ਤੀਵੀਂ-ਆਦਮੀ ਦੀਆਂ ਜ਼ਿੰਮੇਵਾਰੀਆਂ
ਯਹੋਵਾਹ ਪਰਮੇਸ਼ੁਰ ਨੇ ਪਹਿਲਾਂ ਆਦਮ ਨੂੰ ਤੇ ਫਿਰ ਹੱਵਾਹ ਨੂੰ ਬਣਾਇਆ ਸੀ। ਹੱਵਾਹ ਦੀ ਸ੍ਰਿਸ਼ਟੀ ਤੋਂ ਪਹਿਲਾਂ ਆਦਮ ਨੇ ਜ਼ਿੰਦਗੀ ਬਾਰੇ ਬਹੁਤ ਕੁਝ ਸਿੱਖ ਲਿਆ ਸੀ। ਇਸ ਸਮੇਂ ਦੌਰਾਨ ਯਹੋਵਾਹ ਨੇ ਆਦਮ ਨੂੰ ਕੁਝ ਖ਼ਾਸ ਹਿਦਾਇਤਾਂ ਦਿੱਤੀਆਂ ਸਨ। (ਉਤਪਤ 2:15-20) ਬਾਅਦ ਵਿਚ ਆਦਮ ਨੇ ਇਹ ਹਿਦਾਇਤਾਂ ਆਪਣੀ ਪਤਨੀ ਹੱਵਾਹ ਨੂੰ ਦੱਸਣੀਆਂ ਸਨ। ਇਸ ਲਈ ਵਾਜਬ ਹੈ ਕਿ ਭਗਤੀ ਦੇ ਮਾਮਲੇ ਵਿਚ ਆਦਮ ਨੇ ਹੀ ਪਹਿਲ ਕਰਨੀ ਸੀ।
ਮਸੀਹੀ ਕਲੀਸਿਯਾ ਵੀ ਇਸੇ ਤਰ੍ਹਾਂ ਚਲਾਈ ਜਾਂਦੀ ਹੈ ਜਿਸ ਦੀ ਮਿਸਾਲ ਤੇ ਗੌਰ ਕਰ ਕੇ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਪੌਲੁਸ ਰਸੂਲ ਨੇ ਲਿਖਿਆ: “ਮੈਂ ਇਸਤ੍ਰੀ ਨੂੰ . . . ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁੱਪ ਚਾਪ ਰਹੇ। ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ ਫੇਰ ਹੱਵਾਹ।” (1 ਤਿਮੋਥਿਉਸ 2:12, 13) ਇਸ ਦਾ ਇਹ ਮਤਲਬ ਨਹੀਂ ਕਿ ਤੀਵੀਆਂ ਨੂੰ ਮੀਟਿੰਗਾਂ ਵਿਚ ਬੋਲਣ ਦੀ ਬਿਲਕੁਲ ਇਜਾਜ਼ਤ ਨਹੀਂ। ਉਨ੍ਹਾਂ ਨੂੰ ਇਸ ਭਾਵ ਵਿਚ ਚੁੱਪ-ਚਾਪ ਰਹਿਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਆਦਮੀਆਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਨੀਵਾਂ ਦਿਖਾਉਣ ਜਾਂ ਕਲੀਸਿਯਾ ਵਿਚ ਸਿੱਖਿਆ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਲੀਸਿਯਾ ਦੀ ਅਗਵਾਈ ਕਰਨ ਅਤੇ ਸਿੱਖਿਆ ਦੇਣ ਦਾ ਕੰਮ ਆਦਮੀ ਨੂੰ ਸੌਂਪਿਆ ਗਿਆ ਹੈ। ਪਰ, ਔਰਤਾਂ ਵੀ ਕਈ ਤਰੀਕਿਆਂ ਨਾਲ ਸਭਾਵਾਂ ਵਿਚ ਹਿੱਸਾ ਲੈ ਸਕਦੀਆਂ ਹਨ।
ਪਰਮੇਸ਼ੁਰ ਵੱਲੋਂ ਆਦਮੀ-ਔਰਤ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਪੁਰਖ ਇਸਤ੍ਰੀ ਤੋਂ ਨਹੀਂ ਹੋਇਆ ਪਰ ਇਸਤ੍ਰੀ ਪੁਰਖ ਤੋਂ ਹੋਈ। . . . ਤਾਂ ਭੀ ਪ੍ਰਭੁ ਵਿੱਚ ਨਾ ਇਸਤ੍ਰੀ ਪੁਰਖ ਤੋਂ ਅੱਡ ਹੈ ਅਤੇ ਨਾ ਪੁਰਖ ਇਸਤ੍ਰੀ ਤੋਂ ਅੱਡ। ਕਿਉਂਕਿ ਜਿਸ ਪਰਕਾਰ ਇਸਤ੍ਰੀ ਪੁਰਖ ਤੋਂ ਹੈ ਉਸੇ ਪਰਕਾਰ ਪੁਰਖ ਇਸਤ੍ਰੀ ਦੇ ਰਾਹੀਂ ਹੈ ਪਰ ਸੱਭੋ ਕੁਝ ਪਰਮੇਸ਼ੁਰ ਤੋਂ ਹੈ।”—1 ਕੁਰਿੰਥੀਆਂ 11:8-12.
ਔਰਤਾਂ ਦੇ ਸਨਮਾਨ
ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਦੇ ਅਧੀਨ ਔਰਤਾਂ ਨੂੰ ਕਈ ਸਨਮਾਨ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਕਾਫ਼ੀ ਕੁਝ ਕਰਨ ਦੀ ਆਜ਼ਾਦੀ ਵੀ ਸੀ। ਮਿਸਾਲ ਲਈ, ਕਹਾਉਤਾਂ 31:10-31 ਵਿਚ ਇਕ “ਪਤਵੰਤੀ ਇਸਤ੍ਰੀ” ਦੀ ਗੱਲ ਕੀਤੀ ਗਈ ਹੈ ਜੋ ਵਧੀਆ ਕੱਪੜਾ ਖ਼ਰੀਦ ਕੇ ਆਪਣੇ ਟੱਬਰ ਲਈ ਕੱਪੜੇ ਬਣਾਉਂਦੀ ਹੁੰਦੀ ਸੀ। ਨਾਲੇ “ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ” ਹੁੰਦੀ ਸੀ। (ਆਇਤਾਂ 13, 21-24) “ਵਪਾਰੀਆਂ ਦੇ ਜਹਾਜ਼ਾਂ” ਵਾਂਗ ਇਹ ਅਕਲਮੰਦ ਤੀਵੀਂ ਤਰ੍ਹਾਂ-ਤਰ੍ਹਾਂ ਦਾ ਖਾਣਾ ਖ਼ਰੀਦ ਕੇ ਲਿਆਉਂਦੀ ਸੀ ਭਾਵੇਂ ਇਸ ਲਈ ਉਸ ਨੂੰ ਕਿੰਨੀ ਹੀ ਦੂਰ ਕਿਉਂ ਨਾ ਜਾਣਾ ਪੈਂਦਾ। (ਆਇਤ 14) ‘ਉਸ ਨੇ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲਿਆ ਅਤੇ ਦਾਖ ਦੀ ਬਾੜੀ ਲਾਈ।’ (ਆਇਤ 16) ਉਸ ਦਾ “ਵਪਾਰ ਚੰਗਾ” ਹੋਣ ਕਰਕੇ ਉਸ ਦੇ ਕੰਮਾਂ ਦੇ ਚੰਗੇ ਨਤੀਜੇ ਨਿਕਲੇ। (ਆਇਤ 18) ‘ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਣ’ ਦੇ ਨਾਲ-ਨਾਲ ਇਹ ਮਿਹਨਤੀ ਔਰਤ ਦੂਸਰਿਆਂ ਦੀ ਮਦਦ ਵੀ ਕਰਦੀ ਸੀ। (ਆਇਤਾਂ 20, 27) ਇਹ ਤੀਵੀਂ ਸੱਚ-ਮੁੱਚ ਕਾਬਲ-ਏ-ਤਾਰੀਫ਼ ਸੀ!—ਆਇਤ 31.
ਮੂਸਾ ਦੁਆਰਾ ਦਿੱਤੇ ਗਏ ਯਹੋਵਾਹ ਦੇ ਨਿਯਮਾਂ ਤੇ ਚੱਲ ਕੇ ਔਰਤਾਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੀਆਂ ਸਨ। ਮਿਸਾਲ ਲਈ, ਯਹੋਸ਼ੁਆ 8:35 ਵਿਚ ਅਸੀਂ ਪੜ੍ਹਦੇ ਹਾਂ: “ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜੇਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਨ੍ਹਾਂ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਨ੍ਹਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।” ਬਾਈਬਲ ਵਿਚ ਅਜ਼ਰਾ ਜਾਜਕ ਬਾਰੇ ਕਿਹਾ ਗਿਆ ਹੈ ਕਿ ਉਹ “ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨੁੱਖਾਂ ਅਤੇ ਤੀਵੀਆਂ ਦੀ ਸਭਾ ਦੇ ਅੱਗੇ ਸਗੋਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸੱਕਦੇ ਸਨ ਬਿਵਸਥਾ ਨੂੰ ਲਿਆਇਆ। ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ ਮਨੁੱਖਾਂ ਅਤੇ ਤੀਵੀਆਂ ਅਤੇ ਸਿਆਣਿਆਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੋਥੀ ਵੱਲ ਲੱਗੇ ਰਹੇ।” (ਨਹਮਯਾਹ 8:2, 3) ਬਿਵਸਥਾ ਦੇ ਪੜ੍ਹੇ ਜਾਣ ਤੋਂ ਔਰਤਾਂ ਵੀ ਫ਼ਾਇਦਾ ਉਠਾ ਸਕਦੀਆਂ ਸਨ। ਉਹ ਤਿਉਹਾਰ ਵੀ ਮਨਾ ਸਕਦੀਆਂ ਸਨ। (ਬਿਵਸਥਾ ਸਾਰ 12:12, 18; 16:11, 14) ਪਰ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਇਸਰਾਏਲ ਵਿਚ ਔਰਤਾਂ ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜ ਸਕਦੀਆਂ ਸਨ ਅਤੇ ਖ਼ੁਦ ਉਸ ਨੂੰ ਪ੍ਰਾਰਥਨਾ ਕਰ ਸਕਦੀਆਂ ਸਨ।—1 ਸਮੂਏਲ 1:10.
ਪਹਿਲੀ ਸਦੀ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੀਆਂ ਔਰਤਾਂ ਕੋਲ ਯਿਸੂ ਦੀ ਸੇਵਾ ਕਰਨ ਦਾ ਸਨਮਾਨ ਸੀ। (ਲੂਕਾ 8:1-3) ਜਦ ਯਿਸੂ ਬੈਤਅਨੀਆ ਵਿਚ ਕਿਸੇ ਦੇ ਘਰ ਰੋਟੀ ਖਾਣ ਗਿਆ ਸੀ, ਤਦ ਇਕ ਤੀਵੀਂ ਨੇ ਉਸ ਦੇ ਸਿਰ ਅਤੇ ਪੈਰਾਂ ਤੇ ਤੇਲ ਮਲਿਆ। (ਮੱਤੀ 26:6-13; ਯੂਹੰਨਾ 12:1-7) ਯਿਸੂ ਆਪਣੀ ਮੌਤ ਤੋਂ ਬਾਅਦ ਦੁਬਾਰਾ ਜੀਉਂਦਾ ਹੋ ਕੇ ਔਰਤਾਂ ਨੂੰ ਵੀ ਦਿਖਾਈ ਦਿੱਤਾ ਸੀ। (ਮੱਤੀ 28:1-10; ਯੂਹੰਨਾ 20:1-18) ਯਿਸੂ ਦੇ ਸਵਰਗ ਜਾਣ ਤੋਂ ਬਾਅਦ ਜਦ ਉਸ ਦੇ 120 ਚੇਲੇ ਇਕ ਕਮਰੇ ਵਿਚ ਇਕੱਠੇ ਹੋਏ ਸਨ, ਤਾਂ ਉਨ੍ਹਾਂ ਵਿਚ ਕੁਝ “ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ” ਵੀ ਸੀ। (ਰਸੂਲਾਂ ਦੇ ਕਰਤੱਬ 1:3-15) ਬਿਨਾਂ ਸ਼ੱਕ ਇਨ੍ਹਾਂ ਵਿੱਚੋਂ ਕਈ ਜਾਂ ਇਹ ਸਾਰੀਆਂ ਔਰਤਾਂ ਪੰਤੇਕੁਸਤ 33 ਈ. ਦੇ ਦਿਨ ਯਰੂਸ਼ਲਮ ਦੇ ਉਸ ਕਮਰੇ ਵਿਚ ਸਨ ਜਿੱਥੇ ਯਿਸੂ ਦੇ ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ ਅਤੇ ਉਹ ਵੱਖੋ-ਵੱਖਰੀਆਂ ਬੋਲੀਆਂ ਬੋਲਣ ਲੱਗ ਪਏ ਸਨ।—ਰਸੂਲਾਂ ਦੇ ਕਰਤੱਬ 2:1-12.
ਪਤਰਸ ਰਸੂਲ ਨੇ ਪੰਤੇਕੁਸਤ ਦੇ ਦਿਨ ਤੇ ਯੋਏਲ 2:28, 29 ਦੇ ਸ਼ਬਦਾਂ ਨੂੰ ਦੁਹਰਾਇਆ ਸੀ ਜਿੱਥੇ ਲਿਖਿਆ ਹੈ: “ਮੈਂ [ਯਹੋਵਾਹ] ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, . . . ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨ੍ਹੀਂ ਦਿਨੀਂ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ।” (ਰਸੂਲਾਂ ਦੇ ਕਰਤੱਬ 2:13-18) ਆਦਮੀ-ਔਰਤਾਂ ਦੋਹਾਂ ਨੇ ਹੀ ਇਨ੍ਹਾਂ ਸ਼ਬਦਾਂ ਦੀ ਪੂਰਤੀ ਦੇਖੀ ਸੀ। ਪੰਤੇਕੁਸਤ 33 ਈ. ਤੋਂ ਬਾਅਦ ਕੁਝ ਦੇਰ ਲਈ ਔਰਤਾਂ ਉੱਤੇ ਵੀ ਆਤਮਾ ਵਹਾਈ ਗਈ ਸੀ। ਉਹ ਵੀ ਵੱਖੋ-ਵੱਖਰੀਆਂ ਬੋਲੀਆਂ ਬੋਲਦੀਆਂ ਅਤੇ ਅਗੰਮ ਵਾਕ ਕਰਦੀਆਂ ਸਨ। ਇਸ ਦਾ ਇਹ ਮਤਲਬ ਨਹੀਂ ਕਿ ਉਹ ਭਵਿੱਖਬਾਣੀਆਂ ਕਰ ਰਹੀਆਂ ਸਨ ਬਲਕਿ ਉਹ ਲਿਖਤਾਂ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਦੱਸ ਰਹੀਆਂ ਸਨ।
ਰੋਮ ਵਿਚ ਮਸੀਹੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਰਸੂਲ ਨੇ ਬੜੇ ਪਿਆਰ ਨਾਲ “ਫ਼ੀਬੀ” ਨਾਂ ਦੀ ਭੈਣ ਦੀ ਦਿਲੋਂ ਸਿਫ਼ਤ ਕੀਤੀ। ਉਸ ਨੇ ਤਰੁਫ਼ੈਨਾ ਤੇ ਤਰੁਫ਼ੋਸਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ “ਪ੍ਰਭੁ ਵਿੱਚ ਮਿਹਨਤ ਕਰਦੀਆਂ ਹਨ।” (ਰੋਮੀਆਂ 16:1, 2, 12) ਭਾਵੇਂ ਕਿ ਇਨ੍ਹਾਂ ਔਰਤਾਂ ਨੂੰ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਅਗਵਾਈ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ, ਫਿਰ ਵੀ ਪਰਮੇਸ਼ੁਰ ਨੇ ਇਨ੍ਹਾਂ ਨੂੰ ਅਤੇ ਕਈ ਹੋਰ ਔਰਤਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦਾ ਸਨਮਾਨ ਦਿੱਤਾ ਹੈ।—ਰੋਮੀਆਂ 8:16, 17; ਗਲਾਤੀਆਂ 3:28, 29.
ਅੱਜ ਵੀ ਯਹੋਵਾਹ ਦੀਆਂ ਸੇਵਕਾਵਾਂ ਨੂੰ ਵੱਡਾ ਸਨਮਾਨ ਦਿੱਤਾ ਗਿਆ ਹੈ। ਪਰਮੇਸ਼ੁਰ ਖ਼ੁਦ ਉਨ੍ਹਾਂ ਬਾਰੇ ਕਹਿੰਦਾ ਹੈ ਕਿ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਦਾ “ਵੱਡਾ ਦਲ ਹੈ।” (ਜ਼ਬੂਰਾਂ ਦੀ ਪੋਥੀ 68:11) ਅਜਿਹੀਆਂ ਔਰਤਾਂ ਸਲਾਹੀਆਂ ਜਾਂਦੀਆਂ ਹਨ। ਮਿਸਾਲ ਲਈ, ਬਾਈਬਲ ਸਟੱਡੀਆਂ ਕਰਾਉਣ ਰਾਹੀਂ ਸਾਡੀਆਂ ਭੈਣਾਂ ਨੇ ਕਈ ਲੋਕਾਂ ਨੂੰ ਯਹੋਵਾਹ ਬਾਰੇ ਸਿੱਖਿਆ ਦਿੱਤੀ ਹੈ ਅਤੇ ਉਨ੍ਹਾਂ ਦੀ ਯਹੋਵਾਹ ਦੇ ਰਾਹਾਂ ਤੇ ਚੱਲਣ ਵਿਚ ਮਦਦ ਕੀਤੀ ਹੈ। ਸ਼ਾਦੀ-ਸ਼ੁਦਾ ਭੈਣਾਂ ਦੀ ਵੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਜੋ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਉਂਦੀਆਂ ਹਨ ਅਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਆਪਣੇ ਪਤੀਆਂ ਦਾ ਸਾਥ ਦਿੰਦੀਆਂ ਹਨ। (ਕਹਾਉਤਾਂ 31:10-12, 28) ਯਹੋਵਾਹ ਪਰਮੇਸ਼ੁਰ ਦੇ ਇੰਤਜ਼ਾਮ ਵਿਚ ਕੁਆਰੀਆਂ ਭੈਣਾਂ ਲਈ ਵੀ ਥਾਂ ਹੈ। ਉਨ੍ਹਾਂ ਦੀ ਵੀ ਇੱਜ਼ਤ ਕੀਤੀ ਜਾਣੀ ਚਾਹੀਦੀ ਹੈ। ਮਸੀਹੀ ਆਦਮੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ‘ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ ਸਮਝਣ।’—1 ਤਿਮੋਥਿਉਸ 5:1, 2.
ਆਦਮੀ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ
ਯਹੋਵਾਹ ਨੇ ਆਦਮੀਆਂ ਨੂੰ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਹਨ ਅਤੇ ਉਹ ਉਨ੍ਹਾਂ ਤੋਂ ਇਹੀ ਉਮੀਦ ਰੱਖਦਾ ਹੈ ਕਿ ਉਹ ਇਨ੍ਹਾਂ ਨੂੰ ਪੂਰੀਆਂ ਕਰਨ। ਪੌਲੁਸ ਨੇ ਕਿਹਾ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਆਦਮੀ ਦਾ ਸਿਰ ਮਸੀਹ ਹੈ। ਇਸ ਲਈ ਆਦਮੀ ਨੇ ਆਪਣੇ ਹਰ ਕੰਮ ਦਾ ਲੇਖਾ ਯਿਸੂ ਅਤੇ ਪਰਮੇਸ਼ੁਰ ਨੂੰ ਦੇਣਾ ਹੈ। ਪਰਮੇਸ਼ੁਰ ਇਹੀ ਆਸ ਰੱਖਦਾ ਹੈ ਕਿ ਆਦਮੀ ਪਿਆਰ ਨਾਲ ਸਰਦਾਰੀ ਕਰੇ। (ਅਫ਼ਸੀਆਂ 5:25) ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਇਹੀ ਪਰਮੇਸ਼ੁਰ ਦੀ ਇੱਛਾ ਰਹੀ ਹੈ।
ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਕੁਝ ਕੰਮ ਸਿਰਫ਼ ਆਦਮੀਆਂ ਕੋਲੋਂ ਕਰਵਾਏ ਸਨ। ਮਿਸਾਲ ਲਈ, ਜਲ-ਪਰਲੋ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਕੰਮ ਸੌਂਪਿਆ ਸੀ। (ਉਤਪਤ 6:9–7:24) ਅਬਰਾਹਾਮ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਸ ਦੀ ਅੰਸ ਦੁਆਰਾ ਧਰਤੀ ਦੇ ਸਾਰੇ ਪਰਿਵਾਰ ਅਤੇ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਮੁੱਖ ਅੰਸ ਯਿਸੂ ਮਸੀਹ ਹੈ। (ਉਤਪਤ 12:3; 22:18; ਗਲਾਤੀਆਂ 3:8-16) ਮਿਸਰ ਵਿੱਚੋਂ ਇਸਰਾਏਲੀਆਂ ਨੂੰ ਲੈ ਆਉਣ ਵਿਚ ਅਗਵਾਈ ਕਰਨ ਦੀ ਜ਼ਿੰਮੇਵਾਰੀ ਪਰਮੇਸ਼ੁਰ ਨੇ ਮੂਸਾ ਨੂੰ ਸੌਂਪੀ ਸੀ। (ਕੂਚ 3:9, 10, 12, 18) ਮੂਸਾ ਰਾਹੀਂ ਯਹੋਵਾਹ ਨੇ ਇਸਰਾਏਲੀਆਂ ਨੂੰ ਬਿਵਸਥਾ ਨੇਮ ਦਿੱਤਾ ਸੀ। (ਕੂਚ 24:1-18) ਯਹੋਵਾਹ ਨੇ ਬਾਈਬਲ ਵੀ ਆਦਮੀਆਂ ਦੁਆਰਾ ਲਿਖਵਾਈ ਸੀ।
ਮਸੀਹੀ ਕਲੀਸਿਯਾ ਦਾ ਸਿਰ ਹੋਣ ਦੇ ਨਾਤੇ ਯਿਸੂ ਨੇ ਕਲੀਸਿਯਾਵਾਂ ਵਿਚ ਆਦਮੀਆਂ ਨੂੰ “ਦਾਨ” ਵਜੋਂ ਦਿੱਤਾ ਹੈ ਯਾਨੀ ਬਜ਼ੁਰਗਾਂ ਵਜੋਂ ਨਿਯੁਕਤ ਕੀਤਾ ਹੈ। (ਅਫ਼ਸੀਆਂ 1:22; 4:7-13) ਜਦ ਪੌਲੁਸ ਨੇ ਉਨ੍ਹਾਂ ਸ਼ਰਤਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਤੇ ਨਿਗਾਹਬਾਨਾਂ ਨੂੰ ਪੂਰਾ ਉਤਰਨਾ ਚਾਹੀਦਾ ਹੈ, ਤਦ ਉਸ ਨੇ ਸਿਰਫ਼ ਆਦਮੀਆਂ ਦੀ ਗੱਲ ਕੀਤੀ ਸੀ। (1 ਤਿਮੋਥਿਉਸ 3:1-7; ਤੀਤੁਸ 1:5-9) ਤਾਂ ਫਿਰ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਸਿਰਫ਼ ਆਦਮੀ ਹੀ ਬਜ਼ੁਰਗਾਂ ਜਾਂ ਨਿਗਾਹਬਾਨਾਂ ਤੇ ਸਹਾਇਕ ਸੇਵਕਾਂ ਵਜੋਂ ਸੇਵਾ ਕਰ ਸਕਦੇ ਹਨ। (ਫ਼ਿਲਿੱਪੀਆਂ 1:1, 2; 1 ਤਿਮੋਥਿਉਸ 3:8-10, 12) ਜੀ ਹਾਂ, ਸਿਰਫ਼ ਆਦਮੀ ਹੀ ਕਲੀਸਿਯਾ ਵਿਚ ਅਗਵਾਈ ਕਰ ਸਕਦੇ ਹਨ। (1 ਪਤਰਸ 5:1-4) ਪਰ ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ ਪਰਮੇਸ਼ੁਰ ਔਰਤਾਂ ਨੂੰ ਵੀ ਖ਼ਾਸ ਸਨਮਾਨ ਦਿੰਦਾ ਹੈ।
ਆਪੋ ਆਪਣੀ ਥਾਂ ਖ਼ੁਸ਼
ਜਦ ਤੀਵੀਂ-ਆਦਮੀ ਯਹੋਵਾਹ ਵੱਲੋਂ ਦਿੱਤੀਆਂ ਗਈਆਂ ਆਪੋ-ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਨ, ਤਦ ਉਹ ਖ਼ੁਸ਼ੀ ਪਾਉਂਦੇ ਹਨ। ਯਿਸੂ ਅਤੇ ਉਸ ਦੀ ਕਲੀਸਿਯਾ ਦੀ ਮਿਸਾਲ ਤੇ ਚੱਲਣ ਵਾਲੇ ਪਤੀ-ਪਤਨੀ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਪੌਲੁਸ ਨੇ ਲਿਖਿਆ: “ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ . . . ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ।” (ਅਫ਼ਸੀਆਂ 5:25-33) ਇਸ ਲਈ, ਪਤੀਆਂ ਨੂੰ ਪਿਆਰ ਨਾਲ ਸਰਦਾਰੀ ਕਰਨੀ ਚਾਹੀਦੀ ਹੈ ਨਾ ਕਿ ਖ਼ੁਦਗਰਜ਼ ਤਰੀਕੇ ਨਾਲ। ਮਸੀਹ ਦੀ ਕਲੀਸਿਯਾ ਅਜਿਹੇ ਇਨਸਾਨਾਂ ਨਾਲ ਬਣੀ ਹੋਈ ਹੈ ਜੋ ਨਾਮੁਕੰਮਲ ਹੋਣ ਕਰਕੇ ਗ਼ਲਤੀਆਂ ਕਰਦੇ ਹਨ। ਪਰ, ਫਿਰ ਵੀ ਯਿਸੂ ਪਿਆਰ ਨਾਲ ਕਲੀਸਿਯਾ ਦੀ ਦੇਖ-ਭਾਲ ਕਰਦਾ ਹੈ। ਇਸੇ ਤਰ੍ਹਾਂ ਮਸੀਹੀ ਪਤੀ ਨੂੰ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ।
ਪਤਨੀ ਨੂੰ ‘ਆਪਣੇ ਪਤੀ ਦਾ ਮਾਨ ਕਰਨਾ’ ਚਾਹੀਦਾ ਹੈ। (ਅਫ਼ਸੀਆਂ 5:33) ਇਸ ਮਾਮਲੇ ਵਿਚ ਉਹ ਕਲੀਸਿਯਾ ਦੀ ਉਦਾਹਰਣ ਤੋਂ ਸਿੱਖ ਸਕਦੀ ਹੈ। ਅਫ਼ਸੀਆਂ 5:21-24 ਵਿਚ ਲਿਖਿਆ ਗਿਆ ਹੈ: “ਮਸੀਹ ਦੇ ਭੌ ਵਿੱਚ ਇੱਕ ਦੂਏ ਦੇ ਅਧੀਨ ਰਹੋ। ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਪਰ ਤਾਂ ਵੀ ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ।” ਜਦ ਪਤਨੀ ਨੂੰ ਪਤੀ ਦੇ ਅਧੀਨ ਹੋਣਾ ਔਖਾ ਵੀ ਲੱਗੇ, ਤਦ ਵੀ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹੀ “ਪ੍ਰਭੁ ਵਿੱਚ ਜੋਗ ਹੈ।” (ਕੁਲੁੱਸੀਆਂ 3:18) ਜੇ ਪਤਨੀ ਯਾਦ ਰੱਖੇ ਕਿ ਪਤੀ ਦੇ ਅਧੀਨ ਹੋ ਕੇ ਉਹ ਯਿਸੂ ਮਸੀਹ ਨੂੰ ਖ਼ੁਸ਼ ਕਰ ਰਹੀ ਹੈ, ਤਾਂ ਉਸ ਲਈ ਪਤੀ ਦੇ ਅਧੀਨ ਰਹਿਣਾ ਜ਼ਿਆਦਾ ਆਸਾਨ ਹੋ ਜਾਵੇਗਾ।
ਭਾਵੇਂ ਪਤੀ ਯਹੋਵਾਹ ਦਾ ਸੇਵਕ ਹੋਵੇ ਜਾਂ ਨਾ, ਫਿਰ ਵੀ ਪਤਨੀ ਨੂੰ ਉਸ ਦੇ ਅਧੀਨ ਰਹਿਣ ਦੀ ਲੋੜ ਹੈ। ਪਤਰਸ ਰਸੂਲ ਨੇ ਕਿਹਾ: “ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ। ਇਸ ਤਰ੍ਹਾਂ ਉਹਨਾਂ ਵਿਚੋਂ ਜੋ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਨਹੀਂ ਕਰਦਾ ਹੈ, ਉਹ ਤੁਹਾਡੇ ਬਿਨਾਂ ਕੁਝ ਬੋਲੇ, ਕੇਵਲ ਤੁਹਾਡੇ ਭਲੇ ਆਚਰਨ ਨੂੰ ਦੇਖ ਕੇ ਹੀ ਜਿਤਿਆ ਜਾਵੇਗਾ। ਉਹ ਦੇਖਣਗੇ ਕਿ ਤੁਸੀਂ ਕਿਸ ਤਰ੍ਹਾਂ ਡਰ ਅਤੇ ਆਦਰ ਵਾਲਾ ਜੀਵਣ ਗੁਜ਼ਾਰ ਰਹੀਆਂ ਹੋ।” (1 ਪਤਰਸ 3:1, 2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਰਾਹ, ਜੋ ਕਿ ਆਪਣੇ ਪਤੀ ਅਬਰਾਹਾਮ ਦੀ ਬਹੁਤ ਇੱਜ਼ਤ ਕਰਦੀ ਸੀ, ਨੇ ਇਸਹਾਕ ਨੂੰ ਜਨਮ ਦਿੱਤਾ ਜਿਸ ਦੇ ਘਰਾਣੇ ਵਿਚ ਯਿਸੂ ਪੈਦਾ ਹੋਇਆ ਸੀ। ਇਸ ਤਰ੍ਹਾਂ ਉਸ ਨੂੰ ਯਿਸੂ ਮਸੀਹ ਦੀ ਵੱਡ-ਵਡੇਰੀ ਬਣਨ ਦਾ ਸਨਮਾਨ ਮਿਲਿਆ। (ਇਬਰਾਨੀਆਂ 11:11, 12; 1 ਪਤਰਸ 3:5, 6) ਜਿਹੜੀਆਂ ਪਤਨੀਆਂ ਸਾਰਾਹ ਦੀ ਮਿਸਾਲ ਉੱਤੇ ਚੱਲਦੀਆਂ ਹਨ, ਉਨ੍ਹਾਂ ਦੀ ਝੋਲੀ ਪਰਮੇਸ਼ੁਰ ਜ਼ਰੂਰ ਬਰਕਤਾਂ ਨਾਲ ਭਰੇਗਾ।
ਜਦ ਆਦਮੀ-ਔਰਤ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ, ਤਦ ਉਨ੍ਹਾਂ ਵਿਚਕਾਰ ਏਕਤਾ ਤੇ ਸ਼ਾਂਤੀ ਬਣੀ ਰਹਿੰਦੀ ਹੈ। ਉਹ ਖ਼ੁਸ਼ੀ ਤੇ ਸੰਤੋਖ ਭਰੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਇਸ ਦੇ ਨਾਲ-ਨਾਲ, ਬਾਈਬਲ ਦੇ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਅਤੇ ਯਹੋਵਾਹ ਦੇ ਇੰਤਜ਼ਾਮ ਅਨੁਸਾਰ ਚੱਲਣ ਦੁਆਰਾ ਉਨ੍ਹਾਂ ਦੀ ਇੱਜ਼ਤ ਵਧਦੀ ਹੈ।
[ਸਫ਼ਾ 7 ਉੱਤੇ ਡੱਬੀ]
ਪਰਮੇਸ਼ੁਰ ਵੱਲੋਂ ਸੌਂਪੀ ਜ਼ਿੰਮੇਵਾਰੀ ਬਾਰੇ ਔਰਤਾਂ ਕੀ ਸੋਚਦੀਆਂ ਹਨ
ਸੂਜ਼ਨ ਕਹਿੰਦੀ ਹੈ: “ਮੇਰੇ ਪਤੀ ਪਿਆਰ ਨਾਲ ਆਪਣੇ ਸਰਦਾਰੀ ਦੇ ਫ਼ਰਜ਼ ਨੂੰ ਨਿਭਾਉਂਦੇ ਨੇ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਮੇਰੀ ਰਾਇ ਪੁੱਛਦੇ ਨੇ ਅਤੇ ਫਿਰ ਫ਼ੈਸਲਾ ਕਰਦੇ ਨੇ ਕਿ ਪਰਿਵਾਰ ਦੇ ਭਲੇ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਜੋ ਪ੍ਰਬੰਧ ਯਹੋਵਾਹ ਨੇ ਪਤਨੀਆਂ ਵਾਸਤੇ ਕੀਤਾ ਹੈ, ਉਸ ਤੋਂ ਮੈਂ ਬਹੁਤ ਹੀ ਖ਼ੁਸ਼ ਹਾਂ ਅਤੇ ਇਸੇ ਕਾਰਨ ਸਾਡਾ ਵਿਆਹੁਤਾ ਬੰਧਨ ਮਜ਼ਬੂਤ ਹੈ। ਪਤੀ-ਪਤਨੀ ਵਜੋਂ ਸਾਡਾ ਰਿਸ਼ਤਾ ਬਹੁਤ ਹੀ ਗੂੜ੍ਹਾ ਹੈ ਅਤੇ ਯਹੋਵਾਹ ਦੀ ਸੇਵਾ ਵਿਚ ਅਸੀਂ ਇਕ ਦੂਸਰੇ ਦਾ ਹਮੇਸ਼ਾ ਸਾਥ ਦਿੰਦੇ ਹਾਂ।”
ਮਿੰਡੀ ਨਾਂ ਦੀ ਇਕ ਔਰਤ ਕਹਿੰਦੀ ਹੈ: “ਜੋ ਜ਼ਿੰਮੇਵਾਰੀ ਯਹੋਵਾਹ ਨੇ ਔਰਤਾਂ ਨੂੰ ਦਿੱਤੀ ਹੈ ਉਸ ਤੋਂ ਅਸੀਂ ਉਹ ਦਾ ਪਿਆਰ ਦੇਖ ਸਕਦੇ ਹਾਂ। ਆਪਣੇ ਪਤੀ ਦਾ ਆਦਰ ਕਰਨ ਦੁਆਰਾ ਅਤੇ ਕਲੀਸਿਯਾ ਦੇ ਕੰਮਾਂ ਵਿਚ ਉਸ ਦਾ ਸਾਥ ਦੇਣ ਦੁਆਰਾ ਮੈਂ ਯਹੋਵਾਹ ਨੂੰ ਦਿਖਾ ਸਕਦੀ ਹਾਂ ਕਿ ਮੈਂ ਇਸ ਇੰਤਜ਼ਾਮ ਦੀ ਕਿੰਨੀ ਕਦਰ ਕਰਦੀ ਹਾਂ।”
[ਸਫ਼ਾ 5 ਉੱਤੇ ਤਸਵੀਰ]
ਪਰਮੇਸ਼ੁਰ ਨੇ ਨੂਹ, ਅਬਰਾਹਾਮ ਅਤੇ ਮੂਸਾ ਨੂੰ ਅਗਵਾਈ ਕਰਨ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਨ
[ਸਫ਼ਾ 7 ਉੱਤੇ ਤਸਵੀਰ]
ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਭੈਣਾਂ ਦਾ “ਵੱਡਾ ਦਲ ਹੈ”