‘ਮਸੀਹ ਦੇ ਵਿੱਚ ਚੱਲਦੇ ਜਾਓ’
“ਸੋ ਜਿਵੇਂ ਤੁਸਾਂ ਮਸੀਹ ਯਿਸੂ ਪ੍ਰਭੁ ਨੂੰ ਕਬੂਲ ਕੀਤਾ ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ।”—ਕੁਲੁੱਸੀਆਂ 2:6.
1, 2. (ੳ) ਬਾਈਬਲ ਯਹੋਵਾਹ ਦੀ ਸੇਵਾ ਵਿਚ ਬਿਤਾਏ ਹਨੋਕ ਦੇ ਵਫ਼ਾਦਾਰ ਜੀਵਨ ਦਾ ਵਰਣਨ ਕਿਵੇਂ ਕਰਦੀ ਹੈ? (ਅ) ਜਿਵੇਂ ਕੁਲੁੱਸੀਆਂ 2:6, 7 ਸੰਕੇਤ ਕਰਦਾ ਹੈ, ਯਹੋਵਾਹ ਨੇ ਉਸ ਦੇ ਨਾਲ-ਨਾਲ ਚੱਲਣ ਵਿਚ ਕਿਵੇਂ ਸਾਡੀ ਮਦਦ ਕੀਤੀ ਹੈ?
ਕੀ ਤੁਸੀਂ ਕਦੀ ਇਕ ਛੋਟੇ ਬੱਚੇ ਨੂੰ ਆਪਣੇ ਪਿਤਾ ਦੇ ਨਾਲ-ਨਾਲ ਚੱਲਦੇ ਹੋਏ ਦੇਖਿਆ ਹੈ? ਛੋਟਾ ਬੱਚਾ ਆਪਣੇ ਪਿਤਾ ਦੇ ਹਰ ਕਦਮ ਦੀ ਨਕਲ ਕਰਦਾ ਹੈ, ਅਤੇ ਉਸ ਦਾ ਚਿਹਰਾ ਪ੍ਰਸ਼ੰਸਾ ਨਾਲ ਚਮਕ ਰਿਹਾ ਹੈ; ਉਸ ਦਾ ਪਿਤਾ ਵੀ ਨਾਲ-ਨਾਲ ਚੱਲਣ ਵਿਚ ਉਸ ਦੀ ਮਦਦ ਕਰਦਾ ਹੈ, ਅਤੇ ਉਸ ਦਾ ਚਿਹਰਾ ਵੀ ਪਿਆਰ ਅਤੇ ਪ੍ਰਵਾਨਗੀ ਨਾਲ ਚਮਕ ਰਿਹਾ ਹੈ। ਉਚਿਤ ਰੂਪ ਵਿਚ, ਉਸ ਦੀ ਸੇਵਾ ਵਿਚ ਬਿਤਾਏ ਵਫ਼ਾਦਾਰ ਜੀਵਨ ਦਾ ਵਰਣਨ ਕਰਨ ਲਈ ਯਹੋਵਾਹ ਸਮਾਨ ਦ੍ਰਿਸ਼ ਦਾ ਪ੍ਰਯੋਗ ਕਰਦਾ ਹੈ। ਉਦਾਹਰਣ ਲਈ, ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਵਫ਼ਾਦਾਰ ਹਨੋਕ “ਪਰਮੇਸ਼ੁਰ ਦੇ ਸੰਗ ਚਲਦਾ” ਰਿਹਾ।—ਉਤਪਤ 5:24; 6:9.
2 ਠੀਕ ਜਿਵੇਂ ਇਕ ਪਰਵਾਹ ਕਰਨ ਵਾਲਾ ਪਿਤਾ ਆਪਣੇ ਛੋਟੇ ਪੁੱਤਰ ਦੀ ਆਪਣੇ ਨਾਲ-ਨਾਲ ਚੱਲਣ ਵਿਚ ਮਦਦ ਕਰਦਾ ਹੈ, ਉਸੇ ਤਰ੍ਹਾਂ ਯਹੋਵਾਹ ਨੇ ਸਾਨੂੰ ਸਭ ਤੋਂ ਵਧੀਆ ਮਦਦ ਦਿੱਤੀ ਹੈ। ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ਉੱਤੇ ਘੱਲਿਆ। ਧਰਤੀ ਉੱਤੇ ਆਪਣੇ ਪੂਰੇ ਜੀਵਨ ਦੌਰਾਨ ਹਰ ਕਦਮ ਤੇ, ਯਿਸੂ ਮਸੀਹ ਨੇ ਆਪਣੇ ਸਵਰਗੀ ਪਿਤਾ ਨੂੰ ਸੰਪੂਰਣ ਰੂਪ ਵਿਚ ਪ੍ਰਤਿਬਿੰਬਤ ਕੀਤਾ। (ਯੂਹੰਨਾ 14:9, 10; ਇਬਰਾਨੀਆਂ 1:3) ਇਸ ਕਰਕੇ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਲਈ, ਸਾਨੂੰ ਯਿਸੂ ਦੇ ਨਾਲ-ਨਾਲ ਚੱਲਣ ਦੀ ਜ਼ਰੂਰਤ ਹੈ। ਰਸੂਲ ਪੌਲੁਸ ਨੇ ਲਿਖਿਆ: “ਸੋ ਜਿਵੇਂ ਤੁਸਾਂ ਮਸੀਹ ਯਿਸੂ ਪ੍ਰਭੁ ਨੂੰ ਕਬੂਲ ਕੀਤਾ ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ, ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਾਹਲਾ ਕਰਦੇ ਜਾਓ।”—ਕੁਲੁੱਸੀਆਂ 2:6, 7.
3. ਕੁਲੁੱਸੀਆਂ 2:6, 7 ਦੇ ਅਨੁਸਾਰ, ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਸੀਹ ਵਿਚ ਚੱਲਣ ਵਿਚ ਮਹਿਜ਼ ਬਪਤਿਸਮਾ ਲੈਣਾ ਹੀ ਸ਼ਾਮਲ ਨਹੀਂ ਹੈ?
3 ਕਿਉਂਕਿ ਉਹ ਮਸੀਹ ਵਿਚ ਚੱਲਣਾ ਚਾਹੁੰਦੇ ਹਨ, ਅਤੇ ਉਸ ਦੇ ਸੰਪੂਰਣ ਕਦਮਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਨੇਕਦਿਲ ਬਾਈਬਲ ਸਿੱਖਿਆਰਥੀ ਬਪਤਿਸਮਾ ਲੈਂਦੇ ਹਨ। (ਲੂਕਾ 3:21; ਇਬਰਾਨੀਆਂ 10:7-9) ਸਿਰਫ਼ 1997 ਵਿਚ ਹੀ, ਸੰਸਾਰ ਭਰ ਵਿਚ 3,75,000 ਤੋਂ ਜ਼ਿਆਦਾ ਲੋਕਾਂ ਨੇ ਇਹ ਮਹੱਤਵਪੂਰਣ ਕਦਮ ਚੁੱਕਿਆ—ਹਰ ਦਿਨ ਔਸਤ 1,000 ਤੋਂ ਵੀ ਜ਼ਿਆਦਾ। ਇਹ ਵਾਧਾ ਰੋਮਾਂਚਕਾਰੀ ਹੈ! ਪਰੰਤੂ, ਕੁਲੁੱਸੀਆਂ 2:6, 7 ਵਿਚ ਦਰਜ ਪੌਲੁਸ ਦੇ ਸ਼ਬਦ ਦਿਖਾਉਂਦੇ ਹਨ ਕਿ ਮਸੀਹ ਵਿਚ ਚੱਲਣ ਵਿਚ ਮਹਿਜ਼ ਬਪਤਿਸਮਾ ਲੈਣਾ ਹੀ ਸ਼ਾਮਲ ਨਹੀਂ ਹੈ। ਯੂਨਾਨੀ ਕ੍ਰਿਆ ਜਿਸ ਨੂੰ “ਚੱਲਦੇ ਜਾਓ” ਅਨੁਵਾਦ ਕੀਤਾ ਗਿਆ ਹੈ, ਇਕ ਅਜਿਹੇ ਕੰਮ ਦਾ ਵਰਣਨ ਕਰਦੀ ਹੈ ਜਿਸ ਨੂੰ ਲਗਾਤਾਰ ਕੀਤਾ ਜਾਂਦਾ ਹੈ। ਪੌਲੁਸ ਅੱਗੇ ਕਹਿੰਦਾ ਹੈ ਕਿ ਮਸੀਹ ਦੇ ਨਾਲ-ਨਾਲ ਚੱਲਣ ਵਿਚ ਚਾਰ ਚੀਜ਼ਾਂ ਸ਼ਾਮਲ ਹਨ: ਮਸੀਹ ਵਿਚ ਜੜ੍ਹ ਫੜਨੀ, ਉਸ ਉੱਤੇ ਉਸਰਨਾ, ਨਿਹਚਾ ਵਿਚ ਦ੍ਰਿੜ੍ਹ ਹੋਣਾ, ਅਤੇ ਬਾਹਲਾ ਧੰਨਵਾਦ ਕਰਨਾ। ਆਓ ਅਸੀਂ ਹਰੇਕ ਵਾਕਾਂਸ਼ ਉੱਤੇ ਵਿਚਾਰ ਕਰੀਏ ਅਤੇ ਦੇਖੀਏ ਕਿ ਇਹ ਮਸੀਹ ਵਿਚ ਲਗਾਤਾਰ ਚੱਲਦੇ ਰਹਿਣ ਵਿਚ ਕਿਵੇਂ ਸਾਡੀ ਮਦਦ ਕਰਦੇ ਹਨ।
ਕੀ ਤੁਸੀਂ ‘ਮਸੀਹ ਦੇ ਵਿੱਚ ਜੜ੍ਹ ਫੜੀ’ ਹੈ?
4. ‘ਮਸੀਹ ਦੇ ਵਿੱਚ ਜੜ੍ਹ ਫੜਨ’ ਦਾ ਕੀ ਅਰਥ ਹੈ?
4 ਪਹਿਲਾ, ਪੌਲੁਸ ਲਿਖਦਾ ਹੈ ਕਿ ਸਾਨੂੰ ‘ਮਸੀਹ ਦੇ ਵਿੱਚ ਜੜ੍ਹ ਫੜਨ’ ਦੀ ਲੋੜ ਹੈ। (ਤੁਲਨਾ ਕਰੋ ਮੱਤੀ 13:20, 21.) ਇਕ ਵਿਅਕਤੀ ਮਸੀਹ ਦੇ ਵਿਚ ਜੜ੍ਹ ਫੜਨ ਲਈ ਕਿਵੇਂ ਮਿਹਨਤ ਕਰ ਸਕਦਾ ਹੈ? ਇਕ ਬੂਟੇ ਦੀਆਂ ਜੜ੍ਹਾਂ ਦਿੱਸਦੀਆਂ ਨਹੀਂ ਹਨ, ਪਰੰਤੂ ਉਹ ਬੂਟੇ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਉਹ ਉਸ ਨੂੰ ਮਜ਼ਬੂਤੀ ਅਤੇ ਖ਼ੁਰਾਕ ਦਿੰਦੀਆਂ ਹਨ। ਇਸੇ ਤਰ੍ਹਾਂ, ਮਸੀਹ ਦੀ ਉਦਾਹਰਣ ਅਤੇ ਸਿੱਖਿਆ ਪਹਿਲਾਂ ਸਾਡੇ ਉੱਤੇ ਅਜਿਹਾ ਪ੍ਰਭਾਵ ਪਾਉਂਦੀਆਂ ਹਨ ਜੋ ਬਾਹਰੋਂ ਨਹੀਂ ਦਿੱਸਦਾ, ਯਾਨੀ ਕਿ ਉਹ ਸਾਡੇ ਦਿਲਾਂ-ਦਿਮਾਗ਼ਾਂ ਵਿਚ ਸਮਾ ਜਾਂਦੀਆਂ ਹਨ। ਉੱਥੇ ਇਹ ਸਾਨੂੰ ਪਾਲਦੀਆਂ-ਪੋਸਦੀਆਂ ਹਨ ਅਤੇ ਸਾਨੂੰ ਤਕੜਾ ਕਰਦੀਆਂ ਹਨ। ਜਦੋਂ ਅਸੀਂ ਇਨ੍ਹਾਂ ਨੂੰ ਆਪਣੀ ਸੋਚ, ਆਪਣੇ ਕੰਮਾਂ, ਅਤੇ ਆਪਣੇ ਫ਼ੈਸਲਿਆਂ ਉੱਤੇ ਅਸਰ ਪਾਉਣ ਦਿੰਦੇ ਹਾਂ, ਤਾਂ ਅਸੀਂ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਹੁੰਦੇ ਹਾਂ।—1 ਪਤਰਸ 2:21.
5. ਅਸੀਂ ਕਿਵੇਂ ਅਧਿਆਤਮਿਕ ਭੋਜਨ ਦੀ ‘ਲੋਚ ਵਿਕਸਿਤ ਕਰ’ ਸਕਦੇ ਹਾਂ?
5 ਯਿਸੂ ਪਰਮੇਸ਼ੁਰ ਤੋਂ ਪ੍ਰਾਪਤ ਗਿਆਨ ਨੂੰ ਅਜ਼ੀਜ਼ ਸਮਝਦਾ ਸੀ। ਉਸ ਨੇ ਇਸ ਦੀ ਤੁਲਨਾ ਰੋਟੀ ਨਾਲ ਵੀ ਕੀਤੀ। (ਮੱਤੀ 4:4) ਆਪਣੇ ਪਹਾੜੀ ਉਪਦੇਸ਼ ਵਿਚ, ਉਸ ਨੇ ਇਬਰਾਨੀ ਸ਼ਾਸਤਰ ਦੀਆਂ ਅੱਠ ਵੱਖਰੀਆਂ-ਵੱਖਰੀਆਂ ਪੁਸਤਕਾਂ ਵਿੱਚੋਂ 21 ਹਵਾਲੇ ਦਿੱਤੇ। ਉਸ ਦੀ ਉਦਾਹਰਣ ਦੀ ਪੈਰਵੀ ਕਰਨ ਲਈ, ਸਾਨੂੰ ਪਤਰਸ ਰਸੂਲ ਦੀ ਤਾਕੀਦ ਅਨੁਸਾਰ ਕੰਮ ਕਰਨਾ ਚਾਹੀਦਾ ਹੈ—“ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ” ਅਧਿਆਤਮਿਕ ਭੋਜਨ ਦੀ “ਲੋਚ ਵਿਕਸਿਤ ਕਰੋ।” (ਨਿ ਵ) (1 ਪਤਰਸ 2:2) ਜਦੋਂ ਇਕ ਨਵ-ਜੰਮਿਆ ਬੱਚਾ ਦੁੱਧ ਨੂੰ ਲੋਚਦਾ ਹੈ, ਤਾਂ ਉਹ ਆਪਣੀ ਸਖ਼ਤ ਲੋਚ ਨੂੰ ਸਾਫ਼-ਸਾਫ਼ ਜਾਣੂ ਕਰਵਾਉਂਦਾ ਹੈ। ਜੇਕਰ ਅਸੀਂ ਅਧਿਆਤਮਿਕ ਭੋਜਨ ਬਾਰੇ ਇਸ ਸਮੇਂ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਹਾਂ, ਤਾਂ ਪਤਰਸ ਦੇ ਸ਼ਬਦ ਸਾਨੂੰ ਇਸ ਲੋਚ ਨੂੰ “ਵਿਕਸਿਤ” ਕਰਨ ਲਈ ਉਤਸ਼ਾਹਿਤ ਕਰਦੇ ਹਨ। ਕਿਸ ਤਰ੍ਹਾਂ? ਜ਼ਬੂਰ 34:8 ਵਿਚ ਪਾਇਆ ਜਾਂਦਾ ਸਿਧਾਂਤ ਸ਼ਾਇਦ ਸਹਾਇਤਾ ਕਰੇ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।” ਜੇਕਰ ਅਸੀਂ ਨਿਯਮਿਤ ਤੌਰ ਤੇ ਯਹੋਵਾਹ ਦੇ ਬਚਨ, ਬਾਈਬਲ, ਦਾ ਸੁਆਦ ‘ਚੱਖਦੇ’ ਹਾਂ, ਸ਼ਾਇਦ ਹਰ ਰੋਜ਼ ਇਸ ਦਾ ਕੁਝ ਹਿੱਸਾ ਪੜ੍ਹਨ ਦੁਆਰਾ, ਤਾਂ ਅਸੀਂ ਦੇਖਾਂਗੇ ਕਿ ਇਹ ਅਧਿਆਤਮਿਕ ਤੌਰ ਤੇ ਪੌਸ਼ਟਿਕ ਅਤੇ ਭਲਾ ਹੈ। ਸਮੇਂ ਦੇ ਬੀਤਣ ਨਾਲ, ਉਸ ਲਈ ਸਾਡੀ ਲੋਚ ਵਧੇਗੀ।
6. ਅਸੀਂ ਜੋ ਪੜ੍ਹਦੇ ਹਾਂ ਉਸ ਉੱਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?
6 ਪਰੰਤੂ, ਭੋਜਨ ਖਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਜ਼ਮ ਕਰਨਾ ਵੀ ਜ਼ਰੂਰੀ ਹੈ। ਇਸ ਲਈ ਜੋ ਅਸੀਂ ਪੜ੍ਹਦੇ ਹਾਂ ਉਸ ਉੱਤੇ ਮਨਨ ਕਰਨਾ ਵੀ ਜ਼ਰੂਰੀ ਹੈ। (ਜ਼ਬੂਰ 77:11, 12) ਉਦਾਹਰਣ ਲਈ, ਜਿਉਂ-ਜਿਉਂ ਅਸੀਂ ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਪੜ੍ਹਦੇ ਹਾਂ, ਤਾਂ ਹਰੇਕ ਅਧਿਆਇ ਸਾਡੇ ਲਈ ਜ਼ਿਆਦਾ ਲਾਭਦਾਇਕ ਹੋਵੇਗਾ ਜੇਕਰ ਅਸੀਂ ਰੁਕ ਕੇ ਆਪਣੇ ਤੋਂ ਪੁੱਛੀਏ: ‘ਮੈਂ ਇਸ ਬਿਰਤਾਂਤ ਵਿਚ ਮਸੀਹ ਦੇ ਵਿਅਕਤਿੱਤਵ ਦਾ ਕਿਹੜਾ ਪਹਿਲੂ ਦੇਖਦਾ ਹਾਂ, ਅਤੇ ਮੈਂ ਆਪਣੀ ਜ਼ਿੰਦਗੀ ਵਿਚ ਇਸ ਦੀ ਕਿਵੇਂ ਨਕਲ ਕਰ ਸਕਦਾ ਹਾਂ?’ ਇਸ ਤਰੀਕੇ ਨਾਲ ਮਨਨ ਕਰਨ ਦੁਆਰਾ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਸਕਾਂਗੇ। ਫਿਰ, ਜਦੋਂ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਅਸੀਂ ਆਪਣੇ ਕੋਲੋਂ ਪੁੱਛ ਸਕਦੇ ਹਾਂ ਕਿ ਯਿਸੂ ਨੇ ਕੀ ਕੀਤਾ ਹੁੰਦਾ। ਜੇ ਅਸੀਂ ਇਸ ਅਨੁਸਾਰ ਆਪਣਾ ਫ਼ੈਸਲਾ ਕਰਦੇ ਹਾਂ, ਤਾਂ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਮਸੀਹ ਵਿਚ ਸੱਚ-ਮੁੱਚ ਜੜ੍ਹ ਫੜੀ ਹੋਈ ਹੈ।
7. ਅਧਿਆਤਮਿਕ ਅੰਨ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?
7 ਪੌਲੁਸ ਸਾਨੂੰ “ਅੰਨ,” ਅਰਥਾਤ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸੱਚਾਈਆਂ ਨੂੰ ਵੀ ਲੈਣ ਦੀ ਤਾਕੀਦ ਕਰਦਾ ਹੈ। (ਇਬਰਾਨੀਆਂ 5:14) ਇਸ ਸੰਬੰਧ ਵਿਚ ਪੂਰੀ ਬਾਈਬਲ ਪੜ੍ਹਨੀ ਸਾਡਾ ਪਹਿਲਾ ਟੀਚਾ ਹੋ ਸਕਦਾ ਹੈ। ਫਿਰ ਅਧਿਐਨ ਕਰਨ ਲਈ ਖ਼ਾਸ ਵਿਸ਼ੇ ਹਨ, ਜਿਵੇਂ ਕਿ ਮਸੀਹ ਦਾ ਰਿਹਾਈ-ਕੀਮਤ ਬਲੀਦਾਨ, ਅਲੱਗ-ਅਲੱਗ ਨੇਮ ਜੋ ਯਹੋਵਾਹ ਨੇ ਆਪਣੇ ਲੋਕਾਂ ਨਾਲ ਬੰਨ੍ਹੇ ਸਨ, ਜਾਂ ਬਾਈਬਲ ਦੇ ਕੁਝ ਭਵਿੱਖ-ਸੂਚਕ ਸੰਦੇਸ਼। ਅਜਿਹੇ ਅਧਿਆਤਮਿਕ ਅੰਨ ਲੈਣ ਅਤੇ ਇਸ ਨੂੰ ਹਜ਼ਮ ਕਰਨ ਵਿਚ ਸਾਡੀ ਮਦਦ ਕਰਨ ਲਈ ਢੇਰ ਸਾਰੇ ਪ੍ਰਕਾਸ਼ਨ ਹਨ। ਅਜਿਹਾ ਗਿਆਨ ਲੈਣ ਦਾ ਕੀ ਮਕਸਦ ਹੈ? ਇਸ ਦਾ ਮਕਸਦ ਇਹ ਨਹੀਂ ਕਿ ਅਸੀਂ ਇਸ ਨੂੰ ਲੈ ਕੇ ਸ਼ੇਖ਼ੀ ਮਾਰੀਏ, ਬਲਕਿ ਇਸ ਦਾ ਮਕਸਦ ਯਹੋਵਾਹ ਲਈ ਆਪਣਾ ਪਿਆਰ ਵਧਾਉਣਾ ਅਤੇ ਉਸ ਦੇ ਹੋਰ ਨੇੜੇ ਜਾਣਾ ਹੈ। (1 ਕੁਰਿੰਥੀਆਂ 8:1; ਯਾਕੂਬ 4:8) ਜੇਕਰ ਅਸੀਂ ਉਤਸੁਕਤਾ ਨਾਲ ਇਹ ਗਿਆਨ ਲੈਂਦੇ ਹਾਂ, ਇਸ ਨੂੰ ਆਪਣੇ ਉੱਤੇ ਲਾਗੂ ਕਰਦੇ ਹਾਂ, ਅਤੇ ਦੂਸਰਿਆਂ ਦੀ ਮਦਦ ਕਰਨ ਲਈ ਇਸ ਨੂੰ ਵਰਤਦੇ ਹਾਂ, ਤਾਂ ਅਸੀਂ ਸੱਚੇ ਦਿਲੋਂ ਮਸੀਹ ਦੀ ਨਕਲ ਕਰ ਰਹੇ ਹੋਵਾਂਗੇ। ਇਹ ਯਿਸੂ ਵਿਚ ਚੰਗੀ ਤਰ੍ਹਾਂ ਜੜ੍ਹ ਫੜਨ ਲਈ ਸਾਡੀ ਮਦਦ ਕਰੇਗਾ।
ਕੀ ਤੁਸੀਂ ‘ਮਸੀਹ ਦੇ ਉੱਤੇ ਉਸਰਦੇ ਜਾ ਰਹੇ’ ਹੋ?
8. ‘ਮਸੀਹ ਦੇ ਉੱਤੇ ਉਸਰਨ’ ਦਾ ਕੀ ਅਰਥ ਹੈ?
8 ਮਸੀਹ ਵਿਚ ਚੱਲਣ ਦੇ ਅਗਲੇ ਪਹਿਲੂ ਬਾਰੇ ਸਮਝਾਉਣ ਲਈ, ਪੌਲੁਸ ਇਕ ਮਾਨਸਿਕ ਚਿੱਤਰ ਤੋਂ ਇਕਦਮ ਦੂਸਰੇ ਵੱਲ ਜਾਂਦਾ ਹੈ—ਇਕ ਪੌਦੇ ਦੀ ਗੱਲ ਛੱਡ ਕੇ ਇਕ ਇਮਾਰਤ ਦੀ ਕਰਦਾ ਹੈ। ਜਦੋਂ ਅਸੀਂ ਉਸਾਰੀ ਅਧੀਨ ਕਿਸੇ ਇਮਾਰਤ ਬਾਰੇ ਸੋਚਦੇ ਹਾਂ, ਤਾਂ ਅਸੀਂ ਸਿਰਫ਼ ਇਸ ਦੀ ਨੀਂਹ ਬਾਰੇ ਹੀ ਨਹੀਂ ਬਲਕਿ ਪੂਰੀ ਇਮਾਰਤ ਬਾਰੇ ਸੋਚਦੇ ਹਾਂ, ਜੋ ਸਾਡੀਆਂ ਅੱਖਾਂ ਸਾਮ੍ਹਣੇ ਸਖ਼ਤ ਮਿਹਨਤ ਨਾਲ ਖੜ੍ਹੀ ਹੋ ਰਹੀ ਹੈ। ਇਸੇ ਤਰ੍ਹਾਂ, ਸਾਨੂੰ ਮਸੀਹ-ਸਮਾਨ ਗੁਣਾਂ ਅਤੇ ਆਦਤਾਂ ਨੂੰ ਉਸਾਰਨ ਲਈ ਕਾਫ਼ੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅਜਿਹੀ ਸਖ਼ਤ ਮਿਹਨਤ ਲੁਕੀ ਨਹੀਂ ਰਹਿੰਦੀ, ਜਿਵੇਂ ਕਿ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” (1 ਤਿਮੋਥਿਉਸ 4:15; ਮੱਤੀ 5:16) ਕਿਹੜੇ ਕੁਝ ਮਸੀਹੀ ਕੰਮ ਹਨ ਜੋ ਸਾਨੂੰ ਉਸਾਰਦੇ ਹਨ?
9. (ੳ) ਆਪਣੀ ਸੇਵਕਾਈ ਵਿਚ ਮਸੀਹ ਦੀ ਨਕਲ ਕਰਨ ਲਈ, ਅਸੀਂ ਕਿਹੜੇ ਕੁਝ ਵਿਵਹਾਰਕ ਟੀਚੇ ਰੱਖ ਸਕਦੇ ਹਾਂ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਸੇਵਕਾਈ ਦਾ ਆਨੰਦ ਮਾਣੀਏ?
9 ਯਿਸੂ ਨੇ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਇਸ ਬਾਰੇ ਸਿਖਾਉਣ ਦਾ ਕੰਮ ਸੌਂਪਿਆ ਹੈ। (ਮੱਤੀ 24:14; 28:19, 20) ਉਸ ਨੇ ਨਿਧੜਕ ਹੋ ਕੇ ਅਤੇ ਪ੍ਰਭਾਵਕਾਰੀ ਤਰੀਕੇ ਨਾਲ ਗਵਾਹੀ ਦਿੰਦੇ ਹੋਏ ਸੰਪੂਰਣ ਉਦਾਹਰਣ ਕਾਇਮ ਕੀਤੀ। ਨਿਰਸੰਦੇਹ, ਜਿੰਨੀ ਚੰਗੀ ਤਰ੍ਹਾਂ ਉਸ ਨੇ ਕੀਤਾ ਸੀ ਅਸੀਂ ਕਦੀ ਵੀ ਨਹੀਂ ਕਰ ਸਕਦੇ। ਫਿਰ ਵੀ, ਪਤਰਸ ਰਸੂਲ ਸਾਡੇ ਲਈ ਇਹ ਟੀਚਾ ਰੱਖਦਾ ਹੈ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ “ਉੱਤਰ ਦੇਣ ਨੂੰ ਸਦਾ ਤਿਆਰ” ਨਹੀਂ ਹੋ, ਤਾਂ ਨਿਰਾਸ਼ ਨਾ ਹੋਵੋ। ਵਿਵਹਾਰਕ ਟੀਚੇ ਰੱਖੋ ਜੋ ਹੌਲੀ-ਹੌਲੀ ਉਸ ਨਿਸ਼ਾਨੇ ਵੱਲ ਵਧਦੇ ਜਾਣ ਵਿਚ ਤੁਹਾਡੀ ਮਦਦ ਕਰਨਗੇ। ਅਗਾਊਂ ਤਿਆਰੀ ਸ਼ਾਇਦ ਤੁਹਾਨੂੰ ਆਪਣੀ ਪੇਸ਼ਕਾਰੀ ਬਦਲਣ ਜਾਂ ਇਸ ਵਿਚ ਇਕ-ਦੋ ਆਇਤਾਂ ਪੜ੍ਹਨ ਦੇ ਯੋਗ ਬਣਾਵੇ। ਤੁਸੀਂ ਸ਼ਾਇਦ ਜ਼ਿਆਦਾ ਬਾਈਬਲ ਸਾਹਿੱਤ ਵੰਡਣ, ਜ਼ਿਆਦਾ ਪੁਨਰ-ਮੁਲਾਕਾਤਾਂ ਕਰਨ, ਜਾਂ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਟੀਚੇ ਰੱਖ ਸਕਦੇ ਹੋ। ਪੂਰਾ ਹੀ ਜ਼ੋਰ ਗਿਣਤੀ ਉੱਤੇ ਨਹੀਂ, ਜਿਵੇਂ ਕਿ ਘੰਟਿਆਂ, ਵੰਡੇ ਗਏ ਸਾਹਿੱਤ, ਜਾਂ ਅਧਿਐਨਾਂ ਦੀ ਗਿਣਤੀ, ਬਲਕਿ ਸੇਵਕਾਈ ਦੀ ਖੂਬੀ ਉੱਤੇ ਹੋਣਾ ਚਾਹੀਦਾ ਹੈ। ਵਿਵਹਾਰਕ ਟੀਚੇ ਰੱਖਣਾ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨਾ ਸਾਨੂੰ ਸੇਵਕਾਈ ਵਿਚ ਆਪਣਾ ਪੂਰਾ ਜਤਨ ਕਰਨ ਦਾ ਆਨੰਦ ਮਾਣਨ ਵਿਚ ਮਦਦ ਦੇ ਸਕਦਾ ਹੈ। ਯਹੋਵਾਹ ਇਹੋ ਚਾਹੁੰਦਾ ਹੈ ਕਿ ਅਸੀਂ “ਅਨੰਦ ਹੋ ਕੇ” ਉਸ ਦੀ ਸੇਵਾ ਕਰੀਏ।—ਜ਼ਬੂਰ 100:2; ਤੁਲਨਾ ਕਰੋ 2 ਕੁਰਿੰਥੀਆਂ 9:7.
10. ਦੂਸਰੇ ਕੁਝ ਮਸੀਹੀ ਕੰਮ ਕਿਹੜੇ ਹਨ ਜੋ ਸਾਡੇ ਲਈ ਕਰਨੇ ਜ਼ਰੂਰੀ ਹਨ, ਅਤੇ ਇਹ ਕਿਵੇਂ ਸਾਡੀ ਸਹਾਇਤਾ ਕਰਦੇ ਹਨ?
10 ਕਲੀਸਿਯਾ ਵਿਚ ਵੀ ਅਜਿਹੇ ਕੰਮ ਹਨ ਜੋ ਸਾਨੂੰ ਮਸੀਹ ਦੇ ਉੱਤੇ ਉਸਾਰਦੇ ਹਨ। ਸਭ ਤੋਂ ਮਹੱਤਵਪੂਰਣ ਕੰਮ ਹੈ ਇਕ ਦੂਸਰੇ ਲਈ ਪਿਆਰ ਦਿਖਾਉਣਾ, ਕਿਉਂਕਿ ਇਸ ਤੋਂ ਸੱਚੇ ਮਸੀਹੀ ਪਛਾਣੇ ਜਾਂਦੇ ਹਨ। (ਯੂਹੰਨਾ 13:34, 35) ਜਦੋਂ ਅਸੀਂ ਅਜੇ ਅਧਿਐਨ ਕਰਦੇ ਹੁੰਦੇ ਹਾਂ, ਤਾਂ ਸਾਡੇ ਵਿੱਚੋਂ ਬਹੁਤ ਸਾਰਿਆਂ ਦਾ ਆਪਣੇ ਸਿੱਖਿਅਕ ਨਾਲ ਲਗਾਉ ਹੋ ਜਾਂਦਾ ਹੈ, ਜੋ ਕਿ ਸੁਭਾਵਕ ਹੈ। ਪਰੰਤੂ, ਕੀ ਅਸੀਂ ਹੁਣ ਕਲੀਸਿਯਾ ਵਿਚ ਦੂਸਰਿਆਂ ਨੂੰ ਜਾਣਨ ਦੁਆਰਾ ਪੌਲੁਸ ਦੀ ਸਲਾਹ ਨੂੰ ਲਾਗੂ ਕਰ ਸਕਦੇ ਹਾਂ ਕਿ “ਖੁਲ੍ਹੇ ਦਿਲ ਦੇ ਹੋਵੋ”? (2 ਕੁਰਿੰਥੀਆਂ 6:13) ਬਜ਼ੁਰਗਾਂ ਨੂੰ ਵੀ ਸਾਡੇ ਪਿਆਰ ਅਤੇ ਕਦਰ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਸਹਿਯੋਗ ਦੇਣ ਦੁਆਰਾ, ਉਨ੍ਹਾਂ ਦੀ ਅਧਿਆਤਮਿਕ ਸਲਾਹ ਮੰਗਣ ਅਤੇ ਉਸ ਨੂੰ ਸਵੀਕਾਰ ਕਰਨ ਦੁਆਰਾ, ਅਸੀਂ ਉਨ੍ਹਾਂ ਦੇ ਔਖੇ ਕੰਮ ਨੂੰ ਕਾਫ਼ੀ ਸੌਖਾ ਬਣਾਵਾਂਗੇ। (ਇਬਰਾਨੀਆਂ 13:17) ਨਾਲ ਹੀ ਨਾਲ, ਇਹ ਮਸੀਹ ਦੇ ਉੱਤੇ ਉਸਰਦੇ ਜਾਣ ਵਿਚ ਸਾਡੀ ਸਹਾਇਤਾ ਕਰੇਗਾ।
11. ਬਪਤਿਸਮੇ ਬਾਰੇ ਸਾਡਾ ਕਿਹੜਾ ਵਾਸਤਵਿਕ ਨਜ਼ਰੀਆ ਹੋਣਾ ਚਾਹੀਦਾ ਹੈ?
11 ਬਪਤਿਸਮਾ ਬਹੁਤ ਹੀ ਖ਼ੁਸ਼ੀ ਦਾ ਮੌਕਾ ਹੁੰਦਾ ਹੈ! ਪਰੰਤੂ, ਸਾਨੂੰ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਇਸ ਤੋਂ ਬਾਅਦ ਜ਼ਿੰਦਗੀ ਦਾ ਹਰੇਕ ਪਲ ਇੰਨਾ ਹੀ ਰੁਮਾਂਚਕ ਹੋਵੇਗਾ। ਮਸੀਹ ਦੇ ਉੱਤੇ ਸਾਡੇ ਉਸਰਦੇ ਜਾਣ ਵਿਚ ਕਾਫ਼ੀ ਹੱਦ ਤਕ ਇਹ ਸ਼ਾਮਲ ਹੈ ਕਿ ਅਸੀਂ “ਇਸੇ ਨਿੱਤ-ਕਰਮ ਵਿਚ ਵਿਵਸਥਿਤ ਤਰੀਕੇ ਨਾਲ ਚੱਲਦੇ ਰਹੀਏ।” (ਫ਼ਿਲਿੱਪੀਆਂ 3:16, ਨਿ ਵ) ਇਸ ਦਾ ਮਤਲਬ ਇਕ ਸੁਸਤ ਅਤੇ ਅਕਾਊ ਜੀਵਨ ਬਤੀਤ ਕਰਨਾ ਨਹੀਂ ਹੈ। ਇਸ ਦਾ ਮਹਿਜ਼ ਇਹ ਅਰਥ ਹੈ ਕਿ ਸਿੱਧੇ ਅੱਗੇ ਚੱਲਣਾ, ਯਾਨੀ ਕਿ ਚੰਗੀਆਂ ਅਧਿਆਤਮਿਕ ਆਦਤਾਂ ਪਾਉਣੀਆਂ ਅਤੇ ਉਨ੍ਹਾਂ ਦੇ ਅਨੁਸਾਰ ਦਿਨ-ਬ-ਦਿਨ ਅਤੇ ਸਾਲ-ਬ-ਸਾਲ ਚੱਲਣਾ। ਯਾਦ ਰੱਖੋ, “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”—ਮੱਤੀ 24:13.
ਕੀ ਤੁਸੀਂ “ਨਿਹਚਾ ਵਿੱਚ ਦ੍ਰਿੜ੍ਹ ਹੋ” ਰਹੇ ਹੋ?
12. “ਨਿਹਚਾ ਵਿੱਚ ਦ੍ਰਿੜ੍ਹ” ਹੋਣ ਦਾ ਕੀ ਅਰਥ ਹੈ?
12 ਮਸੀਹ ਵਿਚ ਸਾਡੇ ਚੱਲਣ ਦਾ ਵਰਣਨ ਕਰਦੇ ਹੋਏ ਪੌਲੁਸ ਆਪਣੇ ਤੀਸਰੇ ਵਾਕਾਂਸ਼ ਵਿਚ ਸਾਨੂੰ “ਨਿਹਚਾ ਵਿੱਚ ਦ੍ਰਿੜ੍ਹ” ਹੋਣ ਦੀ ਤਾਕੀਦ ਕਰਦਾ ਹੈ। ਇਕ ਹੋਰ ਅਨੁਵਾਦ ਕਹਿੰਦਾ ਹੈ, “ਨਿਹਚਾ ਦੇ ਸੰਬੰਧ ਵਿਚ ਪੱਕੇ ਹੋਵੋ,” ਕਿਉਂਕਿ ਪੌਲੁਸ ਦੁਆਰਾ ਵਰਤੇ ਗਏ ਯੂਨਾਨੀ ਸ਼ਬਦ ਦਾ ਅਰਥ “ਪੱਕਾ ਕਰਨਾ, ਗਾਰੰਟੀ ਦੇਣਾ, ਅਤੇ ਕਾਨੂੰਨੀ ਤੌਰ ਤੇ ਅਟੱਲ ਬਣਾਉਣਾ” ਹੋ ਸਕਦਾ ਹੈ। ਜਿਉਂ-ਜਿਉਂ ਸਾਡਾ ਗਿਆਨ ਵਧਦਾ ਹੈ, ਸਾਨੂੰ ਇਹ ਦੇਖਣ ਦੇ ਹੋਰ ਕਾਰਨ ਮਿਲਦੇ ਹਨ ਕਿ ਯਹੋਵਾਹ ਪਰਮੇਸ਼ੁਰ ਵਿਚ ਸਾਡੀ ਨਿਹਚਾ ਦਾ ਠੋਸ ਆਧਾਰ ਹੈ ਅਤੇ ਇਹ, ਅਸਲ ਵਿਚ, ਕਾਨੂੰਨੀ ਤੌਰ ਤੇ ਕਾਇਮ ਹੈ। ਇਸ ਦੇ ਸਿੱਟੇ ਵਜੋਂ ਅਸੀਂ ਹੋਰ ਦ੍ਰਿੜ੍ਹ ਹੁੰਦੇ ਹਾਂ ਅਤੇ ਸ਼ਤਾਨ ਦੇ ਸੰਸਾਰ ਲਈ ਸਾਨੂੰ ਕੁਰਾਹੇ ਪਾਉਣਾ ਹੋਰ ਮੁਸ਼ਕਲ ਹੋ ਜਾਂਦਾ ਹੈ। ਇਹ ਸਾਨੂੰ ‘ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਣ’ ਬਾਰੇ ਪੌਲੁਸ ਦੇ ਉਪਦੇਸ਼ ਦੀ ਯਾਦ ਕਰਵਾਉਂਦਾ ਹੈ। (ਇਬਰਾਨੀਆਂ 6:1) ਸਿਆਣਪੁਣੇ ਅਤੇ ਦ੍ਰਿੜ੍ਹਤਾ ਵਿਚ ਨਜ਼ਦੀਕੀ ਸੰਬੰਧ ਹੈ।
13, 14. (ੳ) ਕੁਲੁੱਸੈ ਵਿਚ ਪਹਿਲੀ ਸਦੀ ਦੇ ਮਸੀਹੀਆਂ ਦੀ ਦ੍ਰਿੜ੍ਹਤਾ ਨੂੰ ਕਿਹੜਾ ਖ਼ਤਰਾ ਸੀ? (ਅ) ਪੌਲੁਸ ਰਸੂਲ ਕਿਸ ਕਾਰਨ ਚਿੰਤਾ ਕਰਦਾ ਸੀ?
13 ਕੁਲੁੱਸੈ ਵਿਚ ਪਹਿਲੀ ਸਦੀ ਦੇ ਮਸੀਹੀਆਂ ਦੀ ਦ੍ਰਿੜ੍ਹਤਾ ਨੂੰ ਖ਼ਤਰਾ ਸੀ। ਪੌਲੁਸ ਨੇ ਚੇਤਾਵਨੀ ਦਿੱਤੀ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।” (ਕੁਲੁੱਸੀਆਂ 2:8) ਪੌਲੁਸ ਇਹ ਨਹੀਂ ਚਾਹੁੰਦਾ ਸੀ ਕਿ ਕੁਲੁੱਸੈ ਦੇ ਮਸੀਹੀ, ਜਿਹੜੇ “[ਪਰਮੇਸ਼ੁਰ ਦੇ] ਪਿਆਰੇ ਪੁੱਤ੍ਰ ਦੇ ਰਾਜ ਵਿੱਚ” ਪਰਜਾ ਬਣ ਗਏ ਸਨ, ਕੁਰਾਹੇ ਪਾਏ ਜਾਣ, ਅਰਥਾਤ ਆਪਣੀ ਪਵਿੱਤਰ ਅਧਿਆਤਮਿਕ ਸਥਿਤੀ ਤੋਂ ਦੂਰ ਲੈ ਜਾਏ ਜਾਣ। (ਕੁਲੁੱਸੀਆਂ 1:13) ਕਿਹੜੀ ਚੀਜ਼ ਕੁਰਾਹੇ ਪਾ ਸਕਦੀ ਸੀ? ਪੌਲੁਸ ਨੇ “ਫ਼ੈਲਸੂਫ਼ੀ” ਵੱਲ ਸੰਕੇਤ ਕੀਤਾ। ਬਾਈਬਲ ਵਿਚ ਇਸ ਸ਼ਬਦ ਦਾ ਸਿਰਫ਼ ਇੱਥੇ ਹੀ ਪ੍ਰਯੋਗ ਹੁੰਦਾ ਹੈ। ਕੀ ਉਹ ਯੂਨਾਨੀ ਫ਼ਿਲਾਸਫ਼ਰਾਂ ਦੀ ਗੱਲ ਕਰ ਰਿਹਾ ਸੀ, ਜਿਵੇਂ ਕਿ ਅਫਲਾਤੂਨ ਅਤੇ ਸੁਕਰਾਤ? ਭਾਵੇਂ ਕਿ ਇਨ੍ਹਾਂ ਤੋਂ ਸੱਚੇ ਮਸੀਹੀਆਂ ਨੂੰ ਖ਼ਤਰਾ ਸੀ, ਉਨ੍ਹਾਂ ਦਿਨਾਂ ਵਿਚ, ਸ਼ਬਦ “ਫ਼ੈਲਸੂਫ਼ੀ” ਨੂੰ ਵਿਸਤ੍ਰਿਤ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਸੀ। ਇਹ ਆਮ ਤੌਰ ਤੇ ਬਹੁਤ ਸਾਰੇ ਸਮੂਹਾਂ ਅਤੇ ਸੋਚਣ ਦੇ ਤਰੀਕਿਆਂ ਵੱਲ ਸੰਕੇਤ ਕਰਦਾ ਸੀ, ਜਿਨ੍ਹਾਂ ਵਿਚ ਧਾਰਮਿਕ ਸਮੂਹ ਅਤੇ ਤਰੀਕੇ ਵੀ ਸ਼ਾਮਲ ਸਨ। ਉਦਾਹਰਣ ਲਈ, ਜੋਸੀਫ਼ਸ ਅਤੇ ਫਿਲੋ ਵਰਗੇ ਪਹਿਲੀ ਸਦੀ ਦੇ ਯਹੂਦੀਆਂ ਨੇ ਆਪਣੇ ਧਰਮ ਨੂੰ ਫ਼ਲਸਫ਼ਾ ਸੱਦਿਆ—ਸ਼ਾਇਦ ਇਸ ਨੂੰ ਹੋਰ ਮਨਭਾਉਂਦਾ ਬਣਾਉਣ ਲਈ।
14 ਪੌਲੁਸ ਸ਼ਾਇਦ ਉਨ੍ਹਾਂ ਕੁਝ ਫ਼ਲਸਫ਼ਿਆਂ ਬਾਰੇ ਚਿੰਤਾ ਕਰਦਾ ਸੀ ਜੋ ਧਾਰਮਿਕ ਕਿਸਮ ਦੇ ਸਨ। ਕੁਲੁੱਸੀਆਂ ਨੂੰ ਆਪਣੀ ਪੱਤਰੀ ਦੇ ਉਸੇ ਅਧਿਆਇ ਵਿਚ ਅੱਗੇ ਜਾ ਕੇ, ਉਸ ਨੇ ਉਨ੍ਹਾਂ ਨੂੰ ਸੰਬੋਧਨ ਕੀਤਾ ਜੋ ਸਿਖਾ ਰਹੇ ਸਨ ਕਿ “ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ,” ਅਤੇ ਇਸ ਤਰੀਕੇ ਨਾਲ ਮੂਸਾ ਦੀ ਬਿਵਸਥਾ ਦੀਆਂ ਉਨ੍ਹਾਂ ਵਿਸ਼ੇਸ਼ਤਾਵਾਂ ਵੱਲ ਸੰਕੇਤ ਕੀਤਾ ਜੋ ਮਸੀਹ ਦੀ ਮੌਤ ਨਾਲ ਖ਼ਤਮ ਹੋ ਗਈਆਂ ਸਨ। (ਰੋਮੀਆਂ 10:4) ਅਧਰਮੀ ਫ਼ਲਸਫ਼ੇ ਦੇ ਨਾਲ-ਨਾਲ, ਅਜਿਹੇ ਪ੍ਰਭਾਵ ਵੀ ਕੰਮ ਕਰ ਰਹੇ ਸਨ ਜਿਨ੍ਹਾਂ ਨੇ ਕਲੀਸਿਯਾ ਦੀ ਅਧਿਆਤਮਿਕਤਾ ਨੂੰ ਖ਼ਤਰੇ ਵਿਚ ਪਾਇਆ। (ਕੁਲੁੱਸੀਆਂ 2:20-22) ਪੌਲੁਸ ਨੇ ਫ਼ਲਸਫ਼ੇ ਵਿਰੁੱਧ ਚੇਤਾਵਨੀ ਦਿੱਤੀ ਜੋ “ਸੰਸਾਰ ਦੀਆਂ ਮੂਲ ਗੱਲਾਂ” ਦਾ ਹਿੱਸਾ ਸੀ। ਅਜਿਹਾ ਝੂਠਾ ਉਪਦੇਸ਼ ਮਨੁੱਖੀ ਸੋਮੇ ਤੋਂ ਸੀ।
15. ਅਸੀਂ ਉਨ੍ਹਾਂ ਸ਼ਾਸਤਰ ਵਿਰੋਧੀ ਸੋਚਾਂ ਦੁਆਰਾ ਕੁਰਾਹੇ ਪਾਏ ਜਾਣ ਤੋਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਦਾ ਅਕਸਰ ਅਸੀਂ ਸਾਮ੍ਹਣਾ ਕਰਦੇ ਹਾਂ?
15 ਉਨ੍ਹਾਂ ਮਨੁੱਖੀ ਵਿਚਾਰਾਂ ਅਤੇ ਸੋਚਾਂ ਨੂੰ ਅੱਗੇ ਵਧਾਉਣਾ, ਜੋ ਕਿ ਪਰਮੇਸ਼ੁਰ ਦੇ ਬਚਨ ਉੱਤੇ ਪੱਕੀ ਤਰ੍ਹਾਂ ਆਧਾਰਿਤ ਨਹੀਂ ਹਨ, ਮਸੀਹੀ ਦ੍ਰਿੜ੍ਹਤਾ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਅੱਜ ਸਾਨੂੰ ਅਜਿਹੇ ਖ਼ਤਰਿਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਯੂਹੰਨਾ ਰਸੂਲ ਨੇ ਤਾਕੀਦ ਕੀਤੀ: “ਹੇ ਪਿਆਰਿਓ, ਹਰੇਕ ਆਤਮਾ [“ਪ੍ਰੇਰਿਤ ਕਥਨ,” ਨਿ ਵ] ਦੀ ਪਰਤੀਤ ਨਾ ਕਰ ਲਓ ਸਗੋਂ ਆਤਮਿਆਂ [“ਪ੍ਰੇਰਿਤ ਕਥਨਾਂ,” ਨਿ ਵ] ਨੂੰ ਪਰਖੋ ਭਈ ਓਹ ਪਰਮੇਸ਼ੁਰ ਤੋਂ ਹਨ ਕਿ ਨਹੀਂ।” (1 ਯੂਹੰਨਾ 4:1) ਇਸ ਲਈ ਜੇਕਰ ਇਕ ਸਹਿਪਾਠੀ ਤੁਹਾਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰੇ ਕਿ ਬਾਈਬਲ ਦੇ ਮਿਆਰਾਂ ਅਨੁਸਾਰ ਜੀਉਣਾ ਅੱਜ ਵਿਵਹਾਰਕ ਨਹੀਂ ਹੈ, ਜਾਂ ਇਕ ਗੁਆਂਢੀ ਭੌਤਿਕਵਾਦੀ ਰਵੱਈਆ ਅਪਣਾਉਣ ਲਈ ਤੁਹਾਡੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੇ, ਜਾਂ ਇਕ ਸਹਿਕਰਮੀ ਬਾਈਬਲ-ਸਿੱਖਿਅਤ ਅੰਤਹਕਰਣ ਦੀ ਉਲੰਘਣਾ ਕਰਨ ਲਈ ਤੁਹਾਡੇ ਉੱਤੇ ਚਲਾਕੀ ਨਾਲ ਦਬਾਉ ਪਾਵੇ, ਜਾਂ ਇੱਥੋਂ ਤਕ ਕਿ ਇਕ ਸੰਗੀ ਵਿਸ਼ਵਾਸੀ ਆਪਣੇ ਵਿਚਾਰਾਂ ਦੇ ਆਧਾਰ ਤੇ ਕਲੀਸਿਯਾ ਵਿਚ ਦੂਸਰਿਆਂ ਦੀ ਆਲੋਚਨਾ ਅਤੇ ਉਨ੍ਹਾਂ ਬਾਰੇ ਪੁੱਠੀਆਂ-ਸਿੱਧੀਆਂ ਗੱਲਾਂ ਕਰੇ, ਤਾਂ ਉਨ੍ਹਾਂ ਦੀਆਂ ਗੱਲਾਂ ਨੂੰ ਐਵੇਂ ਹੀ ਨਾ ਮੰਨੋ। ਜੋ ਗੱਲ ਪਰਮੇਸ਼ੁਰ ਦੇ ਬਚਨ ਨਾਲ ਮੇਲ ਨਹੀਂ ਖਾਂਦੀ ਹੈ, ਉਸ ਨੂੰ ਰੱਦ ਕਰ ਦਿਓ। ਜਿਉਂ-ਜਿਉਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਅਸੀਂ ਮਸੀਹ ਵਿਚ ਚੱਲਦੇ ਹੋਏ ਆਪਣੀ ਦ੍ਰਿੜ੍ਹਤਾ ਨੂੰ ਕਾਇਮ ਰੱਖਾਂਗੇ।
“ਧੰਨਵਾਦ ਬਾਹਲਾ ਕਰਦੇ ਜਾਓ”
16. ਮਸੀਹ ਵਿਚ ਚੱਲਣ ਦਾ ਚੌਥਾ ਪਹਿਲੂ ਕਿਹੜਾ ਹੈ, ਅਤੇ ਅਸੀਂ ਆਪਣੇ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?
16 ਮਸੀਹ ਵਿਚ ਚੱਲਣ ਦਾ ਚੌਥਾ ਪਹਿਲੂ ਜਿਸ ਦਾ ਪੌਲੁਸ ਜ਼ਿਕਰ ਕਰਦਾ ਹੈ ਉਹ ਇਹ ਹੈ ਕਿ ਅਸੀਂ ‘ਧੰਨਵਾਦ ਬਾਹਲਾ ਕਰਦੇ ਜਾਈਏ,’ ਜਾਂ ਨਵੇਂ ਅਨੁਵਾਦ ਅਨੁਸਾਰ ਸਾਡੇ ਅੰਦਰੋਂ “ਧੰਨਵਾਦ ਦੀਆਂ ਜ਼ੋਰਦਾਰ ਲਹਿਰਾਂ ਉੱਠਦੀਆਂ ਰਹਿਣ।” (ਕੁਲੁੱਸੀਆਂ 2:7) ਇੱਥੇ ਇਹ ਸ਼ਬਦ ਸਾਨੂੰ ਲਗਾਤਾਰ ਮੀਂਹ ਪੈਣ ਕਰਕੇ ਦਰਿਆ ਦੇ ਕੰਢਿਆਂ ਉੱਤੋਂ ਦੀ ਵਹਿੰਦੇ ਪਾਣੀ ਦੀ ਯਾਦ ਦਿਵਾਉਂਦੇ ਹਨ। ਇਹ ਸੰਕੇਤ ਕਰਦਾ ਹੈ ਕਿ ਮਸੀਹੀਆਂ ਵਜੋਂ ਸਾਨੂੰ ਲਗਾਤਾਰ ਧੰਨਵਾਦ ਕਰਨਾ ਚਾਹੀਦਾ ਹੈ ਜਾਂ ਧੰਨਵਾਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਤੋਂ ਪੁੱਛ ਸਕਦਾ ਹੈ, ‘ਕੀ ਮੈਂ ਧੰਨਵਾਦੀ ਹਾਂ?’
17. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਭੈੜੇ ਸਮਿਆਂ ਵਿਚ ਵੀ ਧੰਨਵਾਦ ਕਰਨ ਲਈ ਸਾਡੇ ਸਾਰਿਆਂ ਕੋਲ ਬਹੁਤ ਕੁਝ ਹੈ? (ਅ) ਯਹੋਵਾਹ ਨੇ ਕਿਹੜੀਆਂ ਕੁਝ ਦਾਤਾਂ ਬਖ਼ਸ਼ੀਆਂ ਹਨ ਜਿਨ੍ਹਾਂ ਲਈ ਤੁਸੀਂ ਖ਼ਾਸ ਤੌਰ ਤੇ ਧੰਨਵਾਦੀ ਹੋ?
17 ਸੱਚ-ਮੁੱਚ, ਸਾਡੇ ਸਾਰਿਆਂ ਕੋਲ ਹਰ ਰੋਜ਼ ਪਰਮੇਸ਼ੁਰ ਦਾ ਬਾਹਲਾ ਧੰਨਵਾਦ ਕਰਨ ਦਾ ਚੋਖਾ ਕਾਰਨ ਹੈ। ਭੈੜੇ ਤੋਂ ਭੈੜੇ ਸਮੇਂ ਵਿਚ ਵੀ, ਅਜਿਹੀਆਂ ਕੁਝ ਛੋਟੀਆਂ ਗੱਲਾਂ ਹੋ ਸਕਦੀਆਂ ਹਨ ਜੋ ਕੁਝ ਪਲ ਦੇ ਲਈ ਰਾਹਤ ਪਹੁੰਚਾਉਣ। ਇਕ ਦੋਸਤ ਹਮਦਰਦੀ ਦਿਖਾਉਂਦਾ ਹੈ। ਇਕ ਪਿਆਰਾ ਤੁਹਾਨੂੰ ਛੋਹ ਕੇ ਭਰੋਸਾ ਦਿਵਾਉਂਦਾ ਹੈ। ਰਾਤ ਨੂੰ ਮਿੱਠੀ ਨੀਂਦ ਤਾਜ਼ਗੀ ਦਿੰਦੀ ਹੈ। ਸੁਆਦਲਾ ਭੋਜਨ ਭੁੱਖ ਨੂੰ ਮਿਟਾਉਂਦਾ ਹੈ। ਪੰਛੀ ਦਾ ਗੀਤ, ਬੱਚੇ ਦਾ ਹਾਸਾ, ਚਮਕੀਲਾ ਨੀਲਾ ਆਕਾਸ਼, ਤਾਜ਼ਗੀਦਾਇਕ ਹਵਾ—ਇੱਕੋ ਦਿਨ ਵਿਚ ਅਸੀਂ ਇਨ੍ਹਾਂ ਸਾਰੀਆਂ ਅਤੇ ਹੋਰ ਦੂਸਰੀਆਂ ਚੀਜ਼ਾਂ ਦਾ ਅਨੁਭਵ ਕਰ ਸਕਦੇ ਹਾਂ। ਅਜਿਹੀਆਂ ਦਾਤਾਂ ਦੀ ਘੱਟ ਕਦਰ ਕਰਨੀ ਬਹੁਤ ਆਸਾਨ ਹੈ। ਕੀ ਇਹ ਸਾਰੀਆਂ ਚੀਜ਼ਾਂ ਧੰਨਵਾਦ ਦੇ ਯੋਗ ਨਹੀਂ ਹਨ? ਇਹ ਸਾਰੀਆਂ ਚੀਜ਼ਾਂ ਯਹੋਵਾਹ ਤੋਂ ਆਉਂਦੀਆਂ ਹਨ ਜੋ ‘ਹਰੇਕ ਚੰਗੇ ਦਾਨ ਅਤੇ ਹਰੇਕ ਪੂਰਨ ਦਾਤ’ ਦਾ ਸੋਮਾ ਹੈ। (ਯਾਕੂਬ 1:17) ਅਤੇ ਉਸ ਨੇ ਸਾਨੂੰ ਅਜਿਹੀਆਂ ਦਾਤਾਂ ਬਖ਼ਸ਼ੀਆਂ ਹਨ ਜੋ ਉੱਪਰ ਦੱਸੀਆਂ ਦਾਤਾਂ ਤੋਂ ਵੱਧ ਕੇ ਹਨ, ਜਿਵੇਂ ਸਾਡਾ ਜੀਵਨ। (ਜ਼ਬੂਰ 36:9) ਇਸ ਤੋਂ ਇਲਾਵਾ, ਉਸ ਨੇ ਸਾਨੂੰ ਸਦਾ ਲਈ ਜੀਉਣ ਦਾ ਮੌਕਾ ਦਿੱਤਾ ਹੈ। ਇਸ ਦਾਤ ਨੂੰ ਬਖ਼ਸ਼ਣ ਲਈ, ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ, ‘ਜਿਸ ਦਾ ਉਹ ਖ਼ਾਸ ਤੌਰ ਤੇ ਚਾਹਵਾਨ ਸੀ,’ ਨੂੰ ਭੇਜਣ ਦੁਆਰਾ ਵੱਡਾ ਬਲੀਦਾਨ ਦਿੱਤਾ।—ਕਹਾਉਤਾਂ 8:30, ਨਿ ਵ; ਯੂਹੰਨਾ 3:16.
18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਧੰਨਵਾਦੀ ਹਾਂ?
18 ਤਾਂ ਫਿਰ, ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਕਿੰਨੇ ਸੱਚ ਹਨ: “ਯਹੋਵਾਹ ਦਾ ਧੰਨਵਾਦ ਕਰਨਾ . . . ਭਲਾ ਹੈ।” (ਜ਼ਬੂਰ 92:1) ਇਸੇ ਤਰ੍ਹਾਂ, ਪੌਲੁਸ ਨੇ ਥੱਸਲੁਨੀਕੇ ਦੇ ਮਸੀਹੀਆਂ ਨੂੰ ਯਾਦ ਕਰਵਾਇਆ: “ਹਰ ਹਾਲ ਵਿੱਚ ਧੰਨਵਾਦ ਕਰੋ।” (1 ਥੱਸਲੁਨੀਕੀਆਂ 5:18; ਅਫ਼ਸੀਆਂ 5:20; ਕੁਲੁੱਸੀਆਂ 3:15) ਸਾਡੇ ਵਿੱਚੋਂ ਹਰੇਕ ਸ਼ਾਇਦ ਜ਼ਿਆਦਾ ਧੰਨਵਾਦੀ ਹੋਣ ਦਾ ਦ੍ਰਿੜ੍ਹ ਇਰਾਦਾ ਕਰੇ। ਜ਼ਰੂਰੀ ਨਹੀਂ ਕਿ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸਿਰਫ਼ ਆਪਣੀਆਂ ਜ਼ਰੂਰਤਾਂ ਲਈ ਹੀ ਪਰਮੇਸ਼ੁਰ ਨੂੰ ਬੇਨਤੀ ਕਰੀਏ। ਇਨ੍ਹਾਂ ਨੂੰ ਸ਼ਾਮਲ ਕਰਨਾ ਠੀਕ ਹੈ। ਪਰੰਤੂ ਜ਼ਰਾ ਅਜਿਹੇ ਦੋਸਤ ਬਾਰੇ ਸੋਚੋ ਜੋ ਤੁਹਾਡੇ ਨਾਲ ਸਿਰਫ਼ ਉਦੋਂ ਹੀ ਗੱਲ ਕਰਦਾ ਹੈ ਜਦੋਂ ਉਸ ਨੂੰ ਤੁਹਾਡੇ ਤੋਂ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ! ਇਸ ਲਈ ਕਿਉਂ ਨਾ ਸਿਰਫ਼ ਯਹੋਵਾਹ ਨੂੰ ਧੰਨਵਾਦ ਕਰਨ ਅਤੇ ਉਸ ਦੀ ਉਸਤਤ ਕਰਨ ਲਈ ਹੀ ਪ੍ਰਾਰਥਨਾ ਕਰੀਏ? ਅਜਿਹੀਆਂ ਪ੍ਰਾਰਥਨਾਵਾਂ ਉਸ ਨੂੰ ਕਿੰਨੀਆਂ ਖ਼ੁਸ਼ ਕਰਦੀਆਂ ਹੋਣਗੀਆਂ ਜਦੋਂ ਉਹ ਇਸ ਨਾਸ਼ੁਕਰੇ ਸੰਸਾਰ ਵੱਲ ਦੇਖਦਾ ਹੈ! ਦੂਜਾ ਲਾਭ ਇਹ ਹੈ ਕਿ ਅਜਿਹੀਆਂ ਪ੍ਰਾਰਥਨਾਵਾਂ ਜੀਵਨ ਦੇ ਚੰਗੇ ਪਹਿਲੂਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ, ਅਤੇ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਅਸੀਂ ਸੱਚ-ਮੁੱਚ ਕਿੰਨੇ ਧੰਨ ਹਾਂ।
19. ਕੁਲੁੱਸੀਆਂ 2:6, 7 ਵਿਚ ਪੌਲੁਸ ਦੇ ਸ਼ਬਦ ਕਿਵੇਂ ਸੰਕੇਤ ਕਰਦੇ ਹਨ ਕਿ ਅਸੀਂ ਮਸੀਹ ਦੇ ਨਾਲ-ਨਾਲ ਚੱਲਣ ਵਿਚ ਲਗਾਤਾਰ ਸੁਧਾਰ ਕਰ ਸਕਦੇ ਹਾਂ?
19 ਕੀ ਇਹ ਮਾਅਰਕੇ ਦੀ ਗੱਲ ਨਹੀਂ ਕਿ ਪਰਮੇਸ਼ੁਰ ਦੇ ਬਚਨ ਦੀ ਇੱਕੋ ਆਇਤ ਤੋਂ ਕਿੰਨੀ ਬੁੱਧੀਮਤਾ ਭਰੀ ਅਗਵਾਈ ਪ੍ਰਾਪਤ ਕੀਤੀ ਜਾ ਸਕਦੀ ਹੈ? ਮਸੀਹ ਦੇ ਨਾਲ-ਨਾਲ ਚੱਲਣ ਦੀ ਪੌਲੁਸ ਦੀ ਸਲਾਹ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਤਾਂ ਫਿਰ, ਆਓ ਅਸੀਂ ‘ਮਸੀਹ ਦੇ ਵਿੱਚ ਜੜ੍ਹ ਫੜਨ,’ ‘ਉਹ ਦੇ ਉੱਤੇ ਉਸਰਨ,’ ‘ਨਿਹਚਾ ਵਿੱਚ ਦ੍ਰਿੜ੍ਹ ਹੋਣ,’ ਅਤੇ ‘ਧੰਨਵਾਦ ਬਾਹਲਾ ਕਰਦੇ ਜਾਣ’ ਦਾ ਦ੍ਰਿੜ੍ਹ ਇਰਾਦਾ ਕਰੀਏ। ਅਜਿਹੀ ਸਲਾਹ ਖ਼ਾਸ ਤੌਰ ਤੇ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਲਈ ਮਹੱਤਵਪੂਰਣ ਹੈ। ਪਰੰਤੂ ਇਹ ਸਾਡੇ ਸਾਰਿਆਂ ਉੱਤੇ ਲਾਗੂ ਹੁੰਦੀ ਹੈ। ਜ਼ਰਾ ਸੋਚੋ ਕਿ ਕਿਵੇਂ ਮੁੱਖ ਜੜ੍ਹ ਥੱਲੇ ਤੋਂ ਥੱਲੇ ਉੱਗਦੀ ਜਾਂਦੀ ਹੈ ਅਤੇ ਕਿਵੇਂ ਉਸਾਰੀ ਅਧੀਨ ਇਮਾਰਤ ਉੱਚੀ ਤੋਂ ਉੱਚੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਮਸੀਹ ਦੇ ਨਾਲ-ਨਾਲ ਸਾਡਾ ਚੱਲਣਾ ਕਦੀ ਖ਼ਤਮ ਨਹੀਂ ਹੁੰਦਾ ਹੈ। ਵਧਦੇ ਜਾਣ ਦੀ ਕਾਫ਼ੀ ਗੁੰਜਾਇਸ਼ ਹੈ। ਯਹੋਵਾਹ ਸਾਡੀ ਸਹਾਇਤਾ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ, ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਾਲ-ਨਾਲ ਅਤੇ ਉਸ ਦੇ ਪਿਆਰੇ ਪੁੱਤਰ ਦੇ ਨਾਲ-ਨਾਲ ਸਦਾ ਲਈ ਚੱਲਦੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਮਸੀਹ ਵਿਚ ਚੱਲਣ ਵਿਚ ਕੀ ਸ਼ਾਮਲ ਹੈ?
◻ ‘ਮਸੀਹ ਦੇ ਵਿੱਚ ਜੜ੍ਹ ਫੜਨ’ ਦਾ ਕੀ ਅਰਥ ਹੈ?
◻ ਅਸੀਂ ਕਿਵੇਂ ‘ਮਸੀਹ ਦੇ ਉੱਤੇ ਉਸਰ’ ਸਕਦੇ ਹਾਂ?
◻ “ਨਿਹਚਾ ਵਿੱਚ ਦ੍ਰਿੜ੍ਹ” ਹੋਣਾ ਇੰਨਾ ਮਹੱਤਵਪੂਰਣ ਕਿਉਂ ਹੈ?
◻ ਸਾਡੇ ਕੋਲ ‘ਧੰਨਵਾਦ ਬਾਹਲਾ ਕਰਨ’ ਦੇ ਕੁਝ ਕਾਰਨ ਕਿਹੜੇ ਹਨ?
[ਸਫ਼ੇ 10 ਉੱਤੇ ਤਸਵੀਰ]
ਦਰਖ਼ਤ ਦੀਆਂ ਜੜ੍ਹਾਂ ਸ਼ਾਇਦ ਦਿਖਾਈ ਨਾ ਦੇਣ, ਪਰੰਤੂ ਇਹ ਦਰਖ਼ਤ ਨੂੰ ਭੋਜਨ ਅਤੇ ਮਜ਼ਬੂਤੀ ਦਿੰਦੀਆਂ ਹਨ