ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ
“ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ।”—ਕੁਲੁੱਸੀਆਂ 4:12.
1, 2. (ੳ) ਮੁਢਲੇ ਮਸੀਹੀਆਂ ਬਾਰੇ ਲੋਕਾਂ ਨੇ ਕੀ ਪਛਾਣਿਆ ਸੀ? (ਅ) ਕੁਲੁੱਸੀਆਂ ਦੀ ਚਿੱਠੀ ਵਿਚ ਪਿਆਰ ਅਤੇ ਦਿਲਚਸਪੀ ਕਿਸ ਤਰ੍ਹਾਂ ਦੇਖੇ ਜਾ ਸਕਦੇ ਹਨ?
ਯਿਸੂ ਦੇ ਚੇਲੇ ਆਪਣੇ ਸੰਗੀ ਉਪਾਸਕਾਂ ਵਿਚ ਬਹੁਤ ਦਿਲਚਸਪੀ ਲੈਂਦੇ ਸਨ। ਦੂਜੀ ਅਤੇ ਤੀਜੀ ਸਦੀ ਦੇ ਲੇਖਕ, ਟਰਟੂਲੀਅਨ ਨੇ ਲਿਖਿਆ ਕਿ ਉਹ ਯਤੀਮਾਂ, ਗ਼ਰੀਬਾਂ, ਅਤੇ ਬਿਰਧ ਲੋਕਾਂ ਨੂੰ ਦਿਆਲਗੀ ਦਿਖਾਉਂਦੇ ਸਨ। ਮਸੀਹੀਆਂ ਦਾ ਪ੍ਰੇਮ ਦੇਖ ਕੇ ਗ਼ੈਰ-ਮਸੀਹੀ ਇੰਨੇ ਪ੍ਰਭਾਵਿਤ ਹੋਏ ਸਨ ਕਿ ਕਈਆਂ ਨੇ ਕਿਹਾ, ‘ਦੇਖੋ ਉਹ ਕਿਸ ਤਰ੍ਹਾਂ ਇਕ ਦੂਸਰੇ ਨਾਲ ਪਿਆਰ ਕਰਦੇ ਹਨ।’
2 ਕੁਲੁੱਸੀਆਂ ਦੀ ਚਿੱਠੀ ਵਿਚ ਭੈਣਾਂ-ਭਰਾਵਾਂ ਲਈ ਪੌਲੁਸ ਰਸੂਲ ਅਤੇ ਉਸ ਦੇ ਸਾਥੀ ਇਪਫ੍ਰਾਸ ਦਾ ਪਿਆਰ ਅਤੇ ਦਿਲਚਸਪੀ ਦੇਖੇ ਜਾ ਸਕਦੇ ਹਨ। ਪੌਲੁਸ ਨੇ ਉਨ੍ਹਾਂ ਨੂੰ ਲਿਖਿਆ ਕਿ ਇਪਫ੍ਰਾਸ “ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ।” ਸਾਲ 2001 ਦੌਰਾਨ ਕੁਲੁੱਸੀਆਂ 4:12 ਦੇ ਸ਼ਬਦ ਯਹੋਵਾਹ ਦੇ ਗਵਾਹਾਂ ਦਾ ਵਰ੍ਹਾ-ਪਾਠ ਹੋਣਗੇ: “ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ।”
3. ਇਪਫ੍ਰਾਸ ਨੇ ਕਿਨ੍ਹਾਂ ਦੋ ਚੀਜ਼ਾਂ ਲਈ ਪ੍ਰਾਰਥਨਾ ਕੀਤੀ ਸੀ?
3 ਅਸੀਂ ਦੇਖ ਸਕਦੇ ਹਾਂ ਕਿ ਆਪਣੇ ਪਿਆਰੇ ਭਰਾਵਾਂ ਲਈ ਇਪਫ੍ਰਾਸ ਦੀਆਂ ਪ੍ਰਾਰਥਨਾਵਾਂ ਦੇ ਦੋ ਪਹਿਲੂ ਸਨ: (1) ਕਿ ਉਹ ‘ਸਿੱਧ ਹੋ ਕੇ ਟਿਕੇ ਰਹਿਣ’ ਅਤੇ (2) ਉਹ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਪੱਕੇ ਹੋ ਕੇ ਟਿਕੇ ਰਹਿਣ।’ ਇਹ ਜਾਣਕਾਰੀ ਬਾਈਬਲ ਵਿਚ ਸਾਡੇ ਫ਼ਾਇਦੇ ਲਈ ਦਰਜ ਕੀਤੀ ਗਈ ਸੀ। ਤਾਂ ਫਿਰ ਆਪਣੇ ਆਪ ਤੋਂ ਪੁੱਛੋ, ‘ਮੈਨੂੰ ਖ਼ੁਦ ਕੀ ਕਰਨਾ ਚਾਹੀਦਾ ਹੈ ਤਾਂਕਿ ਮੈਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕਾ ਹੋ ਕੇ ਟਿਕਿਆ ਰਹਿ ਸਕਾਂ? ਅਤੇ ਇਸ ਤਰ੍ਹਾਂ ਕਰਨ ਦਾ ਮੈਨੂੰ ਕੀ ਫ਼ਾਇਦਾ ਹੋਵੇਗਾ?’ ਆਓ ਆਪਾਂ ਦੇਖੀਏ।
‘ਸਿੱਧ ਹੋਣ’ ਦੀ ਕੋਸ਼ਿਸ਼ ਕਰੋ
4. ਕੁਲੁੱਸੀ ਮਸੀਹੀਆਂ ਨੂੰ ਕਿਸ ਅਰਥ ਵਿਚ “ਸਿੱਧ” ਹੋਣ ਦੀ ਲੋੜ ਸੀ?
4 ਇਪਫ੍ਰਾਸ ਦੀ ਇਹ ਇੱਛਾ ਸੀ ਕਿ ਕੁਲੁੱਸੈ ਦੀ ਕਲੀਸਿਯਾ ਦੇ ਭੈਣ-ਭਰਾ ‘ਸਿੱਧ ਹੋ ਕੇ ਟਿਕੇ ਰਹਿਣ।’ ਇੱਥੇ ਪੌਲੁਸ ਦੁਆਰਾ ਵਰਤੇ ਗਏ ਸ਼ਬਦ “ਸਿੱਧ” ਦਾ ਮਤਲਬ ‘ਸੰਪੂਰਣ’ ਜਾਂ ‘ਸਿਆਣਾ’ ਵੀ ਹੋ ਸਕਦਾ ਹੈ। (ਮੱਤੀ 19:21; ਇਬਰਾਨੀਆਂ 5:14; ਯਾਕੂਬ 1:4, 25) ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਿਰਫ਼ ਬਪਤਿਸਮਾ ਲੈਣ ਨਾਲ ਹੀ ਕੋਈ ਰੂਹਾਨੀ ਤੌਰ ਤੇ ਇਕ ਸਿਆਣਾ ਮਸੀਹੀ ਨਹੀਂ ਬਣਦਾ। ਕੁਲੁੱਸੈ ਦੇ ਪੱਛਮ ਵੱਲ ਰਹਿਣ ਵਾਲੇ ਅਫ਼ਸੀਆਂ ਨੂੰ ਪੌਲੁਸ ਨੇ ਲਿਖਿਆ ਕਿ ਕਲੀਸਿਯਾ ਦੇ ਚਰਵਾਹੇ ਅਤੇ ਉਪਦੇਸ਼ਕ ਸਾਰਿਆਂ ਮਸੀਹੀਆਂ ਦੀ ਮਦਦ ਕਰਨ ਤਾਂਕਿ ‘ਉਹ ਸੱਭੋ ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਪਹੁੰਚ ਸਕਣ।’ (ਟੇਢੇ ਟਾਈਪ ਸਾਡੇ।) (ਅਫ਼ਸੀਆਂ 4:8-13) ਇਕ ਹੋਰ ਚਿੱਠੀ ਵਿਚ ਪੌਲੁਸ ਨੇ ਮਸੀਹੀਆਂ ਨੂੰ ਉਤੇਜਿਤ ਕੀਤਾ ਕੀ ਉਹ ‘ਬੁੱਧ ਵਿੱਚ ਸਿਆਣੇ ਹੋ ਜਾਣ।’—1 ਕੁਰਿੰਥੀਆਂ 14:20.
5. ਤੁਸੀਂ ਸਿੱਧ ਹੋਣ ਜਾਂ ਸਿਆਣੇ ਬਣਨ ਨੂੰ ਆਪਣਾ ਟੀਚਾ ਕਿਸ ਤਰ੍ਹਾਂ ਬਣਾ ਸਕਦੇ ਹੋ?
5 ਜੇਕਰ ਕੁਲੁੱਸੈ ਦੇ ਕੁਝ ਮਸੀਹੀ ਹਾਲੇ ਰੂਹਾਨੀ ਤੌਰ ਤੇ ਸਿਆਣੇ ਨਹੀਂ ਬਣੇ ਸਨ ਤਾਂ ਉਨ੍ਹਾਂ ਨੂੰ ਇਸ ਗੱਲ ਨੂੰ ਆਪਣਾ ਟੀਚਾ ਬਣਾਉਣਾ ਚਾਹੀਦਾ ਸੀ। ਕੀ ਸਾਡੇ ਬਾਰੇ ਵੀ ਇਹ ਗੱਲ ਸੱਚ ਨਹੀਂ ਹੋਣੀ ਚਾਹੀਦੀ? ਚਾਹੇ ਅਸੀਂ ਕਈਆਂ ਸਾਲਾਂ ਤੋਂ ਜਾਂ ਨਵਾਂ-ਨਵਾਂ ਬਪਤਿਸਮਾ ਲਿਆ ਹੋਵੇ, ਕੀ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਅਸੀਂ ਆਪਣਿਆਂ ਸੋਚ-ਵਿਚਾਰਾਂ ਵਿਚ ਤਬਦੀਲੀਆਂ ਕੀਤੀਆਂ ਹਨ? ਫ਼ੈਸਲੇ ਕਰਨ ਤੋਂ ਪਹਿਲਾਂ ਕੀ ਅਸੀਂ ਬਾਈਬਲ ਦੇ ਸਿਧਾਂਤਾਂ ਵੱਲ ਧਿਆਨ ਦਿੰਦੇ ਹਾਂ? ਕੀ ਪਰਮੇਸ਼ੁਰ ਅਤੇ ਕਲੀਸਿਯਾ ਨਾਲ ਸੰਬੰਧਿਤ ਕੰਮ ਸਾਡੀ ਜ਼ਿੰਦਗੀ ਵਿਚ ਪਹਿਲੀ ਥਾਂ ਤੇ ਹਨ, ਜਾਂ ਕੀ ਅਸੀਂ ਇਨ੍ਹਾਂ ਕੰਮਾਂ ਨੂੰ ਉਦੋਂ ਹੀ ਕਰਦੇ ਹਾਂ ਜਦੋਂ ਸਾਡੇ ਕੋਲ ਵਿਹਲ ਹੋਵੇ? ਸਿਆਣੇ ਬਣਨ ਦਾ ਸਬੂਤ ਦੇਣ ਵਾਲੀਆਂ ਸਾਰੀਆਂ ਮਿਸਾਲਾਂ ਵੱਲ ਤਾਂ ਅਸੀਂ ਨਹੀਂ ਦੇਖ ਸਕਦੇ, ਪਰ ਜ਼ਰਾ ਇਨ੍ਹਾਂ ਦੋ ਮਿਸਾਲਾਂ ਵੱਲ ਧਿਆਨ ਦਿਓ।
6. ਕਿਹੜੀ ਗੱਲ ਹੈ ਜਿਸ ਵਿਚ ਮਸੀਹੀ ਯਹੋਵਾਹ ਵਾਂਗ ਸੰਪੂਰਣ ਬਣਨ ਦੀ ਕੋਸ਼ਿਸ਼ ਕਰ ਸਕਦੇ ਹਨ?
6 ਪਹਿਲੀ ਮਿਸਾਲ: ਫ਼ਰਜ਼ ਕਰੋ ਕਿ ਸਾਡੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਸੀ ਜਿੱਥੇ ਜਾਤ-ਪਾਤ ਅਤੇ ਰੰਗ ਕਰਕੇ ਪੱਖ-ਪਾਤ ਕੀਤਾ ਜਾਂਦਾ ਸੀ। ਅਸੀਂ ਹੁਣ ਜਾਣਦੇ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਸਭ ਲੋਕ ਬਰਾਬਰ ਹਨ ਅਤੇ ਇਸ ਲਈ ਸਾਨੂੰ ਪੱਖ-ਪਾਤ ਨਹੀਂ ਕਰਨਾ ਚਾਹੀਦਾ। (ਰਸੂਲਾਂ ਦੇ ਕਰਤੱਬ 10:14, 15, 34, 35) ਸਾਡੀ ਕਲੀਸਿਯਾ ਜਾਂ ਸਰਕਟ ਵਿਚ ਸ਼ਾਇਦ ਵੱਖਰੀਆਂ-ਵੱਖਰੀਆਂ ਜਾਤਾਂ ਦੇ ਲੋਕ ਹੋਣ ਅਤੇ ਇਨ੍ਹਾਂ ਨਾਲ ਸਾਨੂੰ ਰਲਣਾ-ਮਿਲਣਾ ਪਵੇ। ਲੇਕਿਨ, ਕੀ ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਬਾਰੇ ਅੰਦਰੋ-ਅੰਦਰੀ ਬੁਰਾ ਸੋਚਦੇ ਹਾਂ ਜਾਂ ਉਨ੍ਹਾਂ ਉੱਤੇ ਸ਼ੱਕ ਕਰਦੇ ਹਾਂ? ਕੀ ਅਸੀਂ ਇਕ ਲੜਾਕਾ ਰਵੱਈਆ ਰੱਖਦੇ ਹਾਂ, ਯਾਨੀ ਕੀ ਅਸੀਂ ਅਜਿਹੇ ਕਿਸੇ ਭੈਣ-ਭਰਾ ਦੀ ਮਾੜੀ ਜਿਹੀ ਗ਼ਲਤੀ ਕਾਰਨ ਜਲਦੀ ਹੀ ਉਸ ਦੀ ਨੁਕਤਾਚੀਨੀ ਕਰਨ ਲਈ ਤਿਆਰ ਹੋ ਜਾਂਦੇ ਹਾਂ? ਆਪਣੇ ਆਪ ਤੋਂ ਪੁੱਛੋ: ‘ਕੀ ਮੈਨੂੰ ਪਰਮੇਸ਼ੁਰ ਵਾਂਗ ਸਭ ਨੂੰ ਬਰਾਬਰ ਸਮਝਣ ਲਈ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ?’
7. ਇਕ ਮਸੀਹੀ ਵਜੋਂ ਸਿੱਧ ਹੋਣ ਲਈ ਦੂਸਰਿਆਂ ਬਾਰੇ ਕਿਹੜਾ ਨਜ਼ਰੀਆ ਰੱਖਣਾ ਜ਼ਰੂਰੀ ਹੈ?
7 ਦੂਸਰੀ ਮਿਸਾਲ: ਫ਼ਿਲਿੱਪੀਆਂ 2:3 ਦੇ ਅਨੁਸਾਰ ਸਾਨੂੰ ‘ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਹੀਂ ਕਰਨਾ ਚਾਹੀਦਾ ਸਗੋਂ ਸਾਨੂੰ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਸਮਝਣਾ ਚਾਹੀਦਾ ਹੈ।’ ਅਸੀਂ ਇਸ ਮਾਮਲੇ ਵਿਚ ਕਿਹੋ ਜਿਹੀ ਤਰੱਕੀ ਕਰ ਰਹੇ ਹਾਂ? ਹਰੇਕ ਇਨਸਾਨ ਵਿਚ ਕਮਜ਼ੋਰੀਆਂ ਅਤੇ ਚੰਗੇ ਗੁਣ ਹੁੰਦੇ ਹਨ। ਜੇਕਰ ਅੱਗੇ ਅਸੀਂ ਦੂਸਰਿਆਂ ਦੀਆਂ ਕਮਜ਼ੋਰੀਆਂ ਉੱਤੇ ਜਲਦੀ ਹੀ ਧਿਆਨ ਦਿੰਦੇ ਸਨ ਤਾਂ ਕੀ ਅਸੀਂ ਹੁਣ ਕੋਈ ਤਰੱਕੀ ਕੀਤੀ ਹੈ, ਯਾਨੀ ਉਨ੍ਹਾਂ ਤੋਂ ਇਹ ਆਸ ਰੱਖਣੀ ਛੱਡ ਦਿੱਤੀ ਹੈ ਕਿ ਉਹ ਕੋਈ ਗ਼ਲਤੀ ਨਹੀਂ ਕਰਨਗੇ? (ਯਾਕੂਬ 3:2) ਅੱਗੇ ਨਾਲੋਂ ਕੀ ਅਸੀਂ ਹੁਣ ਉਨ੍ਹਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ ਜਿਨ੍ਹਾਂ ਵਿਚ ਦੂਸਰੇ ਸਾਡੇ ਨਾਲੋਂ ਉੱਤਮ ਹਨ? ਕੀ ਅਸੀਂ ਇਸ ਤਰ੍ਹਾਂ ਸੋਚਦੇ ਹਾਂ: ‘ਇਹ ਗੱਲ ਬਿਲਕੁਲ ਸੱਚੀ ਹੈ ਕਿ ਇਹ ਭੈਣ ਮੇਰੇ ਨਾਲੋਂ ਜ਼ਿਆਦਾ ਧੀਰਜਵਾਨ ਹੈ।’ ‘ਉਸ ਵਿਅਕਤੀ ਦੀ ਨਿਹਚਾ ਮੇਰੀ ਨਿਹਚਾ ਨਾਲੋਂ ਪੱਕੀ ਹੈ।’ ‘ਅਸਲ ਵਿਚ ਉਹ ਭਰਾ ਮੇਰੇ ਨਾਲੋਂ ਚੰਗਾ ਉਪਦੇਸ਼ਕ ਹੈ।’ ‘ਉਹ ਭੈਣ ਆਪਣੇ ਗੁੱਸੇ ਉੱਤੇ ਮੇਰੇ ਨਾਲੋਂ ਚੰਗੀ ਤਰ੍ਹਾਂ ਕਾਬੂ ਰੱਖ ਸਕਦੀ ਹੈ।’ ਸ਼ਾਇਦ ਕੁਲੁੱਸੀ ਮਸੀਹੀਆਂ ਨੂੰ ਇਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਸੀ। ਕੀ ਸਾਨੂੰ ਵੀ ਸੁਧਾਰ ਕਰਨ ਦੀ ਲੋੜ ਹੈ?
8, 9. (ੳ) ਇਪਫ੍ਰਾਸ ਦਾ ਇਹ ਕਹਿਣ ਦਾ ਕੀ ਮਤਲਬ ਸੀ ਕਿ ਕੁਲੁੱਸੀ ਭੈਣ-ਭਰਾ ਸੱਚਾਈ ਵਿਚ ‘ਟਿਕੇ ਰਹਿਣ’? (ਅ) ਭਵਿੱਖ ਦੇ ਸੰਬੰਧ ਵਿਚ ‘ਸਿੱਧ ਹੋ ਕੇ ਟਿਕੇ ਰਹਿਣ’ ਦਾ ਕੀ ਮਤਲਬ ਹੈ?
8 ਇਪਫ੍ਰਾਸ ਨੇ ਪ੍ਰਾਰਥਨਾ ਕੀਤੀ ਸੀ ਕਿ ਕੁਲੁੱਸੀ ਭੈਣ-ਭਰਾ ‘ਸਿੱਧ ਹੋ ਕੇ ਟਿਕੇ ਰਹਿਣ।’ (ਟੇਢੇ ਟਾਈਪ ਸਾਡੇ।) ਸਪੱਸ਼ਟ ਹੈ ਕਿ ਇਪਫ੍ਰਾਸ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਰਿਹਾ ਸੀ ਕਿ ਕੁਲੁੱਸੈ ਦੇ ਸਿੱਧ ਜਾਂ ਸਿਆਣੇ ਮਸੀਹੀ ਸੱਚਾਈ ਵਿਚ ਹਮੇਸ਼ਾ ‘ਟਿਕੇ ਰਹਿਣ।’
9 ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਵੀ ਇਨਸਾਨ ਮਸੀਹੀ ਬਣ ਜਾਂਦਾ ਹੈ, ਚਾਹੇ ਉਹ ਰੂਹਾਨੀ ਤੌਰ ਤੇ ਸਿਆਣਾ ਹੋਵੇ ਜਾਂ ਨਾ, ਉਹ ਹਮੇਸ਼ਾ ਇਸ ਰਾਹ ਤੇ ਚੱਲਦਾ ਰਹੇਗਾ। ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦਾ ਇਕ ਦੂਤਮਈ ਪੁੱਤਰ “ਸਚਿਆਈ ਉੱਤੇ ਟਿਕਿਆ ਨਾ ਰਿਹਾ।” (ਯੂਹੰਨਾ 8:44) ਅਤੇ ਪੌਲੁਸ ਨੇ ਕੁਰਿੰਥੀ ਭਰਾਵਾਂ ਨੂੰ ਉਨ੍ਹਾਂ ਲੋਕਾਂ ਬਾਰੇ ਯਾਦ ਦਿਲਾਇਆ ਸੀ ਜੋ ਥੋੜ੍ਹੇ ਸਮੇਂ ਲਈ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਹਟ ਗਏ ਸਨ। ਉਸ ਨੇ ਮਸਹ ਕੀਤੇ ਹੋਏ ਭਰਾਵਾਂ ਨੂੰ ਚੇਤਾਵਨੀ ਦਿੱਤੀ ਕਿ “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” (1 ਕੁਰਿੰਥੀਆਂ 10:12) ਇਸ ਲਈ ਪੌਲੁਸ ਨੇ ਕੁਲੁੱਸੀਆਂ ਲਈ ਪ੍ਰਾਰਥਨਾ ਕੀਤੀ ਸੀ ਕਿ ਉਹ ‘ਸਿੱਧ ਹੋ ਕੇ ਟਿਕੇ ਰਹਿਣ।’ (ਟੇਢੇ ਟਾਈਪ ਸਾਡੇ।) ਜਦੋਂ ਉਹ ਸੰਪੂਰਣ ਅਤੇ ਸਿਆਣੇ ਬਣ ਗਏ ਸਨ, ਤਾਂ ਉਨ੍ਹਾਂ ਨੂੰ ਪਿਛਾਂਹ ਹਟਣ, ਥੱਕ ਜਾਣ, ਜਾਂ ਭਟਕ ਜਾਣ ਦੀ ਬਜਾਇ ਸੱਚਾਈ ਵਿਚ ਡਟੇ ਰਹਿਣ ਦੀ ਲੋੜ ਸੀ। (ਇਬਰਾਨੀਆਂ 2:1; 3:12; 6:6; 10:39; 12:25) ਇਸ ਤਰ੍ਹਾਂ ਉਹ ਪਰਖਣ ਅਤੇ ਮਨਜ਼ੂਰੀ ਹਾਸਲ ਕਰਨ ਦੇ ਦਿਨ “ਸਿੱਧ” ਜਾਂ ਸੰਪੂਰਣ ਹੋਣਗੇ।—2 ਕੁਰਿੰਥੀਆਂ 5:10; 1 ਪਤਰਸ 2:12.
10, 11. (ੳ) ਇਪਫ੍ਰਾਸ ਨੇ ਸਾਡੇ ਲਈ ਪ੍ਰਾਰਥਨਾ ਕਰਨ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਸੀ? (ਅ) ਇਪਫ੍ਰਾਸ ਵਾਂਗ ਤੁਹਾਨੂੰ ਕਿਹੜਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
10 ਅਸੀਂ ਪਹਿਲਾਂ ਹੀ ਇਸ ਬਾਰੇ ਚਰਚਾ ਕਰ ਚੁੱਕੇ ਹਾਂ ਕਿ ਆਪਣਿਆਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨੀ ਕਿੰਨੀ ਜ਼ਰੂਰੀ ਹੈ। ਅਤੇ ਯਹੋਵਾਹ ਤੋਂ ਇਹ ਮੰਗ ਕਰਨੀ ਵੀ ਕਿੰਨੀ ਮਹੱਤਵਪੂਰਣ ਹੈ ਕਿ ਉਹ ਉਨ੍ਹਾਂ ਦੀ ਮਦਦ ਕਰੇ, ਉਨ੍ਹਾਂ ਨੂੰ ਦਿਲਾਸਾ, ਬਰਕਤ, ਅਤੇ ਪਵਿੱਤਰ ਸ਼ਕਤੀ ਦੇਵੇ। ਕੁਲੁੱਸੀ ਭੈਣਾਂ-ਭਰਾਵਾਂ ਲਈ ਇਪਫ੍ਰਾਸ ਨੇ ਪ੍ਰਾਰਥਨਾ ਵਿਚ ਅਜਿਹੀਆਂ ਗੱਲਾਂ ਲਈ ਬੇਨਤੀ ਕੀਤੀ ਸੀ। ਅਤੇ ਇਪਫ੍ਰਾਸ ਵਾਂਗ ਜਦੋਂ ਅਸੀਂ ਆਪਣੇ ਬਾਰੇ ਪ੍ਰਾਰਥਨਾ ਕਰਦੇ ਹਾਂ ਤਾਂ ਅਸੀਂ ਵੀ ਯਹੋਵਾਹ ਅੱਗੇ ਇਨ੍ਹਾਂ ਚੀਜ਼ਾਂ ਬਾਰੇ ਬੇਨਤੀ ਕਰ ਸਕਦੇ ਹਾਂ। ਬਿਨਾਂ ਸ਼ੱਕ, ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ ਤਾਂਕਿ ਅਸੀਂ ਖ਼ੁਦ ‘ਸਿੱਧ ਹੋ ਕੇ ਟਿਕੇ ਰਹੀਏ।’ ਕੀ ਤੁਸੀਂ ਉਸ ਦੀ ਮਦਦ ਲਈ ਪ੍ਰਾਰਥਨਾ ਕਰਦੇ ਹੋ?
11 ਤੁਸੀਂ ਆਪਣੀ ਸਥਿਤੀ ਬਾਰੇ ਪ੍ਰਾਰਥਨਾ ਕਰ ਸਕਦੇ ਹੋ। ਪਰਮੇਸ਼ੁਰ ਨੂੰ ਦੱਸੋ ਕਿ ਤੁਸੀਂ ਸੱਚਾਈ ਵਿਚ “ਸਿੱਧ,” ਸਿਆਣੇ, ਜਾਂ ਪ੍ਰੌੜ੍ਹ ਬਣਨ ਵਿਚ ਕਿੰਨੀ ਕੁ ਤਰੱਕੀ ਕੀਤੀ ਹੈ। ਉਸ ਅੱਗੇ ਬੇਨਤੀ ਕਰੋ ਕੇ ਉਹ ਤੁਹਾਨੂੰ ਇਹ ਪਛਾਣਨ ਵਿਚ ਮਦਦ ਦੇਵੇ ਕਿ ਤੁਹਾਨੂੰ ਕਿਨ੍ਹਾਂ-ਕਿਨ੍ਹਾਂ ਗੱਲਾਂ ਵਿਚ ਹੋਰ ਰੂਹਾਨੀ ਤਰੱਕੀ ਕਰਨ ਦੀ ਲੋੜ ਹੈ। (ਜ਼ਬੂਰ 17:3; 139:23, 24) ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਕਿਸੇ-ਨ-ਕਿਸੇ ਗੱਲ ਵਿਚ ਤਰੱਕੀ ਕਰ ਸਕਦੇ ਹਾਂ। ਪਰ ਇਨ੍ਹਾਂ ਗੱਲਾਂ ਕਾਰਨ ਮਾਯੂਸ ਹੋਣ ਦੀ ਬਜਾਇ, ਤਰੱਕੀ ਕਰਨ ਲਈ ਦਿਲੋਂ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਮਦਦ ਮੰਗੋ। ਇਸ ਤਰ੍ਹਾਂ ਸਿਰਫ਼ ਇਕ ਵਾਰ ਨਹੀਂ ਪਰ ਵਾਰ-ਵਾਰ ਕਰੋ। ਕਿਉਂ ਨਾ ਪੱਕਾ ਇਰਾਦਾ ਕਰੋ ਕਿ ਤੁਸੀਂ ਸੱਚਾਈ ਵਿਚ ‘ਸਿੱਧ ਹੋ ਕੇ ਟਿਕੇ ਰਹਿਣ’ ਬਾਰੇ ਇਸ ਹਫ਼ਤੇ ਕੁਝ ਸਮੇਂ ਲਈ ਪ੍ਰਾਰਥਨਾ ਕਰੋਗੇ। ਅਤੇ ਸਾਲ ਦੇ ਵਰ੍ਹੇ-ਪਾਠ ਵੱਲ ਧਿਆਨ ਦਿੰਦੇ ਹੋਏ ਇਸ ਤਰ੍ਹਾਂ ਮੁੜ-ਮੁੜ ਕੇ ਪ੍ਰਾਰਥਨਾ ਕਰਨ ਦਾ ਇਰਾਦਾ ਕਰੋ। ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਮਦਦ ਮੰਗੋ ਤਾਂਕਿ ਤੁਸੀਂ ਉਸ ਦੀ ਸੇਵਾ ਕਰਨ ਤੋਂ ਥੱਕ ਕੇ ਪਿੱਛੇ ਨਾ ਹਟੋਗੇ ਅਤੇ ਉਸ ਤੋਂ ਦੂਰ ਨਾ ਹੋਵੋਗੇ। ਅਤੇ ਬੇਨਤੀ ਕਰੋ ਕਿ ਉਹ ਤੁਹਾਨੂੰ ਇਸ ਤਰ੍ਹਾਂ ਕਰਨ ਦਾ ਰਾਹ ਦਿਖਾਵੇ।—ਅਫ਼ਸੀਆਂ 6:11, 13, 14, 18.
ਪੱਕੇ ਹੋਣ ਲਈ ਪ੍ਰਾਰਥਨਾ ਕਰੋ
12. ਕੁਲੁੱਸੀ ਭੈਣਾਂ-ਭਰਾਵਾਂ ਨੂੰ ਖ਼ਾਸ ਕਰਕੇ ‘ਪੱਕੇ ਰਹਿਣ’ ਦੀ ਲੋੜ ਕਿਉਂ ਸੀ?
12 ਇਪਫ੍ਰਾਸ ਨੇ ਇਕ ਹੋਰ ਬਹੁਤ ਜ਼ਰੂਰੀ ਚੀਜ਼ ਲਈ ਵੀ ਪ੍ਰਾਰਥਨਾ ਕੀਤੀ ਸੀ ਜੇ ਕੁਲੁੱਸੀ ਭੈਣਾਂ-ਭਰਾਵਾਂ ਨੇ ਪਰਮੇਸ਼ੁਰ ਵੱਲੋਂ ਪ੍ਰਵਾਨਗੀ ਹਾਸਲ ਕਰਨੀ ਸੀ। ਇਹ ਗੱਲ ਸਾਡੇ ਲਈ ਵੀ ਉੱਨੀ ਹੀ ਜ਼ਰੂਰੀ ਹੈ। ਇਹ ਗੱਲ ਕੀ ਹੈ? ਉਸ ਨੇ ਪ੍ਰਾਰਥਨਾ ਕੀਤੀ ਕਿ ਉਹ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਪੱਕੇ ਹੋ ਕੇ ਟਿਕੇ ਰਹਿਣ।’ ਕੁਲੁੱਸੀ ਭੈਣ-ਭਰਾ ਕਈ ਤਰ੍ਹਾਂ ਦੇ ਖ਼ਿਆਲਾਂ ਅਤੇ ਨੁਕਸਾਨ ਕਰਨ ਵਾਲੇ ਫ਼ਲਸਫ਼ਿਆਂ ਨਾਲ ਘੇਰੇ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਗੱਲਾਂ ਸੱਚੀ ਉਪਾਸਨਾ ਦਾ ਹਿੱਸਾ ਵੀ ਬਣ ਗਈਆਂ ਸਨ। ਮਿਸਾਲ ਲਈ, ਯਹੂਦੀਆਂ ਦੀ ਉਪਾਸਨਾ ਵਿਚ ਖ਼ਾਸ ਦਿਨਾਂ ਤੇ ਵਰਤ ਰੱਖੇ ਜਾਂਦੇ ਸਨ ਅਤੇ ਤਿਉਹਾਰ ਮਨਾਏ ਜਾਂਦੇ ਸਨ, ਅਤੇ ਕੁਲੁੱਸੀ ਭੈਣਾਂ-ਭਰਾਵਾਂ ਉੱਤੇ ਦਬਾਅ ਪਾਇਆ ਗਿਆ ਸੀ ਕਿ ਉਹ ਇਨ੍ਹਾਂ ਨੂੰ ਮਨਾਉਣ। ਝੂਠੇ ਉਪਦੇਸ਼ਕ ਸ਼ਕਤੀਸ਼ਾਲੀ ਦੂਤਾਂ ਵੱਲ ਜ਼ਿਆਦਾ ਧਿਆਨ ਦਿੰਦੇ ਸਨ, ਜਿਨ੍ਹਾਂ ਦੁਆਰਾ ਮੂਸਾ ਨੂੰ ਬਿਵਸਥਾ ਦਿੱਤੀ ਗਈ ਸੀ। ਅਜਿਹਿਆਂ ਦਬਾਵਾਂ ਹੇਠ ਹੋਣ ਦੀ ਕਲਪਨਾ ਕਰੋ! ਝਮੇਲੇ ਵਿਚ ਪਾਉਣ ਵਾਲੇ ਬਹੁਤ ਸਾਰੇ ਵਿਰੋਧੀ ਖ਼ਿਆਲ ਸਨ।—ਗਲਾਤੀਆਂ 3:19; ਕੁਲੁੱਸੀਆਂ 2:8, 16-18.
13. ਕਿਸ ਗੱਲ ਦੀ ਪਛਾਣ ਕਰਨ ਦੁਆਰਾ ਕੁਲੁੱਸੀਆਂ ਦੀ ਮਦਦ ਹੋ ਸਕਦੀ ਸੀ, ਅਤੇ ਇਹ ਗੱਲ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦੀ ਹੈ?
13 ਪੌਲੁਸ ਨੇ ਯਿਸੂ ਮਸੀਹ ਦੀ ਭੂਮਿਕਾ ਉੱਤੇ ਜ਼ੋਰ ਪਾਉਣ ਦੁਆਰਾ ਉਨ੍ਹਾਂ ਨਾਲ ਤਰਕ ਕੀਤਾ। “ਜਿਵੇਂ ਤੁਸਾਂ ਮਸੀਹ ਯਿਸੂ ਪ੍ਰਭੁ ਨੂੰ ਕਬੂਲ ਕੀਤਾ ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ। ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ।” ਜੀ ਹਾਂ, ਇਹ ਜ਼ਰੂਰੀ ਸੀ ਕਿ ਕੁਲੁੱਸੀ ਭੈਣ-ਭਰਾ ਅਤੇ ਅਸੀਂ ਵੀ ਪਰਮੇਸ਼ੁਰ ਦੇ ਮਕਸਦ ਵਿਚ ਮਸੀਹ ਦੀ ਭੂਮਿਕਾ ਉੱਤੇ ਦ੍ਰਿੜ੍ਹ ਵਿਸ਼ਵਾਸ ਰੱਖੀਏ, ਅਤੇ ਸਮਝੀਏ ਕਿ ਉਹ ਸਾਡੀ ਜ਼ਿੰਦਗੀ ਵਿਚ ਕਿਹੋ ਜਿਹਾ ਅਸਰ ਪਾਉਂਦਾ ਹੈ। ਪੌਲੁਸ ਨੇ ਸਮਝਾਇਆ: “ਪਰਮੇਸ਼ੁਰਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹ ਧਾਰੀ ਹੋ ਕੇ ਵੱਸਦੀ ਹੈ। ਅਤੇ ਤੁਸੀਂ ਉਹ ਦੇ ਵਿੱਚ ਸੰਪੂਰਨ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ।”—ਕੁਲੁੱਸੀਆਂ 2:6-10.
14. ਕੁਲੁੱਸੀ ਭੈਣਾਂ-ਭਰਾਵਾਂ ਦੀ ਆਸ ਪੱਕੀ ਕਿਉਂ ਸੀ?
14 ਕੁਲੁੱਸੀ ਭੈਣ-ਭਰਾ ਮਸਹ ਕੀਤੇ ਹੋਏ ਮਸੀਹੀ ਸਨ। ਉਨ੍ਹਾਂ ਕੋਲ ਸਵਰਗੀ ਜੀਵਨ ਦੀ ਅਨੋਖੀ ਆਸ ਸੀ, ਅਤੇ ਇਸ ਆਸ ਨੂੰ ਜ਼ਿੰਦਾ ਰੱਖਣ ਦਾ ਉਨ੍ਹਾਂ ਕੋਲ ਚੰਗਾ ਕਾਰਨ ਸੀ। (ਕੁਲੁੱਸੀਆਂ 1:5) ਇਹ ‘ਪਰਮੇਸ਼ੁਰ ਦੀ ਇੱਛਿਆ’ ਸੀ ਕਿ ਉਹ ਆਪਣੀ ਆਸ ਉੱਤੇ ਵਿਸ਼ਵਾਸ ਨਾਲ ਪੱਕੇ ਹੋ ਕੇ ਟਿਕੇ ਰਹਿਣ। ਕੀ ਉਨ੍ਹਾਂ ਵਿੱਚੋਂ ਕਿਸੇ ਨੂੰ ਇਸ ਆਸ ਉੱਤੇ ਸ਼ੱਕ ਕਰਨਾ ਚਾਹੀਦੀ ਸੀ? ਬਿਲਕੁਲ ਨਹੀਂ! ਕੀ ਇਹ ਗੱਲ ਅੱਜ ਉਨ੍ਹਾਂ ਉੱਤੇ ਨਹੀਂ ਲਾਗੂ ਹੁੰਦੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਫਿਰਦੌਸ ਵਰਗੀ ਧਰਤੀ ਉੱਤੇ ਜੀਉਣ ਦੀ ਆਸ ਦਿੱਤੀ ਹੈ? ਜੀ ਹਾਂ, ਇਹ ਬਿਲਕੁਲ ਲਾਗੂ ਹੁੰਦੀ ਹੈ! ਇਹ ਆਸ ਵੀ ਸਪੱਸ਼ਟ ਤੌਰ ਤੇ ‘ਪਰਮੇਸ਼ੁਰ ਦੀ ਇੱਛਿਆ’ ਹੈ। ਹੁਣ ਜ਼ਰਾ ਇਨ੍ਹਾਂ ਸਵਾਲਾਂ ਉੱਤੇ ਧਿਆਨ ਦਿਓ: ਜੇਕਰ ਤੁਸੀਂ “ਵੱਡੀ ਭੀੜ” ਦੇ ਹਿੱਸੇ ਵਜੋਂ ‘ਵੱਡੇ ਕਸ਼ਟ’ ਵਿੱਚੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੀ ਆਸ ਕਿੰਨੀ ਕੁ ਅਸਲੀ ਹੈ? (ਪਰਕਾਸ਼ ਦੀ ਪੋਥੀ 7:9, 14) ਕੀ ਤੁਸੀਂ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਪੱਕੇ ਹੋ ਕੇ ਟਿਕੇ ਰਹਿਣ’ ਦਾ ਇਰਾਦਾ ਬਣਾਇਆ ਹੈ?
15. ਪੌਲੁਸ ਦੀਆਂ ਕਿਹੜੀਆਂ ਗੱਲਾਂ ਵਿਚ ਆਸ ਦਾ ਜ਼ਿਕਰ ਕੀਤਾ ਗਿਆ ਸੀ?
15 ਇੱਥੇ “ਆਸ” ਦਾ ਮਤਲਬ ਕੋਈ ਚਾਹ ਜਾਂ ਸੁਪਨਾ ਨਹੀਂ ਹੈ। ਇਸ ਦਾ ਸਬੂਤ ਅਸੀਂ ਉਨ੍ਹਾਂ ਗੱਲਾਂ ਤੋਂ ਦੇਖ ਸਕਦੇ ਹਾਂ ਜੋ ਪੌਲੁਸ ਨੇ ਪਹਿਲਾਂ ਰੋਮੀਆਂ ਨੂੰ ਕਹੀਆਂ ਸਨ। ਉਨ੍ਹਾਂ ਗੱਲਾਂ ਵਿਚ ਉਸ ਦੀ ਹਰੇਕ ਗੱਲ ਇਕ ਦੂਸਰੀ ਗੱਲ ਨਾਲ ਜੁੜੀ ਹੋਈ ਸੀ। ਜ਼ਰਾ ਧਿਆਨ ਦਿਓ ਕਿ ਪੌਲੁਸ ਨੇ ਤਰਕ ਕਰਦੇ ਹੋਏ “ਆਸ” ਦਾ ਜ਼ਿਕਰ ਕਦੋਂ ਕੀਤਾ ਸੀ: ‘ਆਓ ਆਪਾਂ ਬਿਪਤਾਂ ਵਿੱਚ ਵੀ ਅਭਮਾਨ ਕਰੀਏ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ। ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ। ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ।’—ਰੋਮੀਆਂ 5:3-5.
16. ਜਿਉਂ-ਜਿਉਂ ਤੁਸੀਂ ਬਾਈਬਲ ਦੀ ਸਿੱਖਿਆ ਪ੍ਰਾਪਤ ਕੀਤੀ, ਤੁਹਾਨੂੰ ਕਿਹੜੀ ਆਸ ਮਿਲੀ ਸੀ?
16 ਜਦੋਂ ਯਹੋਵਾਹ ਦੇ ਗਵਾਹਾਂ ਨੇ ਪਹਿਲੀ ਵਾਰ ਤੁਹਾਡੇ ਨਾਲ ਬਾਈਬਲ ਬਾਰੇ ਗੱਲ ਕੀਤੀ ਸੀ, ਤਾਂ ਕਿਸੇ ਖ਼ਾਸ ਸੱਚਾਈ ਨੇ ਸ਼ਾਇਦ ਤੁਹਾਡੇ ਦਿਲ ਨੂੰ ਛੋਹਿਆ ਹੋਵੇ, ਜਿਵੇਂ ਕਿ ਮੁਰਦਿਆਂ ਦੀ ਸਥਿਤੀ ਜਾਂ ਉਨ੍ਹਾਂ ਦਾ ਜੀ ਉੱਠਣਾ। ਕਈਆਂ ਲਈ, ਸ਼ਾਇਦ ਪਹਿਲੀ ਨਵੀਂ ਸਮਝ ਇਹ ਸੀ ਕਿ ਬਾਈਬਲ ਫਿਰਦੌਸ ਵਰਗੀ ਧਰਤੀ ਉੱਤੇ ਜੀਉਣ ਦੀ ਆਸ ਦਿੰਦੀ ਹੈ। ਉਸ ਸਮੇਂ ਨੂੰ ਯਾਦ ਕਰੋ ਜਦੋਂ ਤੁਸੀਂ ਪਹਿਲੀ ਵਾਰ ਇਹ ਗੱਲ ਸੁਣੀ ਸੀ। ਇਹ ਆਸ ਕਿੰਨੀ ਵਧੀਆ ਹੈ ਕਿ ਫਿਰ ਕਦੀ ਵੀ ਬੀਮਾਰੀ ਅਤੇ ਬੁੱਢਾਪਾ ਨਾ ਹੋਣਗੇ, ਤੁਸੀਂ ਆਪਣੀ ਮਿਹਨਤ ਦਾ ਆਨੰਦ ਮਾਣੋਗੇ, ਅਤੇ ਜਾਨਵਰਾਂ ਵਿਚਕਾਰ ਵੀ ਸ਼ਾਂਤੀ ਹੋਵੇਗੀ! (ਉਪਦੇਸ਼ਕ ਦੀ ਪੋਥੀ 9:5, 10; ਯਸਾਯਾਹ 65:17-25; ਯੂਹੰਨਾ 5:28, 29; ਪਰਕਾਸ਼ ਦੀ ਪੋਥੀ 21:3, 4) ਤੁਸੀਂ ਇਸ ਆਸ ਬਾਰੇ ਸੁਣ ਕੇ ਕਿੰਨੇ ਖ਼ੁਸ਼ ਹੋਏ ਸੀ!
17, 18. (ੳ) ਪੌਲੁਸ ਨੇ ਰੋਮੀਆਂ ਨੂੰ ਲਿਖਦੇ ਹੋਏ ਆਪਣੀ ਸੂਚੀ ਵਿਚ ਆਸ ਦਾ ਜ਼ਿਕਰ ਕਿਸ ਤਰ੍ਹਾਂ ਕੀਤਾ ਸੀ? (ਅ) ਰੋਮੀਆਂ 5:4, 5 ਤੇ ਕਿਸ ਤਰ੍ਹਾਂ ਦੀ ਆਸ ਦੀ ਗੱਲ ਕੀਤੀ ਗਈ ਹੈ ਅਤੇ ਕੀ ਤੁਹਾਡੇ ਕੋਲ ਅਜਿਹੀ ਆਸ ਹੈ?
17 ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਤੁਸੀਂ ਵਿਰੋਧਤਾ ਜਾਂ ਅਤਿਆਚਾਰ ਦਾ ਸਾਮ੍ਹਣਾ ਕੀਤਾ ਹੋਵੇ। (ਮੱਤੀ 10:34-39; 24:9) ਹਾਲ ਹੀ ਦਿਆਂ ਸਾਲਾਂ ਵਿਚ ਵੀ ਕਈਆਂ ਦੇਸ਼ਾਂ ਵਿਚ ਗਵਾਹਾਂ ਦਿਆਂ ਘਰਾਂ ਨੂੰ ਲੁੱਟਿਆ ਗਿਆ ਹੈ ਜਾਂ ਉਨ੍ਹਾਂ ਨੂੰ ਰਫਿਊਜੀ ਬਣਨ ਲਈ ਮਜਬੂਰ ਕੀਤਾ ਗਿਆ ਹੈ। ਕਈਆਂ ਉੱਤੇ ਹਮਲੇ ਕੀਤੇ ਗਏ ਹਨ, ਉਨ੍ਹਾਂ ਦੀਆਂ ਬਾਈਬਲ ਸੰਬੰਧੀ ਕਿਤਾਬਾਂ ਖੋਹੀਆਂ ਗਈਆਂ ਹਨ, ਜਾਂ ਮੀਡੀਆ ਰਾਹੀਂ ਉਨ੍ਹਾਂ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਹਨ। ਤੁਸੀਂ ਚਾਹੇ ਕਿਸ ਤਰ੍ਹਾਂ ਦਾ ਵੀ ਅਤਿਆਚਾਰ ਦਾ ਸਾਮ੍ਹਣਾ ਕੀਤਾ ਹੋਵੇ, ਫਿਰ ਵੀ ਜਿਵੇਂ ਰੋਮੀਆਂ 5:3 ਵਿਚ ਲਿਖਿਆ ਹੈ ਤੁਸੀਂ ਬਿਪਤਾਵਾਂ ਵਿਚ ਖ਼ੁਸ਼ੀ ਮਨਾ ਸਕੇ ਸਨ ਅਤੇ ਨਤੀਜੇ ਵਜੋਂ ਚੰਗੇ ਫਲ ਪੈਦਾ ਹੋਏ ਸਨ। ਜਿਵੇਂ ਪੌਲੁਸ ਨੇ ਲਿਖਿਆ, ਬਿਪਤਾ ਨੇ ਤੁਹਾਡੇ ਵਿਚ ਧੀਰਜ ਪੈਦਾ ਕੀਤਾ। ਫਿਰ ਧੀਰਜ ਵਜੋਂ ਤੁਸੀਂ ‘ਸਵੀਕਾਰ ਕੀਤੀ ਸਥਿਤੀ’ ਵਿਚ ਆ ਜਾਂਦੇ ਹੋ। (ਨਿ ਵ) ਤੁਸੀਂ ਜਾਣਦੇ ਸੀ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਸੀ, ਇਸ ਲਈ ਤੁਸੀਂ ਮਹਿਸੂਸ ਕੀਤਾ ਕੀ ਤੁਹਾਡੇ ਕੋਲ ਪਰਮੇਸ਼ੁਰ ਦੀ ਮਨਜ਼ੂਰੀ ਸੀ। ਪੌਲੁਸ ਦਿਆਂ ਸ਼ਬਦਾਂ ਅਨੁਸਾਰ ਤੁਸੀਂ ਆਪਣੇ ਆਪ ਨੂੰ ਇਕ ‘ਸਵੀਕਾਰ ਕੀਤੀ ਸਥਿਤੀ’ ਵਿਚ ਪਾਇਆ। ਫਿਰ ਅੱਗੇ ਪੌਲੁਸ ਨੇ ਲਿਖਿਆ ਕਿ ਇਹ ਸਥਿਤੀ “ਆਸ ਪੈਦਾ ਕਰਦੀ ਹੈ।” ਇਹ ਗੱਲ ਤੁਹਾਨੂੰ ਸ਼ਾਇਦ ਅਜੀਬ ਲੱਗਦੀ ਹੋਵੇ। ਪੌਲੁਸ ਨੇ ਆਪਣੀ ਸੂਚੀ ਵਿਚ “ਆਸ” ਦਾ ਜ਼ਿਕਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਕਿਉਂ ਕੀਤਾ ਸੀ? ਕੀ ਤੁਹਾਨੂੰ ਉਦੋਂ ਆਸ ਨਹੀਂ ਮਿਲੀ ਸੀ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਸੁਣੀ ਸੀ?
18 ਸਪੱਸ਼ਟ ਹੈ ਕਿ ਪੌਲੁਸ ਇੱਥੇ ਉਸ ਭਾਵਨਾ ਦੀ ਗੱਲ ਨਹੀਂ ਕਰ ਰਿਹਾ ਸੀ ਜੋ ਅਸੀਂ ਉਦੋਂ ਮਹਿਸੂਸ ਕਰਦੇ ਹਾਂ ਜਦੋਂ ਸਾਨੂੰ ਸੰਪੂਰਣ ਜ਼ਿੰਦਗੀ ਦੀ ਆਸ ਬਾਰੇ ਪਹਿਲਾਂ ਪਤਾ ਲੱਗਦਾ ਹੈ। ਉਹ ਜਿਸ ਭਾਵਨਾ ਬਾਰੇ ਗੱਲ ਕਰ ਰਿਹਾ ਸੀ ਉਹ ਇਸ ਤੋਂ ਕਿਤੇ ਗਹਿਰੀ ਅਤੇ ਉਤੇਜਿਤ ਕਰਨ ਵਾਲੀ ਭਾਵਨਾ ਹੈ। ਜਦੋਂ ਅਸੀਂ ਵਫ਼ਾਦਾਰੀ ਕਾਇਮ ਰੱਖਦੇ ਹਾਂ ਤਾਂ ਸਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਸਾਡੇ ਕੋਲ ਪਰਮੇਸ਼ੁਰ ਦੀ ਮਨਜ਼ੂਰੀ ਹੈ, ਅਤੇ ਇਸ ਦੇ ਕਾਰਨ ਸਾਡੀ ਪਹਿਲੀ ਆਸ ਜ਼ਿਆਦਾ ਵਧਦੀ ਅਤੇ ਪੱਕੀ ਹੁੰਦੀ ਹੈ। ਉਹ ਆਸ ਹੁਣ ਜ਼ਿਆਦਾ ਅਸਲੀ, ਮਜ਼ਬੂਤ, ਅਤੇ ਨਿੱਜੀ ਬਣ ਜਾਂਦੀ ਹੈ। ਇਹ ਗਹਿਰੀ ਆਸ ਹਮੇਸ਼ਾ ਸਾਡੇ ਅੱਗੇ ਚਾਨਣ ਵਾਂਗ ਚਮਕਦੀ ਰਹਿੰਦੀ ਹੈ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ‘ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ।’
19. ਤੁਹਾਡੀ ਆਸ ਨੂੰ ਤੁਹਾਡੀਆਂ ਨਿਯਮਿਤ ਪ੍ਰਾਰਥਨਾਵਾਂ ਦਾ ਹਿੱਸਾ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ?
19 ਇਪਫ੍ਰਾਸ ਦੀ ਦਿੱਲੀ ਪ੍ਰਾਰਥਨਾ ਇਹ ਸੀ ਕਿ ਕੁਲੁੱਸੈ ਦੇ ਭੈਣ-ਭਰਾ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਪੱਕੇ ਹੋ ਕੇ’ ਆਪਣੀ ਆਸ ਦੁਆਰਾ ਪ੍ਰਭਾਵਿਤ ਰਹਿਣ ਅਤੇ ਇਸ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਰਹਿਣ। ਆਓ ਆਪਾਂ ਸਾਰੇ ਪਰਮੇਸ਼ੁਰ ਨਾਲ ਆਪਣੀ ਆਸ ਬਾਰੇ ਨਿਯਮਿਤ ਤੌਰ ਤੇ ਗੱਲ ਕਰਦੇ ਰਹੀਏ। ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਨਵੇਂ ਸੰਸਾਰ ਵਿਚ ਰਹਿਣ ਬਾਰੇ ਵੀ ਗੱਲ ਕਰੋ। ਯਹੋਵਾਹ ਨੂੰ ਦੱਸੋ ਕਿ ਤੁਸੀਂ ਇਸ ਸਮੇਂ ਨੂੰ ਦੇਖਣ ਲਈ ਕਿੰਨੇ ਉਤਾਵਲੇ ਹੋ ਅਤੇ ਕਿ ਤੁਸੀਂ ਪੱਕਾ ਵਿਸ਼ਵਾਸ ਕਰਦੇ ਹੋ ਕਿ ਇਹ ਸਮਾਂ ਆਵੇਗਾ। ਉਸ ਅੱਗੇ ਬੇਨਤੀ ਕਰੋ ਕਿ ਤੁਹਾਡਾ ਵਿਸ਼ਵਾਸ ਹੋਰ ਵਧੇ ਅਤੇ ਦ੍ਰਿੜ੍ਹ ਰਹੇ। ਜਿਸ ਤਰ੍ਹਾਂ ਇਪਫ੍ਰਾਸ ਨੇ ਪ੍ਰਾਰਥਨਾ ਕੀਤੀ ਸੀ ਕਿ ਕੁਲੁੱਸੀ ਭੈਣ-ਭਰਾ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਪੱਕੇ ਹੋ ਕੇ ਟਿਕੇ ਰਹਿਣ,’ ਉਸੇ ਤਰ੍ਹਾਂ ਸਾਨੂੰ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਤੇ ਇਸ ਤਰ੍ਹਾਂ ਪ੍ਰਾਰਥਨਾ ਸਾਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।
20. ਕੁਝ ਮਸੀਹੀਆਂ ਨੂੰ ਰਾਹ ਤੋਂ ਪਿਛਾਂਹ ਹਟਦੇ ਦੇਖ ਕੇ ਸਾਨੂੰ ਹਿੰਮਤ ਕਿਉਂ ਨਹੀਂ ਹਾਰਨੀ ਚਾਹੀਦੀ?
20 ਤੁਹਾਨੂੰ ਇਹ ਦੇਖ ਕੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਕਿ ਸਾਰੇ ਲੋਕ ਸਿੱਧ ਅਤੇ ਪੱਕੇ ਹੋ ਕੇ ਟਿਕੇ ਨਹੀਂ ਰਹਿੰਦੇ। ਕੁਝ ਸ਼ਾਇਦ ਕਮਜ਼ੋਰ ਹੋ ਜਾਣ, ਪਿਛਾਂਹ ਹਟ ਜਾਣ, ਜਾਂ ਹਾਰ ਮੰਨ ਲੈਣ। ਇਸ ਤਰ੍ਹਾਂ ਤਾਂ ਯਿਸੂ ਦੇ ਸਭ ਤੋਂ ਨਜ਼ਦੀਕੀ ਚੇਲਿਆਂ, ਯਾਨੀ ਉਸ ਦੇ ਰਸੂਲਾਂ ਨਾਲ ਵੀ ਹੋਇਆ ਸੀ। ਪਰ ਜਦੋਂ ਯਹੂਦਾ ਨੇ ਵਿਸ਼ਵਾਸਘਾਤ ਕੀਤਾ ਸੀ ਤਾਂ ਕੀ ਬਾਕੀ ਦੇ ਰਸੂਲ ਵੀ ਆਪਣੇ ਕੰਮ ਵਿਚ ਢਿੱਲੇ ਪੈ ਗਏ ਸਨ ਜਾਂ ਪਿਛਾਂਹ ਹਟ ਗਏ ਸਨ? ਨਹੀਂ! ਪਤਰਸ ਨੇ ਸਮਝਾਇਆ ਕਿ ਜ਼ਬੂਰ 109:8 ਅਨੁਸਾਰ ਕਿਸੇ ਹੋਰ ਨੇ ਯਹੂਦਾ ਦੀ ਥਾਂ ਲੈ ਲੈਣੀ ਸੀ। ਇਹ ਥਾਂ ਲੈਣ ਲਈ ਕਿਸੇ ਹੋਰ ਨੂੰ ਚੁਣਿਆ ਗਿਆ ਸੀ, ਅਤੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਆਪਣੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ। (ਰਸੂਲਾਂ ਦੇ ਕਰਤੱਬ 1:15-26) ਉਨ੍ਹਾਂ ਨੇ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ।
21, 22. ਤੁਹਾਡੇ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ ਵੱਲ ਕਿਸ ਤਰ੍ਹਾਂ ਧਿਆਨ ਦਿੱਤਾ ਜਾਵੇਗਾ?
21 ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ ਪਰਮੇਸ਼ੁਰ ਦੀ ਸਾਰੀ ਇੱਛਿਆ ਵਿਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ ਦੀ ਸਾਡੀ ਕੋਸ਼ਿਸ਼ ਵਿਅਰਥ ਨਹੀਂ ਜਾਵੇਗੀ। ਇਹ ਦੇਖੀ ਜਾਵੇਗੀ ਅਤੇ ਇਸ ਦੀ ਕਦਰ ਕੀਤੀ ਜਾਵੇਗੀ। ਪਰ ਇਸ ਨੂੰ ਦੇਖ ਕੇ ਕੌਣ ਇਸ ਦੀ ਕਦਰ ਕਰਦਾ ਹੈ?
22 ਜੋ ਭੈਣ-ਭਰਾ ਤੁਹਾਨੂੰ ਜਾਣਦੇ ਹਨ ਅਤੇ ਤੁਹਾਡੇ ਨਾਲ ਪਿਆਰ ਕਰਦੇ ਹਨ ਉਹ ਤੁਹਾਡੇ ਜਤਨਾਂ ਨੂੰ ਦੇਖਣਗੇ। ਭਾਵੇਂ ਕਿ ਉਹ ਤੁਹਾਨੂੰ ਕੁਝ ਨਾ ਕਹਿਣ, ਪਰ ਇਸ ਦਾ ਅਸਰ ਉਸ ਵਾਂਗ ਹੋਵੇਗਾ ਜੋ ਅਸੀਂ 1 ਥੱਸਲੁਨੀਕੀਆਂ 1:2-6 ਵਿਚ ਪੜ੍ਹਦੇ ਹਾਂ: ‘ਅਸੀਂ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਡਾ ਜ਼ਿਕਰ ਕਰਦਿਆਂ ਤੁਸਾਂ ਸਭਨਾਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਅਤੇ ਤੁਹਾਡੀ ਨਿਹਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਤੁਹਾਡੀ ਆਸਾ ਦੀ ਧੀਰਜ ਆਪਣੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਨਿੱਤ ਚੇਤੇ ਕਰਦੇ ਹਾਂ। ਇਸ ਲਈ ਜੋ ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ ਅਤੇ ਤੁਸੀਂ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਲੱਗ ਪਏ ਸਾਓ।’ ਤੁਹਾਡੇ ਆਲੇ-ਦੁਆਲੇ ਦੇ ਵਫ਼ਾਦਾਰ ਮਸੀਹੀ ਇਸੇ ਤਰ੍ਹਾਂ ਮਹਿਸੂਸ ਕਰਨਗੇ ਜਿਉਂ-ਜਿਉਂ ਉਹ ਤੁਹਾਨੂੰ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿੰਦੇ’ ਦੇਖਦੇ ਹਨ।—ਕੁਲੁੱਸੀਆਂ 1:23.
23. ਆਉਣ ਵਾਲੇ ਸਾਲ ਦੌਰਾਨ, ਤੁਹਾਡਾ ਕੀ ਕਰਨ ਦਾ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
23 ਇਸ ਦੇ ਨਾਲ-ਨਾਲ, ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਕੰਮ ਦੇਖੇਗਾ ਅਤੇ ਖ਼ੁਸ਼ ਹੋਵੇਗਾ। ਅਸੀਂ ਇਸ ਗੱਲ ਦਾ ਪੱਕਾ ਯਕੀਨ ਕਿਉਂ ਕਰ ਸਕਦੇ ਹਾਂ? ਕਿਉਂਕਿ ਤੁਸੀਂ “ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ” ਸਿੱਧ ਅਤੇ ਪੱਕੇ ਹੋ ਕੇ ਟਿਕੇ ਹੋ। (ਟੇਢੇ ਟਾਈਪ ਸਾਡੇ।) ਪੌਲੁਸ ਨੇ ਕੁਲੁੱਸੀ ਭੈਣਾਂ-ਭਰਾਵਾਂ ਦਾ ਹੌਸਲਾ ਬਹੁਤ ਵਧਾਇਆ ਕਿਉਂਕਿ ਉਨ੍ਹਾਂ ਨੇ ‘ਅਜਿਹੀ ਜੋਗ ਚਾਲ ਚੱਲੀ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਉਂਦੀ ਸੀ।’ (ਕੁਲੁੱਸੀਆਂ 1:10) ਜੀ ਹਾਂ, ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਅਪੂਰਣ ਇਨਸਾਨਾਂ ਲਈ ਮੁਮਕਿਨ ਹੈ। ਕੁਲੁੱਸੈ ਦੇ ਭੈਣਾਂ-ਭਰਾਵਾਂ ਨੇ ਉਸ ਨੂੰ ਖ਼ੁਸ਼ ਕੀਤਾ ਸੀ। ਤੁਹਾਡੇ ਆਲੇ-ਦੁਆਲੇ ਦੇ ਮਸੀਹੀ ਵੀ ਹੁਣ ਇਸੇ ਤਰ੍ਹਾਂ ਉਸ ਨੂੰ ਖ਼ੁਸ਼ ਕਰ ਰਹੇ ਹਨ। ਤੁਸੀਂ ਵੀ ਕਰ ਸਕਦੇ ਹੋ! ਤਾਂ ਫਿਰ, ਆਉਣ ਵਾਲੇ ਸਾਲ ਦੌਰਾਨ, ਤੁਹਾਡੀਆਂ ਰੋਜ਼ ਕੀਤੀਆਂ ਗਈਆਂ ਪ੍ਰਾਰਥਨਾਵਾਂ ਨੂੰ ਅਤੇ ਤੁਹਾਡੇ ਕੰਮਾਂ ਨੂੰ ਇਹ ਸਾਬਤ ਕਰਨ ਦਿਓ ਕਿ ਤੁਸੀਂ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ’ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।
ਕੀ ਤੁਸੀਂ ਯਾਦ ਕਰ ਸਕਦੇ ਹੋ?
• ‘ਸਿੱਧ ਹੋਣ’ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
• ਪ੍ਰਾਰਥਨਾ ਵਿਚ ਤੁਹਾਨੂੰ ਆਪਣੇ ਬਾਰੇ ਕਿਹੜੀਆਂ ਗੱਲਾਂ ਲਈ ਬੇਨਤੀ ਕਰਨੀ ਚਾਹੀਦੀ ਹੈ?
• ਜਿਵੇਂ ਰੋਮੀਆਂ 5:4, 5 ਸੰਕੇਤ ਕਰਦਾ ਹੈ, ਸਾਨੂੰ ਕਿਹੋ ਜਿਹੀ ਆਸ ਰੱਖਣੀ ਚਾਹੀਦੀ ਹੈ?
• ਇਸ ਅਧਿਐਨ ਨੇ ਤੁਹਾਨੂੰ ਆਉਣ ਵਾਲੇ ਸਾਲ ਵਿਚ ਕਿਹੜਾ ਟੀਚਾ ਰੱਖਣ ਲਈ ਉਤੇਜਿਤ ਕੀਤਾ ਹੈ?
[ਸਫ਼ੇ 20 ਉੱਤੇ ਤਸਵੀਰ]
ਇਪਫ੍ਰਾਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਸ ਦੇ ਭੈਣ-ਭਰਾ ਮਸੀਹ ਅਤੇ ਆਪਣੀ ਆਸ ਉੱਤੇ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ
[ਸਫ਼ੇ 23 ਉੱਤੇ ਤਸਵੀਰਾਂ]
ਤੁਹਾਡੇ ਵਾਂਗ ਲੱਖਾਂ ਹੀ ਹੋਰ ਲੋਕ ਪੱਕੀ ਆਸ ਵਿਚ ਦਿਲੋਂ ਵਿਸ਼ਵਾਸ ਕਰਦੇ ਹਨ