੇ ਲਾਉਦਿਕੀਆ ਅਤੇ ਹੀਏਰਪੁਲਿਸ ਦੀਆਂ ਕਲੀਸਿਯਾਵਾਂ ਵਿਚ ਵੀ ਮਿਹਨਤ ਕੀਤੀ ਸੀ। (ਕੁਲੁੱਸੀਆਂ 4:12, 13) ਇਪਫ੍ਰਾਸ ਪੌਲੁਸ ਨੂੰ ਮਿਲਣ ਰੋਮ ਕਿਉਂ ਗਿਆ ਸੀ, ਅਤੇ ਪੌਲੁਸ ਦੀ ਚਿੱਠੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਕੁਲੁੱਸੀਆਂ ਲਈ ਲਾਭਦਾਇਕ ਮਦਦ
5. ਪੌਲੁਸ ਨੇ ਕੁਲੁੱਸੀਆਂ ਨੂੰ ਚਿੱਠੀ ਕਿਉਂ ਲਿਖੀ ਸੀ?
5 ਇਪਫ੍ਰਾਸ ਕੁਲੁੱਸੈ ਦੀ ਕਲੀਸਿਯਾ ਦੀ ਹਾਲਤ ਬਾਰੇ ਪੌਲੁਸ ਨਾਲ ਗੱਲ ਕਰਨ ਲਈ ਔਖਾ ਸਫ਼ਰ ਤੈ ਕਰ ਕੇ ਰੋਮ ਨੂੰ ਗਿਆ। ਉਸ ਨੇ ਮਸੀਹੀਆਂ ਦੀ ਨਿਹਚਾ, ਉਨ੍ਹਾਂ ਦੇ ਪ੍ਰੇਮ, ਅਤੇ ਪ੍ਰਚਾਰ ਕਰਨ ਦੇ ਜਤਨਾਂ ਬਾਰੇ ਉਸ ਨੂੰ ਦੱਸਿਆ। (ਕੁਲੁੱਸੀਆਂ 1:4-8) ਲੇਕਿਨ, ਉਸ ਨੇ ਉਨ੍ਹਾਂ ਬੁਰੇ ਪ੍ਰਭਾਵਾਂ ਬਾਰੇ ਵੀ ਆਪਣੀ ਚਿੰਤਾ ਜ਼ਾਹਰ ਕੀਤੀ ਹੋਣੀ ਸੀ ਜੋ ਭਰਾਵਾਂ ਦੀ ਰੂਹਾਨੀ ਹਾਲਤ ਲਈ ਖ਼ਤਰਾ ਪੇਸ਼ ਕਰ ਰਹੇ ਸਨ। ਇਸੇ ਲਈ, ਪੌਲੁਸ ਨੇ ਪਰਮੇਸ਼ੁਰ ਵੱਲੋਂ ਪ੍ਰੇਰਿਤ ਚਿੱਠੀ ਲਿਖੀ ਜਿਸ ਵਿਚ ਉਸ ਨੇ ਝੂਠੇ ਉਪਦੇਸ਼ਕਾਂ ਦੀਆਂ ਫੈਲਾਈਆਂ ਗਈਆਂ ਗੱਲਾਂ ਨੂੰ ਗ਼ਲਤ ਸਾਬਤ ਕੀਤਾ ਸੀ। ਉਸ ਨੇ ਖ਼ਾਸ ਕਰਕੇ ਯਿਸੂ ਮਸੀਹ ਦੀ ਭੂਮਿਕਾ ਉੱਤੇ ਧਿਆਨ ਦਿੱਤਾ ਸੀ।a ਪਰ, ਕੀ ਉਸ ਨੇ ਸਿਰਫ਼ ਬਾਈਬਲ ਦੀਆਂ ਮੁੱਖ ਸਿੱਖਿਆਵਾਂ ਉੱਤੇ ਜ਼ੋਰ ਪਾ ਕੇ ਹੀ ਉਨ੍ਹਾਂ ਦੀ ਮਦਦ ਕੀਤੀ ਸੀ? ਉਹ ਉਨ੍ਹਾਂ ਦੀ ਹੋਰ ਕਿਸ ਤਰ੍ਹਾਂ ਮਦਦ ਕਰ ਸਕਦਾ ਸੀ? ਅਤੇ ਅਸੀਂ ਦੂਸਰਿਆਂ ਦੀ ਮਦਦ ਕਰਨ ਵਿਚ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?
6. ਪੌਲੁਸ ਨੇ ਆਪਣੀ ਚਿੱਠੀ ਵਿਚ ਕਿਸ ਗੱਲ ਉੱਤੇ ਜ਼ੋਰ ਪਾਇਆ ਸੀ?
6 ਆਪਣੀ ਚਿੱਠੀ ਦੇ ਸ਼ੁਰੂ ਵਿਚ ਹੀ ਪੌਲੁਸ ਨੇ ਉਸ ਮਦਦ ਦੀ ਗੱਲ ਕੀਤੀ ਜਿਸ ਬਾਰੇ ਅਸੀਂ ਸ਼ਾਇਦ ਘੱਟ ਹੀ ਸੋਚੀਏ। ਪੌਲੁਸ ਅਤੇ ਇਪਫ੍ਰਾਸ ਕੁਲੁੱਸੈ ਤੋਂ ਬਹੁਤ ਦੂਰ ਸਨ, ਇਸ ਲਈ ਜਿਸ ਮਦਦ ਦੀ ਉਸ ਨੇ ਗੱਲ ਕੀਤੀ ਸੀ ਉਹ ਦੂਰੋਂ ਵੀ ਲਾਭਦਾਇਕ ਹੋ ਸਕਦੀ ਸੀ। ਪੌਲੁਸ ਨੇ ਕਿਹਾ: “ਅਸੀਂ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਨਿੱਤ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ।” ਜੀ ਹਾਂ, ਇਹ ਪ੍ਰਾਰਥਨਾਵਾਂ ਖ਼ਾਸ ਕਰਕੇ ਕੁਲੁੱਸੈ ਦੇ ਭੈਣਾਂ-ਭਰਾਵਾਂ ਲਈ ਸਨ। ਪੌਲੁਸ ਅੱਗੇ ਕਹਿੰਦਾ ਹੈ ਕਿ “ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ।”—ਕੁਲੁੱਸੀਆਂ 1:3, 9.
7, 8. ਸਾਡੀਆਂ ਨਿੱਜੀ ਅਤੇ ਕਲੀਸਿਯਾਈ ਪ੍ਰਾਰਥਨਾਵਾਂ ਵਿਚ ਅਕਸਰ ਕਿਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ?
7 ਅਸੀਂ ਜਾਣਦੇ ਹਾਂ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਸਾਡੀਆਂ ਪ੍ਰਾਰਥਨਾਵਾਂ ਉਸ ਦੀ ਇੱਛਾ ਅਨੁਸਾਰ ਕੀਤੀਆਂ ਜਾਣ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਸੁਣੇਗਾ। (ਜ਼ਬੂਰ 65:2; 86:6; ਕਹਾਉਤਾਂ 15:8, 29; 1 ਯੂਹੰਨਾ 5:14) ਪਰ, ਜਦੋਂ ਅਸੀਂ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਅਸੀਂ ਕੀ ਕਹਿੰਦੇ ਹਾਂ?
8 ਅਸੀਂ ਸ਼ਾਇਦ ਸੰਸਾਰ-ਭਰ ਵਿਚ ਆਪਣੇ ਸਾਰਿਆਂ ਭੈਣਾਂ-ਭਰਾਵਾਂ ਬਾਰੇ ਸੋਚੀਏ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੀਏ। (1 ਪਤਰਸ 5:9) ਜਾਂ ਸ਼ਾਇਦ ਅਸੀਂ ਉਨ੍ਹਾਂ ਮਸੀਹੀਆਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਜੋ ਤਬਾਹੀਆਂ ਜਾਂ ਆਫ਼ਤਾਂ ਦਾ ਸਾਮ੍ਹਣਾ ਕਰਦੇ ਹੋਣ। ਜਦੋਂ ਪਹਿਲੀ-ਸਦੀ ਦੇ ਚੇਲਿਆਂ ਨੂੰ ਯਹੂਦਿਯਾ ਵਿਚ ਪਏ ਵੱਡੇ ਕਾਲ ਬਾਰੇ ਪਤਾ ਲੱਗਾ ਸੀ, ਤਾਂ ਉਨ੍ਹਾਂ ਨੇ ਆਪਣਿਆਂ ਭਰਾਵਾਂ ਦੀ ਮਦਦ ਕਰਨ ਲਈ ਚੰਦਾ ਭੇਜਣ ਤੋਂ ਪਹਿਲਾਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਵੀ ਕੀਤੀਆਂ ਹੋਣੀਆਂ ਸਨ। (ਰਸੂਲਾਂ ਦੇ ਕਰਤੱਬ 11:27-30) ਅੱਜ-ਕਲ੍ਹ, ਮਸੀਹੀ ਸਭਾਵਾਂ ਤੇ ਅਕਸਰ ਸੰਸਾਰ-ਭਰ ਵਿਚ ਆਪਣਿਆਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਮੌਕਿਆਂ ਤੇ ਸਾਰਿਆਂ ਨੂੰ ਪ੍ਰਾਰਥਨਾ ਸਮਝਣ ਦੀ ਲੋੜ ਪੈਂਦੀ ਹੈ ਤਾਂਕਿ ਉਹ “ਆਮੀਨ” ਕਹਿ ਸਕਣ।—1 ਕੁਰਿੰਥੀਆਂ 14:16.
ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰੋ
9, 10. (ੳ) ਕਿਹੜੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਕਿਸੇ ਵਿਅਕਤੀ ਲਈ ਪ੍ਰਾਰਥਨਾ ਕਰਨੀ ਠੀਕ ਹੈ? (ਅ) ਪੌਲੁਸ ਲਈ ਪ੍ਰਾਰਥਨਾ ਕਿਸ ਤਰ੍ਹਾਂ ਕੀਤੀ ਗਈ ਸੀ?
9 ਬਾਈਬਲ ਵਿਚ ਸਾਨੂੰ ਪ੍ਰਾਰਥਨਾਵਾਂ ਦੀਆਂ ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ ਜੋ ਖ਼ਾਸ ਕਰ ਕੇ ਇਕ ਭੈਣ ਜਾਂ ਭਰਾ ਲਈ ਕੀਤੀਆਂ ਗਈਆਂ ਸਨ। ਜ਼ਰਾ ਲੂਕਾ 22:31, 32 ਵਿਚ ਰਿਕਾਰਡ ਕੀਤੀ ਗਈ ਯਿਸੂ ਦੀ ਗੱਲ ਉੱਤੇ ਗੌਰ ਕਰੋ। ਉਸ ਸਮੇਂ ਉਹ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਸੀ। ਉਨ੍ਹਾਂ ਸਾਰਿਆਂ ਨੂੰ ਆਉਣ ਵਾਲੇ ਔਖੇ ਸਮੇਂ ਦੌਰਾਨ ਪਰਮੇਸ਼ੁਰ ਦੇ ਸਹਾਰੇ ਦੀ ਜ਼ਰੂਰਤ ਪੈਣੀ ਸੀ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਲਈ ਪ੍ਰਾਰਥਨਾ ਕੀਤੀ। (ਯੂਹੰਨਾ 17:9-14) ਲੇਕਿਨ, ਉਸ ਨੇ ਪ੍ਰਾਰਥਨਾ ਵਿਚ ਖ਼ਾਸ ਕਰਕੇ ਪਤਰਸ ਲਈ ਬੇਨਤੀ ਕੀਤੀ ਸੀ। ਇਸ ਵਰਗੀਆਂ ਹੋਰ ਵੀ ਮਿਸਾਲਾਂ ਹਨ: ਅਲੀਸ਼ਾ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਉਸ ਦੇ ਟਹਿਲੂਏ ਦੀ ਮਦਦ ਕਰੇ। (2 ਰਾਜਿਆਂ 6:15-17) ਯੂਹੰਨਾ ਰਸੂਲ ਨੇ ਗਾਯੁਸ ਲਈ ਪ੍ਰਾਰਥਨਾ ਕੀਤੀ ਕਿ ਉਹ ਸਰੀਰਕ ਅਤੇ ਰੂਹਾਨੀ ਤੌਰ ਤੇ ਤੰਦਰੁਸਤ ਰਹੇ। (3 ਯੂਹੰਨਾ 1, 2) ਅਤੇ ਹੋਰਨਾਂ ਦੀਆਂ ਪ੍ਰਾਰਥਨਾਵਾਂ ਖ਼ਾਸ ਸਮੂਹਾਂ ਲਈ ਕੀਤੀਆਂ ਗਈਆਂ ਸਨ।—ਅੱਯੂਬ 42:7, 8; ਲੂਕਾ 6:28; ਰਸੂਲਾਂ ਦੇ ਕਰਤੱਬ 7:60; 1 ਤਿਮੋਥਿਉਸ 2:1, 2.
10 ਪੌਲੁਸ ਨੇ ਆਪਣੀਆਂ ਚਿੱਠੀਆਂ ਵਿਚ ਇਸ ਗੱਲ ਉੱਤੇ ਜ਼ੋਰ ਪਾਇਆ ਕਿ ਪ੍ਰਾਰਥਨਾ ਕਰਦੇ ਸਮੇਂ ਇਕੱਲੇ-ਇਕੱਲੇ ਭੈਣਾਂ-ਭਰਾਵਾਂ ਦਾ ਜ਼ਿਕਰ ਕਰਨਾ ਠੀਕ ਹੈ। ਉਸ ਨੇ ਬੇਨਤੀ ਕੀਤੀ ਕਿ ਉਸ ਲਈ ਅਤੇ ਉਸ ਦੇ ਸਾਥੀਆਂ ਲਈ ਪ੍ਰਾਰਥਨਾ ਕੀਤੀ ਜਾਵੇ। ਕੁਲੁੱਸੀਆਂ 4:2, 3 ਵਿਚ ਲਿਖਿਆ ਗਿਆ ਹੈ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ। ਨਾਲੇ ਸਾਡੇ ਲਈ ਭੀ ਪ੍ਰਾਰਥਨਾ ਕਰੋ ਭਈ ਪਰਮੇਸ਼ੁਰ ਸਾਡੇ ਲਈ ਬਾਣੀ ਲਈ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਹ ਦੇ ਕਰਾਨ ਮੈਂ ਜਕੜਿਆ ਵੀ ਪਿਆ ਹਾਂ।” ਇਨ੍ਹਾਂ ਮਿਸਾਲਾਂ ਵੱਲ ਵੀ ਧਿਆਨ ਦਿਓ: ਰੋਮੀਆਂ 15:30; 1 ਥੱਸਲੁਨੀਕੀਆਂ 5:25; 2 ਥੱਸਲੁਨੀਕੀਆਂ 3:1; ਇਬਰਾਨੀਆਂ 13:18.
11. ਜਦੋਂ ਇਪਫ੍ਰਾਸ ਰੋਮ ਵਿਚ ਸੀ ਤਾਂ ਉਸ ਨੇ ਕਿਨ੍ਹਾਂ ਲਈ ਪ੍ਰਾਰਥਨਾ ਕੀਤੀ ਸੀ?
11 ਰੋਮ ਵਿਚ ਪੌਲੁਸ ਦੇ ਸਾਥੀ ਨੇ ਵੀ ਇਸੇ ਤਰ੍ਹਾਂ ਕੀਤਾ ਸੀ। “ਇਪਫ੍ਰਾਸ . . . ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡੀ ਸੁਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ।” (ਕੁਲੁੱਸੀਆਂ 4:12) ‘ਜਤਨ ਕਰਨ’ ਦਾ ਮਤਲਬ “ਸੰਘਰਸ਼ ਕਰਨਾ” ਹੋ ਸਕਦਾ ਹੈ, ਜਿਵੇਂ ਪ੍ਰਾਚੀਨ ਖੇਡਾਂ ਵਿਚ ਇਕ ਖਿਡਾਰੀ ਕਰਦਾ ਹੁੰਦਾ ਸੀ। ਕੀ ਇਪਫ੍ਰਾਸ ਸਿਰਫ਼ ਸੰਸਾਰ-ਭਰ ਦੇ ਭੈਣਾਂ-ਭਰਾਵਾਂ ਲਈ ਜਾਂ ਏਸ਼ੀਆ ਮਾਈਨਰ ਦੇ ਸੱਚੇ ਮਸੀਹੀਆਂ ਲਈ ਜੋਸ਼ੀਲੀਆਂ ਪ੍ਰਾਰਥਨਾਵਾਂ ਕਰ ਰਿਹਾ ਸੀ? ਪੌਲੁਸ ਨੇ ਸੰਕੇਤ ਕੀਤਾ ਕਿ ਇਪਫ੍ਰਾਸ ਖ਼ਾਸ ਕਰਕੇ ਕੁਲੁੱਸੈ ਦੇ ਭਰਾਵਾਂ ਲਈ ਪ੍ਰਾਰਥਨਾ ਕਰ ਰਿਹਾ ਸੀ। ਇਪਫ੍ਰਾਸ ਉਨ੍ਹਾਂ ਦੇ ਹਾਲਾਤ ਜਾਣਦਾ ਸੀ। ਅਸੀਂ ਉਨ੍ਹਾਂ ਸਾਰਿਆਂ ਦੇ ਨਾਂ ਨਹੀਂ ਜਾਣਦੇ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਉਨ੍ਹਾਂ ਨੇ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਸੰਭਵ ਹੈ ਕਿ ਉਨ੍ਹਾਂ ਵਿਚ ਅਜਿਹੀਆਂ ਕੁਝ ਗੱਲਾਂ ਸ਼ਾਮਲ ਸਨ। ਸ਼ਾਇਦ ਨੌਜਵਾਨ ਲੀਨੁਸ ਉਸ ਸਮੇਂ ਦੇ ਫ਼ਲਸਫ਼ਿਆਂ ਦੇ ਪ੍ਰਭਾਵ ਵਿਰੁੱਧ ਲੜ ਰਿਹਾ ਸੀ, ਅਤੇ ਹੋ ਸਕਦਾ ਹੈ ਕਿ ਰੂਫ਼ੁਸ ਨੂੰ ਉਤਸ਼ਾਹ ਦੀ ਲੋੜ ਸੀ ਤਾਂਕਿ ਉਹ ਫਿਰ ਤੋਂ ਯਹੂਦੀ ਧਰਮ ਦੀਆਂ ਰੀਤਾਂ ਵੱਲ ਨਾ ਖਿੱਚਿਆ ਜਾਵੇ। ਪਰਸੀਸ ਦਾ ਪਤੀ ਸੱਚਾਈ ਵਿਚ ਨਹੀਂ ਸੀ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਉਸ ਨੂੰ ਧੀਰਜ ਦੀ ਲੋੜ ਸੀ ਅਤੇ ਆਪਣੇ ਬੱਚਿਆਂ ਨੂੰ ਸੱਚਾਈ ਵਿਚ ਪਾਲਣ ਲਈ ਬੁੱਧ ਦੀ ਲੋੜ ਸੀ। ਕੀ ਅਸੁੰਕਰਿਤੁਸ ਨੂੰ ਆਪਣੀ ਜਾਨ-ਲੇਵਾ ਬੀਮਾਰੀ ਕਾਰਨ ਜ਼ਿਆਦਾ ਦਿਲਾਸੇ ਦੀ ਲੋੜ ਸੀ? ਜੀ ਹਾਂ, ਇਪਫ੍ਰਾਸ ਨੂੰ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਬਾਰੇ ਪਤਾ ਸੀ, ਅਤੇ ਉਸ ਨੇ ਉਨ੍ਹਾਂ ਲਈ ਦਿਲੋਂ ਪ੍ਰਾਰਥਨਾ ਕੀਤੀ ਕਿਉਂਕਿ ਉਹ ਅਤੇ ਪੌਲੁਸ ਦੋਨੋਂ ਚਾਹੁੰਦੇ ਸਨ ਕੀ ਯਹੋਵਾਹ ਦੇ ਇਹ ਭਗਤ ਉਸ ਦਿਆਂ ਰਾਹਾਂ ਵਿਚ ਚੱਲਦੇ ਰਹਿਣ।
12. ਅਸੀਂ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਖ਼ਾਸ ਭੈਣਾਂ-ਭਰਾਵਾਂ ਲਈ ਕਿਸ ਤਰ੍ਹਾਂ ਬੇਨਤੀ ਕਰ ਸਕਦੇ ਹਾਂ?
12 ਕੀ ਅਸੀਂ ਇਸ ਮਿਸਾਲ ਉੱਤੇ ਚੱਲ ਕੇ ਦੂਸਰਿਆਂ ਲਈ ਪ੍ਰਾਰਥਨਾ ਕਰ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ? ਜਿਵੇਂ ਦੇਖਿਆ ਗਿਆ ਹੈ, ਕਲੀਸਿਯਾਈ ਪ੍ਰਾਰਥਨਾਵਾਂ ਕਈਆਂ ਲੋਕਾਂ ਲਈ ਕੀਤੀਆਂ ਜਾਂਦੀਆਂ ਹਨ, ਇਸ ਲਈ ਇਨ੍ਹਾਂ ਵਿਚ ਅਕਸਰ ਸਾਧਾਰਣ ਗੱਲਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਲੇਕਿਨ ਆਪਣੀਆਂ ਨਿੱਜੀ ਜਾਂ ਪਰਿਵਾਰਕ ਪ੍ਰਾਰਥਨਾਵਾਂ ਵਿਚ ਅਸੀਂ ਅਲੱਗ-ਅਲੱਗ ਵਿਅਕਤੀਆਂ ਲਈ ਬੇਨਤੀ ਕਰ ਸਕਦੇ ਹਾਂ। ਭਾਵੇਂ ਕਿ ਅਸੀਂ ਕਦੀ-ਕਦੀ ਸਾਰਿਆਂ ਸਫ਼ਰੀ ਨਿਗਾਹਬਾਨਾਂ ਜਾਂ ਬਜ਼ੁਰਗਾਂ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੀਏ ਕਿ ਉਹ ਉਨ੍ਹਾਂ ਦੀ ਅਗਵਾਈ ਕਰੇ ਅਤੇ ਉਨ੍ਹਾਂ ਨੂੰ ਬਰਕਤ ਦੇਵੇ, ਕੀ ਅਸੀਂ ਕਦੀ-ਕਦੀ ਕਿਸੇ ਇਕ ਭਰਾ ਲਈ ਪ੍ਰਾਰਥਨਾ ਨਹੀਂ ਕਰ ਸਕਦੇ? ਮਿਸਾਲ ਲਈ, ਕਿਉਂ ਨਾ ਆਪਣੀ ਕਲੀਸਿਯਾ ਦੇ ਸਫ਼ਰੀ ਨਿਗਾਹਬਾਨ ਲਈ ਪ੍ਰਾਰਥਨਾ ਕਰੋ ਜਾਂ ਆਪਣੇ ਪੁਸਤਕ ਅਧਿਐਨ ਕਰਨ ਵਾਲੇ ਭਰਾ ਲਈ ਪ੍ਰਾਰਥਨਾ ਕਰੋ? ਫ਼ਿਲਿੱਪੀਆਂ 2:25-28 ਅਤੇ 1 ਤਿਮੋਥਿਉਸ 5:23 ਦਿਖਾਉਂਦੇ ਹਨ ਕਿ ਪੌਲੁਸ ਨੇ ਤਿਮੋਥਿਉਸ ਅਤੇ ਇਪਾਫ਼ਰੋਦੀਤੁਸ ਦੀ ਸਿਹਤ ਲਈ ਕਿੱਦਾਂ ਚਿੰਤਾ ਪ੍ਰਗਟ ਕੀਤੀ ਸੀ। ਕੀ ਅਸੀਂ ਵੀ ਇਸੇ ਤਰ੍ਹਾਂ ਬੀਮਾਰ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਕੇ ਉਨ੍ਹਾਂ ਵਿਚ ਦਿਲਚਸਪੀ ਲੈ ਸਕਦੇ ਹਾਂ?
13. ਕਿਹੜੇ ਕੁਝ ਮਾਮਲੇ ਹਨ ਜਿਨ੍ਹਾਂ ਬਾਰੇ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਗੱਲ ਕਰਨੀ ਉਚਿਤ ਹੈ?
13 ਇਹ ਗੱਲ ਸੱਚ ਹੈ ਕਿ ਸਾਨੂੰ ਦੂਸਰਿਆਂ ਦਿਆਂ ਮਾਮਲਿਆਂ ਵਿਚ ਲੱਤ ਨਹੀਂ ਅੜਾਉਣੀ ਚਾਹੀਦੀ, ਪਰ ਫਿਰ ਵੀ ਅਸੀਂ ਸੱਚੇ ਦਿਲੋਂ ਉਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਅਤੇ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ। (1 ਤਿਮੋਥਿਉਸ 5:13; 1 ਪਤਰਸ 4:15) ਹੋ ਸਕਦਾ ਹੈ ਕਿ ਕੋਈ ਭਰਾ ਆਪਣੀ ਨੌਕਰੀ ਗੁਆ ਬੈਠਾ ਹੋਵੇ, ਅਸੀਂ ਸ਼ਾਇਦ ਉਸ ਨੂੰ ਹੋਰ ਨੌਕਰੀ ਨਾ ਦੇ ਸਕੀਏ, ਪਰ ਅਸੀਂ ਆਪਣੀ ਨਿੱਜੀ ਪ੍ਰਾਰਥਨਾ ਵਿਚ ਉਸ ਦੀ ਮੁਸ਼ਕਲ ਬਾਰੇ ਗੱਲ ਕਰ ਸਕਦੇ ਹਾਂ। (ਜ਼ਬੂਰ 37:25; ਕਹਾਉਤਾਂ 10:3) ਕੀ ਅਸੀਂ ਕਿਸੇ ਸਿਆਣੀ ਉਮਰ ਦੀ ਭੈਣ ਨੂੰ ਜਾਣਦੇ ਹਾਂ ਜਿਸ ਦਾ ਨਾ ਪਤੀ ਹੈ ਅਤੇ ਨਾ ਬੱਚੇ ਹਨ, ਕਿਉਂਕਿ ਉਸ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ “ਕੇਵਲ ਪ੍ਰਭੁ” ਦੇ ਸੇਵਕ ਨਾਲ ਹੀ ਵਿਆਹ ਕਰੇਗੀ? (1 ਕੁਰਿੰਥੀਆਂ 7:39) ਆਪਣੀ ਨਿੱਜੀ ਪ੍ਰਾਰਥਨਾ ਵਿਚ ਅਸੀਂ ਯਹੋਵਾਹ ਤੋਂ ਉਸ ਭੈਣ ਉੱਤੇ ਬਰਕਤ ਮੰਗ ਸਕਦੇ ਹਾਂ ਤਾਂਕਿ ਉਹ ਵਫ਼ਾਦਾਰੀ ਨਾਲ ਸੇਵਾ ਕਰਦੀ ਰਹੇ। ਇਕ ਹੋਰ ਮਿਸਾਲ ਵੱਲ ਜ਼ਰਾ ਧਿਆਨ ਦਿਓ, ਹੋ ਸਕਦਾ ਹੈ ਕਿ ਗ਼ਲਤ ਰਾਹ ਤੇ ਪਏ ਹੋਏ ਇਕ ਭਰਾ ਨੂੰ ਦੋ ਬਜ਼ੁਰਗਾਂ ਨੇ ਤਾੜਨਾ ਦਿੱਤੀ ਹੋਵੇ। ਉਹ ਦੋਨੋਂ ਬਜ਼ੁਰਗ ਕਦੀ-ਕਦੀ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਉਸ ਦਾ ਜ਼ਿਕਰ ਕਰ ਸਕਦੇ ਹਨ।
14. ਭੈਣਾਂ-ਭਰਾਵਾਂ ਲਈ ਸਾਡੀ ਪ੍ਰਾਰਥਨਾ ਉਨ੍ਹਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ?
14 ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦਾ ਜ਼ਿਕਰ ਕਰਨ ਦੇ ਸਾਡੇ ਕੋਲ ਬਹੁਤ ਮੌਕੇ ਹਨ ਜਿਨ੍ਹਾਂ ਨੂੰ ਯਹੋਵਾਹ ਦੇ ਸਹਾਰੇ, ਦਿਲਾਸੇ, ਬੁੱਧ, ਅਤੇ ਪਵਿੱਤਰ ਸ਼ਕਤੀ, ਜਾਂ ਆਤਮਾ ਦੇ ਹੋਰ ਫਲਾਂ ਦੀ ਜ਼ਰੂਰਤ ਹੈ। ਦੂਰੀ ਜਾਂ ਹੋਰ ਹਾਲਾਤਾਂ ਕਾਰਨ ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਉਨ੍ਹਾਂ ਦੀ ਬਹੁਤ ਘੱਟ ਮਦਦ ਕਰ ਸਕਦੇ ਹੋ। ਪਰ, ਆਪਣਿਆਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨੀ ਕਦੀ ਨਾ ਭੁੱਲੋ। ਤੁਸੀਂ ਜਾਣਦੇ ਹੋ ਕਿ ਉਹ ਯਹੋਵਾਹ ਦੇ ਰਾਹਾਂ ਵਿਚ ਚੱਲਣਾ ਚਾਹੁੰਦੇ ਹਨ, ਲੇਕਿਨ ਇਸ ਤਰ੍ਹਾਂ ਹਮੇਸ਼ਾ ਕਰਨ ਲਈ ਸ਼ਾਇਦ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇ। ਤੁਸੀਂ ਆਪਣੀਆਂ ਪ੍ਰਾਰਥਨਾਵਾਂ ਰਾਹੀਂ ਇਹ ਮਦਦ ਦੇ ਸਕਦੇ ਹੋ।—ਜ਼ਬੂਰ 18:2; 20:1, 2; 34:15; 46:1; 121:1-3.
ਦੂਸਰਿਆਂ ਨੂੰ ਤਸੱਲੀ ਦੇਣ ਵਿਚ ਮਿਹਨਤ ਕਰੋ
15. ਕੁਲੁੱਸੀਆਂ ਦੀ ਚਿੱਠੀ ਦੇ ਅਖ਼ੀਰਲੇ ਹਿੱਸੇ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
15 ਲੇਕਿਨ, ਦੂਸਰਿਆਂ ਦੀ ਮਦਦ ਕਰਨ ਦਾ ਇੱਕੋ-ਇਕ ਤਰੀਕਾ ਦਿਲੋਂ ਕੀਤੀ ਗਈ ਪ੍ਰਾਰਥਨਾ ਹੀ ਨਹੀਂ ਹੈ, ਖ਼ਾਸ ਕਰਕੇ ਉਨ੍ਹਾਂ ਦੀ ਮਦਦ ਕਰਨ ਦਾ ਜੋ ਸਾਨੂੰ ਪਿਆਰੇ ਹਨ। ਕੁਲੁੱਸੀਆਂ ਦੀ ਚਿੱਠੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ। ਕਈ ਵਿਦਵਾਨ ਕਹਿੰਦੇ ਹਨ ਕਿ ਸਹੀ ਸਿੱਖਿਆ ਅਤੇ ਚੰਗੀ ਸਲਾਹ ਦੇਣ ਤੋਂ ਬਾਅਦ ਪੌਲੁਸ ਨੇ ਚਿੱਠੀ ਦੇ ਅਖ਼ੀਰਲੇ ਹਿੱਸੇ ਵਿਚ ਸਿਰਫ਼ ਆਪਣੇ ਵੱਲੋਂ ਸਲਾਮ ਹੀ ਲਿਖਿਆ। (ਕੁਲੁੱਸੀਆਂ 4:7-18) ਇਸ ਦੇ ਉਲਟ, ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਚਿੱਠੀ ਦੇ ਇਸ ਹਿੱਸੇ ਵਿਚ ਧਿਆਨ ਦੇਣ ਯੋਗ ਵਧੀਆ ਸਲਾਹ ਹੈ ਅਤੇ ਅਸੀਂ ਇਸ ਤੋਂ ਹੋਰ ਬਹੁਤ ਕੁਝ ਸਿੱਖ ਸਕਦੇ ਹਾਂ।
16, 17. ਕੁਲੁੱਸੀਆਂ 4:10, 11 ਵਿਚ ਜ਼ਿਕਰ ਕੀਤੇ ਗਏ ਭਰਾਵਾਂ ਬਾਰੇ ਅਸੀਂ ਕੀ ਕਹਿ ਸਕਦੇ ਹਾਂ?
16 ਪੌਲੁਸ ਨੇ ਲਿਖਿਆ: “ਅਰਿਸਤਰਖੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਸਾਕ ਹੈ ਜਿਹ ਦੇ ਵਿਖੇ ਤੁਹਾਨੂੰ ਹੁਕਮ ਮਿਲਿਆ ਸੀ—ਜੇ ਉਹ ਤੁਹਾਡੇ ਕੋਲ ਆਵੇ ਤਾਂ ਉਹ ਦਾ ਆਦਰ ਭਾਉ ਕਰਨਾ, ਅਤੇ ਯਿਸੂ ਜਿਹੜਾ ਯੂਸਤੁਸ ਕਰਕੇ ਸੱਦੀਦਾ ਹੈ ਏਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਪਰਮੇਸ਼ੁਰ ਦੇ ਰਾਜ ਲਈ ਨਿਰੇ ਏਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।”—ਕੁਲੁੱਸੀਆਂ 4:10, 11.
17 ਇੱਥੇ ਪੌਲੁਸ ਖ਼ਾਸ ਭਰਾਵਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਉਹ ਸੁੰਨਤੀਆਂ ਵਿੱਚੋਂ ਸਨ, ਯਾਨੀ ਉਹ ਯਹੂਦੀ ਸਨ। ਰੋਮ ਵਿਚ ਕਈ ਸੁੰਨਤੀ ਯਹੂਦੀ ਸਨ, ਅਤੇ ਇਨ੍ਹਾਂ ਵਿੱਚੋਂ ਕੁਝ ਹੁਣ ਮਸੀਹੀ ਬਣ ਗਏ ਸਨ। ਖ਼ੈਰ, ਜਿਨ੍ਹਾਂ ਭਰਾਵਾਂ ਦਾ ਪੌਲੁਸ ਨੇ ਜ਼ਿਕਰ ਕੀਤਾ ਸੀ ਉਨ੍ਹਾਂ ਨੇ ਉਸ ਦੀ ਮਦਦ ਕੀਤੀ ਸੀ। ਸੰਭਵ ਹੈ ਕਿ ਉਹ ਗ਼ੈਰ-ਯਹੂਦੀ ਪਿਛੋਕੜ ਦੇ ਮਸੀਹੀਆਂ ਨਾਲ ਸੰਗਤ ਰੱਖਣ ਤੋਂ ਝਿਜਕੇ ਨਹੀਂ ਸਨ, ਅਤੇ ਪੌਲੁਸ ਨਾਲ ਇਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਵੀ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੋਣੀ।—ਰੋਮੀਆਂ 11:13; ਗਲਾਤੀਆਂ 1:16; 2:11-14.
18. ਪੌਲੁਸ ਨੇ ਆਪਣੇ ਕੁਝ ਸਾਥੀਆਂ ਦੀ ਤਾਰੀਫ਼ ਕਿਸ ਤਰ੍ਹਾਂ ਕੀਤੀ ਸੀ?
18 ਪੌਲੁਸ ਦੀ ਗੱਲ ਵੱਲ ਧਿਆਨ ਦਿਓ: “ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।” (ਟੇਢੇ ਟਾਈਪ ਸਾਡੇ।) ਇੱਥੇ ਉਸ ਨੇ ਇਕ ਯੂਨਾਨੀ ਸ਼ਬਦ ਵਰਤਿਆ ਜੋ ਬਾਈਬਲ ਵਿਚ ਸਿਰਫ਼ ਇਕ ਵਾਰ ਆਉਂਦਾ ਹੈ। ਕਈ ਅਨੁਵਾਦਕ ਇਸ ਸ਼ਬਦ ਦਾ ਤਰਜਮਾ ਉਸ ਤਰ੍ਹਾਂ ਕਰਦੇ ਹਨ ਜਿਵੇਂ ਪੰਜਾਬੀ ਬਾਈਬਲ ਵਿਚ ਕੀਤਾ ਗਿਆ ਹੈ। ਪਰ, ਇਕ ਹੋਰ ਯੂਨਾਨੀ ਸ਼ਬਦ ਵੀ ਹੈ (ਪੈਰਾਕੇਲੀਓ) ਜਿਸ ਦਾ ਤਰਜਮਾ ਆਮ ਤੌਰ ਤੇ “ਤਸੱਲੀ” ਕੀਤਾ ਜਾਂਦਾ ਹੈ। ਪੌਲੁਸ ਨੇ ਆਪਣੀ ਚਿੱਠੀ ਵਿਚ ਕੁਲੁੱਸੀਆਂ 4:11 ਤੋਂ ਇਲਾਵਾ ਹਰੇਕ ਥਾਂ ਤੇ ਇਹ ਆਮ ਸ਼ਬਦ ਵਰਤਿਆ ਸੀ।—ਮੱਤੀ 5:4; ਰਸੂਲਾਂ ਦੇ ਕਰਤੱਬ 4:36; 9:31; 2 ਕੁਰਿੰਥੀਆਂ 1:4; ਕੁਲੁੱਸੀਆਂ 2:2; 4:8.
19, 20. (ੳ) ਉਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ ਜੋ ਪੌਲੁਸ ਨੇ ਰੋਮ ਵਿਚ ਉਸ ਦੀ ਮਦਦ ਕਰਨ ਵਾਲਿਆਂ ਭਰਾਵਾਂ ਬਾਰੇ ਕਹੇ ਸਨ? (ਅ) ਉਨ੍ਹਾਂ ਭਰਾਵਾਂ ਨੇ ਸ਼ਾਇਦ ਕਿਨ੍ਹਾਂ ਤਰੀਕਿਆਂ ਵਿਚ ਪੌਲੁਸ ਦੀ ਮਦਦ ਕੀਤੀ ਸੀ?
19 ਜਿਨ੍ਹਾਂ ਦਾ ਪੌਲੁਸ ਨੇ ਨਾਂ ਲੈ ਕੇ ਜ਼ਿਕਰ ਕੀਤਾ ਸੀ ਉਨ੍ਹਾਂ ਨੇ ਸਿਰਫ਼ ਸ਼ਬਦਾਂ ਨਾਲ ਹੀ ਨਹੀਂ ਉਸ ਨੂੰ ਦਿਲਾਸਾ ਦਿੱਤਾ ਸੀ। ਕੁਲੁੱਸੀਆਂ 4:11 ਵਿਚ ਵਰਤਿਆ ਗਿਆ ਯੂਨਾਨੀ ਸ਼ਬਦ ਜਿਸ ਦਾ ਤਰਜਮਾ ਪੰਜਾਬੀ ਬਾਈਬਲ ਵਿਚ “ਤਸੱਲੀ,” ਕੀਤਾ ਗਿਆ ਹੈ, ਕਦੀ-ਕਦੀ ਦੁੱਖ-ਦਰਦ ਮਿਟਾਉਣ ਵਾਲੀ ਦਵਾਈ ਲਈ ਵੀ ਵਰਤਿਆ ਜਾਂਦਾ ਸੀ। ਬਾਈਬਲ ਦੇ ਨਿਊ ਲਾਇਫ਼ ਵਰਯਨ ਵਿਚ ਇਸ ਆਇਤ ਵਿਚ ਲਿਖਿਆ ਹੈ: “ਉਨ੍ਹਾਂ ਨੇ ਮੇਰੀ ਕਿੰਨੀ ਮਦਦ ਕੀਤੀ ਹੈ!” ਟੂਡੇਜ਼ ਇੰਗਲਿਸ਼ ਵਰਯਨ ਕਹਿੰਦਾ ਹੈ: “ਉਨ੍ਹਾਂ ਨੇ ਮੇਰੀ ਬਹੁਤ ਸਾਰੀ ਮਦਦ ਕੀਤੀ ਹੈ।” ਪੌਲੁਸ ਦੇ ਨੇੜੇ ਰਹਿਣ ਵਾਲਿਆਂ ਮਸੀਹੀ ਭਰਾਵਾਂ ਨੇ ਉਸ ਦੀ ਮਦਦ ਕਰਨ ਲਈ ਕੀ ਕੀਤਾ ਸੀ?
20 ਲੋਕ ਪੌਲੁਸ ਨੂੰ ਮਿਲਣ ਆ ਸਕਦੇ ਸਨ, ਪਰ ਕਈ ਕੰਮ ਉਹ ਖ਼ੁਦ ਨਹੀਂ ਕਰ ਸਕਦਾ ਸੀ, ਜਿਵੇਂ ਕਿ ਉਹ ਆਪਣੇ ਲਈ ਖਾਣਾ ਜਾਂ ਸਰਦੀਆਂ ਲਈ ਕੱਪੜੇ ਖ਼ਰੀਦਣ ਬਾਹਰ ਨਹੀਂ ਜਾ ਸਕਦਾ ਸੀ। ਉਹ ਅਧਿਐਨ ਕਰਨ ਲਈ ਪੋਥੀਆਂ ਕਿੱਥੋਂ ਲੈਂਦਾ ਸੀ ਜਾਂ ਚਿੱਠੀ ਲਿਖਣ ਲਈ ਸਾਮਾਨ ਕਿੱਥੋਂ ਖ਼ਰੀਦ ਸਕਦਾ ਸੀ? (2 ਤਿਮੋਥਿਉਸ 4:13) ਇਨ੍ਹਾਂ ਗੱਲਾਂ ਵਿਚ ਇਹ ਭਰਾ ਪੌਲੁਸ ਦੀ ਮਦਦ ਕਰਦੇ ਸਨ, ਉਹ ਉਸ ਲਈ ਰਾਸ਼ਨ-ਪਾਣੀ ਲਿਆਉਂਦੇ ਸਨ ਅਤੇ ਉਸ ਲਈ ਹੋਰ ਕਈ ਕੰਮ ਕਰਦੇ ਸਨ। ਪੌਲੁਸ ਸ਼ਾਇਦ ਕਿਸੇ ਕਲੀਸਿਯਾ ਦੀ ਜਾਂਚ ਕਰ ਕੇ ਭਰਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਸੀ। ਪਰ, ਘਰ ਵਿਚ ਕੈਦ ਹੋਣ ਕਾਰਨ ਪੌਲੁਸ ਉੱਥੇ ਖ਼ੁਦ ਨਹੀਂ ਜਾ ਸਕਦਾ ਸੀ, ਇਸ ਲਈ ਹੋ ਸਕਦਾ ਹੈ ਕਿ ਇਨ੍ਹਾਂ ਭਰਾਵਾਂ ਨੇ ਉਸ ਲਈ ਸੁਨੇਹੇ ਪਹੁੰਚਾਏ ਹੋਣ ਅਤੇ ਖ਼ਬਰਾਂ ਵਾਪਸ ਲਿਆਂਦੀਆਂ ਹੋਣ। ਇਸ ਤੋਂ ਉਸ ਦੀ ਕਿੰਨੀ ਮਦਦ ਹੋਈ ਸੀ ਅਤੇ ਉਸ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ!
21, 22. (ੳ) ਕੁਲੁੱਸੀਆਂ 4:11 ਦੀ ਗੱਲ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? (ਅ) ਪੌਲੁਸ ਦੇ ਸਾਥੀਆਂ ਦੀ ਮਿਸਾਲ ਨੂੰ ਅਸੀਂ ਕਿਨ੍ਹਾਂ ਕੁਝ ਤਰੀਕਿਆਂ ਵਿਚ ਲਾਗੂ ਕਰ ਸਕਦੇ ਹਾਂ?
21 ਪੌਲੁਸ ਨੇ ਇਸ ਆਇਤ ਵਿਚ ਜੋ ਲਿਖਿਆ ਸੀ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਦੂਸਰਿਆਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ। ਹੋ ਸਕਦਾ ਹੈ ਕਿ ਉਹ ਯਹੋਵਾਹ ਦੇ ਨੈਤਿਕ ਮਿਆਰਾਂ ਅਨੁਸਾਰ ਚੱਲ ਰਹੇ ਹੋਣ, ਮਸੀਹੀ ਸਭਾਵਾਂ ਵਿਚ ਆਉਂਦੇ ਹੋਣ, ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹੋਣ। ਇਸ ਤਰ੍ਹਾਂ ਕਰਨ ਲਈ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਿੰਨੀ ਕਦਰ ਕਰਦੇ ਹਾਂ। ਪਰ ਕੀ ਅਸੀਂ ਉਨ੍ਹਾਂ ਦੀ ਮਦਦ ਕਰਨ ਵਿਚ ਇਸ ਤੋਂ ਵੱਧ ਕਰ ਸਕਦੇ ਹਾਂ, ਜਿਵੇਂ ਪੌਲੁਸ ਦੇ ਸਾਥੀਆਂ ਨੇ ਕੀਤਾ ਸੀ?
22 ਸ਼ਾਇਦ ਤੁਸੀਂ ਕਿਸੇ ਭੈਣ ਨੂੰ ਜਾਣਦੇ ਹੋ ਜੋ ਬੁੱਧੀਮਤਾ ਨਾਲ 1 ਕੁਰਿੰਥੀਆਂ 7:37 ਦੀ ਸਲਾਹ ਮੰਨਣ ਵਿਚ ਪੱਕੀ ਰਹੀ ਹੈ। ਪਰ ਹੁਣ ਉਸ ਦਾ ਕੋਈ ਪਰਿਵਾਰ ਨਹੀਂ ਅਤੇ ਉਹ ਇਕੱਲੀ ਹੈ। ਕੀ ਤੁਸੀਂ ਉਸ ਨੂੰ ਆਪਣਿਆਂ ਪਰਿਵਾਰਕ ਕੰਮਾਂ ਵਿਚ ਸ਼ਾਮਲ ਕਰ ਸਕਦੇ ਹੋ, ਸ਼ਾਇਦ ਤੁਸੀਂ ਉਸ ਨੂੰ ਰੋਟੀ ਲਈ ਬੁਲਾ ਸਕੋ ਜਾਂ ਦੋਸਤਾਂ-ਰਿਸ਼ਤੇਦਾਰਾਂ ਦੀ ਇਕ ਛੋਟੀ ਜਿਹੀ ਪਾਰਟੀ ਵਿਚ ਬੁਲਾ ਸਕੋ? ਕਿਉਂ ਨਾ ਉਸ ਨੂੰ ਆਪਣੇ ਪਰਿਵਾਰ ਨਾਲ ਸੰਮੇਲਨ ਤੇ ਜਾਣ ਜਾਂ ਇਕੱਠੇ ਛੁੱਟੀਆਂ ਮਨਾਉਣ ਬਾਰੇ ਪੁੱਛੋ? ਜਾਂ ਜਦੋਂ ਉਸ ਕੋਲ ਸਮਾਂ ਹੋਵੇ ਤਾਂ ਆਪਣੇ ਨਾਲ ਉਸ ਨੂੰ ਰਾਸ਼ਨ-ਪਾਣੀ ਖ਼ਰੀਦਣ ਲੈ ਜਾਓ। ਉਨ੍ਹਾਂ ਭੈਣਾਂ-ਭਰਾਵਾਂ ਲਈ ਵੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਜਿਨ੍ਹਾਂ ਦੇ ਜੀਵਨ-ਸਾਥੀ ਦੀ ਮੌਤ ਹੋ ਚੁੱਕੀ ਹੋਵੇ ਜਾਂ ਜੋ ਮਾੜੀ ਸਿਹਤ ਕਰਕੇ ਹੁਣ ਬਾਹਰ ਨਹੀਂ ਜਾ ਸਕਦੇ। ਤੁਸੀਂ ਉਨ੍ਹਾਂ ਦੇ ਅਨੁਭਵਾਂ ਨੂੰ ਸੁਣ ਕੇ ਖ਼ੁਸ਼ੀ ਪਾ ਸਕਦੇ ਹੋ ਜਾਂ ਆਮ ਗੱਲਾਂ ਵਿਚ, ਜਿਵੇਂ ਕਿ ਫਲ-ਸਬਜ਼ੀ ਖ਼ਰੀਦਣ ਜਾਂ ਬੱਚਿਆਂ ਦੇ ਕੱਪੜੇ ਖ਼ਰੀਦਣ ਬਾਰੇ ਉਨ੍ਹਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖ ਸਕਦੇ ਹੋ। (ਲੇਵੀਆਂ 19:32; ਕਹਾਉਤਾਂ 16:31) ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਕਰ ਸਕਦੇ ਹੋ। ਫਿਰ ਜੇਕਰ ਉਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਪਵੇ, ਸ਼ਾਇਦ ਦਵਾਖ਼ਾਨੇ ਤੋਂ ਦਵਾਈ ਮੰਗਵਾਉਣੀ ਹੋਵੇ ਜਾਂ ਹੋਰ ਕੋਈ ਕੰਮ ਕਰਵਾਉਣਾ ਹੋਵੇ, ਤਾਂ ਉਹ ਤੁਹਾਡੀ ਮਦਦ ਮੰਗਣ ਵਿਚ ਝਿਜਕਣਗੇ ਨਹੀਂ। ਰੋਮ ਵਿਚ ਭਰਾਵਾਂ ਨੇ ਪੌਲੁਸ ਨੂੰ ਲਾਭਦਾਇਕ ਮਦਦ ਜ਼ਰੂਰ ਦਿੱਤੀ ਹੋਣੀ ਸੀ। ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ। ਉਦੋਂ ਅਤੇ ਹੁਣ ਵੀ ਇਸ ਤਰ੍ਹਾਂ ਕਰਨ ਦੀ ਇਕ ਹੋਰ ਬਰਕਤ ਇਹ ਹੈ ਕਿ ਅਸੀਂ ਪ੍ਰੇਮ ਦੇ ਬੰਧਨ ਨੂੰ ਮਜ਼ਬੂਤ ਕਰਦੇ ਹਾਂ ਅਤੇ ਇਕੱਠੇ ਹੋ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਪੱਕਾ ਕਰਦੇ ਹਾਂ।
23. ਸਾਨੂੰ ਸਾਰਿਆਂ ਨੂੰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?
23 ਅਸੀਂ ਸਾਰੇ ਇਸ ਲੇਖ ਵਿਚ ਜ਼ਿਕਰ ਕੀਤੀਆਂ ਗਈਆਂ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ। ਇਹ ਸਿਰਫ਼ ਮਿਸਾਲਾਂ ਹਨ ਪਰ ਇਹ ਸਾਨੂੰ ਅਸਲੀ ਹਾਲਾਤਾਂ ਬਾਰੇ ਯਾਦ ਦਿਲਾ ਸਕਦੀਆਂ ਹਨ, ਜਿਨ੍ਹਾਂ ਵਿਚ ਅਸੀਂ ਆਪਣਿਆਂ ਭੈਣਾਂ-ਭਰਾਵਾਂ ਦੀ ਜ਼ਿਆਦਾ ਮਦਦ ਕਰ ਸਕਦੇ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਮਾਜ ਦੀਆਂ ਮੁਸ਼ਕਲਾਂ ਸੁਲਝਾਉਣ ਤੁਰ ਪਾਈਏ। ਕੁਲੁੱਸੀਆਂ 4:10, 11 ਵਿਚ ਜ਼ਿਕਰ ਕੀਤੇ ਗਏ ਭਰਾਵਾਂ ਦਾ ਇਹ ਟੀਚਾ ਨਹੀਂ ਸੀ। ਉਹ ‘ਪਰਮੇਸ਼ੁਰ ਦੇ ਰਾਜ ਲਈ ਕੰਮ ਕਰਨ ਵਾਲੇ ਸਨ।’ ਇਸੇ ਕੰਮ ਦੇ ਸੰਬੰਧ ਵਿਚ ਉਹ ਪੌਲੁਸ ਲਈ ਤਸੱਲੀ ਦਾ ਕਾਰਨ ਬਣੇ ਸਨ। ਸਾਨੂੰ ਵੀ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ।
24. ਦੂਸਰਿਆਂ ਲਈ ਪ੍ਰਾਰਥਨਾ ਕਰਨ ਦਾ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਅਸਲੀ ਕਾਰਨ ਕੀ ਹੈ?
24 ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਭੈਣ-ਭਰਾ ‘ਅਜਿਹੀ ਜੋਗ ਚਾਲ ਚੱਲਣੀ ਚਾਹੁੰਦੇ ਹਨ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ।’ ਇਸੇ ਲਈ ਅਸੀਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਉਨ੍ਹਾਂ ਦਾ ਜ਼ਿਕਰ ਕਰਦੇ ਹਾਂ। (ਕੁਲੁੱਸੀਆਂ 1:10) ਇਸ ਗੱਲ ਦੇ ਨਾਲ-ਨਾਲ ਪੌਲੁਸ ਦੱਸਦਾ ਹੈ ਕਿ ਇਕ ਕਾਰਨ ਹੋਰ ਸੀ ਜਿਸ ਲਈ ਇਪਫ੍ਰਾਸ ਨੇ ਕੁਲੁੱਸੈ ਦੇ ਭਰਾਵਾਂ ਲਈ ਪ੍ਰਾਰਥਨਾ ਕੀਤੀ ਸੀ। ਇਪਫ੍ਰਾਸ ਚਾਹੁੰਦਾ ਸੀ ਕਿ ਉਹ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ।’ (ਕੁਲੁੱਸੀਆਂ 4:12) ਅਸੀਂ ਨਿੱਜੀ ਤੌਰ ਤੇ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਆਓ ਆਪਾਂ ਦੇਖੀਏ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ੇ 490-1, ਅਤੇ ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ), ਸਫ਼ੇ 226-8 ਦੇਖੋ।
ਕੀ ਤੁਸੀਂ ਨੋਟ ਕੀਤਾ?
• ਅਸੀਂ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਰਾਹੀਂ ਦੂਸਰਿਆਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ?
• ਕੁਝ ਮਸੀਹੀਆਂ ਨੇ ਪੌਲੁਸ ਦੀ ਕਿਨ੍ਹਾਂ ਤਰੀਕਿਆਂ ਵਿਚ ਮਦਦ ਦਿੱਤੀ ਸੀ?
• ਅਸੀਂ ਦੂਸਰਿਆਂ ਨੂੰ ਕਿਸ ਤਰ੍ਹਾਂ ਮਦਦ ਦੇ ਸਕਦੇ ਹਾਂ?
• ਆਪਣਿਆਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਨੂੰ ਤਕੜਾ ਕਰਨ ਵਿਚ ਸਾਡਾ ਟੀਚਾ ਕੀ ਹੈ?
[ਸਫ਼ੇ 18 ਉੱਤੇ ਤਸਵੀਰ]
ਕੀ ਤੁਸੀਂ ਕਿਸੇ ਹੋਰ ਭੈਣ-ਭਰਾ ਨੂੰ ਆਪਣੇ ਪਰਿਵਾਰਕ ਕੰਮਾਂ ਵਿਚ ਸ਼ਾਮਲ ਕਰ ਸਕਦੇ ਹੋ?
[ਕ੍ਰੈਡਿਟ ਲਾਈਨ]
Courtesy of Green Chimney’s Farm