ਮੱਤੀ ਮੁਤਾਬਕ ਖ਼ੁਸ਼ ਖ਼ਬਰੀ
15 ਫਿਰ ਯਰੂਸ਼ਲਮ ਤੋਂ ਫ਼ਰੀਸੀ ਤੇ ਗ੍ਰੰਥੀ ਆ ਕੇ ਯਿਸੂ ਨੂੰ ਕਹਿਣ ਲੱਗੇ:+ 2 “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਮਿਸਾਲ ਲਈ, ਖਾਣਾ ਖਾਣ ਤੋਂ ਪਹਿਲਾਂ ਉਹ ਹੱਥ ਨਹੀਂ ਧੋਂਦੇ।”*+
3 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਆਪਣੀ ਰੀਤ ਉੱਤੇ ਚੱਲਣ ਖ਼ਾਤਰ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ?+ 4 ਮਿਸਾਲ ਲਈ, ਪਰਮੇਸ਼ੁਰ ਨੇ ਕਿਹਾ ਸੀ: ‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ’+ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ,* ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।’+ 5 ਪਰ ਤੁਸੀਂ ਕਹਿੰਦੇ ਹੋ, ‘ਜਿਹੜਾ ਇਨਸਾਨ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ: “ਮੇਰੀਆਂ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਕੋਈ ਫ਼ਾਇਦਾ ਹੋ ਸਕਦਾ ਸੀ, ਉਹ ਪਰਮੇਸ਼ੁਰ ਦੇ ਨਾਂ ਲੱਗ ਚੁੱਕੀਆਂ ਹਨ,”+ 6 ਉਸ ਇਨਸਾਨ ਨੂੰ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਕਰਨ ਦੀ ਕੋਈ ਲੋੜ ਨਹੀਂ।’ ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫ਼ਜ਼ੂਲ ਦੀ ਚੀਜ਼ ਬਣਾ ਦਿੱਤਾ ਹੈ।+ 7 ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਭਵਿੱਖਬਾਣੀ ਕਰਦੇ ਹੋਏ ਠੀਕ ਹੀ ਕਿਹਾ ਸੀ:+ 8 ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। 9 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’”+ 10 ਫਿਰ ਉਸ ਨੇ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਮੇਰੀ ਗੱਲ ਸੁਣੋ ਅਤੇ ਇਸ ਦਾ ਮਤਲਬ ਸਮਝੋ:+ 11 ਇਨਸਾਨ ਦੇ ਮੂੰਹ ਵਿਚ ਜੋ ਕੁਝ ਜਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, ਸਗੋਂ ਜੋ ਕੁਝ ਉਸ ਦੇ ਮੂੰਹੋਂ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ।”+
12 ਫਿਰ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਫ਼ਰੀਸੀਆਂ ਨੂੰ ਤੇਰੀਆਂ ਗੱਲਾਂ ਦਾ ਗੁੱਸਾ ਲੱਗਾ?”+ 13 ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਵੀ ਬੂਟਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ। 14 ਫ਼ਰੀਸੀਆਂ ਨੂੰ ਛੱਡੋ। ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।”+ 15 ਫਿਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਪਹਿਲਾਂ ਜਿਹੜੀ ਮਿਸਾਲ ਦਿੱਤੀ ਸੀ, ਉਸ ਦਾ ਮਤਲਬ ਸਾਨੂੰ ਸਮਝਾ।” 16 ਉਸ ਨੇ ਕਿਹਾ: “ਕੀ ਤੁਸੀਂ ਵੀ ਅਜੇ ਨਹੀਂ ਸਮਝੇ?+ 17 ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਦੇ ਮੂੰਹ ਵਿਚ ਜੋ ਕੁਝ ਜਾਂਦਾ ਹੈ, ਉਹ ਉਸ ਦੇ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ, ਉਹ ਅਸਲ ਵਿਚ ਉਸ ਦੇ ਦਿਲੋਂ ਨਿਕਲਦੀਆਂ ਹਨ ਅਤੇ ਉਹ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।+ 19 ਮਿਸਾਲ ਲਈ, ਦਿਲ ਵਿੱਚੋਂ ਭੈੜੀਆਂ ਸੋਚਾਂ ਨਿਕਲਦੀਆਂ ਹਨ+ ਜਿਸ ਦਾ ਨਤੀਜਾ ਇਹ ਹੁੰਦਾ ਹੈ: ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ,* ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ।* 20 ਇਨ੍ਹਾਂ ਗੱਲਾਂ ਨਾਲ ਇਨਸਾਨ ਭ੍ਰਿਸ਼ਟ ਹੁੰਦਾ ਹੈ, ਨਾ ਕਿ ਹੱਥ ਧੋਤੇ ਬਿਨਾਂ* ਖਾਣਾ ਖਾਣ ਨਾਲ।”
21 ਉੱਥੋਂ ਯਿਸੂ ਸੋਰ ਤੇ ਸੀਦੋਨ ਦੇ ਇਲਾਕੇ ਵਿਚ ਚਲਾ ਗਿਆ।+ 22 ਅਤੇ ਦੇਖੋ! ਉਸ ਇਲਾਕੇ ਵਿਚ ਫੈਨੀਕੇ ਦੀ ਰਹਿਣ ਵਾਲੀ ਇਕ ਤੀਵੀਂ ਆ ਕੇ ਉਸ ਅੱਗੇ ਤਰਲੇ ਕਰਨ ਲੱਗੀ: “ਪ੍ਰਭੂ, ਦਾਊਦ ਦੇ ਪੁੱਤਰ, ਮੇਰੇ ʼਤੇ ਰਹਿਮ ਕਰ। ਮੇਰੀ ਧੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਅਤੇ ਉਸ ਨੇ ਕੁੜੀ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ।”+ 23 ਪਰ ਯਿਸੂ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਤਦ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਇਸ ਤੀਵੀਂ ਨੂੰ ਕਹਿ ਕਿ ਇਹ ਚਲੀ ਜਾਵੇ, ਇਹ ਸਾਡਾ ਖਹਿੜਾ ਨਹੀਂ ਛੱਡਦੀ।” 24 ਯਿਸੂ ਨੇ ਜਵਾਬ ਦਿੱਤਾ: “ਮੈਨੂੰ ਸਿਰਫ਼ ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ ਹੈ।”+ 25 ਪਰ ਉਹ ਤੀਵੀਂ ਆਈ ਅਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗੀ: “ਪ੍ਰਭੂ, ਮੇਰੀ ਮਦਦ ਕਰ!” 26 ਯਿਸੂ ਨੇ ਉਸ ਨੂੰ ਕਿਹਾ: “ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” 27 ਤੀਵੀਂ ਨੇ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਪਰ ਕਤੂਰੇ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।”+ 28 ਫਿਰ ਯਿਸੂ ਨੇ ਉਸ ਨੂੰ ਕਿਹਾ: “ਬੀਬੀ, ਤੇਰੀ ਨਿਹਚਾ ਕਿੰਨੀ ਜ਼ਿਆਦਾ ਹੈ! ਜਾਹ, ਤੇਰੇ ਦਿਲ ਦੀ ਮੁਰਾਦ ਪੂਰੀ ਹੋਵੇ।” ਉਸ ਦੀ ਧੀ ਉਸੇ ਵੇਲੇ ਠੀਕ ਹੋ ਗਈ।
29 ਉੱਥੋਂ ਯਿਸੂ ਗਲੀਲ ਦੀ ਝੀਲ ਲਾਗੇ ਚਲਾ ਗਿਆ+ ਅਤੇ ਪਹਾੜ ʼਤੇ ਜਾ ਕੇ ਬੈਠ ਗਿਆ। 30 ਫਿਰ ਭੀੜਾਂ ਦੀਆਂ ਭੀੜਾਂ ਨੇ ਆਪਣੇ ਨਾਲ ਲੰਗੜਿਆਂ-ਲੂਲ੍ਹਿਆਂ, ਅੰਨ੍ਹਿਆਂ, ਗੁੰਗਿਆਂ ਤੇ ਕਈ ਹੋਰ ਬੀਮਾਰਾਂ ਨੂੰ ਲਿਆ ਕੇ ਉਸ ਦੇ ਪੈਰਾਂ ਵਿਚ ਰੱਖ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।+ 31 ਲੋਕ ਇਹ ਦੇਖ ਕੇ ਦੰਗ ਰਹਿ ਗਏ ਕਿ ਗੁੰਗੇ ਬੋਲਣ, ਲੰਗੜੇ ਤੁਰਨ ਤੇ ਅੰਨ੍ਹੇ ਦੇਖਣ ਲੱਗ ਪਏ ਸਨ ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ।+
32 ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: “ਮੈਨੂੰ ਲੋਕਾਂ ʼਤੇ ਤਰਸ ਆ ਰਿਹਾ ਹੈ+ ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ। ਮੈਂ ਇਨ੍ਹਾਂ ਨੂੰ ਭੁੱਖੇ ਨਹੀਂ ਘੱਲਣਾ ਚਾਹੁੰਦਾ, ਨਹੀਂ ਤਾਂ ਇਹ ਰਾਹ ਵਿਚ ਹੀ ਡਿਗ ਪੈਣਗੇ।”+ 33 ਪਰ ਚੇਲਿਆਂ ਨੇ ਉਸ ਨੂੰ ਕਿਹਾ: “ਅਸੀਂ ਇਸ ਉਜਾੜ ਵਿਚ ਇੰਨੀ ਵੱਡੀ ਭੀੜ ਨੂੰ ਰਜਾਉਣ ਲਈ ਇੰਨੀਆਂ ਰੋਟੀਆਂ ਕਿੱਥੋਂ ਲੈ ਕੇ ਆਈਏ?”+ 34 ਫਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ: “ਸੱਤ ਰੋਟੀਆਂ ਅਤੇ ਕੁਝ ਛੋਟੀਆਂ ਮੱਛੀਆਂ।” 35 ਉਸ ਨੇ ਭੀੜ ਨੂੰ ਜ਼ਮੀਨ ʼਤੇ ਬੈਠਣ ਲਈ ਕਿਹਾ ਅਤੇ 36 ਸੱਤ ਰੋਟੀਆਂ ਅਤੇ ਮੱਛੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ।+ 37 ਸਾਰਿਆਂ ਨੇ ਰੱਜ ਕੇ ਖਾਧਾ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਸੱਤ ਵੱਡੀਆਂ ਟੋਕਰੀਆਂ ਭਰ ਗਈਆਂ।+ 38 ਤੀਵੀਆਂ ਤੇ ਨਿਆਣਿਆਂ ਤੋਂ ਇਲਾਵਾ 4,000 ਆਦਮੀਆਂ ਨੇ ਖਾਣਾ ਖਾਧਾ ਸੀ। 39 ਫਿਰ ਭੀੜ ਨੂੰ ਵਿਦਾ ਕਰ ਕੇ ਉਹ ਕਿਸ਼ਤੀ ਵਿਚ ਬੈਠ ਕੇ ਮਗਦਾਨ ਦੇ ਇਲਾਕੇ ਵਿਚ ਆ ਗਿਆ।+