ਸਮਰਪਣ ਅਤੇ ਚੋਣ ਦੀ ਆਜ਼ਾਦੀ
“ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ।”—ਗਲਾਤੀਆਂ 5:1.
1. “ਸਮਰਪਣ,” “ਚੱਠ,” ਜਾਂ “ਅਰਪਣ” ਅਨੁਵਾਦ ਕੀਤੇ ਗਏ ਇਬਰਾਨੀ ਅਤੇ ਯੂਨਾਨੀ ਸ਼ਬਦ ਮੁੱਖ ਤੌਰ ਤੇ ਕਿਸ ਚੀਜ਼ ਲਈ ਵਰਤੇ ਜਾਂਦੇ ਹਨ?
ਇਕ ਪਵਿੱਤਰ ਮਕਸਦ ਨੂੰ ਪੂਰਾ ਕਰਨ ਲਈ ਵੱਖਰੇ ਕੀਤੇ ਜਾਣ, ਜਾਂ ਅਲੱਗ ਰੱਖੇ ਜਾਣ ਦੇ ਵਿਚਾਰ ਨੂੰ ਸਮਝਾਉਣ ਲਈ, ਬਾਈਬਲ ਲਿਖਾਰੀਆਂ ਨੇ ਕਈ ਇਬਰਾਨੀ ਅਤੇ ਯੂਨਾਨੀ ਸ਼ਬਦ ਇਸਤੇਮਾਲ ਕੀਤੇ। ਅੰਗ੍ਰੇਜ਼ੀ ਬਾਈਬਲਾਂ ਵਿਚ ਇਹ ਸ਼ਬਦ “ਸਮਰਪਣ,” “ਚੱਠ,” ਜਾਂ “ਅਰਪਣ” ਜਿਹੇ ਸ਼ਬਦਾਂ ਨਾਲ ਅਨੁਵਾਦ ਕੀਤੇ ਜਾਂਦੇ ਹਨ। ਕਈ ਵਾਰੀ ਇਹ ਸ਼ਬਦ ਇਮਾਰਤਾਂ ਦੇ ਸੰਬੰਧ ਵਿਚ ਵਰਤੇ ਜਾਂਦੇ ਹਨ—ਆਮ ਤੌਰ ਤੇ ਪ੍ਰਾਚੀਨ ਯਰੂਸ਼ਲਮ ਵਿਚ ਪਰਮੇਸ਼ੁਰ ਦੀ ਹੈਕਲ ਅਤੇ ਉੱਥੇ ਕੀਤੀ ਗਈ ਉਪਾਸਨਾ ਦੇ ਸੰਬੰਧ ਵਿਚ। ਇਹ ਸ਼ਬਦ ਧਰਮ-ਨਿਰਪੇਖ ਚੀਜ਼ਾਂ ਦੇ ਸੰਬੰਧ ਵਿਚ ਬਹੁਤ ਘੱਟ ਵਰਤੇ ਜਾਂਦੇ ਹਨ।
“ਇਸਰਾਏਲ ਦੇ ਪਰਮੇਸ਼ੁਰ” ਨੂੰ ਸਮਰਪਣ
2. ਯਹੋਵਾਹ ਨੂੰ ਜਾਇਜ਼ ਤੌਰ ਤੇ ‘ਇਸਰਾਏਲ ਦਾ ਪਰਮੇਸ਼ੁਰ’ ਕਿਉਂ ਸੱਦਿਆ ਜਾ ਸਕਦਾ ਸੀ?
2 ਸੰਨ 1513 ਸਾ.ਯੁ.ਪੂ. ਵਿਚ, ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਮਿਸਰੀ ਗ਼ੁਲਾਮੀ ਤੋਂ ਮੁਕਤ ਕੀਤਾ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੇ ਉਨ੍ਹਾਂ ਨੂੰ ਆਪਣੀ ਖ਼ਾਸ ਪਰਜਾ ਵਜੋਂ ਅਲੱਗ ਕੀਤਾ, ਅਤੇ ਉਨ੍ਹਾਂ ਨਾਲ ਨੇਮ-ਬੱਧ ਸੰਬੰਧ ਕਾਇਮ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ: “ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ।” (ਕੂਚ 19:5; ਜ਼ਬੂਰ 135:4) ਇਸਰਾਏਲੀਆਂ ਨੂੰ ਆਪਣੀ ਨਿੱਜੀ ਪਰਜਾ ਬਣਾਉਣ ਤੋਂ ਬਾਅਦ, ਯਹੋਵਾਹ ਨੂੰ ਜਾਇਜ਼ ਤੌਰ ਤੇ ‘ਇਸਰਾਏਲ ਦਾ ਪਰਮੇਸ਼ੁਰ’ ਸੱਦਿਆ ਜਾ ਸਕਦਾ ਸੀ।—ਯਹੋਸ਼ੁਆ 24:23.
3. ਇਸਰਾਏਲ ਨੂੰ ਆਪਣੀ ਪਰਜਾ ਵਜੋਂ ਚੁਣਨ ਦੁਆਰਾ ਯਹੋਵਾਹ ਪੱਖਪਾਤ ਕਿਉਂ ਨਹੀਂ ਦਿਖਾ ਰਿਹਾ ਸੀ?
3 ਇਸਰਾਏਲੀਆਂ ਨੂੰ ਆਪਣੀ ਸਮਰਪਿਤ ਪਰਜਾ ਬਣਾਉਣ ਦੁਆਰਾ ਯਹੋਵਾਹ ਪੱਖਪਾਤ ਨਹੀਂ ਦਿਖਾ ਰਿਹਾ ਸੀ, ਕਿਉਂਕਿ ਉਸ ਨੇ ਗ਼ੈਰ-ਇਸਰਾਏਲੀਆਂ ਵੱਲ ਵੀ ਪ੍ਰੇਮਪੂਰਵਕ ਧਿਆਨ ਦਿੱਤਾ। ਉਸ ਨੇ ਆਪਣੀ ਪਰਜਾ ਨੂੰ ਹਿਦਾਇਤ ਦਿੱਤੀ: “ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਸ ਨੂੰ ਦੁਖ ਨਾ ਦੇਣਾ। ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।” (ਲੇਵੀਆਂ 19:33, 34) ਸਦੀਆਂ ਬਾਅਦ, ਪਰਮੇਸ਼ੁਰ ਦਾ ਦ੍ਰਿਸ਼ਟੀਕੋਣ ਪਤਰਸ ਰਸੂਲ ਦੇ ਮਨ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਬਿਠਾਇਆ ਗਿਆ, ਜਿਸ ਨੇ ਸਵੀਕਾਰ ਕੀਤਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
4. ਪਰਮੇਸ਼ੁਰ ਅਤੇ ਇਸਰਾਏਲ ਦਰਮਿਆਨ ਸੰਬੰਧ ਦੀਆਂ ਕੀ ਸ਼ਰਤਾਂ ਸਨ, ਅਤੇ ਕੀ ਇਸਰਾਏਲੀ ਇਨ੍ਹਾਂ ਉੱਤੇ ਪੂਰੇ ਉਤਰੇ?
4 ਇਸ ਗੱਲ ਉੱਤੇ ਵੀ ਧਿਆਨ ਦਿਓ ਕਿ ਪਰਮੇਸ਼ੁਰ ਦੀ ਸਮਰਪਿਤ ਪਰਜਾ ਹੋਣਾ ਸ਼ਰਤੀ ਸੀ। ਇਸਰਾਏਲੀ ਸਿਰਫ਼ ਤਾਂ ਹੀ ਉਸ ਦੀ “ਨਿਜੀ ਪਰਜਾ” ਹੁੰਦੇ ਜੇਕਰ ਉਹ ਪਰਮੇਸ਼ੁਰ ਦੀ ਆਵਾਜ਼ ਦੇ ਸਰੋਤੇ ਹੁੰਦੇ ਅਤੇ ਉਸ ਦੇ ਨੇਮ ਦੀ ਮਨੌਤ ਕਰਦੇ। ਦੁੱਖ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ। ਪਹਿਲੀ ਸਦੀ ਸਾ.ਯੁ. ਵਿਚ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਮਸੀਹਾ ਠੁਕਰਾਉਣ ਤੋਂ ਬਾਅਦ, ਉਹ ਆਪਣੀ ਵਿਸ਼ੇਸ਼-ਸਨਮਾਨਿਤ ਪਦਵੀ ਖੋਹ ਬੈਠੇ। ਹੁਣ ਯਹੋਵਾਹ ‘ਇਸਰਾਏਲ ਦਾ ਪਰਮੇਸ਼ੁਰ’ ਨਹੀਂ ਸੀ। ਅਤੇ ਨਾ ਹੀ ਪੈਦਾਇਸ਼ੀ ਇਸਰਾਏਲੀ ਲੋਕ ਪਰਮੇਸ਼ੁਰ ਦੀ ਸਮਰਪਿਤ ਪਰਜਾ ਸਨ।—ਤੁਲਨਾ ਕਰੋ ਮੱਤੀ 23:23.
“ਪਰਮੇਸ਼ੁਰ ਦੇ ਇਸਰਾਏਲ” ਦਾ ਸਮਰਪਣ
5, 6. (ੳ) ਮੱਤੀ 21:42, 43 ਵਿਚ ਦਰਜ ਯਿਸੂ ਦੇ ਭਵਿੱਖ-ਸੂਚਕ ਸ਼ਬਦਾਂ ਦਾ ਕੀ ਅਰਥ ਸੀ? (ਅ) ‘ਪਰਮੇਸ਼ੁਰ ਦਾ ਇਸਰਾਏਲ’ ਕਦੋਂ ਅਤੇ ਕਿਵੇਂ ਬਣਿਆ?
5 ਕੀ ਇਸ ਦਾ ਇਹ ਅਰਥ ਸੀ ਕਿ ਹੁਣ ਯਹੋਵਾਹ ਦੀ ਕੋਈ ਸਮਰਪਿਤ ਪਰਜਾ ਨਹੀਂ ਹੋਵੇਗੀ? ਜੀ ਨਹੀਂ। ਜ਼ਬੂਰਾਂ ਦੇ ਲਿਖਾਰੀ ਦਾ ਹਵਾਲਾ ਦਿੰਦੇ ਹੋਏ, ਯਿਸੂ ਮਸੀਹ ਨੇ ਭਵਿੱਖਬਾਣੀ ਕੀਤੀ: “ਭਲਾ ਤੁਸਾਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।”—ਮੱਤੀ 21:42, 43.
6 ‘ਉਹ ਦੇ ਫਲ ਦੇਣ ਵਾਲੀ ਪਰਾਈ ਕੌਮ’ ਮਸੀਹੀ ਕਲੀਸਿਯਾ ਸਾਬਤ ਹੋਈ। ਆਪਣੀ ਪਾਰਥਿਵ ਸੇਵਕਾਈ ਦੌਰਾਨ, ਯਿਸੂ ਨੇ ਉਸ ਦੇ ਪਹਿਲੇ ਸੰਭਾਵੀ ਮੈਂਬਰ ਚੁਣੇ। ਪਰ ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ, ਖ਼ੁਦ ਯਹੋਵਾਹ ਪਰਮੇਸ਼ੁਰ ਨੇ ਉਸ ਦੇ ਪਹਿਲੇ ਮੈਂਬਰਾਂ ਉੱਤੇ ਆਪਣੀ ਪਵਿੱਤਰ ਆਤਮਾ ਵਹਾਉਣ ਦੁਆਰਾ ਮਸੀਹੀ ਕਲੀਸਿਯਾ ਨੂੰ ਸਥਾਪਿਤ ਕੀਤਾ। ਇਨ੍ਹਾਂ ਮੈਂਬਰਾਂ ਦੀ ਗਿਣਤੀ ਲਗਭਗ 120 ਸੀ। (ਰਸੂਲਾਂ ਦੇ ਕਰਤੱਬ 1:15; 2:1-4) ਜਿਵੇਂ ਪਤਰਸ ਰਸੂਲ ਨੇ ਬਾਅਦ ਵਿਚ ਲਿਖਿਆ, ਇਹ ਨਵੀਂ ਬਣੀ ਕਲੀਸਿਯਾ ਉਦੋਂ “ਇਕ ਚੁਣੀ ਹੋਈ ਜਾਤੀ, ਇਕ ਸ਼ਾਹੀ ਜਾਜਕ-ਵਰਗ, ਇਕ ਪਵਿੱਤਰ ਕੌਮ, ਖ਼ਾਸ ਮਲਕੀਅਤ ਲਈ ਇਕ ਲੋਕ” (ਨਿ ਵ) ਬਣੀ। ਇਹ ਕਿਸ ਕਾਰਨ ਲਈ ਚੁਣੀ ਗਈ ਸੀ? ਤਾਂ ਜੋ ਇਹ ‘ਉਹ ਦਿਆਂ ਗੁਣਾਂ ਦਾ ਪਰਚਾਰ ਕਰਨ ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।’ (1 ਪਤਰਸ 2:9) ਮਸੀਹ ਦੇ ਪੈਰੋਕਾਰ, ਜੋ ਪਰਮੇਸ਼ੁਰ ਦੀ ਆਤਮਾ ਨਾਲ ਮਸਹ ਕੀਤੇ ਗਏ ਸਨ, ਹੁਣ ਇਕ ਸਮਰਪਿਤ ਕੌਮ ਸੀ, ਅਰਥਾਤ ‘ਪਰਮੇਸ਼ੁਰ ਦਾ ਇਸਰਾਏਲ।’—ਗਲਾਤੀਆਂ 6:16.
7. ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰਾਂ ਨੇ ਕਿਸ ਚੀਜ਼ ਦਾ ਆਨੰਦ ਮਾਣਨਾ ਸੀ, ਅਤੇ ਇਸ ਲਈ ਉਨ੍ਹਾਂ ਨੂੰ ਕਿਸ ਚੀਜ਼ ਤੋਂ ਬਚੇ ਰਹਿਣ ਲਈ ਕਿਹਾ ਗਿਆ ਸੀ?
7 ਭਾਵੇਂ ਕਿ ਪਵਿੱਤਰ ਕੌਮ ਦੇ ਮੈਂਬਰ “ਖ਼ਾਸ ਮਲਕੀਅਤ ਲਈ ਇਕ ਲੋਕ” ਸਨ, ਉਨ੍ਹਾਂ ਨੂੰ ਗ਼ੁਲਾਮ ਨਹੀਂ ਬਣਾਇਆ ਜਾਣਾ ਸੀ। ਇਸ ਦੇ ਉਲਟ, ਉਨ੍ਹਾਂ ਨੇ ਪੈਦਾਇਸ਼ੀ ਇਸਰਾਏਲ ਦੀ ਸਮਰਪਿਤ ਕੌਮ ਨਾਲੋਂ ਜ਼ਿਆਦਾ ਆਜ਼ਾਦੀ ਦਾ ਆਨੰਦ ਮਾਣਨਾ ਸੀ। ਯਿਸੂ ਨੇ ਇਸ ਕੌਮ ਦੇ ਸੰਭਾਵੀ ਮੈਂਬਰਾਂ ਨਾਲ ਵਾਅਦਾ ਕੀਤਾ: “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਪੌਲੁਸ ਰਸੂਲ ਨੇ ਦੱਸਿਆ ਕਿ ਮਸੀਹੀ ਲੋਕ ਬਿਵਸਥਾ ਨੇਮ ਦੀਆਂ ਮੰਗਾਂ ਤੋਂ ਆਜ਼ਾਦ ਕੀਤੇ ਗਏ ਸਨ। ਇਸ ਦੇ ਸੰਬੰਧ ਵਿਚ ਉਸ ਨੇ ਗਲਾਤਿਯਾ ਵਿਚ ਸੰਗੀ ਵਿਸ਼ਵਾਸੀਆਂ ਨੂੰ ਉਪਦੇਸ਼ ਦਿੱਤਾ: “ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਪੋ।”—ਗਲਾਤੀਆਂ 5:1.
8. ਮਸੀਹੀ ਪ੍ਰਬੰਧ ਕਿਸ ਤਰ੍ਹਾਂ ਬਿਵਸਥਾ ਨੇਮ ਦੇ ਅਧੀਨ ਅਨੁਭਵ ਕੀਤੀ ਗਈ ਆਜ਼ਾਦੀ ਨਾਲੋਂ ਜ਼ਿਆਦਾ ਆਜ਼ਾਦੀ ਪੇਸ਼ ਕਰਦਾ ਹੈ?
8 ਪ੍ਰਾਚੀਨ ਪੈਦਾਇਸ਼ੀ ਇਸਰਾਏਲ ਤੋਂ ਭਿੰਨ, ਇਸ ਸਮੇਂ ਤਕ ਪਰਮੇਸ਼ੁਰ ਦੇ ਇਸਰਾਏਲ ਨੇ ਆਪਣੇ ਸਮਰਪਣ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਮੈਂਬਰਾਂ ਨੇ ਆਪਣੀ ਮਰਜ਼ੀ ਨਾਲ ਆਗਿਆਕਾਰ ਹੋਣ ਦੀ ਚੋਣ ਕੀਤੀ ਹੈ। ਜਦ ਕਿ ਪੈਦਾਇਸ਼ੀ ਇਸਰਾਏਲ ਦੇ ਮੈਂਬਰ ਜਨਮ ਦੇ ਆਧਾਰ ਤੇ ਸਮਰਪਿਤ ਸਨ, ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰ ਚੋਣ ਦੇ ਕਾਰਨ ਸਮਰਪਿਤ ਹੋਏ ਸਨ। ਇਸ ਤਰ੍ਹਾਂ ਮਸੀਹੀ ਪ੍ਰਬੰਧ ਉਸ ਯਹੂਦੀ ਬਿਵਸਥਾ ਨੇਮ ਤੋਂ ਭਿੰਨ ਸੀ, ਜੋ ਚੋਣ ਕਰਨ ਦੀ ਆਜ਼ਾਦੀ ਨਾ ਦਿੰਦੇ ਹੋਏ ਵਿਅਕਤੀਆਂ ਨੂੰ ਆਪਣਾ ਸਮਰਪਣ ਕਰਨ ਲਈ ਮਜਬੂਰ ਕਰਦਾ ਸੀ।
9, 10. (ੳ) ਯਿਰਮਿਯਾਹ ਨੇ ਕਿਵੇਂ ਸੰਕੇਤ ਕੀਤਾ ਕਿ ਸਮਰਪਣ ਦੇ ਸੰਬੰਧ ਵਿਚ ਇਕ ਤਬਦੀਲੀ ਆਵੇਗੀ? (ਅ) ਤੁਸੀਂ ਕਿਉਂ ਇਹ ਕਹੋਗੇ ਕਿ ਅੱਜ ਸਾਰੇ ਸਮਰਪਿਤ ਮਸੀਹੀ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰ ਨਹੀਂ ਹਨ?
9 ਯਿਰਮਿਯਾਹ ਨਬੀ ਨੇ ਸਮਰਪਣ ਦੇ ਸੰਬੰਧ ਵਿਚ ਇਕ ਤਬਦੀਲੀ ਬਾਰੇ ਪਹਿਲਾਂ ਹੀ ਦੱਸਿਆ ਸੀ ਜਦੋਂ ਉਸ ਨੇ ਲਿਖਿਆ: “ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ। ਉਸ ਨੇਮ ਵਾਂਙੁ ਨਹੀਂ ਜਿਹੜਾ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆਂ ਜਿਸ ਦਿਨ ਮੈਂ ਓਹਨਾਂ ਦਾ ਹੱਥ ਫੜਿਆ ਭਈ ਓਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਓਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਓਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ। ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।”—ਯਿਰਮਿਯਾਹ 31:31-33.
10 ਕਿਉਂਕਿ ਪਰਮੇਸ਼ੁਰ ਦੀ ਬਿਵਸਥਾ “ਓਹਨਾਂ ਦੇ ਅੰਦਰ,” ਮਾਨੋ “ਓਹਨਾਂ ਦੇ ਦਿਲਾਂ ਉੱਤੇ” ਲਿਖੀ ਹੋਈ ਹੈ, ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰ ਆਪਣੇ ਸਮਰਪਣ ਉੱਤੇ ਪੂਰਾ ਉਤਰਨ ਲਈ ਪ੍ਰੇਰਿਤ ਹੁੰਦੇ ਹਨ। ਇਨ੍ਹਾਂ ਦੀ ਪ੍ਰੇਰਣਾ ਉਨ੍ਹਾਂ ਪੈਦਾਇਸ਼ੀ ਇਸਰਾਏਲੀਆਂ ਦੀ ਪ੍ਰੇਰਣਾ ਨਾਲੋਂ ਜ਼ਿਆਦਾ ਮਜ਼ਬੂਤ ਹੈ, ਜੋ ਚੋਣ ਦੀ ਬਜਾਇ, ਜਨਮ ਦੁਆਰਾ ਸਮਰਪਿਤ ਸਨ। ਅੱਜ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਮਜ਼ਬੂਤ ਪ੍ਰੇਰਣਾ, ਜਿਵੇਂ ਪਰਮੇਸ਼ੁਰ ਦੇ ਇਸਰਾਏਲ ਦੁਆਰਾ ਦਿਖਾਈ ਜਾਂਦੀ ਹੈ, ਸੰਸਾਰ ਭਰ ਵਿਚ ਕੁਝ ਪੰਜਾਹ ਲੱਖ ਸੰਗੀ ਉਪਾਸਕਾਂ ਦੁਆਰਾ ਦਿਖਾਈ ਜਾਂਦੀ ਹੈ। ਇਨ੍ਹਾਂ ਨੇ ਵੀ ਯਹੋਵਾਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣਾ ਜੀਵਨ ਉਸ ਨੂੰ ਸਮਰਪਿਤ ਕੀਤਾ ਹੈ। ਭਾਵੇਂ ਕਿ ਪਰਮੇਸ਼ੁਰ ਦੇ ਇਸਰਾਏਲ ਵਾਂਗ ਇਨ੍ਹਾਂ ਵਿਅਕਤੀਆਂ ਕੋਲ ਸਵਰਗੀ ਜੀਵਨ ਦੀ ਉਮੀਦ ਨਹੀਂ ਹੈ, ਇਹ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਸ਼ਾਸਨ ਅਧੀਨ ਧਰਤੀ ਉੱਤੇ ਸਦਾ ਲਈ ਜੀਉਣ ਦੀ ਸੰਭਾਵਨਾ ਵਿਚ ਖ਼ੁਸ਼ੀ ਮਨਾਉਂਦੇ ਹਨ। ਇਹ ਅਧਿਆਤਮਿਕ ਇਸਰਾਏਲ ਲਈ ਕਦਰ ਦਿਖਾਉਂਦੇ ਹਨ। ਇਹ ਉਸ ਦੇ ਬਾਕੀ ਰਹਿੰਦੇ ਥੋੜ੍ਹੇ ਜਿਹੇ ਮੈਂਬਰਾਂ ਨੂੰ ਉਨ੍ਹਾਂ ਦੀ ਕਾਰਜ-ਨਿਯੁਕਤੀ ਨਿਭਾਉਣ ਵਿਚ ਪੂਰੀ ਤਰ੍ਹਾਂ ਸਹਾਇਤਾ ਦੇਣ ਦੁਆਰਾ ਇੰਜ ਕਰਦੇ ਹਨ ਤਾਂ ਜੋ ਉਹ ਉਸ ਦੇ ‘ਗੁਣਾਂ ਦਾ ਪਰਚਾਰ ਕਰਨ ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ਹੈ।’
ਪਰਮੇਸ਼ੁਰ-ਦਿੱਤ ਆਜ਼ਾਦੀ ਨੂੰ ਬੁੱਧੀਮਤਾ ਨਾਲ ਇਸਤੇਮਾਲ ਕਰਨਾ
11. ਮਨੁੱਖ ਕਿਸ ਯੋਗਤਾ ਨਾਲ ਸਰਿਸ਼ਟ ਕੀਤਾ ਗਿਆ ਸੀ, ਅਤੇ ਇਹ ਕਿਸ ਤਰ੍ਹਾਂ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ?
11 ਪਰਮੇਸ਼ੁਰ ਨੇ ਇਨਸਾਨਾਂ ਨੂੰ ਆਜ਼ਾਦੀ ਦੀ ਕਦਰ ਪਾਉਣ ਲਈ ਸਰਿਸ਼ਟ ਕੀਤਾ। ਉਸ ਨੇ ਉਨ੍ਹਾਂ ਨੂੰ ਚੋਣ ਕਰਨ ਦੀ ਯੋਗਤਾ ਦਿੱਤੀ। ਪਹਿਲੇ ਮਾਨਵੀ ਜੋੜੇ ਨੇ ਆਪਣੀ ਚੋਣ ਕਰਨ ਦੀ ਆਜ਼ਾਦੀ ਨੂੰ ਵਰਤਿਆ। ਪਰ, ਉਨ੍ਹਾਂ ਨੇ ਬਿਨਾਂ ਪ੍ਰੇਮ ਅਤੇ ਬਿਨਾਂ ਸਮਝ ਨਾਲ ਅਜਿਹੀ ਚੋਣ ਕੀਤੀ ਜਿਸ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਤਬਾਹੀ ਲਿਆਂਦੀ। ਫਿਰ ਵੀ, ਇਹ ਸਾਫ਼-ਸਾਫ਼ ਦਿਖਾਉਂਦਾ ਹੈ ਕਿ ਯਹੋਵਾਹ ਬੁੱਧੀਮਾਨ ਇਨਸਾਨਾਂ ਨੂੰ ਕਦੀ ਵੀ ਅਜਿਹਾ ਰਾਹ ਲੈਣ ਲਈ ਮਜਬੂਰ ਨਹੀਂ ਕਰਦਾ ਜੋ ਉਨ੍ਹਾਂ ਦੀਆਂ ਅੰਦਰੂਨੀ ਪ੍ਰੇਰਣਾਵਾਂ ਜਾਂ ਇੱਛਾਵਾਂ ਦੇ ਖ਼ਿਲਾਫ਼ ਹੋਵੇ। ਅਤੇ ਕਿਉਂਕਿ “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ,” ਸਿਰਫ਼ ਉਹੀ ਸਮਰਪਣ ਉਸ ਨੂੰ ਮਨਜ਼ੂਰ ਹੈ ਜੋ ਪ੍ਰੇਮ ਉੱਤੇ ਆਧਾਰਿਤ ਹੈ, ਜੋ ਖ਼ੁਸ਼ੀ ਨਾਲ ਕੀਤਾ ਗਿਆ ਹੈ, ਅਤੇ ਜੋ ਚੋਣ ਦੀ ਆਜ਼ਾਦੀ ਉੱਤੇ ਸਥਾਪਿਤ ਹੈ। (2 ਕੁਰਿੰਥੀਆਂ 9:7) ਹੋਰ ਕਿਸੇ ਪ੍ਰਕਾਰ ਦਾ ਸਮਰਪਣ ਨਾ-ਮਨਜ਼ੂਰ ਹੈ।
12, 13. ਤਿਮੋਥਿਉਸ ਉਚਿਤ ਬਾਲ ਸਿਖਲਾਈ ਦਾ ਕਿਵੇਂ ਇਕ ਨਮੂਨਾ ਹੈ, ਅਤੇ ਉਸ ਦੀ ਉਦਾਹਰਣ ਕਰਕੇ ਕਈ ਨੌਜਵਾਨਾਂ ਨੇ ਕੀ ਕੀਤਾ ਹੈ?
12 ਇਸ ਮੰਗ ਨੂੰ ਪੂਰੀ ਮਾਨਤਾ ਦਿੰਦੇ ਹੋਏ, ਯਹੋਵਾਹ ਦੇ ਗਵਾਹ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਨ ਦੇ ਪੱਖ ਵਿਚ ਹਨ, ਲੇਕਿਨ ਉਹ ਅਜਿਹਾ ਸਮਰਪਣ ਕਰਨ ਲਈ ਕਿਸੇ ਨੂੰ ਵੀ ਕਦੀ ਮਜਬੂਰ ਨਹੀਂ ਕਰਦੇ ਹਨ, ਇੱਥੋਂ ਤਕ ਕਿ ਆਪਣੇ ਬੱਚਿਆਂ ਨੂੰ ਵੀ ਨਹੀਂ। ਕਈ ਗਿਰਜਿਆਂ ਦੇ ਉਲਟ, ਗਵਾਹ ਆਪਣੀ ਔਲਾਦ ਨੂੰ ਬਚਪਨ ਵਿਚ ਬਪਤਿਸਮਾ ਨਹੀਂ ਦਿੰਦੇ ਹਨ, ਜਿਵੇਂ ਕਿਤੇ ਸਮਰਪਣ ਕਰਨ ਲਈ ਉਨ੍ਹਾਂ ਨੂੰ ਨਿੱਜੀ ਚੋਣ ਬਿਨਾਂ ਮਜਬੂਰ ਕੀਤਾ ਜਾ ਸਕਦਾ ਹੈ। ਉਸ ਸ਼ਾਸਤਰ-ਸੰਬੰਧੀ ਨਮੂਨੇ ਦੀ ਪੈਰਵੀ ਕਰਨੀ ਚਾਹੀਦੀ ਹੈ ਜਿਸ ਦੀ ਨੌਜਵਾਨ ਤਿਮੋਥਿਉਸ ਨੇ ਪੈਰਵੀ ਕੀਤੀ ਸੀ। ਜਦੋਂ ਉਹ ਇਕ ਬਾਲਗ ਸੀ, ਪੌਲੁਸ ਰਸੂਲ ਨੇ ਉਸ ਨੂੰ ਦੱਸਿਆ: “ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ। ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।”—2 ਤਿਮੋਥਿਉਸ 3:14, 15.
13 ਇਹ ਇਕ ਧਿਆਨਯੋਗ ਗੱਲ ਹੈ ਕਿ ਤਿਮੋਥਿਉਸ ਪਵਿੱਤਰ ਲਿਖਤਾਂ ਇਸ ਕਾਰਨ ਜਾਣਦਾ ਸੀ ਕਿਉਂਕਿ ਉਸ ਨੂੰ ਬਾਲ ਅਵਸਥਾ ਤੋਂ ਇਹ ਸਿਖਾਈਆਂ ਗਈਆਂ ਸਨ। ਉਸ ਦੀ ਮਾਂ ਅਤੇ ਨਾਨੀ ਨੇ ਉਸ ਨੂੰ ਮਸੀਹੀ ਸਿੱਖਿਆਵਾਂ ਵਿਚ ਵਿਸ਼ਵਾਸ ਕਰਨ ਲਈ ਮਨਾਇਆ—ਨਾ ਕਿ ਮਜਬੂਰ ਕੀਤਾ। (2 ਤਿਮੋਥਿਉਸ 1:5) ਨਤੀਜੇ ਵਜੋਂ, ਤਿਮੋਥਿਉਸ ਨੇ ਮਸੀਹ ਦਾ ਇਕ ਚੇਲਾ ਬਣਨ ਦੀ ਬੁੱਧ ਨੂੰ ਸਿਆਣਿਆ ਅਤੇ ਇਸ ਤਰ੍ਹਾਂ ਮਸੀਹੀ ਸਮਰਪਣ ਦੀ ਨਿੱਜੀ ਚੋਣ ਕੀਤੀ। ਆਧੁਨਿਕ ਸਮਿਆਂ ਵਿਚ, ਉਨ੍ਹਾਂ ਹਜ਼ਾਰਾਂ ਹੀ ਨੌਜਵਾਨਾਂ ਨੇ ਇਹ ਨਮੂਨਾ ਅਪਣਾਇਆ ਹੈ, ਜਿਨ੍ਹਾਂ ਦੇ ਮਾਪੇ ਯਹੋਵਾਹ ਦੇ ਗਵਾਹ ਹਨ। (ਜ਼ਬੂਰ 110:3) ਦੂਸਰਿਆਂ ਨੇ ਨਹੀਂ ਅਪਣਾਇਆ। ਇਹ ਇਕ ਨਿੱਜੀ ਚੋਣ ਦਾ ਮਾਮਲਾ ਹੈ।
ਕਿਸ ਦੇ ਦਾਸ ਬਣਨ ਦੀ ਚੋਣ ਕਰੋਗੇ?
14. ਰੋਮੀਆਂ 6:16 ਸਾਨੂੰ ਪੂਰੀ ਆਜ਼ਾਦੀ ਬਾਰੇ ਕੀ ਦੱਸਦਾ ਹੈ?
14 ਕੋਈ ਵੀ ਇਨਸਾਨ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ। ਹਰੇਕ ਵਿਅਕਤੀ ਭੌਤਿਕ ਨਿਯਮਾਂ ਦੁਆਰਾ ਆਪਣੀ ਆਜ਼ਾਦੀ ਵਿਚ ਸੀਮਿਤ ਹੁੰਦਾ ਹੈ, ਜਿਵੇਂ ਕਿ ਗੁਰੂਤਾ-ਖਿੱਚ ਦਾ ਨਿਯਮ, ਜਿਨ੍ਹਾਂ ਨੂੰ ਬਿਨਾਂ ਨਤੀਜੇ ਦੇ ਅਣਡਿੱਠ ਨਹੀਂ ਕੀਤਾ ਜਾ ਸਕਦਾ ਹੈ। ਅਧਿਆਤਮਿਕ ਭਾਵ ਵਿਚ ਵੀ, ਕੋਈ ਵਿਅਕਤੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੁੰਦਾ ਹੈ। ਪੌਲੁਸ ਨੇ ਤਰਕ ਕੀਤਾ: “ਭਲਾ, ਤੁਸੀਂ ਨਹੀਂ ਜਾਣਦੇ ਹੋ ਭਈ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਹ ਦੀ ਆਗਿਆ ਮੰਨਦੇ ਹੋ ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਰਮ ਲਈ ਆਗਿਆਕਾਰੀ ਦੇ।”—ਰੋਮੀਆਂ 6:16.
15. (ੳ) ਦਾਸ ਬਣਨ ਬਾਰੇ ਲੋਕ ਕਿਵੇਂ ਮਹਿਸੂਸ ਕਰਦੇ ਹਨ, ਲੇਕਿਨ ਅੰਤ ਵਿਚ ਅਨੇਕ ਲੋਕ ਕੀ ਕਰਦੇ ਦੇਖੇ ਜਾਂਦੇ ਹਨ? (ਅ) ਅਸੀਂ ਆਪਣੇ ਆਪ ਨੂੰ ਕਿਹੜੇ ਢੁਕਵੇਂ ਸਵਾਲ ਪੁੱਛ ਸਕਦੇ ਹਾਂ?
15 ਕਿਸੇ ਵਿਅਕਤੀ ਦਾ ਦਾਸ ਬਣਨ ਦਾ ਵਿਚਾਰ ਅਨੇਕ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਫਿਰ ਵੀ, ਸੱਚ ਤਾਂ ਇਹ ਹੈ ਕਿ ਅੱਜ ਦੇ ਸੰਸਾਰ ਵਿਚ ਅਕਸਰ ਲੋਕ ਬਹੁਤ ਸਾਰੇ ਗੋਲਮੋਲ ਤਰੀਕਿਆਂ ਵਿਚ ਆਪਣੇ ਆਪ ਨੂੰ ਦੂਸਰਿਆਂ ਦੇ ਪ੍ਰਭਾਵ ਹੇਠ ਆਉਣ ਦਿੰਦੇ ਹਨ ਕਿ ਅੰਤ ਵਿਚ ਉਹ ਬਿਨਾਂ ਆਪਣੀ ਮਰਜ਼ੀ ਦੇ ਦੂਸਰਿਆਂ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ। ਉਦਾਹਰਣ ਲਈ, ਇਸ਼ਤਿਹਾਰ ਉਦਯੋਗ ਅਤੇ ਮਨੋਰੰਜਨ ਸੰਸਾਰ ਲੋਕਾਂ ਨੂੰ ਇੱਕੋ ਢਾਂਚੇ ਵਿਚ ਢਾਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਲਈ ਮਿਆਰ ਸਥਾਪਿਤ ਕਰਦੇ ਹਨ। ਰਾਜਨੀਤਿਕ ਅਤੇ ਧਾਰਮਿਕ ਸੰਗਠਨ ਲੋਕਾਂ ਤੋਂ ਆਪਣੇ ਵਿਚਾਰਾਂ ਅਤੇ ਟੀਚਿਆਂ ਦਾ ਸਮਰਥਨ ਕਰਾਉਂਦੇ ਹਨ, ਹਮੇਸ਼ਾ ਚੰਗੀ ਤਰ੍ਹਾਂ ਸਮਝਾਉਣ ਰਾਹੀਂ ਨਹੀਂ, ਬਲਕਿ ਅਕਸਰ ਇਕਮਿਕਤਾ ਜਾਂ ਨਿਸ਼ਠਾ ਦੀਆਂ ਭਾਵਨਾਵਾਂ ਨੂੰ ਛੋਹਣ ਦੁਆਰਾ। ਕਿਉਂਕਿ ਪੌਲੁਸ ਨੇ ਕਿਹਾ ਕਿ ‘ਅਸੀਂ ਉਸੇ ਦੇ ਦਾਸ ਹਾਂ ਜਿਹ ਦੀ ਆਗਿਆ ਮੰਨਦੇ ਹਾਂ,’ ਸਾਡੇ ਵਿੱਚੋਂ ਹਰੇਕ ਲਈ ਆਪਣੇ ਆਪ ਤੋਂ ਇਹ ਪੁੱਛਣਾ ਚੰਗਾ ਹੋਵੇਗਾ ਕਿ ‘ਮੈਂ ਕਿਸ ਦਾ ਦਾਸ ਹਾਂ? ਮੇਰੇ ਫ਼ੈਸਲਿਆਂ ਉੱਤੇ ਅਤੇ ਮੇਰੇ ਜੀਵਨ-ਢੰਗ ਉੱਤੇ ਕੌਣ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ? ਧਾਰਮਿਕ ਆਗੂ, ਰਾਜਨੀਤਿਕ ਨੇਤਾ, ਧਨੀ ਵਪਾਰੀ, ਜਾਂ ਮਨੋਰੰਜਨ ਸੰਸਾਰ ਦੇ ਸਿਤਾਰੇ? ਮੈਂ ਕਿਸ ਦੀ ਆਗਿਆ ਮੰਨਦਾ ਹਾਂ—ਪਰਮੇਸ਼ੁਰ ਦੀ ਜਾਂ ਮਨੁੱਖਾਂ ਦੀ?’
16. ਮਸੀਹੀ ਕਿਸ ਭਾਵ ਵਿਚ ਪਰਮੇਸ਼ੁਰ ਦੇ ਦਾਸ ਹਨ, ਅਤੇ ਅਜਿਹੀ ਗ਼ੁਲਾਮੀ ਦਾ ਸਹੀ ਦ੍ਰਿਸ਼ਟੀਕੋਣ ਕੀ ਹੈ?
16 ਮਸੀਹੀ ਲੋਕ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ ਨੂੰ ਆਪਣੀ ਨਿੱਜੀ ਆਜ਼ਾਦੀ ਉੱਤੇ ਇਕ ਨਾਜਾਇਜ਼ ਪਾਬੰਦੀ ਨਹੀਂ ਵਿਚਾਰਦੇ ਹਨ। ਉਹ ਰਜ਼ਾਮੰਦੀ ਨਾਲ ਆਪਣੇ ਆਦਰਸ਼, ਯਿਸੂ ਮਸੀਹ ਵਾਂਗ ਆਪਣੀ ਆਜ਼ਾਦੀ ਨੂੰ ਇਸਤੇਮਾਲ ਕਰਦੇ ਹਨ, ਅਤੇ ਨਿੱਜੀ ਇੱਛਾਵਾਂ ਅਤੇ ਪ੍ਰਾਥਮਿਕਤਾਵਾਂ ਨੂੰ ਪਰਮੇਸ਼ੁਰ ਦੀ ਇੱਛਾ ਅਨੁਸਾਰ ਢਾਲਦੇ ਹਨ। (ਯੂਹੰਨਾ 5:30; 6:38) ਉਹ “ਮਸੀਹ ਦੀ ਬੁੱਧੀ” ਵਿਕਸਿਤ ਕਰਦੇ ਹਨ, ਅਤੇ ਕਲੀਸਿਯਾ ਦੇ ਸਿਰ ਵਜੋਂ ਉਸ ਦੇ ਅਧੀਨ ਹੁੰਦੇ ਹਨ। (1 ਕੁਰਿੰਥੀਆਂ 2:14-16; ਕੁਲੁੱਸੀਆਂ 1:15-18) ਇਹ ਉਸ ਔਰਤ ਵਾਂਗ ਹੈ ਜੋ ਵਿਆਹ ਕਰਾਉਂਦੀ ਹੈ ਅਤੇ ਰਜ਼ਾਮੰਦੀ ਨਾਲ ਆਪਣੇ ਪਤੀ ਨੂੰ ਸਹਿਯੋਗ ਦਿੰਦੀ ਹੈ ਕਿਉਂਕਿ ਉਹ ਉਸ ਨਾਲ ਪਿਆਰ ਕਰਦੀ ਹੈ। ਦਰਅਸਲ, ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਨੂੰ ਇਕ ਪਵਿੱਤਰ ਕੁਆਰੀ ਵਜੋਂ ਦਰਸਾਇਆ ਗਿਆ ਹੈ ਜਿਸ ਦੀ ਕੁੜਮਾਈ ਮਸੀਹ ਨਾਲ ਹੋਈ ਹੈ।—2 ਕੁਰਿੰਥੀਆਂ 11:2; ਅਫ਼ਸੀਆਂ 5:23, 24; ਪਰਕਾਸ਼ ਦੀ ਪੋਥੀ 19:7, 8.
17. ਯਹੋਵਾਹ ਦੇ ਸਾਰੇ ਗਵਾਹਾਂ ਨੇ ਕੀ ਬਣਨ ਦੀ ਚੋਣ ਕੀਤੀ ਹੈ?
17 ਯਹੋਵਾਹ ਦੇ ਹਰੇਕ ਗਵਾਹ ਨੇ, ਚਾਹੇ ਉਸ ਦੀ ਉਮੀਦ ਸਵਰਗੀ ਹੈ ਜਾਂ ਪਾਰਥਿਵ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਅਤੇ ਸ਼ਾਸਕ ਵਜੋਂ ਉਸ ਦੇ ਆਗਿਆਕਾਰ ਹੋਣ ਲਈ ਉਸ ਨੂੰ ਇਕ ਨਿੱਜੀ ਸਮਰਪਣ ਕੀਤਾ ਹੈ। ਹਰੇਕ ਗਵਾਹ ਲਈ, ਸਮਰਪਣ, ਮਨੁੱਖਾਂ ਦਾ ਦਾਸ ਬਣੇ ਰਹਿਣ ਦੀ ਬਜਾਇ, ਪਰਮੇਸ਼ੁਰ ਦਾ ਦਾਸ ਬਣਨ ਦੀ ਇਕ ਨਿੱਜੀ ਚੋਣ ਰਹੀ ਹੈ। ਇਹ ਪੌਲੁਸ ਰਸੂਲ ਦੀ ਸਲਾਹ ਦੇ ਅਨੁਸਾਰ ਹੈ: “ਤੁਸੀਂ ਮੁੱਲ ਨਾਲ ਲਏ ਹੋਏ ਹੋ। ਮਨੁੱਖਾਂ ਦੇ ਗੁਲਾਮ ਨਾ ਬਣੋ।”—1 ਕੁਰਿੰਥੀਆਂ 7:23.
ਖ਼ੁਦ ਲਈ ਲਾਭ ਉਠਾਉਣਾ ਸਿੱਖਣਾ
18. ਇਕ ਸੰਭਾਵੀ ਗਵਾਹ ਕਦੋਂ ਬਪਤਿਸਮਾ ਲੈਣ ਦੇ ਯੋਗ ਹੁੰਦਾ ਹੈ?
18 ਇਸ ਤੋਂ ਪਹਿਲਾਂ ਕਿ ਇਕ ਵਿਅਕਤੀ ਯਹੋਵਾਹ ਦਾ ਇਕ ਗਵਾਹ ਬਣਨ ਦੇ ਯੋਗ ਹੋ ਸਕੇ, ਉਸ ਨੂੰ ਸ਼ਾਸਤਰ-ਸੰਬੰਧੀ ਯੋਗਤਾਵਾਂ ਪੂਰੀਆਂ ਕਰਨੀਆਂ ਪੈਣਗੀਆਂ। ਬਜ਼ੁਰਗ ਇਹ ਨਿਸ਼ਚਿਤ ਕਰਨ ਲਈ ਪੂਰਾ-ਪੂਰਾ ਧਿਆਨ ਦਿੰਦੇ ਹਨ ਕਿ ਇਕ ਸੰਭਾਵੀ ਗਵਾਹ ਸੱਚ-ਮੁੱਚ ਹੀ ਮਸੀਹੀ ਸਮਰਪਣ ਦਾ ਮਤਲਬ ਸਮਝਦਾ ਹੈ ਜਾਂ ਨਹੀਂ। ਕੀ ਉਹ ਸੱਚ-ਮੁੱਚ ਹੀ ਯਹੋਵਾਹ ਦਾ ਇਕ ਗਵਾਹ ਬਣਨਾ ਚਾਹੁੰਦਾ ਹੈ? ਕੀ ਉਹ ਇਸ ਦੇ ਫ਼ਰਜ਼ਾਂ ਨੂੰ ਨਿਭਾਉਣ ਲਈ ਰਜ਼ਾਮੰਦ ਹੈ? ਜੇਕਰ ਨਹੀਂ, ਤਾਂ ਉਹ ਬਪਤਿਸਮਾ ਲੈਣ ਦੇ ਅਯੋਗ ਹੈ।
19. ਜਦੋਂ ਇਕ ਵਿਅਕਤੀ ਪਰਮੇਸ਼ੁਰ ਦਾ ਸਮਰਪਿਤ ਸੇਵਕ ਬਣਨ ਦਾ ਫ਼ੈਸਲਾ ਕਰਦਾ ਹੈ, ਉਸ ਦੀ ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ?
19 ਪਰ, ਜੇ ਇਕ ਵਿਅਕਤੀ ਸਾਰੀਆਂ ਮੰਗਾਂ ਪੂਰੀਆਂ ਕਰਦਾ ਹੈ, ਅਤੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਅਤੇ ਉਸ ਦੇ ਪ੍ਰੇਰਿਤ ਬਚਨ ਦੁਆਰਾ ਪ੍ਰਭਾਵਿਤ ਹੋਣ ਦਾ ਨਿੱਜੀ ਫ਼ੈਸਲਾ ਕਰਦਾ ਹੈ, ਤਾਂ ਕੀ ਇਸ ਲਈ ਉਸ ਦੀ ਨੁਕਤਾਚੀਨੀ ਕੀਤੀ ਜਾਣੀ ਚਾਹੀਦੀ ਹੈ? ਕੀ ਆਪਣੇ ਆਪ ਨੂੰ ਮਨੁੱਖਾਂ ਦੀ ਬਜਾਇ ਪਰਮੇਸ਼ੁਰ ਦੁਆਰਾ ਪ੍ਰਭਾਵਿਤ ਹੋਣ ਦੇਣਾ ਕੋਈ ਘੱਟ ਸਵੀਕਾਰਯੋਗ ਹੈ? ਜਾਂ ਕੀ ਇਸ ਤੋਂ ਕੋਈ ਘੱਟ ਲਾਭ ਹੁੰਦਾ ਹੈ? ਯਹੋਵਾਹ ਦੇ ਗਵਾਹ ਤਾਂ ਇਸ ਤਰ੍ਹਾਂ ਨਹੀਂ ਸੋਚਦੇ ਹਨ। ਉਹ ਯਸਾਯਾਹ ਦੁਆਰਾ ਲਿਖੇ ਪਰਮੇਸ਼ੁਰ ਦੇ ਸ਼ਬਦਾਂ ਨਾਲ ਦਿਲੋਂ ਸਹਿਮਤ ਹਨ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
20. ਲੋਕ ਕਿਨ੍ਹਾਂ ਗੱਲਾਂ ਦੇ ਸੰਬੰਧ ਵਿਚ ਬਾਈਬਲ ਸੱਚਾਈ ਰਾਹੀਂ ਆਜ਼ਾਦ ਕੀਤੇ ਜਾਂਦੇ ਹਨ?
20 ਬਾਈਬਲ ਸੱਚਾਈ ਲੋਕਾਂ ਨੂੰ ਝੂਠੇ ਧਾਰਮਿਕ ਸਿਧਾਂਤਾਂ, ਜਿਵੇਂ ਕਿ ਭਖਦੇ ਨਰਕ ਵਿਚ ਸਦੀਪਕ ਤਸੀਹੇ ਦਾ ਸਿਧਾਂਤ, ਵਿਚ ਵਿਸ਼ਵਾਸ ਰੱਖਣ ਤੋਂ ਆਜ਼ਾਦ ਕਰਦੀ ਹੈ। (ਉਪਦੇਸ਼ਕ ਦੀ ਪੋਥੀ 9:5, 10) ਇਸ ਦੀ ਬਜਾਇ, ਇਹ ਉਨ੍ਹਾਂ ਦੇ ਦਿਲਾਂ ਨੂੰ ਸ਼ੁਕਰਗੁਜ਼ਾਰੀ ਨਾਲ ਭਰ ਦਿੰਦੀ ਹੈ ਕਿ ਮਰੇ ਹੋਇਆਂ ਲਈ ਅਸਲੀ ਉਮੀਦ ਹੈ, ਅਰਥਾਤ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਸੰਭਵ ਬਣਾਇਆ ਗਿਆ ਪੁਨਰ-ਉਥਾਨ। (ਮੱਤੀ 20:28; ਰਸੂਲਾਂ ਦੇ ਕਰਤੱਬ 24:15; ਰੋਮੀਆਂ 6:23) ਬਾਈਬਲ ਸੱਚਾਈ ਲੋਕਾਂ ਨੂੰ ਲਗਾਤਾਰ ਅਸਫ਼ਲ ਹੋਣ ਵਾਲੇ ਰਾਜਨੀਤਿਕ ਵਾਅਦਿਆਂ ਉੱਤੇ ਭਰੋਸਾ ਰੱਖਣ ਦੀ ਨਿਰਾਸ਼ਤਾ ਤੋਂ ਆਜ਼ਾਦ ਕਰਦੀ ਹੈ। ਇਸ ਦੀ ਬਜਾਇ, ਬਾਈਬਲ ਸੱਚਾਈ ਉਨ੍ਹਾਂ ਦੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੀ ਹੈ ਕਿ ਯਹੋਵਾਹ ਦਾ ਰਾਜ ਹੁਣ ਸਵਰਗ ਵਿਚ ਸ਼ਾਸਨ ਕਰਦਾ ਹੈ ਅਤੇ ਜਲਦੀ ਹੀ ਸਾਰੀ ਧਰਤੀ ਉੱਤੇ ਹਕੂਮਤ ਕਰੇਗਾ। ਬਾਈਬਲ ਸੱਚਾਈ ਲੋਕਾਂ ਨੂੰ ਉਨ੍ਹਾਂ ਕੰਮਾਂ ਤੋਂ ਆਜ਼ਾਦ ਕਰਦੀ ਹੈ ਜੋ ਚਾਹੇ ਅਪੂਰਣ ਸਰੀਰ ਨੂੰ ਭਾਉਣ, ਪਰ ਪਰਮੇਸ਼ੁਰ ਦਾ ਅਪਮਾਨ ਕਰਦੇ ਹਨ ਅਤੇ ਟੁੱਟੇ ਰਿਸ਼ਤਿਆਂ, ਰੋਗ, ਅਤੇ ਕੁਵੇਲੀ ਮੌਤ ਦੇ ਰੂਪ ਵਿਚ ਬਹੁਤ ਮਹਿੰਗੇ ਪੈਂਦੇ ਹਨ। ਸੰਖੇਪ ਵਿਚ, ਮਨੁੱਖਾਂ ਦਾ ਦਾਸ ਬਣਨ ਨਾਲੋਂ ਪਰਮੇਸ਼ੁਰ ਦਾ ਦਾਸ ਬਣਨਾ ਬਹੁਤ ਹੀ ਲਾਭਕਾਰੀ ਹੈ। ਦਰਅਸਲ, ਪਰਮੇਸ਼ੁਰ ਨੂੰ ਸਮਰਪਣ “ਇਸ ਸਮੇ ਵਿੱਚ” ਲਾਭ “ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ” ਦੀ ਆਸ ਦਿੰਦਾ ਹੈ।—ਮਰਕੁਸ 10:29, 30.
21. ਯਹੋਵਾਹ ਦੇ ਗਵਾਹ ਪਰਮੇਸ਼ੁਰ ਨੂੰ ਸਮਰਪਣ ਨੂੰ ਕਿਵੇਂ ਵਿਚਾਰਦੇ ਹਨ, ਅਤੇ ਉਨ੍ਹਾਂ ਦੀ ਇੱਛਾ ਕੀ ਹੈ?
21 ਅੱਜ ਯਹੋਵਾਹ ਦੇ ਗਵਾਹ ਪ੍ਰਾਚੀਨ ਇਸਰਾਏਲੀਆਂ ਵਾਂਗ ਜਨਮ ਤੋਂ ਇਕ ਸਮਰਪਿਤ ਕੌਮ ਦਾ ਹਿੱਸਾ ਨਹੀਂ ਬਣੇ। ਗਵਾਹ ਸਮਰਪਿਤ ਮਸੀਹੀਆਂ ਦੀ ਇਕ ਕਲੀਸਿਯਾ ਦਾ ਹਿੱਸਾ ਹਨ। ਹਰੇਕ ਬਪਤਿਸਮਾ-ਪ੍ਰਾਪਤ ਗਵਾਹ ਸਮਰਪਣ ਕਰਨ ਵਿਚ ਆਪਣੀ ਚੋਣ ਦੀ ਆਜ਼ਾਦੀ ਇਸਤੇਮਾਲ ਕਰ ਕੇ ਇਸ ਦਾ ਹਿੱਸਾ ਬਣਿਆ ਹੈ। ਵਾਕਈ, ਯਹੋਵਾਹ ਦੇ ਗਵਾਹਾਂ ਲਈ, ਸਮਰਪਣ ਦਾ ਨਤੀਜਾ ਪਰਮੇਸ਼ੁਰ ਨਾਲ ਇਕ ਨਿੱਘਾ ਅਤੇ ਨਿੱਜੀ ਰਿਸ਼ਤਾ ਹੈ, ਜਿਸ ਵਿਚ ਉਹ ਰਜ਼ਾਮੰਦੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਉਹ ਇਸ ਆਨੰਦਿਤ ਰਿਸ਼ਤੇ ਨੂੰ ਜਾਰੀ ਰੱਖਣ ਲਈ ਦਿਲੀ ਇੱਛਾ ਰੱਖਦੇ ਹਨ, ਅਤੇ ਉਸ ਆਜ਼ਾਦੀ ਨੂੰ ਸਦਾ ਲਈ ਫੜੀ ਰੱਖਣਾ ਚਾਹੁੰਦੇ ਹਨ ਜਿਸ ਲਈ ਯਿਸੂ ਮਸੀਹ ਨੇ ਉਨ੍ਹਾਂ ਨੂੰ ਆਜ਼ਾਦ ਕੀਤਾ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਇਸਰਾਏਲ ਨੂੰ ਆਪਣੀ “ਨਿਜੀ ਪਰਜਾ” ਬਣਨ ਲਈ ਚੁਣਨ ਵਿਚ ਪਰਮੇਸ਼ੁਰ ਪੱਖਪਾਤੀ ਕਿਉਂ ਨਹੀਂ ਸੀ?
◻ ਤੁਸੀਂ ਇਹ ਕਿਉਂ ਕਹੋਗੇ ਕਿ ਮਸੀਹੀ ਸਮਰਪਣ ਵਿਚ ਆਜ਼ਾਦੀ ਖੋਹਣ ਦਾ ਖ਼ਤਰਾ ਨਹੀਂ ਸ਼ਾਮਲ ਹੁੰਦਾ ਹੈ?
◻ ਯਹੋਵਾਹ ਪਰਮੇਸ਼ੁਰ ਨੂੰ ਸਮਰਪਣ ਦੇ ਲਾਭ ਕੀ ਹਨ?
◻ ਮਨੁੱਖਾਂ ਦਾ ਦਾਸ ਬਣਨ ਨਾਲੋਂ ਯਹੋਵਾਹ ਦਾ ਇਕ ਸੇਵਕ ਬਣਨਾ ਬਿਹਤਰ ਕਿਉਂ ਹੈ?
[ਸਫ਼ੇ 24 ਉੱਤੇ ਤਸਵੀਰ]
ਪ੍ਰਾਚੀਨ ਇਸਰਾਏਲ ਵਿਚ, ਪਰਮੇਸ਼ੁਰ ਨੂੰ ਸਮਰਪਣ ਜਨਮ ਉਤੇ ਨਿਰਭਰ ਸੀ
[ਸਫ਼ੇ 25 ਉੱਤੇ ਤਸਵੀਰ]
ਮਸੀਹੀ ਸਮਰਪਣ ਚੋਣ ਉਤੇ ਨਿਰਭਰ ਹੈ