ਅਧਿਐਨ ਲੇਖ 46
ਕੀ ਤੁਸੀਂ ਆਪਣੀ “ਨਿਹਚਾ ਦੀ ਵੱਡੀ ਢਾਲ਼” ਦੀ ਰਾਖੀ ਕਰ ਰਹੇ ਹੋ?
“ਨਿਹਚਾ ਦੀ ਵੱਡੀ ਢਾਲ਼ ਆਪਣੇ ਕੋਲ ਰੱਖੋ।”—ਅਫ਼. 6:16.
ਗੀਤ 54 ਨਿਹਚਾ ਨਾਲ ਚੱਲੋ
ਖ਼ਾਸ ਗੱਲਾਂa
1-2. (ੳ) ਅਫ਼ਸੀਆਂ 6:16 ਅਨੁਸਾਰ ਸਾਨੂੰ “ਨਿਹਚਾ ਦੀ ਵੱਡੀ ਢਾਲ਼” ਦੀ ਕਿਉਂ ਲੋੜ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ?
ਕੀ ਤੁਹਾਡੇ ਕੋਲ “ਨਿਹਚਾ ਦੀ ਵੱਡੀ ਢਾਲ਼” ਹੈ? (ਅਫ਼ਸੀਆਂ 6:16 ਪੜ੍ਹੋ।) ਬਿਨਾਂ ਸ਼ੱਕ, ਤੁਹਾਡੇ ਕੋਲ ਹੈ। ਜਿਸ ਤਰ੍ਹਾਂ ਵੱਡੀ ਢਾਲ਼ ਜ਼ਿਆਦਾਤਰ ਸਰੀਰ ਦੀ ਰਾਖੀ ਕਰਦੀ ਹੈ, ਉਸੇ ਤਰ੍ਹਾਂ ਤੁਹਾਡੀ ਨਿਹਚਾ ਅਨੈਤਿਕਤਾ, ਹਿੰਸਕ ਤੇ ਇਸ ਦੁਸ਼ਟ ਦੁਨੀਆਂ ਦੇ ਬੁਰੇ ਪ੍ਰਭਾਵਾਂ ਤੋਂ ਤੁਹਾਡੀ ਰਾਖੀ ਕਰਦੀ ਹੈ।
2 ਪਰ ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ ਅਤੇ ਸਾਡੀ ਨਿਹਚਾ ਦੀ ਹਮੇਸ਼ਾ ਪਰਖ ਹੁੰਦੀ ਰਹੇਗੀ। (2 ਤਿਮੋ. 3:1) ਤੁਸੀਂ ਜਾਂਚ ਕਿਵੇਂ ਕਰ ਸਕਦੇ ਹੋ ਕਿ ਤੁਹਾਡੀ ਨਿਹਚਾ ਦੀ ਢਾਲ਼ ਮਜ਼ਬੂਤ ਹੈ? ਤੁਸੀਂ ਆਪਣੀ ਢਾਲ਼ ਨੂੰ ਮਜ਼ਬੂਤੀ ਨਾਲ ਕਿਵੇਂ ਫੜੀ ਰੱਖ ਸਕਦੇ ਹੋ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖੀਏ।
ਆਪਣੀ ਢਾਲ਼ ਦੀ ਧਿਆਨ ਨਾਲ ਜਾਂਚ ਕਰੋ
3. ਫ਼ੌਜੀ ਆਪਣੀਆਂ ਢਾਲਾਂ ਨਾਲ ਕੀ ਕਰਦੇ ਸਨ ਅਤੇ ਕਿਉਂ?
3 ਬਾਈਬਲ ਜ਼ਮਾਨੇ ਵਿਚ, ਫ਼ੌਜੀਆਂ ਕੋਲ ਅਕਸਰ ਉਹ ਢਾਲਾਂ ਹੁੰਦੀਆਂ ਸਨ ਜਿਨ੍ਹਾਂ ʼਤੇ ਚਮੜਾ ਲੱਗਾ ਹੁੰਦਾ ਸੀ। ਫ਼ੌਜੀ ਚਮੜੇ ਨੂੰ ਖ਼ਰਾਬ ਹੋਣ ਅਤੇ ਧਾਤ ਦੇ ਹਿੱਸਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਤੇਲ ਲਾਉਂਦੇ ਸਨ। ਜੇ ਫ਼ੌਜੀ ਦੇਖਦਾ ਸੀ ਕਿ ਉਸ ਦੀ ਢਾਲ਼ ਖ਼ਰਾਬ ਹੋ ਗਈ ਸੀ, ਤਾਂ ਉਹ ਇਸ ਦੀ ਮੁਰੰਮਤ ਕਰਦਾ ਸੀ ਤਾਂਕਿ ਉਹ ਅਗਲੀ ਲੜਾਈ ਲੜਨ ਲਈ ਤਿਆਰ ਹੋਵੇ। ਇਹ ਮਿਸਾਲ ਤੁਹਾਡੀ ਨਿਹਚਾ ʼਤੇ ਕਿਵੇਂ ਲਾਗੂ ਹੁੰਦੀ ਹੈ?
4. ਤੁਹਾਨੂੰ ਆਪਣੀ ਨਿਹਚਾ ਦੀ ਢਾਲ਼ ਦੀ ਜਾਂਚ ਕਿਉਂ ਕਰਨੀ ਚਾਹੀਦੀ ਹੈ ਅਤੇ ਤੁਸੀਂ ਇਹ ਕਿਵੇਂ ਕਰ ਸਕਦੇ ਹੋ?
4 ਪੁਰਾਣੇ ਜ਼ਮਾਨੇ ਦੇ ਫ਼ੌਜੀਆਂ ਵਾਂਗ ਤੁਹਾਨੂੰ ਲਗਾਤਾਰ ਆਪਣੀ ਨਿਹਚਾ ਦੀ ਢਾਲ਼ ਦੀ ਜਾਂਚ ਕਰਨ ਅਤੇ ਇਸ ਦੀ ਸਾਂਭ-ਸੰਭਾਲ ਕਰਨ ਦੀ ਲੋੜ ਹੈ ਤਾਂਕਿ ਤੁਸੀਂ ਹਮੇਸ਼ਾ ਲੜਾਈ ਲਈ ਤਿਆਰ ਹੋਵੋ। ਮਸੀਹੀਆਂ ਵਜੋਂ, ਅਸੀਂ ਇਕ ਕਿਸਮ ਦੀ ਲੜਾਈ ਲੜਦੇ ਹਾਂ ਅਤੇ ਸਾਡੇ ਦੁਸ਼ਮਣਾਂ ਵਿਚ ਦੁਸ਼ਟ ਦੂਤ ਵੀ ਸ਼ਾਮਲ ਹਨ। (ਅਫ਼. 6:10-12) ਕੋਈ ਵੀ ਤੁਹਾਡੇ ਲਈ ਤੁਹਾਡੀ ਨਿਹਚਾ ਦੀ ਢਾਲ਼ ਦੀ ਸਾਂਭ-ਸੰਭਾਲ ਨਹੀਂ ਕਰ ਸਕਦਾ। ਤੁਸੀਂ ਕਿਵੇਂ ਪੱਕਾ ਕਰ ਸਕਦੇ ਹੋ ਕਿ ਤੁਸੀਂ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਪਹਿਲਾ, ਤੁਹਾਨੂੰ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਫਿਰ ਤੁਹਾਨੂੰ ਪਰਮੇਸ਼ੁਰ ਦੇ ਬਚਨ ਦੀ ਵਰਤੋਂ ਕਰ ਕੇ ਆਪਣੀ ਨਿਹਚਾ ਦੀ ਜਾਂਚ ਕਰਨ ਦੀ ਲੋੜ ਹੈ ਕਿ ਇਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਹੈ ਜਾਂ ਨਹੀਂ। (ਇਬ. 4:12) ਬਾਈਬਲ ਦੱਸਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” (ਕਹਾ. 3:5, 6) ਇਸ ਗੱਲ ਨੂੰ ਮਨ ਵਿਚ ਰੱਖਦਿਆਂ ਕਿਉਂ ਨਾ ਤੁਸੀਂ ਹਾਲ ਹੀ ਵਿਚ ਲਏ ਆਪਣੇ ਕੁਝ ਫ਼ੈਸਲਿਆਂ ʼਤੇ ਗੌਰ ਕਰੋ? ਮਿਸਾਲ ਲਈ, ਕੀ ਤੁਸੀਂ ਆਰਥਿਕ ਤੰਗੀ ਦਾ ਸਾਮ੍ਹਣਾ ਕੀਤਾ? ਕੀ ਇਬਰਾਨੀਆਂ 13:5 ਵਿਚ ਦਰਜ ਯਹੋਵਾਹ ਦਾ ਵਾਅਦਾ ਤੁਹਾਡੇ ਮਨ ਵਿਚ ਆਇਆ ਸੀ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ”? ਕੀ ਇਸ ਵਾਅਦੇ ਤੋਂ ਤੁਹਾਨੂੰ ਭਰੋਸਾ ਮਿਲਿਆ ਸੀ ਕਿ ਯਹੋਵਾਹ ਤੁਹਾਡੀ ਮਦਦ ਕਰੇਗਾ? ਜੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੀ ਨਿਹਚਾ ਨੂੰ ਸਹੀ ਹਾਲਤ ਵਿਚ ਰੱਖ ਰਹੇ ਹੋ।
5. ਨਿਹਚਾ ਦੀ ਜਾਂਚ ਕਰਦਿਆਂ ਸ਼ਾਇਦ ਤੁਹਾਨੂੰ ਕੀ ਪਤਾ ਲੱਗੇ?
5 ਜਦੋਂ ਤੁਸੀਂ ਆਪਣੀ ਨਿਹਚਾ ਦੀ ਜਾਂਚ ਕਰੋਗੇ, ਤਾਂ ਕੁਝ ਚੀਜ਼ਾਂ ਬਾਰੇ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਓ। ਤੁਹਾਨੂੰ ਸ਼ਾਇਦ ਕੁਝ ਕਮੀਆਂ ਬਾਰੇ ਪਤਾ ਲੱਗੇ ਜਿਨ੍ਹਾਂ ਨੂੰ ਕੁਝ ਸਮੇਂ ਤੋਂ ਤੁਸੀਂ ਨਜ਼ਰਅੰਦਾਜ਼ ਕਰ ਰਹੇ ਸੀ। ਮਿਸਾਲ ਲਈ, ਤੁਹਾਨੂੰ ਸ਼ਾਇਦ ਅਹਿਸਾਸ ਹੋਇਆ ਹੋਵੇ ਕਿ ਹੱਦੋਂ ਵੱਧ ਚਿੰਤਾ, ਝੂਠ ਤੇ ਨਿਰਾਸ਼ਾ ਨੇ ਤੁਹਾਡੀ ਨਿਹਚਾ ਨੂੰ ਕਮਜ਼ੋਰ ਕੀਤਾ ਹੈ। ਜੇ ਤੁਹਾਡੇ ਨਾਲ ਇੱਦਾਂ ਹੋਇਆ ਹੈ, ਤਾਂ ਤੁਸੀਂ ਆਪਣੀ ਨਿਹਚਾ ਨੂੰ ਹੋਰ ਕਮਜ਼ੋਰ ਹੋਣ ਤੋਂ ਕਿਵੇਂ ਬਚਾ ਸਕਦੇ ਹੋ?
ਹੱਦੋਂ ਵੱਧ ਚਿੰਤਾ, ਝੂਠ ਅਤੇ ਨਿਰਾਸ਼ਾ ਤੋਂ ਆਪਣੇ ਆਪ ਦੀ ਰਾਖੀ ਕਰੋ
6. ਕਿਹੜੀਆਂ ਕੁਝ ਗੱਲਾਂ ਦੀ ਚਿੰਤਾ ਕਰਨੀ ਸਹੀ ਹੈ?
6 ਕਈ ਗੱਲਾਂ ਬਾਰੇ ਚਿੰਤਾ ਕਰਨੀ ਸਹੀ ਹੈ। ਮਿਸਾਲ ਲਈ, ਯਹੋਵਾਹ ਤੇ ਯਿਸੂ ਨੂੰ ਖ਼ੁਸ਼ ਕਰਨ ਦੀ ਚਿੰਤਾ ਸਹੀ ਹੈ। (1 ਕੁਰਿੰ. 7:32) ਗੰਭੀਰ ਪਾਪ ਹੋਣ ʼਤੇ ਸਾਨੂੰ ਚਿੰਤਾ ਹੁੰਦੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਦੁਬਾਰਾ ਤੋਂ ਰਿਸ਼ਤਾ ਜੋੜੀਏ। (ਜ਼ਬੂ. 38:18) ਸਾਨੂੰ ਆਪਣੇ ਜੀਵਨ ਸਾਥੀ ਨੂੰ ਖ਼ੁਸ਼ ਕਰਨ ਦੀ ਅਤੇ ਆਪਣੇ ਪਰਿਵਾਰ ਤੇ ਭੈਣਾਂ-ਭਰਾਵਾਂ ਦਾ ਭਲਾ ਕਰਨ ਦੀ ਵੀ ਚਿੰਤਾ ਹੁੰਦੀ ਹੈ।—1 ਕੁਰਿੰ. 7:33; 2 ਕੁਰਿੰ. 11:28.
7. ਕਹਾਉਤਾਂ 29:25 ਅਨੁਸਾਰ ਸਾਨੂੰ ਇਨਸਾਨਾਂ ਦਾ ਡਰ ਕਿਉਂ ਨਹੀਂ ਰੱਖਣਾ ਚਾਹੀਦਾ?
7 ਦੂਜੇ ਪਾਸੇ, ਹੱਦੋਂ ਵੱਧ ਚਿੰਤਾ ਕਰਕੇ ਸਾਡੀ ਨਿਹਚਾ ਖ਼ਤਮ ਹੋ ਸਕਦੀ ਹੈ। ਮਿਸਾਲ ਲਈ, ਸ਼ਾਇਦ ਅਸੀਂ ਹਮੇਸ਼ਾ ਰੋਟੀ-ਕੱਪੜੇ ਦੀ ਹੀ ਚਿੰਤਾ ਕਰਦੇ ਰਹੀਏ। (ਮੱਤੀ 6:31, 32) ਇਸ ਚਿੰਤਾ ਨੂੰ ਘਟਾਉਣ ਲਈ ਸ਼ਾਇਦ ਅਸੀਂ ਚੀਜ਼ਾਂ ਪਾਉਣ ʼਤੇ ਆਪਣਾ ਧਿਆਨ ਲਾਈਏ। ਇੱਥੋਂ ਤਕ ਕਿ ਸ਼ਾਇਦ ਅਸੀਂ ਪੈਸੇ ਨਾਲ ਵੀ ਪਿਆਰ ਕਰਨ ਲੱਗ ਪਈਏ। ਜੇ ਅਸੀਂ ਇੱਦਾਂ ਹੋਣ ਦਿੰਦੇ ਹਾਂ, ਤਾਂ ਯਹੋਵਾਹ ʼਤੇ ਸਾਡੀ ਨਿਹਚਾ ਕਮਜ਼ੋਰ ਹੋ ਜਾਵੇਗੀ ਅਤੇ ਅਸੀਂ ਉਸ ਨਾਲ ਆਪਣਾ ਰਿਸ਼ਤਾ ਤੋੜ ਲਵਾਂਗੇ। (ਮਰ. 4:19; 1 ਤਿਮੋ. 6:10) ਜਾਂ ਸ਼ਾਇਦ ਅਸੀਂ ਦੂਜਿਆਂ ਨੂੰ ਖ਼ੁਸ਼ ਕਰਨ ਦੀ ਹੱਦੋਂ ਵੱਧ ਚਿੰਤਾ ਕਰਨ ਲੱਗ ਪਈਏ। ਫਿਰ ਸ਼ਾਇਦ ਅਸੀਂ ਯਹੋਵਾਹ ਨੂੰ ਨਾਰਾਜ਼ ਕਰਨ ਦਾ ਡਰ ਰੱਖਣ ਨਾਲੋਂ ਇਨਸਾਨਾਂ ਵੱਲੋਂ ਮਜ਼ਾਕ ਉਡਾਏ ਅਤੇ ਸਤਾਏ ਜਾਣ ਦਾ ਡਰ ਰੱਖਣ ਲੱਗ ਪਈਏ। ਆਪਣੇ ਆਪ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਸਾਨੂੰ ਯਹੋਵਾਹ ਤੋਂ ਨਿਹਚਾ ਅਤੇ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਤਾਕਤ ਮੰਗਣੀ ਚਾਹੀਦੀ ਹੈ।—ਕਹਾਉਤਾਂ 29:25 ਪੜ੍ਹੋ; ਲੂਕਾ 17:5.
8. ਜੇ ਕੋਈ ਝੂਠ ਫੈਲਾਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
8 “ਝੂਠ ਦਾ ਪਿਉ” ਸ਼ੈਤਾਨ ਯਹੋਵਾਹ ਤੇ ਸਾਡੇ ਭੈਣਾਂ-ਭਰਾਵਾਂ ਬਾਰੇ ਝੂਠ ਫੈਲਾਉਣ ਲਈ ਆਪਣੇ ਵੱਸ ਵਿਚ ਕੀਤੇ ਲੋਕਾਂ ਨੂੰ ਵਰਤਦਾ ਹੈ। (ਯੂਹੰ. 8:44) ਮਿਸਾਲ ਲਈ, ਧਰਮ-ਤਿਆਗੀ ਅਲੱਗ-ਅਲੱਗ ਵੈੱਬਸਾਈਟਾਂ, ਟੈਲੀਵਿਯਨ ਅਤੇ ਹੋਰ ਮੀਡੀਆ ਰਾਹੀਂ ਯਹੋਵਾਹ ਦੇ ਸੰਗਠਨ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ ਅਤੇ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਇਹ ਝੂਠ ਸ਼ੈਤਾਨ ਦੇ ‘ਬਲ਼ਦੇ ਹੋਏ ਤੀਰਾਂ’ ਵਿੱਚੋਂ ਹਨ। (ਅਫ਼. 6:16) ਜੇ ਧਰਮ-ਤਿਆਗੀ ਸਾਡੇ ਸਾਮ੍ਹਣੇ ਇਸ ਤਰ੍ਹਾਂ ਦੇ ਝੂਠ ਬੋਲਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਇਨ੍ਹਾਂ ਨੂੰ ਸੁਣਨ ਤੋਂ ਇਨਕਾਰ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਨੂੰ ਯਹੋਵਾਹ ʼਤੇ ਨਿਹਚਾ ਹੈ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਦੇ ਹਾਂ। ਦਰਅਸਲ, ਅਸੀਂ ਧਰਮ-ਤਿਆਗੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਾਸਤਾ ਨਹੀਂ ਰੱਖਦੇ। ਅਸੀਂ ਕਿਸੇ ਵੀ ਵਿਅਕਤੀ, ਚੀਜ਼ ਜਾਂ ਧਰਮ-ਤਿਆਗੀਆਂ ਦੀਆਂ ਗੱਲਾਂ ਜਾਣਨ ਦੀ ਇੱਛਾ ਹੋਣ ਕਰਕੇ ਉਨ੍ਹਾਂ ਨਾਲ ਬਹਿਸ ਨਹੀਂ ਕਰਦੇ।
9. ਨਿਰਾਸ਼ਾ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?
9 ਨਿਰਾਸ਼ਾ ਸਾਡੀ ਨਿਹਚਾ ਕਮਜ਼ੋਰ ਕਰ ਸਕਦੀ ਹੈ। ਅਸੀਂ ਆਪਣੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਦਰਅਸਲ, ਇੱਦਾਂ ਕਰਨ ਕਰਕੇ ਅਸੀਂ ਗ਼ੈਰ-ਜ਼ਿੰਮੇਵਾਰ ਹੋਵਾਂਗੇ। ਕਈ ਵਾਰ ਸ਼ਾਇਦ ਅਸੀਂ ਆਪਣੀਆਂ ਸਮੱਸਿਆਵਾਂ ਕਰਕੇ ਨਿਰਾਸ਼ ਹੋ ਜਾਈਏ, ਪਰ ਸਾਨੂੰ ਇਨ੍ਹਾਂ ਨੂੰ ਆਪਣੀ ਸੋਚ ʼਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਜੇ ਅਸੀਂ ਇਨ੍ਹਾਂ ਨੂੰ ਆਪਣੀ ਸੋਚ ʼਤੇ ਹਾਵੀ ਹੋਣ ਦਿੰਦੇ ਹਾਂ, ਤਾਂ ਅਸੀਂ ਯਹੋਵਾਹ ਵੱਲੋਂ ਦਿੱਤੀ ਸ਼ਾਨਦਾਰ ਉਮੀਦ ਤੋਂ ਆਪਣਾ ਧਿਆਨ ਭਟਕਾ ਸਕਦੇ ਹਾਂ। (ਪ੍ਰਕਾ. 21:3, 4) ਫਿਰ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਸਾਡੀ ਤਾਕਤ ਨੂੰ ਖ਼ਤਮ ਕਰ ਸਕਦੀਆਂ ਹਨ ਅਤੇ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਸਕਦੇ ਹਾਂ। (ਕਹਾ. 24:10) ਪਰ ਸਾਡੇ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ।
10. ਅਸੀਂ ਇਕ ਭੈਣ ਦੀ ਚਿੱਠੀ ਤੋਂ ਕੀ ਸਿੱਖਦੇ ਹਾਂ?
10 ਜ਼ਰਾ ਇਕ ਭੈਣ ਦੀ ਮਿਸਾਲ ʼਤੇ ਗੌਰ ਕਰੋ। ਅਮਰੀਕਾ ਵਿਚ ਰਹਿਣ ਵਾਲੀ ਇਹ ਭੈਣ ਆਪਣੇ ਪਤੀ ਦੀ ਦੇਖ-ਭਾਲ ਕਰਦੀ ਹੈ ਜੋ ਬਹੁਤ ਜ਼ਿਆਦਾ ਬੀਮਾਰ ਹੈ, ਪਰ ਇਸ ਦੇ ਨਾਲ-ਨਾਲ ਉਹ ਆਪਣੀ ਨਿਹਚਾ ਪੱਕੀ ਰੱਖ ਰਹੀ ਹੈ। ਮੁੱਖ ਦਫ਼ਤਰ ਨੂੰ ਲਿਖੀ ਆਪਣੀ ਚਿੱਠੀ ਵਿਚ ਉਸ ਨੇ ਲਿਖਿਆ: “ਕਦੀ-ਕਦਾਈਂ ਅਸੀਂ ਬਹੁਤ ਤਣਾਅ ਵਿਚ ਆ ਜਾਂਦੇ ਹਾਂ ਅਤੇ ਨਿਰਾਸ਼ ਹੋ ਜਾਂਦੇ ਹਾਂ। ਪਰ ਸਾਡੀ ਉਮੀਦ ਪੱਕੀ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਨੂੰ ਉਹ ਜਾਣਕਾਰੀ ਦਿੰਦਾ ਹੈ ਜਿਸ ਨਾਲ ਅਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਰਹੇ ਹਾਂ ਅਤੇ ਸਾਨੂੰ ਹੌਸਲਾ ਮਿਲਦਾ ਹੈ। ਇਸ ਸਲਾਹ ਤੇ ਹੌਸਲੇ ਦੀ ਸਾਨੂੰ ਵਾਕਈ ਲੋੜ ਹੈ। ਇਹ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਅਤੇ ਸ਼ੈਤਾਨ ਵੱਲੋਂ ਲਿਆਂਦੀਆਂ ਅਜ਼ਮਾਇਸ਼ਾਂ ਨੂੰ ਸਹਿੰਦੇ ਰਹਿਣ ਵਿਚ ਮਦਦ ਕਰਦੀ ਹੈ।” ਅਸੀਂ ਇਸ ਭੈਣ ਦੀ ਮਿਸਾਲ ਤੋਂ ਸਿੱਖਿਆ ਕਿ ਅਸੀਂ ਨਿਰਾਸ਼ਾ ਤੋਂ ਬਾਹਰ ਨਿਕਲ ਸਕਦੇ ਹਾਂ। ਕਿਵੇਂ? ਆਪਣੀਆਂ ਅਜ਼ਮਾਇਸ਼ਾਂ ਨੂੰ ਸ਼ੈਤਾਨ ਵੱਲੋਂ ਇਕ ਪਰੀਖਿਆ ਸਮਝੋ। ਇਹ ਗੱਲ ਪਛਾਣੋ ਕਿ ਯਹੋਵਾਹ ਦਿਲਾਸੇ ਦਾ ਸੋਮਾ ਹੈ। ਨਾਲੇ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਾਲੀ ਜਾਣਕਾਰੀ ਦੀ ਕਦਰ ਕਰੋ।
11. ਆਪਣੀ ਨਿਹਚਾ ਦੀ ਜਾਂਚ ਕਰਨ ਲਈ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
11 ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਮਾਮਲੇ ਵਿਚ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ? ਪਿਛਲੇ ਕੁਝ ਮਹੀਨਿਆਂ ਦੌਰਾਨ ਕੀ ਤੁਸੀਂ ਹੱਦੋਂ ਵੱਧ ਚਿੰਤਾ ਕਰਨ ਤੋਂ ਬਚ ਸਕੇ? ਕੀ ਤੁਸੀਂ ਧਰਮ-ਤਿਆਗੀਆਂ ਵੱਲੋਂ ਫੈਲਾਏ ਝੂਠ ਨੂੰ ਸੁਣਨ ਜਾਂ ਉਨ੍ਹਾਂ ਨਾਲ ਬਹਿਸ ਕਰਨ ਤੋਂ ਇਨਕਾਰ ਕੀਤਾ? ਨਾਲੇ ਕੀ ਤੁਸੀਂ ਨਿਰਾਸ਼ਾ ਵਿੱਚੋਂ ਬਾਹਰ ਨਿਕਲ ਸਕੇ? ਜੇ ਹਾਂ, ਤਾਂ ਤੁਹਾਡੀ ਨਿਹਚਾ ਸਹੀ ਹਾਲਤ ਵਿਚ ਹੈ। ਪਰ ਸਾਨੂੰ ਹਮੇਸ਼ਾ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਸ਼ੈਤਾਨ ਕੋਲ ਹੋਰ ਹਥਿਆਰ ਹਨ ਜੋ ਉਹ ਸਾਡੇ ਖ਼ਿਲਾਫ਼ ਵਰਤਦਾ ਹੈ। ਆਓ ਆਪਾਂ ਇਨ੍ਹਾਂ ਵਿੱਚੋਂ ਇਕ ʼਤੇ ਗੌਰ ਕਰੀਏ।
ਧਨ-ਦੌਲਤ ਦੇ ਫੰਦੇ ਤੋਂ ਖ਼ੁਦ ਦੀ ਰਾਖੀ ਕਰੋ
12. ਧਨ-ਦੌਲਤ ਤੇ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਕੀ ਹੋ ਸਕਦਾ ਹੈ?
12 ਧਨ-ਦੌਲਤ ਤੇ ਚੀਜ਼ਾਂ ਨਾਲ ਪਿਆਰ ਸਾਡਾ ਧਿਆਨ ਭਟਕਾ ਸਕਦਾ ਹੈ ਅਤੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਪੌਲੁਸ ਰਸੂਲ ਨੇ ਕਿਹਾ: “ਕੋਈ ਵੀ ਫ਼ੌਜੀ ਪੈਸਾ ਕਮਾਉਣ ਲਈ ਕੋਈ ਹੋਰ ਕੰਮ-ਧੰਦਾ ਨਹੀਂ ਕਰਦਾ ਤਾਂਕਿ ਉਹ ਉਸ ਆਦਮੀ ਦੀ ਮਨਜ਼ੂਰੀ ਪਾ ਸਕੇ ਜਿਸ ਨੇ ਉਸ ਨੂੰ ਫ਼ੌਜੀ ਭਰਤੀ ਕੀਤਾ ਸੀ।” (2 ਤਿਮੋ. 2:4) ਦਰਅਸਲ, ਰੋਮੀ ਫ਼ੌਜੀਆਂ ਨੂੰ ਕੋਈ ਵੀ ਹੋਰ ਕੰਮ-ਧੰਦਾ ਕਰਨ ਦੀ ਇਜਾਜ਼ਤ ਨਹੀਂ ਸੀ। ਜੇ ਫ਼ੌਜੀ ਇਸ ਹੁਕਮ ਨੂੰ ਨਹੀਂ ਮੰਨਦਾ ਸੀ, ਤਾਂ ਕੀ ਹੋ ਸਕਦਾ ਸੀ?
13. ਇਕ ਫ਼ੌਜੀ ਨੂੰ ਹੋਰ ਕੋਈ ਕੰਮ-ਧੰਦਾ ਕਿਉਂ ਨਹੀਂ ਕਰਨਾ ਚਾਹੀਦਾ ਸੀ?
13 ਕਲਪਨਾ ਕਰੋ, ਫ਼ੌਜੀ ਸਵੇਰੇ ਆਪਣੀਆਂ ਤਲਵਾਰਾਂ ਨਾਲ ਸਿਖਲਾਈ ਲੈਂਦੇ ਹਨ, ਪਰ ਇਕ ਫ਼ੌਜੀ ਉੱਥੇ ਨਹੀਂ ਹੈ। ਉਹ ਫ਼ੌਜੀ ਬਾਜ਼ਾਰ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਦੀ ਤਿਆਰੀ ਕਰ ਰਿਹਾ ਹੈ। ਸ਼ਾਮ ਨੂੰ ਫ਼ੌਜੀ ਆਪਣੇ ਹਥਿਆਰਾਂ ਦੀ ਜਾਂਚ ਕਰਦੇ ਹਨ ਅਤੇ ਆਪਣੀਆਂ ਤਲਵਾਰਾਂ ਤਿੱਖੀਆਂ ਕਰਦੇ ਹਨ। ਦੂਜੇ ਪਾਸੇ, ਜਿਹੜਾ ਫ਼ੌਜੀ ਦੁਕਾਨ ਚਲਾਉਂਦਾ ਹੈ, ਉਹ ਅਗਲੇ ਦਿਨ ਖਾਣਾ ਵੇਚਣ ਦੀ ਤਿਆਰੀ ਕਰ ਰਿਹਾ ਹੈ। ਪਰ ਅਗਲੀ ਸਵੇਰ ਦੁਸ਼ਮਣ ਅਚਾਨਕ ਹਮਲਾ ਕਰ ਦਿੰਦੇ ਹਨ। ਕਿਹੜਾ ਫ਼ੌਜੀ ਲੜਾਈ ਲੜਨ ਲਈ ਤਿਆਰ ਹੋਵੇਗਾ ਅਤੇ ਕਿਹੜੇ ਫ਼ੌਜੀ ਤੋਂ ਅਫ਼ਸਰ ਖ਼ੁਸ਼ ਹੋਵੇਗਾ? ਤੁਸੀਂ ਕਿਸ ਨਾਲ ਖੜ੍ਹੇ ਹੋਣਾ ਚਾਹੋਗੇ, ਉਸ ਫ਼ੌਜੀ ਨਾਲ ਜਿਹੜਾ ਪੂਰੀ ਤਰ੍ਹਾਂ ਤਿਆਰ ਸੀ ਜਾਂ ਜਿਸ ਦਾ ਹੋਰ ਕੰਮ-ਧੰਦੇ ਕਰਕੇ ਧਿਆਨ ਭਟਕ ਗਿਆ ਸੀ?
14. ਮਸੀਹ ਦੇ ਫ਼ੌਜੀਆਂ ਵਜੋਂ ਸਾਡੇ ਲਈ ਕਿਹੜੀ ਚੀਜ਼ ਜ਼ਿਆਦਾ ਮਾਅਨੇ ਰੱਖਦੀ ਹੈ?
14 ਚੰਗੇ ਫ਼ੌਜੀਆਂ ਵਾਂਗ ਅਸੀਂ ਵੀ ਆਪਣੇ ਮੁੱਖ ਟੀਚੇ ਯਾਨੀ ਯਹੋਵਾਹ ਅਤੇ ਮਸੀਹ ਨੂੰ ਖ਼ੁਸ਼ ਕਰਨ ਤੋਂ ਆਪਣਾ ਧਿਆਨ ਨਹੀਂ ਭਟਕਾਉਣਾ ਚਾਹੁੰਦੇ। ਸ਼ੈਤਾਨ ਦੀ ਦੁਨੀਆਂ ਵਿਚ ਚੀਜ਼ਾਂ ਇਕੱਠੀਆਂ ਕਰਨ ਨਾਲੋਂ ਸਾਡੇ ਲਈ ਪਰਮੇਸ਼ੁਰ ਤੇ ਮਸੀਹ ਨੂੰ ਖ਼ੁਸ਼ ਕਰਨਾ ਕਿਤੇ ਜ਼ਿਆਦਾ ਮਾਅਨੇ ਰੱਖਦਾ ਹੈ। ਸਾਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਯਹੋਵਾਹ ਦੀ ਸੇਵਾ ਕਰਨ ਲਈ ਸਾਡੇ ਕੋਲ ਸਮਾਂ ਤੇ ਤਾਕਤ ਹੋਵੇ, ਸਾਡੀ ਨਿਹਚਾ ਦੀ ਢਾਲ਼ ਅਤੇ ਹੋਰ ਹਥਿਆਰ ਵਧੀਆ ਹਾਲਤ ਵਿਚ ਹੋਣ।
15. ਪੌਲੁਸ ਨੇ ਸਾਨੂੰ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਕਿਉਂ?
15 ਸਾਨੂੰ ਹਮੇਸ਼ਾ ਖ਼ਬਰਦਾਰ ਰਹਿਣਾ ਚਾਹੀਦਾ ਹੈ। ਕਿਉਂ? ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਕਿ “ਜਿਹੜੇ ਇਨਸਾਨ ਅਮੀਰ ਬਣਨ ਤੇ ਤੁਲੇ ਹੋਏ ਹਨ” ਉਹ “ਗੁਮਰਾਹ ਹੋ ਕੇ ਨਿਹਚਾ ਕਰਨੀ ਛੱਡ” ਦੇਣਗੇ। (1 ਤਿਮੋ. 6:9, 10) “ਗੁਮਰਾਹ ਹੋ ਕੇ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਬੇਲੋੜੀਆਂ ਚੀਜ਼ਾਂ ਪਾਉਣ ਦੀ ਇੱਛਾ ਕਰਕੇ ਅਸੀਂ ਭਟਕ ਸਕਦੇ ਹਾਂ। ਫਿਰ ਅਸੀਂ ਆਪਣੇ ਦਿਲ ਵਿਚ “ਬਹੁਤ ਸਾਰੀਆਂ ਮੂਰਖ ਤੇ ਨੁਕਸਾਨਦੇਹ ਇੱਛਾਵਾਂ” ਪੈਦਾ ਕਰ ਸਕਦੇ ਹਾਂ। ਇਨ੍ਹਾਂ ਇੱਛਾਵਾਂ ਨੂੰ ਆਪਣੇ ਮਨ ਵਿਚ ਪੈਦਾ ਕਰਨ ਦੀ ਬਜਾਇ ਸਾਨੂੰ ਦੇਖਣਾ ਚਾਹੀਦਾ ਹੈ ਕਿ ਇਹ ਇੱਛਾਵਾਂ ਕੀ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਲਈ ਇਨ੍ਹਾਂ ਇੱਛਾਵਾਂ ਨੂੰ ਹਥਿਆਰਾਂ ਵਜੋਂ ਵਰਤ ਰਿਹਾ ਹੈ।
16. ਮਰਕੁਸ 10:17-22 ਵਿਚ ਦਰਜ ਬਿਰਤਾਂਤ ਤੋਂ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?
16 ਮੰਨ ਲਓ ਕਿ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਖ਼ਰੀਦਣ ਲਈ ਪੈਸੇ ਹਨ। ਕੀ ਅਸੀਂ ਕੁਝ ਗ਼ਲਤ ਕਰ ਰਹੇ ਹਾਂ ਜੇ ਅਸੀਂ ਉਹ ਚੀਜ਼ਾਂ ਖ਼ਰੀਦਦੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ? ਇਹ ਜ਼ਰੂਰੀ ਨਹੀਂ। ਪਰ ਜ਼ਰਾ ਇਨ੍ਹਾਂ ਸਵਾਲਾਂ ʼਤੇ ਸੋਚ-ਵਿਚਾਰ ਕਰੋ: ਭਾਵੇਂ ਸਾਡੇ ਕੋਲ ਚੀਜ਼ਾਂ ਖ਼ਰੀਦਣ ਲਈ ਪੈਸੇ ਹਨ, ਪਰ ਕੀ ਇਨ੍ਹਾਂ ਚੀਜ਼ਾਂ ਦੀ ਸਾਂਭ-ਸੰਭਾਲ ਕਰਨ ਲਈ ਸਾਡੇ ਕੋਲ ਸਮਾਂ ਤੇ ਤਾਕਤ ਹੈ? ਕੀ ਅਸੀਂ ਇਨ੍ਹਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਿਆਰ ਤਾਂ ਨਹੀਂ ਕਰਨਾ ਸ਼ੁਰੂ ਕਰ ਦੇਵਾਂਗੇ? ਕੀ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਨੌਜਵਾਨ ਵਾਂਗ ਕਰਾਂਗੇ ਜਿਸ ਨੇ ਪਰਮੇਸ਼ੁਰ ਦੀ ਸੇਵਾ ਵਧ-ਚੜ੍ਹ ਕੇ ਕਰਨ ਦੇ ਯਿਸੂ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ? (ਮਰਕੁਸ 10:17-22 ਪੜ੍ਹੋ।) ਕਿੰਨਾ ਵਧੀਆ ਹੈ ਕਿ ਅਸੀਂ ਸਾਦੀ ਜ਼ਿੰਦਗੀ ਬਤੀਤ ਕਰੀਏ ਅਤੇ ਆਪਣਾ ਕੀਮਤੀ ਸਮਾਂ ਤੇ ਤਾਕਤ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ʼਤੇ ਲਾਈਏ।
ਆਪਣੀ ਨਿਹਚਾ ਦੀ ਢਾਲ਼ ਨੂੰ ਘੁੱਟ ਕੇ ਫੜੀ ਰੱਖੋ
17. ਸਾਨੂੰ ਕਿਹੜੀ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ?
17 ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇਕ ਲੜਾਈ ਲੜ ਰਹੇ ਹਾਂ ਅਤੇ ਸਾਨੂੰ ਹਰ ਰੋਜ਼ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਪ੍ਰਕਾ. 12:17) ਸਾਡੇ ਭੈਣ-ਭਰਾ ਸਾਡੀ ਨਿਹਚਾ ਦੀ ਢਾਲ਼ ਨਹੀਂ ਚੁੱਕ ਸਕਦੇ। ਸਾਨੂੰ ਖ਼ੁਦ ਆਪਣੀ ਨਿਹਚਾ ਦੀ ਢਾਲ਼ ਨੂੰ ਘੁੱਟ ਕੇ ਫੜੀ ਰੱਖਣ ਦੀ ਲੋੜ ਹੈ।
18. ਪੁਰਾਣੇ ਸਮਿਆਂ ਵਿਚ ਫ਼ੌਜੀ ਆਪਣੀਆਂ ਢਾਲਾਂ ਨੂੰ ਘੁੱਟ ਕੇ ਕਿਉਂ ਫੜੀ ਰੱਖਦੇ ਸਨ?
18 ਪੁਰਾਣੇ ਸਮਿਆਂ ਵਿਚ ਇਕ ਫ਼ੌਜੀ ਨੂੰ ਯੁੱਧ ਦੇ ਮੈਦਾਨ ਵਿਚ ਦਲੇਰੀ ਦਿਖਾਉਣ ਕਰਕੇ ਇੱਜ਼ਤ-ਮਾਣ ਦਿੱਤਾ ਜਾਂਦਾ ਸੀ। ਪਰ ਉਸ ਨੂੰ ਸ਼ਰਮਿੰਦਗੀ ਦਾ ਸਾਮ੍ਹਣਾ ਕਰਨਾ ਪੈਂਦਾ ਸੀ ਜੇ ਉਹ ਬਿਨਾਂ ਢਾਲ਼ ਵਾਪਸ ਆਉਂਦਾ ਸੀ। ਰੋਮੀ ਇਤਿਹਾਸਕਾਰ ਟੈਸੀਟਸ ਨੇ ਲਿਖਿਆ: “ਆਪਣੀ ਢਾਲ਼ ਨੂੰ ਛੱਡ ਦੇਣਾ ਬਹੁਤ ਜ਼ਿਆਦਾ ਬੇਇੱਜ਼ਤੀ ਦੀ ਗੱਲ ਹੁੰਦੀ ਸੀ।” ਇਸ ਕਰਕੇ ਫ਼ੌਜੀ ਆਪਣੀਆਂ ਢਾਲਾਂ ਨੂੰ ਘੁੱਟ ਕੇ ਫੜੀ ਰੱਖਦੇ ਸਨ।
19. ਅਸੀਂ ਆਪਣੀ ਨਿਹਚਾ ਦੀ ਢਾਲ਼ ਨੂੰ ਘੁੱਟ ਕੇ ਕਿਵੇਂ ਫੜੀ ਰੱਖ ਸਕਦੇ ਹਾਂ?
19 ਅਸੀਂ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋ ਕੇ, ਯਹੋਵਾਹ ਦੇ ਨਾਂ ਅਤੇ ਉਸ ਦੇ ਰਾਜ ਬਾਰੇ ਦੂਜਿਆਂ ਨੂੰ ਦੱਸ ਕੇ ਆਪਣੀ ਨਿਹਚਾ ਦੀ ਢਾਲ਼ ਨੂੰ ਘੁੱਟ ਕੇ ਫੜੀ ਰੱਖਦੇ ਹਾਂ। (ਇਬ. 10:23-25) ਨਾਲੇ ਅਸੀਂ ਹਰ ਰੋਜ਼ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਾਂ ਅਤੇ ਉਸ ਵਿਚ ਦਿੱਤੀਆਂ ਸਲਾਹਾਂ ਤੇ ਹਿਦਾਇਤਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਵਿਚ ਲਾਗੂ ਕਰਦੇ ਹਾਂ। (2 ਤਿਮੋ. 3:16, 17) ਇੱਦਾਂ ਕਰਨ ਕਰਕੇ ਸ਼ੈਤਾਨ ਦਾ ਕੋਈ ਵੀ ਹਥਿਆਰ ਸਾਡਾ ਉਹ ਨੁਕਸਾਨ ਨਹੀਂ ਕਰ ਸਕੇਗਾ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ। (ਯਸਾ. 54:17) “ਨਿਹਚਾ ਦੀ ਵੱਡੀ ਢਾਲ਼” ਸਾਡੀ ਰਾਖੀ ਕਰੇਗੀ। ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਲੇਰੀ ਨਾਲ ਕੰਮ ਕਰਾਂਗੇ। ਨਾਲੇ ਅਸੀਂ ਸਿਰਫ਼ ਹਰ ਰੋਜ਼ ਦੀਆਂ ਲੜਾਈਆਂ ਹੀ ਨਹੀਂ ਜਿੱਤਾਂਗੇ, ਸਗੋਂ ਸਾਡੇ ਕੋਲ ਯਿਸੂ ਦੇ ਪੱਖ ਵਿਚ ਖੜ੍ਹੇ ਹੋਣ ਦਾ ਸਨਮਾਨ ਹੋਵੇਗਾ ਜਦੋਂ ਉਹ ਸ਼ੈਤਾਨ ਅਤੇ ਉਸ ਦੇ ਲੋਕਾਂ ਵਿਰੁੱਧ ਲੜੀ ਜਾਣ ਵਾਲੀ ਲੜਾਈ ਜਿੱਤ ਲਵੇਗਾ।—ਪ੍ਰਕਾ. 17:14; 20:10.
ਗੀਤ 29 ਵਫ਼ਾ ਦੇ ਰਾਹ ʼਤੇ ਚੱਲੋ
a ਫ਼ੌਜੀਆਂ ਨੂੰ ਆਪਣੀ ਰਾਖੀ ਕਰਨ ਲਈ ਢਾਲ਼ ਦੀ ਲੋੜ ਹੁੰਦੀ ਸੀ। ਸਾਡੀ ਨਿਹਚਾ ਢਾਲ਼ ਦੀ ਤਰ੍ਹਾਂ ਹੈ। ਨਾਲੇ ਜਿਸ ਤਰ੍ਹਾਂ ਫ਼ੌਜੀ ਆਪਣੀ ਢਾਲ਼ ਦੀ ਸਾਂਭ-ਸੰਭਾਲ ਕਰਦੇ ਸਨ, ਉਸੇ ਤਰ੍ਹਾਂ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਇਸ ਦੀ ਸਾਂਭ-ਸੰਭਾਲ ਕਰਨ ਦੀ ਲੋੜ ਹੈ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਆਪਣੀ “ਨਿਹਚਾ ਦੀ ਵੱਡੀ ਢਾਲ਼” ਨੂੰ ਸਹੀ ਹਾਲਤ ਵਿਚ ਰੱਖਣ ਲਈ ਕੀ ਕਰ ਸਕਦੇ ਹਾਂ।
b ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਯਹੋਵਾਹ ਦੇ ਗਵਾਹਾਂ ਬਾਰੇ ਝੂਠੀਆਂ ਗੱਲਾਂ ਫੈਲਾਉਣ ਵਾਲੇ ਧਰਮ-ਤਿਆਗੀਆਂ ਬਾਰੇ ਟੀ. ਵੀ. ʼਤੇ ਖ਼ਬਰ ਆਉਂਦੀ ਹੈ, ਤਾਂ ਗਵਾਹ ਪਰਿਵਾਰ ਝੱਟ ਹੀ ਟੀ. ਵੀ. ਬੰਦ ਕਰਦਾ ਹੋਇਆ।
c ਤਸਵੀਰਾਂ ਬਾਰੇ ਜਾਣਕਾਰੀ: ਬਾਅਦ ਵਿਚ, ਪਰਿਵਾਰਕ ਸਟੱਡੀ ਦੌਰਾਨ ਪਿਤਾ ਬਾਈਬਲ ਦੀਆਂ ਆਇਤਾਂ ਨੂੰ ਵਰਤ ਕੇ ਆਪਣੇ ਪਰਿਵਾਰ ਦੀ ਨਿਹਚਾ ਮਜ਼ਬੂਤ ਕਰਦਾ ਹੋਇਆ।