ਯਹੋਵਾਹ “ਸ਼ਾਂਤੀ” ਦੇਣ ਵਾਲਾ ਪਰਮੇਸ਼ੁਰ ਹੈ
“ਸ਼ਾਂਤੀ ਦਾਤਾ ਪਰਮੇਸ਼ੁਰ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ।”—ਰੋਮੀ. 15:33.
1, 2. ਉਤਪਤ ਦੇ 32ਵੇਂ ਅਤੇ 33ਵੇਂ ਅਧਿਆਇ ਵਿਚ ਅਸੀਂ ਕਿਹੜੀ ਗੱਲ ਬਾਰੇ ਪੜ੍ਹਦੇ ਹਾਂ ਤੇ ਇਸ ਦਾ ਨਤੀਜਾ ਕੀ ਨਿਕਲਿਆ?
ਕਲਪਨਾ ਕਰੋ ਕਿ ਦੋ ਭਰਾ ਇਕ-ਦੂਜੇ ਨੂੰ ਮਿਲਣ ਵਾਲੇ ਹਨ। ਉਹ ਪਨੂਏਲ ਨਾਂ ਦੀ ਥਾਂ ਦੇ ਲਾਗੇ ਇਕ-ਦੂਜੇ ਨੂੰ ਮਿਲਣ ਵਾਲੇ ਹਨ ਜੋ ਯੱਬੋਕ ਵਾਦੀ ਦੇ ਨੇੜੇ ਯਰਦਨ ਨਦੀ ਦੇ ਪੂਰਬ ਵੱਲ ਸੀ। ਇਨ੍ਹਾਂ ਭਰਾਵਾਂ ਦੇ ਨਾਂ ਏਸਾਓ ਅਤੇ ਯਾਕੂਬ ਹਨ ਤੇ ਉਨ੍ਹਾਂ ਨੂੰ ਇਕ-ਦੂਜੇ ਨੂੰ ਮਿਲਿਆਂ ਕਈ ਸਾਲ ਬੀਤ ਚੁੱਕੇ ਸਨ। ਵੀਹ ਸਾਲ ਪਹਿਲਾਂ ਏਸਾਓ ਨੇ ਜੇਠੇ ਹੋਣ ਦਾ ਹੱਕ ਆਪਣੇ ਭਰਾ ਨੂੰ ਵੇਚ ਦਿੱਤਾ ਸੀ। ਜਦੋਂ ਏਸਾਓ ਨੇ ਸੁਣਿਆ ਕਿ ਯਾਕੂਬ ਮੁੜ ਕੇ ਘਰ ਆ ਰਿਹਾ ਸੀ, ਉਹ 400 ਬੰਦਿਆਂ ਸਣੇ ਯਾਕੂਬ ਨੂੰ ਮਿਲਣ ਲਈ ਨਿਕਲਿਆ। ਇਹ ਗੱਲ ਸੁਣ ਕੇ ਯਾਕੂਬ ਡਰ ਗਿਆ। ਉਸ ਨੇ ਸੋਚਿਆ ਕਿ ਉਸ ਦੇ ਭਰਾ ਦਾ ਗੁੱਸਾ ਅਜੇ ਠੰਢਾ ਨਹੀਂ ਹੋਇਆ ਸੀ ਤੇ ਉਹ ਹਾਲੇ ਵੀ ਉਸ ਨੂੰ ਮਾਰਨਾ ਚਾਹੁੰਦਾ ਸੀ। ਇਸੇ ਕਾਰਨ ਯਾਕੂਬ ਨੇ ਆਪਣੇ ਭਰਾ ਲਈ ਤੋਹਫ਼ਿਆਂ ਦੇ ਤੌਰ ਤੇ ਕੁਝ ਪਸ਼ੂ ਭੇਜੇ। ਜਿਹੜਾ ਵੀ ਨੌਕਰ ਏਸਾਓ ਕੋਲ ਆਉਂਦਾ ਸੀ, ਉਸ ਕੋਲ ਪਹਿਲਾਂ ਨਾਲੋ ਜ਼ਿਆਦਾ ਪਸ਼ੂ ਹੁੰਦੇ ਸਨ ਅਤੇ ਉਹ ਏਸਾਓ ਨੂੰ ਕਹਿੰਦੇ ਸਨ ਕਿ ਇਹ ਉਸ ਦੇ ਭਰਾ ਨੇ ਭੇਜੇ ਹਨ। ਯਾਕੂਬ ਨੇ ਉਸ ਨੂੰ 550 ਨਾਲੋਂ ਵੀ ਜ਼ਿਆਦਾ ਪਸ਼ੂ ਭੇਜੇ।
2 ਅਖ਼ੀਰ ਵਿਚ ਜਦੋਂ ਇਹ ਦੋਵੇਂ ਭਰਾ ਆਪਸ ਵਿਚ ਮਿਲੇ, ਤਾਂ ਕੀ ਹੋਇਆ? ਯਾਕੂਬ ਨੇ ਹਿੰਮਤ ਕੀਤੀ ਅਤੇ ਨਿਮਰਤਾ ਨਾਲ ਪੇਸ਼ ਆਇਆ। ਉਹ ਕਿਵੇਂ? ਉਹ ਏਸਾਓ ਵੱਲ ਤੁਰਿਆ ਅਤੇ ਆਪਣੇ ਭਰਾ ਦੇ ਅੱਗੇ 7 ਵਾਰੀ ਆਪਣੇ ਆਪ ਨੂੰ ਝੁਕਾਇਆ! ਪਰ ਇਹ ਕਰਨ ਤੋਂ ਪਹਿਲਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਏਸਾਓ ਤੋਂ ਉਸ ਦੀ ਰੱਖਿਆ ਕਰੇ। ਕੀ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ? ਹਾਂ, ਕਿਉਂਕਿ ਬਾਈਬਲ ਦੱਸਦੀ ਹੈ: “ਏਸਾਓ ਉਸ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ।”—ਉਤ. 32:11-20; 33:1-4.
3. ਯਾਕੂਬ ਅਤੇ ਏਸਾਓ ਤੋਂ ਅਸੀਂ ਕੀ ਸਿੱਖਦੇ ਹਾਂ?
3 ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਦੂਜਿਆਂ ਨਾਲ ਸਮੱਸਿਆਵਾਂ ਸੁਲਝਾਉਣ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਕਲੀਸਿਯਾ ਦੀ ਸ਼ਾਂਤੀ ਅਤੇ ਏਕਤਾ ਭੰਗ ਹੋਵੇਗੀ। ਯਾਕੂਬ ਨੇ ਕੁਝ ਗ਼ਲਤ ਨਹੀਂ ਸੀ ਕੀਤਾ ਤੇ ਉਸ ਨੂੰ ਏਸਾਓ ਤੋਂ ਮਾਫ਼ੀ ਮੰਗਣ ਦੀ ਲੋੜ ਨਹੀਂ ਸੀ। ਏਸਾਓ ਦੀ ਗ਼ਲਤੀ ਸੀ ਜਿਸ ਨੇ ਆਪਣੇ ਜੇਠੇ ਹੋਣ ਦੇ ਹੱਕ ਦੀ ਕਦਰ ਨਹੀਂ ਕੀਤੀ ਤੇ ਇਕ ਡੰਗ ਦੇ ਖਾਣੇ ਲਈ ਆਪਣੇ ਹੱਕ ਨੂੰ ਯਾਕੂਬ ਦੇ ਹੱਥ ਵੇਚ ਦਿੱਤਾ। ਫਿਰ ਵੀ ਯਾਕੂਬ ਸ਼ਾਂਤੀ ਬਣਾਉਣ ਲਈ ਜੋ ਕੁਝ ਕਰ ਸਕਦਾ ਸੀ ਉਸ ਨੇ ਕੀਤਾ। (ਉਤ. 25:31-34; ਇਬ. 12:16) ਯਾਕੂਬ ਦੀ ਮਿਸਾਲ ਦਿਖਾਉਂਦੀ ਹੈ ਕਿ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਕਿੰਨਾ ਜਤਨ ਕਰਨ ਦੀ ਲੋੜ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਕਰਨ ਲਈ ਯਹੋਵਾਹ ਤੋਂ ਮਦਦ ਮੰਗਦੇ ਹਾਂ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਬਾਈਬਲ ਵਿਚ ਹੋਰ ਵੀ ਕਈ ਮਿਸਾਲਾਂ ਹਨ ਜੋ ਦਿਖਾਉਂਦੀਆਂ ਹਨ ਕਿ ਅਸੀਂ ਦੂਜਿਆਂ ਨਾਲ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ। ਉਨ੍ਹਾਂ ਵਿੱਚੋਂ ਅਸੀਂ ਕੁਝ ਬਾਰੇ ਗੱਲ ਕਰਾਂਗੇ।
ਸਭ ਤੋਂ ਚੰਗੀ ਮਿਸਾਲ ਦੀ ਰੀਸ ਕਰੋ
4. ਪਰਮੇਸ਼ੁਰ ਨੇ ਇਨਸਾਨਾਂ ਨੂੰ ਪਾਪ ਅਤੇ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਉਣ ਲਈ ਕੀ ਕੀਤਾ?
4 ਸ਼ਾਂਤੀ ਬਣਾਈ ਰੱਖਣ ਦੀ ਸਭ ਤੋਂ ਵਧੀਆ ਮਿਸਾਲ ਹੈ ਖ਼ੁਦ ਯਹੋਵਾਹ ਪਰਮੇਸ਼ੁਰ ਜੋ “ਸ਼ਾਂਤੀ” ਦੇਣ ਵਾਲਾ ਪਰਮੇਸ਼ੁਰ ਹੈ। (ਰੋਮੀ. 15:33) ਯਹੋਵਾਹ ਨੇ ਸਾਨੂੰ ਆਪਣਾ ਦੋਸਤ ਬਣਾਉਣ ਲਈ ਜੋ ਕੁਝ ਕੀਤਾ, ਜ਼ਰਾ ਉਸ ਬਾਰੇ ਧਿਆਨ ਨਾਲ ਸੋਚੋ। ਆਦਮ ਤੇ ਹੱਵਾਹ ਦੀ ਔਲਾਦ ਹੋਣ ਕਰਕੇ ਅਸੀਂ ਪਾਪ ਕਰਦੇ ਹਾਂ ਤੇ ਸਾਨੂੰ ਮੌਤ ਦੀ ਸਜ਼ਾ ਮਿਲਦੀ ਹੈ। (ਰੋਮੀ. 6:23) ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਕਰਕੇ ਪਰਮੇਸ਼ੁਰ ਸਾਨੂੰ ਪਾਪ ਤੇ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਉਣਾ ਚਾਹੁੰਦਾ ਹੈ। ਇਸ ਲਈ ਉਸ ਨੇ ਸਵਰਗ ਤੋਂ ਆਪਣੇ ਪਿਆਰੇ ਪੁੱਤਰ ਯਿਸੂ ਨੂੰ ਧਰਤੀ ʼਤੇ ਜਨਮ ਲੈਣ ਲਈ ਭੇਜਿਆ ਤਾਂਕਿ ਉਹ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਸਕੇ। ਯਿਸੂ ਖ਼ੁਸ਼ੀ-ਖ਼ੁਸ਼ੀ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਲਈ ਤਿਆਰ ਸੀ। ਉਸ ਨੇ ਖ਼ੁਦ ਨੂੰ ਪਰਮੇਸ਼ੁਰ ਦੇ ਵੈਰੀਆਂ ਦੇ ਹੱਥ ਸੌਂਪ ਦਿੱਤਾ ਤਾਂਕਿ ਉਹ ਉਸ ਦੀ ਜਾਨ ਲੈ ਸਕਣ। (ਯੂਹੰ. 10:17, 18) ਫਿਰ ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜੀਵਨ ਦਿੱਤਾ। ਸਵਰਗ ਜਾ ਕੇ ਯਿਸੂ ਨੇ ਯਹੋਵਾਹ ਨੂੰ ਆਪਣੀ ਕੁਰਬਾਨੀ ਦੀ ਕੀਮਤ ਅਦਾ ਕੀਤੀ। ਹੁਣ ਜਿਹੜੇ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ ਉਹ ਇਸ ਰਿਹਾਈ-ਕੀਮਤ ਸਦਕਾ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।—ਇਬਰਾਨੀਆਂ 9:14, 24 ਪੜ੍ਹੋ।
5, 6. ਯਿਸੂ ਦੀ ਕੁਰਬਾਨੀ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਇਨਸਾਨਾਂ ਦੀ ਕਿਵੇਂ ਮਦਦ ਕਰਦੀ ਹੈ?
5 ਪਾਪੀ ਹੋਣ ਕਰਕੇ ਇਨਸਾਨ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ ਸਨ, ਤਾਂ ਫਿਰ ਯਿਸੂ ਦੀ ਕੁਰਬਾਨੀ ਇਨਸਾਨਾਂ ਦੀ ਮਦਦ ਕਿਵੇਂ ਕਰਦੀ ਹੈ? ਯਸਾਯਾਹ 53:5 ਦੱਸਦਾ ਹੈ: “ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।” ਯਿਸੂ ਦੀ ਕੁਰਬਾਨੀ ਕਾਰਨ ਆਗਿਆਕਾਰ ਇਨਸਾਨਾਂ ਲਈ ਪਰਮੇਸ਼ੁਰ ਦੇ ਦੋਸਤ ਬਣਨਾ ਮੁਮਕਿਨ ਹੋ ਗਿਆ। ਬਾਈਬਲ ਇਹ ਵੀ ਦੱਸਦੀ ਹੈ: ‘ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਮਿਲਦੀ ਹੈ।’—ਅਫ਼. 1:7.
6 ਬਾਈਬਲ ਯਿਸੂ ਬਾਰੇ ਦੱਸਦੀ ਹੈ: “[ਪਰਮੇਸ਼ੁਰ] ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ।” ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰਨ ਲਈ ਯਿਸੂ ਨੂੰ ਵਰਤਦਾ ਹੈ। ਪਰਮੇਸ਼ੁਰ ਦਾ ਮਕਸਦ ਕੀ ਹੈ? ਯਿਸੂ ਮਸੀਹ ਦੇ ‘ਲਹੂ ਦੇ ਵਸੀਲੇ ਮੇਲ ਕਰਾ ਕੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ।’ ਜਿਨ੍ਹਾਂ ਵਸਤਾਂ ਨਾਲ ਪਰਮੇਸ਼ੁਰ ਮੇਲ ਕਰਦਾ ਹੈ ਜਾਂ ਆਪਣੇ ਦੋਸਤ ਬਣਾਉਂਦਾ ਹੈ, ਉਹ ‘ਧਰਤੀ ਉਤਲੀਆਂ ਅਤੇ ਅਕਾਸ਼ ਉਤਲੀਆਂ ਵਸਤਾਂ’ ਹਨ। ਉਹ ਕੀ ਹਨ?—ਕੁਲੁੱਸੀਆਂ 1:19, 20 ਪੜ੍ਹੋ।
7. ‘ਧਰਤੀ ਉਤਲੀਆਂ ਅਤੇ ਅਕਾਸ਼ ਉਤਲੀਆਂ ਵਸਤਾਂ’ ਕੌਣ ਹਨ?
7 ਯਿਸੂ ਦੀ ਕੁਰਬਾਨੀ ਸਦਕਾ ਮਸਹ ਕੀਤੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਵਜੋਂ ‘ਨਿਹਚਾ ਨਾਲ ਧਰਮੀ ਠਹਿਰਾਇਆ ਗਿਆ ਹੈ’ ਅਤੇ ਉਹ ‘ਪਰਮੇਸ਼ੁਰ ਨਾਲ ਸ਼ਾਂਤੀ ਬਣਾਈ ਰੱਖਦੇ ਹਨ।’ (ਰੋਮੀਆਂ 5:1 ਪੜ੍ਹੋ।) ਬਾਈਬਲ ਉਨ੍ਹਾਂ ਨੂੰ ‘ਅਕਾਸ਼ ਉਤਲੀਆਂ ਵਸਤਾਂ’ ਸੱਦਦੀ ਹੈ ਕਿਉਂਕਿ ਪਰਮੇਸ਼ੁਰ ਉਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਦੁਬਾਰਾ ਜੀਉਂਦਾ ਕਰਦਾ ਹੈ। ਉੱਥੇ ਉਹ ਰਾਜਿਆਂ ਵਜੋਂ “ਧਰਤੀ ਉੱਤੇ ਰਾਜ ਕਰਨਗੇ” ਅਤੇ ਜਾਜਕਾਂ ਵਜੋਂ ਸੇਵਾ ਕਰਨਗੇ। (ਪਰ. 5:10) ‘ਧਰਤੀ ਉਤਲੀਆਂ ਵਸਤਾਂ’ ਉਨ੍ਹਾਂ ਇਨਸਾਨਾਂ ਨੂੰ ਕਿਹਾ ਗਿਆ ਹੈ ਜਿਹੜੇ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ ਅਤੇ ਜੋ ਧਰਤੀ ਉੱਤੇ ਹਮੇਸ਼ਾ ਲਈ ਰਹਿਣਗੇ।—ਜ਼ਬੂ. 37:29.
8. ਕਲੀਸਿਯਾ ਵਿਚ ਸਮੱਸਿਆਵਾਂ ਆਉਣ ਤੇ ਤੁਸੀਂ ਯਹੋਵਾਹ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹੋ?
8 ਅਫ਼ਸੁਸ ਵਿਚ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਰਿਹਾਈ-ਕੀਮਤ ਲਈ ਕਿੰਨਾ ਸ਼ੁਕਰਗੁਜ਼ਾਰ ਸੀ। ਉਸ ਨੇ ਕਿਹਾ ਕਿ ਪਰਮੇਸ਼ੁਰ “ਦਯਾ ਦਾ ਧਨੀ” ਹੈ ਅਤੇ ਉਸ ਨੇ “ਸਾਨੂੰ ਮਸੀਹ ਦੇ ਨਾਲ ਜਿਵਾਲਿਆ।” ਉਸ ਨੇ ਕਿਹਾ ਕਿ ਅਸੀਂ ਪਰਮੇਸ਼ੁਰ ਦੀ ‘ਕਿਰਪਾ ਤੋਂ ਹੀ ਬਚਾਏ ਗਏ’ ਹਾਂ। (ਅਫ਼. 2:4, 5) ਭਾਵੇਂ ਸਾਡੀ ਆਸ ਸਵਰਗ ਦੀ ਹੋਵੇ ਜਾਂ ਧਰਤੀ ਦੀ, ਫਿਰ ਵੀ ਪਰਮੇਸ਼ੁਰ ਦੀ ਦਇਆ ਅਤੇ ਅਪਾਰ ਕਿਰਪਾ ਲਈ ਅਸੀਂ ਉਸ ਦੇ ਕਰਜ਼ਦਾਰ ਹਾਂ। ਪਰਮੇਸ਼ੁਰ ਨੇ ਆਪਣੇ ਨਾਲ ਸ਼ਾਂਤੀ ਬਣਾਉਣ ਲਈ ਇਨਸਾਨਾਂ ਵਾਸਤੇ ਜੋ ਕੁਝ ਕੀਤਾ ਹੈ, ਅਸੀਂ ਉਸ ਸਭ ਕਾਸੇ ਲਈ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ। ਸਮੇਂ-ਸਮੇਂ ਤੇ ਸਾਨੂੰ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ ਜਿਨ੍ਹਾਂ ਕਾਰਨ ਕਲੀਸਿਯਾ ਦੀ ਏਕਤਾ ਖ਼ਤਰੇ ਵਿਚ ਪੈ ਸਕਦੀ ਹੈ। ਇਨ੍ਹਾਂ ਹਾਲਾਤਾਂ ਵਿਚ ਸਾਨੂੰ ਪਰਮੇਸ਼ੁਰ ਦੀ ਮਿਸਾਲ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ।
ਅਬਰਾਹਾਮ ਅਤੇ ਇਸਹਾਕ ਦੀਆਂ ਮਿਸਾਲਾਂ ਤੋਂ ਸਿੱਖੋ
9, 10. ਅਬਰਾਹਾਮ ਨੇ ਕਿਵੇਂ ਦਿਖਾਇਆ ਕਿ ਉਹ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੁੰਦਾ ਸੀ?
9 ਬਾਈਬਲ ਅਬਰਾਹਾਮ ਬਾਰੇ ਕਹਿੰਦੀ ਹੈ: “ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ।” (ਯਾਕੂ. 2:23) ਯਹੋਵਾਹ ਉੱਤੇ ਨਿਹਚਾ ਦਿਖਾਉਣ ਦਾ ਇਕ ਤਰੀਕਾ ਸੀ ਕਿ ਉਸ ਨੇ ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖੀ। ਮਿਸਾਲ ਲਈ, ਅਬਰਾਹਾਮ ਦੇ ਪਸ਼ੂਆਂ ਅਤੇ ਉਸ ਦੇ ਭਤੀਜੇ ਲੂਤ ਦੇ ਪਸ਼ੂਆਂ ਦੀ ਰਖਵਾਲੀ ਕਰਨ ਵਾਲੇ ਆਦਮੀਆਂ ਵਿਚਕਾਰ ਝਗੜਾ ਹੋ ਗਿਆ। (ਉਤ. 12:5; 13:7) ਅਬਰਾਹਾਮ ਅਤੇ ਲੂਤ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਲਈ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਚਲੇ ਜਾਣਾ ਹੀ ਵਧੀਆ ਹੋਵੇਗਾ। ਧਿਆਨ ਦਿਓ ਕਿ ਅਬਰਾਹਾਮ ਨੇ ਇਸ ਮੁਸ਼ਕਲ ਹਾਲਾਤ ਵਿਚ ਕੀ ਕੀਤਾ। ਹਾਲਾਂਕਿ ਅਬਰਾਹਾਮ ਲੂਤ ਨਾਲੋਂ ਉਮਰ ਵਿਚ ਵੱਡਾ ਸੀ ਅਤੇ ਉਸ ਦੀ ਦੋਸਤੀ ਯਹੋਵਾਹ ਪਰਮੇਸ਼ੁਰ ਨਾਲ ਸੀ, ਫਿਰ ਵੀ ਉਸ ਨੇ ਲੂਤ ਨੂੰ ਫ਼ੈਸਲਾ ਕਰਨ ਲਈ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਭਤੀਜੇ ਨਾਲ ਸ਼ਾਂਤੀ ਬਣਾਈ ਰੱਖਣਾ ਚਾਹੁੰਦਾ ਸੀ।
10 ਅਬਰਾਹਾਮ ਨੇ ਆਪਣੇ ਭਤੀਜੇ ਨੂੰ ਕਿਹਾ: “ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ।” ਅੱਗੇ ਉਸ ਨੇ ਕਿਹਾ: “ਭਲਾ, ਤੇਰੇ ਅੱਗੇ ਸਾਰਾ ਦੇਸ ਨਹੀਂ ਹੈ? ਮੈਥੋਂ ਵੱਖਰਾ ਹੋ ਜਾਹ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ।” ਲੂਤ ਨੇ ਦੇਸ਼ ਦਾ ਸਭ ਤੋਂ ਵਧੀਆ ਯਾਨੀ ਉਪਜਾਊ ਹਿੱਸਾ ਚੁਣਿਆ। ਅਬਰਾਹਾਮ ਨੇ ਲੂਤ ਨਾਲ ਗੁੱਸੇ ਹੋਣ ਦੀ ਬਜਾਇ ਉਸ ਦੀ ਗੱਲ ਮੰਨ ਲਈ। (ਉਤ. 13:8-11) ਇਹ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਬਾਅਦ ਵਿਚ ਜਦੋਂ ਦੁਸ਼ਮਣਾਂ ਨੇ ਲੂਤ ਨੂੰ ਫੜ ਲਿਆ, ਤਾਂ ਅਬਰਾਹਾਮ ਉਸ ਨੂੰ ਫਟਾਫਟ ਬਚਾਉਣ ਲਈ ਗਿਆ।—ਉਤ. 14:14-16.
11. ਅਬਰਾਹਾਮ ਨੇ ਆਪਣੇ ਗੁਆਂਢੀ ਫਲਿਸਤੀਆਂ ਨਾਲ ਸ਼ਾਂਤੀ ਕਿਵੇਂ ਬਣਾਈ ਰੱਖੀ?
11 ਇਹ ਵੀ ਸੋਚੋ ਕਿ ਕਨਾਨ ਦੇਸ਼ ਵਿਚ ਰਹਿੰਦੇ ਹੋਏ ਆਪਣੇ ਗੁਆਂਢੀ ਫਲਿਸਤੀਆਂ ਨਾਲ ਅਬਰਾਹਾਮ ਨੇ ਕਿਵੇਂ ਸ਼ਾਂਤੀ ਬਣਾਈ ਰੱਖੀ। ਅਬਰਾਹਾਮ ਦੇ ਨੌਕਰਾਂ ਨੇ ਬਏਰਸ਼ਬਾ ਵਿਚ ਜੋ ਖੂਹ ਪੁੱਟਿਆ ਸੀ, ਉਸ ਨੂੰ ਫਲਿਸਤੀਆਂ ਨੇ ਜ਼ਬਰਦਸਤੀ ਨਾਲ ਖੋਹ ਲਿਆ। ਇਸ ਸਥਿਤੀ ਵਿਚ ਅਬਰਾਹਾਮ ਨੇ ਨਾ ਕੁਝ ਕੀਤਾ ਤੇ ਨਾ ਹੀ ਕੁਝ ਕਿਹਾ। ਬਾਅਦ ਵਿਚ ਫਲਿਸਤੀਆਂ ਦਾ ਰਾਜਾ ਸ਼ਾਂਤੀ ਬਣਾਈ ਰੱਖਣ ਦਾ ਇਕਰਾਰ ਕਰਨ ਲਈ ਅਬਰਾਹਾਮ ਨੂੰ ਮਿਲਣ ਆਇਆ। ਅਬਰਾਹਾਮ, ਰਾਜੇ ਦੀ ਔਲਾਦ ਨਾਲ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ ਹੋ ਗਿਆ। ਇਸ ਮੌਕੇ ਤੇ ਅਬਰਾਹਾਮ ਨੇ ਉਸ ਖੂਹ ਬਾਰੇ ਰਾਜੇ ਨੂੰ ਸਭ ਕੁਝ ਦੱਸਿਆ। ਇਹ ਸੁਣ ਕੇ ਰਾਜਾ ਹੈਰਾਨ ਰਹਿ ਗਿਆ ਅਤੇ ਅਬਰਾਹਾਮ ਨੂੰ ਖੂਹ ਵਾਪਸ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਅਬਰਾਹਾਮ ਨੇ ਇਸੇ ਦੇਸ਼ ਵਿਚ ਇਕ ਪਰਦੇਸੀ ਵਜੋਂ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਗੁਜ਼ਾਰੀ।—ਉਤ. 21:22-31, 34.
12, 13. (ੳ) ਇਸਹਾਕ ਆਪਣੇ ਪਿਤਾ ਦੀ ਮਿਸਾਲ ਉੱਤੇ ਕਿਵੇਂ ਚੱਲਿਆ? (ਅ)ਇਸਹਾਕ ਦੀਆਂ ਸ਼ਾਂਤੀ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਉੱਤੇ ਯਹੋਵਾਹ ਨੇ ਕਿਵੇਂ ਬਰਕਤ ਪਾਈ?
12 ਅਬਰਾਹਾਮ ਦਾ ਪੁੱਤਰ ਇਸਹਾਕ ਆਪਣੇ ਪਿਤਾ ਵਾਂਗ ਸ਼ਾਂਤੀ-ਪਸੰਦ ਬੰਦਾ ਸੀ। ਉਸ ਨੇ ਫਲਿਸਤੀਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕੀਤੀ। ਦੇਸ਼ ਵਿਚ ਕਾਲ ਪੈਣ ਕਰਕੇ ਇਸਹਾਕ ਅਤੇ ਉਸ ਦਾ ਪਰਿਵਾਰ ਨਗੇਬ ਵਿਚਲੇ ਸੁੱਕੇ ਇਲਾਕੇ ਬਏਰ-ਲਹੀ-ਰੋਈ ਨੂੰ ਛੱਡ ਕੇ ਗਰਾਰ ਦੇ ਜ਼ਿਆਦਾ ਉਪਜਾਊ ਇਲਾਕੇ ਵਿਚ ਚਲੇ ਗਏ। ਇਹ ਇਲਾਕਾ ਫਲਿਸਤੀਆਂ ਦਾ ਸੀ। ਯਹੋਵਾਹ ਨੇ ਇਸਹਾਕ ਨੂੰ ਬਰਕਤ ਵਜੋਂ ਚੰਗੀਆਂ ਫ਼ਸਲਾਂ ਅਤੇ ਬਹੁਤ ਸਾਰੇ ਪਸ਼ੂ ਦਿੱਤੇ। ਇਹ ਦੇਖ ਕੇ ਫਲਿਸਤੀ ਉਸ ਨਾਲ ਈਰਖਾ ਕਰਨ ਲੱਗ ਪਏ। ਉਹ ਨਹੀਂ ਚਾਹੁੰਦੇ ਸਨ ਕਿ ਇਸਹਾਕ ਦਾ ਮਾਲ-ਧਨ ਵਧੇ, ਇਸ ਲਈ ਉਨ੍ਹਾਂ ਨੇ ਉਸ ਦੇ ਖੂਹ ਮਿੱਟੀ ਨਾਲ ਭਰ ਦਿੱਤੇ। ਅਖ਼ੀਰ ਫਲਿਸਤੀਆਂ ਦੇ ਰਾਜੇ ਨੇ ਇਸਹਾਕ ਨੂੰ ਕਿਹਾ: “ਸਾਡੇ ਕੋਲੋਂ ਚਲਾ ਜਾਹ।” ਇਸਹਾਕ ਨੇ ਰਾਜੇ ਦੀ ਗੱਲ ਮੰਨ ਲਈ ਅਤੇ ਸ਼ਾਂਤੀ ਬਣਾਈ ਰੱਖਣ ਲਈ ਉਹ ਅਤੇ ਉਸ ਦਾ ਪਰਿਵਾਰ ਗਰਾਰ ਤੋਂ ਚਲਾ ਗਿਆ।—ਉਤ. 24:62; 26:1, 12-17.
13 ਇਸ ਇਲਾਕੇ ਤੋਂ ਦੂਰ ਜਾ ਕੇ ਇਸਹਾਕ ਦੇ ਚਰਵਾਹਿਆਂ ਨੇ ਇਕ ਹੋਰ ਖੂਹ ਪੁੱਟਿਆ। ਖੂਹ ਦੇ ਕਾਰਨ ਫਲਿਸਤੀ ਚਰਵਾਹੇ, ਇਸਹਾਕ ਦੇ ਚਰਵਾਹਿਆਂ ਨਾਲ ਝਗੜਨ ਲੱਗ ਪਏ। ਆਪਣੇ ਪਿਤਾ ਵਾਂਗ ਇਸਹਾਕ ਵੀ ਲੜਨਾ ਨਹੀਂ ਚਾਹੁੰਦਾ ਸੀ। ਇਸ ਦੇ ਉਲਟ, ਉਸ ਨੇ ਆਪਣੇ ਨੌਕਰਾਂ ਨੂੰ ਇਕ ਹੋਰ ਖੂਹ ਪੁੱਟਣ ਲਈ ਕਿਹਾ। ਫਲਿਸਤੀ ਖੂਹ ਕਾਰਨ ਫਿਰ ਝਗੜਨ ਲੱਗ ਪਏ। ਉਨ੍ਹਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਇਸ ਵਾਰ ਵੀ ਇਸਹਾਕ ਆਪਣੇ ਪਰਿਵਾਰ ਸਮੇਤ ਆਪਣਾ ਸਭ ਕੁਝ ਗਰਾਰ ਤੋਂ ਲੈ ਗਿਆ। ਉਸ ਦੇ ਨੌਕਰਾਂ ਨੇ ਫਿਰ ਇਕ ਨਵੇਂ ਇਲਾਕੇ ਵਿਚ ਜਾ ਕੇ ਇਕ ਹੋਰ ਖੂਹ ਪੁੱਟਿਆ ਤੇ ਇਸਹਾਕ ਨੇ ਇਸ ਦਾ ਨਾਂ ਰਹੋਬੋਥ ਰੱਖਿਆ। ਬਾਅਦ ਵਿਚ ਉਹ ਬਏਰਸ਼ਬਾ ਦੇ ਜ਼ਿਆਦਾ ਉਪਜਾਊ ਇਲਾਕੇ ਵਿਚ ਚਲਾ ਗਿਆ। ਯਹੋਵਾਹ ਨੇ ਉੱਥੇ ਇਸਹਾਕ ਨੂੰ ਅਸੀਸ ਦਿੱਤੀ ਅਤੇ ਕਿਹਾ: “ਨਾ ਡਰ ਕਿਉਂਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਰ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ।”—ਉਤ. 26:17-25.
14. ਜਦੋਂ ਫਲਿਸਤੀ ਰਾਜਾ ਇਸਹਾਕ ਨਾਲ ਇਕਰਾਰ ਕਰਨ ਆਇਆ, ਤਾਂ ਇਸਹਾਕ ਨੇ ਕੀ ਕੀਤਾ?
14 ਜੇ ਇਸਹਾਕ ਚਾਹੁੰਦਾ, ਤਾਂ ਉਹ ਆਪਣੇ ਹੱਕ ਦੀ ਲੜਾਈ ਲੜ ਸਕਦਾ ਸੀ ਕਿਉਂਕਿ ਉਹ ਖੂਹ ਉਸ ਦੇ ਸਨ। ਇਸ ਗੱਲ ਨੂੰ ਫਲਿਸਤੀ ਰਾਜਾ ਵੀ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਲਈ ਜਦੋਂ ਰਾਜਾ ਆਪਣੇ ਅਫ਼ਸਰਾਂ ਨਾਲ ਇਕਰਾਰ ਕਰਨ ਵਾਸਤੇ ਇਸਹਾਕ ਨੂੰ ਬਏਰਸ਼ਬਾ ਨਾਂ ਦੀ ਥਾਂ ʼਤੇ ਮਿਲਣ ਆਇਆ, ਤਾਂ ਉਸ ਨੇ ਕਿਹਾ: “ਸਫਾਈ ਨਾਲ ਅਸਾਂ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ।” ਰਾਜੇ ਨਾਲ ਲੜਨ ਦੀ ਬਜਾਇ ਇਸਹਾਕ ਨੇ ਸ਼ਾਂਤੀ ਬਣਾਈ ਰੱਖਣ ਲਈ ਕਈ ਵਾਰ ਉਨ੍ਹਾਂ ਥਾਵਾਂ ਤੋਂ ਚਲੇ ਜਾਣ ਦਾ ਫ਼ੈਸਲਾ ਕੀਤਾ। ਬਾਈਬਲ ਸਾਨੂੰ ਦੱਸਦੀ ਹੈ: “ਉਹ ਨੇ ਓਹਨਾਂ ਦੀ ਦਾਉਤ ਕੀਤੀ ਅਰ ਉਨ੍ਹਾਂ ਨੇ ਖਾਧਾ ਪੀਤਾ। ਅਰ ਸਵੇਰੇ ਉੱਠਕੇ ਹਰ ਇੱਕ ਨੇ ਆਪਣੇ ਭਰਾ ਨਾਲ ਸੌਂਹ ਖਾਧੀ ਅਰ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚੱਲੇ ਗਏ।”—ਉਤ. 26:26-31.
ਯੂਸੁਫ਼ ਦੀ ਮਿਸਾਲ ਤੋਂ ਸਿੱਖੋ
15. ਯੂਸੁਫ਼ ਦੇ ਭਰਾ ਉਸ ਨਾਲ ਪਿਆਰ ਨਾਲ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ ਸਨ?
15 ਬਾਈਬਲ ਦੱਸਦੀ ਹੈ ਕਿ ਇਸਹਾਕ ਦਾ ਪੁੱਤਰ ਯਾਕੂਬ “ਭੋਲਾ ਭਾਲਾ” ਯਾਨੀ ਖਰਾ ਇਨਸਾਨ ਸੀ। (ਉਤ. 25:27) ਅਸੀਂ ਜਾਣ ਚੁੱਕੇ ਹਾਂ ਕਿ ਯਾਕੂਬ ਨੇ ਆਪਣੇ ਭਰਾ ਏਸਾਓ ਨਾਲ ਸ਼ਾਂਤੀ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਪਿਤਾ ਦੀ ਚੰਗੀ ਮਿਸਾਲ ਤੋਂ ਇੱਦਾਂ ਕਰਨਾ ਸਿੱਖਿਆ ਸੀ। ਯਾਕੂਬ ਦੇ ਪੁੱਤਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਯਾਕੂਬ ਆਪਣੇ 12 ਪੁੱਤਰਾਂ ਵਿੱਚੋਂ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ। ਯੂਸੁਫ਼ ਹਮੇਸ਼ਾ ਆਪਣੇ ਪਿਤਾ ਦੀ ਇੱਜ਼ਤ ਕਰਦਾ ਅਤੇ ਉਸ ਦਾ ਕਹਿਣਾ ਮੰਨਦਾ ਸੀ ਜਿਸ ਕਰਕੇ ਯਾਕੂਬ ਉਸ ਉੱਤੇ ਭਰੋਸਾ ਰੱਖ ਸਕਦਾ ਸੀ। (ਉਤ. 37:2, 14) ਪਰ ਬਾਈਬਲ ਦੱਸਦੀ ਹੈ ਕਿ ਯੂਸੁਫ਼ ਦੇ ਵੱਡੇ ਭਰਾ ਉਸ ਨਾਲ ਇੰਨੀ ਨਫ਼ਰਤ ਕਰਦੇ ਸਨ ਕਿ ਉਸ ਨਾਲ ਪਿਆਰ ਨਾਲ ਗੱਲ ਕਰਨੀ ਤਾਂ ਇਕ ਪਾਸੇ ਸਗੋਂ, ਉਨ੍ਹਾਂ ਨੇ ਯੂਸੁਫ਼ ਨੂੰ ਗ਼ੁਲਾਮ ਵਜੋਂ ਵੇਚ ਦਿੱਤਾ। ਫਿਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਬੜੀ ਚਲਾਕੀ ਨਾਲ ਯਕੀਨ ਦਿਵਾਇਆ ਕਿ ਉਸ ਨੂੰ ਕਿਸੇ ਜੰਗਲੀ ਜਾਨਵਰ ਨੇ ਪਾੜ ਖਾਧਾ।—ਉਤ. 37:4, 28, 31-33.
16, 17. ਯੂਸੁਫ਼ ਜਿਸ ਤਰੀਕੇ ਨਾਲ ਆਪਣੇ ਭਰਾਵਾਂ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
16 ਯਹੋਵਾਹ ਨੇ ਯੂਸੁਫ਼ ਨੂੰ ਬਰਕਤਾਂ ਦਿੱਤੀਆਂ। ਸਮੇਂ ਦੇ ਬੀਤਣ ਨਾਲ ਯੂਸੁਫ਼ ਮਿਸਰ ਦਾ ਪ੍ਰਧਾਨ ਮੰਤਰੀ ਬਣ ਗਿਆ ਜੋ ਫ਼ਿਰਊਨ ਤੋਂ ਬਾਅਦ ਦੂਜਾ ਸ਼ਕਤੀਸ਼ਾਲੀ ਇਨਸਾਨ ਸੀ। ਕਨਾਨ ਵਿਚ ਭਿਆਨਕ ਕਾਲ ਪੈਣ ʼਤੇ ਯੂਸੁਫ਼ ਦੇ ਭਰਾ ਖਾਣਾ ਖ਼ਰੀਦਣ ਲਈ ਮਿਸਰ ਆਏ। ਜਦੋਂ ਉਹ ਯੂਸੁਫ਼ ਨੂੰ ਮਿਲੇ, ਤਾਂ ਉਹ ਉਸ ਨੂੰ ਪਛਾਣ ਨਹੀਂ ਸਕੇ ਕਿਉਂਕਿ ਉਸ ਨੇ ਮਿਸਰੀਆਂ ਵਰਗੇ ਕੱਪੜੇ ਪਾਏ ਹੋਏ ਸਨ। (ਉਤ. 42:5-7) ਯੂਸੁਫ਼ ਆਪਣੇ ਭਰਾਵਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰ ਸਕਦਾ ਸੀ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਉਸ ਨਾਲ ਤੇ ਉਸ ਦੇ ਪਿਤਾ ਨਾਲ ਕੀਤਾ ਸੀ। ਇਸ ਦੇ ਉਲਟ, ਯੂਸੁਫ਼ ਨੇ ਉਨ੍ਹਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਭਰਾ ਬਦਲ ਗਏ ਸਨ ਜਾਂ ਨਹੀਂ। ਜਦੋਂ ਉਸ ਨੇ ਦੇਖਿਆ ਕਿ ਉਹ ਵਾਕਈ ਬਦਲ ਚੁੱਕੇ ਸਨ, ਤਾਂ ਯੂਸੁਫ਼ ਨੇ ਕਿਹਾ: “ਹੁਣ ਤੁਸੀਂ ਇਸ ਦੇ ਲਈ ਪਛਤਾਵੋ ਨਾ ਅਤੇ ਨਾ ਹੀ ਆਪਣੇ ਆਪ ਨੂੰ ਦੋਸ਼ੀ ਠਹਿਰਾਓ। ਅਸਲ ਵਿਚ ਇਹ ਪਰਮੇਸ਼ਰ ਸੀ, ਜਿਸ ਨੇ ਮੈਨੂੰ ਮਿਸਰ ਵਿਚ ਤੁਹਾਡੇ ਤੋਂ ਪਹਿਲਾਂ ਘਲਿਆ ਕਿ ਤੁਹਾਡੀਆਂ ਸਭ ਦੀਆਂ ਜਾਨਾਂ ਬਚ ਜਾਣ।” (ਉਤ. 45:5, CL) ਫਿਰ “ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ।”—ਉਤ. 45:1, 15.
17 ਆਪਣੇ ਪਿਤਾ ਯਾਕੂਬ ਦੀ ਮੌਤ ਤੋਂ ਬਾਅਦ ਯੂਸੁਫ਼ ਦੇ ਭਰਾ ਸੋਚਣ ਲੱਗ ਪਏ ਕਿ ਸ਼ਾਇਦ ਉਹ ਹੁਣ ਉਨ੍ਹਾਂ ਤੋਂ ਬਦਲਾ ਲਵੇਗਾ। ਜਦੋਂ ਉਨ੍ਹਾਂ ਨੇ ਇਸ ਬਾਰੇ ਯੂਸੁਫ਼ ਨਾਲ ਗੱਲ ਕੀਤੀ, ਤਾਂ ਉਹ “ਰੋ ਪਿਆ” ਅਤੇ ਕਿਹਾ: “ਨਾ ਡਰੋ। ਮੈਂ ਤੁਹਾਡੀ ਅਤੇ ਤੁਹਾਡੇ ਨੀਂਗਰਾਂ ਦੀ ਪਾਲਣਾ ਕਰਾਂਗਾ।” ਯੂਸੁਫ਼ ਨੇ ਦਿਖਾਇਆ ਕਿ ਉਹ ਸ਼ਾਂਤੀ-ਪਸੰਦ ਬੰਦਾ ਸੀ। ਉਸ ਨੇ ‘ਉਨ੍ਹਾਂ ਨੂੰ ਧੀਰਜ ਦਿੱਤਾ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ।’—ਉਤ. 50:15-21.
“ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ”
18, 19. (ੳ) ਇਸ ਲੇਖ ਵਿਚ ਦੱਸੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਿਆ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਸਿੱਖਾਂਗੇ?
18 ਪੌਲੁਸ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀ. 15:4) ਅਸੀਂ ਯਹੋਵਾਹ ਦੀ ਉੱਤਮ ਮਿਸਾਲ ਤੋਂ ਅਤੇ ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਦੀਆਂ ਮਿਸਾਲਾਂ ਤੋਂ ਕੀ ਸਿੱਖਦੇ ਹਾਂ?
19 ਯਹੋਵਾਹ ਨੇ ਸਾਨੂੰ ਆਪਣਾ ਦੋਸਤ ਬਣਾਉਣ ਲਈ ਜੋ ਕੁਝ ਕੀਤਾ ਹੈ, ਸਾਨੂੰ ਵੀ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਤੋਂ ਸਿੱਖਿਆ ਹੈ ਕਿ ਮਾਪੇ ਆਪਣੇ ਬੱਚਿਆਂ ਲਈ ਇਕ ਚੰਗੀ ਮਿਸਾਲ ਬਣ ਸਕਦੇ ਹਨ ਅਤੇ ਉਨ੍ਹਾਂ ਨੂੰ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣਾ ਸਿਖਾ ਸਕਦੇ ਹਨ। ਅਸੀਂ ਇਹ ਵੀ ਜਾਣਿਆ ਹੈ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਸੋ ਫਿਰ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਪੌਲੁਸ ਨੇ ਲਿਖਿਆ ਕਿ ਯਹੋਵਾਹ “ਸ਼ਾਂਤੀ” ਦੇਣ ਵਾਲਾ ਪਰਮੇਸ਼ੁਰ ਹੈ। (ਰੋਮੀਆਂ 15:33; 16:20 ਪੜ੍ਹੋ।) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਪੌਲੁਸ ਨੇ ਕਿਉਂ ਕਿਹਾ ਕਿ ਸਾਨੂੰ ਸ਼ਾਂਤੀ ਬਣਾਈ ਰੱਖਣ ਦੀ ਲੋੜ ਹੈ ਅਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ।
ਤੁਸੀਂ ਕੀ ਸਿੱਖਿਆ?
• ਏਸਾਓ ਨੂੰ ਮਿਲਣ ਤੋਂ ਪਹਿਲਾਂ ਯਾਕੂਬ ਨੇ ਉਸ ਨਾਲ ਸ਼ਾਂਤੀ ਬਣਾਉਣ ਲਈ ਕੀ ਕੀਤਾ?
• ਸਾਨੂੰ ਆਪਣਾ ਦੋਸਤ ਬਣਾਉਣ ਲਈ ਯਹੋਵਾਹ ਨੇ ਜੋ ਕੁਝ ਕੀਤਾ ਹੈ, ਇਸ ਦਾ ਤੁਹਾਡੇ ʼਤੇ ਕੀ ਅਸਰ ਪਿਆ ਹੈ?
• ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਦੀਆਂ ਮਿਸਾਲਾਂ ਤੋਂ ਕੀ ਸਿੱਖਿਆ ਹੈ?
[ਸਫ਼ਾ 23 ਉੱਤੇ ਤਸਵੀਰਾਂ]
ਏਸਾਓ ਨਾਲ ਸ਼ਾਂਤੀ ਬਣਾਉਣ ਲਈ ਯਾਕੂਬ ਨੇ ਕਿਹੜਾ ਜ਼ਰੂਰੀ ਕਦਮ ਉਠਾਇਆ?