ਨੌਜਵਾਨ ਪੁੱਛਦੇ ਹਨ . . .
ਮੈਂ ਸੱਚਾਈ ਨੂੰ ਕਿਵੇਂ ਅਪਣਾ ਸਕਦੀ ਹਾਂ?
“ਮੈਂ ਯਹੋਵਾਹ ਦੀ ਗਵਾਹ ਵਜੋਂ ਪਾਲੀ ਗਈ ਸੀ, ਅਤੇ ਇਸੇ ਕਾਰਨ ਮੈਂ ਹਮੇਸ਼ਾ ਇਹ ਸਮਝਦੀ ਸੀ ਕਿ ਮੈਂ ਯਹੋਵਾਹ ਨੂੰ ਸੱਚ-ਮੁੱਚ ਜਾਣਦੀ ਸੀ। ਇਹ ਸਿਰਫ਼ ਮੇਰਾ ਭੁਲੇਖਾ ਸੀ!”—ਐਨਟੋਆਨੈਟ।
“ਸਚਿਆਈ ਹੁੰਦੀ ਕੀ ਹੈ?” ਯਿਸੂ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਮਨੁੱਖ, ਪੁੰਤਿਯੁਸ ਪਿਲਾਤੁਸ ਨੇ ਇਹ ਮਸ਼ਹੂਰ ਸਵਾਲ ਪੁੱਛਿਆ। (ਯੂਹੰਨਾ 18:38) ਲੇਕਿਨ, ਪਿਲਾਤੁਸ ਚਾਹੁੰਦਾ ਸੀ ਕਿ ਉਸ ਦਾ ਸਨਕੀ ਸਵਾਲ, ਗੰਭੀਰ ਗੱਲ-ਬਾਤ ਸ਼ੁਰੂ ਕਰਨ ਦੀ ਬਜਾਇ ਉਸ ਨੂੰ ਖ਼ਤਮ ਕਰ ਦੇਵੇ। ਦਰਅਸਲ ਉਹ “ਸਚਿਆਈ” ਵਿਚ ਦਿਲਚਸਪੀ ਨਹੀਂ ਰੱਖਦਾ ਸੀ। ਪਰ ਤੁਹਾਡੇ ਬਾਰੇ ਕੀ? ਕੀ ਤੁਸੀਂ ਸੱਚਾਈ ਵਿਚ ਦਿਲਚਸਪੀ ਰੱਖਦੇ ਹੋ?
ਸਦੀਆਂ ਤੋਂ ਫ਼ਿਲਾਸਫ਼ਰਾਂ ਨੇ ਇਸ ਬਾਰੇ ਸੋਚ-ਵਿਚਾਰ ਕੀਤਾ ਹੈ ਕਿ ਸੱਚਾਈ ਕੀ ਹੈ, ਪਰ ਸ਼ਰਮਿੰਦਗੀ ਦੀ ਗੱਲ ਹੈ ਕਿ ਉਨ੍ਹਾਂ ਦੇ ਜਤਨਾਂ ਨੂੰ ਬਹੁਤ ਘੱਟ ਫਲ ਮਿਲਿਆ ਹੈ। ਲੇਕਿਨ, ਤੁਸੀਂ ਪਿਲਾਤੁਸ ਦੇ ਸਵਾਲ ਦਾ ਜਵਾਬ ਲੱਭ ਸਕਦੇ ਹੋ। ਯਿਸੂ ਮਸੀਹ ਨੇ ਸਿਖਾਇਆ ਸੀ ਕਿ ਪਰਮੇਸ਼ੁਰ ਦਾ ਬਚਨ ਸੱਚਾਈ ਹੈ। ਉਸ ਨੇ ਆਪਣੇ ਆਪ ਬਾਰੇ ਕਿਹਾ ਕਿ ਮੈਂ “ਸਚਿਆਈ” ਹਾਂ। ਅਤੇ ਯੂਹੰਨਾ ਰਸੂਲ ਨੇ ਲਿਖਿਆ: “ਸਚਿਆਈ ਯਿਸੂ ਮਸੀਹ ਤੋਂ ਪਹੁੰਚੀ।” (ਯੂਹੰਨਾ 1:17; 14:6; 17:17) ਇਸ ਲਈ ਇਨ੍ਹਾਂ ਸਾਰੀਆਂ ਮਸੀਹੀ ਸਿੱਖਿਆਵਾਂ ਨੂੰ “ਸਚਿਆਈ” ਜਾਂ “ਇੰਜੀਲ ਦੀ ਸਚਿਆਈ” ਸੱਦਿਆ ਜਾਂਦਾ ਹੈ, ਜੋ ਬਾਅਦ ਵਿਚ ਬਾਈਬਲ ਦਾ ਹਿੱਸਾ ਬਣੀਆਂ। (ਤੀਤੁਸ 1:14; ਗਲਾਤੀਆਂ 2:14; 2 ਯੂਹੰਨਾ 1, 2) ਇਨ੍ਹਾਂ ਮਸੀਹੀ ਸਿੱਖਿਆਵਾਂ ਵਿਚ ਪਰਮੇਸ਼ੁਰ ਦਾ ਨਿੱਜੀ ਨਾਂ, ਪਰਮੇਸ਼ੁਰ ਦੇ ਰਾਜ ਦੀ ਸਥਾਪਨਾ, ਪੁਨਰ-ਉਥਾਨ, ਅਤੇ ਯਿਸੂ ਦੀ ਰਿਹਾਈ-ਕੀਮਤ ਵਰਗੀਆਂ ਗੱਲਾਂ ਸ਼ਾਮਲ ਹਨ।—ਜ਼ਬੂਰ 83:18; ਮੱਤੀ 6:9, 10; 20:28; ਯੂਹੰਨਾ 5:28, 29.
ਹਜ਼ਾਰਾਂ ਹੀ ਨੌਜਵਾਨਾਂ ਨੇ ਬਾਈਬਲ ਦੀ ਸੱਚਾਈ ਆਪਣੇ ਮਸੀਹੀ ਮਾਪਿਆਂ ਤੋਂ ਸਿੱਖੀ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਜਿਹੇ ਸਾਰੇ ਨੌਜਵਾਨ ‘ਸਚਿਆਈ ਉੱਤੇ ਚੱਲ ਰਹੇ’ ਹਨ? (3 ਯੂਹੰਨਾ 3, 4) ਜ਼ਰੂਰੀ ਨਹੀਂ। ਉਦਾਹਰਣ ਲਈ, ਵੀਹ ਸਾਲਾਂ ਦੀ ਜੈਨੀਫਰ ਯਹੋਵਾਹ ਦੀ ਇਕ ਗਵਾਹ ਵਜੋਂ ਪਾਲੀ ਗਈ ਸੀ। ਉਹ ਯਾਦ ਕਰਦੀ ਹੈ: “ਮੇਰੀ ਮਾਂ ਮੈਨੂੰ ਗਵਾਹਾਂ ਦੇ ਮਹਾਂ-ਸੰਮੇਲਨਾਂ ਤੇ ਲਿਜਾਂਦੀ ਹੁੰਦੀ ਸੀ ਅਤੇ ਕਹਿੰਦੀ ਹੁੰਦੀ ਸੀ ਕਿ ਮੈਨੂੰ ਵੀ ਬਪਤਿਸਮਾ ਲੈਣ ਬਾਰੇ ਸੋਚਣਾ ਚਾਹੀਦਾ ਹੈ। ਪਰ ਮੈਂ ਸੋਚਿਆ, ‘ਮੈਂ ਤਾਂ ਕਦੀ ਵੀ ਗਵਾਹ ਬਣਨਾ ਨਹੀਂ ਚਾਹੁੰਦੀ। ਮੈਂ ਸਿਰਫ਼ ਮੌਜ-ਮਸਤੀ ਹੀ ਕਰਨਾ ਚਾਹੁੰਦੀ ਹਾਂ!’”
ਕੁਝ ਨੌਜਵਾਨ ਉਸ ਵਿਚ ਵਿਸ਼ਵਾਸ ਕਰਦੇ ਹਨ ਜੋ ਉਨ੍ਹਾਂ ਨੂੰ ਸਿਖਾਇਆ ਗਿਆ ਹੈ, ਪਰ ਜੋ ਕੁਝ ਬਾਈਬਲ ਅਸਲ ਵਿਚ ਸਿਖਾਉਂਦੀ ਹੈ, ਉਸ ਬਾਰੇ ਉਨ੍ਹਾਂ ਨੇ ਡੂੰਘੀ ਸਮਝ ਹਾਸਲ ਨਹੀਂ ਕੀਤੀ ਹੈ। ਇਸ ਦਾ ਖ਼ਤਰਾ ਕੀ ਹੈ? ਯਿਸੂ ਨੇ ਚੇਤਾਵਨੀ ਦਿੱਤੀ ਕਿ ਕੁਝ ਲੋਕ “ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ।” ਅਜਿਹੇ ਲੋਕ ਸ਼ਾਇਦ “ਥੋੜਾ ਚਿਰ ਰਹਿੰਦੇ ਹਨ ਅਤੇ ਜਾਂ ਬਚਨ ਦੇ ਕਾਰਨ ਦੁਖ ਵਿੱਚ ਪੈਂਦੇ ਯਾ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ।” (ਮਰਕੁਸ 4:17) ਦੂਸਰੇ ਲੋਕ ਕੁਝ ਹੱਦ ਤਕ ਆਪਣੇ ਬਾਈਬਲ-ਆਧਾਰਿਤ ਵਿਸ਼ਵਾਸ ਸਮਝਾ ਸਕਦੇ ਹਨ, ਪਰ ਉਹ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ। ਅਨਿਸਾ ਨਾਮਕ ਇਕ ਮੁਟਿਆਰ ਕਹਿੰਦੀ ਹੈ: “ਮੇਰੇ ਖ਼ਿਆਲ ਵਿਚ ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਯਹੋਵਾਹ ਨਾਲ ਮੇਰਾ ਇਕ ਅਸਲੀ ਰਿਸ਼ਤਾ ਨਹੀਂ ਸੀ। . . . ਮੈਨੂੰ ਲੱਗਦਾ ਹੈ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਉਸ ਰਿਸ਼ਤੇ ਉੱਤੇ ਨਿਰਭਰ ਸੀ ਜੋ ਮੇਰੇ ਮਾਪਿਆਂ ਦਾ ਯਹੋਵਾਹ ਨਾਲ ਸੀ।”
ਇਸ ਵਿਚ ਤੁਹਾਡੀ ਕੀ ਸਥਿਤੀ ਹੈ? ਕੀ ਯਹੋਵਾਹ ਕੇਵਲ ਤੁਹਾਡੇ ਮਾਪਿਆਂ ਦਾ ਪਰਮੇਸ਼ੁਰ ਹੈ? ਜਾਂ, ਜ਼ਬੂਰਾਂ ਦੇ ਲਿਖਾਰੀ ਵਾਂਗ ਕੀ ਤੁਸੀਂ ਕਹਿ ਸਕਦੇ ਹੋ: “ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, ਮੈਂ ਆਖਿਆ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ”? (ਜ਼ਬੂਰ 31:14) ਅਸਲੀਅਤ ਦਾ ਸਾਮ੍ਹਣਾ ਕਰਨ ਲਈ ਸ਼ਾਇਦ ਹਿੰਮਤ ਦੀ ਲੋੜ ਪਵੇ। ਅਲਿਗਜ਼ਾਂਡਾ ਨਾਮਕ ਇਕ ਗੱਭਰੂ ਕਹਿੰਦਾ ਹੈ, “ਸਭ ਤੋਂ ਪਹਿਲਾਂ ਮੈਂ ਆਪਣੇ ਦਿਲ ਦੇ ਅੰਦਰ ਝਾਤੀ ਮਾਰੀ।” ਆਪਣੇ ਦਿਲ ਦੇ ਅੰਦਰ ਚੰਗੀ ਤਰ੍ਹਾਂ ਨਾਲ ਝਾਤੀ ਮਾਰਨ ਤੋਂ ਬਾਅਦ, ਤੁਹਾਨੂੰ ਸ਼ਾਇਦ ਅਹਿਸਾਸ ਹੋਵੇ ਕਿ ਤੁਸੀਂ ਅਸਲ ਵਿਚ ਕਦੀ ਵੀ ਸੱਚਾਈ (ਸਾਰੀਆਂ ਮਸੀਹੀ ਸਿੱਖਿਆਵਾਂ) ਨੂੰ ਨਹੀਂ ਸਿਆਣਿਆ ਹੈ। ਤੁਹਾਡਾ ਵਿਸ਼ਵਾਸ ਸ਼ਾਇਦ ਪੱਕਾ ਨਾ ਹੋਵੇ, ਅਤੇ ਇਸ ਲਈ ਸ਼ਾਇਦ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਤੁਹਾਡਾ ਜੀਵਨ ਬੇਮਕਸਦ ਜਾਂ ਬਿਨਾਂ ਅਸਲੀ ਨਿਰਦੇਸ਼ਨ ਦੇ ਹੈ।
ਆਪਣੀਆਂ ਮਸੀਹੀ ਸਭਾਵਾਂ ਵਿਚ, ਯਹੋਵਾਹ ਦੇ ਗਵਾਹ ਅਕਸਰ ਇਕ ਗੀਤ ਗਾਉਂਦੇ ਹਨ, ਜਿਸ ਦਾ ਵਿਸ਼ਾ ਹੈ “ਸੱਚਾਈ ਨੂੰ ਅਪਣਾਓ।”a ਇਹ ਸਲਾਹ ਸ਼ਾਇਦ ਤੁਹਾਡੇ ਤੇ ਲਾਗੂ ਹੋਵੇ। ਲੇਕਿਨ ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਸ਼ੁਰੂ ਕਿੱਥੋਂ ਕਰਨਾ ਚਾਹੀਦਾ ਹੈ?
ਤੁਸੀਂ ਸਿਆਣ ਲਵੋ
ਰੋਮੀਆਂ 12:2 ਵਿਚ ਅਸੀਂ ਪੌਲੁਸ ਰਸੂਲ ਦੀ ਸਲਾਹ ਪਾਉਂਦੇ ਹਾਂ: “ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ‘ਸਤ ਦੀ ਸਿਆਣ’ ਪ੍ਰਾਪਤ ਕਰ ਕੇ। (ਤੀਤੁਸ 1:1) ਬਰਿਯਾ ਸ਼ਹਿਰ ਦੇ ਪ੍ਰਾਚੀਨ ਵਾਸੀਆਂ ਨੇ ਸੁਣੀਆਂ ਗੱਲਾਂ ਨੂੰ ਬਿਨਾਂ ਸਵਾਲ ਕੀਤੇ ਸਵੀਕਾਰ ਨਹੀਂ ਕੀਤਾ। ਇਸ ਦੇ ਉਲਟ, ਉਨ੍ਹਾਂ ਨੇ “ਰੋਜ ਲਿਖਤਾਂ ਵਿੱਚ ਭਾਲ [ਕੀਤੀ] ਭਈ ਏਹ ਗੱਲਾਂ [ਜੋ ਉਹ ਸਿੱਖ ਰਹੇ ਸਨ] ਇਸੇ ਤਰਾਂ ਹਨ ਕਿ ਨਹੀਂ।”—ਰਸੂਲਾਂ ਦੇ ਕਰਤੱਬ 17:11.
ਈਰਿਨ ਨਾਮਕ ਇਕ ਜਵਾਨ ਮਸੀਹੀ ਨੇ ਖ਼ੁਦ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ। ਉਹ ਯਾਦ ਕਰਦੀ ਹੈ: “ਮੈਂ ਰਿਸਰਚ ਕੀਤੀ। ਮੈਂ ਆਪਣੇ ਆਪ ਤੋਂ ਪੁੱਛਿਆ, ‘ਮੈਂ ਕਿੱਦਾਂ ਮੰਨਾ ਕਿ ਇਹੋ ਸੱਚਾ ਧਰਮ ਹੈ? ਮੈਂ ਕਿੱਦਾਂ ਮੰਨਾ ਕਿ ਯਹੋਵਾਹ ਨਾਮਕ ਇਕ ਪਰਮੇਸ਼ੁਰ ਹੈ?’” ਕਿਉਂ ਨਾ ਤੁਸੀਂ ਆਪਣਾ ਨਿੱਜੀ ਅਧਿਐਨ ਪ੍ਰੋਗ੍ਰਾਮ ਸ਼ੁਰੂ ਕਰੋ? ਤੁਸੀਂ ਸ਼ਾਇਦ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈb ਬਾਈਬਲ-ਆਧਾਰਿਤ ਪੁਸਤਕ ਨਾਲ ਸ਼ੁਰੂ ਕਰੋ। ਇਸ ਨੂੰ ਧਿਆਨ ਨਾਲ ਪੜ੍ਹੋ। ਬਾਈਬਲ ਵਿੱਚੋਂ ਦਿੱਤੇ ਗਏ ਸਾਰੇ ਹਵਾਲੇ ਪੜ੍ਹੋ ਅਤੇ ਧਿਆਨ ਦਿਓ ਕਿ ਇਹ ਲਿਖੀ ਹੋਈ ਗੱਲ ਨਾਲ ਕਿਵੇਂ ਮੇਲ ਖਾਂਦੇ ਹਨ। ਜਦੋਂ ਤੁਸੀਂ ‘ਅਜਿਹੇ ਕਾਰੀਗਰ ਬਣਦੇ ਹੋ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ,’ ਤਾਂ ਤੁਸੀਂ ਇਹ ਜਾਣ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਸੱਚਾਈ ਬਾਰੇ ਤੁਹਾਡਾ ਨਜ਼ਰੀਆ ਕਿੰਨਾ ਬਦਲ ਗਿਆ ਹੈ!—2 ਤਿਮੋਥਿਉਸ 2:15.
ਪਤਰਸ ਰਸੂਲ ਨੇ ਕਿਹਾ ਸੀ ਕਿ ਬਾਈਬਲ ਵਿਚ ਕੁਝ ਗੱਲਾਂ ਨੂੰ “ਸਮਝਣਾ ਔਖਾ ਹੈ,” ਅਤੇ ਤੁਹਾਨੂੰ ਵੀ ਇਸੇ ਤਰ੍ਹਾਂ ਲੱਗੇਗਾ। (2 ਪਤਰਸ 3:16) ਲੇਕਿਨ ਪਰਮੇਸ਼ੁਰ ਦੀ ਆਤਮਾ ਤੁਹਾਨੂੰ ਔਖੇ ਵਿਸ਼ਿਆਂ ਨੂੰ ਵੀ ਸਮਝਣ ਵਿਚ ਮਦਦ ਦੇ ਸਕਦੀ ਹੈ। (1 ਕੁਰਿੰਥੀਆਂ 2:11, 12) ਜਦੋਂ ਤੁਹਾਨੂੰ ਕੋਈ ਗੱਲ ਸਮਝਣੀ ਔਖੀ ਲੱਗੇ ਤਾਂ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕਰੋ। (ਜ਼ਬੂਰ 119:10, 11, 27) ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨਾਂ ਵਿਚ ਹੋਰ ਰਿਸਰਚ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਨਹੀਂ ਜਾਣਦੇ ਕਿ ਰਿਸਰਚ ਕਿਵੇਂ ਕਰਨੀ ਹੈ, ਤਾਂ ਮਦਦ ਮੰਗੋ। ਤੁਹਾਡੇ ਮਾਪੇ ਜਾਂ ਮਸੀਹੀ ਕਲੀਸਿਯਾ ਵਿੱਚੋਂ ਸ਼ਾਇਦ ਦੂਜੇ ਸਿਆਣੇ ਮੈਂਬਰ ਤੁਹਾਡੀ ਸਹਾਇਤਾ ਕਰ ਸਕਣ।
ਯਾਦ ਰੱਖੋ, ਤੁਸੀਂ ਆਪਣੇ ਗਿਆਨ ਦਾ ਦਿਖਾਵਾ ਕਰਨ ਲਈ ਅਧਿਐਨ ਨਹੀਂ ਕਰ ਰਹੇ ਹੋ। ਕਾਲਿਨ ਨਾਮਕ ਇਕ ਜਵਾਨ ਸਮਝਾਉਂਦਾ ਹੈ: “ਤੁਸੀਂ ਯਹੋਵਾਹ ਦੇ ਗੁਣਾਂ ਨੂੰ ਜਾਣ ਰਹੇ ਹੋ।” ਜੋ ਤੁਸੀਂ ਪੜ੍ਹਦੇ ਹੋ, ਉਸ ਉੱਤੇ ਮਨਨ ਕਰਨ ਲਈ ਸਮਾਂ ਕੱਢੋ ਤਾਂਕਿ ਉਹ ਤੁਹਾਡੇ ਦਿਲ ਵਿਚ ਬੈਠ ਜਾਵੇ।—ਜ਼ਬੂਰ 1:2, 3.
ਮਸੀਹੀ ਸਭਾਵਾਂ ਵਿਚ ਕਲੀਸਿਯਾ ਦੇ ਨਾਲ ਸੰਗਤ ਕਰਨ ਨਾਲ ਵੀ ਤੁਹਾਡੀ ਮਦਦ ਹੋ ਸਕਦੀ ਹੈ। ਆਖ਼ਰ, ਜਿਵੇਂ ਪੌਲੁਸ ਰਸੂਲ ਨੇ ਲਿਖਿਆ, ਕਲੀਸਿਯਾ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” (1 ਤਿਮੋਥਿਉਸ 3:15) ਕੁਝ ਨੌਜਵਾਨ ਸ਼ਿਕਾਇਤ ਕਰਦੇ ਹਨ ਕਿ ਮਸੀਹੀ ਸਭਾਵਾਂ ਬੋਰਿੰਗ ਹਨ। “ਪਰ” ਕਾਲਿਨ ਯਾਦ ਦਿਲਾਉਂਦਾ ਹੈ, “ਜੇ ਤੁਸੀਂ ਮੀਟਿੰਗਾਂ ਲਈ ਤਿਆਰੀ ਨਹੀਂ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਤੋਂ ਕੋਈ ਖ਼ਾਸ ਲਾਭ ਨਹੀਂ ਮਿਲੇਗਾ।” ਸੋ ਸਭਾਵਾਂ ਲਈ ਪਹਿਲਾਂ ਤਿਆਰੀ ਕਰੋ। ਸਭਾਵਾਂ ਉਦੋਂ ਜ਼ਿਆਦਾ ਦਿਲਚਸਪ ਹੁੰਦੀਆਂ ਹਨ ਜਦੋਂ ਤੁਸੀਂ ਸਿਰਫ਼ ਹਾਜ਼ਰ ਹੀ ਨਹੀਂ ਹੁੰਦੇ, ਸਗੋਂ ਉਨ੍ਹਾਂ ਵਿਚ ਹਿੱਸਾ ਵੀ ਲੈਂਦੇ ਹੋ।
ਅਧਿਐਨ ਕਰਨ ਲਈ ਕੋਈ ਸਮਾਂ ਨਹੀਂ?
ਇਹ ਸੱਚ ਹੈ ਕਿ ਤੁਹਾਡੇ ਸਕੂਲ ਦੇ ਕੰਮ ਅਤੇ ਘਰੇਲੂ ਕੰਮ-ਕਾਜ ਕਾਰਨ, ਅਧਿਐਨ ਕਰਨ ਲਈ ਸਮਾਂ ਕੱਢਣਾ ਸ਼ਾਇਦ ਔਖਾ ਹੋਵੇ। ਸੁਜ਼ਨ ਨਾਮਕ ਇਕ ਨੌਜਵਾਨ ਲਿਖਦੀ ਹੈ: “ਕਈ ਸਾਲਾਂ ਤੋਂ ਮੈਂ ਇਹ ਜਾਣਦੀ ਹੋਈ ਸੰਘਰਸ਼ ਕਰਦੀ ਰਹੀ ਕਿ ਮੈਨੂੰ ਮੀਟਿੰਗਾਂ ਲਈ ਤਿਆਰੀ ਅਤੇ ਨਿੱਜੀ ਸਟੱਡੀ ਕਰਨੀ ਚਾਹੀਦੀ ਸੀ, ਲੇਕਿਨ ਮੈਂ ਇਹ ਕਦੀ ਵੀ ਨਾ ਕਰ ਸਕੀ।”
ਸੁਜ਼ਨ ਨੇ ਘੱਟ ਜ਼ਰੂਰੀ ਕੰਮਾਂ ਤੋਂ ‘ਸਮਾਂ ਖ਼ਰੀਦਣਾ’ ਸਿੱਖਿਆ। (ਅਫ਼ਸੀਆਂ 5:15, 16, ਨਿ ਵ) ਪਹਿਲਾਂ, ਉਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਸੂਚੀ ਬਣਾਈ ਜਿਨ੍ਹਾਂ ਦਾ ਉਸ ਨੂੰ ਅਧਿਐਨ ਕਰਨ ਦੀ ਜ਼ਰੂਰਤ ਸੀ। ਫਿਰ, ਉਸ ਨੇ ਉਨ੍ਹਾਂ ਦਾ ਅਧਿਐਨ ਕਰਨ ਲਈ ਸਮਾਂ ਅਲੱਗ ਰੱਖਿਆ। ਉਸ ਨੇ ਮਨੋਰੰਜਨ ਲਈ ਵੀ ਕੁਝ ਸਮਾਂ ਕੱਢਿਆ। ਉਹ ਰਾਇ ਦਿੰਦੀ ਹੈ: “ਆਪਣੇ ਲਈ ਕੁਝ ਵਿਹਲਾ ਸਮਾਂ ਵੀ ਰੱਖੋ। ਸਾਨੂੰ ਸਾਰਿਆਂ ਨੂੰ ਆਰਾਮ ਕਰਨ ਲਈ ਵੀ ਸਮਾਂ ਚਾਹੀਦਾ ਹੈ।” ਜੇਕਰ ਤੁਸੀਂ ਵੀ ਹਰੇਕ ਕੰਮ ਲਈ ਸਮਾਂ ਅਲੱਗ ਰੱਖੋ ਤਾਂ ਇਹ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ।
ਸਿੱਖੀਆਂ ਗੱਲਾਂ ਹੋਰਨਾਂ ਨੂੰ ਵੀ ਦੱਸੋ
ਸਿੱਖੀਆਂ ਗੱਲਾਂ ਨੂੰ ਇਸਤੇਮਾਲ ਕਰਨਾ, ਉਨ੍ਹਾਂ ਨੂੰ ਅਪਣਾਉਣ ਵਿਚ ਤੁਹਾਡੀ ਮਦਦ ਕਰੇਗਾ। ਦੂਸਰੇ ਕਿਸੇ ਵਿਅਕਤੀ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ, ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।”—ਜ਼ਬੂਰ 49:3.
ਜੇ ਤੁਸੀਂ ਖ਼ੁਸ਼ ਖ਼ਬਰੀ ਤੋਂ ਸ਼ਰਮਾਉਂਦੇ ਨਹੀਂ ਤਾਂ ਤੁਸੀਂ ਇਸ ਬਾਰੇ ਆਪਣੇ ਸਕੂਲ ਦੇ ਸਾਥੀਆਂ ਅਤੇ ਹੋਰਨਾਂ ਨੂੰ ਵੀ ਦੱਸਣ ਤੋਂ ਨਹੀਂ ਝਿਜਕੋਗੇ। (ਰੋਮੀਆਂ 1:16) ਦੂਸਰਿਆਂ ਨੂੰ ਸੱਚਾਈ ਦੱਸਣ ਦੇ ਮੌਕਿਆਂ ਦਾ ਫ਼ਾਇਦਾ ਉਠਾ ਕੇ ਤੁਸੀਂ ਸਿੱਖੀਆਂ ਗੱਲਾਂ ਨੂੰ ਇਸਤੇਮਾਲ ਕਰ ਰਹੇ ਹੋਵੋਗੇ; ਅਤੇ ਇਸ ਤਰ੍ਹਾਂ ਤੁਸੀਂ ਸੱਚਾਈ ਨੂੰ ਆਪਣੇ ਮਨ ਅਤੇ ਦਿਲ ਵਿਚ ਬਿਠਾਓਗੇ।
ਬੁਰੀ ਸੰਗਤ ਤੋਂ ਬਚੋ
ਪਹਿਲੀ ਸਦੀ ਵਿਚ ਕੁਝ ਮਸੀਹੀਆਂ ਨੇ ਚੰਗੀ ਅਧਿਆਤਮਿਕ ਤਰੱਕੀ ਕੀਤੀ ਸੀ। ਪਰ ਥੋੜ੍ਹੇ ਸਮੇਂ ਬਾਅਦ ਪੌਲੁਸ ਰਸੂਲ ਨੂੰ ਉਨ੍ਹਾਂ ਨੂੰ ਲਿਖ ਕੇ ਪੁੱਛਣਾ ਪਿਆ: “ਕਿਹ ਨੇ ਤੁਹਾਨੂੰ ਡੱਕ ਦਿੱਤਾ ਭਈ ਤੁਸੀਂ ਸਚਿਆਈ ਨੂੰ ਨਾ ਮੰਨੋ?” (ਗਲਾਤੀਆਂ 5:7) ਆਲਿਕਸ ਨਾਮਕ ਇਕ ਜਵਾਨ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਹ ਮੰਨਦਾ ਹੈ ਕਿ “ਬੁਰੀ ਸੰਗਤ ਵਿਚ ਸਮਾਂ ਬਿਤਾਉਣ” ਕਰਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਉਸ ਦੇ ਜਤਨਾਂ ਵਿਚ ਰੁਕਾਵਟ ਪਈ। ਆਪਣੀ ਅਧਿਆਤਮਿਕ ਤਰੱਕੀ ਲਈ ਸ਼ਾਇਦ ਤੁਹਾਨੂੰ ਵੀ ਇਸ ਸੰਬੰਧ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਪਵੇ।
ਦੂਜੇ ਪਾਸੇ, ਚੰਗੀ ਸੰਗਤ ਤੁਹਾਨੂੰ ਤਰੱਕੀ ਕਰਨ ਵਿਚ ਸੱਚ-ਮੁੱਚ ਮਦਦ ਦੇ ਸਕਦੀ ਹੈ। ਕਹਾਉਤਾਂ 27:17 ਕਹਿੰਦਾ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” ਚੰਗੇ ਨਮੂਨੇ ਲੱਭੋ—ਉਹ ਲੋਕ ਜੋ ਆਪਣੀਆਂ ਜ਼ਿੰਦਗੀਆਂ ਵਿਚ ਸੱਚਾਈ ਨੂੰ ਲਾਗੂ ਕਰਦੇ ਹਨ। ਤੁਹਾਨੂੰ ਸ਼ਾਇਦ ਆਪਣੇ ਹੀ ਘਰ ਵਿਚ ਅਜਿਹੇ ਨਮੂਨੇ ਮਿਲਣ। ਜਵਾਨ ਜੈਨੀਫਰ ਯਾਦ ਕਰਦੀ ਹੈ: “ਮੇਰੇ ਲਈ ਸਭ ਤੋਂ ਵਧੀਆ ਉਦਾਹਰਣ ਨਾਨੇ ਜੀ ਦੀ ਸੀ। ਉਹ ਕਲੀਸਿਯਾ ਬਾਈਬਲ ਅਧਿਐਨ ਦੀ ਤਿਆਰੀ ਕਰਨ ਲਈ ਹਮੇਸ਼ਾ ਐਤਵਾਰ ਨੂੰ ਤਿੰਨ ਘੰਟੇ ਲਾਉਂਦੇ ਸਨ। ਉਹ ਲੇਖ ਵਿਚ ਹਰੇਕ ਹਵਾਲੇ ਨੂੰ ਕਈ ਬਾਈਬਲ ਤਰਜਮਿਆਂ ਵਿੱਚੋਂ ਪੜ੍ਹਦੇ ਸਨ ਅਤੇ ਸ਼ਬਦ-ਕੋਸ਼ ਵਿਚ ਸ਼ਬਦ ਦੇਖਦੇ ਸਨ। ਉਹ ਬਾਈਬਲ ਦੀਆਂ ਉਨ੍ਹਾਂ ਗੱਲਾਂ ਦੇ ਮਾਹਰ ਸਨ ਜਿਸ ਬਾਰੇ ਕਈਆਂ ਨੂੰ ਨਹੀਂ ਪਤਾ ਸੀ। ਤੁਸੀਂ ਉਨ੍ਹਾਂ ਨੂੰ ਕੁਝ ਵੀ ਪੁੱਛ ਸਕਦੇ ਸੀ, ਅਤੇ ਉਹ ਜਵਾਬ ਲੱਭ ਲੈਂਦੇ ਸਨ।”
ਜਦੋਂ ਤੁਸੀਂ ਸੱਚਾਈ ਨੂੰ ਅਪਣਾ ਲੈਂਦੇ ਹੋ, ਤੁਸੀਂ ਇਕ ਬਹੁਤ ਕੀਮਤੀ ਚੀਜ਼ ਪ੍ਰਾਪਤ ਕਰਦੇ ਹੋ—ਅਜਿਹੀ ਚੀਜ਼ ਜਿਸ ਨੂੰ ਤੁਸੀਂ ਕਿਸੇ ਵੀ ਕੀਮਤ ਤੇ ਨਹੀਂ ਛੱਡੋਗੇ। ਇਸ ਲਈ ਸੱਚਾਈ ਨੂੰ ਕਦੇ ਵੀ ਸਿਰਫ਼ “ਮੇਰੇ ਮਾਪਿਆਂ ਦਾ ਧਰਮ” ਨਾ ਵਿਚਾਰੋ। ਤੁਹਾਡਾ ਵਿਸ਼ਵਾਸ ਜ਼ਬੂਰਾਂ ਦੇ ਲਿਖਾਰੀ ਵਰਗਾ ਹੋਣਾ ਚਾਹੀਦਾ ਹੈ ਜਿਸ ਨੇ ਕਿਹਾ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰ 27:10) ਬਾਈਬਲ ਜੋ ਸਿਖਾਉਂਦੀ ਹੈ ਉਸ ਨੂੰ ਸੱਚ-ਮੁੱਚ ਜਾਣਨ ਨਾਲ, ਉਸ ਵਿਚ ਵਿਸ਼ਵਾਸ ਕਰਨ ਨਾਲ, ਹੋਰਨਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਨਾਲ, ਅਤੇ ਸਭ ਤੋਂ ਵੱਧ, ਇਨ੍ਹਾਂ ਵਿਸ਼ਵਾਸਾਂ ਦੇ ਅਨੁਸਾਰ ਜੀਉਣ ਨਾਲ, ਤੁਸੀਂ ਦਿਖਾਓਗੇ ਕਿ ਤੁਸੀਂ ਸੱਚਾਈ ਨੂੰ ਅਪਣਾਇਆ ਹੈ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਯਹੋਵਾਹ ਦੀ ਉਸਤਤੀ ਗਾਓ (ਅੰਗ੍ਰੇਜ਼ੀ) ਗੀਤ-ਪੁਸਤਕ ਵਿੱਚੋਂ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 14 ਉੱਤੇ ਤਸਵੀਰ]
ਖ਼ੁਦ ਰਿਸਰਚ ਅਤੇ ਨਿੱਜੀ ਅਧਿਐਨ ਕਰ ਕੇ ਸੱਚਾਈ ਨੂੰ ਸਿਆਣ ਲਵੋ