ਕੀ ਤੁਸੀਂ ਨੇਕੀ ਦੀ ਪੈਰਵੀ ਕਰ ਰਹੇ ਹੋ?
“ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।”—ਫ਼ਿਲਿੱਪੀਆਂ 4:8.
1. ਬੁਰਾਈ ਕੀ ਹੈ, ਅਤੇ ਇਸ ਨਾਲ ਯਹੋਵਾਹ ਦੀ ਉਪਾਸਨਾ ਭ੍ਰਿਸ਼ਟ ਕਿਉਂ ਨਹੀਂ ਹੋਈ ਹੈ?
ਬੁਰਾਈ ਨੈਤਿਕ ਬਦਚਲਣੀ ਜਾਂ ਭ੍ਰਿਸ਼ਟਤਾ ਹੈ। ਇਹ ਅੱਜ ਦੇ ਸੰਸਾਰ ਵਿਚ ਸਮਾਈ ਹੋਈ ਹੈ। (ਅਫ਼ਸੀਆਂ 2:1-3) ਤਾਂ ਵੀ, ਯਹੋਵਾਹ ਪਰਮੇਸ਼ੁਰ ਆਪਣੀ ਸ਼ੁੱਧ ਉਪਾਸਨਾ ਨੂੰ ਭ੍ਰਿਸ਼ਟ ਨਹੀਂ ਹੋਣ ਦੇਵੇਗਾ। ਮਸੀਹੀ ਪ੍ਰਕਾਸ਼ਨ, ਸਭਾਵਾਂ, ਸੰਮੇਲਨ, ਅਤੇ ਮਹਾਂ-ਸੰਮੇਲਨ ਸਾਨੂੰ ਕੁਧਰਮੀ ਆਚਰਣ ਦੇ ਖ਼ਿਲਾਫ਼ ਵੇਲੇ ਸਿਰ ਚੇਤਾਵਨੀਆਂ ਦਿੰਦੇ ਹਨ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜੋ “ਭਲਿਆਈ” ਹੈ, ਉਸ ਨਾਲ ‘ਮਿਲੇ ਰਹਿਣ’ ਲਈ ਸਾਨੂੰ ਸਹੀ ਸ਼ਾਸਤਰ ਸੰਬੰਧੀ ਸਹਾਇਤਾ ਮਿਲਦੀ ਹੈ। (ਰੋਮੀਆਂ 12:9) ਇਸ ਵਾਸਤੇ, ਯਹੋਵਾਹ ਦੇ ਗਵਾਹ ਇਕ ਸੰਗਠਨ ਵਜੋਂ, ਸ਼ੁੱਧ ਅਤੇ ਨੇਕ ਹੋਣ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਨ। ਪਰ ਵਿਅਕਤੀਗਤ ਤੌਰ ਤੇ ਸਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਵਾਕਈ, ਕੀ ਤੁਸੀਂ ਨੇਕੀ ਦੀ ਪੈਰਵੀ ਕਰ ਰਹੇ ਹੋ?
2. ਨੇਕੀ ਕੀ ਹੈ, ਅਤੇ ਨੇਕ ਰਹਿਣ ਲਈ ਜਤਨ ਦੀ ਕਿਉਂ ਜ਼ਰੂਰਤ ਹੈ?
2 ਨੇਕੀ ਨੈਤਿਕ ਉੱਤਮਤਾ, ਚੰਗਿਆਈ, ਸਹੀ ਕਾਰਜ ਅਤੇ ਸੋਚਣੀ ਹੈ। ਇਹ ਇਕ ਕਾਰਜਹੀਣ ਗੁਣ ਨਹੀਂ ਪਰ ਇਕ ਸਰਗਰਮ ਅਤੇ ਕਾਰਜਸ਼ੀਲ ਗੁਣ ਹੈ। ਨੇਕੀ ਵਿਚ ਪਾਪ ਤੋਂ ਪਰਹੇਜ਼ ਕਰਨ ਨਾਲੋਂ ਜ਼ਿਆਦਾ ਸ਼ਾਮਲ ਹੈ; ਇਸ ਦਾ ਮਤਲਬ ਹੈ ਭਲਾਈ ਦੇ ਮਗਰ ਲੱਗੇ ਰਹਿਣਾ। (1 ਤਿਮੋਥਿਉਸ 6:11) ਪਤਰਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਉਪਦੇਸ਼ ਦਿੱਤਾ: “ਆਪਣੀ ਨਿਹਚਾ ਨਾਲ ਨੇਕੀ . . . ਨੂੰ ਵਧਾਈ ਜਾਓ।” ਕਿਸ ਤਰ੍ਹਾਂ? “[ਪਰਮੇਸ਼ੁਰ ਦੇ ਕੀਮਤੀ ਵਾਅਦਿਆਂ ਕਰਕੇ] ਆਪਣੀ ਵੱਲੋਂ ਵੱਡਾ ਜਤਨ ਕਰ ਕੇ।” (ਟੇਢੇ ਟਾਈਪ ਸਾਡੇ।) (2 ਪਤਰਸ 1:5, 7) ਸਾਡੇ ਪਾਪੀ ਸੁਭਾਉ ਦੇ ਕਾਰਨ, ਨੇਕ ਰਹਿਣ ਲਈ ਸਖ਼ਤ ਜਤਨ ਦੀ ਲੋੜ ਹੈ। ਫਿਰ ਵੀ, ਬਹੁਤ ਵੱਡੀਆਂ ਰੁਕਾਵਟਾਂ ਦੇ ਸਾਮ੍ਹਣੇ ਵੀ, ਬੀਤੇ ਸਮੇਂ ਵਿਚ ਪਰਮੇਸ਼ੁਰ ਤੋਂ ਡਰਨ ਵਾਲੇ ਵਿਅਕਤੀਆਂ ਨੇ ਇੰਜ ਕੀਤਾ ਸੀ।
ਉਸ ਨੇ ਨੇਕੀ ਦੀ ਪੈਰਵੀ ਕੀਤੀ
3. ਰਾਜਾ ਆਹਾਜ਼ ਕਿਹੜੇ ਦੁਸ਼ਟ ਕਾਰਜਾਂ ਦਾ ਅਪਰਾਧੀ ਸੀ?
3 ਸ਼ਾਸਤਰ ਵਿਚ ਉਨ੍ਹਾਂ ਦੇ ਕਈ ਬਿਰਤਾਂਤ ਹਨ ਜਿਨ੍ਹਾਂ ਨੇ ਨੇਕੀ ਦੀ ਪੈਰਵੀ ਕੀਤੀ ਸੀ। ਉਦਾਹਰਣ ਲਈ, ਨੇਕ ਹਿਜ਼ਕੀਯਾਹ ਬਾਰੇ ਵਿਚਾਰ ਕਰੋ। ਉਸ ਦਾ ਪਿਉ, ਯਹੂਦਾਹ ਦਾ ਰਾਜਾ ਆਹਾਜ਼, ਪ੍ਰਤੱਖ ਰੂਪ ਵਿਚ ਮੋਲਕ ਨੂੰ ਪੂਜਦਾ ਸੀ। “ਆਹਾਜ਼ ਵੀਹਾਂ ਵਰਿਹਾਂ ਦਾ ਸੀ ਜਦ ਰਾਜ ਕਰਨ ਲੱਗਾ ਅਰ ਉਹ ਨੇ ਯਰੂਸ਼ਲਮ ਵਿੱਚ ਸੋਲਾਂ ਵਰਹੇ ਰਾਜ ਕੀਤਾ ਅਰ ਉਹ ਨੇ ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ਸੀ। ਪਰ ਉਹ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਸਗੋਂ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਉਹ ਨੇ ਆਪਣੇ ਪੁੱਤ੍ਰ ਨੂੰ ਅੱਗ ਵਿੱਚੋਂ ਦੀ ਲੰਘਵਾਇਆ। ਅਤੇ ਉਹ ਉੱਚਿਆਂ ਥਾਵਾਂ ਅਰ ਟਿੱਲਿਆਂ ਉੱਤੇ ਅਰ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ।” (2 ਰਾਜਿਆਂ 16:2-4) ਕਈ ਦਾਅਵਾ ਕਰਦੇ ਹਨ ਕਿ ‘ਅੱਗ ਵਿੱਚੋਂ ਦੀ ਲੰਘਵਾਉਣ’ ਦਾ ਮਤਲਬ ਕਿਸੇ ਕਿਸਮ ਦੀ ਪਵਿੱਤਰ ਹੋਣ ਦੀ ਰਸਮ ਸੀ ਅਤੇ ਮਾਨਵ ਬਲੀ ਨਹੀਂ। ਪਰੰਤੂ, ਜੌਨ ਡੇ ਦੀ ਕਿਤਾਬ ਮੋਲਕ—ਪੁਰਾਣੇ ਨੇਮ ਵਿਚ ਮਾਨਵ ਬਲੀਆਂ ਦਾ ਦੇਵਤਾ, (ਅੰਗ੍ਰੇਜ਼ੀ) ਟਿੱਪਣੀ ਦਿੰਦੀ ਹੈ: “ਪ੍ਰਾਚੀਨ ਯੂਨਾਨੀ, ਰੋਮੀ ਅਤੇ ਕਾਰਥੇਜਨੀ ਲਿਖਤਾਂ ਵਿਚ ਸਬੂਤ ਹੈ, ਨਾਲ ਹੀ ਪੁਰਾਤੱਤਵੀ ਸਬੂਤ ਵੀ ਹੈ ਕਿ ਕਨਾਨੀ ਸਮਾਜ ਵਿਚ . . . ਮਾਨਵ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ, ਅਤੇ ਇਸ ਕਰਕੇ ਪੁਰਾਣੇ ਨੇਮ ਵਿਚ [ਮਾਨਵ ਬਲੀ ਦੇ] ਉਲੇਖ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ।” ਇਸ ਤੋਂ ਇਲਾਵਾ, 2 ਇਤਹਾਸ 28:3 ਵਿਸ਼ੇਸ਼ ਤੌਰ ਤੇ ਕਹਿੰਦਾ ਹੈ ਕਿ ਆਹਾਜ਼ ਨੇ “ਆਪਣੇ ਹੀ ਪੁੱਤ੍ਰਾਂ ਨੂੰ ਅੱਗ ਵਿੱਚ ਜਲਾਇਆ।” (ਤੁਲਨਾ ਕਰੋ ਬਿਵਸਥਾ ਸਾਰ 12:31; ਜ਼ਬੂਰ 106:37, 38.) ਕਿੰਨੇ ਦੁਸ਼ਟ ਕਾਰਜ!
4. ਹਿਜ਼ਕੀਯਾਹ ਨੇ ਬੁਰਾਈ-ਭਰੇ ਮਾਹੌਲ ਵਿਚ ਕਿਸ ਤਰ੍ਹਾਂ ਵਰਤਾਉ ਕੀਤਾ?
4 ਇਸ ਬੁਰਾਈ-ਭਰੇ ਮਾਹੌਲ ਵਿਚ ਹਿਜ਼ਕੀਯਾਹ ਦੀ ਕੀ ਹਾਲਤ ਸੀ? 119ਵਾਂ ਜ਼ਬੂਰ ਦਿਲਚਸਪ ਹੈ, ਕਿਉਂ ਜੋ ਕਈ ਮੰਨਦੇ ਹਨ ਕਿ ਹਿਜ਼ਕੀਯਾਹ ਨੇ ਇਸ ਨੂੰ ਸਾਜਿਆ ਸੀ ਜਦ ਉਹ ਇਕ ਸ਼ਹਿਜ਼ਾਦਾ ਹੀ ਸੀ। (ਜ਼ਬੂਰ 119:46, 99, 100) ਤਾਂ ਸ਼ਾਇਦ ਇਹ ਸ਼ਬਦ ਉਸ ਦੇ ਹਾਲਾਤ ਬਾਰੇ ਦੱਸਣ: “ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ, ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ। ਮੇਰੀ ਜਾਨ ਉਦਾਸੀ ਦੇ ਕਾਰਨ ਢਲ ਗਈ ਹੈ।” (ਜ਼ਬੂਰ 119:23, 28) ਝੂਠੇ ਧਰਮ ਦੇ ਪੂਜਕਾਂ ਨਾਲ ਘਿਰਿਆ ਹੋਇਆ ਹਿਜ਼ਕੀਯਾਹ, ਸ਼ਾਇਦ ਸ਼ਾਹੀ ਦਰਬਾਰ ਦੇ ਮੈਂਬਰਾਂ ਵਿਚ ਮਖੌਲ ਦਾ ਪਾਤਰ ਬਣਿਆ ਹੋਵੇ, ਇੱਥੋਂ ਤਕ ਕਿ ਉਸ ਲਈ ਸੌਣਾ ਮੁਸ਼ਕਲ ਹੋ ਗਿਆ ਸੀ। ਫਿਰ ਵੀ ਉਸ ਨੇ ਨੇਕੀ ਦੀ ਪੈਰਵੀ ਕੀਤੀ, ਆਖ਼ਰਕਾਰ ਰਾਜਾ ਬਣਿਆ, ਅਤੇ “ਓਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ . . . ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਸੀ।”—2 ਰਾਜਿਆਂ 18:1-5.
ਉਹ ਨੇਕ ਰਹੇ
5. ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਨੇ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ?
5 ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਸਾਥੀ ਹਨਨਯਾਹ, ਮੀਸ਼ਾਏਲ, ਅਤੇ ਅਜ਼ਰਯਾਹ ਵੀ ਨੇਕੀ ਵਿਚ ਅਨੁਕਰਣਯੋਗ ਸਨ। ਉਨ੍ਹਾਂ ਨੂੰ ਜ਼ਬਰਦਸਤੀ ਨਾਲ ਉਨ੍ਹਾਂ ਦੇ ਮੁਲਕ ਤੋਂ ਚੁੱਕ ਕੇ ਬਾਬਲ ਲਿਜਾਇਆ ਗਿਆ ਸੀ। ਉਨ੍ਹਾਂ ਚਾਰ ਨੌਜਵਾਨਾਂ ਨੂੰ ਬਾਬਲੀ ਨਾਂ—ਬੇਲਟਸ਼ੱਸਰ, ਸ਼ਦਰਕ, ਮੇਸ਼ਕ, ਅਤੇ ਅਬੇਦ-ਨਗੋ—ਦਿੱਤੇ ਗਏ ਸਨ। ਉਨ੍ਹਾਂ ਨੂੰ ‘ਰਾਜੇ ਦੇ ਸੁਆਦਲੇ ਭੋਜਨ’ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਵਿਚ ਪਰਮੇਸ਼ੁਰ ਦੀ ਬਿਵਸਥਾ ਵਿਚ ਮਨ੍ਹਾ ਕੀਤੇ ਹੋਏ ਭੋਜਨ ਵੀ ਸ਼ਾਮਲ ਸਨ। ਇਸ ਦੇ ਇਲਾਵਾ, ਉਹ “ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ” ਸੰਬੰਧੀ ਤਿੰਨ-ਸਾਲਾ ਸਿਖਲਾਈ ਕੋਰਸ ਲੈਣ ਲਈ ਮਜਬੂਰ ਕੀਤੇ ਗਏ ਸਨ। ਇਸ ਵਿਚ ਕੇਵਲ ਇਕ ਨਵੀਂ ਭਾਸ਼ਾ ਸਿੱਖਣ ਤੋਂ ਜ਼ਿਆਦਾ ਸ਼ਾਮਲ ਸੀ, ਕਿਉਂ ਜੋ ਮੁਮਕਿਨ ਹੈ ਕਿ ਇੱਥੇ “ਕਸਦੀਆਂ” ਸ਼ਬਦ ਵਿਦਵਾਨਾਂ ਦੇ ਵਰਗ ਨੂੰ ਸੂਚਿਤ ਕਰਦਾ ਹੈ। ਇੰਜ ਇਹ ਇਬਰਾਨੀ ਨੌਜਵਾਨ ਵਿਕ੍ਰਿਤ ਬਾਬਲੀ ਸਿੱਖਿਆਵਾਂ ਦੇ ਹਵਾਲੇ ਕੀਤੇ ਗਏ ਸਨ।—ਦਾਨੀਏਲ 1:1-7.
6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦਾਨੀਏਲ ਨੇ ਨੇਕੀ ਦੀ ਪੈਰਵੀ ਕੀਤੀ ਸੀ?
6 ਬਾਬਲੀਆਂ ਦੇ ਸਮਰੂਪ ਬਣਨ ਦੇ ਡਾਢੇ ਦਬਾਉ ਦੇ ਬਾਵਜੂਦ ਵੀ, ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਨੇ ਬੁਰਾਈ ਦੇ ਥਾਂ ਨੇਕੀ ਪਸੰਦ ਕੀਤੀ। ਦਾਨੀਏਲ 1:21 ਕਹਿੰਦਾ ਹੈ: “ਦਾਨੀਏਲ ਖੋਰਸ ਰਾਜਾ ਦੇ ਪਹਿਲੇ ਵਰ੍ਹੇ ਤੀਕਰ ਰਿਹਾ।” ਜੀ ਹਾਂ, ਦਾਨੀਏਲ ਯਹੋਵਾਹ ਦੇ ਇਕ ਨੇਕ ਸੇਵਕ ਵਜੋਂ 80 ਤੋਂ ਵੱਧ ਸਾਲ “ਤੀਕਰ ਰਿਹਾ” ਅਤੇ ਉਸ ਨੇ ਕਈ ਸ਼ਕਤੀਸ਼ਾਲੀ ਰਾਜਿਆਂ ਦੇ ਉਤਾਰ-ਚੜ੍ਹਾਓ ਨੂੰ ਦੇਖਿਆ। ਭ੍ਰਿਸ਼ਟ ਸਰਕਾਰੀ ਕਰਮਚਾਰੀਆਂ ਦੀਆਂ ਸਾਜ਼ਸ਼ਾਂ ਅਤੇ ਚਾਲਾਂ ਦੇ ਬਾਵਜੂਦ ਅਤੇ ਬਾਬਲੀ ਧਰਮ ਵਿਚ ਸਮਾਈ ਹੋਈ ਲਿੰਗੀ ਬੁਰਾਈ ਦੇ ਬਾਵਜੂਦ ਵੀ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ। ਦਾਨੀਏਲ ਨੇਕੀ ਦੀ ਪੈਰਵੀ ਕਰਦਾ ਰਿਹਾ।
7. ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਨੇ ਜੋ ਰਾਹ ਅਪਣਾਇਆ, ਉਸ ਤੋਂ ਕੀ ਸਿੱਖਿਆ ਜਾ ਸਕਦਾ ਹੈ?
7 ਅਸੀਂ ਪਰਮੇਸ਼ੁਰ ਤੋਂ ਡਰਨ ਵਾਲੇ ਦਾਨੀਏਲ ਅਤੇ ਉਸ ਦੇ ਸਾਥੀਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਨੇ ਨੇਕੀ ਦੀ ਪੈਰਵੀ ਕੀਤੀ ਅਤੇ ਬਾਬਲੀ ਸਭਿਆਚਾਰ ਵਿਚ ਇਕਮਿਕ ਹੋਣ ਤੋਂ ਇਨਕਾਰ ਕੀਤਾ। ਭਾਵੇਂ ਉਨ੍ਹਾਂ ਨੂੰ ਬਾਬਲੀ ਨਾਂ ਦਿੱਤੇ ਗਏ ਸਨ, ਉਨ੍ਹਾਂ ਨੇ ਯਹੋਵਾਹ ਦੇ ਸੇਵਕਾਂ ਵਜੋਂ ਆਪਣੀ ਸ਼ਨਾਖਤ ਕਦੀ ਨਹੀਂ ਗੁਆਈ। ਕਿਉਂ, ਕੁਝ 70 ਸਾਲ ਬਾਅਦ ਵੀ ਬਾਬਲੀ ਰਾਜੇ ਨੇ ਦਾਨੀਏਲ ਨੂੰ ਉਸ ਦੇ ਇਬਰਾਨੀ ਨਾਂ ਤੋਂ ਹੀ ਸੱਦਿਆ ਸੀ! (ਦਾਨੀਏਲ 5:13) ਆਪਣੀ ਪੂਰੀ ਲੰਮੀ ਜ਼ਿੰਦਗੀ ਵਿਚ, ਦਾਨੀਏਲ ਨੇ ਛੋਟੇ-ਮੋਟੇ ਮਾਮਲਿਆਂ ਵਿਚ ਵੀ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਸੀ। ਆਪਣੀ ਜਵਾਨੀ ਵਿਚ ਹੀ ਉਸ ਨੇ ‘ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਸੀ ਭਈ ਆਪਣੇ ਤਾਈਂ ਰਾਜੇ ਦੇ ਸੁਆਦਲੇ ਭੋਜਨ ਨਾਲ . . . ਨਪਾਕ ਨਾ ਕਰੇ।’ (ਦਾਨੀਏਲ 1:8) ਨਿਰਸੰਦੇਹ, ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਦੇ ਇਸ ਦ੍ਰਿੜ੍ਹ ਦ੍ਰਿਸ਼ਟੀਕੋਣ ਨੇ ਉਨ੍ਹਾਂ ਨੂੰ ਬਾਅਦ ਵਿਚ ਆਉਣ ਵਾਲੀਆਂ ਜੀਵਨ-ਅਤੇ-ਮੌਤ ਦੀਆਂ ਪਰੀਖਿਆਵਾਂ ਵਿਚ ਸਫ਼ਲ ਹੋਣ ਲਈ ਮਜ਼ਬੂਤ ਬਣਾਇਆ।—ਦਾਨੀਏਲ, ਅਧਿਆਇ 3 ਅਤੇ 6.
ਅੱਜ ਨੇਕੀ ਦੀ ਪੈਰਵੀ ਕਰਨੀ
8. ਮਸੀਹੀ ਨੌਜਵਾਨ ਸ਼ਤਾਨ ਦੇ ਸੰਸਾਰ ਵਿਚ ਇਕਮਿਕ ਹੋਣ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਨ?
8 ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਵਾਂਗ, ਪਰਮੇਸ਼ੁਰ ਦੇ ਲੋਕ ਅੱਜ ਸ਼ਤਾਨ ਦੇ ਦੁਸ਼ਟ ਸੰਸਾਰ ਵਿਚ ਇਕਮਿਕ ਹੋਣ ਤੋਂ ਪਰਹੇਜ਼ ਕਰਦੇ ਹਨ। (1 ਯੂਹੰਨਾ 5:19) ਜੇ ਤੁਸੀਂ ਇਕ ਮਸੀਹੀ ਨੌਜਵਾਨ ਹੋ, ਤਾਂ ਤੁਸੀਂ ਸ਼ਾਇਦ ਆਪਣੇ ਹਾਣੀਆਂ ਵੱਲੋਂ ਉਨ੍ਹਾਂ ਦੇ ਪਹਿਰਾਵੇ, ਸ਼ਿੰਗਾਰ, ਅਤੇ ਸੰਗੀਤ ਦੀ ਅਤਿਅੰਤ ਪਸੰਦ ਦੀ ਨਕਲ ਕਰਨ ਦਾ ਸਖ਼ਤ ਦਬਾਉ ਅਨੁਭਵ ਕਰ ਰਹੇ ਹੋਵੋਗੇ। ਪਰ, ਹਰ ਨਵੇਂ ਨਿਕਲੇ ਫ਼ੈਸ਼ਨ ਦੇ ਪਿੱਛੇ ਲੱਗਣ ਦੀ ਬਜਾਇ, ਦ੍ਰਿੜ੍ਹ ਰਹੋ, ਅਤੇ ਆਪਣੇ ਆਪ ਨੂੰ “ਇਸ ਜੁੱਗ ਦੇ ਰੂਪ ਜੇਹੇ” ਨਾ ਬਣਨ ਦਿਓ। (ਰੋਮੀਆਂ 12:2) ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ . . . ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੋ।’ (ਤੀਤੁਸ 2:11, 12) ਯਹੋਵਾਹ ਨੂੰ ਪ੍ਰਸੰਨ ਕਰਨਾ ਮਹੱਤਵਪੂਰਣ ਹੈ ਨਾ ਕਿ ਆਪਣੇ ਹਾਣੀਆਂ ਨੂੰ।—ਕਹਾਉਤਾਂ 12:2.
9. ਕਾਰੋਬਾਰੀ ਸੰਸਾਰ ਵਿਚ ਮਸੀਹੀਆਂ ਉੱਤੇ ਕਿਸ ਤਰ੍ਹਾਂ ਦਬਾਉ ਆ ਸਕਦੇ ਹਨ, ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਵਰਤਾਉ ਕਰਨਾ ਚਾਹੀਦਾ ਹੈ?
9 ਬਾਲਗ ਮਸੀਹੀਆਂ ਉੱਤੇ ਵੀ ਦਬਾਉ ਆਉਂਦੇ ਹਨ ਅਤੇ ਉਨ੍ਹਾਂ ਲਈ ਵੀ ਨੇਕ ਰਹਿਣਾ ਜ਼ਰੂਰੀ ਹੈ। ਮਸੀਹੀ ਕਾਰੋਬਾਰੀ ਆਦਮੀ ਸ਼ਾਇਦ ਇਤਰਾਜ਼ਯੋਗ ਤਰੀਕੇ ਇਸਤੇਮਾਲ ਕਰਨ ਲਈ ਜਾਂ ਸਰਕਾਰੀ ਵਿਨਿਯਮਾਂ ਅਤੇ ਕਰ ਸੰਬੰਧੀ ਨਿਯਮਾਂ ਨੂੰ ਅਣਡਿੱਠ ਕਰਨ ਲਈ ਲਲਚਾਏ ਜਾਣ। ਫਿਰ ਵੀ, ਕਾਰੋਬਾਰੀ ਪ੍ਰਤਿਯੋਗੀਆਂ ਜਾਂ ਸਹਿਕਰਮੀਆਂ ਦਾ ਭਾਵੇਂ ਕਿਸੇ ਤਰ੍ਹਾਂ ਦਾ ਵੀ ਤੌਰ-ਤਰੀਕਾ ਹੋਵੇ, “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਸ਼ਾਸਤਰ ਅਨੁਸਾਰ ਸਾਡੇ ਲਈ ਮਾਲਕਾਂ, ਕਰਮਚਾਰੀਆਂ, ਗਾਹਕਾਂ, ਅਤੇ ਸਰਕਾਰਾਂ ਨਾਲ ਈਮਾਨਦਾਰ ਅਤੇ ਨਿਰਪੱਖ ਹੋਣਾ ਜ਼ਰੂਰੀ ਹੈ। (ਬਿਵਸਥਾ ਸਾਰ 25:13-16; ਮੱਤੀ 5:37; ਰੋਮੀਆਂ 13:1; 1 ਤਿਮੋਥਿਉਸ 5:18; ਤੀਤੁਸ 2:9, 10) ਆਓ ਅਸੀਂ ਕਾਰੋਬਾਰੀ ਧੰਦਿਆਂ ਵਿਚ ਵੀ ਵਿਵਸਥਿਤ ਹੋਣ ਦਾ ਸਖ਼ਤ ਜਤਨ ਕਰੀਏ। ਦਰੁਸਤ ਰੀਕਾਰਡ ਰੱਖ ਕੇ ਅਤੇ ਇਕਰਾਰਨਾਮਿਆਂ ਨੂੰ ਕਲਮਬੰਦ ਕਰਕੇ, ਅਸੀਂ ਅਕਸਰ ਗ਼ਲਤਫ਼ਹਿਮੀ ਤੋਂ ਬਚ ਸਕਦੇ ਹਾਂ।
ਚੌਕਸੀ ਕਰੋ!
10. ਸੰਗੀਤ ਬਾਰੇ ਸਾਡੀ ਪਸੰਦ ਦੇ ਮਾਮਲੇ ਵਿਚ ‘ਚੌਕਸੀ ਕਰਨੀ’ ਕਿਉਂ ਜ਼ਰੂਰੀ ਹੈ?
10 ਪਰਮੇਸ਼ੁਰ ਦੀ ਨਜ਼ਰ ਵਿਚ ਨੇਕ ਰਹਿਣ ਦੇ ਇਕ ਹੋਰ ਪਹਿਲੂ ਨੂੰ ਜ਼ਬੂਰ 119:9 ਉਜਾਗਰ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਕ ਗੀਤ ਵਿਚ ਕਿਹਾ: “ਜੁਆਨ ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।” ਸ਼ਤਾਨ ਦਾ ਇਕ ਸਭ ਤੋਂ ਅਸਰਦਾਰ ਹਥਿਆਰ ਹੈ ਸੰਗੀਤ, ਜਿਸ ਵਿਚ ਮਨੋਭਾਵਨਾਵਾਂ ਨੂੰ ਭੜਕਾਉਣ ਦੀ ਤਾਕਤ ਹੈ। ਦੁੱਖ ਦੀ ਗੱਲ ਹੈ ਕਿ ਕਈ ਮਸੀਹੀਆਂ ਨੇ ਸੰਗੀਤ ਦੇ ਮਾਮਲੇ ਵਿਚ ‘ਚੌਕਸੀ ਕਰਨੀ’ ਛੱਡ ਦਿੱਤੀ ਹੈ, ਅਤੇ ਉਹ ਸਖ਼ਤ ਪ੍ਰਕਾਰ ਦੇ ਸੰਗੀਤ ਵੱਲ ਖਿੱਚ ਮਹਿਸੂਸ ਕਰਦੇ ਹਨ, ਜਿਵੇਂ ਕਿ ਰੈੱਪ ਅਤੇ ਹੈਵੀ ਮੈਟਲ। ਸ਼ਾਇਦ ਕੁਝ ਵਿਅਕਤੀ ਬਹਿਸ ਕਰਨ ਕਿ ਅਜਿਹੇ ਸੰਗੀਤ ਦਾ ਉਨ੍ਹਾਂ ਤੇ ਬੁਰਾ ਅਸਰ ਨਹੀਂ ਹੁੰਦਾ ਹੈ ਜਾਂ ਕਿ ਉਹ ਸੰਗੀਤ ਦੇ ਬੋਲਾਂ ਵੱਲ ਧਿਆਨ ਨਹੀਂ ਦਿੰਦੇ ਹਨ। ਦੂਸਰੇ ਕਹਿੰਦੇ ਹਨ ਕਿ ਉਹ ਕੇਵਲ ਇਕ ਜ਼ੋਰਦਾਰ ਤਾਲ ਜਾਂ ਗਿਟਾਰਾਂ ਦੀ ਉੱਚੀ ਆਵਾਜ਼ ਪਸੰਦ ਕਰਦੇ ਹਨ। ਪਰ ਮਸੀਹੀਆਂ ਲਈ ਵਾਦ-ਵਿਸ਼ਾ ਇਹ ਨਹੀਂ ਕਿ ਕੋਈ ਚੀਜ਼ ਆਨੰਦਮਈ ਹੈ ਜਾਂ ਨਹੀਂ। ਉਨ੍ਹਾਂ ਦੀ ਇਹ ਚਿੰਤਾ ਹੈ ਕਿ ਇਹ ‘ਪਰਮੇਸ਼ੁਰ ਨੂੰ ਭਾਉਂਦਾ ਹੈ’ ਜਾਂ ਨਹੀਂ। (ਅਫ਼ਸੀਆਂ 5:10) ਆਮ ਤੌਰ ਤੇ, ਹੈਵੀ ਮੈਟਲ ਅਤੇ ਰੈੱਪ ਸੰਗੀਤ ਲੱਚਰਤਾ, ਵਿਭਚਾਰ, ਅਤੇ ਇੱਥੋਂ ਤਕ ਕਿ ਸ਼ੈਤਾਨਵਾਦ ਵਰਗੀਆਂ ਬੁਰਾਈਆਂ ਨੂੰ ਵੀ ਸਮਰਥਨ ਦਿੰਦੇ ਹਨ—ਅਜਿਹੀਆਂ ਚੀਜ਼ਾਂ ਜਿਨ੍ਹਾਂ ਲਈ ਪਰਮੇਸ਼ੁਰ ਦੇ ਲੋਕਾਂ ਵਿਚ ਬਿਲਕੁਲ ਕੋਈ ਥਾਂ ਨਹੀਂ ਹੈ।a (ਅਫ਼ਸੀਆਂ 5:3) ਭਾਵੇਂ ਅਸੀਂ ਜਵਾਨ ਹੋਈਏ ਜਾਂ ਬੁੱਢੇ, ਸਾਨੂੰ ਸਭ ਨੂੰ ਇਸ ਸਵਾਲ ਬਾਰੇ ਸੋਚਣਾ ਚਾਹੀਦਾ ਹੈ, ਸੰਗੀਤ ਵਿਚ ਮੇਰੀ ਪਸੰਦ ਨਾਲ, ਕੀ ਮੈਂ ਬੁਰਾਈ ਦੀ ਜਾਂ ਨੇਕੀ ਦੀ ਪੈਰਵੀ ਕਰਦਾ ਹਾਂ?
11. ਇਕ ਮਸੀਹੀ ਟੈਲੀਵਿਯਨ ਕਾਰਜਕ੍ਰਮਾਂ, ਵਿਡਿਓ, ਅਤੇ ਫਿਲਮਾਂ ਬਾਰੇ ਕਿਸ ਤਰ੍ਹਾਂ ਚੌਕਸੀ ਕਰ ਸਕਦਾ ਹੈ?
11 ਅਨੇਕ ਟੈਲੀਵਿਯਨ ਕਾਰਜਕ੍ਰਮ, ਵਿਡਿਓ, ਅਤੇ ਫਿਲਮਾਂ ਬੁਰਾਈ ਦਾ ਸਮਰਥਨ ਕਰਦੀਆਂ ਹਨ। ਇਕ ਪ੍ਰਸਿੱਧ ਮਨੋਵਿਗਿਆਨ ਵਿਸ਼ੇਸ਼ੱਗ ਅਨੁਸਾਰ, ਅੱਜ-ਕਲ੍ਹ ਬਣਾਈਆਂ ਜਾਣ ਵਾਲੀਆਂ ਜ਼ਿਆਦਾਤਰ ਫਿਲਮਾਂ ਵਿਚ ‘ਸੁਖਵਾਦ, ਕਾਮੁਕਤਾ, ਹਿੰਸਾ, ਲੋਭ, ਅਤੇ ਖ਼ੁਦਗਰਜ਼ੀ’ ਪ੍ਰਮੁੱਖ ਹੁੰਦੇ ਹਨ। ਇਸ ਕਰਕੇ ਚੌਕਸੀ ਕਰਨ ਵਿਚ ਚੋਣਵੇਂ ਹੋਣਾ ਵੀ ਸ਼ਾਮਲ ਹੈ ਕਿ ਅਸੀਂ ਕੀ ਦੇਖਣਾ ਪਸੰਦ ਕਰਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਦੁਆ ਕੀਤੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।” (ਜ਼ਬੂਰ 119:37) ਜੋਸਫ਼ ਨਾਮਕ ਇਕ ਮਸੀਹੀ ਨੇ ਇਹ ਸਿਧਾਂਤ ਲਾਗੂ ਕੀਤਾ। ਜਦ ਇਕ ਫਿਲਮ ਨੇ ਸਪੱਸ਼ਟ ਸੰਭੋਗ ਅਤੇ ਹਿੰਸਾ ਦਿਖਾਉਣਾ ਸ਼ੁਰੂ ਕੀਤਾ, ਤਾਂ ਉਹ ਸਿਨਮਾ-ਘਰ ਵਿੱਚੋਂ ਬਾਹਰ ਆ ਗਿਆ। ਕੀ ਉਹ ਇੰਜ ਕਰਨ ਵਿਚ ਸ਼ਰਮਿੰਦਾ ਨਹੀਂ ਹੋਇਆ? “ਨਹੀਂ, ਬਿਲਕੁਲ ਨਹੀਂ,” ਜੋਸਫ਼ ਕਹਿੰਦਾ ਹੈ। “ਮੇਰੇ ਮਨ ਵਿਚ ਪਹਿਲਾ ਵਿਚਾਰ ਯਹੋਵਾਹ ਬਾਰੇ ਅਤੇ ਉਸ ਨੂੰ ਖ਼ੁਸ਼ ਕਰਨ ਬਾਰੇ ਸੀ।”
ਅਧਿਐਨ ਅਤੇ ਮਨਨ ਦੀ ਭੂਮਿਕਾ
12. ਨੇਕੀ ਦੀ ਪੈਰਵੀ ਕਰਨ ਲਈ ਨਿੱਜੀ ਅਧਿਐਨ ਅਤੇ ਮਨਨ ਕਰਨ ਦੀ ਕਿਉਂ ਜ਼ਰੂਰਤ ਹੈ?
12 ਬੁਰੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਕਾਫ਼ੀ ਨਹੀਂ ਹੈ। ਨੇਕੀ ਦੀ ਪੈਰਵੀ ਕਰਨ ਵਿਚ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਚੰਗੀਆਂ ਗੱਲਾਂ ਦਾ ਅਧਿਐਨ ਕਰਨਾ ਅਤੇ ਉਨ੍ਹਾਂ ਉੱਤੇ ਮਨਨ ਕਰਨਾ ਵੀ ਸ਼ਾਮਲ ਹੈ ਤਾਂਕਿ ਸਾਡੇ ਜੀਵਨ ਵਿਚ ਉਸ ਦੇ ਧਰਮੀ ਸਿਧਾਂਤ ਲਾਗੂ ਕੀਤੇ ਜਾ ਸਕਣ। “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ!” ਜ਼ਬੂਰਾਂ ਦੇ ਲਿਖਾਰੀ ਨੇ ਕਿਹਾ। “ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ।” (ਜ਼ਬੂਰ 119:97) ਕੀ ਤੁਹਾਡੀ ਹਫ਼ਤੇ ਦੀ ਅਨੁਸੂਚੀ ਵਿਚ ਬਾਈਬਲ ਅਤੇ ਮਸੀਹੀ ਪ੍ਰਕਾਸ਼ਨਾਂ ਦਾ ਨਿੱਜੀ ਅਧਿਐਨ ਸ਼ਾਮਲ ਹੈ? ਇਹ ਸੱਚ ਹੈ ਕਿ ਪਰਮੇਸ਼ੁਰ ਦੇ ਬਚਨ ਦਾ ਉੱਦਮੀ ਢੰਗ ਨਾਲ ਅਧਿਐਨ ਕਰਨ ਅਤੇ ਉਸ ਉੱਤੇ ਪ੍ਰਾਰਥਨਾਪੂਰਵਕ ਮਨਨ ਕਰਨ ਲਈ ਸਮਾਂ ਕੱਢਣਾ ਮੁਸ਼ਕਲ ਹੋ ਸਕਦਾ ਹੈ। ਪਰ ਅਕਸਰ ਦੂਸਰੀਆਂ ਸਰਗਰਮੀਆਂ ਤੋਂ ਸਮਾਂ ਕੱਢਣਾ ਮੁਮਕਿਨ ਹੁੰਦਾ ਹੈ। (ਅਫ਼ਸੀਆਂ 5:15, 16) ਸ਼ਾਇਦ ਸਵੇਰੇ ਤੜਕੇ ਦਾ ਵੇਲਾ ਤੁਹਾਡੇ ਲਈ ਪ੍ਰਾਰਥਨਾ, ਅਧਿਐਨ, ਅਤੇ ਮਨਨ ਕਰਨ ਲਈ ਢੁਕਵਾਂ ਸਮਾਂ ਹੋਵੇ।—ਤੁਲਨਾ ਕਰੋ ਜ਼ਬੂਰ 119:147.
13, 14. (ੳ) ਮਨਨ ਕਰਨਾ ਕਿਉਂ ਅਮੁੱਲ ਹੈ? (ਅ) ਕਿਹੜੇ ਸ਼ਾਸਤਰਵਚਨਾਂ ਤੇ ਮਨਨ ਕਰਨਾ ਲਿੰਗੀ ਅਨੈਤਿਕਤਾ ਨਾਲ ਘਿਰਣਾ ਕਰਨ ਵਿਚ ਸਾਡੀ ਮਦਦ ਕਰੇਗਾ?
13 ਮਨਨ ਕਰਨਾ ਅਮੁੱਲ ਹੈ, ਕਿਉਂਕਿ ਇਹ ਸਾਨੂੰ ਉਹ ਯਾਦ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਜੋ ਅਸੀਂ ਸਿੱਖਦੇ ਹਾਂ। ਹੋਰ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਈਸ਼ਵਰੀ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਦਾ ਹੈ। ਮਿਸਾਲ ਵਜੋਂ: ਇਹ ਜਾਣਨਾ ਇਕ ਗੱਲ ਹੈ ਕਿ ਪਰਮੇਸ਼ੁਰ ਵਿਭਚਾਰ ਨੂੰ ਮਨ੍ਹਾ ਕਰਦਾ ਹੈ, ਪਰ ‘ਬੁਰਿਆਈ ਤੋਂ ਸੂਗ ਕਰਨਾ ਅਤੇ ਭਲਿਆਈ ਨਾਲ ਮਿਲੇ ਰਹਿਣਾ’ ਵੱਖਰੀ ਗੱਲ ਹੈ। (ਰੋਮੀਆਂ 12:9) ਅਸੀਂ ਲਿੰਗੀ ਅਨੈਤਿਕਤਾ ਬਾਰੇ ਅਸਲ ਵਿਚ ਯਹੋਵਾਹ ਵਾਂਗ ਮਹਿਸੂਸ ਕਰ ਸਕਦੇ ਹਾਂ ਜੇਕਰ ਅਸੀਂ ਕੁਲੁੱਸੀਆਂ 3:5 ਵਰਗੇ ਮੁੱਖ ਬਾਈਬਲ ਪਾਠਾਂ ਉੱਤੇ ਮਨਨ ਕਰੀਏ, ਜੋ ਪ੍ਰੇਰਣਾ ਦਿੰਦਾ ਹੈ: “ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।” ਆਪਣੇ ਆਪ ਨੂੰ ਪੁੱਛੋ: ‘ਮੈਨੂੰ ਕਿਹੋ ਜਿਹੀ ਲਿੰਗੀ ਭੁੱਖ ਮਾਰ ਸੁੱਟਣੀ ਚਾਹੀਦੀ ਹੈ? ਮੈਨੂੰ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਅਸ਼ੁੱਧ ਇੱਛਾ ਨੂੰ ਜਗਾ ਸਕਦੀ ਹੈ? ਕੀ ਮੈਨੂੰ ਵਿਪਰੀਤ-ਲਿੰਗ ਦੇ ਵਿਅਕਤੀਆਂ ਨਾਲ ਆਪਣੇ ਸਲੂਕ ਵਿਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ?’—ਤੁਲਨਾ ਕਰੋ 1 ਤਿਮੋਥਿਉਸ 5:1, 2.
14 ਪੌਲੁਸ ਮਸੀਹੀਆਂ ਨੂੰ ਵਿਭਚਾਰ ਤੋਂ ਪਰਹੇਜ਼ ਕਰਨ ਲਈ ਅਤੇ ਆਤਮ-ਸੰਜਮ ਰੱਖਣ ਲਈ ਪ੍ਰੇਰਣਾ ਦਿੰਦਾ ਹੈ ਤਾਂਕਿ “ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਾਈ ਨਾਲ ਵਾਧਾ ਕਰੇ।” (1 ਥੱਸਲੁਨੀਕੀਆਂ 4:3-7) ਆਪਣੇ ਆਪ ਨੂੰ ਪੁੱਛੋ: ‘ਵਿਭਚਾਰ ਕਰਨਾ ਕਿਉਂ ਹਾਨੀਕਾਰਕ ਹੈ? ਜੇ ਮੈਂ ਇਸ ਮਾਮਲੇ ਵਿਚ ਪਾਪ ਕਰਾਂ, ਤਾਂ ਮੈਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਕੀ ਨੁਕਸਾਨ ਪਹੁੰਚਾਵਾਂਗਾ? ਮੇਰੇ ਉੱਤੇ ਅਧਿਆਤਮਿਕ, ਭਾਵਾਤਮਕ, ਅਤੇ ਸਰੀਰਕ ਤੌਰ ਤੇ ਕੀ ਅਸਰ ਪਵੇਗਾ? ਕਲੀਸਿਯਾ ਵਿਚ ਪਰਮੇਸ਼ੁਰ ਦੇ ਨਿਯਮ ਤੋੜਣ ਵਾਲੇ ਅਪਸ਼ਚਾਤਾਪੀ ਵਿਅਕਤੀਆਂ ਬਾਰੇ ਕੀ? ਉਨ੍ਹਾਂ ਦਾ ਕੀ ਹਾਲ ਹੋਇਆ ਹੈ?’ ਅਜਿਹੇ ਆਚਰਣ ਬਾਰੇ ਸ਼ਾਸਤਰ ਜੋ ਕਹਿੰਦਾ ਹੈ, ਉਸ ਨੂੰ ਦਿਲ ਵਿਚ ਬਿਠਾਉਣ ਦੁਆਰਾ ਅਸੀਂ ਉਸ ਕੰਮ ਲਈ ਆਪਣੀ ਨਫ਼ਰਤ ਗਹਿਰੀ ਕਰ ਸਕਦਾ ਹਾਂ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੁਰਾ ਹੈ। (ਕੂਚ 20:14; 1 ਕੁਰਿੰਥੀਆਂ 5:11-13; 6:9, 10; ਗਲਾਤੀਆਂ 5:19-21; ਪਰਕਾਸ਼ ਦੀ ਪੋਥੀ 21:8) ਪੌਲੁਸ ਕਹਿੰਦਾ ਹੈ ਕਿ ਇਕ ਵਿਭਚਾਰੀ “ਮਨੁੱਖ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਰੱਦਦਾ ਹੈ।” (1 ਥੱਸਲੁਨੀਕੀਆਂ 4:8) ਕਿਹੜਾ ਸੱਚਾ ਮਸੀਹੀ ਆਪਣੇ ਸਵਰਗੀ ਪਿਤਾ ਨੂੰ ਰੱਦੇਗਾ?
ਨੇਕੀ ਅਤੇ ਸੰਗਤ
15. ਸਾਡੇ ਵੱਲੋਂ ਨੇਕੀ ਦੀ ਪੈਰਵੀ ਕਰਨ ਵਿਚ ਸੰਗਤ ਦੀ ਕੀ ਭੂਮਿਕਾ ਹੈ?
15 ਚੰਗੀ ਸੰਗਤ ਨੇਕ ਰਹਿਣ ਲਈ ਇਕ ਹੋਰ ਸਹਾਇਤਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਕ ਗੀਤ ਵਿਚ ਕਿਹਾ: “ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ [ਯਹੋਵਾਹ ਦਾ] ਭੈ ਰੱਖਦੇ ਹਨ, ਅਤੇ ਤੇਰੇ ਫ਼ਰਮਾਨਾਂ ਦੀ ਪਾਲਨਾ ਕਰਦੇ ਹਨ।” (ਜ਼ਬੂਰ 119:63) ਸਾਨੂੰ ਗੁਣਕਾਰੀ ਸੰਗਤ ਦੀ ਜ਼ਰੂਰਤ ਹੈ ਜੋ ਮਸੀਹੀ ਸਭਾਵਾਂ ਵਿਚ ਮਿਲਦੀ ਹੈ। (ਇਬਰਾਨੀਆਂ 10:24, 25) ਜੇ ਅਸੀਂ ਆਪਣੇ ਆਪ ਨੂੰ ਵੱਖ ਰੱਖੀਏ, ਤਾਂ ਅਸੀਂ ਆਪਣੀ ਸੋਚਣੀ ਵਿਚ ਸ਼ਾਇਦ ਸਵੈ-ਕੇਂਦ੍ਰਿਤ ਬਣ ਜਾਈਏ, ਅਤੇ ਬੁਰਾਈ ਸਾਡੇ ਉੱਤੇ ਆਸਾਨੀ ਨਾਲ ਹਾਵੀ ਹੋ ਸਕਦੀ ਹੈ। (ਕਹਾਉਤਾਂ 18:1) ਪਰ, ਨਿੱਘੀ ਮਸੀਹੀ ਭਾਈਬੰਦੀ, ਸਾਡੇ ਨੇਕ ਰਹਿਣ ਦੇ ਇਰਾਦੇ ਨੂੰ ਮਜ਼ਬੂਤ ਬਣਾ ਸਕਦੀ ਹੈ। ਨਿਰਸੰਦੇਹ, ਸਾਨੂੰ ਬੁਰੀ ਸੰਗਤ ਤੋਂ ਵੀ ਬਚਣਾ ਚਾਹੀਦਾ ਹੈ। ਗੁਆਂਢੀਆਂ, ਸਹਿਕਰਮੀਆਂ, ਅਤੇ ਸੰਗੀ ਸਿੱਖਿਆਰਥੀਆਂ ਨਾਲ ਅਸੀਂ ਦੋਸਤਾਨਾ ਰਵੱਈਆ ਰੱਖ ਸਕਦੇ ਹਾਂ। ਪਰ ਜੇ ਅਸੀਂ ਸੱਚ-ਮੁੱਚ ਅਕਲਮੰਦੀ ਨਾਲ ਚੱਲ ਰਹੇ ਹਾਂ ਤਾਂ ਉਨ੍ਹਾਂ ਨਾਲ ਅਸੀਂ ਜ਼ਿਆਦਾ ਦੋਸਤੀ ਕਰਨ ਤੋਂ ਪਰਹੇਜ਼ ਕਰਾਂਗੇ ਜੋ ਮਸੀਹੀ ਨੇਕੀ ਦੀ ਪੈਰਵੀ ਨਹੀਂ ਕਰ ਰਹੇ ਹਨ।—ਤੁਲਨਾ ਕਰੋ ਕੁਲੁੱਸੀਆਂ 4:5.
16. ਪਹਿਲਾ ਕੁਰਿੰਥੀਆਂ 15:33 ਨੂੰ ਲਾਗੂ ਕਰਨਾ ਕਿਸ ਤਰ੍ਹਾਂ ਨੇਕੀ ਦੀ ਪੈਰਵੀ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ?
16 ਪੌਲੁਸ ਨੇ ਲਿਖਿਆ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” ਇਹ ਕਹਿ ਕੇ ਉਹ ਵਿਸ਼ਵਾਸੀਆਂ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਉਹ ਅਖਾਉਤੀ ਮਸੀਹੀਆਂ, ਜਿਨ੍ਹਾਂ ਨੇ ਪੁਨਰ-ਉਥਾਨ ਦੀ ਸ਼ਾਸਤਰ-ਸੰਬੰਧੀ ਸਿੱਖਿਆ ਰੱਦ ਕੀਤੀ ਸੀ, ਨਾਲ ਸੰਗਤ ਰੱਖ ਕੇ ਆਪਣੀ ਨਿਹਚਾ ਗੁਆ ਸਕਦੇ ਸਨ। ਪੌਲੁਸ ਦੀ ਚੇਤਾਵਨੀ ਵਿਚਲਾ ਸਿਧਾਂਤ ਕਲੀਸਿਯਾ ਦੇ ਬਾਹਰ ਅਤੇ ਅੰਦਰ ਵੀ ਸਾਡੀਆਂ ਸੰਗਤਾਂ ਤੇ ਲਾਗੂ ਹੁੰਦਾ ਹੈ। (1 ਕੁਰਿੰਥੀਆਂ 15:12, 33) ਨਿਰਸੰਦੇਹ, ਅਸੀਂ ਆਪਣੇ ਅਧਿਆਤਮਿਕ ਭੈਣਾਂ ਭਰਾਵਾਂ ਤੋਂ ਸਿਰਫ਼ ਇਸ ਕਰਕੇ ਹੀ ਪਰੇ ਨਹੀਂ ਰਹਿਣਾ ਚਾਹੁੰਦੇ ਹਾਂ ਕਿ ਉਹ ਸਾਡੇ ਕਿਸੇ ਬਿਲਕੁਲ ਨਿੱਜੀ ਦ੍ਰਿਸ਼ਟੀਕੋਣ ਨਾਲ ਸਹਿਮਤ ਨਹੀਂ ਹਨ। (ਮੱਤੀ 7:4, 5; ਰੋਮੀਆਂ 14:1-12) ਫਿਰ ਵੀ, ਜੇਕਰ ਕਲੀਸਿਯਾ ਦੇ ਵਿਚ ਕੁਝ ਵਿਅਕਤੀ ਇਤਰਾਜ਼ਯੋਗ ਆਚਰਣ ਰੱਖਦੇ ਹਨ ਜਾਂ ਰੁੱਖੇ ਜਾਂ ਸ਼ਿਕਾਇਤੀ ਸੁਭਾਅ ਦੇ ਹਨ, ਤਾਂ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। (2 ਤਿਮੋਥਿਉਸ 2:20-22) ਉਨ੍ਹਾਂ ਨਾਲ ਸੰਗਤ ਰੱਖਣੀ ਬੁੱਧੀਮਤਾ ਦੀ ਗੱਲ ਹੈ ਜਿਨ੍ਹਾਂ ਦੀ ਸੰਗਤ ਵਿਚ “ਦੋਵੇਂ ਧਿਰਾਂ ਉਤਸਾਹ ਪ੍ਰਾਪਤ” ਕਰਨ ਦਾ ਆਨੰਦ ਮਾਣ ਸਕਣ। (ਰੋਮੀਆਂ 1:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਨੇਕੀ ਦੇ ਰਾਹ ਉੱਤੇ ਚੱਲਣ ਵਿਚ ਅਤੇ ‘ਜੀਉਣ ਦੇ ਮਾਰਗ’ ਉੱਤੇ ਰਹਿਣ ਵਿਚ ਸਾਡੀ ਮਦਦ ਕਰੇਗੀ।—ਜ਼ਬੂਰ 16:11.
ਨੇਕੀ ਦੀ ਪੈਰਵੀ ਕਰਦੇ ਰਹੋ
17. ਗਿਣਤੀ ਅਧਿਆਇ 25 ਦੇ ਅਨੁਸਾਰ, ਇਸਰਾਏਲੀਆਂ ਉੱਤੇ ਕਿਹੜੀ ਆਫ਼ਤ ਆਈ, ਅਤੇ ਇਸ ਤੋਂ ਸਾਨੂੰ ਕੀ ਸਬਕ ਮਿਲਦਾ ਹੈ?
17 ਵਾਅਦਾ ਕੀਤੇ ਹੋਏ ਦੇਸ਼ ਤੇ ਕਬਜ਼ਾ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ, ਇਸਰਾਏਲੀਆਂ ਵਿੱਚੋਂ ਕਿੰਨੇ ਹਜ਼ਾਰਾਂ ਨੇ ਬੁਰਾਈ ਦੀ ਪੈਰਵੀ ਕਰਨੀ ਪਸੰਦ ਕੀਤੀ—ਅਤੇ ਆਫ਼ਤ ਭੋਗੀ। (ਗਿਣਤੀ, ਅਧਿਆਇ 25) ਅੱਜ, ਯਹੋਵਾਹ ਦੇ ਲੋਕ ਧਰਮੀ ਨਵੇਂ ਸੰਸਾਰ ਦੇ ਦੁਆਰ ਤੇ ਖੜ੍ਹੇ ਹਨ। ਉਸ ਦੇ ਅੰਦਰ ਦਾਖ਼ਲਾ, ਉਨ੍ਹਾਂ ਦਾ ਹੀ ਸੁਖਦਾਈ ਵਿਸ਼ੇਸ਼-ਅਧਿਕਾਰ ਹੋਵੇਗਾ ਜੋ ਇਸ ਸੰਸਾਰ ਦੀਆਂ ਬੁਰਾਈਆਂ ਨੂੰ ਰੱਦ ਕਰਨਾ ਜਾਰੀ ਰੱਖਦੇ ਹਨ। ਅਪੂਰਣ ਇਨਸਾਨਾਂ ਵਜੋਂ, ਸਾਡੇ ਗ਼ਲਤ ਝੁਕਾਉ ਹੋ ਸਕਦੇ ਹਨ, ਪਰ ਪਰਮੇਸ਼ੁਰ ਪਵਿੱਤਰ ਆਤਮਾ ਦੀ ਧਰਮੀ ਅਗਵਾਈ ਨੂੰ ਗ੍ਰਹਿਣ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। (ਗਲਾਤੀਆਂ 5:16; 1 ਥੱਸਲੁਨੀਕੀਆਂ 4:3, 4) ਇਸ ਲਈ, ਆਓ ਅਸੀਂ ਇਸਰਾਏਲ ਨੂੰ ਯਹੋਸ਼ੁਆ ਵੱਲੋਂ ਦਿੱਤੇ ਗਏ ਉਪਦੇਸ਼ ਵੱਲ ਤਵੱਜੋ ਦੇਈਏ: “ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ।” (ਯਹੋਸ਼ੁਆ 24:14) ਯਹੋਵਾਹ ਨੂੰ ਨਾਰਾਜ਼ ਕਰਨ ਦਾ ਸਤਿਕਾਰਪੂਰਣ ਡਰ ਸਾਨੂੰ ਨੇਕੀ ਦੇ ਰਾਹ ਉੱਤੇ ਚੱਲਦੇ ਰਹਿਣ ਵਿਚ ਮਦਦ ਦੇਵੇਗਾ।
18. ਨੇਕੀ ਅਤੇ ਬੁਰਾਈ ਬਾਰੇ ਮਸੀਹੀਆਂ ਦਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
18 ਜੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਤੁਹਾਡੇ ਦਿਲ ਦੀ ਇੱਛਾ ਹੈ, ਤਾਂ ਪੌਲੁਸ ਦੇ ਉਪਦੇਸ਼ ਵੱਲ ਤਵੱਜੋ ਦੇਣ ਲਈ ਦ੍ਰਿੜ੍ਹ ਹੋਵੋ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।” ਜੇਕਰ ਤੁਸੀਂ ਇੰਜ ਕਰੋਗੇ, ਤਾਂ ਨਤੀਜਾ ਕੀ ਹੋਵੇਗਾ? ਪੌਲੁਸ ਨੇ ਕਿਹਾ: “ਓਹੀਓ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।” (ਫ਼ਿਲਿੱਪੀਆਂ 4:8, 9) ਜੀ ਹਾਂ, ਯਹੋਵਾਹ ਦੀ ਮਦਦ ਨਾਲ ਤੁਸੀਂ ਬੁਰਾਈ ਨੂੰ ਰੱਦ ਸਕਦੇ ਹੋ ਅਤੇ ਨੇਕੀ ਦੀ ਪੈਰਵੀ ਕਰ ਸਕਦੇ ਹੋ।
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ), ਅਪ੍ਰੈਲ 15, 1993, ਸਫ਼ੇ 19-24, ਅਤੇ ਫਰਵਰੀ 8, ਫਰਵਰੀ 22, ਅਤੇ ਮਾਰਚ 22, 1993, ਅਤੇ ਨਵੰਬਰ 22, 1996 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਲੇਖ-ਮਾਲਾ “ਨੌਜਵਾਨ ਪੁੱਛਦੇ ਹਨ . . .” ਦੇਖੋ।
ਪੁਨਰ-ਵਿਚਾਰ ਲਈ ਨੁਕਤੇ
◻ ਨੇਕੀ ਦੀ ਪੈਰਵੀ ਕਰਨ ਲਈ ਕੀ ਲੋੜੀਂਦਾ ਹੈ?
◻ ਹਿਜ਼ਕੀਯਾਹ, ਦਾਨੀਏਲ, ਅਤੇ ਤਿੰਨ ਇਬਰਾਨੀ ਕਿਹੜੀਆਂ ਹਾਲਤਾਂ ਅਧੀਨ ਨੇਕ ਰਹੇ ਸਨ?
◻ ਸ਼ਤਾਨ ਦੀਆਂ ਜੁਗਤਾਂ ਦਾ ਵਿਰੋਧ ਕਰਨ ਵਿਚ ਅਸੀਂ ਕਿਸ ਤਰ੍ਹਾਂ ਦਾਨੀਏਲ ਵਰਗੇ ਹੋ ਸਕਦੇ ਹਾਂ?
◻ ਮਨੋਰੰਜਨ ਬਾਰੇ ਮਸੀਹੀਆਂ ਨੂੰ ਕਿਉਂ ਚੌਕਸੀ ਕਰਨੀ ਚਾਹੀਦੀ ਹੈ?
◻ ਨੇਕੀ ਦੀ ਪੈਰਵੀ ਕਰਨ ਵਿਚ ਅਧਿਐਨ, ਮਨਨ, ਅਤੇ ਸੰਗਤ ਦੀ ਕੀ ਭੂਮਿਕਾ ਹੈ?
[ਸਫ਼ੇ 26 ਉੱਤੇ ਤਸਵੀਰ]
ਜਵਾਨ ਹਿਜ਼ਕੀਯਾਹ ਨੇ ਨੇਕੀ ਦੀ ਪੈਰਵੀ ਕੀਤੀ ਭਾਵੇਂ ਉਹ ਮੋਲਕ ਦੇ ਪੂਜਕਾਂ ਨਾਲ ਘਿਰਿਆ ਹੋਇਆ ਸੀ
[ਸਫ਼ੇ 31 ਉੱਤੇ ਤਸਵੀਰਾਂ]
ਮਨੋਰੰਜਨ ਦੇ ਮਾਮਲੇ ਵਿਚ ਮਸੀਹੀਆਂ ਨੂੰ ਚੌਕਸੀ ਕਰਨੀ ਚਾਹੀਦੀ ਹੈ