ਸ਼ੁਭ ਕਰਮਾਂ ਲਈ ਸ਼ੁੱਧ ਕੀਤੇ ਗਏ ਲੋਕ
“ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।”—2 ਕੁਰਿੰਥੀਆਂ 7:1.
1. ਜਿਹੜੇ ਯਹੋਵਾਹ ਦੀ ਭਗਤੀ ਕਰਦੇ ਹਨ, ਉਨ੍ਹਾਂ ਤੋਂ ਯਹੋਵਾਹ ਕੀ ਮੰਗ ਕਰਦਾ ਹੈ?
“ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾ?” ਪੁਰਾਣੇ ਸਮੇਂ ਵਿਚ ਇਸਰਾਏਲ ਦੇ ਰਾਜਾ ਦਾਊਦ ਨੇ ਯਹੋਵਾਹ ਨੂੰ ਸਵੀਕਾਰਯੋਗ ਭਗਤੀ ਦੇ ਬਾਰੇ ਇਹ ਸਵਾਲ ਪੁੱਛਿਆ ਸੀ। ਫਿਰ ਉਸ ਨੇ ਜਵਾਬ ਦਿੱਤਾ: “ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸੌਂਹ ਨਹੀਂ ਖਾਧੀ।” (ਜ਼ਬੂਰ 24:3, 4) ਪਵਿੱਤਰਤਾ ਦੇ ਸਾਕਾਰ ਰੂਪ ਯਹੋਵਾਹ ਦੇ ਮਨਭਾਉਂਦੇ ਸੇਵਕ ਬਣਨ ਲਈ ਇਕ ਵਿਅਕਤੀ ਦਾ ਸ਼ੁੱਧ ਅਤੇ ਪਵਿੱਤਰ ਹੋਣਾ ਜ਼ਰੂਰੀ ਸੀ। ਪਹਿਲਾਂ ਵੀ, ਯਹੋਵਾਹ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ ਸੀ: “ਤੁਸਾਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾਂ ਪਵਿੱਤ੍ਰ ਬਣਨਾ, ਮੈਂ ਜੋ ਪਵਿੱਤ੍ਰ ਹਾਂ।”—ਲੇਵੀਆਂ 11:44, 45; 19:2.
2. ਪੌਲੁਸ ਅਤੇ ਯਾਕੂਬ ਨੇ ਸੱਚੀ ਭਗਤੀ ਵਿਚ ਸ਼ੁੱਧਤਾ ਦੀ ਅਹਿਮੀਅਤ ਉੱਤੇ ਕਿਵੇਂ ਜ਼ੋਰ ਦਿੱਤਾ?
2 ਸਦੀਆਂ ਬਾਅਦ ਪੌਲੁਸ ਰਸੂਲ ਨੇ ਬੁਰਾਈ ਨਾਲ ਭਰੇ ਕੁਰਿੰਥੁਸ ਸ਼ਹਿਰ ਦੇ ਸਾਥੀ ਮਸੀਹੀਆਂ ਨੂੰ ਲਿਖਿਆ: “ਸੋ ਹੇ ਪਿਆਰਿਓ, ਜਦੋਂ ਏਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।” (2 ਕੁਰਿੰਥੀਆਂ 7:1) ਇਸ ਤੋਂ ਫਿਰ ਇਹ ਗੱਲ ਸਾਫ਼ ਹੁੰਦੀ ਹੈ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਹੈ ਤੇ ਉਸ ਤੋਂ ਬਰਕਤਾਂ ਲੈਣੀਆਂ ਚਾਹੁੰਦਾ ਹੈ, ਤਾਂ ਉਸ ਨੂੰ ਸਰੀਰਕ ਅਤੇ ਅਧਿਆਤਮਿਕ ਮਲੀਨਤਾਈ ਅਤੇ ਭ੍ਰਿਸ਼ਟਤਾ ਤੋਂ ਸਾਫ਼ ਅਤੇ ਸ਼ੁੱਧ ਹੋਣਾ ਪਵੇਗਾ। ਇਸੇ ਤਰ੍ਹਾਂ ਪਰਮੇਸ਼ੁਰ ਨੂੰ ਸਵੀਕਾਰਯੋਗ ਭਗਤੀ ਬਾਰੇ ਲਿਖਦੇ ਹੋਏ ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।”—ਯਾਕੂਬ 1:27.
3. ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਨੂੰ ਸਵੀਕਾਰ ਕਰੇ, ਤਾਂ ਸਾਨੂੰ ਤਨੋਂ-ਮਨੋਂ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
3 ਕਿਉਂਕਿ ਸੱਚੀ ਭਗਤੀ ਵਿਚ ਸ਼ੁੱਧ, ਪਵਿੱਤਰ ਅਤੇ ਬੇਦਾਗ਼ ਹੋਣਾ ਇੰਨਾ ਜ਼ਰੂਰੀ ਹੈ, ਇਸ ਲਈ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਹਰ ਵਿਅਕਤੀ ਨੂੰ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਤਨੋਂ-ਮਨੋਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਅੱਜ ਦੁਨੀਆਂ ਵਿਚ ਲੋਕਾਂ ਦੇ ਸ਼ੁੱਧਤਾ ਸੰਬੰਧੀ ਮਿਆਰ ਤੇ ਵਿਚਾਰ ਵੱਖੋ-ਵੱਖਰੇ ਹਨ, ਇਸ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਯਹੋਵਾਹ ਦੀ ਨਜ਼ਰ ਵਿਚ ਕੀ ਸ਼ੁੱਧ ਅਤੇ ਸਵੀਕਾਰਯੋਗ ਹੈ ਅਤੇ ਫਿਰ ਸਾਨੂੰ ਇਨ੍ਹਾਂ ਮਿਆਰਾਂ ਉੱਤੇ ਚੱਲਣਾ ਪਵੇਗਾ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਸ ਮਾਮਲੇ ਵਿਚ ਯਹੋਵਾਹ ਆਪਣੇ ਭਗਤਾਂ ਤੋਂ ਕੀ ਚਾਹੁੰਦਾ ਹੈ ਅਤੇ ਉਸ ਨੇ ਉਨ੍ਹਾਂ ਦੀ ਮਦਦ ਕਰਨ ਲਈ ਕੀ ਪ੍ਰਬੰਧ ਕੀਤੇ ਹਨ ਤਾਂਕਿ ਉਹ ਉਸ ਦੇ ਸ਼ੁੱਧ ਅਤੇ ਮਨਭਾਉਂਦੇ ਸੇਵਕ ਬਣ ਸਕਣ।—ਜ਼ਬੂਰ 119:9; ਦਾਨੀਏਲ 12:10.
ਸੱਚੀ ਭਗਤੀ ਲਈ ਸ਼ੁੱਧ ਕੀਤੇ ਗਏ ਲੋਕ
4. ਸਮਝਾਓ ਕਿ ਬਾਈਬਲ ਵਿਚ ਸ਼ੁੱਧਤਾ ਦਾ ਕੀ ਮਤਲਬ ਹੈ?
4 ਜ਼ਿਆਦਾਤਰ ਲੋਕ ਆਮ ਤੌਰ ਤੇ ਮਿੱਟੀ-ਘੱਟੇ ਜਾਂ ਗੰਦਗੀ ਤੋਂ ਸਾਫ਼ ਰਹਿਣ ਨੂੰ ਸ਼ੁੱਧਤਾ ਕਹਿੰਦੇ ਹਨ। ਪਰ ਬਾਈਬਲ ਵਿਚ ਸ਼ੁੱਧਤਾ ਦਾ ਵਰਣਨ ਕਰਨ ਲਈ ਕਈ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਨੂੰ ਵਰਤਿਆ ਗਿਆ ਹੈ ਜਿਨ੍ਹਾਂ ਦਾ ਮਤਲਬ ਸਿਰਫ਼ ਸਰੀਰਕ ਸ਼ੁੱਧਤਾ ਹੀ ਨਹੀਂ ਹੈ ਸਗੋਂ ਜ਼ਿਆਦਾ ਕਰਕੇ ਨੈਤਿਕ ਅਤੇ ਅਧਿਆਤਮਿਕ ਸ਼ੁੱਧਤਾ ਹੁੰਦਾ ਹੈ। ਇਸ ਲਈ ਇਕ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ: “‘ਸ਼ੁੱਧ’ ਅਤੇ ‘ਅਸ਼ੁੱਧ’ ਸ਼ਬਦਾਂ ਨੂੰ ਕਦੇ-ਕਦਾਈਂ ਹੀ ਸਰੀਰਕ ਸਫ਼ਾਈ ਦੇ ਮਾਮਲੇ ਵਿਚ ਵਰਤਿਆ ਜਾਂਦਾ ਹੈ, ਪਰ ਮੁੱਖ ਤੌਰ ਤੇ ਇਸ ਨੂੰ ਧਾਰਮਿਕ ਮਾਮਲਿਆਂ ਲਈ ਵਰਤਿਆ ਜਾਂਦਾ ਹੈ। ਇਸ ਕਰਕੇ ‘ਸ਼ੁੱਧਤਾ’ ਦਾ ਸਿਧਾਂਤ ਜ਼ਿੰਦਗੀ ਦੇ ਤਕਰੀਬਨ ਹਰ ਪਹਿਲੂ ਉੱਤੇ ਲਾਗੂ ਹੁੰਦਾ ਹੈ।”
5. ਇਸਰਾਏਲੀਆਂ ਨੂੰ ਜ਼ਿੰਦਗੀ ਦੇ ਕਿਹੜੇ-ਕਿਹੜੇ ਪਹਿਲੂਆਂ ਵਿਚ ਸ਼ੁੱਧਤਾ ਰੱਖਣ ਲਈ ਬਿਵਸਥਾ ਵਿਚ ਨਿਯਮ ਦਿੱਤੇ ਗਏ ਸਨ?
5 ਅਸਲ ਵਿਚ, ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਦੀ ਜ਼ਿੰਦਗੀ ਦੇ ਤਕਰੀਬਨ ਹਰ ਪਹਿਲੂ ਬਾਰੇ ਨਿਯਮ ਦਿੱਤੇ ਗਏ ਸਨ ਤੇ ਦੱਸਿਆ ਗਿਆ ਸੀ ਕਿ ਕੀ ਸ਼ੁੱਧ ਤੇ ਸਵੀਕਾਰਯੋਗ ਹੈ ਤੇ ਕੀ ਨਹੀਂ। ਉਦਾਹਰਣ ਲਈ, ਲੇਵੀਆਂ ਦੇ ਅਧਿਆਇ 11 ਤੋਂ 15 ਵਿਚ, ਸ਼ੁੱਧ ਤੇ ਅਸ਼ੁੱਧ ਚੀਜ਼ਾਂ ਬਾਰੇ ਖੋਲ੍ਹ ਕੇ ਹਿਦਾਇਤਾਂ ਦਿੱਤੀਆਂ ਗਈਆਂ ਹਨ। ਕੁਝ ਜਾਨਵਰ ਅਸ਼ੁੱਧ ਸਨ ਜਿਨ੍ਹਾਂ ਨੂੰ ਖਾਣ ਤੋਂ ਇਸਰਾਏਲੀਆਂ ਨੂੰ ਮਨ੍ਹਾ ਕੀਤਾ ਗਿਆ ਸੀ। ਬੱਚੇ ਦੇ ਪੈਦਾ ਹੋਣ ਨਾਲ ਇਕ ਤੀਵੀਂ ਕੁਝ ਸਮੇਂ ਤਕ ਅਸ਼ੁੱਧ ਹੋ ਜਾਂਦੀ ਸੀ। ਚਮੜੀ ਦੇ ਕੁਝ ਰੋਗ, ਖ਼ਾਸ ਕਰਕੇ ਕੋੜ੍ਹ ਅਤੇ ਆਦਮੀਆਂ ਤੇ ਤੀਵੀਆਂ ਦੇ ਪ੍ਰਮੇਹ ਰੋਗ ਕਰਕੇ ਉਹ ਅਸ਼ੁੱਧ ਹੋ ਜਾਂਦੇ ਸਨ। ਬਿਵਸਥਾ ਵਿਚ ਦੱਸਿਆ ਗਿਆ ਸੀ ਕਿ ਅਸ਼ੁੱਧ ਹੋ ਜਾਣ ਤੇ ਕੀ ਕਰਨਾ ਸੀ। ਉਦਾਹਰਣ ਲਈ, ਗਿਣਤੀ 5:2, 3 ਵਿਚ ਅਸੀਂ ਪੜ੍ਹਦੇ ਹਾਂ: ‘ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲੋਥਾਂ ਤੋਂ ਅੱਸ਼ੁਧ ਹੋਣ ਬਾਹਰ ਕੱਢ ਦਿਓ।’
6. ਸ਼ੁੱਧਤਾ ਦੇ ਨਿਯਮ ਕਿਸ ਮਕਸਦ ਲਈ ਦਿੱਤੇ ਗਏ ਸਨ?
6 ਬਿਨਾਂ ਸ਼ੱਕ, ਯਹੋਵਾਹ ਵੱਲੋਂ ਦਿੱਤੇ ਗਏ ਇਨ੍ਹਾਂ ਨਿਯਮਾਂ ਅਤੇ ਦੂਸਰੇ ਨਿਯਮਾਂ ਵਿਚ ਅਜਿਹੀ ਜਾਣਕਾਰੀ ਦਿੱਤੀ ਗਈ ਸੀ ਜਿਨ੍ਹਾਂ ਬਾਰੇ ਸਦੀਆਂ ਬਾਅਦ ਡਾਕਟਰਾਂ ਤੇ ਸਰੀਰਕ-ਵਿਗਿਆਨੀ ਨੂੰ ਪਤਾ ਲੱਗਿਆ ਤੇ ਇਨ੍ਹਾਂ ਨਿਯਮਾਂ ਉੱਤੇ ਚੱਲਣ ਨਾਲ ਇਸਰਾਏਲੀਆਂ ਨੂੰ ਫ਼ਾਇਦਾ ਹੋਇਆ। ਪਰ ਇਹ ਨਿਯਮ ਸਿਰਫ਼ ਚੰਗੀ ਸਿਹਤ ਬਣਾਈ ਰੱਖਣ ਲਈ ਜਾਂ ਡਾਕਟਰੀ ਨੁਸਖ਼ਿਆਂ ਦੇ ਤੌਰ ਤੇ ਹੀ ਨਹੀਂ ਦਿੱਤੇ ਗਏ ਸਨ। ਇਹ ਸੱਚੀ ਭਗਤੀ ਦਾ ਇਕ ਹਿੱਸਾ ਸਨ। ਯਹੋਵਾਹ ਨੇ ਲੋਕਾਂ ਦੀ ਜ਼ਿੰਦਗੀ ਦੇ ਹਰ ਪਹਿਲੂ—ਖਾਣ-ਪੀਣ, ਕਿਸੇ ਤੀਵੀਂ ਦੇ ਬੱਚਾ ਹੋਣ, ਪਤੀ-ਪਤਨੀ ਦੇ ਆਪਸੀ ਸੰਬੰਧਾਂ ਆਦਿ—ਬਾਰੇ ਨਿਯਮ ਦਿੱਤੇ ਸਨ। ਇਹ ਨਿਯਮ ਇਸ ਗੱਲ ਉੱਤੇ ਸਪੱਸ਼ਟ ਤੌਰ ਤੇ ਜ਼ੋਰ ਦਿੰਦੇ ਸਨ ਕਿ ਉਨ੍ਹਾਂ ਦਾ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਨੂੰ ਇਹ ਫ਼ੈਸਲਾ ਕਰਨ ਦਾ ਪੂਰਾ ਅਧਿਕਾਰ ਸੀ ਕਿ ਉਸ ਨੂੰ ਪੂਰੀ ਤਰ੍ਹਾਂ ਸਮਰਪਿਤ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਠੀਕ ਹੈ ਅਤੇ ਕੀ ਠੀਕ ਨਹੀਂ ਹੈ।—ਬਿਵਸਥਾ ਸਾਰ 7:6; ਜ਼ਬੂਰ 135:4.
7. ਬਿਵਸਥਾ ਉੱਤੇ ਚੱਲ ਕੇ ਇਸਰਾਏਲ ਕੌਮ ਨੂੰ ਕਿਹੜੀਆਂ ਬਰਕਤਾਂ ਮਿਲਣੀਆਂ ਸਨ?
7 ਬਿਵਸਥਾ ਨੇਮ ਨੇ ਆਲੇ-ਦੁਆਲੇ ਦੀਆਂ ਕੌਮਾਂ ਦੇ ਗੰਦੇ ਕੰਮਾਂ ਤੋਂ ਵੀ ਇਸਰਾਏਲੀਆਂ ਦੀ ਰਾਖੀ ਕੀਤੀ ਸੀ। ਬਿਵਸਥਾ ਉੱਤੇ ਧਿਆਨ ਨਾਲ ਚੱਲ ਕੇ, ਜਿਸ ਵਿਚ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨੀਆਂ ਵੀ ਸ਼ਾਮਲ ਸਨ, ਇਸਰਾਏਲੀ ਆਪਣੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਤੋਂ ਬਰਕਤਾਂ ਪ੍ਰਾਪਤ ਕਰਨ ਦੇ ਯੋਗ ਬਣ ਸਕਦੇ ਸਨ। ਇਸ ਮਾਮਲੇ ਵਿਚ ਯਹੋਵਾਹ ਨੇ ਇਸਰਾਏਲ ਕੌਮ ਨੂੰ ਦੱਸਿਆ ਸੀ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।”—ਕੂਚ 19:5, 6; ਬਿਵਸਥਾ ਸਾਰ 26:19.
8. ਬਿਵਸਥਾ ਵਿਚ ਸ਼ੁੱਧਤਾ ਸੰਬੰਧੀ ਜੋ ਕਿਹਾ ਗਿਆ ਹੈ, ਉਸ ਵੱਲ ਅੱਜ ਮਸੀਹੀਆਂ ਨੂੰ ਕਿਉਂ ਧਿਆਨ ਦੇਣਾ ਚਾਹੀਦਾ ਹੈ?
8 ਕਿਉਂਕਿ ਯਹੋਵਾਹ ਨੇ ਬਿਵਸਥਾ ਵਿਚ ਖੋਲ੍ਹ ਕੇ ਇਹ ਹਿਦਾਇਤਾਂ ਦਿੱਤੀਆਂ ਸਨ ਕਿ ਇਸਰਾਏਲੀ ਕਿੱਦਾਂ ਸ਼ੁੱਧ, ਪਵਿੱਤਰ ਅਤੇ ਉਸ ਦੇ ਮਨਭਾਉਂਦੇ ਸੇਵਕ ਬਣ ਸਕਦੇ ਸਨ, ਇਸ ਲਈ ਕੀ ਅੱਜ ਮਸੀਹੀਆਂ ਲਈ ਇਸ ਉੱਤੇ ਸੋਚ-ਵਿਚਾਰ ਕਰਨਾ ਵੀ ਚੰਗੀ ਗੱਲ ਨਹੀਂ ਹੈ ਕਿ ਉਹ ਇਨ੍ਹਾਂ ਮੰਗਾਂ ਨੂੰ ਕਿਸ ਹੱਦ ਤਕ ਪੂਰਾ ਕਰ ਰਹੇ ਹਨ? ਭਾਵੇਂ ਕਿ ਮਸੀਹੀਆਂ ਉੱਤੇ ਬਿਵਸਥਾ ਨੇਮ ਲਾਗੂ ਨਹੀਂ ਹੁੰਦਾ ਹੈ, ਪਰ ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ, ਜਿਵੇਂ ਪੌਲੁਸ ਨੇ ਸਮਝਾਇਆ ਸੀ, ਬਿਵਸਥਾ ਵਿਚ ਦੱਸੀਆਂ ਸਾਰੀਆਂ ਗੱਲਾਂ “ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ ਪਰ ਦੇਹ ਮਸੀਹ ਦੀ ਹੈ।” (ਕੁਲੁੱਸੀਆਂ 2:17; ਇਬਰਾਨੀਆਂ 10:1) ਜੇ ਯਹੋਵਾਹ ਪਰਮੇਸ਼ੁਰ, ਜੋ ਕਹਿੰਦਾ ਹੈ ਕਿ ‘ਮੈਂ ਅਟੱਲ ਹਾਂ,’ ਯਾਨੀ ਬਦਲਦਾ ਨਹੀਂ ਹਾਂ, ਉਸ ਵੇਲੇ ਸ਼ੁੱਧ ਅਤੇ ਬੇਦਾਗ਼ ਰਹਿਣ ਨੂੰ ਸੱਚੀ ਭਗਤੀ ਦਾ ਇੰਨਾ ਅਹਿਮ ਹਿੱਸਾ ਸਮਝਦਾ ਸੀ, ਤਾਂ ਅੱਜ ਸਾਨੂੰ ਵੀ ਸਰੀਰਕ, ਨੈਤਿਕ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਰਹਿਣ ਦੀ ਮੰਗ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜੇ ਅਸੀਂ ਉਸ ਦੀ ਮਿਹਰ ਅਤੇ ਬਰਕਤਾਂ ਪ੍ਰਾਪਤ ਕਰਨੀਆਂ ਚਾਹੁੰਦੇ ਹਾਂ।—ਮਲਾਕੀ 3:6; ਰੋਮੀਆਂ 15:4; 1 ਕੁਰਿੰਥੀਆਂ 10:11, 31.
ਸਰੀਰਕ ਸਫ਼ਾਈ—ਪਰਮੇਸ਼ੁਰ ਦੇ ਸੇਵਕ ਹੋਣ ਦਾ ਪ੍ਰਮਾਣ
9, 10. (ੳ) ਮਸੀਹੀਆਂ ਲਈ ਸਰੀਰਕ ਤੌਰ ਤੇ ਸਾਫ਼ ਰਹਿਣਾ ਕਿਉਂ ਜ਼ਰੂਰੀ ਹੈ? (ਅ) ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ਸੰਬੰਧੀ ਕੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ?
9 ਕੀ ਸਰੀਰਕ ਸਫ਼ਾਈ ਅਜੇ ਵੀ ਸੱਚੀ ਉਪਾਸਨਾ ਦਾ ਅਹਿਮ ਹਿੱਸਾ ਹੈ? ਇਹ ਸਹੀ ਹੈ ਕਿ ਸਿਰਫ਼ ਸਰੀਰ ਦੀ ਸਫ਼ਾਈ ਰੱਖਣ ਨਾਲ ਇਕ ਵਿਅਕਤੀ ਪਰਮੇਸ਼ੁਰ ਦਾ ਸੱਚਾ ਭਗਤ ਨਹੀਂ ਬਣ ਜਾਂਦਾ, ਪਰ ਇਕ ਸੱਚੇ ਭਗਤ ਲਈ ਆਪਣੇ ਸਰੀਰ ਨੂੰ ਸਾਫ਼ ਰੱਖਣਾ ਜ਼ਰੂਰੀ ਹੈ। ਅੱਜ ਬਹੁਤ ਸਾਰੇ ਲੋਕ ਆਪਣੇ ਆਪ ਨੂੰ, ਆਪਣੇ ਕੱਪੜਿਆਂ ਨੂੰ ਜਾਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵੱਲ ਬਹੁਤ ਥੋੜ੍ਹਾ ਧਿਆਨ ਦਿੰਦੇ ਹਨ, ਇਸ ਲਈ ਜਦੋਂ ਕੋਈ ਸਾਫ਼-ਸਫ਼ਾਈ ਰੱਖਦਾ ਹੈ, ਤਾਂ ਇਹ ਅਕਸਰ ਲੋਕਾਂ ਦਾ ਧਿਆਨ ਖਿੱਚਦਾ ਹੈ। ਇਸ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ, ਜਿਵੇਂ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਦੱਸਿਆ ਸੀ: “ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ। ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।”—2 ਕੁਰਿੰਥੀਆਂ 6:3, 4.
10 ਸਰਕਾਰੀ ਅਧਿਕਾਰੀਆਂ ਨੇ ਬਹੁਤ ਵਾਰ ਯਹੋਵਾਹ ਦੇ ਗਵਾਹਾਂ ਦੀ ਉਨ੍ਹਾਂ ਦੀ ਸਾਫ਼-ਸਫ਼ਾਈ, ਸਲੀਕੇਦਾਰੀ ਤੇ ਚੰਗੇ ਆਚਰਣ ਅਤੇ ਆਦਤਾਂ ਕਰਕੇ ਸ਼ਲਾਘਾ ਕੀਤੀ ਹੈ। ਇਹ ਗੱਲ ਖ਼ਾਸ ਕਰਕੇ ਉਨ੍ਹਾਂ ਦੇ ਵੱਡੇ-ਵੱਡੇ ਸੰਮੇਲਨਾਂ ਵਿਚ ਦੇਖੀ ਜਾ ਸਕਦੀ ਹੈ। ਉਦਾਹਰਣ ਲਈ, ਇਟਲੀ ਦੇ ਸਵੋਨਾ ਰਾਜ ਵਿਚ ਹੋਏ ਇਕ ਸੰਮੇਲਨ ਬਾਰੇ ਲਾ ਸਟਾਂਪਾ ਨਾਂ ਦੀ ਅਖ਼ਬਾਰ ਨੇ ਲਿਖਿਆ: “ਹਾਲ ਦੇ ਅੰਦਰ ਜਾਣ ਤੇ ਸਭ ਤੋਂ ਪਹਿਲੀ ਚੀਜ਼ ਜੋ ਨਜ਼ਰ ਆਉਂਦੀ ਹੈ, ਉਹ ਹੈ ਹਾਲ ਨੂੰ ਵਰਤਣ ਵਾਲੇ ਲੋਕਾਂ ਦੀ ਸਫ਼ਾਈ ਅਤੇ ਸਲੀਕੇਦਾਰੀ।” ਸਾਓ ਪੌਲੋ, ਬ੍ਰਾਜ਼ੀਲ ਵਿਚ ਇਕ ਸਟੇਡੀਅਮ ਵਿਚ ਹੋਏ ਗਵਾਹਾਂ ਦੇ ਸੰਮੇਲਨ ਤੋਂ ਬਾਅਦ, ਸਟੇਡੀਅਮ ਦੇ ਇਕ ਅਫ਼ਸਰ ਨੇ ਸਟੇਡੀਅਮ ਦੇ ਸਫ਼ਾਈ ਇੰਚਾਰਜ ਨੂੰ ਕਿਹਾ: “ਹੁਣ ਤੋਂ ਤੁਸੀਂ ਸਟੇਡੀਅਮ ਨੂੰ ਉੱਦਾਂ ਹੀ ਸਾਫ਼ ਕਰੋ ਜਿੱਦਾਂ ਯਹੋਵਾਹ ਦੇ ਗਵਾਹਾਂ ਨੇ ਕੀਤਾ ਸੀ।” ਉਸੇ ਸਟੇਡੀਅਮ ਦੇ ਇਕ ਹੋਰ ਅਫ਼ਸਰ ਨੇ ਕਿਹਾ: “ਜਦੋਂ ਯਹੋਵਾਹ ਦੇ ਗਵਾਹ ਸਟੇਡੀਅਮ ਨੂੰ ਕਿਰਾਏ ਤੇ ਲੈਣਾ ਚਾਹੁੰਦੇ ਹਨ, ਤਾਂ ਸਾਨੂੰ ਤਾਰੀਖ਼ਾਂ ਤੋਂ ਬਿਨਾਂ ਹੋਰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ।”
11, 12. (ੳ) ਨਿੱਜੀ ਤੌਰ ਤੇ ਸਫ਼ਾਈ ਰੱਖਣ ਦੇ ਮਾਮਲੇ ਵਿਚ ਸਾਨੂੰ ਬਾਈਬਲ ਦਾ ਕਿਹੜਾ ਸਿਧਾਂਤ ਯਾਦ ਰੱਖਣਾ ਚਾਹੀਦਾ ਹੈ? (ਅ) ਆਪਣੀਆਂ ਆਦਤਾਂ ਤੇ ਜੀਉਣ ਦੇ ਤਰੀਕੇ ਸੰਬੰਧੀ ਅਸੀਂ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛ ਸਕਦੇ ਹਾਂ?
11 ਜੇ ਸਾਡੀ ਭਗਤੀ ਕਰਨ ਦੀ ਥਾਂ ਤੇ ਸਫ਼ਾਈ ਰੱਖਣ ਅਤੇ ਸਲੀਕੇਦਾਰੀ ਦਿਖਾਉਣ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ, ਤਾਂ ਆਪਣੀ ਨਿੱਜੀ ਜ਼ਿੰਦਗੀ ਵਿਚ ਇਨ੍ਹਾਂ ਗੁਣਾਂ ਨੂੰ ਦਿਖਾਉਣਾ ਯਕੀਨਨ ਬਹੁਤ ਹੀ ਜ਼ਰੂਰੀ ਹੈ। ਪਰ, ਸ਼ਾਇਦ ਆਪਣੇ ਘਰ ਵਿਚ ਅਸੀਂ ਸੋਚੀਏ ਕਿ ਸਾਨੂੰ ਆਪਣੀ ਮਨ-ਮਰਜ਼ੀ ਕਰਨ ਦਾ ਹੱਕ ਹੈ ਅਤੇ ਸਾਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਤੇ ਹਾਰ-ਸ਼ਿੰਗਾਰ ਕਰਨ ਦੀ ਵੀ ਆਜ਼ਾਦੀ ਹੈ। ਪਰ ਇਸ ਆਜ਼ਾਦੀ ਦੀ ਵੀ ਇਕ ਹੱਦ ਹੈ। ਯਾਦ ਕਰੋ ਕਿ ਕੁਝ ਕਿਸਮ ਦੀਆਂ ਚੀਜ਼ਾਂ ਖਾਣ ਦੀ ਆਜ਼ਾਦੀ ਬਾਰੇ ਚਰਚਾ ਕਰਦੇ ਸਮੇਂ ਪੌਲੁਸ ਨੇ ਆਪਣੇ ਸਾਥੀ ਮਸੀਹੀਆਂ ਨੂੰ ਖ਼ਬਰਦਾਰ ਕੀਤਾ ਸੀ: “ਸੁਚੇਤ ਰਹੋ ਭਈ ਤੁਹਾਡਾ ਇਹ ਹੱਕ ਕਿਤੇ ਨਿਤਾਣਿਆਂ ਲਈ ਠੋਕਰ ਲਾਉਣ ਦਾ ਕਾਰਨ ਨਾ ਹੋਵੇ।” ਫਿਰ ਉਸ ਨੇ ਇਕ ਬਹੁਮੁੱਲਾ ਸਿਧਾਂਤ ਦੱਸਿਆ: “ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ।” (1 ਕੁਰਿੰਥੀਆਂ 8:9; 10:23) ਅਸੀਂ ਪੌਲੁਸ ਦੀ ਇਹ ਸਲਾਹ ਸਫ਼ਾਈ ਦੇ ਸੰਬੰਧ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?
12 ਲੋਕਾਂ ਵੱਲੋਂ ਪਰਮੇਸ਼ੁਰ ਦੇ ਸੇਵਕਾਂ ਤੋਂ ਆਪਣੀ ਜ਼ਿੰਦਗੀ ਵਿਚ ਹਰ ਤਰ੍ਹਾਂ ਨਾਲ ਸਾਫ਼ ਰਹਿਣ ਤੇ ਸਲੀਕੇਦਾਰੀ ਦਿਖਾਉਣ ਦੀ ਆਸ ਰੱਖਣੀ ਬਿਲਕੁਲ ਜਾਇਜ਼ ਹੈ। ਇਸ ਲਈ, ਸਾਨੂੰ ਇਹ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਅੰਦਰ-ਬਾਹਰ ਸਾਫ਼-ਸਫ਼ਾਈ ਰਹੇ ਤਾਂਕਿ ਪਰਮੇਸ਼ੁਰ ਦੇ ਬਚਨ ਦੇ ਪ੍ਰਚਾਰਕਾਂ ਵਜੋਂ ਲੋਕ ਸਾਡੀ ਪ੍ਰਸ਼ੰਸਾ ਕਰਨ। ਸਾਡਾ ਘਰ ਸਾਡੇ ਬਾਰੇ ਅਤੇ ਸਾਡੇ ਵਿਸ਼ਵਾਸਾਂ ਬਾਰੇ ਕਿਸ ਤਰ੍ਹਾਂ ਦੀ ਗਵਾਹੀ ਦਿੰਦਾ ਹੈ? ਕੀ ਇਹ ਦਿਖਾਉਂਦਾ ਹੈ ਕਿ ਅਸੀਂ ਉਸ ਨਵੇਂ ਧਰਮੀ ਸਮਾਜ ਦੇ ਸਾਫ਼ ਅਤੇ ਵਿਵਸਥਿਤ ਮਾਹੌਲ ਵਿਚ ਰਹਿਣ ਦੀ ਦਿਲੋਂ ਇੱਛਾ ਰੱਖਦੇ ਹਾਂ ਜਿਸ ਬਾਰੇ ਅਸੀਂ ਦੂਸਰਿਆਂ ਨੂੰ ਪ੍ਰਚਾਰ ਕਰਦੇ ਹਾਂ? (2 ਪਤਰਸ 3:13) ਇਸੇ ਤਰ੍ਹਾਂ, ਚਾਹੇ ਅਸੀਂ ਘਰ ਵਿਚ ਹੋਈਏ ਜਾਂ ਸੇਵਕਾਈ ਵਿਚ, ਸਾਡੀ ਦਿੱਖ ਦਾ ਸਾਡੇ ਸੰਦੇਸ਼ ਉੱਤੇ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਹੈ। ਉਦਾਹਰਣ ਲਈ, ਮੈਕਸੀਕੋ ਵਿਚ ਇਕ ਅਖ਼ਬਾਰ ਦੇ ਰਿਪੋਰਟਰ ਨੇ ਇਹ ਕਿਹਾ: “ਯਹੋਵਾਹ ਦੇ ਗਵਾਹਾਂ ਵਿਚ ਬਹੁਤ ਸਾਰੇ ਨੌਜਵਾਨ ਹਨ ਅਤੇ ਉਨ੍ਹਾਂ ਦਾ ਵਾਲ ਵਾਉਣ ਦਾ ਤਰੀਕਾ, ਸਫ਼ਾਈ ਤੇ ਪਹਿਰਾਵਾ ਬਹੁਤ ਹੀ ਚੰਗਾ ਹੈ।” ਸਾਡੇ ਵਿਚ ਅਜਿਹੇ ਨੌਜਵਾਨਾਂ ਦਾ ਹੋਣਾ ਕਿੰਨੀ ਖ਼ੁਸ਼ੀ ਦੀ ਗੱਲ ਹੈ!
13. ਆਪਣੀ ਰੋਜ਼ਾਨਾ ਜ਼ਿੰਦਗੀ ਦੇ ਹਰ ਪਹਿਲੂ ਵਿਚ ਸ਼ੁੱਧ ਅਤੇ ਵਿਵਸਥਿਤ ਹੋਣ ਲਈ ਅਸੀਂ ਕੀ ਕਰ ਸਕਦੇ ਹਾਂ?
13 ਇਹ ਸੱਚ ਹੈ ਕਿ ਆਪਣੇ ਆਪ ਨੂੰ, ਆਪਣੀਆਂ ਚੀਜ਼ਾਂ ਤੇ ਆਪਣੇ ਘਰ ਨੂੰ ਹਮੇਸ਼ਾ ਸਾਫ਼ ਤੇ ਵਿਵਸਥਿਤ ਰੱਖਣਾ ਇੰਨਾ ਆਸਾਨ ਕੰਮ ਨਹੀਂ ਹੈ। ਇਸ ਦੇ ਲਈ ਮਹਿੰਗੀਆਂ ਚੀਜ਼ਾਂ ਤੇ ਮਸ਼ੀਨਾਂ ਦੀ ਬਜਾਇ ਚੰਗੀ ਤਰ੍ਹਾਂ ਯੋਜਨਾ ਬਣਾਉਣ ਅਤੇ ਲਗਾਤਾਰ ਮਿਹਨਤ ਕਰਨ ਦੀ ਲੋੜ ਹੈ। ਨਹਾਉਣ, ਕੱਪੜੇ ਧੋਣ, ਘਰ ਦੀ ਸਫ਼ਾਈ ਕਰਨ, ਕਾਰ ਧੋਣ ਅਤੇ ਹੋਰ ਚੀਜ਼ਾਂ ਦੀ ਸਫ਼ਾਈ ਕਰਨ ਲਈ ਸਮਾਂ ਨਿਯਤ ਕੀਤਾ ਜਾਣਾ ਚਾਹੀਦਾ ਹੈ। ਰੋਜ਼ਮੱਰਾ ਦੇ ਕਈ ਕੰਮ ਕਰਨ ਦੇ ਨਾਲ-ਨਾਲ ਪ੍ਰਚਾਰ ਵਿਚ ਜਾਣ, ਸਭਾਵਾਂ ਵਿਚ ਹਾਜ਼ਰ ਹੋਣ ਤੇ ਨਿੱਜੀ ਅਧਿਐਨ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਪਰਮੇਸ਼ੁਰ ਤੇ ਇਨਸਾਨ ਦੀਆਂ ਨਜ਼ਰਾਂ ਵਿਚ ਸ਼ੁੱਧ ਅਤੇ ਮਨਭਾਉਂਦੇ ਬਣੇ ਰਹਿਣ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ। ਜਾਣਿਆ-ਪਛਾਣਿਆ ਸਿਧਾਂਤ ਕਿ “ਹਰੇਕ ਕੰਮ ਦਾ ਇੱਕ ਸਮਾ ਹੈ,” ਸਾਡੀ ਜ਼ਿੰਦਗੀ ਦੇ ਇਸ ਪਹਿਲੂ ਉੱਤੇ ਵੀ ਲਾਗੂ ਹੁੰਦਾ ਹੈ।—ਉਪਦੇਸ਼ਕ ਦੀ ਪੋਥੀ 3:1.
ਬੇਦਾਗ਼ ਦਿਲ
14. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਨੈਤਿਕ ਅਤੇ ਅਧਿਆਤਮਿਕ ਸ਼ੁੱਧਤਾ ਸਰੀਰਕ ਸ਼ੁੱਧਤਾ ਨਾਲੋਂ ਵੀ ਜ਼ਿਆਦਾ ਅਹਿਮ ਹੈ?
14 ਸਰੀਰਕ ਸਫ਼ਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਨੈਤਿਕ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਰਹਿਣਾ। ਇਸ ਦਾ ਸਬੂਤ ਸਾਨੂੰ ਇਸ ਗੱਲ ਤੋਂ ਮਿਲਦਾ ਹੈ ਕਿ ਯਹੋਵਾਹ ਨੇ ਇਸਰਾਏਲ ਕੌਮ ਨੂੰ ਇਸ ਕਰਕੇ ਨਹੀਂ ਤਿਆਗ ਦਿੱਤਾ ਸੀ ਕਿ ਉਹ ਸਰੀਰਕ ਤੌਰ ਤੇ ਸਾਫ਼ ਨਹੀਂ ਸੀ, ਸਗੋਂ ਇਸ ਕਰਕੇ ਤਿਆਗਿਆ ਸੀ ਕਿ ਉਹ ਨੈਤਿਕ ਅਤੇ ਅਧਿਆਤਮਿਕ ਤੌਰ ਤੇ ਭ੍ਰਿਸ਼ਟ ਹੋ ਗਈ ਸੀ। ਯਸਾਯਾਹ ਨਬੀ ਰਾਹੀਂ, ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ ਇਕ ‘ਪਾਪੀ ਕੌਮ, ਬਦੀ ਨਾਲ ਲੱਦੇ ਹੋਏ ਲੋਕ’ ਹੋਣ ਕਰਕੇ ਉਨ੍ਹਾਂ ਦੀਆਂ ਬਲੀਆਂ, ਮੱਸਿਆ ਅਤੇ ਸਬਤ ਦਾ ਮਨਾਉਣਾ ਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਵੀ ਪਰਮੇਸ਼ੁਰ ਲਈ ਬੋਝ ਬਣ ਗਈਆਂ ਸਨ। ਉਨ੍ਹਾਂ ਨੂੰ ਯਹੋਵਾਹ ਦੀ ਦੁਬਾਰਾ ਮਿਹਰ ਪ੍ਰਾਪਤ ਕਰਨ ਲਈ ਕੀ ਕਰਨਾ ਪੈਣਾ ਸੀ? ਯਹੋਵਾਹ ਨੇ ਕਿਹਾ: “ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡੋ।”—ਯਸਾਯਾਹ 1:4, 11-16.
15, 16. ਯਿਸੂ ਦੇ ਕਹਿਣ ਮੁਤਾਬਕ ਕਿਹੜੀ ਚੀਜ਼ ਇਨਸਾਨ ਨੂੰ ਭ੍ਰਿਸ਼ਟ ਕਰਦੀ ਹੈ ਅਤੇ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
15 ਨੈਤਿਕ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਰਹਿਣ ਦੀ ਲੋੜ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਯਿਸੂ ਦੁਆਰਾ ਇਕ ਮੌਕੇ ਤੇ ਫ਼ਰੀਸੀਆਂ ਤੇ ਗ੍ਰੰਥੀਆਂ ਨੂੰ ਕਹੀ ਗੱਲ ਵੱਲ ਧਿਆਨ ਦਿਓ। ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਯਿਸੂ ਦੇ ਚੇਲੇ ਅਸ਼ੁੱਧ ਸਨ ਕਿਉਂਕਿ ਉਨ੍ਹਾਂ ਨੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸਨ। ਯਿਸੂ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਤਾੜਿਆ: “ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਬਲਕਣ ਜੋ ਮੂੰਹੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।” ਫਿਰ ਯਿਸੂ ਨੇ ਇਸ ਬਾਰੇ ਹੋਰ ਸਮਝਾਇਆ: “ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ। ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ।”—ਮੱਤੀ 15:11, 18-20.
16 ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਿਸੂ ਕਹਿ ਰਿਹਾ ਸੀ ਕਿ ਇਕ ਇਨਸਾਨ ਬੁਰੇ, ਅਨੈਤਿਕ ਤੇ ਗੰਦੇ ਕੰਮ ਦਿਲ ਦੀਆਂ ਬੁਰੀਆਂ, ਅਨੈਤਿਕ ਅਤੇ ਗ਼ਲਤ ਇੱਛਾਵਾਂ ਕਰਕੇ ਕਰਦਾ ਹੈ। ਇਸ ਬਾਰੇ ਚੇਲੇ ਯਾਕੂਬ ਨੇ ਕਿਹਾ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।” (ਯਾਕੂਬ 1:14, 15) ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹ ਗੰਭੀਰ ਪਾਪ ਨਾ ਕਰ ਬੈਠੀਏ ਜਿਨ੍ਹਾਂ ਬਾਰੇ ਯਿਸੂ ਨੇ ਦੱਸਿਆ ਸੀ, ਤਾਂ ਸਾਨੂੰ ਆਪਣੇ ਦਿਲ ਵਿੱਚੋਂ ਹਰ ਤਰ੍ਹਾਂ ਦੇ ਬੁਰੇ ਵਿਚਾਰਾਂ ਨੂੰ ਕੱਢ ਕੇ ਆਪਣੇ ਦਿਲ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਕੀ ਪੜ੍ਹਦੇ, ਦੇਖਦੇ ਅਤੇ ਸੁਣਦੇ ਹਾਂ। ਅੱਜ ਬੋਲਣ ਦੀ ਆਜ਼ਾਦੀ ਅਤੇ ਕਲਾ ਦੇ ਨਾਂ ਤੇ ਮਨੋਰੰਜਨ ਅਤੇ ਇਸ਼ਤਿਹਾਰ ਉਦਯੋਗ ਧੜਾਧੜ ਅਜਿਹੇ ਗੀਤ ਤੇ ਫ਼ਿਲਮਾਂ ਬਣਾ ਰਹੇ ਹਨ ਜੋ ਪਾਪੀ ਸਰੀਰ ਦੀਆਂ ਕਾਮਨਾਵਾਂ ਨੂੰ ਭੜਕਾਉਂਦੀਆਂ ਹਨ। ਸਾਨੂੰ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਅਜਿਹੇ ਵਿਚਾਰਾਂ ਨੂੰ ਆਪਣੇ ਦਿਲ ਵਿਚ ਜੜ੍ਹ ਨਾ ਫੜਨ ਦੇਈਏ। ਮੁੱਖ ਗੱਲ ਇਹ ਹੈ ਕਿ ਪਰਮੇਸ਼ੁਰ ਦੇ ਮਨਭਾਉਂਦੇ ਸੇਵਕ ਬਣਨ ਲਈ ਸਾਨੂੰ ਲਗਾਤਾਰ ਆਪਣੇ ਦਿਲ ਦੀ ਰਾਖੀ ਕਰਨੀ ਚਾਹੀਦੀ ਹੈ ਤਾਂਕਿ ਇਹ ਸ਼ੁੱਧ ਅਤੇ ਬੇਦਾਗ਼ ਰਹੇ।—ਕਹਾਉਤਾਂ 4:23.
ਸ਼ੁਭ ਕਰਮਾਂ ਲਈ ਸ਼ੁੱਧ ਕੀਤੇ ਗਏ ਲੋਕ
17. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਉਂ ਸ਼ੁੱਧ ਕੀਤਾ ਹੈ?
17 ਇਹ ਸੱਚ-ਮੁੱਚ ਸਾਡੇ ਲਈ ਇਕ ਬਰਕਤ ਤੇ ਸੁਰੱਖਿਆ ਹੈ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਬਣ ਸਕਦੇ ਹਾਂ। (2 ਕੁਰਿੰਥੀਆਂ 6:14-18) ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਯਹੋਵਾਹ ਨੇ ਇਕ ਖ਼ਾਸ ਮਕਸਦ ਲਈ ਆਪਣੇ ਲੋਕਾਂ ਨੂੰ ਸ਼ੁੱਧ ਕੀਤਾ ਹੈ। ਪੌਲੁਸ ਨੇ ਤੀਤੁਸ ਨੂੰ ਦੱਸਿਆ ਕਿ ਮਸੀਹ ਯਿਸੂ ਨੇ “ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।” (ਤੀਤੁਸ 2:14) ਸ਼ੁੱਧ ਲੋਕ ਹੋਣ ਕਰਕੇ ਸਾਨੂੰ ਕਿਹੜੇ ਕੰਮਾਂ ਵਿਚ ਸਰਗਰਮ ਰਹਿਣਾ ਹੈ?
18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸ਼ੁਭ ਕਰਮਾਂ ਵਿਚ ਸਰਗਰਮ ਹਾਂ?
18 ਮੁੱਖ ਤੌਰ ਤੇ ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਜਨਤਕ ਤੌਰ ਤੇ ਐਲਾਨ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ। (ਮੱਤੀ 24:14) ਇਸ ਤਰ੍ਹਾਂ ਕਰਨ ਨਾਲ ਅਸੀਂ ਸਾਰੇ ਲੋਕਾਂ ਨੂੰ ਇਕ ਅਜਿਹੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪ੍ਰਾਪਤ ਕਰਨ ਦੀ ਆਸ਼ਾ ਦਿੰਦੇ ਹਾਂ ਜਿੱਥੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਹੋਵੇਗੀ। (2 ਪਤਰਸ 3:13) ਸਾਡੇ ਸ਼ੁਭ ਕਰਮਾਂ ਵਿਚ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਫਲ ਦਿਖਾਉਣੇ ਵੀ ਸ਼ਾਮਲ ਹਨ ਜਿਸ ਨਾਲ ਸਾਡੇ ਸਵਰਗੀ ਪਿਤਾ ਦੀ ਮਹਿਮਾ ਹੋਵੇਗੀ। (ਗਲਾਤੀਆਂ 5:22, 23; 1 ਪਤਰਸ 2:12) ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਭੁੱਲਦੇ ਜਿਹੜੇ ਸ਼ਾਇਦ ਕਿਸੇ ਕੁਦਰਤੀ ਜਾਂ ਮਨੁੱਖੀ ਆਫ਼ਤਾਂ ਕਰਕੇ ਬਹੁਤ ਹੀ ਦੁਖੀ ਹਨ। ਅਸੀਂ ਪੌਲੁਸ ਦੀ ਇਸ ਨਸੀਹਤ ਨੂੰ ਹਮੇਸ਼ਾ ਯਾਦ ਰੱਖਦੇ ਹਾਂ: “ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਸ਼ੁੱਧ ਮਨ ਤੇ ਚੰਗੇ ਮਨੋਰਥ ਨਾਲ ਕੀਤੇ ਇਨ੍ਹਾਂ ਸਾਰੇ ਕੰਮਾਂ ਤੋਂ ਪਰਮੇਸ਼ੁਰ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।—1 ਤਿਮੋਥਿਉਸ 1:5.
19. ਜੇ ਅਸੀਂ ਸਰੀਰਕ, ਨੈਤਿਕ ਅਤੇ ਅਧਿਆਤਮਿਕ ਸ਼ੁੱਧਤਾ ਦੇ ਉੱਚੇ ਮਿਆਰ ਉੱਤੇ ਲਗਾਤਾਰ ਚੱਲਦੇ ਰਹਿੰਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
19 ਅੱਤ ਮਹਾਨ ਦੇ ਸੇਵਕ ਹੋਣ ਦੇ ਨਾਤੇ ਅਸੀਂ ਪੌਲੁਸ ਦੀ ਇਸ ਨਸੀਹਤ ਨੂੰ ਮੰਨਦੇ ਹਾਂ: “ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।” (ਰੋਮੀਆਂ 12:1) ਆਓ ਆਪਾਂ ਹਮੇਸ਼ਾ ਇਸ ਗੱਲ ਦੀ ਕਦਰ ਕਰੀਏ ਕਿ ਯਹੋਵਾਹ ਨੇ ਸਾਨੂੰ ਸ਼ੁੱਧ ਕੀਤਾ ਹੈ ਅਤੇ ਨਾਲੇ ਸਰੀਰਕ, ਨੈਤਿਕ ਅਤੇ ਅਧਿਆਤਮਿਕ ਸ਼ੁੱਧਤਾ ਦੇ ਉੱਚੇ ਮਿਆਰ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਸਾਨੂੰ ਆਪਣੇ ਤੇ ਮਾਣ ਹੋਵੇਗਾ ਅਤੇ ਸਾਨੂੰ ਸੰਤੁਸ਼ਟੀ ਮਿਲੇਗੀ, ਸਗੋਂ ਸਾਨੂੰ “ਇਨ੍ਹਾਂ ਪਹਿਲੀਆਂ ਗੱਲਾਂ”—ਇਸ ਮੌਜੂਦਾ ਦੁਸ਼ਟ ਅਤੇ ਭ੍ਰਿਸ਼ਟ ਰੀਤੀ-ਵਿਵਸਥਾ—ਨੂੰ ਖ਼ਤਮ ਹੁੰਦੇ ਦੇਖਣ ਦਾ ਮੌਕਾ ਵੀ ਮਿਲੇਗਾ ਜਦੋਂ ਪਰਮੇਸ਼ੁਰ ‘ਸੱਭੋ ਕੁਝ ਨਵਾਂ ਬਣਾਵੇਗਾ।’—ਪਰਕਾਸ਼ ਦੀ ਪੋਥੀ 21:4, 5.
ਕੀ ਤੁਹਾਨੂੰ ਯਾਦ ਹੈ?
• ਸ਼ੁੱਧਤਾ ਦੇ ਮਾਮਲੇ ਵਿਚ ਇਸਰਾਏਲੀਆਂ ਨੂੰ ਇੰਨੇ ਸਾਰੇ ਨਿਯਮ ਕਿਉਂ ਦਿੱਤੇ ਗਏ ਸਨ?
• ਸਰੀਰਕ ਸਫ਼ਾਈ ਦਾ ਸਾਡੇ ਸੰਦੇਸ਼ ਉੱਤੇ ਕੀ ਚੰਗਾ ਅਸਰ ਪੈਂਦਾ ਹੈ?
• ਨੈਤਿਕ ਅਤੇ ਅਧਿਆਤਮਿਕ ਸ਼ੁੱਧਤਾ ਸਰੀਰਕ ਸ਼ੁੱਧਤਾ ਨਾਲੋਂ ਕਿਉਂ ਜ਼ਿਆਦਾ ਮਹੱਤਵਪੂਰਣ ਹੈ?
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ “ਸ਼ੁਭ ਕਰਮਾਂ ਵਿੱਚ ਸਰਗਰਮ” ਹਾਂ?
[ਸਫ਼ੇ 21 ਉੱਤੇ ਤਸਵੀਰਾਂ]
ਸਰੀਰਕ ਸਫ਼ਾਈ ਦਾ ਸਾਡੇ ਸੰਦੇਸ਼ ਉੱਤੇ ਚੰਗਾ ਅਸਰ ਪੈਂਦਾ ਹੈ
[ਸਫ਼ੇ 22 ਉੱਤੇ ਤਸਵੀਰ]
ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਗ਼ਲਤ ਵਿਚਾਰ ਗ਼ਲਤ ਕੰਮ ਕਰਨ ਲਈ ਉਕਸਾਉਂਦੇ ਹਨ
[ਸਫ਼ੇ 23 ਉੱਤੇ ਤਸਵੀਰਾਂ]
ਸ਼ੁੱਧ ਕੀਤੇ ਗਏ ਲੋਕ ਹੋਣ ਕਰਕੇ ਯਹੋਵਾਹ ਦੇ ਗਵਾਹ ਸ਼ੁਭ ਕਰਮਾਂ ਵਿਚ ਸਰਗਰਮ ਹਨ