ਤੁਸੀਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਿਵੇਂ ਕਰਦੇ ਹੋ?
“ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ ਦੀ ਕੀ ਇੱਛਾ ਹੈ।”—ਅਫ਼. 5:17.
1. ਬਾਈਬਲ ਵਿਚ ਦਿੱਤੇ ਕੁਝ ਹੁਕਮ ਦੱਸੋ। ਉਨ੍ਹਾਂ ਦੀ ਪਾਲਣਾ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਯਹੋਵਾਹ ਨੇ ਆਪਣੇ ਬਚਨ ਰਾਹੀਂ ਸਾਨੂੰ ਬਹੁਤ ਸਾਰੇ ਹੁਕਮ ਦਿੱਤੇ ਹਨ। ਮਿਸਾਲ ਲਈ, ਉਸ ਨੇ ਹਰਾਮਕਾਰੀ, ਮੂਰਤੀ-ਪੂਜਾ, ਚੋਰੀ ਅਤੇ ਸ਼ਰਾਬੀਪੁਣੇ ਤੋਂ ਮਨ੍ਹਾ ਕੀਤਾ ਹੈ। (1 ਕੁਰਿੰ. 6:9, 10) ਨਾਲੇ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਹ ਖ਼ਾਸ ਹੁਕਮ ਦਿੱਤਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ। ਅਤੇ ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:19, 20) ਪਰਮੇਸ਼ੁਰ ਵੱਲੋਂ ਦਿੱਤੇ ਕਾਨੂੰਨ ਅਤੇ ਹੁਕਮ ਕਿੰਨੇ ਫ਼ਾਇਦੇਮੰਦ ਸਾਬਤ ਹੁੰਦੇ ਹਨ! ਇਨ੍ਹਾਂ ਨੂੰ ਮੰਨ ਕੇ ਆਪਣੀਆਂ ਨਜ਼ਰਾਂ ਵਿਚ ਸਾਡੀ ਇੱਜ਼ਤ ਬਣੀ ਰਹਿੰਦੀ ਹੈ, ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਸਾਡਾ ਪਰਿਵਾਰ ਖ਼ੁਸ਼ ਰਹਿੰਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਅਸੀਂ ਪ੍ਰਚਾਰ ਕਰਨ ਦੇ ਹੁਕਮ ਨੂੰ ਮੰਨਣ ਦੇ ਨਾਲ-ਨਾਲ ਯਹੋਵਾਹ ਦੇ ਹੋਰ ਹੁਕਮ ਵੀ ਮੰਨਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਬਰਕਤਾਂ ਦਿੰਦਾ ਹੈ।
2, 3. (ੳ) ਬਾਈਬਲ ਸਾਨੂੰ ਜ਼ਿੰਦਗੀ ਦੇ ਹਰ ਮਾਮਲੇ ਬਾਰੇ ਕਾਨੂੰਨ ਕਿਉਂ ਨਹੀਂ ਦਿੰਦੀ? (ਅ) ਇਸ ਲੇਖ ਵਿਚ ਕਿਹੜੇ ਸਵਾਲਾਂ ʼਤੇ ਚਰਚਾ ਕੀਤੀ ਜਾਵੇਗੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
2 ਪਰ ਬਹੁਤ ਸਾਰੇ ਮਾਮਲਿਆਂ ਬਾਰੇ ਬਾਈਬਲ ਸਾਨੂੰ ਹੁਕਮ ਨਹੀਂ ਦਿੰਦੀ। ਮਿਸਾਲ ਲਈ, ਬਾਈਬਲ ਵਿਚ ਕੱਪੜਿਆਂ ਬਾਰੇ ਕਾਨੂੰਨਾਂ ਦੀ ਲੰਬੀ-ਚੌੜੀ ਲਿਸਟ ਨਹੀਂ ਦਿੱਤੀ ਗਈ ਕਿ ਮਸੀਹੀਆਂ ਨੂੰ ਕਿਹੜੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਕਿਹੜੇ ਨਹੀਂ। ਇਸ ਤੋਂ ਯਹੋਵਾਹ ਦੀ ਬੁੱਧ ਕਿਵੇਂ ਝਲਕਦੀ ਹੈ? ਦੁਨੀਆਂ ਭਰ ਵਿਚ ਕੱਪੜਿਆਂ ਦੇ ਸਟਾਈਲ ਅਲੱਗ-ਅਲੱਗ ਹਨ। ਨਾਲੇ ਸਮੇਂ ਦੇ ਨਾਲ-ਨਾਲ ਫ਼ੈਸ਼ਨ ਬਦਲਦਾ ਰਹਿੰਦਾ ਹੈ। ਜੇ ਬਾਈਬਲ ਵਿਚ ਕੱਪੜਿਆਂ ਦੇ ਸਟਾਈਲ ਅਤੇ ਹਾਰ-ਸ਼ਿੰਗਾਰ ਬਾਰੇ ਕਾਨੂੰਨ ਦਿੱਤੇ ਹੁੰਦੇ, ਤਾਂ ਇਨ੍ਹਾਂ ਮਾਮਲਿਆਂ ਵਿਚ ਬਾਈਬਲ ਦੀ ਸਲਾਹ ਪੁਰਾਣੀ ਹੋ ਜਾਣੀ ਸੀ। ਇੱਦਾਂ ਦੇ ਹੋਰ ਕਾਰਨਾਂ ਕਰਕੇ ਪਰਮੇਸ਼ੁਰ ਦੇ ਬਚਨ ਵਿਚ ਮਸੀਹੀਆਂ ਨੂੰ ਕੰਮ, ਸਿਹਤ ਜਾਂ ਮਨੋਰੰਜਨ ਸੰਬੰਧੀ ਬਹੁਤ ਸਾਰੇ ਕਾਨੂੰਨ ਨਹੀਂ ਦਿੱਤੇ ਗਏ ਹਨ। ਇਸ ਲਈ ਹਰ ਇਨਸਾਨ ਜਾਂ ਪਰਿਵਾਰ ਦੇ ਮੁਖੀ ਨੂੰ ਖ਼ੁਦ ਇਨ੍ਹਾਂ ਮਾਮਲਿਆਂ ਬਾਰੇ ਫ਼ੈਸਲੇ ਕਰਨ ਦੀ ਆਜ਼ਾਦੀ ਹੈ।
3 ਸੋ ਜਦੋਂ ਅਸੀਂ ਕੋਈ ਅਜਿਹਾ ਜ਼ਰੂਰੀ ਫ਼ੈਸਲਾ ਕਰਨਾ ਹੁੰਦਾ ਹੈ ਜਿਸ ਦਾ ਅਸਰ ਸਾਡੀ ਜ਼ਿੰਦਗੀ ʼਤੇ ਪਵੇਗਾ, ਪਰ ਬਾਈਬਲ ਵਿਚ ਉਸ ਮਾਮਲੇ ਬਾਰੇ ਕੋਈ ਕਾਨੂੰਨ ਨਹੀਂ ਦਿੱਤਾ ਗਿਆ, ਤਾਂ ਅਸੀਂ ਸ਼ਾਇਦ ਸੋਚੀਏ: ‘ਕੀ ਮੇਰੇ ਫ਼ੈਸਲੇ ਤੋਂ ਯਹੋਵਾਹ ਨੂੰ ਕੋਈ ਫ਼ਰਕ ਪਵੇਗਾ? ਕੀ ਯਹੋਵਾਹ ਮੇਰੇ ਹਰ ਉਸ ਫ਼ੈਸਲੇ ਤੋਂ ਖ਼ੁਸ਼ ਹੋਵੇਗਾ ਜੋ ਮੈਂ ਉਸ ਦੇ ਕਾਨੂੰਨ ਤੋੜੇ ਬਿਨਾਂ ਕਰਾਂਗਾ? ਮੈਂ ਕਿਵੇਂ ਜਾਣ ਸਕਦਾ ਹਾਂ ਕਿ ਉਹ ਮੇਰੇ ਹਰ ਫ਼ੈਸਲੇ ਤੋਂ ਖ਼ੁਸ਼ ਹੋਵੇਗਾ?’
ਕੀ ਸਾਡੇ ਫ਼ੈਸਲਿਆਂ ਦਾ ਸਾਡੇ ਅਤੇ ਦੂਜਿਆਂ ʼਤੇ ਅਸਰ ਪੈਂਦਾ ਹੈ?
4, 5. ਸਾਡੇ ਫ਼ੈਸਲਿਆਂ ਦਾ ਸਾਡੇ ਅਤੇ ਦੂਜਿਆਂ ʼਤੇ ਕੀ ਅਸਰ ਪੈ ਸਕਦਾ ਹੈ?
4 ਕੁਝ ਸ਼ਾਇਦ ਸੋਚਣ ਕਿ ਉਨ੍ਹਾਂ ਦੇ ਫ਼ੈਸਲਿਆਂ ਦਾ ਕਿਸੇ ਉੱਤੇ ਕੋਈ ਅਸਰ ਨਹੀਂ ਪੈਂਦਾ। ਪਰ ਸਾਨੂੰ ਉਹ ਫ਼ੈਸਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਇਸ ਲਈ ਸਾਨੂੰ ਉਸ ਦੇ ਬਚਨ ਵਿਚ ਦਿੱਤੇ ਕਾਨੂੰਨਾਂ ਅਤੇ ਅਸੂਲਾਂ ʼਤੇ ਸੋਚ-ਵਿਚਾਰ ਕਰ ਕੇ ਫ਼ੈਸਲੇ ਕਰਨੇ ਚਾਹੀਦੇ ਹਨ। ਮਿਸਾਲ ਲਈ, ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਲਹੂ ਸੰਬੰਧੀ ਦਿੱਤੇ ਕਾਨੂੰਨ ਮੁਤਾਬਕ ਫ਼ੈਸਲੇ ਕਰਨੇ ਚਾਹੀਦੇ ਹਨ। (ਉਤ. 9:4; ਰਸੂ. 15:28, 29) ਬਾਈਬਲ ਵਿਚ ਦਿੱਤੇ ਅਸੂਲਾਂ ਅਤੇ ਕਾਨੂੰਨਾਂ ਅਨੁਸਾਰ ਫ਼ੈਸਲੇ ਕਰਨ ਵਿਚ ਪ੍ਰਾਰਥਨਾ ਸਾਡੀ ਮਦਦ ਕਰੇਗੀ।
5 ਇਹ ਉਨ੍ਹਾਂ ਫ਼ੈਸਲਿਆਂ ਬਾਰੇ ਵੀ ਸੱਚ ਹੈ ਜਿਨ੍ਹਾਂ ਦਾ ਅਸਰ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਪੈਂਦਾ ਹੈ। ਇਕ ਚੰਗੇ ਫ਼ੈਸਲੇ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਜਦ ਕਿ ਇਕ ਮਾੜੇ ਫ਼ੈਸਲੇ ਕਰਕੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੋਵੇਗਾ। ਇਸ ਤੋਂ ਇਲਾਵਾ, ਸਾਡੇ ਮਾੜੇ ਫ਼ੈਸਲੇ ਕਰਕੇ ਦੂਜਿਆਂ ਦਾ ਵੀ ਪਰਮੇਸ਼ੁਰ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ, ਉਹ ਠੋਕਰ ਖਾ ਸਕਦੇ ਹਨ ਜਾਂ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਵਾਕਈ, ਸਾਡੇ ਫ਼ੈਸਲਿਆਂ ਦਾ ਸਾਡੇ ਅਤੇ ਦੂਜਿਆਂ ʼਤੇ ਅਸਰ ਪੈਂਦਾ ਹੈ।—ਰੋਮੀਆਂ 14:19; ਗਲਾਤੀਆਂ 6:7 ਪੜ੍ਹੋ।
6. ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖ ਕੇ ਫ਼ੈਸਲੇ ਕਰਨੇ ਚਾਹੀਦੇ ਹਨ?
6 ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ, ਜਦੋਂ ਬਾਈਬਲ ਕਿਸੇ ਮਾਮਲੇ ਬਾਰੇ ਕੋਈ ਕਾਨੂੰਨ ਨਹੀਂ ਦਿੰਦੀ? ਇਨ੍ਹਾਂ ਹਾਲਾਤਾਂ ਵਿਚ ਸਾਡੀ ਖ਼ੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਸ ਮਾਮਲੇ ਬਾਰੇ ਸਾਰੀਆਂ ਗੱਲਾਂ ਦੀ ਜਾਂਚ ਕਰੀਏ। ਫਿਰ ਆਪਣੀ ਮਰਜ਼ੀ ਮੁਤਾਬਕ ਫ਼ੈਸਲਾ ਕਰਨ ਦੀ ਬਜਾਇ ਦੇਖੋ ਕਿ ਯਹੋਵਾਹ ਨੂੰ ਕਿਹੜੇ ਫ਼ੈਸਲੇ ਤੋਂ ਖ਼ੁਸ਼ੀ ਮਿਲੇਗੀ ਅਤੇ ਉਹ ਕਿਸ ਫ਼ੈਸਲੇ ʼਤੇ ਬਰਕਤ ਪਾਵੇਗਾ।—ਜ਼ਬੂਰਾਂ ਦੀ ਪੋਥੀ 37:5 ਪੜ੍ਹੋ।
ਯਹੋਵਾਹ ਦੀ ਇੱਛਾ ਸਮਝਣ ਦੀ ਕੋਸ਼ਿਸ਼ ਕਰੋ
7. ਜਦੋਂ ਬਾਈਬਲ ਕਿਸੇ ਮਾਮਲੇ ਬਾਰੇ ਕੋਈ ਕਾਨੂੰਨ ਨਹੀਂ ਦਿੰਦੀ, ਤਾਂ ਅਸੀਂ ਯਹੋਵਾਹ ਦੀ ਇੱਛਾ ਕਿਵੇਂ ਜਾਣ ਸਕਦੇ ਹਾਂ?
7 ਅਸੀਂ ਸ਼ਾਇਦ ਸੋਚੀਏ: ‘ਜਦੋਂ ਬਾਈਬਲ ਕਿਸੇ ਮਾਮਲੇ ਬਾਰੇ ਕੋਈ ਕਾਨੂੰਨ ਨਹੀਂ ਦਿੰਦੀ, ਤਾਂ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਉਸ ਮਾਮਲੇ ਬਾਰੇ ਕੀ ਸੋਚਦਾ ਹੈ?’ ਅਫ਼ਸੀਆਂ 5:17 ਵਿਚ ਦੱਸਿਆ ਗਿਆ ਹੈ: “ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ ਦੀ ਕੀ ਇੱਛਾ ਹੈ।” ਜਦੋਂ ਬਾਈਬਲ ਸਾਨੂੰ ਕਿਸੇ ਮਾਮਲੇ ਬਾਰੇ ਕੋਈ ਕਾਨੂੰਨ ਨਹੀਂ ਦਿੰਦੀ, ਤਾਂ ਅਸੀਂ ਪਰਮੇਸ਼ੁਰ ਦੀ ਇੱਛਾ ਕਿਵੇਂ ਜਾਣ ਸਕਦੇ ਹਾਂ? ਉਸ ਨੂੰ ਪ੍ਰਾਰਥਨਾ ਕਰ ਕੇ ਅਤੇ ਪਵਿੱਤਰ ਸ਼ਕਤੀ ਰਾਹੀਂ ਦਿੱਤੀ ਸੇਧ ਅਨੁਸਾਰ ਚੱਲ ਕੇ।
8. ਯਿਸੂ ਨੇ ਪਰਮੇਸ਼ੁਰ ਦੀ ਇੱਛਾ ਬਾਰੇ ਕਿਵੇਂ ਜਾਣਿਆ? ਮਿਸਾਲ ਦਿਓ।
8 ਗੌਰ ਕਰੋ ਕਿ ਯਿਸੂ ਨੇ ਆਪਣੇ ਪਿਤਾ ਦੀ ਇੱਛਾ ਨੂੰ ਕਿਵੇਂ ਜਾਣਿਆ। ਬਾਈਬਲ ਵਿਚ ਦਰਜ ਦੋ ਮੌਕਿਆਂ ʼਤੇ ਯਿਸੂ ਨੇ ਪਹਿਲਾਂ ਪ੍ਰਾਰਥਨਾ ਕੀਤੀ ਅਤੇ ਫਿਰ ਚਮਤਕਾਰੀ ਢੰਗ ਨਾਲ ਭੀੜਾਂ ਨੂੰ ਖਾਣਾ ਖਿਲਾਇਆ। (ਮੱਤੀ 14:17-20; 15:34-37) ਪਰ ਜਦ ਉਹ ਭੁੱਖਾ ਸੀ ਅਤੇ ਸ਼ੈਤਾਨ ਨੇ ਉਸ ਨੂੰ ਭਰਮਾਇਆ ਕਿ ਉਹ ਪੱਥਰਾਂ ਨੂੰ ਰੋਟੀਆਂ ਬਣਾ ਦੇਵੇ, ਤਾਂ ਯਿਸੂ ਨੇ ਇੱਦਾਂ ਕਰਨ ਤੋਂ ਇਨਕਾਰ ਕੀਤਾ। (ਮੱਤੀ 4:2-4 ਪੜ੍ਹੋ।) ਆਪਣੇ ਪਿਤਾ ਦੀ ਸੋਚ ਦਾ ਪਤਾ ਹੋਣ ਕਰਕੇ ਉਹ ਜਾਣਦਾ ਸੀ ਕਿ ਉਸ ਨੂੰ ਪੱਥਰਾਂ ਨੂੰ ਰੋਟੀਆਂ ਨਹੀਂ ਬਣਾਉਣਾ ਚਾਹੀਦਾ। ਜੀ ਹਾਂ, ਯਿਸੂ ਜਾਣਦਾ ਸੀ ਕਿ ਇਹ ਪਰਮੇਸ਼ੁਰ ਦੀ ਇੱਛਾ ਨਹੀਂ ਕਿ ਉਹ ਆਪਣੇ ਫ਼ਾਇਦੇ ਲਈ ਇਸ ਤਾਕਤ ਦਾ ਇਸਤੇਮਾਲ ਕਰੇ। ਇੱਦਾਂ ਕਰਨ ਤੋਂ ਇਨਕਾਰ ਕਰ ਕੇ ਉਸ ਨੇ ਦਿਖਾਇਆ ਕਿ ਉਹ ਯਹੋਵਾਹ ਦੀ ਸੇਧ ਮੁਤਾਬਕ ਚੱਲਦਾ ਸੀ ਅਤੇ ਉਸ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰੇਗਾ।
9, 10. ਸਹੀ ਫ਼ੈਸਲੇ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਉਦਾਹਰਣ ਦਿਓ।
9 ਜੇ ਅਸੀਂ ਯਿਸੂ ਵਾਂਗ ਸਹੀ ਫ਼ੈਸਲੇ ਕਰਨੇ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਸੇਧ ਅਨੁਸਾਰ ਚੱਲਣਾ ਚਾਹੀਦਾ ਹੈ। ਸਾਨੂੰ ਇਸ ਵਧੀਆ ਸਲਾਹ ਮੁਤਾਬਕ ਚੱਲਣ ਦੀ ਲੋੜ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ।” (ਕਹਾ. 3:5-7) ਬਾਈਬਲ ਸਟੱਡੀ ਕਰ ਕੇ ਅਸੀਂ ਯਹੋਵਾਹ ਦੀ ਇੱਛਾ ਜਾਣ ਸਕਦੇ ਹਾਂ ਕਿ ਉਹ ਕਿਸੇ ਮਾਮਲੇ ਬਾਰੇ ਸਾਡੇ ਤੋਂ ਕੀ ਚਾਹੁੰਦਾ ਹੈ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦੇ ਵਿਚਾਰਾਂ ਨੂੰ ਜਾਣਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੀ ਸੋਚ ਮੁਤਾਬਕ ਫ਼ੈਸਲੇ ਕਰਾਂਗੇ।—ਜ਼ਬੂ. 119:11, 12.
10 ਉਦਾਹਰਣ ਲਈ, ਇਕ ਔਰਤ ਬਾਜ਼ਾਰ ਜਾਂਦੀ ਹੈ। ਉਸ ਨੂੰ ਇਕ ਜੁੱਤੀ ਪਸੰਦ ਆ ਜਾਂਦੀ ਹੈ, ਪਰ ਉਹ ਬਹੁਤ ਮਹਿੰਗੀ ਹੈ। ਸੋ ਉਹ ਆਪਣੇ ਆਪ ਤੋਂ ਪੁੱਛਦੀ ਹੈ, ‘ਮੇਰੇ ਪਤੀ ਨੂੰ ਕਿੱਦਾਂ ਲੱਗੇਗਾ ਜੇ ਮੈਂ ਇੰਨੀ ਮਹਿੰਗੀ ਜੁੱਤੀ ਖ਼ਰੀਦ ਲੈਂਦੀ ਹਾਂ?’ ਭਾਵੇਂ ਕਿ ਉਸ ਦਾ ਪਤੀ ਉਸ ਨਾਲ ਨਹੀਂ ਹੈ, ਪਰ ਫਿਰ ਵੀ ਉਸ ਨੂੰ ਜਵਾਬ ਪਤਾ ਹੈ। ਪਰ ਉਸ ਨੂੰ ਇਹ ਕਿਵੇਂ ਪਤਾ ਹੈ? ਕਿਉਂਕਿ ਸਮੇਂ ਦੇ ਬੀਤਣ ਨਾਲ ਉਸ ਨੇ ਹੋਰ ਵੀ ਚੰਗੀ ਤਰ੍ਹਾਂ ਜਾਣਿਆ ਹੈ ਕਿ ਉਸ ਦਾ ਪਤੀ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨ ਬਾਰੇ ਕੀ ਸੋਚਦਾ ਹੈ। ਇਸੇ ਤਰ੍ਹਾਂ ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਵਿਚਾਰਾਂ ਅਤੇ ਰਾਹਾਂ ਨੂੰ ਜਾਣਦੇ ਰਹਾਂਗੇ, ਉੱਦਾਂ-ਉੱਦਾਂ ਅਸੀਂ ਵੱਖੋ-ਵੱਖਰੇ ਹਾਲਾਤਾਂ ਬਾਰੇ ਆਪਣੇ ਸਵਰਗੀ ਪਿਤਾ ਦੀ ਇੱਛਾ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਾਂਗੇ।
ਤੁਸੀਂ ਯਹੋਵਾਹ ਦੀ ਸੋਚ ਕਿਵੇਂ ਜਾਣ ਸਕਦੇ ਹੋ?
11. ਬਾਈਬਲ ਪੜ੍ਹਦਿਆਂ ਜਾਂ ਸਟੱਡੀ ਕਰਦਿਆਂ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (“ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਿਆਂ ਆਪਣੇ ਆਪ ਤੋਂ ਪੁੱਛੋ” ਨਾਂ ਦੀ ਡੱਬੀ ਦੇਖੋ।)
11 ਯਹੋਵਾਹ ਦੀ ਸੋਚ ਜਾਣਨ ਲਈ ਸਾਨੂੰ ਬਾਈਬਲ ਸਟੱਡੀ ਕਰਨੀ ਚਾਹੀਦੀ ਹੈ। ਬਾਈਬਲ ਪੜ੍ਹਦਿਆਂ ਜਾਂ ਸਟੱਡੀ ਕਰਦਿਆਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਇਸ ਜਾਣਕਾਰੀ ਤੋਂ ਮੈਨੂੰ ਯਹੋਵਾਹ, ਉਸ ਦੇ ਧਰਮੀ ਰਾਹਾਂ ਅਤੇ ਉਸ ਦੀ ਸੋਚ ਬਾਰੇ ਕੀ ਪਤਾ ਲੱਗਦਾ ਹੈ?’ ਸਾਨੂੰ ਜ਼ਬੂਰਾਂ ਦੇ ਲਿਖਾਰੀ ਦਾਊਦ ਵਰਗਾ ਰਵੱਈਆ ਰੱਖਣਾ ਚਾਹੀਦਾ ਹੈ ਜਿਸ ਨੇ ਗਾਇਆ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ, ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ।” (ਜ਼ਬੂ. 25:4, 5) ਬਾਈਬਲ ਦੇ ਹਵਾਲਿਆਂ ʼਤੇ ਸੋਚ-ਵਿਚਾਰ ਕਰਦਿਆਂ ਤੁਸੀਂ ਇਸ ਤਰ੍ਹਾਂ ਦੇ ਸਵਾਲਾਂ ʼਤੇ ਗੌਰ ਕਰ ਸਕਦੇ ਹੋ: ‘ਮੈਂ ਇਸ ਜਾਣਕਾਰੀ ਨੂੰ ਆਪਣੇ ਪਰਿਵਾਰ ਵਿਚ ਕਿਵੇਂ ਲਾਗੂ ਕਰ ਸਕਦਾ ਹਾਂ? ਮੈਂ ਇਸ ਨੂੰ ਕਿੱਥੇ ਲਾਗੂ ਕਰ ਸਕਦਾ ਹਾਂ? ਘਰ ਵਿਚ? ਸਕੂਲ ਵਿਚ? ਕੰਮ ʼਤੇ? ਪ੍ਰਚਾਰ ʼਤੇ?’ ਜਦੋਂ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਇਹ ਜਾਣਕਾਰੀ ਕਿੱਥੇ ਲਾਗੂ ਕਰ ਸਕਦੇ ਹਾਂ, ਤਾਂ ਸਾਡੇ ਲਈ ਇਹ ਜਾਣਨਾ ਸ਼ਾਇਦ ਆਸਾਨ ਹੋਵੇ ਕਿ ਅਸੀਂ ਇਹ ਜਾਣਕਾਰੀ ਕਿਵੇਂ ਇਸਤੇਮਾਲ ਕਰ ਸਕਦੇ ਹਾਂ।
12. ਵੱਖੋ-ਵੱਖ ਮਾਮਲਿਆਂ ਬਾਰੇ ਯਹੋਵਾਹ ਦੀ ਸੋਚ ਜਾਣਨ ਵਿਚ ਮੀਟਿੰਗਾਂ ਅਤੇ ਪ੍ਰਕਾਸ਼ਨ ਸਾਡੀ ਕਿਵੇਂ ਮਦਦ ਕਰ ਸਕਦੇ ਹਨ?
12 ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਬਾਈਬਲ-ਆਧਾਰਿਤ ਸਲਾਹ ਵੱਲ ਧਿਆਨ ਦੇ ਕੇ ਵੀ ਉਸ ਦੀ ਸੋਚ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਮਿਸਾਲ ਲਈ, ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਅਤੇ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਤਿਆਰ ਕੀਤੇ ਗਏ ਹਨ ਤਾਂਕਿ ਅਸੀਂ ਅਲੱਗ-ਅਲੱਗ ਹਾਲਾਤਾਂ ਵਿਚ ਯਹੋਵਾਹ ਦੀ ਸੋਚ ਜਾਣ ਕੇ ਫ਼ੈਸਲੇ ਕਰ ਸਕੀਏ। ਨਾਲੇ ਅਸੀਂ ਮੀਟਿੰਗਾਂ ਵਿਚ ਧਿਆਨ ਨਾਲ ਸੁਣ ਕੇ ਅਤੇ ਉਨ੍ਹਾਂ ਵਿਚ ਹਿੱਸਾ ਲੈ ਕੇ ਵੀ ਉਸ ਦੀ ਸੋਚ ਜਾਣ ਸਕਦੇ ਹਾਂ। ਅਸੀਂ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਯਹੋਵਾਹ ਦੀ ਸੋਚ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗੇ ਅਤੇ ਉਸ ਵਰਗੀ ਸੋਚ ਰੱਖ ਸਕਾਂਗੇ। ਜਿਨ੍ਹਾਂ ਪ੍ਰਬੰਧਾਂ ਰਾਹੀਂ ਪਰਮੇਸ਼ੁਰ ਸਾਨੂੰ ਗਿਆਨ ਦਿੰਦਾ ਹੈ, ਉਨ੍ਹਾਂ ਦਾ ਪੂਰਾ-ਪੂਰਾ ਫ਼ਾਇਦਾ ਲੈ ਕੇ ਅਸੀਂ ਉਸ ਦੇ ਰਾਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗੇ। ਨਤੀਜੇ ਵਜੋਂ, ਅਸੀਂ ਉਹ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ʼਤੇ ਪਰਮੇਸ਼ੁਰ ਬਰਕਤ ਪਾਵੇਗਾ।
ਯਹੋਵਾਹ ਦੀ ਸੋਚ ਮੁਤਾਬਕ ਫ਼ੈਸਲੇ ਕਰੋ
13. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸੋਚ ਦਾ ਪਤਾ ਹੋਣ ਕਰਕੇ ਅਸੀਂ ਸਮਝਦਾਰੀ ਨਾਲ ਫ਼ੈਸਲੇ ਕਰ ਸਕਦੇ ਹਾਂ।
13 ਇਕ ਮਿਸਾਲ ʼਤੇ ਗੌਰ ਕਰੋ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸੋਚ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਰਾਜ ਦੇ ਪ੍ਰਚਾਰਕ ਹੋਣ ਦੇ ਨਾਤੇ ਸ਼ਾਇਦ ਸਾਡੀ ਇੱਛਾ ਹੋਵੇ ਕਿ ਅਸੀਂ ਰੈਗੂਲਰ ਪਾਇਨੀਅਰਿੰਗ ਕਰੀਏ। ਇਸ ਲਈ ਅਸੀਂ ਆਪਣੀ ਜ਼ਿੰਦਗੀ ਸਾਦੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਪਰ ਇਸ ਦੇ ਨਾਲ-ਨਾਲ ਸ਼ਾਇਦ ਅਸੀਂ ਚਿੰਤਾ ਕਰਨ ਲੱਗ ਪਈਏ ਕਿ ਅਸੀਂ ਥੋੜ੍ਹੀਆਂ ਚੀਜ਼ਾਂ ਨਾਲ ਖ਼ੁਸ਼ ਰਹਿ ਸਕਾਂਗੇ ਕਿ ਨਹੀਂ। ਇਹ ਸੱਚ ਹੈ ਕਿ ਬਾਈਬਲ ਵਿਚ ਕਿਤੇ ਵੀ ਪਾਇਨੀਅਰਿੰਗ ਕਰਨ ਦਾ ਹੁਕਮ ਨਹੀਂ ਦਿੱਤਾ ਗਿਆ। ਅਸੀਂ ਵਫ਼ਾਦਾਰੀ ਨਾਲ ਪ੍ਰਚਾਰਕਾਂ ਵਜੋਂ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹਾਂ। ਪਰ ਯਿਸੂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਰਾਜ ਦੇ ਕੰਮਾਂ ਲਈ ਕੁਰਬਾਨੀਆਂ ਕਰਨ ਵਾਲੇ ਬੇਸ਼ੁਮਾਰ ਬਰਕਤਾਂ ਪਾਉਣਗੇ। (ਲੂਕਾ 18:29, 30 ਪੜ੍ਹੋ।) ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਾਂ। (ਜ਼ਬੂ. 119:108; 2 ਕੁਰਿੰ. 9:7) ਕੀ ਸਾਨੂੰ ਇਨ੍ਹਾਂ ਗੱਲਾਂ ਤੋਂ ਅਤੇ ਯਹੋਵਾਹ ਨੂੰ ਸੇਧ ਲਈ ਕੀਤੀਆਂ ਪ੍ਰਾਰਥਨਾਵਾਂ ਤੋਂ ਪਰਮੇਸ਼ੁਰ ਦੀ ਸੋਚ ਪਤਾ ਨਹੀਂ ਲੱਗਦੀ? ਇਨ੍ਹਾਂ ਗੱਲਾਂ ʼਤੇ ਮਨਨ ਕਰ ਕੇ ਅਸੀਂ ਉਹ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਨਾਲ ਸਾਨੂੰ ਫ਼ਾਇਦਾ ਹੋਵੇਗਾ ਅਤੇ ਸਾਡਾ ਸਵਰਗੀ ਪਿਤਾ ਸਾਨੂੰ ਬਰਕਤਾਂ ਦੇਵੇਗਾ।
14. ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਯਹੋਵਾਹ ਨੂੰ ਕਿਸੇ ਖ਼ਾਸ ਸਟਾਈਲ ਦੇ ਕੱਪੜੇ ਪਸੰਦ ਹਨ ਜਾਂ ਨਹੀਂ?
14 ਇਕ ਹੋਰ ਮਿਸਾਲ ʼਤੇ ਗੌਰ ਕਰੋ: ਮੰਨ ਲਓ ਤੁਹਾਨੂੰ ਕੋਈ ਖ਼ਾਸ ਸਟਾਈਲ ਦੇ ਕੱਪੜੇ ਪਸੰਦ ਹਨ, ਪਰ ਉਨ੍ਹਾਂ ਕੱਪੜਿਆਂ ਕਰਕੇ ਮੰਡਲੀ ਦੇ ਕੁਝ ਭੈਣ-ਭਰਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਪਰ ਤੁਸੀਂ ਜਾਣਦੇ ਹੋ ਕਿ ਬਾਈਬਲ ਦਾ ਕੋਈ ਵੀ ਕਾਨੂੰਨ ਇਸ ਤਰ੍ਹਾਂ ਦੇ ਕੱਪੜੇ ਪਾਉਣ ਤੋਂ ਮਨ੍ਹਾ ਨਹੀਂ ਕਰਦਾ। ਯਹੋਵਾਹ ਇਸ ਮਾਮਲੇ ਬਾਰੇ ਕੀ ਸੋਚਦਾ ਹੈ? ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ: “ਮੈਂ ਚਾਹੁੰਦਾ ਹਾਂ ਕਿ ਤੀਵੀਆਂ ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣ। ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ, ਸਗੋਂ ਆਪਣੇ ਆਪ ਨੂੰ ਨੇਕ ਕੰਮਾਂ ਨਾਲ ਸ਼ਿੰਗਾਰਨ ਕਿਉਂਕਿ ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੀਆਂ ਤੀਵੀਆਂ ਨੂੰ ਸ਼ੋਭਾ ਦਿੰਦਾ ਹੈ।” (1 ਤਿਮੋ. 2:9, 10) ਇਹ ਸਲਾਹ ਭਰਾਵਾਂ ʼਤੇ ਵੀ ਲਾਗੂ ਹੁੰਦੀ ਹੈ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਸਿਰਫ਼ ਆਪਣੀਆਂ ਖ਼ਾਹਸ਼ਾਂ ਨੂੰ ਹੀ ਪਹਿਲ ਨਹੀਂ ਦਿੰਦੇ, ਸਗੋਂ ਇਹ ਵੀ ਸੋਚਦੇ ਹਾਂ ਕਿ ਸਾਡੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦਾ ਦੂਸਰਿਆਂ ʼਤੇ ਕੀ ਅਸਰ ਪੈ ਸਕਦਾ ਹੈ। ਨਿਮਰਤਾ ਤੇ ਪਿਆਰ ਹੋਣ ਕਰਕੇ ਅਸੀਂ ਦੂਜਿਆਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਾਂਗੇ ਤਾਂਕਿ ਉਨ੍ਹਾਂ ਦਾ ਧਿਆਨ ਨਾ ਭਟਕੇ ਜਾਂ ਉਨ੍ਹਾਂ ਨੂੰ ਠੇਸ ਨਾ ਪਹੁੰਚੇ। (1 ਕੁਰਿੰ. 10:23, 24; ਫ਼ਿਲਿ. 3:17) ਬਾਈਬਲ ਦੀਆਂ ਆਇਤਾਂ ʼਤੇ ਸੋਚ-ਵਿਚਾਰ ਕਰ ਕੇ ਅਸੀਂ ਇਸ ਮਾਮਲੇ ਬਾਰੇ ਯਹੋਵਾਹ ਦੀ ਸੋਚ ਜਾਣ ਸਕਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨ ਵਾਲੇ ਫ਼ੈਸਲੇ ਕਰ ਸਕਦੇ ਹਾਂ।
15, 16. (ੳ) ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਅਸੀਂ ਗੰਦੀਆਂ ਗੱਲਾਂ ਬਾਰੇ ਸੋਚਦੇ ਰਹਿੰਦੇ ਹਾਂ? (ਅ) ਮਨੋਰੰਜਨ ਦੀ ਚੋਣ ਕਰਦਿਆਂ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਸਾਡੀ ਚੋਣ ਤੋਂ ਖ਼ੁਸ਼ ਹੋਵੇਗਾ? (ੲ) ਸਾਨੂੰ ਗੰਭੀਰ ਫ਼ੈਸਲੇ ਕਿਵੇਂ ਕਰਨੇ ਚਾਹੀਦੇ ਹਨ?
15 ਬਾਈਬਲ ਦੱਸਦੀ ਹੈ ਕਿ ਯਹੋਵਾਹ ਦੁਖੀ ਹੁੰਦਾ ਹੈ ਜਦੋਂ ਇਨਸਾਨ ਬੁਰੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ “ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” (ਉਤਪਤ 6:5, 6 ਪੜ੍ਹੋ।) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੰਦੀਆਂ ਗੱਲਾਂ ਬਾਰੇ ਸੋਚਣਾ ਗ਼ਲਤ ਹੈ। ਇੱਦਾਂ ਦੀ ਸੋਚ ਕਰਕੇ ਅਸੀਂ ਗੰਭੀਰ ਪਾਪ ਕਰ ਸਕਦੇ ਹਾਂ ਜੋ ਬਾਈਬਲ ਵਿਚ ਮਨ੍ਹਾ ਕੀਤਾ ਗਿਆ ਹੈ ਅਤੇ ਜੋ ਪਰਮੇਸ਼ੁਰ ਦੀ ਸੋਚ ਤੋਂ ਉਲਟ ਹੈ। ਚੇਲੇ ਯਾਕੂਬ ਨੇ ਲਿਖਿਆ: “ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ।” (ਯਾਕੂ. 3:17) ਇਨ੍ਹਾਂ ਗੱਲਾਂ ਦਾ ਪਤਾ ਹੋਣ ਕਰਕੇ ਸਾਨੂੰ ਉਸ ਮਨੋਰੰਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਡੇ ਮਨ ਦੇ ਖ਼ਿਆਲਾਂ ਨੂੰ ਗੰਦਾ ਕਰਦਾ ਹੈ। ਸਮਝਦਾਰ ਮਸੀਹੀਆਂ ਨੂੰ ਕਿਸੇ ਤੋਂ ਇਹ ਪੁੱਛਣ ਦੀ ਲੋੜ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੋਈ ਅਜਿਹੀ ਕਿਤਾਬ ਪੜ੍ਹਨੀ, ਫ਼ਿਲਮ ਦੇਖਣੀ ਜਾਂ ਗੇਮ ਖੇਡਣੀ ਚਾਹੀਦੀ ਹੈ ਜਿਸ ਵਿਚ ਕੁਝ ਇੱਦਾਂ ਦੀਆਂ ਗੱਲਾਂ ਹਨ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। ਸਮਝਦਾਰ ਮਸੀਹੀਆਂ ਦੇ ਮਨ ਵਿਚ ਇਨ੍ਹਾਂ ਮਾਮਲਿਆਂ ਬਾਰੇ ਕੋਈ ਸ਼ੱਕ ਨਹੀਂ ਹੁੰਦਾ।
16 ਅਸੀਂ ਕਈ ਮਾਮਲਿਆਂ ਵਿਚ ਕਈ ਤਰ੍ਹਾਂ ਦੇ ਫ਼ੈਸਲੇ ਕਰ ਕੇ ਵੀ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ। ਪਰ ਕਈ ਵਾਰ ਗੰਭੀਰ ਮਾਮਲਿਆਂ ਬਾਰੇ ਫ਼ੈਸਲੇ ਕਰਦਿਆਂ ਵਧੀਆ ਹੋਵੇਗਾ ਕਿ ਅਸੀਂ ਬਜ਼ੁਰਗਾਂ ਜਾਂ ਹੋਰ ਤਜਰਬੇਕਾਰ ਮਸੀਹੀਆਂ ਤੋਂ ਸਲਾਹ ਲਈਏ। (ਤੀਤੁ. 2:3-5; ਯਾਕੂ. 5:13-15) ਦੂਜਿਆਂ ਨੂੰ ਨਾ ਕਹੋ ਕਿ ਉਹ ਤੁਹਾਡੇ ਲਈ ਫ਼ੈਸਲੇ ਕਰਨ। ਮਸੀਹੀਆਂ ਨੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਫ਼ੈਸਲੇ ਕਰਨੇ ਚਾਹੀਦੇ ਹਨ। (ਇਬ. 5:14) ਸਾਨੂੰ ਸਾਰਿਆਂ ਨੂੰ ਪੌਲੁਸ ਦੀ ਸਲਾਹ ਮੁਤਾਬਕ ਚੱਲਣਾ ਚਾਹੀਦਾ ਹੈ: “ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।”—ਗਲਾ. 6:5.
17. ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਫ਼ੈਸਲੇ ਕਰ ਕੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
17 ਯਹੋਵਾਹ ਦੀ ਸੋਚ ਮੁਤਾਬਕ ਫ਼ੈਸਲੇ ਕਰ ਕੇ ਅਸੀਂ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ। (ਯਾਕੂ. 4:8) ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਬਰਕਤਾਂ ਦਿੰਦਾ ਹੈ। ਨਤੀਜੇ ਵਜੋਂ, ਸਵਰਗੀ ਪਿਤਾ ʼਤੇ ਸਾਡੀ ਨਿਹਚਾ ਪੱਕੀ ਹੁੰਦੀ ਹੈ। ਇਸ ਲਈ ਆਓ ਆਪਾਂ ਬਾਈਬਲ ਦੇ ਕਾਨੂੰਨਾਂ ਅਤੇ ਅਸੂਲਾਂ ਅਨੁਸਾਰ ਚੱਲੀਏ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਸੋਚ ਪਤਾ ਲੱਗਦੀ ਹੈ। ਇਹ ਸੱਚ ਹੈ ਕਿ ਅਸੀਂ ਹਮੇਸ਼ਾ ਯਹੋਵਾਹ ਬਾਰੇ ਨਵੀਆਂ ਗੱਲਾਂ ਸਿੱਖਦੇ ਰਹਾਂਗੇ। (ਅੱਯੂ. 26:14) ਪਰ ਮਿਹਨਤ ਕਰਨ ਨਾਲ ਅਸੀਂ ਹੁਣ ਵੀ ਬੁੱਧ, ਗਿਆਨ ਅਤੇ ਸਮਝ ਪ੍ਰਾਪਤ ਕਰ ਸਕਦੇ ਹਾਂ ਜੋ ਫ਼ੈਸਲੇ ਕਰਨ ਲਈ ਜ਼ਰੂਰੀ ਹਨ। (ਕਹਾ. 2:1-5) ਪਾਪੀ ਇਨਸਾਨਾਂ ਦੇ ਵਿਚਾਰ ਅਤੇ ਯੋਜਨਾਵਾਂ ਮੌਸਮ ਵਾਂਗ ਬਦਲਦੀਆਂ ਰਹਿੰਦੀਆਂ ਹਨ, ਪਰ ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਯਾਦ ਕਰਾਇਆ: “ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜ੍ਹੀਓਂ ਪੀੜ੍ਹੀ।” (ਜ਼ਬੂ. 33:11) ਇਹ ਗੱਲ ਸਾਫ਼ ਹੈ ਕਿ ਅਸੀਂ ਉਦੋਂ ਸਭ ਤੋਂ ਵਧੀਆ ਫ਼ੈਸਲੇ ਕਰ ਸਕਾਂਗੇ ਜਦੋਂ ਅਸੀਂ ਆਪਣੇ ਵਿਚਾਰਾਂ ਅਤੇ ਕੰਮਾਂ ਨੂੰ ਆਪਣੇ ਬੁੱਧੀਮਾਨ ਪਰਮੇਸ਼ੁਰ ਯਹੋਵਾਹ ਦੀ ਸੋਚ ਮੁਤਾਬਕ ਢਾਲਾਂਗੇ।