ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰੱਖੋ
‘ਹੇ ਪਿਆਰਿਓ, ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਉਡੀਕ ਕਰਦੇ ਰੋਹ।’—ਯਹੂਦਾਹ 20, 21.
1, 2. ਤੁਸੀਂ ਪਰਮੇਸ਼ੁਰ ਦੇ ਪ੍ਰੇਮ ਵਿਚ ਕਿਵੇਂ ਕਾਇਮ ਰਹਿ ਸਕਦੇ ਹੋ?
ਯਹੋਵਾਹ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਸ ਨੇ ਸਾਡੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦਿੱਤਾ ਤਾਂਕਿ ਅਸੀਂ ਉਸ ਵਿਚ ਨਿਹਚਾ ਕਰ ਕੇ ਸਦਾ ਦੀ ਜ਼ਿੰਦਗੀ ਪਾ ਸਕੀਏ। (ਯੂਹੰਨਾ 3:16) ਸਾਨੂੰ ਅਜਿਹੇ ਪਿਆਰ ਲਈ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ! ਜੇ ਤੁਸੀਂ ਯਹੋਵਾਹ ਦੇ ਇਕ ਸੇਵਕ ਹੋ, ਤਾਂ ਤੁਸੀਂ ਚਾਹੋਗੇ ਕਿ ਯਹੋਵਾਹ ਤੁਹਾਨੂੰ ਹਮੇਸ਼ਾ ਪਿਆਰ ਕਰਦਾ ਰਹੇ।
2 ਯਿਸੂ ਦੇ ਚੇਲੇ ਯਹੂਦਾਹ ਨੇ ਦੱਸਿਆ ਕਿ ਅਸੀਂ ਪਰਮੇਸ਼ੁਰ ਦੇ ਪਿਆਰ ਵਿਚ ਕਿਵੇਂ ਕਾਇਮ ਰਹਿ ਸਕਦੇ ਹਾਂ। ਉਸ ਨੇ ਲਿਖਿਆ: “ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।” (ਯਹੂਦਾਹ 20, 21) ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਅਸੀਂ “ਅੱਤ ਪਵਿੱਤਰ ਨਿਹਚਾ” ਵਿਚ ਵਧਦੇ ਜਾਵਾਂਗੇ ਯਾਨੀ ਮਸੀਹੀ ਸਿੱਖਿਆਵਾਂ ਵਿਚ ਸਾਡਾ ਵਿਸ਼ਵਾਸ ਪੱਕਾ ਹੁੰਦਾ ਜਾਵੇਗਾ। ਪਰਮੇਸ਼ੁਰ ਦੇ ਪਿਆਰ ਵਿਚ ਕਾਇਮ ਰਹਿਣ ਲਈ ਸਾਨੂੰ “ਪਵਿੱਤਰ ਆਤਮਾ ਵਿਚ” ਯਾਨੀ ਇਸ ਦੇ ਅਸਰ ਅਧੀਨ ਰਹਿ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਦਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਯਿਸੂ ਮਸੀਹ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਦੀ ਵੀ ਲੋੜ ਹੈ।—1 ਯੂਹੰਨਾ 4:10.
3. ਕੁਝ ਲੋਕ ਯਹੋਵਾਹ ਦੇ ਗਵਾਹ ਕਹਿਲਾਉਣ ਦੇ ਲਾਇਕ ਕਿਉਂ ਨਹੀਂ ਰਹੇ?
3 ਕੁਝ ਲੋਕ ਨਿਹਚਾ ਤੋਂ ਬੇਮੁਖ ਹੋ ਗਏ ਤੇ ਪਰਮੇਸ਼ੁਰ ਦੇ ਪਿਆਰ ਵਿਚ ਕਾਇਮ ਨਹੀਂ ਰਹੇ। ਉਨ੍ਹਾਂ ਨੇ ਪਾਪ ਦਾ ਰਾਹ ਅਪਣਾ ਲਿਆ ਜਿਸ ਕਰਕੇ ਉਹ ਯਹੋਵਾਹ ਦੇ ਗਵਾਹ ਕਹਿਲਾਉਣ ਦੇ ਲਾਇਕ ਨਹੀਂ ਰਹੇ। ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਨਾਲ ਇੱਦਾਂ ਨਾ ਹੋਵੇ? ਅੱਗੇ ਦਿੱਤੇ ਨੁਕਤਿਆਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਸੀਂ ਅਜਿਹੀ ਗ਼ਲਤੀ ਕਰਨ ਤੋਂ ਬਚ ਸਕਦੇ ਹੋ ਤੇ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿ ਸਕਦੇ ਹੋ।
ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਦਿਓ
4. ਪਰਮੇਸ਼ੁਰ ਦੀ ਆਗਿਆ ਮੰਨਣੀ ਕਿੰਨੀ ਕੁ ਜ਼ਰੂਰੀ ਹੈ?
4 ਪਰਮੇਸ਼ੁਰ ਦੀ ਆਗਿਆ ਮੰਨ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ। (ਮੱਤੀ 22:37) ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਪਰਮੇਸ਼ੁਰ ਦੀ ਆਗਿਆ ਮੰਨਣ ਨਾਲ ਸਾਨੂੰ ਗ਼ਲਤ ਕੰਮਾਂ ਤੋਂ ਬਚਣ ਦੀ ਤਾਕਤ ਮਿਲੇਗੀ ਤੇ ਅਸੀਂ ਖ਼ੁਸ਼ ਰਹਾਂਗੇ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, . . . ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ।”—ਜ਼ਬੂਰਾਂ ਦੀ ਪੋਥੀ 1:1, 2.
5. ਯਹੋਵਾਹ ਲਈ ਪਿਆਰ ਤੁਹਾਨੂੰ ਕੀ ਨਾ ਕਰਨ ਲਈ ਪ੍ਰੇਰੇਗਾ?
5 ਯਹੋਵਾਹ ਨਾਲ ਪਿਆਰ ਹੋਣ ਕਰਕੇ ਤੁਹਾਨੂੰ ਗੰਭੀਰ ਪਾਪ ਕਰਨ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲੇਗੀ ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਉਸ ਦਾ ਨਾਂ ਬਦਨਾਮ ਹੋਵੇ। ਆਗੂਰ ਨਾਂ ਦੇ ਵਿਅਕਤੀ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਕਿਹਾ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ, ਮਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ ‘ਯਹੋਵਾਹ ਕੌਣ ਹੈ’? ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਭੰਡੀ ਕਰਾਂ।” (ਕਹਾਉਤਾਂ 30:1, 8, 9) ਇਹ ਠਾਣ ਲਓ ਕਿ ਤੁਸੀਂ ਕਦੇ ਕੋਈ ਬੁਰਾ ਕੰਮ ਕਰ ਕੇ “ਪਰਮੇਸ਼ੁਰ ਦੇ ਨਾਮ ਦੀ ਭੰਡੀ” ਨਹੀਂ ਕਰੋਗੇ। ਹਮੇਸ਼ਾ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨਾਲ ਉਸ ਦੀ ਵਡਿਆਈ ਹੋਵੇ।—ਜ਼ਬੂਰਾਂ ਦੀ ਪੋਥੀ 86:12.
6. ਜਾਣ-ਬੁੱਝ ਕੇ ਪਾਪ ਕਰਨ ਦਾ ਅੰਜਾਮ ਕੀ ਹੋ ਸਕਦਾ ਹੈ?
6 ਪਾਪ ਕਰਨ ਦੇ ਪਰਤਾਵੇ ਵਿਚ ਨਾ ਪੈਣ ਲਈ ਆਪਣੇ ਸਵਰਗੀ ਪਿਤਾ ਨੂੰ ਬਾਕਾਇਦਾ ਪ੍ਰਾਰਥਨਾ ਕਰੋ। (ਮੱਤੀ 6:13; ਰੋਮੀਆਂ 12:12) ਪਰਮੇਸ਼ੁਰ ਦੀ ਸਲਾਹ ਤੇ ਚੱਲਦੇ ਰਹੋ ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ ਯਾਨੀ ਪਰਮੇਸ਼ੁਰ ਪ੍ਰਾਰਥਨਾਵਾਂ ਨੂੰ ਅਣਸੁਣਾ ਨਾ ਕਰ ਦੇਵੇ। (1 ਪਤਰਸ 3:7) ਜੇ ਤੁਸੀਂ ਜਾਣ-ਬੁੱਝ ਕੇ ਪਾਪ ਕਰੋਗੇ, ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋ ਸਕਦਾ ਹੈ। ਯਹੋਵਾਹ ਮਾਨੋ ਆਪਣੇ ਆਪ ਨੂੰ ਬੱਦਲਾਂ ਨਾਲ ਕੱਜ ਲਵੇਗਾ ਤਾਂਕਿ ਬਾਗ਼ੀਆਂ ਦੀਆਂ ਪ੍ਰਾਰਥਨਾਵਾਂ ਉਸ ਤਕ ਨਾ ਪਹੁੰਚਣ। (ਵਿਰਲਾਪ 3:42-44) ਇਸ ਲਈ ਨਿਮਰ ਹੋਵੋ ਤੇ ਪ੍ਰਾਰਥਨਾ ਕਰੋ ਕਿ ਤੁਸੀਂ ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਨੂੰ ਪਰਮੇਸ਼ੁਰ ਨਾਲ ਗੱਲ ਕਰਨ ਵਿਚ ਰੁਕਾਵਟ ਆਵੇ।—2 ਕੁਰਿੰਥੀਆਂ 13:7.
ਪਰਮੇਸ਼ੁਰ ਦੇ ਪੁੱਤਰ ਲਈ ਆਪਣੇ ਪਿਆਰ ਦਾ ਸਬੂਤ ਦਿਓ
7, 8. ਯਿਸੂ ਦੀ ਸਲਾਹ ਤੇ ਚੱਲ ਕੇ ਬਦਚਲਣੀ ਤੋਂ ਦੂਰ ਰਹਿਣ ਲਈ ਸਾਨੂੰ ਕਿਵੇਂ ਮਦਦ ਮਿਲਦੀ ਹੈ?
7 ਯਿਸੂ ਦੇ ਹੁਕਮਾਂ ਨੂੰ ਮੰਨ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦਿਓ। ਇਸ ਨਾਲ ਤੁਸੀਂ ਗ਼ਲਤ ਰਾਹ ਤੇ ਜਾਣ ਤੋਂ ਬਚੋਗੇ। ਯਿਸੂ ਨੇ ਕਿਹਾ ਸੀ: “ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।” (ਯੂਹੰਨਾ 15:10) ਯਿਸੂ ਦੇ ਇਨ੍ਹਾਂ ਲਫ਼ਜ਼ਾਂ ਮੁਤਾਬਕ ਚੱਲ ਕੇ ਪਰਮੇਸ਼ੁਰ ਦੇ ਪ੍ਰੇਮ ਵਿਚ ਰਹਿਣ ਲਈ ਤੁਹਾਨੂੰ ਕਿਵੇਂ ਮਦਦ ਮਿਲ ਸਕਦੀ ਹੈ?
8 ਯਿਸੂ ਦੇ ਲਫ਼ਜ਼ਾਂ ਨੂੰ ਧਿਆਨ ਵਿਚ ਰੱਖਣ ਨਾਲ ਤੁਹਾਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਵਿਚ ਮਦਦ ਮਿਲੇਗੀ। ਇਸਰਾਏਲੀਆਂ ਨੂੰ ਦਿੱਤੀ ਪਰਮੇਸ਼ੁਰ ਦੀ ਬਿਵਸਥਾ ਵਿਚ ਕਿਹਾ ਗਿਆ ਸੀ: “ਤੂੰ ਜ਼ਨਾਹ ਨਾ ਕਰ।” (ਕੂਚ 20:14) ਪਰ ਯਿਸੂ ਨੇ ਇਸ ਹੁਕਮ ਦੇ ਪਿੱਛੇ ਸਿਧਾਂਤ ਦੱਸਦੇ ਹੋਏ ਕਿਹਾ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:27, 28) ਪਤਰਸ ਰਸੂਲ ਨੇ ਕਿਹਾ ਕਿ ਪਹਿਲੀ ਸਦੀ ਵਿਚ ਕੁਝ ਮਸੀਹੀਆਂ ਦੀਆਂ ‘ਅੱਖਾਂ ਵਿਭਚਾਰ ਨਾਲ ਭਰੀਆਂ ਪਈਆਂ ਸਨ ਤੇ ਉਹ ਕਮਜ਼ੋਰ ਨੂੰ ਆਪਣੇ ਫੰਦੇ ਵਿਚ ਫਸਾ ਲੈਂਦੇ ਸਨ।’ (2 ਪਤਰਸ 2:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਜੇ ਤੁਸੀਂ ਪਰਮੇਸ਼ੁਰ ਅਤੇ ਮਸੀਹ ਨੂੰ ਪਿਆਰ ਕਰਦੇ ਹੋ, ਉਨ੍ਹਾਂ ਦੀ ਆਗਿਆ ਮੰਨਦੇ ਹੋ ਅਤੇ ਉਨ੍ਹਾਂ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖਣ ਦਾ ਇਰਾਦਾ ਰੱਖਦੇ ਹੋ, ਤਾਂ ਤੁਸੀਂ ਬਦਚਲਣੀ ਤੋਂ ਦੂਰ ਰਹੋਗੇ।
ਯਹੋਵਾਹ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲੋ
9. ਪਾਪ ਕਰਦੇ ਰਹਿਣ ਦਾ ਅੰਜਾਮ ਕੀ ਹੋ ਸਕਦਾ ਹੈ?
9 ਪਰਮੇਸ਼ੁਰ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰੋ ਅਤੇ ਇਸ ਦੀ ਸੇਧ ਵਿਚ ਚੱਲੋ। (ਲੂਕਾ 11:13; ਗਲਾਤੀਆਂ 5:19-25) ਜੇ ਤੁਸੀਂ ਪਾਪ ਕਰਦੇ ਰਹੋਗੇ, ਤਾਂ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਤੁਹਾਡੇ ਤੋਂ ਹਟਾ ਲਵੇਗਾ। ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਦਾਊਦ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ: “ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ!” (ਜ਼ਬੂਰਾਂ ਦੀ ਪੋਥੀ 51:11) ਦੂਜੇ ਪਾਸੇ, ਰਾਜਾ ਸ਼ਾਊਲ ਨੇ ਆਪਣੇ ਪਾਪਾਂ ਦੀ ਤੋਬਾ ਨਹੀਂ ਕੀਤੀ ਜਿਸ ਕਰਕੇ ਉਸ ਉੱਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਹੀਂ ਰਹੀ। ਸ਼ਾਊਲ ਨੇ ਹੋਮ ਦੀ ਬਲੀ ਚੜ੍ਹਾ ਕੇ, ਅਮਾਲੇਕੀਆਂ ਦੀਆਂ ਭੇਡਾਂ-ਬੱਕਰੀਆਂ ਤੇ ਹੋਰਨਾਂ ਪਸ਼ੂਆਂ ਨੂੰ ਪੂਰੀ ਤਰ੍ਹਾਂ ਖ਼ਤਮ ਨਾ ਕਰ ਕੇ ਅਤੇ ਅਮਾਲੇਕ ਦੇ ਰਾਜੇ ਨੂੰ ਜੀਉਂਦਾ ਰੱਖ ਕੇ ਪਾਪ ਕੀਤਾ ਸੀ। ਇਸ ਕਰਕੇ ਯਹੋਵਾਹ ਨੇ ਸ਼ਾਊਲ ਤੋਂ ਆਪਣੀ ਪਵਿੱਤਰ ਆਤਮਾ ਹਟਾ ਲਈ।—1 ਸਮੂਏਲ 13:1-14; 15:1-35; 16:14-23.
10. ਪਾਪ ਕਰਨ ਦਾ ਖ਼ਿਆਲ ਆਉਂਦਿਆਂ ਹੀ ਇਸ ਨੂੰ ਮਨ ਵਿੱਚੋਂ ਕਿਉਂ ਕੱਢ ਦੇਣਾ ਚਾਹੀਦਾ ਹੈ?
10 ਪਾਪ ਕਰਨ ਦਾ ਖ਼ਿਆਲ ਮਨ ਵਿਚ ਆਉਂਦਿਆਂ ਹੀ ਇਸ ਨੂੰ ਮਨ ਵਿੱਚੋਂ ਕੱਢ ਦਿਓ। ਪੌਲੁਸ ਰਸੂਲ ਨੇ ਲਿਖਿਆ: “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ।” (ਇਬਰਾਨੀਆਂ 10:26-31) ਜਾਣ-ਬੁੱਝ ਕੇ ਪਾਪ ਕਰਦੇ ਰਹਿਣ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ।
ਦੂਜਿਆਂ ਲਈ ਆਪਣੇ ਪਿਆਰ ਦਾ ਸਬੂਤ ਦਿਓ
11, 12. ਪਿਆਰ ਅਤੇ ਆਦਰ ਕਿਨ੍ਹਾਂ ਤਰੀਕਿਆਂ ਨਾਲ ਇਕ ਵਿਅਕਤੀ ਨੂੰ ਗੰਦੇ ਕੰਮ ਕਰਨ ਤੋਂ ਰੋਕ ਸਕਦੇ ਹਨ?
11 ਦੂਜਿਆਂ ਨਾਲ ਪਿਆਰ ਹੋਣ ਕਰਕੇ ਤੁਸੀਂ ਕੋਈ ਗੰਦਾ ਕੰਮ ਨਹੀਂ ਕਰੋਗੇ। (ਮੱਤੀ 22:39) ਇਹ ਪਿਆਰ ਤੁਹਾਨੂੰ ਆਪਣੇ ਮਨ ਦੀ ਚੌਕਸੀ ਕਰਨ ਲਈ ਪ੍ਰੇਰੇਗਾ ਤਾਂਕਿ ਤੁਸੀਂ ਕਿਸੇ ਹੋਰ ਦੀ ਪਤਨੀ ਜਾਂ ਪਤੀ ਦਾ ਦਿਲ ਚੁਰਾਉਣ ਦੀ ਕੋਸ਼ਿਸ਼ ਨਾ ਕਰੋ। ਚੌਕਸੀ ਨਾ ਵਰਤਣ ਤੇ ਇਕ ਵਿਅਕਤੀ ਜ਼ਨਾਹ ਕਰ ਸਕਦਾ ਹੈ। (ਕਹਾਉਤਾਂ 4:23; ਯਿਰਮਿਯਾਹ 4:14; 17:9, 10) ਇਸ ਲਈ ਅੱਯੂਬ ਦੀ ਮਿਸਾਲ ਤੇ ਚੱਲੋ ਜਿਸ ਨੇ ਕਦੇ ਕਿਸੇ ਤੀਵੀਂ ਨੂੰ ਬੁਰੀ ਨਜ਼ਰ ਨਾਲ ਨਹੀਂ ਤੱਕਿਆ ਸੀ।—ਅੱਯੂਬ 31:1.
12 ਵਿਆਹ ਦੇ ਪਵਿੱਤਰ ਬੰਧਨ ਦਾ ਆਦਰ ਕਰਨ ਨਾਲ ਤੁਸੀਂ ਗੰਭੀਰ ਪਾਪ ਕਰਨ ਤੋਂ ਬਚੋਗੇ। ਪਰਮੇਸ਼ੁਰ ਦਾ ਮਕਸਦ ਸੀ ਕਿ ਆਦਰਯੋਗ ਵਿਆਹ ਅਤੇ ਜਿਨਸੀ ਸੰਬੰਧ ਬੱਚੇ ਪੈਦਾ ਕਰਨ ਦਾ ਜ਼ਰੀਆ ਹੋਣੇ ਚਾਹੀਦੇ ਹਨ। (ਉਤਪਤ 1:26-28) ਇਸ ਲਈ ਯਾਦ ਰੱਖੋ ਕਿ ਜਣਨ ਅੰਗਾਂ ਦਾ ਸੰਬੰਧ ਜ਼ਿੰਦਗੀ ਨਾਲ ਹੈ ਤੇ ਜ਼ਿੰਦਗੀ ਪਵਿੱਤਰ ਹੈ। ਨਾਜਾਇਜ਼ ਜਿਨਸੀ ਸੰਬੰਧ ਰੱਖਣ ਵਾਲੇ ਲੋਕ ਜਣਨ ਅੰਗਾਂ ਦਾ ਗ਼ਲਤ ਇਸਤੇਮਾਲ ਕਰ ਕੇ ਪਰਮੇਸ਼ੁਰ ਦਾ ਨਿਰਾਦਰ ਕਰਦੇ ਹਨ। ਉਹ ਵਿਆਹ ਦੇ ਬੰਧਨ ਨੂੰ ਪਵਿੱਤਰ ਨਹੀਂ ਮੰਨਦੇ ਤੇ ਆਪਣੇ ਹੀ ਸਰੀਰ ਵਿਰੁੱਧ ਪਾਪ ਕਰਦੇ ਹਨ। (1 ਕੁਰਿੰਥੀਆਂ 6:18) ਪਰ ਪਰਮੇਸ਼ੁਰ ਅਤੇ ਹੋਰਨਾਂ ਲੋਕਾਂ ਨਾਲ ਪਿਆਰ ਕਰਨ ਅਤੇ ਪਰਮੇਸ਼ੁਰ ਦੀ ਆਗਿਆ ਮੰਨਣ ਨਾਲ ਅਸੀਂ ਉਨ੍ਹਾਂ ਗ਼ਲਤ ਕੰਮਾਂ ਵਿਚ ਨਹੀਂ ਫਸਾਂਗੇ ਜਿਨ੍ਹਾਂ ਕਾਰਨ ਸਾਨੂੰ ਕਲੀਸਿਯਾ ਵਿੱਚੋਂ ਛੇਕਿਆ ਜਾ ਸਕਦਾ ਹੈ।
13. ਅਨੈਤਿਕ ਕੰਮ ਕਰਨ ਵਾਲਾ ਵਿਅਕਤੀ ‘ਆਪਣੀ ਦੌਲਤ ਕਿਵੇਂ ਗੁਆ ਲੈਂਦਾ ਹੈ’?
13 ਸਾਨੂੰ ਆਪਣੇ ਬੁਰੇ ਖ਼ਿਆਲਾਂ ਤੇ ਕਾਬੂ ਪਾਉਣ ਦੀ ਲੋੜ ਹੈ ਤਾਂਕਿ ਸਾਡੇ ਕਾਰਨ ਸਾਡੇ ਅਜ਼ੀਜ਼ਾਂ ਨੂੰ ਦੁੱਖ ਨਾ ਸਹਿਣਾ ਪਵੇ। ਕਹਾਉਤਾਂ 29:3 ਕਹਿੰਦਾ ਹੈ: “ਜਿਹੜਾ ਵਿਅਕਤੀ ਵੇਸਵਾਵਾਂ ਦਾ ਸੰਗ ਕਰਦਾ ਹੈ, ਉਹ ਆਪਣੀ ਦੌਲਤ ਗੁਆ ਲੈਂਦਾ ਹੈ।” (ਈਜ਼ੀ ਟੂ ਰੀਡ ਵਰਯਨ) ਪਾਪਾਂ ਤੋਂ ਤੋਬਾ ਨਾ ਕਰਨ ਵਾਲਾ ਵਿਅਕਤੀ ਆਪਣੀ ਸਭ ਤੋਂ ਵੱਡੀ ਦੌਲਤ ਯਾਨੀ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਅਤੇ ਪਰਿਵਾਰਕ ਸੁਖ ਗੁਆ ਬੈਠਦਾ ਹੈ। ਉਸ ਦੇ ਜੀਵਨ-ਸਾਥੀ ਕੋਲ ਉਸ ਕੋਲੋਂ ਤਲਾਕ ਲੈਣ ਦਾ ਠੋਸ ਆਧਾਰ ਹੁੰਦਾ ਹੈ। (ਮੱਤੀ 19:9) ਜ਼ਨਾਹਕਾਰੀ ਭਾਵੇਂ ਪਤੀ ਹੋਵੇ ਜਾਂ ਪਤਨੀ, ਵਿਆਹ ਦੇ ਟੁੱਟਣ ਨਾਲ ਬੇਕਸੂਰ ਸਾਥੀ ਅਤੇ ਬੱਚਿਆਂ ਨੂੰ ਬਹੁਤ ਦੁੱਖ ਪਹੁੰਚਦਾ ਹੈ। ਅਨੈਤਿਕਤਾ ਕਾਰਨ ਹੋਣ ਵਾਲੀ ਇਸ ਤਬਾਹੀ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਅਨੈਤਿਕ ਕੰਮ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ।
14. ਜ਼ਨਾਹ ਸੰਬੰਧੀ ਕਹਾਉਤਾਂ 6:30-35 ਤੋਂ ਕਿਹੜਾ ਸਬਕ ਸਿੱਖਿਆ ਜਾ ਸਕਦਾ ਹੈ?
14 ਵਿਭਚਾਰ ਕਾਰਨ ਇਕ ਵਾਰ ਨਾਂ ਖ਼ਰਾਬ ਹੋ ਜਾਵੇ, ਤਾਂ ਦੁਬਾਰਾ ਨੇਕਨਾਮੀ ਖੱਟਣੀ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਸਾਨੂੰ ਆਪਣਾ ਸੁਆਰਥ ਪੂਰਾ ਕਰਨ ਲਈ ਗੰਭੀਰ ਪਾਪ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ। ਕਹਾਉਤਾਂ 6:30-35 ਕਹਿੰਦਾ ਹੈ ਕਿ ਲੋਕ ਚੋਰ ਨਾਲ ਤਾਂ ਹਮਦਰਦੀ ਕਰ ਸਕਦੇ ਹਨ ਕਿਉਂਕਿ ਉਸ ਨੇ ਭੁੱਖ ਦੇ ਮਾਰੇ ਚੋਰੀ ਕੀਤੀ। ਪਰ ਉਹ ਜ਼ਨਾਹਕਾਰ ਨਾਲ ਘਿਰਣਾ ਕਰਨਗੇ ਕਿਉਂਕਿ ਉਸ ਨੇ ਇਹ ਕੰਮ ਬੁਰੇ ਮਨੋਰਥ ਨਾਲ ਕੀਤਾ। ਉਹ “ਆਪਣੀ ਜਾਨ ਦਾ ਨਾਸ” ਕਰਦਾ ਹੈ। ਮੂਸਾ ਦੀ ਬਿਵਸਥਾ ਮੁਤਾਬਕ ਅਜਿਹੇ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। (ਲੇਵੀਆਂ 20:10) ਜ਼ਨਾਹ ਕਰਨ ਵਾਲਾ ਆਪਣੀ ਹਵਸ ਮਿਟਾਉਣ ਲਈ ਦੂਜਿਆਂ ਨੂੰ ਦੁਖੀ ਕਰਦਾ ਹੈ। ਤੋਬਾ ਨਾ ਕਰਨ ਵਾਲਾ ਜ਼ਨਾਹਕਾਰ ਪਰਮੇਸ਼ੁਰ ਦੇ ਪ੍ਰੇਮ ਵਿਚ ਨਹੀਂ ਰਹਿੰਦਾ ਤੇ ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕ ਦਿੱਤਾ ਜਾਂਦਾ ਹੈ।
ਆਪਣਾ ਅੰਤਹਕਰਣ ਸ਼ੁੱਧ ਰੱਖੋ
15. ‘ਤੱਤੇ ਲੋਹੇ ਨਾਲ ਦਾਗੀ’ ਚਮੜੀ ਵਰਗਾ ਅੰਤਹਕਰਣ ਕਿਹੋ ਜਿਹਾ ਹੁੰਦਾ ਹੈ?
15 ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਲਈ ਅਸੀਂ ਪਾਪ ਸੰਬੰਧੀ ਆਪਣੇ ਅੰਤਹਕਰਣ ਦੀ ਆਵਾਜ਼ ਨੂੰ ਅਣਸੁਣਾ ਨਹੀਂ ਕਰ ਸਕਦੇ। ਸਾਨੂੰ ਦੁਨੀਆਂ ਦੇ ਘਟੀਆ ਨੈਤਿਕ ਮਿਆਰਾਂ ਨੂੰ ਕਬੂਲ ਨਹੀਂ ਕਰਨਾ ਚਾਹੀਦਾ। ਇਸ ਲਈ ਸਾਨੂੰ ਆਪਣੇ ਦੋਸਤਾਂ-ਮਿੱਤਰਾਂ, ਕਿਤਾਬਾਂ ਅਤੇ ਮਨੋਰੰਜਨ ਦੀ ਚੋਣ ਕਰਨ ਵੇਲੇ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਪੌਲੁਸ ਨੇ ਚੇਤਾਵਨੀ ਦਿੱਤੀ ਸੀ: “ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ। ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਹਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ।” (1 ਤਿਮੋਥਿਉਸ 4:1, 2) ਇੱਥੇ ਪੌਲੁਸ ਦੇ ਕਹਿਣ ਦਾ ਭਾਵ ਹੈ ਕਿ ਜਿਵੇਂ ‘ਤੱਤੇ ਲੋਹੇ ਨਾਲ ਦਾਗੀ’ ਗਈ ਚਮੜੀ ਨੂੰ ਕੁਝ ਮਹਿਸੂਸ ਨਹੀਂ ਹੁੰਦਾ, ਉਸੇ ਤਰ੍ਹਾਂ ਮਰ ਚੁੱਕਾ ਅੰਤਹਕਰਣ ਕੁਝ ਮਹਿਸੂਸ ਨਹੀਂ ਕਰਦਾ। ਇਹੋ ਜਿਹਾ ਅੰਤਹਕਰਣ ਅਗਾਹਾਂ ਤੋਂ ਸਾਨੂੰ ਸੁਚੇਤ ਨਹੀਂ ਕਰੇਗਾ ਕਿ ਅਸੀਂ ਪਰਮੇਸ਼ੁਰ ਨੂੰ ਛੱਡ ਚੁੱਕੇ ਲੋਕਾਂ ਅਤੇ ਹਾਲਾਤਾਂ ਤੋਂ ਦੂਰ ਰਹੀਏ ਜਿਨ੍ਹਾਂ ਕਾਰਨ ਸਾਡੀ ਨਿਹਚਾ ਤਬਾਹ ਹੋ ਸਕਦੀ ਹੈ।
16. ਸ਼ੁੱਧ ਅੰਤਹਕਰਣ ਹੋਣਾ ਇੰਨਾ ਜ਼ਰੂਰੀ ਕਿਉਂ ਹੈ?
16 ਸਾਨੂੰ ਮੁਕਤੀ ਤਾਂ ਹੀ ਮਿਲ ਸਕਦੀ ਹੈ ਜੇ ਸਾਡਾ ਅੰਤਹਕਰਣ ਸ਼ੁੱਧ ਹੋਵੇਗਾ। (1 ਪਤਰਸ 3:21) ਯਿਸੂ ਦੇ ਵਹਾਏ ਗਏ ਲਹੂ ਉੱਤੇ ਨਿਹਚਾ ਕਰਨ ਕਰਕੇ ਸਾਡੇ ਅੰਤਹਕਰਣ ਨੂੰ ਮੁਰਦਾ ਕੰਮਾਂ ਤੋਂ ਸ਼ੁੱਧ ਕੀਤਾ ਗਿਆ ਹੈ ਤਾਂਕਿ ‘ਅਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰ ਸਕੀਏ।’ (ਇਬਰਾਨੀਆਂ 9:13, 14) ਜੇ ਅਸੀਂ ਜਾਣ-ਬੁੱਝ ਕੇ ਪਾਪ ਕਰਾਂਗੇ, ਤਾਂ ਸਾਡਾ ਅੰਤਹਕਰਣ ਭ੍ਰਿਸ਼ਟ ਹੋ ਜਾਵੇਗਾ ਤੇ ਅਸੀਂ ਪਰਮੇਸ਼ੁਰ ਦੀ ਭਗਤੀ ਦੇ ਲਾਇਕ ਸਾਫ਼-ਸੁਥਰੇ ਲੋਕ ਨਹੀਂ ਰਹਾਂਗੇ। (ਤੀਤੁਸ 1:15) ਪਰ ਪਰਮੇਸ਼ੁਰ ਦੀ ਮਦਦ ਨਾਲ ਸਾਡਾ ਅੰਤਹਕਰਣ ਸ਼ੁੱਧ ਰਹਿ ਸਕਦਾ ਹੈ।
ਗ਼ਲਤ ਕੰਮਾਂ ਤੋਂ ਦੂਰ ਰਹਿਣ ਦੇ ਹੋਰ ਉਪਾਅ
17. ‘ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਨ’ ਦਾ ਕੀ ਫ਼ਾਇਦਾ ਹੈ?
17 ਪ੍ਰਾਚੀਨ ਇਸਰਾਏਲ ਦੇ ਕਾਲੇਬ ਦੀ ਤਰ੍ਹਾਂ ‘ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰੋ।’ (ਬਿਵਸਥਾ ਸਾਰ 1:34-36) ਉਹੀ ਕੁਝ ਕਰੋ ਜੋ ਯਹੋਵਾਹ ਤੁਹਾਨੂੰ ਕਰਨ ਨੂੰ ਕਹਿੰਦਾ ਹੈ ਤੇ ਕਦੇ ਵੀ “ਭੂਤਾਂ ਦੀ ਮੇਜ਼” ਤੋਂ ਕੁਝ ਨਾ ਖਾਓ। (1 ਕੁਰਿੰਥੀਆਂ 10:21) ਉਨ੍ਹਾਂ ਤੋਂ ਦੂਰ ਰਹੋ ਜੋ ਯਹੋਵਾਹ ਨੂੰ ਤਿਆਗ ਦਿੰਦੇ ਹਨ। ਯਹੋਵਾਹ ਦੇ ਸੰਗਠਨ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਕੇ ਸਿਰਫ਼ ਯਹੋਵਾਹ ਦੇ ਮੇਜ਼ ਤੋਂ ਭੋਜਨ ਖਾਓ। ਇਸ ਤਰ੍ਹਾਂ ਤੁਸੀਂ ਝੂਠੇ ਗੁਰੂਆਂ ਜਾਂ ਦੁਸ਼ਟ ਆਤਮਾਵਾਂ ਦੁਆਰਾ ਗੁਮਰਾਹ ਨਹੀਂ ਹੋਵੋਗੇ। (ਅਫ਼ਸੀਆਂ 6:12; ਯਹੂਦਾਹ 3, 4) ਪਰਮੇਸ਼ੁਰੀ ਕੰਮਾਂ ਵੱਲ ਜ਼ਿਆਦਾ ਧਿਆਨ ਦਿਓ ਜਿਵੇਂ ਬਾਈਬਲ ਪੜ੍ਹਨੀ, ਮੀਟਿੰਗਾਂ ਵਿਚ ਹਾਜ਼ਰ ਹੋਣਾ ਤੇ ਪ੍ਰਚਾਰ ਤੇ ਜਾਣਾ। ਇਸ ਤਰ੍ਹਾਂ ਜੇ ਤੁਸੀਂ ਪੂਰੀ ਤਰ੍ਹਾਂ ਯਹੋਵਾਹ ਦੇ ਪਿੱਛੇ ਚੱਲੋਗੇ ਅਤੇ ਉਸ ਦੇ ਕੰਮਾਂ ਵਿਚ ਰੁੱਝੇ ਰਹੋਗੇ, ਤਾਂ ਤੁਹਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ।—1 ਕੁਰਿੰਥੀਆਂ 15:58.
18. ਯਹੋਵਾਹ ਦੇ ਭੈ ਦਾ ਤੁਹਾਡੇ ਚਾਲ-ਚਲਣ ਤੇ ਕੀ ਅਸਰ ਪਵੇਗਾ?
18 ‘ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ’ ਦਾ ਪੱਕਾ ਇਰਾਦਾ ਕਰੋ। (ਇਬਰਾਨੀਆਂ 12:28) ਯਹੋਵਾਹ ਦਾ ਭੈ ਤੁਹਾਨੂੰ ਕਿਸੇ ਵੀ ਬੁਰੇ ਰਾਹ ਤੇ ਜਾਣ ਤੋਂ ਰੋਕੇਗਾ। ਇਹ ਪਤਰਸ ਦੀ ਸਲਾਹ ਉੱਤੇ ਚੱਲਣ ਵਿਚ ਤੁਹਾਡੀ ਮਦਦ ਕਰੇਗਾ ਜੋ ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਿੱਤੀ ਸੀ: “ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨਾ ਪੱਖ ਪਾਤ ਨਿਆਉਂ ਕਰਦਾ ਹੈ ਤਾਂ ਆਪਣੀ ਮੁਸਾਫ਼ਰੀ ਦਾ ਸਮਾ ਭੈ ਨਾਲ ਬਤੀਤ ਕਰੋ।”—1 ਪਤਰਸ 1:17.
19. ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਉੱਤੇ ਸਾਨੂੰ ਕਿਉਂ ਚੱਲਦੇ ਰਹਿਣਾ ਚਾਹੀਦਾ ਹੈ?
19 ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਉੱਤੇ ਚੱਲਦੇ ਰਹੋ। ਇਨ੍ਹਾਂ ਦੀ ਮਦਦ ਨਾਲ ਤੁਸੀਂ ਗੰਭੀਰ ਪਾਪ ਕਰਨ ਤੋਂ ਦੂਰ ਰਹੋਗੇ। ਤੁਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਓਗੇ ਜਿਨ੍ਹਾਂ ਨੇ ਆਪਣੀਆਂ “ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14) ਨਿਰਬੁੱਧਾਂ ਵਾਂਗ ਬੋਲਣ-ਚੱਲਣ ਦੀ ਬਜਾਇ, ਇਨ੍ਹਾਂ ਅੰਤਿਮ ਦਿਨਾਂ ਵਿਚ ਚੌਕਸੀ ਨਾਲ ਚੱਲ ਕੇ “ਸਮੇਂ ਨੂੰ ਲਾਭਦਾਇਕ ਕਰੋ।” ਨਾਲੇ “ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ” ਤੇ ਫਿਰ ਇਸ ਇੱਛਾ ਨੂੰ ਪੂਰੀ ਕਰਦੇ ਰਹੋ।—ਅਫ਼ਸੀਆਂ 5:15-17; 2 ਪਤਰਸ 3:17.
20. ਸਾਨੂੰ ਕਿਸੇ ਦੀ ਚੀਜ਼ ਦਾ ਲਾਲਚ ਕਿਉਂ ਨਹੀਂ ਕਰਨਾ ਚਾਹੀਦਾ?
20 ਸਾਨੂੰ ਦੂਜਿਆਂ ਦੀਆਂ ਚੀਜ਼ਾਂ ਦਾ ਲਾਲਚ ਨਹੀਂ ਕਰਨਾ ਚਾਹੀਦਾ। ਮੂਸਾ ਨੂੰ ਦਿੱਤੇ ਦਸ ਹੁਕਮਾਂ ਵਿੱਚੋਂ ਪਰਮੇਸ਼ੁਰ ਦਾ ਇਕ ਹੁਕਮ ਇਹ ਸੀ: “ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।” (ਕੂਚ 20:17) ਇਸ ਹੁਕਮ ਨੇ ਲੋਕਾਂ ਦੇ ਘਰਾਂ, ਪਤਨੀਆਂ, ਨੌਕਰਾਂ, ਪਸ਼ੂਆਂ ਤੇ ਹੋਰਨਾਂ ਚੀਜ਼ਾਂ ਦੀ ਰਾਖੀ ਕੀਤੀ। ਪਰ ਇਸ ਤੋਂ ਵੀ ਮਹੱਤਵਪੂਰਣ ਯਿਸੂ ਦੀ ਗੱਲ ਹੈ ਕਿ ਲੋਭ ਬੰਦੇ ਨੂੰ ਭ੍ਰਿਸ਼ਟ ਕਰ ਦਿੰਦਾ ਹੈ।—ਮਰਕੁਸ 7:20-23.
21, 22. ਪਾਪ ਕਰਨ ਤੋਂ ਬਚਣ ਲਈ ਇਕ ਮਸੀਹੀ ਕੀ ਕਰ ਸਕਦਾ ਹੈ?
21 ਆਪਣੀ ਕਿਸੇ ਇੱਛਾ ਨੂੰ ਇਸ ਹੱਦ ਤਕ ਨਾ ਵਧਣ ਦਿਓ ਕਿ ਤੁਸੀਂ ਪਾਪ ਕਰ ਬੈਠੋ। ਯਾਕੂਬ ਨੇ ਲਿਖਿਆ ਸੀ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।” (ਯਾਕੂਬ 1:14, 15) ਮਿਸਾਲ ਲਈ, ਜੇ ਪਹਿਲਾਂ ਕਿਸੇ ਮਸੀਹੀ ਨੂੰ ਸ਼ਰਾਬ ਪੀਣ ਦੀ ਆਦਤ ਸੀ ਤੇ ਹੁਣ ਉਹ ਛੱਡ ਚੁੱਕਾ ਹੈ, ਤਾਂ ਉਹ ਆਪਣੇ ਘਰ ਸ਼ਰਾਬ ਲਿਆ ਕੇ ਨਹੀਂ ਰੱਖਣਾ ਚਾਹੇਗਾ। ਇਸੇ ਤਰ੍ਹਾਂ ਜੇ ਕੰਮ ਦੀ ਥਾਂ ਤੇ ਕਿਸੇ ਆਦਮੀ ਜਾਂ ਤੀਵੀਂ ਉੱਤੇ ਸਾਡਾ ਦਿਲ ਆਉਣ ਲੱਗਦਾ ਹੈ, ਤਾਂ ਸਾਨੂੰ ਆਪਣੀ ਥਾਂ ਬਦਲ ਕੇ ਕਿਸੇ ਹੋਰ ਥਾਂ ਬੈਠਣਾ ਚਾਹੀਦਾ ਹੈ ਜਾਂ ਫਿਰ ਸਾਨੂੰ ਉੱਥੋਂ ਨੌਕਰੀ ਵੀ ਛੱਡਣੀ ਪੈ ਸਕਦੀ ਹੈ।—ਕਹਾਉਤਾਂ 6:23-28.
22 ਸਾਨੂੰ ਪਾਪ ਵੱਲ ਪਹਿਲਾ ਕਦਮ ਹੀ ਨਹੀਂ ਵਧਾਉਣਾ ਚਾਹੀਦਾ। ਇਸ਼ਕਬਾਜ਼ੀ ਕਰਨ ਅਤੇ ਗੰਦੇ ਵਿਚਾਰਾਂ ਨੂੰ ਮਨ ਵਿੱਚ ਰੱਖਣ ਨਾਲ ਇਕ ਵਿਅਕਤੀ ਜ਼ਨਾਹ ਕਰ ਸਕਦਾ ਹੈ। ਛੋਟੇ-ਛੋਟੇ ਝੂਠ ਬੋਲਣ ਵਾਲਾ ਵਿਅਕਤੀ ਬਾਅਦ ਵਿਚ ਵੱਡੇ ਝੂਠ ਬੋਲ ਸਕਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਝੂਠ ਬੋਲਣ ਦੀ ਭੈੜੀ ਆਦਤ ਪੈ ਸਕਦੀ ਹੈ। ਛੋਟੀਆਂ-ਮੋਟੀਆਂ ਚੋਰੀਆਂ ਕਰਨ ਨਾਲ ਬੰਦੇ ਦਾ ਅੰਤਹਕਰਣ ਮਰ ਸਕਦਾ ਹੈ ਤੇ ਉਹ ਬਾਅਦ ਵਿਚ ਵੱਡੀਆਂ-ਵੱਡੀਆਂ ਚੋਰੀਆਂ ਕਰਨ ਲੱਗ ਸਕਦਾ ਹੈ। ਪਰਮੇਸ਼ੁਰ ਦੇ ਸੱਚੇ ਰਾਹ ਨੂੰ ਛੱਡਣ ਵਾਲਿਆਂ ਦੇ ਵਿਚਾਰਾਂ ਵੱਲ ਧਿਆਨ ਦੇਣ ਨਾਲ ਇਕ ਵਿਅਕਤੀ ਸੱਚੇ ਪਰਮੇਸ਼ੁਰ ਤੋਂ ਪੂਰੀ ਤਰ੍ਹਾਂ ਦੂਰ ਜਾ ਸਕਦਾ ਹੈ।—ਕਹਾਉਤਾਂ 11:9; ਪਰਕਾਸ਼ ਦੀ ਪੋਥੀ 21:8.
ਤਦ ਕੀ ਜੇ ਤੁਸੀਂ ਪਾਪ ਕੀਤਾ ਹੈ?
23, 24. ਸਾਨੂੰ 2 ਇਤਹਾਸ 6:29, 30 ਅਤੇ ਕਹਾਉਤਾਂ 28:13 ਤੋਂ ਕੀ ਦਿਲਾਸਾ ਮਿਲਦਾ ਹੈ?
23 ਸਾਰੇ ਇਨਸਾਨ ਪਾਪੀ ਹਨ। (ਉਪਦੇਸ਼ਕ ਦੀ ਪੋਥੀ 7:20) ਪਰ ਜੇ ਤੁਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਤੁਸੀਂ ਸੁਲੇਮਾਨ ਦੀ ਪ੍ਰਾਰਥਨਾ ਤੋਂ ਦਿਲਾਸਾ ਪਾ ਸਕਦੇ ਹੋ ਜੋ ਉਸ ਨੇ ਯਹੋਵਾਹ ਦੇ ਭਵਨ ਦੇ ਉਦਘਾਟਨ ਕਰਨ ਵੇਲੇ ਕੀਤੀ ਸੀ। ਸੁਲੇਮਾਨ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਜਿਹੜੀ ਬੇਨਤੀ ਤੇ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਯਾ ਤੇਰੀ ਸਾਰੀ ਪਰਜਾ ਇਸਰਾਏਲ ਵੱਲੋਂ ਹੋਵੇ ਜਿਸ ਵਿੱਚ ਹਰ ਇੱਕ ਮਨੁੱਖ ਆਪਣੇ ਦੁਖ ਅਤੇ ਰੰਜ ਨੂੰ ਜਾਣ ਕੇ ਆਪਣੇ ਹੱਥ ਏਸ ਭਵਨ ਵੱਲ ਅੱਡੇ, ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਖਿਮਾ ਕਰੀਂ ਅਤੇ ਤੂੰ ਜੋ ਉਸ ਦੇ ਦਿਲ ਨੂੰ ਜਾਣਦਾ ਹੈਂ ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ ਕਿਉਂ ਜੋ ਤੂੰ ਹੀ ਇਨਸਾਨ ਦੇ ਦਿਲ ਨੂੰ ਜਾਣਨ ਵਾਲਾ ਹੈਂ।”—2 ਇਤਹਾਸ 6:29, 30.
24 ਜੀ ਹਾਂ, ਪਰਮੇਸ਼ੁਰ ਸਾਡੇ ਦਿਲ ਨੂੰ ਜਾਣਦਾ ਹੈ ਤੇ ਸਾਨੂੰ ਮਾਫ਼ ਕਰਨ ਲਈ ਤਿਆਰ ਹੈ। ਕਹਾਉਤਾਂ 28:13 ਕਹਿੰਦਾ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” ਜੇ ਅਸੀਂ ਆਪਣੇ ਪਾਪ ਤੋਂ ਤੋਬਾ ਕਰ ਕੇ ਉਸ ਨੂੰ ਛੱਡ ਦਿੰਦੇ ਹਾਂ, ਤਾਂ ਪਰਮੇਸ਼ੁਰ ਸਾਨੂੰ ਮਾਫ਼ ਕਰ ਦੇਵੇਗਾ। ਪਰ ਜੇ ਸਾਡੀ ਨਿਹਚਾ ਕਮਜ਼ੋਰ ਹੋ ਗਈ ਹੈ, ਤਾਂ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਲਈ ਹੋਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।
ਤੁਸੀਂ ਕੀ ਜਵਾਬ ਦਿਓਗੇ?
• ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿਚ ਕਿਵੇਂ ਕਾਇਮ ਰੱਖ ਸਕਦੇ ਹਾਂ?
• ਪਰਮੇਸ਼ੁਰ ਅਤੇ ਯਿਸੂ ਲਈ ਪਿਆਰ ਬੁਰੇ ਕੰਮਾਂ ਤੋਂ ਦੂਰ ਰਹਿਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
• ਦੂਜਿਆਂ ਲਈ ਸੱਚਾ ਪਿਆਰ ਸਾਨੂੰ ਅਨੈਤਿਕ ਕੰਮ ਕਰਨ ਤੋਂ ਕਿਉਂ ਰੋਕੇਗਾ?
• ਬੁਰੇ ਚਾਲ-ਚਲਣ ਤੋਂ ਦੂਰ ਰਹਿਣ ਦੇ ਕਿਹੜੇ ਕੁਝ ਤਰੀਕੇ ਹਨ?
[ਸਫ਼ਾ 21 ਉੱਤੇ ਤਸਵੀਰ]
ਯਹੂਦਾਹ ਦੱਸਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਪ੍ਰੇਮ ਵਿਚ ਕਿਵੇਂ ਕਾਇਮ ਰਹਿ ਸਕਦੇ ਹਾਂ
[ਸਫ਼ਾ 23 ਉੱਤੇ ਤਸਵੀਰ]
ਵਿਆਹ ਟੁੱਟਣ ਨਾਲ ਬੇਕਸੂਰ ਜੀਵਨ-ਸਾਥੀ ਅਤੇ ਬੱਚਿਆਂ ਨੂੰ ਬਹੁਤ ਦੁੱਖ ਹੁੰਦਾ ਹੈ
[ਸਫ਼ਾ 24 ਉੱਤੇ ਤਸਵੀਰ]
ਕਾਲੇਬ ਦੀ ਤਰ੍ਹਾਂ ਕੀ ਤੁਸੀਂ ‘ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਨ’ ਦਾ ਪੱਕਾ ਇਰਾਦਾ ਕੀਤਾ ਹੈ?
[ਸਫ਼ਾ 25 ਉੱਤੇ ਤਸਵੀਰ]
ਬਾਕਾਇਦਾ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਪਰਤਾਵੇ ਵਿਚ ਨਾ ਆਓ