ਯਹੋਵਾਹ ਦਾ ਦਿਨ ਕੀ ਪ੍ਰਗਟ ਕਰੇਗਾ?
‘ਯਹੋਵਾਹ ਦਾ ਦਿਨ ਚੋਰ ਵਾਂਙੁ ਆਵੇਗਾ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।’—2 ਪਤ. 3:10.
1, 2. (ੳ) ਅੱਜ ਦੀ ਬੁਰੀ ਦੁਨੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
ਅੱਜ ਦੀ ਬੁਰੀ ਦੁਨੀਆਂ ਦੀ ਨੀਂਹ ਇਸ ਝੂਠ ʼਤੇ ਟਿਕੀ ਹੋਈ ਹੈ ਕਿ ਯਹੋਵਾਹ ਤੋਂ ਬੇਮੁਖ ਹੋ ਕੇ ਇਨਸਾਨ ਸਫ਼ਲਤਾ ਨਾਲ ਧਰਤੀ ʼਤੇ ਹਕੂਮਤ ਕਰ ਸਕਦੇ ਹਨ। (ਜ਼ਬੂ. 2:2, 3) ਕੀ ਝੂਠ ਉੱਤੇ ਕੋਈ ਚੀਜ਼ ਹਮੇਸ਼ਾ ਲਈ ਟਿਕੀ ਰਹਿ ਸਕਦੀ ਹੈ? ਬਿਲਕੁਲ ਨਹੀਂ! ਫਿਰ ਵੀ ਅਸੀਂ ਇਹ ਆਸ ਨਹੀਂ ਰੱਖਦੇ ਕਿ ਸ਼ਤਾਨ ਦੀ ਦੁਨੀਆਂ ਆਪ ਹੀ ਖ਼ਤਮ ਹੋ ਜਾਵੇਗੀ, ਸਗੋਂ ਪਰਮੇਸ਼ੁਰ ਆਪਣੇ ਨਿਸ਼ਚਿਤ ਸਮੇਂ ਤੇ ਆਪਣੇ ਤਰੀਕੇ ਅਨੁਸਾਰ ਇਸ ਨੂੰ ਨਾਸ਼ ਕਰੇਗਾ। ਇਸ ਬੁਰੀ ਦੁਨੀਆਂ ਖ਼ਿਲਾਫ਼ ਚੁੱਕੇ ਪਰਮੇਸ਼ੁਰ ਦੇ ਇਸ ਕਦਮ ਤੋਂ ਉਸ ਦਾ ਇਨਸਾਫ਼ ਅਤੇ ਪਿਆਰ ਪੂਰੀ ਤਰ੍ਹਾਂ ਪ੍ਰਗਟ ਹੋਵੇਗਾ।—ਜ਼ਬੂ. 92:7; ਕਹਾ. 2:21, 22.
2 ਪਤਰਸ ਰਸੂਲ ਨੇ ਲਿਖਿਆ: ‘ਯਹੋਵਾਹ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।’ (2 ਪਤ. 3:10) ਇੱਥੇ ਜ਼ਿਕਰ ਕੀਤੇ ਗਏ “ਅਕਾਸ਼” ਅਤੇ “ਧਰਤੀ” ਕੀ ਹਨ? “ਮੂਲ ਵਸਤਾਂ” ਕੀ ਹਨ ਜੋ ਢਲ਼ ਜਾਣਗੀਆਂ? ਅਤੇ ਪਤਰਸ ਦਾ ਇਹ ਕਹਿਣ ਦਾ ਕੀ ਮਤਲਬ ਸੀ ਕਿ “ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ”? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਸਾਨੂੰ ਭਵਿੱਖ ਵਿਚ ਹੋਣ ਵਾਲੀਆਂ ਭਿਆਨਕ ਘਟਨਾਵਾਂ ਲਈ ਤਿਆਰ ਹੋਣ ਵਿਚ ਮਦਦ ਮਿਲੇਗੀ।
ਆਕਾਸ਼ ਅਤੇ ਧਰਤੀ ਜੋ ਜਾਂਦੇ ਰਹਿਣਗੇ
3. ਦੂਜਾ ਪਤਰਸ 3:10 ਵਿਚ ਜ਼ਿਕਰ ਕੀਤੇ ਗਏ “ਅਕਾਸ਼” ਕੀ ਹਨ ਅਤੇ ਇਹ ਕਿਵੇਂ ਜਾਂਦੇ ਰਹਿਣਗੇ?
3 ਬਾਈਬਲ ਵਿਚ ਕਈ ਵਾਰ “ਅਕਾਸ਼” ਸ਼ਬਦ ਹਕੂਮਤਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਜੋ ਲੋਕਾਂ ਤੋਂ ਉੱਚੀਆਂ ਹੁੰਦੀਆਂ ਹਨ। (ਯਸਾ. 14:13, 14; ਪਰ. 21:1, 2) “ਅਕਾਸ਼ [ਜੋ] ਸਰਨਾਟੇ ਨਾਲ ਜਾਂਦੇ ਰਹਿਣਗੇ,” ਉਹ ਦੁਸ਼ਟ ਸਮਾਜ ਉੱਤੇ ਮਨੁੱਖੀ ਰਾਜ ਹੈ। “ਸਰਨਾਟੇ ਨਾਲ” ਜਾਂ ਇਕ ਹੋਰ ਅਨੁਵਾਦ ਅਨੁਸਾਰ “ਵੱਡੀ ਗਰਜਣ ਦੀ ਅਵਾਜ਼” ਨਾਲ ਉਨ੍ਹਾਂ ਦਾ ਜਾਂਦੇ ਰਹਿਣਾ ਸ਼ਾਇਦ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਨ੍ਹਾਂ ਆਕਾਸ਼ਾਂ ਦਾ ਅੰਤ ਚੁਟਕੀ ਵਿਚ ਹੀ ਹੋ ਜਾਵੇਗਾ।
4. “ਧਰਤੀ” ਕੀ ਹੈ ਅਤੇ ਇਸ ਨੂੰ ਕਿਵੇਂ ਤਬਾਹ ਕੀਤਾ ਜਾਵੇਗਾ?
4 “ਧਰਤੀ” ਪਰਮੇਸ਼ੁਰ ਤੋਂ ਦੂਰ ਹੋਈ ਦੁਨੀਆਂ ਨੂੰ ਦਰਸਾਉਂਦੀ ਹੈ। ਅਜਿਹੀ ਇਕ ਦੁਨੀਆਂ ਨੂਹ ਦੇ ਜ਼ਮਾਨੇ ਵਿਚ ਰਹਿੰਦੀ ਸੀ ਜੋ ਪਰਮੇਸ਼ੁਰ ਦੇ ਫ਼ਰਮਾਨ ਨਾਲ ਜਲ-ਪਰਲੋ ਨਾਲ ਤਬਾਹ ਹੋ ਗਈ ਸੀ। “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।” (2 ਪਤ. 3:7) ਪਰਲੋ ਨਾਲ ਉਸ ਬੁਰੀ ਦੁਨੀਆਂ ਦਾ ਨਾਸ਼ ਤਾਂ ਇੱਕੋ ਸਮੇਂ ਤੇ ਹੋ ਗਿਆ ਸੀ, ਪਰ “ਵੱਡੀ ਬਿਪਤਾ” ਦੌਰਾਨ ਇੱਦਾਂ ਨਾਸ਼ ਨਹੀਂ ਹੋਵੇਗਾ। (ਪਰ. 7:14) ਉਸ ਬਿਪਤਾ ਦੇ ਪਹਿਲੇ ਪੜਾਅ ਵਿਚ ਪਰਮੇਸ਼ੁਰ ਇਸ ਦੁਨੀਆਂ ਦੇ ਸਿਆਸੀ ਹਾਕਮਾਂ ਨੂੰ ‘ਵੱਡੀ ਨਗਰੀ ਬਾਬੁਲ’ ਦਾ ਨਾਸ਼ ਕਰਨ ਲਈ ਪ੍ਰੇਰੇਗਾ। ਇਸ ਤਰ੍ਹਾਂ ਉਹ ਉਸ ਧਾਰਮਿਕ ਕੰਜਰੀ ਲਈ ਆਪਣੀ ਨਫ਼ਰਤ ਪ੍ਰਗਟ ਕਰੇਗਾ। (ਪਰ. 17:5, 16; 18:8) ਫਿਰ ਆਰਮਾਗੇਡਨ ਦੇ ਯੁੱਧ ਵਿਚ ਵੱਡੀ ਬਿਪਤਾ ਦੇ ਆਖ਼ਰੀ ਪੜਾਅ ਦੌਰਾਨ ਯਹੋਵਾਹ ਸ਼ਤਾਨ ਦੀ ਬਾਕੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।—ਪਰ. 16:14, 16; 19:19-21.
‘ਮੂਲ ਵਸਤਾਂ ਢਲ ਜਾਣਗੀਆਂ’
5. ਮੂਲ ਵਸਤਾਂ ਵਿਚ ਕੀ ਸ਼ਾਮਲ ਹੈ?
5 “ਮੂਲ ਵਸਤਾਂ” ਕੀ ਹਨ ਜੋ ‘ਢਲ ਜਾਣਗੀਆਂ’? ਇਕ ਬਾਈਬਲ ਡਿਕਸ਼ਨਰੀ ਇਨ੍ਹਾਂ “ਮੂਲ ਵਸਤਾਂ” ਨੂੰ “ਮੁਢਲੇ ਸਿਧਾਂਤ” ਜਾਂ ਨਿਯਮ ਕਹਿੰਦੀ ਹੈ। ਇਹ ਡਿਕਸ਼ਨਰੀ ਕਹਿੰਦੀ ਹੈ ਕਿ “ਮੂਲ ਵਸਤਾਂ” ‘ਭਾਸ਼ਾ ਦੇ ਮੂਲ ਤੱਤਾਂ ਯਾਨੀ ਵਰਣਮਾਲਾ ਦੇ ਅੱਖਰਾਂ ਨੂੰ ਦਰਸਾਉਣ ਲਈ ਵਰਤੇ ਗਏ ਸਨ।’ ਇਸ ਤਰ੍ਹਾਂ ਪਤਰਸ ਨੇ ਜਿਨ੍ਹਾਂ “ਮੂਲ ਵਸਤਾਂ” ਦਾ ਜ਼ਿਕਰ ਕੀਤਾ ਸੀ, ਉਹ ਉਨ੍ਹਾਂ ਮੂਲ ਚੀਜ਼ਾਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਕਾਰਨ ਦੁਨੀਆਂ ਵਿਚ ਭੈੜੇ ਲੱਛਣ, ਰਵੱਈਏ, ਤੌਰ-ਤਰੀਕੇ ਅਤੇ ਉਦੇਸ਼ ਪੈਦਾ ਹੁੰਦੇ ਹਨ। “ਮੂਲ ਵਸਤਾਂ” ਵਿਚ “ਜਗਤ ਦਾ ਆਤਮਾ” ਯਾਨੀ ਹਵਾ ਸ਼ਾਮਲ ਹੈ ਜੋ “ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ।” (1 ਕੁਰਿੰ. 2:12; ਅਫ਼ਸੀਆਂ 2:1-3 ਪੜ੍ਹੋ।) ਇਹ ਹਵਾ ਸ਼ਤਾਨ ਦੀ ਦੁਨੀਆਂ ਵਿਚ ਹਰ ਪਾਸੇ ਫੈਲੀ ਹੋਈ ਹੈ ਕਿਉਂਕਿ ਸ਼ਤਾਨ ‘ਹਵਾਈ ਇਖ਼ਤਿਆਰ ਦਾ ਸਰਦਾਰ’ ਹੈ ਜੋ ਘਮੰਡੀ ਤੇ ਜ਼ਿੱਦੀ ਹੈ। ਜਿਨ੍ਹਾਂ ਲੋਕਾਂ ਨੂੰ ਇਹ ਹਵਾ ਲੱਗੀ ਹੈ, ਉਹ ਸ਼ਤਾਨ ਵਾਂਗ ਸੋਚਦੇ, ਯੋਜਨਾ ਬਣਾਉਂਦੇ, ਬੋਲਦੇ ਅਤੇ ਕੰਮ ਕਰਦੇ ਹਨ।
6. ਦੁਨੀਆਂ ਦੀ ਹਵਾ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ?
6 ਇਸ ਲਈ, ਦੁਨੀਆਂ ਦੀ ਹਵਾ ਤੋਂ ਪ੍ਰਭਾਵਿਤ ਲੋਕ ਜਾਣੇ-ਅਣਜਾਣੇ ਵਿਚ ਆਪਣੇ ਦਿਲਾਂ-ਦਿਮਾਗਾਂ ਉੱਤੇ ਸ਼ਤਾਨ ਨੂੰ ਅਸਰ ਕਰਨ ਦਿੰਦੇ ਹਨ ਜਿਸ ਕਰਕੇ ਉਹ ਉਸ ਵਰਗੀ ਸੋਚ ਅਤੇ ਰਵੱਈਆ ਰੱਖਦੇ ਹਨ। ਨਤੀਜੇ ਵਜੋਂ, ਉਹ ਆਪਣੀ ਮਨ-ਮਰਜ਼ੀ ਕਰਦੇ ਹਨ ਅਤੇ ਪਰਮੇਸ਼ੁਰ ਦੀ ਇੱਛਾ ਦੀ ਕੋਈ ਪਰਵਾਹ ਨਹੀਂ ਕਰਦੇ। ਉਹ ਜੋ ਵੀ ਕਰਦੇ ਹਨ, ਘਮੰਡ ਨਾਲ ਕਰਦੇ ਹਨ ਤੇ ਆਪਣਾ ਸੁਆਰਥ ਦੇਖਦੇ ਹਨ। ਉਹ ਕਿਸੇ ਦੇ ਅਧਿਕਾਰ ਨੂੰ ਨਹੀਂ ਮੰਨਦੇ ਅਤੇ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ” ਅੱਗੇ ਝੁਕ ਜਾਂਦੇ ਹਨ।—1 ਯੂਹੰਨਾ 2:15-17 ਪੜ੍ਹੋ।
7. ਸਾਨੂੰ “ਆਪਣੇ ਮਨ ਦੀ ਵੱਡੀ ਚੌਕਸੀ” ਕਿਉਂ ਕਰਨੀ ਚਾਹੀਦੀ ਹੈ?
7 ਤਾਂ ਫਿਰ ਕਿੰਨਾ ਮਹੱਤਵਪੂਰਣ ਹੈ ਕਿ ਅਸੀਂ ਦੋਸਤ ਚੁਣਨ, ਕੋਈ ਜਾਣਕਾਰੀ ਪੜ੍ਹਨ, ਮਨੋਰੰਜਨ ਕਰਨ ਅਤੇ ਇੰਟਰਨੈੱਟ ʼਤੇ ਵੈੱਬ-ਸਾਈਟਾਂ ਦੇਖਣ ਲੱਗਿਆਂ ਸਮਝ ਤੋਂ ਕੰਮ ਲਈਏ। ਇਸ ਤਰ੍ਹਾਂ ਅਸੀਂ ‘ਆਪਣੇ ਮਨ ਦੀ ਵੱਡੀ ਚੌਕਸੀ ਕਰਾਂਗੇ।’ (ਕਹਾ. 4:23) ਪੌਲੁਸ ਰਸੂਲ ਨੇ ਲਿਖਿਆ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।” (ਕੁਲੁ. 2:8) ਇਸ ਹੁਕਮ ਨੂੰ ਮੰਨਣਾ ਹੋਰ ਵੀ ਜ਼ਰੂਰੀ ਹੈ ਜਿਉਂ-ਜਿਉਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਹੈ ਕਿਉਂਕਿ ਇਸ ਦੇ “ਤਪ” ਨਾਲ ਸ਼ਤਾਨ ਦੀ ਦੁਨੀਆਂ ਦੀਆਂ ਸਾਰੀਆਂ “ਮੂਲ ਵਸਤਾਂ” ਪਿਘਲ ਜਾਣਗੀਆਂ। ਇਸ ਤੋਂ ਪ੍ਰਗਟ ਹੋਵੇਗਾ ਕਿ ਇਹ ਯਹੋਵਾਹ ਦੇ ਕ੍ਰੋਧ ਦੀ ਤਪਸ਼ ਨਹੀਂ ਸਹਾਰ ਸਕਦੀਆਂ। ਇਹ ਗੱਲ ਸਾਨੂੰ ਮਲਾਕੀ 4:1 ਵਿਚ ਪਾਏ ਜਾਂਦੇ ਸ਼ਬਦਾਂ ਦੀ ਯਾਦ ਦਿਲਾਉਂਦੀ ਹੈ: “ਉਹ ਦਿਨ ਆਉਂਦਾ ਹੈ, ਤੰਦੂਰ ਵਾਂਙੁ ਸਾੜਨ ਵਾਲਾ। ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਭੁਠਾ ਹੋਣਗੇ। ਉਹ ਦਿਨ ਓਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਓਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ।”
“ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ”
8. ਧਰਤੀ ਅਤੇ ਇਸ ਦੇ ਸਾਰੇ ਕੰਮ ਕਿਵੇਂ “ਪ੍ਰਗਟ” ਹੋਣਗੇ?
8 ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ 2 ਪਤਰਸ 3:10 ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਧਰਤੀ ਅਤੇ ਇਸ ਦੇ ਸਾਰੇ ਕੰਮ ਵੀ ਪ੍ਰਗਟ ਹੋ ਜਾਣਗੇ।” ਪਤਰਸ ਦੇ ਕਹਿਣ ਦਾ ਕੀ ਮਤਲਬ ਸੀ? “ਪ੍ਰਗਟ” ਹੋਣ ਦਾ ਇਹ ਵੀ ਮਤਲਬ ਹੋ ਸਕਦਾ ਹੈ “ਪਤਾ ਲੱਗਣਾ” ਜਾਂ “ਪਰਦਾ ਫ਼ਾਸ਼ ਕਰਨਾ।” ਪਤਰਸ ਦੇ ਕਹਿਣ ਦਾ ਮਤਲਬ ਸੀ ਕਿ ਵੱਡੀ ਬਿਪਤਾ ਦੌਰਾਨ, ਯਹੋਵਾਹ ਪਰਦਾ ਫ਼ਾਸ਼ ਕਰੇਗਾ ਕਿ ਸ਼ਤਾਨ ਦੀ ਦੁਨੀਆਂ ਯਹੋਵਾਹ ਅਤੇ ਉਸ ਦੇ ਰਾਜ ਖ਼ਿਲਾਫ਼ ਹੈ, ਇਸ ਲਈ ਇਹ ਨਾਸ਼ ਕਰਨ ਦੇ ਲਾਇਕ ਹੈ। ਉਸ ਸਮੇਂ ਬਾਰੇ ਭਵਿੱਖਬਾਣੀ ਕਰਦੇ ਹੋਏ ਯਸਾਯਾਹ 26:21 ਕਹਿੰਦਾ ਹੈ: “ਯਹੋਵਾਹ ਆਪਣੇ ਅਸਥਾਨ ਤੋਂ ਨਿੱਕਲ ਰਿਹਾ ਹੈ, ਭਈ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣਾ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ।”
9. (ੳ) ਸਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਕਿਉਂ? (ਅ) ਸਾਨੂੰ ਆਪਣੇ ਵਿਚ ਕੀ ਪੈਦਾ ਕਰਨਾ ਚਾਹੀਦਾ ਅਤੇ ਕਿਉਂ?
9 ਜਿਹੜੇ ਲੋਕ ਦੁਨੀਆਂ ਅਤੇ ਇਸ ਦੀ ਭੈੜੀ ਹਵਾ ਦੇ ਅਸਰ ਹੇਠ ਆ ਗਏ ਹਨ, ਯਹੋਵਾਹ ਦੇ ਦਿਨ ਦੌਰਾਨ ਉਨ੍ਹਾਂ ਦਾ ਅਸਲੀ ਰੂਪ ਸਾਮ੍ਹਣੇ ਆ ਜਾਵੇਗਾ ਤੇ ਉਹ ਇਕ-ਦੂਜੇ ਦਾ ਲਹੂ ਵਹਾਉਣਗੇ। ਦਰਅਸਲ, ਅੱਜ ਪ੍ਰਚਲਿਤ ਕਈ ਤਰ੍ਹਾਂ ਦਾ ਹਿੰਸਕ ਮਨੋਰੰਜਨ ਕਈਆਂ ਦੇ ਮਨਾਂ ਨੂੰ ਉਸ ਸਮੇਂ ਲਈ ਤਿਆਰ ਕਰ ਰਿਹਾ ਹੈ ਜਦੋਂ ਲੋਕਾਂ ਦੇ ਹੱਥ “ਓਹਨਾਂ ਦੇ ਗੁਆਂਢੀਆਂ ਦੇ ਉੱਤੇ ਚੁੱਕੇ ਜਾਣਗੇ।” (ਜ਼ਕ. 14:13) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਫ਼ਿਲਮਾਂ, ਕਿਤਾਬਾਂ, ਵਿਡਿਓ ਗੇਮਾਂ ਆਦਿ ਚੀਜ਼ਾਂ ਤੋਂ ਦੂਰ ਰਹੀਏ ਜੋ ਸਾਡੇ ਵਿਚ ਅਜਿਹੇ ਔਗੁਣ ਪੈਦਾ ਕਰ ਸਕਦੀਆਂ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਨੂੰ ਘਿਣ ਹੈ ਜਿਵੇਂ ਘਮੰਡ ਅਤੇ ਹਿੰਸਾ ਨਾਲ ਪਿਆਰ। (2 ਸਮੂ. 22:28; ਜ਼ਬੂ. 11:5) ਇਸ ਦੀ ਬਜਾਇ, ਆਓ ਆਪਾਂ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰੀਏ ਜੋ ਪਰਮੇਸ਼ੁਰ ਦੇ ਕ੍ਰੋਧ ਦੀ ਤਪਸ਼ ਅੱਗੇ ਠਹਿਰੇ ਰਹਿਣਗੇ।—ਗਲਾ. 5:22, 23.
“ਨਵੇਂ ਅਕਾਸ਼ ਅਤੇ ਨਵੀਂ ਧਰਤੀ”
10, 11. “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਕੀ ਹਨ?
10 ਦੂਜਾ ਪਤਰਸ 3:13 ਪੜ੍ਹੋ। “ਨਵੇਂ ਅਕਾਸ਼” ਪਰਮੇਸ਼ੁਰ ਦਾ ਸਵਰਗੀ ਰਾਜ ਹੈ ਜੋ 1914 ਵਿਚ ਸਥਾਪਿਤ ਹੋਇਆ ਸੀ ਜਦੋਂ “ਪਰਾਈਆਂ ਕੌਮਾਂ ਦੇ ਸਮੇ” ਖ਼ਤਮ ਹੋਏ ਸਨ। (ਲੂਕਾ 21:24) ਇਹ ਸ਼ਾਹੀ ਸਰਕਾਰ ਮਸੀਹ ਯਿਸੂ ਅਤੇ ਉਸ ਦੇ 1,44,000 ਸਾਥੀਆਂ ਦੀ ਬਣੀ ਹੋਈ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਣਾ ਸਵਰਗੀ ਇਨਾਮ ਪਾ ਚੁੱਕੇ ਹਨ। ਪਰਕਾਸ਼ ਦੀ ਪੋਥੀ ਵਿਚ ਇਨ੍ਹਾਂ ਚੁਣੇ ਹੋਇਆਂ ਮਸੀਹੀਆਂ ਨੂੰ “ਪਵਿੱਤਰ ਨਗਰੀ ਨਵੀਂ ਯਰੂਸ਼ਲਮ” ਕਿਹਾ ਗਿਆ ਹੈ ਜੋ ‘ਇਉਂ ਤਿਆਰ ਕੀਤੀ ਹੋਈ ਹੈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਤੇ ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰਦੀ’ ਹੈ। (ਪਰ. 21:1, 2, 22-24) ਜਿਸ ਤਰ੍ਹਾਂ ਪ੍ਰਾਚੀਨ ਇਸਰਾਏਲ ਵਿਚ ਸਰਕਾਰ ਯਰੂਸ਼ਲਮ ਤੋਂ ਚੱਲਦੀ ਸੀ, ਉਸੇ ਤਰ੍ਹਾਂ ਨਵੀਂ ਦੁਨੀਆਂ ਦੀ ਸਰਕਾਰ ਨਵੀਂ ਯਰੂਸ਼ਲਮ ਅਤੇ ਉਸ ਦੀ ਲਾੜੀ ਹੋਵੇਗੀ। ਇਸ ਆਸਮਾਨੀ ਸ਼ਹਿਰ ਦੇ ‘ਅਕਾਸ਼ੋਂ ਉਤਰਨ’ ਦਾ ਮਤਲਬ ਹੈ ਕਿ ਇਹ ਧਰਤੀ ਵੱਲ ਆਪਣਾ ਧਿਆਨ ਕਰੇਗਾ।
11 “ਨਵੀਂ ਧਰਤੀ” ਇਨਸਾਨਾਂ ਦੇ ਸਮਾਜ ਨੂੰ ਦਰਸਾਉਂਦੀ ਹੈ ਜਿਹੜੇ ਆਪਣੀ ਇੱਛਾ ਨਾਲ ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋਣਗੇ। ਪਰਮੇਸ਼ੁਰ ਦੇ ਲੋਕ ਹੁਣ ਜਿਸ ਸ਼ਾਂਤ ਮਾਹੌਲ ਦਾ ਆਨੰਦ ਮਾਣ ਰਹੇ ਹਨ, ਉਹ ਆਉਣ ਵਾਲੇ ਖੂਬਸੂਰਤ “ਸੰਸਾਰ” ਵਿਚ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦਾ ਪਰਮੇਸ਼ੁਰ ਸ਼ੁਰੂ ਵਿਚ ਚਾਹੁੰਦਾ ਸੀ। (ਇਬ. 2:5) ਅਸੀਂ ਉਸ ਨਵੇਂ ਸੰਸਾਰ ਦਾ ਹਿੱਸਾ ਕਿਵੇਂ ਬਣ ਸਕਦੇ ਹਾਂ?
ਯਹੋਵਾਹ ਦੇ ਮਹਾਨ ਦਿਨ ਲਈ ਤਿਆਰੀ
12. ਯਹੋਵਾਹ ਦਾ ਦਿਨ ਆਉਣ ਤੇ ਲੋਕ ਕਿਉਂ ਹੱਕੇ-ਬੱਕੇ ਰਹਿ ਜਾਣਗੇ?
12 ਪੌਲੁਸ ਅਤੇ ਪਤਰਸ ਦੋਵਾਂ ਨੇ ਕਿਹਾ ਕਿ ਯਹੋਵਾਹ ਦਾ ਦਿਨ “ਚੋਰ” ਵਾਂਗ ਚੁੱਪ-ਚਾਪ ਅਚਾਨਕ ਆਵੇਗਾ। (1 ਥੱਸਲੁਨੀਕੀਆਂ 5:1, 2 ਪੜ੍ਹੋ।) ਇਸ ਦਿਨ ਦੀ ਉਡੀਕ ਕਰ ਰਹੇ ਸੱਚੇ ਮਸੀਹੀ ਵੀ ਅਚਾਨਕ ਇਸ ਦੇ ਆ ਜਾਣ ਤੇ ਹੈਰਾਨ ਰਹਿ ਜਾਣਗੇ। (ਮੱਤੀ 24:44) ਪਰ ਬਾਕੀ ਦੀ ਦੁਨੀਆਂ ਸਿਰਫ਼ ਹੈਰਾਨ ਹੀ ਨਹੀਂ ਹੋਵੇਗੀ, ਸਗੋਂ ਇਸ ਨਾਲੋਂ ਕੁਝ ਵੱਧ ਹੋਵੇਗਾ। ਪੌਲੁਸ ਨੇ ਲਿਖਿਆ: “ਜਦ ਲੋਕ [ਜੋ ਯਹੋਵਾਹ ਤੋਂ ਦੂਰ ਹੋ ਚੁੱਕੇ ਹਨ] ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।”—1 ਥੱਸ. 5:3.
13. ਅਸੀਂ “ਅਮਨ ਚੈਨ ਅਤੇ ਸੁਖ ਸਾਂਦ” ਦੀ ਪੁਕਾਰ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?
13 “ਅਮਨ ਚੈਨ ਅਤੇ ਸੁਖ ਸਾਂਦ” ਦੀ ਪੁਕਾਰ ਸ਼ਤਾਨ ਦਾ ਇਕ ਹੋਰ ਝੂਠ ਹੈ, ਪਰ ਇਹ ਝੂਠ ਯਹੋਵਾਹ ਦੇ ਸੇਵਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦਾ। ਪੌਲੁਸ ਨੇ ਲਿਖਿਆ: “ਤੁਸੀਂ ਅਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਿਆਈਂ ਆਣ ਪਵੇ। ਕਿਉਂ ਜੋ ਤੁਸੀਂ ਸੱਭੇ ਚਾਨਣ ਦੇ ਪੁੱਤ੍ਰ ਅਤੇ ਦਿਨ ਦੇ ਪੁੱਤ੍ਰ ਹੋ।” (1 ਥੱਸ. 5:4, 5) ਸੋ ਆਓ ਆਪਾਂ ਚਾਨਣ ਵਿਚ ਰਹੀਏ ਅਤੇ ਸ਼ਤਾਨ ਦੀ ਹਨੇਰ ਭਰੀ ਦੁਨੀਆਂ ਤੋਂ ਦੂਰ ਰਹੀਏ। ਪਤਰਸ ਨੇ ਲਿਖਿਆ: “ਹੇ ਪਿਆਰਿਓ, ਜਦੋਂ ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਈ ਕਿਤੇ ਨਾ ਹੋਵੇ ਜੋ ਦੁਸ਼ਟਾਂ [ਮਸੀਹੀ ਕਲੀਸਿਯਾ ਵਿਚਲੇ ਝੂਠੇ ਸਿੱਖਿਅਕਾਂ] ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।”—2 ਪਤ. 3:17.
14, 15. (ੳ) ਯਹੋਵਾਹ ਸਾਡਾ ਮਾਣ ਕਿਵੇਂ ਰੱਖਦਾ ਹੈ? (ਅ) ਸਾਨੂੰ ਬਾਈਬਲ ਦੀਆਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
14 ਧਿਆਨ ਦਿਓ ਕਿ ਯਹੋਵਾਹ ਸਿਰਫ਼ ‘ਚੌਕਸ ਰਹਿਣ’ ਲਈ ਹੀ ਨਹੀਂ ਕਹਿੰਦਾ। ਸਾਡੀ ਮਦਦ ਕਰਨ ਲਈ ਉਹ ਅੱਗੋਂ ਵੀ ਕੁਝ ਕਰਦਾ ਹੈ। ਉਹ ਸਾਨੂੰ ਪਹਿਲਾਂ ਹੀ ਇਹ ਦੱਸ ਕੇ ਮਾਣ ਬਖ਼ਸ਼ਦਾ ਹੈ ਕਿ ਭਵਿੱਖ ਵਿਚ ਕਿਹੜੀਆਂ ਗੱਲਾਂ ਹੋਣਗੀਆਂ।
15 ਅਫ਼ਸੋਸ ਦੀ ਗੱਲ ਹੈ ਕਿ ਕੁਝ ਜਣਿਆਂ ਨੇ ਜਾਗਦੇ ਰਹਿਣ ਬਾਰੇ ਯਾਦ ਕਰਾਈਆਂ ਜਾਂਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ, ਇੱਥੋਂ ਤਕ ਕਿ ਸ਼ੱਕ ਵੀ ਕੀਤਾ ਹੈ। ਉਹ ਸ਼ਾਇਦ ਕਹਿਣ: ‘ਦਹਾਕਿਆਂ ਤੋਂ ਅਸੀਂ ਇਹੀ ਗੱਲਾਂ ਸੁਣਦੇ ਆ ਰਹੇ ਹਾਂ।’ ਪਰ ਇਨ੍ਹਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਗੱਲਾਂ ਕਹਿ ਕੇ ਉਹ ਸਿਰਫ਼ ਵਫ਼ਾਦਾਰ ਨੌਕਰ ਦੀਆਂ ਗੱਲਾਂ ਉੱਤੇ ਹੀ ਸ਼ੱਕ ਨਹੀਂ ਕਰਦੇ, ਸਗੋਂ ਯਹੋਵਾਹ ਅਤੇ ਉਸ ਦੇ ਪੁੱਤਰ ʼਤੇ ਵੀ ਸ਼ੱਕ ਕਰਦੇ ਹਨ। ਯਹੋਵਾਹ ਨੇ ਕਿਹਾ ਸੀ: “ਉਡੀਕ ਕਰ।” (ਹਬ. 2:3) ਇਸੇ ਤਰ੍ਹਾਂ ਯਿਸੂ ਨੇ ਕਿਹਾ ਸੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।” (ਮੱਤੀ 24:42) ਇਸ ਤੋਂ ਇਲਾਵਾ, ਪਤਰਸ ਨੇ ਲਿਖਿਆ: “ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤ. 3:11, 12) ਵਫ਼ਾਦਾਰ ਨੌਕਰ ਅਤੇ ਉਸ ਦੀ ਪ੍ਰਬੰਧਕ ਸਭਾ ਕਦੇ ਵੀ ਇਨ੍ਹਾਂ ਸ਼ਬਦਾਂ ਨੂੰ ਮਾਮੂਲੀ ਨਹੀਂ ਸਮਝੇਗੀ!
16. ਸਾਨੂੰ ਕਿਹੋ ਜਿਹੇ ਰਵੱਈਏ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਕਿਉਂ?
16 ਦੂਜੇ ਪਾਸੇ, “ਦੁਸ਼ਟ ਨੌਕਰ” ਕਹਿੰਦਾ ਹੈ ਕਿ ਮਾਲਕ ਚਿਰ ਲਾ ਰਿਹਾ ਹੈ। (ਮੱਤੀ 24:48) ਇਹ ਦੁਸ਼ਟ ਨੌਕਰ 2 ਪਤਰਸ 3:3, 4 ਵਿਚ ਜ਼ਿਕਰ ਕੀਤੇ ਲੋਕਾਂ ਵਿਚ ਸ਼ਾਮਲ ਹੈ। ਇਨ੍ਹਾਂ ਬਾਰੇ ਪਤਰਸ ਨੇ ਲਿਖਿਆ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।” ਇਹ ਠੱਠਾ ਕਰਨ ਵਾਲੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ ਜੋ ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖਦੇ ਹਨ। ਹਾਂ, ਇਹ ਲੋਕ ਰਾਜ ਦੇ ਕੰਮਾਂ ਦੀ ਬਜਾਇ, ਆਪਣਾ ਅਤੇ ਆਪਣੀਆਂ ਸੁਆਰਥੀ ਇੱਛਾਵਾਂ ਦਾ ਜ਼ਿਆਦਾ ਧਿਆਨ ਰੱਖਦੇ ਹਨ। ਸੋ ਆਓ ਆਪਾਂ ਕਦੇ ਵੀ ਇਸ ਤਰ੍ਹਾਂ ਦਾ ਅਣਆਗਿਆਕਾਰ ਅਤੇ ਖ਼ਤਰਨਾਕ ਰਵੱਈਆ ਨਾ ਅਪਣਾਈਏ! ਇਸ ਦੀ ਬਜਾਇ, ਆਓ ਆਪਾਂ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਡਟੇ ਰਹੀਏ ਅਤੇ ਹੋਣ ਵਾਲੀਆਂ ਘਟਨਾਵਾਂ ਦੇ ਸਮੇਂ ਬਾਰੇ ਜ਼ਿਆਦਾ ਚਿੰਤਾ ਨਾ ਕਰੀਏ ਕਿਉਂਕਿ ਇਸ ਬਾਰੇ ਸੋਚਣਾ ਯਹੋਵਾਹ ਦਾ ਕੰਮ ਹੈ। ਇਸ ਤਰ੍ਹਾਂ ਅਸੀਂ ‘ਪ੍ਰਭੁ ਦੇ ਧੀਰਜ ਨੂੰ ਮੁਕਤੀ ਸਮਝਾਂਗੇ।’—2 ਪਤ. 3:15; ਰਸੂਲਾਂ ਦੇ ਕਰਤੱਬ 1:6, 7 ਪੜ੍ਹੋ।
ਬਚਾਅ ਲਈ ਪਰਮੇਸ਼ੁਰ ਉੱਤੇ ਭਰੋਸਾ ਰੱਖੋ
17. ਵਫ਼ਾਦਾਰ ਮਸੀਹੀਆਂ ਨੇ ਯਰੂਸ਼ਲਮ ਤੋਂ ਭੱਜਣ ਬਾਰੇ ਯਿਸੂ ਦੀ ਸਲਾਹ ਅਨੁਸਾਰ ਕੀ ਕੀਤਾ ਅਤੇ ਕਿਉਂ?
17 ਜਦੋਂ ਯਹੂਦਿਯਾ ਵਿਚ 66 ਈਸਵੀ ਨੂੰ ਰੋਮੀ ਫ਼ੌਜਾਂ ਵੜ ਆਈਆਂ ਸਨ, ਤਾਂ ਮੌਕਾ ਮਿਲਣ ਤੇ ਵਫ਼ਾਦਾਰ ਮਸੀਹੀ ਯਿਸੂ ਦਾ ਹੁਕਮ ਮੰਨ ਕੇ ਯਰੂਸ਼ਲਮ ਸ਼ਹਿਰ ਵਿੱਚੋਂ ਭੱਜ ਨਿਕਲੇ। (ਲੂਕਾ 21:20-23) ਉਨ੍ਹਾਂ ਨੇ ਉੱਥੋਂ ਫਟਾਫਟ ਭੱਜਣ ਦਾ ਫ਼ੈਸਲਾ ਕਿਉਂ ਕੀਤਾ? ਬਿਨਾਂ ਸ਼ੱਕ, ਉਨ੍ਹਾਂ ਨੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਸੀ। ਹਾਂ, ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਇਸ ਫ਼ੈਸਲੇ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਸਹਿਣੀਆਂ ਪੈਣੀਆਂ ਸਨ ਜਿਵੇਂ ਮਸੀਹ ਨੇ ਕਿਹਾ ਸੀ। ਪਰ ਇਸ ਦੇ ਨਾਲ-ਨਾਲ, ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਯਹੋਵਾਹ ਆਪਣੇ ਵਫ਼ਾਦਾਰਾਂ ਦਾ ਸਾਥ ਕਦੇ ਨਹੀਂ ਛੱਡੇਗਾ।—ਜ਼ਬੂ. 55:22.
18. ਆਉਣ ਵਾਲੀ ਵੱਡੀ ਬਿਪਤਾ ਬਾਰੇ ਤੁਹਾਡੇ ਨਜ਼ਰੀਏ ਉੱਤੇ ਲੂਕਾ 21:25-28 ਵਿਚਲੇ ਯਿਸੂ ਦੇ ਸ਼ਬਦਾਂ ਦਾ ਕੀ ਅਸਰ ਪੈਂਦਾ ਹੈ?
18 ਸਾਨੂੰ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ ਕਿਉਂਕਿ ਸਿਰਫ਼ ਉਹੀ ਸਾਨੂੰ ਸਭ ਤੋਂ ਵੱਡੀ ਬਿਪਤਾ ਵਿੱਚੋਂ ਬਚਾ ਸਕਦਾ ਹੈ ਜੋ ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਆਈ। ਵੱਡੀ ਬਿਪਤਾ ਦੇ ਸ਼ੁਰੂ ਹੋਣ ਤੋਂ ਬਾਅਦ, ਪਰ ਬਾਕੀ ਦੀ ਦੁਨੀਆਂ ਨੂੰ ਸਜ਼ਾ ਦੇਣ ਤੋਂ ਪਹਿਲਾਂ, ਕਿਸੇ ਸਮੇਂ ਤੇ “ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।” ਪਰਮੇਸ਼ੁਰ ਦੇ ਦੁਸ਼ਮਣ ਡਰ ਨਾਲ ਕੰਬਣਗੇ, ਪਰ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਕੋਈ ਡਰ ਨਹੀਂ ਹੋਵੇਗਾ। ਇਸ ਦੇ ਉਲਟ, ਉਹ ਖ਼ੁਸ਼ ਹੋਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਦਾ ਬਚਾਅ ਨੇੜੇ ਹੈ।—ਲੂਕਾ 21:25-28 ਪੜ੍ਹੋ।
19. ਅਗਲੇ ਲੇਖ ਵਿਚ ਕੀ ਸਮਝਾਇਆ ਜਾਵੇਗਾ?
19 ਜੀ ਹਾਂ, ਉਨ੍ਹਾਂ ਵਾਸਤੇ ਕਿੰਨਾ ਸ਼ਾਨਦਾਰ ਭਵਿੱਖ ਹੈ ਜਿਹੜੇ ਦੁਨੀਆਂ ਤੋਂ ਅਤੇ ਇਸ ਦੀਆਂ “ਮੂਲ ਵਸਤਾਂ” ਤੋਂ ਦੂਰ ਰਹਿੰਦੇ ਹਨ! ਪਰ ਜੇ ਅਸੀਂ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਤਾਂ ਸਾਡੇ ਲਈ ਸਿਰਫ਼ ਮਾੜੇ ਕੰਮਾਂ ਤੋਂ ਦੂਰ ਰਹਿਣਾ ਕਾਫ਼ੀ ਨਹੀਂ। ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਗੁਣ ਪੈਦਾ ਕਰਨ ਅਤੇ ਉਹ ਕੰਮ ਕਰਨ ਦੀ ਲੋੜ ਹੈ ਜੋ ਉਸ ਨੂੰ ਭਾਉਂਦੇ ਹਨ। ਇਸ ਬਾਰੇ ਅਗਲੇ ਲੇਖ ਵਿਚ ਸਮਝਾਇਆ ਜਾਵੇਗਾ।—2 ਪਤ. 3:11.
ਕੀ ਤੁਸੀਂ ਸਮਝਾ ਸਕਦੇ ਹੋ?
• ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?
ਅੱਜ ਦੇ ‘ਅਕਾਸ਼ ਅਤੇ ਧਰਤੀ’
“ਮੂਲ ਵਸਤਾਂ”
“ਨਵੇਂ ਅਕਾਸ਼ ਅਤੇ ਨਵੀਂ ਧਰਤੀ”
• ਅਸੀਂ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਕਿਉਂ ਰੱਖਦੇ ਹਾਂ?
[ਸਫ਼ਾ 5 ਉੱਤੇ ਤਸਵੀਰ]
ਤੁਸੀਂ ਕਿਵੇਂ “ਆਪਣੇ ਮਨ ਦੀ ਵੱਡੀ ਚੌਕਸੀ” ਕਰ ਸਕਦੇ ਹੋ ਅਤੇ ਦੁਨੀਆਂ ਤੋਂ ਵੱਖਰੇ ਰਹਿ ਸਕਦੇ ਹੋ?
[ਸਫ਼ਾ 6 ਉੱਤੇ ਤਸਵੀਰ]
ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ‘ਪ੍ਰਭੁ ਦੇ ਧੀਰਜ ਨੂੰ ਮੁਕਤੀ ਸਮਝਦੇ’ ਹਾਂ?