ਮਸੀਹ ਦੀ ਸ਼ਾਂਤੀ ਸਾਡੇ ਦਿਲਾਂ ਤੇ ਕਿਵੇਂ ਰਾਜ ਕਰ ਸਕਦੀ ਹੈ?
“ਮਸੀਹ ਦੀ ਸ਼ਾਂਤ ਜਿਹ ਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਤੁਹਾਡਿਆਂ ਮਨਾਂ ਵਿੱਚ ਰਾਜ ਕਰੇ।”—ਕੁਲੁੱਸੀਆਂ 3:15.
1, 2. “ਮਸੀਹ ਦੀ ਸ਼ਾਂਤ” ਕਿਸ ਤਰ੍ਹਾਂ ਇਕ ਮਸੀਹੀ ਦੇ ਦਿਲ ਵਿਚ ਰਾਜ ਕਰਦੀ ਹੈ?
ਬਹੁਤ ਸਾਰਿਆਂ ਲੋਕਾਂ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਕੋਈ ਉਨ੍ਹਾਂ ਉੱਤੇ ਰਾਜ ਕਰੇ ਕਿਉਂਕਿ “ਰਾਜ” ਸ਼ਬਦ ਸੁਣਦੇ ਹੀ ਉਨ੍ਹਾਂ ਦੇ ਮਨ ਵਿਚ ਜ਼ੋਰ-ਜ਼ਬਰਦਸਤੀ ਅਤੇ ਚਾਲਬਾਜ਼ੀ ਦੀ ਤਸਵੀਰ ਉਭਰ ਕੇ ਸਾਮ੍ਹਣੇ ਆ ਜਾਂਦੀ ਹੈ। ਇਸ ਲਈ ਕੁਲੁੱਸੈ ਵਿਚ ਆਪਣੇ ਸੰਗੀ ਮਸੀਹੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਕਿ ‘ਮਸੀਹ ਦੀ ਸ਼ਾਂਤ ਤੁਹਾਡਿਆਂ ਮਨਾਂ ਵਿੱਚ ਰਾਜ ਕਰੇ,’ ਸ਼ਾਇਦ ਕਈ ਲੋਕਾਂ ਨੂੰ ਗ਼ਲਤ ਲੱਗੇ। (ਕੁਲੁੱਸੀਆਂ 3:15) ਕੀ ਸਾਨੂੰ ਨੈਤਿਕ ਮਾਮਲਿਆਂ ਵਿਚ ਆਪ ਫ਼ੈਸਲਾ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਗਈ? ਕਿਉਂ ਅਸੀਂ ਕਿਸੇ ਚੀਜ਼ ਨੂੰ ਜਾਂ ਕਿਸੇ ਵਿਅਕਤੀ ਨੂੰ ਆਪਣੇ ਦਿਲਾਂ ਵਿਚ ਰਾਜ ਕਰਨ ਦੇਈਏ?
2 ਪੌਲੁਸ ਕੁਲੁੱਸੀਆਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਫ਼ੈਸਲਾ ਕਰਨ ਦੀ ਆਪਣੀ ਆਜ਼ਾਦੀ ਨੂੰ ਤਿਆਗ ਦੇਣ। ਕੁਲੁੱਸੀਆਂ 3:15 ਵਿਚ ‘ਰਾਜ ਕਰਨਾ’ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਅੰਪਾਇਰ ਲਈ ਵਰਤੇ ਗਏ ਸ਼ਬਦ ਨਾਲ ਸੰਬੰਧਿਤ ਹੈ ਜਿਹੜਾ ਉਨ੍ਹਾਂ ਦਿਨਾਂ ਵਿਚ ਖੇਡ ਮੁਕਾਬਲਿਆਂ ਵਿਚ ਇਨਾਮ ਦਿਆ ਕਰਦਾ ਸੀ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਖੇਡ ਦੇ ਨਿਯਮਾਂ ਵਿਚ ਰਹਿ ਕੇ ਖੇਡਣ ਦੀ ਆਜ਼ਾਦੀ ਸੀ, ਪਰ ਆਖ਼ਰ ਵਿਚ ਅੰਪਾਇਰ ਹੀ ਇਹ ਫ਼ੈਸਲਾ ਕਰਦਾ ਸੀ ਕਿ ਕਿਸ ਨੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਨਤੀਜੇ ਵਜੋਂ ਮੁਕਾਬਲਾ ਜਿੱਤਿਆ। ਇਸੇ ਤਰ੍ਹਾਂ ਸਾਨੂੰ ਜ਼ਿੰਦਗੀ ਦੇ ਬਹੁਤ ਸਾਰੇ ਫ਼ੈਸਲੇ ਕਰਨ ਦੀ ਆਜ਼ਾਦੀ ਹੈ, ਪਰ ਜਦੋਂ ਅਸੀਂ ਫ਼ੈਸਲੇ ਕਰਦੇ ਹਾਂ, ਤਾਂ ਮਸੀਹ ਦੀ ਸ਼ਾਂਤੀ ਸਾਡੇ ਲਈ ਹਮੇਸ਼ਾ ਇਕ “ਅੰਪਾਇਰ” ਵਾਂਗ ਹੋਣੀ ਚਾਹੀਦੀ ਹੈ ਜਾਂ, ਜਿਵੇਂ ਅਨੁਵਾਦਕ ਐਡਗਰ ਜੇ. ਗੁਡਸਪੀਡ ਇਸ ਦਾ ਅਨੁਵਾਦ ਕਰਦਾ ਹੈ ਕਿ ਇਹ ਸ਼ਾਂਤੀ ਸਾਡੇ ਦਿਲਾਂ ਵਿਚ “ਪ੍ਰਬਲ ਸਿਧਾਂਤ” ਹੋਣੀ ਚਾਹੀਦੀ ਹੈ।
3. “ਮਸੀਹ ਦੀ ਸ਼ਾਂਤ” ਕੀ ਹੈ?
3 “ਮਸੀਹ ਦੀ ਸ਼ਾਂਤ” ਕੀ ਹੈ? ਇਹ ਅੰਦਰੂਨੀ ਸ਼ਾਂਤੀ ਤੇ ਸਕੂਨ ਹੈ ਜੋ ਸਾਨੂੰ ਯਿਸੂ ਦੇ ਚੇਲੇ ਬਣਨ ਅਤੇ ਇਹ ਜਾਣਨ ਤੇ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਸਾਨੂੰ ਪਿਆਰ ਕਰਦੇ ਹਨ ਤੇ ਸਾਡੀ ਭਗਤੀ ਨੂੰ ਸਵੀਕਾਰ ਕਰਦੇ ਹਨ। ਆਪਣੇ ਚੇਲਿਆਂ ਤੋਂ ਵਿਛੜਣ ਤੋਂ ਕੁਝ ਚਿਰ ਪਹਿਲਾਂ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। . . . ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।” (ਯੂਹੰਨਾ 14:27) ਲਗਭਗ 2,000 ਸਾਲਾਂ ਤੋਂ ਮਸੀਹ ਦੀ ਦੇਹ ਦੇ ਮਸਹ ਕੀਤੇ ਹੋਏ ਵਫ਼ਾਦਾਰ ਮੈਂਬਰ ਇਸ ਸ਼ਾਂਤੀ ਦਾ ਆਨੰਦ ਮਾਣਦੇ ਆਏ ਹਨ ਅਤੇ ਅੱਜ ਉਨ੍ਹਾਂ ਦੇ ਸਾਥੀ ਯਾਨੀ ‘ਹੋਰ ਭੇਡਾਂ’ ਵੀ ਇਸ ਸ਼ਾਂਤੀ ਦੇ ਹਿੱਸੇਦਾਰ ਹਨ। (ਯੂਹੰਨਾ 10:16) ਇਹ ਸ਼ਾਂਤੀ ਸਾਡੇ ਦਿਲਾਂ ਤੇ ਪ੍ਰਬਲ ਹੋਣੀ ਚਾਹੀਦੀ ਹੈ। ਜਦੋਂ ਅਸੀਂ ਔਖੇ ਪਰਤਾਵਿਆਂ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ, ਤਾਂ ਇਹ ਸਾਡੀ ਮਦਦ ਕਰੇਗੀ ਕਿ ਅਸੀਂ ਡਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਈਏ ਅਤੇ ਨਾ ਹੀ ਹੱਦੋਂ ਵਧ ਪਰੇਸ਼ਾਨ ਹੋਈਏ। ਆਓ ਅਸੀਂ ਦੇਖੀਏ ਕਿ ਇਹ ਸ਼ਾਂਤੀ ਉਦੋਂ ਕਿਵੇਂ ਸਾਡੀ ਮਦਦ ਕਰ ਸਕਦੀ ਹੈ ਜਦੋਂ ਅਸੀਂ ਅਨਿਆਂ ਦਾ ਸਾਮ੍ਹਣਾ ਕਰਦੇ ਹਾਂ, ਚਿੰਤਾ ਨਾਲ ਘਿਰੇ ਹੁੰਦੇ ਹਾਂ ਅਤੇ ਜਦੋਂ ਅਸੀਂ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹਾਂ।
ਜਦੋਂ ਅਸੀਂ ਅਨਿਆਂ ਦਾ ਸਾਮ੍ਹਣਾ ਕਰਦੇ ਹਾਂ
4. (ੳ) ਯਿਸੂ ਨਾਲ ਕਿੱਦਾਂ ਅਨਿਆਂ ਹੋਇਆ ਸੀ? (ਅ) ਅਨਿਆਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਮਸੀਹੀਆਂ ਦਾ ਰਵੱਈਆ ਕੀ ਰਿਹਾ ਹੈ?
4 ਰਾਜਾ ਸੁਲੇਮਾਨ ਨੇ ਕਿਹਾ: ‘ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਨੁਕਸਾਨ ਕਰਦਾ ਹੈ।’ (ਉਪਦੇਸ਼ਕ ਦੀ ਪੋਥੀ 8:9) ਯਿਸੂ ਜਾਣਦਾ ਸੀ ਕਿ ਇਹ ਗੱਲ ਬਿਲਕੁਲ ਸਹੀ ਸੀ। ਜਦੋਂ ਉਹ ਸਵਰਗ ਵਿਚ ਸੀ, ਤਾਂ ਉਸ ਨੇ ਇਨਸਾਨ ਨੂੰ ਇਨਸਾਨ ਨਾਲ ਘੋਰ ਅਨਿਆਂ ਕਰਦਿਆਂ ਦੇਖਿਆ ਸੀ। ਧਰਤੀ ਉੱਤੇ ਉਸ ਨੇ ਖ਼ੁਦ ਸਭ ਤੋਂ ਘੋਰ ਅਨਿਆਂ ਦਾ ਸਾਮ੍ਹਣਾ ਕੀਤਾ ਸੀ ਜਦੋਂ ਨਿਰਦੋਸ਼ ਹੁੰਦੇ ਹੋਏ ਵੀ ਉਸ ਉੱਤੇ ਪਰਮੇਸ਼ੁਰ ਦੇ ਖ਼ਿਲਾਫ਼ ਕੁਫ਼ਰ ਬਕਣ ਦਾ ਇਲਜ਼ਾਮ ਲਾ ਕੇ ਉਸ ਨੂੰ ਇਕ ਅਪਰਾਧੀ ਵਜੋਂ ਸਜ਼ਾ-ਏ-ਮੌਤ ਦਿੱਤੀ ਗਈ ਸੀ। (ਮੱਤੀ 26:63-66; ਮਰਕੁਸ 15:27) ਅੱਜ ਵੀ ਅਨਿਆਂ ਦਾ ਬੋਲਬਾਲਾ ਹੈ ਅਤੇ ਸੱਚੇ ਮਸੀਹੀਆਂ ਨਾਲ ਵੀ ਬਹੁਤ ਜ਼ਿਆਦਾ ਅਨਿਆਂ ਕੀਤਾ ਜਾਂਦਾ ਹੈ ਤੇ ਉਨ੍ਹਾਂ ਨਾਲ ‘ਸਾਰੀਆਂ ਕੌਮਾਂ ਵੈਰ’ ਰੱਖਦੀਆਂ ਹਨ। (ਮੱਤੀ 24:9) ਉਨ੍ਹਾਂ ਉੱਤੇ ਨਾਜ਼ੀਆਂ ਦੇ ਨਜ਼ਰਬੰਦੀ ਕੈਂਪਾਂ ਵਿਚ ਅਤੇ ਰੂਸੀਆਂ ਦੇ ਲੇਬਰ-ਕੈਂਪਾਂ ਵਿਚ ਭਿਆਨਕ ਅਤਿਆਚਾਰ ਕੀਤੇ ਗਏ, ਲੋਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਤੇ ਹਮਲੇ ਕੀਤੇ, ਉਨ੍ਹਾਂ ਤੇ ਝੂਠੇ ਦੋਸ਼ ਲਾਏ ਗਏ ਅਤੇ ਉਨ੍ਹਾਂ ਬਾਰੇ ਅਫ਼ਵਾਹਾਂ ਫੈਲਾਈਆਂ ਗਈਆਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਸੀਹ ਦੀ ਸ਼ਾਂਤੀ ਨੇ ਉਨ੍ਹਾਂ ਨੂੰ ਡੋਲਣ ਨਹੀਂ ਦਿੱਤਾ। ਉਹ ਯਿਸੂ ਦੀ ਮਿਸਾਲ ਉੱਤੇ ਚੱਲੇ ਜਿਸ ਬਾਰੇ ਅਸੀਂ ਪੜ੍ਹਦੇ ਹਾਂ: “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।”—1 ਪਤਰਸ 2:23.
5. ਜੇ ਅਸੀਂ ਸੁਣਦੇ ਹਾਂ ਕਿ ਕਲੀਸਿਯਾ ਵਿਚ ਕਿਸੇ ਨਾਲ ਅਨਿਆਂ ਹੋਇਆ ਹੈ, ਤਾਂ ਸਾਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ?
5 ਛੋਟੇ ਪੈਮਾਨੇ ਤੇ, ਅਸੀਂ ਸ਼ਾਇਦ ਸੋਚੀਏ ਕਿ ਕਲੀਸਿਯਾ ਵਿਚ ਕਿਸੇ ਭੈਣ ਜਾਂ ਭਰਾ ਨਾਲ ਅਨਿਆਂ ਹੋਇਆ ਹੈ। ਇਸ ਕਰਕੇ ਅਸੀਂ ਸ਼ਾਇਦ ਪੌਲੁਸ ਵਾਂਗ ਮਹਿਸੂਸ ਕਰੀਏ ਜਿਸ ਨੇ ਕਿਹਾ: “ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ?” (2 ਕੁਰਿੰਥੀਆਂ 11:29) ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਇਹ ਸੱਚ-ਮੁੱਚ ਅਨਿਆਂ ਹੈ?’ ਅਕਸਰ ਸਾਨੂੰ ਪੂਰੀ ਗੱਲ ਪਤਾ ਨਹੀਂ ਹੁੰਦੀ। ਅਸੀਂ ਸ਼ਾਇਦ ਕਿਸੇ ਅਜਿਹੇ ਵਿਅਕਤੀ ਦੀ ਗੱਲ ਮੰਨ ਕੇ ਭੜਕ ਉੱਠਦੇ ਹਾਂ ਜਿਹੜਾ ਅੰਦਰ ਦੀ ਗੱਲ ਜਾਣਨ ਦਾ ਦਾਅਵਾ ਕਰਦਾ ਹੈ। ਤਾਹੀਓਂ ਬਾਈਬਲ ਕਹਿੰਦੀ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ।” (ਕਹਾਉਤਾਂ 14:15) ਇਸ ਲਈ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ।
6. ਜੇ ਸਾਨੂੰ ਲੱਗਦਾ ਹੈ ਕਿ ਕਲੀਸਿਯਾ ਵਿਚ ਸਾਡੇ ਨਾਲ ਅਨਿਆਂ ਹੋਇਆ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
6 ਪਰ ਮੰਨ ਲਓ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਅਨਿਆਂ ਹੋਇਆ ਹੈ। ਜਿਸ ਵਿਅਕਤੀ ਦੇ ਦਿਲ ਵਿਚ ਮਸੀਹ ਦੀ ਸ਼ਾਂਤੀ ਰਾਜ ਕਰਦੀ ਹੈ, ਉਹ ਅਜਿਹੀ ਸਥਿਤੀ ਵਿਚ ਕੀ ਕਰੇਗਾ? ਅਸੀਂ ਸ਼ਾਇਦ ਮਹਿਸੂਸ ਕਰੀਏ ਕਿ ਸਾਨੂੰ ਉਸ ਵਿਅਕਤੀ ਨਾਲ ਗੱਲ ਕਰਨ ਦੀ ਲੋੜ ਹੈ ਜਿਸ ਨੇ ਸਾਡੇ ਨਾਲ ਅਨਿਆਂ ਕੀਤਾ ਹੈ। ਇਸ ਤੋਂ ਬਾਅਦ, ਇਸ ਮਾਮਲੇ ਬਾਰੇ ਜਣੇ-ਖਣੇ ਨਾਲ ਗੱਲ ਕਰਨ ਦੀ ਬਜਾਇ ਕਿਉਂ ਨਾ ਅਸੀਂ ਇਸ ਬਾਰੇ ਪ੍ਰਾਰਥਨਾ ਕਰੀਏ ਅਤੇ ਸਾਰੀ ਗੱਲ ਯਹੋਵਾਹ ਉੱਤੇ ਛੱਡ ਦੇਈਏ ਕਿ ਉਹੀ ਨਿਆਂ ਕਰੇ। (ਜ਼ਬੂਰ 9:10; ਕਹਾਉਤਾਂ 3:5) ਇਸ ਤਰ੍ਹਾਂ ਕਰਨ ਮਗਰੋਂ ਅਸੀਂ ਮਾਮਲੇ ਨੂੰ ਆਪਣੇ ਤਕ ਹੀ ਰੱਖੀਏ ਤੇ ‘ਚੁੱਪ ਰਹੀਏ।’ (ਜ਼ਬੂਰ 4:4) ਜ਼ਿਆਦਾਤਰ ਮਾਮਲਿਆਂ ਵਿਚ ਪੌਲੁਸ ਦੀ ਇਹ ਸਲਾਹ ਲਾਗੂ ਹੁੰਦੀ ਹੈ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।”—ਕੁਲੁੱਸੀਆਂ 3:13.
7. ਆਪਣੇ ਭਰਾਵਾਂ ਨਾਲ ਪੇਸ਼ ਆਉਂਦੇ ਸਮੇਂ ਸਾਨੂੰ ਹਮੇਸ਼ਾ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
7 ਪਰ ਅਸੀਂ ਜੋ ਵੀ ਕਰਦੇ ਹਾਂ, ਸਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੋ ਹੋ ਗਿਆ ਉਹ ਸਾਡੇ ਵੱਸ ਵਿਚ ਨਹੀਂ ਸੀ, ਪਰ ਅਸੀਂ ਜੋ ਪ੍ਰਤਿਕ੍ਰਿਆ ਦਿਖਾਵਾਂਗੇ, ਉਸ ਉੱਤੇ ਸਾਡਾ ਪੂਰਾ ਵੱਸ ਹੈ। ਜੇ ਅਸੀਂ ਅਨਿਆਂ ਕਾਰਨ ਬੇਹੱਦ ਪਰੇਸ਼ਾਨ ਹੁੰਦੇ ਹਾਂ, ਤਾਂ ਇਸ ਦਾ ਸਾਡੀ ਸ਼ਾਂਤੀ ਉੱਤੇ ਹਾਨੀਕਾਰਕ ਪ੍ਰਭਾਵ ਪੈ ਸਕਦਾ ਹੈ, ਸ਼ਾਇਦ ਅਨਿਆਂ ਦੇ ਪਏ ਪ੍ਰਭਾਵ ਨਾਲੋਂ ਵੀ ਜ਼ਿਆਦਾ। (ਕਹਾਉਤਾਂ 18:14) ਅਸੀਂ ਸ਼ਾਇਦ ਠੋਕਰ ਖਾ ਕੇ ਤਦ ਤਕ ਕਲੀਸਿਯਾ ਨਾਲੋਂ ਨਾਤਾ ਤੋੜ ਲਈਏ ਜਦ ਤਕ ਕਿ ਅਸੀਂ ਮਹਿਸੂਸ ਨਹੀਂ ਕਰਦੇ ਕਿ ਸਾਡੇ ਨਾਲ ਨਿਆਂ ਹੋ ਗਿਆ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਕਿ ਜਿਹੜੇ ਯਹੋਵਾਹ ਦੀ ਬਿਵਸਥਾ ਨਾਲ ਪ੍ਰੇਮ ਕਰਦੇ ਹਨ, “ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।” (ਜ਼ਬੂਰ 119:165) ਇਹ ਹਕੀਕਤ ਹੈ ਕਿ ਹਰ ਕਿਸੇ ਨਾਲ ਕਦੀ ਨਾ ਕਦੀ ਅਨਿਆਂ ਹੁੰਦਾ ਹੈ। ਅਜਿਹੇ ਬੁਰੇ ਤਜਰਬਿਆਂ ਨੂੰ ਯਹੋਵਾਹ ਦੀ ਸੇਵਾ ਵਿਚ ਅੜਿੱਕਾ ਨਾ ਬਣਨ ਦਿਓ। ਇਸ ਦੀ ਬਜਾਇ, ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲ ਵਿਚ ਰਾਜ ਕਰਨ ਦਿਓ।
ਜਦੋਂ ਅਸੀਂ ਚਿੰਤਾ ਨਾਲ ਘਿਰੇ ਹੁੰਦੇ ਹਾਂ
8. ਕਿਹੜੀਆਂ ਕੁਝ ਗੱਲਾਂ ਕਰਕੇ ਚਿੰਤਾ ਹੋ ਸਕਦੀ ਹੈ ਤੇ ਚਿੰਤਾ ਦਾ ਸਾਡੇ ਤੇ ਕੀ ਪ੍ਰਭਾਵ ਪੈ ਸਕਦਾ ਹੈ?
8 ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਚਿੰਤਾ ਜ਼ਿੰਦਗੀ ਦਾ ਇਕ ਹਿੱਸਾ ਹੈ। (2 ਤਿਮੋਥਿਉਸ 3:1) ਇਹ ਸੱਚ ਹੈ ਕਿ ਯਿਸੂ ਨੇ ਕਿਹਾ ਸੀ: “ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਦੇ ਲਈ ਭਈ ਕੀ ਪਹਿਨਾਂਗੇ।” (ਲੂਕਾ 12:22) ਪਰ ਸਾਰੀਆਂ ਚਿੰਤਾਵਾਂ ਭੌਤਿਕ ਚੀਜ਼ਾਂ ਕਰਕੇ ਹੀ ਨਹੀਂ ਹੁੰਦੀਆਂ। ਲੂਤ ਸਦੂਮ ਸ਼ਹਿਰ ਵਿਚ ਫੈਲੀ ਬਦਕਾਰੀ ਤੋਂ “ਜਿੱਚ ਹੁੰਦਾ ਸੀ।” (2 ਪਤਰਸ 2:7) ਪੌਲੁਸ ਨੂੰ ‘ਸਾਰੀਆਂ ਕਲੀਸਿਯਾਂ ਦੀ ਚਿੰਤਾ ਰੋਜ ਆਣ ਦਬਾਉਂਦੀ ਸੀ।’ (2 ਕੁਰਿੰਥੀਆਂ 11:28) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਇੰਨੇ ਦੁੱਖ ਵਿਚ ਸੀ ਕਿ “ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।” (ਲੂਕਾ 22:44) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਰੀਆਂ ਚਿੰਤਾਵਾਂ ਕਮਜ਼ੋਰ ਨਿਹਚਾ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ। ਪਰ ਕਾਰਨ ਜੋ ਮਰਜ਼ੀ ਹੋਵੇ, ਜੇ ਚਿੰਤਾ ਬਹੁਤ ਜ਼ਿਆਦਾ ਹੈ ਤੇ ਕਾਫ਼ੀ ਸਮੇਂ ਤਕ ਰਹਿੰਦੀ ਹੈ, ਤਾਂ ਇਹ ਸਾਡੀ ਸ਼ਾਂਤੀ ਨੂੰ ਤਬਾਹ ਕਰ ਸਕਦੀ ਹੈ। ਚਿੰਤਾ ਵਿਚ ਡੁੱਬ ਜਾਣ ਕਰਕੇ ਕਈਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਯਹੋਵਾਹ ਦੀ ਸੇਵਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ। ਬਾਈਬਲ ਨੇ ਕਿਹਾ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।” (ਕਹਾਉਤਾਂ 12:25) ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਜੇ ਅਸੀਂ ਚਿੰਤਾ ਰੋਗ ਦੇ ਸ਼ਿਕਾਰ ਹੋ ਜਾਂਦੇ ਹਾਂ?
9. ਚਿੰਤਾ ਦੂਰ ਕਰਨ ਲਈ ਕਿਹੜੇ ਕੁਝ ਕਦਮ ਚੁੱਕੇ ਜਾ ਸਕਦੇ ਹਨ, ਪਰ ਚਿੰਤਾ ਦੇ ਕਿਹੜੇ ਕਾਰਨਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ?
9 ਕਈ ਹਾਲਤਾਂ ਵਿਚ ਅਸੀਂ ਚਿੰਤਾ ਦੂਰ ਕਰਨ ਬਾਰੇ ਆਪ ਕੁਝ ਕਦਮ ਚੁੱਕ ਸਕਦੇ ਹਾਂ। ਜੇ ਸਾਡੀ ਚਿੰਤਾ ਦੀ ਜੜ੍ਹ ਕੋਈ ਸਿਹਤ ਸਮੱਸਿਆ ਹੈ, ਤਾਂ ਇਸ ਵਿਚ ਡਾਕਟਰ ਦੀ ਸਲਾਹ ਲੈਣੀ ਅਕਲਮੰਦੀ ਹੋਵੇਗੀ, ਭਾਵੇਂ ਕਿ ਇਸ ਤਰ੍ਹਾਂ ਕਰਨਾ ਜਾਂ ਨਾ ਕਰਨਾ ਹਰ ਇਕ ਦਾ ਆਪਣਾ ਨਿੱਜੀ ਫ਼ੈਸਲਾ ਹੈ।a (ਮੱਤੀ 9:12) ਜੇ ਅਸੀਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਦੱਬੇ ਮਹਿਸੂਸ ਕਰਦੇ ਹਾਂ, ਤਾਂ ਅਸੀਂ ਕੁਝ ਜ਼ਿੰਮੇਵਾਰੀਆਂ ਦੂਸਰਿਆਂ ਨੂੰ ਦੇ ਸਕਦੇ ਹਾਂ। (ਕੂਚ 18:13-23) ਪਰ ਉਨ੍ਹਾਂ ਭਾਰੀਆਂ ਜ਼ਿੰਮੇਵਾਰੀਆਂ ਬਾਰੇ ਕੀ ਜੋ ਦੂਜਿਆਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ, ਜਿਵੇਂ ਕਿ ਮਾਪਿਆਂ ਦੀਆਂ ਜ਼ਿੰਮੇਵਾਰੀਆਂ? ਜਿਸ ਮਸੀਹੀ ਦਾ ਵਿਆਹੁਤਾ ਸਾਥੀ ਉਸ ਦਾ ਵਿਰੋਧ ਕਰਦਾ ਹੈ, ਉਹ ਕੀ ਕਰ ਸਕਦਾ ਹੈ? ਤਦ ਕੀ ਜੇ ਪਰਿਵਾਰ ਘੋਰ ਆਰਥਿਕ ਤੰਗੀ ਦੀ ਹਾਲਤ ਵਿਚ ਦਿਨ ਕੱਟ ਰਿਹਾ ਹੈ ਜਾਂ ਲੜਾਈ ਵਾਲੇ ਇਲਾਕੇ ਵਿਚ ਰਹਿ ਰਿਹਾ ਹੈ? ਇਨ੍ਹਾਂ ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਅਸੀਂ ਇਸ ਦੁਨੀਆਂ ਵਿਚ ਚਿੰਤਾ ਦੇ ਸਾਰੇ ਕਾਰਨਾਂ ਨੂੰ ਖ਼ਤਮ ਨਹੀਂ ਕਰ ਸਕਦੇ। ਪਰ ਫਿਰ ਵੀ ਅਸੀਂ ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲ ਵਿਚ ਸੰਭਾਲ ਕੇ ਰੱਖ ਸਕਦੇ ਹਾਂ। ਕਿੱਦਾਂ?
10. ਮਸੀਹੀ ਕਿਹੜੇ ਦੋ ਤਰੀਕਿਆਂ ਨਾਲ ਚਿੰਤਾ ਤੋਂ ਛੁਟਕਾਰਾ ਪਾ ਸਕਦੇ ਹਨ?
10 ਪਰਮੇਸ਼ੁਰ ਦੇ ਬਚਨ ਵਿੱਚੋਂ ਦਿਲਾਸਾ ਪਾਉਣਾ ਚਿੰਤਾ ਨੂੰ ਦੂਰ ਕਰਨ ਦਾ ਇਕ ਤਰੀਕਾ ਹੈ। ਰਾਜਾ ਦਾਊਦ ਨੇ ਲਿਖਿਆ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂਰ 94:19) ਯਹੋਵਾਹ ਦੀਆਂ “ਤਸੱਲੀਆਂ” ਬਾਈਬਲ ਵਿਚ ਮਿਲਦੀਆਂ ਹਨ। ਨਿਯਮਿਤ ਤੌਰ ਤੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਇਸ ਕਿਤਾਬ ਨੂੰ ਪੜ੍ਹਨ ਨਾਲ ਸਾਨੂੰ ਆਪਣੇ ਦਿਲਾਂ ਵਿਚ ਮਸੀਹ ਦੀ ਸ਼ਾਂਤੀ ਨੂੰ ਸੰਭਾਲ ਕੇ ਰੱਖਣ ਵਿਚ ਮਦਦ ਮਿਲੇਗੀ। ਬਾਈਬਲ ਕਹਿੰਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰ 55:22) ਇਸੇ ਤਰ੍ਹਾਂ ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਨਿਯਮਿਤ ਤੌਰ ਤੇ ਦਿਲੋਂ ਪ੍ਰਾਰਥਨਾ ਕਰਨ ਨਾਲ ਸਾਨੂੰ ਆਪਣੀ ਸ਼ਾਂਤੀ ਨੂੰ ਕਾਇਮ ਰੱਖਣ ਵਿਚ ਮਦਦ ਮਿਲੇਗੀ।
11. (ੳ) ਯਿਸੂ ਨੇ ਪ੍ਰਾਰਥਨਾ ਦੇ ਮਾਮਲੇ ਵਿਚ ਕਿਵੇਂ ਵਧੀਆ ਮਿਸਾਲ ਕਾਇਮ ਕੀਤੀ ਸੀ? (ਅ) ਪ੍ਰਾਰਥਨਾ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
11 ਯਿਸੂ ਨੇ ਇਸ ਮਾਮਲੇ ਵਿਚ ਬਿਹਤਰੀਨ ਮਿਸਾਲ ਕਾਇਮ ਕੀਤੀ। ਕਈ ਵਾਰ ਉਹ ਆਪਣੇ ਸਵਰਗੀ ਪਿਤਾ ਨਾਲ ਘੰਟਿਆਂ-ਬੱਧੀ ਪ੍ਰਾਰਥਨਾ ਵਿਚ ਗੱਲਾਂ ਕਰਿਆ ਕਰਦਾ ਸੀ। (ਮੱਤੀ 14:23; ਲੂਕਾ 6:12) ਪ੍ਰਾਰਥਨਾ ਨੇ ਉਸ ਦੀ ਮੁਸ਼ਕਲ ਤੋਂ ਮੁਸ਼ਕਲ ਪਰਤਾਵਿਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਕੀਤੀ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ, ਉਹ ਬਹੁਤ ਹੀ ਪਰੇਸ਼ਾਨ ਸੀ। ਉਸ ਨੇ ਕੀ ਕੀਤਾ? ਉਸ ਨੇ “ਮਨੋਂ ਤਨੋਂ” ਪ੍ਰਾਰਥਨਾ ਕੀਤੀ। (ਲੂਕਾ 22:44) ਜੀ ਹਾਂ, ਪਰਮੇਸ਼ੁਰ ਦੇ ਮੁਕੰਮਲ ਪੁੱਤਰ ਨੇ ਹਮੇਸ਼ਾ ਪ੍ਰਾਰਥਨਾ ਦਾ ਸਹਾਰਾ ਲਿਆ। ਤਾਂ ਫਿਰ ਯਿਸੂ ਦੇ ਨਾਮੁਕੰਮਲ ਪੈਰੋਕਾਰਾਂ ਨੂੰ ਪ੍ਰਾਰਥਨਾ ਦਾ ਕਿੰਨਾ ਜ਼ਿਆਦਾ ਸਹਾਰਾ ਲੈਣਾ ਚਾਹੀਦਾ ਹੈ! ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ‘ਪ੍ਰਾਰਥਨਾ ਵਿੱਚ ਲੱਗੇ ਰਹਿਣ ਅਤੇ ਸੁਸਤੀ ਨਾ ਕਰਨ।’ (ਲੂਕਾ 18:1) ਪ੍ਰਾਰਥਨਾ ਸਾਡਾ ਪਰਮੇਸ਼ੁਰ ਨਾਲ ਗੱਲ ਕਰਨ ਦਾ ਇਕ ਅਹਿਮ ਜ਼ਰੀਆ ਹੈ, ਉਹ ਪਰਮੇਸ਼ੁਰ ਜਿਹੜਾ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਜਿੰਨਾ ਕਿ ਸ਼ਾਇਦ ਅਸੀਂ ਆਪਣੇ ਆਪ ਨੂੰ ਵੀ ਨਹੀਂ ਜਾਣਦੇ। (ਜ਼ਬੂਰ 103:14) ਜੇ ਅਸੀਂ ਆਪਣੇ ਦਿਲਾਂ ਵਿਚ ਮਸੀਹ ਦੀ ਸ਼ਾਂਤੀ ਸੰਭਾਲ ਕੇ ਰੱਖਣੀ ਚਾਹੁੰਦੇ ਹਾਂ, ਤਾਂ ਸਾਨੂੰ “ਨਿੱਤ ਪ੍ਰਾਰਥਨਾ” ਕਰਨੀ ਚਾਹੀਦੀ ਹੈ।—1 ਥੱਸਲੁਨੀਕੀਆਂ 5:17.
ਆਪਣੀਆਂ ਕਮਜ਼ੋਰੀਆਂ ਉੱਤੇ ਜਿੱਤ ਪਾਉਣੀ
12. ਕੁਝ ਭੈਣ-ਭਰਾ ਸ਼ਾਇਦ ਕਿਹੜੇ ਕਾਰਨਾਂ ਕਰਕੇ ਮਹਿਸੂਸ ਕਰਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਸੇਵਾ ਤੋਂ ਖ਼ੁਸ਼ ਨਹੀਂ ਹੈ?
12 ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦਾ ਹਰ ਇਕ ਸੇਵਕ ਕੀਮਤੀ ਹੈ। (ਹੱਜਈ 2:7) ਫਿਰ ਵੀ ਬਹੁਤ ਸਾਰੇ ਭੈਣ-ਭਰਾਵਾਂ ਨੂੰ ਇਹ ਗੱਲ ਮੰਨਣੀ ਮੁਸ਼ਕਲ ਲੱਗਦੀ ਹੈ। ਬੁਢਾਪਾ, ਪਰਿਵਾਰ ਦੀਆਂ ਵਧਦੀਆਂ ਜ਼ਿੰਮੇਵਾਰੀਆਂ ਜਾਂ ਖ਼ਰਾਬ ਹੁੰਦੀ ਸਿਹਤ ਕਰਕੇ ਕੁਝ ਭੈਣ-ਭਰਾ ਹੌਸਲਾ ਹਾਰ ਸਕਦੇ ਹਨ। ਕਈ ਭੈੜੇ ਬਚਪਨ ਕਰਕੇ ਮਹਿਸੂਸ ਕਰਦੇ ਹਨ ਕਿ ਉਹ ਜ਼ਿੰਦਗੀ ਵਿਚ ਸਫ਼ਲ ਨਹੀਂ ਹੋ ਸਕਦੇ। ਦੂਸਰੇ ਸ਼ਾਇਦ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਸੰਤਾਪ ਝੱਲ ਰਹੇ ਹੋਣ ਤੇ ਸੋਚਦੇ ਹੋਣ ਕਿ ਯਹੋਵਾਹ ਉਨ੍ਹਾਂ ਨੂੰ ਕਦੀ ਮਾਫ਼ ਨਹੀਂ ਕਰੇਗਾ। (ਜ਼ਬੂਰ 51:3) ਜਦੋਂ ਅਜਿਹੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਤਾਂ ਕੀ ਕੀਤਾ ਜਾ ਸਕਦਾ ਹੈ?
13. ਜਿਹੜੇ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਬਾਈਬਲ ਵਿੱਚੋਂ ਕੀ ਦਿਲਾਸਾ ਮਿਲਦਾ ਹੈ?
13 ਮਸੀਹ ਦੀ ਸ਼ਾਂਤੀ ਸਾਨੂੰ ਵਿਸ਼ਵਾਸ ਦਿਲਾਵੇਗੀ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ। ਇਹ ਸ਼ਾਂਤੀ ਸਾਡੇ ਦਿਲਾਂ ਵਿਚ ਮੁੜ ਕਾਇਮ ਹੋ ਸਕਦੀ ਹੈ ਜੇਕਰ ਅਸੀਂ ਇਸ ਗੱਲ ਉੱਤੇ ਗੌਰ ਕਰੀਏ ਕਿ ਯਿਸੂ ਨੇ ਇਹ ਕਦੀ ਨਹੀਂ ਕਿਹਾ ਸੀ ਕਿ ਉਹ ਸਾਡੀ ਕੀਮਤ ਦੂਸਰਿਆਂ ਨਾਲ ਤੁਲਨਾ ਕਰ ਕੇ ਨਾਪਦਾ ਹੈ। (ਮੱਤੀ 25:14, 15; ਮਰਕੁਸ 12:41-44) ਪਰ ਉਸ ਨੇ ਵਫ਼ਾਦਾਰੀ ਉੱਤੇ ਜ਼ੋਰ ਦਿੱਤਾ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਲੋਕਾਂ ਨੇ ਯਿਸੂ ਨੂੰ ਵੀ ਤਾਂ “ਤੁੱਛ” ਜਾਣਿਆ ਸੀ, ਪਰ ਉਸ ਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਸੀ। (ਯਸਾਯਾਹ 53:3; ਯੂਹੰਨਾ 10:17) ਅਤੇ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਸ ਦਾ ਪਿਤਾ ਉਨ੍ਹਾਂ ਨੂੰ ਵੀ ਬਹੁਤ ਪਿਆਰ ਕਰਦਾ ਸੀ। (ਯੂਹੰਨਾ 14:21) ਇਸ ਗੱਲ ਤੇ ਜ਼ੋਰ ਦੇਣ ਲਈ ਯਿਸੂ ਨੇ ਕਿਹਾ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਸਾਨੂੰ ਇਸ ਤੋਂ ਯਹੋਵਾਹ ਦੇ ਨਿੱਘੇ
ਪਿਆਰ ਦਾ ਕਿੰਨਾ ਭਰੋਸਾ ਮਿਲਦਾ ਹੈ!
14. ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਕਿ ਅਸੀਂ ਸਾਰੇ ਯਹੋਵਾਹ ਦੀਆਂ ਨਜ਼ਰਾਂ ਵਿਚ ਕੀਮਤੀ ਹਾਂ?
14 ਯਿਸੂ ਨੇ ਇਹ ਵੀ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਕਿਉਂਕਿ ਯਹੋਵਾਹ ਨੇ ਯਿਸੂ ਦੀ ਪੈੜ ਤੇ ਚੱਲਣ ਲਈ ਸਾਨੂੰ ਖਿੱਚਿਆ ਹੈ, ਇਸ ਲਈ ਅਸੀਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਉਹ ਨਹੀਂ ਚਾਹੁੰਦਾ ਕਿ ਅਸੀਂ ਨਾਸ਼ ਹੋਈਏ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।” (ਮੱਤੀ 18:14) ਇਸ ਲਈ ਜੇ ਤੁਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹੋ, ਤਾਂ ਤੁਸੀਂ ਆਪਣੇ ਚੰਗੇ ਕੰਮਾਂ ਤੇ ਖ਼ੁਸ਼ੀ ਮਨਾ ਸਕਦੇ ਹੋ। (ਗਲਾਤੀਆਂ 6:4) ਜੇ ਤੁਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਅਜੇ ਵੀ ਸੰਤਾਪ ਝੱਲ ਰਹੇ ਹੋ, ਤਾਂ ਇਹ ਭਰੋਸਾ ਰੱਖੋ ਕਿ ਯਹੋਵਾਹ “ਅੱਤ ਦਿਆਲੂ ਹੈ” ਤੇ ਸੱਚੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ। (ਯਸਾਯਾਹ 43:25; 55:7) ਜੇ ਤੁਸੀਂ ਕਿਸੇ ਦੂਸਰੇ ਕਾਰਨ ਕਰਕੇ ਨਿਰਾਸ਼ ਹੋ, ਤਾਂ ਯਾਦ ਰੱਖੋ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰ 34:18.
15. (ੳ) ਸ਼ਤਾਨ ਸਾਡੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? (ਅ) ਅਸੀਂ ਯਹੋਵਾਹ ਬਾਰੇ ਕੀ ਭਰੋਸਾ ਰੱਖ ਸਕਦੇ ਹਾਂ?
15 ਸ਼ਤਾਨ ਦੀ ਇਹ ਦਿਲੀ ਇੱਛਾ ਹੈ ਕਿ ਉਹ ਤੁਹਾਡੀ ਸ਼ਾਂਤੀ ਭੰਗ ਕਰ ਦੇਵੇ। ਅਸੀਂ ਸਾਰੇ ਵਿਰਾਸਤ ਵਿਚ ਮਿਲੇ ਜਿਸ ਪਾਪ ਦੇ ਵਿਰੁੱਧ ਅੱਜ ਸੰਘਰਸ਼ ਕਰ ਰਹੇ ਹਾਂ, ਉਹ ਸਭ ਸ਼ਤਾਨ ਦੀ ਹੀ ਦੇਣ ਹੈ। (ਰੋਮੀਆਂ 7:21-24) ਉਸ ਦੀ ਇਹ ਤਮੰਨਾ ਹੈ ਕਿ ਤੁਸੀਂ ਆਪਣੀਆਂ ਕਮਜ਼ੋਰੀਆਂ ਕਰਕੇ ਮਹਿਸੂਸ ਕਰੋ ਕਿ ਪਰਮੇਸ਼ੁਰ ਤੁਹਾਡੀ ਸੇਵਾ ਨੂੰ ਸਵੀਕਾਰ ਨਹੀਂ ਕਰਦਾ। ਕਦੀ ਵੀ ਸ਼ਤਾਨ ਨੂੰ ਤੁਹਾਡਾ ਹੌਸਲਾ ਨਾ ਢਾਹੁਣ ਦਿਓ! ਉਸ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੋ ਅਤੇ ਇਸ ਤਰ੍ਹਾਂ ਕਰ ਕੇ ਅਖ਼ੀਰ ਤਕ ਧੀਰਜ ਰੱਖਣ ਦਾ ਪੱਕਾ ਇਰਾਦਾ ਕਰੋ। (2 ਕੁਰਿੰਥੀਆਂ 2:11; ਅਫ਼ਸੀਆਂ 6:11-13) ਯਾਦ ਰੱਖੋ, “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” (1 ਯੂਹੰਨਾ 3:20) ਯਹੋਵਾਹ ਸਿਰਫ਼ ਸਾਡੀਆਂ ਕਮਜ਼ੋਰੀਆਂ ਨੂੰ ਹੀ ਨਹੀਂ ਦੇਖਦਾ। ਉਹ ਸਾਡੇ ਮਨੋਰਥਾਂ ਅਤੇ ਇਰਾਦਿਆਂ ਨੂੰ ਵੀ ਦੇਖਦਾ ਹੈ। ਇਸ ਲਈ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਦਿਲਾਸਾ ਪਾਓ: “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।”—ਜ਼ਬੂਰ 94:14.
ਮਸੀਹ ਦੀ ਸ਼ਾਂਤੀ ਵਿਚ ਇਕਮੁੱਠ
16. ਧੀਰਜ ਕਰਨ ਵਿਚ ਅਸੀਂ ਕਿਵੇਂ ਇਕੱਲੇ ਨਹੀਂ ਹਾਂ?
16 ਪੌਲੁਸ ਨੇ ਲਿਖਿਆ ਕਿ ਸਾਨੂੰ ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਵਿਚ ਰਾਜ ਕਰਨ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ “ਇੱਕੋ ਦੇਹ ਹੋ ਕੇ ਸੱਦੇ ਵੀ ਗਏ” ਸੀ। ਜਿਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਪੌਲੁਸ ਨੇ ਇਹ ਗੱਲ ਲਿਖੀ ਸੀ, ਉਨ੍ਹਾਂ ਨੂੰ ਤੇ ਅੱਜ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਮਸੀਹ ਦੀ ਦੇਹ ਦੇ ਅੰਗ ਬਣਨ ਲਈ ਸੱਦਿਆ ਗਿਆ ਸੀ। ਉਨ੍ਹਾਂ ਦੇ ਸਾਥੀ ਯਾਨੀ ‘ਹੋਰ ਭੇਡਾਂ’ “ਇੱਕੋ ਅਯਾਲੀ” ਯਿਸੂ ਮਸੀਹ ਦੇ ਅਧੀਨ “ਇੱਕੋ ਇੱਜੜ” ਵਿਚ ਰਹਿ ਕੇ ਉਨ੍ਹਾਂ ਨਾਲ ਇਕਮੁੱਠ ਹਨ। (ਯੂਹੰਨਾ 10:16) ਪੂਰੀ ਦੁਨੀਆਂ ਵਿਚ ਲੱਖਾਂ ਲੋਕਾਂ ਦਾ ਇਹ “ਇੱਜੜ” ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਵਿਚ ਰਾਜ ਕਰਨ ਦੇ ਰਿਹਾ ਹੈ। ਇਹ ਜਾਣ ਕੇ ਸਾਨੂੰ ਅਖ਼ੀਰ ਤਕ ਧੀਰਜ ਕਰਨ ਵਿਚ ਮਦਦ ਮਿਲਦੀ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਪਤਰਸ ਨੇ ਲਿਖਿਆ: “ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ [ਸ਼ਤਾਨ] ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।”—1 ਪਤਰਸ 5:9.
17. ਸਾਨੂੰ ਕਿਉਂ ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਵਿਚ ਰਾਜ ਕਰਨ ਦੇਣਾ ਚਾਹੀਦਾ ਹੈ?
17 ਇਸ ਲਈ ਆਓ ਆਪਾਂ ਸਾਰੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਇਸ ਜ਼ਰੂਰੀ ਫਲ ਯਾਨੀ ਸ਼ਾਂਤੀ ਨੂੰ ਵਧਾਉਂਦੇ ਰਹੀਏ। (ਗਲਾਤੀਆਂ 5:22, 23) ਜਿਹੜੇ ਯਹੋਵਾਹ ਦੀਆਂ ਨਜ਼ਰਾਂ ਵਿਚ ਨਿਰਮਲ ਤੇ ਨਿਹਕਲੰਕ ਸਾਬਤ ਹੋਣਗੇ ਅਤੇ ਸ਼ਾਂਤੀ ਵਿਚ ਹੋਣਗੇ, ਉਨ੍ਹਾਂ ਨੂੰ ਅਖ਼ੀਰ ਵਿਚ ਫਿਰਦੌਸ ਉੱਤੇ, ਜਿਸ ਵਿਚ ਧਾਰਮਿਕਤਾ ਵਾਸ ਕਰੇਗੀ, ਅਨੰਤ ਜ਼ਿੰਦਗੀ ਦੀ ਅਸੀਸ ਮਿਲੇਗੀ। (2 ਪਤਰਸ 3:13, 14) ਇਸ ਲਈ ਸਾਡੇ ਕੋਲ ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਵਿਚ ਰਾਜ ਕਰਨ ਦੇਣ ਦੇ ਬਹੁਤ ਸਾਰੇ ਕਾਰਨ ਹਨ।
[ਫੁਟਨੋਟ]
a ਕੁਝ ਮਾਮਲਿਆਂ ਵਿਚ ਸਿਹਤ ਸਮੱਸਿਆਵਾਂ ਕਰਕੇ ਚਿੰਤਾ ਹੋ ਸਕਦੀ ਹੈ ਜਾਂ ਵਧ ਸਕਦੀ ਹੈ, ਜਿਵੇਂ ਕਿ ਕਲਿਨਿਕਲ ਡਿਪਰੈਸ਼ਨ।
ਕੀ ਤੁਹਾਨੂੰ ਯਾਦ ਹੈ?
• ਮਸੀਹ ਦੀ ਸ਼ਾਂਤੀ ਕੀ ਹੈ?
• ਜਦੋਂ ਅਸੀਂ ਅਨਿਆਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਮਸੀਹ ਦੀ ਸ਼ਾਂਤੀ ਸਾਡੇ ਦਿਲਾਂ ਵਿਚ ਕਿਵੇਂ ਰਾਜ ਕਰ ਸਕਦੀ ਹੈ?
• ਮਸੀਹ ਦੀ ਸ਼ਾਂਤੀ ਚਿੰਤਾ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਾਡੀ ਮਦਦ ਕਰਦੀ ਹੈ?
• ਜਦੋਂ ਅਸੀਂ ਆਪਣੇ ਆਪ ਨੂੰ ਨਿਕੰਮਾ ਮਹਿਸੂਸ ਕਰਦੇ ਹਾਂ, ਤਾਂ ਮਸੀਹ ਦੀ ਸ਼ਾਂਤੀ ਸਾਨੂੰ ਕਿਵੇਂ ਦਿਲਾਸਾ ਦਿੰਦੀ ਹੈ?
[ਸਫ਼ੇ 15 ਉੱਤੇ ਤਸਵੀਰ]
ਆਪਣੇ ਦੋਸ਼ ਲਾਉਣ ਵਾਲਿਆਂ ਸਾਮ੍ਹਣੇ, ਯਿਸੂ ਨੇ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦੇ ਦਿੱਤਾ
[ਸਫ਼ੇ 16 ਉੱਤੇ ਤਸਵੀਰ]
ਜਿਵੇਂ ਇਕ ਪਿਆਰ ਕਰਨ ਵਾਲੇ ਪਿਤਾ ਦੀਆਂ ਬਾਹਾਂ ਵਿਚ ਸਾਨੂੰ ਸਕੂਨ ਮਿਲਦਾ ਹੈ, ਉਸੇ ਤਰ੍ਹਾਂ ਯਹੋਵਾਹ ਦੀਆਂ ਤਸੱਲੀਆਂ ਸਾਡੀ ਚਿੰਤਾ ਨੂੰ ਘਟਾ ਸਕਦੀਆਂ ਹਨ
[ਸਫ਼ੇ 18 ਉੱਤੇ ਤਸਵੀਰ]
ਯਹੋਵਾਹ ਸਾਡੇ ਧੀਰਜ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ