ਪਰਮੇਸ਼ੁਰੀ ਗੁਣਾਂ ਨੂੰ ਪੈਦਾ ਕਰਦੇ ਰਹੋ
“ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ।”—1 ਤਿਮੋ. 6:11.
1. ‘ਮਗਰ ਲੱਗਣਾ’ ਜਾਂ ਪਿੱਛਾ ਕਰਨਾ ਸ਼ਬਦ ਸੁਣ ਕੇ ਤੁਹਾਨੂੰ ਕੀ ਚੇਤੇ ਆਉਂਦਾ ਹੈ?
ਜਦ ਤੁਸੀਂ ‘ਮਗਰ ਲੱਗਣਾ’ ਜਾਂ ਪਿੱਛਾ ਕਰਨਾ ਸ਼ਬਦਾਂ ਨੂੰ ਸੁਣਦੇ ਹੋ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਤੁਸੀਂ ਸ਼ਾਇਦ ਮੂਸਾ ਦੇ ਜ਼ਮਾਨੇ ਦੀ ਮਿਸਰੀ ਸੈਨਾ ਨੂੰ ਚੇਤੇ ਕਰੋ ਜਿਸ ਨੇ ਇਸਰਾਏਲੀਆਂ ਦਾ ‘ਪਿੱਛਾ ਕੀਤਾ’ ਸੀ, ਪਰ ਫਿਰ ਜਿਨ੍ਹਾਂ ਨੂੰ ਲਾਲ ਸਮੁੰਦਰ ਵਿਚ ਨਾਸ਼ ਕੀਤਾ ਗਿਆ ਸੀ। (ਕੂਚ 14:23) ਜਾਂ ਸ਼ਾਇਦ ਤੁਸੀਂ ਪ੍ਰਾਚੀਨ ਇਸਰਾਏਲ ਦੇ ਉਸ ਕਾਤਲ ਨੂੰ ਯਾਦ ਕਰੋ ਜਿਸ ਤੋਂ ਅਣਜਾਣੇ ਵਿਚ ਕਿਸੇ ਦਾ ਕਤਲ ਹੋ ਜਾਂਦਾ ਸੀ ਤੇ ਉਸ ਨੂੰ ਪਨਾਹ ਦੇ ਛੇ ਨਗਰਾਂ ਵਿੱਚੋਂ ਕਿਸੇ ਇਕ ਵਿਚ ਪਨਾਹ ਲੈਣ ਲਈ ਭੱਜਣਾ ਪੈਂਦਾ ਸੀ। ਜੇ ਉਹ ਇੱਦਾਂ ਨਾ ਕਰਦਾ, ਤਾਂ ‘ਖ਼ੂਨ ਦਾ ਬਦਲਾ ਲੈਣ ਵਾਲੇ ਨੇ ਖ਼ੂਨੀ ਦੇ ਮਗਰ ਪੈ ਕੇ ਉਸ ਨੂੰ ਫੜ ਲੈਣਾ ਸੀ ਅਤੇ ਜਾਨ ਤੋਂ ਮਾਰ ਦੇਣਾ ਸੀ।’—ਬਿਵ. 19:6.
2. (ੳ) ਪਰਮੇਸ਼ੁਰ ਨੇ ਕੁਝ ਮਸੀਹੀਆਂ ਨੂੰ ਕਿਹੋ ਜਿਹਾ ਇਨਾਮ ਹਾਸਲ ਕਰਨ ਲਈ ਸੱਦਿਆ ਹੈ? (ਅ) ਜ਼ਿਆਦਾਤਰ ਮਸੀਹੀ ਭਵਿੱਖ ਸੰਬੰਧੀ ਕਿਹੜੀ ਉਮੀਦ ਰੱਖਦੇ ਹਨ?
2 ਧਿਆਨ ਦਿਓ ਕਿ ਪੌਲੁਸ ਰਸੂਲ ਨੇ ਵੀ ਕਿਸੇ ਚੀਜ਼ ਦਾ ਪਿੱਛਾ ਕਰਨ ਦੀ ਗੱਲ ਕੀਤੀ ਸੀ। ਉਸ ਨੇ ਲਿਖਿਆ: “ਮੈਂ ਤਾਂ ਪਰਮੇਸ਼ੁਰ ਦੇ ਸੱਦੇ ਅਨੁਸਾਰ ਮਸੀਹ ਯਿਸੂ ਵਿਚ ਜੀਵਣ ਦੇ ਇਨਾਮ ਪ੍ਰਾਪਤੀ ਲਈ ਅੱਗੇ ਨਿਸ਼ਾਨੇ ਵੱਲ ਦੌੜ ਰਿਹਾ ਹਾਂ।” (ਫ਼ਿਲਿ. 3:14, CL) ਬਾਈਬਲ ਤੋਂ ਪਤਾ ਲੱਗਦਾ ਹੈ ਕਿ 1,44,000 ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗੀ ਜ਼ਿੰਦਗੀ ਦਾ ਇਨਾਮ ਮਿਲਦਾ ਹੈ। ਪੌਲੁਸ ਵੀ ਇਹੋ ਇਨਾਮ ਪਾਉਣ ਦੀ ਖ਼ਾਹਸ਼ ਰੱਖਦਾ ਸੀ। ਮਸਹ ਕੀਤੇ ਹੋਏ ਮਸੀਹੀ ਯਿਸੂ ਨਾਲ ਹਜ਼ਾਰ ਸਾਲ ਲਈ ਸਵਰਗੋਂ ਧਰਤੀ ਉੱਤੇ ਰਾਜ ਕਰਨਗੇ। ਪਰਮੇਸ਼ੁਰ ਨੇ ਉਨ੍ਹਾਂ ਅੱਗੇ ਕਿੰਨਾ ਵਧੀਆ ਇਨਾਮ ਰੱਖਿਆ ਹੈ ਜਿਸ ਨੂੰ ਪਾਉਣ ਲਈ ਉਹ ਪੂਰੇ ਦਿਲ ਨਾਲ ਜਤਨ ਕਰ ਰਹੇ ਹਨ। ਅੱਜ ਇਨ੍ਹਾਂ ਤੋਂ ਵੀ ਵੱਡੀ ਗਿਣਤੀ ਵਿਚ ਮਸੀਹੀ ਹਨ ਜਿਨ੍ਹਾਂ ਦੀ ਵੱਖਰੀ ਉਮੀਦ ਹੈ। ਯਹੋਵਾਹ ਉਨ੍ਹਾਂ ਨੂੰ ਉਹ ਕੁਝ ਦੇਵੇਗਾ ਜੋ ਆਦਮ ਤੇ ਹੱਵਾਹ ਨੇ ਗੁਆ ਦਿੱਤਾ ਸੀ। ਉਹ ਇਸ ਧਰਤੀ ਨੂੰ ਸੁੰਦਰ ਬਣਾ ਕੇ ਇਸ ਉੱਤੇ ਆਪਣੇ ਲੋਕਾਂ ਨੂੰ ਚੰਗੀ ਸਿਹਤ ਤੇ ਸਦਾ ਦੀ ਜ਼ਿੰਦਗੀ ਬਖ਼ਸ਼ੇਗਾ।—ਪਰ. 7:4, 9; 21:1-4.
3. ਪਰਮੇਸ਼ੁਰ ਦੇ ਪਿਆਰ ਲਈ ਅਸੀਂ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?
3 ਪਾਪੀ ਇਨਸਾਨ ਆਪਣੇ ਬਲ ʼਤੇ ਸਹੀ ਕੰਮ ਕਰ ਕੇ ਸਦਾ ਦੀ ਜ਼ਿੰਦਗੀ ਹਾਸਲ ਨਹੀਂ ਕਰ ਸਕਦੇ। (ਯਸਾ. 64:6) ਸਦਾ ਦੀ ਜ਼ਿੰਦਗੀ ਸਾਨੂੰ ਤਾਂ ਹੀ ਮਿਲ ਸਕਦੀ ਹੈ ਜੇ ਅਸੀਂ ਯਿਸੂ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰੀਏ। ਅਸੀਂ ਪਰਮੇਸ਼ੁਰ ਦੇ ਇਸ ਪਿਆਰ ਭਰੇ ਇੰਤਜ਼ਾਮ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ? ਇਹ ਆਗਿਆ ਮੰਨ ਕੇ: ‘ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਅਤੇ ਨਰਮਾਈ ਦੇ ਮਗਰ ਲੱਗੇ ਰਹੋ।’ (1 ਤਿਮੋ. 6:11) ਇਨ੍ਹਾਂ ਗੁਣਾਂ ʼਤੇ ਵਿਚਾਰ ਕਰਨ ਨਾਲ ਸਾਨੂੰ ਹੋਰ ਵੀ ਚੰਗੀ ਤਰ੍ਹਾਂ ਇਹ ਗੁਣ ਜ਼ਾਹਰ ਕਰਨ ਵਿਚ ਮਦਦ ਮਿਲੇਗੀ।—1 ਥੱਸ. 4:1.
‘ਧਰਮ ਦੇ ਮਗਰ ਲੱਗੇ ਰਹੋ’
4. ਅਸੀਂ ਕਿਉਂ ਕਹਿ ਸਕਦੇ ਹਾਂ ਕਿ “ਧਰਮ” ਦੇ ਮਗਰ ਲੱਗਣਾ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਕਰਨ ਲਈ ਸਭ ਤੋਂ ਪਹਿਲਾਂ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਹੈ?
4 ਤਿਮੋਥਿਉਸ ਨੂੰ ਲਿਖੀਆਂ ਆਪਣੀਆਂ ਦੋਵੇਂ ਚਿੱਠੀਆਂ ਵਿਚ ਪੌਲੁਸ ਰਸੂਲ ਨੇ ਉਨ੍ਹਾਂ ਗੁਣਾਂ ਦੀ ਸੂਚੀ ਦਿੱਤੀ ਜੋ ਹਰ ਮਸੀਹੀ ਨੂੰ ਜ਼ਾਹਰ ਕਰਨ ਦੀ ਲੋੜ ਹੈ। ਹਰ ਵਾਰ ਉਸ ਨੇ ਸੂਚੀ ਵਿਚ “ਧਰਮ” ਦਾ ਜ਼ਿਕਰ ਪਹਿਲਾਂ ਕੀਤਾ। (1 ਤਿਮੋ. 6:11; 2 ਤਿਮੋ. 2:22) ਇਸ ਤੋਂ ਇਲਾਵਾ ਬਾਈਬਲ ਦੇ ਹੋਰ ਹਵਾਲਿਆਂ ਵਿਚ ਵੀ “ਧਰਮ ਦਾ ਪਿੱਛਾ ਕਰਨ” ਉੱਤੇ ਜ਼ੋਰ ਦਿੱਤਾ ਗਿਆ ਹੈ। (ਕਹਾ. 15:9; 21:21; ਯਸਾ. 51:1) ਇਕ ਇਨਸਾਨ ‘ਸੱਚੇ ਵਾਹਿਦ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਜਾਣਨ’ ਦੁਆਰਾ ਧਰਮੀ ਰਾਹਾਂ ਉੱਤੇ ਚੱਲਣਾ ਸ਼ੁਰੂ ਕਰਦਾ ਹੈ। (ਯੂਹੰ. 17:3) ਧਰਮ ਦੇ ਰਾਹਾਂ ਉੱਤੇ ਚੱਲਣ ਵਾਲਾ ਇਨਸਾਨ ਆਪਣੇ ਪਾਪਾਂ ਤੋਂ ‘ਮੁੜ ਕੇ’ ਤੋਬਾ ਕਰਦਾ ਹੈ ਤਾਂਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਸਕੇ।—ਰਸੂ. 3:19.
5. ਲੱਖਾਂ ਲੋਕਾਂ ਨੇ ਕਿਵੇਂ ਦਿਖਾਇਆ ਹੈ ਕਿ ਉਹ ਧਾਰਮਿਕਤਾ ਦਾ ਪਿੱਛਾ ਕਰ ਰਹੇ ਹਨ ਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਅਜੇ ਵੀ ਧਾਰਮਿਕਤਾ ਦਾ ਲੜ ਫੜਿਆ ਹੋਇਆ ਹੈ?
5 ਲੱਖਾਂ ਹੀ ਲੋਕ ਸੱਚੇ ਦਿਲੋਂ ਧਾਰਮਿਕਤਾ ਦਾ ਪਿੱਛਾ ਕਰਦੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਪਾਣੀ ਵਿਚ ਬਪਤਿਸਮਾ ਲਿਆ ਹੈ। ਜੇ ਤੁਸੀਂ ਬਪਤਿਸਮਾ ਲਿਆ ਹੋਇਆ ਹੈ, ਤਾਂ ਕੀ ਤੁਹਾਡੇ ਤੌਰ-ਤਰੀਕਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਅਜੇ ਵੀ ਧਾਰਮਿਕਤਾ ਦਾ ਲੜ ਫੜਿਆ ਹੋਇਆ ਹੈ? ਜੇ ਹਾਂ, ਤਾਂ ਕੋਈ ਵੀ ਫ਼ੈਸਲਾ ਕਰਨ ਲੱਗਿਆਂ ਤੁਸੀਂ ਬਾਈਬਲ ਵਿੱਚੋਂ “ਭਲੇ ਬੁਰੇ” ਦੀ ਜਾਂਚ ਕਰੋਗੇ। (ਇਬਰਾਨੀਆਂ 5:14 ਪੜ੍ਹੋ।) ਮਿਸਾਲ ਲਈ, ਜੇ ਤੁਹਾਡੀ ਉਮਰ ਵਿਆਹ ਦੇ ਲਾਇਕ ਹੋ ਗਈ ਹੈ, ਤਾਂ ਕੀ ਤੁਹਾਡਾ ਇਰਾਦਾ ਹਾਲੇ ਵੀ ਪੱਕਾ ਹੈ ਕਿ ਤੁਸੀਂ ਉਸ ਵਿਅਕਤੀ ਨਾਲ ਰੋਮਾਂਟਿਕ ਰਿਸ਼ਤਾ ਨਹੀਂ ਜੋੜੋਗੇ ਜਿਸ ਨੇ ਅਜੇ ਬਪਤਿਸਮਾ ਨਹੀਂ ਲਿਆ ਹੈ? ਇਸ ਦਾ ਜਵਾਬ ਤੁਸੀਂ ਤਾਂ ਹੀ ‘ਹਾਂ’ ਵਿਚ ਦੇ ਸਕਦੇ ਹੋ ਜੇ ਤੁਸੀਂ ਧਾਰਮਿਕਤਾ ਦੇ ਰਾਹ ʼਤੇ ਦਿੜ੍ਹਤਾ ਨਾਲ ਚੱਲ ਰਹੇ ਹੋ।—1 ਕੁਰਿੰ. 7:39.
6. ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
6 ਧਰਮੀ ਉਸ ਇਨਸਾਨ ਨੂੰ ਨਹੀਂ ਕਹਿੰਦੇ ਜੋ ਦੂਜਿਆਂ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਜਾਂ “ਵਧੀਕ ਧਰਮੀ” ਸਮਝਦਾ ਹੈ। (ਉਪ. 7:16) ਯਿਸੂ ਨੇ ਇਸ ਤਰ੍ਹਾਂ ਦਾ ਦਿਖਾਵਾ ਕਰਨ ਤੋਂ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ। (ਮੱਤੀ 6:1) ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਲਈ ਸਾਨੂੰ ਆਪਣੇ ਮਨ ਦੀ ਚੌਕਸੀ ਕਰਨ ਦੀ ਲੋੜ ਹੈ। ਕਹਿਣ ਦਾ ਭਾਵ ਕਿ ਸਾਨੂੰ ਆਪਣੀਆਂ ਸੋਚਾਂ ਤੇ ਰਵੱਈਏ ਨੂੰ ਸੁਧਾਰਨ ਅਤੇ ਸਹੀ ਮਨੋਰਥ ਅਤੇ ਇੱਛਾਵਾਂ ਰੱਖਣ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ, ਤਾਂ ਅਸੀਂ ਗੰਭੀਰ ਪਾਪ ਕਰਨ ਤੋਂ ਬਚਾਂਗੇ। (ਕਹਾਉਤਾਂ 4:23 ਪੜ੍ਹੋ; ਹੋਰ ਜਾਣਕਾਰੀ ਲਈ ਯਾਕੂਬ 1:14, 15 ਦੇਖੋ।) ਇਸ ਤੋਂ ਇਲਾਵਾ ਯਹੋਵਾਹ ਦੀ ਸਾਡੇ ਉੱਤੇ ਮਿਹਰ ਰਹੇਗੀ ਅਤੇ ਉਹ ਹੋਰ ਵੀ ਜ਼ਰੂਰੀ ਗੁਣਾਂ ਨੂੰ ਪੈਦਾ ਕਰਨ ਵਿਚ ਸਾਡੀ ਮਦਦ ਕਰੇਗਾ।
‘ਭਗਤੀ ਦੇ ਮਗਰ ਲੱਗੇ ਰਹੋ’
7. ਪਰਮੇਸ਼ੁਰ ਦੀ ਭਗਤੀ ਕਰਨ ਦਾ ਕੀ ਮਤਲਬ ਹੈ?
7 ਭਗਤੀ ਦਾ ਮਤਲਬ ਹੈ ਦਿਲੋਂ ਰੱਬ ਦੀ ਸੇਵਾ ਕਰਨੀ ਅਤੇ ਉਸ ਦੇ ਵਫ਼ਾਦਾਰ ਰਹਿਣਾ। ਬਾਈਬਲ ਦੀ ਇਕ ਡਿਕਸ਼ਨਰੀ ਦੱਸਦੀ ਹੈ ਕਿ “ਭਗਤੀ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਰੱਬ ਦਾ ਭੈ ਰੱਖਦਿਆਂ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਨੀ ਤੇ ਕਿਸੇ ਵੀ ਗੱਲ ਕਾਰਨ ਇਹ ਭੈ ਘੱਟਣ ਨਾ ਦੇਣਾ।” ਇਸਰਾਏਲੀਆਂ ਨੇ ਇਸ ਢੰਗ ਨਾਲ ਯਹੋਵਾਹ ਦੀ ਭਗਤੀ ਨਹੀਂ ਕੀਤੀ ਸੀ ਬਲਕਿ ਉਨ੍ਹਾਂ ਨੇ ਵਾਰ-ਵਾਰ ਯਹੋਵਾਹ ਦੀ ਅਣਆਗਿਆਕਾਰੀ ਕੀਤੀ। ਮਿਸਰ ਤੋਂ ਛੁਡਾਏ ਜਾਣ ਤੋਂ ਬਾਅਦ ਵੀ ਉਹ ਗ਼ਲਤ ਕੰਮ ਕਰਦੇ ਰਹੇ।
8. (ੳ) ਆਦਮ ਦੇ ਪਾਪ ਕਾਰਨ ਕਿਹੜਾ ਸਵਾਲ ਖੜ੍ਹਾ ਹੋਇਆ? (ਅ) ਸਮਾਂ ਆਉਣ ਤੇ ਇਸ ਸਵਾਲ ਦਾ ਜਵਾਬ ਕਿਵੇਂ ਦਿੱਤਾ ਗਿਆ?
8 ਮੁਕੰਮਲ ਇਨਸਾਨ ਆਦਮ ਦੇ ਪਾਪ ਕਰਨ ਤੋਂ ਬਾਅਦ ਇਹ ਸਵਾਲ ਉੱਠਿਆ, ‘ਕੀ ਕੋਈ ਇਨਸਾਨ ਪੂਰੀ ਤਰ੍ਹਾਂ ਪਰਮੇਸ਼ੁਰ ਦਾ ਵਫ਼ਾਦਾਰ ਰਹਿ ਸਕਦਾ ਸੀ?’ ਸਦੀਆਂ ਤਾਈਂ ਇੱਦਾਂ ਦਾ ਕੋਈ ਵੀ ਇਨਸਾਨ ਨਹੀਂ ਹੋਇਆ ਜਿਸ ਨੇ ਹਰ ਗੱਲ ਵਿਚ ਵਫ਼ਾਦਾਰੀ ਦਿਖਾਈ ਹੋਵੇ। ਪਰ ਸਮਾਂ ਆਉਣ ʼਤੇ ਯਹੋਵਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ ਜਾਂ “ਭੇਤ” ਖੋਲ੍ਹਿਆ। ਉਸ ਨੇ ਆਪਣੇ ਇਕਲੌਤੇ ਪੁੱਤਰ ਦਾ ਜੀਵਨ ਮਰਿਯਮ ਦੀ ਕੁੱਖ ਵਿਚ ਪਾ ਦਿੱਤਾ ਤਾਂਕਿ ਉਹ ਮੁਕੰਮਲ ਇਨਸਾਨ ਵਜੋਂ ਪੈਦਾ ਹੋਵੇ। ਯਿਸੂ ਸਾਰੀ ਜ਼ਿੰਦਗੀ, ਇੱਥੋਂ ਤਕ ਕਿ ਆਪਣੀ ਮੌਤ ਤਾਈਂ ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਿਹਾ। ਉਸ ਦੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸਵਰਗੀ ਪਿਤਾ ਯਹੋਵਾਹ ਪ੍ਰਤੀ ਕਿੰਨੀ ਸ਼ਰਧਾ ਰੱਖਦਾ ਸੀ। (ਮੱਤੀ 11:25; ਯੂਹੰ. 12:27, 28) ਇਸ ਕਰਕੇ ਪੌਲੁਸ ਨੇ ਯਹੋਵਾਹ ਦੀ ਪ੍ਰੇਰਣਾ ਅਧੀਨ “ਭਗਤੀ” ਬਾਰੇ ਗੱਲ ਕਰਦਿਆਂ ਯਿਸੂ ਦੀ ਵਧੀਆ ਮਿਸਾਲ ਵੱਲ ਧਿਆਨ ਖਿੱਚਿਆ।—1 ਤਿਮੋਥਿਉਸ 3:16 ਪੜ੍ਹੋ।
9. ਪਰਮੇਸ਼ੁਰ ਦੀ ਭਗਤੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
9 ਪਾਪੀ ਹੋਣ ਕਰਕੇ ਅਸੀਂ ਯਿਸੂ ਵਾਂਗ ਪੂਰੀ ਸ਼ਰਧਾ ਨਾਲ ਪਰਮੇਸ਼ੁਰ ਦੀ ਭਗਤੀ ਨਹੀਂ ਕਰ ਸਕਦੇ। ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਮਸੀਹ ਦੀ ਪੈੜ ਉੱਤੇ ਚੱਲਣ ਦੀ ਲੋੜ ਹੈ। (1 ਪਤ. 2:21) ਉਸ ਦੀ ਪੈੜ ʼਤੇ ਚੱਲ ਕੇ ਅਸੀਂ ਉਨ੍ਹਾਂ ਪਖੰਡੀਆਂ ਵਰਗੇ ਨਹੀਂ ਬਣਾਂਗੇ ਜੋ “ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ” ਹੁੰਦੇ ਹਨ। (2 ਤਿਮੋ. 3:5) ਸਾਡੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਤੋਂ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਮਿਸਾਲ ਲਈ, ਆਪਣੇ ਵਿਆਹ ਤੇ ਜਾਂ ਬਾਜ਼ਾਰ ਜਾਣ ਵੇਲੇ ਅਸੀਂ ਜਿਹੜੇ ਕੱਪੜੇ ਪਾਉਂਦੇ ਹਾਂ, ਉਨ੍ਹਾਂ ਤੋਂ ਝਲਕਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ “ਪਰਮੇਸ਼ੁਰ ਦੀ ਭਗਤੀ” ਕਰਦੇ ਹਾਂ। (1 ਤਿਮੋ. 2:9, 10) ਭਗਤੀ ਦੇ ਮਗਰ ਲੱਗੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਪਰਮੇਸ਼ੁਰ ਦੇ ਧਰਮੀ ਅਸੂਲਾਂ ਉੱਤੇ ਚੱਲਦੇ ਰਹੀਏ।
‘ਨਿਹਚਾ ਦੇ ਮਗਰ ਲੱਗੇ ਰਹੋ’
10. ਆਪਣੀ ਨਿਹਚਾ ਪੱਕੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
10 ਬਾਈਬਲ ਕਹਿੰਦੀ ਹੈ: “ਵਿਸ਼ਵਾਸ ਸੰਦੇਸ਼ ਦੇ ਸੁਣਨ ਅਤੇ ਮੰਨਣ ਦੁਆਰਾ ਪੈਦਾ ਹੁੰਦਾ ਹੈ, ਅਤੇ ਸੰਦੇਸ਼ ਮਸੀਹ ਦਾ ਪ੍ਰਚਾਰ ਹੈ।” (ਰੋਮੀ. 10:17, CL) ਆਪਣੀ ਨਿਹਚਾ ਨੂੰ ਪੱਕੀ ਕਰਨ ਤੇ ਉਸ ਨੂੰ ਬਰਕਰਾਰ ਰੱਖਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆਂ ਅਨਮੋਲ ਸੱਚਾਈਆਂ ਉੱਤੇ ਮਨਨ ਕਰਨਾ ਚਾਹੀਦਾ ਹੈ। ਸਾਡੀ ਮਦਦ ਕਰਨ ਵਾਸਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਬਹੁਤ ਸਾਰੀਆਂ ਕਿਤਾਬਾਂ ਤੇ ਰਸਾਲੇ ਛਾਪੇ ਹਨ। (ਮੱਤੀ 24:45-47) ਇਨ੍ਹਾਂ ਵਿੱਚੋਂ ਇਕ ਕਿਤਾਬ ਹੈ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਇਹ ਕਿਤਾਬ ਯਿਸੂ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਦੇਣ ਲਈ ਛਾਪੀ ਗਈ ਹੈ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ। ਮਾਤਬਰ ਨੌਕਰ ਮੀਟਿੰਗਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਦਾ ਵੀ ਇੰਤਜ਼ਾਮ ਕਰਦਾ ਹੈ ਜਿਨ੍ਹਾਂ ਵਿਚ ‘ਮਸੀਹ ਦੇ ਸੰਦੇਸ਼’ ਉੱਤੇ ਚਰਚਾ ਕੀਤੀ ਜਾਂਦੀ ਹੈ। ਅਸੀਂ ਸੰਦੇਸ਼ ਨੂੰ ‘ਹੋਰ ਵੀ ਧਿਆਨ’ ਨਾਲ ਸੁਣ ਕੇ ਇਨ੍ਹਾਂ ਸਾਰੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾ ਪਾਵਾਂਗੇ ਅਤੇ ਆਪਣੀ ਨਿਹਚਾ ਪੱਕੀ ਕਰ ਪਾਵਾਂਗੇ।—ਇਬ. 2:1.
11. ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਨਾਲ ਸਾਡੀ ਨਿਹਚਾ ਤੇ ਕੀ ਅਸਰ ਪਵੇਗਾ?
11 ਨਿਹਚਾ ਪੱਕੀ ਕਰਨ ਵਿਚ ਪ੍ਰਾਰਥਨਾ ਵੀ ਮਦਦ ਕਰਦੀ ਹੈ। ਯਿਸੂ ਦੇ ਚੇਲਿਆਂ ਨੇ ਇਕ ਵਾਰ ਉਸ ਨੂੰ ਬੇਨਤੀ ਕੀਤੀ ਸੀ: “ਸਾਡੀ ਨਿਹਚਾ ਵਧਾ।” ਅਸੀਂ ਵੀ ਆਪਣੀ ਨਿਹਚਾ ਮਜ਼ਬੂਤ ਕਰਨ ਵਾਸਤੇ ਪਰਮੇਸ਼ੁਰ ਅੱਗੇ ਬੇਨਤੀ ਕਰ ਸਕਦੇ ਹਾਂ। (ਲੂਕਾ 17:5) ਫਿਰ ਪਰਮੇਸ਼ੁਰ ਦੀ ਮਦਦ ਨਾਲ ਸਾਡੀ ਨਿਹਚਾ ਹੋਰ ਵੀ ਵਧੇਗੀ। (ਗਲਾ. 5:22) ਇਸ ਤੋਂ ਇਲਾਵਾ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਨਾਲ ਵੀ ਨਿਹਚਾ ਤਕੜੀ ਹੁੰਦੀ ਹੈ। ਮਿਸਾਲ ਲਈ, ਅਸੀਂ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਸਕਦੇ ਹਾਂ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਨਾਲੇ ਜਦ ਅਸੀਂ ਉਨ੍ਹਾਂ ਬਰਕਤਾਂ ਬਾਰੇ ਸੋਚਾਂਗੇ ਜੋ ‘ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਣ’ ਨਾਲ ਮਿਲਦੀਆਂ ਹਨ, ਤਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ।—ਮੱਤੀ 6:33.
‘ਪ੍ਰੇਮ ਦੇ ਮਗਰ ਲੱਗੇ ਰਹੋ’
12, 13. (ੳ) ਯਿਸੂ ਨੇ ਕਿਹੜਾ ਨਵਾਂ ਹੁਕਮ ਦਿੱਤਾ ਸੀ? (ਅ) ਅਸੀਂ ਯਿਸੂ ਦੀ ਰੀਸ ਕਰ ਕੇ ਕਿਸ ਤਰ੍ਹਾਂ ਪਿਆਰ ਜ਼ਾਹਰ ਕਰ ਸਕਦੇ ਹਾਂ?
12 ਪਹਿਲਾ ਤਿਮੋਥਿਉਸ 5:1, 2 ਪੜ੍ਹੋ। ਪੌਲੁਸ ਨੇ ਸਾਨੂੰ ਵਧੀਆ ਸਲਾਹ ਦਿੱਤੀ ਕਿ ਅਸੀਂ ਇਕ-ਦੂਜੇ ਨਾਲ ਕਿਵੇਂ ਪਿਆਰ ਨਾਲ ਪੇਸ਼ ਆ ਸਕਦੇ ਹਾਂ। ਪਰਮੇਸ਼ੁਰ ਦੀ ਭਗਤੀ ਕਰਨ ਲਈ ਯਿਸੂ ਦਾ ਨਵਾਂ ਹੁਕਮ ਮੰਨਣਾ ਵੀ ਜ਼ਰੂਰੀ ਹੈ। ਉਸ ਨੇ ਕਿਹਾ ਸੀ ਕਿ ਸਾਨੂੰ ਉਸੇ ਤਰ੍ਹਾਂ “ਇੱਕ ਦੂਏ ਨੂੰ ਪਿਆਰ” ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਹੈ। (ਯੂਹੰ. 13:34) ਯੂਹੰਨਾ ਰਸੂਲ ਨੇ ਸਾਫ਼-ਸਾਫ਼ ਕਿਹਾ: “ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ?” (1 ਯੂਹੰ. 3:17) ਕੀ ਤੁਸੀਂ ਉਨ੍ਹਾਂ ਮੌਕਿਆਂ ਨੂੰ ਯਾਦ ਕਰ ਸਕਦੇ ਹੋ ਜਦ ਤੁਸੀਂ ਇਹੋ ਜਿਹਾ ਪਿਆਰ ਜ਼ਾਹਰ ਕੀਤਾ ਸੀ?
13 ਅਸੀਂ ਖੁੱਲ੍ਹੇ ਦਿਲ ਨਾਲ ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਰ ਕੇ ਅਤੇ ਅੰਦਰੋ-ਅੰਦਰ ਉਨ੍ਹਾਂ ਬਾਰੇ ਬੁਰਾ ਨਾ ਸੋਚ ਕੇ ਵੀ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ। (1 ਯੂਹੰਨਾ 4:20 ਪੜ੍ਹੋ।) ਅਸੀਂ ਇਸ ਸਲਾਹ ʼਤੇ ਚੱਲਣਾ ਚਾਹਾਂਗੇ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁ. 3:13) ਕੀ ਕਲੀਸਿਯਾ ਵਿਚ ਕੋਈ ਹੈ ਜਿਸ ਨਾਲ ਤੁਸੀਂ ਇਸ ਤਰ੍ਹਾਂ ਪੇਸ਼ ਆ ਸਕਦੇ ਹੋ? ਕੀ ਤੁਸੀਂ ਉਸ ਨੂੰ ਮਾਫ਼ ਕਰ ਦੇਵੋਗੇ?
‘ਧੀਰਜ ਦੇ ਮਗਰ ਲੱਗੇ ਰਹੋ’
14. ਫ਼ਿਲਦਲਫ਼ੀਏ ਦੀ ਕਲੀਸਿਯਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
14 ਸਦਾ ਦੀ ਜ਼ਿੰਦਗੀ ਹਾਸਲ ਕਰਨ ਲਈ ਸਾਨੂੰ ਧੀਰਜ ਦੀ ਲੋੜ ਹੈ। ਜਦ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੀ ਮੰਜ਼ਲ ਦੇ ਕਰੀਬ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਜਦ ਮੰਜ਼ਲ ਤਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਜਾਂ ਸਾਡੀ ਆਸ ਨਾਲੋਂ ਵੱਧ ਸਮਾਂ ਲੱਗ ਜਾਂਦਾ ਹੈ, ਤਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। ਪ੍ਰਭੂ ਯਿਸੂ ਨੇ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਕਿਹਾ ਸੀ: ‘ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਸਮੇਂ ਤੋਂ ਤੇਰੀ ਰੱਛਿਆ ਕਰਾਂਗਾ।’ (ਪਰ. 3:10) ਜੀ ਹਾਂ, ਯਿਸੂ ਨੇ ਧੀਰਜ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ ਜਿਸ ਦੀ ਮਦਦ ਨਾਲ ਅਸੀਂ ਅਜ਼ਮਾਇਸ਼ਾਂ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰ ਸਕਦੇ ਹਾਂ। ਪਹਿਲੀ ਸਦੀ ਦੀ ਫ਼ਿਲਦਲਫ਼ੀਏ ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਧੀਰਜ ਦੇ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ ਜਦ ਉਨ੍ਹਾਂ ਨੇ ਪਰੀਖਿਆਵਾਂ ਦਾ ਸਾਮ੍ਹਣਾ ਕੀਤਾ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਹੋਰ ਵੱਡੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਵੇਲੇ ਵੀ ਉਹ ਉਨ੍ਹਾਂ ਦੀ ਮਦਦ ਕਰਦਾ ਰਹੇਗਾ।—ਲੂਕਾ 16:10.
15. ਯਿਸੂ ਨੇ ਧੀਰਜ ਬਾਰੇ ਕੀ ਕਿਹਾ ਸੀ?
15 ਯਿਸੂ ਨੂੰ ਪਤਾ ਸੀ ਕਿ ਉਸ ਦੇ ਚੇਲਿਆਂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਲੋਕਾਂ ਦੀ ਨਫ਼ਰਤ ਦਾ ਸਾਮ੍ਹਣਾ ਕਰਨਾ ਪਵੇਗਾ। ਇਸ ਲਈ ਦੋ ਮੌਕਿਆਂ ʼਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 10:22; 24:13) ਯਿਸੂ ਨੇ ਇਹ ਵੀ ਦਿਖਾਇਆ ਕਿ ਮੁਸ਼ਕਲ ਘੜੀ ਵਿੱਚੋਂ ਲੰਘਣ ਲਈ ਉਸ ਦੇ ਚੇਲਿਆਂ ਨੂੰ ਤਾਕਤ ਕਿੱਥੋਂ ਮਿਲੇਗੀ। ਇਕ ਦ੍ਰਿਸ਼ਟਾਂਤ ਵਿਚ ਉਸ ਨੇ ਪਥਰੀਲੀ ਜ਼ਮੀਨ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਜੋ “[ਪਰਮੇਸ਼ੁਰ ਦੇ] ਬਚਨ ਨੂੰ ਖੁਸ਼ੀ ਨਾਲ ਮੰਨ ਲੈਂਦੇ ਹਨ।” ਪਰ ਜਦ ਨਿਹਚਾ ਨੂੰ ਪਰਖਣ ਵਾਲੀਆਂ ਅਜ਼ਮਾਇਸ਼ਾਂ ਆਉਂਦੀਆਂ ਹਨ, ਤਾਂ ਉਹ ਬਚਨ ਨੂੰ ਛੱਡ ਦਿੰਦੇ ਹਨ। ਪਰ ਉਸ ਨੇ ਚੰਗੀ ਜ਼ਮੀਨ ਦੀ ਤੁਲਨਾ ਆਪਣੇ ਚੇਲਿਆਂ ਨਾਲ ਕੀਤੀ ਜੋ ਪਰਮੇਸ਼ੁਰ ਦੇ ਬਚਨ ਨੂੰ “ਸਾਂਭੀ ਰੱਖਦੇ ਹਨ” ਤੇ “ਧੀਰਜ ਨਾਲ ਫਲ ਦਿੰਦੇ ਹਨ।”—ਲੂਕਾ 8:13, 15.
16. ਧੀਰਜ ਰੱਖਣ ਲਈ ਯਹੋਵਾਹ ਨੇ ਸਾਨੂੰ ਕੀ ਦਿੱਤਾ ਹੈ?
16 ਕੀ ਤੁਸੀਂ ਧਿਆਨ ਦਿੱਤਾ ਕਿ ਧੀਰਜ ਰੱਖਣ ਦਾ ਰਾਜ਼ ਕੀ ਹੈ? ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ‘ਸਾਂਭੀ ਰੱਖਣ’ ਅਤੇ ਆਪਣੇ ਦਿਲਾਂ-ਦਿਮਾਗ਼ਾਂ ਵਿਚ ਜ਼ਿੰਦਾ ਰੱਖਣ ਦੀ ਲੋੜ ਹੈ। ਬਾਈਬਲ ਦੀ ਮਦਦ ਨਾਲ ਅਸੀਂ ਇੱਦਾਂ ਕਰ ਸਕਦੇ ਹਾਂ ਜੋ ਕਿ ਅੱਜ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਹੈ। ਬਾਈਬਲ ਯਹੋਵਾਹ ਪਰਮੇਸ਼ੁਰ ਵੱਲੋਂ ਇਕ ਵਧੀਆ ਦਾਤ ਹੈ। ਹਰ ਰੋਜ਼ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਨਾਲ ਸਾਨੂੰ “ਧੀਰਜ ਨਾਲ” ਫਲ ਦਿੰਦੇ ਰਹਿਣ ਲਈ ਜ਼ਰੂਰੀ ਤਾਕਤ ਮਿਲੇਗੀ।—ਜ਼ਬੂ. 1:1, 2.
ਸ਼ਾਂਤੀ ਅਤੇ ‘ਨਰਮਾਈ ਦੇ ਮਗਰ ਲੱਗੇ ਰਹੋ’
17. (ੳ) “ਨਰਮਾਈ” ਨਾਲ ਪੇਸ਼ ਆਉਣਾ ਇੰਨਾ ਜ਼ਰੂਰੀ ਕਿਉਂ ਹੈ? (ਅ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਨਰਮ ਸੁਭਾਅ ਦਾ ਇਨਸਾਨ ਸੀ?
17 ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਜੇ ਕੋਈ ਉਸ ਉੱਤੇ ਅਜਿਹੀ ਗੱਲ ਦਾ ਦੋਸ਼ ਲਾਵੇ ਜੋ ਉਸ ਨੇ ਕਹੀ ਜਾਂ ਕੀਤੀ ਹੀ ਨਾ ਹੋਵੇ। ਇਸ ਲਈ ਅਜਿਹਾ ਹੋਣ ਤੇ ਕੋਈ ਵੀ ਇਨਸਾਨ ਗੁੱਸੇ ਵਿਚ ਆ ਸਕਦਾ ਹੈ। ਪਰ ਕਿੰਨਾ ਚੰਗਾ ਹੋਵੇਗਾ ਜੇ ਉਹ “ਨਰਮਾਈ” ਨਾਲ ਪੇਸ਼ ਆਵੇ! (ਕਹਾਉਤਾਂ 15:1 ਪੜ੍ਹੋ।) ਇਹ ਸੱਚ ਹੈ ਕਿ ਝੂਠਾ-ਮੂਠਾ ਦੋਸ਼ ਲੱਗਣ ਤੇ ਨਰਮਾਈ ਨਾਲ ਪੇਸ਼ ਆਉਣਾ ਸੌਖਾ ਨਹੀਂ ਹੈ। ਯਿਸੂ ਮਸੀਹ ਨੇ ਨਰਮਾਈ ਨਾਲ ਪੇਸ਼ ਆ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।” (1 ਪਤ. 2:23) ਅਸੀਂ ਯਿਸੂ ਦੀ ਪੂਰੀ ਤਰ੍ਹਾਂ ਨਕਲ ਤਾਂ ਨਹੀਂ ਕਰ ਸਕਦੇ, ਪਰ ਅਸੀਂ ਨਰਮਾਈ ਨਾਲ ਪੇਸ਼ ਆਉਣ ਲਈ ਆਪਣੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ।
18. (ੳ) ਨਰਮਾਈ ਨਾਲ ਪੇਸ਼ ਆਉਣ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ? (ਅ) ਸਾਨੂੰ ਹੋਰ ਕਿਹੜੇ ਗੁਣ ਨੂੰ ਪੈਦਾ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ?
18 ਯਿਸੂ ਦੀ ਤਰ੍ਹਾਂ ਆਓ ਆਪਾਂ ਵੀ ਆਪਣੇ ਵਿਸ਼ਵਾਸਾਂ ਬਾਰੇ ਨਰਮਾਈ ਅਤੇ ਆਦਰ ਨਾਲ ‘ਉੱਤਰ ਦੇਣ ਨੂੰ ਸਦਾ ਤਿਆਰ ਰਹੀਏ।’ (1 ਪਤ. 3:15) ਜੇ ਅਸੀਂ ਨਰਮਾਈ ਨਾਲ ਪੇਸ਼ ਆਉਂਦੇ ਹਾਂ, ਤਾਂ ਅਸੀਂ ਪ੍ਰਚਾਰ ਕਰਦੇ ਸਮੇਂ ਲੋਕਾਂ ਦੇ ਵੱਖਰੇ ਵਿਚਾਰਾਂ ਜਾਂ ਆਪਣੇ ਭੈਣਾਂ-ਭਰਾਵਾਂ ਦੇ ਵੱਖਰੇ ਵਿਚਾਰਾਂ ਕਾਰਨ ਉਨ੍ਹਾਂ ਨਾਲ ਗੁੱਸੇ ਨਹੀਂ ਹੋਵਾਂਗੇ। (2 ਤਿਮੋ. 2:24, 25) ਜੇ ਅਸੀਂ ਨਰਮ ਸੁਭਾਅ ਦੇ ਹਾਂ, ਤਾਂ ਅਸੀਂ ਸ਼ਾਂਤ ਰਹਾਂਗੇ। ਸ਼ਾਇਦ ਇਸੇ ਕਰਕੇ ਪੌਲੁਸ ਨੇ ਤਿਮੋਥਿਉਸ ਨੂੰ ਲਿਖੀ ਆਪਣੀ ਦੂਜੀ ਚਿੱਠੀ ਵਿਚ “ਮਿਲਾਪ” ਯਾਨੀ ਸ਼ਾਂਤੀ ਦਾ ਜ਼ਿਕਰ ਕੀਤਾ ਸੀ। (2 ਤਿਮੋ. 2:22; ਹੋਰ ਜਾਣਕਾਰੀ ਲਈ 1 ਤਿਮੋਥਿਉਸ 6:11 ਦੇਖੋ।) ਜੀ ਹਾਂ, ਬਾਈਬਲ ਸਾਨੂੰ ਆਪਣੇ ਵਿਚ ਸ਼ਾਂਤੀ ਦਾ ਗੁਣ ਪੈਦਾ ਕਰਨ ਦੀ ਵੀ ਹੱਲਾਸ਼ੇਰੀ ਦਿੰਦੀ ਹੈ।—ਜ਼ਬੂ. 34:14; ਇਬ. 12:14.
19. ਸੱਤ ਗੁਣਾਂ ʼਤੇ ਚਰਚਾ ਕਰਨ ਤੋਂ ਬਾਅਦ ਤੁਸੀਂ ਕਿਹੜੇ ਗੁਣ ਨੂੰ ਆਪਣੇ ਅੰਦਰ ਪੈਦਾ ਕਰਨ ਦਾ ਇਰਾਦਾ ਕੀਤਾ ਹੈ ਤੇ ਕਿਉਂ?
19 ਅਸੀਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਸੱਤ ਗੁਣਾਂ ʼਤੇ ਚਰਚਾ ਕੀਤੀ ਹੈ ਜੋ ਸਾਨੂੰ ਜ਼ਾਹਰ ਕਰਨੇ ਚਾਹੀਦੇ ਹਨ—ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਤੇ ਸ਼ਾਂਤੀ। ਜਦ ਕਲੀਸਿਯਾ ਦੇ ਸਾਰੇ ਭੈਣ-ਭਰਾ ਇਨ੍ਹਾਂ ਅਨਮੋਲ ਗੁਣਾਂ ਨੂੰ ਜ਼ਾਹਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ, ਤਾਂ ਕਲੀਸਿਯਾ ਉੱਤੇ ਯਹੋਵਾਹ ਦੀ ਮਿਹਰ ਰਹਿੰਦੀ ਹੈ। ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਤੇ ਅਸੀਂ ਬਿਹਤਰ ਇਨਸਾਨ ਬਣਦੇ ਹਾਂ।
ਸੋਚ-ਵਿਚਾਰ ਕਰਨ ਲਈ
• ਧਾਰਮਿਕਤਾ ਦਾ ਲੜ ਫੜੀ ਰੱਖਣ ਅਤੇ ਭਗਤੀ ਕਰਨ ਵਿਚ ਕੀ ਕੁਝ ਸ਼ਾਮਲ ਹੈ?
• ਨਿਹਚਾ ਪੱਕੀ ਕਰਨ ਅਤੇ ਧੀਰਜ ਰੱਖਣ ਵਿਚ ਕਿਹੜੀਆਂ ਚੀਜ਼ਾਂ ਸਾਡੀ ਮਦਦ ਕਰਨਗੀਆਂ?
• ਪਿਆਰ ਕਾਰਨ ਅਸੀਂ ਇਕ-ਦੂਜੇ ਨਾਲ ਕਿਵੇਂ ਪੇਸ਼ ਆਵਾਂਗੇ?
• ਸਾਨੂੰ ਨਰਮਾਈ ਤੇ ਸ਼ਾਂਤੀ ਦੇ ਗੁਣ ਜ਼ਾਹਰ ਕਰਨ ਦੀ ਕਿਉਂ ਲੋੜ ਹੈ?
[ਸਫ਼ਾ 12 ਉੱਤੇ ਤਸਵੀਰ]
ਯਿਸੂ ਨੇ ਕਿਹਾ ਕਿ ਮਨੁੱਖਾਂ ਨੂੰ ਖ਼ੁਸ਼ ਕਰਨ ਲਈ ਧਰਮੀ ਹੋਣ ਦਾ ਦਿਖਾਵਾ ਨਾ ਕਰੋ
[ਸਫ਼ਾ 13 ਉੱਤੇ ਤਸਵੀਰ]
ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਉੱਤੇ ਮਨਨ ਕਰ ਕੇ ਅਸੀਂ ਆਪਣੀ ਨਿਹਚਾ ਪੱਕੀ ਕਰ ਸਕਦੇ ਹਾਂ
[ਸਫ਼ਾ 15 ਉੱਤੇ ਤਸਵੀਰ]
ਅਸੀਂ ਪਿਆਰ ਅਤੇ ਨਰਮਾਈ ਨਾਲ ਪੇਸ਼ ਆ ਸਕਦੇ ਹਾਂ